Labels

Showing posts with label ਕਿਸਾਨਾਂ ਸਬੰਧੀ. Show all posts
Showing posts with label ਕਿਸਾਨਾਂ ਸਬੰਧੀ. Show all posts

Tuesday, 8 November 2016

ਪਰਾਲੀ ਸਾੜਨ ਦੀ ਸਮੱਸਿਆ ਦੇ ਬੁਨਿਆਦੀ ਕਾਰਨ ਕੀ ਹਨ

                            
                       ਵਰਤਮਾਨ ਸਮੇਂ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਪਰਦੂਸਣ ਭਰੇ ਧੂੰਏ ਅਤੇ ਧੁੰਦ ਦੀ ਬਹੁਤ ਵੱਡੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ। ਦੇਸ਼ ਦੀ ਰਾਜਧਾਨੀ ਵਿੱਚ ਵੀ ਇਸਦਾ ਅਸਰ ਦੇਖਣ ਨੂੰ ਮਿਲਿਆ ਹੈ। ਦਿੱਲੀ ਵਿੱਚ ਦੇਸ਼ ਦੇ ਸੌਖਾ ਰਹਿਣ ਵਾਲਾ ਅਮੀਰ ਵਰਗ ਅਤੇ ਮੀਡੀਆਂ ਅਤੇ ਅਦਾਲਤਾਂ ਚਲਾਉਣ ਵਾਲੇ ਲੋਕ ਕਾਫੀ ਔਖੇ ਭਾਰੇ ਹੋ ਰਹੇ ਹਨ। ਪੰਜਾਬ, ਹਰਿਆਣੇ ਦੇ ਕਿਰਤੀ ਮਿਹਨਤੀ ਕਿਸਾਨ ਦੇ ਸਿਰ ਦੋਸ਼ ਦੇਕੇ ਮੂਲ ਕਾਰਨਾਂ ਤੋਂ ਪਾਸਾਂ ਵੱਟਿਆ ਜਾ ਰਿਹਾ ਹੈ। ਇਸ ਪਰਦੂਸਣ ਬਾਰੇ ਰੌਲਾ ਭਾਵੇਂ ਦਿੱਲੀ ਵਿਚਲੇ ਮੀਡੀਆਂ ਵੱਲੋਂ ਪਾਇਆ ਜਾ ਰਿਹਾ ਹੈ ਪਰ ਧੂੰਏਂ ਦਾ ਨੁਕਸਾਨ ਸਭ ਤੋਂ ਵੱਧ ਪੰਜਾਬੀ ਅਤੇ ਹਰਿਆਣੇ ਦੇ ਸਾਰੇ ਲੋਕ ਝੱਲ ਰਹੇ ਹਨ। ਦਿੱਲੀ ਨੋਇਡਾ ਫਰੀਦਾਬਾਦ ਗੁੜਗਾਉਂ ਰਾਜਧਾਨੀ ਨਾਲ ਸਬੰਧਤ ਇਲਾਕੇ ਖੁਦ ਬਹੁਤ ਵੱਡੇ ਪੱਧਰ ਤੇ ਪਰਦੂਸਣ ਪੈਦਾ ਕਰਦੇ ਹਨ ਅਤੇ ਝੋਨੇ ਦੀ ਪਰਾਲੀ ਸਾੜਨ ਦੇ ਸੀਜਨ ਦੌਰਾਨ ਇਸਦੇ ਨਾਲ ਰਲ ਜਾਣ ਕਰਕੇ ਪਰਦੂਸਣ ਦੀ ਮਾਤਰਾ ਇੰਹਨਾਂ ਵੱਡੇ ਸਹਿਰਾਂ ਵਿੱਚ ਕਈ ਗੁਣਾਂ ਵੱਧਣੀ ਲਾਜਮੀ ਹੋ ਜਾਂਦੀ ਹੈ। ਰਾਜਧਾਨੀ ਦੇ ਇਲਾਕੇ ਨਾਲ ਸਬੰਧਤ ਸਰਕਾਰਾਂ ਅਤੇ ਮਿਊਸਪਲ ਕਮੇਟੀਆਂ ਆਪਣਾਂ ਪਰਦੂਸਣ ਤਾਂ ਘੱਟ ਨਹੀਂ ਕਰ ਸਕਦੀਆਂ ਪਰ ਪੰਜਾਬ ਅਤੇ ਹਰਿਆਣੇ ਦੇ ਕਿਸਾਨਾਂ ਤੇ ਡੰਡਾਂ ਚਲਵਾਉਣ ਲਈ ਤਰਲੋ ਮੱਛੀ ਹੋ ਰਹੀਆਂ ਹਨ। ਐਨ ਸੀ ਆਰ ਭਾਵ ਰਾਸਟਰੀ ਰਾਜਧਾਨੀ ਨਾਲ ਸਬੰਧਤ ਇਲਾਕੇ ਵਿਚਲਾ ਪਰਬੰਧਕੀ ਸਿਸਟਮ ਸਾਰਾ ਸਾਲ ਨਿਸਚਿਤ ਹੱਦਾਂ ਤੋਂ ਕਿਧਰੇ ਜਿਆਦਾ ਪਰਦੂਸਣ ਨੂੰ ਰੋਕਣ ਵਿੱਚ ਅਸਮਰਥ ਰਿਹਾ ਹੈ ਅਤੇ ਮਜਬੂਰੀ ਵੱਸ ਕੁੱਝ ਦਿਨਾਂ ਦਾ ਪਰਾਲੀ ਵਾਲਾ ਧੂੰਆਂ ਹੀ ਅਸਲ ਦੋਸੀ ਗਰਦਾਨਕੇ ਆਪਣਾਂ ਨਿਕੰਮਾਪਨ ਲੁਕੋ ਰਿਹਾ ਹੈ।
                 ਪੰਜਾਬ ਵਿੱਚ ਪਰਾਲੀ ਨੂੰ ਸਾੜਨ ਤੋਂ ਪੈਦਾ ਹੋਈ ਸਮੱਸਿਆ ਦੇ ਵਿੱਚ ਇਕੱਲਾ ਕਿਸਾਨ ਦੋਸੀ ਨਹੀ ਬਲਕਿ ਸਰਕਾਰਾਂ ਦੀਆਂ ਬਹੁਤ ਸਾਰੀਆਂ ਨੀਤੀਆਂ ਜੁੰਮੇਵਾਰ ਹਨ। ਸਭ ਤੋਂ ਪਹਿਲਾਂ ਪਾਣੀ ਬਚਾਉਣ ਦੇ ਨਾਂ ਤੇ ਝੋਨੇ ਦੀ ਬਿਜਾਈ ਦਸ ਜੂਨ ਤੋਂ ਬਾਅਦ ਕਰਨ ਦੇਣ ਦੀ ਨੀਤੀ ਹੀ ਗਲਤ ਜਿਸ ਨਾਲ ਝੋਨੇ ਦੀ ;ਲੇਟ ਬਿਜਾਈ ਤੋਂ ਬਚਣ ਲਈ ਲੱਗਭੱਗ ਦਸ ਦਿਨਾਂ ਵਿੱਚ ਹੀ ਲਾਉਣ ਦੀ ਕੋਸਿਸ ਕਿਸਾਨ ਕਰਦੇ ਹਨ। ਇਸ ਤਰਾਂ ਇਕੱਠਾ ਝੋਨਾਂ ਲਾਇਆਂ ਪੱਕਦਾਂ ਵੀ ਉਸ ਹਿਸਾਬ ਨਾਲ ਇਕੱਠਾ ਹੀ ਹੈ ਅਤੇ ਜਿਆਦਾਤਰ ਕਟਾਈ ਦਸ ਦਿਨਾਂ ਵਿੱਚ ਹੀ ਹੋ ਜਾਂਦੀ ਹੈ। ਇਸ ਨਾਲ ਪਰਾਲੀ ਨੂੰ ਅੱਗ ਲਾਉਣ ਦਾ ਵਕਤ ਸਾਰੇ ਕਿਸਾਨਾਂ ਲਈ ਵੀ ਇਕੱਠਾ ਹੀ ਹੋ ਜਾਂਦਾ ਹੈ। ਪੰਜਾਬੀ ਕਿਸਾਨਾਂ ਦਾ ਵੱਡਾ ਹਿੱਸਾ ਵੱਧ ਝਾੜ ਦੇਣ ਵਾਲੀ ਪੂਸਾ 44 ਲੰਬੇ ਸਮੇਂ ਦੀ ਪੱਕਣ ਵਾਲੀ ਕਿਸਮ ਬੀਜਦਾ ਹੈ ਜੋ ਲੇਟ ਲਾਉਣ ਅਤੇ ਲੇਟ ਪੱਕਣ ਕਾਰਨ ਕਣਕ ਦੀ ਅਗੇਤੀ ਬਿਜਾਈ ਨਹੀ ਹੋਣ ਦਿੰਦੀ। ਪਛੇਤੀ ਕਣਕ ਝਾੜ ਘੱਟ ਦਿੰਦੀ ਹੈ ਜਿਸ ਕਾਰਨ ਕਿਸਾਨ ਪਰਾਲੀ ਨੂੰ ਜਲਦੀ ਤੋਂ ਜਲਦੀ ਅੱਗ ਲਾਕੇ ਕਣਕ ਬੀਜਣ ਦੀ ਸੋਚਦੇ ਹਨ। ਘੱਟ ਸਮੇਂ ਵਿੱਚ ਪਰਾਲੀ ਘੱਟ ਸੁਕਦੀ ਹੈ ਅਤੇ ਗਿੱਲੀ ਹੋਣ ਕਾਰਨ ਧੂੰਆਂ ਵੀ ਜਿਆਦਾ ਪੈਦਾ ਕਰਦੀ ਹੈ। ਇਹਨਾਂ ਦਿਨਾਂ ਵਿੱਚ ਠੰਢ ਦੀ ਸੁਰੂਆਤ ਹੋ ਜਾਣ ਕਾਰਨ ਪਰਾਲੀ ਘੱਟ ਸੁਕਦੀ ਹੈ ਅਤੇ ਇਹ ਸਮੱਸਿਆ ਹੋਰ ਗੰਭੀਰ ਹੋ ਜਾਂਦੀ ਹੈ। ਇਸ ਦੇ ਲਈ ਖੇਤੀ ਮਾਹਰ ਕਿਸਾਨ ਤਬਕੇ ਤੋਂ ਕੋਹਾਂ ਦੂਰ ਵਿਚਰਨ ਕਾਰਨ ਅਸਲ ਕਾਰਨ ਪਰਬੰਧਕੀ ਸਿਸਟਮ ਨੂੰ ਦੱਸ ਹੀ ਨਹੀਂ ਪਾਉਂਦੇ। ਖੇਤੀਬਾੜੀ ਵਿਗਿਆਨੀ ਘੱਟ ਸਮੇਂ ਵਿੱਚ ਸਹੀ ਝਾੜ ਦੇਣ ਵਾਲੀ ਕਿਸਮ ਵਿਕਸਿਤ ਕਰਨ ਵਿੱਚ ਅਸਫਲ ਰਹੇ ਹਨ। 203 ਪੀ ਆਰ ਕਿਸਮ ਜੋ ਵੱਧ ਝਾੜ ਦਿੰਦੀ ਸੀ ਨੂੰ ਸਰਕਾਰ ਵੱਲੋਂ ਪਾਬੰਦੀ ਸੁਦਾ ਐਲਾਨ ਦਿੱਤਾ ਹੈ ਜੋ ਘੱਟ ਸਮੇਂ ਵਿੱਚ ਪੱਕਕੇ ਵੱਧ ਝਾੜ ਦਿੰਦੀ ਸੀ।
