Monday 30 December 2013

ਵਿੱਦਿਆ ਦੇ ਨਾਂ ਤੇ ਲੁੱਟੇ ਜਾਂਦੇ ਗਰੀਬ ਲੋਕ

                                            
                                                      ਦੇਸ ਦੀ ਰਾਜਸੱਤਾ ਤੇ ਕਾਬਜ ਅਮੀਰ ਵਰਗ ਅਤੇ ਮੁਲਾਜਮ ਵਰਗ ਹਰ ਉਸ ਨੀਤੀ ਨੂੰ ਲਾਗੂ ਕਰ ਰਿਹਾ ਹੈ ਜੋ ਨੀਤੀ ਗਰੀਬਾਂ ਨੂੰ ਦੇਸ ਦੇ ਪਰਬੰਧਨ ਵਿਭਾਗ ਭਾਵ ਸਰਕਾਰੀਆਂ ਨੌਕਰੀਆਂ ਵੱਲ ਲਿਜਾਂਦੀ ਹੈ। ਪਿੱਛਲੇ ਸਮਿਆਂ ਵਿੱਚ ਜਦ ਗਰੀਬ ਲੋਕ ਆਪਣੇ ਬੱਚਿਆਂ ਨੂੰ ਵਿੱਦਿਆਂ ਨਹੀਂ ਦਿਵਾਉਂਦੇ ਸਨ ਤਦ ਸਰਕਾਰੀ ਨੌਕਰੀਆਂ ਲਈ ਕੋਈ ਟੈਸਟ ਨਹੀ ਹੁੰਦੇ ਸਨ ਕਿਸੇ ਵੀ ਵਿਦਿਆਰਥੀ ਨੂੰ ਉਸਦੀਆਂ ਡਿਗਰੀਆਂ ਅਨੁਸਾਰ ਸਰਕਾਰੀ ਸੇਵਾ ਵਿੱਚ ਜਾਣ ਦੀ ਖੁੱਲ ਸੀ ਪਰ ਪਿੱਛਲੇ ਕੁੱਝ ਕੁ ਸਾਲਾਂ ਤੋਂ  ਗਰੀਬ ਘਰਾਂ ਦੇ ਬੱਚੇ ਸਕੂਲਾਂ ਕਾਲਜਾਂ ਵਿੱਚ ਵਿਦਿਆ ਹਾਸਲ ਕਰਨ ਲੱਗੇ ਹਨ । ਗਰੀਬ ਘਰਾਂ ਦੇ ਬੱਚਿਆਂ ਨੇ ਪੜਾਈ ਵਿੱਚ ਅਮੀਰ ਲੋਕਾਂ ਦੇ ਬੱਚਿਆਂ ਨੂੰ ਟੱਕਰ ਵੀ ਦੇਣੀ ਸੁਰੂ ਕੀਤੀ ਹੈ । ਅਮੀਰਾਂ ਦੇ ਐਸਪ੍ਰਸਤ ਬੱਚਿਆਂ ਨਾਲੋਂ ਮਿਹਨਤੀ ਗਰੀਬ ਘਰਾਂ ਦੇ ਬੱਚਿਆਂ ਨੇ ਉਹਨਾਂ ਨੂੰ ਪਿੱਛੇ ਵੀ ਛੱਡਣਾਂ ਸੇਰੂ ਕਰ ਦਿੱਤਾ ਹੈ ਜਿਸ ਕਾਰੲਨ ਅਮੀਰ ਲੋਕਾਂ ਦੇ ਮੱਥਿਆਂ ਤੇ ਵੱਟ ਪੈਣੇ ਸੁਰੂ ਹੋ ਗਏ ਹਨ। ਰਾਜਨੀਤਕ ਅਤੇ ਅਮੀਰ  ਬਾਬੂਸਾਹੀ ਨੇ ਗਰੀਬ ਘਰਾਂ ਦੇ ਹੁਸਿਆਰ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਤੋਂ ਬੇਦਖਲ ਕਰਨ ਦੀਆਂ ਨਵੀਆਂ ਸਕੀਮਾਂ ਤੇ ਅਮਲ ਕਰਨਾਂ ਸੁਰੂ ਕਰ ਦਿੱਤਾ ਹੈ । ਅੱਜ ਕਲ ਮੈਟਿਰਕ ਗਰੈਜੂਏਸਨ ਆਦਿ ਦੇ ਨੰਬਰਾਂ ਦੀ ਕੀਮਤ ਕੋਈ ਨਹੀਂ ਲਾਉਂਦਾਂ ਬਲਕਿ ਇਹਨਾਂ ਪਰੀਖਿਆਵਾਂ ਦੇ ਵਿੱਚ ਹਾਸਲ ਕੀਤੇ ਉੱਚ ਨੰਬਰਾਂ ਨੂੰ ਦਰਕਿਨਾਰ ਕਰਕੇ ਨਵੇਂ ਟੈਸਟ ਸੁਰੂ ਕੀਤੇ ਜਾ ਰਹੇ ਹਨ ਜੋ ਵਿਦਿਆਰਥੀ ਇਹਨਾਂ ਟੈਸਟ ਵਿੱਚ ਟੌਪ ਕਰਦਾ ਹੈ ਉਸਨੂੰ ਹੀ ਅੱਗੇ ਦਾਖਲਾਂ ਮਿਲਦਾ ਹੈ। ਇੰਹਨਾਂ ਟੈਸਟਾਂ ਨੂੰ ਪਾਸ ਕਰਨ ਲਈ ਸਰਕਾਰੀ ਅਦਾਰਿਆਂ ਵਿੱਚ ਕੋਈ ਸਿਖਲਾਈ ਨਹੀਂ ਦਿੱਤੀ ਜਾਂਦੀ ਪਰ ਪਰਾਈ ਵੇਟ ਅਦਾਰਿਆਂ ਅਕੈਡਮੀਆਂ ਦੀਆਂ ਮਹਿੰਗੀਆਂ ਫੀਸਾਂ ਭਰਨ ਵਾਲੇ ਲੋਕ ਹੀ ਆਪਣੇ ਬੱਚਿਆਂ ਨੂੰ ਇੰਹਨਾਂ ਵਿੱਚ ਭੇਜ ਸਕਦੇ ਹਨ ਜਿੰਹਨਾਂ ਨੂੰ ਇੰਹਨਾਂ ਟੈਸਟਾਂ ਨੂੰ ਪਾਸ ਕਰਨ ਦੇ ਸੰਖੇਪ ਤਰੀਕੇ ਸਿਖਾਏ ਜਾਂਦੇ ਹਨ । ਗਰੀਬ ਅਤੇ ਆਮ ਲੋਕ ਇੰਹਨਾਂ ਮਹਿੰਗੇ ਅਦਾਰਿਆਂ ਦੀਆਂ ਫੀਸਾਂ ਭਰਨ ਦੇ ਯੋਗ ਨਹੀਂ ਹੁੰਦੇ ਸੋ ਇਸ ਕਾਰਨ ਆਪਣੇ ਹੁਸਿਆਰ ਬੱਚਿਆਂ ਨੂੰ ਵੀ ਇੱਥੇ ਨਹੀਂ ਭੇਜ ਸਕਦੇ । ਅਮੀਰ ਲੋਕ ਅਤੇ ਬਾਬੂਸਾਹੀ ਦੀ ਔਲਾਦ ਦੇਸ ਦੀ ਹੁਸਿਆਰ ਗਰੀਬ ਜਮਾਤ ਨੂੰ ਇੱਕ ਵਾਰ ਫਿਰ ਆਮ ਲੋਕ ਦੇ ਬੱਚਿਆਂ ਨੂੰ ਮੁੱਖ ਧਾਰਾ ਵਿੱਚ ਸਾਮਲ ਹੋਣ ਤੋਂ ਰੋਕਣ ਵਿੱਚ ਕਾਮਯਾਬ ਹੋ ਜਾਂਦੀ ਹੈ।
                                        ਜਦ ਦੇਸ ਦੀਆਂ ਸਰਕਾਰਾਂ ਵਿੱਚ ਤਿਆਗੀ ਸਮਾਜ ਸੁਧਾਰਕਾਂ ਦੀ ਥਾਂ ਅਪਰਾਧੀ ਅਤੇ ਪੈਸੇ ਦੇ ਭੁੱਖੇ ਲੋਕ ਸਾਮਲ ਹੋ ਜਾਂਦੇ ਹਨ ਅਤੇ ਇਸ ਤਰਾਂ ਦੇ ਰਾਜਨੀਤਕ ਲੋਕ ਬਾਬੂਸਾਹੀ ਤੇ ਹੀ ਨਿਰਭਰ ਹੁੰਦੇ ਹਨ । ਪੈਸੇ ਦੇ ਭੁੱਖੇ ਲੋਕਾਂ ਕੋਲ ਦੂਸਰਿਆਂ ਦੀ ਭਲਾਈ ਵਾਲ ਦਿਮਾਗ ਹੀ ਨਹੀਂ ਹੁੰਦਾਂ । ਬਾਬੂਸਾਹੀ ਦਾ ਵੱਡਾ ਹਿੱਸਾ ਵੀ ਧਨ ਦਾ ਗੁਲਾਮ ਅਤੇ ਆਪਣੇ ਪਰੀਵਾਰਾਂ ਦਾ ਹੀ ਹੋ ਜਾਂਦਾ ਹੈ ਅਤੇ ਇਸ ਰਾਹ ਤੇ ਤੁਰੀ ਬਾਬੂਸਾਹੀ ਕਦੇ ਵੀ ਉਹ ਰਾਇ ਰਾਜਨੀਤਕਾਂ ਨੂੰ ਨਹੀ ਦੰਦੀ ਜਿਸ ਨਾਲ ਸਮਾਜ ਦੇ ਗਰੀਬ ਲੋਕਾਂ ਦਾ ਭਲਾ ਹੁੰਦਾਂ ਹੋਵੇ । ਸੋ ਇਸ ਤਰਾਂ ਦੇ ਗੋਲਮਾਲ ਵਿੱਚ ਆਮ ਲੋਕਾਂ ਦਾ ਹਰ ਰਾਹ ਤਰੱਕੀ ਦਾ ਬੰਦ ਕੀਤਾ ਜਾਂਦਾ ਹੈ ਜਿਸ ਨਾਲ ਦੇਸ ਦਾ ਭਵਿੱਖ ਸਿਆਣੇ ਅਤੇ ਹੁਸਿਆਰ ਵਰਗ ਦੀਆਂ ਸੇਵਾਵਾਂ ਤੋਂ ਵੀ ਵਾਂਝਾ ਹੁੰਦਾ ਤੁਰਿਆ ਜਾਂਦਾ ਹੈ। ਜਿਸ ਨਾਲ ਦੇਸ ਦਾ ਭਵਿੱਖ ਵੀ ਕੋਈ ਬਹੁਤਾ ਚੰਗਾਂ ਨਹੀਂ ਹੋ ਸਕਦਾ । ਜਿਹੜੇ ਵਿਦਿੋਆਂਰਥੀ ਹੁਸਿਆਰ ਹੁੰਦੇ ਹਨ ਉਹਨਾਂ ਵਿੱਚ ਬਚਪਨ ਤੋਂ ਹੀ ਇਹ ਵਰਤਾਰਾ ਕੁਦਰਤ ਦੀ ਦੇਣ ਹੁੰਦਾਂ ਹੈ। ਇਸ ਤਰਾਂ ਦੇ ਬੱਚੇ ਬਹੁਤੀ ਵਾਰ ਪੜਾਈ ਵਿੱਚ ਉੱਚ ਨੰਬਰ ਜਾਂ ਉੱਚ ਗਰੇਡ ਹੀ ਹਾਸਲ ਕਰਦੇ ਹਨ ਪਰ ਟੈਸਟਾਂ  ਵਿੱਚ ਉੱਚ ਗਰੇਡ ਹਾਸਲ ਕਰਨ ਲਈ ਤਿਕੜਮਾਂ ਵਰਤੀਆਂ ਜਾਂਦੀਆਂ ਹਨ ਜੋ ਕਿ ਸਿਰਫ ਵਪਾਰਕ ਮਹਿੰਗੇ ਸਕੂਲਾਂ ਜਾਂ ਅਕੈਡਮੀਆਂ ਵਿੱਚ ਸਿਖਾਈਆਂ ਜਾਂਦੀਆਂ ਹਨ ਜਾਂ ਪੇਸਾਵਰ ਲੋਕ ਮਹਿੰਗੀਆਂ ਫੀਸਾਂ ਲੈ ਕੇ ਇਹ ਸਿਖਾਉਂਦੇ ਹਨ। ਇਸ ਤਰਾਂ ਦਾ ਗਿਆਨ ਆਮ ਗਰੀਬ ਲੋਕ ਬਹੁਤ ਹੀ ਘੱਟ ਹਾਸਲ ਕਰ ਪਾਉਂਦੇ ਹਨ ਪਰ ਜੇ ਗਰੀਬ ਮਾਪਿਆਂ ਦੇ ਬੱਚਿਆਂ ਨੂੰ ਬਰਾਬਰ ਮੌਕੇ ਮਿਲਣ ਤਦ ਉਹ ਵੀ ਅਮੀਰਾਂ ਦੇ ਬੱਚਿਆਂ ਨੂੰ ਟੱਕਰ ਦੇ ਸਕਦੇ ਹਨ । ਅਸਲ ਵਿੱਚ ਅਮੀਰ ਲੋਕ ਪੁਰਾਤਨ ਯੁੱਗ ਦੀਆਂ ਰਵਾਇਤਾਂ ਵਾਂਗ ਅੱਜ ਵੀ ਆਮ ਲੋਕਾਂ ਨੂੰ ਆਪਣੇ ਗੁਲਾਮ ਹੀ ਬਣਾਈ ਰੱਖਣਾਂ ਲੋਚਦੇ ਹਨ ਜਿਸ ਕਾਰਨ ਹਰ ਉਹ ਤਰੀਕਾਂ ਵਰਤਿਆਂ ਜਾਂਦਾ ਹੈ ਜਿਸ ਨਾਲ ਆਮ ਲੋਕਾਂ ਦੇ ਬੱਚੇ ਦੇਸ ਦੇ ਪਰਬੰਧਕੀ ਢਾਚੇਂ ਵਿੱਚ ਨਾਂ ਵੜ ਸਕਣ ।
                                    ਇੱਕ ਵੱਡਾ ਕਾਰਨ ਦੇਸ ਦੀਆਂ ਸਰਕਾਰਾਂ ਵੱਲੋਂ ਵਿੱਦਿਆਂ ਦੇਣ ਵਾਲੇ ਅਦਾਰਿਆਂ ਦਾ ਨਿੱਜੀ ਕਰਨ ਕੀਤਾ ਜਾ ਰਿਹਾ ਹੈ । ਸਰਕਾਰੀ ਅਦਾਰਿਆਂ ਦਾ ਵਿਕਾਸ ਰੋਕਿਆ ਜਾ ਰਿਹਾ ਹੈ  ਵਪਾਰੀ ਕਿਸਮ ਦੇ ਲੋਕ ਵਿਦਿਅਕ ਅਦਾਰਿਆਂ ਦੇ ਮਾਲਕ ਬਣ ਰਹੇ ਹਨ । ਦੇਸ ਦੇ ਅਯੋਗ ਰਾਜਨੀਤਕਾਂ ਨੂੰ ਪੈਸਿਆਂ ਦਾ ਅਤੇ ਵੋਟਾਂ ਦਾ ਲਾਲਚ ਦੇਕੇ ਕੋਈ ਅਮੀਰ ਜਾਂ ਧਾਰਮਿਕ ਅਦਾਰਾ ਆਪਣੀ ਵਿਦਿਅਕ ਸੰਸਥਾਂ  ਸਕੂਲ ਤੋਂ ਯੂਨੀਵਰਸਿਟੀ ਤੱਕ ਖੋਲ ਸਕਦਾ ਹੈ ਜਿਸ ਤੋਂ ਗਰੀਬ ਲੋਕ ਤਾਂ ਲੁੱਟੇ ਹੀ ਜਾਂਦੇ ਹਨ ਅਤੇ ਅਮੀਰ ਲੋਕ ਇੰਹਨਾਂ ਦੀਆਂ ਮਹਿੰਗੀਆਂ ਸੀਟਾਂ ਹਾਸਲ ਕਰਕੇ ਆਪਣਾਂ ਰੁਤਬਾ ਦਿਖਾਉਂਦੇ ਹਨ। ਲੱਖਾਂ ਦੀਆਂ ਫੀਸਾਂ ਭਰਨਾਂ ਤਾਂ ਮਿਡਲ ਕਲਾਸ ਦੀ ਵੀ ਸਮੱਰਥਾਂ ਤੋਂ ਬਾਹਰ ਹੋ ਰਿਹਾ ਹੈ। ਦੇਸ ਵਿੱਚ ਅੰਗਰੇਜਾਂ ਦੀ ਨੀਤੀ ਅਤੇ ਪੁਰਾਤਨ ਯੁੱਗ ਦੀ ਨੀਤੀ ਵਾਂਗ ਉੱਚ ਸਿੱਖਿਆਂ ਅਤੇ ਮਹਿੰਗੀ ਸਿੱਖਿਆ ਨੂੰ ਹਾਸਲ ਕਰ ਪਾਉਣਾਂ ਸਿਰਫ ਅਮੀਰ ਲੋਕਾਂ ਤੱਕ ਹੀ ਮਹਿਦੂਦ ਕਰਨ ਦੀ ਕੋਸਿਸ ਨੇਪਰੇ ਚੜਾਈ ਜਾ ਰਹੀ ਹੈ। ਲੱਖਾਂ ਡਿਗਰੀ ਧਾਰਕ ਹੁਸਿਆਰ ਬੱਚਿਆਂ ਨੂੰ ਨੌਕਰੀ ਤੋਂ ਪਹਿਲਾਂ ਕੋਈ ਨਾਂ ਕੋਈ ਟੈਸਟ ਪਾਸ ਕਰਨਾਂ ਹੀ ਜਰੂਰੀ ਕਰਕੇ ਰੋਕ ਲਾ ਦਿੱਤੀ ਗਈ ਹੈ। ਇੱਕ ੳਦਾਹਰਨ ਦੇਖੋ ਜਿਵੇਂ ਲੱਖਾਂ ਲੋਕ ਵਿੱਦਿਆਂ ਦੇਣ ਦੀ ਡਿਗਰੀ ਬੀ ਐਡ ਜਾਂ ਈਟੀਟੀ ਆਦਿ ਜਾਂ ਹੋਰ ਲੱਖਾਂ ਦੇ ਖਰਚ ਕਰਕੇ ਹਾਸਲ ਕਰੀ ਫਿਰਦੇ ਹਨ ਪਰ ਨੌਕਰੀ ਹਾਸਲ ਕਰਨ ਲਈ ਟੀਈਟੀ ਟੈਸਟ ਪਾਸ ਕਰਨ ਦੀ ਸਰਤ ਲਾ ਦਿੱਤੀ ਗਈ ਹੈ ਜਦੋਂ ਕਿ ਇਸਦਾ ਸਿਲੇਬਸ ਹੀ ਕੋਈ ਨਹੀਂ । ਇਸ ਟੈਸਟ ਵਿੱਚ ਪਾਸ ਹੋਣ ਦੀ ਯੋਗਤਾ ਕਿਸੇ ਪਰਸੈਂਟ ਦੇ ਅਧਾਰ ਤੇ ਨਹੀਂ ਸਰਕਾਰ ਦੀ ਮਰਜੀ ਤੇ ਹੈ ਕਿ ਜਿੰਨੇਂ ਕੁ ਅਧਿਆਪਕ ਰੱਖਣੇ ਹਨ ਉਨੇਂ ਕੁ ਪਾਸ ਕਰ ਦਿੱਤੇ ਜਾਂਦੇ ਹਨ ਬਾਕੀ ਬੱਚਦਿਆਂ ਨੂੰ ਫਿਰ ਦੁਬਾਰਾ ਫੀਸਾਂ ਭਰਕੇ ਸਰਕਾਰੀ ਖਜਾਨੇ ਭਰਨ ਦਾ ਅਦੇਸ ਅਤੇ ਟੈਸਟ ਪਾਸ ਕਰਨ ਦੀ ਸਰਤ ਰੱਖ ਦਿੱਤੀ ਜਾਂਦੀ ਹੈ। ਇਸ ਤਰਾਂ ਹੀ ਦੂਸਰੀਆਂ ਸਰਕਾਰੀ ਨੌਕਰੀਆਂ ਲਈ ਕੀਤਾ ਜਾ ਰਿਹਾ ਹੈ । ਵਿਦਿਅਕ ਡਿਗਰੀਆਂ ਫੇਲ ਕਰਕੇ ਟੈਸਟ ਪਾਸ ਕਰੋ ਦੀ ਸਰਤ ਰੱਖ ਦਿੱਤੀ ਜਾਂਦੀ ਹੈ । ਜੇ ਨੌਕਰੀਆਂ ਟੈਸਟ ਹਾਸਲ ਕਰਨ ਤੇ ਹੀ ਮਿਲਣੀਆਂ ਹਨ ਫਿਰ ਮੈਟਿ੍ਰਕ ਤੋਂ ਬਾਅਦ ਹੀ ਟੈਸਟ ਜਰੂਰੀ ਕਰ ਦਿਉ ਜਾਂ ਨਿਮਨ ਵਿਦਿਅਕ ਯੋਗਤਾ ਰੱਖੋ ਜਿਸ ਤੋਂ ਬਾਅਦ ਕੋਈ ਵਿਦਿਆਰਥੀ ਟੈਸਟ ਪਾਸ ਕਰੇ ਅਤੇ ਉਸ ਤੋਂ ਬਾਅਦ ਹੀ ਇਸ ਸਬੰਧੀ ਵਿਦਿਅਕ ਕੋਰਸ ਪਾਸ ਕਰੇ ਅਤੇ ਆਪਣੀ ਦੂਹਰੀ ਲੁੱਟ ਤਂ ਬਚ ਜਾਵੇ। ਪਹਿਲਾਂ ਵਿਦਿਅਕ ਕੋਰਸਾਂ ਡਿਗਰੀਆਂ ਹਾਸਲ ਕਰਨ ਤੇ ਲੁੱਟ ਲਏ ਜਾਂਦੇ ਹਨ ਆਮ ਲੋਕ ਪਰ ਬਅਦ ਵਿੱਚ ਟੈਸਟਾਂ ਵਿੱਚੋਂ ਫੇਲ ਕਰਕੇ ਸਦਾ ਲਈ ਰੱਦ ਕਰ ਦਿੱਤੇ ਜਾਂਦੇ ਹਨ । ਬਿਨਾਂ ਪੜਿਆਂ ਕੁਰਸੀਆਂ ਮੱਲਣ ਵਾਲੇ  ਰਾਜਨੀਤਕ ਕਿਵੇਂ ਸਮਝ ਸਕਦੇ ਹਨ ਰਾਤਾਂ ਨੂੰ ਅਨੀਂਦਰੇ ਰਹਿਕੇ ਪੜਨ ਵਾਲਿਆਂ ਦੀਆਂ ਅਤੇ ਗਰੀਬ ਮਾਪਿਆਂ ਦੀਆਂ ਸਭ ਕੁੱਝ ਲੁਟਾ ਹੋ ਜਾਣ ਦੀਆਂ ਤਕਲੀਫਾਂ ? ਬਾਬੂਸਾਹੀ ਦੀਆਂ ਦੇਸ ਦੀ ਨੌਜਵਾਨੀ ਨੂੰ ਪਾਗਲਪਣ ਵੱਲ ਤੋਰਨ ਦੀਆਂ ਨੀਤੀਆਂ ਅਤਿ ਖਤਰਨਾਕ ਹਨ। ਜੇ ਦੇਸ ਦੀ ਵਰਤਮਾਨ ਬਾਬੂਸਾਹੀ ਨੂੰ ਟੈਸਟ ਪਾਸ ਕਰਨ ਦੀ ਸਰਤ ਤੋਂ ਬਿਨਾਂ ਨੌਕਰੀ ਕਰਨ ਦੀ ਖੁੱਲ ਹੈ ਤਦ ਵਰਤਮਾਨ ਵਿਦਿਆਰਥੀਆਂ ਤੇ ਇਹ ਸਰਤ ਲਾਉਣਾਂ ਬਹੁਤ ਹੀ ਘਟੀਆਂ ਹੁਕਮ ਹੈ ਜਾਂ ਫਿਰ ਦੇਸ ਦੀ ਵਰਤਮਾਨ ਬਾਬੂਸਾਹੀ ਤੋਂ ਵੀ ਇਹ ਟੈਸਟ ਲੈਣੇ ਚਾਹੀਦੇ ਹਨ ਜਿਸ ਨਾਲ ਸਾਇਦ ਦੇਸ ਦੇ ਸਮੱਚੇ ਮੁਲਾਜਮ ਵਰਗ ਵਿੱਚੋਂ ਇੱਕ ਪਰਸੈਂਟ ਵੀ ਪਾਸ ਨਹੀਂ ਕਰ ਸਕਣਗੇ ਅਤੇ ਦੇਸ ਦੇ ਲੋਕਾਂ ਦਾ ਅਯੋਗ ਬਾਬੂਸਾਹੀ ਤੋਂ ਵੀ ਛੁਟਕਾਰਾ ਹੋ ਜਾਵੇਗਾ। ਸਮਾਨਤਾ ਦਾ ਕਾਨੂੰਨ ਸਭ ਤੇ ਲਾਗੂ ਹੋਣਾਂ ਚਾਹੀਦਾ ਹੈ । ਦੇਸ ਦੀਆਂ ਬਾਬੂਸਾਹੀ ਦੀਆਂ ਗਲਤ ਨੀਤੀਆਂ ਅਤਿ ਨਿੰਦਣ ਯੋਗ ਹਨ ਜੋ ਗਰੀਬ ਲੋਕਾਂ ਦੀ ਲੁੱਟ ਅਤੇ ਆਪਣਿਆਂ ਨੂੰ ਹੀ ਅੱਗੇ ਲਿਆਉਣ ਦਾ ਸਾਧਨ ਬਣਦੀਆਂ ਹਨ
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ  

Wednesday 25 December 2013

ਅਮੀਰ ਅਤੇ ਮੁਲਾਜਮ ਵਰਗ ਹੀ ਸਰਕਾਰਾਂ ਨੂੰ ਪਿਆਰਾ ਕਿਉਂ


ਪੰਜਾਬ ਦੇ ਤਿੰਨ ਕਰੋੜ ਲੋਕਾਂ ਤੋਂ ਇਕੱਠੇ ਕੀਤੇ ਜਾਂਦੇ ਭਾਰੀ ਟੈਕਸਾਂ ਦੀ ਰਕਮ ਦਾ 60% ਤੋਂ 80% ਤੱਕ ਸਿੱਧੇ ਅਤੇ ਅਸਿੱਧੇ ਤੌਰ ਤੇ ਤਿੰਨ ਲੱਖ ਮੁਲਾਜਮਾਂ ਦੀ ਜੇਬ ਵਿੱਚ ਪਾ ਦਿੱਤਾ ਜਾਂਦਾਂ ਹੈ ਪਰ ਜਦੋਂ ਕਿ     ਇਹ ਟੈਕਸ ਆਮ ਲੋਕਾਂ ਜਾਂ ਗਰੀਬ ਲੋੜਵੰਦ ਲੋਕਾਂ ਦੀ ਸਹਾਇਤਾ ਦੇ ਨਾਂ ਤੇ ਲਾਏ ਜਾਂਦੇ ਹਨ । ਸਰਕਾਰਾਂ ਆਪਣੇ ਵੱਲੋਂ ਲੋਕਾਂ ਦੇ ਅਤੇ ਸੂਬੇ ਦੇ ਵਿਕਾਸ ਦੇ ਨਾਂ ਤੇ ਟੈਕਸ ਲਗਾਉਂਦੀਆਂ ਹਨ ਪਰ ਜਦ ਇਸ ਇਕੱਠੇ ਹੋਏ ਪੈਸੇ ਨੂੰ ਵਰਤਣ ਦੀ ਗੱਲ ਆਉਂਦੀ ਹੈ ਤਦ ਇਹ ਲੋਕਾਂ ਦੇ ਜਾਂ ਪੰਜਾਬ ਦੇ ਵਿਕਾਸ ਦੀ ਥਾਂ ਸਰਕਾਰ ਦੇ ਇਕੱਲੇ ਮੁਲਾਜਮ ਵਰਗ ਦੀਆਂ ਤਨਖਾਹਾਂ ਵਧਾਉਣ ਤੇ ਹੀ ਲਗਾ ਦਿੱਤੇ ਜਾਂਦੇ ਹਨ । 1966 ਵਿੱਚ 70 ਰੁਪਏ ਤੇ ਕੰਮ ਕਰਨ ਵਾਲੇ ਮੁਲਾਜਮ ਅੱਜ 70000 ਤੱਕ ਤਨਖਾਹ ਲੈ ਰਹੇ ਹਨ ਜਿਸ ਦਾ ਭਾਵ ਸਰਕਾਰੀ ਮੁਲਾਜਮਾਂ ਦੀ ਆਮਦਨ ਵਿੱਚ 1000 ਗੁਣਾਂ ਵਾਧਾ । ਪਰ ਕੀ ਆਮ ਪੰਜਾਬੀ ਲੋਕਾਂ ਦੀ ਆਮਦਨ ਵਿੱਚ ਵੀ ਇੰਨਾਂ ਵਾਧਾ ਹੋਇਆ ਹੈ। ਕੀ ਮੁਲਾਜਮ ਵਰਗ ਨੂੰ ਆਮ ਪੰਜਾਬੀ ਤੋਂ ਜਿਆਦਾ ਵੱਡਾ ਪੇਟ ਲੱਗਿਆ ਹੋਇਆ ਹੈ। ਕੀ ਮੁਲਾਜਮ ਵਰਗ ਆਮ ਪੰਜਾਬੀ ਤੋਂ ਜਿਆਦਾ ਗਰੀਬ ਹੈ ਜੋ ਉਸਨੂੰ ਆਮ ਲੋਕਾਂ ਤੋਂ ਜਿਆਦਾ ਆਮਦਨ ਕਰਵਾਈ ਜਾਵੇ ? ਕੀ ਮੁਲਾਜਮ ਵਰਗ ਜਿਆਦਾ ਮਿਹਨਤ ਕਰਦਾ ਹੈ? ਕੀ ਮੁਲਾਜਮ ਵਰਗ ਨੇ ਪੰਜਾਬ ਨੂੰ ਸਭ ਤੋਂ ਵਧੀਆਂ ਸੂਬਾ ਬਣਾ ਦਿੱਤਾ ਹੈ? ਕੀ ਪੰਜਾਬ ਦਾ ਮੁਲਾਜਮ ਵਰਗ ਜਿਆਦਾ ਹੀ ਇਮਾਨਦਾਰ ਹੋ ਗਿਆ ਹੈ ਆਮ ਲੋਕਾਂ ਦੇ ਕੰਮ ਕਰਨ ਲਈ? ਜਦ ਦੇਸ ਦੇ 67 ਕਰੋੜ ਲੋਕ ਜਿਹਨਾਂ ਵਿੱਚ ਪੰਜਾਬੀ ਵੀ ਸਾਮਲ ਹਨ ਰੋਜਾਨਾ 20 ਰੁਪਏ ਤੱਕ ਕਮਾ ਪਾਉਂਦੇ ਹਨ ਫਿਰ ਪੰਜਾਬ ਦੇ ਮੁਲਾਜਮ 500 ਤੋਂ 2000 ਤੱਕ ਤਨਖਾਹ ਰੋਜਾਨਾਂ ਕਿਉਂ ਲੈਣ? ਜਦ ਪੰਜਾਬ ਸਿਰ ਇੱਕ ਲੱਖ ਕਰੋੜ ਤੱਕ ਦਾ ਕਰਜਾ ਹੋ ਗਿਆ ਹੈ ਫਿਰ ਕੀ ਮੁਲਾਜਮਾਂ ਨੂੰ ਜਿਆਦਾ ਤਨਖਾਹ ਦੇਣੀ ਜਰੂਰੀ ਹੈ। ਜਦ ਆਮ ਵਿਅਕਤੀ ਤੇ ਟੈਕਸਾਂ ਦਾ ਬੋਝ ਵੱਧ ਰਿਹਾ ਹੈ ਅਤੇ ਉਸਦੀ ਆਮਦਨ ਘੱਟ ਰਹੀ ਹੈ ਤਦ ਮੁਲਾਜਮ ਵਰਗ ਦੀ ਆਮਦਨ ਵੀ ਘਟਾਈ ਜਾਣੀ ਚਾਹੀਦੀ ਹੈ। ਜਿਹਨਾਂ ਪਰੀਵਾਰਾਂ ਵਿੱਚ ਮੁਲਾਜਮਾਂ ਦੇ ਇੱਕ ਤੋਂ ਜਿਆਦਾ ਵਿਅਕਤੀ ਹਨ ਦੀ ਪਛਾਣ ਕਰਕੇ ਤੋਂ ਜਿਆਦਾ ਟੈਕਸ ਲਿਆ ਨਹੀਂ ਜਾਣਾਂ ਚਾਹੀਦਾ ?
                                         ਅੱਜ ਆਮ ਪਿੰਡਾਂ ਵਿੱਚ ਮਜਦੂਰੀ ਜਾਂ ਕਿਸਾਨੀ ਕਿੱਤਾ ਕਰਨ ਵਾਲਾ ਪੰਜਾਬੀ ਜੋ 10 ਤੋਂ 14 ਘੰਟੇ ਤੱਕ ਮਿਹਨਤ ਨਾਲ ਮਜਦੂਰੀ ਕਰਦਾ ਹੈ ਤਦ ਉਹ 200 ਰੁਪਏ ਤੱਕ ਕਮਾਉਂਦਾਂ ਹੈ ਜਦੋਂ ਕਿ ਸਰਕਾਰੀ ਦਫਤਰਾਂ ਵਿੱਚ ਬੈਠਣ ਵਾਲੇ ਮੁਲਾਜਮ ਲੋਕ ਅੱਠ ਘੰਟਿਆਂ ਵਿੱਚੋਂ ਸਿਰਫ ਛੇ ਘੰਟੇ ਕੰਮ ਕਰਨ ਦਾ ਪਰ ਅਸਲ ਵਿੱਚ ਕੁਰਸੀ ਤੇ ਬੈਠਣ ਦੇ ਪਾਬੰਦ ਵੀ ਨਹੀਂ ਹਨ ਤਨਖਾਹ 500 ਤੋਂ 3000 ਤੱਕ ਲੈਂਦੇ ਹਨ ।  ਕੀ ਦੇਸ ਦਾ ਆਮ ਵਿਅਕਤੀ ਜਿੰਦਗੀ ਦੇ ਮੁਢਲੇ ਸਾਲ ਵੀ ਦੇਸ ਅਤੇ ਪਰੀਵਾਰ ਲਈ ਕਿਰਤ ਨਹੀਂ ਕਰਦਾ ਰਿਹਾ । ਉਸਨੇ ਕੋਈ ਵਕਤ ਬਰਬਾਦ ਨਹੀਂ ਕੀਤਾ ਹੁੰਦਾਂ ਉਸਨੇ ਵੀ ਦੇਸ ਦੀ ਆਰਥਿਕਤਾ ਵਿੱਚ ਯੋਗਦਾਨ ਪਾਇਆ ਹੁੰਦਾਂ ਹੈ ।ਕੋਈ ਵਿਦਿਆ ਗਰਿਹਣ ਕਰਕੇ ਅਤੇ ਫਿਰ ਉਸਦੇ ਅਧਾਰ ਤੇ ਆਮ ਕਿਰਤੀ ਵਿਅਕਤੀ ਨਾਲੋਂ ਸੌ ਗੁਣਾਂ ਆਮਦਨ ਜਿਆਦਾ ਕਰਨ ਦਾ ਅਧਿਕਾਰੀ ਨਹੀਂ ਬਣ ਜਾਂਦਾ,ਕਿਉਕਿ ਉਸਨੇ ਆਪਣੀ ਜਿੰਦਗੀ ਦੇ ਮੁੱਢਲੇ ਸਾਲ ਵਿੱਚ ਦੇਸ ਦੀ ਆਰਥਿਕਤਾ ਵਿੱਚ ਕੋਈ ਜਿਆਦਾ ਯੋਗਦਾਨ ਨਹੀਂ ਦਿੱਤਾ ਹੁੰਦਾਂ। ਆਮ ਵਿਅਕਤੀ ਅਤੇ ਪੜੇ ਲਿਖੇ ਨੌਕਰੀ ਪੇਸਾ ਲੋਕਾਂ ਦੋਨਾਂ ਨੂੰ ਬਰਾਬਰ ਤਰੱਕੀ ਕਰਨ ਦਾ ਅਧਿਕਾਰ ਹੈ। ਦੇਸ ਦਾ ਕਾਨੂੰਨ ਸਾਰੇ ਸਮਾਜ ਨੂੰ ਸਮਾਨਤਾ ਦਾ ਅਧਿਕਾਰ ਦਿੰਦਾਂ ਹੈ ਪਰ ਅਸਲੀਅਤ ਵਿੱਚ ਸਰਕਾਰੀ ਬਾਬੂਆਂ ਲਈ ਤਾਂ ਹਰ ਸਾਲ ਮਹਿੰਗਾਈ ਭੱਤੇ ਅਤੇ ਕਮਿਸਨ ਬਣਾਕੇ ਆਮਦਨਾਂ ਵਧਾਈਆਂ ਜਾਂਦੀਆਂ ਹਨ ਜਦੋਂਕਿ ਦੇਸ ਦੇ ਆਮ ਵਿਅਕਤੀ ਲਈ ਕੁੱਝ ਵੀ ਸੋਚਿਆ ਨਹੀ ਜਾਂਦਾਂ। ਦੇਸ ਦੀਆਂ ਸਰਕਾਰਾਂ ਨੂੰ ਆਪਣੀ ਨੀਤੀ ਤੇ ਮੁੜ ਵਿਚਾਰ ਕਰਨਾਂ ਚਾਹੀਦਾ ਹੈ ਜਿਸ ਵਿੱਚ ਆਮ ਲੋਕਾਂ ਨੂੰ ਵੀ ਦੇਸ ਦੇ ਨੌਕਰੀਪੇਸਾ ਲੋਕਾਂ ਬਰਾਬਰ ਰੱਖਿਆ ਜਾਵੇ। ਦੇਸ ਦਾ ਵਿਅਕਤੀ ਸੰਗਠਿਤ ਨਹੀਂ ਅਤੇ ਜਿਆਦਾ ਪੜਿਆ ਲਿਖਿਆ ਨਹੀਂ ਅਤੇ ਨਾਂ ਹੀ ਉਹ ਆਪਣੀ ਅਵਾਜ ਲੋਕ ਸੱਥਾਂ ਤੋਂ ਬਿਨਾਂ ਕਿੱਧਰੇ ਵਰਤਮਾਨ ਮੀਡੀਏ ਵਿੱਚ ਕਹਿਣ ਦੇ ਯੋਗ ਹੈ ਜਿਸ ਕਾਰਨ ਉੇਸਦੀ ਅਣਗਹਿਲੀ ਕੀਤੀ ਜਾ ਰਹੀ ਹੈ। ਦੇਸ ਦੇ ਨੌਕਰੀ ਪੇਸਾ ਅਤੇ ਅਮੀਰ ਲੋਕ ਹੀ ਪਰਚਾਰ ਸਾਧਨਾਂ ਅਤੇ ਸਰਕਾਰਾਂ ਤੇ ਕਾਬਜ ਹਨ ਜੋ ਆਪਣੇ ਭਾਈਚਾਰਿਆਂ ਦੀ ਅਵਾਜ ਸਰਕਾਰ ਤੱਕ ਪਹੁੰਚਾਉਂਦੇ ਹਨ ਅਤੇ ਆਪਣੇ ਆਪ ਨੂੰ ਹੀ ਸਭ ਕੁੱਝ ਹਾਸਲ ਕਰ ਪਾਉਂਦੇ ਹਨ ਪਰ ਆਮ ਲੋਕਾਂ ਦੇ ਦੁੱਖਾਂ ਦੀ ਸਾਰ ਇਹਨਾਂ ਬੇਰਹਿਮ ਲੋਕਾਂ ਨੂੰ ਨਹੀਂ। ਸਰਕਾਰੀ ਬਾਬੂ ਅਤੇ ਸਰਕਾਰਾਂ ਜਦ 28 ਰੁਪਏ ਕਮਾਕੇ ਖਰਚਣ ਵਾਲੇ ਨੂੰ ਹੀ ਅਮੀਰ ਐਲਾਨ ਦਿੰਦੀਆਂ ਹਨ ਅਤੇ ਆਪ 2800 ਲੈਕੇ ਵੀ ਗਰੀਬ ਬਣੇ ਰਹਿੰਦੇ ਹਨ ਤਦ ਇਸ ਅਮੀਰ ਸਮਾਜ ਦਾ ਬੇਕਿਰਕ ਬੇਰਹਿਮ ਚਿਹਰਾ ਦਿਖਾਈ ਦਿੰਦਾਂ ਹੈ। ਦੇਸ ਦੇ ਆਮ ਵਿਅਕਤੀ ਦੀਆਂ ਅੱਖਾ ਤਾਂ ਅਮੀਰਾਂ ਦੇ ਤੇਜ ਅਤੇ ਤਪਸ ਸਾਹਮਣੇ ਖੁੱਲ ਹੀ ਨਹੀਂ ਸਕਦੀਆਂ ਸੋ ਉਹਨਾਂ ਨੇ ਦੇਖਣਾਂ ਕੀ ਹੈ ਸੋ ਦੇਸ ਦਾ ਆਮ ਵਿਅਕਤੀ ਸਿਰ ਨੀਵਾਂ ਕਰਕੇ ਚੁੱਪ ਹੀ ਬੈਠਣ ਲਈ ਮਜਬੂਰ ਹੈ ਸਾਇਦ ਰੱਬ ਸਹਾਰੇ ਹੀ ਦਿਨ ਬਤੀਤ ਕਰ ਰਿਹਾ ਹੈ ਦੇਸ ਦੇ ਬਾਬੂਆਂ ਰਾਜਨੀਤਕ ਆਗੂਾਂ ਅਤੇ ਪਰਚਾਰ ਮੀਡੀਏ ਨੂੰ ਸਾਇਦ ਇਸ ਨੀਵੀ ਪਾਏ ਚੁੱਪ ਕੀਤੇ ਆਮ ਵਿਅਕਤੀ ਦੇ ਦੁੱਖ ਵੀ ਦਿਸ ਜਾਣ ਦੀ ਆਸ ਹੀ ਕੀਤੀ ਜਾ ਸਕਦੀ ਹੈ ਪਰ ਇਸਦੀ ਇਸ ਤਰਾਂ ਦੀ ਨੀਵੀ ਪਾਈ ਪਾਟੇ ਕੱਪੜੇ ਪਹਿਨੀ ਸੋਚੀਂ ਪਏ ਆਮ ਵਿਅਕਤੀ ਦੀ ਕਲਾਤਮਿਕ ਤਸਵੀਰ ਅਮੀਰ ਲੋਕਾਂ ਦੇ ਪਰਚਾਰ ਸਾਧਨਾਂ ਜਰੂਰ ਦਿਸਦੀ ਰਹਿੰਦੀ ਹੈ ਜੋ ਕਿਸੇ ਤਸਵੀਰ ਖਿੱਚਣ ਵਾਲੇ ਲਈ ਇਨਾਮ ਹਾਸਲ ਕਰਨ ਵਾਲੀ ਕਲਾ ਬਣ ਜਾਂਦੀ ਹੈ। ਕਾਸ ਦੇਸ ਦੇ ਹੁਕਮਰਾਨ ਅਤੇ ਅਮੀਰ ਲੋਕ ਆਮ ਵਿਅਕਤੀ ਦੇ ਦੁੱਖ ਮਹਿਸੂਸ ਕਰ ਲੈਣ ਰੱਬ ਖੇਰ ਕਰੇ
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ  

