Wednesday 20 November 2013

ਸਰਕਾਰੀ ਮੁਲਾਜਮ ਲੋਕਾਂ ਦੇ ਨੌਕਰ ਤੋਂ ਹੁਕਮਰਾਨ ਬਣਨ ਤੱਕ

                                   
 ਭਾਰਤ ਦੇ ਸੰਵਿਧਾਨ ਅਨੁਸਾਰ ਸਾਰੇ ਸਰਕਾਰੀ ਮੁਲਾਜਮ ਆਮ ਲੋਕਾਂ ਦੇ ਸੇਵਾਦਾਰ ਦਾ ਦਰਜਾ ਰੱਖਦੇ ਹਨ ਅਤੇ ਆਮ ਲੋਕ ਇਹਨਾਂ ਤੋਂ ਆਪਣਾਂ ਹਰ ਸੰਵਿਧਾਨਕ ਕੰਮ ਕਰਵਾਉਣ ਦੇ ਹੱਕਦਾਰ ਹਨ ਪਰ ਅਸਲੀਅਤ ਕੁੱਝ ਹੋਰ ਹੀ ਹੈ। ਸਰਕਾਰੀ ਮੁਲਾਜਮ ਹੁਣ ਲੋਕਾਂ ਦੇ ਸੇਵਾਦਾਰ ਨਾਂ ਰਹਿਕੇ ਹੁਕਮਰਾਨ ਤੋਂ ਵੀ ਵੱਧ ਬਹੁਤ ਕੁੱਝ ਬਣ ਚੁੱਕੇ ਹਨ। ਅਸਲ ਵਿੱਚ ਸੰਵਿਧਾਨ ਵਿੱਚ ਵੀ ਹੁਣ ਇਸ ਝੂਠ ਨੂੰ ਬਦਲ ਕੇ ਨਵੀ ਸੋਧ ਪੇਸ ਕਰ ਦੇਣੀ ਚਾਹੀਦੀ ਹੈ ਕਿ ਸਰਕਾਰੀ ਮੁਲਾਜਮ ਹੁਣ ਲੋਕਾਂ ਦੇ ਮਾਲਕ ਅਤੇ ਰਾਜਨੀਤਕ ਨੇਤਾਵਾਂ ਅਤੇ ਅਮੀਰਾਂ ਦੇ ਨੌਕਰ ਹਨ। ਆਮ ਭਾਰਤੀ ਬੰਦਾਂ ਮੁਲਾਜਮ ਵਰਗ ਦੇ ਅੱਗੇ ਹੱਥ ਬੰਨੀਂ ਖੜਾ ਨਜਰ ਆਉਂਦਾ ਹੈ। ਸਰਕਾਰੀ ਮੁਲਾਜਮਾਂ ਅਤੇ ਆਮ ਲੋਕਾਂ ਦਾ ਪਾੜਾ ਏਨਾ ਕੁ ਵੱਧ ਚੁੱਕਾ ਹੈ ਜਿਸ ਨੂੰ ਮੇਟਣ ਤੋਂ ਬਿਨਾਂ ਇਹ ਰਿਸਤਾ ਨਿਭਾਇਆ ਹੀ ਨਹੀਂ ਜਾ ਸਕਦਾ। ਸਭ ਤੋਂ ਪਹਿਲਾਂ ਤਾਂ ਮਾਲਕ ਅਤੇ ਨੌਕਰ ਦੀ ਆਰਥਿਕ ਹਾਲਤ ਹੀ ਨਿਸਚਿਤ ਕਰ ਦਿੰਦੀਂ ਹੈ  ਕਿ ਮਾਲਕ ਕੌਣ ਹੈ ਅਤੇ ਨੌਕਰ ਕੌਣ ਹੈ। ਮਾਲਕ ਅਤੇ ਨੌਕਰ ਦੀ ਆਰਥਿਕ ਹਾਲਤ ਘੱਟੋ ਘੱਟ ਬਰਾਬਰ ਤਾਂ ਹੋਣੀ ਹੀ ਚਾਹੀਦੀ ਹੈ। ਵਰਤਮਾਨ ਵਿੱਚ ਸਰਕਾਰੀ ਮੁਲਾਜਮ ਦੀ ਤਨਖਾਹ ਆਮ ਲੋਕਾਂ ਤੋਂ ਦਸ ਗੁਣਾਂ ਤੋਂ ਲੈ ਕੇ  ਸੌ  ਗੁਣਾਂ ਤੱਕ ਵੱਧ ਹੈ । ਜਦ ਨੌਕਰ ਦੀ ਆਮਦਨ ਹੀ ਮਾਲਕ ਨਾਲੋਂ ਵੱਧ ਹੋਵੇਗੀ ਤਦ ਨੌਕਰ ਕਿਵੇਂ ਨੌਕਰ ਰਹੇਗਾ । ਭਾਰਤ ਦੇਸ ਦੀ ਸਰਕਾਰ ਦਾ ਆਦਮ ਹੀ ਨਿਰਾਲਾ ਹੈ । ਭਾਰਤ ਦੇਸ ਵਿੱਚ ਤਾਂ ਭਾਰਤੀਆਂ ਦੇ ਲੋਕਤੰਤਰ ਦੀ ਪੈਦਾਵਾਰ ਲੋਕ ਸੇਵਕ ਸਮਾਜ ਸੇਵੀ ਅਖਵਾਉਣ ਵਾਲੇ ਨੇਤਾ ਵੀ ਤਨਖਾਹ ਦਾਰ ਬਣ ਬੈਠੇ ਹਨ । ਜਦ ਸਮਾਜ ਸੇਵੀ ਲੋਕਤੰਤਰੀ ਸੇਵਾਦਾਰ ਹੀ ਲੋਕਸੇਵਾ ਦਾ ਮੁੱਲ ਲੈਣ ਲੱਗ ਜਾਣਗੇ ਤਦ ਸਾਰੇ ਸਿਸਟਮ ਦਾ ਬੇੜਾ ਗਰਕਣਾਂ ਲਾਜਮੀ ਹੈ। ਲੋਕਸੇਵਕ ਰਾਜਨੀਤਕ ਨੇਤਾ ਅਸਲ ਵਿੱਚ ਖਤਮ ਹੋ ਚੁੱਕੇ ਹਨ ਪਰ ਲੋਕਸੇਵਕ ਸਮਾਜਸੇਵੀ ਰਾਜਨੀਤਕਾਂ ਨੇਤਾਵਾਂ ਦੀ ਥਾਂ ਲੁਟੇਰੇ  ਸਰਕਾਰਾਂ ਤੇ ਕਾਬਜ ਹੋ ਗਏ ਹਨ ਜਿੰਹਨਾਂ ਨੇ ਸਰਕਾਰੀ ਮੁਲਾਜਮ ਵੀ ਲੋਕਾਂ ਦੇ ਨੌਕਰ ਵਾਲੀ ਹੈਸੀਅਤ ਤੋਂ ਉਠਾਕੇ ਲੋਕਾਂ ਦੇ ਹੁਕਮਰਾਨ ਬਣਾ ਧਰੇ ਹਨ।
                                                       ਅਸਲ ਵਿੱਚ ਵਰਤਮਾਨ ਸਰਕਾਰੀ ਮੁਲਾਜਮ ਲੋਕਾਂ ਦੇ ਨੌਕਰ ਨਾਂ ਹੋ ਕੇ ਆਪਣੇ ਰਾਜਨੀਤਕ ਨੇਤਾਵਾਂ ਦੇ ਹੀ ਨੌਕਰ ਬਣਾ ਲਏ ਗਏ ਹਨ। ਇਸ ਛੋਟੇ ਰਸਤੇ ਤੇ ਲੋਕਾਂ ਦੇ ਨੌਕਰਾਂ ਨੂੰ  ਤੋਰਨ ਲਈ ਮੁਲਾਜਮ ਅਤੇ ਨੇਤਾ ਗੱਠਜੋੜ ਹੋ ਗਿੋਆ ਹੈ। ਸਮਾਜ ਸੇਵੀ ਨੇਤਾਵਾਂ ਦੀ ਥਾਂ ਜਿਉਂ ਹੀ ਧਨ ਕੁਬੇਰ ਲੋਕ ਰਾਜਨੀਤੀ ਵਿੱਚ ਆਏ ਤਦ ਉਹ ਭਲਾ ਲੋਕ ਸੇਵਾ ਮੁਫਤ ਵਿੱਚ ਕਿਉਂ ਕਰਦੇ । ਉੱਚ ਅਫਸਰ ਸਾਹੀ ਦੀਆਂ ਸਲਾਹਾਂ ਅਤੇ ਧਨ ਕਮਾਊ ਰਾਜਨੀਤਕਾਂ ਦੀਆਂ  ਇਛਾਵਾਂ ਦਾ  ਗੋਲਮਾਲ ਹੋ ਕੇ ਨਵੀਆਂ ਸੰਵਿਧਾਨਕ ਸੋਧਾਂ ਪੇਸ ਕੀਤੀਆਂ ਗਈਆਂ ਅਤੇ ਜਿਸ ਨਾਲ ਲੋਕ ਸੇਵਕ ਨੇਤਾ ਤਨਖਾਹ ਦਾਰ ਮੁਲਾਜਮਾਂ ਵਰਗੇ ਬਣ ਗਏ । ਇਸ ਤਨਖਾਹਦਾਰ ਧਨ ਕਮਾਊ ਗੱਠਜੋੜ ਨੇ ਹੋਰ ਧਨ ਕਮਾਉਣ ਲਈ ਲੋਕਾਂ ਦੇ ਨੌਕਰ ਨੂੰ ਭਿ੍ਰਸਟ ਕਰਨ ਲਈ ਉਹਨਾਂ ਉੱਪਰ ਵੀ ਡੋਰੇ ਪਾਉਣੇਂ ਸੁਰੂ ਕਰ ਦਿੱਤੇ ਗਏ । ਸੋ ਮੁਲਾਜਮਾਂ ਦੀਆਂ ਤਨਖਾਹਾਂ ਵਧਾਉਣ ਲਈ ਪੇ ਕਮਿਸਨ ਬਣਾਏ ਜਾਣ ਲੱਗ ਪਏ ਜਿੰਹਨਾਂ ਵਿੱਚ ਮੁਲਾਜਮ ਵਰਗ ਹੀ ਸਾਮਲ ਕੀਤਾ ਗਿਆ । ਸਮਾਜ ਦੇ ਸਾਰੇ ਵਰਗਾਂ ਦੇ ਵਿੱਚੋਂ ਕਮਿਸਨ ਬਣਨ ਦੀ ਥਾਂ ਜਦ ਮੁਲਾਜਮਾਂ ਵਿੱਚੌਂ ਹੀ ਕਮਿਸਨ ਬਣੇਗਾ ਤਦ ਉਹ ਕਿਉਂ ਨਹੀਂ ਆਪਣੇ ਕੋੜਮੇ ਬਾਰੇ ਸੋਚੇਗਾ। ਸੋ ਮੁਲਾਜਮ ਵਰਗ ਦੇ  ਪੇ ਕਮਿਸਨ ਦੀਆਂ ਸਿਫਾਰਸਾਂ ਮੰਨਣ ਵਾਲੇ ਵੀ ਅੱਗੇ ਤਨਖਾਹਦਾਰ  ਲੋਕਸੇਵਕ ਰਾਜਨੀਤਕ ਇਸਨੂੰ ਕਿਉਂ ਨਾਂ ਮੰਨਣਗੇ ਕਿਉਂਕਿ ਉਹਨਾਂ ਵੀ ਤਾਂ ਹਰ ਸਾਲ ਆਪਣੀਆਂ ਤਨਖਾਹਾਂ ਵਧਾਉਣੀਆਂ ਸਨ । ਸੋ ਰਾਜਨੀਤਕ ਅਤੇ ਮੁਲਾਜਮ ਵਰਗ ਦਾ ਤਾਂ ਇੱਕੋ ਇੱਕ ਗੁਪਤ ਨਾਹਰਾ ਹੀ ਇਹ ਹੋ ਗਿਆ ਹੇ ਕਿ ਭਾਰਤ ਦੀ ਆਮ ਜਨਤਾ ਦੇ ਖੁਨ ਪਸੀਨੇ ਦੀ ਕਮਾਈ ਵਿੱਚੋਂ ਲਏ ਗਏ ਟੈਕਸ ਰੂਪੀ ਧਨ ਨੂੰ ਆਪਣੀਆਂ ਜੇਬਾਂ ਵਿੱਚ ਹੀ ਪਾਉਣਾਂ ਹੈ।  ਪਹਿਲਾਂ ਮਹਿੰਗਾਈ ਦੇ ਨਾਮ ਤੇ ਮੁਲਾਜਮਾਂ ਦੀਆਂ ਤਨਖਾਹਾਂ ਵਧਾ ਦਿੱਤੀਆਂ ਜਾਂਦੀਆਂ ਹਨ ਫਿਰ ਰਾਜਨੀਤਕ ਲੋਕ ਆਪਣੇ ਆਪ ਹੀ ਆਪਣੀਆਂ ਤਨਖਾਹਾਂ ਵਧਾਈ ਲੈਦੇਂ  ਹਨ । ਸੋ ਅਸਲ ਵਿੱਚ ਸੰਵਿਧਾਨ ਦੇ ਵਿੱਚ ਜਿਹੜੇ ਆਮ ਲੋਕ ਮਾਲਕ ਦਿਖਾਏ ਜਾ ਰਹ ਹਨ ਦੀ ਜੂਨ ਤਾਂ ਗੁਲਾਮਾਂ ਅਤੇ ਜਾਨਵਰਾਂ ਤੋਂ ਵੀ ਭੈੜੀ ਹੈ। ਭਾਰਤ ਦੇ 67 ਕਰੋੜ ਲੋਕਾਂ ਲਈ ਤਾਂ ਰੋਟੀ ਖਾਣ ਜੋਗੇ ਵੀ ਪੈਸੇ ਨਹੀਂ ਹਨ ਜਿੰਹਨਾਂ ਨੂੰ ਸਰਕਾਰ ਸਬਸਿਡੀ ਤੇ ਨਾਂ ਮਾਤਰ ਦੀ ਕੀਮਤ ਤੇ ਅਨਾਜ ਦੇਣ ਲਈ ਮਜਬੂਰ ਹੋ ਰਹੀ ਹੈ। ਜਦ ਦੇਸ  ਦੇ ਮਾਲਕ ਲੋਕ ਤਾਂ ਭੁੱਖੇ ਰਹਿਣ ਲਈ ਮਜਬੂਰ ਹਨ ਤਦ ਮੁਲਾਜਮ ਅਤੇ ਨੇਤਾ ਗੱਠਜੋੜ  ਪੈਸੇ ਦੀਆਂ ਤਿਜੌਰੀਆਂ ਕਿਉਂ ਭਰੇ ? ਮੁਲਾਜਮ ਵਰਗ ਦੀ ਤਨਖਾਹ ਦੀ ਵੱਧਣ ਦੀ ਰਫਤਾਰ ਉਨੀ ਹੀ ਹੋਣੀ ਚਾਹੀਦੀ ਹੈ ਜਿੰਨੀ ਕਿ ਭਾਰਤ ਦੇ ਆਮ ਬਹੁਗਿਣਤੀ ਲੋਕਾਂ ਦੀ ਆਮਦਨ ਵੱਧਦੀ ਹੋਵੇ । ਜਦ ਆਮ ਭਾਰਤੀ ਦੀ ਸਾਲਾਨਾ ਜਾਂ ਰੋਜਾਨਾਂ ਆਮਦਨ ਨਹੀਂ ਵੱਧ ਰਹੀ ਅਤੇ ਉਹ ਪੁਰਾਣੀ ਆਮਦਨ ਨਾਲ ਗੁਜਾਰ ਕਰ ਰਿਹਾ ਹੈ ਅਤੇ ਕਰ ਸਕਦਾ ਹੈ ਫਿਰ ਮੁਲਾਜਮ ਵਰਗ ਵੀ ਕਿਉਂ ਨਹੀ ਕਰ ਸਕਦਾ । ਜਦ ਦੇਸ ਦਾ ਆਮ ਨਾਗਰਿਕ 28 ਰੁਪਏ ਖਰਚਣ ਨਾਲ ਹੀ ਅਮੀਰ ਹੋਣ ਦਾ ਦਰਜਾ ਪਾ ਜਾਂਦਾਂ ਹੈ ਤਦ ਮੁਲਾਜਮ ਨੂੰ ਰੋਜਾਨਾਂ 280 ਤੋਂ 2800 ਰੋਜਾਨਾਂ ਤੱਕ ਵੀ ਗੁਜਾਰਾ ਕਿਉਂ ਨਹੀ ਹੁੰਦਾਂ ਅਤੇ ਹਰ ਸਾਲ ਮਹਿੰਗਾਈ ਭੱਤੇ ਦਿੱਤੇ ਜਾਂਦੇ ਹਨ? ਲੋਕਾਂ ਦੇ ਨੌਕਰ 2800 ਰੋਜਾਨਾਂ ਕਮਾਉਣ ਤੇ ਮਾਲਕ ਰੂਪੀ ਆਮ ਲੋਕ 28 ਰੁਪਏ ਹੀ ਖਰਚਣ ਅਤੇ 67 ਕਰੋੜ ਮਾਲਕ ਤਾਂ ਗਰੀਬੀ ਰੇਖਾ ਤੋਂ ਵੀ ਥੱਲੇ ਹੋਣ ਤਦ  ਮਾਲਕ ਅਤੇ ਨੌਕਰ ਦੇ ਦਰਜਿਆਂ ਬਾਰੇ ਦੁਬਾਰਾ ਵਿਚਾਰ ਕਰ ਹੀ ਲੈਣੀ ਚਾਹੀਦੀ ਹੈ।
                                                  ਗਿੱਦੜ ਨੂੰ ਸੇਰ ਕਹਿ ਦੇਣ ਨਾਲ ਗਿੱਦੜ ਸੇਰ ਨਹੀ ਬਣ ਜਾਂਦਾਂ ਇਸ ਤਰਾਂ ਹੀ ਆਮ ਭਾਰਤੀ ਨੂੰ ਸੰਵਿਧਾਨ ਦੇ ਕਹਿਣ ਨਾਲ ਹੀ ਮਾਲਕ ਨਹੀਂ ਬਣ ਜਾਂਦਾਂ ਸਗੋਂ ਮਾਲਕ ਬਣਾਉਣ ਲਈ ਉਸਦੀ ਰੋਜਾਨਾਂ ਆਮਦਨ ਵੀ ਵੱਧਣੀ ਚਾਹੀਦੀ ਹੈ। 