Wednesday 5 June 2013

ਪੰਜਾਬ ਬਿਮਾਰਾਂ ਦਾ ਘਰ ਕਿਉਂ ਬਣ ਰਿਹਾ ਹੈ ?

                
  ਅੱਜ ਪੰਜਾਬ ਆਪਣੇ ਗੁਆਢੀਂ  ਸੂਬਿਆਂ ਦੇ ਮੁਕਾਬਲੇ ਤੇ ਅਨੇਕਾਂ ਬਿਮਾਰੀਆਂ ਦਾ ਸਿਕਾਰ ਹੋ ਰਿਹਾ ਹੈ ਜਿਹਨਾਂ ਵਿਚ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਦਾ ਹੜ ਆਇਆ ਹੋਇਆ ਹੈ । ਦੂਜੇ ਪਾਸੇ ਪੰਜਾਬ ਦੀ ਪੰਥਕ ਸਰਕਾਰ ਦੁਆਰਾ ਸਰਾਬ ਦਾ ਹੜ ਵਗਾਉਣ ਲਈ ਪੂਰਾ ਜੋਰ ਲਾਇਆ ਜਾ ਰਿਹਾ ਹੈ । ਪੰਜਾਬ ਦੇ ਵਿੱਚ ਕੈਂਸਰ ,ਏਡਜ ,ਸੂਗਰ ਅਤੇ ਕਾਲੇ ਪੀਲੀਏ ਜਿਹੀਆਂ ਭਿਆਨਕ ਬਿਮਾਰੀਆਂ ਆਮ ਹੁੰਦੀਆਂ ਜਾ ਰਹੀਆਂ ਹਨ। ਉੱਚੀ ਲੰਮੀ ਸਰੀਰਕ ਦਿੱਖ ਵਾਲਾ ਪੰਜਾਬ , ਸਰੀਰ ਅਤੇ ਸੋਚ ਪੱਖੋਂ ਵੀ ਬੌਨੀ ਲੋਕਾਂ ਦਾ ਬਣਨ ਵੱਲ ਵਧ ਰਿਹਾ ਹੈ। ਪੰਜਾਬ ਦੀਆਂ ਨਸਲਾਂ ਵਿੱਚ ਵੀ ਵਿਗਾੜ ਪੈਦਾ ਹੋਈ ਜਾ ਰਿਹਾ ਹੈ ਅਤੇ ਪੰਜਾਬ ਦੀਆਂ ਫਸਲਾਂ ਦਾ ਵੀ ਸਿਵਾ ਬਾਲਿਆ ਜਾ ਰਿਹਾ ਹੈ। ਅੱਜ ਪੰਜਾਬ ਦੇ ਵਿੱਚ ਬਹਾਦਰ ਅਖਵਾਉਣ ਵਾਲੀ ਪੰਜਾਬੀ ਕੌਮ ਦੇ ਲੋਕ ਖੁਦਕਸੀਆਂ ਕਰਨ ਦਾ ਰਹ ਫੜਨ ਲੱਗੇ ਹਨ । ਜੋ ਖੁਦਕਸੀ ਨਹੀਂ ਕਰ ਸਕਦਾ ਉਹ ਨਸਿਆ ਦੇ ਦਰਿਆ ਵਿੱਚ ਡੁੱਬਣ ਲੱਗਿਆ ਹੋਇਆ ਹੈ।  ਜੇ ਇਸ ਤਰਾਂ ਹੀ ਚਲਦਾ ਰਿਹਾ ਤਾਂ ਸਾਇਦ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਪਛਾਣ ਹੀ ਬਦਲ ਜਾਵੇਗੀ। ਪੰਜਾਬ ਦੇ ਗੁਆਢੀਂ ਸੂਬਿਆ ਦੇ ਹਸਪਤਾਲ ਵੀ ਪੰਜਾਬ ਦੇ ਮਰੀਜਾਂ ਨਾਲ ਭਰੇ ਪਏ ਹਨ । ਬੀਕਾਨੇਰ ਦਾ ਕੈਂਸਰ ਹਸਪਤਾਲ ਵਿੱਚ ਬਹੁਤੇ ਮਰੀਜ ਪੰਜਾਬ ਨਾਲ ਸਬੰਧਤਾ ਹਨ ਅਤੇ ਇਸ ਤਰਾਂ ਹੀ ਚੰਡੀਗੜ ਦਾ ਬਹੁਤੇ ਹਸਪਤਾਲ ਦਿੱਲੀ ਦੇ ਮਸਹੂਰ ਹਸਪਤਾਲ ਅਤੇ ਜੈਪੁਰ ਦੇ ਹਸਪਤਾਲ ਵਿੱਚ ਪੰਜਾਬ ਦੇ ਬਿਮਾਰ ਲੋਕਾਂ ਦੀ ਬਹੁਤਾਤ ਹੁੰਦੀ ਹੈ। ਦੇਸ ਅਤੇ ਦੁਨੀਆਂ ਨੂੰ ਭੁੱਖ ਤੋਂ ਬਚਾਉਣ ਲਈ ਅੰਨ ਪੈਦਾ ਕਰਨ ਵਾਲੇ ਪੰਜਾਬੀ ਇਸ ਅੰਨ ਨੂੰ ਪੈਦਾ ਕਰਨ ਦੀ ਬਲੀ ਚੜੀ ਜਾ ਰਹੇ ਹਨ। ਪੰਜਾਬ ਦੇ ਖੇਤੀਬਾੜੀ ਮਾਹਰਾਂ ਦੁਆਰਾ ਅੰਨ ਉਤਪਾਦਨ ਵਧਾਉਣ ਲਈ ਜਹਿਰ ਅਤੇ ਰਸਾਇਣਕ ਖਾਦਾਂ ਦੀ ਅੰਨੀਂ ਵਰਤੋਂ ਕਰਨ ਲਈ ਪੰਜਾਬ ਦੇ ਕਿਸਾਨਾਂ ਨੂੰ ੳਤਸਾਹਤ ਕੀਤਾ ਗਿਆ ਜਿਸਨੇ ਪੰਜਾਬ ਦੇ ਵਾਤਾਵਰਣ ਨੂੰ ਵਿਗਾੜ ਦਿੱਤਾ ਹੈ ਭਾਵੇਂ ਅਜ ਇੱਥੋਂ ਦੇ ਖੇਤੀਬਾੜੀ ਦੇ ਮਾਹਰ ਅਤੇ ਖੇਤੀਬਾੜੀ ਯੂਨੀਵਰਸਿਟੀ ਦੇ ਸਲਾਹਕਾਰ ਲੋਕ ਮੁੱਕਰ ਰਹੇ ਹਨ ਅਤੇ ਸਾਰੀ ਜੁੰਮੇਵਾਰੀ ਕਿਸਾਨ ਸਿਰ ਪਾ ਰਹੇ ਹਨ। ਜਦ ਵੀ ਪੰਜਾਬ ਵਿੱਚ ਹਰੀ ਕਰਾਂਤੀ ਦੀ ਗੱਲ ਚਲਦੀ ਹੈ ਤਦ ਹੀ ਬਹੁਤ ਸਾਰੇ ਅਦਾਰੇ , ਖੇਤੀਬਾੜੀ ਯੂਨੀਵਰਸਿਟੀ, ਅਤੇ ਰਾਜਨੀਤਕ ਇਸ ਦਾ ਸੇਹਰਾ ਆਪੋ ਆਪਣੇ ਅਤੇ ਆਪਣੀਆਂ ਸਹਾਇਕ ਪਾਰਟੀਆਂ ਨਾਲ ਜੋੜਨ ਲੱਗਦੇ ਹਨ। ਇਸ ਹਰੀ ਕਰਾਂਤੀ ਦੇ ਹੁਣ ਕੁੱਝ ਖਤਰਨਾਕ ਫਲ ਵੀ ਸਾਹਮਣੇ ਆ ਰਹੇ ਹਨ ਜਿੰਹਨਾਂ ਵਿੱਚ ਕੈਂਸਰ ਅਤੇ ਇਸ ਵਰਗੀਆਂ ਹੋਰ ਕਈ ਭਿਆਨਕ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਮਨੁੱਖੀ ਸਰੀਰ ਵਿੱਚ ਜਹਿਰਾਂ ਅਤੇ ਯੂਰੇਨੀਅਮ ਵਰਗੇ ਤੱਤ ਖਤਰਨਾਕ ਸੀਮਾ ਤੇ ਪਹੁੰਚ ਗਏ ਹਨ। ਇਹਨਾਂ ਦੇ ਕਾਰਨ  ਪੰਜਾਬ ਦੇ ਲੋਕਾਂ ਵਿੱਚ ਸਰੀਰਕ ਵਿਗਾੜ ਅਤੇ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਜਿਸ ਹਰੀ ਕਰਾਂਤੀਂ ਨਾਲ ਪੰਜਾਬੀਆਂ ਨੇ ਖੁਸਹਾਲ ਹੋਣਾਂ ਸੀ ਪਰ ਓੁਲਟਾ ਓੁਹ ਕਰਜਾਈ ਅਤੇ ਬਿਮਾਰੀਆਂ ਦੇ ਘਰ ਹੋ ਗਏ ਹਨ। ਕਰਜਾਈ ਕਿਸਾਨ ਨਸਿਆਂ ਤੋਂ ਆਤਮਹੱਤਿਆਵਾਂ ਤੱਕ ਪਹੁੰਚ ਗਏ ਹਨ। ਰੰਗਲਾਂ ਪੰਜਾਬ ਕੰਗਾਲ ਪੰਜਾਬ ਬਣ ਰਿਹਾ ਹੈ। ਦੁੱਧ ਲਸੀਆਂ ਪੀਣ ਵਾਲੇ ਪੰਜਾਬੀ ਨਸੱਈ ਬਣੀ ਜਾ ਰਹੇ ਹਨ। ਸਾਰਾ ਸਾਲ ਕੰਮ ਕਰਕੇ ਰਿਸਟ ਪੁਸਟ ਰਹਿਣ ਵਾਲੇ ਪੰਜਾਬੀ ਵਿਹਲੜ ਕਿਓੁਂ ਬਣ ਗਏ ਹਨ। ਜਿਹੜੇ ਅਦਾਰੇ ਅਤੇ ਲੋਕ ਇਸ ਇਨਕਲਾਬ ਦੇ ਸਰਦਾਰ ਅਖਵਾਓੁਂਦੇ ਸਨ ਕੀ ਓੁਹ ਹੁਣ ਜੁੰਮੇਵਾਰੀ ਲੈਣਗੇ ਇੰਹਨਾਂ ਸਾਰੇ ਵਰਤੇ ਵਰਤਾਰਿਆਂ ਦੀ? ਪੰਜਾਬੀਆਂ ਓੁੱਪਰ ਅੱਜਕਲ ਬਹੁਤੇ ਰਾਜਨੀਤਕ ਅਤੇ ਅਖੌਤੀ ਖੇਤੀਬਾੜੀ ਮਾਹਰ ਪੰਜਾਬੀ ਕਿਸਾਨ ਓੁੱਪਰ ਹੀ ਦੋਸ ਮੜ ਰਹੇ ਹਨ ਕਿ ਇਹ ਜਹਿਰਾਂ ਦੀ ਨਜਾਇਜ ਵਰਤੋਂ ਕਰਦਾ ਹੈ. ਕਿਸਾਨ ਨੂੰ ਮੰਡੀਕਰਨ ਨਹੀਂ ਕਰਨਾਂ ਆਓੁਦਾਂ, ਅਤੇ ਹੋਰ ਅਨੇਕਾਂ ਨੁਕਸ ਕੱਢਦੇ ਹਨ ਪਰ ਕੀ ਸਾਰਾ ਦੋਸ ਕਿਸਾਨ ਦਾ ਹੀ ਹੈ। ਕੀ ਕਿਸਾਨ ਓੁੱਪਰ ਲਾਏ ਜਾ ਰਹੇ ਦੋਸਾਂ ਵੱਲ ਇਸਨੂੰ ਕਿਸ ਨੇ ਤੋਰਿਆ ਇਸ ਦੀ ਪੜਤਾਲ ਕਰੇਗਾ? ਪਿੱਛਲੇ ਸਮੇਂ ਨੂੰ ਯਾਦ ਕਰਦਿਆਂ ਚੇਤੇ ਆਓੁਂਦਾਂ ਹੈ ਜਦ ਇਹੀ ਅਖੌਤੀ ਮਾਹਰ ਲੋਕ ਜਦ ਕਿਸਾਨ ਰਸਾਇਣਕ ਖਾਦਾਂ ਅਤੇ ਜਹਿਰਾਂ ਨੂੰ ਘੱਟ ਵਰਤਦਾ ਸੀ ਤਦ ਇਸਨੂੰ ਪਛੜਿਆ ਦੱਸਦੇ ਸਨ ਅਤੇ ਓੁਲਟਾ ਵਿਦੇਸੀ ਕਿਸਾਨਾਂ ਨਾਲ ਤੁਲਨਾਂ ਕਰਕੇ ਕਹਿੰਦੇ ਸਨ ਕਿ ਅਮਰੀਕੀ ਕਿਸਾਨ ਖਾਦ ਦੀ ਜਿਆਦਾ ਵਰਤੋਂ ਕਰਦੇ ਹਨ । ਪੰਜਾਬੀ ਕਿਸਾਨ ਜੇ ਰਸਾਇਣਕ ਖਾਦ ਵਰਤੇ ਤਦ ਇਹ ਝਾੜ ਵਧਾ ਸਕਦਾ ਹੈ॥ ਜਹਿਰ ਦੀ ਅੰਨੀ ਵਰਤੋਂ ਕਰਨ ਵੀ ਇੰਹਨਾਂ ਖੇਤੀਬਾੜੀ ਮਾਹਰਾਂ ਨੇ ਹੀ ਲਾਇਆ ਸੀ। ਕਪਾ੍ਹ ਤੋਂ ਨਰਮੇ ਵੱਲ ਅਤੇ ਨਰਮੇ ਤੋਂ ਜੀਰੀ ਵੱਲ ਵੀ ਇਸਨੂੰ ਇਸ ਯੂਨੀਵਰਸਿਟੀ ਨੇ ਹੀ ਤੋਰਿਆ ਸੀ। ਅੱਜ ਇਸਦੇ ਮਾਹਰ ਇਸਨੂੰ ਘੁੰਮਣ ਘੇਰੀ ਵਿੱਚ ਫਸਾ ਕੇ ਹੁਣ ਜੁੰਮੇਵਾਰੀ ਤੋਂ ਭੱਜਣਾਂ ਲੋਚਦੇ ਹਨ।ਜਦ ਦੇਸ ਅੰਨ ਓੁਤਪਾਦਨ ਵਿੱਚ ਪਛੜਿਆਾ ਹੋਇਆ ਸੀ ਅਤੇ ਆਪਣੀਆਂ ਜਰੂਰਤਾਂ ਪੂਰੀਆਂ ਕਰਨ ਲਈ ਵਿਦੇਸਾਂ ਮੂਹਰੇ ਮੰਗਤਿਆਂ ਵਾਂਗ ਜਾਣ ਲਈ ਮਜਬੂਰ ਸੀ ਤਾਂ ਪੰਜਾਬ ਦੇ ਕਿਸਾਨਾਂ ਨੇ ਹੀ ਦੇਸ ਨੂੰ ਇਸ ਬਿਪਤਾ ਵਿੱਚੋਂ ਕੱਢਿਆ ਸੀ । ਦੇਸ ਦੀ ਲੜਾਈ ਲਈ ਪੰਜਾਬੀਆਂ ਨੇ ਆਪਣਾਂ ਸਾਰਾ ਜੋਰ ਲਾਕੇ ਦੇਸ ਨੂੰ ਜਿਤਾਇਆ ਸੀ ਕੀ ਹੁਣ ਦੇਸ ਦੀ ਸਰਕਾਰ ਦਾ ਫਰਜ ਨਹੀਂ ਬਣਦਾ ਕਿ ਓੁਹ ਇਸ ਦੀ ਮੱਦਦ ਕਰੇ? ਜੇ ਅੱਤਵਾਦ ਨੂੰ ਨੱਥ ਪਾਓੁਣ ਲਈ ਅਤੇ ਇਸ ਲੜਾਈ ਨੂੰ ਜਿੱਤਣ ਲਈ ਪੰਜਾਬ ਸਿਰ ਚੜਿਆ ਕਰਜਾ ਮਾਫ ਹੋ ਸਕਦਾ ਹੈ ਫਿਰ ਕਿਸਾਨਾਂ ਨੇ ਵੀ ਤਾਂ ਦੇਸ ਦੀ ਹੀ ਲੜਾਈ ਲੜੀ ਹੈ। ਜੇ ਇਸ ਲੜਾਈ ਕਾਰਨ ਓੁਹ ਕਰਜਾਈ ਹੋਏ ਹਨ ਅਤੇ ਇਸ ਕਾਰਨ ਹੀ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦੇ ਸਿਕਾਰ ਹੋ  ਰਹੇ ਹਨ ਤਦ ਦੇਸ ਅਤੇ ਪੰਜਾਬ ਦੀ ਸਰਕਾਰ ਨੂੰ ਓੁਹਨਾਂ ਦੀ ਮੱਦਦ ਕਰਨ ਤੋਂ ਸੰਕੋਚ ਕਿਓੁਂ ਹੈ? ਕਿਸਾਨ ਨੇ ਤਾਂ ਦੇਸ ਲਈ ਦੇਸ ਦਾ ਹਥਿਆਰ ਬਣਕੇ ਕੰਮ ਕੀਤਾ ਹੈ ਪਰ ਇਸ ਨੂੰ ਚਲਾਓੁਣ ਵਾਲੇ ਖੇਤੀਬਾੜੀ ਦੇ ਮਾਹਰ ਅਤੇ  ਹਰੀ ਕਰਾਂਤੀਂ ਦੇ ਜਨਕ ਅਖਵਾਓੁਣ ਵਾਲਿਆਂ ਦਾ ਕਸੂਰ ਕਦੀ ਮਾਫ ਨਹੀਂ ਹੋਵੇਗਾ ਜਿੰਹਨਾਂ ਪੰਜਾਬੀ ਕਿਸਾਨ ਦੀ ਦਿਸਾ ਅਤੇ ਦਸਾ ਵਿਗਾੜ ਦਿੱਤੀ ਹੈ। ਜੇ ਪੰਜਾਬੀ ਕਿਸਾਨ ਨੂੰ ਗਲਤ ਰਸਤੇ ਪਾਓੁਣ ਵਾਲਿਆਂ ਤੋਂ ਕੋਈ ਜਵਾਬ ਤਲਬੀ ਨਾਂ ਹੋਈ ਤਦ ਇਹ ਵੀ ਇੱਕ ਇਤਿਹਾਸਕ ਗਲਤੀ ਹੋਵੇਗੀ। ਸਰਕਾਰਾਂ ਦੀਆਂ ਨੀਤੀਆਂ ਬਣਾਓੁਣ ਵਾਲੇ ਅਤੇ ਪੰਜਾਬੀ ਕਿਸਾਨ ਦੀਆਂ ਵਿਸੇਸ ਰਾਹਾਂ ਬਣਾਓੁਣ ਵਾਲੇ ਖੇਤੀਬਾੜੀ ਮਾਹਿਰ ਹੀ ਅਸਲ ਦੋਸੀ ਹਨ ਕਿਸਾਨ ਦੀ ਮਾੜੀ ਹਾਲਤ ਕਰਵਾਓੁਣ ਲਈ। ਇਹਨਾਂ ਕਿਸਾਨਾਂ ਦੇ ਸਿਰ ਤੇ ਰਾਸਟਰਪਤੀ ਤੋਂ ਅਤੇ ਹੋਰ ਅਨੇਕਾਂ ਇਨਾਮ ਲੈਣ ਵਾਲੇ ਹੁਣ ਕਿਸਾਨ ਦੀ ਇਸ ਦੁਰਦਸਾ ਦੀ ਜੁੰਮੇਵਾਰੀ ਵੀ ਜਰੂਰ ਲੈਣ ਜਿੰਹਨਾਂ ਸਮੇਂ ਸਿਰ ਦੇਸ ਨੂੰ ਸਰਕਾਰ ਨੂੰ ਅਤੇ ਕਿਸਾਨਾਂ ਨੂੰ ਸੁਚੇਤ ਨਹੀਂ ਕੀਤਾ । ਕੀ ਕੋਈ ਇਸਦਾ ਜਵਾਬ ਦੇਵੇਗਾ ਸਮਾਂ ਇਸ ਦੀ ਮੰਗ ਕਰਦਾ ਹੈ।
                ਦੂਸਰੇ ਪਾਸੇ ਪੰਜਾਬ ਦਾ ਪਾਕਿ ਪਵਿੱਤਰ ਜਲ ਸੋਮੇ ਦਰਿਆਵਾਂ ਨਹਿਰਾਂ ਨੂੰ ਕਾਰਖਾਨਿਆਂ ਦੇ ਜਹਿਰਾਂ ਭਰਭੂਰ ਤਰਲ ਪਦਾਰਥਾਂ ਨਾਲ ਅਤੇ ਸਹਿਰਾਂ ਦੇ ਗੰਦ ਅਤੇ ਕੂੜੇ ਕੱਚਰੇ ਨਾਲ ਪਲੀਤ ਕੀਤਾ ਜਾ ਰਿਹਾ ਹੈ । ਸਰੀਰ ਲਈ ਖਤਰਨਾਕ ਰਸਾਇਣਕ ਧਾਤਾਂ ਨਾਲ ਗੰਧਲਿਆ ਪਾਣੀ ਖੇਤਾਂ ਅਤੇ ਲੋਕਾਂ ਦੁਆਰਾ ਪੀਣ ਲਈ ਵਰਤਿਆ ਜਾ ਰਿਹਾ ਹੈ ਜਿਸ ਨਾਲ ਬਿਮਾਰੀਆਂ ਉਪਜ ਰਹੀਆਂ ਹਨ। ਖਾਣ ਵਾਲੀਆਂ ਫਸਲਾਂ ਵਿੱਚ ਖਤਰਨਾਕ ਰਸਾਇਣ ਵੀ ਇਸ ਗੰਧਲੇ ਪਾਣੀ ਕਾਰਨ ਹਨ । ਇਸ ਜਹਿਰੀਲੇ ਪਾਣੀ ਅਤੇ ਅਨਾਜ ਕਾਰਨ ਹੀ ਆਮ ਲੋਕਾਂ ਵਿੱਚ ਖਤਰਨਾਕ ਬਿਮਾਰੀਆਂ ਹੋ ਰਹੀਆਂ ਹਨ। ਅੱਜ ਪੰਜਾਬ ਦੇ 90% ਲੋਕ ਬਿਮਾਰ ਹੋਣ ਕਾਰਨ ਦਵਾਈਆਂ ਦਾ ਪਰਯੋਗ ਕਰਨ ਲਈ ਮਜਬੂਰ ਹਨ 50% ਲੋਕਾਂ ਨੂੰ ਤਾਂ ਗੰਭੀਰ ਬਿਮਾਰੀਆਂ ਨੇ ਆਪਣੀ ਚਪੇਟ ਵਿੱਚ ਲੈ ਰੱਖਿਆ ਹੈ । ਪੰਜਾਬ ਸਰਕਾਰ ਨੂੰ ਪੰਜਾਬੀਆਂ ਦੀਆਂ ਆਉਣ ਵਾਲੀਆਂ ਪੀੜੀਆਂ ਨੂੰ ਬਚਾਉਣ ਲਈ ਨੀਤੀ ਬਣਾਉਣੀ ਚਾਹੀਦੀ ਹੈ। ਖੇਤੀਬਾੜੀ ਦੇ ਵਿਕਾਸ ਦੇ ਨਾਂ ਤੇ ਪੰਜਾਬ ਨੂੰ ਜਹਿਰਾਂ ਦੀ ਪਰਯੋਗਸਾਲਾ ਬਣਾਉਣ ਵਾਲੇ ਖੇਤੀਬਾੜੀ ਮਾਹਰਾਂ ਤੇ ਸਕੰਜਾਂ ਕਸਿਆਂ ਜਾਣਾਂ ਅਤਿ ਜਰੂਰੀ ਹੈ। ਜਦ ਤੱਕ ਖੇਤੀਬਾੜੀ ਨੂੰ ਜਹਿਰਾਂ ਤੋਂ ਮੁਕਤ ਨਹੀਂ ਕੀਤਾ ਜਾਵੇਗਾ ਅਤੇ ਪੰਜਾਬ ਦੇ ਜਲ ਨੂੰ ਸਾਫ ਰੱਖਣ ਤੋਂ ਪਾਸਾ ਵੱਟਿਆ ਜਾਵੇਗਾ ਤਦ ਤੱਕ ਪੰਜਾਬ ਬਿਮਾਰੀਆਂ ਦੇ ਹੜ ਤੋਂ ਬਚ ਨਹੀਂ ਸਕੇਗਾ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ

ਮੈਂ ਪੰਜਾਬ ਬੋਲਦੈਂ.................?


ਮੈ  ਪੰਜਾਬ ਬੋਲਦਾਂ ਮੇਰੀ ਕਹਾਣੀ ਹਮੇਸਾਂ ਬਹਾਦਰ ਅਤੇ ਦਲੇਰ ਲੋਕਾਂ ਦੀ ਕਹਾਣੀ ਹੈ ਪਰ ਹੁਣ ਮੈਂ ਉਹ ਪੰਜਾਬ ਨਹੀਂ ਰਹਿ ਗਿਆਂ ਹੁਣ ਮੇਰੇ ਕੋਲੋਂ   ਬਹਾਦਰੀ ਦਾ ਸਬਕ ਨਹੀਂ ਸਿਖਦਾ ਕੋਈ ਹੁਣ ਤਾਂ ਮੇਰੇ ਲੋਕ ਗੁਲਾਮੀ ਦਾ ਪਾਠ ਸੁਣਦੇ ਨੇ ਅਤੇ ਗੁਲਾਮੀ ਦਾ ਹੀ ਨਾਮ ਜਪਦੇ ਨੇ। ਕਦੇ ਮੇਰੇ ਜਨਮੇ ਲੋਕਾਂ ਨੇ ਅਜਾਦ ਹੋਣ ਲਈ ਵਿਦੇਸੀਆਂ ਨਾਲ ਟੱਕਰਾਂ ਲਈਆਂ ਸਨ ਪਰ ਹੁਣ ਵਿਦੇਸੀਆਂ ਦੇ ਗੁਲਾਮ ਬਣਨ ਲਈ ਟੱਕਰਾਂ ਮਾਰ ਰਹੇ ਹਨ। ਕਦੇ ਮੇਰੇ ਲੋਕ ਅਜਾਦ ਰਹਿਣ ਲਈ ਘਰ ਘਾਟ ਛੱਡ ਤੁਰਿਆ ਕਰਦੇ ਸਨ ਹੁਣ ਗੁਲਾਮ ਹੋਣ ਲਈ ਘਰ ਘਾਟ ਵੇਚਣ ਦੇ ਰਾਹ ਪੈ ਗਏ ਹਨ। ਕਦੇ ਮੇਰੇ ਵਾਰਿਸ ਦੁੱਧ ਅਤੇ ਪੁੱਤ ਮੰਗਿਆ ਕਰਦੇ ਸਨ । ਦੁੱਧ ਅਤੇ ਪੁੱਤ ਵੇਚਣਾਂ ਗੁਨਾਹ ਹੁੰਦਾਂ ਸੀ ਇਹਨਾਂ ਲਈ ਪਰ ਹੁਣ ਦੁੱਧ ਅਤੇ ਪੁੱਤ ਵੇਚਣਾਂ ਇਹਨਾਂ ਦਾ ਪਹਿਲਾ ਕੰਮ ਹੈ । ਕਦੇ ਮੇਰੇ ਇਲਾਕੇ ਵਿੱਚ ਵਸਣ ਵਾਲੇ ਧੀਆਂ ਦੀਆਂ ਇਜਤਾਂ ਬਚਾਉਣ ਲਈ ਜਾਨ ਦੀ ਬਾਜੀ ਲਾ ਦਿਆ ਕਰਦੇ ਸਨ  ਪਰ ਅੱਜ ਕੱਲ ਦੀ ਮੇਰੀ ਨੌਜਵਾਨੀ  ਆਪਣੇ ਆਪ ਨੂੰ ਗੁੰਡਿਆਂ ਵਰਗਾ ਦਿਖਾਉਣ ਲਈ ਆਪਣਾਂ ਪਹਿਰਾਵਾ ਅਤੇ ਸਕਲ ਸੂਰਤ ਵੀ ਬਦਲਾੳਣ ਲੱਗ ਪਈ ਹੈ। ਮੈਂ ਕਦੇ ਕਾਬਲ ਕੰਧਾਰ ਤੱਕ ਆਪਣੇ ਝੰਡੇ ਗੱਡ ਲਏ ਸਨ ਪਰ  ਅੱਜ ਦੇ ਵਕਤ ਤਾਂ ਮੇਰੇ ਪੁੱਤਰ ਅਖਵਾਉਣ ਵਾਲੇ ਕਪੁੱਤਰਾਂ ਨੇ ਹੀ ਮੇਰੇ ਟੋਟੇ ਟੋਟੇ ਕਰਵਾ ਦਿੱਤੇ ਹਨ ਹੁਣ ਮੇਰੇ ਕੋਲੇ ਕਾਬਲ ਕੰਧਾਰ ਤਾਂ ਕੀ ਨਨਕਾਣਾਂ ਹਿਮਾਚਲ ,ਚੰਡੀਗੜ ਅਤੇ ਅੰਬਾਲੇ ਵਰਗੇ ਸਹਿਰ ਵੀ ਬਿਗਾਨੇ ਕਰਵਾ ਦਿੱਤੇ ਹਨ ਜਿੱਥੇ ਅੱਜ ਵੀ ਪੰਜਾਬੀ ਬੋਲਣ ਵਾਲੇ ਮੇਰੀ ਹੋਂਦ ਦੀ ਗਵਾਹੀ ਦੇਦੇਂ ਹਨ। ਕਦੇ ਮੇਰੇ ਨਾਮ ਲੇਵਾ ਲੋਕ ਬਿਗਾਨੇ ਹੱਕਾਂ ਨੂੰ ਖਾਣਾਂ ਗਊ ਤੇ ਸੂਰ ਖਾਣ ਤੱਕ ਸਮਝਦੇ ਸਨ ਪਰ ਅੱਜ ਤਾਂ ਮੇਰੇ ਧਾਰਮਿੱਕ ਸਥਾਨਾਂ ਵਿੱਚ ਬੈਠੇ ਅਖੌਤੀ ਧਾਰਮਿਕ ਆਗੂ ਵੀ ਪਰਾਏ ਹੱਕ ਖਾਣ ਲੱਗੇ ਸਰਮ ਨਹੀਂ ਮੰਨਦੇ । ਪਰਾਏ ਹੱਕ ਖਾਣ ਤੋਂ ਅੱਗੇ ਜਾਕੇ ਧਰਮ ਕਰਮ ਲਈ ਦਿੱਤੇ ਦਾਨ ਵੀ ਖਾ ਜਾਣ ਤੇ ਡਕਾਰ ਵੀ ਨਹੀਂ ਵੱਜਣ ਦਿੰਦੇ ।
                        ਕਦੇ ਮੇਰੇ ਵਿੱਚ ਵਸਣ ਵਾਲੇ ਲੋਕ ਕਿਰਤ ਨੂੰ ਸਭ ਤੋਂ ਉੱਤਮ ਸਮਝਦੇ ਸਨ ਪਰ ਹੁਣ ਸਰਕਾਰਾਂ ਤੇ ਬੰਦਿਆਂ ਦੀ ਗੁਲਾਮੀ ਕਰਨ ਨੂੰ ਉੱਤਮ ਸਮਝਦੇ ਹਨ । ਇਸ ਤਰਾਂ ਦੀਆਂ ਗੁਲਾਮੀਆਂ ਕਰਨ ਵਾਲੇ ਲੋਕਾਂ ਦਾ ਵੱਡਾ ਹਿੱਸਾ ਤਾਂ ਅੱਗੇ ਆਉਣ ਵਾਲੇ ਲੋਕਾਂ ਨੂੰ ਵੀ ਗੁਲਾਮ ਬਣਾਉਣ ਲਈ  ਅਤੇ ਲੁੱਟਣ ਲਈ ਸਭ ਧਰਮ ਕਰਮ ਭੁੱਲ ਜਾਂਦੇ ਹਨ। ਕਿਰਤ ਕਰਨ ਵਾਲਿਆਂ ਦੀ ਸਰਕਾਰਾਂ ਦੇ ਭਾਈਵਾਲ ਬਣਕੇ ਵਪਾਰ ਕਰਨ ਵਾਲੇ ਅਤੇ ਗੁਲਾਮੀ ਕਰਨ ਵਾਲੇ ਨੌਕਰੀ ਪੇਸਾ ਲੋਕ ਆਪਣੀ ਦੁਸਮਣੀ ਕੱਢ ਰਹੇ ਹਨ  ਅਤੇ ਪੁਰਾਣੀ ਕਹਾਵਤ ਉੱਤਮ ਕਿਰਤ  ਨਖਿੱਧ ਚਾਕਰੀ ਅਤੇ ਮੱਧਮ ਵਪਾਰ ਨੂੰ ਵੀ ਉਲਟਾਉਣ ਲੱਗੇ ਹੋਏ ਹਨ। ਅੱਜ ਕੱਲ ਕਿਰਤ ਨਖਿੱਧ ਹੋਈ ਜਾ ਰਹੀ ਹੈ ਅਤੇ ਗੁਲਾਮੀ ਵਾਲੀ ਚਾਕਰੀ ਉੱਤਮ ਬਣ ਬੈਠੀ ਹੈ। ਕਿਰਤ ਦਾ ਸਭ ਤੋਂ ਵੱਡਾ ਰੂਪ ਖੇਤੀ ਕਰਨਾਂ  ਘਾਟੇ ਦਾ ਸੌਦਾ ਹੋ ਗਿਆ ਹੈ।  