Thursday 12 December 2013

ਦਿੱਲੀ ਚੋਣਾਂ ਦੇ ਨਤੀਜੇ ਦੇ ਰਹੇ ਨੇ ਨਵੇਂ ਸੰਕੇਤ

                              
 ਦਿੱਲੀ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਫਲਤਾ ਨੇ ਲੋਕਰੋਹ ਦੀ ਤਸਵੀਰ ਨੂੰ ਪੇਸ ਕੀਤਾ ਹੈ। ਵਰਤਮਾਨ ਸਮੇਂ ਵਿੱਚ ਸਰਕਾਰਾਂ ਨੇ ਜਿਸ ਤਰਾਂ ਲੋਕਾਂ ਦੀਆਂ ਜੇਬਾਂ ਨੂੰ ਲੁੱਟਣ ਲਈ ਹੱਥ ਪਾ ਲਿਆ ਹੈ ਤੋਂ ਲੋਕ ਡਾਢੇ ਦੁਖੀ ਹੋਏ ਪਏ ਹਨ। ਵਰਤਮਾਨ ਰਾਜ ਕਰਦੀਆਂ ਪਾਰਟੀਆਂ ਲੋਕ ਮਸਲਿਆਂ ਤੋਂ ਪਾਸਾ ਵੱਟਕੇ ਬਿਨਾਂ ਸਰਮ ਕੀਤਿਆਂ ਆਪਣੀਆਂ ਅਤੇ ਆਪਣਿਆਂ ਦੇ ਹੀ ਖਜਾਨੇ ਭਰਨ ਲੱਗੀਆਂ ਹੋਈਆਂ ਹਨ। ਦੂਸਰਾ ਮੁਲਾਜਮ ਵਰਗ ਤਾਂ ਹਰ ਸਾਲ ਮਹਿੰਗਾਈ ਦੇ ਵੱਧਣ ਦੀ ਦਰ ਨਾਲ ਆਪਣੀਆਂ ਤਨਖਾਹਾਂ ਵਧਾਈ ਜਾ ਰਿਹਾ ਹੈ ਅਤੇ ਦੂਸਰੇ ਪਾਸੇ ਆਮ ਲੋਕ ਹਰ ਸਾਲ ਆਪਣੀ ਆਮਦਨ ਨੂੰ ਘੱਟਦਿਆਂ ਹੋਇਆਂ ਦੇਖਦੇ ਹਨ ਅਤੇ ਸਰਕਾਰਾਂ ਆਮ ਲੋਕਾਂ ਦੀ ਆਮਦਨ ਵਧਾਉਣ ਪ੍ਰਤੀ ਕੋਈ ਵੀ ਹੀਲਾ ਨਹੀਂ ਕਰਦੀਆਂ । ਸਮਾਜ ਦੇ ਸਾਰੇ ਵਰਗਾਂ ਦੀ ਆਮਦਨ ਇੱਕੋ ਅਧਾਰ ਤੇ ਵੱਧਣੀ ਚਾਹੀਦੀ ਹੈ । ਜੇ ਦੇਸ ਦੇ ਵਪਾਰੀ ,ਮੁਲਾਜਮ ,ਵਰਗ ਅਤੇ ਰਾਜਨੀਤਕਾਂ ਦੀ ਆਮਦਨ ਵੱਧ ਰਹੀ ਹੈ ਤਦ ਆਮ ਲੋਕਾਂ ਦੀ ਆਮਦਨ ਵੀ ਉਸ ਦਰ ਅਤੇ ਹਿਸਾਬ ਨਾਲ ਵੱਧਣੀ ਚਾਹੀਦੀ ਹੈ। ਜਿੰਨਾਂ ਚਿਰ ਸਾਰੇ ਲੋਕਾਂ ਦੀ ਆਮਦਨ ਇੱਕ ਰਫਤਾਰ ਨਾਲ ਨਹੀਂ ਵੱਧੇਗੀ ਸਮਾਜ ਦੇ ਵਿੱਚ ਅਸਾਵਾਂਪਣ ਵੱਧਦਾ ਜਾਵੇਗਾ। ਦੇਸ ਦੇ ਆਮ ਲੋਕ ਮੁਲਾਜਮ ਵਰਗ ,ਵਪਾਰੀ ਅਤੇ ਰਾਜਨੀਤਕਾਂ ਨਾਲੋਂ ਕਈ ਗੁਣਾਂ ਜਿਆਦਾ ਮਿਹਨਤ ਕਰਦੇ ਹਨ ਪਰ ਉਨਾਂ ਦੀ ਆਮਦਨ ਗਰਾਫ ਵੱਧਣ ਦੀ ਬਜਾਇ ਘੱਟਦਾ ਹੀ ਜਾ ਰਿਹਾ ਹੈ। ਆਮ ਲੋਕ ਜੇ ਤੀਹ ਕੁ ਰੁਪਏ ਰੋਜਾਨਾਂ ਖਰਚਣ ਦੀ ਸਮੱਰਥਾ ਰੱਖਦਾ ਹੈ ਨੂੰ ਅਮੀਰ ਐਲਾਨ ਦਿੱਤਾ ਜਾਂਦਾ ਹੈ ਅਤੇ ਉਸਨੂੰ ਸਹੂਲਤਾਂ ਦੇ ਉੱਪਰ ਕੱਟ ਲਾਉਣਾਂ ਸੁਰੂ ਕਰ ਦਿੱਤਾ ਜਾਂਦਾ ਹੈ ਜਦੋਂ ਕਿ ਦੂਸਰੇ ਪਾਸੇ ਅਮੀਰ ਤਬਕੇ ਦੇ ਕੁੱਝ ਲੋਕ ਰੋਜਾਨਾ ਕਰੋੜ ਵੀ ਖਰਚਣ ਵਾਲੇ ਹੋਣ ਤਦ ਵੀ ਉਹਨਾਂ ਵੱਲ ਸਰਕਾਰੀ ਖਜਾਨੇ ਦੇ ਮੂੰਹ ਖੁਲੇ ਰਹਿੰਦੇ ਹਨ। ਦੇਸ ਦੇ ਕਰੋੜਪਤੀ ਵੀ ਵਿਧਾਨਕਾਰ ਜਾਂ ਮੈਂਬਰ ਪਾਰਲੀ ਮੈਂਟ ਬਣਕੇ ਤਨਖਾਹਾਂ ਤੋਂ ਵੱਖਰੇ ਲੱਖਾ ਦੇ ਰੋਜਾਨਾਂ ਭੱਤੇ ਲੈਂਦੇ ਹਨ ਮੁਲਾਜਮ ਵਰਗ ਮਹਿੰਗਾਈ ਦੇ ਨਾਂ ਤੇ ਅਨੇਕਾਂ ਭੱਤੇ ਲੈਂਦਾਂ ਹੈ। ਕਿਸੇ ਹੋਰ ਸਰਕਾਰੀ ਕੰਮ ਵਿੱਚ ਸਹਾਇਤਾ ਕਰਨ ਤੇ ਸਰਕਾਰੀ ਮੁਲਾਜਮ ਨੂੰ ਦੂਹਰੀ ਤਨਖਾਹ ਦਿੱਤੀ ਜਾਂਦੀ ਹੈ ਪਰ ਆਮ ਲੋਕਾਂ ਵਾਰੀ ਸਾਰੀਆਂ ਸਹੂਲਤਾਂ ਦਾ ਗਲ ਘੁੱਟ ਦਿੱਤਾ ਜਾਂਦਾ ਹੈ।
                             ਕੀ ਦੇਸ ਦੇ ਆਮ ਵਿਅਕਤੀ ਦੀ ਹਾਲਤ ਸਿਰਫ ਗੁਲਾਮਾਂ ਵਾਲੀ ਹੈ । ਉਸਨੂੰ ਜਿਉਂਦਾਂ ਰੱਖਣ ਲਈ ਵੀ ਸਰਕਾਰਾਂ ਆਪਣਾਂ ਫਰਜ ਨਹੀਂ ਸਮਝਦੀਆਂ । ਇਲਾਜ ਤਾਂ ਛੱਡੋ ਦੇਸ ਦੇ ਲੋਕ ਅੰਨ ਵੀ ਖਰੀਦਣ ਦੀ ਸਥਿਤੀ ਵਿੱਚ ਨਹੀਂ ਹਨ । ਸਰਕਾਰ ਨੇ ਸਬਸਿਡੀ ਤੇ ਅੰਨ ਖਰੀਦਣ ਵਾਲੇ 67 ਕਰੋੜ ਲੋਕਾਂ ਦੀ ਪਛਾਣ ਕੀਤੀ ਹੈ। ਕੀ ਹਾਲੇ ਸਾਡੇ ਦੇਸ ਵਾਸੀ ਅੰਨ ਖਰੀਦਣ ਦੇ ਵੀ ਯੋਗ ਨਹੀਂ ਹੋਏ ਜਦੋਂ ਕਿ ਉਦਯੋਗਪਤੀ ਜੀਰੋ ਤੋਂ ਹੀਰੋ ਬਣ ਗਏ ਹਨ। ਅਮੀਰ ਲੋਕ ਤਾਂ ਹੁਣ ਵਿਦੇਸਾਂ ਵਿੱਚ ਵੀ ਵਪਾਰ ਕਰਨ ਲਈ ਦੇਸ ਦਾ ਅਥਾਂਹ ਧਨ ਹੜੱਪੀ ਬੈਠੇ ਹਨ ਅਤੇ ਬਹੁਰਾਸਟਰੀ ਕੰਪਨੀਆਂ ਬਣ ਗਏ ਹਨ ਪਰ ਦੇਸ ਦਾ ਆਮ ਵਿਅਕਤੀ ਰੋਟੀ ਤੋਂ ਵੀ ਮੁਥਾਜ ਹੁੰਦਾਂ ਜਾ ਰਿਹਾ ਹੈ। ਦਿੱਲੀ ਚੋਣਾਂ ਵਿੱਚ ਜਿੱਤਿਆ ਕੇਜਰੀਵਾਲ ਕੋਈ ਲੋਕਾਂ ਦਾ ਹੀਰੋ ਨਹੀਂ ਲੋਕਾਂ ਦੀ ਮਜਬੂਰੀ ਹੇ। ਆਮ ਲੋਕਾਂ ਨੇ ਸਿਰਫ ਰਾਜ ਕਰਦੀਆਂ ਦੋਵੇਂ ਧਿਰਾਂ ਬੀਜੇਪੀ ਅਤੇ ਕਾਂਗਰਸ ਨੂੰ ਸੁਨੇਹਾ ਦਿੱਤਾ ਹੈ ਕਿ ਸਾਨੂੰ ਮੰਦਰ ਮਸਜਦਾਂ ਦੇ ਝਗੜੇ ਨਹੀਂ ਚਾਹੀਦੇ ਅਤੇ ਨਾਂ ਹੀ ਸਾਨੂੰ ਉਦਯੋਗਿਕ ਵਿਕਾਸ ਦੇ ਨਾਂ ਤੇ ਕਾਰਪੋਰੇਟ ਘਰਾਣੇ ਸਾਨੂੰ ਰੋਟੀ ਚਾਹੀਦੀ ਹੈ ਸਾਨੂੰ ਮੁਢਲੀਆਂ ਸਹੂਲਤਾਂ ਚਾਹੀਦੀਆਂ ਹਨ ਸਾਨੂੰ ਭਿ੍ਰਸਟ ਮੁਲਾਜਮਾਂ ਤੋਂ ਛੁਟਕਾਰਾ ਚਾਹੀਦਾ ਹੈ ਸਾਨੂੰ ਲੁੱਟਣ ਅਤੇ ਕੁੱਟਣ ਵਾਲੀ ਪੁਲੀਸ ਅਤੇ ਸੁਰੱਖਿਆਂ ਫੋਰਸਾਂ ਨਹੀਂ ਰਾਖੀ ਕਰਨ  ਵਾਲੀਆਂ ਚਾਹੀਦੀਆਂ ਹਨ। ਕੇਜਰੀਵਾਲ ਨੇ ਆਮ ਲੋਕਾਂ ਦੇ ਆਮ ਮੁੱਦੇ ਚੁਕੇ ਹਨ ਅਤੇ ਇਸ ਕਾਰਨ ਹੀ ਉਸਨੂੰ ਵੋਟ ਪਾਕੇ ਲੋਕਾਂ ਨੇ ਸੰਕੇਤ ਕੀਤਾ ਹੈ ਕਿ ਅਸੀਂ ਉਸਨੂੰ ਹੀ ਵੋਟ ਪਾਵਾਂਗੇ ਜੋ ਸਾਡੇ ਜਿਉਣ ਦੀਅਤੇ ਸਾਡੇ ਆਮ ਦੁੱਖਾਂ ਦੀ ਗੱਲ ਕਰੇਗਾ। ਦੇਸ ਦੇ ਕਿਰਤੀ ਲੋਕਾਂ ਦੀ ਸਭ ਤੋਂ ਮਿਹਨਤੀ ਲੋਕਾਂ ਵਾਲੀ ਪੰਜਾਬ ਸਟੇਟ ਵਿੱਚ ਜਿਸ ਤਰਾਂ ਇੱਕ ਰੁਪਏ ਕਿਲੋ ਅੰਨ ਖਰੀਦਣ ਵਾਲੇ ਲੋਕਾਂ ਦੀ ਭੀੜ ਨੀਲੇ ਕਾਰਡ ਬਣਾਉਣ ਲਈ ਭੱਜ ਤੁਰੀ ਹੈ ਤੋਂ ਲੱਗਦਾ ਹੈ ਜਿਸ ਤਰਾਂ ਪੰਜਾਬ ਦੇ ਲੋਕ ਵੀ ਗਰੀਬੀ ਅਤੇ ਮਜਬੂਰੀਆਂ ਦੇ ਗੁਲਾਮ ਹਨ । ਜੇ ਪੰਜਾਬ ਵਰਗੇ ਸੂਬੇ ਵਿੱਚ ਲੱਖਾਂ ਲੋਕ ਮੁਫਤ ਅੰਨ ਭਾਲਣ ਦੀ ਸਥੋਤੀ ਵਿੱਚ ਹਨ ਤਦ ਦੇਸ ਦੇ ਦੂਸਰੇ ਸੂਬਿਆਂ ਦਾ ਹਾਲ ਤਾਂ ਸੋਚ ਕੇ ਹੀ ਰੂਹ ਕੰਬ ਜਾਵੇਗੀ। ਆਮ ਲੋਕ ਇਸ ਅਖੌਤੀ ਵਿਕਾਸ ਅਤੇ ਖਪਤਕਾਰੀ ਯੁੱਗ ਨੇ ਰਗੜ ਕੇ ਰੱਖ ਦਿੱਤੇ ਹਨ । ਆਮ ਲੋਕਾਂ ਨੂੰ ਨਵੇਂ ਜਮਾਨੇ ਦੀ ਚਕਾ ਚੌਂਧ ਨੇ ਗੁਲਾਮਾਂ ਵਰਗੀ ਜਿੰਦਗੀ ਜਿਉਣ ਤੇ ਮਜਬੂਰ ਕੀਤਾ ਹੈ। ਦੇਸ ਦੀਆਂ ਰਾਜਨੀਤਕ ਧਿਰਾਂ ਨੂੰ ਹਾਲੇ ਵੀ ਸੋਚਣਾਂ ਚਾਹੀਦਾ ਹੈ ਨਹੀ ਤਾਂ ਸਾਇਦ ਦੇਰ ਹੋ ਜਾਵੇਗੀ। ਆਮ ਵਿਅਕਤੀ ਨੂੰ ਜਿੰਦਗੀ ਜਿਉਣ ਲਈ ਵਰਤਮਾਨ ਸਮੇਂ ਦੇ ਨਾਲ ਪੈਰ ਮੇਚਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਵਿੱਚ ਸਰਕਾਰਾਂ ਨੂੰ ਸਹਿਯੋਗ ਕਰਨਾਂ ਚਾਹੀਦਾ ਹੇ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ  

Tuesday 10 December 2013

ਕਿਉਂ ਹਾਰਿਆ ਸੀ ਮਨਪਰੀਤ ਬਾਦਲ ਅਤੇ ਤੀਜੀ ਧਿਰ

                                
 ਆਮ ਲੋਕਾਂ ਨੂੰ ਉਲਝੇ ਹੋਏ ਤੰਦਾਂ ਦੀ ਥਾਂ ਪੰਜਾਬ ਦੀ ਤਾਣੀ ਬਦਲਣ ਦੇ  ਵਾਅਦੇ ਕਰਨ ਵਾਲਾ ਮਨਪਰੀਤ ਲੋਕਾਂ ਦਾ ਹੀਰੋ ਬਣ ਗਿਆ ਸੀ ਪਰ ਜਿਉਂ ਜਿਉਂ ਲੋਕਾਂ ਨੇ ਉਸਦੇ ਨਾਲ ਜੁੜਨਾਂ ਸੁਰੂ ਕੀਤਾ ਤਿਉਂ ਹੀ ਇਸ ਰਾਜਨੀਤਕ ਨੇ ਰੰਗ ਬਦਲਣਾਂ ਸੁਰੂ ਕਰ ਦਿੱਤਾ ਸੀ। ਸੁਰੂਆਤੀ ਸਫਲ ਰੈਲੀਆਂ ਤੋਂ ਬਾਅਦ ਖਟਕੜ ਕਲਾਂ ਦੀ ਰੈਲੀ ਵਿੱਚ ਪੰਜਾਬ ਦੇ ਲੋਕਾਂ ਦਾ ਵਿਸਾਲ ਇਕੱਠ ਨੇ ਆਪਣੇ ਵੱਲੋਂ ਮਨਪਰੀਤ ਨੂੰ ਰਾਜਨੀਤਕ ਸਕਤੀ ਬਣਾ ਦਿੱਤਾ ਸੀ ਪਰ ਇਸ ਰੈਲੀ ਤੋਂ ਹੌਸਲਾਂ ਲੈਕੇ ਇਮਾਨਦਾਰ ਹੋਣ ਦੀ ਥਾਂ ਹੰਕਾਰ ਵਿੱਚ ਆਕੇ ਆਪਣੇ ਆਪ ਨੂੰ ਡਿਕਟੇਟਰ ਬਣਾਉਣ ਦਾ ਰਾਹ ਚੁਣਕੇ ਆਪਣੇ ਪੈਰ ਆਪ ਕੁਹਾੜਾ ਮਾਰ ਬੈਠਾ। ਵੱਡੇ ਬਾਦਲਾਂ ਨੂੰ ਦਿਨ ਰਾਤ ਕੋਸਣ ਵਾਲਾ ਮਨਪਰੀਤ ਆਪਣੇ ਤੀਰਾਂ ਦਾ ਮੂੰਹ ਵੀ ਉਹਨਾਂ ਵੱਲ ਰੱਖਣ ਦੀ ਬਜਾਇ ਆਪਣੇ ਜਨਮ ਦਾਤਿਆਂ ਵੱਲ ਕਰ ਬੈਠਾ। ਮੁਕਤਸਰ ਅਤੇ ਖਟਕੜ ਕਲਾਂ ਦੀ ਰੈਲੀ ਤੇ ਕਰੋੜਾਂ ਦਾ ਖਰਚਾ ਜਿੰਹਨਾਂ ਕੋਲੋਂ ਆਇਆ ਸੀ ਉਹਨਾਂ ਦਾ ਖਿਆਲ ਵੀ  ਨਾਂ ਰਿਹਾ। ਹਰ ਕੋਈ ਜਾਣਦਾ ਹੈ ਵੱਡੀ ਰੈਲੀ ਪੰਜ ਤੋਂ ਦਸ ਕਰੋੜ ਵਿੱਚ ਹੁੰਦੀ ਹੈ।
                                               ਆਮ ਲੋਕਾਂ ਵਿੱਚ ਕਿਹਾ ਗਿਆ ਕਿ ਪਾਰਟੀ ਵਿੱਚ ਪੁਰਾਣੇ ਲੀਡਰਾਂ ਨੂੰ ਨਹੀਂ ਸਾਮਲ ਕੀਤਾ ਜਾਵੇਗਾ ਪਰ ਸਮੇਂ ਦੇ ਨਾਲ ਕਬਾੜ ਵਿੱਚ ਨਾਂ ਵਿਕਣ ਵਾਲੇ ਲੀਡਰਾਂ ਦੀ ਵੀ ਸਰਪਰਸਤੀ ਪਰਾਪਤ ਕੀਤੀ ਗਈ। ਜਿੰਹਨਾਂ ਪਾਰਟੀਆਂ ਦਾ ਵਜੂਦ ਵੀ ਅਂਤਿਮ ਸਾਹਾਂ ਤੇ ਸੀ ਨਾਲ ਸਮਝੌਤੇ ਕੀਤੇ ਗਏ। ਵੱਡੇ ਬਾਦਲਾਂ ਦੇ ਕੱਖਾਂ ਤੋਂ ਲੱਖਾਂ ਦੇ ਬਣਾਏ ਗਏ ਵਿਅਕਤੀਆਂ ਨੂੰ ਆਪਣੀ ਅਤੇ ਆਪਣੀ ਪਾਰਟੀ ਦੀ ਕਮਾਂਡ ਸੌਪੀ ਗਈ । ਇਸ ਤਰਾਂ ਦੇ ਸਲਾਹਕਾਰ ਸਮੇਂ ਨਾਲ ਆਪਣੇ ਅਸਲੀ ਮਾਲਕਾਂ ਦੀ ਵਫਾਦਾਰੀ ਪਾਲਦੇ ਰਹੇ ਅਤੇ ਮਨਪਰੀਤ ਦੀ ਪਾਰਟੀ ਦੇ ਜੜੀਂ ਤੇਲ ਦਿੰਦੇ ਰਹੇ। ਮਨਪਰੀਤ ਨੇ ਕਿਸੇ ਵੀ ਰੈਲੀ ਵਿੱਚ ਸਾਮਲ ਹੋਣ ਵਾਲੇ ਜਾਂ ਸਰਕਾਰਾਂ ਦੀ ਨਰਾਜਗੀ ਸਹਿ ਕੇ ਸਹਿਯੋਗ ਦੇਣ ਵਾਲੇ ਵਿਅਕਤੀਆਂ ਨੂੰ ਪਾਰਟੀ ਵਿੱਚ ਕੋਈ ਅਹੁਦਾ ਨਹੀਂ ਦਿੱਤਾ। ਜਿਹੜੇ ਅਮੀਰ ਲੋਕ ਚੰਡੀਗੜ ਦੀ ਕੋਠੀ ਵਿੱਚ ਪਹੁੰਚਕੇ ਚਮਚਾਗਿਰੀ ਕਰਦੇ ਸਨ ਉਹਨ ਨੂੰ ਸਾਮਲ ਕੀਤਾ ਜਾਂਦਾ ਰਿਹਾ। ਪਾਰਟੀ ਦੀ ਬਹੁਤੀ ਅਗਵਾਈ ਰਿਸਤੇਦਾਰਾਂ ਦੇ ਹੱਥਾਂ ਵਿੱਚ ਹੀ ਦੇਣ ਨੂੰ ਪਹਿਲ ਦਿੱਤੀ ਜਾਂਦੀ ਰਹੀ। ਆਮ ਲੋਕਾਂ ਵਿੋੱਚੋਂ ਆਉਣ ਵਾਲੇ ਲੋਕਾਂ ਨੂੰ ਸਪੱਸਟ ਕਿਹਾ ਗਿਆ ਕਿ ਅਸੀ ਗਿਆਰਾਂ ਮੈਂਬਰੀ ਕਮੇਟੀਆਂ ਨੂੰ ਹੀ ਅਗਵਾਈ ਦੇਵਾਂਗੇ ਜੋ ਕਦੇ ਵੀ ਨਾਂ ਬਣਾਈਆਂ ਗਈਆਂ ਜੋ ਕਿ ਇੱਕ ਗਲਤ ਤਰੀਕਾ ਸੀ । ਕੋਈ ਵੀ ਇਲਾਕਾ ਇੱਕ ਮੁਖੀ ਦੀ ਅਗਵਾਈ ਵਿੱਚ ਹੀ ਚਲਦਾ ਹੈ ਸਮੂਹਕ ਅਗਵਾਈ ਕਦੇ ਵੀ ਸਫਲ ਨਹੀਂ ਹੁੰਦੀ ।
                                       ਸਭ ਤੋਂ ਵੱਡੀ ਗਲਤੀ ਸਮੇਂ ਦੀ ਸਰਕਾਰ ਨੂੰ ਕਮਜੋਰ ਕਰਨ ਵਾਲੀਆਂ ਨੀਤੀਆਂ ਦਾ ਤਿਆਗ ਕੀਤਾ ਗਿਆਂ ਅਤੇ ਵਿਰੋਧੀ ਧਿਰ ਕਾਂਗਰਸ ਦਾ ਹੀ ਨੁਕਸਾਨ ਕਰਨ ਨੂੰ ਪਹਿਲ ਦਿੱਤੀ ਗਈ । ਅਕਾਲੀਆਂ ਦੇ ਬੰਦੇ ਤੋੜ ਕੇ ਨਾਲ ਰਲਾਉਣ ਦੀ ਬਜਾਇ ਕਾਮਰੇਡਾਂ ਅਤੇ ਬਰਨਾਲਾ ਧੜੇ ਨੂੰ ਨਾਲ ਰਲਾਇਆ ਗਿਆਂ ਜਿਸ ਨਾਲ ਬਾਦਲਕੇ ਮਜਬੂਤ ਹੋਏ ਅਤੇ ਕਾਂਗਰਸ ਕਮਜੋਰ । ਜਦ ਪੈਸੇ ਦੀ ਸਰੋਤ ਕਾਂਗਰਸ ਹੀ ਕਮਜੋਰ ਕੀਤੀ ਜਾਣ ਲੱਗੀ ਤਦ ਬਾਦਲਕਿਆਂ ਦੇ ਹਮਲੇ ਵਾਂਗ ਅਮਰਿੰਦਰ ਨੇ ਜਗਬੀਰ ਬਰਾੜ ਅਤੇ ਕੁੱਝ ਹੋਰ ਵੱਡੇ ਨੇਤਾ ਮਨਪਰੀਤ ਦੇ ਤੋੜਨੇ ਹੀ ਜਰੂਰੀ ਸਮਝੇ। ਆਮ ਲੋਕਾਂ ਨੇ ਜਦ ਮਨਪਰੀਤ ਦੇ ਬੰਦੇ ਟੁਟਦੇ ਦੇਖੇ ਤਦ ਮਨਪਰੀਤ ਦੀ ਅਗਵਾਈ ਤੇ ਹੀ ਸੱਕ ਕਰਨਾਂ ਸੁਰੂ ਕਰ ਦਿੱਤਾ ਕਿਉਂਕਿ ਜਿਹੜਾ ਰਾਜਨੀਤਕ ਆਪਣੇ ਸਿਪਾਹ ਸਿਲਾਰ ਹੀ ਕਮਜੋਰ ਰੱਖਦਾ ਹੈ ਜਾਂ ਜਿਸ ਨੂੰ ਆਪਣੇ ਨਾਲ ਹੀ ਪੰਜ ਦਿ੍ਰੜ ਇਰਾਦੇ ਵਾਲੇ ਚੁਣਨ ਦੀ ਜਾਚ ਨਹੀਂ ਉਹ ਅੱਗੇ ਕੀ ਸਫਲਤਾ ਹਾਸਲ ਕਰੇਗਾ। ਕੁਰਸੀ ਯੁੱਧ ਵਿੱਚ ਬਿਨ ਮਤਲਬ ਸਹੀਦਾਂ ਦਾ ਨਾਂ ਵਰਤਣਾਂ ਵੀ ਕੋਈ ਚੰਗੀ ਗੱਲ ਨਹੀਂ ਸੀ । ਆਮ ਲੋਕ ਏਨੇ ਵੀ ਮੂਰਖ ਨਹੀਂ ਹੁੰਦੇ ਜਿੰਨੇ ਰਾਜਨੀਤਕ ਲੋਕ ਸਮਝਦੇ ਹਨ। ਮਜਬੂਰੀ ਵੱਸ ਤਾਂ ਇਹਨਾਂ ਲੋਕਾਂ ਤੋਂ ਕੁੱਝ ਵੀ ਕਰਵਾਇਆ ਜਾ ਸਕਦਾ ਹੈ ਪਰ ਅਜਾਦ ਹੋਣ ਤੇ ਇਹ ਸਹੀ ਫੈਸਲਾ ਹੀ ਲੈਂਦੇ ਹਨ। ਦਿਨ ਰਾਤ ਵੱਡੇ ਬਾਦਲਾਂ ਦੇ ਖਿਲਾਫ ਬੋਲਣ ਤੋਂ ਬਾਦ ਵੀ ਪਰੀਵਾਰਕ ਸਾਝਾਂ ਪਾਲਣਆ ਵੀ ਲੋਕਾਂ ਨੇ ਨੋਟ ਕੀਤੀਆਂ ਸਨ । ਗੁਰਦਾਸ ਬਾਦਲ ਦੀਆਂ  ਆਪਣੇ ਭਰਾ ਨਾਲ ਮਿਲਣੀਆਂ ਵਾਰ ਵਾਰ ਲੋਕਾਂ ਨੂੰ ਸੱਕੀ ਕਰਦੀਆਂ ਰਹੀਆਂ। ਆਪਣੀ ਨਜਦੀਕੀ ਮੰਡਲੀ ਨਾਲ ਵੀ ਪਾਰਟੀ ਪਰੋਗਰਾਮ ਸਾਂਝੇਂ ਨਾਂ ਕਰਨੇ ਵੀ ਸਮੇਂ ਨਾਲ ਆਪਣਾਂ ਰੰਗ ਦਿਖਾ ਗਏ ।
              ਮਨਪਰੀਤ ਦੀ ਦਿਲੋਂ ਬੋਲਣ ਦੀ ਤਰਜ ਅੱਜ ਵੀ ਲੋਕ ਪਸੰਦ ਕਰਦੇ ਹਨ ਪਰ ਉਸਨੂੰ ਆਚਰਣ ਦਾ ਹਿੱਸਾ ਬਣਿਆ ਵੀ ਲੋਕ ਦੇਖਦੇ ਹਨ। ਬਾਬੇ ਫਰੀਦ ਦੇ ਬੋਲ ਬੋਲਣ ਵਾਲਾ ਕਿਸੇ ਵੀ ਫਕੀਰ ਲੋਕ ਦਾ ਥਾਪੜਾ ਹਾਸਲ ਕਰਨ ਦੀ ਬਜਾਇ ਬਲਾਤਕਾਰੀਆਂ ਦੇ ਮੱਥੇ ਜਰੂਰ ਰਗੜਦਾ ਰਿਹਾ ਅਤੇ ਜਿੰਹਨਾਂ ਨੇ ਵੀ ਇਸ ਨੂੰ ਖੈਰ ਨਾਂ ਪਾਈ। ਬਾਬੇ ਫਰੀਦ ਦੀ ਬੋਲੀ ਬੋਲਣ ਵਾਲੇ ਨੂੰ ਏਨੀ ਕੁ ਸਮਝ ਤਾਂ ਹੋਣੀ ਹੀ ਚਾਹੀਦੀ ਹੈ ਕਿ ਅਸਲੀ ਅਤੇ ਨਕਲੀ ਫਕੀਰਾਂ ਦੀ ਪਛਾਣ ਕਰੇ। ਪੰਜਾਬ ਦੇ ਆਮ ਲੋਕ ਅੱਜ ਵੀ ਇਮਾਨਦਾਰ ਨੇਤਾ ਦੀ ਉਡੀਕ ਕਰ ਰਹੇ ਹਨ । ਪੰਜਾਬ ਅਤੇ ਪੰਜਾਬੀ ਅੱਜ ਵੀ ਕਰਜੇ ਦੇ ਜਾਲ ਤੋਂ ਤੰਗ ਆਏ ਹੋਏ ਹਨ। ਕਰਜੇ ਦਾ ਜਾਲ ਹੀ ਅੱਜ ਲੋਕਾਂ ਨੂੰ ਆਪਣੇ ਘਰਾਂ ਵਿੱਚ ਕਿਰਾਏਦਾਰ ਹੋਣ ਲਈ ਮਜਬੂਰ ਕਰ ਰਿਹਾ ਹੈ। ਇਸ ਕਾਰਨ ਹੀ ਰੇਤੇ ਅਤੇ ਪਾਣੀ ਨੂੰ ਵੀ ਟੈਕਸਾਂ ਦੇ ਘੇਰੇ ਵਿੱਚ ਲਿਆਦਾਂ ਜਾ ਰਿਹਾ ਹੈ। ਅੱਜ ਪੰਜਾਬੀ ਮਿਹਨਤ ਦੀ ਕਮਾਈ ਨਾਲ ਰੋਟੀ ਖਾਣ ਦੀ ਬਜਾਇ ਸਬਸਿਡੀ ਵਾਲੀ ਰੋਟੀ ਵੱਲ ਨੂੰ ਭੱਜਦੇ ਦਿਖਾਈ ਦਿੰਦੇ ਹਨ । ਅੱਲਾ ਖੈਰ ਕਰੇ ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ  

ਪੰਜਾਬ ਚ ਬਦਲਾਅ ਔਖਾ ਨਹੀਂ ਹੈ

                             ਅਮਨਦੀਪ ਧਾਲੀਵਾਲ ਕੈਨੇਡਾ
                     ਆਉ ਪੰਜਾਬ ਨੂੰ ਬਦਲੀਏ ? ਜਦੋਂ ਵੀ ਕਦੇ ਪੰਜਾਬ ਦੀ ਰਾਜਨੀਤੀ ਚ ਬਦਲਾਅ ਦੀ ਗੱਲ ਉਠਦੀ ਹੈ ਤਾਂ ਕਈ ਸੂਝਵਾਨ ਅਤੇ ਉਦਮੀ ਪੰਜਾਬੀ ਵੀ ਬੇਬੱਸ ਅਤੇ ਨਿਰਾਸ਼ ਮਹਿਸੂਸ ਕਰਦੇ ਹਨ। ਅਕਸਰ ਲੋਕ ਕਹਿੰਦੇ ਹਨ ਕਿ ਪੰਜਾਬ ਚ ਹੁਣ ਇਹ ਮੁਮਕਿਨ ਨਹੀਂ ਕਿਓਕਿ ਪੰਜਾਬ ਨੂੰ ਨਸ਼ਿਆਂ, ਅਰਾਮ ਪਰਸਤੀ ਅਤੇ ਰਾਜਨੀਤਕ ਗੁੰਡਾਗਰਦੀ ਨੇ ਚਿੱਤ ਕਰ ਦਿੱਤਾ ਹੈ। ਮੈਂ ਅਜਿਹਾ ਸੋਚਦੇ ਪੰਜਾਬੀਆਂ ਦਾ ਦਰਦ ਤਾਂ ਸਮਝਦਾਂ ਪਰ ਉਨਾਂ ਦੀ ਮਾਯੂਸੀ ਨਾਲ ਸਹਿਮਤ ਨਹੀਂ। ਆਖਰ ਹਰ ਸ਼ਾਮ ਦੇ ਬਾਅਦ ਹੀ ਸਵੇਰਾ ਅਉਂਦਾ। ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦਾ ਘੁਣ ਲੱਗਿਆ ਹੋ ਸਕਦੈ, ਪਰ ਨਸ਼ੇ ਹੱਡਾਂ ਚ ਹੀ ਰਚ ਸਕਦੇ ਨੇ ਆਤਮਾਂ ਚ ਨਹੀਂ। ਜਦੋਂ ਕਿਸੇ ਨੇ ਇਸ ਜਵਾਨੀ ਨੂੰ ਦਿਲ ਤੋਂ ਅਵਾਜ ਮਾਰੀ ਤਾਂ ਇਹ ਜਵਾਨੀ ਜਵਾਬ ਦਿਓੂਗੀ। ਇਹ ਮੇਰਾ ਯਕੀਨ ਵੀ ਹੈ ਅਤੇ ਵਾਅਦਾ ਵੀ।ਜਦੋਂ ਮੈਂ ਦਿੱਲੀ ਪੜਨ ਲੱਗਿਆ ਤਾਂ ਘਰ ਦਿਆਂ ਨੇ ਨੇਫੇ ਦੇ ਅੰਦਰਲੇ ਪਾਸੇ ਜੇਬਾਂ ਵਾਲੀਆਂ ਪੈਂਟਾਂ ਸਵਾ ਕੇ ਦਿੱਤੀਆਂ। ਕਹਿੰਦੇ ਦਿੱਲੀ ਚ ਤਾਂ ਹੱਥ ਨੂੰ ਹੱਥ ਖਾਈ ਜਾਂਦਾ, ਕੋਈ ਤੇਰੇ ਪੈਸੇ ਕੱਢ ਲਊ। ਮੈਂ ਦਿੱਲੀ ਚ 5 ਸਾਲ ਰਿਹਾ ਹਾਂ ਇਸ ਲਈ ਕਹਿ ਰਿਹਾਂ। ਦਿੱਲੀ ਚ ਹਰ ਆਟੋ ਵਾਲਾ ਵਾਜਬ ਤੋਂ ਤਿੱਗਣਾ ਕਿਰਾਇਆ ਮੰਗਦੈ (ਅੱਜ ਵੀ); ਹਰ ਟਰੈਫਿਕ ਪੁਲਸ ਵਾਲਾ ਸ਼ਰੇਆਮ ਰਿਸ਼ਵਤ ਲੈਂਦੈ; ਹਰ ਸਰਕਾਰੀ ਦਫਤਰ ਚ ਕੰਮ ਕਰਉਣ ਲਈ ਸਤਿਕਾਰ ਸਹਿਤ ਪੈਸੇ ਦੇਣੇ ਪੈਂਦੇ ਨੇ (ਮੈਂ ਆਵਦਾ ਪਾਸਪੋਰਟ Renew ਕਰਵਾਇਆ ਸੀ, ਪੁੱਛੋ ਨਾਂ)।ਪਰ ਜਦੋਂ ਇਹਨਾਂ ਭਰਿਸ਼ਟ ਦਿੱਲੀ ਵਾਲਿਆਂ ਨੂੰ, ਇਹਨਾਂ ਜੇਭ-ਕਤਰਿਆਂ, ਇਹਨਾਂ ਬੇਈਮਾਨ ਆਟੋ ਡਰਾਈਵਰਾਂ, ਇਹਨਾਂ ਪੁਲਸੀਆਂ, ਸਰਕਾਰੀ ਕਰਮਚਾਰੀਆਂ ਨੂੰ AAP ਨੇ ਅਵਜਾ ਮਾਰੀ ਤਾਂ ਇਹਨਾਂ ਦਾ ਕੀ ਜਵਾਬ ਆਇਆ? ਕਾਂਗਰਸ 8 ਅਤੇ AAP 28! BJP ਦਾ ਵੋਟ ਬੈਂਕ ਵੀ 2% ਘਟਿਆ। ਇਹ ਸਾਫ ਹੈ ਕਿ AAP ਨੂੰ Congress ਦੀ liberal ਵੋਟ ਪਈ ਅਤੇ ਮੋਦੀ ਦਾ brainwash ਕੀਤਾ BJP ਟੋਲਾ ਕੋਈ ਬਹੁਤਾ ਨਾਂ ਹਿੱਲਿਆ।ਇਹ ਹੁੰਦੈ ਨਤੀਜਾ ਜਦੋਂ ਸਮੇਂ ਅਤੇ ਸਰਕਾਰਾਂ ਦੀ ਮਾਰ ਨਾਲ ਅਪਰਾਧੀ ਬਣੇ ਆਮ ਆਦਮੀ ਨੂੰ ਉਮੀਦ ਦੀ ਕਿਰਨ ਦਿਸਦੀ ਹੈ। ਇਹ ਹੀ ਹੋਵੇਗਾ ਨਤੀਜਾ ਜਦੋਂ ਆਪਣੀਆਂ ਹੀ ਨਜਰਾਂ ਚ ਨਿੱਮੋਂਝਾਣੇ ਹੋਏ ਪੰਜਾਬੀਆਂ ਨੂੰ ਕਿਸੇ ਨੇ ਦਿਲ ਤੋਂ ਅਵਾਜ ਮਾਰੀ। ਉਹ ਪੰਜਾਬੀ ਜੋ ਆਪਣੇ ਹੀ ਗੁਰੂਆਂ ਪੀਰਾਂ ਮੁਹਰੇ ਸ਼ਰਮਸਾਰ ਖੜੇ ਭੁੱਲਾਂ ਬਖਸ਼ਓਦੇ ਨੇ ਆਪਣੀ ਅਣਖ ਨਾਲ ਕੀਤੇ ਸਮਝੌਤਿਆਂ ਦੀਆਂ। ਜਿਹੜੇ ਨਿਧੜਕ ਬਿਜਲੀ ਦਿਆਂ ਚੋਰੀਆਂ ਕਰਦੇ ਨੇ; ਬੇਕਿਰਕ ਹੋਏ ਆਪਣੇ ਤੋਂ ਮਾੜੇ ਦਾ ਢਿੱਡ ਕੱਟ ਕੇ ਆਪਣੇ ਬੋਟਾਂ ਦੇ ਢਿੱਡ ਭਰਦੇ ਨੇ; ਤਕੜੇ ਨੂੰ ਵੇਖ ਕੇ ਆਪਣੇ ਕਰਮਾਂ ਨੂੰ ਕੋਸਦੇ ਨੇ। ਉਹ ਪੰਜਾਬੀ ਜੋ ਆਪਣੀ ਹੀ ਧੀ ਦੀ ਇਜ਼ਤ ਬਚਉਂਦੇ ਕਿਸੇ ਰਾਜਸੀ ਸ਼ਹਿ ਤੇ ਚੱਲੀ ਗੋਲੀ ਦਾ ਸ਼ਿਕਾਰ ਹੋ ਜਾਂਦੇ ਨੇ। ਜਿੰਨਾਂ ਦੀਆਂ ਕੁੜੀਆਂ ਨੂੰ ਕੋਈ ਸਰਕਾਰੀ ਗੁੰਡਾ ਸ਼ਰੇਆਮ ਅਗਵਾਹ ਕਰ ਸਕਦਾ ਹੈ। ਜੋ ਜਾਣਦੇ ਨੇ ਕਿ ਉਹਨਾਂ ਦੀਆਂ ਆਪਣੀਆਂ ਪਤਾਂ ਅਖਬਾਰਾਂ ਦੀਆਂ ਸੁਰਖੀਆਂ ਚ ਜਲੀਲ ਹੋਏ ਟੱਬਰਾਂ ਦੀ ਆਬਰੂ ਤੋਂ ਜਿਆਦਾ ਮਹਿਫੂਜ਼ ਨਹੀਂ। ਇਹ ਪੰਜਾਬੀ ਫੇਰ ਵੀ ਬੇਸ਼ਰਮ ਹੋਏ ਅਕਾਲੀਆਂ ਅਤੇ ਕਾਂਗਰਸੀਆਂ ਦੀਆਂ ਰੈਲੀਆਂ ਦਾ ਸ਼ਿੰਗਾਰ ਬਣਦੇ ਨੇ, ਉਹਨਾਂ ਨੂੰ ਵੋਟਾਂ ਪਉਂਦੇ ਨੇ, ਉਹਨਾਂ ਨੂੰ ਆਪਣੇ ਭਾਗ ਸਮਝ ਬੈਠਦੇ ਨੇ। ਓਸੇ ਤਰਾਂ ਜਿਵੇਂ ਦਿੱਲੀ ਦੇ ਭਰਿਸ਼ਟੀ, ਲਾਲਚੀ ਅਤੇ ਜੇਭ-ਕਤਰੇ ਹੁਣ ਤੱਕ ਕਰਦੇ ਰਹੇ ਨੇ।
ਇਸ ਲਈ ਪੰਜਾਬੀਓ ਵਗਾਹ ਮਾਰੋ ਇਹ ਉਦਾਸੀਨਤਾ ਜੋ ਤੁਹਾਨੂੰ “ਇਹ ਜਨਮ ਤਾਂ ਭੰਗ ਦੇ ਭਾਣੇ ਗਿਆ” ਦਾ ਭੁਲੁਖਾ ਪਉਂਦੀ ਹੈ। ਇਹ ਤੁਹਾਡੀ ਭੁੱਲ ਹੈ। ਤੁਹਾਡੀ ਮੁਕਤੀ ਦਾ ਰਾਹ ਦਿੱਲੀ ਵਿੱਚ AAP ਦੀ ਚਕਾਚੌਂਧ ਕਰ ਦੇਣ ਵਾਲੀ ਜਿੱਤ ਨਾਲੋਂ ਵੱਖਰਾ ਹੋ ਸਕਦੈ। ਤੁਹਡੀ ਮੁਕਤੀ ਦਾ ਸੂਤਰਧਾਰ ਅਰਵਿੰਦ ਕੇਜਰੀਵਾਲ ਨਾਲੋਂ ਵੱਖਰਾ ਹੋ ਸਕਦੈ। ਪਰ ਇਸ ਮੁਕਤੀ ਦਾ ਸਾਧਣ ਤੁਸੀਂ ਆਪ ਬਣਨਾਂ ਹੈ। ਇਹ ਨਾਂ ਭੁੱਲਿਓ ਕਿ ਕੇਜਰੀਵਾਲ ਦੇ ਸੁਪਨੇ ਤੇ ਜਿੱਤ ਦੀ ਮੋਹਰ ਉਨਾਂ ਹੱਥਾਂ ਨੇ ਵੀ ਲਾਈ ਹੈ ਜੋ ਕਿਸੇ ਨਾਂ ਕਿਸੇ ਰੂਪ ਚ ਮਜਬੂਰੀ ਵੱਸ ਭੋਲੇ-ਭਾਲਿਆਂ ਦੀਆਂ ਜੇਭਾ ਕਟਦੇ ਰਹੇ ਹਨ।ਇਸ ਲਈ ਕਹਿਨਾਂ ਪੰਜਾਬ ਚ ਬਦਲਾਅ ਐਨਾਂ ਔਖਾ ਨਹੀਂ ਹੈ। ਤੁਹਾਨੂੰ ਅਕਾਲੀਆਂ ਅਤੇ ਕਾਂਗਰਸੀਆਂ ਦੇ ਬੁਲਾਰੇ ਆਪਣੀਆਂ ਮਿੱਠੀਆਂ ਜੁਬਾਨਾਂ ਨਾਲ ਲੁਭਉਣਗੇ; ਮੈਨੂੰ idealist ਕਹਿਣਗੇ। ਪਰ ਤੁਸੀਂ ਰਸ਼ਵਤਾਂ ਦੇ ਪੈਸਿਆਂ ਤੇ ਪਲਦੀਆਂ ਇਹਨਾਂ ਤਿੱਖੀਆਂ ਜੀਭਾਂ ਦੀ ਧਾਰ ਹੇਠਾਂ ਨਾਂ ਆਇਓ। ਇਹ ਮੇਰੀ ਸੋਚ ਦੇ ਸਹੀ ਜਾਂ ਗਲਤ ਹੋਣ ਦਾ ਨਹੀਂ, ਤੁਹਾਡੇ ਧੀਆਂ-ਪੁੱਤਾਂ ਦੇ ਸੁਪਨੇ ਪਰਵਾਨ ਚੜਨ ਦਾ ਸਵਾਲ ਹੈ।

Thursday 5 December 2013

ਪੰਜਾਬ ਵਿੱਚ ਨਸਿਆਂ ਦਾ ਵਗਦਾ ਛੇਵਾਂ ਦਰਿਆ

                                        
                                              ਪੰਜ ਦਰਿਆਵਾਂ ਦੀ ਧਰਤੀ ਭਾਵੇਂ ਦੋ ਦੇਸਾਂ ਵਿੱਚ ਵੰਡੀ ਗਈ ਹੈ ਅਤੇ ਪਾਕਿਸਤਾਨ ਵਾਲੇ ਪੰਜਾਬ ਦਾ ਤਾਂ ਪਤਾ ਨਹੀ ਕੀ ਹਾਲ ਹੈ ਪਰ ਭਾਰਤੀ ਪੰਜਾਬ ਵਿੱਚ ਸਰਾਬ ਦਾ ਛੇਵਾਂ ਦਰਿਆਂ ਵਗਣ ਲੱਗ ਪਿਆਂ ਹੈ। ਕਿਸੇ ਵਕਤ ਪੰਜਾਬ ਵਿੱਚ ਦੁੱਧ ਦੀਆਂ ਨਦੀਆਂ ਵਹਿਣ ਦੀ ਗੱਲ ਬੜੇ ਮਾਣ ਨਾਲ ਕਹੀ ਜਾਂਦੀ ਸੀ ਪਰ ਹੁਣ ਪੰਜਾਬ ਦੁੱਧ ਦੇ ਪੱਖੋਂ ਤਰਸ ਹੀਣ ਹਾਲਤ ਵਿੱਚ ਹੈ ਹੁਣ ਪੰਜਾਬ ਵਿੱਚ ਦੁੱਧ ਪੀਣ ਲਈ ਨਹੀ  ਬਲਕਿ ਵੇਚਣ ਲਈ ਪੈਦਾ ਕੀਤਾ ਜਾ ਰਿਹਾ ਹੈ। ਹੁਣ ਪੰਜਾਬ ਦੇ ਘਰਾਂ ਵਿੱਚ ਘਿਉ ਤਿਆਰ ਕਰਨ ਲਈ ਮਧਾਣੀਆਂ ਦਾ ਖੜਕਾ ਨਹੀ ਹੁੰਦਾਂ ਸਗੋਂ ਡੇਅਰੀਆਂ ਵਾਲਿਆਂ ਦੇ ਢੋਲ ਘਰਾਂ ਮੂਹਰੇ ਖੜਕਾ ਕਰਦੇ ਹਨ। ਕੁੱਝ ਕੁ ਅਮੀਰ ਲੋਕਾਂ ਨੂੰ ਛੱਡਕੇ ਆਮ ਪਸੂਪਾਲਕ ਪੰਜਾਬੀ ਆਪਣੀ ਰੋਜਾਨਾਂ ਲੋੜਾਂ ਦੀ ਪੂਰਤੀ ਕਰਨ ਲਈ ਦੁੱਧ ਵੇਚਣ ਨੂੰ ਮਜਬੂਰ ਨੇ। ਆਰਥਿਕ ਹਾਲਤਾਂ ਦੀਆਂ ਘੁੰਮਣਘੇਰੀਆਂ ਵਿੱਚ ਫਸੇ ਆਮ ਲੋਕਾਂ ਕੋਲ ਘਰਾਂ ਵਿੱਚ ਦੁੱਧ ਹੋਣ ਦੇ ਬਾਵਜੂਦ ਪੀਣ ਦਾ ਜਿਗਰਾ ਨਹੀ ਪੈ ਰਿਹਾ। ਹੁਣ ਪੰਜਾਬ ਵਿੱਚ ਖੇਡਾਂ ਦੇ ਸਿਤਾਰੇ ਮਿਲਖੇ ਅਤੇ ਦਾਰੇ ਵਰਗੇ ਤਾਕਤਵਰ ਨੌਜਵਾਨ ਨਹੀਂ ਪੈਦਾ ਹੋ ਰਹੇ ਬਲਕਿ ਫਿਕਰਾਂ ਦੇ ਖਾਧੇ ਹੋਏ ਨਸਿਆਂ ਦੀ ਦਲਦਲ ਵਿੱਚ ਫਸੇ ਹੋਏ ਨੌਜਵਾਨਾਂ ਦਾ ਬਹੁਮਤ ਹੈ। ਇਹ ਸਭ ਕੁੱਝ ਕਿਉਂ ਹੋ ਰਿਹਾ ਹੈ? ਕੀ ਇਸ ਤਰਾਂ ਹੀ ਨਸਿਆਂ ਦਾ ਦਰਿਆ ਹੜ ਦਾ ਰੂਪ ਲੈਂਦਾ ਜਾਵੇਗਾ ਤਦ ਫਿਰ ਸਾਡੇ ਪੰਜਾਬ ਦਾ ਭਵਿੱਖ ਕੀ ਹੋਵੇਗਾ ਕੋਈ ਲੁਕਿਆ ਛਿਪਿਆ ਨਹੀਂ। ਪੰਜਾਬੀ ਕੌਮ ਅਤੇ ਪੰਜਾਬ ਦੀ ਧਰਤੀ ਪੀਰਾਂ ਫਕੀਰਾਂ ਅਤੇ ਯੋਧਿਆਂ ਦੀ ਧਰਤੀ ਹੈ ਪਰ ਇੱਥੇ ਨਸਿਆਂ ਦਾ ਚੰਦਰਾਂ ਬੂਟਾ ਕਿਉਂ ਵੱਧ ਫੁੱਲ ਰਿਹਾ ਹੈ?
                          ਵਰਤਮਾਨ ਵਿੱਚ ਪੰਜਾਬ ਦੇ ਰਾਜ ਭਾਗ ਦੀਆਂ ਮਾਲਕ ਸਰਕਾਰਾਂ ਨੇ ਪੰਜਾਬ ਦੇ ਵਿਕਾਸ ਦੇ ਨਾਂ ਤੇ ਪੈਸਾ ਇਕੱਠਾ ਕਰਨ ਲਈ ਹਰ ਮਾੜੀ ਯੋਜਨਾਂ ਨੂੰ ਪਰਵਾਨ ਕਰਨਾਂ ਸੁਰੂ ਕਰਕੇ ਨਸਿਆਂ ਦਾ ਰਾਹ ਖੋਲਿਆ ਹੈ। ਪੰਜਾਬ ਦੇ ਬਜਟ ਵਿੱਚ ਅੱਠ ਪ੍ਰਤੀਸਤ ਹਿੱਸਾ ਸਰਾਬ ਤੋਂ ਮਿਲਣ ਵਾਲੇ ਟੈਕਸਾਂ ਦਾ ਹੈ ਅਤੇ ਸਰਕਾਰਾਂ ਇਸ ਨੂੰ ਵਧਾਉਣ ਲਈ ਹੋਰ ਜੋਰ ਲਾ ਰਹੀਆਂ ਹਨ । ਇਸ ਆਮਦਨੀ ਨੂੰ ਵਧਾਉਣ ਦੇ ਨਾਂ ਥੱਲੇ ਸਰਾਬ ਦੇ ਵੱਖੋ ਵੱਖ ਖੇਤਰਾਂ ਦਾ ਵਾਧਾ ਕੀਤਾ ਜਾ ਰਿਹਾ ਹੈ ਜਿਸ ਵਿੱਚ ਕਿਸੇ ਪਾਸੇ ਠੇਕਿਆਂ ਦੀ ਗਿਣਤੀ ਵਧਾਈ ਜਾ ਰਹੀ ਹੈ ਕਿਸੇ ਪਾਸੇ ਬੀਅਰ ਬਾਰਾਂ ਦੀਆਂ ਮਨਜੂਰੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਸ ਤਰਾਂ ਹੀ ਆਮ ਦੁਕਾਨਾਂ ਤੱਕ ਨੂੰ  ਵੀ ਸਰਾਬ ਦੀਆਂ ਵੱਖ ਵੱਖ ਵੰਨਗੀਆਂ ਦੇ ਨਾਂ ਹੇਠ ਚਾਲੂ ਕਰਨ ਦੀਆਂ ਕੋਸਿਸਾਂ ਕੀਤੀਆਂ ਜਾ ਰਹੀਆਂ ਹਨ । ਸਰਾਬ ਦਾ ਨਸਾ ਤਾਂ ਸਰਕਾਰਾਂ ਦੀ ਪਰਵਾਨਗੀ ਪਰਾਪਤ ਕਰ ਚੁਕਿਆ ਹੀ ਹੈ ਪਰ ਇਸ ਦੇ ਪਰਦੇ ਵਿੱਚ ਦੂਸਰੇ ਨਸੇ ਵੀ ਪੈਰ ਪਸਾਰ ਰਹੇ ਹਨ ਜਿਹਨਾਂ ਵਿੱਚ ਅੰਤਰ ਰਾਸਟਰੀ ਪੱਧਰ ਦੇ ਨਸੇ ਵੀ ਆਮ ਲੋਕਾਂ ਤੱਕ ਪਹੁੰਚਾਉਣ ਦੀਆਂ ਕੋਸਿਸਾਂ ਜਾਰੀ ਹਨ । ਖਾਸ ਗੱਲ ਇਹ ਹੈ ਕਿ ਸਮੈਕ ਵਰਗੇ ਅਤੇ ਹੋਰ ਰਸਾਇਣਕ ਕੈਮੀਕਲਾਂ ਵਾਲੇ ਮਹਿੰਗੇ ਨਸਿਆਂ ਦੇ ਵਪਾਰ ਵਿੱਚ ਪੁਲੀਸ ਦੇ ਅਫਸਰਾਂ ਸਮੇਤ ਰਾਜਨੀਤਕ ਆਗੂਆਂ ਦੀ ਸਰਪਰਸਤੀ ਪਰਾਪਤ ਲੋਕ ਵੱਡੀ ਪੱਧਰ ਤੇ ਸਾਮਲ ਹਨ। ਪਿੱਛਲੇ ਦਿਨੀ ਡੀ ਐਸ ਪੀ ਜਗਦੀਸ ਭੋਲੇ ਦੀ ਰਿਹਾਈ ਬੰਬਈ ਤੋਂ ਕਿਵੇਂ ਹੋਈ ਅਤੇ ਦੁਬਾਰਾ ਗਿ੍ਰਫਤਾਰੀ ਵੀ ਕਈ ਪ੍ਰਸਨ ਖੜੇ ਕਰਦੀ ਹੈ ਪਿੱਛਲੇ ਸਾਲਾਂ ਵਿੱਚ ਇੱਕ ਐਸ ਪੀ ਰੈਂਕ ਦੇ ਅਫਸਰ ਅਤੇ ਉਸਦੇ ਨਾਲ ਕਈ ਸਹਾਇਕ ਪੁਲੀਸ ਵਾਲੇ ਫੜੇ ਗਏ ਸਨ । ਇਸ ਤਰਾਂ ਪੁਲੀਸ ਦੇ ਉਚੇ ਰੈਂਕ ਦੇ ਲੋਕ ਤਦ ਹੀ ਸਾਮਲ ਹੁੰਦੇ ਹਨ ਜਦ ਰਾਜਨੀਤਕ ਲੋਕ ਖੁਦ ਇਹ ਕੁੱਝ ਕਰਵਾਉਂਦੇ ਹਨ । ਇਹਨਾਂ ਨਸਿਆਂ ਦੇ ਕਾਰੋਬਾਰ ਵਿੱਚ ਭਾਰੀ ਮੁਨਾਫਿਆਂ ਨੂੰ ਦੇਖਕੇ ਹੀ ਇਹ ਲੋਕ ਅਜਾਦ ਤੌਰ ਤੇ ਸਾਮਲ ਹੋਣ ਲਈ ਪਰੇਰਤ ਹੁੰਦੇ ਹਨ।
                 ਅਸਲ ਵਿੱਚ ਰਾਜਨੀਤੀ ਦਾ ਅਪਰਧੀਕਰਨ ਹੋ ਜਾਣਾਂ ਹੀ ਅਸਲ ਕਾਰਨ ਹੈ। ਜਦ ਤੱਕ ਰਾਜ ਗੱਦੀ ਤੇ ਬੈਠੇ ਵੱਡੇ ਲੋਕ ਅਪਰਾਧੀ ਕਿਸਮ ਦੇ ਲੋਕਾਂ ਦਾ ਆਸਰਾ ਲੈਣਾਂ ਜਾਰੀ ਰੱਖਣਗੇ ਇਹ ਖੇਡ ਵੱਧਦੀ ਜਾਵੇਗੀ । ਜਦੋਂ ਆਗੂ ਲੋਕ ਅਪਰਾਧੀਆਂ ਦੀ ਥਾਂ ਨੈਤਿਕਤਾ ਦੇ ਉੱਚੇ ਆਚਰਣ ਵਾਲੇ ਨੇਤਾਵਾਂ ਤੇ ਟੇਕ ਨਹੀ ਰੱਖਣਗੇ ਤਦ ਤੱਕ ਕਿਸੇ ਬਦਲਾਅ ਦੀ ਸੰਭਾਵਨਾਂ ਨਹੀਂ । ਪੰਜਾਬ ਦੇ ਭਵਿੱਖ ਨੂੰ ਬਚਾਉਣ ਲਈ ਸਿਆਸੀ ਪਾਰਟੀਆਂ ਦੇ ਮੁਖੀਆਂ ਨੂੰ ਦਲੇਰੀ ਕਰਨੀਂ ਹੀ ਚਾਹੀਦੀ ਹੈ। ਰਾਜਗੱਦੀ ਤੇ ਬੈਠਣ ਵਾਲੇ ਆਗੂ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਹੋਣ ਜਦ ਦਲੇਰੀ ਨਾਲ ਨਸਿਆਂ ਖਿਲਾਫ ਫੈਸਲਾ ਲੈਣਗੇ ਤਦ ਹੀ ਚੰਗੇ ਨਤੀਜੇ ਸਾਹਮਣੇ ਆ ਸਕਦੇ ਹਨ । ਪੰਜਾਬ  ਵਿੱਚ ਜਦ ਤੱਕ ਸਰਕਾਰਾਂ ਨਸਿਆਂ ਤੋਂ ਆਮਦਨ ਪਰਾਪਤੀ ਦੀਆਂ ਸਕੀਮਾਂ ਬਣਾਉਂਦੀਆਂ ਰਹਿਣਗੀਆਂ ਤਦ ਤੱਕ ਨਸਿਆਂ ਖਿਲਾਫ ਚਲਾਈ ਹਰ ਮੁਹਿੰਮ ਡਰਾਮੇ ਬਾਜੀ ਤੋਂ ਵੱਧ ਕੁੱਝ ਵੀ ਨਹੀਂ ਹੋਵੇਗੀ। ਨਸਿਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਦੀ ਥਾਂ ਸਰਕਾਰਾਂ ਅਤੇ ਰਾਜਨੀਤਕ ਆਗੂਆਂ ਨੂੰ ਮਜਬੂਰ ਕਰਨ ਵਾਲੀਆਂ ਮੁਹਿੰਮਾਂ ਚਲਾਈਆਂ ਜਾਣੀਆਂ ਚਾਹੀਦੀਆਂ ਹਨ ਕਿ ਉਹ ਨਸਿਆਂ ਦੀ ਪੁਸਤ ਪਨਾਹੀ ਬੰਦ ਕਰਨ 8000 ਕਰੋੜ ਦੀਆਂ ਸਬਸਿਡੀਆਂ ਨੂੰ ਘਟਾਕੇ ਨਸਿਆਂ ਤੋਂ ਹੋਣ ਵਾਲੀ ਆਮਦਨ ਦਾ ਭਰਮ ਜਾਲ ਤੋੜਿਆ ਜਾ ਸਕਦਾ ਹੈ। ਸਰਾਬ ਤੋਂ ਇਕੱਠਾ ਹੋਣ ਵਾਲਾ 2500 ਕਰੋੜ ਦਾ ਟੈਕਸ ਸਬਸਿਡੀਆਂ ਦਾ 33% ਹੀ ਬਣਦਾ ਹੈ । ਨਸਿਆਂ ਦੇ ਨਾਲ ਪੰਜਬੀਆਂ ਦੀ ਸਿਹਤ ਦਾ ਅਤੇ ਆਚਰਣ ਦਾ ਭੱਠਾ ਬੈਠ ਰਿਹਾ ਹੈ। ਜਦ ਸਰਕਾਰੀ ਤੌਰ ਤੇ ਆਮਦਨ ਕਰਨ ਦੀ ਟੇਕ ਨਹੀਂ ਰੱਖੀ ਜਾਵੇਗੀ ਤਦ ਹੀ ਰਾਜਨੀਤਕ ਲੋਕ ਨਸਿਆਂ ਖਿਲਾਫ ਕੁੱਝ ਕਹਿਣ ਦੇ ਹੱਕਦਾਰ ਬਣ ਸਕਣਗੇ ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ  

Wednesday 20 November 2013

ਸਰਕਾਰੀ ਮੁਲਾਜਮ ਲੋਕਾਂ ਦੇ ਨੌਕਰ ਤੋਂ ਹੁਕਮਰਾਨ ਬਣਨ ਤੱਕ

                                   
 ਭਾਰਤ ਦੇ ਸੰਵਿਧਾਨ ਅਨੁਸਾਰ ਸਾਰੇ ਸਰਕਾਰੀ ਮੁਲਾਜਮ ਆਮ ਲੋਕਾਂ ਦੇ ਸੇਵਾਦਾਰ ਦਾ ਦਰਜਾ ਰੱਖਦੇ ਹਨ ਅਤੇ ਆਮ ਲੋਕ ਇਹਨਾਂ ਤੋਂ ਆਪਣਾਂ ਹਰ ਸੰਵਿਧਾਨਕ ਕੰਮ ਕਰਵਾਉਣ ਦੇ ਹੱਕਦਾਰ ਹਨ ਪਰ ਅਸਲੀਅਤ ਕੁੱਝ ਹੋਰ ਹੀ ਹੈ। ਸਰਕਾਰੀ ਮੁਲਾਜਮ ਹੁਣ ਲੋਕਾਂ ਦੇ ਸੇਵਾਦਾਰ ਨਾਂ ਰਹਿਕੇ ਹੁਕਮਰਾਨ ਤੋਂ ਵੀ ਵੱਧ ਬਹੁਤ ਕੁੱਝ ਬਣ ਚੁੱਕੇ ਹਨ। ਅਸਲ ਵਿੱਚ ਸੰਵਿਧਾਨ ਵਿੱਚ ਵੀ ਹੁਣ ਇਸ ਝੂਠ ਨੂੰ ਬਦਲ ਕੇ ਨਵੀ ਸੋਧ ਪੇਸ ਕਰ ਦੇਣੀ ਚਾਹੀਦੀ ਹੈ ਕਿ ਸਰਕਾਰੀ ਮੁਲਾਜਮ ਹੁਣ ਲੋਕਾਂ ਦੇ ਮਾਲਕ ਅਤੇ ਰਾਜਨੀਤਕ ਨੇਤਾਵਾਂ ਅਤੇ ਅਮੀਰਾਂ ਦੇ ਨੌਕਰ ਹਨ। ਆਮ ਭਾਰਤੀ ਬੰਦਾਂ ਮੁਲਾਜਮ ਵਰਗ ਦੇ ਅੱਗੇ ਹੱਥ ਬੰਨੀਂ ਖੜਾ ਨਜਰ ਆਉਂਦਾ ਹੈ। ਸਰਕਾਰੀ ਮੁਲਾਜਮਾਂ ਅਤੇ ਆਮ ਲੋਕਾਂ ਦਾ ਪਾੜਾ ਏਨਾ ਕੁ ਵੱਧ ਚੁੱਕਾ ਹੈ ਜਿਸ ਨੂੰ ਮੇਟਣ ਤੋਂ ਬਿਨਾਂ ਇਹ ਰਿਸਤਾ ਨਿਭਾਇਆ ਹੀ ਨਹੀਂ ਜਾ ਸਕਦਾ। ਸਭ ਤੋਂ ਪਹਿਲਾਂ ਤਾਂ ਮਾਲਕ ਅਤੇ ਨੌਕਰ ਦੀ ਆਰਥਿਕ ਹਾਲਤ ਹੀ ਨਿਸਚਿਤ ਕਰ ਦਿੰਦੀਂ ਹੈ  ਕਿ ਮਾਲਕ ਕੌਣ ਹੈ ਅਤੇ ਨੌਕਰ ਕੌਣ ਹੈ। ਮਾਲਕ ਅਤੇ ਨੌਕਰ ਦੀ ਆਰਥਿਕ ਹਾਲਤ ਘੱਟੋ ਘੱਟ ਬਰਾਬਰ ਤਾਂ ਹੋਣੀ ਹੀ ਚਾਹੀਦੀ ਹੈ। ਵਰਤਮਾਨ ਵਿੱਚ ਸਰਕਾਰੀ ਮੁਲਾਜਮ ਦੀ ਤਨਖਾਹ ਆਮ ਲੋਕਾਂ ਤੋਂ ਦਸ ਗੁਣਾਂ ਤੋਂ ਲੈ ਕੇ  ਸੌ  ਗੁਣਾਂ ਤੱਕ ਵੱਧ ਹੈ । ਜਦ ਨੌਕਰ ਦੀ ਆਮਦਨ ਹੀ ਮਾਲਕ ਨਾਲੋਂ ਵੱਧ ਹੋਵੇਗੀ ਤਦ ਨੌਕਰ ਕਿਵੇਂ ਨੌਕਰ ਰਹੇਗਾ । ਭਾਰਤ ਦੇਸ ਦੀ ਸਰਕਾਰ ਦਾ ਆਦਮ ਹੀ ਨਿਰਾਲਾ ਹੈ । ਭਾਰਤ ਦੇਸ ਵਿੱਚ ਤਾਂ ਭਾਰਤੀਆਂ ਦੇ ਲੋਕਤੰਤਰ ਦੀ ਪੈਦਾਵਾਰ ਲੋਕ ਸੇਵਕ ਸਮਾਜ ਸੇਵੀ ਅਖਵਾਉਣ ਵਾਲੇ ਨੇਤਾ ਵੀ ਤਨਖਾਹ ਦਾਰ ਬਣ ਬੈਠੇ ਹਨ । ਜਦ ਸਮਾਜ ਸੇਵੀ ਲੋਕਤੰਤਰੀ ਸੇਵਾਦਾਰ ਹੀ ਲੋਕਸੇਵਾ ਦਾ ਮੁੱਲ ਲੈਣ ਲੱਗ ਜਾਣਗੇ ਤਦ ਸਾਰੇ ਸਿਸਟਮ ਦਾ ਬੇੜਾ ਗਰਕਣਾਂ ਲਾਜਮੀ ਹੈ। ਲੋਕਸੇਵਕ ਰਾਜਨੀਤਕ ਨੇਤਾ ਅਸਲ ਵਿੱਚ ਖਤਮ ਹੋ ਚੁੱਕੇ ਹਨ ਪਰ ਲੋਕਸੇਵਕ ਸਮਾਜਸੇਵੀ ਰਾਜਨੀਤਕਾਂ ਨੇਤਾਵਾਂ ਦੀ ਥਾਂ ਲੁਟੇਰੇ  ਸਰਕਾਰਾਂ ਤੇ ਕਾਬਜ ਹੋ ਗਏ ਹਨ ਜਿੰਹਨਾਂ ਨੇ ਸਰਕਾਰੀ ਮੁਲਾਜਮ ਵੀ ਲੋਕਾਂ ਦੇ ਨੌਕਰ ਵਾਲੀ ਹੈਸੀਅਤ ਤੋਂ ਉਠਾਕੇ ਲੋਕਾਂ ਦੇ ਹੁਕਮਰਾਨ ਬਣਾ ਧਰੇ ਹਨ।
                                                       ਅਸਲ ਵਿੱਚ ਵਰਤਮਾਨ ਸਰਕਾਰੀ ਮੁਲਾਜਮ ਲੋਕਾਂ ਦੇ ਨੌਕਰ ਨਾਂ ਹੋ ਕੇ ਆਪਣੇ ਰਾਜਨੀਤਕ ਨੇਤਾਵਾਂ ਦੇ ਹੀ ਨੌਕਰ ਬਣਾ ਲਏ ਗਏ ਹਨ। ਇਸ ਛੋਟੇ ਰਸਤੇ ਤੇ ਲੋਕਾਂ ਦੇ ਨੌਕਰਾਂ ਨੂੰ  ਤੋਰਨ ਲਈ ਮੁਲਾਜਮ ਅਤੇ ਨੇਤਾ ਗੱਠਜੋੜ ਹੋ ਗਿੋਆ ਹੈ। ਸਮਾਜ ਸੇਵੀ ਨੇਤਾਵਾਂ ਦੀ ਥਾਂ ਜਿਉਂ ਹੀ ਧਨ ਕੁਬੇਰ ਲੋਕ ਰਾਜਨੀਤੀ ਵਿੱਚ ਆਏ ਤਦ ਉਹ ਭਲਾ ਲੋਕ ਸੇਵਾ ਮੁਫਤ ਵਿੱਚ ਕਿਉਂ ਕਰਦੇ । ਉੱਚ ਅਫਸਰ ਸਾਹੀ ਦੀਆਂ ਸਲਾਹਾਂ ਅਤੇ ਧਨ ਕਮਾਊ ਰਾਜਨੀਤਕਾਂ ਦੀਆਂ  ਇਛਾਵਾਂ ਦਾ  ਗੋਲਮਾਲ ਹੋ ਕੇ ਨਵੀਆਂ ਸੰਵਿਧਾਨਕ ਸੋਧਾਂ ਪੇਸ ਕੀਤੀਆਂ ਗਈਆਂ ਅਤੇ ਜਿਸ ਨਾਲ ਲੋਕ ਸੇਵਕ ਨੇਤਾ ਤਨਖਾਹ ਦਾਰ ਮੁਲਾਜਮਾਂ ਵਰਗੇ ਬਣ ਗਏ । ਇਸ ਤਨਖਾਹਦਾਰ ਧਨ ਕਮਾਊ ਗੱਠਜੋੜ ਨੇ ਹੋਰ ਧਨ ਕਮਾਉਣ ਲਈ ਲੋਕਾਂ ਦੇ ਨੌਕਰ ਨੂੰ ਭਿ੍ਰਸਟ ਕਰਨ ਲਈ ਉਹਨਾਂ ਉੱਪਰ ਵੀ ਡੋਰੇ ਪਾਉਣੇਂ ਸੁਰੂ ਕਰ ਦਿੱਤੇ ਗਏ । ਸੋ ਮੁਲਾਜਮਾਂ ਦੀਆਂ ਤਨਖਾਹਾਂ ਵਧਾਉਣ ਲਈ ਪੇ ਕਮਿਸਨ ਬਣਾਏ ਜਾਣ ਲੱਗ ਪਏ ਜਿੰਹਨਾਂ ਵਿੱਚ ਮੁਲਾਜਮ ਵਰਗ ਹੀ ਸਾਮਲ ਕੀਤਾ ਗਿਆ । ਸਮਾਜ ਦੇ ਸਾਰੇ ਵਰਗਾਂ ਦੇ ਵਿੱਚੋਂ ਕਮਿਸਨ ਬਣਨ ਦੀ ਥਾਂ ਜਦ ਮੁਲਾਜਮਾਂ ਵਿੱਚੌਂ ਹੀ ਕਮਿਸਨ ਬਣੇਗਾ ਤਦ ਉਹ ਕਿਉਂ ਨਹੀਂ ਆਪਣੇ ਕੋੜਮੇ ਬਾਰੇ ਸੋਚੇਗਾ। ਸੋ ਮੁਲਾਜਮ ਵਰਗ ਦੇ  ਪੇ ਕਮਿਸਨ ਦੀਆਂ ਸਿਫਾਰਸਾਂ ਮੰਨਣ ਵਾਲੇ ਵੀ ਅੱਗੇ ਤਨਖਾਹਦਾਰ  ਲੋਕਸੇਵਕ ਰਾਜਨੀਤਕ ਇਸਨੂੰ ਕਿਉਂ ਨਾਂ ਮੰਨਣਗੇ ਕਿਉਂਕਿ ਉਹਨਾਂ ਵੀ ਤਾਂ ਹਰ ਸਾਲ ਆਪਣੀਆਂ ਤਨਖਾਹਾਂ ਵਧਾਉਣੀਆਂ ਸਨ । ਸੋ ਰਾਜਨੀਤਕ ਅਤੇ ਮੁਲਾਜਮ ਵਰਗ ਦਾ ਤਾਂ ਇੱਕੋ ਇੱਕ ਗੁਪਤ ਨਾਹਰਾ ਹੀ ਇਹ ਹੋ ਗਿਆ ਹੇ ਕਿ ਭਾਰਤ ਦੀ ਆਮ ਜਨਤਾ ਦੇ ਖੁਨ ਪਸੀਨੇ ਦੀ ਕਮਾਈ ਵਿੱਚੋਂ ਲਏ ਗਏ ਟੈਕਸ ਰੂਪੀ ਧਨ ਨੂੰ ਆਪਣੀਆਂ ਜੇਬਾਂ ਵਿੱਚ ਹੀ ਪਾਉਣਾਂ ਹੈ।  ਪਹਿਲਾਂ ਮਹਿੰਗਾਈ ਦੇ ਨਾਮ ਤੇ ਮੁਲਾਜਮਾਂ ਦੀਆਂ ਤਨਖਾਹਾਂ ਵਧਾ ਦਿੱਤੀਆਂ ਜਾਂਦੀਆਂ ਹਨ ਫਿਰ ਰਾਜਨੀਤਕ ਲੋਕ ਆਪਣੇ ਆਪ ਹੀ ਆਪਣੀਆਂ ਤਨਖਾਹਾਂ ਵਧਾਈ ਲੈਦੇਂ  ਹਨ । ਸੋ ਅਸਲ ਵਿੱਚ ਸੰਵਿਧਾਨ ਦੇ ਵਿੱਚ ਜਿਹੜੇ ਆਮ ਲੋਕ ਮਾਲਕ ਦਿਖਾਏ ਜਾ ਰਹ ਹਨ ਦੀ ਜੂਨ ਤਾਂ ਗੁਲਾਮਾਂ ਅਤੇ ਜਾਨਵਰਾਂ ਤੋਂ ਵੀ ਭੈੜੀ ਹੈ। ਭਾਰਤ ਦੇ 67 ਕਰੋੜ ਲੋਕਾਂ ਲਈ ਤਾਂ ਰੋਟੀ ਖਾਣ ਜੋਗੇ ਵੀ ਪੈਸੇ ਨਹੀਂ ਹਨ ਜਿੰਹਨਾਂ ਨੂੰ ਸਰਕਾਰ ਸਬਸਿਡੀ ਤੇ ਨਾਂ ਮਾਤਰ ਦੀ ਕੀਮਤ ਤੇ ਅਨਾਜ ਦੇਣ ਲਈ ਮਜਬੂਰ ਹੋ ਰਹੀ ਹੈ। ਜਦ ਦੇਸ  ਦੇ ਮਾਲਕ ਲੋਕ ਤਾਂ ਭੁੱਖੇ ਰਹਿਣ ਲਈ ਮਜਬੂਰ ਹਨ ਤਦ ਮੁਲਾਜਮ ਅਤੇ ਨੇਤਾ ਗੱਠਜੋੜ  ਪੈਸੇ ਦੀਆਂ ਤਿਜੌਰੀਆਂ ਕਿਉਂ ਭਰੇ ? ਮੁਲਾਜਮ ਵਰਗ ਦੀ ਤਨਖਾਹ ਦੀ ਵੱਧਣ ਦੀ ਰਫਤਾਰ ਉਨੀ ਹੀ ਹੋਣੀ ਚਾਹੀਦੀ ਹੈ ਜਿੰਨੀ ਕਿ ਭਾਰਤ ਦੇ ਆਮ ਬਹੁਗਿਣਤੀ ਲੋਕਾਂ ਦੀ ਆਮਦਨ ਵੱਧਦੀ ਹੋਵੇ । ਜਦ ਆਮ ਭਾਰਤੀ ਦੀ ਸਾਲਾਨਾ ਜਾਂ ਰੋਜਾਨਾਂ ਆਮਦਨ ਨਹੀਂ ਵੱਧ ਰਹੀ ਅਤੇ ਉਹ ਪੁਰਾਣੀ ਆਮਦਨ ਨਾਲ ਗੁਜਾਰ ਕਰ ਰਿਹਾ ਹੈ ਅਤੇ ਕਰ ਸਕਦਾ ਹੈ ਫਿਰ ਮੁਲਾਜਮ ਵਰਗ ਵੀ ਕਿਉਂ ਨਹੀ ਕਰ ਸਕਦਾ । ਜਦ ਦੇਸ ਦਾ ਆਮ ਨਾਗਰਿਕ 28 ਰੁਪਏ ਖਰਚਣ ਨਾਲ ਹੀ ਅਮੀਰ ਹੋਣ ਦਾ ਦਰਜਾ ਪਾ ਜਾਂਦਾਂ ਹੈ ਤਦ ਮੁਲਾਜਮ ਨੂੰ ਰੋਜਾਨਾਂ 280 ਤੋਂ 2800 ਰੋਜਾਨਾਂ ਤੱਕ ਵੀ ਗੁਜਾਰਾ ਕਿਉਂ ਨਹੀ ਹੁੰਦਾਂ ਅਤੇ ਹਰ ਸਾਲ ਮਹਿੰਗਾਈ ਭੱਤੇ ਦਿੱਤੇ ਜਾਂਦੇ ਹਨ? ਲੋਕਾਂ ਦੇ ਨੌਕਰ 2800 ਰੋਜਾਨਾਂ ਕਮਾਉਣ ਤੇ ਮਾਲਕ ਰੂਪੀ ਆਮ ਲੋਕ 28 ਰੁਪਏ ਹੀ ਖਰਚਣ ਅਤੇ 67 ਕਰੋੜ ਮਾਲਕ ਤਾਂ ਗਰੀਬੀ ਰੇਖਾ ਤੋਂ ਵੀ ਥੱਲੇ ਹੋਣ ਤਦ  ਮਾਲਕ ਅਤੇ ਨੌਕਰ ਦੇ ਦਰਜਿਆਂ ਬਾਰੇ ਦੁਬਾਰਾ ਵਿਚਾਰ ਕਰ ਹੀ ਲੈਣੀ ਚਾਹੀਦੀ ਹੈ।
                                                  ਗਿੱਦੜ ਨੂੰ ਸੇਰ ਕਹਿ ਦੇਣ ਨਾਲ ਗਿੱਦੜ ਸੇਰ ਨਹੀ ਬਣ ਜਾਂਦਾਂ ਇਸ ਤਰਾਂ ਹੀ ਆਮ ਭਾਰਤੀ ਨੂੰ ਸੰਵਿਧਾਨ ਦੇ ਕਹਿਣ ਨਾਲ ਹੀ ਮਾਲਕ ਨਹੀਂ ਬਣ ਜਾਂਦਾਂ ਸਗੋਂ ਮਾਲਕ ਬਣਾਉਣ ਲਈ ਉਸਦੀ ਰੋਜਾਨਾਂ ਆਮਦਨ ਵੀ ਵੱਧਣੀ ਚਾਹੀਦੀ ਹੈ। 10000 ਤੋਂ ਇੱਕ ਲੱਖ ਤੱਕ ਤਨਖਾਹ ਲੈਣ ਵਾਲੇ ਮੁਲਾਜਮ ਅਤੇ ਰਾਜਨੀਤਕ ਲੋਕ 28 ਰੁਪਏ ਖਰਚਣ ਵਾਲਿਆਂ ਦੇ ਨੌਕਰ ਨਹੀ ਮਾਲਕ ਹੀ ਰਹਿਣਗੇ । ਸੰਵਿਧਾਨ ਜਾਂ ਕਾਨੂੰਨ ਵਾਲੇ ਆਪਣੀ ਲੱਖ ਡਫਲੀ ਵਜਾਈ ਜਾਣ । ਮੁਲਾਜਮ ਵਰਗ ਦੀ ਤਨਖਾਹ ਆਮ ਲੋਕਾਂ ਦੀ ਆਮਦਨ ਦੇ ਔਸਤ ਤੋਂ ਵੱਧ ਨਹੀ ਹੋਣੀ ਚਾਹੀਦੀ । ਤਨਖਾਹ ਤੇ ਕੰਮ ਕਰਨ ਵਾਲੇ ਰਾਜਨੀਤਕ ਲੋਕ ਸੇਵਕਾਂ ਦੀ ਵੀ ਦੇਸ ਨੂੰ ਕੋਈ ਲੋੜ ਨਹੀਂ । ਦੇਸ ਦੇ ਵਿੱਚ ਲੱਖਾਂ ਲੋਕ ਨੇ ਜੋ ਬਿਨਾਂ ਤਨਖਾਹ ਤੋਂ ਰਾਜਨੀਤਕ ਤੌਰ ਤੇ ਸਮਾਜ ਸੇਵਕ ਬਣ ਸਕਦੇ ਹਨ । ਤਨਖਾਹਾਂ ਲੈਣ ਵਾਲੇ ਰਾਜਨੀਤਕ ਲੋਕਾਂ ਦੀ ਆਮ ਭਾਰਤੀਆਂ ਨੂੰ ਕੋਈ ਲੋੜ ਨਹੀ ਜਾਂ ਫਿਰ ਆਮ ਲੋਕਾਂ ਨੂੰ ਸਮਝ ਲੈਣਾਂ ਚਾਹੀਦਾ ਹੈ ਕਿ ਇਹ ਸਿਸਟਮ ਸਿਰਫ ਆਮ ਲੋਕਾਂ ਨੂੰ ਧੋਖਾ ਦੇਣ ਲਈ ਹੀ ਸਾਰੇ ਪਰਪੰਚ ਰਚ ਰਿਹਾ ਜਿਸ ਵਿੱਚ ਲੋਕਾਂ ਦੇ ਨੌਕਰ ਅਸਲ ਵਿੱਚ ਲੋਕਾਂ ਦੇ ਮਾਲਕ ਹਨ । ਸਮਾਜ ਸੇਵਾ ਕਰਨ ਵਾਲੇ ਰਾਜਨੀਤਕ ਆਗੂ ਸਮਾਜ ਸੇਵੀ ਨਹੀਂ  ਕੁੱਝ ਹੋਰ ਹਨ । ਜਿਸ ਦਿਨ ਅਸੀਂ ਇਹ ਸਮਝ ਲਵਾਗੇ ਤਦ ਅਸੀਂ ਆਪਣੇ ਆਪ ਨੂੰ ਮਾਲਕੀ ਦੇ ਭੁਲੇਖੇ ਵਿੱਚੋਂ ਕੱਢਕੇ ਅਸਲੀਅਤ ਦਾ ਸੀਸਾ ਦੇਖਕੇ ਆਪਣੇ ਆਪ ਨੂੰ ਇਸ ਸਿਸਟਮ ਦੇ ਗੁਲਾਮ ਅਖਵਾਉਣ ਵਿੱਚ ਸੱਚ ਦੇ ਰੁਬਰੂ ਹੋ ਰਹੇ ਹੋਵਾਂਗੇ।                
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ  
         

Friday 15 November 2013

ਲੋਕਤੰਤਰ ਵਿੱਚ ਲੋਕਸੇਵਕਾਂ ਤੋਂ ਲੁਟੇਰੇ ਬਣਨ ਤੱਕ ਦਾ ਸਫਰ

                  
                                             ਲੋਕਤੰਤਰ ਦੀ ਪਰੀਭਾਸਾ ਲੋਕਾਂ ਦੁਆਰਾ ਲੋਕਾਂ ਲਈ ਲੋਕਾਂ ਵਿੱਚੋਂ ਲੋਕਸੇਵਕ ਪੈਦਾ ਕਰਨਾਂ ਹੁੰਦਾਂ ਹੈ। ਵਰਤਮਾਨ ਵਿੱਚ ਇਸ ਲੋਕਸੇਵਕ ਪੈਦਾ ਕਰਨ ਵਾਲੇ ਸਿਸਟਮ ਵਿੱਚ ਏਨੇ ਬਦਲਾ ਆ ਚੁਕੇ ਹਨ ਕਿ ਇਸ ਸਿਸਟਮ ਤੇ ਸੱਕ ਹੋਣ ਲੱਗ ਪਿਆ ਹੈ। ਲੋਕਸੇਵਕ ਕਿਸ ਤਰਾਂ ਲੋਕ ਲੁਟੇਰੇ ਬਣ ਜਾਂਦੇ ਹਨ ਅਤੇ ਉਹਨਾਂ ਨੂੰ ਬਣਾਉਣ ਵਾਲਿਆਂ ਨੂੰ ਹੀ ਗੁਲਾਮ ਸਮਝਣ ਲੱਗ ਪੈਂਦੇ ਹਨ ਇੱਕ ਵਿਲੱਖਣ ਵਰਤਾਰਾ ਹੋ ਨਿਬੜਦਾ ਹੈ। ਕਿਸੇ ਸਮੇਂ ਸਮੁਚਾ ਵਿਸਵ ਵਿੱਚ ਜਿੱਥੇ ਵੀ ਮਨੁੱਖੀ ਵਸੋਂ  ਨੇ ਨਿਵਾਸ ਕੀਤਾ ਆਪਣੇ ਆਪ ਨੂੰ ਆਪਣੇ ਸਰੀਰਕ ਤੌਰ ਤੇ ਤਾਕਤਵਰ ਲੋਕਾਂ ਦੀ ਸਰਣ ਵਿੱਚ ਰਹਿੰਦਿਆਂ ਜਿੰਦਗੀ ਦਾ ਸਫਰ ਤੈ ਕਰਦੇ ਸਨ। ਇਸ ਵਰਤਾਰੇ ਵਿੱਚੋਂ ਰਾਜਸੱਤਾ ਦਾ ਬੀਜ ਪਣਪਿਆਂ ਜਿਸ ਨੇ ਵਰਤਮਾਨ ਦੇ ਵਿੱਚ ਲੋਕਤੰਤਰ ਦਾ ਰੂਪ  ਬਣਾਇਆ ਹੈ। ਤਾਕਤਵਰ ਆਗੂਆਂ ਨੇ ਲੋਕਾਂ ਦੇ ਸਮੂਹ ਦੀ ਅਗਵਾਈ ਕਰਦਿਆਂ ਚੱਕਰਵਰਤੀ ਰਾਜਿਆਂ ਦੇ ਤੌਰ ਤੇ ਦੁਨੀਆਂ ਤੇ ਆਪਣੀ ਸੱਤਾ ਜਮਾਈ ਜੋ ਸਮੇਂ ਦੇ ਨਾਲ ਸੰਗਠਿਤ ਫੌਜਾਂ ਦੇ ਸਿਰ ਤੇ ਖਾਨਦਾਨੀ ਰਾਜਸੱਤਾ ਦੇ ਵਿੱਚ ਤਬਦੀਲ ਹੁੰਦੀ ਗਈ। ਖਾਨਦਾਨੀ ਰਾਜਸੱਤਾ ਦੇ ਪੈਦਾ ਹੋਣ ਨਾਲ  ਅਯੋਗ ਵਾਰਿਸ ਵੀ ਰਾਜਗੱਦੀਆਂ ਤੇ ਬੈਠਣ ਕਲੱਗ ਪਏ ਜਿੰਹਨਾਂ ਇਤਿਹਾਸ ਵਿੱਚ ਦੁਨੀਆਂ ਦੀ ਸੰਭਾਲ ਕਰਨ ਦੀ ਥਾਂ  ਆਮ ਲੋਕਾਂ ਤੇ ਜਬਰ ਜੁਲਮ ਦੇ ਕੁਹਾੜੇ ਚਲਾਏ। ਦੁਨੀਆਂ ਦੀ ਹਰ ਰਾਜਸੱਤਾ ਪੈਦਾ ਕਰਨ ਦੀ ਪਰਣਾਲੀ ਵਿੱਚ ਸਮੇਂ ਨਾਲ ਵਿਗਾੜ ਆਉਂਦੇ ਗਏ। ਪਰੀਵਾਰਕ ਰਾਜਸਾਹੀ ਆਪਣੇ ਦੋਸਾਂ ਕਾਰਨ ਅਨੇਕਾਂ ਬਗਾਵਤਾਂ ਅਤੇ ਕਰਾਂਤੀਆਂ ਦੀ ਮਾਰ ਨੂੰ ਸਹਿ ਨਾਂ ਸਕੀ ਅਤੇ ਓੁਸ ਦੀ ਮੌਤ ਵਿੱਚੋਂ ਲੋਕਤੰਤਰ ਦਾ ਬੀਜ ਪੈਦਾ ਹੋਇਆ ਹੈ। ਲੋਕਤੰਤਰ ਵਿੱਚੋਂ ਸਰੂਆਤੀ ਦੌਰ ਵਿੱਚ ਲੋਕਸੇਵਕ ਪੈਦਾ ਕੀਤੇ ਜਾਂਦੇ ਹਨ ਪਰ ਸਮੇਂ ਦੇ ਨਾਲ ਇਸ ਸਿਸਟਮ ਵਿੱਚ ਵੀ ਵਿਗਾੜ ਪੈਦਾ ਹੋ ਜਾਂਦੇ ਹਨ। ਲੋਕਤੰਤਰ ਵਿੱਚ ਹੌਲੀ ਹੌਲੀ ਬੇਈਮਾਨ ਅਤੇ ਵਪਾਰੀ ਕਿਸਮ ਦੇ ਲੋਕਾਂ ਦਾ ਦਾਖਲਾ ਹੋਣਾਂ ਸੁਰੂ ਹੋ ਜਾਂਦਾ ਹੈ ਜਿਸ ਨਾਲ ਇਸ ਵਿੱਚੋਂ ਲੋਕਸੇਵਕ ਪੈਦਾ ਹੋਣ ਦੀ ਥਾਂ ਲੋਕ ਲੁਟੇਰੇ ਪੈਦਾ ਹੋਣਾਂ ਸੁਰੂ ਹੋ ਜਾਂਦੇਂ ਹਨ । ਜਦ ਲੋਤੰਤਰ ਲੋਕ ਸੇਵਕ ਪੈਦਾ ਕਰਨ ਦੀ ਥਾਂ ਲੋਕ ਲੁਟੇਰੇ ਪੈਦਾ ਸੁਰੂ ਕਰਨਾਂ ਕਰਦਾ ਹੈ ਤਦ ਇਹ ਸਿਸਟਮ ਵੀ ਮਰ ਚੁਕਿਆ ਹੁੰਦਾਂ ਹੈ। ਮਰਚੁਕਿਆਂ ਦੇ ਅੰਤਮ ਪਲਾਂ ਵਿੱਚ ਕੁੱਝ ਸਮੇਂ ਲਈ ਲੋਕ ਇਸਦੀ ਲਾਸ ਨੂੰ ਆਪਣੇ ਮੋਢਿਆਂ ਤੇ  ਜਰੂਰ ਚੁਕੀ ਰੱਖਦੇ ਹਨ ਪਰ ਇਸ ਤੋਂ ਬਾਅਦ ਇਸਦਾ ਸੰਸਕਾਰ ਜਾਂ ਦਫਨਾਉਣ ਦੀ ਕਿਰਿਆ ਹੀ ਇਸਦਾ ਅੰਤਿਮ ਪਲ ਹੁੰਦਾਂ ਹੈ।
                          ਵਰਤਮਾਨ ਦੇ ਵਿੱਚ ਜਦ  ਲੋਕਾਂ ਨੂੰ ਲੋਕਸੇਵਕ ਪੈਦਾ ਕਰਨ ਦੇ ਭਰਮ ਅਧੀਨ ਦੇਖਦੇ ਹਾਂ।  ਅਸਲ ਵਿੱਚ ਲੰਬੀ ਨਿਗਾਹ ਮਾਰਦਿਆਂ ਮਹਿਸੂਸ ਹੁੰਦਾਂ ਹੈ ਕਿ ਅਸਲੀ ਮਾਲਕ ਤਾਂ ਰਾਜੇ ਪੈਦਾ ਕਰਨ ਵਾਲੇ ਅਮੀਰ ਵਪਾਰੀ ਉਦਯੋਗਪਤੀ ਲੋਕ ਹੀ ਵੱਡੇ ਹਨ ।  ਜਿਉਂ ਹੀ ਆਮ ਬੰਦਾਂ ਰਾਜਗੱਦੀ ਤੇ ਬੈਠਦਾ ਹੈ ਤਦ ਹੀ ਉਹ ਗਿਰਗਿਟ ਦੀ ਤਰਾਂ ਰੰਗ ਬਦਲਣ ਲੱਗਦਾ ਹੈ। ਅੱਜ ਦੇਸ ਦੀਆਂ ਵਿਧਾਨ ਸਭਾਵਾਂ ਜਾਂ ਦੇਸ ਦੀ ਪਾਰਲੀਮੈਂਟ ਵੱਲ ਨਜਰ ਮਾਰੀਏ ਤਾਂ ਸਾਫ ਦਿਸਦਾ ਹੈ ਕਿ ਇਹਨਾਂ ਵਿੱਚ ਬੈਠੇ ਮੈਂਬਰ ਕਿਹੜੇ ਲੋਕਾਂ ਰਾਂਹੀਂ ਚੁਣਕੇ ਆਏ ਹਨ ਅਤੇ ਕਿਸ ਜਾਦੂ ਦੀ ਛੜੀ ਇਹਨਾਂ ਲੋਕਾਂ ਨੇ ਇਹਨਾਂ ਲੋਕਤੰਤਰ ਦੇ ਮੰਦਰਾਂ ਵਿੱਚ ਵੜਨ ਲਈ ਕੀਤੀ ਹੈ। ਦੇਸ ਅਜਾਦ ਹੋਣ ਸਮੇਂ ਦੇਸ ਲਈ ਜੂਝਣ ਵਾਲੇ ਲੋਕ ਦੇਸ ਦੇ ਲੋਕਤੰਤਰ ਦੇ ਕਰਤਾ ਧਰਤਾ ਸਨ ਪਰ ਸਮੇਂ ਨਾਲ ਨੈਤਿਕਤਾ ਵਾਲੇ ਲੋਕ ਘੱਟਦੇ ਗਏ ਅਤੇ ਚਲਾਕ ਲੋਕ ਅਤੇ ਚਾਪਲੂਸ ਇਸ ਵਿੱਚ ਸਾਮਲ ਹੁੰਦੇ ਗਏ । ਚਾਪਲੂਸ ਲੋਕ ਹਮੇਸਾਂ ਸਵਾਰਥੀ ਲੋਕ ਹੀ ਹੁੰਦੇ ਹਨ ਜੋ ਸਵਾਰਥ ਲਈ ਆਪਣੇ ਆਪ ਦੀ ਜਮੀਰ  ਨੂੰ ਨਹੀਂ ਬਖਸਦੇ ਉਹਨਾਂ ਦੂਸਰਿਆਂ ਨੂੰ ਕੀ ਬਖਸਣਾਂ ਹੁੰਦਾਂ । ਇਸ ਤਰਾਂ ਦੇ ਬੇਈਮਾਨ ਅਤੇ ਭਿ੍ਰਸਟ ਲੋਕਾਂ ਨੇ ਲੋਕਤੰਤਰੀ ਮੰਦਰਾਂ ਵਿੱਚ ਵੜਨ ਲਈ ਪੈਸੇ ਦੇ ਵਪਾਰੀ ਬੇਈਮਾਨ ਲੋਕਾਂ ਦਾ ਸਹਾਰਾ ਲਿਆ ਅਤੇ ਪੈਸੇ ਦੀ ਵਰਤੋਂ ਇਹਨਾਂ ਮੰਦਰਾਂ ਵਿੱਚ ਵੜਨ ਲਈ ਕੀਤੀ । ਅੱਜ ਦੇਸ ਦੇ ਲੋਕਤੰਤਰ ਦੇ ਮੰਦਰਾਂ ਵਿੱਚ ਇਹਨਾਂ ਬੇਈਮਾਨ ਲੋਕਾਂ ਦਾ ਬੋਲਬਾਲਾ ਹੈ । ਇਮਾਨਦਾਰ ਨੈਤਿਕ ਅਤੇ ਸਮਾਜ ਪੱਖੀ ਲੋਕ ਘੱਟ ਗਿਣਤੀ ਵਿੱਚ ਹਨ ਬੇਈਮਾਨ ਲੋਕ ਬਹੁਗਿਣਤੀ ਵਿੱਚ ਹਨ । ਹੁਣ ਦੇਸ ਦਾ ਸਭ ਤੋਂ ਵੱਧ ਇਮਾਨਦਾਰ ਆਖਿਆ ਜਾਣ ਵਾਲਾ ਪ੍ਰਧਾਨ ਮੰਤਰੀ ਵੀ ਇਹਨਾਂ ਬੇਈਮਾਨਾਂ ਮੂਹਰੇ ਬੇਬੱਸ ਦਿਖਾਈ ਦੇ ਰਿਹਾ ਹੈ । ਦੇਸ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਤਿਆਗ ਕਰਨ ਵਾਲੀ ਸੋਨੀਆਂ ਗਾਂਧੀਂ ਇੰਹਨਾਂ ਡੱਡੂਆਂ ਦੀ ਪਸੇਰੀ ਨੂੰ ਹਾਲੇ ਤੱਕ ਤੋਲ ਹੀ ਨਹੀਂ ਸਕੀ ਕਿ ਇਹਨਾਂ ਦਾ ਅਸਲੀ ਵਜਨ ਕਿੰਨਾਂ ਕੁ ਹੈ। ਦੇਸ ਦੇ ਬਹੁਤੇ ਰਾਜਨੀਤਕਾਂ ਨੇ ਦੇਸ ਅਤੇ ਵਿਦੇਸ ਦੀਆਂ ਬਹੁ ਰਾਸਟਰੀ ਕੰਪਨੀਆਂ ਨਾਲ ਸਮਝੌਤੇ ਹੀ ਕਰ ਲਏ ਹਨ । ਦੇਸ ਦੇ ਵੱਡੇ ਰਾਜਨੀਤਕਾਂ ਨੂੰ ਜਿਤਾਉਣ ਲਈ ਪੈਸਾ ਇਹ ਵਪਾਰੀ ਜਮਾਤਾਂ ਮੁਹੱਈਆਂ ਕਰਵਾਉਦੀਆਂ ਹਨ ਅਤੇ ਜਿੱਤ ਕੇ ਕੰਮ ਵੀ ਇਹ ਲੋਕ ਇੰਹਨਾਂ ਵਾਸਤੇ ਕਰਦੇ ਹਨ।
                  ਲੋਕਾਂ ਹੁਣ ਵੋਟ ਪਾਉਣ ਨਹੀਂ ਜਾਂਦੇਂ ਬਲਕਿ ਵੇਚਣ ਜਾਂਦੇ ਹਨ। ਹਰ ਇੱਕ ਦਾ ਵੋਟ ਦਾ ਸੌਦਾ ਹੋਇਆ ਹੁੰਦਾਂ ਹੈ ਗਰੀਬ ਬੰਦਾਂ ਸੈਕੜੀਆਂ ਵਿੱਚ ਵਿੱਕ ਜਾਂਦਾਂ ਹੈ ਪਰ ਪਿੰਡ ਅਤੇ ਸਹਿਰਾਂ ਦੇ ਕਰਤੇ ਧਰਤੇ ਛੋਟੇ ਰਾਜਨੀਤਕ ਹਜਾਰਾਂ ਵਿੱਚ ਜਾਂ ਨਿੱਜ ਦੇ ਨਜਾਇਜ ਕੰਮਾਂ ਵਿੱਚ ਮੱਦਦ ਦੀ ਗਰੰਟੀ ਵਿੱਚ ਵਿਕਦੇ ਹਨ । ਇਹਨਾਂ ਕਰਤਿਆਂ ਧਰਤਿਆਂ ਦੇ ਮੁੱਖੀ ਜੋ ਕਿਸੇ ਨਾਂ ਕਿਸੇ ਵਿੰਗ ਦੇ ਮੁੱਖੀ ਬਣ ਬੈਠਦੇ ਹਨ ਉਹ ਤਾਂ ਲੱਖਾਂ ਦੀ ਕਮਾਈ ਵਾਲਾ ਅਹੁਦਾ ਲੈਣ ਦਾ ਸੌਦਾ ਕਰਦੇ ਹਨ ਜਿਸ ਵਿੱਚ ਅੱਧੋ ਅੱਧ ਵੱਡੇ ਰਾਜਨੀਤਕਾਂ ਨਾਲ ਹੁੰਦਾਂ ਹੈ ਜੋ ਵਿਧਾਨ ਸਭਾ ਜਾਂ ਪਾਰਲੀਮੈਂਟ ਤੱਕ ਪਹੁੰਚਣ ਦੀ ਸਮੱਰਥਾ ਰੱਖਦੇ ਹਨ। ਬਹੁਤ ਘੱਟ ਲੋਕ ਹਨ ਜੋ ਲਾਲਚ ਤੋਂ ਬਿਨਾਂ ਵੋਟ ਪਾਉਣ ਜਾਂਦੇ ਹਨ । ਰਾਜਨੀਤਕ ਲੋਕ ਨਿੱਜੀ ਬੈਠਕਾਂ ਵਿੱਚ ਪਰਚਾਰ ਕਰਦੇ ਹਨ ਕਿ ਆਮ ਲੋਕ ਹੁਣ ਵੋਟ ਵੇਚਣ ਲੱਗ ਪਏ ਹਨ ਪਰ ਜਦੋਂਕਿ ਆਮ ਲੋਕ ਵੋਟ ਵੇਚਦੇ ਨਹੀਂ ਪਰ ਵੇਚਣ ਲਈ ਮਜਬੂਰ ਕਰ ਦਿੱਤੇ ਗਏ ਹਨ । ਅਸਲ ਵਿੱਚ ਵੱਡੇ ਨੇਤਾ ਸਭ ਤੋਂ ਪਹਿਲਾਂ ਬੇਈਮਾਨ ਅਤੇ ਭਿ੍ਰਸਟ ਹੋਏ ਹਨ ਅਤੇ ਅੱਗੇ ਉਹਨਾਂ ਆਪਣੇ ਚੇਲੇ ਬਾਲਕੇ ਵੀ ਬੇਈਮਾਨ ਲੋਕ ਹੀ ਬਣਾਉਣੇ ਹਨ । ਦੇਸ ਹਿੱਤਾਂ ਤੋਂ ਉਲਟ ਨਿੱਜ ਸਵਾਰਥਾਂ ਨੂੰ ਪਹਿਲ ਦੇਣ ਵਾਲੇ ਲੋਕ ਕਦੇ ਇਮਾਨਦਾਰ ਹੋ ਹੀ ਨਹੀਂ ਸਕਦੇ । ਆਪਣੇ ਆਪ ਨੂੰ ਦੇਸ ਹਿੱਤ ਦੀ ਥਾਂ ਪਾਰਟੀ ਹਿੱਤ ਵਿੱਚ ਵਿਕਣ ਵਾਲੇ ਲੋਕ ਦੇਸ ਦੇ ਲੋਕਾਂ ਨੂੰ ਵਿਕਾਊ ਕਹਿ ਹੀ ਨਹੀਂ ਸਕਦੇ । ਅੱਜ ਦੇਸ ਲਈ ਕੁਰਬਾਨ ਹੋਣ ਵਾਲੇ ਸਹੀਦ ਆਮ ਲੋਕਾਂ ਵਿੱਚੋਂ ਹੀ ਪੈਦਾ ਹੋ ਰਹੇ ਹਨ । ਅਮੀਰ ਲੋਕ ਤਾਂ ਅਹੁਦਿਆਂ ਤੇ ਕਾਬਜ ਹੋਣ ਲਈ ਹੀ ਕੋਸਿਸ ਕਰਦੇ ਹਨ ਅਤੇ ਅਹੁਦੇ ਭਾਵੈਂ ਦੇਸ ਦੇ ਪਰਬੰਧਕੀ ਸਿਸਟਮ ਵਿੱਚ ਨੌਕਰੀ ਵਾਲੇ ਹੋਣ ਜਾਂ ਰਾਜਨੀਤਕ ਖੇਤਰ ਦੇ ਹੁਕਮ ਚਲਾਊ ਹੋਣ । ਲੋਤੰਤਤਰ ਜੋ ਲੋਕਾਂ ਦੁਆਰਾ ਪੈਦਾ ਹੋਣਾਂ ਚਾਹੀਦਾ ਹੈ ਪਰ ਪੈਦਾ ਪੈਸੇ ਨਾਲ ਹੋ ਰਿਹਾ ਹੈ । ਪੈਸਾ ਹੁਣ ਸਿਰਫ ਕਿਰਤੀਆਂ ਕੋਲ ਨਹੀਂ ਵਪਾਰੀ ਅਤੇ ਰਾਜਨੀਤਕ ਲੁਟੇਰਿਆਂ ਕੋਲ ਹੈ । ਆਮ ਲੋਕ ਤਾਂ ਰੋਟੀ ਖਾਣ ਲਈ ਵੀ ਸਬਸਿਡੀ ਮੰਗ ਰਹੇ ਹਨ। ਕਿਸਾਨ ਫਸਲ ਪੈਦਾ ਕਰਨ ਲਈ ਰਿਆਇਤਾਂ ਭਾਲ ਰਿਹਾ ਹੈ। ਦੂਜਿਆਂ ਦੇ ਪੇਟ ਭਰਨ ਦੇ ਦਾਅਵੇ ਕਰਨ ਵਾਲੇ ਲੋਕ ਮੁਫਤ ਖੇਤੀ ਸਾਧਨ ਭਾਲਦੇ ਫਿਰਦੇ ਹਨ। ਸੋ ਇਸ ਤਰਾਂ ਇਹ ਲੋਕ ਲੋਕਤੰਤਰ ਦੇ ਪੈਦਾ ਕਰਨ ਵਾਲੇ ਕਿਵੇਂ ਹੋ ਸਕਦੇ ਹਨ। ਹੁਣ ਲੋਕਤੰਤਰ ਤੋਂ ਤੋਬਾ ਕਰਨੀਂ ਹੀ ਪਵੇਗੀ । ਲੋਕਤੰਤਰ ਤਾਂ ਅਗਵਾ ਹੋ ਚੁੱਕਿਆ ਹੈ ਵਪਾਰੀਆਂ ਕੋਲ । ਸੋ ਹੁਣ ਲੋਕ ਸੇਵਕ ਨਹੀਂ ਪੈਦਾ ਹੋ ਰਹੇ ਜਿਸ ਕਾਰਨ ਲੋਕਤੰਤਰ ਆਖਰੀ ਸਾਹ ਲੈ ਰਿਹਾ ਹੈ।
                              ਲੋਕਤੰਤਰ ਦੀ ਸੁਰੂਆਤੀ ਇਕਾਈ ਪਿੰਡਾਂ ਦੀਆਂ ਪੰਚਾਇਤਾ ਦੇ ਪੰਚ ਸਰਪੰਚ ਹੀ ਬੇਈਮਾਨ ਅਤੇ ਭਿ੍ਰਸਟ ਹੋਕੇ  ਆਪਣੇਂ ਗਲੀ ਗੁਆਂਢ ਵਿੱਚ ਵੱਸਦੇ ਲੋਕਾਂ ਤੇ ਹੀ ਹੁਕਮ ਚਲਾਉਣ ਲੱਗ ਪੈਂਦੇ ਹਨ। ਵਰਤਮਾਨ ਵਿੱਚ ਲੋਕ ਸਾਂਝਾਂ ਦੀ ਮੌਤ ਹੋ ਰਹੀ ਹੈ ਅਤੇ ਸਹਿਰਾਂ ਵਾਂਗ ਪਿੰਡਾਂ ਦੇ ਕੁਦਰਤੀ ਰੰਗਾਂ ਵਿੱਚ ਵਸਣ ਵਾਲੇ ਲੋਕ ਵੀ ਸਹਿਰੀਏ ਬਣਦੇ ਜਾ ਰਹੇ ਹਨ ।  ਪਿੰਡਾਂ ਦੇ ਪੰਚਾਇਤੀ ਲੋਕਸੇਵਕ ਲੋਕ ਵੀ ਹੁਕਮਰਾਨ ਬਣਕੇ ਲੁਟੇਰਿਆਂ ਵਰਗੇ ਬਣਦੇ ਜਾ ਰਹੇ ਹਨ। ਜਦ ਲੋਕਤੰਤਰ ਦੀ ਪਹਿਲੀ ਪੌੜੀ ਹੀ ਟੁੱਟ ਜਾਵੇਗੀ ਤਾਂ ਅਗਲੀਆਂ ਪੌੜੀਆਂ ਦੇ ਸਹਾਰੇ ਲੋਕਤੰਤਰ ਨਹੀਂ ਚਲਾਇਆ ਜਾ ਸਕਦਾ। ਪਿੰਡਾਂ ਦੇ ਲੋਕਸੇਵਕ ਤੋਂ ਬਾਅਦ ਹਲਕਿਆਂ ਅਤੇ ਜਿਲਿਆਂ ਦੇ ਵਿੱਚੋਂ ਪੈਦਾ ਹੋਣ ਵਾਲੇ ਲੋਕਸੇਵਕ ਤਾਂ ਹੋਰ ਵੱਡੇ ਵਿਗਾੜਾਂ ਦਾ ਸਿਕਾਰ ਹੋ ਚੁੱਕੇ ਹਨ ਅਤੇ ਇਹ ਵਿਗੜੇ ਹੋਏ ਲੋਕਸੇਵਕ ਹੀ ਅੱਗੇ ਦੇਸ ਦੀ ਰਾਜਸੱਤਾ ਤੇ ਕਬਜਾ ਕਰਦੇ ਹਨ । ਇਸ ਤਰਾਂ ਦੇ ਭਿ੍ਰਸਟ ਲੋਕਸੇਵਕਾਂ ਦੀ ਬਦੌਲਤ ਲੋਕਾਂ ਵਾਲੇ ਲੋਕਤੰਤਰ ਨੂੰ ਲੋਕਾਂ ਵਾਸਤੇ ਜਿੰਦਗੀ ਜਿਉਣ ਦੀ ਗਰੰਟੀ ਨਹੀਂ ਬਖਸੀ ਜਾ ਸਕਦੀ । ਵਰਤਮਾਨ ਰਾਜਸੱਤਾ ਨੇ ਤਰੱਕੀ ਦੀਆਂ ਰਾਹਾਂ ਵਿੱਚੋਂ ਆਪਣੇ ਤਰੱਕੀ ਕਰਨ ਦੇ ਰਾਹ ਕੱਢ ਲਏ ਹਨ । ਆਮ ਜਨਤਾ ਨੂੰ ਫਿਰ ਇਤਿਹਾਸ ਨੂੰ ਦੁਹਰਾਉਂਦਿਆਂ ਅਨੰਤ ਕੁਦਰਤ ਦੇ ਹੱਥ ਹੀ ਆਪਣੀ ਡੋਰ ਰੱਖਣੀ ਪੈਣੀ ਹੈ। ਵਰਤਮਾਨ ਲੋਕਸੇਵਕਾਂ ਦੁਆਰਾ ਚਲਾਏ ਜਾ ਰਹੇ ਲੋਕਤੰਤਰ ਨੂੰ ਦੇਖਦਿਆਂ ਇੱਕ ਵਾਰ ਫੇਰ ਕਹਿਣਾਂ ਪੈਂਦਾਂ ਹੈ ਕਿ ਆਮ ਲੋਕ ਤਾਂ ਕੁਦਰਤ ਜਾਂ ਰੱਬ ਆਸਰੇ ਹੀ ਜਿਉਂਦੇ ਹਨ ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ  

Sunday 10 November 2013

ਖੇਤਾਂ ਅਤੇ ਪਿੰਡਾਂ ਵਿੱਚ ਰੱਬ ਵਸਦਾ ਹੈ


                                                              ਵਾਤਾਵਰਣ ਦਾ ਪਰਦੂਸਣ ,ਪਾਣੀ ਦਾ ਪਰਦੂਸਣ , ਜਹਿਰਾਂ ਵਾਲੀ ਖੇਤੀ ,ਇਹ ਕਰਜਾਈ ਕਿਉਂ ਹੁੰਦਾਂ , ਕਿਸਾਨ ਟੈਕਸ ਨਹੀਂ ਦਿੰਦਾਂ ਪਤਾ ਨਹੀਂ ਕਿੰਨੇ ਕੁ ਹੋਰ ਦੋਸ ਨੇ ਜੋ ਕਿਸਾਨ ਸਿਰ ਧਰੇ ਜਾ ਰਹੇ ਹਨ। ਕਿਸਾਨ ਕੋਲ ਵੇਹਲ ਹੀ ਨਹੀਂ ਕਿ ਉਹ ਪਰਚਾਰ ਮੀਡੀਏ ਵਿੱਚ ਕਿਸੇ ਦੋਸ ਦਾ ਜਵਾਬ ਦੇ ਸਕੇ । ਇੱਕ ਪਾਸੜ ਪਰਚਾਰ ਯੁੱਧ ਚਲਾਇਆ ਜਾ ਰਿਹਾ ਹੈ। ਕਿਸਾਨਾਂ ਦੇ ਅਖੌਤੀ ਆਗੂ  ਸਰਕਾਰਾਂ ਅਤੇ ਅਮੀਰਾਂ ਦੇ ਦਲਾਲ ਨੇ ਜਿਹੜੇ ਆਪਣਾਂ ਹਿੱਸਾ ਵਸੂਲੀ ਵਿੱਚ ਲੱਗੇ ਹੋਏ ਨੇ । ਕਿਸਾਨ ਨੂੰ ਨਿਰਦੋਸ ਸਿੱਧ ਕਰਨ ਲਈ ਉਹਨਾਂ ਕੋਲ ਲਿਖਣ ਲਈ ਕੁੱਝ ਹੈ ਨਹੀਂ ਕਿਉਂਕਿ ਉਹ ਕਿਸਾਨਾਂ ਦੀ ਥਾਂ ਸਰਕਾਰਾਂ ਅਤੇ ਅਮੀਰ ਕਿਸਾਨਾਂ ਅਤੇ ਅਮੀਰ ਆੜਤੀਆਂ ਦੇੀ ਪੈਦਾਇਸ ਹਨ ਅਤੇ ਉਹਨਾਂ ਦੇ ਮਕਸਦਾਂ ਲਈ ਕੰਮ ਕਰਨਾਂ ਉਹਨਾਂ ਦਾ ਫਰਜ ਹੈ। ਆਪ ਕਮਾਈ ਕਰੋ ਅਤੇ ਆਪਣੇ ਜਨਮ ਦਾਤਿਆਂ ਨੂੰ ਕਮਾਈ ਕਰਵਾਉ ਜੋ ਪੈਸੇ ਜਾਂ ਵੋਟਾਂ ਦੇ ਰੂਪ ਵਿੱਚ ਹੈ। ਅਸਲੀ ਕਿਸਾਨ ਜਿੰਦਗੀ ਜਿਉਣ ਲਈ ਤਿਲ ਤਿਲ ਕਰਕੇ ਮਰ ਰਿਹਾ ਹੈ। ਜਗੀਰਦਾਰ ਕਿਸਾਨ ਮਾਲਕ ਏਸੀ ਕੋਠੀਆਂ ਵਿੱਚ ਅਰਾਮ ਫੁਰਮਾ ਰਿਹਾ ਹੈ। ਕਿਸੇ ਵੀ ਪਰਚਾਰ ਸਾਧਨ ਇਲੈਕਟਰੋਨਿਕ ਮੀਡੀਆਂ ਜਾਂ ਪਰਿੰਟ ਮੀਡੀਏ ਵਿੱਚ ਕਿਸਾਨ ਦਾ ਪੱਖ ਸਾਹਮਣੇ ਨਹੀਂ ਰੱਖਿਆਂ ਜਾਂਦਾਂ ਕਿੳਂਕਿ ਸਰਕਾਰਾਂ ਕਿਸਾਨ ਨੂੰ ਦਬਾਕੇ ਰੱਖਣ ਦੀ ਨੀਤੀ ਤੇ ਚੱਲ ਰਹੀਆਂ ਹਨ। ਕਿਸਾਨ ਵਰਗ ਗਰੀਬੀ ਦੀ ਦਲਦਲ ਵਿੱਚ ਹੋਣ ਕਰਕੇ ਆਪਣੇ ਵਿੱਚੋਂ ਕਿਸਾਨ ਦੀ ਦਰਦਮਈ ਗਾਥਾ ਕਹਿਣ ਵਾਲੇ ਪੈਦਾ ਕਰਨ ਦੀ ਹਾਲਤ ਵਿੱਚ ਹੀ ਨਹੀਂ। ਮੀਡੀਆਂ ਮਸਾਲਾ ਖਬਰਾਂ ਤੇ ਜਿਉਂਦਾਂ ਹੈ। ਵਾਤਾਵਰਣ ਪਰਦੂਸਣ ਦੀਆਂ ਖਬਰਾਂ ਖੂਬ ਚੱਲ ਰਹੀਆਂ ਹਨ ਜਿਸ ਲਈ ਮਸਾਲਾ ਖਬਰਾਂ ਬਣਾਈਆਂ ਜਾਂਦੀਆਂ ਹਨ ਜਿਸ ਲਈ ਕਿਸਾਨੀ ਨੂੰ ਹੀ ਬਦਨਾਮ ਕਰਨ ਦੇ ਰਾਹ ਤੁਰਨਾਂ ਕੋਈ ਚੰਗੀਂ ਗੱਲ ਨਹੀਂ ।
                                                 ਪਰਦੂਸਣ ਫੈਲਾਉਣ ਦਾ ਕੰਮ ਕੀ ਇਕੱਲਾ ਕਿਸਾਨ ਹੀ ਕਰਦਾ ਹੈ ਨਹੀ ਦੇਸ ਦਾ ਅਮੀਰ ਵਰਗ ਬਿਨਾਂ ਲੋੜ ਤੋਂ ਪਰਦੂਸਣ ਫੈਲਾਉਣ ਲਈ ਵੱਧ ਜੁੰਮੇਵਾਰ ਹੈ। ਅਮੀਰ ਪਰੀਵਾਰ ਦਾ ਹਰ ਮੈਂਬਰ ਕਈ ਕਈ ਕਾਰਾਂ ਅਤੇ ਬਾਈਕ ਆਦਿ  ਕਿਉਂ ਰੱਖਦਾ ਹੈ। ਕਿਸਾਨ ਦੇ ਖੇਤਾਂ ਦਾ ਪਰਦੂਸਣ ਕੁੱਝ ਦਿਨਾਂ ਲਈ ਹੁੰਦਾਂ ਹੈ ਪਰ ਦੇਸ ਦੇ ਸਾਰੇ ਸਹਿਰਾਂ ਵਿੱਚ ਪਰਦੂਸਣ ਜਾਂ ਕਾਰਬਨਡਾਈ ਅਕਸਾਈਡ ਦਾ ਲੈਵਲ ਸਾਰਾ ਸਾਲ ਕਿਉਂ ਉੱਚਾ ਰਹਿੰਦਾਂ ਹੈ। ਹਰ ਅਮੀਰ ਦੇ ਘਰ ਲੱਗਿਆ ਇੱਕ ਏਸੀ ਪੰਜ ਹਾਰਸ ਪਾਵਰ ਦੇ ਇੰਜਣ ਨਾਲ ਚੱਲਣ ਵਾਲੇ ਜਨਰੇਟਰ ਦੀ ਮੰਗ ਕਰਦਾ ਹੈ ਜਿਸ ਵਿੱਚ ਬਲਦਾ ਡੀਜਲ ਕੀ ਪਰਦੂਸਣ ਨਹੀਂ ਫੈਲਾਉਂਦਾਂ? ਬਿਨ ਮਤਲਬ ਸਹਿਰਾਂ ਵਿੱਚ ਬਿਜਲੀ ਵਰਤਣ ਕਰਕੇ ਇਸ ਨੂੰ ਬਣਾਉਣ ਲਈ ਬਲਦਾ ਕੋਲਾ ਕੀ ਪਰਦੂਸਣ ਨਹੀਂ ਫੈਲਾਉਦਾਂ? ਜੇ ਪਰਦੂਸਣ ਕਿਸਾਨ ਫੈਲਾਉਂਦੇ ਹਨ ਫਿਰ ਸਹਿਰਾਂ ਵਿੱਚ ਗੰਦਗੀ ਦੀ ਬੋ ਕਿਉਂ ਆਉਂਦੀ ਹੈ ਜਦਕਿ ਪਿੰਡਾਂ ਵਿੱਚ ਸਹਿਰਾਂ ਨਾਲੋਂ ਕਿਤੇ ਵੱਧ ਸਾਫ ਹਵਾ ਹੁੰਦੀ ਹੈ। ਜੇ ਕਿਸਾਨ ਨੂੰ ਤੁਸੀਂ ਪਰਾਲੀ ਬਾਲਣ ਤੋਂ ਰੋਕਣ ਦੀ ਮੰਗ ਕਰਦੇ ਹੋ ਤਾਂ ਸਹਿਰਾਂ ਦੇ ਗੰਦ ਨੂੰ ਤੁਸੀ ਅਮੀਰ ਲੋਕ ਖੁਦ ਕਿਉਂ ਨਹੀਂ ਸਾਫ ਕਰਦੇ? ਜੇ ਸਹਿਰੀਆਂ ਦੇ ਫੈਲਾਏ ਗੰਦ ਨੂੰ ਸਾਰੇ ਲੋਕਾਂ ਦੇ ਟੈਕਸ਼ਾ ਵਿਚੋਂ ਤਨਖਾਹ ਲੈਣ ਵਾਲੇ ਸਾਫ ਕਰਦੇ ਹਨ ਤਦ ਖੇਤਾਂ ਦੀ ਰਹਿੰਦ  ਖੂੰਹਦ ਨੂੰ ਸਰਕਾਰੀ ਮੁਲਾਜਮਾਂ ਤੋਂ ਸਾਫ ਕਿਉਂ ਨਹੀਂ  ਕਰਵਾਇਆ ਜਾ ਸਕਦਾ ਜਾਂ ਫਿਰ ਕਿਸਾਨ ਨੂੰ ਇਸ ਕੰਮ ਦੀ ਮਜਦੂਰੀ ਬਰਾਬਰ ਬੋਨਸ ਦਿੱਤਾ ਜਾਵੇ। ਇਸ ਤਰਾਂ ਦੀ ਵਿਦਵਤਾ ਤੋਂ ਬਚਿਆ ਜਾਣਾਂ ਚਾਹੀਦਾ ਹੈ ਜਿਸ ਨਾਲ ਭਾਰਤ ਦੇਸ ਮੰਗਤਾ ਬਣਨ ਦੇ ਰਾਹ ਪੈ ਜਾਦਾਂ ਹੈ।
            ਅਸਲ ਵਿੱਚ ਖੇਤੀਬਾੜੀ ਵਿਭਾਗ ੳਤੇ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀਆਂ ਵਿਗਿਆਨੀਆਂ ਨੂੰ ਖੇਤਾਂ ਵਿੱਚ ਬਚਦੀ ਰਹਿੰਦ ਖੂੰਹਦ ਨੂੰ ਵਰਤਣ ਦੀਆਂ ਤਕਨੀਕਾਂ ਬਾਰੇ ਖੋਜ ਕਰਨ ਲਈ ਹੁਕਮ ਦਿੱਤਾ ਜਾਵੇ। ਪਰਾਲੀ ਨੂੰ ਬਾਲਣਾਂ ਹੀ ਪੈਣਾਂ ਹੈ ਚਾਹੇ ਖੇਤਾਂ ਵਿੱਚ ਸਾੜ ਲਉ ਜਾਂ ਉਦਯੋਗਾਂ ਵਿੱਚ ਇਸ ਲਈ ਪਹਿਲ ਸਰਕਾਰ ਨੇ ਕਰਨੀਂ ਹੈ ਕਿਸਾਨ ਨੇ ਨਹੀਂ। ਜਦ ਇਸ ਰਹਿੰਦ ਖੂੰਹਦ ਨੂੰ ਵਰਤਣ ਵਾਲੇ ਉਦਯੋਗ ਹੋਣਗੇ ਤਦ ਕਿਸਾਨ ਇਸਨੂੰ ਵੇਚਣ ਦੀ ਪਹਿਲ ਖੁਦ ਹੀ ਕਰ ਲਵੇਗਾ। ਸੋ ਬੁੱਧੀਜੀਵੀ ਵਰਗ ਜੀ ਆਪਣੀ ਬੁੱਧੀ ਦਾ ਪਰਯੋਗ ਸਰਕਾਰ ਨੂੰ ਮੱਤ ਦੇਣ ਲਈ ਕਰੋ ਨਾਂ ਕਿ ਕਿਸਾਨ ਨੂੰ ਬਦਨਾਮ ਕਰਨ ਲਈ। ਇਸ ਦੇਸ ਦਾ ਸਭ ਤੋ ਵੱਡਾ ਹਿਤੈਸੀ ਕਿਸਾਨ ਹੈ ਅਖੌਤੀ ਅਮੀਰ ਲੇਖਕ ਵਰਗ ਨਹੀਂ। ਦੇਸ ਕਿਸਾਨਾਂ ਦੀ ਮਿਹਨਤ ਕਾਰਨ ਰੋਟੀ ਖਾਦਾਂ ਹੈ ਅਮੀਰ ਵਰਗ ਵਾਂਗ ਲੁੱਟ ਕਾਰਨ ਨਹੀਂ ।
                               ਪਾਣੀ ਪਰਦੂਸਣ ਦੀ ਗੱਲ ਕਰਦਿਆਂ ਪੰਜਾਬ ਵਿੱਚ ਪੰਜਾਬੀ ਕਿਸਾਨ ਨੂੰ ਦੋਸੀ ਠਹਿਰਾਇਆ ਜਾਂਦਾਂ ਹੈ। ਕੀ ਪੰਜਾਬੀ ਕਿਸਾਨ ਕੋਈ ਬਿਨਾਂ ਮਤਲਬ ਹੀ ਧਰਤੀ ਹੇਠੋਂ ਪਾਣੀ ਕੱਢ ਰਿਹਾ ਹੈ ਜਾਂ ਮਜਬੂਰੀ ਵੱਸ ਹੋਕੇ , ਸੋਚਣਾਂ ਬਣਦਾ ਹੈ। ਜਦ ਕਿਸਾਨ ਨੂੰ ਨਹਿਰੀ ਪਾਣੀ ਦੇਣਾਂ ਹੀ ਬੰਦ ਅਤੇ ਘੱਟ ਕੀਤਾ ਜਾ ਰਿਹਾ ਹੈ ਉਸ ਕੋਲ ਕਿਹੜਾ ਰਸਤਾ ਬਚਦਾ ਹੈ। ਕਿਸਾਨ ਦਾ ਵਰਤਿਆ ਪਾਣੀ ਧਰਤੀ ਵਿੱਚ ਹੀ ਜਾਂਦਾਂ ਹੈ । ਧਰਤੀ ਹੇਠ ਬਹੁਤਾ ਪਾਣੀ ਜਾਣ ਤੋਂ ਬਾਅਦ ਇੱਕ ਹਿੱਸਾ ਵਾਸਪੀਕਰਣ ਰਾਂਹੀ ਉਪਰ ਉੱਠਦਾ ਹੈ ਜੋ ਕੁਦਰਤੀ ਸਿਸਟਮ ਅਨੁਸਾਰ ਮੀਂਹ ਦੇ ਰੂਪ ਵਿੱਚ ਪਾਕ ਪਵਿੱਤਰ ਹੋਕੇ ਜਾਂ ਸਾਫ ਹੋਕੇ ਫਿਰ ਧਰਤੀ ਹੇਠ ਹੀ ਜਾਂਦਾਂ ਹੈ । ਧਰਤੀ ਦੀਆਂ ਹੇਠਲੀਆਂ ਤਹਿਆਂ ਵਿੱਚ ਜਾਣ ਸਮੇਂ ਪਾਣੀ ਕੁਦਰਤੀ ਤੌਰ ਤੇ ਸਾਫ ਹੋ ਜਾਂਦਾ ਹੈ। ਦੂਸਰੇ ਪਾਸੇ ਉਦਯੋਗਪਤੀਆਂ ਦੁਆਰਾ ਕਾਰਖਾਨਿਆਂ ਵਿੱਚ ਅਤਿ ਘਟੀਆਂ ਕੈਮੀਕਲਾਂ ਨੰ ਮਿਲਾਕੇ ਸਿੱਧਾ ਪਾਈਪਾਂ ਰਾਂਹੀ ਧਰਤੀ ਦੀਆਂ ਹੇਠਲੀਆਂ ਤਹਿਆਂ ਵਿੱਚ ਸੁਟਿਆਂ ਜਾਂਦਾ ਹੈ। ਦੂਸਰੇ ਪਾਸੇ ਅਮੀਰ ਸਹਿਰੀ ਵਰਗ ਘਰੇਲੂ ਕੰਮਾਂ ਵਿੱਚ ਅਨੇਕਾਂ ਕੈਮੀਕਲਾਂ ਦੀ ਵਰਤੋਂ ਕਰਦਾ ਹੈ ਜਿਹਨਾਂ ਨੂੰ ਪਾਣੀ ਵਿੱਚੋਂ ਕੱਢਿਆਂ ਹੀ ਨਹੀਂ ਜਾ ਸਕਦਾ ਅਤੇ ਆਪਣੇ ਸੰਘਣੇਪਣ ਕਾਰਨ ਇਹ ਅਮੀਰ ਸਹਿਰੀਆਂ ਦਾ ਪੈਦਾ ਕੀਤਾ ਪਾਣੀ ਨਾਂ ਧਰਤੀ ਹੇਠ ਜਾਦਾਂ ਹੈ ਅਤੇ ਨਾਂ ਹੀ ਖੇਤਾਂ ਵਿੱਚ ਵਰਤਣ ਦੇ ਯੋਗ ਹੈ । ਇਸ ਬਾਰੇ ਮੀਡੀਆ ਕਦੇ ਪਰਚਾਰ ਯੁੱਧ ਨਹੀਂ ਲੜਦਾ। ਸਹਿਰੀਆਂ ਦੇ ਮੁਕਾਬਲੇ ਪਿੰਡਾਂ ਦੇ ਟੋਭੇ ਛੱਪੜ ਹਾਲੇ ਵੀ ਗੰਧ ਰਹਿਤ ਪਾਣੀ ਨਾਲ ਭਰੇ ਹੁੰਦੇ ਹਨ। ਸਹਿਰੀਆਂ ਦਾ ਗੰਦਾ ਕੀਤਾ ਪਾਣੀ ਡੇਗੂੰ ਵਰਗੇ ਰੋਗ ਪੈਦਾ ਕਰ ਰਿਹਾ ਹੈ ਜਦਕਿ ਪਿੰਡਾਂ ਦੇ ਵਿੱਚ ਹਾਲੇ ਇਹ ਕੁੱਝ ਨਹੀ ਹੋ ਰਿਹਾ। ਇਸ ਤਰਾਂ ਦੀਆਂ ਹਾਲਤਾਂ ਵਿੱਚ ਵੀ ਬਦਨਾਮੀ ਦਾ ਪਰਚਾਰ ਯੁੱਧ ਪੇਡੂਆਂ ਅਤੇ ਕਿਸਾਨਾਂ ਵਿਰੁੱਧ ਹੀ ਚਲਾਇਆਂ ਜਾ ਰਿਹਾ ਹੈ। ਸਾਡੇ ਸਮਾਜ ਵਿੱਚ ਤਕੜਿਆਂ ਦਾ ਸੱਤੀਂ ਵੀਹੀਂ ਸੌ ਗਿਣਿਆ ਜਾਂਦਾ ਹੈ। ਤਕੜੇ ਵਰਗ ਦੇ ਲੋਕ ਪਰਚਾਰ ਯੁੱਧ ਵਿੱਚ ਵੀ ਆਪਣੇ ਆਪ ਨੂੰ ਪਾਕਿ ਸਾਫ ਦੱਸ ਰਹੇ ਹਨ ਅਤੇ ਇਸ ਦੇ ਉਲਟ ਕੁਦਰਤੀ ਅਤੇ ਕੁਦਰਤੀ ਸੋਮਿਆਂ ਦਾ ਸਨਮਾਨ ਕਰਨ ਵਾਲੇ ਲੋਕਾਂ ਦਾ ਪੇਡੂੰ ਅਤੇ ਅਣਪੜ ਕਹਿਕੇ ਮਖੌਲ ਉਡਾਇਆ ਜਾਂਦਾ ਹੈ। ਸਮਾਜ ਦੇ ਵਿੱਚ ਮੀਡੀਆਂ ਵਰਗੇ ਪਰਚਾਰ ਸਾਧਨ ਨੂੰ ਵਰਤਣ ਵਾਲੇ ਲੋਕ ਉੱਚ ਕਲਾਸ ਦੇ ਹਨ ਜਿੰਹਨਾਂ ਨੂੰ ਆਪਣੇ ਆਪ ਤੋਂ ਬਿਨਾਂ ਕੋਈ ਪਾਕਿ ਸਾਫ ਹੀ ਦਿਖਾਈ ਨਹੀਂ ਦਿੰਦਾਂ।
                                 ਕਿਸਾਨ ਵਰਗ ਸਮੁੱਚੇ ਸਮਾਜ ਦਾ ਸਭ ਤੋਂ ਵੱਡਾ ਰੁਜਗਾਰ ਦਾਤਾ ਹੈ। ਵਿੱਦਿਆਂ ਦੇ ਵਿੱਚ 90% ਵਿਦਿਆਰਥੀ ਆਪਣੀ ਆਰਥਿਕਤਾ ਦੀ ਲੁੱਟ ਕਰਵਾ ਕੇ  ਜਦ ਵਾਪਸ ਪਰਤਦੇ ਹਨ ਤਦ ਉਹਨਾਂ ਨੂੰ ਖੇਤੀਬਾੜੀ ਦਾ ਧੰਦਾ ਹੀ ਪਨਾਹ ਦਿੰਦਾਂ ਹੈ। ਦੂਸਰੇ ਪਾਸੇ ਸਮਾਜ ਦੇ ਵਿੱਚ ਜੇ ਕੋਈ ਉਸਾਰੀ ਜਾਂ ਉਤਪਾਦਨ ਕਰਨ ਵਾਲੇ ਅਦਾਰੇ ਖੜੇ ਹੁੰਦੇ ਹਨ ਉਹਨਾਂ ਵਿੱਚੋਂ ਬਹੁਤੇ ਖੇਤੀਬਾੜੀ ਦੇ ਕਾਰਨ ਹੀ ਪੈਦਾ ਹੁੰਦੇ ਹਨ  ਅਤੇ ਇਹਨਾਂ ਵਿੱਚ ਮਜਦੂਰੀ ਕਰਕੇ ਜਿੰਦਗੀ ਜਿਉਂਣ ਵਾਲੇ ਮਜਦੂਰ ਵੀ ਕੁਦਰਤ ਦਾ ਧੰਨਵਾਦ ਕਰਨ ਵੇਲੇ ਕਿਸਾਨੀ ਵਰਗ ਨੂੰ ਭੁੱਲ ਜਾਂਦੇ ਹਨ ਅਤੇ ਅਮੀਰਾਂ ਦੇ ਗੁਣ ਗਾਉਂਦੇਂ ਹਨ। ਸਰਕਾਰੀ ਬਾਬੂਆਂ ਦੇ ਸਰਕਾਰੀ ਅੰਕੜੇਂ ਦੇਸ ਦੀ ਜੀ ਡੀ ਪੀ ਵਿੱਚ ਕਿਸਾਨ ਦਾ ਹਿੱਸਾ ਭਾਵੇਂ ਹਰ ਸਾਲ ਘੱਟ ਕਰੀ ਜਾਂਦੇ ਹਨ ਪਰ ਦੇਸ ਵਿੱਚ ਖੇਤੀਬਾੜੀ ਅਤੇ ਪੇਡੂੰ ਖੇਤਰ ਹੀ ਦੇਸ ਦੇ ਨਾਗਰਿਕਾਂ ਨੂੰ ਰੁਜਗਾਰ ਬਖਸਦਾ ਹੈ ਜਿਸ ਨਾਲ ਦੇਸ ਦੀ ਬਹੁਗਿਣਤੀ ਦਾ ਜੀਵਨ ਬਸਰ ਹੁੰਦਾਂ ਹੈ। ਸੋ ਕਿਸਾਨਾਂ ਅਤੇ ਰੱਬ ਦੇ ਟਿਕਾਣੇ ਪਿੰਡਾਂ ਅਤੇ ਪਿੰਡ ਵਾਲਿਆਂ ਨੂੰ ਬਦਨਾਮ ਕਰਨ ਤੋਂ ਪਹਿਲਾਂ ਇੱਕ ਵਾਰ ਜਰੂਰ ਸੋਚਣਾਂ ਬਣਦਾ ਹੈ ਕਿ ਇਹ ਲੋਕ ਉਨੇਂ ਮਾੜੇ ਨਹੀਂ ਹਨ ਜਿੰਨੇਂ ਬਣਾਏ ਜਾ ਰਹੇ ਹਨ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ  

Sunday 27 October 2013

ਸਿੱਖੀ ਰਵਾਇਤਾਂ ਅਤੇ ਖਾਲਸੇ ਦੀ ਰੂਹ ਦਾ ਘਾਣ

                                        ਸਿੱਖੀ ਰਵਾਇਤਾਂ ਅਤੇ ਖਾਲਸੇ ਦੀ ਰੂਹ ਦਾ ਘਾਣ
                             ਸਿੱਖੀ ਰਵਾਇਤਾਂ ਅਤੇ ਖਾਲਸੇ ਦੇ ਬੋਲਬਾਲੇ ਜਦੋਂ ਰਲਗੱਡ ਹੋ ਜਾਣ ਤਦ ਇੱਕ ਅਸਪਸਟ ਤਸਵੀਰ ਪਰਗਟ ਹੋ ਜਾਂਦੀ ਹੈ ਦਸ ਗੁਰੂਆਂ ਦੇ ਵਾਰਸ ਅਖਵਾਉਣ ਵਾਲਿਆਂ ਦੀ। ਦਸ ਗੁਰੂਆਂ ਨੇ ਉਹਨਾਂ ਦੇ ਫਲਸਫੇ ਦੇ ਰਾਂਹੀਆਂ ਨੂੰ ਭਾਵੇਂ ਇੱਕ ਸਪੱਸਟ ਸੋਚ ਅਤੇ ਸਪੱਸਟ ਫਲਸਫਾ ਦਿੱਤਾ ਹੈ ਪਰ ਜਿਉਂ ਜਿਉਂ ਇਸ ਕੌਮ ਦੇ ਵਾਰਸ ਕਚਘਰੜ ਲੋਕ ਬਣਦੇ ਗਏ ਤਿਉਂ 2 ਇਸ ਕੌਮ ਦੇ ਫਲਸਫੇ ਅਤੇ ਰਵਾਇਤਾਂ ਦੀ ਹਾਲਤ ਖਰਾਬ ਕਰ ਦਿੱਤੀ ਗਈ। ਅੰਗਰੇਜ ਰਾਜਸੱਤਾ ਨੇ ਹੀ ਸਿੱਖ ਕੌਮ ਵਿੱਚ ਵਿਗਾੜ ਪਾਉਣ ਦੀ ਕਸਰ ਨਹੀ ਛੱਡੀ ਸੀ ਪਰ ਉਸ ਤੋਂ ਬਾਅਦ ਹਿੰਦੂ ਮੂਲਵਾਦੀ ਸਰਕਾਰਾਂ ਅਤੇ ਵਰਤਮਾਨ ਵਿੱਚ ਅਖੌਤੀ ਸਿੱਖ ਸਰਕਾਰਾਂ ਅਤੇ ਸਿੱਖ ਕੌਮ ਦੇ ਧਾਰਮਿਕ ਪਰਬੰਧਕਾਂ ਨੇ ਸਭ ਤੋਂ ਜਿਆਦਾ ਤੇਲ ਸਿੱਖ ਫਲਸਫੇ ਦੇ ਜੜੀਂ ਦੇਣ ਦੀ ਕੋਸਿਸ ਕੀਤੀ ਹੈ। ਗੁਰੂਆਂ ਦੇ ਫਲਸਫੇ ਨੂੰ ਮੰਨਣ ਵਾਲੇ ਲੋਕ ਕਿਸੇ ਦੁਨਿਆਵੀ ਧਰਮ ਦੇ ਕਾਇਲ ਨਹੀ ਸਨ । ਗੁਰੂਆਂ ਦਾ ਉਪਦੇਸ ਸਿਰਫ ਗਿਆਨ ਦੇਣ ਦਾ ਅਤੇ ਹਾਸਲ ਕਰਨ ਦਾ ਸੀ ਜਹਾਂ ਗਿਆਨ ਤਹਾਂ ਧਰਮੁ ਹੈ  ਦਾ ਹੁਕਮ ਗਰੰਥ ਸਾਹਿਬ ਵਿੱਚ ਦਰਜ ਹੈ। ਸਮਾਜਕ ਧਰਮ ਰਾਜਸੱਤਾ ਦੀ ਪੈਦਾਇਸ ਹਨ ਅਵਤਾਰੀ ਪੁਰਸਾਂ ਦੇ ਨਹੀਂ।
       ਇਸ ਤਰਾਂ ਹੀ ਗੁਰੂਆਂ ਦੀ ਸੋਚ ਨੂੰ ਸਮੱਰਪਣ ਲੋਕਾਂ ਲਈ ਖਾਲਸਾ ਬਣਨ ਦਾ ਰਾਹ ਹੈ ਜੋ ਵਰਤਮਾਨ ਵਿੱਚ ਰਾਜਸੱਤਾ ਦੁਆਰਾ ਪੂਰੇ ਦਾ ਪੂਰਾ ਬਦਲ ਦਿੱਤਾ ਗਿਆ ਹੈ। ਗੁਰੂਆਂ ਨੇ ਅੰਮਿ੍ਰਤ ਸਿਰਫ ਸੱਚ ਨੂੰ ਹੀ ਕਿਹਾ ਹੈ ( ਅੰਮਿ੍ਰਤ ਏਕੋ ਨਾਮ ਹੈ ) ਪਰ ਵਰਤਮਾਨ ਵਿੱਚ ਖੰਡੇ ਬਾਟੇ ਦੀ ਪਾਹੁਲ ਨੂੰ ਹੀ ਅੰਮਿ੍ਰਤ ਵਿੱਚ ਬਦਲ ਦਿੱਤਾ ਗਿਆ ਹੈ। ਗੁਰੂਆਂ ਨੇ ਖੰਡੇ ਬਾਟੇ ਦੀ ਪਾਹੁਲ ਦੇਣ ਦਾ ਇਨਕਲਾਬੀ ਕਦਮ ਚੁਕਿਆ ਸੀ ਅਤੇ ਇਹ ਪਾਹੁਲ ਸਿਰਫ ਉਹੀ ਲੋਕ ਲੈ ਸਕਦੇ ਸਨ ਜੋ ਸਿਰ ਵਾਰਨ ਦਾ ਪ੍ਰਣ ਕਰਦੇ ਸਨ । ਸਿਰ ਨਾਂ ਦੇਣ ਵਾਲੇ ਭਾਵ ਸਹੀਦੀ  ਪਾਉਣ ਤੋਂ ਡਰਨ ਵਾਲੇ ਨੂੰ ਖੰਡੇ ਬਾਟੇ ਦੀ ਪਾਹੁਲ ਨਹੀਂ ਦਿੱਤੀ ਜਾਂਦੀ ਸੀ। ਵਰਤਮਾਨ ਵਿੱਚ ਇਹ ਸਿੰਘ ਬਣਾਉਣ ਵਾਲੀ  ਪਾਹੁਲ ਏਨੀ ਸਸਤੀ ਕਰ ਦਿੱਤੀ ਗਈ ਹੈ ਕਿ ਇਹ ਡਰਪੋਕ ਅਤੇ ਅਨੇਕਾਂ ਮਾਨਸਿਕ ਬਿਮਾਰੀਆਂ ਦੇ ਸਿਕਾਰ ਵਿਅਕਤੀਆਂ ਨੂੰ ਵੀ ਦਿੱਤੀ ਜਾ ਰਹੀ ਹੈ ਸਿਰਫ ਗਿਣਤੀ ਵਧਾਉਣ ਲਈ ।
 ਜਦ ਕਿਧਰੇ ਸਮਾਜ ਦੁਸਮਣ ਲੋਕ ਬੋਲਦੇ ਹੋਣ ਤਾਂ ਵਰਤਮਾਨ ਦੇ ਅੰਮਿ੍ਰਤ ਧਾਰੀ (ਸਿੰਘ ਖਾਲਸੇ) ਘਰਾਂ ਅੰਦਰ ਲੁਕ ਜਾਂਦੇ ਹਨ ਜਦ ਕਿ ਗੁਰੂਆਂ ਦੇ ਸਮੇਂ ਦੇ ਖਾਲਸੇ ਗੱਜ ਵੱਜ ਕੇ ਬਾਹਰ ਨਿਕਲਿਆ ਕਰਦੇ ਸਨ। ਗੁਰੂਆਂ ਨੇ ਖਾਲਸਾ ਪੰਥ ( ਰਾਹ ) ਚਲਾਇਆਂ ਸੀ ਜਿਸ ਜਿਸ ਉਪਰ ਖਾਲਸਾ ਫੌਜ ਤੁਰਿਆ ਕਰਦੀ ਸੀ । ਫੌਜ ਕਦੇ ਹਥਿਆਰ ਰਹਿਤ ਨਹੀਂ ਹੁੰਦੀ ਅਤੇ ਨਾਂ ਹੀ ਕਦੇ ਡਰਦੀ ਹੈ । ਖਾਲਸਾ ਸਿੱਖਣ ਵਾਲੇ ਸਿੱਖਾਂ ਦੀ ਨਹੀ ਇਹ ਤਾਂ ਸਹੀਦੀ ਪਾਉਣ ਵਾਲੇ ਮਰਜੀਵੜਿਆਂ ਦੀ ਫੌਜ ਹੁੰਦੀ ਹੈ। ਕੋਈ ਜਰੂਰੀ ਨਹੀਂ ਹੁੰਦਾਂ ਕਿ ਦੁਨੀਆਂ ਦਾ ਹਰ ਬੰਦਾਂ ਸਹੀਦੀ ਦਾ ਰਾਹ ਚੁਣ ਸਕੇ । ਗੁਰੂ ਵਾਲਾ ਤਾਂ ਹਰ ਕੋਈ ਬਣ ਸਕਦਾ ਹੈ ਭਾਵੇਂ ਖੰਡੇ ਬਾਟੇ ਦੀ ਪਾਹੁਲ ਨਾਂ ਵੀ ਲਵੇ ਪਰ ਸਹੀਦੀ ਤੋਂ ਡਰਨ ਵਾਲਾ ਕਦੇ ਖਾਲਸਾ ਫੌਜ ਦਾ ਸਿਪਾਹੀ ਨਹੀਂ ਬਣ ਸਕਦਾ ਗੁਰੂ ਵਾਲਾ ਤਾਂ ਦੁਨੀਆਂ ਦਾ ਹਰ ਬੰਦਾਂ ਹੁੰਦਾਂ ਹੀ ਹੈ ਜੋ ਸਿੱਖਣ ਦੇ ਰਾਹ ਤੁਰ ਪੈਂਦਾਂ ਹੈ। ਅਸਲੀ ਸਿੱਖ ਉਹ ਹੀ ਹੁੰਦਾਂ ਹੈ ਜੋ ਸਿੱਖਣ ਤੁਰਦਾ ਹੋਵੇ ਪਰ ਜਿਹੜੇ ਲੋਕ ਸਿੱਖਣ ਦੀ ਥਾਂ ਸਿਖਾਉਣ ਤੁਰ ਪੈਂਦੇ ਹਨ ਜਾਂ ਤਾਂ ਉਹ ਪੂਰਨ ਪੁਰਖ ਹੁੰਦੇ ਹਨ ਜਾਂ ਫਿਰ ਮੂਰਖ । ਸਿੱਖਣ ਵਾਲਿਆਂ ਲਈ ਗੁਰੂਆਂ ਨੇ ਹਿੰਦੋਸਤਾਨ ਦੇ ਇਲਾਕੇ ਵਿੱਚ ਹੋਏ ਅਵਤਾਰੀ ਪੁਰਸਾਂ ਦੇ ਇੱਕ ਵੱਡੇ ਹਿੱਸੇ ਦਾ ਫਲਸਫਾ ਇਕੱਠਾ ਕੀਤਾ ਜਿਸ ਵਿੱਚ ਮੁਸਲਮਾਨ ਅਤੇ ਹਿੰਦੂ ਫਕੀਰ ਲੋਕ ਸਾਮਲ ਹਨ । ਗੁਰੂ ਨਾਨਕ ਦੁਆਰਾ ਉਸ ਸਮੇਂ ਅਨੁਸਾਰ ਸੱਚ ਸਮਝੇ ਜਾਣ ਵਾਲੇ ਉਪਦੇਸ ਇਕੱਠੇ ਕਰਕੇ ਪੋਥੀ ਰੂਪ ਵਿੱਚ ਆਪਣੇ ਕੋਲ ਰੱਖੇ ਜੋ ਅੱਗੇ ਜਾਕੇ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਗਰੰਥ ਸਾਹਿਬ ਦੇ ਰੂਪ ਵਿੱਚ ਸੰਪਾਦਿਤ ਕੀਤੇ । ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਗੁਰੂ ਰੂਪ ਦਾ ਮੰਨਣ ਦਾ ਹੁਕਮ ਕੀਤਾ । ਗੁਰੂ ਜੀ ਨੇ ਦੇਹ ਧਾਰੀ ਗੁਰੂ ਜਾਂ ਆਗੂ ਦੀ ਪਰੰਪਰਾਂ ਬੰਦ ਨਹੀਂ ਕੀਤੀ ਜੋ ਅਜਕਲ ਪਰਚਾਰਿਆ ਜਾ ਰਿਹਾ ਹੈ । ਗੁਰੂ ਜੀ ਨੇ ਕਿਹਾ ਸੀ ਗੁਰੂ ਗਰੰਥ ਜੀ ਵਿੱਚ ਜੋ ਲਿਖਿਆ ਹੈ ਉਸ ਤੋਂ ਅਗਵਾਈ ਲੈਣੀ ਅਤੇ ਸਮੇਂ ਅਨੁਸਾਰ ਗੁਰੂ ਗਰੰਥ ਦੀ ਰਹਿਨਮਾਈ  ਹੇਠ ਪੰਚਾਇਤੀ ਰੂਪ ਵਿੱਚ ਨਵੇਂ ਫੈਸਲੇ ਲੈਣ ਦੀ ਪਰੰਪਰਾਂ ਦੀ ਵੀ ਨੀਂਹ ਰੱਖੀ ਸੀ।
                  ਸਮੇਂ ਦੇ ਨਾਲ ਖਾਲਸਾ ਫੌਜ ਦੇ ਆਗੂ ਗੁਰੂਆਂ ਦੇ ਹੁਕਮ ਤੋਂ ਬਾਗੀ ਹੁੰਦੇ ਗਏ ਜਿਸਦੀ ਨੀਂਹ ਰਣਜੀਤ ਸਿੰਘ ਹੁਕਮਰਾਨ ਤੋਂ ਵੱਡੇ ਪੱਧਰ ਤੇ ਸੁਰੂ ਹੋਈ ਭਾਵੇਂ ਇਸ ਤੋਂ ਪਹਿਲਾਂ ਬੰਦੇ ਬਹਾਦਰ ਦੇ ਕੁਝ ਸਾਥੀ ਵੀ ਸਰਕਾਰਾਂ ਦੇ ਸਾਥੀ ਬਣਕੇ ਖਾਲਸਾ ਫੌਜ ਨੂੰ ਪਾਟੋ ਧਾੜ ਕਰਨ ਦੇ ਦੋਸੀ ਬਣ ਗਏ ਸਨ ਜੋ ਆਪਣੇ ਆਪ ਨੂੰ ਤੱਤ ਖਾਲਸਾ ਕਹਿੰਦੇ ਸਨ । ਇਸ ਤਰਾਂ ਰਾਜ ਸਤਾ ਨੇ ਗੁਰੂਆਂ ਦੇ ਫਲਸਫੇ ਨੂੰ ਮੇਟਣ ਦਾ ਸਮੇਂ ਸਮੇਂ ਤੇ ਪੂਰਾ ਜੋਰ ਲਾਇਆ । ਅੰਗਰੇਜਾਂ ਨੇ ਤਾਂ ਬਹੁਤ ਯੋਜਨਾਂ ਬੰਦੀ ਨਾਲ ਗੁਰੂਆਂ ਦੇ ਵਾਰਸਾਂ ਨੂੰ ਗੁੰਮਰਾਹ ਕਰਨ ਲਈ ਅਤੇ ਖਾਲਸੇ ਨੂੰ ਆਪਣੇ ਲਈ ਵਰਤਣ ਲਈ ਨੀਤੀਆਂ ਬਣਾਈਆਂ। ਅੰਗਰੇਜ ਕੌਮ ਸਿੱਖ ਆਗੂਆਂ ਦੀ ਸੋਚ ਉਪਰ ਭਾਰੂ ਪਈ । ਦੇਹਧਾਰੀ ਨੂੰ ਨਾਂ ਮੰਨਣ ਦੀ ਪਰੰਪਰਾਂ ਵੀ ਰਾਜਸੱਤਾ ਨੇ ਹੀ ਸੁਰੂ ਕਰਵਾਈ ਹੈ ਪਰ ਗੁਰੂ ਗਰੰਥ ਦੇ ਲੱਗ ਭੱਗ ਹਰ ਪੰਨੇ ਤੇ ਦੇਹਧਾਰੀਆਂ ਦਾ ਸਤਿਕਾਰ ਮਿਲਦਾ ਹੈ। ਗੁਰੂ ਗਰੰਥ ਸਾਹਿਬ ਵਿੱਚ ਸਮੁੱਚੀ ਬਾਣੀ ਦੇਹਧਾਰੀਆਂ ਦੀ ਲਿਖੀ ਹੋਈ ਹੈ ਫਿਰ ਗੁਰੂਆਂ ਦੇ ਵਾਰਸਾਂ ਨੂੰ ਆਗੂ ਵਿਹੂਣੇ ਕਰਨ ਲਈ ਇਹ ਰਵਾਇਤ ਚਾਲੂ ਕੀਤੀ ਗਈ । ਅੰਗਰੇਜਾਂ ਤੋਂ ਬਅਦ ਨਵੀ ਰਾਜਸੱਤਾ ਨੇ ਵੀ ਖਾਲਸਾਈ ਰਵਾਇਤਾਂ ਨੂੰ ਮਲੀਆਂ ਮੇਟ ਕਰਨ ਦੀਆਂ ਨੀਤੀਆਂ ਜਾਰੀ ਰੱਖੀਆਂ ਜਿਸ ਵਿੱਚ ਪੰਥਕ ਸਰਕਾਰਾਂ ਅਤੇ ਅਖੌਤੀ ਪੰਥਕ ਆਗੂਆਂ ਨੇ ਭਰਵਾਂ ਸਹਿਯੋਗ ਦਿੱਤਾ ।ਅੱਜ ਦੇ ਸਮੇਂ ਵਿੱਚ ਸਿੱਖ ਗੁਰੂਆਂ ਦੁਆਰਾ ਪਰਚਾਰੇ ਫਲਸਫੇ ਨੂੰ ਮੰਨਣ ਵਾਲੇ ਹਿੰਦੂ ਮੁਸਲਮਾਨਾਂ ਅਤੇ ਸਿੱਖਾਂ ਨੂੰ ਵਰਤਮਾਨ ਅੰਮਿ੍ਰਤਧਾਰੀ ਨਫਰਤ ਦੀ ਨਿਗਾਹ ਨਾਲ ਦੇਖਦੇ ਹਨ । ਭਾਵੇਂ ਗੁਰੂ ਗੋਬਿੰਦ ਸਿੰਘ ਤੱਕ ਹਰ ਸਿੱਖਣ ਵਾਲਾ ਹਿੰਦੂ ਮੁਸਲਮਾਨ ਗੁਰੂਆਂ ਦਾ ਸਤਿਕਾਰ ਦਾ ਪਾਤਰ ਸੀ ਭਾਵੇਂ  ਭਾਈ ਨੰਦਲਾਲ ਵਰਗੇ ਕੇਸ ਕਤਲ ਕਰਾਉਣ ਵਾਲਾ ਵੀ ਗੁਰੂਆਂ ਦੇ ਸਤਿਕਾਰ ਦਾ ਪਾਤਰ ਸੀ ਪਰ ਵਰਤਮਾਨ ਵਿੱਚ ਇਸ ਤਰਾਂ ਗੁਰੂ ਫਲਸਫੇ ਨੂੰ ਪਿਆਰ ਕਰਨ ਵਾਲੇ ਨਫਰਤ ਦੇ ਪਾਤਰ ਬਣ ਗਏ ਹਨ । ਅਸਲ ਵਿੱਚ ਗੁਰੂਆਂ ਦੇ ਫਲਸਫੇ ਨੂੰ ਪਰਚਾਰਨ ਵਾਲੇ ਲੋਕ ਰਾਜਸੱਤਾ ਦੇ ਗੁਲਾਮ ਬਣ ਗਏ ਹਨ। ਗੁਰੂ ਗੋਬਿੰਦ ਸਿੰਘ ਦੀ ਭਵਿੱਖਬਾਣੀ ਵੀ ਸੱਚ ਸਾਬਤ ਹੋਈ ਹੈ ਜਿਸ ਅਨੁਸਾਰ ਗੁਰੂ ਦੀ ਸੋਚ ਪਰਚਾਰਨ ਵਾਲੇ ਲੋਕਾਂ ਦੇ ਆਗੂ ਰਾਜਸੱਤਾ ਦੇ ਅੰਗ ਬਣ ਚੁੱਕੇ ਹਨ। ਗੁਰੂਆਂ ਦੀ ਸੋਚ ਪਰਚਾਰਨ ਵਾਲੇ ਅਤੇ ਅਮਲੀ ਰੂਪ ਵਿੱਚ ਲਾਗੂ ਕਰਨ ਵਾਲੇ ਕਿਸੇ ਮਹਾਨ ਯੋਧੇ ਦੀ ਉਡੀਕ ਹਾਲੇ ਹੋਰ ਕਰਨੀਂ ਪਵੇਗੀ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ  

