Tuesday 29 November 2011

ਦਵਿੰਦਰਪਾਲ ਸਿੰਘ ਭੁੱਲਰ ਬਨਾਮ ਸਾਡਾ ਅਦਾਲਤੀ ਇਨਸਾਫ ਪਰਬੰਧ ਅਤੇ ਸਾਡੇ ਸਿੱਖ ਆਗੂ।


ਦੁਨੀਆਂ ਦੀਆਂ ਅਦਾਲਤਾਂ ਨੂੰ ਜਦ ਕੋਈ ਇਨਸਾਫ ਦੇ ਮੰਦਰ ਬੋਲਦਾ ਹੈ ਤਦ ਉਹ ਲੋਕ ਭਰਮ ਭੁਲੇਖੇ ਵਿੱਚ ਹੁੰਦੇ ਹਨ ਕਿਉਂਕਿ ਇਹ ਅਦਾਲਤਾਂ ਅਜਾਦ ਨਹੀਂ ਹੁੰਦੀਆਂ । ਦੁਨਿਆਵੀ ਅਦਾਲਤਾਂ ਕਦੇ ਵੀ ਅਜਾਦ ਨਹੀਂ ਹੋ ਸਕਦੀਆਂ ਪਰ ਇਹਨਾਂ ਦੇ ਉਲਟ ਵਿਅਕਤੀਗਤ ਕੀਤੇ ਫੈਸਲੇ ਜਰੂਰ ਇਨਸਾਫ ਦਾ ਰੂਪ ਹੋਣ ਦੇ ਨੇੜੇ ਹੋ ਸਕਦੇ ਹਨ।ਬਹੁਤ ਵਾਰ ਜਦ ਦੁਨਿਆਵੀ ਅਦਾਲਤਾਂ ਇਨਸਾਫ ਕਰਨ ਤੋਂ ਪਾਸੇ ਹੋ ਜਾਂਦੀਆਂ ਹਨ ਤਦ ਹੀ  ਦੁਨੀਆਂ ਵਿੱਚ ਚੋਰ ਡਾਕੂ ਲੁਟੇਰੇ ਅੱਤਵਾਦੀ ਖਾੜਕੂ ਕਰਾਂਤੀਕਾਰੀ ਅਤੇ ਆਮ ਮਨੁੱਖ ਬਹੁਤ ਵਾਰ ਵਿਅਕਤੀਗਤ ਤੌਰ ਤੇ ਇਨਸਾਫ ਵਾਲੇ ਫੈਸਲੇ ਕਰਦੇ ਹਨ ।ਗੁਰੂ ਗੋਬਿੰਦ ਸਿੰਘ ਦਾ ਜਾਲਮ ਰਾਜਸੱਤਾ ਖਿਲਾਫ ਸੰਘਰਸ, ਲੈਨਿਨ ਦੀ ਕਰਾਂਤੀਂ, ਫਰਾਂਸ ਦਾ ਇਨਕਲਾਬ ਅਤੇ ਇਸ ਤਰਾਂ ਦੀਆਂ ਹੋਰ ਮਿਸਾਲਾਂ ਹਨ ਜੋ ਰਾਜਪਰਬੰਧ ਦੇ ਇਨਸਾਫ ਤੋਂ ਕਿਨਾਰਾ ਕਰਨ ਤੇ ਵਿਅਕਤੀਗਤ ਇਨਸਾਫ ਪਸੰਦ ਫੈਸਲੇ ਹਨ ਜੋ ਦੁਨੀਆਂ ਦੇ ਇਤਿਹਾਸ ਵਿੱਚ ਸਹੀ ਸਾਬਤ ਹੋਏ ਹਨ।  ਮੌਤ ਦੇ ਡਰ ਤੋਂ ਦੂਰ ਮਨੁੱਖ ਹੀ ਇਨਸਾਫ ਕਰਨ ਦੀ ਹਿੰਮਤ ਕਰਦਾ ਹੈ।ਸਰਕਾਰਾਂ ਦੀਆਂ ਅਦਾਲਤਾਂ ਦੇ ਜੱਜ ਸਰਕਾਰਾਂ ਦੇ ਅਤੇ ਪੈਸੇ ਦੀਆਂ ਲੋੜਾ ਦੇ ਕਾਰਨ ਹੀ ਰਾਜਸੱਤਾ ਦੇ ਗੁਲਾਮ ਬਣਕੇ ਵਿਚਰਦੇ ਹਨ ਜੋ ਮਨੁੱਖ ਦੁਨਿਆਵੀ ਲੋੜਾਂ ਅਧੀਨ ਆਪਣੇ ਤੋਂ ਵੀ ਅਯੋਗ ਵਿਅਕਤੀਆਂ ਦੀ ਗੁਲਾਮੀ ਕਬੂਲ ਕਰਦਾ ਹੈ ਉਸ ਤੋਂ ਇਹ ਆਸ ਰੱਖਣੀ ਕਿ ਉਹ ਇਨਸਾਫ ਕਰ ਸਕਦਾ ਹੈ ਝੋਟਿਆਂ ਦੇ ਘਰੋਂ ਲੱਸੀ ਭਾਲਣ ਵਾਲੀ ਗੱਲ ਹੁੰਦੀ ਹੈ। ਸਰਕਾਰੀ ਤਨਖਾਹਾਂ ਤੇ ਗੁਜਾਰਾ ਕਰਨ ਵਾਲੇ ਜੱਜ ਉਨਾਂ ਚਿਰ ਹੀ ਫੈਸਲੇ ਕਰਨ ਦੀ ਤਾਕਤ ਰੱਖਦੇ ਹਨ ਜਿੰਨਾਂ ਚਿਰ ਰਾਜਸੱਤਾ ਦਾ ਨਜਦੀਕੀ ਵਿਅਕਤੀ ਇਹਨਾਂ ਦੇ ਸਾਹਮਣੇ ਨਾਂ ਹੋਵੇ। ਇਹਨਾਂ ਦਾ ਇਨਸਾਫ ਆਮ ਤੌਰ ਤੇ ਆਮ ਨਾਗਰਿਕ ਤੇ ਹੀ ਲਾਗੂ ਹੁੰਦਾਂ ਹੈ ।ਜਦ ਇਹਨਾਂ ਦੇ ਸਾਹਮਣੇ ਰਾਜਸੱਤਾ ਦੇ ਨਜਦੀਕੀ ਵਿਅਕਤੀ ਜੋ ਕਾਤਲ ,ਭ੍ਰਿਸਟਾਚਾਰੀ, ਦੰਗੇ ਕਰਵਾਉਣ ਦੇ ਜੁੰਮੇਵਾਰ  ,ਦੇਸ ਦੀ ਸੁਰੱਖਿਆ ਨੂੰ ਦਾਅ ਤੇ ਲਾਉਣ ਵਰਗੇ ਕੰਮ ਕਰਨ ਵਾਲੇ ਵੀ ਹੋਣ ਤਦ ਰਾਜਸੱਤਾ ਦੇ ਗੁਲਾਮ ਇਸ ਅਦਾਲਤੀ ਸਿਸਟਮ ਦੀ ਅਸਲੀਅਤ ਸਾਹਮਣੇ ਆ ਜਾਂਦੀ ਹੈ ਕਿਉਂਕਿ ਇਹਨਾਂ ਜੁਰਮਾਂ ਖਿਲਾਫ ਕਦੇ ਵੀ ਫੈਸਲੇ ਨਹੀਂ ਹੁੰਦੇ। ਆਮ ਗਰੀਬ ਨਿਉਟੇ ਲੋਕਾਂ ਨੂੰ ਸਖਤ ਸਜਾਵਾਂ ਦਿਵਾਕੇ ਸਰਕਾਰੀ ਅਦਾਲਤੀ ਸਿਸਟਮ ਦੀ ਟੌਅਰ ਬਣਾਕੇ ਦਿਖਾਵਾ ਕਰਨਾਂ ਰਾਜਸੱਤਾ ਲਈ ਲਾਜਮੀ ਹੁੰਦਾਂ ਹੈ। ਦੇਸ ਉੱਪਰ ਰਾਜ ਕਰਨ ਵਾਲੀ ਪਾਰਲੀਮੈਂਟ ਵਿੱਚ ਜਦ ਅਨੇਕਾਂ ਜੁਰਮਾਂ ਲਈ ਦੋਸੀ ਠਹਿਰਾਏ ਜਾ ਚੁੱਕੇ ਵਿਅਕਤੀ  ਚੋਣਾਂ ਜਿੱਤਦੇ ਹਨ ਤਦ ਇਹ ਅਦਾਲਤਾਂ ਸਾਹ ਵੀ ਨਹੀਂ ਕੱਢਦੀਆਂ।
                ਦਵਿੰਦਰਪਾਲ ਸਿੰਘ ਭੁੱਲਰ ਦੇ ਕੇਸ ਵਿੱਚ ਰਾਜਸੱਤਾ ਦੁਆਰਾ ਜੋ ਸਜਾਇ ਮੌਤ ਦਾ ਫੈਸਲਾ ਕੀਤਾ ਗਿਆ ਹੈ ਦੀ ਅਸਲੀਅਤ ਕੀ ਹੈ ਦੇਖਣ ਅਤੇ ਸੋਚਣ ਵਾਲੀ ਗੱਲ ਹੈ। ਕੀ ਭੁੱਲਰ ਕਾਤਲ ਮੰਨਿਆ ਜਾ ਸਕਦਾ ਹੈ? ਜਿਸ ਬੰਬ ਧਮਾਕੇ ਦੇ ਦੋਸ ਵਿੱਚ ਸਜਾ ਕੀਤੀ ਗਈ ਹੈ ਅਤੇ ਜਿਸ ਵਿਅਕਤੀ ਨੂੰ ਮਾਰਨ ਲਈ ਇਹ ਧਮਾਕਾ ਕੀਤਾ ਗਿਆ ਕੀ ਉਸ ਵਿਅਕਤੀ ਦੀ ਮੌਤ ਹੋਈ ਹੈ? ਕੀ ਜਿਹੜੇ ਵਿਅਕਤੀ ਮਾਰੇ ਗਏ ਹਨ ਉਹਨਾਂ ਨੂੰ ਮਾਰਨ ਦਾ ਕੋਈ ਇਰਾਦਾ ਸੀ ਜਾਂ ਉਹਨਾਂ ਨਾਲ ਇਸ ਵਿਅਕਤੀ ਦੀ ਕੋਈ ਨਿੱਜੀ ਦੁਸਮਣੀ ਸੀ? ਇਹਨਾਂ ਦੋਨਾਂ ਪਰਸਨਾਂ ਦੇ ਜਵਾਬ ਹਨ ਕਿ ਜਿਸ  ਯੂਥ ਕਾਂਗਰਸ ਦੇ ਪਰਧਾਨ ਨੂੰ ਮਾਰਨ ਲਈ ਕੀਤਾ ਗਿਆ ਉਸਦੀ ਮੌਤ ਹੀ ਨਹੀਂ ਹੋਈ। ਦੂਸਰਾ ਜਿਹੜੇ ਵਿਅਕਤੀ ਮਾਰੇ ਗਏ ਹਨ ਉਹਨਾਂ ਨੂੰ ਕਤਲ ਕਰਨ ਦਾ ਤਾਂ  ਦੋਸੀ ਦਾ ਇਰਾਦਾ ਵੀ ਸਿੱਧ ਨਹੀਂ ਹੁੰਦਾਂ । ਸੋ ਇਹ ਗੈਰ ਇਰਾਦਤਨ ਹੱਤਿਆਵਾਂ ਜਰੂਰ ਹਨ। ਇਸ ਤਰਾਂ ਦੇ ਬੰਬ ਧਮਾਕੇ ਕੋਈ ਇਕੱਲਾ ਵਿਅਕਤੀ ਕਰ ਨਹੀਂ ਸਕਦਾ ਇਸ ਤਰਾਂ ਦੀਆਂ ਸਾਜਿਸਾਂ ਪਿੱਛੇ ਇੱਕ ਸਮੂਹ ਹੁੰਦਾਂ ਹੈ ਅਤੇ ਉਹ ਸਾਰੇ ਜੁੰਮੇਵਾਰ ਹੁੰਦੇ ਹਨ ਫਿਰ ਸਜਾ ਇੱਕ ਵਿਅਕਤੀ ਨੂੰ ਕਿਉਂ? ਕਥਿੱਤ ਕਾਤਲ ਮੰਨਿਆਂ ਵਿਅਕਤੀ ਮੌਕੇ ਤੋਂ ਗਿਰਫਤਾਰ ਵੀ ਨਹੀਂ ਹੋਇਆ ਅਤੇ ਪਛਾਣ  ਵੀ ਨਹੀਂ ਹੋ ਸਕੀ।ਫਰਜੀ ਇਕਬਾਲਨਾਮੇ ਨੂੰ ਅਧਾਰ ਬਣਾਕੇ ਬਿਨਾਂ ਠੋਸ ਸਬੂਤਾਂ ੳਤੇ ਗਵਾਹੀਆਂ ਦੇ ਆਦਾਂਰ ਤੇ ਹੋਇਆ ਇਹ ਫੈਸਲਾ ਕੋਈ ਅਦਾਲਤੀ ਫੈਸਲਾ ਨਹੀਂ ਇਹ ਇੱਕ ਰਾਜਨੀਤਕ ਫੈਸਲਾ ਹੈ । ਰਾਜਨੀਤਕ ਫੇਸਲੇ ਰਾਜਨੀਤੀ ਨਾਲ ਹੀ ਹੱਲ ਹੁੰਦੇ ਹਨ ਅਦਾਲਤਾਂ ਨਾਲ ਨਹੀਂ।