Saturday 25 October 2014

ਜਿੰਦਗੀ ਤਾਂ ਕੁਦਰਤ ਦੀ ਹੀ ਖੇਡ ਹੈ

ਰੱਬ ਮਾਰੇ ਨੂੰ ਮਿੱਤਰੋ ਨਾਂ ਕਰੀਏ ਚਹੇਡ ਹੈ, ਇਹ ਜਿੰਦਗੀ ,ਜਿੰਦਗੀ ਤਾਂ ਕੁਦਰਤ ਦੀ ਹੀ ਖੇਡ ਹੈ
ਕੋਈ ਜਿੰਨਾਂ ਮਰਜੀ ਹੈ ਇੱਥੇ ਲੋਕੋ ਭੱਜਲੇ , ਭਾਵੇਂ ਛੱਤੀ ਪਰਕਾਰੀ ਖਾਣਿਆਂ ਦੇ ਨਾਲ ਰੱਜਲੇ
ਪੈ ਜਾਣਾਂ ਫੇਰ ਵੀ ਤਾਂ ਮੌਤ ਵਾਲਾ ਗੇੜ ਹੈ , ਇਹ ਜਿੰਦਗੀ ,ਜਿੰਦਗੀ ਤਾਂ ਕੁਦਰਤ ਦੀ ਹੀ ਖੇਡ ਹੈ
ਬੰਦਾ ਰੋਂਦਾਂ ਹੈ ਜਹਾਨ ਵਿੱਚ ਆਉਣ ਤੇ , ਫੇਰ ਲਾਉਂਦਾ ਜੋਰ ਇਹੇ ਹੱਸਕੇ ਜਿਉਣ ਤੇ
ਕੋਈ ਰੋਦਿਆਂ ਵਿਰਾਵੇ ਕੋਈ ਕਰੇ ਛੇੜ ਹੈ ਇਹ ਜਿੰਦਗੀ ,ਜਿੰਦਗੀ ਤਾਂ ਕੁਦਰਤ ਦੀ ਹੀ ਖੇਡ ਹੈ
ਕਰੇ ਬਚਪਨ ਸਰਦਾਰੀ ਤੇ ਜੁਆਨੀਆਂ ਨੂੰ ਮਾਣਲੈ ,ਕਰੀਂ ਚੰਗੇ ਕੰਮ ਤੇ ਬੁਢਾਪੇ ਨੂੰ ਵੀ ਜਾਣਲੈ
ਬਣਜੂ ਸਵਰਗ ਜੇ ਔਲਾਦ ਨਾਲ ਹੋਇਆਂ ਹੇਜ ਹੈ, ਇਹ ਜਿੰਦਗੀ ,ਜਿੰਦਗੀ ਤਾਂ ਕੁਦਰਤ ਦੀ ਹੀ ਖੇਡ ਹੈ
ਇੱਥੇ ਕਰੇ ਕਰਮਾਂ ਨਾਲ ਹੁੰਦਾਂ ਹੈ ਨਿਬੇੜਾ ਜੀ ,ਖੁੱਲਾ ਅੱਲਾ ਦੀਆਂ ਰਹਿਮਤਾਂ ਦਾ ਵਿਹੜਾ ਜੀ
ਮਿਲੇ ਜਿੰਦ ਨਾਂ ਦੁਬਾਰਾ ਇਹੇ ਇੱਕੋ ਰੇਡ ਹੈ ,ਇਹ ਜਿੰਦਗੀ ,ਜਿੰਦਗੀ ਤਾਂ ਕੁਦਰਤ ਦੀ ਹੀ ਖੇਡ ਹੈ
ਜਿਹੋ ਜਿਹਾ ਕਰੇਗਾਂ ਤਿਹਾ ਹੀ ਫਲ  ਪਾਏਗਾਂ ਬਾਝ ਚੰਗੇ ਕਰਮਾਂ ਜਹਾਨੋਂ ਖਾਲੀ ਜਾਏਂਗਾਂ
ਚੰਗੇ ਕਰਮਾਂ ਨਾਲ ਬਣੇ ਬੰਦਾ ਰੱਬ ਜੇਡ ਹੈ ,ਇਹ ਜਿੰਦਗੀ ,ਜਿੰਦਗੀ ਤਾਂ ਕੁਦਰਤ ਦੀ ਹੀ ਖੇਡ ਹੈ