               ਜੀਰੀ ਦੀਆਂ ਫਸਲਾਂ ਦੀ ਕਟਾਈ 20 ਅਕਤੂਬਰ ਨੂੰ ਸੁਰੂ ਹੁੰਦੀ ਹੈ ਅਤੇ ਕਣਕ ਦੀ ਅਗੇਤੀ ਬਿਜਾਈ ਵੀ 20 ਅਕਤੂਬਰ ਨੂੰ ਸੁਰੂ ਹੋ ਜਾਂਦੀ ਹੈ ਕੀ ਕਿਸਾਨ ਮਾਹਿਰ ਇਸ ਗੱਲ ਨੂੰ ਵੀ ਸਮਝਣ ਤੋਂ ਅਸਮਰਥ ਹਨ ਜਿਸਨੂੰ ਕਿ ਸਧਾਰਨ ਬੁੱਧੀ ਵਾਲੇ ਲੋਕ ਵੀ ਦੱਸ ਸਕਦੇ ਹਨ। ਝੋਨੇ ਦੀਆਂ ਬਾਸਮਤੀ ਕਿਸਮਾਂ ਦਾ ਪੰਜਾਬ ਵਿੱਚ ਕੋਈ ਖਰੀਦਦਾਰ ਹੀ ਨਹੀ ਅਤੇ ਇਹ ਜਿਆਦਾਤਰ ਹਰਿਆਣੇ ਦੀਆਂ ਮੰਡੀਆਂ ਵਿੱਚ ਵਿਕਦੀ ਹੈ ਜਿਸ ਕਾਰਨ ਸਰਕਾਰ ਅਤੇ ਸੈਲਰਾਂ ਵਾਲੇ ਬਾਸਮਤੀ ਝੋਨਾਂ ਬੀਜਣ ਨਾਂ ਦੇਣ ਦੀ ਪੂਰੀ ਕੋਸਿਸ ਕਰਦੇ ਹਨ । ਸਰਕਾਰਾਂ ਵੀ ਬਾਸਮਤੀ ਕਿਸਮਾਂ ਨੂੰ ਘੱਟੋ ਘੱਟ ਸਹਾਇਕ ਮੁੱਲ ਨਹੀਂ ਦਿੰਦੀਆਂ ਜਿਸ ਕਾਰਨ ਜਿਆਦਾ ਸਮੇਂ ਵਿੱਚ ਜਿਆਦਾ ਪਰਾਲ ਪੈਦਾ ਕਰਨ ਵਾਲੀਆਂ ਪੀ ਆਰ ਕਿਸਮਾਂ ਬੀਜਣ ਲਈ ਹੀ ਲੋਕ ਮਜਬੂਰ ਹੁੰਦੇ ਹਨ। 25000 ਕਰੋੜ ਦਾ ਝੋਨਾ ਪੈਦਾ ਕਰਨ ਲਈ ਤਾਂ ਸਰਕਾਰਾਂ  ਪਾਣੀ ਕੱਢਣ ਲਈ ਪੰਜ ਹਜਾਰ ਕਰੋੜ ਦੀ ਬਿਜਲੀ ਸਬਸਿਡੀ ਦਿੰਦੀਆਂ ਹਨ ਪਰ ਪਰਾਲੀ ਨੂੰ ਇਕੱਠਾ ਕਰਨ ਲਈ ਹਜਾਰ ਰੁਪਏ ਏਕੜ ਅੱਸੀ ਲੱਖ ਏਕੜ ਲਈ ਅੱਸੀ ਕਰੋੜ ਦੀ ਸਬਸਿਡੀ ਨਹੀਂ ਦੇ ਸਕਦੇ। ਸੈਂਟਰ ਸਰਕਾਰ ਝੋਨਾਂ ਲਵਾਉਣ ਲਈ ਤਾਂ ਵਿਸੇਸ ਪੈਕਜ ਦਿੰਦੀ ਹੈ ਪਰ ਪਰਾਲੀ ਇਕੱਠਾ ਕਰਨ ਵਾਲੀਆਂ ਮਸੀਨਾਂ ਲਈ ਪਾਸਾ ਵੱਟ ਲੈਂਦੀ ਹੈ। ਝੋਨੇ ਦੀ ਥਾਂ ਦੂਸਰੀਆਂ ਫਸਲਾਂ ਲਈ ਕੋਈ ਸਹਾਇਕ ਮੁੱਲ ਮੰਡੀ ਵਿੱਚ ਲਾਗੂ ਨਹੀਂ ਕੀਤਾ ਜਾਂਦਾ ਪਰ ਝੋਨਾਂ ਖਰੀਦਣ ਲਈ ਹਰ ਕਿਸਮ ਦੀ ਸਹਾਇਤਾ ਦਿੱਤੀ ਜਾਂਦੀ ਹੈ ਕੀ ਇਹ ਸਰਕਾਰਾਂ ਦਾ ਦੋਗਲਾਪਨ ਨਹੀਂ । ਮੀਡੀਆਂ ਵਰਗ ਅਤੇ ਅਦਾਲਤੀ ਇਨਸਾਫ ਕਰਨ ਵਾਲਿਆਂ ਨੂੰ ਇਹ ਸਮੱਸਿਆਂ ਏਸੀ  ਕਮਰਿਆਂ ਵਿੱਚ ਬੈਠਣ ਵਾਲੇ ਵਕੀਲ ਜਾਂ ਅਖੌਤੀ ਐਨ ਜੀ ਉ ਨਹੀਂ ਅਸਲੀ ਕਿਸਾਨ ਹੀ ਦੱਸ ਸਕਦੇ ਹਨ। ਅਦਾਲਤਾਂ ਦਾ ਸਹਾਰਾ ਲੈਕੇ ਰਾਜਨੀਤਕ ਲੋਕ ਕਿਸਾਨ ਦਾ ਗਲ ਘੋਟਣ ਨੂੰ ਤਾਂ ਤਿਆਰ ਹੋ ਜਾਣਗੇ ਪਰ ਆਪਣੀ ਪੀੜੀ ਥੱਲੇ ਸੋਟਾ ਕਦੇ ਨਹੀਂ ਮਾਰਨਗੇ ਅਤੇ ਇਹੀ ਹਾਲ ਅਖੌਤੀ ਖੇਤੀਬਾੜੀ ਮਾਹਿਰਾਂ ਦਾ ਹੈ ਜਿੰਹਨਾਂ ਨੂੰ ਕਿਸਾਨਾਂ ਨਾਲੋਂ ਆਪਣੀਆਂ ਤਨਖਾਹਾਂ ਵਧਾਉਣ ਦਾ ਜਿਆਦਾ ਫਿਕਰ ਹੁੰਦਾਂ ਹੈ ਅਤੇ ਕਿਸਾਨ ਜਾਵੇ ਅੰਨੇ ਖੂਹ ਵਿੱਚ।
                ਦਸ ਜੂਨ ਨੂੰ ਝੋਨਾਂ ਬਿਜਵਾਉਣ ਦੀ ਤਾਨਾਸਾਹੀ ਨੀਤੀ ਤੇ ਸਰਕਾਰਾਂ ਨੂੰ ਪੁਨਰਵਿਚਾਰ ਕਰਨਾਂ ਚਾਹੀਦਾ ਹੈ। ਪੂਸਾ 44 ਦੀ ਖਰੀਦ ਦੀ ਬਜਾਇ ਬਾਸਮਤੀ ਅਤੇ ਘੱਟ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੇ ਮੁੱਲ ਵਿੱਚ ਵਾਧਾ ਕਰਨਾਂ ਚਾਹੀਦਾ ਹੈ। ਨਰਮਾ ਮੱਕੀ ਅਤੇ ਦਾਲਾਂ ਨੂੰ ਖਰੀਦਣ ਲਈ ਸਹਾਇਕ ਮੁੱਲ ਮੰਡੀਆਂ ਵਿੱਚ ਵੀ ਲਾਗੂ ਕਰਨੇਂ ਚਾਹੀਦੇ ਹਨ। ਖੇਤਾਂ ਵਿੱਚੋਂ ਪਰਾਲ ਇਕੱਠਾ ਕਰਨ ਵਾਲੇ ਕਿਸਾਨਾਂ ਮਜਦੂਰਾਂ ਨੂੰ ਸਬਸਿਡੀ ਜਾਂ ਬੋਨਸ ਦਿੱਤਾ ਜਾਣਾਂ ਚਾਹੀਦਾ ਹੈ। ਖੇਤੀਬਾੜੀ ਅਧਿਕਾਰੀਆਂ ਅਤੇ ਮਾਹਿਰਾਂ ਦੀ ਡੰਡਾਂ ਪਰੇਡ ਵੀ ਕਰਨੀ ਚਾਹੀਦੀ ਹੈ ਜਿਹੜੇ ਸਮੱਸਿਆ ਪੈਦਾ ਕਰਵਾਉਣ ਲਈ ਜੁੰਮੇਵਾਰ ਹਨ ਜਦਕਿ ਉਹਨਾਂ ਨੂੰ ਪਹਿਲਾਂ ਇਲਾਜ ਬਾਰੇ ਕੁੱਝ ਕਰਨਾਂ ਚਾਹੀਦਾ ਸੀ। ਇਹੋ ਜਿਹੇ ਹੋਰ ਛੋਟੇ ਕਈ ਉਪਾਅ ਕੀਤੇ ਜਾ ਸਕਦੇ ਹਨ। ਅਸਲ ਵਿੱਚ ਪਰਾਲੀ ਪਰਦੂਸਣ ਨੂੰ ਪੈਦਾ ਕਰਨ ਲਈ ਅਫਸਰਸਾਹੀ ਅਤੇ ਰਾਜਨੀਤਕ ਪਰਦੂਸਣ ਹੀ ਜਿਆਦਾ ਜੁੰਮੇਵਾਰ ਹੈ ਕਾਸ਼ ਕਿਧਰੇ ਦੇਸ਼ ਦਾ ਮੀਡੀਆ ਅਤੇ ਅਦਾਲਤਾਂ ਵਿੱਚ ਕੰਮ ਕਰਦੇ ਲੋਕ ਵੀ ਇਹ ਸਮਝ ਜਾਣ ਅਤੇ ਪਰਬੰਧਕੀ ਸਿਸਟਮ ਨੂੰ ਸੀਸਾਂ ਦਿਖਾ ਸਕਣ ।
ਗੁਰਚਰਨ ਸਿੰਘ ਪੱਖੋਕਲਾਂ ਜਿਲਾ ਬਰਨਾਲਾ ਫੋਨ 9417727245