ਕਿਸੇ ਫੈਸਲੇ ਨੂੰ ਅਦਾਲਤੀ ਜਾਮਾ ਪਹਿਨਾ ਦੇਣ ਨਾਲ ਉਹ ਅਦਾਲਤੀ ਨਹੀਂ ਹੋ ਜਾਂਦਾ ਇਸ ਪਿੱਛੇ ਨੀਅਤ ਅਤੇ ਨੀਤੀ ਦਾ ਵਿਸਲੇਸਣ ਜਰੂਰੀ ਹੁੰਦਾਂ ਹੈ। ਸਿੱਖ ਕੌਮ ਦੇ ਕੋਲ ਨਾਂ ਧਾਰਮਿਕ ਤੌਰ ਤੇ ਅਤੇ ਨਾਂ ਹੀ ਰਾਜਨੀਤਕ ਤੌਰ ਤੇ ਦਿੱਲੀ ਦੀ ਰਾਜਸੱਤਾ ਤੋਂ ਅਜਾਦ ਗਰੁੱਪ ਨਹੀਂ ਹੈ ਜੋ ਇਸ ਤਰਾਂ ਦੇ ਕੌਮੀ ਮਸਲਿਆਂ ਨੂੰ ਉਜਾਗਰ ਕਰ ਸਕੇ ਅਤੇ ਆਪਣਾਂ ਪੱਖ ਦੁਨੀਆਂ ਅਤੇ ਅਦਾਲਤਾਂ ਦੇ ਸਾਹਮਣੇ ਰੱਖ ਸਕੇ। ਸਿੱਖ ਕੌਮ ਲਈ ਅਜਾਦੀ ਤੱਕ ਦੀਆਂ ਗੱਲਾਂ ਕਰਨ ਵਾਲੇ ਲੋਕ ਵੀ ਦਿੱਲੀ ਦੀ ਰਾਜਸੱਤਾ ਦੀ ਗੁਲਾਮੀ ਕਰਕੇ ਆਏ ਹਨ ਅਤੇ ਅੱਜ ਤੱਕ ਵੀ  ਸਰਕਾਰੀ ਭੱਤੇ ਲੈ ਰਹੇ ਹਨ ਅਤੇ ਉਹ ਹੀ ਸਿੱਖ ਕੌਮ ਦੇ ਨੰਬਰਦਾਰ ਬਣੇ ਹੋਏ ਹਨ।ਸਰਕਾਰਾਂ ਦੀ ਨੌਕਰੀਆਂ ਕਰਨ ਵਾਲੇ ਅਤੇ ਸਰਕਾਰੀ ਏਜੰਸੀਆਂ ਦੇ ਮੋਹਰਿਆਂ ਨੇ ਜਦ ਸਿੱਖ ਕੌਮ ਦੀ ਅੱਸੀਵਿਆਂ ਦੀ ਜਾਗਰੂਕਤਾ ਲਹਿਰ ਨੂੰ ਰਾਜਸੱਤਾ ਨਾਲ ਲੜਾਈ ਵਿੱਚ ਬਦਲਵਾਇਆ ਅਤੇ ਸਿੱਖ ਕੌਮ ਦਾ ਜਾਨੀ ਅਤੇ ਮਾਲੀ ਨੁਕਸਾਨ ਕਰਵਾਇਆ ਉਹ ਘਾਟਾ ਕਦੀ ਵੀ ਪੂਰਾ ਨਹੀਂ ਹੋਵੇਗਾ। ਹਿੰਦੂਆਂ , ਸਿੱਖਾਂ ਅਤੇ ਮੁਸਲਮਾਨ ਭਾਈਚਾਰੇ ਵਿੱਚ ਤਰੇੜਾਂ ਪਵਾਉਣ ਲਈ ਰਾਜਸੱਤਾ ਦੀ ਖੇਡ ਦੇ ਹਿੱਸੇਦਾਰ ਭੇਖੀ ਮੋਹਰੇ ਸਿੱਖਾਂ ਦੇ ਸਰਦਾਰੀ ਵਾਲੇ ਰੁਤਬੇ ਨੂੰ ਖਤਮ ਕਰਵਾ ਗਏ। ਕਿਸੇ ਧਾਰਮਿਕ ਕੌਮ ਉੱਪਰ ਦੂਸਰੀ ਧਾਰਮਿਕ ਕੌਮ ਕਦੇ ਵਾਰ ਨਹੀਂ ਕਰਦੀ। ਰਾਜਸੱਤਾ ਆਪਣੇ ਜੁਲਮ ਨੂੰ ਧਰਮ ਦੀ ਆੜ ਜਰੂਰ ਦਿੰਦੀ ਹੈ। ਰਾਜਸੱਤਾ ਦੇ ਜੁਲਮ ਨੂੰ ਕਿਸੇ ਕੌਮ ਦੇ ਸਿਰ ਮੂਰਖ ਅਤੇ ਅਗਿਆਨੀ ਲੋਕ ਹੀ ਲਾਉਂਦੇ ਹਨ।ਇਸ ਤਰਾਂ ਦੇ ਰਾਜਨੀਤਕ ਏਜੰਟ ਹੀ ਸਿੱਖ ਕੌਮ ਨੂੰ ਗਲਤ ਰਸਤੇ ਤੇ ਲੈਕੇ ਗਏ ਅਤੇ ਇਹ ਹੀ ਲੋਕ ਸਿੱਖ ਕੌਮ ਦੇ ਜੇਲਾਂ ਵਿੱਚ ਰੁਲਣ ਵਾਲੇ ਨੌਜਵਾਨਾਂ ਦੇ ਦੋਸੀ ਹਨ। ਇਹ ਲੋਕ ਆਪਣੀ ਦੁਕਾਨਦਾਰੀ ਚਲਾਉਣ ਲਈ ਸਿੱਖ ਕੌਮ ਦੇ ਨੌਜਵਾਨਾਂ ਨੂੰ ਬਾਲਣ ਦੀ ਭੱਠੀ ਵਿੱਚ ਰੱਖਕੇ ਆਪਣਾਂ ਸਮਾਨ ਤਿਆਰ ਕਰਦੇ ਹਨ।
            ਸਰਕਾਰੀ ਏਜੰਸੀਆਂ ਆਪਣੇ ਗੁਪਤ ਮਿਸਨਾਂ ਅਧੀਨ ਪੰਜਾਬੀਆਂ ਵਿੱਚ ਵਖਰੇਵਾਂ ਖੜਾ ਕਰਨ ਲਈ ਇਸ ਤਰਾਂ ਦੇ ਸੰਵੇਦਨ ਸੀਲ ਮੁੱਦਿਆਂ ਨੂੰ ਵਰਤਦੇ ਹਨ। ਜਿਸ ਵਕਤ ਰਹਿਮ ਦੀ ਅਪੀਲ ਰੱਦ ਕੀਤੀ ਗਈ ਤਦ ਮੀਡੀਆ ਵਿੱਚ ਸਿੱਖ ਆਗੂਆਂ ਅਤੇ ਆਮ ਲੋਕਾਂ ਵੱਲੋਂ ਖੂਬ ਪਰਚਾਰ ਖੱਟਣ ਦੀ ਕੋਸਿਸ ਕੀਤੀ ਗਈ ਪਰ ਯੋਜਨਾਬੱਧ ਕੋਈ ਕਾਰਵਾਈ ਅੱਜ ਤਕ ਨਹੀਂ ਕੀਤੀ ਗਈ। ਭੁੱਲਰ ਦੇ ਪਰੀਵਾਰ ਤੋਂ ਬਿਨਾਂ ਬਾਕੀ ਸ਼ਭ ਨੇ ਇਸ ਮੁੱਦੇ ਰਹੀਂ ਆਪਣੀ ਮਸਹੂਰੀ ਹੀ ਕੀਤੀ। ਅੱਜ ਜੇਲਾਂ ਵਿੱਚ ਰੁਲ ਰਹੇ ਸਿੱਖ ਨੌਜਵਾਨ ਗੁਰੂਆਂ ਅਤੇ ਕੁਦਰਤ ਅੱਗੇ ਅਰਜੋਈ ਕਰਨ ਤੌਂ ਬਿਨਾਂ ਕਿਸੇ ਤੋਂ ਕੋਈ ਆਸ ਨਹੀਂ ਕਰ ਸਕਦੇ। ਜੇਲਾਂ ਵਿੱਚ ਸੜ ਰਹੇ ਸਿੱਖ ਨੌਜਵਾਨ ਅੱਜ ਉਹਨਾਂ ਤੋਂ ਹੀ ਰਹਿਮ ਦੀ ਆਸ ਲਾਈ ਬੈਠੇ ਹਨ ਜਿੰਨਾਂ ਖਿਲਾਫ ਕਦੀ ਉਹਨਾਂ ਆਪਣੇ ਆਗੂਆਂ ਦੀਆਂ  ਸਰਕਾਰੀ ਚਾਲਾਂ ਵਿੱਚ ਸਾਮਲ ਹੋਕੇ ਸੰਘਰਸ ਕੀਤਾ ਸੀ। ਆਮ ਲੋਕਾਂ ਨੂੰ ਦੂਜਿਆਂ ਦੇ ਗਲ ਵੱਢ ਕੇ ਲਿਆਕੇ ਸੋਨਾ ਕਮਾਉਣ ਦੀਆਂ ਸਲਾਹਾਂ ਦੇਣ ਵਾਲੀ ਧਾਰਮਿਕ ਲੀਡਰਸਿਪ ਸਰਕਾਰੀ ਸਹੂਲਤਾਂ ਦੇ ਫਾਇਦੇ ਉਠਾ ਰਹੀ ਹੈ। ਰਾਜਸੱਤਾ ਦੀਆਂ ਬੁਰਕੀਆਂ ਤੇ ਪਲਣ ਵਾਲੇ ਧਾਰਮਿਕ ਆਗੂ ਆਪਣੇ ਪਰੀਵਾਰਕ ਵਾਰਿਸਾਂ ਨੂੰ ਸਰਕਾਰੀ ਕੁਰਸੀਆਂ ਤੇ ਬਿਠਾਈ ਜਾ ਰਹੇ ਹਨ। ਸੋ ਕੌਮ ਦੇ ਅਸਲੀ ਵਾਰਿਸਾਂ ਨੂੰ ਆਪਣੇ ਭਵਿੱਖ ਲਈ ਸੋਚਣਾਂ ਚਾਹੀਦਾ ਹੈ। ਸਿੱਖ ਕੌਮ ਨੂੰ ਦੂਜੀ ਸੰਸਾਰ ਜੰਗ ਤੋਂ ਬਚੇ ਜਪਾਨੀਆਂ ਵਾਂਗ ਮਜਬੂਤ ਇਰਾਦੇ ਨਾਲ ਪੰਜਾਬ ਨੂੰ ਆਰਥਿਕ ਤੌਰ ਤੇ ਮਜਬੂਤ ਕਰਨ ਵੱਲ ਤੁਰਨਾਂ ਚਾਹੀਦਾ ਹੈ। ਪੰਜਾਬੀਆਂ ਨੂੰ ਧਰਮ ਦੇ ਅਧਾਰ ਤੇ ਨਹੀ ਸਗੋਂ  ਪੰਜਾਬੀ ਬਣ ਕੇ ਫੈਸਲਾ ਕਰਨਾਂ ਚਾਹੀਦਾ ਹੈ।ਪੰਜਾਬ ਵਿੱਚਲੀ ਕੌਮ ਵੇਚੂ ਰਾਜਸੱਤਾ ਦੀ ਮਾਲਕ ਅਤੇ ਰਾਜਸੱਤਾ ਤੋਂ ਬਾਹਰ ਦੀ ਦੁਕਾਨਦਾਰੀ ਵਾਲੇ ਸਿਆਸਤ ਦਾਨਾਂ ਨੂੰ ਛੱਡਕੇ ਪੰਜਾਬ ਨੂੰ ਆਰਥਿਕ ਤੌਰ ਤੇ ਮਜਬੂਤ ਕਰਨ ਵਾਲੀ ਲੀਡਰਸਿੱਪ ਦੀ ਸਥਾਪਨਾ ਕਰਨੀਂ ਹੀ ਪਵੇਗੀ। ਸਿੱਖ ਕੌਮ ਦੇ ਅਖੌਤੀ ਆਗੂਆਂ ਨੂੰ ਘੱਟੋ ਘੱਟ ਆਪਣੇ ਗੁਨਾਹ ਮਾਫ ਕਰਵਾਉਣ ਲਈ ਜੇਲਾਂ ਵਿੱਚ ਬੈਠੀ ਨੌਜਵਾਨੀ ਨੂੰ ਸਮੂਹਕ ਮਾਫੀ ਦਿਵਾਉਣ ਦੀ ਕੋਈ ਕੋਸਿਸ ਕਰਕੇ  ਆਪਣੇ ਗੁਨਾਹਾਂ ਦਾ ਕੁੱਝ ਭਾਰ  ਘਟਾ ਲੈਣਾਂ ਚਾਹੀਦਾ ਹੈ।        ਗੁਰਚਰਨ ਪੱਖੋਕਲਾਂ  ਫੋਨ +919417727245