ਉਹੋ ਮਾਣਦਾ ਸਵੱਰਗ ਜੋ ਰੱਖਦਾ ਸਬਰ ਨੂੰ ,ਰਹੂ ਨਰਕ ਚ ਭੁੱਲੇ ਜਿਹੜਾ ਮੌਤ ਦੀ ਖਬਰ ਨੂੰ
ਬੰਦਾਂ ਬਣੇ ਬਘਿਆੜ ਜਦ ਮਾਰਦਾ ਗਰੀਬ ਭੇਢ ਹੈ , ਇਹ ਜਿੰਦਗੀ ,ਜਿੰਦਗੀ ਤਾਂ ਕੁਦਰਤ ਦੀ ਹੀ ਖੇਡ ਹੈ
ਗੁਰਚਰਨ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ

ਸਹੁਰਿਆਂ ਨੂੰ ਦੁੱਖ ਚੰਦਰੇ ਜਵਾਈ ਦਾ

ਸਹੁਰਿਆਂ ਨੂੰ ਦੁੱਖ ਚੰਦਰੇ ਜਵਾਈ ਦਾ ..ਪਤੀ ਮਰ ਜਾਵੇ ਮੁਕਲਾਵੇ ਆਈ ਦਾ
ਘੇਰੇ ਦੇ ਵਿਚਾਲੇ ਜਾਵੇ ਟੁੱਟ ਹੱਲ ਜੀ ..ਏਦੂੰ ਵੱਡੀ ਕਿਹੜੀ ਦੁੱਖਾਂ ਵਾਲੀ ਗੱਲ ਜੀ 
ਜੱਗ ਬਦਨਾਮੀ ਧੀ ਬਦਕਾਰ ਹੋ ਜਾਵੇ..ਮਾੜੀ ਗਲ ਭਾਈਆਂ ਵਿੱਚ ਖਾਰ ਹੋ ਜਾਵੇ
ਮਾਪਿਆਂ ਦੇ ਕਾਲਜੇ ਚ ਪੈਣ ਸਲ ਜੀ ..ਏਦੂੰ ਵੱਡੀ ਕਿਹੜੀ ਦੁੱਖਾ ਵਾਲੀ ਗੱਲ ਜੀ 
ਭੈਣਾਂ ਟੁੱਟ ਜਾਣ ਨਾਲ ਜਦੋਂ ਭਾਈਆਂ ਦੇ ..ਆਉਂਦੇ ਨਾਂ ਸੁਨੇਹੇ ਕਦੇ ਵੀ ਵਧਾਈਆਂ ਦੇ
ਸਹੁਰਿਆਂ ਦੇ ਵਿੱਚ ਜਾਵੇ ਟੌਰ ਠੱਲ ਜੀ ..ਏਦੂੰ ਵੱਡੀ ਕਿਹੜੀ ਦੁੱਖਾਂ ਵਾਲੀ ਗੱਲ ਜੀ 
ਨਾਲ ਪੁੱਤਰਾਂ ਦੇ ਹੋਵੇ ਜੇ ਹਿਸਾਬ ਮਾਪਿਆਂ .ਬੱਝ ਜਾਂਦਾ ਮੁੱਢ ਨਵੇਂ ਹੀ ਸਿਆਪਿਆਂ
ਰਿਸਤੇ ਦੀ ਜਾਂਦੀ ਹੈ ਉੱਧੜ ਖੱਲ ਜੀ  ..ਏਦੂੰ ਵੱਡੀ ਕਿਹੜੀ ਦੁੱਖਾਂ ਵਾਲੀ ਗੱਲ ਜੀ
ਬੁੱਢੇ ਮਾਪਿਆਂ ਦਾ ਪੁੱਤਰ ਜਵਾਨ ਮਰਜੇ ..ਪੱਕੀ  ਫਸਲ ਤੇ ਗੜਿਆਂ ਦਾ ਮੀਂਹ ਵਰਜੇ