10000 ਤੋਂ ਇੱਕ ਲੱਖ ਤੱਕ ਤਨਖਾਹ ਲੈਣ ਵਾਲੇ ਮੁਲਾਜਮ ਅਤੇ ਰਾਜਨੀਤਕ ਲੋਕ 28 ਰੁਪਏ ਖਰਚਣ ਵਾਲਿਆਂ ਦੇ ਨੌਕਰ ਨਹੀ ਮਾਲਕ ਹੀ ਰਹਿਣਗੇ । ਸੰਵਿਧਾਨ ਜਾਂ ਕਾਨੂੰਨ ਵਾਲੇ ਆਪਣੀ ਲੱਖ ਡਫਲੀ ਵਜਾਈ ਜਾਣ । ਮੁਲਾਜਮ ਵਰਗ ਦੀ ਤਨਖਾਹ ਆਮ ਲੋਕਾਂ ਦੀ ਆਮਦਨ ਦੇ ਔਸਤ ਤੋਂ ਵੱਧ ਨਹੀ ਹੋਣੀ ਚਾਹੀਦੀ । ਤਨਖਾਹ ਤੇ ਕੰਮ ਕਰਨ ਵਾਲੇ ਰਾਜਨੀਤਕ ਲੋਕ ਸੇਵਕਾਂ ਦੀ ਵੀ ਦੇਸ ਨੂੰ ਕੋਈ ਲੋੜ ਨਹੀਂ । ਦੇਸ ਦੇ ਵਿੱਚ ਲੱਖਾਂ ਲੋਕ ਨੇ ਜੋ ਬਿਨਾਂ ਤਨਖਾਹ ਤੋਂ ਰਾਜਨੀਤਕ ਤੌਰ ਤੇ ਸਮਾਜ ਸੇਵਕ ਬਣ ਸਕਦੇ ਹਨ । ਤਨਖਾਹਾਂ ਲੈਣ ਵਾਲੇ ਰਾਜਨੀਤਕ ਲੋਕਾਂ ਦੀ ਆਮ ਭਾਰਤੀਆਂ ਨੂੰ ਕੋਈ ਲੋੜ ਨਹੀ ਜਾਂ ਫਿਰ ਆਮ ਲੋਕਾਂ ਨੂੰ ਸਮਝ ਲੈਣਾਂ ਚਾਹੀਦਾ ਹੈ ਕਿ ਇਹ ਸਿਸਟਮ ਸਿਰਫ ਆਮ ਲੋਕਾਂ ਨੂੰ ਧੋਖਾ ਦੇਣ ਲਈ ਹੀ ਸਾਰੇ ਪਰਪੰਚ ਰਚ ਰਿਹਾ ਜਿਸ ਵਿੱਚ ਲੋਕਾਂ ਦੇ ਨੌਕਰ ਅਸਲ ਵਿੱਚ ਲੋਕਾਂ ਦੇ ਮਾਲਕ ਹਨ । ਸਮਾਜ ਸੇਵਾ ਕਰਨ ਵਾਲੇ ਰਾਜਨੀਤਕ ਆਗੂ ਸਮਾਜ ਸੇਵੀ ਨਹੀਂ  ਕੁੱਝ ਹੋਰ ਹਨ । ਜਿਸ ਦਿਨ ਅਸੀਂ ਇਹ ਸਮਝ ਲਵਾਗੇ ਤਦ ਅਸੀਂ ਆਪਣੇ ਆਪ ਨੂੰ ਮਾਲਕੀ ਦੇ ਭੁਲੇਖੇ ਵਿੱਚੋਂ ਕੱਢਕੇ ਅਸਲੀਅਤ ਦਾ ਸੀਸਾ ਦੇਖਕੇ ਆਪਣੇ ਆਪ ਨੂੰ ਇਸ ਸਿਸਟਮ ਦੇ ਗੁਲਾਮ ਅਖਵਾਉਣ ਵਿੱਚ ਸੱਚ ਦੇ ਰੁਬਰੂ ਹੋ ਰਹੇ ਹੋਵਾਂਗੇ।                
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ  
         

Friday 15 November 2013

ਲੋਕਤੰਤਰ ਵਿੱਚ ਲੋਕਸੇਵਕਾਂ ਤੋਂ ਲੁਟੇਰੇ ਬਣਨ ਤੱਕ ਦਾ ਸਫਰ

                  
                                             ਲੋਕਤੰਤਰ ਦੀ ਪਰੀਭਾਸਾ ਲੋਕਾਂ ਦੁਆਰਾ ਲੋਕਾਂ ਲਈ ਲੋਕਾਂ ਵਿੱਚੋਂ ਲੋਕਸੇਵਕ ਪੈਦਾ ਕਰਨਾਂ ਹੁੰਦਾਂ ਹੈ। ਵਰਤਮਾਨ ਵਿੱਚ ਇਸ ਲੋਕਸੇਵਕ ਪੈਦਾ ਕਰਨ ਵਾਲੇ ਸਿਸਟਮ ਵਿੱਚ ਏਨੇ ਬਦਲਾ ਆ ਚੁਕੇ ਹਨ ਕਿ ਇਸ ਸਿਸਟਮ ਤੇ ਸੱਕ ਹੋਣ ਲੱਗ ਪਿਆ ਹੈ। ਲੋਕਸੇਵਕ ਕਿਸ ਤਰਾਂ ਲੋਕ ਲੁਟੇਰੇ ਬਣ ਜਾਂਦੇ ਹਨ ਅਤੇ ਉਹਨਾਂ ਨੂੰ ਬਣਾਉਣ ਵਾਲਿਆਂ ਨੂੰ ਹੀ ਗੁਲਾਮ ਸਮਝਣ ਲੱਗ ਪੈਂਦੇ ਹਨ ਇੱਕ ਵਿਲੱਖਣ ਵਰਤਾਰਾ ਹੋ ਨਿਬੜਦਾ ਹੈ। ਕਿਸੇ ਸਮੇਂ ਸਮੁਚਾ ਵਿਸਵ ਵਿੱਚ ਜਿੱਥੇ ਵੀ ਮਨੁੱਖੀ ਵਸੋਂ  ਨੇ ਨਿਵਾਸ ਕੀਤਾ ਆਪਣੇ ਆਪ ਨੂੰ ਆਪਣੇ ਸਰੀਰਕ ਤੌਰ ਤੇ ਤਾਕਤਵਰ ਲੋਕਾਂ ਦੀ ਸਰਣ ਵਿੱਚ ਰਹਿੰਦਿਆਂ ਜਿੰਦਗੀ ਦਾ ਸਫਰ ਤੈ ਕਰਦੇ ਸਨ। ਇਸ ਵਰਤਾਰੇ ਵਿੱਚੋਂ ਰਾਜਸੱਤਾ ਦਾ ਬੀਜ ਪਣਪਿਆਂ ਜਿਸ ਨੇ ਵਰਤਮਾਨ ਦੇ ਵਿੱਚ ਲੋਕਤੰਤਰ ਦਾ ਰੂਪ  ਬਣਾਇਆ ਹੈ। ਤਾਕਤਵਰ ਆਗੂਆਂ ਨੇ ਲੋਕਾਂ ਦੇ ਸਮੂਹ ਦੀ ਅਗਵਾਈ ਕਰਦਿਆਂ ਚੱਕਰਵਰਤੀ ਰਾਜਿਆਂ ਦੇ ਤੌਰ ਤੇ ਦੁਨੀਆਂ ਤੇ ਆਪਣੀ ਸੱਤਾ ਜਮਾਈ ਜੋ ਸਮੇਂ ਦੇ ਨਾਲ ਸੰਗਠਿਤ ਫੌਜਾਂ ਦੇ ਸਿਰ ਤੇ ਖਾਨਦਾਨੀ ਰਾਜਸੱਤਾ ਦੇ ਵਿੱਚ ਤਬਦੀਲ ਹੁੰਦੀ ਗਈ। ਖਾਨਦਾਨੀ ਰਾਜਸੱਤਾ ਦੇ ਪੈਦਾ ਹੋਣ ਨਾਲ  ਅਯੋਗ ਵਾਰਿਸ ਵੀ ਰਾਜਗੱਦੀਆਂ ਤੇ ਬੈਠਣ ਕਲੱਗ ਪਏ ਜਿੰਹਨਾਂ ਇਤਿਹਾਸ ਵਿੱਚ ਦੁਨੀਆਂ ਦੀ ਸੰਭਾਲ ਕਰਨ ਦੀ ਥਾਂ  ਆਮ ਲੋਕਾਂ ਤੇ ਜਬਰ ਜੁਲਮ ਦੇ ਕੁਹਾੜੇ ਚਲਾਏ। ਦੁਨੀਆਂ ਦੀ ਹਰ ਰਾਜਸੱਤਾ ਪੈਦਾ ਕਰਨ ਦੀ ਪਰਣਾਲੀ ਵਿੱਚ ਸਮੇਂ ਨਾਲ ਵਿਗਾੜ ਆਉਂਦੇ ਗਏ। ਪਰੀਵਾਰਕ ਰਾਜਸਾਹੀ ਆਪਣੇ ਦੋਸਾਂ ਕਾਰਨ ਅਨੇਕਾਂ ਬਗਾਵਤਾਂ ਅਤੇ ਕਰਾਂਤੀਆਂ ਦੀ ਮਾਰ ਨੂੰ ਸਹਿ ਨਾਂ ਸਕੀ ਅਤੇ ਓੁਸ ਦੀ ਮੌਤ ਵਿੱਚੋਂ ਲੋਕਤੰਤਰ ਦਾ ਬੀਜ ਪੈਦਾ ਹੋਇਆ ਹੈ। ਲੋਕਤੰਤਰ ਵਿੱਚੋਂ ਸਰੂਆਤੀ ਦੌਰ ਵਿੱਚ ਲੋਕਸੇਵਕ ਪੈਦਾ ਕੀਤੇ ਜਾਂਦੇ ਹਨ ਪਰ ਸਮੇਂ ਦੇ ਨਾਲ ਇਸ ਸਿਸਟਮ ਵਿੱਚ ਵੀ ਵਿਗਾੜ ਪੈਦਾ ਹੋ ਜਾਂਦੇ ਹਨ। ਲੋਕਤੰਤਰ ਵਿੱਚ ਹੌਲੀ ਹੌਲੀ ਬੇਈਮਾਨ ਅਤੇ ਵਪਾਰੀ ਕਿਸਮ ਦੇ ਲੋਕਾਂ ਦਾ ਦਾਖਲਾ ਹੋਣਾਂ ਸੁਰੂ ਹੋ ਜਾਂਦਾ ਹੈ ਜਿਸ ਨਾਲ ਇਸ ਵਿੱਚੋਂ ਲੋਕਸੇਵਕ ਪੈਦਾ ਹੋਣ ਦੀ ਥਾਂ ਲੋਕ ਲੁਟੇਰੇ ਪੈਦਾ ਹੋਣਾਂ ਸੁਰੂ ਹੋ ਜਾਂਦੇਂ ਹਨ । ਜਦ ਲੋਤੰਤਰ ਲੋਕ ਸੇਵਕ ਪੈਦਾ ਕਰਨ ਦੀ ਥਾਂ ਲੋਕ ਲੁਟੇਰੇ ਪੈਦਾ ਸੁਰੂ ਕਰਨਾਂ ਕਰਦਾ ਹੈ ਤਦ ਇਹ ਸਿਸਟਮ ਵੀ ਮਰ ਚੁਕਿਆ ਹੁੰਦਾਂ ਹੈ। ਮਰਚੁਕਿਆਂ ਦੇ ਅੰਤਮ ਪਲਾਂ ਵਿੱਚ ਕੁੱਝ ਸਮੇਂ ਲਈ ਲੋਕ ਇਸਦੀ ਲਾਸ ਨੂੰ ਆਪਣੇ ਮੋਢਿਆਂ ਤੇ  ਜਰੂਰ ਚੁਕੀ ਰੱਖਦੇ ਹਨ ਪਰ ਇਸ ਤੋਂ ਬਾਅਦ ਇਸਦਾ ਸੰਸਕਾਰ ਜਾਂ ਦਫਨਾਉਣ ਦੀ ਕਿਰਿਆ ਹੀ ਇਸਦਾ ਅੰਤਿਮ ਪਲ ਹੁੰਦਾਂ ਹੈ।
                          ਵਰਤਮਾਨ ਦੇ ਵਿੱਚ ਜਦ  ਲੋਕਾਂ ਨੂੰ ਲੋਕਸੇਵਕ ਪੈਦਾ ਕਰਨ ਦੇ ਭਰਮ ਅਧੀਨ ਦੇਖਦੇ ਹਾਂ।  ਅਸਲ ਵਿੱਚ ਲੰਬੀ ਨਿਗਾਹ ਮਾਰਦਿਆਂ ਮਹਿਸੂਸ ਹੁੰਦਾਂ ਹੈ ਕਿ ਅਸਲੀ ਮਾਲਕ ਤਾਂ ਰਾਜੇ ਪੈਦਾ ਕਰਨ ਵਾਲੇ ਅਮੀਰ ਵਪਾਰੀ ਉਦਯੋਗਪਤੀ ਲੋਕ ਹੀ ਵੱਡੇ ਹਨ ।  ਜਿਉਂ ਹੀ ਆਮ ਬੰਦਾਂ ਰਾਜਗੱਦੀ ਤੇ ਬੈਠਦਾ ਹੈ ਤਦ ਹੀ ਉਹ ਗਿਰਗਿਟ ਦੀ ਤਰਾਂ ਰੰਗ ਬਦਲਣ ਲੱਗਦਾ ਹੈ। ਅੱਜ ਦੇਸ ਦੀਆਂ ਵਿਧਾਨ ਸਭਾਵਾਂ ਜਾਂ ਦੇਸ ਦੀ ਪਾਰਲੀਮੈਂਟ ਵੱਲ ਨਜਰ ਮਾਰੀਏ ਤਾਂ ਸਾਫ ਦਿਸਦਾ ਹੈ ਕਿ ਇਹਨਾਂ ਵਿੱਚ ਬੈਠੇ ਮੈਂਬਰ ਕਿਹੜੇ ਲੋਕਾਂ ਰਾਂਹੀਂ ਚੁਣਕੇ ਆਏ ਹਨ ਅਤੇ ਕਿਸ ਜਾਦੂ ਦੀ ਛੜੀ ਇਹਨਾਂ ਲੋਕਾਂ ਨੇ ਇਹਨਾਂ ਲੋਕਤੰਤਰ ਦੇ ਮੰਦਰਾਂ ਵਿੱਚ ਵੜਨ ਲਈ ਕੀਤੀ ਹੈ। ਦੇਸ ਅਜਾਦ ਹੋਣ ਸਮੇਂ ਦੇਸ ਲਈ ਜੂਝਣ ਵਾਲੇ ਲੋਕ ਦੇਸ ਦੇ ਲੋਕਤੰਤਰ ਦੇ ਕਰਤਾ ਧਰਤਾ ਸਨ ਪਰ ਸਮੇਂ ਨਾਲ ਨੈਤਿਕਤਾ ਵਾਲੇ ਲੋਕ ਘੱਟਦੇ ਗਏ ਅਤੇ ਚਲਾਕ ਲੋਕ ਅਤੇ ਚਾਪਲੂਸ ਇਸ ਵਿੱਚ ਸਾਮਲ ਹੁੰਦੇ ਗਏ । ਚਾਪਲੂਸ ਲੋਕ ਹਮੇਸਾਂ ਸਵਾਰਥੀ ਲੋਕ ਹੀ ਹੁੰਦੇ ਹਨ ਜੋ ਸਵਾਰਥ ਲਈ ਆਪਣੇ ਆਪ ਦੀ ਜਮੀਰ  ਨੂੰ ਨਹੀਂ ਬਖਸਦੇ ਉਹਨਾਂ ਦੂਸਰਿਆਂ ਨੂੰ ਕੀ ਬਖਸਣਾਂ ਹੁੰਦਾਂ । ਇਸ ਤਰਾਂ ਦੇ ਬੇਈਮਾਨ ਅਤੇ ਭਿ੍ਰਸਟ ਲੋਕਾਂ ਨੇ ਲੋਕਤੰਤਰੀ ਮੰਦਰਾਂ ਵਿੱਚ ਵੜਨ ਲਈ ਪੈਸੇ ਦੇ ਵਪਾਰੀ ਬੇਈਮਾਨ ਲੋਕਾਂ ਦਾ ਸਹਾਰਾ ਲਿਆ ਅਤੇ ਪੈਸੇ ਦੀ ਵਰਤੋਂ ਇਹਨਾਂ ਮੰਦਰਾਂ ਵਿੱਚ ਵੜਨ ਲਈ ਕੀਤੀ । ਅੱਜ ਦੇਸ ਦੇ ਲੋਕਤੰਤਰ ਦੇ ਮੰਦਰਾਂ ਵਿੱਚ ਇਹਨਾਂ ਬੇਈਮਾਨ ਲੋਕਾਂ ਦਾ ਬੋਲਬਾਲਾ ਹੈ । ਇਮਾਨਦਾਰ ਨੈਤਿਕ ਅਤੇ ਸਮਾਜ ਪੱਖੀ ਲੋਕ ਘੱਟ ਗਿਣਤੀ ਵਿੱਚ ਹਨ ਬੇਈਮਾਨ ਲੋਕ ਬਹੁਗਿਣਤੀ ਵਿੱਚ ਹਨ । ਹੁਣ ਦੇਸ ਦਾ ਸਭ ਤੋਂ ਵੱਧ ਇਮਾਨਦਾਰ ਆਖਿਆ ਜਾਣ ਵਾਲਾ ਪ੍ਰਧਾਨ ਮੰਤਰੀ ਵੀ ਇਹਨਾਂ ਬੇਈਮਾਨਾਂ ਮੂਹਰੇ ਬੇਬੱਸ ਦਿਖਾਈ ਦੇ ਰਿਹਾ ਹੈ । ਦੇਸ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਤਿਆਗ ਕਰਨ ਵਾਲੀ ਸੋਨੀਆਂ ਗਾਂਧੀਂ ਇੰਹਨਾਂ ਡੱਡੂਆਂ ਦੀ ਪਸੇਰੀ ਨੂੰ ਹਾਲੇ ਤੱਕ ਤੋਲ ਹੀ ਨਹੀਂ ਸਕੀ ਕਿ ਇਹਨਾਂ ਦਾ ਅਸਲੀ ਵਜਨ ਕਿੰਨਾਂ ਕੁ ਹੈ। ਦੇਸ ਦੇ ਬਹੁਤੇ ਰਾਜਨੀਤਕਾਂ ਨੇ ਦੇਸ ਅਤੇ ਵਿਦੇਸ ਦੀਆਂ ਬਹੁ ਰਾਸਟਰੀ ਕੰਪਨੀਆਂ ਨਾਲ ਸਮਝੌਤੇ ਹੀ ਕਰ ਲਏ ਹਨ । ਦੇਸ ਦੇ ਵੱਡੇ ਰਾਜਨੀਤਕਾਂ ਨੂੰ ਜਿਤਾਉਣ ਲਈ ਪੈਸਾ ਇਹ ਵਪਾਰੀ ਜਮਾਤਾਂ ਮੁਹੱਈਆਂ ਕਰਵਾਉਦੀਆਂ ਹਨ ਅਤੇ ਜਿੱਤ ਕੇ ਕੰਮ ਵੀ ਇਹ ਲੋਕ ਇੰਹਨਾਂ ਵਾਸਤੇ ਕਰਦੇ ਹਨ।