Saturday 12 October 2013

ਪੰਜਾਬੀ ਸਭਿਆਚਾਰ ਦੀ ਇੱਕ ਵੱਖਰੀ ਪਛਾਣ

                               
                                                       ਸਮੁੱਚੇ ਵਿਸਵ ਵਿੱਚ ਅਤੇ ਖਾਸਕਾਰ ਭਾਰਤੀ ਮਹਾਂਦੀਪ ਵਿੱਚ ਪੰਜਾਬੀ ਸਭਿਆਚਾਰ ਦੀ ਇੱਕ ਵੱਖਰੀ ਪਛਾਣ ਰਹੀ ਹੈ । ਪੰਜਾਬ ਦੇ ਲੋਕ ਬਹਾਦਰ ,ਦਲੇਰ ਅਤੇ ਸੂਰਮੇ ਲੋਕਾਂ ਦੀ ਧਰਤੀ ਰਿਹਾ ਹੈ। ਇਸ ਧਰਤੀ ਤੇ ਬਹੁਤ ਸਾਰੇ ਅਵਤਾਰੀ ਪੁਰਸਾਂ ਨੇ ਜਨਮ ਲਿਆ ਜਿਹਨਾਂ ਨੇ ਦੁਨੀਆਂ ਨੂੰ ਜਿੰਦਗੀ ਜਿਉਣ ਦੀਆਂ ਨਵੀਆਂ ਜੀਵਨ ਜਾਚਾਂ ਬਖਸੀਆਂ ਹਨ। ਇੱਥੋ ਦੇ ਬਹੁਤ ਸਾਰੇ ਰਾਜਿਆਂ ਨੇ ਬਹਾਦਰੀ ਅਤੇ ਰਾਜਸੱਤਾ ਦੇ ਧਰਮ ਦੀਆਂ ਉੱਚਤਮ ਮਿਸਾਲਾਂ ਪੇਸ ਕੀਤੀਆਂ ਹਨ ਜਿਸ ਤਰਾਂ ਪੋਰਸ ਨੇ ਸਿਕੰਦਰ ਤੋਂ ਹਾਰਨ ਤੇ ਰਹਿਮ ਦੀ ਭੀਖ ਨਹੀਂ ਮੰਗੀ ਸੀ ਸਗੋਂ ਜਿਸ ਤਰਾਂ ਹਾਰੇ ਹੋਏ ਰਾਜੇ ਨਾਲ ਸਲੂਕ ਕੀਤਾ ਜਾਂਦਾ ਹੈ ਦੀ ਮੰਗ ਕੀਤੀ ਸੀ। ਗੁਰੂ ਅਰਜਨ ਦੇਵਜੀ ਅਤੇ ,ਗੁਰੂ ਤੇਗ ਬਹਾਦਰ ਜੀ ਨੇ ਆਮ ਲੋਕਾਂ ਦੇ ਹੱਕਾਂ ਲਈ ਸਹੀਦੀ ਦੇਕੇ ਉੱਚਤਮ ਕਿਰਦਾਰ ਦੀ  ਮਿਸਾਲ ਪੇਸ ਕੀਤੀ ਹੈ ਜੋ ਪੰਜਾਬੀ ਸਭਿਆਚਾਰ ਦੀ ਇੱਕ ਮਹਾਨ ਮਿਸਾਲ ਹੈ। ਸਮੇਂ ਸਮੇਂ ਤੇ ਪੰਜਾਬੀ ਲੋਕਾਂ ਨੇ ਦੁਨੀਆਂ ਸਾਹਮਣੇ ਆਪਣੇ ਮਹਾਨ ਕਿਰਦਾਰ ਰਾਂਹੀ ਸਾਡੇ ਸਭਿਅਚਾਰ ਦੀਆਂ ਝਲਕੀਆਂ ਪੇਸ ਕੀਤੀਆਂ ਹਨ। ਪੰਜਾਬੀ ਸਭਿਆਚਾਰ ਇਸਤਰੀ ਦੀ ਇੱਜਤ ਦਾ ਸਦਾ ਹੀ ਰਾਖਾ ਰਿਹਾ ਹੈ। ਸਿੱਖ ਇਤਿਹਾਸ ਵਿੱਚ ਅਨੇਕਾਂ ਘਟਨਾਵਾਂ  ਜਿਹਨਾਂ ਵਿੱਚ ਜਾਲਮ ਰਾਜਸੱਤਾ ਵੱਲੋਂ ਜਦ ਭਾਰਤੀ ਇਸਤਰੀਆਂ ਨੂੰ ਅਗਵਾ ਕਰਕੇ ਵਿਦੇਸਾਂ ਵਿੱਚ ਲਿਜਾਇਆ ਜਾਂਦਾ ਸੀ ਤਦ ਪੰਜਾਬੀ ਸੂਰਮੇ ਲੋਕਾਂ ਨੇ ਬਹੂ ਬੇਟੀਆਂ ਦੀ ਰਾਖੀ ਲਈ ਜਾਨ ਦੀ ਪਰਵਾਹ ਕੀਤੇ ਬਿਨਾਂ ਉਹਨਾਂ ਦੀ ਰਾਖੀ ਲਈ ਲੜਾਈਆਂ ਤੋਂ ਕਦ ਪਾਸਾ ਨਹੀਂ ਵੱਟਿਆ ਸੀ।
loading...

                      ਪੰਜਾਬੀ ਲੋਕਾਂ ਦੇ ਸੁਭਾਅ ਵਿੱਚ ਜਨਮ ਤੋਂ ਲੈਕੇ ਮਰਨ ਤੱਕ ਦੀਆਂ ਰਵਾਇਤਾਂ ਵਿੱਚ ਸੰਗੀਤ ਅਤੇ ਗੀਤ ਸਭਿਆਚਾਰ ਭਾਰੂ ਰਿਹਾ ਹੈ। ਪੰਜਾਬੀ ਪਰੀਵਾਰਾਂ ਵਿੱਚ ਜਨਮ ਸਮੇਂ ਵੀ ਗੀਤ ਗਾਕੇ ਖੁਸੀਆਂ ਦਾ ਪਰਗਟਾਵਾ ਕੀਤਾ ਜਾਂਦਾ ਹੈ ਵਿਆਹ ਦੀਆਂ ਰਸਮਾਂ ਵੀ ਗੀਤਾਂ ਭਰੀਆਂ ਮਹਿਫਲਾਂ ਨਾਲ ਖੁਸੀਆਂ ਜਾਹਰ ਕੀਤੀਆਂ ਜਾਂਦੀਆਂ ਰਹੀਆਂ ਹਨ । ਪੰਜਾਬੀਆਂ ਦੇ ਮਰਨ ਤੇ ਵੀ ਵੈਣ ਰੂਪੀ ਗੀਤ ਹੀ ਗਾਏ ਜਾਂਦੇ ਹਨ ਜੋ ਖੁਸੀਆਂ ਦੀ ਥਾਂ ਮਨੁੱਖੀ ਮਨ ਦੇ ਵੈਰਾਗ ਦੀ ਉਪਜ ਹਨ । ਹਰ ਖੁਸੀ ਦੇ ਮੌਕੇ ਤੇ ਗੀਤ ਸੰਗੀਤ ਦੇ ਨਾਲ ਗਿੱਧੇ , ਭੰਗੜੇ  ਅਤੇ ਢੋਲ ਦੇ ਡੱਗੇ ਦਾ ਵੱਜਣਾਂ ਵੀ ਆਮ ਵਰਤਾਰਾ ਰਿਹਾ ਹੈ । ਪੰਜਾਬੀ ਲੋਕ ਕਦੇ ਵੀ ਮੰਗਤੇ ਬਣਨ ਦੀ ਥਾਂ ਕਿਰਤ ਤੇ ਹੀ ਟੇਕ ਰੱਖਦੇ ਰਹੇ ਹਨ। ਪੰਜਾਬੀ ਸਭਿਆਚਾਰ ਵਿੱਚ ਗੁਲਾਮੀ ਵਿੱਚ ਜੀਣ ਦੀ ਥਾਂ ਅਜਾਦ ਰਹਿਣ ਨੂੰ ਹੀ ਇੱਜਤ ਨਾਲ ਦੇਖਿਆ ਜਾਂਦਾ ਰਿਹਾ ਹੈ। ਪੰਜਾਬੀ ਲੋਕ ਸਦਾ ਹੀ ਪਿਆਰ ਦੇ ਪੁਜਾਰੀ ਰਹੇ ਹਨ । ਜਿਹਨਾਂ ਵੀ ਲੋਕਾਂ ਜਾਂ ਰਾਜ ਸੱਤਾਵਾਂ ਨੇ ਇਹਨਾਂ ਵੱਲ ਪਿਆਰ ਨਾਲ ਹੱਥ ਵਧਾਇਆਂ ਉਹਨਾਂ ਦੇ ਲਈ ਇਹਨਾਂ ਕਦੇ ਵੀ ਜਾਨ ਦੀ ਬਾਜੀ ਤੱਕ ਲਾਉਣ ਦੀ ਪਰਵਾਹ ਨਹੀਂ ਕੀਤੀ । ਗੁਰੂ ਗੋਬਿੰਦ ਸਿੰਘ ਵੱਲ ਜਦ ਔਰੰਗਜੇਬ ਦੇ ਪੁੱਤਰ ਵੱਲੋਂ ਦੋਸਤੀ ਦਾ ਹੱਥ ਵਧਾਇਆ ਗਿਆ ਤਦ ਗੁਰੂ ਜੀ ਨੇ ਆਪਣੇ ਨਾਲ ਹੋਏ ਸਾਰੇ ਜੁਲਮ ਭੁਲਾਕੇ ਵੀ ਬਹਾਦਰ ਸਾਹ ਨੂੰ ਰਾਜਗੱਦੀ ਦਿਵਾਉਣ ਲਈ ਜੰਗ ਲੜੀ। ਪੰਜਾਬੀ ਲੋਕ ਆਪਣੇ ਹੱਕ ਲੈਣ ਤੋਂ ਵੀ ਕਦੇ ਪਿੱਛੇ ਨਹੀ  ਹਟਦੇ  । ਜਦ ਬਹਾਦਰ ਸਾਹ ਗੁ੍ਰੂ ਜੀ ਨਾਲ ਵਾਅਦਾ ਖਿਲਾਫੀ ਕੀਤੀ ਤਦ ਬੰਦੇ ਬਹਾਦਰ ਨੇ ਗੁਰੂਆਂ ਦੇ ਅਦੇਸ ਤੇ ਮੁਗਲ ਸਾਮਰਾਜ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸੀ । ਪੰਜਾਬੀ ਲੋਕ ਦਿਲ ਵਿੱਚ ਨਫਰਤ ਨੂੰ ਸਦਾ ਲਈ ਨਹੀਂ ਰੱਖਦੇ ਜਹਾਂਗੀਰ ਵੱਲੋਂ ਗੁਰੂਆਂ ਨਾਲ ਲੱਖ ਜੁਲਮ ਕਰਨ ਤੇ ਵੀ ਗੁਰੂ ਹਰਗੋਬਿੰਦ ਜੀ ਨੇ ਬਿਮਾਰੀ ਦੀ ਹਾਲਤ ਵਿੱਚ ਜਹਾਂਗੀਰ ਦੀ ਮੱਦਦ ਕੀਤੀ। ਇਸ ਤਰਾਂ ਦਾ ਹੀ ਹੈ ਪੰਜਾਬੀ ਸਭਿਆ ਚਾਰ । ਪੰਜਾਬੀਆਂ ਦਾ ਪਹਿਰਾਵਾ ਵੀ ਇਹਨਾਂ ਦੇ ਖੁੱਲੇ ਡੁੱਲੇ ਸੁਭਾਅ ਵਾਂਗ ਖੁੱਲਾ ਰਿਹਾ ਹੈ। ਕੁੜਤੇ ਚਾਦਰੇ ਅਤੇ ਘੱਘਰੇ ਕਦੇ ਪੰਜਾਬੀ ਸਭੀਆਚਾਰ ਦੀ ਪਛਾਣ ਹੋਇਆ ਕਦੇ ਸਨ । ਖੁੱਲੇ ਵਿਹੜੇ ,ਖੁੱਲੇ ਦਿਲ , ਪਾਕ ਪਵਿੱਤਰ ਬੋਲੀ ਦੇ ਮਾਲਕ ਪੰਜਾਬੀ ਦੁਨੀਆਂ ਦੇ ਉੱਪਰ ਵੱਖਰੇ ਹੀ ਨਜਰ ਆਉਂਦੇ ਸਨ।
                          ਸਮੇਂ ਦੇ ਨਾਲ ਤਰੱਕੀ ਅਤੇ ਮਸੀਨੀ ਕਰਨ ਜਾਂ ਤਕਨੀਕ ਦੇ ਯੁੱਗ ਨੇ ਪੰਜਾਬੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਪੰਜਾਬ ਦੀ ਧਰਤੀ ਜਰਖੇਜ ਧਰਤੀ ਹੈ ਇਸ ਵਿੱਚ ਜਹਿਰ ਵੀ ਬੀਜ ਦਿੱਤੀ ਜਾਵੇ ਤਾਂ ਉਸਦੀ ਫਸਲ ਵੀ ਲਹਿ ਲਹਾ ਉਠਦੀ ਹੈ। ਤਕਨੀਕ  ਦੇ ਬੀਜ ਨੇ ਵੀ ਪੰਜਾਬੀ ਧਰਤੀ ਉਪਰ ਆਪਣਾਂ ਹੱਕ ਜਮਾ ਲਿਆ ਹੈ ।
ਤਕਨੀਕ ਵਿੱਚੋਂ ਉਪਜੇ ਨਵੇਂ ਸਭਿਆਚਾਰ ਨੇ ਪੰਜਾਬੀਆਂ ਨੂੰ ਆਪਣੀ ਵਿੱਚ ਲਪੇਟ ਵਿੱਚ ਲੈ ਲਿਆਂ ਹੈ ਜਿਸ ਕਾਰਨ ਪੰਜਾਬੀ ਹੁਣ ਆਪਣੇ ਵਿਰਸੇ ਦੇ ਮਹਾਨ ਪਹਿਰਾਵੇ ਕੁੜਤੇ ਚਾਦਰੇ ਅਤੇ ਲਹਿੰਗਿਆਂ ਦੀ ਥਾਂ ਅੰਗਰੇਜੀ ਪਹਿਰਾਵਿਆਂ ਵੱਲ ਕੂਚ ਕਰ ਗਏ ਹਨ। ਕੁੜਤੇ ਪਜਾਮਿਆਂ ਦੀ ਥਾਂ ਜੀਨਾਂ ਸਰਟਾਂ ਨੇ ਮੱਲ ਲਈ ਹੈ ਕਛਿਹਰਿਆਂ ਦੀ ਥਾਂ ਅੰਡਰਵੀਅਰ ਆ ਗਏ ਹਨ। ਘੱਘਰੇ ਲਹੰਗੇ ਦੀ ਥਾਂ ਲੈਗ ਵੀਅਰ ਵਰਗੇ ਤੰਗ ਕੱਪੜੇ ਪਾਏ ਜਾਣ ਲੱਗੇ ਹਨ।  ਭਾਵੇਂ ਸਮੇਂ ਨਾਲ ਬਦਲਾ ਹੋਣੇ ਲਾਜਮੀ ਹਨ ਪਰ ਪੰਜਾਬੀ ਪਹਿਰਾਵੇ ਪੰਜਾਬੀਆਂ ਦੇ ਔਖੇ ਅਤੇ ਗਰੀਬੀ ਦੇ ਸਮੇਂ ਵਿੱਚ ਇੱਕ ਹੋਣ ਦੇ ਬਾਵਜੂਦ ਅਨੇਕ ਕੰਮ ਕਰਦੇ ਸਨ । ਚਾਦਰਾ ਮਨੁੱਖ ਦਾ ਪਰਦਾ ਹੁੰਦਾਂ ਸੀ ਜੋ ਰਾਤ ਨੂੰ ਜਾਂ ਲੋੜ ਪੈਣ ਤੇ ਸੌਣ ਸਮੇਂ ਉੱਪਰ ਲਿਆ ਜਾਂਦਾ ਸੀ ਨਹਾਉਣ ਵਕਤ ਪਿੰਡਾਂ ਸਾਫ ਕਰਨ ਲਈ ਵਰਤਿਆ ਜਾਂਦਾ ਸੀ ਦਿਨ ਸਮੇਂ ਅਰਾਮ ਕਰਨ ਸਮੇਂ ਥੱਲੇ ਵਿਛਾਉਣ ਦਾ ਕੰਮ ਦਿੰਦਾਂ ਸੀ । ਸਮੇਂ ਦੀ ਮੰਗ ਅਨੁਸਾਰ ਪੰਜਾਬੀ ਸਭਿਆਚਾਰ ਦੀ ਪਛਾਣ ਮੰਜਾ ਰਾਤ ਨੂੰ ਸੌਣ ਦਾ ਦਿਨੇ ਬੈਠਣ ਦਾ ਰੋਟੀ ਪਕਾਉਣ ਸਮੇਂ  ਛਾਂ ਦਾ , ਨਹਾਉਣ ਸਮੇਂ ਪਰਦੇ ਦਾ ਕੰਮ ਦਿਆ ਕਰਦਾ ਸੀ ਜੋ ਅੱਜਕਲ ਦੇ ਪੇਟੀ ਬੈੱਡ ਨਹੀਂ ਕਰ ਸਕਦੇ । ਪੁਰਾਤਨ ਪੰਜਾਬੀ ਸਭਿਆਚਾਰ ਦੀ ਬਦੌਲਤ ਹੀ ਪੰਜਾਬੀ ਲੋਕ ਅੱਜ ਦੇ ਵਿਕਾਸ ਦੀ ਗੱਡੀ ਚੜ ਸਕੇ ਹਨ ਪੰਜਾਬੀ ਸਭਿਆਚਾਰ ਦੀਆਂ ਪੁਰਾਤਨ ਨਿਸਾਨੀਆਂ ਸਾਡੀ ਮਹਾਨ ਵਿਰਾਸਤ ਬਣ ਚੁੱਕੀਆਂ ਹਨ। ਪੰਜਾਬੀ ਵਿਰਾਸਤ ਬਹੁਤ ਹੀ ਮਹਾਨ ਹੈ ਜਿਸਨੇ ਪੰਜਾਬੀਆਂ ਨੂੰ ਗੱਡਿਆਂ ਤੋਂ ਗੱਡੀਆਂ ਜਾਂ ਜਹਾਜਾਂ ਰਾਕਟਾਂ ਤੱਕ ਦਾ ਸਫਰ ਤਹਿ ਕਰਵਾਇਆਂ ਹੈ। ਜਦ ਵੀ ਦੁਨੀਆਂ ਦੇ ਲੋਕ ਆਪਣੇ ਪੁਰਾਤਨ ਵਿਰਾਸਤ ਦੀ ਗੱਲ ਕਰਨਗੇ ਤਦ ਹੀ ਪੰਜਾਬੀ ਲੋਕ ਵੀ ਆਪਣੇ ਪੁਰਾਤਨ ਸਭਿਆਚਾਰ ਦੀ ਮਹਾਨ ਵਿਰਾਸਤ ਨੂੰ ਹਮੇਸਾਂ ਮਾਣ ਨਾਲ ਕਹਿੰਦੇ ਰਹਿਣਗੇ ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ

ਦੁਨੀਆਂ ਦਾ ਭਾਰ ਚੁਕਣ ਵਾਲਾ ਧੌਲ ਗੁਰਬਾਣੀ ਅਨੁਸਾਰ

                      
 ਦੁਨੀਆਂ ਦੇ ਪੁਰਾਤਨ ਵਿਸਵਾਸਾਂ ਅਨੁਸਾਰ ਧਰਤੀ  ਧੌਲ ਦੇ ਸਹਾਰੇ ਖੜੀ ਹੈ । ਕਈ ਲੋਕ ਆਮ ਬੋਲਚਾਲ ਵਿੱਚ ਇਸਨੂੰ ਬਲਦ ਦੇ ਇੱਕ ਸਿੰਗ ਤੇ ਟਿਕੀ ਹੋਈ ਮੰਨਦੇ ਹਨ ਅਤੇ ਕਹਿੰਦੇ ਹਨ ਕਿ ਜਦ ਇਹ ਬਲਦ ਸਿੰਗ ਹਿਲਾਉਂਦਾ ਹੈ ਤਦ ਧਰਤੀ ਉਪਰ ਤਰਥੱਲੀ ਮੱਚ ਜਾਂਦੀ ਹੈ। ਕੁੱਝ ਤਰਕਸੀਲ ਲੋਕ ਇਸ ਤਰਾਂ ਦੀਆਂ ਕਹਾਣੀਆਂ ਨੂੰ ਗਪੌੜ ਸੰਖ ਮੰਨਦੇ ਹਨ ਪਰ ਗੁਰੂ ਨਾਨਕ ਦੇਵ ਜੀ ਜਪੁਜੀ ਸਾਹਿਬ ਵਿੱਚ ਇਸਦੀ ਵਿਆਖਿਆ ਕਰਦੇ ਹਨ। ਮਿਥਿਹਾਸ ਅਨੁਸਾਰ ਸੁਣਾਈ ਜਾਣ ਵਾਲੀ ਕਹਾਣੀ ਕਿਸੇ ਸਮੇਂ ਦਾ ਢੰਗ ਸੀ  ਜਿਸ ਕਾਰਨ ਕਿਸੇ ਕਹਾਣੀ ਨੂੰ ਲੰਬਾਂ ਸਮਾਂ ਜਿਉਂਦਾਂ ਰੱਖਣ ਲਈ ਰੌਚਕ ਬਣਾਇਆਂ ਜਾਂਦਾਂ ਸੀ ਜੋ ਇੱਕ ਵਾਰ ਸੁਣ ਲੈਣ ਤੇ ਸਾਰੀ ਉਮਰ ਮਨੁੱਖ ਯਾਦ ਰੱਖ ਸਕਦਾ ਸੀ। ਪੁਰਾਤਨ ਕਹਾਣੀਆਂ ਰੌਚਕਤਾ ਨਾਲ ਬੋਲੀਆਂ ਜਾਂਦੀਆਂ ਸਨ ਪਰ ਸਮੇਂ ਦੇ ਨਾਲ ਲਿਖਤੀ ਭਾਸਾ ਪੈਦਾ ਹੋਣ ਤੇ ਰੋਚਕਿਤਾ ਦੀ ਥਾਂ ਹਕੀਕੀ  ਲਿਖਤਾਂ ਲਿਖੀਆਂ ਜਾਣ ਲੱਗ ਪਈਆਂ। ਅਸੀਂ ਮਿਥਿਹਾਸ ਨੂੰ ਤਰਕ ਬੁੱਧੀ ਅਨੁਸਾਰ ਰੱਦ ਤਾਂ ਕਰ ਸਕਦੇ ਹਾਂ ਪਰ ਉਹਨਾਂ ਦੀ ਸਚਾਈ ਅਤੇ ਸਿਖਾਉਣ ਦੀ ਕਲਾ ਤੋਂ ਮੁਨਕਰ ਨਹੀਂ ਹੋ ਸਕਦੇ। ਇਸ ਤਰਾਂ ਹੀ ਗੁਰੂ ਨਾਨਕ ਜੀ ਨੇ ਪੁਰਾਤਨ ਮਿਥਿਹਾਸ ਨੂੰ ਰੱਦ ਕਰਨ ਦੀ ਥਾਂ ਧੌਲ ਦੀ ਵਿਆਖਿਆ ਕੀਤੀ ਹੈ। ਸਿੱਖ ਫਲਸਫੇ ਦੇ ਬਹੁਤੇ ਪਰਚਾਰਕ ਪੁਰਾਤਨ ਮਿਥਿਹਾਸ ਨੂੰ ਰੱਦ ਕਰਕੇ ਗੁਰੂਆਂ ਨੂੰ ਵੱਖਰਾ ਦਰਸਾਉਣ ਦੀ ਕੋਸਿਸ ਕਰਦੇ ਹਨ ਅਤੇ ਆਪਣੇ ਆਪ ਨੂੰ ਉੱਚੇ ਵੀ । ਗੁਰਬਾਣੀ ਵਿੱਚ ਪੁਰਾਤਨ ਮਿਥਿਹਾਸ ਦੇ ਇੱਕ ਹਿੱਸੇ ਨੂੰ ਸੱਚ ਮੰਨਿਆ ਗਿਆਂ ਹੈ। ਸੋ ਇਸ ਤਰਾਂ ਹੀ ਧੌਲ ਦੀ ਵਿਆਖੀਆਂ ਕੀਤੀ ਜਾ ਸਕਦੀ ਹੈ ।
    ਗੁਰਬਾਣੀ ਵਿੱਚ ਲਿਖਿਆਂ ਹੈ ........... ............... ਧੌਲ ,ਧਰਮ ਦਇਆ ਕਾ ਪੂਤ
                                                       ਸੰਤੋਖ ਥਾਪ ਰੱਖਿਆ ਜਿਨ ਸੂਤ।
ਧੌਲ , ਧਰਮ ਅਤੇ ਦਇਆਂ ਦਾ ਪੁੱਤਰ ਹੈ ਅਤੇ ਇਸ ਨੂੰ ਸਮਝਣ ਲਈ ਦਇਆ ਅਤੇ ਧਰਮ ਨੂੰ ਸਮਝਣਾਂ ਵੀ ਜਰੂਰੀ ਹੈ। ਆਮ ਲੋਕ ਅਤੇ ਵਪਾਰੀ ਲੋਕ ਲੋਕਾਂ ਦੇ ਸਮੂਹ ਨੂੰ ਧਰਮ ਦਾ ਦਰਜਾ ਦਿੰਦੇ ਹਨ ਪਰ ਗੁਰਬਾਣੀ ਵਿੱਚ ਭਗਤ ਨਾਮਦੇਵ ਜੀ ਲੋਕਾਂ ਦੇ ਸਮੂਹ ਵਾਲੇ ਧਰਮੀਆਂ ਨੂੰ ਅੰਨੇ ਅਤੇ ਕਾਣੇ ਦਾ ਖਿਤਾਬ ਦਿੰਦੇ ਹਨ । ਭਗਤ ਕਬੀਰ ਜੀ ਧਰਮ ਦੀ ਵਿਆਖਿਆ ਕਰਦੇ ਗੁਰਬਾਣੀ ਵਿੱਚ ਕਹਿੰਦੇ ਹਨ ਕਿ
ਜਹਾਂ ਗਿਆਨ ਤਹਾਂ ਧਰਮ ਹੈ ਜਹਾਂ ਝੂਠ ਤਹਾਂ ਪਾਪ ਜਹਾਂ ਲੋਭ ਤਹਾਂ ਮੌਤ ਹੈ ਜਹਾਂ ਖਿਮਾਂ ਤਹਾਂ ਆਪ (ਰੱਬ ) ਭਗਤ ਨਾਮਦੇਵ ਜੀ ਸਮੂਹਾਂ ਵਿੱਚ ਖੜੇ ਨੂੰ ਧਰਮੀ ਨਹੀਂ ਬਲਕਿ ਗਿਆਨ ਵਾਨ ਬੰਦੇ ਨੂੰ ਧਰਮੀ ਸਮਝਦੇ ਹਨ। ਗਿਆਨ ਵਾਨ ਮਨੁੱਖ ਹੀ ਧਰਮੀ ਹੁੰਦਾਂ ਹੈ ਅਤੇ ਜਿੰਦਗੀ ਦਾ ਹਰ ਫਰਜ ਪੂਰਾ ਕਰਦਾ ਹੈ। ਇਸ ਤਰਾਂ ਧੌਲ ਦਾ ਬਾਪ ਧਰਮ ਸਿੱਧ ਹੁੰਦਾਂ ਹੈ ਕਿਉਂਕਿ ਧਰਮ ਸਬਦ ਨਰਵਾਚੀ ਹੈ ਅਗਲਾ ਸਬਦ ਦਇਆ ਮਾਦਾ ਵਾਚੀ ਹੈ ਸੋ ਦਇਆ ਧੌਲ ਦੀ ਮਾਂ ਹੁੰਦੀ ਹੈ ਜਿਸ ਮਨੁੱਖ ਵਿੱਚ ਦਇਆਂ ਨਹੀਂ ਹੁੰਦੀ ਉਹ ਕਿਸੇ ਦੂਸਰੇ ਦੀ ਮੱਦਦ ਕਰ ਹੀ ਨਹੀਂ ਸਕਦਾ ਹੁੰਦਾਂ। ਇਸ ਤਰਾਂ ਧੌਲ ਵੀ ਦੁਨੀਆਂ ਦਾ ਭਾਰ ਦਇਆ ਕਾਰਨ ਹੀ ਉਠਾਉਂਦਾਂ ਹੈ। ਧੌਲ ਹਮੇਸਾਂ ਸਬਰ ਵਾਲਾ ਹੀ ਹੁੰਦਾਂ ਹੈ ਅਤੇ ਸਬਰ ਸੰਤੋਖ ਉਸਦੀ ਨਿਸਾਨੀ ਹੁੰਦਾਂ ਹੈ।
                            ਧੌਲ ਇਕੱਲੀ ਧਰਤੀ ਦਾ ਭਾਰ ਉਠਾਉਣ ਵਾਲਾ ਹੀ ਨਹੀਂ ਹੁੰਦਾਂ ਪਰ ਅਸਲ ਵਿੱਚ ਧੌਲ ਤਾਂ ਦੁਨੀਆਂ ਦੇ ਹਰ ਪਰੀਵਾਰ ਹਰ ਪਿੰਡ ,ਹਰ ਸਹਿਰ , ਹਰ ਦੇਸ ਅਤੇ ਸਾਰੀ ਦੁਨੀਆਂ  ਵਿੱਚ ਮੌਜੂਦ ਹੁੰਦਾਂ ਹੈ । ਕਿਵੇਂ ਸਾਰੀ ਦੁਨੀਆਂ ਧੌਲ ਦੇ ਆਸਰੇ ਹੀ ਚੱਲ ਰਹੀ ਹੈ ਆਉ ਵਿਆਖਿਆਂ ਕਰੀਏ ਅਤੇ ਸਮਝੀਏ । ਸਮਾਜ ਦੀ ਪਹਿਲੀ ਇਕਾਈ ਪਰੀਵਾਰ ਕਿਸ ਤਰਾਂ ਧੌਲ ਦੇ ਆਸਰੇ ਚੱਲਦੀ ਹੈ ਜਿਸ ਦੇ ਲਈ ਆਮ ਤੌਰ ਤੇ ਪਰੀਵਾਰ ਦਾ ਮੁਖੀ ਆਪਣੇ ਆਪ ਨੂੰ ਬਹੁਤਾ ਸਿਆਣਾਂ ਅਤੇ ਸੰਭਾਲਣ ਵਾਲਾ ਹੋਣ ਦਾ ਦਾਅਵਾ ਕਰਦਾ ਹੈ ਪਰ ਪਰੀਵਾਰ ਦਾ ਮੁਖੀ ਉਸ ਪਰੀਵਾਰ ਦਾ ਧੌ਼ਲ ਨਹੀਂ ਹੁੰਦਾਂ। ਕਿਸੇ ਪਰੀਵਾਰ ਦੇ ਅਸਲੀ ਧੌਲ ਉਸ ਪਰੀਵਾਰ ਵਿੱਚ ਕਿਰਤ (ਧਰਮ) ਕਰਨ ਵਾਲੇ ਮੈਂਬਰ ਹੀ ਅਸਲੀ ਧੌਲ ਹੁੰਦੇ ਹਨ ਨਾਂ ਕਿ ਪਰੀਵਾਰ ਦਾ ਵਿਹਲੜ ਅਤੇ ਚੌਧਰਾਂ ਘੋਟਣ ਵਾਲਾ ਮੁੱਖੀ। ਘਰ ਦੀ ਸਾਰੀ ਚੌਧਰ ਅਤੇ ਪੈਸੇ ਦਾ ਮਾਲਕ ਮੁਖੀ ਨੂੰ ਦਇਆ ਕਾਰਨ ਕਿਰਤ ਕਰਨ ਵਾਲੇ ਧੌਲ ਕਦੇ ਕੁੱਝ ਨਹੀਂ ਕਹਿੰਦੇ । ਇਸ ਤਰਾਂ ਹੀ ਬਹੁਤੇ ਪਰੀਵਾਰਾਂ ਦੇ ਮੁੱਖੀ ਵਿਹਲੜ ਆਕੜ ਖੋਰੇ ,ਹੁਕਮ ਚਲਾਉਣ ਵਾਲੇ ਹੁੰਦੇ ਹਨ ਜਦੋਂ ਕਿ ਕਿਰਤ ਕਰਨ ਵਾਲੇ ਗੁਲਾਮਾਂ ਵਾਂਗ ਮੁੱਖੀ ਦੇ ਹੱਥੋਂ ਬੇਇਜਤੀ ਅਤੇ ਖਾਲੀ ਜੇਬਾਂ ਰੱਖਦੇ ਹਨ। ਜਦ ਕੋਈ ਦੂਸਰਾ ਉਹਨਾਂ ਧੌਲ ਰੂਪੀ ਮੈਂਬਰਾਂ ਦੀ ਹਾਲਤ ਬਾਰ ਉਹਨਾਂ ਨੂੰ ਦੱਸਕੇ ਮੁੱਖੀ ਦੇ ਖਿਲਾਫ ਬੋਲਣ ਨੂੰ ਕਹੇ ਪਰ ਧੌਲ ਰੂਪੀ ਲੋਕ ਚੁੱਪ ਰਹਿੰਦੇ ਹਨ ਕਿਉਂਕਿ ਉਹਨਾਂ ਵਿੱਚ ਸਬਰ ਵੀ ਹੁੰਦਾਂ ਹੈ। ਸੰਤੋਖ ਥਾਪ ਰੱਖਿਆ ਜਿਨ ਸੂਤ ਦਾ ਭਾਵ ਹੈ ਕਿ ਧੌਲ ਰੂਪੀ ਲੋਕਾਂ ਨੂੰ ਮਾਪਿਆ ਜਾਂ ਪਛਾਣਿਆਂ ਉਹਨਾਂ ਦੇ ਸੰਤੋਖ (ਸਬਰ) ਤੋਂ ਜਾਂਦਾਂ ਹੈ। ਸਬਰ ਧੌਲ ਬਲਦ ਦਾ ਸਿੰਗ ਹੁੰਦਾਂ ਹੈ। ਜਦ ਕਿਸੇ ਪਰੀਵਾਰ ਦੇ ਧੌਲ ਰੂਪੀ ਮੈਂਬਰਾਂ ਦਾ ਸਬਰ ਹਿੱਲਣ ਲੱਗ ਜਾਵੇ ਤਾਂ ਉਸ ਪਰੀਵਾਰ ਵਿੱਚ ਭੂਚਾਲ ਵਾਂਗ ਝਟਕੇ ਲੱਗਣੇ ਸੁਰੂ ਹੋ ਜਾਂਦੇ ਹਨ।  ਜਦ ਕਿਰਤ ਕਰਨ ਵਾਲੇ ਪਰੀਵਾਰ ਦੇ ਮੈਂਬਰ ਬਾਗੀ ਹੋ ਜਾਣ ਅਤੇ ਆਪਣਾਂ ਸਬਰ ਖੋ ਬੈਠਣ ਤਦ ਉਹ ਪਰੀਵਾਰ ਪਾਟੋਧਾੜ ਹੋ  ਜਾਂਦਾ ਹੈ ਅਤੇ ਪਰੀਵਾਰ ਦਾ ਮੁੱਖੀ ਵੀ ਮੁੱਖੀ ਨਹੀਂ ਰਹਿ ਸਕਦਾ ਹੁੰਦਾਂ। ਸੋ ਇਸ ਤਰਾਂ ਹੀ ਕਿਸੇ ਪਿੰਡ ਦਾ ਮੁੱਖੀ ਸਰਪੰਚ ਪਿੰਡ ਦਾ ਧੌਲ ਨਹੀਂ ਹੁੰਦਾਂ ਅਸਲੀ ਧੌਲ ਪਿੰਡ ਦੇ ਲੋਕ ਹੁੰਦੇ ਹਨ ਜੋ ਧਰਮ ਅਤੇ ਦਇਆਂ ਕਾਰਨ ਕਿਸੇ ਆਮ ਵਿਅਕਤੀ ਨੂੰ ਆਪਣਾਂ ਮੁੱਖੀ ਚੁਣਦੇ ਹਨ। ਆਮ ਤੌਰ ਤੇ ਹੀ ਪਿੰਡਾਂ ਨੂੰ ਚਲਾਉਣ ਵਾਲੇ ਮੁੱਖੀ ਵੀ ਭਿ੍ਰਸਟ ਅਤੇ ਹੰਕਾਰੀ ਹੋ ਜਾਂਦੇ ਹਨ । ਕਾਫੀ ਲੰਬੇ ਸਮੇਂ ਤੱਕ ਪਿੰਡ ਦੇ ਲੋਕ ਸਬਰ ਕਾਰਨ ਉਸਨੂੰ ਬਰਦਾਸਤ ਕਰਦੇ ਹਨ ਪਰ ਜਿਸ ਦਿਨ ਲੋਕ ਆਪਣਾਂ ਸਿਰ ਹਿਲਾਉਣ ਲੱਗ ਜਾਂਦੇ ਹਨ ਤਦ ਸਰਪੰਚ ਦੀ ਕੁਰਸੀ ਡੋਲਣ ਲੱਗ ਜਾਂਦੀ ਹੈ। ਸਬਰ ਖਤਮ ਹੋ ਜਾਣ ਤੇ ਭਾਵੇਂ ਧੌਲ ਦੀ ਵੀ ਮੌਤ ਹੋ ਜਾਂਦੀ ਹੈ ਪਰ ਉਸ ਧੌਲ ਤੇ ਖੜੀ ਹੋਈ ਟਿਕੀ ਹੋਈ ਕੋਈ ਵੀ ਚੀਜ ਜਾਂ ਸੰਸ਼ਥਾਂ  ਵੀ ਡਗਮਗਾ ਜਾਂਦੀ ਹੈ।ਇਸ ਤ੍ਰਾਂ ਹੀ ਦੇਸ ਅਤੇ ਸੰਸਾਂਰ  ਆਮ ਲੋਕਾਂ ਦੇ ਸਬਰ ਉੱਪਰ ਟਿਕਿਆ ਹੋਇਆ ਹੈ। ਜਦ ਤੱਕ ਆਮ ਲੋਕ  ਧਰਮ ਅਤੇ ਦਇਆ ਕਾਰਨ ਸਬਰ ਵੀ ਬਣਾਈ ਰੱਖਦੇ ਹਨ ਤਦ ਤੱਕ ਸੰਸਾਰ ਚਲਦਾ ਰਹੇਗਾ । ਸੋ ਆਮ ਲੋਕ ਹੀ ਸੰਸਾਰ ਦੇ ਧੌਲ ਹਨ ।
                       ਸਮੁੱਚਾ ਬ੍ਰਹਿਮੰਡ ਵੀ ਇਸ ਤਰਾਂ ਕੁਦਰਤ ਦੀ ਦਇਆ ਤੇ ਚੱਲ ਰਿਹਾ ਹੈ । ਜਦ ਤੱਕ ਕੁਦਰਤ ਮਨੁੱਖ ਅਤੇ ਸਰਿਸਟੀ ਦੀਆਂ ਹੋਰ ਤਾਕਤਾਂ ਦੀਆਂ ਹਰਕਤਾਂ ਦੇ ਬਾਵਜੂਦ ਆਪਣਾਂ ਧਰਮ ਨਿਭਾਉਣ ਦੇ ਯੋਗ ਬਣੀ ਰਹੇਗੀ ਤਦ ਤੱਕ ਇਹ ਸੰਸਾਰ ਵੱਸਦਾ ਰਹੇਗਾ । ਭਾਵੇਂ ਮਨੁੱਖ ਧਰਤੀ ਅਤੇ ਨੂੰ ਵਿਗਾੜਨ ਦਾ ਹਰ ਸੰਭਵ ਯਤਨ ਕਰ ਰਿਹਾ ਹੈ ਪਰ ਜਦ ਤੱਕ ਕੁਦਰਤ ਦਾ ਸਬਰ ਬਣਿਆ ਰਹੇਗਾ ਤਦ ਤੱਕ ਸਾਡਾ ਸੰਸਾਰ ਵੀ ਵਸਦਾ ਰਹੇਗਾ। ਜਦ ਕੁਦਰਤ ਦਾ ਧੌਲ ਸਬਰ ਛੱਡ ਦੇਵੇਗਾ ਤਦ ਬਹੁਤ ਕੁੱਝ ਤਬਾਹ ਹੋ ਜਾਵੇਗਾ। ਸੂਰਜੀ ਪਰੀਵਾਰ ਦਾ ਕੋਈ ਇੱਕ ਵੀ ਗਰਿਹ ਜਦ ਕਦੀ ਆਪਣੇ ਪੰਧ ਤੋਂ ਬਾਗੀ ਹੋ ਜਾਵੇਗਾ ਤਦ ਸੂਰਜੀ ਪਰੀਵਾਰ ਵਿੱਚ ਕੁੱਝ ਵੀ ਸੰਭਵ ਹੈ।  ਸੋ ਅਸਲ ਵਿੱਚ ਇਸ ਬ੍ਰਹਿਮੰਡ ਸਮੇਤ ਦੁਨੀਆਂ ਦੀ ਹਰ ਵਸਤੂ ਧੌਲ ਦੇ ਸਹਾਰੇ ਹੀ ਜੀਵਨ ਬਤੀਤ ਕਰਦੀ ਹੈ ਪਰ ਧੌਲ ਹੁੰਦਾਂ ਕੌਣ ਜਾਂ ਕੀ ਹੈ ਸਮਝਣਾਂ ਜਰੂਰੀ ਹੁੰਦਾਂ ਹੈ । ਜਿਸ ਤਰਾਂ ਕੁਦਰਤ ਧਰਮ ਅਤੇ ਦਇਆ ਵਿੱਚ ਰਹਿੰਦਿਆਂ ਸਬਰ ਬਣਾਈ ਰੱਖਦੀ ਹੈ ਇਸ ਤਰਾਂ ਹੀ ਮਨੁੱਖ ਨੂੰ ਵੀ ਧਰਮ ਅਤੇ ਦਇਆ ਦੇ ਨਾਲ ਸਬਰ ਵਿੱਚ ਰਹਿੰਦਿਆ ਦੁਨੀਆਂ ਜਾਂ ਪਰੀਵਾਰ ਦਾ ਧੌਲ ਰੂਪ ਬਣਨਾਂ ਚੰਗਾਂ ਹੀ ਹੁੰਦਾਂ ਹੈ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ  