ਸਿੰਘੇਕਿਆ  ਝੰਡੀ ਵਾਲਾ ਢਹਿ ਜੇ  ਮੱਲ ਜੀ ..ਏਦੂੰ ਵੱਡੀ ਕਿਹੜੀ ਦੁੱਖਾਂ ਵਾਲੀ ਗੱਲ ਜੀ

Thursday 2 October 2014

ਕਿਉਂ ਆਖਿਆ ਜਾਂਦੈਂ ਅੰਨ ਦਾਤਾ ਕਿਸਾਨ ਨੂੰ


                                 ਕਿਉਂ ਆਖਿਆ ਜਾਂਦੈਂ ਅੰਨ ਦਾਤਾ ਕਿਸਾਨ ਨੂੰ
                                       ਭਾਵੇਂ ਸਮਾਜ ਦਾ ਅਮੀਰ ਵਰਗ ਹਰ ਪਾਸੇ ਹੀ ਆਪਣੇ ਆਪ ਦੀ ਪਰਸੰਸਾਂ ਕਰਵਾਉਂਦਾਂ ਹੈ ਪਰ ਸਮਾਜ ਅਤੇ ਕੁਦਰਤ ਦੇ ਅਸੂਲ ਕਦੇ ਵੀ ਮਾਇਆ ਧਾਰੀ ਲੋਕਾਂ ਦੀ ਉਸਤੱਤ ਨਹੀਂ ਬੋਲਦੇ । ਮਨੁੱਖ ਮੰਗਤਾਂ ਹੈ ਜਾਂ ਬਾਦਸਾਹੀ ਫਿਤਰਤ ਵਾਲਾ ਦਾ ਫੈਸਲਾ ਠੂਠਿਆਂ ਜਾਂ ਕੁਰਸੀਆਂ ਨਹੀਂ ਕਰਦੀਆਂ ਬੰਦੇ ਦੀ ਫਿਤਰਤ ਕਰਦੀ ਹੈ । ਜਿਸ ਮਨੁੱਖ ਵਿੱਚ ਲੋੜਵੰਦ ਦੀ ਮਦਦ ਕਰਨ ਦੀ ਤਾਕਤ ਹੁੰਦੀ ਹੈ ਹਮੇਸਾਂ ਬਾਦਸਾਹੀ ਬਿਰਤੀਆਂ ਦਾ ਮਾਲਕ  ਹੁੰਦਾ ਹੈ ਰਾਜਗੱਦੀਆਂ ਤੇ ਬੈਠਕੇ ਵੀ ਦੁਨਿਆਂਵੀ ਲੋੜਾਂ ਪ੍ਰਤੀ ਮੰਗਤਾ ਬਣ ਕੇ ਰਹਿਣ ਵਾਲਾ ਰਾਜਸੱਤਾ ਦਾ ਮਾਲਕ ਬਾਦਸਾਹ  ਵੀ ਮੰਗਤਾ ਹੀ ਅਖਵਾਉਂਦਾਂ ਹੈ। ਸੋ ਜਦ ਕੋਈ ਛੋਟੀ ਸੋਚ ਦਾ ਮਾਲਕ ਜਦ ਕਿਸੇ ਦੇਸ ਦਾ ਜਾਂ ਸੂਬੇ ਦਾ ਮੁੱਖ ਬਣ ਜਾਂਦਾ ਹੈ ਤਦ ਉਸਦਾ ਪਹਿਲਾ ਕਰਮ ਸੂਬੇ ਜਾਂ ਦੇਸ ਦੇ ਹਿੱਤ  ਸੁਰੂ ਹੁੰਦਾਂ ਹੈ ਪਰ ਜੇ ਉਹ ਵਿਅਕਤੀ ਇਸ ਤਰਾਂ ਦੇ ਵੱਡੇ ਅਹੁਦਿਆਂ ਤੇ ਬੈਠਕੇ ਵੀ ਦੇਸ਼ ਜਾਂ ਸੂਬੇ ਦੇ ਲੋਕਾਂ ਦੇ ਹਿੱਤ ਸੋਚਣ ਦੀ ਥਾਂ ਆਪਣੇ ਧੀਆਂ ਪੁੱਤਰਾਂ ਜਾਂ ਪਰੀਵਾਰ ਨੂੰ ਹੀ ਪਹਿਲ ਦਿੰਦਾਂ ਰਹੇ ਤਦ ਉਹ ਵਿਅਕਤੀ ਰਾਜ ਗੱਦੀ ਤੇ ਬੈਠਣ ਦੇ ਯੋਗ ਨਹੀਂ ਮੰਨਿਆਂ ਜਾ ਸਕਦਾ । ਇਸ ਤਰਾਂ ਦੇ ਛੋਟੀ ਸੋਚਣੀ ਦੇ ਬੰਦੇ ਨੂੰ ਪਰੀਵਾਰ ਦੇ ਮੁੱਖੀ ਤੋਂ ਵੱਡਾ ਅਹੁਦਾ ਮਿਲ ਜਾਣਾਂ ਉਸ ਦੇਸ ਸੂਬੇ ਦੀ ਬਦਕਿਸਮਤੀ ਹੁੰਦਾਂ ਹੈ । ਦੇਸ਼ ਕੌਮ ਦੇ ਮੁੱਖੀ ਆਪਣੇ ਪਰੀਵਾਰਾਂ ਜਾਂ ਆਪਣੇ ਹਿੱਤ ਆਪਣੀ ਕੌਮ ਜਾਂ ਆਪਣੇ ਦੇਸ ਦੇ ਤਰੱਕੀ ਨਾਲ ਜੋੜ ਲੈਂਦੇ ਹਨ । ਜਦ ਦੇਸ ਤਰੱਕੀ ਕਰਦਾ ਹੈ ਤਦ ਉੱਥੋਂ ਦੇ ਸਾਰੇ ਬਸਿੰਦੇ ਵੀ ਤਰੱਕੀ ਕਰਦੇ ਹਨ ਜਿਸ ਵਿੱਚ ਮੁੱਖ ਆਗੂ ਦਾ ਪਰੀਵਾਰ ਵੀ ਹੁੰਦਾਂ ਹੈ । ਗੁਰੂ ਗੋਬਿੰਦ ਸਿੰਘ ਵਰਗੇ ਮਹਾਨ ਯੁੱਗ ਪੁਰਸ਼ ਨੇ ਆਪਣੇ ਪੁੱਤਰਾਂ ਸਮੇਤ ਸਭ ਕੁੱਝ ਵਾਰਕੇ ਆਗੂ ਲੋਕਾਂ ਲਈ ਰਾਹ ਦਰਸਾਇਆਂ ਹੈ ਕਿ ਕਿਸ ਤਰਾਂ ਆਪਣੇ ਲੋਕਾਂ ਲਈ ਕੰਮ ਕਰਨਾਂ ਚਾਹੀਦਾ ਹੈ । ਇਸ ਤਰਾਂ ਹੀ ਹੋਰ ਵੀ ਬਹੁਤ ਸਾਰੀਆਂ ਮਿਸਾਲਾਂ ਇਤਿਹਾਸ ਵਿੱਚ ਮਿਲਦੀਆਂ ਹਨ ਜਿੰਹਨਾਂ ਵਿੱਚ ਰਾਜਸੱਤਾ ਦੇ ਮਾਲਕਾਂ ਨੇ ਆਪਣੇ ਦੇਸ਼ ਅਤੇ ਕੌਮਾਂ ਲਈ ਆਪਣੇ ਪਰੀਵਾਰਕ ਹਿੱਤ ਕੁਰਬਾਨ ਕੀਤੇ ਹਨ ।

Add caption