Thursday, 7 January 2016

ਅਸਲੀ ਕਿਸਾਨ ਦੀ ਹਾਲਤ ਇਉਂ ਬਣਦੀ ਹੈ ਖੁਦਕਸੀਆਂ ਵਾਲੀ

                                            ਗੁਰਚਰਨ ਪੱਖੋਕਲਾਂ 9417727245
  ਜਦ ਦੇਸ ਦੇ ਰਾਜਨੇਤਾ ਅਤੇ ਬੁੱਧੀਜੀਵੀ ,ਵਿਦਵਾਨ ਅਖਵਾਉਦੇ ਸੁੱਤੇ ਪਏ ਉਠ ਕੇ ਬੋਲਣ ਲੱਗਦੇ ਹਨ ਅਤੇ ਪਤਾ ਹੀ ਨਹੀਂ ਕੀ ਬੋਲ ਦੇਣ? ਇਹਨਾਂ ਰਾਜਨੀਤਕਾਂ ਜਾਂ ਸਰਕਾਰ ਭਗਤ ਲੋਕਾਂ ਨੂੰ ਕਿਸੇ ਦਾ ਡਰ ਹੈ ਨਹੀਂ ਭਾਵੇਂ ਕਿੰਨਾਂ ਵੀ ਝੂਠ ਬੋਲੀ ਜਾਣ। ਦੇਸ ਦੀ ਪਾਰਲੀਮੈਂਟ ਵਿੱਚ ਇੱਕ ਸਿੱਧੇ ਸਿਫਾਰਸੀ ਦਾਖਲੇ ਨਾਲ ਪਹੁੰਚੇ ਰਾਜਨੇਤਾ ਨੇ ਕਿਸਾਨਾਂ ੳਪਰ ਟੈਕਸ ਥੋਪਣ ਦੀ ਮੰਗ ਕਰਕੇ ਇਹ ਜਤਾਇਆ ਹੈ ਜਿਵੇਂ ਕਿ ਕਿਸਾਨਾਂ ਉਪਰ ਕੋਈ ਟੈਕਸ ਹੀ ਨਹੀ। ਪੰਜਾਬ ਦੇ ਬਾਕੀ ਰਾਜਨੀਤਕ ਇਸ ਉਪਰ ਰਾਜਨੀਤੀ ਖੇਡ ਰਹੇ ਹਨ। ਕੋਈ ਕਹਿੰਦਾ ਹੈ ਕਿ ਕਿਸਾਨਾਂ ਉਪਰ ਟੈਕਸ ਲਾਉਣ ਦੇ ਅਸੀਂ ਹੱਕ ਵਿੱਚ ਨਹੀ ਕੋਈ ਕਹਿੰਦਾ ਹੈ ਕਿਸਾਨ ਵਿਰੋਧੀ ਆਗੂ ਅਸਤੀਫਾ ਦੇਵੇ ਆਦਿ। ਪਰ ਇਹ ਕੋਈ ਨਹੀਂ ਦੱਸ ਰਿਹਾ ਕਿ ਸ਼ਭ ਤੋਂ ਵੱਧ ਟੈਕਸ ਸਿੱਧਾ ਅਤੇ ਅਸਿੱਧਾ ਕਿਸਾਨ ਦੇ ਰਿਹਾ ਹੈ। ਪਤਾ ਨਹੀਂ ਕਿਉਂ ਅਤੇ ਕਿਵੇ ਇਹ ਗੱਲ ਦੇਸ ਦੇ ਲੋਕਾਂ ਦੇ ਮਨਾਂ ਵਿੱਚ ਝੂਠੀ ਬਿਠਾ ਦਿੱਤੀ ਗਈ ਹੈ ਕਿ ਕਿਸਾਨ ਉਪਰ ਟੈਕਸ ਨਹੀਂ। ਗੋਬਲਜ ਦਾ ਸਿਧਾਂਤ ਸੱਚ ਕਰ ਦਿੱਤਾ ਹੈ ਭਾਰਤੀ ਨੇਤਾਵਾਂ ਨੇ ਖਾਸ ਕਰਕੇ ਪੰਜਾਬੀ ਨੇਤਾਵਾਂ ਨੇ ਤਾਂ ਪੰਜਾਬ ,ਪੰਜਾਬੀਆਂ ਅਤੇ ਪੰਜਾਬੀ ਕਿਸਾਨਾਂ ਬਾਰੇ ਸੋਚਣਾਂ ਹੀ ਛੱਡ ਦਿੱਤਾ ਹੈ। ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਦੀ ਕਹਾਵਤ ਵੀ ਇਹਨਾਂ ਤੇ ਪੂਰੀ ਢੁੱਕਦੀ ਹੈ। ਗੋਬਲਜ ਦਾ ਸਿਧਾਤ ਕਹਿੰਦਾ ਹੈ ਕਿ ਇੱਕ ਝੂਠ ਨੂੰ ਸੌ ਵਾਰ ਬੋਲ ਦਿਉ ਸੱਚ ਵਰਗਾ ਹੋ ਜਾਂਦਾ ਹੈ ਦੁਨੀਆਂ ਲਈ। ਇਹ ਸਿਧਾਂਤ ਹੀ ਕਿਸਾਨਾਂ ਬਾਰੇ ਝੂਠ ਬੋਲਕੇ ਲਾਗੂ ਕੀਤਾ ਜਾ ਰਿਹਾ ਹੈ ਕਿ ਇਹਨਾਂ ਤੋਂ ਕੋਈ ਟੈਕਸ ਨਹੀਂ ਲਿਆ ਜਾ ਰਿਹਾ? ਪਾਠਕੋ ਆਉ ਪਹਿਲਾਂ ਸਮਝਿਓੇ ਟੈਕਸ ਹੁੰਦਾ ਕੀ ਹੈ । ਕਿਸੇ ਵੀ ਰਾਜਸੱਤਾ ਦੁਆਰਾ ਰਾਜ ਚਲਾਉਣ ਲਈ ਆਪਣੀ ਫੌਜਾਂ ਜੋ ਸੈਨਿਕਾਂ, ਕਰਮਚਾਰੀਆਂ,ਗੁਲਾਮਾਂ ਦੇ ਰੂਪ ਵਿੱਚ ਹੁੰਦੇ ਹਨ ਭਰਤੀ ਕੀਤੇ ਜਾਂਦੇ ਹਨ ਜਿੰਨਾਂ ਦਾ ਕੰਮ ਲੋਕਾਂ ਨੂੰ ਕਿਸੇ ਵੀ ਤਰੀਕੇ ਨਾਲ ਕੰਟਰੋਲ ਵਿੱਚ ਰੱਖਣਾ ਹੁੰਦਾ ਹੈ। ਦੂਸਰਾ ਫਰੰਟ ਲੋਕਾਂ ਨੂੰ ਬੁੱਧੂ ਬਣਾਉਣ ਲਈ ਵਿਕਾਸ ਕਰਵਾਉਣ ਦਾ ਝੂਠਾ ਮਾਡਲ ਪੇਸ ਕੀਤਾ ਜਾਂਦਾ ਹੈ। ਇਹਨਾਂ ਦੋਨਾਂ ਫਰੰਟਾਂ ਤੋਂ ਬਿਨਾਂ ਤੀਸਰਾ ਫਰੰਟ ਜੋ ਅਸਲੀਅਤ ਦੇ ਨੇੜੇ ਹੈ ਆਪਣੇ ਅਤੇ ਆਪਣੇ ਕੋੜਮਿਆਂ ਦੇ ਘਰ ਹਰ ਕਿਸਮ ਦੀ ਮਾਇਆ ਨਾਲ ਭਰਨਾਂ ਹੁੰਦਾ ਹੈ। ਤਿੰਨਾਂ ਫਰੰਟਾਂ ਦੇ ਖਰਚੇ ਲਈ ਰੁਪਏ ਲੋਕਾਂ ਦੀ ਹੀ ਜੇਬ ਵਿੱਚੋਂ ਕੱਢਣੇ ਹੁੰਦੇ ਹਨ। ਆਉ ਇਸਨੂੰ ਦੇਸ ਦੀ ਬਜਾਇ ਪੰਜਾਬ ਨੂੰ ਅਧਾਰ ਬਣਾਕਿ ਵਿਸਲੇਸਣ ਕਰੀਏ । ਪੰਜਾਬ ਦਾ ਬਜਟ 33000 ਕਰੋੜ ਦਾ ਹੈ। ਵੱਖੋ ਵੱਖਰੇ ਵਿਭਾਗਾਂ ਦੀ ਆਮਦਨ ਦਾ ਜੋੜ ਘਟਾਉ ਹੁੰਦਾ ਹੈ ਇਸ ਵਿੱਚ। ਪੰਜਾਬ ਦਾ ਮੰਡੀਕਰਨ ਬੋਰਡ 4500 ਕਰੋੜ ਦੀ ਆਮਦਨ ਦੱਸੋ ਕਿਥੋਂ ਲੈਦਾ ਹੈ? ਮੰਡੀਕਰਨ ਬੋਰਡ ਆਪਣੀ ਇਸ ਆਮਦਨ ਵਿੱਚੋਂ 50% ਪੰਜਾਬ ਦੇ ਪੇਡੂੰ ਵਿਕਾਸ ਉਪਰ ਖਰਚਣ ਲਈ ਵਚਨਵਧ ਹੁੰਦਾ ਹੈ। ਪੰਜਾਬ ਦੇ ਵਿੱਚ ਸਰਾਬ ਦੀ ਅਕਸਾਈਜ ਡਿਉਟੀ ਦਾ 80%  ਪਿੰਡਾਂ ਵਿੱਚੋ ਹੀ ਆਉਂਦਾ ਹੈ ਜੋ 2400 ਕਰੋੜ ਦੇ ਲੱਗਭੱਗ ਬਣਦਾ ਹੈ। ਇਹ ਡਿਉਟੀ ਦਾ ਵੱਡਾ ਹਿੱਸਾ ਕਿਸਾਨ ਹੀ ਦਿੰਦਾ ਹੈ ਜੋ ਦੁਖੀਆ ਹੋਣ ਕਾਰਨ ਇਸੇ ਦੇ ਸਹਾਰੇ ਦੋ ਘੁੱਟ ਲਾਕੇ ਫਿਕਰਾਂ ਨੂੰ ਭੁਲਾਕੇ ਸੌਂ ਪਾਉਂਦਾ ਹੈ। Farmer's suicide in Delhi