                  ਲੋਕਾਂ ਹੁਣ ਵੋਟ ਪਾਉਣ ਨਹੀਂ ਜਾਂਦੇਂ ਬਲਕਿ ਵੇਚਣ ਜਾਂਦੇ ਹਨ। ਹਰ ਇੱਕ ਦਾ ਵੋਟ ਦਾ ਸੌਦਾ ਹੋਇਆ ਹੁੰਦਾਂ ਹੈ ਗਰੀਬ ਬੰਦਾਂ ਸੈਕੜੀਆਂ ਵਿੱਚ ਵਿੱਕ ਜਾਂਦਾਂ ਹੈ ਪਰ ਪਿੰਡ ਅਤੇ ਸਹਿਰਾਂ ਦੇ ਕਰਤੇ ਧਰਤੇ ਛੋਟੇ ਰਾਜਨੀਤਕ ਹਜਾਰਾਂ ਵਿੱਚ ਜਾਂ ਨਿੱਜ ਦੇ ਨਜਾਇਜ ਕੰਮਾਂ ਵਿੱਚ ਮੱਦਦ ਦੀ ਗਰੰਟੀ ਵਿੱਚ ਵਿਕਦੇ ਹਨ । ਇਹਨਾਂ ਕਰਤਿਆਂ ਧਰਤਿਆਂ ਦੇ ਮੁੱਖੀ ਜੋ ਕਿਸੇ ਨਾਂ ਕਿਸੇ ਵਿੰਗ ਦੇ ਮੁੱਖੀ ਬਣ ਬੈਠਦੇ ਹਨ ਉਹ ਤਾਂ ਲੱਖਾਂ ਦੀ ਕਮਾਈ ਵਾਲਾ ਅਹੁਦਾ ਲੈਣ ਦਾ ਸੌਦਾ ਕਰਦੇ ਹਨ ਜਿਸ ਵਿੱਚ ਅੱਧੋ ਅੱਧ ਵੱਡੇ ਰਾਜਨੀਤਕਾਂ ਨਾਲ ਹੁੰਦਾਂ ਹੈ ਜੋ ਵਿਧਾਨ ਸਭਾ ਜਾਂ ਪਾਰਲੀਮੈਂਟ ਤੱਕ ਪਹੁੰਚਣ ਦੀ ਸਮੱਰਥਾ ਰੱਖਦੇ ਹਨ। ਬਹੁਤ ਘੱਟ ਲੋਕ ਹਨ ਜੋ ਲਾਲਚ ਤੋਂ ਬਿਨਾਂ ਵੋਟ ਪਾਉਣ ਜਾਂਦੇ ਹਨ । ਰਾਜਨੀਤਕ ਲੋਕ ਨਿੱਜੀ ਬੈਠਕਾਂ ਵਿੱਚ ਪਰਚਾਰ ਕਰਦੇ ਹਨ ਕਿ ਆਮ ਲੋਕ ਹੁਣ ਵੋਟ ਵੇਚਣ ਲੱਗ ਪਏ ਹਨ ਪਰ ਜਦੋਂਕਿ ਆਮ ਲੋਕ ਵੋਟ ਵੇਚਦੇ ਨਹੀਂ ਪਰ ਵੇਚਣ ਲਈ ਮਜਬੂਰ ਕਰ ਦਿੱਤੇ ਗਏ ਹਨ । ਅਸਲ ਵਿੱਚ ਵੱਡੇ ਨੇਤਾ ਸਭ ਤੋਂ ਪਹਿਲਾਂ ਬੇਈਮਾਨ ਅਤੇ ਭਿ੍ਰਸਟ ਹੋਏ ਹਨ ਅਤੇ ਅੱਗੇ ਉਹਨਾਂ ਆਪਣੇ ਚੇਲੇ ਬਾਲਕੇ ਵੀ ਬੇਈਮਾਨ ਲੋਕ ਹੀ ਬਣਾਉਣੇ ਹਨ । ਦੇਸ ਹਿੱਤਾਂ ਤੋਂ ਉਲਟ ਨਿੱਜ ਸਵਾਰਥਾਂ ਨੂੰ ਪਹਿਲ ਦੇਣ ਵਾਲੇ ਲੋਕ ਕਦੇ ਇਮਾਨਦਾਰ ਹੋ ਹੀ ਨਹੀਂ ਸਕਦੇ । ਆਪਣੇ ਆਪ ਨੂੰ ਦੇਸ ਹਿੱਤ ਦੀ ਥਾਂ ਪਾਰਟੀ ਹਿੱਤ ਵਿੱਚ ਵਿਕਣ ਵਾਲੇ ਲੋਕ ਦੇਸ ਦੇ ਲੋਕਾਂ ਨੂੰ ਵਿਕਾਊ ਕਹਿ ਹੀ ਨਹੀਂ ਸਕਦੇ । ਅੱਜ ਦੇਸ ਲਈ ਕੁਰਬਾਨ ਹੋਣ ਵਾਲੇ ਸਹੀਦ ਆਮ ਲੋਕਾਂ ਵਿੱਚੋਂ ਹੀ ਪੈਦਾ ਹੋ ਰਹੇ ਹਨ । ਅਮੀਰ ਲੋਕ ਤਾਂ ਅਹੁਦਿਆਂ ਤੇ ਕਾਬਜ ਹੋਣ ਲਈ ਹੀ ਕੋਸਿਸ ਕਰਦੇ ਹਨ ਅਤੇ ਅਹੁਦੇ ਭਾਵੈਂ ਦੇਸ ਦੇ ਪਰਬੰਧਕੀ ਸਿਸਟਮ ਵਿੱਚ ਨੌਕਰੀ ਵਾਲੇ ਹੋਣ ਜਾਂ ਰਾਜਨੀਤਕ ਖੇਤਰ ਦੇ ਹੁਕਮ ਚਲਾਊ ਹੋਣ । ਲੋਤੰਤਤਰ ਜੋ ਲੋਕਾਂ ਦੁਆਰਾ ਪੈਦਾ ਹੋਣਾਂ ਚਾਹੀਦਾ ਹੈ ਪਰ ਪੈਦਾ ਪੈਸੇ ਨਾਲ ਹੋ ਰਿਹਾ ਹੈ । ਪੈਸਾ ਹੁਣ ਸਿਰਫ ਕਿਰਤੀਆਂ ਕੋਲ ਨਹੀਂ ਵਪਾਰੀ ਅਤੇ ਰਾਜਨੀਤਕ ਲੁਟੇਰਿਆਂ ਕੋਲ ਹੈ । ਆਮ ਲੋਕ ਤਾਂ ਰੋਟੀ ਖਾਣ ਲਈ ਵੀ ਸਬਸਿਡੀ ਮੰਗ ਰਹੇ ਹਨ। ਕਿਸਾਨ ਫਸਲ ਪੈਦਾ ਕਰਨ ਲਈ ਰਿਆਇਤਾਂ ਭਾਲ ਰਿਹਾ ਹੈ। ਦੂਜਿਆਂ ਦੇ ਪੇਟ ਭਰਨ ਦੇ ਦਾਅਵੇ ਕਰਨ ਵਾਲੇ ਲੋਕ ਮੁਫਤ ਖੇਤੀ ਸਾਧਨ ਭਾਲਦੇ ਫਿਰਦੇ ਹਨ। ਸੋ ਇਸ ਤਰਾਂ ਇਹ ਲੋਕ ਲੋਕਤੰਤਰ ਦੇ ਪੈਦਾ ਕਰਨ ਵਾਲੇ ਕਿਵੇਂ ਹੋ ਸਕਦੇ ਹਨ। ਹੁਣ ਲੋਕਤੰਤਰ ਤੋਂ ਤੋਬਾ ਕਰਨੀਂ ਹੀ ਪਵੇਗੀ । ਲੋਕਤੰਤਰ ਤਾਂ ਅਗਵਾ ਹੋ ਚੁੱਕਿਆ ਹੈ ਵਪਾਰੀਆਂ ਕੋਲ । ਸੋ ਹੁਣ ਲੋਕ ਸੇਵਕ ਨਹੀਂ ਪੈਦਾ ਹੋ ਰਹੇ ਜਿਸ ਕਾਰਨ ਲੋਕਤੰਤਰ ਆਖਰੀ ਸਾਹ ਲੈ ਰਿਹਾ ਹੈ।
                              ਲੋਕਤੰਤਰ ਦੀ ਸੁਰੂਆਤੀ ਇਕਾਈ ਪਿੰਡਾਂ ਦੀਆਂ ਪੰਚਾਇਤਾ ਦੇ ਪੰਚ ਸਰਪੰਚ ਹੀ ਬੇਈਮਾਨ ਅਤੇ ਭਿ੍ਰਸਟ ਹੋਕੇ  ਆਪਣੇਂ ਗਲੀ ਗੁਆਂਢ ਵਿੱਚ ਵੱਸਦੇ ਲੋਕਾਂ ਤੇ ਹੀ ਹੁਕਮ ਚਲਾਉਣ ਲੱਗ ਪੈਂਦੇ ਹਨ। ਵਰਤਮਾਨ ਵਿੱਚ ਲੋਕ ਸਾਂਝਾਂ ਦੀ ਮੌਤ ਹੋ ਰਹੀ ਹੈ ਅਤੇ ਸਹਿਰਾਂ ਵਾਂਗ ਪਿੰਡਾਂ ਦੇ ਕੁਦਰਤੀ ਰੰਗਾਂ ਵਿੱਚ ਵਸਣ ਵਾਲੇ ਲੋਕ ਵੀ ਸਹਿਰੀਏ ਬਣਦੇ ਜਾ ਰਹੇ ਹਨ ।  ਪਿੰਡਾਂ ਦੇ ਪੰਚਾਇਤੀ ਲੋਕਸੇਵਕ ਲੋਕ ਵੀ ਹੁਕਮਰਾਨ ਬਣਕੇ ਲੁਟੇਰਿਆਂ ਵਰਗੇ ਬਣਦੇ ਜਾ ਰਹੇ ਹਨ। ਜਦ ਲੋਕਤੰਤਰ ਦੀ ਪਹਿਲੀ ਪੌੜੀ ਹੀ ਟੁੱਟ ਜਾਵੇਗੀ ਤਾਂ ਅਗਲੀਆਂ ਪੌੜੀਆਂ ਦੇ ਸਹਾਰੇ ਲੋਕਤੰਤਰ ਨਹੀਂ ਚਲਾਇਆ ਜਾ ਸਕਦਾ। ਪਿੰਡਾਂ ਦੇ ਲੋਕਸੇਵਕ ਤੋਂ ਬਾਅਦ ਹਲਕਿਆਂ ਅਤੇ ਜਿਲਿਆਂ ਦੇ ਵਿੱਚੋਂ ਪੈਦਾ ਹੋਣ ਵਾਲੇ ਲੋਕਸੇਵਕ ਤਾਂ ਹੋਰ ਵੱਡੇ ਵਿਗਾੜਾਂ ਦਾ ਸਿਕਾਰ ਹੋ ਚੁੱਕੇ ਹਨ ਅਤੇ ਇਹ ਵਿਗੜੇ ਹੋਏ ਲੋਕਸੇਵਕ ਹੀ ਅੱਗੇ ਦੇਸ ਦੀ ਰਾਜਸੱਤਾ ਤੇ ਕਬਜਾ ਕਰਦੇ ਹਨ । ਇਸ ਤਰਾਂ ਦੇ ਭਿ੍ਰਸਟ ਲੋਕਸੇਵਕਾਂ ਦੀ ਬਦੌਲਤ ਲੋਕਾਂ ਵਾਲੇ ਲੋਕਤੰਤਰ ਨੂੰ ਲੋਕਾਂ ਵਾਸਤੇ ਜਿੰਦਗੀ ਜਿਉਣ ਦੀ ਗਰੰਟੀ ਨਹੀਂ ਬਖਸੀ ਜਾ ਸਕਦੀ । ਵਰਤਮਾਨ ਰਾਜਸੱਤਾ ਨੇ ਤਰੱਕੀ ਦੀਆਂ ਰਾਹਾਂ ਵਿੱਚੋਂ ਆਪਣੇ ਤਰੱਕੀ ਕਰਨ ਦੇ ਰਾਹ ਕੱਢ ਲਏ ਹਨ । ਆਮ ਜਨਤਾ ਨੂੰ ਫਿਰ ਇਤਿਹਾਸ ਨੂੰ ਦੁਹਰਾਉਂਦਿਆਂ ਅਨੰਤ ਕੁਦਰਤ ਦੇ ਹੱਥ ਹੀ ਆਪਣੀ ਡੋਰ ਰੱਖਣੀ ਪੈਣੀ ਹੈ। ਵਰਤਮਾਨ ਲੋਕਸੇਵਕਾਂ ਦੁਆਰਾ ਚਲਾਏ ਜਾ ਰਹੇ ਲੋਕਤੰਤਰ ਨੂੰ ਦੇਖਦਿਆਂ ਇੱਕ ਵਾਰ ਫੇਰ ਕਹਿਣਾਂ ਪੈਂਦਾਂ ਹੈ ਕਿ ਆਮ ਲੋਕ ਤਾਂ ਕੁਦਰਤ ਜਾਂ ਰੱਬ ਆਸਰੇ ਹੀ ਜਿਉਂਦੇ ਹਨ ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ  

Sunday 10 November 2013

ਖੇਤਾਂ ਅਤੇ ਪਿੰਡਾਂ ਵਿੱਚ ਰੱਬ ਵਸਦਾ ਹੈ


                                                              ਵਾਤਾਵਰਣ ਦਾ ਪਰਦੂਸਣ ,ਪਾਣੀ ਦਾ ਪਰਦੂਸਣ , ਜਹਿਰਾਂ ਵਾਲੀ ਖੇਤੀ ,ਇਹ ਕਰਜਾਈ ਕਿਉਂ ਹੁੰਦਾਂ , ਕਿਸਾਨ ਟੈਕਸ ਨਹੀਂ ਦਿੰਦਾਂ ਪਤਾ ਨਹੀਂ ਕਿੰਨੇ ਕੁ ਹੋਰ ਦੋਸ ਨੇ ਜੋ ਕਿਸਾਨ ਸਿਰ ਧਰੇ ਜਾ ਰਹੇ ਹਨ। ਕਿਸਾਨ ਕੋਲ ਵੇਹਲ ਹੀ ਨਹੀਂ ਕਿ ਉਹ ਪਰਚਾਰ ਮੀਡੀਏ ਵਿੱਚ ਕਿਸੇ ਦੋਸ ਦਾ ਜਵਾਬ ਦੇ ਸਕੇ । ਇੱਕ ਪਾਸੜ ਪਰਚਾਰ ਯੁੱਧ ਚਲਾਇਆ ਜਾ ਰਿਹਾ ਹੈ। ਕਿਸਾਨਾਂ ਦੇ ਅਖੌਤੀ ਆਗੂ  ਸਰਕਾਰਾਂ ਅਤੇ ਅਮੀਰਾਂ ਦੇ ਦਲਾਲ ਨੇ ਜਿਹੜੇ ਆਪਣਾਂ ਹਿੱਸਾ ਵਸੂਲੀ ਵਿੱਚ ਲੱਗੇ ਹੋਏ ਨੇ । ਕਿਸਾਨ ਨੂੰ ਨਿਰਦੋਸ ਸਿੱਧ ਕਰਨ ਲਈ ਉਹਨਾਂ ਕੋਲ ਲਿਖਣ ਲਈ ਕੁੱਝ ਹੈ ਨਹੀਂ ਕਿਉਂਕਿ ਉਹ ਕਿਸਾਨਾਂ ਦੀ ਥਾਂ ਸਰਕਾਰਾਂ ਅਤੇ ਅਮੀਰ ਕਿਸਾਨਾਂ ਅਤੇ ਅਮੀਰ ਆੜਤੀਆਂ ਦੇੀ ਪੈਦਾਇਸ ਹਨ ਅਤੇ ਉਹਨਾਂ ਦੇ ਮਕਸਦਾਂ ਲਈ ਕੰਮ ਕਰਨਾਂ ਉਹਨਾਂ ਦਾ ਫਰਜ ਹੈ। ਆਪ ਕਮਾਈ ਕਰੋ ਅਤੇ ਆਪਣੇ ਜਨਮ ਦਾਤਿਆਂ ਨੂੰ ਕਮਾਈ ਕਰਵਾਉ ਜੋ ਪੈਸੇ ਜਾਂ ਵੋਟਾਂ ਦੇ ਰੂਪ ਵਿੱਚ ਹੈ। ਅਸਲੀ ਕਿਸਾਨ ਜਿੰਦਗੀ ਜਿਉਣ ਲਈ ਤਿਲ ਤਿਲ ਕਰਕੇ ਮਰ ਰਿਹਾ ਹੈ। ਜਗੀਰਦਾਰ ਕਿਸਾਨ ਮਾਲਕ ਏਸੀ ਕੋਠੀਆਂ ਵਿੱਚ ਅਰਾਮ ਫੁਰਮਾ ਰਿਹਾ ਹੈ। ਕਿਸੇ ਵੀ ਪਰਚਾਰ ਸਾਧਨ ਇਲੈਕਟਰੋਨਿਕ ਮੀਡੀਆਂ ਜਾਂ ਪਰਿੰਟ ਮੀਡੀਏ ਵਿੱਚ ਕਿਸਾਨ ਦਾ ਪੱਖ ਸਾਹਮਣੇ ਨਹੀਂ ਰੱਖਿਆਂ ਜਾਂਦਾਂ ਕਿੳਂਕਿ ਸਰਕਾਰਾਂ ਕਿਸਾਨ ਨੂੰ ਦਬਾਕੇ ਰੱਖਣ ਦੀ ਨੀਤੀ ਤੇ ਚੱਲ ਰਹੀਆਂ ਹਨ। ਕਿਸਾਨ ਵਰਗ ਗਰੀਬੀ ਦੀ ਦਲਦਲ ਵਿੱਚ ਹੋਣ ਕਰਕੇ ਆਪਣੇ ਵਿੱਚੋਂ ਕਿਸਾਨ ਦੀ ਦਰਦਮਈ ਗਾਥਾ ਕਹਿਣ ਵਾਲੇ ਪੈਦਾ ਕਰਨ ਦੀ ਹਾਲਤ ਵਿੱਚ ਹੀ ਨਹੀਂ। ਮੀਡੀਆਂ ਮਸਾਲਾ ਖਬਰਾਂ ਤੇ ਜਿਉਂਦਾਂ ਹੈ। ਵਾਤਾਵਰਣ ਪਰਦੂਸਣ ਦੀਆਂ ਖਬਰਾਂ ਖੂਬ ਚੱਲ ਰਹੀਆਂ ਹਨ ਜਿਸ ਲਈ ਮਸਾਲਾ ਖਬਰਾਂ ਬਣਾਈਆਂ ਜਾਂਦੀਆਂ ਹਨ ਜਿਸ ਲਈ ਕਿਸਾਨੀ ਨੂੰ ਹੀ ਬਦਨਾਮ ਕਰਨ ਦੇ ਰਾਹ ਤੁਰਨਾਂ ਕੋਈ ਚੰਗੀਂ ਗੱਲ ਨਹੀਂ ।