Wednesday 16 November 2011

ਜਿੰਦਗੀ ਜਿਉਣ ਵਾਲੇ ਗੁਣ ਅਤੇ ਅਸੂਲ

     
ਜਿੰਦਗੀ ਕੌਣ ਜਿਉਦੇ ਹਨ ਮੌਤ ਕੌਣ ਪੱਲੇ ਬੰਨਦੇ ਹਨ ਇਹ ਕਿਸਦੇ ਨਾਲ ਤੁਰਦੀ ਹੈ ਆਦਿ ਸਵਾਲਾਂ ਦੇ ਜਵਾਬ ਲੋਕ ਕਹਾਵਤਾਂ ਅਤੇ ਧਾਰਮਿਕ ਗਰੰਥਾਂ ਅਨੁਸਾਰ ਕੁੱਝ ਇਸ ਤਰਾਂ ਹਨ।
              ਪਹਿਲਾਂ ਮਰਣੁ ਕਬੂਲ ਕਰ ਜੀਵਨ ਕੀ ਛੱਡ ਆਸ।                      ਹੋਹੁ ਸਭਨਾਂ ਕੀ ਰੇਣੁਕਾ ਤਬ ਆਉ ਹਮਾਰੈ ਪਾਸ।
 ਐ ਮਨੁੱਖ ਜੇ ਤੂੰ ਜਿੰਦਗੀ ਜਿਉਣਾਂ ਲੋਚਦਾ ਹੈ ਪਹਿਲਾਂ ਮੌਤ ਨੂੰ ਕਬੂਲ ਕਰ ਲੈ ਦੂਜੇ ਨੰਬਰ ਤੇ ਆਪਣੇ ਆਪ ਨੂੰ ਸਭ ਦੀ ਧੂੜ ਸਮਝ ਲੈ ਭਾਵ ਦੂਸਰਿਆਂ ਨੂੰ ਉੱਚੇ ਸਿਆਣੇ ਗਿਆਨਵਾਨ ਤੇ ਆਪਣੇ ਆਪ ਨੂੰ  ਅਗਿਆਨੀ ਨੀਵਾਂ ਕਮਜੋਰ ਸਮਝ । ਜਦ ਤੇਰੇ ਕੋਲ ਇਸ ਤਰਾਂ ਦੀ ਨਿਮਰਤਾ ਆ ਜਾਵੇਗੀ ਫਿਰ ਹੀ ਤੂੰ ਕਿਸੇ ਕੋਲ ਜਾਣ ਦੇ ਯੋਗ ਹੈ । ਭਾਵ ਗੁਰੂ ਕੋਲ ,ਕੁਦਰਤ ਕੋਲ,ਜਿੰਦਗੀ ਕੋਲ ਨਿਮਰਤਾ ਅਤੇ ਮੌਤ ਨੂੰ ਪਰਵਾਨ ਕਰ ਕੇ ਪਹੁੰਚਿਆ ਜਾਵੇਗਾ।