                                               ਪੰਜਾਬ ਦਾ ਕਿਸਾਨ ਇੱਕ ਕਰੋੜ ਏਕੜ ਜਮੀਨ ਦੇ ਲਈ 3000 ਕਰੋੜ ਦਾ ਡੀਜਲ ਖਰੀਦਦਾ ਹੈ ਜਿਸ  ਉਪਰ ਹੀ 1000 ਕਰੋੜ ਦਾ ਟੈਕਸ ਦੇ ਦਿੰਦਾ ਹੈ। ਇੱਕ ਏਕੜ ਉਪਰ 3000 ਦਾ ਡੀਜਲ ਲੱਗਦਾ ਹੈ । ਇਸ ਉਪਰ 50% ਟੈਕਸ ਹੀ ਹੁੰਦਾ ਹੈ, ਜਿਸ ਵਿੱਚੋਂ 30% ਪੰਜਾਬ ਗੋਰਮਿੰਟ ਹੀ ਲੈਦੀ ਹੈ । ਪੰਜਾਬ ਸਰਕਾਰ ਦੇ ਖਾਤੇ ਵਿੱਚ 1000 ਕਰੋੜ ਪਹੁੰਚ ਜਾਂਦਾ ਹੈ। ਮਾਲ ਮਹਿਕਮਾਂ 2000 ਕਰੋੜ ਤੋਂ ਵੀ ਵੱਧ ਮਾਲੀਆ ਇਹਨਾਂ ਕਿਸਾਨਾਂ ਦੀ ਜਮੀਨ ਦੀ ਖਰੀਦ ਵੇਚ ਦੇ ਕਾਰਨ ਹੀ ਤਾਂ ਕਰ ਪਾਉਦਾ ਹੈ ਹਾਲੇ ਕਹੀ ਜਾਂਦੇ ਹਨ ਕਿ ਕਿਸਾਨ ਟੈਕਸ ਨਹੀਂ ਦਿੰਦਾ। ਪੰਜਾਬ ਸਰਕਾਰ ਦੇ ਬਜਟ ਦਾ 60% ਹਿੱਸਾ ਖੇਤੀ ਨਾਲ ਸਬੰਧਤ ਕਾਰੋਬਾਰਾਂ ਤੋਂ ਹੀ ਆਉਂਦਾ ਹੈ। 75000 ਕਰੋੜ ਦੀ ਫਸਲ ਪੈਦਾ ਕਰਨ ਵਾਲਾ ਕਿਸਾਨ ਆਮਦਨੀ ਇੱਕ ਤਿਹਾਈ ਦੇ ਕਰੀਬ ਸਿੱਧੇ ਟੈਕਸਾਂ ਦੇ ਰੂਪ ਵਿੱਚ ਪੰਜਾਬ ਅਤੇ ਹਿੰਦੋਸਤਾਨ ਦੀ ਸਰਕਾਰ ਨੂੰ ਦੇ ਦਿੰਦਾ ਹੈ। ਜੇ ਅਸਲੀ ਕਿਸਾਨ ਜੋ ਖੇਤਾਂ ਵਿੱਚ ਕੰਮ ਕਰਦਾ ਹੈ ਦੀ ਅਸਲੀ ਆਮਦਨ ਜੋ ਭਾਰਤ ਸਰਕਾਰ ਦੇ ਅੰਕੜੇ ਅਨੁਸਾਰ 15000 ਪ੍ਰਤੀ ਏਕੜ ਹੈ । ਇੱਕ ਏਕੜ ਦੀ ਵੱਟਤ ਵਿੱਚੋਂ ਮੰਡੀਕਰਨ ਬੋਰਡ 3500 ਆੜਤੀਆ 2050 ਸੈਂਟਰ ਸਰਕਾਰ ਅਤੇ ਮਜਦੂਰ 2500 ਰੁਪਏ ਲੈ ਜਾਦੇ ਹਨ। ਜਦ ਕਿ ਅਸਲੀ ਕਿਸਾਨ ਨੂੰ ਤਾਂ ਆਪਣੀ ਲੇਬਰ ਦਾ ਵੀ ਮੁੱਲ ਨਹੀਂ ਮਿਲਦਾ ,ਉਸਦੀ ਅਸਲੀ ਆਮਦਨ ਤਾਂ ਜੀਰੋ ਹੈ। ਕਿਸਾਨ ਆਗੂਆਂ ਨੂੰ ਜੋ ਅਸਲ ਵਿੱਚ ਰਾਜਨੀਤਕਾਂ ਦੇ ਹੀ ਯਾਰ ਹਨ ਇਹਨਾਂ ਗੱਲਾਂ ਬਾਰੇ ਸੋਚਣ ਦੀ ਲੋੜ ਨਹੀਂ। ਬੁੱਧੀਜੀਵੀ ਵਰਗ ਆਪ ਸਰਕਾਰ ਵਾਲੇ ਛੈਣੈ ਖੜਕਾਉਦਾ ਹੈ ਕਿਉਕਿ ਸਰਕਾਰ ਨੇ ਜੋ ਕਿਤਾਬੀ ਅਗਿਆਨ ਉਹਨਾਂ ਦੇ ਦਿਮਾਗਾਂ ਵਿੱਚ ਭਰ ਦਿੱਤਾ ਹੈ ਉਸਤੋਂ ਉਪਰ ਕਿਵੇਂ ਸੋਚੇਗਾ?
                ਲਉ ਕਿਸਾਨ ਦੀ ਆਮਦਨ ਵੀ ਜਾਣ ਲਉ ਇੱਕ ਏਕੜ ਵਿੱਚੋ 43000 ਦੀ ਜੀਰੀ 27000 ਦੀ ਕਣਕ ਨਿੱਕਲਦੀ ਹੈ। 20 ਲੱਖ ਦੀ ਕੀਮਤ ਵਾਲੀ ਇੱਕ ਏਕੜ ਜੰਮੀਨ ਦੀ ਮਾਲਕੀ ਵਾਲਾ ਵਿਅਕਤੀ 40000 ਤੋਂ 55000 ਹਜਾਰ ਤੱਕ ਠੇਕਾ ਲੈ ਜਾਂਦਾ ਹੈ ਪਿੱਛੇ ਬਚਿਆ 15 ਜਾਂ 25000 ਜਿਸ ਵਿੱਚੋਂ ਦੋ ਫਸਲਾਂ ਦਾ ਖਰਚਾ ਸਾਰੇ ਸਾਲ ਪੂਰਾ ਪੰਜ ਜੀਆਂ ਦਾ ਪਰਿਵਾਰ ਪੰਜ ਏਕੜ ਖੇਤੀ ਦੇ ਸਿਰਹਾਣੇ ਖੜਾ ਰਹਿੰਦਾ ਹੈ ਜਿੰਨਾਂ ਵਿੱਚੋਂ ਜੇ ਦੋ ਬਾਲਗਾਂ ਨੂੰ ਹੀ ਜੋ ਖੇਤੀ ਕਰਦੇ ਹਨ ਨੂੰ 40000 ਸਲਾਨਾਂ 3300 ਰੁਪਏ ਮਹੀਨਾਂ ਜਾਂ 100 ਰੁਪਏ ਰੋਜਾਨਾਂ ਦੇ ਹਿਸਾਬ ਦੋ ਜਣਿਆਂ  ਦੀ ਲੇਬਰ 80000 ਬਣਦੀ ਹੈ । ਪੰਜ ਏਕੜ ਦਾ ਖਰਚਾ 75000 ਹੈ । ਪੰਜ ਏਕੜ ਦਾ ਲੇਬਰ ਪਲੱਸ ਖਰਚਾ 155000 ਹੈ ਅਤੇ ਆਮਦਨ ਪੰਜ ਏਕੜ ਇੱਕ ਲੱਖ ਬਣਦੀ ਹੈ, ਦੱਸੋ ਆਮਦਨ ਕਿੱਥੇ ਹੋਈ ਜਾਂ ਲੇਬਰ ਕਿੰਨੀ ਕੁ ਮਿਲੀ ਕਿਸਾਨ ਨੂੰ। ਹਜਾਰਾਂ ਏਕੜਾਂ ਦੇ ਮਾਲਕ ਕਾਂਗਰਸ ,ਅਕਾਲੀ ,ਪੰਥਕ , ਮੁੱਖੀ  ਕੀ ਕਿਸਾਨ ਹਨ ਉਹ ਤਾਂ ਬਿਜਨੈਸਮੈਨ ਹਨ ਜੇ ਠੇਕਾ ਵੱਧ ਮਿਲੇ ਤਾਂ ਠੇਕਾ ਲੈ ਲੈ ਕੇ ਚੰਡੀਗੜ ਦੀਆਂ ਏਸੀ ਕੋਠੀਆਂ ਵਿੱਚ ਸੌਂਦੇ ਹਨ ਜੇ ਕਿਸਾਨ ਨੌਕਰਾਂ ਤੌਂ ਖੇਤੀ ਕਰਾਕੇ ਦੋ ਨੰਬਰ ਦੀ ਕਮਾਈ ਇੱਕ ਨੰਬਰ ਵਿੱਚ ਬਦਲਣ ਅਤੇ ਮੁਨਾਫਾ ਵੀ ਵੱਧ ਮਿਲ ਜਾਵੇ ਦੋਨੋਂ ਹੱਥੀਂ ਲੱਡੂ। ਅਸਲੀ ਕਿਸਾਨ ਧੁੱਪ ਅਤੇ ਕੜਾਕੇ ਦੀ ਠੰਡ ਵਿੱਚ ਕੰਮ ਕਰਨ ਵਾਲਾ ਹੁੰਦਾ ਹੈ। ਸਬਸਿਡੀਆਂ ਵਪਾਰੀ ਕਿਸਾਨਾਂ ਨੂੰ ਮਿਲਦੀਆਂ ਹਨ ਜੋ ਵੱਡੀਆਂ ਮਸੀਂਨਾਂ ਖਰੀਦ ਕਰਕੇ ਫਿਰ ਗਰੀਬ ਕਿਰਤੀ ਨੂੰ ਲੁੱਟਦੇ ਹਨ। ਕਿਸਾਨ ਅਤੇ ਮਾਲਕ ਦੇ ਫਰਕ ਨੂੰ ਹੀ ਸਮਝ ਨਹੀਂ ਪਾ ਰਿਹਾ ਬੁੱਧੀਜੀਵੀ ਵਰਗ ਉਹ ਕੀ ਸਰਕਾਰਾਂ ਨੂੰ ਦੱਸ ਪਾਵੇਗਾ ਖੁਦਾ ਹੀ ਜਾਣਦਾ ਹੈ ਬਾਕੀ ਜੇ ਲੋੜ ਹੋਈ ਕਦੀ ਫਿਰ ਪੁੱਛ ਲੈਣਾਂ ਪਾਠਕ ਮਿੱਤਰੋ। ਹੋਰ ਵੱਧ ਬੋਲੇ ਤਾਂ ਸਰਕਾਰਾਂ ਜੋ ਵੱਡੇ ਝੂਠੇ ਕਿਸਾਨਾਂ ਦੀਆਂ ਹੀ ਹਨ ਪਤਾ ਨਹੀਂ ਕੀ ਕਰ ਦੇਣ ਕਿਸਾਨ ਆਗੂ ਤਾਂ ਸਰਕਾਰਾਂ ਨਾਲ ਲੱਗਦੇ ਹਨ ਕਿਸਾਨਾਂ ਦੀ ਗੱਲ ਕਰਨ ਵਾਲਿਆ ਨਾਲ ਨਹੀਂ। ਜਿਸ ਕਿਸਾਨੀ ਦੇ ਸਾਰੇ ਨਹੀਂ ਪਰ ਬਹੁਤੇ ਆਗੂ ਆਪਣੀ ਹਾਉਮੈਂ ਅਤੇ ਲੁਕਵੇਂ ਵਪਾਰ ਲਈ ਹੀ ਆਗੂ ਬਣੇ ਹੋਣ ਦਾ ਪੱਖ ਸਰਕਾਰਾਂ ਤੱਕ ਕਦੀ ਵੀ ਨਹੀਂ ਜਾਵੇਗਾ ਰੱਬ ਖੈਰ ਕਰੇ?    

Tuesday, 6 October 2015

ਸਲਾਮ ਹੈ ਖੁਦਕਸੀਆਂ ਕਰ ਗਿਆਂ ਨੂੰ ਸਾਡੇ ਮੂੰਹ ਤੇ ਥੁੱਕਣ ਲਈ



https://scontent.xx.fbcdn.net/hphotos-xtp1/v/t34.0-12/12092467_1004415739622907_2077359696_n.jpg?efg=eyJpIjoiYiJ9&oh=c748846cd098701a528558ecef46d222&oe=56154D66

                     ਮਨੁੱਖੀ ਸਰੀਰ ਵਿੱਚ ਆਕੇ ਦੁਨੀਆਂ ਦੀਆਂ ਚਾਲਬਾਜੀਆਂ ਲੁਟੇਰਿਆਂ ਦੀਆਂ ਲੁੱਟਾਂ ਧੋਖੇਬਾਜਾਂ ਦੀਆਂ ਕਾਰਸਤਾਨੀਆਂ ਦਾ ਸਿਕਾਰ ਹੋਏ ਮਸੂਮ ਇਨਸਾਨੋ ਜਦ ਤੁਸੀਂ ਖੁਦ ਨੂੰ ਖੁਦਕਸੀ ਕਰਕੇ ਇਸ ਸੰਸਾਰ ਤੋਂ ਆਪਣੀ ਰੂਹ ਨਾਲ ਵਿਦਾ ਹੋ ਚੁੱਕੇ ਹੋ ਮੈਂ ਤੁਹਾਨੂੰ ਤੁਹਾਡੀ ਬਹਾਦਰੀ ਲਈ ਸਲਾਮ ਪੇਸ਼ ਕਰਦਾ ਹਾਂ ਕਿਉਂਕਿ ਤੁਸੀ ਸਾਡੇ ਬੁੱਧੀਜੀਵੀ, ਸਿਆਣੇ ਅਖਵਾਉਂਦੇ ਲੋਕਾਂ, ਰਾਜਨੀਤਕਾਂ , ਧਾਰਮਿਕ ਆਗੂਆਂ, ਬੇਰਹਿਮ ਸਮਾਜ ਦੇ ਮੂੰਹ ਉੱਪਰ ਚੁੱਪ ਦੀ ਚਪੇੜ ਮਾਰ ਗਏੇ ਹੋ। ਅੱਜ ਜਦ ਕਦੇ ਵੀ ਕਿਸੇ ਮਨੁੱਖ ਨੂੰ ਤੁਹਾਨੂੰ ਬੁਜਦਿਲ ,ਗਦਾਰ, ਕਮਜੋਰ, ਸੰਘਰਸ਼ ਤੋਂ ਭੱਜੇ ਹੋਏ ਗਰਦਾਨਦਿਆਂ ਸੁਣਦਾ ਹਾਂ ਤਦ ਮੈਨੂੰ ਉਹਨਾਂ ਦੀ ਚਲਾਕੀ ਅਤੇ ਬੇਈਮਾਨੀ ਤੇ ਤਰਸ਼ ਅਤੇ ਗੁੱਸਾ ਆਉਂਦਾਂ ਹੈ। ਪਰਦਿਆਂ ਵਿੱਚ ਲਿਪਟੇ ਹੋਏ ਲੋਕ ਜਦ ਤੁਹਾਡੀਆਂ ਖੁਦਕਸੀਆਂ ਕਾਰਨ ਨਾਲ ਨੰਗੇ ਹੋ ਜਾਂਦੇ ਹਨ ਤਦ ਹੀ ਉਹ ਆਪਣੇ ਆਪ ਦੀਆਂ ਕਮਜੋਰੀਆਂ ਦਾ ਨੰਗ ਢਕਣ ਲਈ ਆਪਣੇ ਆਪ ਨੂੰ ਬਹਾਦਰ ਸਿੱਧ ਕਰਨ ਲਈ ਤੁਹਾਡੇ ਉੱਪਰ ਹੀ ਦੋਸ਼ ਮੜ ਦਿੰਦੇ ਹਨ। ਕੀ ਉਹ ਨਹੀਂ ਜਾਣਦੇ ਕਿ ਜਦ ਤੁਸੀ ਲੁੱਟੇ ਜਾ ਰਹੇ ਸੀ ਉਹ ਚੁੱਪ ਰਹੇ। ਜਦ ਤੁਸੀ ਬੇਈਮਾਨਾਂ ਦਾ ਸਿਕਾਰ ਹੋ ਰਹੇ ਸੀ ਅਸੀ ਤੁਹਾਨੂੰ ਆਪਣੇ ਭਰਾ ਸਮਝ ਕੇ ਤੁਹਾਡੇ ਨਾਲ ਖੜਨ ਦੀ ਬਜਾਇ ਬੇਈਮਾਨਾਂ ਦਾ ਚੁੱਪ ਰਹਿ ਕੇ ਸਾਥ ਦਿੱਤਾ। ਜਦ ਸਰਕਾਰਾਂ ਤੁਹਾਨੂੰ ਗੁਪਤ ਏਜੰਡਿਆਂ ਰਾਂਹੀਂ ਕਰਜਾਈ ਕਰ ਰਹੀਆਂ ਸਨ ਅਸੀ ਨਾਂ ਤੁਹਾਨੂੰ ਸੁਚੇਤ ਕੀਤਾ ਨਾਂ ਸਰਕਾਰਾਂ ਖਿਲਾਫ ਬੋਲੇ? ਮੈਂ ਜਾਣਦਾ ਹਾਂ ਕਿ ਕਿਸ ਤਰਾਂ ਮੈਂ ਧਾਰਮਿਕ ਚੋਗੇ ਪਹਿਨ ਕੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਦਾ ਉਹ ਹੁਕਮ ਨਾਮਾ ਕਦੇ ਨਹੀਂ ਦੱਸਿਆ ਜਿਸ ਵਿੱਚ ਉਹਨਾਂ ਕਿਹਾ ਸੀ ਕਿ ਮੈਨੂੰ ਚਾਹੁਣ ਵਾਲਾ ਕਦੇ ਕਰਜਾ ਨਹੀਂ ਚੁੱਕੇਗਾ ਕਿਉਂਕਿ ਕਰਜਾਈ ਮਨੁੱਖ ਦੀ ਇੱਜਤ ਅਤੇ ਅਣਖ ਮਰ ਜਾਂਦੀ ਹੈ ਜੋ ਕਿ ਕਲਗੀਧਰ ਚਮਤਕਾਰ ਵਿੱਚ ਸਾਖੀ ਰੂਪ ਵਿੱਚ ਲਿਖਿਆ ਹੋਇਆ ਹੈ ? ਮੈਂ ਇਹ ਵੀ ਜਾਣਦਾ ਹਾਂ ਕਿ ਕਰਜੇ ਨੂੰ ਮਦਦ ਗਰਦਾਨ ਕੇ ਮੁਹੰਮਦ ਸਾਹਿਬ ਦਾ ਉਹ ਹੁਕਮਨਾਮਾ ਵੀ ਲੁਕੋ ਲਿਆ ਸੀ ਜਿਸ ਵਿੱਚ ਉਹਨਾਂ ਕਿਹਾ ਸੀ ਕਿ ਕਿਸੇ ਦੀ ਮਦਦ ਉਹ ਹੁੰਦੀ ਹੈ ਜਿਸ ਵਿੱਚ ਵਿਆਜ ਜਾਂ ਮੁਨਾਫੇ ਨਹੀਂ ਹੁੰਦੇ ?
                            ਮੈਂ ਜਾਣਦਾ ਹਾਂ ਕਿ ਮੈਂ  ਬਾਬੇ ਨਾਨਕ ਦਾ ਉਹ ਗੁਰ ਵੀ ਮੈਂ ਤੁਹਾਨੂੰ ਨਹੀਂ ਦੱਸਿਆਂ ਜਿਸ ਵਿੱਚ ਗਰੀਬੀ ਗਦਾ ਹਮਾਰੀ ਦੀ ਥਾਂ ਤੁਹਾਨੂੰ ਕਰਜੇ ਚੁੱਕ ਕੇ ਅਮੀਰ ਹੋਣ ਦੇ ਰਾਹ ਤੋਂ ਨਹੀਂ ਰੋਕਿਆ ਅਤੇ ਨਾਂ ਹੀ ਦੱਸਿਆ। ਆਮ ਲੋਕ ਗਰੀਬੀ ਨਾਲ ਪਾਪ ਕਰਮਾਂ ਤੋਂ ਦੂਰ ਰਹਿੰਦੇ ਹਨ ਪਰ ਅਮੀਰ ਹੁੰਦਿਆਂ ਤਾਂ ਪਾਪੀ ਹੰਕਾਰੀ, ਝੂਠੇ, ਬੇਈਮਾਨ ਬੇਰਹਿਮੀ ਦੇ ਰਾਹ ਪੈ ਜਾਂਦੇ ਹਨ। ਸਬਰ ਸੰਤੋਖ ਵਾਲਾ ਵਿਅਕਤੀ ਸਦਾ ਹੀ ਅਮੀਰ ਹੁੰਦਾ ਹੈ ਉਸਨੂੰ ਹਰ ਵਸਤ ਸਬਰ ਕਾਰਨ ਬਹੁਤੀ ਲੱਗਦੀ ਹੈ। ਅਮੀਰੀ ਦੇ ਰਾਹ ਤੁਰੇ ਬੰਦੇ ਦਾ ਕੋਈ ਹੱਦ ਬੰਨਾਂ ਹੀ ਨਹੀਂ ਹੁੰਦਾਂ ਉਸਨੂੰ ਤਾਂ ਭੁੱਖ ਅਤੇ ਹਵਸ਼ ਦਾ ਰੋਗ ਚਿੰਬੜ ਜਾਂਦਾ ਹੈ ਜਿਸ ਕਾਰਨ ਉਹ ਸਦਾ ਬੇਸਬਰਾ ਹੋਕੇ ਹਰ ਚੀਜ ਨੂੰ ਥੋੜੀ ਮੰਨਦਿਆਂ ਹੋਇਆਂ ਹੋਰ ਜੋੜਨ ਜਮਾਂ ਕਰਨ ਦੀ ਕੋਸਿਸ ਕਰਦਾ ਹੈ। ਮੈਂ ਜਾਣਦਾਂ ਹਾਂ ਮੇਰੇ ਵਿਦਵਾਨ ਭਰਾ,ਪੱਤਰਕਾਰ, ਰਾਜਨੀਤਕ, ਸਮਾਜਿਕ, ਆਗੂ ,ਧਾਰਮਿਕ ਆਗੂ ਅਸੀਂ ਸਭ ਰਲਕੇ ਤੁਹਾਨੂੰ ਸਹੇ ਵਰਗਾ ਜਾਨਵਰ ਸਮਝਕੇ ਕੁੱਤਿਆਂ ਵਰਗੇ ਖੂੰਖਾਰ ਵਿਆਜ ਖਾਣੇ ਅਤੇ ਕਮਾਈਆਂ ਕਰਨ ਵਾਲੇ ਪਾਪਾਂ ਰਾਂਹੀ ਪੈਸੇ ਜੋੜਨ ਵਾਲੇ ਅਦਾਰਿਆਂ ਅਤੇ ਬੰਦਿਆਂ ਦੇ ਘੇਰੇ ਵਿੱਚ ਵਾੜ ਦਿੱਤਾ ਹੈ। ਜਦ ਤੁਸੀਂ ਹੁਣ ਖੁਦਕਸੀ ਵਰਗਾ ਕਦਮ ਚੁੱਕੀ ਜਾ ਚੁੱਕੇ ਹੋ ਤਦ ਸਾਡੀ ਜਮੀਰ ਸਾਨੂੰ ਲਾਹਨਤਾਂ ਪਾਉਂਦੀ ਹੈ ਕਿ ਸਾਡੇ ਸਿਆਣੇ ਅਖਵਾਉਂਦੇ ਲੋਕਾਂ ਦੇ ਸਾਹਮਣੇ ਇਹ ਕੁੱਝ ਤੁਸੀਂ ਕਰ ਗਏ ਹੋ ਜਿਸ ਵਿੱਚ ਸਾਡੀ ਵੀ ਹਿੱਸੇਦਾਰੀ ਹੈ। ਪਰ ਤੁਸੀਂ ਨਹੀਂ ਜਾਣਦੇ ਕਿ ਅਸੀਂ ਕਿੱਡੇ ਬੇਸਰਮੀ ਦੇ ਭਰੇ ਹੋਏ ਹਾਂ ਕਿ ਤੁਹਾਨੂੰ ਮਰ ਚੁੱਕਿਆਂ ਨੂੰ ਕਾਇਰ,ਬੁਜਦਿਲ, ਭਗੌੜੇ ,ਕਮਜੋਰ ਦਾ ਖਿਤਾਬ ਦੇ ਰਹੇ ਹਾਂ।
              ਅਸੀਂ ਭਾਵੇਂ ਜਾਣਦੇ ਹਾਂ ਕਿ ਜੇ ਤੁਸੀ ਹੋਰ ਵੀ ਜਿਉਂਦੇ ਰਹਿੰਦੇ ਤੁਸੀਂ ਸੂਦਖੋਰ ਬੰਦਿਆਂ ਅਤੇ ਅਦਾਰਿਆਂ ਦਾ ਕੁੱਝ ਨਹੀਂ ਵਿਗਾੜ ਸਕਦੇ ਸੀ। ਚਲੋ ਜੇ ਕੋਈ ਤੁਹਾਡੇ ਵਿੱਚੋਂ ਕੋਈ ਸਿਆਣਫ ਦੀ ਥਾਂ ਕਮਲਾ ਹੋਕੇ ਕਿਸੇ ਸੂਦਖੋਰ ਦੇ ਖਿਲਾਫ ਲੜਾਈਆਂ ਵੀ ਕਰ ਲੈਂਦਾਂ ਜਾਂ ਕਤਲ ਵੀ ਕਰ ਦਿੰਦਾਂ ਤਦ ਤੁਸੀਂ ਤਾਂ ਜੇਲਾਂ ਦਾ ਨਰਕ ਭੋਗਣਾਂ ਹੀ ਸੀ ਉਲਟਾ ਤੁਹਾਡੇ ਪਰੀਵਾਰ ਬਹੂ ਬੇਟੀਆਂ ਦੀਆਂ ਇੱਜਤਾਂ ਵੀ ਠਾਣਿਆਂ ਗੁੰਡਿਆਂ ਦੀਆਂ ਸਿਕਾਰ ਹੋ ਜਾਂਦੀਆਂ ਪਰ ਤੁਸੀਂ ਬਹੁਤ ਹੀ ਬਹਾਦਰ ਅਤੇ ਸਿਆਣੇ ਸੀ ਜੋ ਸਾਡੇ ਪਿੱਛੇ ਨਹੀਂ ਲੱਗੇ ਕਿਉਂਕਿ ਦੁਸਮਣਾਂ ਸੂਦਖੋਰਾਂ ਨੂੰ ਮਾਰਨ ਦੀ ਬਜਾਇ ਖੁਦ ਨੂੰ ਹੀ ਮਾਰ ਦੇਣ ਦਾ ਮਹਾਨ ਫੈਸਲਾ ਲਿਆ ਜਿਸ ਨਾਲ ਸਮਾਜ ਦੇ ਵਿੱਚ ਜਿੱਥੇ ਅਰਾਜਕਤਾ ਨਹੀਂ ਫੈਲੀ ਅਤੇ ਤੁਹਾਡੇ ਪਰੀਵਾਰ ਕੁੱਝ ਦਿਨ ਰੋਣ ਧੋਣ ਤੋਂ ਬਾਅਦ ਕਿਰਤ ਕਰਨ ਦੇ ਰਾਹ ਪੈਕੇ ਜਰੂਰ ਹੀ ਅਮਨ ਚੈਨ ਨਾਲ ਰਹਿਣ ਲੱਗ ਜਾਂਦੇ ਹਨ। ਤੁਹਾਡੇ ਪਰੀਵਾਰਾਂ ਨਾਲ ਸਮਾਜ ਦੇ ਚੰਗੇ ਲੋਕਾਂ ਵਿੱਚ ਹਮਦਰਦੀ ਆ ਜਾਂਦੀ ਹੈ ਜੋ ਉਹਨਾਂ ਦੀ ਮਦਦ ਵੀ ਕਰਦੇ ਹਨ ਅਤੇ ਸਰਕਾਰ ਤੁਹਾਡੇ ਪਰੀਵਾਰਾਂ ਨੂੰ ਕੁੱਝ ਮਦਦ ਦੇਣ ਲਈ ਮਜਬੂਰ ਹੋ ਜਾਂਦੀਆਂ ਹਨ ਪਰ ਅਸੀ ਤਾਂ ਚਲਾਕ ਲੋਕਾਂ ਦਾ ਟੋਲਾ ਹਾਂ ਜੋ ਤੁਹਾਡੇ ਪਰੀਵਾਰਾਂ ਦੀ ਮਦਦ ਦੀ ਥਾਂ ਤੁਹਾਡੇ ਤੇ ਹੀ ਇਲਜਾਮ ਲਾਉਣ ਦੇ ਮਾਹਰ ਹਾਂ। ਪਿੱਛਲੇ ਦਿਨੀ ਸਾਡੇ ਟੋਲੇ ਦੇ ਕੁੱਝ ਕਲਾਕਾਰ ਗੁਰਵਿੰਦਰ ਬਰਾੜ ਵਰਗੇ ਗਾਇਕ ਅਤੇ ਕੋਈ ਹੋਰ ਤੁਹਾਡੀਆਂ ਖੁਦਕਸੀਆਂ ਦਾ ਵਪਾਰ ਕਰਕੇ ਤੁਹਾਨੂੰ ਨਿੰਦ ਵੀ ਰਹੇ ਹਨ ਅਤੇ ਪੈਸੇ ਵੀ ਕਮਾ ਰਹੇ ਹਨ ਅਤੇ ਸਾਡੇ ਚਲਾਕ ਟੋਲੇ ਤੋਂ ਸਾਬਾਸ ਵੀ ਲੈ ਰਹੇ ਹਨ ਕਿਉਂਕਿ ਜਿੱਥੇ ਉਹ ਸਾਡੇ ਟੋਲੇ ਕੁਕਰਮਾਂ ਨੂੰ ਢਕ ਰਹੇ ਹਨ ਫਿਰ ਅਸੀਂ ਤਾਂ ਉਹਨਾਂ ਨੂੰ ਸਾਬਾਸ ਦੇਣੀ ਹੀ ਹੋਈ। ਖੁਦਕਸੀਆਂ ਕਰਨ ਵਾਲੇ ਮਨੁੱਖਾਂ ਦੀਉ ਰੂਹੋ ਸੱਚੀ ਗੱਲ ਤਾਂ ਇਹ ਹੈ ਕਿ ਭਾਵੇਂ ਮੈਂ ਵੀ ਚਲਾਕ ਟੋਲੇ ਦਾ ਮੈਂਬਰ ਹਾਂ ਪਰ ਮੇਰੀ ਜਮੀਰ ਫਿਰ ਵੀ ਤੁਹਾਡੀ ਖੁਦਕਸੀਆਂ ਵਾਲੀ ਕੁਰਬਾਨੀ ਨੂੰ ਸਲਾਮ ਪੇਸ਼ ਕਰਦੀ ਹੈ ਆਸ਼ ਹੈ ਤੁਹਾਡੀ ਰੂਹ ਜਿਸ ਤਰਾਂ ਬੇਰਹਿਮ ਸਮਾਜ ਨੂੰ ਮਾਫ ਕਰਕੇ ਗਈ ਹੈ ਮੈਨੂੰ ਵੀ ਜਰੂਰ ਮਾਫ ਕਰੇਗੀ ਅਨੰਤ ਕੁਦਰਤ ਤੁਹਾਨੂੰ ਆਪਣੀ ਗੋਦ ਵਿੱਚ ਸਮਾ ਲਵੇ ਅਤੇ ਮੁੜ ਇਸ ਦੁੱਖਾਂ ਭਰੇ ਚਲਾਕ ਬੇਈਮਾਨ ਦੁਨੀਆਂ ਵਿੱਚ ਨਾਂ ਭੇਜੇ ਅਟੱਲ ਕੁਦਰਤ ਤੋਂ ਤੁਹਾਡੇ ਲਈ ਮੈਂ ਇਹੋ ਹੀ ਮੰਗਦਾ ਹਾਂ ਮਾਫ ਕਰਿਉ ਮੈਨੂੰ । ਮਾਫ ਕਰਿਉ ਮੈਨੂੰ । ਮਾਫ ਕਰਿਉ ਮੈਨੂੰ । ਮਾਫ ਕਰਿਉ ਮੈਨੂੰ ।
ਗੁਰਚਰਨ ਸਿੰਘ ਪੱਖੋਕਲਾਂ ਜਿਲਾ ਬਰਨਾਲਾ ਫੋਨ 9417727245