ਵਪਾਰ ਜੋ ਕਦੇ ਮੱਧਮ ਦਰਜੇ ਵਿੱਚ ਗਿਣਿਆ ਜਾਂਦਾਂ ਸੀ ਹੁਣ ਸਰਕਾਰਾਂ ਨਾਲ ਅਤੇ ਭਰਿਸਟਾਂ ਨਾਲ ਰਲਕੇ  ਸਭ ਕੁੱਝ ਹੀ ਉਲਟਾਈ ਜਾ ਰਿਹਾ ਹੈ। ਵਪਾਰਾਂ ਦੇ ਮਾਲਕ ਲੋਕ ਤਾਂ ਰਾਜਸੱਤਾ  ਵੀ ਆਪਣੀ ਮਰਜੀ ਦੀ ਬਣਵਾ ਰਹੇ ਹਨ ਵਪਾਰ ਦਾ ਧਰਮ ਰੋਜੀ ਰੋਟੀ ਨਾਂ ਰਹਿ ਕੇ ਦੌਲਤਾਂ ਦੇ ਭੰਡਾਰ ਖੜੇ ਕਰਨਾਂ ਬਣ ਗਿਆ ਹੈ।
                 ਕਿਸੇ ਵਕਤ ਮੇਰੇ ਪੰਜਾਬੀ ਖੇਤਰਾਂ ਵਿੱਚੋਂ ਸੱਚ ਧਰਮ ਦੀ ਅਵਾਜ ਉੱਠਿਆ ਕਰਦੀ ਸੀ ਜਿਸ ਨਾਲ ਨਿਤਾਣਿਆ ਨੂੰ ਤਾਣ ,ਨਿਮਾਣਿਆ ਨੂੰ ਮਾਣ ਅਤੇ ਨਿਉਟਿਆਂ ਨੂੰ ਉਟ ਮਿਲਦੀ ਸੀ ਪਰ ਅੱਜਕਲ ਤਾਂ ਸੱਚ ਧਰਮ ਦੀ ਥਾਂ ਝੂਠ ਵਾਲੀ  ਰਾਜਨੀਤਕ ਅਵਾਜ ਹੀ ਧਰਮ ਦੇ ਨਾਂ ਤੇ ਚਾਰ ਚੁਫੇਰੇ ਗੂੰਜਦੀ ਹੈ ਜਿਸ ਨਾਲ ਮਸੂਮ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਮੈਂ ਪੰਜਾਬ ਕਦੇ ਇਸ ਤਰਾਂ ਦਾ ਬਣ ਜਾਵਾਂਗਾਂ ਕਦੇ ਚਿਤਵਿਆ ਵੀ ਨਹੀਂ ਸੀ ਪਰ ਜਦ ਦੀ ਸਿਆਸਤ ਧਰਮ ਤੋਂ ਉੱਪਰ ਹੋਕੇ ਚੱਲਣ ਲੱਗੀ ਹੈ ਤਦ ਤੋਂ ਮੇਰਾ ਇਹ ਬੁਰਾ ਹਾਲ ਹੋਇਆ ਹੈ। ਕਿਸੇ ਵਕਤ ਮੇਰੇ ਖੇਤਰ ਵਿੱਚ ਵਸਣ ਵਾਲੇ ਲੋਕ  ਪਾਣੀ ਨੂੰ ਪਿਤਾ ਅਤੇ ਪਰਮਾਤਮਾ ਦਾ ਦਰਜਾ ਦਿੰਦੇ ਸਨ । ਪਾਣੀ ਪਿਤਾ ਦਾ ਖਿਤਾਬ ਦੇਕੇ ਬਾਬੇ ਨਾਨਕ ਨੇ ਜਲ ਦਾ ਸਤਿਕਾਰ ਦਿੱਤਾ ਸੀ ਅਤੇ ਆਮ ਲੋਕ ਭਾਸਾ ਵਿੱਚ ਜਲ ਮਿਲਿਆ ਪਰਮੇਸਰ ਮਿਲਿਆ ਕਹਿਕੇ ਮੇਰੇ ਲੋਕ ਜਲ ਦਾ ਆਦਰ ਕਰਦੇ ਸਨ ਪਰ ਹੁਣ ਮੇਰੇ ਉਹੀ ਪੰਜਾਬੀ ਜਲ ਦਾ ਉਹ ਬੁਰਾ ਹਾਲ ਕਰ ਰਹੇ ਹਨ ਜੋ ਕਦੀ ਸੋਚਿਆ ਵੀ ਨਹੀਂ ਜਾ ਸਕਦਾ । ਸਹਿਰਾਂ ਵਿੱਚ ਵੱਸਣ ਵਾਲੇ ਤਾਂ ਆਪਣਾਂ ਸਾਰਾ ਗੰਦ ਮੰਦ  ਇਸ ਜਲ ਵਿੱਚ ਖਪਾਉਣਾਂ ਹੀ ਧਰਮ ਸਮਝਦੇ ਹਨ । ਸਰਕਾਰਾਂ ਜਲ ਨੂੰ ਪਲੀਤ ਕਰਵਾਉਣ ਲਈ ਕਾਰਖਾਨੇਦਾਰਾਂ ਦੀ ਤਰਫਦਾਰੀ ਕਰਦੀਆਂ ਹਨ । ਲੋਕਾਂ ਦਾ ਢਿੱਡ ਭਰਨ ਦੇ ਨਾਂ ਤੇ ਕਿਸਾਨ ਵਰਗ ਵੀ ਜਲ ਦੀ ਦੁਰਵਰਤੋਂ ਵੱਧ ਕਰ ਰਿਹਾ ਹੈ ਕਿਸ ਕਿਸ ਬਾਰੇ ਕੁੱਝ ਕਹਾਂ ਇੱਥੇ ਤਾਂ ਮੇਰੇ ਜੰਮਿਆਂ ਦਾ ਆਵਾ ਹੀ ਊਤ ਹੋ ਗਿਆ ਹੈ। ਜਿਸ ਕਿਸੇ ਪਾਸੇ ਨਿਗਾਹ ਮਾਰਦਾਂ ਹਾਂ ਤਾਂ ਮੈਂ ਸਰਮ ਨਾਲ ਮੂ੍ਹ ਢੱਕ ਲੈਂਦਾਂ ਹਾਂ ਹੁਣ ਤਾਂ ਮੈਨੂੰ ਉਸ ਵਕਤ ਅਫਸੋਸ ਵੀ ਨਹੀਂ ਹੁੰਦਾਂ ਜਦੋਂ ਕੋਈ ਮੇਰਾ ਵਾਰਸ ਪੰਜਾਬੀ ਤੋਂ ਮੁਨਕਰ ਹੋ ਜਾਂਦਾਂ ਹੈ ਕਿਉਂਕਿ ਹੁਣ ਮੇਰੇ ਲੋਕ ਦੁਨੀਆਂ ਲਈ ਚੰਗੇ ਕੰਮਾਂ ਦੀ ਮਿਸਾਲ ਨਹੀਂ ਰਹਿ ਗਏ ਹੁਣ ਤਾਂ ਹਰ ਮਾੜੇ ਕੰਮਾਂ ਵਿੱਚ ਮੇਰੇ ਜਾਏ ਜਰੂਰ ਸਾਮਲ ਹੁੰਦੇ ਹਨ। ਨਸਿਆ ਦੇ ਸਭ ਤੋਂ ਵੱਡੇ ਸੁਦਾਗਰ ਮੇਰੇ ਪੁੱਤ ਬਣ ਰਹੇ ਹਨ । ਸਮੈਕ ਗਾਜਾਂ ,ਕੋਕੀਨ ਵਰਗੇ ਭੈੜੇ ਨਸਿਆਂ ਦਾ ਰਾਹ ਵੀ ਮੇਰਾ ਘਰ  ਪੰਜਾਬ ਹੀ ਬਣ ਗਿਆ ਹੈ । ਮੇਰੀਆਂ ਸਰਕਾਰਾਂ ਨੇ ਮੇਰੇ ਭਵਿੱਖ ਲਈ ਸਰਾਬ ਦੇ ਹੜ ਸਰਕਾਰੀ ਤੌਰ ਤੇ ਵਗਾ ਦਿੱਤੇ ਹਨ ਫਿਰ ਬਿਗਾਨਿਆਂ ਨੂੰ ਕੀ ਦੋਸ ਦੇਵਾਂ । ਮੇਰਾ ਸਿਰ ਸਰਮ ਨਾਲ ਝੁਕ ਗਿਆ ਹੈ ਮੈਨੂੰ ਸਮਝ ਨਹੀਂ ਲੱਗਦੀ ਮੇਰੇ ਕੋਲੋਂ ਕਿੱਥੇ ਗਲਤੀ ਹੋ ਗਈ ਹੈ। ਹੇ ਅਨੰਤ ਕੁਦਰਤ ਮੇਰੇ ਗੁਨਾਹ ਬਖਸ  ਅਤੇ ਮੇਰੀਆਂ ਆਉਣ ਵਾਲੀਆਂ ਪੀੜੀਆਂ ਨੂੰ ਬਚਾ ਭੈੜੀਆਂ ਬਿਮਾਰੀਆਂ ਤੋਂ । ਇੱਕ ਵਾਰ ਫਿਰ ਮੇਰੇ ਲੋਕ ਗੁਰੂਆਂ ਦੇ ਨਾਂ ਤੇ ਜਿਉਣ ਲੱਗਣ...........। ਇਹ ਲੋਕ ਰਿਸੀਆਂ ਮੁਨੀਆਂ ਦੀ ਧਰਤੀ ਨੂੰ ਸਮਗਲਰਾਂ ਗੁੰਡਿਆਂ ਭਰਿਸਟਾਂ ਦੀ ਧਰਤੀ ਨਾਂ ਅਖਵਾਉਣ ਦੇਣ । ਇਹ ਗੁਰੂਆਂ ਪੀਰਾਂ ਦੀ ਧਰਤੀ ਹੈ । ਬਾਬੇ ਫਰੀਦ ਦੀ ਕਰਮ ਭੂਮੀ ਹੈ । ਰਾਮਰਾਜ ਦੀ ਜਨਮਦਾਤੀ ਹੈ ,ਕਿਰਤੀਆਂ ਕਾਮਿਆਂ ਦੀ ਮਿਹਨਤ ਨਾਲ ਸਜੀ ਸੰਵਰੀ ਹੈ। ਇੱਥੋਂ ਸੱਚ ਦੀ ਅਵਾਜ ਉੱਠਦੀ ਰਹੀ ਹੈ ਅਤੇ ਅੱਗੇ ਤੋਂ ਵੀ ਇੱਥੋਂ ਸੱਚ ਧਰਮ ਦੀ ਅਤੇ ਗਿਆਨ ਦੀ ਅਵਾਜ ਉੱਠੇ ਮੇਰੀ ਕਾਮਨਾਂ ਹੈ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