                       ਸਮਾਜ ਅਤੇ ਸਰਕਾਰਾਂ ਦੇ ਲਿਤਾੜੇ ਅਤੇ ਲੁੱਟੇ ਜਾਂਦੇ ਕਿਸਾਨ ਵਰਗ  ਨੂੰ ਜਦ ਅੰਨ ਦਾਤਾ ਕਿਹਾ ਜਾਂਦਾ ਹੈ ਤਦ ਇਸ ਦੇ ਕਹਿਣ ਪਿੱਛੇ ਵੀ ਤਿਆਗ ਦੀ ਭਾਵਨਾਂ ਹੀ ਕੰਮ ਕਰਦੀ ਹੈ । ਸਭ ਤੋਂ ਜਿਆਦਾ ਸਖਤ ਮਿਹਨਤ ਕਰਨ ਵਾਲਾ ਇਹ ਵਰਗ ਸਭ ਤੋਂ ਜਿਆਦਾ ਕਰਜਾਈ ਵੀ ਹੈ ਪਰ ਇਹ ਵਰਗ ਫਿਰ ਵੀ ਕਿਰਤ  ਕਰਨ ਤੋਂ ਮੁੱਖ ਨਹੀਂ ਮੋੜਦਾ । ਕਿਸਾਨ ਵਰਗ ਦੀ ਮਿਹਨਤ ਦਾ ਮੁੱਲ ਉਸਨੂੰ ਪੂਰਾ ਨਹੀਂ ਮਿਲਦਾ ਸਗੋਂ ਉਸ ਦੀ ਮਿਹਨਤ ਵਿੱਚੋਂ ਉਪਜੇ ਅਨਾਜ ਅਤੇ ਫਸਲਾਂ ਨੂੰ ਸਰਕਾਰਾਂ ਅਤੇ ਵਪਾਰੀ ਲੋਕ ਲੁਕਵੇਂ ਢੰਗਾ ਰਾਂਹੀ ਲੁੱਟਕੇ ਲੈ ਜਾਂਦੇ ਹਨ ।  ਆਪਣੇ ਉਤਪਾਦ ਦੀ ਕੀਮਤ ਆਪ ਦੱਸਦੇ ਹਨ ਪਰ ਕਿਸਾਨ ਵਰਗ ਦੇ ਉਤਪਾਦ ਦੀ ਕੀਮਤ ਸਰਕਾਰਾਂ ਅਤੇ ਵਪਾਰੀ ਲੋਕ ਤਹਿ ਕਰਦੇ ਹਨ । ਇਹ ਵਰਗ ਜਦ ਘਾਟਾ ਸਹਿ ਕੇ ਵੀ ਆਪਣਾ ਉਤਪਾਦਨ ਜਾਰੀ ਰੱਖਦਾ ਹੈ ਤਦ ਵੀ ਇਸਦੇ ਮਨ ਵਿੱਚ ਇਹੀ ਹੁੰਦਾਂ ਹੈ ਕਿ ਚਲੋ ਉਸਦੇ ਪੈਦਾ ਕੀਤੇ ਅਨਾਜ ਨਾਲ ਲੋਕਾਂ  ਦਾ ਪੇਟ ਤਾਂ ਭਰਦਾ ਹੈ । ਦਾਤਾ ਵੀ ਉਸਨੂੰ ਹੀ ਆਖਿਆ ਜਾਂਦਾ ਹੈ ਜੋ ਦੂਸਰਿਆਂ ਨੂੰ ਕੁਝ ਦਿੰਦਾਂ ਹੈ ਅਤੇ ਕਿਸਾਨ ਆਪਣੀ ਕਿਰਤ ਦੂਸਰੇ ਵਰਗਾਂ ਦੇ ਮੁਕਾਬਲੇ ਤੇ ਦਾਨ ਹੀ ਕਰ ਰਿਹਾ ਹੈ । ਸਰਕਾਰਾਂ , ਅਮੀਰ ਲੋਕ ਅਤੇ  ਦੂਸਰੇ ਸਮਾਜ ਸੇਵੀ ਵਰਗ ਜੋ ਵੱਡੇ ਦਾਨ ਦਾਤਾ ਅਖਵਾਉਂਦੇ ਹਨ ਕੋਲ ਸਾਰੀ ਦੀ ਸਾਰੀ ਜਾਇਦਾਦ ਅਤੇ ਪੈਸਾ ਆਮ ਲੋਕਾਂ ਤੋਂ ਉਗਰਾਹਿਆ ਹੁੰਦਾਂ ਹੈ ਪਰ ਕਿਸਾਨ ਕੋਲ ਜੋ ਵੀ ਪੈਦਾ ਹੁੰਦਾਂ ਹੈ ਜਿਆਦਾਤਰ ਉਸਦੀ ਕਿਰਤ ਅਤੇ ਮਿਹਨਤ ਦੀ ਉਪਜ ਹੁੰਦਾਂ ਹੈ ਜੋ  ਕਿ ਦਾਨ ਬਣਕੇ ਹੀ ਰਹਿ ਜਾਦੀ ਹੈ । ਦੁਨੀਆਂ ਦਾ ਸਮੁੱਚਾ ਅੰਨ ਪੈਦਾ ਕਰਨ ਵਾਲਾ ਕਿਸਾਨ ਸੀਮਤ ਆਮਦਨ ਕਰਨ ਕਰਕੇ ਅੰਨਦਾਤਾ ਬਣਕੇ ਹੀ ਰਹਿ ਜਾਂਦਾ ਹੈ । ਵੱਡੇ ਉਦਯੋਗਪਤੀ ਆਪਣੇ ਉਦਯੋਗਾਂ ਰਾਂਹੀ ਵੱਡੀਆਂ ਵੱਡੀਆਂ ਮਸੀਨਾਂ ਤਾਂ ਪੈਦਾ ਕਰ ਸਕਦੇ ਹਨ ਜੋ ਐਸਪ੍ਰਸਤੀ ਅਤੇ ਅਖੌਤੀ ਵਿਕਾਸ ਦਾ ਮਾਡਲ ਅਖਵਾਉਂਦੀਆਂ ਹਨ ਪਰ ਮਨੁੱਖ ਜਾਤੀ ਦੀ ਪਹਿਲ ਲੋੜ ਰੋਟੀ ਨੂੰ  ਸਿਰਫ ਕਿਸਾਨ ਹੀ ਪੈਦਾ ਕਰ ਸਕਦਾ ਹੈ । ਕਿਸਾਨ ਸਦਾ ਹੀ ਅੰਨਦਾਤਾ ਬਣਿਆ ਰਹੇਗਾ ਕਿਉਂਕਿ ਇਤਿਹਾਸ ਵਿੱਚ ਕਦੇ ਵੀ ਕਿਸਾਨ ਦੇ ਉਤਪਾਦਨ ਨੂੰ ਮੁਨਾਫੇ ਦਾ ਧੰਦਾ ਨਹੀਂ ਬਣਨ ਦਿੱਤਾ ਗਿਆਂ ਅਤੇ ਨਾਂ ਹੀ ਭਵਿੱਖ ਵਿੱਚ ਕਦੇ ਵੀ ਕੋਈ ਸਰਕਾਰ ਇਸਨੂੰ ਮੁਨਾਫੇ ਦਾ ਧੰਦਾ ਬਣਨ ਦੇਵੇਗੀ । ਕਿਸਾਨ ਨੂੰ ਸਿਰਫ ਉਨੀ ਕੁ ਕੀਮਤ ਹੀ ਦਿੰਦੀ ਜਾਂਦੀ ਰਹੀ ਹੈ ਜਿੰਨੀ ਕੁ ਨਾਲ ਉਹ ਗੁਲਾਮਾਂ ਵਾਂਗ ਜਿਉਂਦਾਂ ਰਹਿ ਸਕੇ ਅਤੇ ਭਵਿੱਖ ਵਿੱਚ ਵੀ ਇਸ ਤਰਾਂ ਹੀ ਹੁੰਦਾਂ ਰਹਿਣਾ ਹੈ । ਜਦ ਤੱਕ ਕਿਸਾਨ ਦੀ ਕਿਰਤ ਦੀ ਉਪਜ ਨੂੰ ਉਦਯੋਗਿਕ ਉਤਪਾਦਨ ਵਾਂਗ ਮਾਨਤਾ ਨਹੀਂ ਮਿਲੇਗੀ ਤਦ ਤੱਕ ਕਿਸਾਨ ਫਕੀਰਾਂ ਵਰਗੀ ਜਿੰਦਗੀ ਜਿਉਦਿਆ ਅੰਨਦਾਤਾ ਹੀ ਅਖਵਾਉਂਦਾ ਰਹੇਗਾ ।
ਗੁਰਚਰਨ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