Thursday, 17 September 2015

ਕਰਜਿਆਂ ਦੇ ਜਾਲ ਨਾਲ ਦਿੱਤਾ ਜਾਂਦਾ ਕਿਸਾਨਾਂ ਨੂੰ ਮਿੱਠਾ ਜਹਿਰ

               
          ਸਰਕਾਰਾਂ ਚਲਾਉਂਦੇ ਰਾਜਨੀਤਕ ਲੋਕ ਜਦੋਂ ਦੇਸ ਦੇ ਕਿਸਾਨ ਵਰਗ ਨੂੰ ਕਰਜਿਆਂ ਦੇ ਵਿੱਚ ਫਸਾਉਣ ਵਾਲੀਆਂ ਸਕੀਮਾਂ ਐਲਾਨ ਕੇ ਆਪਣੀ ਬੱਲੇ ਬੱਲੇ ਕਰਵਾਉਂਦੇ ਹਨ ਪਰ ਉਹ ਦੇਸ ਦੇ ਅਣਭੋਲ ਵਰਗ ਨਾਲ ਕਿੱਡਾ ਫਰੇਬ ਧੋਖਾ ਕਰ ਰਹੇ ਹੁੰਦੇ ਹਨ ਦਾ ਪਤਾ ਕਿਸਾਨਾਂ ਦੀ ਖੁਦਕਸੀਆਂ ਤੋਂ ਬਾਅਦ ਹੀ ਪਤਾ ਲੱਗਦਾ ਹੈ। ਵਰਤਮਾਨ ਸਮੇਂ ਕਿਸਾਨਾਂ ਦੀਆਂ ਖੁਦਕਸੀਆਂ ਦਾ ਕਾਰਨ ਕਰਜਾ ਹੀ ਹੁੰਦਾਂ ਹੈ। ਅਸਲ ਨੀਤੀ ਤਾਂ ਕਿਸਾਨਾਂ ਲਈ ਇਹੋ ਜਿਹੀ ਚਾਹੀਦੀ ਹੈ ਜਿਸ ਵਿੱਚ ਉਹਨਾਂ ਨੂੰ ਕਰਜਾ ਚੁਕਣਾਂ ਹੀ ਨਾਂ ਪਵੇ ਕਿਉਂਕਿ ਖੇਤੀਬਾੜੀ ਦੇ ਲਾਹੇਵੰਦ ਹੋਣ ਦੀ ਤਾਂ ਕੋਈ ਗਰੰਟੀ ਹੀ ਨਹੀਂ ਹੈ ਕਿੳਂਕਿ ਖੇਤੀ ਦਿਮਾਗਾਂ ਦੀ ਖੇਡ ਨਹੀ ਕੁਦਰਤ ਦੇ ਰਹਿਮੋ ਕਰਮ ਤੇ ਹੋਣ ਵਾਲੀ ਖੇਤੀ ਕਰਮਾਂ ਛੇਤੀ ਹੈ। ਦੇਸ ਦੀਆਂ ਸਰਕਾਰਾਂ ਤਾਂ ਹਾਲੇ ਤੱਕ ਫਸਲਾਂ ਸਬੰਧੀ ਖੇਤੀ ਬੀਮਾ ਸਕੀਮ ਵੀ ਸੁਰੂ ਨਹੀਂ ਕਰਵਾ ਸਕੀਆਂ। ਤਿੰਨ ਚਾਰ ਰਾਜਾਂ ਵਿੱਚ ਝੋਨੇ ਅਤੇ ਕਣਕ ਦੇ ਘੱਟੋ ਘੱਟ ਸਮਰਥਨ ਮੁੱਲ ਦੇਣ ਤੋਂ ਬਿਨਾਂ ਸਿਰਫ ਫੋਕੇ ਐਲਾਨ ਹੀ ਸੈਂਟਰ ਸਰਕਾਰ ਕਰਦੀ ਹੈ। ਬਾਕੀ ਸਾਰੀਆਂ ਫਸਲਾਂ ਬਜਾਰ ਦੇ ਰਹਿਮੋ ਕਰਮ ਤੇ ਹਨ ਜਿਸ ਵਿੱਚ ਸਾਰਾ ਮੁਨਾਫਾ ਵਪਾਰੀ ਅਤੇ ਜਮਾਂਖੋਰ ਹੀ ਹੜੱਪ ਜਾਂਦੇ ਹਨ। ਕਿਸਾਨ ਵਰਗ ਦਾ ਵੱਡਾ ਹਿੱਸਾ ਤਾਂ ਆਪਣੀਆਂ ਫਸਲਾਂ ਨੂੰ ਬਜਾਰ ਵਿੱਚ ਵੇਚਣ ਨਹੀਂ ਜਾਂਦਾ ਸਗੋਂ ਸਿੱਟਣ ਜਾਂਦਾ ਹੈ। ਸਰਕਾਰਾਂ ਕਿਸੇ ਵੀ ਫਸਲ ਤੇ ਕਿਸਾਨ ਨੂੰ ਘੱਟੋ ਘੱਟ ਆਮਦਨ ਦੀ ਕਦੇ ਵੀ ਗਰੰਟੀ ਨਹੀ ਦਿੰਦੀਆਂ ਫੋਕੇ ਬਿਆਨਾਂ ਨਾਲ ਹੀ  ਕਿਸਾਨਾਂ ਦੇ ਦਿਲ ਬਹਿਲਾਉਂਦੀਆਂ ਹਨ। ਇੱਕ ਪਾਸੇ ਕਿਸਾਨ ਨੂੰ ਮੁਨਾਫਾ ਅਧਾਰਤ ਕੀਮਤ ਨਹੀਂ ਦਿੱਤੀ ਜਾਂਦੀ ਦੂਸਰੇ ਪਾਸੇ ਅੰਤਰਰਾਜੀ ਅਤੇ ਅੰਤਰ ਰਾਸਟਰੀ ਵਪਾਰ ਕਰਨ ਤੇ ਹੀ ਪਾਬੰਦੀ ਲਾ ਦਿੱਤੀ ਜਾਂਦੀ ਹੈ। ਪੰਜਾਬ ਦੇ ਕਿਸਾਨ ਤੋਂ 1400 ਰੁਪਏ ਕੁਇੰਟਲ ਖਰੀਦੀ ਜਾਣ ਵਾਲੀ ਕਣਕ ਬਾਘੇ ਬਾਰਡਰ ਦੇ ਪਰਲੇ ਪਾਸੇ ਦਸ ਕਿਲੋਮੀਟਰ ਤੇ ਲਾਹੌਰ ਵਿੱਚ 2500 ਰੁਪਏ ਵਿਕਦੀ ਹੈ। ਇਹੋ ਕਣਕ ਦਿੱਲੀ ਵਿੱਚ ਆਟਾ ਬਣਾਕਿ ਪਰਚੂਨ ਮੰਡੀ ਵਿੱਚ 30 ਤੋਂ 40 ਰੁਪਏ ਕਿੱਲੋ ਦੀ ਕੀਮਤ ਤੇ ਵਿਕ ਰਿਹਾ ਹੈ। ਕੁੱਝ ਸਰਕਾਰਾਂ ਦੇ ਟੈਕਸ ਅਤੇ ਵਪਾਰੀਆਂ ਦੇ ਮੁਨਾਫੇ ਨਾਲ ਇਸਦੀ ਕੀਮਤ ਦੇਸ ਵਿੱਚ ਹੀ ਦੁਗਣੀ ਹੋ ਜਾਂਦੀ ਹੈ। ਜਦ ਕਿਸਾਨ ਵਰਗ ਘਰੇਲੂ ਲੋੜਾਂ ਯੋਗਾ ਵੀ ਮੁਨਾਫਾ ਨਹੀਂ ਕਰ ਪਾਉਂਦਾ ਪਰ ਸਰਕਾਰਾਂ ਟੈਕਸਾਂ ਨਾਲ ਖਜਾਨੇ ਭਰਨ ਦੀ ਫਿਰਾਕ ਵਿੱਚ ਲੁੱਟਣ ਤੱਕ ਪਹੁੰਚ ਜਾਂਦੀਆਂ ਹਨ।
                       ਕਿਸਾਨ ਦੀਆਂ ਸਮੱਸਿਆਵਾਂ ਦਾ ਹਲ ਇੱਕੋ ਹੀ ਹੈ ਕਿ ਖੇਤੀ ਲਾਹੇਵੰਦ ਧੰਦਾ ਬਣਾਇਆ ਜਾਵੇ ਪਰ ਸਰਕਾਰਾਂ ਇਸਦਾ ਹੱਲ ਕਿਸਾਨਾਂ ਨੂੰ ਕਰਜੇ ਦਿਵਾਕੇ ਉਸਦੇ ਗਲ ਵਿੱਚ ਕਰਜੇ ਦਾ ਗਲਘੋਟੂ ਰੱਸਾ ਪਾਉਣ ਨੂੰ ਪਹਿਲ ਦੇ ਰਹੀਆਂ ਹਨ। ਇਸ ਕਿੱਤੇ ਵਿੱਚ ਫਸਿਆ ਕਿਸਾਨ ਆਪਣੇ ਕਿੱਤੇ ਨੂੰ ਚਲਦਾ ਰੱਖਣ ਲਈ ਹੀ ਮਜਬੂਰੀ ਵੱਸ ਸੂਦਖੋਰ ਵਪਾਰੀਆਂ ਅਤੇ ਬੈਂਕਾਂ ਦੇ ਜਾਲ ਵਿੱਚ ਫਸਣ ਲਈ ਮਜਬੂਰ ਹੋ ਜਾਂਦਾ ਹੈ। ਕਿਸਾਨ ਤਾਂ ਇਹੋ ਜਿਹੀ ਸੀਲ ਫੰਡਰ ਮੱਝ ਵਾਂਗ ਬਣਾ ਦਿੱਤਾ ਗਿਆ ਹੈ ਜਿਸਨੂੰ ਚੋਣ ਲਈ ਨਾਂ ਟੀਕਾ ਲਾਉਣ ਦੀ ਲੋੜ ਹੈ ਨਾਂ ਕੱਟਾ ਛੱਡਣ ਦੀ ਜਿਹੜਾ ਮਰਜੀ ਸੂਦਖੋਰ ਧਨਾਡ ਥਾਪੀ ਦੇਕੇ ਚੋਅ ਲਵੇ। ਕਰਜੇ ਦਾ ਮੱਕੜ ਜਾਲ ਵਿੱਚ ਫਸਿਆ ਹੋਇਆ ਕਿਸਾਨ ਤਾਂ ਨਿਆਣਾਂ ਮਾਰੀ ਹੋਈ ਗਾਂ ਵਰਗਾ ਬਣਨ ਨੂੰ ਮਜਬੂਰ ਹੈ ਜੋ ਚਾਹੁੰਦਾਂ ਹੋਇਆਂ ਵੀ ਹਿੱਲ ਜਾਂ ਬੋਲ ਨਹੀਂ ਸਕਦਾ। ਜਦ ਇਸ ਕਰਜੇ ਦਾ ਮੱਕੜ ਜਾਲ ਕਿਸੇ ਕਿਸਾਨ ਨੂੰ ਸਮਾਜ ਵਿੱਚ ਬੇਇੱਜਤਾ ਬਣਾਉਣ ਲੱਗ ਜਾਂਦਾਂ ਹੈ ਤਦ ਉਸ ਕੋਲ ਬੇਸਰਮੀ ਤੋਂ ਖਹਿੜਾ ਛੁਵਾਉਣ ਲਈ ਖੁਦਕਸੀ ਦਾ ਰਾਹ ਹੀ ਬਚਦਾ ਹੈ। ਗੈਰ ਕਾਸਤਕਾਰਾਂ ਨੂੰ ਜਮੀਨ ਦੀ ਖਰੀਦ ਕਰਨ ਦੀ ਖੁੱਲ ਦੇਕੇ ਸਰਕਾਰਾਂ ਨੇ ਕਰਜਾ ਦੇਣ ਵਾਲਿਆ ਨੂੰ ਹੱਲਾਸੇਰੀ ਦੇ ਰੱਖੀ ਹੈ। ਕਿਸਾਨਾਂ ਨੂੰ ਕਰਜਾ ਦੇਣ ਸਬੰਧੀ ਕੋਈ ਸਰਕਾਰੀ ਨੀਤੀ ਨਹੀਂ । ਕਰਜੇ ਕਾਰਨ ਕਿਸਾਨ ਦੀ ਜਮੀਨ ਕੁਰਕ ਕਰਨ ਦੀ ਖੁੱਲ ਦੇਣਾਂ ਰਾਜਨੀਤਕ ਅਤੇ ਧਨਾਢ ਵਰਗ ਦੀ ਸਾਂਝੀ ਚਾਲ ਹੈ ਜਿਸ ਵਿੱਚ ਕਿਸਾਨ ਵਰਗ ਹਲਾਲ ਕੀਤਾ ਜਾਂਦਾ ਹੈ। ਅੱਜ ਪੰਜਾਬ ਦੇ ਇੱਕ ਕਰੋੜ  ਕਿਸਾਨਾਂ ਸਿਰ 63000 ਕਰੋੜ ਦਾ ਗਰੰਟੀ ਅਧਾਰਤ ਬੈਕਿੰਗ ਕਰਜਾ ਹੈ। 