Tuesday 8 October 2013

ਤੂੰ ਫਿਕਰ ਨਾਂ ਕਰੀਂ ਚਾਰ ਕੁ ਜਣਿਆਂ ਦੇ ਮੋਢਾ ਦੇਣ ਦਾ

ਤੂੰ ਫਿਕਰ ਨਾਂ ਕਰੀਂ ਚਾਰ ਕੁ ਜਣਿਆਂ ਦੇ ਮੋਢਾ ਦੇਣ ਦਾ
ਤੂੰ ਸੱਚ ਤਾਂ ਬੋਲ..................
ਤੇਰੀ ਲਾਸ ਬਥੇਰਾ ਦਫਨਾ ਦਿਆਗੇ
 ਤੇਰੀ ਲਾਸ ਨੂੰ ਅੱਗ ਲਾ ਦਿਆਗੇ
ਤੈਨੂੰ ਕਤਿਆਂ ਮੂਹਰੇ ਪਾ ਦਿਆਗੇ
 ਤੂੰ ਸੱਚ ਬੋਲ ਨਿਤਾਣਿਆਂ ਲਈ
ਤੂੰ ਸੱਚ ਬੋਲ ਨਿਮਾਣਿਆਂ ਲਈ
 ਤੂੰ ਨਿਉਟਿਆਂ ਦੀ ਉਟ ਬਣਜਾ
ਤੂੰ ਸੱਚ ਦਾ ਨਿੱਕਾ ਜਿਹਾ ਬੋਟ ਬਣਜਾ
ਤੂੰ ਲੁਟੇਰਿਆਂ ਅੱਗੇ ਰੋਕ ਬਣਜਾਂ
ਤੂੰ ਫਿਕਰ ਨਾਂ ਕਰ ਚਾਰ ਕੁ ਜਣਿਆਂ ਦੇ ਮੋਢਾ ਦੇਣ ਦਾ
ਤੂੰ ਫਿਕਰ ਨਾਂ ਕਰ ਚਾਰ ਕੁ ਜਣਿਆਂ ਦੇ ਮੋਢਾ ਦੇਣ ਦਾ
ਜਦ ਤੂੰ ਸੱਚ ਬੋਲਣਾਂ ਜਾਰੀ ਰੱਖੇਗਾਂ
ਬਥੇਰੇ ਆਉਣਗੇ ਤੈਨੂੰ ਮਿਟਾਉਣ ਲਈ।
ਬਥੇਰੇ ਆਉਣਗੇ ਚੁਪ ਕਰਾਉਣ ਲਈ
ਬਥੇਰੇ ਆਉਣਗੇ ਚੋਗਾ ਪਾਉਣ ਦੇ ਲਈ
 ਤੂੰ ਸੀਨਾ ਤਾਣਕੇ ਮੌਤ ਦੇ ਬੂਹੇ ਤੇ ਜਾ ਖੜਜਾ
 ਤੂੰ ਨਿਉਟਿਆਂ ਦੀ ਉਟ ਬਣਜਾ
ਤੂੰ ਸੱਚ ਦਾ ਨਿੱਕਾ ਜਿਹਾ ਬੋਟ ਬਣਜਾ
ਸੱਚ ਬੋਲਣ ਵਾਲਿਆਂ ਨੂੰ ਫਿਕਰ ਨਾ ਹੁੰਦਾਂ ਮੋਢਾ ਦੇਣ ਦਾ ਹੈ ਲਾਸਾਂ ਉਹਨਾਂ ਦੀਆਂ ਸਦਾ ਹੀ ਰੁਲਦੀਆਂ ਨੇ।
ਲਾਸਾਂ ਦਾ ਭਾਵੇ ਸਸਕਾਰ ਨਾਂ ਹੋਵੇ ਪਰ ਸੱਚ ਦੀਆਂ ਯਾਦਾ ਕਦੇ ਨਾਂ ਭੁਲਦੀਆਂ ਨੇ।
ਲਾਸਾਂ ਸੱਚ ਦੀਆਂ ਰਾਜਸੱਤਾ ਦੇ ਬੂਹੇ ਤੇ ਸਦਾ ਇਨਾਮਾਂ ਦੇ ਨਾਲ ਤੁਲਦੀਆਂ ਨੇ
 ਤੂੰ ਫਿਕਰ ਨਾਂ ਕਰ ਚਾਰ ਕੁ ਜਣਿਆਂ ਦੇ ਮੋਢਾ ਦੇਣ ਦਾ .................
ਲਾਸ ਸੱਚ ਦੀ ਰਾਜਸੱਤਾ ਦੇ ਵੱਲੋਂ ਦਫਨਾਈ ਜਾਵੇਗੀ
ਤੇਰੀ ਲਾਸ ਨੂੰ ਮਲੀਆਂ ਮੇਟ ਕਰਕੇ ਫਿਰ ਤੇਰਾ ਸੱਚ ਵੀ ਭਾਲਣ ਜਾਵੇਗੀ। ।
ਤੇਰੇ ਸੱਚ ਨੂੰ ਵਿੱਚ ਕਿਤਾਬਾਂ ਦੇ ਆਪਣੇ ਹੱਥੀਂ  ਜਾ ਲੁਕਾਵੇਗੀ ।
 ਉਹ ਆਪਣੇ ਹੀ ਤਨਖਾਹੀਆਂ ਤੋਂ ਤੇਰੇ ਸੱਚ ਵਿੱਚ ਝੂਠ ਮਿਲਾਵੇਗੀ।
ਤੇਰੇ ਨਾਂ ਤੇ ਧਰਮ ਚਲਾਵੇਗੀ ਫਿਰ ਉਸਨੂੰ ਵੇਚਕੇ ਖਾਵੇਗੀ
ਤੂੰ ਫਿਕਰ ਨਾਂ ਕਰ ਚਾਰ ਕੁ ਜਣਿਆਂ ਦੇ ਮੋਢਾ ਦੇਣ ਦਾ
ਸੱਚ ਬੋਲਣ ਵਾਲਿਆਂ ਦੀ ਇਹ ਕਹਾਣੀ ਹੈ
ਸੂਲੀ ਉਹਨਾਂ ਦੀ ਸੇਜ ਦੀ ਰਾਣੀ ਹੈ
ਤੱਤੀ ਤਵੀ ਵੀ ਉਹਨਾਂ ਦੇ ਸੱਚ ਅੱਗੇ ਠਰ ਜਾਣੀ ਹੈ ।
ਚਾਂਦਨੀ ਚੌਕ  ਨੇ ਸੱਚ ਦੀ ਮੌਤ  ਪਛਾਣੀ ਹੈ ।
 ਕਈਆਂ ਫਾਂਸੀਆਂ ਨੇ  ਬੰਨੀ ਸੱਚ ਦੇ ਗਾਨੀ  ਹੈ।
ਬੱਸ ਸੱਚ ਬੋਲਣ ਦਾ ਕਰਲੈ ਜੇਰਾ ਤੂੰ
 ਤੂੰ ਫਿਕਰ ਨਾ ਕਰ ਚਾਰ ਜਣਿਆਂ ਦਾ
ਸਭ ਛੱਡਦੇ ਲੋਕਾਂ ਦੇ ਉੱਤੇ ।
ਤੂੰ ਜਾਵੇਂ ਭਾਵੇਂ ਮੋਢਿਆਂ ਤੇ ਭਾਵੇਂ ਤੈਨੂੰ  ਜਾਵਣ ਖਾ ਕੁਤੇ।
ਸੱਚ ਬੋਲਣ ਵਾਲੇ ਫਿਕਰ ਨਾਂ ਕਰਦੇ ਨੇ
ਮੌਤ ਸਹੀਦਾਂ ਵਾਲੀ ਮਰਦੇ ਨੇ।
ਤੂੰ ਫਿਕਰ ਨਾਂ ਕਰੀਂ ਚਾਰ ਕੁ ਜਣਿਆਂ ਦੇ ਮੋਢਾ ਦੇਣ ਦਾ ......................
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ  

Tuesday 24 September 2013

ਸਿੱਖਿਆ , ਬੇਰੁਜਗਾਰੀ ਅਤੇ ਵਪਾਰੀਕਰਨ

                             
 ਵਿਦਿਆ ਵਿਚਾਰੀ ਤਾਂ ਪਰਉਪਕਾਰੀ ਦਾ ਨਾਅਰਾ ਅੱਜ ਜਿਸ ਤਰਾਂ ਤੋੜਿਆਂ ਮਰੋੜਿਆ ਜਾ ਰਿਹਾ ਹੈ ਅਤਿ ਨਿੰਦਣਯੋਗ ਹੈ। ਸਰਕਾਰਾਂ ਵੱਲੋਂ ਵਿਦਿਆਰਥੀਆਂ ਨੂੰ ਰੋਜਗਾਰ ਦੇਣ ਦਤੋਂ ਬਚਾਅ   ਲਈ ਨਵੇਂ ਨਵੇਂ ਤਰੀਕੇ ਅਪਣਾਏ ਜਾ ਰਹੇ ਹਨ ਜਿੰਹਨਾਂ ਵਿੱਚੋਂ ਹੈ ਇੱਕ ਇਹ ਪਰੋਫੈਸਨਲ ਕੋਰਸ। ਇਸ ਤਰਾਂ ਦੇ ਕੋਰਸ ਕਰਨ ਵਾਲੇ ਵਿਦਿਆਰਥੀ ਨਿੱਜੀ ਕੰਪਨੀਆਂ ਦੇ ਰਸਤਿਉਂ ਰੁਜਗਾਰ ਦੇ ਰਾਹੀ ਹੋ ਜਾਂਦੇ ਹਨ। ਇਹਨਾਂ ਪਰੋਫੈਸਨਲ ਕੋਰਸ ਕਰਵਾਉਣ ਵਾਲੇ ਕਾਲਜ ਅਤੇ ਯੂਨੀਵਰਸਿਟੀਆਂ ਨੂੰ ਮਨਮਰਜੀ ਦੀਆਂ ਫੀਸਾਂ ਵਸੂਲਣ ਦੇ ਅਧਿਕਾਰ ਦੇਕੇ ਲੋਕਾਂ ਨੂੰ ਦਿਨ ਦਿਹਾੜੇ ਲੁਟਾਇਆ ਜਾ ਰਿਹਾ ਹੈ। ਇੰਹਨਾਂ ਮਹਿੰਗੇ ਕੋਰਸਾਂ ਨੂੰ ਕਰਨ ਤੋਂ ਬਾਦ ਵੀ ਕੋਈ ਗਰੰਟੀ ਨਹੀਂ ਕਿ ਤੁਹਾਨੂੰ ਰੋਜਗਾਰ ਦੀ ਗਰੰਟੀ ਹੋ ਗਈ ਹੈ। ਪਰੋਫੈਸਨਲ ਕੋਰਸ ਕਰਨ ਵਾਲੇ ਵਿਦਆਰਥੀਆਂ ਦਾ ਅਕੈਡਮਿਕ ਪੜਾਈ ਨਾਲ ਰਾਬਤਾ ਘੱਟ ਜਾਣ ਕਾਰਨ ਉਹਨਾਂ ਲਈ ਸਰਕਾਰੀ ਰੋਜਗਾਰ ਹਾਸਲ ਕਰਨ ਲਈ ਟੈਸਟ ਪਾਸ ਕਰਨੇਂ ਵੀ ਮੁਸਕਲ ਹੋ ਜਾਂਦੇ ਹਨ। ਏਨੀ ਮਹਿਗੀ ਪੜਾਈ ਹਾਸਲ ਕਰਨ ਤੋਂ ਬਾਅਦ ਵੀ ਸਿਰਫ ਪੰਜ ਪ੍ਰਤੀਸਤ ਵਿਦਿਆਰਥੀ ਹੀ ਪਰਾਈਵੇਟ ਜਾਂ ਸਰਕਾਰੀ ਰੁਜਗਾਰ ਹਾਸਲ ਕਰ ਪਾਉਂਦੇ ਹਨ । ਬਾਕੀ 95% ਵਿਦਿਆਰਥੀ ਸਿਰਫ ਲੇਬਰ ਕਰਨ ਵਰਗੀ ਨੌਕਰੀ ਬਹੁਤ ਹੀ ਘੱਟ ਤਨਖਾਹ ਤੇ ਕਰਨ ਲਈ ਮਜਬੂਰ ਹੁੰਦੇ ਹਨ । ਇਸ ਤਰਾਂ ਦੇ ਵਿਦਿਆਰਥੀ ਅਤੇ ਮਾਪੇ ਆਪਣੇ ਆਪ ਨੂੰ ਠੱਗਿਆਂ ਮਹਿਸੂਸ ਕਰਨ ਲੱਗ ਜਾਂਦੇ ਹਨ। ਇਹਨਾਂ ਕੋਰਸਾਂ ਵਿੱਚ ਦਾਖਲਾ ਫੀਸ 30000 ਪ੍ਰਤੀ ਸਮੈਸਟਰ ਤੋਂ ਸੁਰੂ ਹੋਕੇ ਇੱਕ ਲੱਖ ਤੱਕ ਹੁੰਦੀ ਹੈ। ਇਸਦਾ ਭਾਵ 60000 ਸਾਲਾਨਾ ਘੱਟੋ ਘੱਟ ਫੀਸ ਦੇਣ ਵਾਲਾ ਵਿਦਿਆਰਥੀ ਵੀ 5000 ਰੁਪਏ ਪ੍ਰਤੀ ਮਹੀਨਾ ਦਿੰਦਾਂ ਹੈ ਹੋਸਟਲਾਂ ਅਤੇ ਹੋਰ ਵਾਧੂ ਖਰਚਿਆਂ ਦੇ ਨਾਂ ਤੇ ਵੱਖਰੀ ਲੁੱਟ ਕੀਤੀ ਜਾਂਦੀ ਹੈ। 60 ਵਿਦਿਆਰਥੀਆ ਤੋਂ 5000 ਦੀ ਫੀਸ ਦੇ ਹਿਸਾਬ ਨਾਲ ਤਿੰਨ ਲੱਖ ਪ੍ਰਤੀ ਮਹੀਨਾਂ ਵਸੂਲਣ ਵਾਲੇ ਅਦਾਰੇ ਲੈਕਚਰਾਰਾਂ ਨੂੰ 20  ਤੋਂ 40 ਹਜਾਰ ਤੱਕ ਵੀ ਮੁਸਕਲ ਨਾਲ ਦਿੰਦੇ ਹਨ। ਯੂਨੀਵਰਸਿਟੀਆਂ ਦੀ ਫੀਸ ਤਾਂ ਕਾਲਜਾਂ ਤੋਂ ਕਿਤੇ ਜਿਆਦਾ ਹੈ। ਹੋਸਟਲ ਦਾ ਖਰਚਾ 50000 ਤੋਂ ਇੱਕ ਲੱਖ ਤੱਕ ਵੱਖਰਾ ਲਿਆ ਜਾਂਦਾ ਹੈ। ਡਿਗਰੀ ਲੈਣ ਤੱਕ ਪੰਜ ਲੱਖ ਤੋਂ ਪੰਦਰਾਂ ਲੱਖ ਤੱਕ ਆਮ ਹੀ ਖਰਚਾ ਆ ਜਾਂਦਾਂ ਹੈ। ਸਾਡੀਆਂ ਸਰਕਾਰਾਂ ਪੇਸੇਵਰ ਵਿਦਿਆਰਥੀ ਪੈਦਾ ਕਰਨਾਂ ਤਾਂ ਲੋਚਦੀਆਂ ਹਨ ਪਰ ਇਹ ਕਿਉਂ ਨਹੀਂ ਸੋਚਦੀਆਂ ਕਿ ਇਸ ਤਰਾਂ ਦੇ ਪੇਸੇਵਰ ਵਿਦਿਆਰਥੀਆਂ ਲਈ ਰੋਜਗਾਰ ਦੇ ਮੌਕੇ ਵੀ ਹੋਣੇ ਚਾਹੀਦੇ ਹਨ । ਵਰਤਮਾਨ ਵਿੱਚ ਇਸ ਤਰਾਂ ਦੇ ਪੰਜ ਪ੍ਰਤੀਸਤ ਵਿਦਿਆਰਥੀਆਂ ਲਈ  ਵੀ ਨੌਕਰੀਆਂ ਨਹੀਂ ਪੈਦਾ ਹੋ ਰਹੀਆਂ । ਜਦ ਸਾਰੇ ਵਿਦਿਆਰਥੀਆਂ ਲਈ ਨੌਕਰੀਆਂ ਹੀ ਨਹੀਂ ਹਨ ਫਿਰ ਇਸ ਤਰਾਂ ਦੇ ਵਿਦਿਆਰਥੀਆਂ ਦੀ ਏਨੀ ਮਹਿੰਗੀ ਪੜਾਈ ਕਰਨੀਂ ਆਪਣੇ ਆਪ ਨੂੰ ਲੁਟਾਉਣਾਂ ਹੀ ਹੈ। ਸਾਡੀਆਂ ਸਰਕਾਰਾਂ ਨੂੰ ਪਰੋਫੈਸਨਲ ਵਿਦਿਆਂਰਥੀ  ਤਿਆਰ ਕਰਨ ਸਮੇਂ ਜਰੂਰ ਖਿਆਲ ਰੱਖਣਾਂ ਚਾਹੀਦਾ ਹੈ ਬਜਾਰ ਦੀ ਮੰਗ ਕਿੰਨੇ ਕੁ ਲੋਕਾਂ ਦੀ ਹੈ ।
                          ਵਰਤਮਾਨ ਵਿੱਚ ਵਪਾਰੀ ਕਿਸਮ ਦੇ ਅਮੀਰ ਲੋਕ ਬਾਜ ਅੱਖ ਰੱਖਦੇ ਹਨ ਕਿ ਲੋਕ ਕਿਸ ਪਾਸੇ ਨੂੰ ਤੁਰ ਰਹੇ ਹਨ ਤਾਂ ਉਹ ਰਾਜਨੀਤਕਾਂ ਨਾਲ ਮਿਲਕੇ ਉਸ ਦੀ ਹੀ ਲੁੱਟ ਸੁਰੂ ਕਰ ਦਿੰਦੇ ਹਨ । ਪਿੱਛਲੇ ਕੁੱਝ ਵਕਤ ਤੋਂ ਲੋਕਾਂ ਦਾ ਰੁਝਾਨ ਆਪਣੇ ਬੱਚਿਆਂ ਨੂੰ ਆਧੁਨਿਕ ਵਿਦਿਆ ਦਿਵਾਉਣ ਵੱਲ ਗਿਆ ਹੈ ਅਤੇ ਇਸ ਨੂੰ ਦੇਖਦਿਆਂ ਹੀ ਵਪਾਰੀ ਲੋਕਾਂ ਨੇ ਸਰਕਾਰਾਂ ਦੇ ਨਾਲ ਮਿਲਕੇ ਪਰੋਫੈਸਨਲ ਜਾਂ ਅਕਾਡਮਿਕ ਵਿਦਿਆਂ ਦੇਣ ਦੇ ਅਦਾਰਿਆਂ ਦਾ ਹੜ ਲਿਆ ਦਿੱਤਾ ਹੈ। ਆਮ ਲੋਕ  ਨੌਕਰੀ ਹਾਸਲ ਕਰਨ ਦੇ ਚੱਕਰਾਂ ਵਿੱਚ ਇਹਨਾਂ ਵਿਦਿਅਕ ਅਦਾਰਿਆਂ ਵੱਲ ਵਹੀਰਾਂ ਘੱਤ ਤੁਰੇ ਹਨ । ਇਹਨਾਂ ਵਿਦਿਆਰਥੀਆਂ ਦੀ ਵਪਾਰਕ ਅਦਾਰਿਆਂ ਵਿੱਚ ਅਨੇਕਾਂ ਢੰਗਾਂ ਨਾਲ ਲੁੱਟ ਕੀਤੀ ਜਾਂਦੀ ਹੈ। ਸਰਕਾਰ ਵੀ ਲੋਕਾਂ ਦੀ ਲੁੱਟ ਕਰਵਾਉਣਾਂ ਚਾਹੁੰਦੀ ਹੈ ਇਸ ਲਈ ਹਰ ਧੰਦੇ ਨੂੰ ਡਿਗਰੀ ਧਾਰਕਾਂ  ਦੇ ਕਬਜੇ ਵਿੱਚ ਦੇ ਰਹੀ ਹੈ। ਅੱਜ ਕਲ ਤਾਂ ਦੁਕਾਨਾਂ ਤੇ ਖੜੇ ਆਮ ਨੌਕਰ ਵੀ ਡਿਗਰੀਆਂ ਨਾਲ ਲੈਸ ਹਨ। ਅੱਜ ਪੰਜਾਬ ਦੇ ਤਾਂ ਹਰ ਸਹਿਰ ਪਿੰਡ ਵਿੱਚ ਸਕੂਲਾਂ ਕਾਲਜਾਂ ਦੀਆਂ ਵੱਡੀਆਂ 2 ਇਮਾਰਤਾਂ ਉਸਰ ਰਹੀਆਂ ਹਨ ਪਰ ਉਦਯੋਗਿਕ  ਯੁਨਿਟ ਕਿਧਰੇ ਦਿਖਾਈ ਨਹੀਂ ਦਿੰਦੇ । ਸਰਕਾਰਾਂ ਨੂੰ ਲੋਕਾਂ ਨੂੰ ਰੋਜਗਾਰ ਦੇਣ ਵਾਲੇ ਉਦਯੋਗ ਬਣਾਉਣ ਦੀ ਨੀਤੀ ਤੇ ਚੱਲਣਾਂ ਚਾਹੀਦਾ ਹੈ ਜਿਸ ਵਿੱਚੋਂ ਲੋਕ ਰੋਜੀ ਰੋਟੀ ਕਮਾ ਸਕਣ ।ਪੰਜਾਬ ਵਿੱਚ ਪਹਿਲਾਂ ਹੀ 45 ਲੱਖ ਬੇਰੁਜਗਾਰਾਂ ਦੀ ਫੌਜ ਮਾਰਚ ਪਾਸਟ ਕਰੀ ਜਾ ਰਹੀ ਹੈ। ਲੋਕਾਂ ਦਾ ਸੋਸਣ ਕਰਵਾਉਣ ਲਈ ਹੀ ਵਿਦਿਅਕ ਅਦਾਰੇ ਖੋਲਣਾਂ ਸਰਾਸਰ ਧੋਖਾ ਹੈ। ਸੱਤ ਲੱਖ ਟਰੇਂਡ ਯੋਗਤਾ ਪਰਾਪਤ ਅਧਿਆਪਕਾਂ ਨੂੰ ਨਵੇਂ ਟੈਸਟਾਂ ਵਿੱਚ ਫੇਲ ਐਲਾਨ ਕੇ ਸਦਾ ਲਈ ਬੇਰੁਜਗਾਰ ਕਰ ਦਿੱਤਾ ਗਿਆ ਹੈ ਫਿਰ ਬੀ ਐਡ ਅਤੇ ਈ ਟੀ ਟੀ ਵਗੈਰਾ ਕੋਰਸ ਕਰਵਾਉਣ ਦੀ ਕੀ ਲੋੜ ਹੈ ਜੇ ਉਹਨਾਂ ਦੀ ਕੋਈ ਕੀਮਤ ਹੀ ਨਹੀਂ। ਜਾਂ ਫਿਰ ਇਸ ਤਰਾਂ ਦੀ ਟੀਚਰ ਬਣਾਉਣ ਵਾਲੇ ਲੁੱਟ ਦੇ ਅੱਡੇ ਖੋਲਣ ਦੀ ਕੀ ਲੋੜ ਹੈ ਜਿਹਨਾਂ ਅਧਿਆਪਕ ਤਾਂ ਤਿਆਰ ਕੀਤੇ ਸੱਤ ਲੱਖ ਪਰ ਉਹਨਾਂ ਵਿੱਚੋਂ ਪਾਸ ਹੋਏ ਸਿਰਫ 7000 । ਕੀ ਇਹੋ ਜਿਹੀਆਂ ਸੰਸਥਾਵਾਂ ਦੁਆਰਾ ਵਿਦਿਆਰਥੀਆਂ ਦੀ ਕੀਤੀ ਲੁੱਟ ਵਾਪਸ ਨਹੀਂ ਕਰਵਾਈ ਜਾਣੀ ਚਾਹੀਦੀ ਜਿਹੜੇ ਅਧਿਆਪਕ ਲੱਗਣ ਦੇ ਯੋਗ ਹੀ ਨਹੀ ਬਣਾ ਸਕੇ। ਇਸ ਤਰਾਂ ਹੀ ਦੂਜੇ ਡਿਗਰੀ ਦੇਣ ਵਾਲੇ ਅਦਾਰਿਆਂ ਦਾ ਹਾਲ ਹੈ। । ਆਮ ਲੋਕਾਂ ਦੀ ਵਿਦਿਆ ਦੇ ਨਾਂ ਤੇ ਲੁੱਟ ਹੋਣੀ ਮਾੜੀ ਗੱਲ ਹੈ । ਇੱਕ ਨਾਂ ਇੱਕ ਦਿਨ ਲੋਕ ਰੋਹ ਜਰੂਰ ਸੋਚੇਗਾ ਅਤੇ ਸਰਕਾਰਾਂ ਤੋਂ ਜਵਾਬ ਮੰਗੇਗਾ ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ

Sunday 15 September 2013

ਤਰਕਸੀਲਤਾ ਤੋਂ ਦੂਰ ਸੱਚ ਦੇ ਰੁਬਰੂ ਹੁੰਦਿਆਂ ?


                              ਗਿਆਨ ਜਾਂ ਸੱਚ ਜਾਨਣ ਲਈ ਤਰਕ ਕਰਨੇਂ ਗਲਤ ਨਹੀਂ ਹੁੰਦੇ ਪਰ ਆਪਣੀ ਹੀ ਸੋਚ ਨੂੰ ਤਰਕਾਂ ਆਸਰੇ ਸਹੀ ਸਿੱਧ ਕਰਨਾਂ ਜਰੂਰੀ ਨਹੀਂ ਸੱਚ ਵੀ ਹੋਵੇ। ਆਪਣੀ ਹੀ ਸੋਚ ਨੂੰ ਅੰਤਿਮ ਮੰਨਦਿਆਂ ਤਰਕਸੀਲ ਹੋਣਾਂ ਸੱਚ ਤੋਂ ਦੂਰ ਜਾਣ ਦਾ ਰਸਤਾ ਹੈ ।  ਸਵਾਰਥ ਅਧਾਰਤ ਤਰਕ ਮਨੁੱਖ ਦੀ ਸੋਚ ਨੂੰ ਖੜੋਤ ਵਿੱਚ ਲੈ ਜਾਂਦਾ ਹੈ । ਮਨੁੱਖ ਨੂੰ ਸਦਾ ਸਿੱਖਣ ਵਾਲੀ ਬਿਰਤੀ ਵਿੱਚ ਹੀ ਰਹਿਣਾਂ ਚਾਹੀਦਾ ਹੈ ਜਿਸ ਵਿੱਚ ਬਿਬੇਕ ਬੁੱਧੀ ਦੀ ਵਰਤੋ ਕਰਨਾਂ ਹੀ ਮੁੱਖ ਹੁੰਦਾਂ ਹੈ। ਬਿਬੇਕ ਬੁੱਧੀ ਹਮੇਸਾਂ ਤਰਕ ਅਤੇ ਸਰਧਾ ਤੋਂ ਉਪਰ ਉੱਠਕੇ ਸੱਚ ਦੀ ਬੁੱਕਲ ਵਿੱਚ ਸਫਰ ਕਰਦੀ ਹੈ। ਬਿਬੇਕ ਬੁੱਧੀ ਹਮੇਸਾਂ ਉਸ ਤਰਕ ਅਤੇ ਸਰਧਾ ਨੂੰ ਹੀ ਮੰਨਦੀ ਜੇ ਉਹ ਸੱਚ ਵਿਚੋਂ ਉਪਜਦੀ ਹੈ। ਤਰਕ ਹਮੇਸਾਂ ਆਪਣੀ ਹੀ ਸੋਚ ਦੁਜਿਆਂ ਦੇ ਉੱਪਰ ਥੋਪਣ ਵਾਂਗ ਹੀ ਹੁੰਦਾਂ ਹੈ। ਤਰਕ ਹਰ ਮਨੁੱਖ ਦੇ ਹਮੇਸਾਂ ਆਪਣੇ ਹੁੰਦੇ ਹਨ। ਚੋਰ ,ਠੱਗ ,ਕਾਤਲ ,ਅਤੇ ਭਰਿਸਟ ਲੋਕ ਵੀ ਆਪਣੇ ਕੰਮਾਂ ਵਾਸਤੇ ਅਨੇਕਾਂ ਤਰਕ ਵਰਤਦੇ ਹਨ ਪਰ ਇਸ ਨਾਲ ਉਹ ਕੋਈ ਸੱਚੇ ਨਹੀਂ ਬਣ ਜਾਂਦੇ । ਦੁਨੀਆਂ ਉੱਪਰ ਵਕੀਲ ਨਾਂ ਦਾ ਪੇਸਾ ਚਲਦਾ ਹੀ ਤਰਕਾਂ ਦੇ ਆਸਰੇ ਹੈ ਜਿਸ ਵਿੱਚ 90% ਤੋਂ ਵੀ ਜਿਆਦਾ ਝੂਠ ਹੀ ਚਲਦਾ ਹੈ।
                                  ਪੂਰਨ ਸੱਚ ਜਾਨਣ ਵਾਲਾ ਮਨੁੱਖ ਉਹ ਹੋ ਸਕਦਾ ਹੈ ਜਿਸ ਨੂੰ  ਬ੍ਰਹਿਮੰਡ ਦਾ ਸਾਰਾ ਗਿਆਨ ਹੋ ਜਾਵੇ ਜੋ ਕਿ ਅੱਜ ਤੱਕ ਕਿਸੇ ਨੂੰ ਹਾਸਲ ਨਹੀਂ ਹੋਇਆ। ਦੁਨੀਆਂ ਦੇ ਵੱਡ ਵੱਡੇ ਵਿਗਿਆਨੀ,ਗਿਆਨੀ , ਫਕੀਰ , ਬਾਦਸਾਹ ਸਭ ਉਸ ਅਨੰਤ ਕੁਦਰਤ ਨੂੰ ਹੀ ਵੱਡਾ ਮੰਨਦੇ ਹਨ ਜਿਸ ਨੂੰ ਕੋਈ ਵੀ ਪੂਰਾ ਜਾਣ ਨਹੀਂ ਸਕਿਆ। ਕਿਸੇ ਵਕਤ ਤਰਕਸੀਲ ਮਨੁੱਖਾਂ ਦੇ ਤਰਕ ਨੇ ਵਸਤੂਆਂ ਜਾਂ ਮਾਦੇ ਨੂੰ ਜੀਵ ਅਤੇ ਨਿਰਜੀਵ ਵਿੱਚ ਵੰਡਿਆ ਸੀ । ਨਿਰਜੀਵ ਵਸਤੂਆਂ ਨੂੰ ਗਤੀ ਰਹਿਤ ਹੋਣ ਦੇ ਦਾਅਵੇ ਕੀਤੇ ਗਏ ਸਨ  ਪਰ ਸਮੇਂ ਨਾਲ ਵਿਗਿਆਨ ਦੇ ਸਹਾਰੇ ਨਿਰਜੀਵ ਵਸਤੂਆਂ ਵਿੱਚ ਵੀ ਜੀਵਨ ਵਰਗੀ ਗਤੀ ਦਿਸ ਰਹੀ ਹੈ। ਨਿਰਜੀਵ ਜਾਂ ਜੜ੍ਹ ਵਸਤੂਆਂ ਜਿਉਦੀਆਂ ਨਸਲਾਂ ਤੋ ਜਿਆਦਾ ਗਤੀ ਅਤੇ ਤਾਕਤ ਦਾ ਰੂਪ ਦਿਸ ਰਹੀਆਂ ਹਨ। ਕਰੰਟ ਅਤੇ ਤਾਪਮਾਨ ਧਾਤਾਂ ਦੇ ਅਸੰਖ ਸਪੀਡ ਵਿੱਚ ਤੁਰ ਸਕਦਾ ਹੈ। ਮਨੱਖੀ ਮਨ ਦੇ ਵਿੱਚ ਭਰਿਆ ਸਭ ਕੁੱਝ ਬੋਲਿਆ ਜਾਂਦਾਂ ਹੈ ਦਿਖਾਇਆ ਨਹੀਂ ਜਾ ਸਕਦਾ ਪਰ ਨਿਰਜੀਵ ਵਸਤੂਆਂ ਵਿੱਚ ਭਰੀ ਹੋਈ ਅਵਾਜ ਜਾਂ ਦਰਿਸ਼ ਦਿਖਾਏ ਵੀ ਜਾ ਸਕਦੇ ਹਨ ਅਤੇ ਅੱਗੇ ਪਿੱਛੇ ਤੋਰੇ ਵੀ ਜਾ ਸਕਦੇ ਹਨ। ਜਿਵੈਂ ਪੈਨ ਡਰਾੀਵ  ਸੀਡੀਆਂ ,ਹਾਰਡ ਡਿਸਕਾਂ ਵਿੱਚ ਫੀਡ ਕੀਤੀ ਸਮੱਗਰੀ ਅੱਗੇ ਪਿੱਛੇ ਕੀਤੀ ਜਾ ਸਕਦੀ ਹੈ ਇਹ ਕਰਾਮਾਤ ਸਿਰਫ ਜੜ ਵਸਤੂਆਂ ਵਿੱਚ ਹੋ ਸਕਦੀ ਹੈ ਜੋ ਜਿਉਂਦੀਆਂ ਵਸਤੂਆਂ ਦੇ ਬਰਾਬਰ ਹੀ ਨਹੀਂ ਸਗੋਂ ਉਸ ਤੋਂ ਵੀ ਅੱਗੇ ਦੀ ਗੱਲ ਹੈ। ਭਾਵੇਂ ਕਿਸੇ ਸਮੇਂ ਤਰਕਸੀਲ ਲੋਕ ਇਸ ਤਰਾਂ ਹੋਣ ਨੂੰ ਮੂਰਖਤਾ ਕਹਿਣ ਤੱਕ ਜਾਂਦੇ ਸਨ ਪਰ ਕੁਦਰਤ ਦੇ ਅਨੰਤ ਭੇਤ ਅਣਗਿਣਤ ਹਨ ਜਿਸ ਵਿੱਚ ਪਤਾ ਹੀ ਨਹੀਂ ਕੀ ਕੀ ਛੁਪਿਆ ਪਿਆ ਹੈ।
                             ਵਿਗਿਆਨੀ ,ਡਾਕਟਰ , ਗਿਆਨਵਾਨ ਲੋਕ ਕਦੇ ਵੀ ਆਪਣੇ ਗਿਆਨ ਨੂੰ ਹੀ ਅੰਤਿਮ ਨਹੀਂ ਮੰਨਦੇ ਪਰ ਅਰਧ ਗਿਆਨ ਵਾਲੇ ਤਰਕਸੀਲ ਲੋਕ ਇਹ ਗਲਤੀ ਜਰੂਰ ਕਰਦੇ ਹਨ ਅਤੇ ਆਪਣੇ ਗਿਆਨ ਨੂੰ ਹੀ ਅੰਤਿਮ ਗਿਆਨ ਮੰਨਦੇ ਹਨ। ਤਰਕਸੀਲ ਲੋਕ ਕਦੇ ਸੂਰਜ ਨੂੰ ਘੁੰਮਾਇਆ ਕਰਦੇ ਸਨ ਪਰ ਵਕਤ ਦੇ ਨਾਲ ਸੂਰਜ ਨੂੰ ਤਰਕਾਂ ਦੇ ਸਹਾਰੇ ਘੁੰਮਾਉਣ ਵਾਲੇ ਹਾਰ ਗਏ ਅਤੇ ਧਰਤੀ ਘੁੰਮਦੀ ਹੋਣ ਦਾ ਸੱਚ ਪਰਗਟ ਹੋ ਗਿਆ।  ਜਿਹੜੇ ਲੋਕ ਤਰਕਾਂ ਦੇ ਸਹਾਰੇ ਕਹਿੰਦੇ ਸਨ ਕਿ ਅਵਾਜ ਬਿਨਾਂ ਤਾਰ ਤੋਂ ਦੂਰ ਨਹੀਂ ਪਹੁੰਚਾਈ ਜਾ ਸਕਦੀ ਅੱਜ ਹਜਾਰਾਂ ਲੱਖਾਂ ਕਿਲੋਮੀਟਰਾਂ ਦੂਰ ਅਵਾਜ ਤਾਂ ਕੀ ਤਸਵੀਰਾਂ ਵੀ ਭੇਜੀਆਂ ਜਾ ਰਹੀਆਂ ਹਨ। ਕੁਦਰਤ ਨੇ ਪਤਾ ਹੀ ਨਹੀ ਕਿੰਨੇ ਕੁ ਭੇਤ ਲੁਕੋਏ ਹੋਏ ਹਨ। ਜਦ ਬਨਾਉਟੀ ਤਰਕਸੀਲ ਲੋਕ ਇਹ ਦਾਅਵਾ ਕਰਦੇ ਹਨ ਕਿ ਇੱਕ ਦਿਨ ਮਨੁੱਖ ਸਾਰ ਭੇਤ ਜਾਣ ਲਏਗਾ ਤਦ ਉਹ ਇਹ ਭੁੱਲ ਜਾਂਦੇ ਹਨ ਕਿ ਇਨਸਾਨ ਨਾਂ ਦੇ ਜਾਨਵਰਾਂ ਦਾ ਡਾਇਨਾਂਸੋਰ ਦੇ ਯੁੱਗ ਵਾਂਗ ਸਾਇਦ ਮਨੁੱਖ ਦੇ ਮੂਰਖ ਕੰਮਾਂ ਕਰਕੇ ਹੀ ਇੱਕ ਦਿਨ ਖਾਤਮਾ ਜਰੂਰ ਹੀ ਹੋਵੇਗਾ ਪਰ ਕੁਦਰਤ ਦੀ ਗਤੀ ਫਿਰ ਵੀ ਚਾਲੂ ਰਹੇਗੀ। ਵਕਤ ਦੇ ਨਾਲ ਕੁਦਰਤ ਨੇ ਪਰੀਵਰਤਨ ਕਰਦੇ ਹੀ ਰਹਿਣਾਂ ਹੈ ਜਿਸ ਦੀ ਕੁੱਖ ਵਿੱਚੋਂ ਪਤਾ ਹੀ ਨਹੀਂ ਕੀ ਪੈਦਾ ਹੋ ਜਾਵੇਗਾ। ਸਿਆਣਾਂ ਮਨੱਖ ਜਿੰਦਗੀ ਦੇ ਵਰਤਮਾਨ ਵਿੱਚ ਖੁਸੀਆਂ ਨਾਲ ਜਿਉਂਦਾਂ ਹੈ ਪਰ ਤਰਕਸੀਲ ਮਨੁੱਖ ਭਵਿੱਖ ਦੀ ਚਿੰਤਾਂ ਵਿੱਚ ਵਰਤਮਾਨ ਨੂੰ ਨਸਟ ਕਰਦਾ ਰਹਿੰਦਾਂ ਹੈ ਜਿਸ ਨਾਲ ਤਰਕਸੀਲ ਮਨੁੱਖ ਦੀ ਸਾਰੀ ਜਿੰਦਗੀ ਨਰਕ ਦਾ ਸਾਗਰ ਬਣੀ ਰਹਿੰਦੀ ਹੈ। ਕਰਮ ਕਰਦੇ ਰਹਿਣਾਂ ਤਾਂ ਸਿ੍ਰਸਟੀ ਦੀ ਹਰ ਵਸਤੂ ਦਾ ਧਰਮ ਹੈ ਪਰ ਕੁਦਰਤ ਤੇ ਜਿੱਤ ਹਾਸਲ ਕਰਨ ਲਈ ਕਰਮ ਕਰਨਾਂ ਮਨੁੱਖ ਦਾ ਤਬਾਹੀ ਅਤੇ ਵਿਨਾਸ ਨੂੰ ਘਰ ਬੁਲਾਉਣਾਂ ਹੀ ਸਿੱਧ ਹੁੰਦਾਂ ਹੈ। ਮਨੁੱਖ ਨੂੰ ਆਪਣੀ ਜਿੰਦਗੀ ਜਿਉਣ ਵਾਲੀਆਂ ਲੋੜਾਂ ਅਨੁਸਾਰ ਕੰਮ ਕਰਨਾਂ ਭਾਵੇਂ ਗੁਨਾਹ ਨਹੀਂ ਪਰ ਅੱਯਾਸੀ ਦੇ ਸਾਧਨ ਪੈਦਾ ਕਰਨ ਲਈ ਤਕਨੀਕ ਨਾਂ ਦੇ ਪੰਛੀ ਦੀ ਸਵਾਰੀ ਕਰਦਿਆਂ ਉਦਯੋਗਿਕ ਕੂੜਾ ਕਚਰਾ ਪੈਦਾ ਕਰ ਲਈ ਧਰਤੀ ਨੂੰ ਵਾਤਾਵਰਣ ਨੂੰ ਤਬਾਹ ਕਰਦਿਆਂ ਮਨੁੱਖੀ ਜਿੰਦਗੀ ਦੇ ਖਾਤਮੇ ਦੀ ਨੀਂਹ ਰੱਖੀ ਜਾਣਾਂ ਤਰਕਸੀਲ ਲੋਕਾਂ ਲਈ ਤਾਂ ਸਿਆਣਫ ਹੋ ਸਕਦੀ ਹੈ ਪਰ ਬਿਬੇਕਸੀਲ ਜਾਂ ਗਿਆਨ ਵਾਨ ਲੋਕ ਤਾਂ ਇਸਨੂੰ ਮਨੁੱਖ ਦੀ ਆਪਣੇ ਪੈਰ ਆਪ ਕੁਹਾੜਾ ਮਾਰਨ ਦੇ ਬਰਾਬਰ ਹੀ ਸਮਝਣਗੇ। ਕੀ ਮਨੁੱਖ ਵਿਕਾਸ ਜਰੂਰੀ ਹੈ ਦੇ ਹੱਕ ਵਿੱਚ ਤਰਕ ਦੇਕੇ ਧਰਤੀ ਦੇ ਖਾਤਮੇ ਵਾਲੇ ਕਦਮ ਪੁਟਦਿਆਂ  ਰਹੇਗਾ। ਕੀ ਇਨਸਾਨੀ ਜਿੰਦਗੀ ਅਤੇ ਧਰਤੀ ਦੀ ਵਰਤਮਾਨ ਹੋਂਦ ਸਦਾ ਰਹੇ ਦੇ ਹੱਕ ਵਿੱਚ ਤਰਕ ਦੇਣਾਂ ਨਹੀਂ ਚਾਹੀਦਾ।