                                                 ਪਰਦੂਸਣ ਫੈਲਾਉਣ ਦਾ ਕੰਮ ਕੀ ਇਕੱਲਾ ਕਿਸਾਨ ਹੀ ਕਰਦਾ ਹੈ ਨਹੀ ਦੇਸ ਦਾ ਅਮੀਰ ਵਰਗ ਬਿਨਾਂ ਲੋੜ ਤੋਂ ਪਰਦੂਸਣ ਫੈਲਾਉਣ ਲਈ ਵੱਧ ਜੁੰਮੇਵਾਰ ਹੈ। ਅਮੀਰ ਪਰੀਵਾਰ ਦਾ ਹਰ ਮੈਂਬਰ ਕਈ ਕਈ ਕਾਰਾਂ ਅਤੇ ਬਾਈਕ ਆਦਿ  ਕਿਉਂ ਰੱਖਦਾ ਹੈ। ਕਿਸਾਨ ਦੇ ਖੇਤਾਂ ਦਾ ਪਰਦੂਸਣ ਕੁੱਝ ਦਿਨਾਂ ਲਈ ਹੁੰਦਾਂ ਹੈ ਪਰ ਦੇਸ ਦੇ ਸਾਰੇ ਸਹਿਰਾਂ ਵਿੱਚ ਪਰਦੂਸਣ ਜਾਂ ਕਾਰਬਨਡਾਈ ਅਕਸਾਈਡ ਦਾ ਲੈਵਲ ਸਾਰਾ ਸਾਲ ਕਿਉਂ ਉੱਚਾ ਰਹਿੰਦਾਂ ਹੈ। ਹਰ ਅਮੀਰ ਦੇ ਘਰ ਲੱਗਿਆ ਇੱਕ ਏਸੀ ਪੰਜ ਹਾਰਸ ਪਾਵਰ ਦੇ ਇੰਜਣ ਨਾਲ ਚੱਲਣ ਵਾਲੇ ਜਨਰੇਟਰ ਦੀ ਮੰਗ ਕਰਦਾ ਹੈ ਜਿਸ ਵਿੱਚ ਬਲਦਾ ਡੀਜਲ ਕੀ ਪਰਦੂਸਣ ਨਹੀਂ ਫੈਲਾਉਂਦਾਂ? ਬਿਨ ਮਤਲਬ ਸਹਿਰਾਂ ਵਿੱਚ ਬਿਜਲੀ ਵਰਤਣ ਕਰਕੇ ਇਸ ਨੂੰ ਬਣਾਉਣ ਲਈ ਬਲਦਾ ਕੋਲਾ ਕੀ ਪਰਦੂਸਣ ਨਹੀਂ ਫੈਲਾਉਦਾਂ? ਜੇ ਪਰਦੂਸਣ ਕਿਸਾਨ ਫੈਲਾਉਂਦੇ ਹਨ ਫਿਰ ਸਹਿਰਾਂ ਵਿੱਚ ਗੰਦਗੀ ਦੀ ਬੋ ਕਿਉਂ ਆਉਂਦੀ ਹੈ ਜਦਕਿ ਪਿੰਡਾਂ ਵਿੱਚ ਸਹਿਰਾਂ ਨਾਲੋਂ ਕਿਤੇ ਵੱਧ ਸਾਫ ਹਵਾ ਹੁੰਦੀ ਹੈ। ਜੇ ਕਿਸਾਨ ਨੂੰ ਤੁਸੀਂ ਪਰਾਲੀ ਬਾਲਣ ਤੋਂ ਰੋਕਣ ਦੀ ਮੰਗ ਕਰਦੇ ਹੋ ਤਾਂ ਸਹਿਰਾਂ ਦੇ ਗੰਦ ਨੂੰ ਤੁਸੀ ਅਮੀਰ ਲੋਕ ਖੁਦ ਕਿਉਂ ਨਹੀਂ ਸਾਫ ਕਰਦੇ? ਜੇ ਸਹਿਰੀਆਂ ਦੇ ਫੈਲਾਏ ਗੰਦ ਨੂੰ ਸਾਰੇ ਲੋਕਾਂ ਦੇ ਟੈਕਸ਼ਾ ਵਿਚੋਂ ਤਨਖਾਹ ਲੈਣ ਵਾਲੇ ਸਾਫ ਕਰਦੇ ਹਨ ਤਦ ਖੇਤਾਂ ਦੀ ਰਹਿੰਦ  ਖੂੰਹਦ ਨੂੰ ਸਰਕਾਰੀ ਮੁਲਾਜਮਾਂ ਤੋਂ ਸਾਫ ਕਿਉਂ ਨਹੀਂ  ਕਰਵਾਇਆ ਜਾ ਸਕਦਾ ਜਾਂ ਫਿਰ ਕਿਸਾਨ ਨੂੰ ਇਸ ਕੰਮ ਦੀ ਮਜਦੂਰੀ ਬਰਾਬਰ ਬੋਨਸ ਦਿੱਤਾ ਜਾਵੇ। ਇਸ ਤਰਾਂ ਦੀ ਵਿਦਵਤਾ ਤੋਂ ਬਚਿਆ ਜਾਣਾਂ ਚਾਹੀਦਾ ਹੈ ਜਿਸ ਨਾਲ ਭਾਰਤ ਦੇਸ ਮੰਗਤਾ ਬਣਨ ਦੇ ਰਾਹ ਪੈ ਜਾਦਾਂ ਹੈ।
            ਅਸਲ ਵਿੱਚ ਖੇਤੀਬਾੜੀ ਵਿਭਾਗ ੳਤੇ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀਆਂ ਵਿਗਿਆਨੀਆਂ ਨੂੰ ਖੇਤਾਂ ਵਿੱਚ ਬਚਦੀ ਰਹਿੰਦ ਖੂੰਹਦ ਨੂੰ ਵਰਤਣ ਦੀਆਂ ਤਕਨੀਕਾਂ ਬਾਰੇ ਖੋਜ ਕਰਨ ਲਈ ਹੁਕਮ ਦਿੱਤਾ ਜਾਵੇ। ਪਰਾਲੀ ਨੂੰ ਬਾਲਣਾਂ ਹੀ ਪੈਣਾਂ ਹੈ ਚਾਹੇ ਖੇਤਾਂ ਵਿੱਚ ਸਾੜ ਲਉ ਜਾਂ ਉਦਯੋਗਾਂ ਵਿੱਚ ਇਸ ਲਈ ਪਹਿਲ ਸਰਕਾਰ ਨੇ ਕਰਨੀਂ ਹੈ ਕਿਸਾਨ ਨੇ ਨਹੀਂ। ਜਦ ਇਸ ਰਹਿੰਦ ਖੂੰਹਦ ਨੂੰ ਵਰਤਣ ਵਾਲੇ ਉਦਯੋਗ ਹੋਣਗੇ ਤਦ ਕਿਸਾਨ ਇਸਨੂੰ ਵੇਚਣ ਦੀ ਪਹਿਲ ਖੁਦ ਹੀ ਕਰ ਲਵੇਗਾ। ਸੋ ਬੁੱਧੀਜੀਵੀ ਵਰਗ ਜੀ ਆਪਣੀ ਬੁੱਧੀ ਦਾ ਪਰਯੋਗ ਸਰਕਾਰ ਨੂੰ ਮੱਤ ਦੇਣ ਲਈ ਕਰੋ ਨਾਂ ਕਿ ਕਿਸਾਨ ਨੂੰ ਬਦਨਾਮ ਕਰਨ ਲਈ। ਇਸ ਦੇਸ ਦਾ ਸਭ ਤੋ ਵੱਡਾ ਹਿਤੈਸੀ ਕਿਸਾਨ ਹੈ ਅਖੌਤੀ ਅਮੀਰ ਲੇਖਕ ਵਰਗ ਨਹੀਂ। ਦੇਸ ਕਿਸਾਨਾਂ ਦੀ ਮਿਹਨਤ ਕਾਰਨ ਰੋਟੀ ਖਾਦਾਂ ਹੈ ਅਮੀਰ ਵਰਗ ਵਾਂਗ ਲੁੱਟ ਕਾਰਨ ਨਹੀਂ ।
                               ਪਾਣੀ ਪਰਦੂਸਣ ਦੀ ਗੱਲ ਕਰਦਿਆਂ ਪੰਜਾਬ ਵਿੱਚ ਪੰਜਾਬੀ ਕਿਸਾਨ ਨੂੰ ਦੋਸੀ ਠਹਿਰਾਇਆ ਜਾਂਦਾਂ ਹੈ। ਕੀ ਪੰਜਾਬੀ ਕਿਸਾਨ ਕੋਈ ਬਿਨਾਂ ਮਤਲਬ ਹੀ ਧਰਤੀ ਹੇਠੋਂ ਪਾਣੀ ਕੱਢ ਰਿਹਾ ਹੈ ਜਾਂ ਮਜਬੂਰੀ ਵੱਸ ਹੋਕੇ , ਸੋਚਣਾਂ ਬਣਦਾ ਹੈ। ਜਦ ਕਿਸਾਨ ਨੂੰ ਨਹਿਰੀ ਪਾਣੀ ਦੇਣਾਂ ਹੀ ਬੰਦ ਅਤੇ ਘੱਟ ਕੀਤਾ ਜਾ ਰਿਹਾ ਹੈ ਉਸ ਕੋਲ ਕਿਹੜਾ ਰਸਤਾ ਬਚਦਾ ਹੈ। ਕਿਸਾਨ ਦਾ ਵਰਤਿਆ ਪਾਣੀ ਧਰਤੀ ਵਿੱਚ ਹੀ ਜਾਂਦਾਂ ਹੈ । ਧਰਤੀ ਹੇਠ ਬਹੁਤਾ ਪਾਣੀ ਜਾਣ ਤੋਂ ਬਾਅਦ ਇੱਕ ਹਿੱਸਾ ਵਾਸਪੀਕਰਣ ਰਾਂਹੀ ਉਪਰ ਉੱਠਦਾ ਹੈ ਜੋ ਕੁਦਰਤੀ ਸਿਸਟਮ ਅਨੁਸਾਰ ਮੀਂਹ ਦੇ ਰੂਪ ਵਿੱਚ ਪਾਕ ਪਵਿੱਤਰ ਹੋਕੇ ਜਾਂ ਸਾਫ ਹੋਕੇ ਫਿਰ ਧਰਤੀ ਹੇਠ ਹੀ ਜਾਂਦਾਂ ਹੈ । ਧਰਤੀ ਦੀਆਂ ਹੇਠਲੀਆਂ ਤਹਿਆਂ ਵਿੱਚ ਜਾਣ ਸਮੇਂ ਪਾਣੀ ਕੁਦਰਤੀ ਤੌਰ ਤੇ ਸਾਫ ਹੋ ਜਾਂਦਾ ਹੈ। ਦੂਸਰੇ ਪਾਸੇ ਉਦਯੋਗਪਤੀਆਂ ਦੁਆਰਾ ਕਾਰਖਾਨਿਆਂ ਵਿੱਚ ਅਤਿ ਘਟੀਆਂ ਕੈਮੀਕਲਾਂ ਨੰ ਮਿਲਾਕੇ ਸਿੱਧਾ ਪਾਈਪਾਂ ਰਾਂਹੀ ਧਰਤੀ ਦੀਆਂ ਹੇਠਲੀਆਂ ਤਹਿਆਂ ਵਿੱਚ ਸੁਟਿਆਂ ਜਾਂਦਾ ਹੈ। ਦੂਸਰੇ ਪਾਸੇ ਅਮੀਰ ਸਹਿਰੀ ਵਰਗ ਘਰੇਲੂ ਕੰਮਾਂ ਵਿੱਚ ਅਨੇਕਾਂ ਕੈਮੀਕਲਾਂ ਦੀ ਵਰਤੋਂ ਕਰਦਾ ਹੈ ਜਿਹਨਾਂ ਨੂੰ ਪਾਣੀ ਵਿੱਚੋਂ ਕੱਢਿਆਂ ਹੀ ਨਹੀਂ ਜਾ ਸਕਦਾ ਅਤੇ ਆਪਣੇ ਸੰਘਣੇਪਣ ਕਾਰਨ ਇਹ ਅਮੀਰ ਸਹਿਰੀਆਂ ਦਾ ਪੈਦਾ ਕੀਤਾ ਪਾਣੀ ਨਾਂ ਧਰਤੀ ਹੇਠ ਜਾਦਾਂ ਹੈ ਅਤੇ ਨਾਂ ਹੀ ਖੇਤਾਂ ਵਿੱਚ ਵਰਤਣ ਦੇ ਯੋਗ ਹੈ । ਇਸ ਬਾਰੇ ਮੀਡੀਆ ਕਦੇ ਪਰਚਾਰ ਯੁੱਧ ਨਹੀਂ ਲੜਦਾ। ਸਹਿਰੀਆਂ ਦੇ ਮੁਕਾਬਲੇ ਪਿੰਡਾਂ ਦੇ ਟੋਭੇ ਛੱਪੜ ਹਾਲੇ ਵੀ ਗੰਧ ਰਹਿਤ ਪਾਣੀ ਨਾਲ ਭਰੇ ਹੁੰਦੇ ਹਨ। ਸਹਿਰੀਆਂ ਦਾ ਗੰਦਾ ਕੀਤਾ ਪਾਣੀ ਡੇਗੂੰ ਵਰਗੇ ਰੋਗ ਪੈਦਾ ਕਰ ਰਿਹਾ ਹੈ ਜਦਕਿ ਪਿੰਡਾਂ ਦੇ ਵਿੱਚ ਹਾਲੇ ਇਹ ਕੁੱਝ ਨਹੀ ਹੋ ਰਿਹਾ। ਇਸ ਤਰਾਂ ਦੀਆਂ ਹਾਲਤਾਂ ਵਿੱਚ ਵੀ ਬਦਨਾਮੀ ਦਾ ਪਰਚਾਰ ਯੁੱਧ ਪੇਡੂਆਂ ਅਤੇ ਕਿਸਾਨਾਂ ਵਿਰੁੱਧ ਹੀ ਚਲਾਇਆਂ ਜਾ ਰਿਹਾ ਹੈ। ਸਾਡੇ ਸਮਾਜ ਵਿੱਚ ਤਕੜਿਆਂ ਦਾ ਸੱਤੀਂ ਵੀਹੀਂ ਸੌ ਗਿਣਿਆ ਜਾਂਦਾ ਹੈ। ਤਕੜੇ ਵਰਗ ਦੇ ਲੋਕ ਪਰਚਾਰ ਯੁੱਧ ਵਿੱਚ ਵੀ ਆਪਣੇ ਆਪ ਨੂੰ ਪਾਕਿ ਸਾਫ ਦੱਸ ਰਹੇ ਹਨ ਅਤੇ ਇਸ ਦੇ ਉਲਟ ਕੁਦਰਤੀ ਅਤੇ ਕੁਦਰਤੀ ਸੋਮਿਆਂ ਦਾ ਸਨਮਾਨ ਕਰਨ ਵਾਲੇ ਲੋਕਾਂ ਦਾ ਪੇਡੂੰ ਅਤੇ ਅਣਪੜ ਕਹਿਕੇ ਮਖੌਲ ਉਡਾਇਆ ਜਾਂਦਾ ਹੈ। ਸਮਾਜ ਦੇ ਵਿੱਚ ਮੀਡੀਆਂ ਵਰਗੇ ਪਰਚਾਰ ਸਾਧਨ ਨੂੰ ਵਰਤਣ ਵਾਲੇ ਲੋਕ ਉੱਚ ਕਲਾਸ ਦੇ ਹਨ ਜਿੰਹਨਾਂ ਨੂੰ ਆਪਣੇ ਆਪ ਤੋਂ ਬਿਨਾਂ ਕੋਈ ਪਾਕਿ ਸਾਫ ਹੀ ਦਿਖਾਈ ਨਹੀਂ ਦਿੰਦਾਂ।
                                 ਕਿਸਾਨ ਵਰਗ ਸਮੁੱਚੇ ਸਮਾਜ ਦਾ ਸਭ ਤੋਂ ਵੱਡਾ ਰੁਜਗਾਰ ਦਾਤਾ ਹੈ। ਵਿੱਦਿਆਂ ਦੇ ਵਿੱਚ 90% ਵਿਦਿਆਰਥੀ ਆਪਣੀ ਆਰਥਿਕਤਾ ਦੀ ਲੁੱਟ ਕਰਵਾ ਕੇ  ਜਦ ਵਾਪਸ ਪਰਤਦੇ ਹਨ ਤਦ ਉਹਨਾਂ ਨੂੰ ਖੇਤੀਬਾੜੀ ਦਾ ਧੰਦਾ ਹੀ ਪਨਾਹ ਦਿੰਦਾਂ ਹੈ। ਦੂਸਰੇ ਪਾਸੇ ਸਮਾਜ ਦੇ ਵਿੱਚ ਜੇ ਕੋਈ ਉਸਾਰੀ ਜਾਂ ਉਤਪਾਦਨ ਕਰਨ ਵਾਲੇ ਅਦਾਰੇ ਖੜੇ ਹੁੰਦੇ ਹਨ ਉਹਨਾਂ ਵਿੱਚੋਂ ਬਹੁਤੇ ਖੇਤੀਬਾੜੀ ਦੇ ਕਾਰਨ ਹੀ ਪੈਦਾ ਹੁੰਦੇ ਹਨ  ਅਤੇ ਇਹਨਾਂ ਵਿੱਚ ਮਜਦੂਰੀ ਕਰਕੇ ਜਿੰਦਗੀ ਜਿਉਂਣ ਵਾਲੇ ਮਜਦੂਰ ਵੀ ਕੁਦਰਤ ਦਾ ਧੰਨਵਾਦ ਕਰਨ ਵੇਲੇ ਕਿਸਾਨੀ ਵਰਗ ਨੂੰ ਭੁੱਲ ਜਾਂਦੇ ਹਨ ਅਤੇ ਅਮੀਰਾਂ ਦੇ ਗੁਣ ਗਾਉਂਦੇਂ ਹਨ। ਸਰਕਾਰੀ ਬਾਬੂਆਂ ਦੇ ਸਰਕਾਰੀ ਅੰਕੜੇਂ ਦੇਸ ਦੀ ਜੀ ਡੀ ਪੀ ਵਿੱਚ ਕਿਸਾਨ ਦਾ ਹਿੱਸਾ ਭਾਵੇਂ ਹਰ ਸਾਲ ਘੱਟ ਕਰੀ ਜਾਂਦੇ ਹਨ ਪਰ ਦੇਸ ਵਿੱਚ ਖੇਤੀਬਾੜੀ ਅਤੇ ਪੇਡੂੰ ਖੇਤਰ ਹੀ ਦੇਸ ਦੇ ਨਾਗਰਿਕਾਂ ਨੂੰ ਰੁਜਗਾਰ ਬਖਸਦਾ ਹੈ ਜਿਸ ਨਾਲ ਦੇਸ ਦੀ ਬਹੁਗਿਣਤੀ ਦਾ ਜੀਵਨ ਬਸਰ ਹੁੰਦਾਂ ਹੈ। ਸੋ ਕਿਸਾਨਾਂ ਅਤੇ ਰੱਬ ਦੇ ਟਿਕਾਣੇ ਪਿੰਡਾਂ ਅਤੇ ਪਿੰਡ ਵਾਲਿਆਂ ਨੂੰ ਬਦਨਾਮ ਕਰਨ ਤੋਂ ਪਹਿਲਾਂ ਇੱਕ ਵਾਰ ਜਰੂਰ ਸੋਚਣਾਂ ਬਣਦਾ ਹੈ ਕਿ ਇਹ ਲੋਕ ਉਨੇਂ ਮਾੜੇ ਨਹੀਂ ਹਨ ਜਿੰਨੇਂ ਬਣਾਏ ਜਾ ਰਹੇ ਹਨ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