40000 ਕਰੋੜ ਦਾ ਛਿਮਾਹੀ ਜਾਂ ਸਲਾਨਾਂ ਲਿਮਟਾਂ ਅਧਾਰਤ ਕਰਜਾ ਹੈ। ਧਨਾਢਾ ਅਤੇ ਸੂਦਖੌਰ ਆੜਤੀਆਂ ਦੇ ਕਰਜਾ ਜੋ ਰਜਿਸਟਰਡ ਕਰਜਿਆਂ ਤੋਂ ਕਈ ਗੁਣਾਂ ਜਿਆਦਾ ਹੈ ਜਿਸ ਬਾਰੇ ਕਦੇ ਕੋਈ ਅੰਕੜੇ ਸਾਹਮਣੇ ਨਹੀਂ ਆਉਂਦੇ ਅਤੇ ਜੋ ਕਿ ਅਸਲ ਵਿੱਚ ਕਾਲੇ ਧਨ ਦਾ ਵਿਸਾਲ ਰੂਪ ਹੈ ਕਿਸਾਨਾਂ ਨੂੰ ਤਬਾਹ ਅਤੇ ਗੁਲਾਮ ਬਣਾਈ ਬੈਠਾ ਹੈ। ਸਰਕਾਰਾਂ ਨੂੰ ਇਸ ਕਾਲੇ ਧਨ ਵਾਲੇ ਨਿੱਜੀ ਸੂਦਖੋਰਾਂ ਦੇ ਕਰਜੇ ਤੋਂ ਕਿਸਾਨਾਂ ਦਾ ਖਹਿੜਾ ਛੁਡਾਉਣ ਲਈ ਅਦਾਲਤੀ ਕਾਰਵਾਈ ਰੋਕ ਦੇਣੀ ਚਾਹੀਦੀ ਹੈ ਸਗੋਂ ਇਸ ਤਰਾਂ ਦਾ ਕਰਜਾ ਦੇਣ ਵਾਲਿਆਂ ਦੀ ਸੰਪਤੀ ਜਬਤ ਕਰਨ ਦੀ ਕਾਰਵਾਈ ਕਰਨੀਂ ਚਾਹੀਦੀ ਹੈ। ਬਿਨਾਂ ਕਿਸੇ ਰਜਿਸਟਰਡ ਅਦਾਰੇ ਦੇ ਦਿੱਤਾ ਗਿਆ ਕਰਜਾ ਕਿਸੇ ਵੀ ਸੂਦਖੋਰ ਦਾ ਮੁਨਾਫਾ ਲਊ ਕਾਰੋਬਾਰ ਨਹੀਂ ਹੋਣਾਂ ਚਾਹੀਦਾ।
                   ਛੋਟੇ ਕਿਸਾਨਾਂ ਨੂੰ ਕਰਜਾ ਉਹਨਾਂ ਦੀ ਹੋਣ ਵਾਲੀ ਆਮਦਨ ਦੇ ਹਿਸਾਬ ਨਾਲ ਹੀ ਦਿੱਤਾ ਜਾਣਾਂ ਚਾਹੀਦਾ ਹੈ। ਕਿਸਾਨ ਦੇ ਕਰਜੇ ਦੀ ਕਿਸਤ ਉਸਦੀ ਹੋਣ ਵਾਲੀ ਸੁੱਧ ਆਮਦਨ ਦੇ ਦਸਵੇਂ ਹਿੱਸੇ ਤੋਂ ਜਿਆਦਾ ਨਹੀਂ ਹੋਣਾਂ ਚਾਹੀਦਾ। ਕਰਜਾ ਮੁਕਤ ਕਿਸਾਨ ਹੀ ਖੇਤੀਬਾੜੀ ਦੇ ਵਿਕਾਸ ਰਫਤਾਰ ਨੂੰ ਗਤੀ ਦੇ ਸਕਦਾ ਹੈ। ਕਰਜਾਈ ਕਿਸਾਨ ਕਦੇ ਵੀ ਵਧੀਆ ਖੇਤੀ ਉਤਪਾਦਨ ਨਹੀਂ ਕਰ ਸਕਦਾ। ਇਸ ਨਾਲ ਜਿੱਥੇ ਖੇਤੀ ਉਤਪਾਦਨ ਘੱਟ ਹੁੰਦਾਂ ਹੈ ੳਤੇ ਮਹਿੰਗਾਈ ਵੱਧਦੀ ਹੈ। ਸਰਕਾਰਾਂ ਨੂੰ ਖੇਤੀ ਲਈ ਮੁਨਾਫਾ ਅਧਾਰਤ ਬਨਾਉਣ ਵੱਲ ਪਹਿਲ ਕਰਨੀਂ ਚਾਹੀਦੀ ਹੈ ਜਿਸ ਨਾਲ ਕਿਸਾਨਾਂ ਨੂੰ ਸਬਸਿਡੀਆਂ ਦੇਣ ਦੀ ਲੋੜ ਹੀ ਨਾਂ ਰਹੇ। ਸਬਸਿਡੀ ਸਿਰਫ ਗਰੀਬ ਲੋਕਾਂ ਨੂੰ ਅਨਾਜ ਸਸਤਾ ਦੇਣ ਲਈ ਹੀ ਕਰਨੀਂ ਚਾਹੀਦੀ ਹੈ। ਬਿਨਾਂ ਕਿਸੇ ਹਿਸਾਬ ਕਿਤਾਬ ਦੇ ਕਿਸਾਨਾਂ ਨੂੰ ਅੰਨਾਂ ਕਰਜਾ ਦੇਣਾਂ ਇੱਕ ਮਿੱਠਾ ਜਹਿਰ ਹੀ ਸਿੱਧ ਹੁੰਦਾਂ ਹੈ ਜੋ ਕਿਸਾਨ ਅਤੇ ਖੇਤੀ ਨੂੰ ਤਬਾਹ ਕਰਨ ਵੱਲ ਹੀ ਲੈ ਜਾਂਦਾ ਹੈ। ਕਰਜਾ ਮੁਕਤ ਕਿਸਾਨ ਹੀ ਦੇਸ ਨੂੰ ਅੰਤਰਾਸਟਰੀ ਪੱਧਰ ਤੇ ਮਾਣ ਨਾਲ ਖੜਾ ਕਰ ਸਕਦਾ ਹੈ। ਕਿਸਾਨ ਦੀ ਖੇਤੀ ਯੋਗ ਜਮੀਨ ਤੇ ਕਰਜਾ ਦੇਣ ਦੀ ਹੱਦ ਉਸਤੋਂ ਹੋਣ ਵਾਲੀ ਆਮਦਨ ਦੇ ਹਿਸਾਬ ਨਾਲ ਮਿੱਥਿਆ ਜਾਣਾਂ ਸਮੇਂ ਦੀ ਲੋੜ ਹੈ। ਕਰਜਾ ਘੱਟ ਮਿਲਣ ਨਾਲ ਕਿਸਾਨ ਆਪਣੇ ਬੇਲੋੜੇ ਖਰਚਿਆਂ ਤੋਂ ਪਾਸਾ ਵੱਟਣ ਨੂੰ ਮਜਬੂਰ ਹੋ ਜਾਣਗੇ। ਬੇਲੋੜੇ ਖਰਚੇ ਵੀ ਕਿਸਾਨ ਉਸ ਵਕਤ ਹੀ ਚੁਕਦਾ ਹੈ ਜਦ ਉਸਨੂੰ ਬੇਲੋੜੇ ਅਤੇ ਬਿਨਾਂ ਕਿਸੇ ਹੱਦ ਦੇ ਕਰਜੇ ਦਿੱਤੇ ਜਾਦੇ ਹਨ। ਕਿਸਾਨ ਕੋਈ ਕਾਰਖਾਨੇਦਾਰਾਂ ਜਾਂ ਵਪਾਰੀਆਂ ਵਰਗਾ ਤਾਂ ਹੁੰਦਾਂ ਨਹੀਂ ਜਿੰਹਨਾਂ ਨੂੰ ਦਿਵਾਲੀਆਂ ਹੋਣ ਤੇ ਖਾਲੀ ਥਾਵਾਂ ਹੀ ਸਰਕਾਰ ਹਵਾਲੇ ਕਰਨੀਆਂ ਹੁੰਦੀਆਂ ਹਨ ਕਿਉਂਕਿ ਸਾਰਾ ਪੈਸਾ ਤਾਂ ਉਹ ਕਿੱਧਰੇ ਹੋਰ ਗੋਲਮਾਲ ਕਰ ਜਾਂਦੇ ਹਨ ਪਰ ਕਿਸਾਨਾਂ ਕੋਲ ਤਾਂ ਉਹਨਾਂ ਦੀ ਮਾਂ ਵਰਗੀ ਜਮੀਨ ਹੀ ਕਰਜਾ ਦੇਣ ਵਾਲੇ ਅਦਾਰਿਆਂ ਕੋਲ ਗਿਰਵੀ ਰੱਖੀ ਹੁੰਦੀ ਹੈ ਜੋ ਕੌਡੀਆਂ ਦੇ ਭਾਅ ਸਾਹੂਕਾਰਾਂ ਤੇ ਧਨਾਢਾ ਕੋਲ ਵਿੱਕ ਜਾਂਦੀ ਹੈ। ਆਧੁਨਿਕ ਸਿਆਣੇ ਅਖਵਾਉਂਦੇ ਯੁੱਗ ਵਿੱਚ ਕਿਸਾਨ ਨੂੰ ਰੱਬ ਆਸਰੇ ਦੀ ਥਾਂ ਸਰਕਾਰਾਂ ਦਾ ਆਸਰਾ ਵੀ ਲੋੜੀਦਾ ਹੈ ਜੋ ਕਿ ਸਹੀ ਸਰਕਾਰੀ ਨੀਤੀਆਂ ਦੀ ਬਦੌਲਤ ਹੀ ਸੰਭਵ ਹੈ। ਵਿਦੇਸਾਂ ਅੱਗੇ ਮੰਗਤੇ ਤੋਂ ਸਰਦਾਰ ਬਣਾ ਦੇਣ ਵਾਲੇ ਸਾਡੇ ਕਿਸਾਨ ਨੂੰ ਬਚਾਉਣਾਂ ਚਾਹੀਦਾ ਹੈ, ਰਾਜਨੀਤਕ ਆਗੂ ਕਿੱਧਰੇ ਦੁਬਾਰਾ ਵਿਦੇਸੀ ਸਰਕਾਰਾਂ ਅੱਗੇ ਮੰਗਤੇ ਨਾਂ ਬਨ ਜਾਣ ਵਾਰੇ ਸਾਡੀ ਰਾਜਨੀਤਕਾਂ ਦੀ ਸਲਾਹਕਾਰ ਬਾਬੂਸਾਹੀ ਨੂੰ ਵੀ ਜਰੂਰ ਜਾਗਣਾਂ ਚਾਹੀਦਾ ਹੈ ਅਤੇ ਕਿਸਾਨ ਪੱਖੀ ਨੀਤੀਆਂ ਬਨਾਉਣੀਆਂ ਚਾਹੀਦੀਆਂ ਹਨ।
ਗੁਰਚਰਨ ਸਿੰਘ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ                     