 ਜੇ ਤਉ ਪਰੇਮ ਖੇਲਣ ਕਾ ਚਾਉ ।          ਸਿਰ ਧਰ ਤਲੀ ਗਲੀ ਮੋਰੋ ਆਉ।             ਇਤ ਮਾਰਗ ਪੈਰ ਧਰੀ ਜੈ ।         ਸਿਰ ਦੀਜੈ ਕਾਣ ਨਾਂ ਕੀਜੈ।
ਐ ਮਨੁੱਖ ਜੇ ਤੈਨੂੰ ਕਿਸੇ ਦਿਸਦੀ ਅਣਦਿਸਦੀ ਚੀਜ ਨਾਲ ਪਿਆਰ ਹੋ ਗਿਆ ਹੈ ਤਦ ਉਸਨੂੰ ਮਿਲਣ ਲਈ ਸਿਰ ਨੂੰ ਤਲੀ ਉਪਰ ਧਰ ਲੈ । ਜੇ ਪਰੇਮ ਕਰਨ ਦੇ ਰਾਹ ਪੈ ਹੀ ਗਿਆ ਹੈ ਤਦ ਸਿਰ ਦੇਣ ਦੀ ਸੋਚਣ ਤੋਂ ਬਾਦ ਮਨ ਵਿੱਚ ਕਿਸੇ ਤਰਾਂ ਦੀ ਕਮਜੋਰੀ ,ਸੰਕਾਂ ਜਾਂ ਉਲਟ ਵਿਚਾਰ ਨਾਂ ਲਿਆਈਂ।ਸੋ ਜੇ ਜਿੰਦਗੀ ਜਾਂ ਰਾਜਸੱਤਾ ਜਾਂ ਕਿਸੇ ਹੋਰ ਸੰਸਾਰਕ ਜਾਂ ਰੱਬੀ ਸੋਚ ਨਾਲ ਭਾਵ ਕਿਸੇ ਚੀਜ ਨਾਲ ਪਿਆਰ ਹੋ ਜਾਵੇ ਤਦ ਉਸਨੂੰ ਪਰਾਪਤ ਕਰਨ ਲਈ ਸਿਰ ਦੀ ਬਾਜੀ ਹੀ ਲਾਉਣੀ ਪੈਂਦੀ ਹੈ।

 ਜਿਉਣਾਂ ਹੈ ਤਾਂ ਮਰਨਾਂ ਸਿੱਖੋ ।          ਕਦਮ ਕਦਮ ਤੇ ਲੜਨਾਂ ਸਿੱਖੋ॥
 ਦੋਸਤੋ ਇਹ ਜੁਝਾਰੂ ਨਾਅਰਾ ਵੀ ਦੱਸਦਾ ਹੈ ਕਿ ਜੇ ਤੁਸੀ ਜਿੰਦਗੀ ਜਿਉਣ ਦਾ ਸੌਕ ਪਾਲ ਲਿਆ ਹੈ ਤਦ ਮਰਨਾਂ ਪਹਿਲਾਂ ਸਿੱਖ ਲੈਣਾਂ ਚਾਹੀਦਾ ਹੈ । ਜੋ ਮਰਨ ਨੂੰ ਹੀ ਅੰਤਮ ਪਰਾਪਤੀ ਅਤੇ ਸਫਲਤਾ ਮੰਨ ਲੈਂਦਾਂ ਹੈ ਉਹ ਹੀ ਜਿੰਦਗੀ ਪਰਾਪਤ ਕਰ ਸਕਦਾ ਹੈ ਕਿਉਂਕਿ ਮਰ ਜਾਣ  ਨੂੰ ਤਿਆਰ ਵਿਅਕਤੀ ਹੀ ਜਿੰਦਗੀ ਦੇ ਹਰ ਕਦਮ ਤੇ ਲੜਨ ਭਾਵ ਜੂਝਣ ਦੀ ਹਿੰਮਤ ਦਿਖਾ ਸਕਦਾ ਹੈ। ਜੋ ਵਿਅਕਤੀ ਇਸ ਸੰਸਾਰ ਵਿੱਚ ਜੂਝਣ ਦੀ ਤਾਕਤ ਨਹੀਂ ਰੱਖਦਾ ਉਸਨੂੰ ਤਾਂ ਇਹ ਸੰਸਾਰ ਖੁੱਡਾਂ ਵਿੱਚ ਵੀ ਰਹਿਣ ਨਹੀਂ ਦਿੰਦਾਂ। ਮੁਕਾਬਲਾ ਕਰਨ ਵਾਲਿਆਂ ਦੇ ਰਾਹ ਵੀ ਛੱਡ ਦਿੰਦਾਂ ਹੈ ਇਹ ਸੰਸਾਰ। ਸੋ ਇਸ ਲਈ ਹੀ ਤਾਂ ਕਿਹਾ ਜਾਂਦਾਂ ਹੈ ਇਹ ਦੁਨੀਆਂ ਨਹੀਂ ਕਮਜੋਰਾਂ ਦੀ।
    ਇਸ ਸੰਸਾਰ ਵਿੱਚ ਦੋ ਤਰਾਂ ਦੀ ਜਿੰਦਗੀ ਜਿਉਣ ਵਾਲੇ ਲੋਕ ਹੁੰਦੇ ਹਨ ਪਹਿਲੇ ਫੈਰ ਪੈਰ ਤੇ ਝੂਠ ਬੋਲਣ ਵਾਲੇ ਦੂਸਰੇ ਸੱਚ ਬੋਲਣ ਵਾਲੇ। ਸੱਚ ਬੋਲਣ ਵਾਲੇ ਹਮੇਸਾਂ ਬਹੁਤ ਘੱਟ ਹੁੰਦੇ ਹਨ। ਆਮ ਸੰਸਾਰਕ ਵਿਅਕਤੀ ਸਾਰਾ ਦਿਨ ਜਾਂ ਸਾਰੀ ਜਿੰਦਗੀ ਝੂਠ ਦੇ ਸਹਾਰੇ ਹੀ ਜਿੰਦਗੀ ਜਿਉਦਾਂ ਹੈ। ਇਸ ਝੂਠ ਬੋਲਕੇ ਗੁਜਾਰਾ ਕਰਨ ਵਾਲਿਆਂ ਨੂੰ ਹੀ ਦੁਨੀਆਂ ਕਿਹਾ ਜਾਂਦਾਂ ਹੈ।    ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ।             ਕੂੜ ਮਹਿਲ ਕੂੜ ਮਾੜੀ ਕੂੜ ਬਹਿਸਣਹਾਰ। ਕੂੜ ਰੂਪਾ ਕੂੜ ਸੋਨਾਂ ਕੂੜ ਪਹਿਨਣਹਾਰ। ਗੁਰੂ ਕਾ ਇਹ ਸਬਦ ਵੀ ਦੱਸਦਾ ਹੈ ਕਿ ਝੂਠ ਅਤੇ ਸਿਆਸਤ ਦੇ ਅਧੀਂ ਜਿਉਣ ਵਾਲੇ ਕੂੜ ਦਾ ਹੀ ਰੂਪ ਹੁੰਦੇ ਹਨ।
ਦੂਸਰੇ ਪਾਸੇ ਸੱਚ ਦੀ ਜਿੰਦਗੀ ਜਿਉਣ ਵਾਲਿਆਂ ਦੀ ਜਿੰਦਗੀ ਦੇਖਕੇ ਗੁਰੂਆਂ ਕਿਹਾ ਸੀ           ਇਹ ਜੱਗ ਸੱਚੇ ਕੀ ਕੋਠੜੀ। ਸੱਚੇ ਕਾ ਵਿੱਚ ਵਾਸ॥      ਇਸ ਸੰਸਾਰ ਵਿੱਚ ਬਹੁਤ ਘੱਟ ਲੋਕ ਸੱਚ ਬੋਲ ਕੇ ਜਿੰਦਗੀ ਜਿਉਂਦੇ ਹਨ। ਅਸਲ ਜਿੰਦਗੀ ਸੱਚ ਬੋਲਣ ਵਾਲਿਆਂ ਕੋਲ ਹੁੰਦੀ ਹੈ। ਸੰਸਾਰ ਲੋਕਾਂ ਕੋਲ ਦੁਨੀਆਂ ਦੀ ਹਰ ਵਸਤ ਹੋ ਸਕਦੀ ਹੈ ਪਰ ਸੱਚ ਨਹੀ ਜਿਵੇਂ ਔਰੰਗਜੇਬ, ਸਕੰਦਰ ,ਚੰਗੇਜ ਖਾਨ, ਹਿਟਲਰ , ਅੱਜ ਦੇ ਰਾਜਨੇਤਾ , ਵਪਾਰੀ , ਕਾਰਖਾਨੇਦਾਰ, ਸਰਕਾਰੀ ਮੁਲਾਜਮ ਆਦਿ । ਪਰ ਸੱਚੀ ਕਿਰਤ ਕਰਨ ਵਾਲੇ ਹਮੇਸਾਂ ਗਰੀਬ ਹੀ ਹੁੰਦੇ ਹਨ। ਸੱਚ ਦੀ ਸੂਲੀ ਤੇ ਜਿੰਦਗੀ ਜਿਉਣ ਵਾਲੇ ਦੁਨਿਆਵੀ ਚੀਜਾਂ ਨੂੰ ਹਾਸਲ ਕਰਨ ਦੀ ਬਹੁਤੀ ਇੱਛਾ ਵੀ ਨਹੀਂ ਰੱਖਦੇ ਹੁੰਦੇ। ਗੁਰੂ ਤੇਗ ਬਹਾਦਰ ਨੇ ਚਾਦਨੀਂ ਚੌਕ ਵਿੱਚ ਵੀ ਸੱਚ ਤੋਂ ਮੂੰਹ ਨਹੀ ਫੇਰਿਆ। ਗੁਰੂ ਅਰਜਨ ਦੇਵ ਨੇ ਤੱਤੀ ਤਵੀ ਤੇ ਵੀ ਸੱਚ ਨੂੰ ਹੰਢਾਇਆਂ। ਸੁਕਰਾਤ ਨੇ ਜਹਿਰ ਦਾ ਪਿਆਲਾ ਪੀਤਾ ਅਤੇ ਮਰਨ ਤੱਕ ਸੱਚ ਬੋਲਦਾ ਰਿਹਾ। ਅਣਗਿਣਤ ਸਹੀਦ ਸੱਚ ਦੀ ਸੂਲੀ ਤੇ ਕੁਰਬਾਨ ਹੋ ਜਾਂਦੇ ਹਨ  ਅੱਜ ਸੰਸਾਰ ਵਿੱਚ ਸੱਚ ਦੀ ਜਿੰਦਗੀ ਜਿਉਣ ਵਾਲਿਆਂ ਦੇ ਹੀ ਦੀਵੇ ਜਗਦੇ ਹਨ ।
                                              ਗੁਰਚਰਨ ਪੱਖੋਕਲਾਂ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ        
         

ਵਿਰਾਸਤ ਦੀ ਅਰਥੀ ਸਭਿਆਚਾਰ ਦੇ ਮੋਢਿਆਂ ਤੇ?


ਦੋਸਤੋ ਜਦੋਂ ਕੋਈ ਲੇਖਕ ਜਾਂ ਵਿਅਕਤੀ  ਸਭਿਆਚਾਰ ਦੀ ਦੁਹਾਈ ਦਿੰਦਾਂ ਹੈ ਕਿ ਇਹ ਵਿਗੜਦਾ ਜਾ ਰਿਹਾ ਹੈ ਤਦ ਉਹ ਵਿਰਾਸਤ ਦੇ ਰੋਣੇ ਰੋਂਦਾਂ ਹੈ। ਵਿਰਾਸਤ ਹਮੇਸਾਂ ਬੀਤੇ ਵਕਤ ਦੇ ਸਭਿਆਚਾਰ ਦੀ ਕਹਾਣੀ ਕਹਿੰਦੀ ਹੈ ।ਹਰ ਸਮੇਂ ਦਾ ਆਪਣਾ ਸਭਿਆਚਾਰ ਹੁੰਦਾਂ ਹੈ। ਸਭਿਆਚਾਰ ਕਦੀ ਮਾੜਾ ਚੰਗਾ ਨਹੀਂ ਹੁੰਦਾ ਇਹ ਤਾਂ ਵਿਅਕਤੀ ਦੀ ਸੋਚ ਹੀ ਹੁੰਦੀ ਹੈ ਜੋ ਉਸਨੂੰ ਮਾੜੇ ਅਤੇ ਚੰਗੇ ਵਿੱਚ ਵੰਡਦੀ ਹੈ। ਸਮਾਜ ਆਪਣੀਆਂ ਲੋੜਾਂ ਅਨੁਸਾਰ ਵਿਵਹਾਰ ਕਰਦਾ ਰਹਿੰਦਾਂ ਹੈ ਇਸਨੂੰ ਹੀ ਸਭਿਆਚਾਰ ਬੋਲਿਆ ਜਾਂਦਾਂ ਹੈ। ਹਰ ਇਲਾਕੇ ,ਹਰ ਦੇਸ਼ ਹਰ ਕੌਮ ,ਹਰ ਭਾਈਚਾਰੇ ਦੇ ਸਭਿਆਚਾਰ ਵਿੱਚ ਫਰਕ ਹੋਣਾਂ ਆਮ ਗੱਲ ਹੁੰਦੀ ਹੈ। ਪਰ ਫੇਰ ਵੀ ਇਸਦਾ ਰਲਵਾਂ ਮਿਲਵਾਂ ਰੂਪ ਹੀ ਸਮੂਹਕ ਸਭਿਆਚਾਰ ਦਾ ਪਰਗਟਾਵਾ  ਅਤੇ ਪਰੀਭਾਸਾਂ ਹੋ ਨਿਬੜਦਾ ਹੈ।ਸਭਿਆਚਾਰ ਦੇ ਸਾਬਦਿਕ ਅਰਥ ਹਨ ਸਭਿਅਤਾ + ਆਚਾਰ ਜਾਂ ਆਚਰਣ ਜਿਸ ਦਾ ਭਾਵ ਸਭਿਅਤਾ ਦਾ ਆਚਰਣ ਹੀ ਸਭਿਆਚਾਰ ਅਖਵਾਉਂਦਾ ਹੈ। ਸਭਿਆਂਚਾਰਕ ਹੋਣ ਦਾ ਦਾਅਵਾ ਕਰਕੇ ਕੋਈ ਚੰਗਾਂ ਹੋਣ ਦਾ ਸਰਟੀਫਿਕੇਟ ਨਹੀਂ ਪਰਾਪਤ ਕਰ ਸਕਦਾ। ਸਮਾਜ ਦਾ ਤਿਰਸਕਾਰਿਆ ਜਾਣ ਵਾਲਾ ਵਰਗ ਵੀ ਸਮਾਜ ਦਾ ਹੀ ਇੱਕ ਅੰਗ ਹੁੰਦਾਂ ਹੈ ਇਤਿਹਾਸ ਜਦ ਫੈਸਲਾ ਕਰਦਾ ਹੈ ਤਦ ਉਹ ਕਿਸੇ ਵਿਸੇਸ ਸਮੇਂ ਦੇ ਸਭਿਆਚਾਰ ਦਾ ਫੈਸਲਾ ਸਮੂਹਕ ਰੂਪ ਵਿੱਚ ਹੀ ਕਰਦਾ ਹੈ।ਵਕਤ ਇੱਕ ਇਹੋ ਜਿਹਾ ਹੁਕਮਰਾਨ ਹੁੰਦਾਂ ਹੈ ਜੋ  ਨਿੱਤ ਨਵੀਆਂ  ਚੀਜਾਂ ਵਸਤਾਂ ਅਤੇ ਭਾਵਨਾਵਾਂ ਪੈਦਾ ਕਰਦਾ ਹੈ ਅਤੇ ਪੁਰਾਣੀਆਂ ਹੋਈ ਜਾ ਰਹੀਆਂ ਨੂੰ ਖਤਮ ਕਰਦਾ ਰਹਿੰਦਾਂ ਹੈ। ਜੋ ਖਤਮ ਹੋ ਜਾਂਦਾ ਹੈ ਸਭ ਵਿਰਾਸਤ ਦਾ ਰੂਪ ਹੋ ਜਾਂਦਾਂ ਹੈ। ਜੋ ਕੁੱਝ ਨਵਾਂ ਉਪਜਦਾ ਹੈ ਸਭਿਆਚਾਰ ਦਾ ਰੂਪ ਬਣ ਜਾਂਦਾਂ ਹੈ। ਇਸ ਤਰਾਂ ਸਭਿਆਚਾਰ ਜੀਵਤ ਰੂਪ ਵਿੱਚ ਹੀ ਹੁੰਦਾਂ ਹੈ ਅਤੇ ਵਿਰਾਸਤ ਮੁਰਦਾ ਰੂਪ ਹੁੰਦੀ ਹੈ ਜਿਸਦੀਆਂ ਕੁੱਝ ਯਾਦਾਂ ਮਹਿਕ ਵੰਡਦੀਆਂ ਹਨ ਅਤੇ ਕੁੱਝ ਯਾਦਾਂ ਸੜਿਹਾਦ ਪੈਦਾ ਕਰਦੀਆਂ ਹਨ।
                           ਕਿਸੇ ਵੀ ਸਮੇਂ ਦੇ ਸਭਿਆਚਾਰ ਦੀ ਗੱਲ ਕਰੋ ਦੋਨੋਂ ਪੱਖ ਚੰਗੇ ਅਤੇ ਮਾੜੇ ਮੌਜੂਦ ਹੁੰਦੇ ਹਨ। ਪੁਰਾਣੇ ਸਮਿਆਂ ਦੀ ਵਿਰਾਸਤ ਦੱਸਦੀ ਹੈ  ਕਿ ਜਿਵੇਂ ਸ੍ਰੀ ਰਾਮ ਦੇ ਜਮਾਨੇ ਵਿੱਚ ਇੱਕ ਪਾਸੇ ਲਾਲਚਾਂ ਦੀ ਬਾਤ ਪੈਂਦੀ ਹੈ ਜਦ ਕੁਰਸੀ ਆਪਣੀ ਔਲਾਦ ਲਈ ਪੱਕੀ ਕਰਨ ਵਾਸਤੇ ਦੂਸਰੇ ਦੀ ਔਲਾਦ ਨੂੰ ਬਣਵਾਸ ਦੀ ਸਜਾ ਦਿਵਾਈ ਜਾਂਦੀ ਹੈ ਦੂਸਰੇ ਪਾਸੇ ਬਾਪ ਦੇ ਹੁਕਮ ਦੀ ਪਾਲਣਾਂ ਦੀ ਮਰਿਯਾਦਾ ਨਿਭਾਈ ਜਾਂਦੀ ਹੈ। ਇਸ ਤਰਾਂ ਹੀ ਗੁਰੂ ਕੇ ਸਹਿਬਜਾਦਿਆਂ ਦੀ ਸਹੀਦੀ ਵਕਤ ਕੋਈ ਹਾ ਦਾ ਨਾਅਰਾ ਮਾਰਦਾ ਹੈ ਕੋਈ ਬੱਚਿਆਂ ਨੂੰ ਸੱਪ ਦੀ ਔਲਾਦ ਦੇ ਖਿਤਾਬ ਦੇ ਰਿਹਾ ਹੈ। ਸੋ ਇਸ ਤਰਾਂ ਹੀ ਸਮਾਜ ਦੇ ਵਰਤਾਰੇ ਆਪੋ ਆਪਣੇ ਸਮੇਂ ਦਾ ਸਭਿਆਚਾਰ ਸਿਰਜਦੇ ਰਹਿੰਦੇ ਹਨ। ਅੱਜ ਦੇ ਸਮੇਂ ਦੇ ਰਾਜੇ ਧਰਮ ਵਿਹੂਣੇ ਹੋ ਕੇ ਲੋਕਾਂ ਨੂੰ ਲੁੱਟ ਰਹੇ ਹਨ ਅਤੇ ਦੂਸਰੇ ਪਾਸੇ ਕਿਰਤੀ ਲੋਕ ਧਰਤੀ ਦਾ ਧੌਲ ਬਲਦ ਬਣਕੇ ਸਬਰ ਦੇ ਆਸਰੇ ਆਪਣੀ ਲੁੱਟ ਕਰਵਾਕੇ ਵੀ ਦਿਨ ਕੱਟੀ ਜਾ ਰਹੇ ਹਨ।ਇੱਕ ਵਰਗ ਸੱਤ ਪੁਸਤਾਂ ਦਾ ਧਨ ਜੋੜ ਕੇ ਵੀ ਬੇਸਬਰਾ ਹੋਇਆ ਪਿਆ ਹੈ ਦੂਸਰਾ ਵਰਗ ਗਰੀਬੀ ਦੀ ਜਿੱਲਤ ਵਿੱਚ ਨਿੱਤ ਦਿਨ ਨਿੱਤ ਦੀ ਰੋਟੀ ਵਾਸਤੇ ਜੂਝਦਾ ਰਹਿੰਦਾਂ ਹੈ। ਸਰਕਾਰਾਂ ਦੇ ਯਾਰ ਅਤੇ ਰਖਵਾਲੇ ਸਰਕਾਰੀ ਮੁਲਾਜਮ ਲੋੜਾਂ ਤੋਂ ਕਿਤੇ ਵੱਧ ਤਨਖਾਹਾਂ ਲੈਕੇ ਵੀ ਆਮ ਲੋਕਾਂ ਨੂੰ ਲੁੱਟਣੋ ਨਹੀਂ ਹੱਟਦੇ ਅਤੇ ਫਿਰ ਵੀ ਨਿੱਤ ਨਵੇਂ ਤਨਖਾਹ ਕਮਿਸਨਾਂ ਦੀ ਮੰਗ ਕਰਦੇ ਹਨ ਦੂਸਰੇ ਪਾਸੇ ਕਿਰਤੀ ਵਰਗ ਨਿੱਤ ਦਿਨ ਟੈਕਸਾਂ ਅਤੇ ਮਹਿੰਗਾਈ ਦੀ ਚੱਕੀ ਵਿੱਚ ਪੀਸਿਆਂ ਜਾ ਰਿਹਾ ਹੈ। ਅੱਜ ਭਾਵੇਂ ਲੁਟੇਰਾ ਮੁਲਾਜਮ ਅਤੇ ਰਾਜਨੀਤਕ ਗੱਠਜੋੜ ਧਰਮਾਤਮਾ ਹੋਣ ਦਾ ਸਰਟੀ ਫਿਕੇਟ ਵੀ ਆਪ ਹੀ ਹਾਸਲ ਕਰੀ ਜਾ ਰਿਹਾ ਹੈ ਅਤੇ ਇਸਨੂੰ ਪੜਿਆਂ ਲਿਖਿਆਂ ਦਾ ਵਿਕਸਿਤ ਸਮਾਜ ਵਾਲੇ ਸਭਿਆਚਾਰ ਦੇ ਦਾਅਵੇ ਕਰ ਰਿਹਾ ਹੈ। ਦੋਸਤੋ ਸਮੇਂ ਅਤੇ ਇਤਿਹਾਸ ਨੇ ਜਦ ਵੀ ਇਸ ਸਮੇਂ ਦੇ ਸਭਿਆਚਾਰ ਦੀ ਬਾਤ ਪਾਵੇਗਾ ਤਦ ਉਹ ਇਸ਼ ਧਰਮਾਤਮਾ ਵਰਗ ਦੀਆਂ ਧੱਜੀਆਂ ਉਡਾਵੇਗਾ । ਅੱਜ ਦੇ ਸਮੇਂ ਨੂੰ ਹਿਟਲਰਾਂ , ਚੰਗੇਜ ਖਾਨਾਂ, ਸਿਕੰਦਰਾਂ ਤੋਂ ਵੀ ਬੁਰਾ ਗਰਦਾਨੇਗਾ। ਸੋ ਦੋਸਤੋ ਕੋਈ ਪੜ ਲਿਖ ਕੇ ਅਤੇ ਸਰਕਾਰਾਂ ਦਾ ਯਾਰ ਬਣਕੇ ਲੋਟੂ ਟੋਲਿਆਂ ਦੇ ਪੱਖ ਵਿੱਚ ਭੁਗਤ ਕੇ ਸਭਿਆਚਾਰਕ ਹੋਣ ਦੇ ਦਾਅਵੇ ਅਸਲ ਵਿੱਚ ਲੋਟੂ ਸਭਿਆਚਾਰ ਦਾ ਪਰਤੀਕ ਹੀ ਹੈ। ਲੋਕ ਪੱਖੀ ਸਭਿਆਚਾਰ ਦੇ ਵਾਰਸਾਂ ਦੀ ਪਛਾਣ ਨਿਤਾਣੇ ,ਨਿਮਾਣੇ, ਨਿਉਟਿਆਂ ਦੀ ਬਾਂਹਾਂ ਬਣਨ ਵਾਲੇ ਹੀ ਹੁੰਦੇ ਹਨ। ਸਾਡਾ ਸਭਿਆਚਾਰ ਜਦ ਵਿਰਾਸਤ ਦਾ ਰੂਪ ਹੋ ਕੇ ਇਤਿਹਾਸ ਬਣ ਜਾਵੇਗਾ ਤਦ ਹੀ ਅਸਲ ਪਤਾ ਲੱਗੇਗਾ ਕਿ ਅੱਜ ਦੇ ਸਮੇਂ ਦਾ ਸਭਿਆਚਾਰ ਕਿਹੋ ਜਿਹਾ ਸੀ।
                gurchrn pakhokalan  9417727245

Friday 11 November 2011

ਪਰਾਲੀ ਸਾੜਨਾਂ ਕਿਸਾਨ ਦਾ ਸੌਕ ਨਹੀਂ ਮਜਬੂਰੀ ਹੈ।

ਅੱਜ ਕੱਲ ਪ੍ਰਿੰਟ ਮੀਡੀਆ ਅਤੇ ਇਲੋਕਟਰੋਨਿਕ ਮੀਡੀਆ ਵਿੱਚ ਪੰਜਾਬੀ ਕਿਸਾਨ ਨੁੰ ਬਦਨਾਮ ਕਰਨ ਦੀ ਮੁਹਿੰਮ ਚੱਲੀ ਹੋਈ ਹੈ। ਪਜਾਬ ਵਿੱਚ ਅਮੀਰ ਵਰਗ ਅਤੇ ਇਸਦੇ ਸਹਿਯੋਗੀ ਮੁਲਾਜਮ ਵਰਗ ਦੇ ਲੇਖਕਾਂ ਵੱਲੋਂ ਇਸ ਵਿੱਚ ਵਧ ਚੜਕੇ ਸਮੂਲੀਅਤ ਕੀਤੀ ਜਾ ਰਹੀ ਹੈ। ਖੇਤੀਬਾੜੀ ਯੂਨੀਵਰਸਿਟੀ ਦਾ ਪਰਚਾਰਕ ਵਿੰਗ ਵੀ ਆਪਣੀ ਅਯੋਗਤਾ ਨੂੰ ਲੁਕਾਕੇ ਸਾਰਾ ਦੋਸ ਕਿਸਾਨ ਸਿਰ ਮੜਨ ਦੀ ਕੋਸਿਸ ਕਰ ਰਿਹਾ ਹੈ। ਸਰਕਾਰ ਯੂਨੀਵਰਸਿਟੀ ਦੇ ਅਯੋਗ ਅਧਿਕਾਰੀਆਂ ਦੇ ਖਿਲਾਫ ਕੋਈ ਕਦਮ ਉਠਾਉਣ ਵਿੱਚ ਅਸਮੱਰਥ ਹੈ।ਸਰਕਾਰ ਅਤੇ ਖੇਤੀਬਾੜੀ ਵਿਭਾਗ ਹਾਲੇ ਤੱਕ ਖੇਤਾਂ ਵਿੱਚ ਬੱਚਦੀ ਫਸਲਾਂ ਦੀ ਰਹਿੰਦ ਖੂੰਹਦ ਨੂੰ ਕਿਸੇ ਉਪਯੋਗ ਵਿੱਚ ਲਾਉਣ ਵਾਲੇ ਪਰੋਜੈਕਟ ਦੀ ਸੁਰੂਆਤ ਨਹੀਂ ਕਰਵਾ ਸਕੇ। ਖੇਤੀਬਾੜੀ ਵਿਭਾਗ ਵੱਲੋਂ ਅਸਫਲ ਤਕਨੀਕਾਂ ਦਾ ਪਰਚਾਰ ਕਰਕੇ ਪਿਛਲੇ ਸਾਲਾਂ ਵਿੱਚ ਕਿਸਾਨਾਂ ਦਾ ਭਾਰੀ ਨੁਕਸਾਨ ਕਰਵਾਇਆ ਗਿਆ ਜਿੰਨਾਂ ਵਿੱਚ ਹੈਪੀ ਸੀਡਰ ਅਤੇ ਰੋਟਾਵੇਟਰ ਨਾਲ ਕਣਕ ਬੀਜਣ ਦੀ ਸਿਫਾਰਸ ਕੀਤੀ ਗਈ ਹੈ।ਪਰਚਾਰ ਸਾਧਨਾਂ ਉੱਪਰ ਤਾਂ ਯੂਨੀਰਸਿਟੀ ਦੇ ਪਰਚਾਰ ਵਿਭਾਗ ਵੱਲੋਂ ਇਹਨਾਂ ਸਾਧਨਾਂ ਦੀ ਸਫਲਤਾ ਪਰਚਾਰ ਕੇ ਵਾਹ ਵਾਹ ਖੱਟ ਲਈ ਗਈ ਪਰ ਬਹੁਤੇ ਕਿਸਾਨਾਂ ਨੇ ਅੱਗੇ ਤੋਂ ਤੋਬਾ ਕਰ ਲਈ ਹੈ ਕਿਉਂਕਿ ਇਹਨਾਂ ਸਾਧਨਾਂ ਰਾਂਹੀ ਕਣਕ ਦਾ ਝਾੜ ਬਹੁਤ ਘੱਟ ਨਿਕਲਿਆ ਹੈ।ਪਹਿਲਾਂ ਦੀ ਤਰਾਂ ਹੀ ਖੇਤੀਬਾੜੀ ਵਿਭਾਗ ਲਗਾਤਾਰ ਅਸਫਲਤਾ ਦੇ ਝੰਡੇ ਗੱਡੀ ਜਾ ਰਿਹਾ ਹੈ। ਜਿਸ ਤਰਾਂ ਝੋਨਾ ਲਾਉਣ ਦੀਆਂ ਅਸਫਲ ਮਸੀਨਾਂ ਦਾ ਪਰਚਾਰ ਕਰਕੇ ਕਿਸਾਨਾਂ ਅਤੇ ਸਰਕਾਰ ਦੀ ਸਬਸਿਡੀ ਰਾਂਹੀਂ ਕਰੋੜਾਂ ਦੀ ਲੁੱਟ ਕਰਵਾਉਣ ਲਈ ਜੁੰਮੇਵਾਰ ਵਿਭਾਗ ਨੇ ਲਗਾਤਾਰ ਕਣਕ ਬੀਜਣ ਦੀਆਂ ਅਸਫਲ ਮਸੀਨਾਂ ਦਾ ਪਰਚਾਰ ਕੀਤਾ ਹੈ।ਜੀਰੋ ਡਰਿੱਲ ਮਸੀਨ ਵੀ ਉਸ ਹਾਲਤ ਵਿੱਚ ਹੀ ਕਾਮਯਾਬ ਹੈ ਜੇ ਝੋਨੇ ਦੀ ਪਰਾਲੀ ਨੂੰ ਅੱਗ ਲਾਈ ਹੋਵੇ।ਘਾਟੇ ਦੇ ਧੰਧੇ ਖੇਤੀਬਾੜੀ ਨੂੰ ਹੋਰ ਘਾਟਾ ਪਵਾਉਣ ਦੀਆਂ ਚਾਲਾਂ ਅਤਿ ਮਾੜੀਆਂ ਹਨ। ਜੇ ਸਰਕਾਰ ਨੂੰ ਅਤੇ ਸਰਕਾਰੀ ਮੁਲਾਜਮਾਂ ਨੂੰ ਪਰਦੂਸਣ ਦੀ ਜਿਆਦਾ ਹੀ ਚਿੰਤਾਂ ਹੈ ਤਾਂ ਦੋ ਹਜਾਰ ਪਰ ਏਕੜ ਪਰਾਲੀ ਇਕੱਠੀ ਕਰਨ ਲਈ ਕਿਸਾਨ ਨੂੰ ਖਰਚਾ ਸਰਕਾਰ ਦੇਵੇ ਜਾਂ ਪੰਜਾਬ ਦੇ ਮੁਲਾਜਮ ਅਤੇ ਅਮੀਰ ਵਰਗ ਦੇ ਲੋਕ ਪੰਜ ਪੰਜ ਏਕੜ ਦੀ ਪਰਾਲੀ ਇਕੱਠੀ ਕਰਵਾਉਣ ਦੀ ਲੋਕ ਸੇਵਾ ਕਰ ਲੈਣ।ਕੀ ਖੇਤੀਬਾੜੀ ਵਿਭਾਗ ਇਹੋ ਜਿਹੀ ਸਿਫਾਰਸ ਸਰਕਾਰ ਅਤੇ ਅਮੀਰ ਵਰਗ ਨੂੰ ਕਿਉਂ ਨਹੀਂ ਕਰਦਾ?
ਆਉ ਦੇਖੀਏ ਕਿ ਕਿਸਾਨ ਨੂੰ ਬਚਦਾ ਕੀ ਹੈ ਇੱਕ ਏਕੜ ਦੀ ਖੇਤੀ ਵਿੱਚੋਂ। ਬੀਹ ਲੱਖ ਦੀ ਕੀਮਤ ਦੀ ਜਮੀਨ ਜਿਸਦਾ ਬੈਂਕ ਵਿਆਜ ਵੀ ਦੋ ਲੱਖ ਸਲਾਨਾ ਹੈ ਪਰ ਕਿਸਾਨ ਪੰਦਰਾਂ ਹਜਾਰ ਦਾ ਖਰਚਾ ਕਰਕੇ 55 ਹਜਾਰ ਦੀ ਫਸਲ ਵੇਚਦਾ ਹੈ॥ ਬਾਕੀ ਬਚਦਾ 40000 ਇੱਕ ਏਕੜ ਜਮੀਨ ਦਾ ਸਲਾਨਾ ਠੇਕਾ ਬਣਦਾ ਹੈ। ਖੇਤੀ ਕਰਨ ਵਾਲੇ ਦੇ ਪੱਲੇ ਧੇਲਾ ਵੀ ਨਹੀਂ ਬਚਦਾ । ਹਾਂ ਦੇਸ਼ ਸੇਵਾ ਜਰੂਰ ਕਰੀ ਜਾਂਦਾਂ ਹੈ ਜਿਸ ਨਾਲ ਦੇਸ ਦੀ ਸਰਕਾਰ ਨੂੰ ਵਿਦੇਸੀ ਸਰਕਾਰਾਂ ਮੂਹਰੇ ਮੰਗਤੇ ਬਣਨ ਤੋਂ ਬਚਾ ਹੋ ਜਾਂਦਾਂ ਹੈ।ਪਰ ਜੇ ਇਸ ਤਰਾਂ ਹੀ ਪਰਦੂਸਣ ਦੇ ਨਾਂ ਥੱਲੇ ਕਿਸਾਨ ਨੂੰ ਜਲੀਲ ਕਰਨ ਤੋਂ ਨਹੀਂ ਹੱਟਣਾਂ ਅਤੇ ਕਿਸਾਨ ਨੂੰ ਹੋਰ ਘਾਟਾ ਪਵਾਕੇ ਕਿਸਾਨ ਤੋਂ ਖੇਤੀ ਛੁਡਾਉਣੀ ਹੈ ਤਾਂ ਜਰੂਰ ਇਹ ਭੰਡੀ ਪਰਚਾਰ ਕਰੋ। ਮੁਫਤ ਦੀ ਸੇਵਾ ਨਾਲ ਵੀ ਜੇ ਦੇਸ ਦੇ ਅਖੌਤੀ ਬੁੱਧੀਜੀਵੀ ਨੂੰ ਸਬਰ ਨਹੀਂ ਆਉਂਦਾ ਅਤੇ ਕਿਸਾਨ ਦੇ ਭਾਂਡੇ ਵਿਕਵਾਉਣੇ ਹਨ ਤਾਂ ਇੱਕ ਦਿਨ ਕਿਸਾਨ ਖੇਤੀ ਛੱਡਣ ਲਈ ਮਜਬੂਰ ਕਰ ਦਿੱਤਾ ਜਾਵੇਗਾ।