Friday 13 September 2013

ਮਨੁੱਖੀ ਜਿੰਦਗੀ ਦੇ ਚਾਰ ਪੜਾਅ ਸੱਚ ਤੋਂ ਝੂਠ ਤੱਕ

                                  
                                               ਆਧੁਨਿਕ ਸਮਾਂ ਵਿਗਿਆਨ ਦਾ ਸਮਾਂ ਹੈ ਜਿਸ ਵਿੱਚ ਹਰ ਪਰਕਿਰਿਆ ਨੂੰ ਤਰਕਾਂ ਅਤੇ ਸਬੂਤਾਂ ਦੇ ਅਧਾਰ ਤੇ ਹੀ ਸਿੱਧ ਕਰਨਾਂ ਪੈਂਦਾਂ ਹੈ ਪਰ ਕੁਦਰਤ ਦੇ ਬਹੁਤ ਸਾਰੇ ਇਹੋ ਜਿਹੇ ਭੇਦ ਹਨ ਜੋ ਵਾਪਰਦੇ ਰਹਿੰਦੇ ਹਨ ਜਿਹਨਾਂ ਨੂੰ ਸਿੱਧ ਕਰਨਾਂ ਮੁਸਕਲ ਹੁੰਦਾਂ ਹੈ। ਅਲੋਕਿਕ ਵਰਤਾਰੇ ਸਿਰਫ ਮਹਿਸੂਸ ਕੀਤੇ ਜਾਂਦੇ ਹਨ ਜਾਂ ਵਾਪਰਦੇ ਦੇਖਣੇ ਹੀ ਪੈਦੇ ਹਨ ਪਰ ਉਹਨਾਂ ਉੱਪਰ ਸਵਾਲ ਉਠਾਉਣਾਂ ਕੋਈ ਕੀਮਤ ਨਹੀਂ ਰੱਖਦਾ ਇਸ ਤਰਾਂ ਦੇ ਅਨੇਕ ਵਰਤਾਰੇ ਹਰ ਮਨੁੱਖ ਦੇ ਜੀਵਨ ਵਿੱਚ ਆਉਂਦੇ ਹਨ ਜਿਹਨਾਂ ਨੂੰ ਦੇਖਕੇ ਉਸਦ ਸੋਚ ਅਤੇ ਸਮਝ ਵਿੱਚ ਬਦਲਾਅ ਆਉਣੇਂ ਲਾਜਮੀ ਹੁੰਦੇ ਹਨ। ਨੌਜਵਾਨ ਉਮਰ ਵਿੱਚ ਨਾਸਤਿਕ ਹੋਣ ਤੇ ਮਾਣ ਮਹਿਸੂਸ ਕਰਨ ਵਾਲੇ ਅਕਸਰ ਹੀ ਬਜੁਰਗ ਹੋਣ ਤੱਕ ਆਸਤਿਕ ਹੋ ਜਾਂਦੇ ਹਨ ਬਹੁਤੀ ਵਾਰ ਤਾਂ ਧਰਮ ਜਾਂ ਰੱਬ ਦੇ ਪਰਚਾਰਕ ਹੋਣ ਤੱਕ ਪਹੁੰਚ ਜਾਂਦੇ ਹਨ। ਮਨੁੱਖੀ ਜਿੰਦਗੀ ਵਿੱਚ ਪਤਾ ਨਹੀਂ ਕਿਹੜੇ ਸਮੇਂ ਮਨੁੱਖ ਸਾਹਮਣੇ ਕਿਹੋ ਜਿਹੀਆਂ ਸਥਿਤੀਆਂ ਆ ਖੜੀਆਂ ਹੋਣ । ਜੀਵਨ ਸਥਿਤੀਆਂ ਮਨੁੱਖੀ ਮਨ ਵਿੱਚ ਭਾਵਨਾਵਾਂ ਦਾ ਹੜ ਲਿਆ ਦਿੰਦੀਆਂ ਹਨ ਆਮ ਤੌਰ ਤੇ ਮਨੁੱਖ ਭਾਵਨਾਵਾਂ ਦੇ ਅਧੀਨ ਹੀ ਕੰਮ ਕਰਦਾ ਹੈ। ।ਕਿਸੇ ਵਕਤ ਕੰਡੇ ਦੀ ਪੀੜ ਤੋਂ ਚੀਕ ਮਾਰਨ ਵਾਲਾ ਬੰਦਾਂ ਸਰਿੰਜਾਂ ਦੀਆਂ ਲੰਬੀਆਂ ਸੂਈਆਂ ਸਹਿ ਲੈਂਦਾਂ ਹੈ ਅਤੇ ਸਰੀਰ ਚੀਰ ਦੇਣ ਵਾਲੀਆਂ ਲੜਾਈਆਂ ਦਾ ਸਾਹਮਣਾਂ ਕਰ ਲੈਂਦਾਂ ਹੈ ਅਤੇ ਭੋਰਾ ਵੀ ਤਕਲੀਫ ਨਹੀਂ ਮੰਨਦਾ। ਵੱਖ ਵੱਖ ਸਮੇਂ ਤੇ ਮਨੁੱਖੀ ਮਨੋਸਥਿਤੀ ਵੱਖੋ ਵੱਖਰੀ ਹੰਦੀ ਹੈ । ਮਨੁੱਖੀ ਸਰੀਰ ਇੱਕੋ ਤਕਲੀਫ ਜਾਂ ਸੁੱਖ ਸਹੂਲਤ ਨੂੰ ਵੱਖੋ ਵੱਖ ਸਮਿਆਂ ਤੇ ਵੱਖੋ ਵੱਖਰੇ ਤੌਰ ਤੇ ਮਹਿਸੂਸ ਕਰਦਾ ਹੈ। ਕਦੀ ਮਨੁੱਖ ਆਪਣਿਆਂ ਦੀ ਮੌਤ ਤੇ ਰੋਂਦਾਂ ਹੈ ਪਰ ਕਈ ਵਾਰ ਉਹੀ ਮਨੁੱਖ ਆਪਣਿਆਂ ਨੂੰ ਕਤਲ ਕਰਨ ਤੱਕ ਚਲਾ ਜਾਂਦਾਂ ਹੈ ਤਦ ਮੌਤ ਤੇ ਰੋਣ ਦੀ ਬਜਾਇ ਸਕੂਨ ਮਹਿਸੂਸ ਕਰਦਾ ਹੈ । ਅਸਲ ਵਿੱਚ ਮਨੁੱਖ ਭਾਵਨਾਵਾਂ ਦਾ ਸਮੇਲ ਹੀ ਹੁੰਦਾਂ ਹੈ ਕੌਮਲ ਭਾਵੀ ਮਨੁੱਖ ਕਈ ਵਾਰ ਪੱਥਰਾਂ ਨਾਲੋਂ ਵੀ ਸਖਤ ਵਿਵਹਾਰ ਕਰਦਾ ਹੈ। ਕਈ ਵਾਰ ਜਲਾਦ ਵੀ ਕੋਮਲ ਭਾਵੀ ਹੋ ਜਾਂਦੇ ਹਨ ਪਿੱਛੇ ਜਿਹੇ ਇੱਕ ਦਹਿਸਤਗਰਦ ਗਰਦਾਨੇ ਗਏ ਵਿਅਕਤੀ ਨੂੰ ਫਾਂਸੀ ਦੇਣ ਵਾਲੇ ਜਲਾਦ ਨੇ ਉਸ ਵਅਕਤੀ ਨੂੰ ਫਾਂਸੀਂ ਦੇਣ ਤੋਂ ਪਹਿਲਾਂ ਉਸਦੇ ਪੈਰਾਂ ਨੂੰ ਛੁਹਿਆ ਅਤੇ ਫਿਰ ਮਾਫੀ ਮੰਗੀ । ਜਿੰਦਗੀ ਦੇ ਵਿੱਚ ਵੱਖੋ ਵੱਖਰੇ ਪੜਾਅ ਆਉਂਦੇ ਹਨ ਜੋ ਮਨੁੱਖੀ ਮਨ ਦੀਆਂ ਭਾਵਨਾਵਾਂ ਨੂੰ ਬਦਲਦੇ ਰਹਿੰਦੇ ਹਨ। ਜਿੰਦਗੀ ਦਾ ਪਹਿਲਾ ਪਹਿਰ ਬਚਪਨ ਹੁੰਦਾਂ ਹੈ ਜਿਸ ਨੂੰ ਪਹਿਲਾ ਯੁੱਗ ਭਾਵ ਸਤਿਯੁਗ ਵੀ ਆਖਿਆ ਜਾ ਸਕਦਾ ਹੈ। ਇਸ ਵਿੱਚ ਹਰ ਜਿੰਦਗੀ ਕੁਦਰਤ ਦੀ ਮਰਜੀ ਤੇ ਜਾਂ ਭਾਵ ਦੂਸਰਿਆਂ ਤੇ ਨਿਰਭਰ ਹੋਕੇ ਬਿਨਾਂ ਕਿਸੇ ਵਲ ਅਤੇ ਛਲ ਦੇ ਜਿੰਦਗੀ ਬਤੀਤ ਕਰਦਾ ਹੈ। ਇਸ ਉਮਰ ਵਿੱਚ ਖੁਸੀਆਂ ਮਾਨਣ ਤੋਂ ਬਿਨਾਂ ਕੋਈ ਲਾਲਸਾ ਨਹੀਂ ਹੁੰਦੀ ਅਤੇ ਨਾਂ ਹੀ ਇਸ ਉਮਰ ਵਿੱਚ ਝੂਠ ਬੋਲਦਾ ਹੈ। ਅਸਲ ਵਿੱਚ ਬਚਪਨ ਵਿੱਚ ਝੂਠ ਬੋਲਣਾਂ ਆਉਂਦਾਂ ਹੀ ਨਹੀਂ ਹੁੰਦਾਂ ਵੱਡੀ ਉਮਰ ਵਾਲੇ ਹੀ ਬੱਚਿਆਂ ਨੂੰ ਝੂਠ ਬੋਲਣਾਂ ਸਿਖਾਉਂਦੇ ਹਨ।
                                               ਬਚਪਨ ਦੀ ਕੁਦਰਤੀ ਜਿੰਦਗੀ ਤੋਂ ਬਾਅਦ ਜਿੰਦਗੀ ਦੇ ਦੂਸਰੇ ਪਹਿਰ ਤਾਕਤ ਦਾ ਰੂਪ ਜਵਾਨੀ ਵਾਲੀ ਉਮਰ ਵਿੱਚ ਮਨੁੱਖ ਜਿੰਦਗੀ ਦੇ ਬਹੁਤੇ ਕੰਮ ਆਪਣੀ ਤਾਕਤ ਦੇ ਜੋਰ ਤੇ ਕਰਦਾ ਹੈ ਜਿਸ ਨਾਲ ਉਸ ਵਿੱਚ ਖੁਦ ਨੂੰ ਖੁਦਾ ਵਰਗਾ ਮਹਿਸੂਸ ਹੁੰਦਾਂ ਹੈ। ਇਸ ਉਮਰ ਵਿੱਚ ਮਨੁੱਖੀ ਮਨ ਸਾਰੇ ਫੈਸਲੇ ਤਰਕਾਂ ਨਾਲ ਕਰਦਾ ਹੈ। ਇਸ ਉਮਰ ਵਿੱਚ ਇਨਸਾਨੀ ਜਿੰਦਗੀ ਹਰ ਕੰਮ ਨੂੰ ਕਰਨ ਦੇ ਸਮੱਰਥ ਹੁੰਦੀ ਹੈ ਅਤੇ ਉਨੂੰ ਇਸ ਤਰਾਂ ਕਰਨ ਦਾ ਨਸੇ ਵਰਗਾ ਸੁਆਦ ਵੀ ਮਹਿਸੂਸ ਹੁੰਦਾਂ ਹੈ। ਤਾਕਤ ਦੇ ਸਮੇਂ ਨੌਜਵਾਨੀ ਨੂੰ ਕੁਦਰਤੀ ਸਕਤੀ ਵੱਲ ਦੇਖਣ ਦੀ ਲੋੜ ਵੀ ਮਹਿਸੂਸ ਨਹੀਂ ਹੁੰਦੀ । ਪੈਰਾਂ ਨਾਲ ਧਰਤੀ ਦਮਕਾਉਣ ਦੀ ਇਸ ਉਮਰ ਦੀ ਤਾਕਤ ਵੀ ਵਕਤ ਆਉਣ ਨਾਲ ਘੱਟ ਜਾਂਦੀ ਹੈ ਅਤੇ ਇਹ ਆਉਣ ਵਾਲੀ ਦੂਸਰੀ ਪੀੜੀ ਕੋਲ  ਜਾਣ ਲੱਗਦੀ ਹੈ ਤਦ ਹੀ ਮਨੁੱਖੀ ਮਨ ਵੀ ਇਸ ਸੋਚ ਤੋਂ ਬਾਹਰ ਨਿਕਲਣ ਲੱਗਦਾ ਹੈ।
                                                                ਜਿੰਦਗੀ ਦਾ ਤੀਸਰਾ ਪਹਿਰ ਤਾਕਤ  ਦੀ ਥਾਂ ਤਪੱਸਿਆ ਰੂਪੀ ਤਜਰਬਾ ਭਾਰੂ ਹੋ ਜਾਂਦਾਂ ਹੈ ਜਿਸ ਵਿੱਚ ਤਾਕਤ ਦਾ ਜੋਰ ਨਹੀਂ ਰਹਿੰਦਾ ਪਰ ਤਜਰਬਾ ਜੋ ਜਵਾਨੀ ਦੇ ਸਮੇਂ ਹਾਸਲ ਕੀਤਾ ਹੁੰਦਾਂ ਹੈ ਬਹੁਤ ਵਾਰ ਜਿੰਦਗੀ ਵਿੱਚ ਮਨੁੱਖ ਨੂੰ ਸਫਲ ਹੋਣ ਦੇ ਮੌਕੇ ਦਿੰਦਾਂ ਰਹਿੰਦਾਂ ਹੈ। ਤਜਰਬੇ ਵਾਲੀ ਜਿੰਦਗੀ ਵਿੱਚ ਮਨੁੱਖੀ ਮਨ ਤਾਕਤ ਵਾਲਿਆਂ ਦਾ ਵੀ ਕਿਸੇ ਹੱਦ ਤੱਕ ਮੁਕਾਬਲਾ ਕਰ ਲੈਂਦਾਂ ਹੈ ਪਰ ਤਜਰਬੇ ਵਾਲੀ ਜਿੰਦਗੀ ਦਾ ਵੀ ਇੱਕ ਦਿਨ ਅੰਤ ਹੋ ਜਾਂਦਾਂ ਹੈ ਜਾਂ ਮਨੁੱਖ ਦੀਆਂ ਆਉਣ ਵਾਲੀਆਂ ਨਵੀਆਂ ਪੀੜੀਆਂ ਜੋ ਤਾਕਤ ਤੋਂ ਤਜਰਬੇ ਵਾਲੀ ਮੰਜਿਲ ਤੇ ਪਹੁੰਚ ਜਾਂਦੀਆਂ ਹਨ ਨੂੰ ਦੂਸਰੀਆਂ ਦੇ ਤਜਰਬੇ ਦੀ ਲੋੜ ਘਟ ਜਾਂਦੀ ਹੈ ਉਸ ਵਕਤ ਮਨੁੱਖ ਹਾਰਨਾਂ ਸੁਰੂ ਹੋ ਜਾਂਦਾਂ ਹੈ ਇਸ ਨੂੰ ਜਿੰਦਗੀ ਦਾ ਚੌਥਾ ਪਹਿਰ ਜਾਂ ਚੌਥਾਂ ਯੁੱਗ ਕਿਹਾ ਜਾਂਦਾਂ ਹੈ।
                                           ਜਿੰਦਗੀ ਦੇ ਚੌਥਾ ਪਹਿਰ  ਵਿੱਚ ਮਨੁੱਖ ਦੋ ਤਰੀਕਿਆਂ ਨਾਲ ਜਿੰਦਗੀ ਬਤੀਤ ਕਰਦਾ ਹੈ ਪਹਿਲੀ ਕਿਸਮ ਦੇ ਲੋਕ ਸੱਚ ਦੇ ਰੁਬਰੂ ਹੁੰਦਿਆ ਆਪਣੇ ਆਪ ਨੂੰ ਹਾਰਿਆ ਮਹਿਸੂਸ ਕਰਕੇ ਆਪਣੇ ਆਪ ਨੂੰ ਆਪਣੇ ਬੱਚਿਆਂ ਅਤੇ ਧਰਮ ਕਰਮ ਦੇ ਹਵਾਲੇ ਕਰ ਦਿੰਦੇ ਹਨ ਅਤੇ ਆਪਣੀ ਹਾਊਮੈਂ ਦਾ ਤਿਆਗ ਕਰ ਦਿੰਦੇ ਹਨ। ਇਹ ਲੋਕ ਸੱਚ ਨੂੰ ਸਵੀਕਾਰ ਕਰਕੇ ਸਮਾਜ ਅਤੇ ਆਪਣੇ ਵਾਰਿਸਾਂ ਨਾਲ ਸਾਂਝ ਬਚਾਉਣ ਵਿੱਚ ਸਫਲ ਹੋ ਜਾਂਦੇ ਹਨ ਜਿਸ ਨਾਲ ਜਿੰਦਗੀ ਸਵੱਰਗ ਵਰਗੀ ਬਣ ਜਾਂਦੀ ਹੈ। ਦੂਸਰੀ ਕਿਸਮ ਦੇ ਲੋਕ ਸੱਚ ਤੋਂ ਕਿਨਾਰਾ ਕਰਕੇ ਆਪਣੀ ਹਾਊਮੈਂ ਦੇ ਘੋੜੇ ਤੇ ਬੈਠ ਜਾਂਦੇ ਹਨ ਅਤੇ ਆਪਣੇ ਆਪ ਨੂੰ ਸਿਆਣਾਂ ਤੇ ਸੁਪਰ ਪਾਵਰ ਐਲਾਨ ਦਿੰਦੇ ਹਨ  ਜਿਸ ਨਾਲ ਜਿੰਦਗੀ ਲੜਾਈ ਦੇ ਦੌਰ ਵਿੱਚ ਸਾਮਲ ਹੋ ਜਾਂਦੀ ਹੈ। ਨਵੀਆਂ ਪੀੜੀਆਂ ਇਸ ਤਰਾਂ ਦੇ ਲੋਕਾਂ ਤੋਂ ਬਾਗੀ ਹੋ ਜਾਂਦੀਆਂ ਹਨ ਜਿਸ ਨਾਲ ਜਿੰਦਗੀ ਯੁੱਧ ਦਾ ਰੂਪ ਧਾਰਕੇ ਨਰਕ ਵਿੱਚ ਦਖਲ ਹੋ ਜਾਂਦੀ ਹੈ। ਇਸ ਤਰਾਂ ਦੇ ਸੱਚ ਤੋਂ ਮੁਨਕਰ ਲੋਕ ਵਲ ਅਤੇ ਛਲ ਅਤੇ ਲੜਾਈ ਦੇ ਰਸਤਿਆਂ ਦੇ ਪਾਂਧੀਂ ਹੋ ਜਾਦੇਂ ਹਨ । ਇਹੀ ਕਾਰਨ ਹੈ ਜਿਸ ਕਾਰਨ ਜਿੰਦਗੀ ਦੇ ਚੌਥੇ ਪਹਿਰ ਨੂੰ ਕਲਯੁੱਗ ਦਾ ਪਹਿਰ ਮੰਨਿਆਂ ਜਾਂਦਾ ਹੈ ਇਸ ਦੀ ਬੁਨਿਆਦ ਝੂਠ ਤੇ ਹੁੰਦੀ ਹੈ। ਝੂਠ ਕਲਯੁੱਗ ਦਾ ਰਥਵਾਹ ਹੁੰਦਾਂ ਹੈ। ਇਹਨਾਂ ਰਾਂਹਾਂ ਦੇ ਕੰਢੇ ਮਨੁੱਖੀ ਜਿੰਦਗੀ ਦੇ ਅੰਤਿਮ ਪਹਿਰ ਨੂੰ ਲਹੂਲੁਹਾਣ ਕਰ ਦਿੰਦੇ ਹਨ। ਇਸ ਤੋਂ ਬਾਅਦ ਇਸ ਤਰਾਂ ਦੇ ਲੋਕ ਜਿੰਦਗੀ ਦਾ ਇਹ ਚੌਥਾ ਕਲਯੁੱਗ ਵਾਲਾ ਪਹਿਰ ਵੱਲ ਅਤੇ ਛੱਲ ਦੀ ਭੇਂਟ ਚੜਾਕੇ ਨਰਕ ਦੀ ਜਿੰਦਗੀ ਜਿਉਦਿਆਂ ਮੌਤ ਦੇ ਦਰਵਾਜੇ ਤੱਕ ਪਹੁੰਚਦੇ ਹਨ। ਜੋ ਲੋਕ ਬਚਪਨ ਵਰਗਾ ਸੱਚਾ ਮਨ ਬਚਾਈ ਰੱਖਣ ਵਿੱਚ ਸਫਲ ਹੋ ਜਾਂਦੇ ਹਨ ਉਹ ਲੋਕ ਜਿੰਦਗੀ ਵਿੱਚ ਸਵਰਗ ਦੀਆਂ ਖੁਸੀਆਂ ਨੂੰ ਮਾਨਣ ਦੇ ਹੱਕਦਾਰ ਅੰਤ ਤੱਕ ਬਣੇ ਰਹਿੰਦੇ ਹਨ । ਇਹ ਲੋਕ ਸੱਚ ਤੋਂ ਮੁਨਕਰ ਨਹੀਂ ਹੋਏ ਹੁੰਦੇ ਅਤੇ ਆਪਣੀ ਜਿੰਦਗੀ ਨੂੰ ਬਚਪਨ ਵਾਲੇ ਸਤਿਯੁੱਗ ਦੇ ਸਵੱਰਗ ਵਿੱਚ ਬਣਾਈ ਰੱਖਦੇ ਹਨ । ਮਨੁੱਖ ਨੂੰ ਸਦਾ ਹੀ ਵਲ ਅਤ ਛਲ ਤੋਂ ਦੂਰ ਰਹਿੰਦਿਆਂ ਤਾਕਤ ਦੇ ਹੰਕਾਰ ਨੂੰ ਦੂਰ ਰੱਖਦਿਆਂ ਨਿਮਰਤਾ ਵਾਲੀ ਸਧਾਰਨ ਜਿੰਦਗੀ ਜਿਉਣ ਨੂੰ ਪਹਿਲ ਦੇਣੀ ਚਾਹੀਦੀ ਹੈ ਜਿਸ ਵਿੱਚੋਂ ਖੁਸੀਆਂ ਖੇੜਿਆਂ ਵਾਲਾ ਸਵੱਰਗ ਉਪਜਦਾ ਹੈ ।

                                

Wednesday 4 September 2013

ਰੈਡੀਮੇਡ ਸੰਤ ਅਤੇ ਰਾਜਨੀਤਕ ਗੱਠਜੋੜ ਦੀ ਅਸਲੀਅਤ

                               
                                 ਪਿਛਲੇ ਦਿਨੀ ਸੰਤ ਆਸਾ ਰਾਮ ਦੀਆਂ ਕਰਤੂਤਾਂ ਨੇ ਸੰਤ ਪਰੰਪਰਾਂ ਨੂੰ ਬਹੁਤ ਹੀ ਢਾਅ ਲਾਈ ਹੈ ਅਤੇ ਇਸ ਤਰਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਦਾ ਜਿਕਰ ਕੀਤਾ ਜਾ ਸਕਦਾ ਹੈ ਜਿਹਨਾਂ ਵਿੱਚ ਹਰਿਆਣੇ ਦਾ ਇੱਕ ਡੇਰੇਦਾਰ ਅਤੇ ਦੱਖਣ ਭਾਰਤ ਦਾ ਇੱਕ ਨੌਜਵਾਨ ਸੰਤ ਦੇ ਕਾਰਨਾਮੇ ਵੀ ਜਿਕਰ ਯੋਗ ਹਨ। ਇਹਨਾਂ ਤੋਂ ਬਿਨਾਂ ਕਰੋੜਾਂ ਅਰਬਾਂ ਰੁਪਏ ਇਕੱਠੇ ਕਰਕੇ ਸੰਤ ਦਾ ਸਰਟੀ ਫਿਕੇਟ ਭਰੀ ਫਿਰਦੇ ਅਨੇਕਾਂ ਸੰਤ ਹਨ ਜਿਹਨਾਂ ਦੀ ਗਿਣਤੀ ਹੀ ਮੁਸਕਲ ਹੈ। ਵਰਤਮਾਨ ਵਿੱਚ ਸੰਤ ਪੈਦਾ ਨਹੀਂ ਹੋ ਰਹੇ ਬਲਕਿ ਪੈਦਾ ਕੀਤੇ ਜਾ ਰਹੇ ਹਨ ਜਿਹਨਾਂ ਵਿੱਚੋਂ ਬਹੁਤਿਆਂ ਦੇ ਪਿੋੱਛੇ ਰਾਜਨੀਤਕ ਲੋਕਾਂ ਅਤੇ ਪਾਰਟੀਆ ਦਾ ਹੱਥ ਹੈ। ਵੋਟ ਬੈਂਕ ਦੇ ਜਖੀਰੇ ਰੂਪੀ ਸੰਤ ਰਾਜਨੀਤਕਾਂ ਦੇ ਮੋਹਰੇ ਬਣਕੇ ਸਮਾਜ ਨੂੰ ਗੰਮਰਾਹ ਕਰ ਰਹੇ ਹਨ ਅਤੇ ਸੰਤ ਤਾਈ ਦੀ ਪਰੰਪਰਾਂ ਨੂੰ ਬਦਨਾਮ ਵੀ ਕਰ ਰਹੇ ਹਨ । ਅਸਲੀ ਸੰਤ ਤਾਂ ਸਮਾਜ ਨੂੰ ਅਤੇ ਹਰ ਦੁਨਿਆਵੀ ਮੋਹ ਨੂੰ ਤਿਆਗ ਕੇ ਇਸ ਰਾਹ ਤੇ ਤੁਰਦਾ ਹੈ। ਅੱਜ ਕੱਲ ਦੇ ਬਹੁਤੇ ਸੰਤ ਮਾਇਆਂ ਅਤੇ ਮਸਹੂਰੀ ਦੀ ਭੁੱਖ ਵਿਚ ਗਰਕ ਕੇ ਸੰਤ ਬਣਦੇ ਹਨ। ਸੰਤ ਤਾਈ ਦਾ ਫੱਟਾ ਲਾਕੇ ਇਸ ਤਰਾਂ ਦੇ ਲੋਕ ਰਾਜਨੀਤਕਾਂ ਦੇ ਗੁਲਾਮ ਬਣ ਜਾਂਦੇ ਹਨ । ਅਸਲੀ ਸੰਤ ਜਦਕਿ ਕਿਸੇ ਦੀ ਵੀ ਗੁਲਾਮੀ ਸਵੀਕਾਰ ਨਹੀਂ ਕਰਦਾ ਹੁੰਦਾਂ । ਸੰਤ ਦਾ ਕਦੇ ਵੀ ਕੋਈ ਵਿਸੇਸ ਦੁਨਿਆਵੀ ਧਰਮ ਵੀ ਨਹੀਂ ਹੁੰਦਾਂ ਕਿਉਂਕਿ ਸੰਤ ਦੀ ਸੋਚ ਤਾਂ ਬ੍ਰਹਿੁਮੰਡੀ ਸੋਚ ਹੁੰਦੀ ਹੈ ਜਿਸ ਵਿੱਚ ਦੁਨੀਆਂ ਦੇ ਸਾਰੇ ਧਰਮ ਸਮਾ ਜਾਂਦੇ ਹਨ । ਇਨਸਾਨੀਅਤ ਅਤੇ ਸਮੁੱਚੇ ਸੰਸਾਰ ਦੀ ਸੇਵਾ ਹੀ ਉਸਦਾ ਧਰਮ ਹੁੰਦਾਂ ਹੈ ਜਿਸਨੂੰ ਇਨਸਾਨੀਅਤ ਵੀ ਆਖਿਆ ਜਾ ਸਕਦਾ ਹੈ।
                                   ਵੋਟਾਂ ਦੇ ਲਾਲਚ ਕਾਰਨ ਰਾਜਨੀਤਕਾਂ ਨੂੰ ਵੋਟ ਬੈਂਕ ਤਿਆਰ ਕਰਨ ਦੀ ਲੋੜ ਪੈ ਰਹੀ ਹੈ। ਸੰਤ ਵੋਟਾਂ ਦਾ ਬੈਂਕ ਤਿਆਰ ਕਰਨ ਦੇ ਸਭ ਤੋਂ ਵੱਡੇ ਸਾਧਨ ਹਨ।  ਭਾਰਤੀ ਲੋਕਾਂ ਨੂੰ ਅਖੌਤੀ ਧਾਰਮਿਕ ਜਮਾਤਾਂ ਵਿੱਚ ਵੰਡਕੇ ਪਾਟੋਧਾੜ ਕੀਤਾ ਹੋਇਆ ਹੈ। ਹਜਾਰਾਂ ਸਾਲਾਂ ਤੋਂ ਭਾਰਤੀ ਮਾਨਸਿਕਤਾ ਤੇ ਧਾਰਮਿਕਤਾ ਦੀ ਪਾਣ ਚੜੀ ਹੋਈ ਹੈ ਜਿਸ ਵਿੱਚੋਂ ਲੋਕਾਂ ਦਾ ਨਿਕਲਣਾਂ ਬਹੁਤ ਹੀ ਮੁਸਕਲ ਹੈ। ਰਾਜਨੀਤਕਾਂ ਨੇ ਇਸ ਨੂੰ ਵਰਤਣ ਦੀ ਕਲਾ ਜਾਣ ਲਈ ਹੈ। ਦੇਸ ਦੀਆਂ ਵੱਡੀਆਂ ਰਾਜਨੀਤਕ ਪਾਰਟੀਆਂ ਧਰਮਾਂ ਅਤੇ ਸੰਤਾਂ ਦੀ ਪੁਸਤਪਨਾਹੀ ਕਰਦੀਆਂ ਹਨ। ਇਸ ਕਾਰਨ ਧਾਰਮਿਕ ਅਦਾਰੇ ਕਾਰਪੋਰੇਟ ਘਰਾਣਿਆਂ ਨਾਲੋਂ ਵੀ ਵੱਧ ਆਮਦਨ ਕਰ ਰਹੇ ਹਨ। ਦੂਜੇ ਨੰਬਰ ਤੇ ਪਰਚਾਰ ਮੀਡੀਆਂ ਦੇ ਜੋਰ ਤੇ ਬਹੁਤ ਸਾਰੇ ਗੁਲਾਮ ਬੰਦੇ ਸੰਤ ਦੇ ਤੌਰ ਤੇ ਸਥਾਪਤ ਕੀਤੇ ਜਾ ਰਹੇ ਹਨ ਜੋ ਵੋਟ ਬੈਂਕ ਤਿਆਰ ਕਰਕੇ ਆਪਣੇ ਆਗੂਆਂ ਦੀਆਂ ਝੋਲੀਆਂ ਵੋਟਾਂ ਨਾਲ ਭਰਦੇ ਹਨ ਬਦਲੇ ਵਿੱਚ ਹਰ ਸਰਕਾਰੀ ਪੁਸਤ ਪਨਾਹੀ ਹਾਸਲ ਕਰਕੇ ਨਜਾਇਜ ਧੰਦੇ ਅਤੇ ਹੋਰ ਬਹੁਤ ਕੁੱਝ ਕਰਦੇ ਹਨ। ਜਦ ਇਸ ਤਰ ਦੇ ਸੰਤਾਂ ਦੇ ਰਾਜਨੀਤਕ ਗੁਰੂ ਚੋਣਾਂ ਜਿੱਤ ਕੇ ਸਰਕਾਰਾਂ ਦੇ ਭਾਈਵਾਲ ਬਣ ਜਾਂਦੇ ਹਨ ਤਾਂ ਇਸ ਤਰਾਂ ਦੇ ਦਲਾਲ ਸੰਤਾਂ ਦੀਆਂ ਪੰਜੇ ਉਗਲਾਂ ਘਿਉ ਵਿੱਚ ਹੁੰਦੀਆਂ ਹਨ। ਰਾਜਨੀਤਕ ਲੋਕਾਂ ਦਾ ਧਰਮ ਹਮੇਸਾਂ ਕੁਰਸੀ ਹੀ ਹੁੰਦਾਂ ਹੈ । ਕੁਰਸੀ ਲਈ  ਸਭ ਕੁੱਝ ਕਰਨ ਵਾਲੇ ਰਾਜਨੀਤਕ ਲੋਕ ਸੰਤਾਂ ਨੂੰ ਗਲਤ ਕੰਮਾਂ ਵਿੱਚ ਸਹਿਯੋਗ ਦੇਕੇ ਉਹਨਾਂ ਨੂੰ ਸੈਤਾਨ ਬਣਾਉਣ ਵਿੱਚ ਵੀ ਪੂਰਾ ਹੱਥ ਵਟਾਉਂਦੇ ਹਨ। ਸੈਤਾਨ ਬਣੇ ਅਖੌਤੀ ਸੰਤ ਆਪਣੇ ਆਪ ਨੂੰ ਕਾਨੂੰਨ ਤੋਂ ਵੀ ਉਪਰ ਸਮਝਣ ਲੱਗ ਜਾਂਦੇ ਹਨ ਜਿਸ ਨਾਲ ਮਾਇਆ ਇਕੱਠੀ ਕਰਨ ਤੋਂ ਬਾਅਦ ਅੱਯਾਸੀ ਕਰਨ ਦਾ ਰਾਹ ਫੜ ਲੈਂਦੇ ਹਨ। ਇਸ ਅੱਯਾਸੀ ਦੇ ਰਸਤੇ ਤੇ ਤੁਰੇ ਬੰਦੇ ਨੂੰ ਸੰਤ  ਦਾ ਦਰਜਾ ਮਿਲਣਾਂ ਫਿਰ ਸਮਾਜ ਲਈ ਲਾਹਨਤ ਬਣ ਜਾਂਦਾ ਹੈ । ਭਿ੍ਰਸਟ ਅਤੇ ਅੱਯਾਸ ਬਣੇ ਸੰਤ ਰੂਪੀ ਬੰਦੇ ਰਾਜਨੀਤਕਾਂ ਦੀ ਜਾੜ ਥੱਲੇ ਹੀ ਹੁੰਦੇ ਹਨ ਜਿਹਨਾਂ ਨੂੰ ਜਦੋਂ ਮਰਜੀ ਚੱਬਿਆ ਜਾ ਸਕਦਾ ਹੈ। ਆਸਾ ਰਾਮ ਵੀ ਇੱਕ ਇਸ ਤਰਾਂ ਦਾ ਸੰਤ ਹੀ ਹੈ ਜੋ ਗਰੀਬੀ ਤੋਂ ਇੱਕ ਦਮ ਪੈਸੇ ਦੀ ਚਕਾਚੌਂਧ ਵਿੱਚ ਅੰਨਾਂ ਹੋ ਗਿਆ ਹੈ । ਆਪਣੇ ਆਪ ਨੂੰ ਰਾਜਨੀਤਕਾਂ ਤੋਂ ਵੱਡਾ ਸਮਝਣ ਲੱਗ ਪਿਆਂ ਸੀ। ਗੁਜਰਾਤ ਦੇ ਤਿੰਨ ਵਾਰ ਬਣੇ ਮੁੱਖ ਮੰਤਰੀ ਨੂੰ ਵੀ ਅੱਖਾਂ ਦਿਖਾਉਣ ਲੱਗਿਆਂ ਹੋਇਆ ਸੀ । ਇਸ ਤਰਾਂ ਇਹ ਕਿੰਨਾਂ ਕੁ ਵਕਤ ਬਚ ਸਕਦਾ ਹੈ। ਜਦੋਂ ਵੀ ਸਰਕਾਰਾਂ ਨੂੰ ਵਕਤ ਮਿਲਿਆ ਤਦ ਰਾਜਨੀਤਕਾਂ ਨੇ ਆਪਣਾਂ ਰੰਗ ਦਿਖਾ ਦਿੱਤਾ ਹੈ। ਹੁਣ ਤੱਕ ਉਸਦੇ ਅਨੇਕਾਂ ਗੁਨਾਹ ਛੁਪਾਉਣ ਵਾਲੇ ਰਾਜਨੀਤਕ ਇੱਕਦਮ ਉਸਦੇ ਖਿਲਾਫ ਬੋਲਣ ਲੱਗੇ ਹਨ । ਇਸ ਤੋਂ ਪਹਿਲਾਂ ਵੀ ਅਨੇਕਾਂ ਗੁਨਾਹਾਂ ਵਿੱਚ ਸਾਮਲ ਹੋਣ ਦੇ ਦੋਸ ਇਸ ਉਪਰ ਲੱਗਦੇ ਰਹੇ ਹਨ ਪਰ ਉਹ ਸਾਰੇ ਰਾਜਨੀਤੀ ਦੇ ਜੋਰ ਤੇ ਦਬਾਏ ਗਏ ਸਨ । ਆਸਾ ਰਾਮ ਨੂੰ ਭੁਲੇਖਾ ਲੱਗ ਗਿਆ ਸੀ ਕਿ ਸਾਇਦ ਉਹ ਰਾਜਨੀਤਕਾਂ ਤੋਂ ਵੱਡਾ ਹੋ ਗਿਆ ਹੈ ਜੋ ਕਿ ਉਹ ਹੈ ਨਹੀਂ ਸੀ। ਬੀਜੇਪੀ ਦੇ ਕੁੱਝ ਆਗੂ ਹਾਲੇ ਵੀ ਉਸਦਾ ਬਚਾਅ ਕਰਨਾਂ ਲੋਚਦੇ ਸਨ ਉਸਦੇ ਵੋਟ ਬੈਂਕ ਕਾਰਨ ,ਪਰ ਨਰਿੰਦਰ ਮੋਦੀ ਵੱਲੋਂ ਆਸਾ ਰਾਮ ਨੂੰ ਰਾਖਸ ਦਾ ਖਿਤਾਬ ਦੇਣ ਤੇ ਹੁਣ ਬੀਜੇਪੀ ਆਗੂ ਵੀ ਚੁੱਪ ਕਰ ਗਏ ਹਨ ਕਿਉਂਕਿ ਭਵਿੱਖ ਦਾ ਬੀਜੇਪੀ ਆਗੂ ਮੋਦੀ ਹੀ ਜਦ ਉਸਦੇ ਖਿਲਾਫ ਹੈ ਫਿਰ ਛੋਟੇ ਆਗੂਆਂ ਨੇ ਵੀ ਪਾਸਾ ਵੱਟਣ ਵਿੱਚ ਹੀ ਭਲਾਈ ਸਮਝੀ ਹੈ । ਰਾਜਸਥਾਨ ਦੇ ਮੁੱਖ ਮੰਤਰੀ ਵੱਲੌਂ ਕੁੱਝ ਮੱਦਦ ਕਰਨ ਦੀ ਕੋਸਿਸ ਉਸ ਵਕਤ ਅਸਫਲ ਹੋ ਗਈ ਜਦੋਂ ਆਸਾ ਰਾਮ ਨੇ ਆਪਣੇ ਆਪ ਨੂੰ ਵੱਡਾ ਸਮਝਦਿਆਂ  ਸੋਨੀਆਂ ਅਤੇ ਰਾਹੁਲ ਗਾਂਧੀਂ ਤੇ ਹੀ ਦੋਸ ਲਾਉਣਾਂ ਸੁਰੂ ਕਰ ਦਿੱਤਾ ਕਿ ਉਸਨੂੰ ਫਸਾਉਣ ਲਈ ਸੋਨੀਆਂ ਅਤੇ ਰਾਹੁਲ ਜਿੰਮੇਦਾਰ ਹਨ ਅਤੇ ਇਸ ਬਿਆਨ ਦੇ ਕਾਰਨ ਗਹਿਲੋਤ ਜੀ ਨੂੰ ਮਜਬੂਰਨ ਕਾਰਵਾਈ ਕਰਨੀਂ ਪਈ ਜਿਸ ਸਦਕਾ ਆਸਾ ਰਾਮ ਜੇਲ ਦੇ ਬੈਕੁੰਠ ਦੀ ਅਸਲੀਅਤ ਵੀ ਹੁਣ ਚੰਗੀ ਤਰਾਂ ਦੇਖ ਲਵੇਗਾ। ਜੇ ਸਰਕਾਰਾਂ ਨੇ ਇਮਾਨਦਾਰੀ ਨਾਲ ਜਾਂਚ ਕਰਵਾਈ ਤਾਂ ਸਾਇਦ ਆਸਾ ਰਾਮ ਨੂੰ ਸਾਰੀ ਉਮਰ ਹੀ ਜੇਲ ਦੀ ਬੈਕੁੰਠ ਵਿੱਚ ਰਹਿਣ ਦਾ ਮੌਕਾ ਮਿਲ ਜਾਵੇ।
                       ਭਵਿੱਖ ਵਿੱਚ ਭਾਵੇਂ ਇਸ ਤਰਾਂ ਦੇ ਹੋਰ ਕਾਰਨਾਮਿਆਂ ਦੇ ਖਾਤਮੇ ਦੀ ਆਸ ਨਹੀਂ ਰੱਖੀ ਜਾ ਸਕਦੀ ਕਿਉਂਕਿ ਰਾਜਨੀਤਕ ਲੋਕਾਂ ਨੂੰ ਹਾਲੇ ਵੀ ਇਹੋ ਜਿਹੇ ਬਨਾਰਸੀ ਠੱਗਾਂ ਦੀ ਲੋੜ ਹੈ ਪਰ ਆਸਾਰਾਮ ਦੀ ਗਿਰਫਤਾਰੀ ਨਾਲ ਬਹੁਤ ਸਾਰੇ ਹੋਰ ਅੱਯਾਸ ਅਖੌਤੀ ਸੰਤਾਂ ਨੂੰ ਵੀ ਜਰੂਰ ਜੇਲ ਦੇ ਸੁਪਨੇ ਦਿਖਾਈ ਲੱਗ ਗਏ ਹੋਣਗੇ । ਇਸ ਤਰਾਂ ਦੀ ਕਾਰਵਾਈ ਉਹਨਾਂ ਸੰਤਾ ਤੇ ਵੀ ਹੋਣੀ ਚਾਹੀਦੀ ਹੈ ਜਿਹਨਾਂ ਨੇ ਆਪਣੇ ਕੇਸ ਪੈਸੇ ਦੇ ਜੋਰ ਤੇ ਅਦਾਲਤਾਂ ਵਿੱਚ ਲਟਕਾਏ ਹੋਏ ਹਨ । ਮਾਇਆਧਾਰੀ ਅਖੌਤੀ ਸੰਤ ਜੋ ਕਰੋੜਾਂ ਅਰਬਾਂ ਦੀ ਜਾਇਦਾਦ ਦੇ ਮਾਲਕ ਬਣੇ ਹੋਏ ਹਨ ਦੀਵੀ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਤਰਾਂ ਦੇ ਵਪਾਰੀ ਕਿਸਮ ਦੇ ਸੰਤਾਂ ਦੀ ਜਾਇਦਾਦ ਸਰਕਾਰੀ ਐਲਾਨ ਦਿੱਤੀ ਜਾਣੀ ਚਾਹੀਦੀ ਹੈ ਪਰ ਇਹ ਹੋਵੇਗਾ ਨਹੀਂ ਕਿਉਂਕਿ ਇਸ ਤਰਾਂ ਦੇ ਲੋਕਾਂ ਦੇ ਜਨਮਦਾਤੇ ਅਸਲ ਵਿੱਚ ਰਾਜਨੀਤਕ ਆਗੂ ਅਤੇ ਰਾਜਨੀਤਕ ਪਾਰਟੀਆਂ ਹੀ ਹਨ । ਜਿਹਨਾਂ ਚਿਰ ਰਾਜਨੀਤਕ ਲੋਕ ਅਤੇ ਸੰਤ ਗੱਠਜੋੜ ਨਹੀਂ ਟੁਟੇਗਾ ਉਨਾਂ ਚਿਰ ਇਹੋ ਜਿਹੇ ਕਾਂਢ ਵੀ ਹੁੰਦੇ ਰਹਿਣਗੇ ਪਰ ਆਮ ਲੋਕਾਂ ਦੀਆਂ ਅੱਖਾਂ ਤੋਂ ਪਰਦਾ ਜਰੂਰ ਲਹਿ ਜਾਣਾਂ ਚਾਹੀਦਾ ਹੈ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ

Tuesday 3 September 2013

ਆਧੁਨਿਕ ਸਮਾਜ ਵਿੱਚ ਬਜੁਰਗਾਂ ਦੀ ਦੁਰਦਸਾ ਦੇ ਕਾਰਨ

            
                                                   ਵਰਤਮਾਨ ਯੁੱਗ ਦੀ ਤੇਜ ਰਫਤਾਰ ਤਰੱਕੀ ਦੇ ਵਿੱਚ ਸਮਾਜ ਅਤੇ ਸਭਿਆਚਾਰ ਦੇ ਵਿੱਚ ਬਦਲਾ ਵੀ ਤੇਜੀ ਨਾਲ ਹੋ ਰਹੇ ਹਨ। ਸਾਂਝੇ ਪਰੀਵਾਰ ਖਤਮ ਹੋ ਰਹੇ ਹਨ ਅਤੇ ਹਰ ਕੋਈ ਇਕਹਿਰੇ ਪਰੀਵਾਰ ਨੂੰ ਪਹਿਲ ਦੇ ਰਿਹਾ ਹੈ । ਨੌਜਵਾਨਾਂ ਨੇ ਤਾਂ ਇਸ ਨੂੰ ਪਹਿਲ ਦੇਣੀ ਹੀ ਹੈ ਪਰ ਬਜੁਰਗ ਲੋਕ ਵੀ ਆਪਣੀ ਡਫਲੀ ਆਪ ਵਜਾਉਣ ਨੂੰ ਪਹਿਲ ਦਿੰਦੇ ਹਨ। ਜਦ ਤੋਂ ਪੰਜਾਬ ਦੀ ਜਰਖੇਜ ਜਮੀਨ ਹਰੀ ਕਰਾਂਤੀ ਨਾਲ ਮੋਟੀ ਕਮਾਈ ਦੇਣ ਲੱਗੀ ਹੈ ਨੂੰ ਦੇਖਕੇ ਬਜੁਰਗ ਲੋਕ ਵੀ ਆਪਣੇ ਪੁੱਤਾਂ ਨਾਲ ਸਰੀਕਾਂ ਵਾਂਗ ਜਮੀਨਾਂ ਵੰਡਣ ਲੱਗ ਪਏ ਹਨ। ਧੀਆਂ ਪੁੱਤਰਾਂ ਨੂੰ ਮਾਪਿਆਂ ਨੇ ਪੈਸੇ ਬਣਾਉਣ ਵਾਲੀ ਮਸੀਨ ਬਣਨ ਦੀ ਹੱਲਾਸੇਰੀ ਦੇਕੇ ਆਪਣੇ ਪੈਰ ਆਪ ਕੁਹਾੜਾ ਮਾਰਿਆ ਹੈ। ਜਦ ਮਨੁੱਖ ਇਨਸਾਨ ਦੀ ਥਾਂ ਪੈਸੇ ਬਣਾਉਣ ਵਾਲੀ ਮਸੀਨ ਬਣ ਜਾਂਦਾ ਹੈ ਤਦ ਉਸਨੂੰ ਮਾਪਿਆਂ ਜਾਂ ਬਜੁਰਗਾਂ  ਨੂੰ ਸੰਭਾਲਣਾਂ ਵੀ ਘਾਟੇ ਦਾ ਸੌਦਾ ਲੱਗਦਾ ਹੈ । ਵਰਤਮਾਨ ਵਿੱਚ ਬੱਚਿਆਂ ਨੂੰ ਦੂਸਰਿਆਂ ਦੀ ਭਲਾਈ ਦੀ ਥਾਂ ਨਿੱਜ ਵਾਦ ਦੀ ਸਿੱਖਿਆ ਦਿੱਤੀ ਜਾ ਰਹੀ ਹੈ ਜਿਸ ਵਿੱਚ ਪੇਸੇਵਾਰਾਨਾ ਸੋਚ ਨੂੰ ਹੀ ਹੱਲਾਸੇਰੀ ਦਿੱਤੀ ਜਾਂਦੀ ਹੈ। ਇਸ ਵਪਾਰਕ ਸੋਚ ਦੇ ਘੋੜੇ ਤੇ ਚੜਿਆਂ ਬੰਦਾਂ ਦੂਸਰਿਆਂ ਦੀ ਭਲਾਈ ਸੋਚਣ ਤੋਂ ਹੀ ਕੋਰਾ ਹੋ ਜਾਂਦਾ ਹੈ ਦੂਸਰਿਆਂ ਦੀ ਭਲਾਈ ਕਰਨ ਤੋਂ ਮੁੱਕਰਿਆ ਬੰਦਾਂ ਆਪਣੇ ਮਾਪਿਆਂ ਨੂੰ ਵੀ ਬੋਝ ਹੀ ਸਮਝਦਾ ਹੈ । ਜਿਸ ਬੱਚੇ ਵਿੱਚ ਸਮਾਜ ਸੇਵਾ ਜਾਂ ਦੂਸਰਿਆਂ ਦੀ ਮੱਦਦ ਕਰਨ ਦੀ ਸੋਚ ਭਰੀ ਹੋਵੇਗੀ ਉਹ ਵਿਅਕਤੀ ਕਦੇ ਵੀ ਆਪਣੇ ਮਾਪਿਆਂ ਦੀ ਸੇਵਾ ਤੋਂ ਵੀ ਪੈਰ ਪਿਛਾਂਹ ਨਹੀਂ ਕਰ ਸਕਦਾ । ਬੱਚਿਆਂ ਦੇ ਵਿੱਚ ਲਾਲਸਾਵਾਂ ਦੀ ਅੱਗ ਬਾਲਕੇ ਅਸੀਂ ਉਹਨਾਂ ਤੋ ਕਿਸੇ ਦੀ ਵੀ ਸੇਵਾ ਦੀ ਆਸ ਨਹੀਂ ਰੱਖ ਸਕਦੇ । ਵਰਤਮਾਨ ਵਿੱਚ ਪੈਸੇ ਦੀ ਦੌੜ ਏਨੀ ਭਾਰੂ ਹੋ ਚੁੱਕੀ ਹੈ ਜਿਸ ਵਿੱਚ ਸਮਾਜ ਦਾ ਹਰ ਵਰਗ ਦੌੜ ਰਿਹਾ ਹੈ ਅਤੇ ਇਸ ਦੌੜ ਦੇ ਵਿੱਚ ਸਾਹੋ ਸਾਹੀ ਹੋਏ ਮਨੁੱਖ ਨੂੰ ਕਿਸੇ ਦੂਸਰੇ ਬਾਰੇ ਸੋਚਣ ਦੀ ਵਿਹਲ ਹੀ ਨਹੀਂ ਹੈ। ਵਰਤਮਾਨ ਵਿੱਚ ਹਰ ਮਨੁੱਖ ਆਪਣੇ ਬੱਚਿਆਂ ਨੂੰ ਅਮੀਰੀ ਦੇ ਘਰ ਵਿੱਚ ਦੇਖਣ ਲਈ ਪਹਿਲਾਂ ਤਾਂ ਅਖੌਤੀ ਵਿੱਦਿਆਂ ਜੋ ਸਿਖਾਉਣ ਦੀ ਥਾਂ ਲੁੱਟ ਦਾ ਰੂਪ ਹੈ ਨੂੰ ਦਿਵਾਉਂਦਾ ਹੈ ਅਤੇ ਬਾਅਦ ਵਿੱਚ ਪਛਤਾਉਂਦਾਂ ਹੈ। ਇਸ ਆਧੁਨਿਕ ਪੜਾਈ ਤੋਂ ਬਾਅਦ ਜੇ ਸਰਕਾਰੀ ਨੌਕਰੀ ਲੈਣੀ ਹੋਵੇ ਤਦ ਮੁਸਕਲ ਨਾਲ ਦੋ ਪਰਸੈਂਟ ਬੱਚੇ ਹੀ ਇਸਨੂੰ ਹਾਸਲ ਕਰ ਪਾਉਂਦੇ ਹਨ ਜਿਹਨਾਂ ਵਿੱਚ ਬਹੁਤੇ ਗਲਤ ਤਰੀਕਿਆਂ ਦੀ ਵਰਤੋਂ ਕਰਨ ਵਾਲੇ ਹੀ ਹਾਸਲ ਕਰ ਲੈਂਦੇ ਹਨ ਬਹੁਤ ਥੋੜੇ ਨੌਜਵਾਨ ਹੀ ਸਰਕਾਰੀ ਨੌਕਰੀ ਵਿਦਿਅਕ ਯੋਗਤਾ ਦੇ ਸਹਾਰੇ ਇਸਨੂੰ ਹਾਸਲ ਕਰ ਪਾਉਂਦੇ ਹਨ। ਬਾਕੀ ਬਚਦੇ ਲੋਕ ਆਪਣੇ ਧੀਆਂ ਪੁੱਤਰਾਂ ਨੂੰ ਜੇ ਸਾਧਨ ਬਣਦੇ ਹੋਣ ਤਾਂ ਲੱਖਾਂ ਖਰਚ ਕੇ ਵਿਦੇਸ ਭੇਜਣ ਦੀ ਸੋਚਦੇ ਹਨ। ਪਰਾਈਵੇਟ ਸੰਸਥਾਵਾਂ ਵਿੱਚ ਰੋਜਗਾਰ ਕਰਨ ਵਾਲੇ ਜਿਆਦਾਤਰ ਨੌਜਵਾਨ ਜਿੰਦਗੀ ਜਿਉਣ ਜਿਨਾਂ ਹੀ ਮਸਾਂ ਕਮਾ ਪਾਉਂਦੇ ਹਨ । ਇਸ ਤਰਾਂ ਦੇ ਰੋਜਗਾਰ ਹਾਸਲ ਕਰਨ ਵਾਲੇ ਨੌਜਵਾਨ ਫਿਰ ਆਪਣੀ ਇਕਹਿਰੀ ਜਿੰਦਗੀ ਜਿਉਣ ਬਾਰੇ ਸੋਚਣਾਂ ਸੁਰੂ ਕਰ ਦਿੰਦੇ ਹਨ । ਜਦ ਨੌਜਵਾਨ ਵਰਗ ਆਪਣੇ ਬਚਪਨ ਨੂੰ ਵਿਦਿਆਂ ਵਿੱਚ ਗਵਾਕੇ ਨਿਕਲਦਾ ਹੈ ਅਤੇ ਜਵਾਨੀ ਦੇ ਸਮੇਂ ਨੂੰ ਚਿੰਤਾਂ ਮੁਕਤ ਹੋਣ ਦੀ ਥਾਂ ਸੰਘਰਸ ਵਿੱਚ ਗੁਜਾਰਦਾ ਹੈ ਤਦ ਤੱਕ ਉਸਦੀ ਸੋਚ ਲੰਗੜਾ ਚੁੱਕੀ ਹੁੰਦੀ ਹੈ ਅਤੇ ਸਮਾਜ ਪ੍ਰਤੀ ਨਾਂਹ ਪੱਖੀ ਵਤੀਰਾ ਧਾਰਨ ਕਰ ਲੈਂਦਾਂ ਹੈ ।
                 ਪਿਛਲੇ ਕੁਝ ਸਾਲਾਂ ਵਿੱਚ ਤਕਨੀਕ ਨੇ ਏਨਾਂ ਵਿਕਾਸ ਕੀਤਾਹੈ ਜਿਸ ਨਾਲ ਹਰ ਵਿਅਕਤੀ ਦੇ ਘਰੇਲੂ ਖਰਚ ਅਤੇ ਰੁਝੇਵੇਂ ਏਨੇ ਵਧ ਚੁੱਕੇ ਹਨ ਕਿ ਕਿਸੇ ਕੋਲ ਵਕਤ ਹੀ ਨਹੀਂ ਦੂਸਰਿਆਂ ਨਾਲ ਸਾਂਝ ਪਾਉਣ ਦਾ ਜਿਸ ਕਾਰਨ ਮੋਹ ਅਤੇ ਮਮਤਾ ਦੀ ਤੰਦ ਕਮਜੋਰ ਹੋ ਰਹੀ ਹੈ। ਜਦ ਮੋਹ ਦੀਆਂ ਤੰਦਾਂ ਕਮਜੋਰ ਹੋ ਜਾਣਗੀਆਂ ਤਦ ਕੁਦਰਤੀ ਹੈ ਕਿ ਦਇਆ ਰੂਪੀ ਹਮਦਰਦੀ ਦਾ ਬੂਟਾ ਸੁੱਕ ਜਾਂਦਾ ਹੈ। ਜਦ ਮਨੁੱਖ ਵਿੱਚ ਦਇਆਂ ਨਹੀਂ ਰਹਿ ਜਾਂਦੀ ਤਦ ਉਸਦਾ ਫਰਜ ਨਿਭਾਉਣ ਵਾਲਾ ਧਰਮ ਵੀ ਮਰ ਮੁੱਕ ਜਾਂਦਾ ਹੈ। ਵਰਤਮਾਨ ਸਮਾਜ ਦਾ ਇਹੀ ਵੱਡਾ ਦੁਖਾਂਤ ਹੈ ਜਿਸ ਕਾਰਨ ਨੌਜਵਾਨੀ ਅਤੇ ਬਜੁਰਗਾਂ ਦੇ ਵਿਚਕਾਰਲੀ ਸਾਂਝ ਦੀ ਕੜੀ ਟੁੱਟ ਰਹੀ ਹੈ। ਜਿਉਂ ਜਿਉਂ ਇਹ ਸਾਂਝ ਘੱਟਦੀ ਜਾ ਰਹੀ ਹੈ ਤਿਉਂ ਤਿਉਂ ਬਜੁਰਗਾਂ ਦਾ ਜੀਵਨ ਮੁਸਕਲ ਭਰਿਆਂ ਹੋਈ ਜਾ ਰਿਹਾ ਹੈ। ਨੌਜਵਾਨ ਉਮਰ ਵਿੱਚ ਤਾਂ ਮਨੁੱਖ ਕੋਲ ਬਹੁਤ ਸਾਰੇ ਰੁਝੇਵੇਂ ਹੁੰਦੇ ਹਨ ਵਕਤ ਨੂੰ ਲੰਘਾਉਣ ਲਈ ਪਰ ਵੱਡੀ ਉਮਰ ਵਿੱਚ ਸਮੇਂ ਨਾਲ ਇਹ ਘੱਟਦੇ ਜਾਂਦੇ ਹਨ । ਇੱਕ ਵਕਤ ਆਉਂਦਾ ਹੈ ਜਦ ਬਜੁਰਗ ਵਿਅਕਤੀ ਦਾ ਸਰੀਰ ਵੀ ਸਾਥ ਛੱਡਣਾਂ ਸੁਰੂ ਕਰ ਦਿੰਦਾਂ ਹੈ ਅਤੇ ਇਹੋ ਜਿਹੇ ਵਕਤ ਹਮੇਸਾਂ ਆਪਣੀ ਔਲਾਦ ਹੀ ਸਾਂਭ ਸੰਭਾਲ  ਕਰ ਸਕਦੀ ਹੈ। ਵੱਡੀ ਉਮਰ ਵਿੱਚ ਜੇ ਔਲਾਦ ਕੋਲ ਹੋਵੇ ਤਾਂ ਹੀ ਘਰਾਂ ਵਿੱਚ ਰੌਣਕ ਰਹਿੰਦੀ ਹੈ ਜਿਸ ਨਾਲ ਬਜੁਰਗਾਂ ਦੀ ਵੀ ਸਮਾਜ ਨਾਲ ਸਾਂਝ ਬਣੀ ਰਹਿੰਦੀ ਹੈ। ਜੇ ਵੱਡੀ ਉਮਰ ਵਿੱਚ ਵਿਅਕਤੀ ਕੋਲ ਪਰੀਵਾਰ ਜਾਂ ਔਲਾਦ ਹੀ ਨਹੀਂ ਤਾਂ ਉਸ ਕੋਲ ਕੋਈ ਮਿਲਣ ਵਾਲਾ ਵੀ ਨਹੀਂ ਜਾਂਦਾ ਜਿਸ ਨਾਲ ਇਕੱਲਾਪਣ ਭਾਰੂ ਹੋ ਜਾਂਦਾ ਹੈ। ਇਕੱਲਾਪਣ ਬਹੁਤ ਹੀ ਖਤਰਨਾਕ ਅਤੇ ਡਰਾਉਣਾਂ ਹੁੰਦਾਂ ਹੈ। ਜਿਸ ਵਿਕਤੀ ਕੋਲ ਬਜੁਰਜਤਾਈ ਦੀ ਉਮਰ ਵਿੱਚ ਔਲਾਦ ਕੋਲ ਹੈ ਤਦ ਇਹ ਸਵਰਗ ਵਰਗਾ ਹੁੰਦਾਂ ਹੈ ਪਰ ਜਿਸ ਕੋਲ ਇਕੱਲਾਪਣ ਹੋਵੇ ਤਦ ਜਿੰਦਗੀ ਦਾ ਇਹ ਪਹਿਰ ਨਰਕ ਦਾ ਰੂਪ ਹੋ ਜਾਂਦਾਂ ਹੈ। ਅਸਲ ਵਿੱਚ ਮਨੁੱਖ ਨੇ ਤਰੱਕੀ ਦੇ ਨਾਂ ਤੇ ਨਰਕ ਵੱਲ ਹੀ ਛਾਲ ਮਾਰੀ ਹੈ। ਨੌਜਵਾਨੀ ਆਪਣੇ ਬਜੁਰਗਾਂ ਤੋਂ ਸਿੱਖਕੇ ਹਰ ਹੀਲੇ ਪੈਸਾ ਕਮਾਉਣਾਂ ਲੋਚਦੀ ਹੈ। ਇਸ ਪੈਸੇ ਨੂੰ ਇਕੱਠਾ ਕਰਨ ਦੀ ਦੌੜ ਵਿੱਚ ਉਸਦੇ ਆਪਣੇ ਮਾਪੇ ਜਾਂ ਬਜੁਰਗ ਵੀ ਯਾਦ ਨਹੀਂ ਰਹਿੰਦੇ । ਵਰਤਮਾਨ ਸਮਾਜ ਦੀ ਇਹ ਹੁਣ ਹੋਣੀ ਬਣ ਚੁੱਕੀ ਹੈ ਜਿਸਦਾ ਭਾਰ ਚੁੱਕਣਾਂ ਵੀ ਬਜੁਰਗਾਂ ਨੂੰ ਪੈ ਰਿਹਾ ਹੈ। ਅੱਜ ਦੀ ਨੌਜਵਾਨੀ ਵੀ ਭਵਿੱਖ ਵਿੱਚ ਇਸਦੇ ਖਤਰਨਾਕ ਨਤੀਜੇ ਹੰਢਾਵੇਗੀ । ਕੁਦਰਤ ਦੇ ਉਲਟ ਚੱਲਕੇ ਮਨੁੱਖ  ਕਦੇ ਵੀ ਸਾਂਵੀਂ ਪੱਧਰੀ ਜਿੰਦਗੀ ਨਹੀਂ ਜਿਉਂ ਸਕਦਾ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ

Tuesday 16 July 2013

ਪੰਜਾਬੀ ਕਿਸਾਨ ਇਉਂ ਕੀਤਾ ਬਰਬਾਦ ਅਤੇ ਕਰਜਾਈ ?