         

Thursday, 2 October 2014

ਕਿਉਂ ਆਖਿਆ ਜਾਂਦੈਂ ਅੰਨ ਦਾਤਾ ਕਿਸਾਨ ਨੂੰ


                                 ਕਿਉਂ ਆਖਿਆ ਜਾਂਦੈਂ ਅੰਨ ਦਾਤਾ ਕਿਸਾਨ ਨੂੰ
                                       ਭਾਵੇਂ ਸਮਾਜ ਦਾ ਅਮੀਰ ਵਰਗ ਹਰ ਪਾਸੇ ਹੀ ਆਪਣੇ ਆਪ ਦੀ ਪਰਸੰਸਾਂ ਕਰਵਾਉਂਦਾਂ ਹੈ ਪਰ ਸਮਾਜ ਅਤੇ ਕੁਦਰਤ ਦੇ ਅਸੂਲ ਕਦੇ ਵੀ ਮਾਇਆ ਧਾਰੀ ਲੋਕਾਂ ਦੀ ਉਸਤੱਤ ਨਹੀਂ ਬੋਲਦੇ । ਮਨੁੱਖ ਮੰਗਤਾਂ ਹੈ ਜਾਂ ਬਾਦਸਾਹੀ ਫਿਤਰਤ ਵਾਲਾ ਦਾ ਫੈਸਲਾ ਠੂਠਿਆਂ ਜਾਂ ਕੁਰਸੀਆਂ ਨਹੀਂ ਕਰਦੀਆਂ ਬੰਦੇ ਦੀ ਫਿਤਰਤ ਕਰਦੀ ਹੈ । ਜਿਸ ਮਨੁੱਖ ਵਿੱਚ ਲੋੜਵੰਦ ਦੀ ਮਦਦ ਕਰਨ ਦੀ ਤਾਕਤ ਹੁੰਦੀ ਹੈ ਹਮੇਸਾਂ ਬਾਦਸਾਹੀ ਬਿਰਤੀਆਂ ਦਾ ਮਾਲਕ  ਹੁੰਦਾ ਹੈ ਰਾਜਗੱਦੀਆਂ ਤੇ ਬੈਠਕੇ ਵੀ ਦੁਨਿਆਂਵੀ ਲੋੜਾਂ ਪ੍ਰਤੀ ਮੰਗਤਾ ਬਣ ਕੇ ਰਹਿਣ ਵਾਲਾ ਰਾਜਸੱਤਾ ਦਾ ਮਾਲਕ ਬਾਦਸਾਹ  ਵੀ ਮੰਗਤਾ ਹੀ ਅਖਵਾਉਂਦਾਂ ਹੈ। ਸੋ ਜਦ ਕੋਈ ਛੋਟੀ ਸੋਚ ਦਾ ਮਾਲਕ ਜਦ ਕਿਸੇ ਦੇਸ ਦਾ ਜਾਂ ਸੂਬੇ ਦਾ ਮੁੱਖ ਬਣ ਜਾਂਦਾ ਹੈ ਤਦ ਉਸਦਾ ਪਹਿਲਾ ਕਰਮ ਸੂਬੇ ਜਾਂ ਦੇਸ ਦੇ ਹਿੱਤ  ਸੁਰੂ ਹੁੰਦਾਂ ਹੈ ਪਰ ਜੇ ਉਹ ਵਿਅਕਤੀ ਇਸ ਤਰਾਂ ਦੇ ਵੱਡੇ ਅਹੁਦਿਆਂ ਤੇ ਬੈਠਕੇ ਵੀ ਦੇਸ਼ ਜਾਂ ਸੂਬੇ ਦੇ ਲੋਕਾਂ ਦੇ ਹਿੱਤ ਸੋਚਣ ਦੀ ਥਾਂ ਆਪਣੇ ਧੀਆਂ ਪੁੱਤਰਾਂ ਜਾਂ ਪਰੀਵਾਰ ਨੂੰ ਹੀ ਪਹਿਲ ਦਿੰਦਾਂ ਰਹੇ ਤਦ ਉਹ ਵਿਅਕਤੀ ਰਾਜ ਗੱਦੀ ਤੇ ਬੈਠਣ ਦੇ ਯੋਗ ਨਹੀਂ ਮੰਨਿਆਂ ਜਾ ਸਕਦਾ । ਇਸ ਤਰਾਂ ਦੇ ਛੋਟੀ ਸੋਚਣੀ ਦੇ ਬੰਦੇ ਨੂੰ ਪਰੀਵਾਰ ਦੇ ਮੁੱਖੀ ਤੋਂ ਵੱਡਾ ਅਹੁਦਾ ਮਿਲ ਜਾਣਾਂ ਉਸ ਦੇਸ ਸੂਬੇ ਦੀ ਬਦਕਿਸਮਤੀ ਹੁੰਦਾਂ ਹੈ । ਦੇਸ਼ ਕੌਮ ਦੇ ਮੁੱਖੀ ਆਪਣੇ ਪਰੀਵਾਰਾਂ ਜਾਂ ਆਪਣੇ ਹਿੱਤ ਆਪਣੀ ਕੌਮ ਜਾਂ ਆਪਣੇ ਦੇਸ ਦੇ ਤਰੱਕੀ ਨਾਲ ਜੋੜ ਲੈਂਦੇ ਹਨ । ਜਦ ਦੇਸ ਤਰੱਕੀ ਕਰਦਾ ਹੈ ਤਦ ਉੱਥੋਂ ਦੇ ਸਾਰੇ ਬਸਿੰਦੇ ਵੀ ਤਰੱਕੀ ਕਰਦੇ ਹਨ ਜਿਸ ਵਿੱਚ ਮੁੱਖ ਆਗੂ ਦਾ ਪਰੀਵਾਰ ਵੀ ਹੁੰਦਾਂ ਹੈ । ਗੁਰੂ ਗੋਬਿੰਦ ਸਿੰਘ ਵਰਗੇ ਮਹਾਨ ਯੁੱਗ ਪੁਰਸ਼ ਨੇ ਆਪਣੇ ਪੁੱਤਰਾਂ ਸਮੇਤ ਸਭ ਕੁੱਝ ਵਾਰਕੇ ਆਗੂ ਲੋਕਾਂ ਲਈ ਰਾਹ ਦਰਸਾਇਆਂ ਹੈ ਕਿ ਕਿਸ ਤਰਾਂ ਆਪਣੇ ਲੋਕਾਂ ਲਈ ਕੰਮ ਕਰਨਾਂ ਚਾਹੀਦਾ ਹੈ । ਇਸ ਤਰਾਂ ਹੀ ਹੋਰ ਵੀ ਬਹੁਤ ਸਾਰੀਆਂ ਮਿਸਾਲਾਂ ਇਤਿਹਾਸ ਵਿੱਚ ਮਿਲਦੀਆਂ ਹਨ ਜਿੰਹਨਾਂ ਵਿੱਚ ਰਾਜਸੱਤਾ ਦੇ ਮਾਲਕਾਂ ਨੇ ਆਪਣੇ ਦੇਸ਼ ਅਤੇ ਕੌਮਾਂ ਲਈ ਆਪਣੇ ਪਰੀਵਾਰਕ ਹਿੱਤ ਕੁਰਬਾਨ ਕੀਤੇ ਹਨ ।

Add caption

                       ਸਮਾਜ ਅਤੇ ਸਰਕਾਰਾਂ ਦੇ ਲਿਤਾੜੇ ਅਤੇ ਲੁੱਟੇ ਜਾਂਦੇ ਕਿਸਾਨ ਵਰਗ  ਨੂੰ ਜਦ ਅੰਨ ਦਾਤਾ ਕਿਹਾ ਜਾਂਦਾ ਹੈ ਤਦ ਇਸ ਦੇ ਕਹਿਣ ਪਿੱਛੇ ਵੀ ਤਿਆਗ ਦੀ ਭਾਵਨਾਂ ਹੀ ਕੰਮ ਕਰਦੀ ਹੈ । ਸਭ ਤੋਂ ਜਿਆਦਾ ਸਖਤ ਮਿਹਨਤ ਕਰਨ ਵਾਲਾ ਇਹ ਵਰਗ ਸਭ ਤੋਂ ਜਿਆਦਾ ਕਰਜਾਈ ਵੀ ਹੈ ਪਰ ਇਹ ਵਰਗ ਫਿਰ ਵੀ ਕਿਰਤ  ਕਰਨ ਤੋਂ ਮੁੱਖ ਨਹੀਂ ਮੋੜਦਾ । ਕਿਸਾਨ ਵਰਗ ਦੀ ਮਿਹਨਤ ਦਾ ਮੁੱਲ ਉਸਨੂੰ ਪੂਰਾ ਨਹੀਂ ਮਿਲਦਾ ਸਗੋਂ ਉਸ ਦੀ ਮਿਹਨਤ ਵਿੱਚੋਂ ਉਪਜੇ ਅਨਾਜ ਅਤੇ ਫਸਲਾਂ ਨੂੰ ਸਰਕਾਰਾਂ ਅਤੇ ਵਪਾਰੀ ਲੋਕ ਲੁਕਵੇਂ ਢੰਗਾ ਰਾਂਹੀ ਲੁੱਟਕੇ ਲੈ ਜਾਂਦੇ ਹਨ ।  ਆਪਣੇ ਉਤਪਾਦ ਦੀ ਕੀਮਤ ਆਪ ਦੱਸਦੇ ਹਨ ਪਰ ਕਿਸਾਨ ਵਰਗ ਦੇ ਉਤਪਾਦ ਦੀ ਕੀਮਤ ਸਰਕਾਰਾਂ ਅਤੇ ਵਪਾਰੀ ਲੋਕ ਤਹਿ ਕਰਦੇ ਹਨ । ਇਹ ਵਰਗ ਜਦ ਘਾਟਾ ਸਹਿ ਕੇ ਵੀ ਆਪਣਾ ਉਤਪਾਦਨ ਜਾਰੀ ਰੱਖਦਾ ਹੈ ਤਦ ਵੀ ਇਸਦੇ ਮਨ ਵਿੱਚ ਇਹੀ ਹੁੰਦਾਂ ਹੈ ਕਿ ਚਲੋ ਉਸਦੇ ਪੈਦਾ ਕੀਤੇ ਅਨਾਜ ਨਾਲ ਲੋਕਾਂ  ਦਾ ਪੇਟ ਤਾਂ ਭਰਦਾ ਹੈ । ਦਾਤਾ ਵੀ ਉਸਨੂੰ ਹੀ ਆਖਿਆ ਜਾਂਦਾ ਹੈ ਜੋ ਦੂਸਰਿਆਂ ਨੂੰ ਕੁਝ ਦਿੰਦਾਂ ਹੈ ਅਤੇ ਕਿਸਾਨ ਆਪਣੀ ਕਿਰਤ ਦੂਸਰੇ ਵਰਗਾਂ ਦੇ ਮੁਕਾਬਲੇ ਤੇ ਦਾਨ ਹੀ ਕਰ ਰਿਹਾ ਹੈ । ਸਰਕਾਰਾਂ , ਅਮੀਰ ਲੋਕ ਅਤੇ  ਦੂਸਰੇ ਸਮਾਜ ਸੇਵੀ ਵਰਗ ਜੋ ਵੱਡੇ ਦਾਨ ਦਾਤਾ ਅਖਵਾਉਂਦੇ ਹਨ ਕੋਲ ਸਾਰੀ ਦੀ ਸਾਰੀ ਜਾਇਦਾਦ ਅਤੇ ਪੈਸਾ ਆਮ ਲੋਕਾਂ ਤੋਂ ਉਗਰਾਹਿਆ ਹੁੰਦਾਂ ਹੈ ਪਰ ਕਿਸਾਨ ਕੋਲ ਜੋ ਵੀ ਪੈਦਾ ਹੁੰਦਾਂ ਹੈ ਜਿਆਦਾਤਰ ਉਸਦੀ ਕਿਰਤ ਅਤੇ ਮਿਹਨਤ ਦੀ ਉਪਜ ਹੁੰਦਾਂ ਹੈ ਜੋ  ਕਿ ਦਾਨ ਬਣਕੇ ਹੀ ਰਹਿ ਜਾਦੀ ਹੈ । ਦੁਨੀਆਂ ਦਾ ਸਮੁੱਚਾ ਅੰਨ ਪੈਦਾ ਕਰਨ ਵਾਲਾ ਕਿਸਾਨ ਸੀਮਤ ਆਮਦਨ ਕਰਨ ਕਰਕੇ ਅੰਨਦਾਤਾ ਬਣਕੇ ਹੀ ਰਹਿ ਜਾਂਦਾ ਹੈ । ਵੱਡੇ ਉਦਯੋਗਪਤੀ ਆਪਣੇ ਉਦਯੋਗਾਂ ਰਾਂਹੀ ਵੱਡੀਆਂ ਵੱਡੀਆਂ ਮਸੀਨਾਂ ਤਾਂ ਪੈਦਾ ਕਰ ਸਕਦੇ ਹਨ ਜੋ ਐਸਪ੍ਰਸਤੀ ਅਤੇ ਅਖੌਤੀ ਵਿਕਾਸ ਦਾ ਮਾਡਲ ਅਖਵਾਉਂਦੀਆਂ ਹਨ ਪਰ ਮਨੁੱਖ ਜਾਤੀ ਦੀ ਪਹਿਲ ਲੋੜ ਰੋਟੀ ਨੂੰ  ਸਿਰਫ ਕਿਸਾਨ ਹੀ ਪੈਦਾ ਕਰ ਸਕਦਾ ਹੈ । ਕਿਸਾਨ ਸਦਾ ਹੀ ਅੰਨਦਾਤਾ ਬਣਿਆ ਰਹੇਗਾ ਕਿਉਂਕਿ ਇਤਿਹਾਸ ਵਿੱਚ ਕਦੇ ਵੀ ਕਿਸਾਨ ਦੇ ਉਤਪਾਦਨ ਨੂੰ ਮੁਨਾਫੇ ਦਾ ਧੰਦਾ ਨਹੀਂ ਬਣਨ ਦਿੱਤਾ ਗਿਆਂ ਅਤੇ ਨਾਂ ਹੀ ਭਵਿੱਖ ਵਿੱਚ ਕਦੇ ਵੀ ਕੋਈ ਸਰਕਾਰ ਇਸਨੂੰ ਮੁਨਾਫੇ ਦਾ ਧੰਦਾ ਬਣਨ ਦੇਵੇਗੀ । ਕਿਸਾਨ ਨੂੰ ਸਿਰਫ ਉਨੀ ਕੁ ਕੀਮਤ ਹੀ ਦਿੰਦੀ ਜਾਂਦੀ ਰਹੀ ਹੈ ਜਿੰਨੀ ਕੁ ਨਾਲ ਉਹ ਗੁਲਾਮਾਂ ਵਾਂਗ ਜਿਉਂਦਾਂ ਰਹਿ ਸਕੇ ਅਤੇ ਭਵਿੱਖ ਵਿੱਚ ਵੀ ਇਸ ਤਰਾਂ ਹੀ ਹੁੰਦਾਂ ਰਹਿਣਾ ਹੈ । ਜਦ ਤੱਕ ਕਿਸਾਨ ਦੀ ਕਿਰਤ ਦੀ ਉਪਜ ਨੂੰ ਉਦਯੋਗਿਕ ਉਤਪਾਦਨ ਵਾਂਗ ਮਾਨਤਾ ਨਹੀਂ ਮਿਲੇਗੀ ਤਦ ਤੱਕ ਕਿਸਾਨ ਫਕੀਰਾਂ ਵਰਗੀ ਜਿੰਦਗੀ ਜਿਉਦਿਆ ਅੰਨਦਾਤਾ ਹੀ ਅਖਵਾਉਂਦਾ ਰਹੇਗਾ ।
ਗੁਰਚਰਨ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