ਪਰਦੂਸਣ ਫੈਲਾਉਣ ਦਾ ਕੰਮ ਕੀ ਇਕੱਲਾ ਕਿਸਾਨ ਹੀ ਕਰਦਾ ਹੈ ਨਹੀ ਦੇਸ ਦਾ ਅਮੀਰ ਵਰਗ ਬਿਨਾਂ ਲੋੜ ਤੋਂ ਪਰਦੂਸਣ ਫੈਲਾਉਣ ਲਈ ਵੱਧ ਜੁੰਮੇਵਾਰ ਹੈ।ਅਮੀਰ ਪਰੀਵਾਰ ਦਾ ਹਰ ਮੈਂਬਰ ਕਈ ਕਈ ਕਾਰਾਂ ਅਤੇ ਬਾਈਕ ਆਦਿ ਕਿਉਂ ਰੱਖਦਾ ਹੈ।ਕਿਸਾਨ ਦੇ ਖੇਤਾਂ ਦਾ ਪਰਦੂਸਣ ਕੁੱਝ ਦਿਨਾਂ ਲਈ ਹੁੰਦਾਂ ਹੈ ਪਰ ਦੇਸ ਦੇ ਸਾਰੇ ਸਹਿਰਾਂ ਵਿੱਚ ਪਰਦੂਸਣ ਜਾਂ ਕਾਰਬਨਡਾਈ ਅਕਸਾਈਡ ਦਾ ਲੈਵਲ ਸਾਰਾ ਸਾਲ ਕਿਉਂ ਉੱਚਾ ਰਹਿੰਦਾਂ ਹੈ। ਹਰ ਅਮੀਰ ਦੇ ਘਰ ਲੱਗਿਆ ਇੱਕ ਏਸੀ ਪੰਜ ਹਾਰਸ ਪਾਵਰ ਦੇ ਇੰਜਣ ਨਾਲ ਚੱਲਣ ਵਾਲੇ ਜਨਰੇਟਰ ਦੀ ਮੰਗ ਕਰਦਾ ਹੈ ਜਿਸ ਵਿੱਚ ਬਲਦਾ ਡੀਜਲ ਕੀ ਪਰਦੂਸਣ ਨਹੀਂ ਫੈਲਾਉਂਦਾਂ? ਬਿਨ ਮਤਲਬ ਸਹਿਰਾਂ ਵਿੱਚ ਬਿਜਲੀ ਵਰਤਣ ਕਰਕੇ ਇਸ ਨੂੰ ਬਣਾਉਣ ਲਈ ਬਲਦਾ ਕੋਲਾ ਕੀ ਪਰਦੂਸਣ ਨਹੀਂ ਫੈਲਾਉਦਾਂ? ਜੇ ਪਰਦੂਸਣ ਕਿਸਾਨ ਫੈਲਾਉਂਦੇ ਹਨ ਫਿਰ ਸਹਿਰਾਂ ਵਿੱਚ ਗੰਦਗੀ ਦੀ ਬੋ ਕਿਉਂ ਆਉਂਦੀ ਹੈ ਜਦਕਿ ਪਿੰਡਾਂ ਵਿੱਚ ਸਹਿਰਾਂ ਨਾਲੋਂ ਕਿਤੇ ਵੱਧ ਸਾਫ ਹਵਾ ਹੁੰਦੀ ਹੈ।ਜੇ ਕਿਸਾਨ ਨੂੰ ਤੁਸੀਂ ਪਰਾਲੀ ਬਾਲਣ ਤੋਂ ਰੋਕਣ ਦੀ ਮੰਗ ਕਰਦੇ ਹੋ ਤਾਂ ਸਹਿਰਾਂ ਦੇ ਗੰਦ ਨੂੰ ਤੁਸੀ ਅਮੀਰ ਲੋਕ ਖੁਦ ਕਿਉਂ ਨਹੀਂ ਸਾਫ ਕਰਦੇ? ਜੇ ਸਹਿਰੀਆਂ ਦੇ ਫੈਲਾਏ ਗੰਦ ਨੂੰ ਸਾਰੇ ਲੋਕਾਂ ਦੇ ਟੈਕਸ਼ਾ ਵਿਚੋਂ ਤਨਖਾਹ ਲੈਣ ਵਾਲੇ ਸਾਫ ਕਰਦੇ ਹਨ ਤਦ ਖੇਤਾਂ ਦੀ ਰਹਿੰਦ ਖੂੰਹਦ ਨੂੰ ਸਰਕਾਰੀ ਮੁਲਾਜਮਾਂ ਤੋਂ ਸਾਫ ਕਿਉਂ ਨਹੀਂ ਕਰਵਾਇਆ ਜਾ ਸਕਦਾ ਜਾਂ ਫਿਰ ਕਿਸਾਨ ਨੂੰ ਇਸ ਕੰਮ ਦੀ ਮਜਦੂਰੀ ਬਰਾਬਰ ਬੋਨਸ ਦਿੱਤਾ ਜਾਵੇ।
ਇਸ ਤਰਾਂ ਦੀ ਵਿਦਵਤਾਤੋਂ ਬਚਿਆ ਜਾਣਾਂ ਚਾਹੀਦਾ ਹੈ ਜਿਸ ਨਾਲ ਭਾਰਤ ਦੇਸ ਮੰਗਤਾ ਬਣਨ ਦੇ ਰਾਹ ਪੈ ਜਾਦਾਂ ਹੈ।
ਅਸਲ ਵਿੱਚ ਖੇਤੀਬਾੜੀ ਵਿਭਾਗ ੳਤੇ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀਆਂ ਵਿਗਿਆਨੀਆਂ ਨੂੰ ਖੇਤਾਂ ਵਿੱਚ ਬਚਦੀ ਰਹਿੰਦ ਖੂੰਹਦ ਨੂੰ ਵਰਤਣ ਦੀਆਂ ਤਕਨੀਕਾਂ ਬਾਰੇ ਖੋਜ ਕਰਨ ਲਈ ਹੁਕਮ ਦਿੱਤਾ ਜਾਵੇ।ਪਰਾਲੀ ਨੂੰ ਬਾਲਣਾਂ ਹੀ ਪੈਣਾਂ ਹੈ ਚਾਹੇ ਖੇਤਾਂ ਵਿੱਚ ਸਾੜ ਲਉ ਜਾਂ ਉਦਯੋਗਾਂ ਵਿੱਚ ਇਸ ਲਈ ਪਹਿਲ ਸਰਕਾਰ ਨੇ ਕਰਨੀਂ ਹੈ ਕਿਸਾਨ ਨੇ ਨਹੀਂ। ਜਦ ਇਸ ਰਹਿੰਦ ਖੂੰਹਦ ਨੂੰ ਵਰਤਣ ਵਾਲੇ ਉਦਯੋਗ ਹੋਣਗੇ ਤਦ ਕਿਸਾਨ ਇਸਨੂੰ ਵੇਚਣ ਦੀ ਪਹਿਲ ਖੁਦ ਹੀ ਕਰ ਲਵੇਗਾ। ਸੋ ਬੁੱਧੀਜੀਵੀ ਵਰਗ ਜੀ ਆਪਣੀ ਬੁੱਧੀ ਦਾ ਪਰਯੋਗ ਸਰਕਾਰ ਨੂੰ ਮੱਤ ਦੇਣ ਲਈ ਕਰੋ ਨਾਂ ਕਿ ਕਿਸਾਨ ਨੂੰ ਬਦਨਾਮ ਕਰਨ ਲਈ। ਇਸ ਦੇਸ ਦਾ ਸਭ ਤੋ ਵੱਡਾ ਹਿਤੈਸੀ ਕਿਸਾਨ ਹੈ ਅਖੌਤੀ ਅਮੀਰ ਲੇਖਕ ਵਰਗ ਨਹੀਂ। ਦੇਸ ਕਿਸਾਨਾਂ ਦੀ ਮਿਹਨਤ ਕਾਰਨ ਰੋਟੀ ਖਾਦਾਂ ਹੈ ਅਮੀਰ ਵਰਗ ਦੀ ਲੁੱਟ ਕਾਰਨ ਨਹੀਂ।
ਗੁਰਚਰਨ ਪੱਖੋਕਲਾਂ 9417727245