                   
                                             ਜਦ ਵੀ ਕਿਸਾਨ ਦੇ ਕਰਜਾਈ ਹੋਣ ਦੇ ਕਾਰਨ ਗਿਣਾਏ ਜਦ ਹਨ ਤਾਂ ਉਹਨਾਂ ਅਨੁਸਾਰ ਬਹੁਤੇ ਲੇਖਕ ਅਤੇ ਵਿਦਵਾਨ ਜਾਂ ਖੇਤੀਬਾੜੀ ਮਾਹਰ ਕਿਸਾਨ ਵਿੱਚ ਹੀ ਜਿਆਦਾ ਦੋਸ ਕੱਢਦੇ ਹਨ ਪਰ ਅਸਲ ਵਿੱਚ ਕਿਸਾਨ ਨੂੰ ਸਰਕਾਰਾਂ ਦੁਆਰਾ ਕਰਜਾਈ ਕਰਨ ਦੀਆਂ ਨੀਤੀਆਂ ਜੁੰਮੇਵਾਰ ਹਨ । ਹਰ ਸਰਕਾਰ ਕਿਸਾਨ  ਨੂੰ ਆਪਣੀ ਮਰਜੀ ਮੁਤਾਬਕ ਚਲਾਉਣ ਲਈ ਇਸਨੂੰ ਮਜਬੂਰ ਅਤੇ ਬੇਬੱਸ ਬਣਿਆ ਭਾਲਦੀਆਂ ਹਨ। ਪੰਜਾਬ ਦਾ ਕਿਸਾਨ ਸਭ ਤੋਂ ਉੱਤਮ ਤਕਨੀਕੀ ਖੇਤੀ ਕਰਨ ਲਈ ਜਾਣਿਆ ਜਾਂਦਾ ਹੈ । ਪੰਜਾਬ ਸਰਕਾਰ ਦੀਆਂ ਨੀਤੀਆਂ ਨੇ ਇਸਨੂੰ ਇਸ ਤਕਨੀਕ ਦੇ ਇੱਕ ਹਿੱਸੇ ਨਾਲ ਹੀ ਏਨਾਂ ਕਰਜਾਈ ਕਰਵਾ ਦਿੱਤਾ ਹੈ ਜੋ ਇਸਦੇ ਸਿਰ ਖੜੇ ਸਮੁੱਚੇ ਸਰਕਾਰੀ ਤੌਰ ਤੇ ਰਜਿਸਟਰਡ ਕਰਜੇ ਨੂੰ ਖਤਮ ਕਰ ਸਕਦਾ ਹੈ। ਪੰਜਾਬ ਵਿੱਚ ਖੇਤੀਬਾੜੀ ਦੇ ਲਈ ਯੋਗ ਵਧੀਆ ਜਮੀਨ ਇੱਕ ਕਰੋੜ ਏਕੜ ਦੇ ਕਰੀਬ ਹੈ ਜਿਸਨੂੰ ਨਹਿਰੀ ਪਾਣੀ ਤੋਂ ਬਿਨਾਂ ਚਾਰ ਲੱਖ ਬਿਜਲੀ ਨਾਲ ਚੱਲਣ ਵਾਲੇ ਟਿਊਬਵੈਲਾਂ ਦੀ ਜਰੂਰਤ ਹੈ । ੲੱਕ ਬਿਜਲੀ ਮੋਟਰ 25 ਏਕੜ ਤੱਕ ਦੀ ਜਮੀਨ ਦੀ ਸਿੰਜਾਈ ਕਰ ਸਕਦੀ ਹੈ ਪਰ ਇਹ ਵਰਤਮਾਨ ਵਿੱਚ ਛੇ ਕੁ ਏਕੜਾਂ ਪਿੱਛੇ ਇੱਕ ਬਿਜਲਈ ਮੋਟਰ ਹੈ।  ਸਰਕਾਰਾਂ ਦੁਆਰਾ ਬਿਜਲੀ ਦੀ ਕਟੌਤੀ ਏਨੀ ਜਿਆਦਾ ਹੈ ਕਿ ਹਰ ਕਿਸਾਨ ਨੂੰ ਬਿਜਲੀ ਕਨੈਕਸਨਾਂ ਦੀ ਗਿਣਤੀ ਵਧਾਉਣੀ ਪੈ ਰਹੀ ਹੈ। ਚਾਰ ਲੱਖ ਬਿਜਲੀ ਦੇ ਕਨੈਕਸਨਾਂ ਦੀ ਥਾਂ  ਇਹਨਾਂ ਦੀ ਗਿਣਤੀ 14 ਲੱਖ ਹੈ। ਇਹ ਫਾਲਤੂ ਦਸ ਲੱਖ ਕਨੈਕਸਨ ਕਿਸਾਨਾਂ ਨੂੰ ਮਜਬੂਰੀ ਵਿੱਚ ਲੈਣੇ ਪਏ ਹਨ। ਇੱਕ ਬਿਜਲੀ ਕਨੈਕਸਨ ਤੇ ਘੱਟੋ ਘੱਟ ਇੱਕ ਲੱਖ ਰੁਪਏ ਖਰਚ ਆ ਜਾਂਦੇ ਹਨ। ਇੱਕ ਬਿਜਲੀ ਮੋਟਰ ਦੇ ਲਈ ਟਿਊਬਵੈਲ ਲਗਾਉਣ ਤੇ ਇੱਕ ਲੱਖ ਰੁਪਏ ਅਲੱਗ ਖਰਚ ਆਉਂਦੇ ਹਨ ।  ਟਿਊਬਵੈਲ  ਤਦੀ ਬਿਜਲੀ ਮੋਟਰ ਅਤੇ ਜਮੀਨ  ਰੱਖਣ ਤੇ ਡੇਢ ਲੱਖ ਰੁਪਏ ਹੋਰ ਖਰਚ ਆਉਂਦੇ ਹਨ ਅਤੇ ਇਸ ਤਰਾਂ ਇਹ ਖਰਚਾ ਕੁੱਲ ਸਾਢੇ ਤਿੰਨ ਲੱਖ ਤੱਕ ਅੱਪੜ ਜਾਂਦਾ ਹੈ । ਵਾਧੂ ਲਏ ਬਿਜਲੀ ਕਨੈਕਸਨਾਂ ਤੇ ਪੰਜਾਬੀ ਕਿਸਾਨਾਂ ਦਾ 35000 ਕਰੋੜ ਰੁਪਏ ਦਾ ਖਰਚਾ ਆ ਚੁੱਕਾ ਹੈ । ਪੰਜਾਬ ਦੇ ਕਿਸਾਨਾਂ ਸਿਰ ਸਰਕਾਰੀ ਤੌਰ ਤੇ ਰਜਿਸਟਰਡ ਕਰਜਾ 42000 ਕਰੋੜ ਹੈ । 
                                        ਜੇ ਪੰਜਾਬ ਦੇ ਕਿਸਾਨਾਂ ਨੂੰ 24 ਘੰਟੇ ਬਿਜਲੀ ਸਪਲਾਈ ਦਿੱਤੀ ਜਾਦੀਂ ਤਾਂ ਕਿਸਾਨਾਂ ਦਾ 35000 ਕਰੋੜ ਰੁਪਇਆ ਬਚਾਇਆ ਜਾ ਸਕਦਾ ਸੀ ਅਤੇ ਕਿਸਾਨ ਨੇ ੲਹ ਪੈਸਾ ਖੇਤੀਬਾੜੀ ਵਿੱਚ ਇਨਵੈਸਟ ਕਰਨਾਂ ਸੀ ਜਿਸ ਨਾਲ ਪੰਜਾਬ ਦੀ ਖੇਤੀ ਹੋਰ ਤਰੱਕੀ ਕਰਦੀ ਉਲਟਾ ਕਿਸਾਨ ਹੁਣ ਕਰਜਾਈ ਹੋ ਗਿਆ ਹੈ। ਕਿਸਾਨ ਸੰਗਠਿਤ ਨਾਂ ਹੋਣ ਕਰਕੇ ਕੋਈ ਸੰਘਰਸ ਨਹੀਂ ਕਰ ਸਕਦਾ। ਕਿਸਾਨਾਂ ਦੀ ਕੋਈ ਇੱਕ ਵੀ ਜਥੇਬੰਦੀ ਨਹੀਂ ਹੈ । ਭਾਰਤੀ ਕਿਸਾਨ ਯੁਨੀਆਂਨ ਦੇ ਨਾਂ ਅਨੇਕਾਂ ਯੁਨੀਅਨਾਂ ਰਾਜਨੀਤਕ ਪਾਰਟੀਆਂ ਦੀਆਂ ਪੈਦਾਇਸ ਹਨ ਜਿਹਨਾਂ ਦੇ ਨੇਤਾ ਲੋਕ ਆਪਣੇ ਅਤੇ ਆਪਣੀਆਂ ਰਾਜਨੀਤਕ ਪਾਰਟੀਆਂ ਦੀਆਂ ਬੋਲੀ ਬੋਲਦੀਆਂ ਹਨ ਕਿਸਾਨਾਂ ਦੀ ਨਹੀਂ। ਕਿਸਾਨ ਵਰਗ ਰਾਜਨੀਤਕ ਤੌਰ ਤੇ ਸੁਚੇਤ ਨਾਂ ਹੋਣ ਦੇਣ ਲਈ ਵੀ ਇਹ ਕਿਸਾਨ ਆਗੂ ਹੀ ਜੁੰਮੇਵਾਰ ਹਨ। ਕਿਸਾਨ ਆਗੂ ਕਦੇ ਵੀ ਬਿਜਲੀ ਸਪਲਾਈ 24 ਘੰਟੇ ਨਹੀਂ ਮੰਗੇ । ਜੇ ਪੰਜਾਬੀ ਕਿਸਾਨ ਨੂੰ ਚਾਰ ਘੰਟਿਆਂ ਦੀ ਥਾਂ 24 ਘੰਟੇ ਸਪਲਾਈ ਦਿੱਤੀ ਜਾਦੀ ਤਦ ਇਸਦਾ 35000 ਕਰੋੜ ਬਚਾਇਆ ਜਾ ਸਕਦਾ ਸੀ ਜੋ ਕਿ ਹੁਣ ਕਿਸਾਨ ਦੇ ਸਿਰ ਭੂਤ ਬਣਕੇ ਖੜਾ ਹੈ ਜੋ ਉਸਨੂੰ ਖੁਦਕਸੀਆਂ ਕਰਨ ਲਈ ਮਜਬੂਰ ਕਰਦਾ ਹੈ। ਇਹਨਾਂ ਖੁਦਕਸੀਆਂ ਦੇ ਸਿਵਿਆਂ ਤੇ ਕਿਸਾਨ ਆਗੂ ਅਤੇ ਰਾਜਨੀਤਕ ਆਗੂ ਆਪਣੀਆਂ ਰੋਟੀਆਂ ਪਕਾਉਂਦੇ ਹਨ। ਕੁੱਝ ਲੋਕ ਪਾਣੀ ਦੀ ਬੱਚਤ ਦੇ ਨਾਂ ਤੇ  ਘੱਟ ਬਿਜਲੀ ਸਪਲਾਈ ਦੇਣ ਦੀ ਗੱਲ ਕਰਦੇ ਹਨ ਜੋ ਕਿ ਫਜੂਲ ਹੈ ਕਿੳਂਕਿ ਕਿਸਾਨ ਨੇ ਜਰੂਰਤ ਅਨੁਸਾਰ ਪਾਣੀ ਹਰ ਹੀਲੇ ਕੱਢਣਾਂ ਹੈ। ਖੇਤੀਬਾੜੀ ਦੀਆਂ ਫਸਲਾਂ ਨਾਂ ਜਿਆਦਾ ਪਾਣੀ ਸਹਾਰਦੀਆਂ ਹਨ ਅਤੇ ਨਾਂ ਹੀ ਘੱਟ ਪਾਣੀ ਨਾਲ ਪੂਰਾ ਝਾੜ ਦਿੰਦੀਆਂ ਹਨ। ਸੋ ਕਿਸਾਨ ਨੂੰ ਪਾਣੀ ਪੂਰਾ ਕਰਨ ਲਈ ਇੱਕ ਦੀ ਥਾਂ ਚਾਰ ਮੋਟਰਾਂ ਲਵਾਉਣ ਲਈ ਜਰੂਰ ਮਜਬੂਰ ਹੋਣਾਂ ਪੈ ਰਿਹਾ ਹੈ।
                             ਬਿਜਲੀ ਮੋਟਰਾਂ ਚਾਰ ਘੰਟੇ ਸਪਲਾਈ ਨਾਲ ਜਿੰਨੀ ਜਮੀਨ ਸਿੰਜਦੀਆਂ ਹਨ 24 ਘੰਟੇ ਨਾਲ ਇਸਤੋਂ ਛੇ ਗੁਣਾਂ ਜਿਆਦਾ ਸਿੰਜਣਗੀਆਂ । ਬਿਜਲੀ ਦੋਨਾਂ ਹਾਲਤਾਂ ਵਿੱਚ ਬਰਾਬਰ ਹੀ ਖਰਚ ਹੋਣੀ ਹੈ ਪਰ 24 ਘੰਟੇ ਸਪਲਾਈ ਨਾਲ ਕਿਸਾਨ ਦਾ ਸਮੁੱਚਾ ਕਰਜਾ ਕਦੇ ਵੀ ਕਿਸਾਨ ਸਿਰ ਨਾਂ ਚੜਦਾ । ਮੋਟਰ ਕਨੈਕਸਨਾਂ ਤੇ ਇਹਨਾਂ ਨੂੰ ਚਾਲੂ ਕਰਨ ਲਈ 10000 ਕਰੋੜ ਦਾ ਲਗਾਇਆ ਸਮਾਨ ਕਾਰਖਾਨੇਦਾਰਾਂ ਨੂੰ ਅਤੇ ਬਿਜਲੀ ਬੋਰਡ ਨੂੰ ਜਰੂਰ ਕਮਾਈ ਦਾ ਸਾਧਨ ਬਣਿਆ ਰਿਹਾ । ਬਿਜਲੀ ਬੋਰਡ ਦੇ ਅਫਸਰ ਕਿਸਾਨਾਂ ਦੀ ਮਜਬੂਰੀ ਵਿੱਚੋਂ ਰਿਸਵਤਾਂ ਬਟੋਰ ਕੇ ਕਾਰਾਂ ਕੋਠੀਆਂ ਦੇ ਮਾਲਕ ਬਣ ਗਏ ਅਤੇ ਰਾਜਨੀਤਕ ਨੇਤਾ ਇਸਦੀ ਬਦੌਲਤ ਕੁਰਸੀਆਂ ਤੇ ਕਾਬਜ ਹੋਈ ਜਾ ਰਹੇ ਹਨ। ਇਸ ਤਰਾਂ ਦੇ ਹੋਰ ਵੀ ਕਈ ਕਾਰਨ ਹਨ ਜੋ ਸਰਕਾਰਾਂ ਦੀਆਂ ਗਲਤ ਨੀਤੀਆਂ ਵਿੱਚੋਂ ਉਪਜੇ ਹਨ ਜਿੰਹਨਾਂ ਕਾਰਨ ਕਿਸਾਨ ਕਰਜਾਈ ਹੋਇਆ ਹੈ। ਰਾਜਨੀਤਕਾਂ ਨੇ ਵੋਟਾਂ ਵਟੋਰਨ ਲਈ ਰਾਜਨੀਤੀ ਕਰਕੇ ਆਮ ਕਿਸਾਨਾਂ ਨੂੰ ਪਾਟੋਧਾੜ ਕਰਨ ਦਾ ਕੰਮ ਵੱਡੇ ਪੱਧਰ ਤੇ ਕੀਤਾ ਹੈ ਜਿਸ ਨਾਲ ਕਿਸਾਨ ਤਕਨੀਕ ਤੇ ਕਈ ਗੁਣਾਂ ਜਿਆਦਾ ਖਰਚਾ ਕਰਨ ਲਈ ਮਜਬੂਰ ਹੈ। ਖੇਤੀਬਾੜੀ ਮਾਹਿਰ ਸਰਕਾਰਾਂ ਨੂੰ ਸਹੀ ਸਲਾਹ ਦਿੰਦੇ ਨਹੀਂ ਜਾਂ ਰਾਜਨੀਤਕ ਲੋਕ ਉਹਨਾਂ ਦੀ ਮੰਨਦੇ ਨਹੀ ਇਹ ਭੇਤ ਸਰਕਾਰੀ ਫਾਈਲਾਂ ਹੀ ਜਾਣਦੀਆਂ ਹਨ । ਰਾਜਨੀਤਕ ਲੋਕ ਅਤੇ ਅਫਸਰ ਮੋਟੇ ਹੋਈ ਜਾ ਰਹੇ ਕਿਸਾਨ ਸੁਕਦਾ ਜਾ ਰਿਹਾ ਹੈ ।ਖੇਤੀਬਾੜੀ ਦੇ ਮਾਹਰ ਗਲਤ ਸਲਾਹਾਂ ਦੇਣ ਦੇ ਬਾਵਜੂਦ ਕਦੇ ਜੁੰਮੇਵਾਰ ਨਹੀਂ ਬਣਾਏ ਜਾਂਦੇ ਉਲਟਾ ਅਨੇਕਾਂ ਮੈਡਲਾਂ ਨਾਲ ਸਨਮਾਨੇ ਜਾਂਦੇ ਹਨ ਅਤੇ ਤਨਖਾਹਾਂ ਦੇ ਵਿੱਚ ਅੰਨੇ ਵਾਧੇ ਕਰਕੇ ਐਸਪ੍ਰਸਤ ਬਣਾਏ ਜਾ ਰਹੇ ਹਨ। ਜੀਨਾਂ ਪਾਕੇ ਕਿਸਾਨਾਂ ਦੇ ਖੇਤਾਂ ਵਿੱਚ ਜਾਕੇ ਫੋਟੋਆਂ ਖਿਚਵਾਕੇ ਕਿਸਾਨਾਂ ਦੇ ਹਿਮਾਇਤੀ ਹੋਣ ਦਾ ਢਿੰਡੋਰਾ ਪਿਟਦੇ ਇਹ ਲੋਕ ਕਦੇ ਦੱਸਣਗੇ ਕਿ ਕਿਸਾਨ  ਇਹਨਾਂ ਅਫਸਰ ਲੋਕਾਂ ਦੀ ਮਿਹਨਤ ਕਰਨ ਦੇ ਬਾਵਜੂਦ ਖੁਦਕਸੀਆਂ ਤਕ ਕਿਉਂ ਪਹੁੰਚ ਗਿਆ? ਜਾਂ ਕੀ ਅਸਲ ਵਿੱਚ ਅਖੌਤੀ ਖੇਤੀਬਾੜੀ ਮਾਹਰਾਂ ਦੀਆਂ ਸਲਾਹਾਂ ਕਿਸਾਨਾਂ ਲਈ ਸਿਕਾਰੀ ਦੇ ਜਾਲ ਦਾ ਰੂਪ ਹੀ ਸਨ ਜਿਸ ਨਾਲ ਅਜਾਦੀ ਨਾਲ ਰਹਿਣ ਵਾਲਾ ਕਿਸਾਨ ਨਾਂ ਦਾ ਪੰਛੀ ਰਾਜਨੀਤਕ ਲੋਕਾਂ ਦੇ ਘਰ ਅਤੇ ਪੈਰਾਂ ਦਾ ਸਿੰਗਾਰ ਬਣਾ ਦਿੱਤਾ ਗਿਆ। ਕਿਸਾਨ ਆਗੂ ਵ ਆਪਣੇ ਰਾਜਨੀਤਕ ਗੁਰੂਆਂ ਨਾਲ ਖੁਸੀਆਂ ਮਨਾ ਰਹੇ ਹਨ ਜਿੰਹਨਾਂ ਦੀਆਂ ਨੀੀਅਨੇ ਵੀ ਇਸ ਕੰਮ ਵਿੱਚ ਕੁਰਸੀ ਦੇ ਮਾਲਕਾਂ ਦਾ ਪੂਰਾ ਹੱਥ ਵਟਾਇਆ ਹੈ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ

Wednesday 5 June 2013

ਪੰਜਾਬ ਬਿਮਾਰਾਂ ਦਾ ਘਰ ਕਿਉਂ ਬਣ ਰਿਹਾ ਹੈ ?

                
  ਅੱਜ ਪੰਜਾਬ ਆਪਣੇ ਗੁਆਢੀਂ  ਸੂਬਿਆਂ ਦੇ ਮੁਕਾਬਲੇ ਤੇ ਅਨੇਕਾਂ ਬਿਮਾਰੀਆਂ ਦਾ ਸਿਕਾਰ ਹੋ ਰਿਹਾ ਹੈ ਜਿਹਨਾਂ ਵਿਚ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਦਾ ਹੜ ਆਇਆ ਹੋਇਆ ਹੈ । ਦੂਜੇ ਪਾਸੇ ਪੰਜਾਬ ਦੀ ਪੰਥਕ ਸਰਕਾਰ ਦੁਆਰਾ ਸਰਾਬ ਦਾ ਹੜ ਵਗਾਉਣ ਲਈ ਪੂਰਾ ਜੋਰ ਲਾਇਆ ਜਾ ਰਿਹਾ ਹੈ । ਪੰਜਾਬ ਦੇ ਵਿੱਚ ਕੈਂਸਰ ,ਏਡਜ ,ਸੂਗਰ ਅਤੇ ਕਾਲੇ ਪੀਲੀਏ ਜਿਹੀਆਂ ਭਿਆਨਕ ਬਿਮਾਰੀਆਂ ਆਮ ਹੁੰਦੀਆਂ ਜਾ ਰਹੀਆਂ ਹਨ। ਉੱਚੀ ਲੰਮੀ ਸਰੀਰਕ ਦਿੱਖ ਵਾਲਾ ਪੰਜਾਬ , ਸਰੀਰ ਅਤੇ ਸੋਚ ਪੱਖੋਂ ਵੀ ਬੌਨੀ ਲੋਕਾਂ ਦਾ ਬਣਨ ਵੱਲ ਵਧ ਰਿਹਾ ਹੈ। ਪੰਜਾਬ ਦੀਆਂ ਨਸਲਾਂ ਵਿੱਚ ਵੀ ਵਿਗਾੜ ਪੈਦਾ ਹੋਈ ਜਾ ਰਿਹਾ ਹੈ ਅਤੇ ਪੰਜਾਬ ਦੀਆਂ ਫਸਲਾਂ ਦਾ ਵੀ ਸਿਵਾ ਬਾਲਿਆ ਜਾ ਰਿਹਾ ਹੈ। ਅੱਜ ਪੰਜਾਬ ਦੇ ਵਿੱਚ ਬਹਾਦਰ ਅਖਵਾਉਣ ਵਾਲੀ ਪੰਜਾਬੀ ਕੌਮ ਦੇ ਲੋਕ ਖੁਦਕਸੀਆਂ ਕਰਨ ਦਾ ਰਹ ਫੜਨ ਲੱਗੇ ਹਨ । ਜੋ ਖੁਦਕਸੀ ਨਹੀਂ ਕਰ ਸਕਦਾ ਉਹ ਨਸਿਆ ਦੇ ਦਰਿਆ ਵਿੱਚ ਡੁੱਬਣ ਲੱਗਿਆ ਹੋਇਆ ਹੈ।  ਜੇ ਇਸ ਤਰਾਂ ਹੀ ਚਲਦਾ ਰਿਹਾ ਤਾਂ ਸਾਇਦ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਪਛਾਣ ਹੀ ਬਦਲ ਜਾਵੇਗੀ। ਪੰਜਾਬ ਦੇ ਗੁਆਢੀਂ ਸੂਬਿਆ ਦੇ ਹਸਪਤਾਲ ਵੀ ਪੰਜਾਬ ਦੇ ਮਰੀਜਾਂ ਨਾਲ ਭਰੇ ਪਏ ਹਨ । ਬੀਕਾਨੇਰ ਦਾ ਕੈਂਸਰ ਹਸਪਤਾਲ ਵਿੱਚ ਬਹੁਤੇ ਮਰੀਜ ਪੰਜਾਬ ਨਾਲ ਸਬੰਧਤਾ ਹਨ ਅਤੇ ਇਸ ਤਰਾਂ ਹੀ ਚੰਡੀਗੜ ਦਾ ਬਹੁਤੇ ਹਸਪਤਾਲ ਦਿੱਲੀ ਦੇ ਮਸਹੂਰ ਹਸਪਤਾਲ ਅਤੇ ਜੈਪੁਰ ਦੇ ਹਸਪਤਾਲ ਵਿੱਚ ਪੰਜਾਬ ਦੇ ਬਿਮਾਰ ਲੋਕਾਂ ਦੀ ਬਹੁਤਾਤ ਹੁੰਦੀ ਹੈ। ਦੇਸ ਅਤੇ ਦੁਨੀਆਂ ਨੂੰ ਭੁੱਖ ਤੋਂ ਬਚਾਉਣ ਲਈ ਅੰਨ ਪੈਦਾ ਕਰਨ ਵਾਲੇ ਪੰਜਾਬੀ ਇਸ ਅੰਨ ਨੂੰ ਪੈਦਾ ਕਰਨ ਦੀ ਬਲੀ ਚੜੀ ਜਾ ਰਹੇ ਹਨ। ਪੰਜਾਬ ਦੇ ਖੇਤੀਬਾੜੀ ਮਾਹਰਾਂ ਦੁਆਰਾ ਅੰਨ ਉਤਪਾਦਨ ਵਧਾਉਣ ਲਈ ਜਹਿਰ ਅਤੇ ਰਸਾਇਣਕ ਖਾਦਾਂ ਦੀ ਅੰਨੀਂ ਵਰਤੋਂ ਕਰਨ ਲਈ ਪੰਜਾਬ ਦੇ ਕਿਸਾਨਾਂ ਨੂੰ ੳਤਸਾਹਤ ਕੀਤਾ ਗਿਆ ਜਿਸਨੇ ਪੰਜਾਬ ਦੇ ਵਾਤਾਵਰਣ ਨੂੰ ਵਿਗਾੜ ਦਿੱਤਾ ਹੈ ਭਾਵੇਂ ਅਜ ਇੱਥੋਂ ਦੇ ਖੇਤੀਬਾੜੀ ਦੇ ਮਾਹਰ ਅਤੇ ਖੇਤੀਬਾੜੀ ਯੂਨੀਵਰਸਿਟੀ ਦੇ ਸਲਾਹਕਾਰ ਲੋਕ ਮੁੱਕਰ ਰਹੇ ਹਨ ਅਤੇ ਸਾਰੀ ਜੁੰਮੇਵਾਰੀ ਕਿਸਾਨ ਸਿਰ ਪਾ ਰਹੇ ਹਨ। ਜਦ ਵੀ ਪੰਜਾਬ ਵਿੱਚ ਹਰੀ ਕਰਾਂਤੀ ਦੀ ਗੱਲ ਚਲਦੀ ਹੈ ਤਦ ਹੀ ਬਹੁਤ ਸਾਰੇ ਅਦਾਰੇ , ਖੇਤੀਬਾੜੀ ਯੂਨੀਵਰਸਿਟੀ, ਅਤੇ ਰਾਜਨੀਤਕ ਇਸ ਦਾ ਸੇਹਰਾ ਆਪੋ ਆਪਣੇ ਅਤੇ ਆਪਣੀਆਂ ਸਹਾਇਕ ਪਾਰਟੀਆਂ ਨਾਲ ਜੋੜਨ ਲੱਗਦੇ ਹਨ। ਇਸ ਹਰੀ ਕਰਾਂਤੀ ਦੇ ਹੁਣ ਕੁੱਝ ਖਤਰਨਾਕ ਫਲ ਵੀ ਸਾਹਮਣੇ ਆ ਰਹੇ ਹਨ ਜਿੰਹਨਾਂ ਵਿੱਚ ਕੈਂਸਰ ਅਤੇ ਇਸ ਵਰਗੀਆਂ ਹੋਰ ਕਈ ਭਿਆਨਕ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਮਨੁੱਖੀ ਸਰੀਰ ਵਿੱਚ ਜਹਿਰਾਂ ਅਤੇ ਯੂਰੇਨੀਅਮ ਵਰਗੇ ਤੱਤ ਖਤਰਨਾਕ ਸੀਮਾ ਤੇ ਪਹੁੰਚ ਗਏ ਹਨ। ਇਹਨਾਂ ਦੇ ਕਾਰਨ  ਪੰਜਾਬ ਦੇ ਲੋਕਾਂ ਵਿੱਚ ਸਰੀਰਕ ਵਿਗਾੜ ਅਤੇ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਜਿਸ ਹਰੀ ਕਰਾਂਤੀਂ ਨਾਲ ਪੰਜਾਬੀਆਂ ਨੇ ਖੁਸਹਾਲ ਹੋਣਾਂ ਸੀ ਪਰ ਓੁਲਟਾ ਓੁਹ ਕਰਜਾਈ ਅਤੇ ਬਿਮਾਰੀਆਂ ਦੇ ਘਰ ਹੋ ਗਏ ਹਨ। ਕਰਜਾਈ ਕਿਸਾਨ ਨਸਿਆਂ ਤੋਂ ਆਤਮਹੱਤਿਆਵਾਂ ਤੱਕ ਪਹੁੰਚ ਗਏ ਹਨ। ਰੰਗਲਾਂ ਪੰਜਾਬ ਕੰਗਾਲ ਪੰਜਾਬ ਬਣ ਰਿਹਾ ਹੈ। ਦੁੱਧ ਲਸੀਆਂ ਪੀਣ ਵਾਲੇ ਪੰਜਾਬੀ ਨਸੱਈ ਬਣੀ ਜਾ ਰਹੇ ਹਨ। ਸਾਰਾ ਸਾਲ ਕੰਮ ਕਰਕੇ ਰਿਸਟ ਪੁਸਟ ਰਹਿਣ ਵਾਲੇ ਪੰਜਾਬੀ ਵਿਹਲੜ ਕਿਓੁਂ ਬਣ ਗਏ ਹਨ। ਜਿਹੜੇ ਅਦਾਰੇ ਅਤੇ ਲੋਕ ਇਸ ਇਨਕਲਾਬ ਦੇ ਸਰਦਾਰ ਅਖਵਾਓੁਂਦੇ ਸਨ ਕੀ ਓੁਹ ਹੁਣ ਜੁੰਮੇਵਾਰੀ ਲੈਣਗੇ ਇੰਹਨਾਂ ਸਾਰੇ ਵਰਤੇ ਵਰਤਾਰਿਆਂ ਦੀ? ਪੰਜਾਬੀਆਂ ਓੁੱਪਰ ਅੱਜਕਲ ਬਹੁਤੇ ਰਾਜਨੀਤਕ ਅਤੇ ਅਖੌਤੀ ਖੇਤੀਬਾੜੀ ਮਾਹਰ ਪੰਜਾਬੀ ਕਿਸਾਨ ਓੁੱਪਰ ਹੀ ਦੋਸ ਮੜ ਰਹੇ ਹਨ ਕਿ ਇਹ ਜਹਿਰਾਂ ਦੀ ਨਜਾਇਜ ਵਰਤੋਂ ਕਰਦਾ ਹੈ. ਕਿਸਾਨ ਨੂੰ ਮੰਡੀਕਰਨ ਨਹੀਂ ਕਰਨਾਂ ਆਓੁਦਾਂ, ਅਤੇ ਹੋਰ ਅਨੇਕਾਂ ਨੁਕਸ ਕੱਢਦੇ ਹਨ ਪਰ ਕੀ ਸਾਰਾ ਦੋਸ ਕਿਸਾਨ ਦਾ ਹੀ ਹੈ। ਕੀ ਕਿਸਾਨ ਓੁੱਪਰ ਲਾਏ ਜਾ ਰਹੇ ਦੋਸਾਂ ਵੱਲ ਇਸਨੂੰ ਕਿਸ ਨੇ ਤੋਰਿਆ ਇਸ ਦੀ ਪੜਤਾਲ ਕਰੇਗਾ? ਪਿੱਛਲੇ ਸਮੇਂ ਨੂੰ ਯਾਦ ਕਰਦਿਆਂ ਚੇਤੇ ਆਓੁਂਦਾਂ ਹੈ ਜਦ ਇਹੀ ਅਖੌਤੀ ਮਾਹਰ ਲੋਕ ਜਦ ਕਿਸਾਨ ਰਸਾਇਣਕ ਖਾਦਾਂ ਅਤੇ ਜਹਿਰਾਂ ਨੂੰ ਘੱਟ ਵਰਤਦਾ ਸੀ ਤਦ ਇਸਨੂੰ ਪਛੜਿਆ ਦੱਸਦੇ ਸਨ ਅਤੇ ਓੁਲਟਾ ਵਿਦੇਸੀ ਕਿਸਾਨਾਂ ਨਾਲ ਤੁਲਨਾਂ ਕਰਕੇ ਕਹਿੰਦੇ ਸਨ ਕਿ ਅਮਰੀਕੀ ਕਿਸਾਨ ਖਾਦ ਦੀ ਜਿਆਦਾ ਵਰਤੋਂ ਕਰਦੇ ਹਨ । ਪੰਜਾਬੀ ਕਿਸਾਨ ਜੇ ਰਸਾਇਣਕ ਖਾਦ ਵਰਤੇ ਤਦ ਇਹ ਝਾੜ ਵਧਾ ਸਕਦਾ ਹੈ॥ ਜਹਿਰ ਦੀ ਅੰਨੀ ਵਰਤੋਂ ਕਰਨ ਵੀ ਇੰਹਨਾਂ ਖੇਤੀਬਾੜੀ ਮਾਹਰਾਂ ਨੇ ਹੀ ਲਾਇਆ ਸੀ। ਕਪਾ੍ਹ ਤੋਂ ਨਰਮੇ ਵੱਲ ਅਤੇ ਨਰਮੇ ਤੋਂ ਜੀਰੀ ਵੱਲ ਵੀ ਇਸਨੂੰ ਇਸ ਯੂਨੀਵਰਸਿਟੀ ਨੇ ਹੀ ਤੋਰਿਆ ਸੀ। ਅੱਜ ਇਸਦੇ ਮਾਹਰ ਇਸਨੂੰ ਘੁੰਮਣ ਘੇਰੀ ਵਿੱਚ ਫਸਾ ਕੇ ਹੁਣ ਜੁੰਮੇਵਾਰੀ ਤੋਂ ਭੱਜਣਾਂ ਲੋਚਦੇ ਹਨ।ਜਦ ਦੇਸ ਅੰਨ ਓੁਤਪਾਦਨ ਵਿੱਚ ਪਛੜਿਆਾ ਹੋਇਆ ਸੀ ਅਤੇ ਆਪਣੀਆਂ ਜਰੂਰਤਾਂ ਪੂਰੀਆਂ ਕਰਨ ਲਈ ਵਿਦੇਸਾਂ ਮੂਹਰੇ ਮੰਗਤਿਆਂ ਵਾਂਗ ਜਾਣ ਲਈ ਮਜਬੂਰ ਸੀ ਤਾਂ ਪੰਜਾਬ ਦੇ ਕਿਸਾਨਾਂ ਨੇ ਹੀ ਦੇਸ ਨੂੰ ਇਸ ਬਿਪਤਾ ਵਿੱਚੋਂ ਕੱਢਿਆ ਸੀ । ਦੇਸ ਦੀ ਲੜਾਈ ਲਈ ਪੰਜਾਬੀਆਂ ਨੇ ਆਪਣਾਂ ਸਾਰਾ ਜੋਰ ਲਾਕੇ ਦੇਸ ਨੂੰ ਜਿਤਾਇਆ ਸੀ ਕੀ ਹੁਣ ਦੇਸ ਦੀ ਸਰਕਾਰ ਦਾ ਫਰਜ ਨਹੀਂ ਬਣਦਾ ਕਿ ਓੁਹ ਇਸ ਦੀ ਮੱਦਦ ਕਰੇ? ਜੇ ਅੱਤਵਾਦ ਨੂੰ ਨੱਥ ਪਾਓੁਣ ਲਈ ਅਤੇ ਇਸ ਲੜਾਈ ਨੂੰ ਜਿੱਤਣ ਲਈ ਪੰਜਾਬ ਸਿਰ ਚੜਿਆ ਕਰਜਾ ਮਾਫ ਹੋ ਸਕਦਾ ਹੈ ਫਿਰ ਕਿਸਾਨਾਂ ਨੇ ਵੀ ਤਾਂ ਦੇਸ ਦੀ ਹੀ ਲੜਾਈ ਲੜੀ ਹੈ। ਜੇ ਇਸ ਲੜਾਈ ਕਾਰਨ ਓੁਹ ਕਰਜਾਈ ਹੋਏ ਹਨ ਅਤੇ ਇਸ ਕਾਰਨ ਹੀ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦੇ ਸਿਕਾਰ ਹੋ  ਰਹੇ ਹਨ ਤਦ ਦੇਸ ਅਤੇ ਪੰਜਾਬ ਦੀ ਸਰਕਾਰ ਨੂੰ ਓੁਹਨਾਂ ਦੀ ਮੱਦਦ ਕਰਨ ਤੋਂ ਸੰਕੋਚ ਕਿਓੁਂ ਹੈ? ਕਿਸਾਨ ਨੇ ਤਾਂ ਦੇਸ ਲਈ ਦੇਸ ਦਾ ਹਥਿਆਰ ਬਣਕੇ ਕੰਮ ਕੀਤਾ ਹੈ ਪਰ ਇਸ ਨੂੰ ਚਲਾਓੁਣ ਵਾਲੇ ਖੇਤੀਬਾੜੀ ਦੇ ਮਾਹਰ ਅਤੇ  ਹਰੀ ਕਰਾਂਤੀਂ ਦੇ ਜਨਕ ਅਖਵਾਓੁਣ ਵਾਲਿਆਂ ਦਾ ਕਸੂਰ ਕਦੀ ਮਾਫ ਨਹੀਂ ਹੋਵੇਗਾ ਜਿੰਹਨਾਂ ਪੰਜਾਬੀ ਕਿਸਾਨ ਦੀ ਦਿਸਾ ਅਤੇ ਦਸਾ ਵਿਗਾੜ ਦਿੱਤੀ ਹੈ। ਜੇ ਪੰਜਾਬੀ ਕਿਸਾਨ ਨੂੰ ਗਲਤ ਰਸਤੇ ਪਾਓੁਣ ਵਾਲਿਆਂ ਤੋਂ ਕੋਈ ਜਵਾਬ ਤਲਬੀ ਨਾਂ ਹੋਈ ਤਦ ਇਹ ਵੀ ਇੱਕ ਇਤਿਹਾਸਕ ਗਲਤੀ ਹੋਵੇਗੀ। ਸਰਕਾਰਾਂ ਦੀਆਂ ਨੀਤੀਆਂ ਬਣਾਓੁਣ ਵਾਲੇ ਅਤੇ ਪੰਜਾਬੀ ਕਿਸਾਨ ਦੀਆਂ ਵਿਸੇਸ ਰਾਹਾਂ ਬਣਾਓੁਣ ਵਾਲੇ ਖੇਤੀਬਾੜੀ ਮਾਹਿਰ ਹੀ ਅਸਲ ਦੋਸੀ ਹਨ ਕਿਸਾਨ ਦੀ ਮਾੜੀ ਹਾਲਤ ਕਰਵਾਓੁਣ ਲਈ। ਇਹਨਾਂ ਕਿਸਾਨਾਂ ਦੇ ਸਿਰ ਤੇ ਰਾਸਟਰਪਤੀ ਤੋਂ ਅਤੇ ਹੋਰ ਅਨੇਕਾਂ ਇਨਾਮ ਲੈਣ ਵਾਲੇ ਹੁਣ ਕਿਸਾਨ ਦੀ ਇਸ ਦੁਰਦਸਾ ਦੀ ਜੁੰਮੇਵਾਰੀ ਵੀ ਜਰੂਰ ਲੈਣ ਜਿੰਹਨਾਂ ਸਮੇਂ ਸਿਰ ਦੇਸ ਨੂੰ ਸਰਕਾਰ ਨੂੰ ਅਤੇ ਕਿਸਾਨਾਂ ਨੂੰ ਸੁਚੇਤ ਨਹੀਂ ਕੀਤਾ । ਕੀ ਕੋਈ ਇਸਦਾ ਜਵਾਬ ਦੇਵੇਗਾ ਸਮਾਂ ਇਸ ਦੀ ਮੰਗ ਕਰਦਾ ਹੈ।
                ਦੂਸਰੇ ਪਾਸੇ ਪੰਜਾਬ ਦਾ ਪਾਕਿ ਪਵਿੱਤਰ ਜਲ ਸੋਮੇ ਦਰਿਆਵਾਂ ਨਹਿਰਾਂ ਨੂੰ ਕਾਰਖਾਨਿਆਂ ਦੇ ਜਹਿਰਾਂ ਭਰਭੂਰ ਤਰਲ ਪਦਾਰਥਾਂ ਨਾਲ ਅਤੇ ਸਹਿਰਾਂ ਦੇ ਗੰਦ ਅਤੇ ਕੂੜੇ ਕੱਚਰੇ ਨਾਲ ਪਲੀਤ ਕੀਤਾ ਜਾ ਰਿਹਾ ਹੈ । ਸਰੀਰ ਲਈ ਖਤਰਨਾਕ ਰਸਾਇਣਕ ਧਾਤਾਂ ਨਾਲ ਗੰਧਲਿਆ ਪਾਣੀ ਖੇਤਾਂ ਅਤੇ ਲੋਕਾਂ ਦੁਆਰਾ ਪੀਣ ਲਈ ਵਰਤਿਆ ਜਾ ਰਿਹਾ ਹੈ ਜਿਸ ਨਾਲ ਬਿਮਾਰੀਆਂ ਉਪਜ ਰਹੀਆਂ ਹਨ। ਖਾਣ ਵਾਲੀਆਂ ਫਸਲਾਂ ਵਿੱਚ ਖਤਰਨਾਕ ਰਸਾਇਣ ਵੀ ਇਸ ਗੰਧਲੇ ਪਾਣੀ ਕਾਰਨ ਹਨ । ਇਸ ਜਹਿਰੀਲੇ ਪਾਣੀ ਅਤੇ ਅਨਾਜ ਕਾਰਨ ਹੀ ਆਮ ਲੋਕਾਂ ਵਿੱਚ ਖਤਰਨਾਕ ਬਿਮਾਰੀਆਂ ਹੋ ਰਹੀਆਂ ਹਨ। ਅੱਜ ਪੰਜਾਬ ਦੇ 90% ਲੋਕ ਬਿਮਾਰ ਹੋਣ ਕਾਰਨ ਦਵਾਈਆਂ ਦਾ ਪਰਯੋਗ ਕਰਨ ਲਈ ਮਜਬੂਰ ਹਨ 50% ਲੋਕਾਂ ਨੂੰ ਤਾਂ ਗੰਭੀਰ ਬਿਮਾਰੀਆਂ ਨੇ ਆਪਣੀ ਚਪੇਟ ਵਿੱਚ ਲੈ ਰੱਖਿਆ ਹੈ । ਪੰਜਾਬ ਸਰਕਾਰ ਨੂੰ ਪੰਜਾਬੀਆਂ ਦੀਆਂ ਆਉਣ ਵਾਲੀਆਂ ਪੀੜੀਆਂ ਨੂੰ ਬਚਾਉਣ ਲਈ ਨੀਤੀ ਬਣਾਉਣੀ ਚਾਹੀਦੀ ਹੈ। ਖੇਤੀਬਾੜੀ ਦੇ ਵਿਕਾਸ ਦੇ ਨਾਂ ਤੇ ਪੰਜਾਬ ਨੂੰ ਜਹਿਰਾਂ ਦੀ ਪਰਯੋਗਸਾਲਾ ਬਣਾਉਣ ਵਾਲੇ ਖੇਤੀਬਾੜੀ ਮਾਹਰਾਂ ਤੇ ਸਕੰਜਾਂ ਕਸਿਆਂ ਜਾਣਾਂ ਅਤਿ ਜਰੂਰੀ ਹੈ। ਜਦ ਤੱਕ ਖੇਤੀਬਾੜੀ ਨੂੰ ਜਹਿਰਾਂ ਤੋਂ ਮੁਕਤ ਨਹੀਂ ਕੀਤਾ ਜਾਵੇਗਾ ਅਤੇ ਪੰਜਾਬ ਦੇ ਜਲ ਨੂੰ ਸਾਫ ਰੱਖਣ ਤੋਂ ਪਾਸਾ ਵੱਟਿਆ ਜਾਵੇਗਾ ਤਦ ਤੱਕ ਪੰਜਾਬ ਬਿਮਾਰੀਆਂ ਦੇ ਹੜ ਤੋਂ ਬਚ ਨਹੀਂ ਸਕੇਗਾ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