Monday 7 November 2011

ਖਾਲਸੇ ਅਤੇ ਸਿੱਖ ਦੀ ਨਵੀਂ ਪ੍ਰੀਭਾਸਾ ?


                     ਸਮਾਂ ਇੱਕ ਇਹੋ ਜਿਹੀ ਬਲਵਾਨ ਅਦ੍ਰਿਸ਼ ਸਕਤੀ ਹੈ ਜੋ ਦੁਨੀਆਂ ਦੀ ਹਰ ਦਿਸਦੀ ਅਣਦਿਸਦੀ ਵਸਤੂ ਨੂੰ ਬਦਲ ਦਿੰਦਾਂ ਹੈ। ਸਮੇਂ ਦੇ ਨਾਲ ਹਰ ਵਿਚਾਰਾਂ ਅਤੇ ਵਰਤਾਰਿਆਂ ਦੀਆਂ ਪ੍ਰੀਭਾਂਸਾਵਾਂ  ਭੀ ਬਦਲ ਜਾਂਦੀਆਂ ਹਨ।ਦਸ ਗੁਰੂਆਂ ਦੁਆਰਾ ਪੰਜਾਬ ਵਿੱਚ ਇੱਕ ਨਵੀ ਜੀਵਨ ਜਾਚ ਦਿੱਤੀ ਗਈ ਜੋ ਫਲਸਫੇ ਅਤੇ ਜੀਵਨ ਜਾਚ ਤੋਂ ਸਮੇਂ ਨਾਲ ਰਾਜਸੱਤਾ ਦੁਆਰਾ ਆਪਣੇ ਹਿੱਤਾਂ ਲਈ ਇੱਕ ਵਿਸੇਸ ਇਲਾਕੇ ਦੇ ਵਿੱਚ ਸਮਾਜਿਕ ਧਾਰਮਿਕ ਪਾਰਟੀ ਵਾਂਗ ਬਣਾਕੇ ਤੋੜ ਮਰੋੜ ਦਿੱਤੀ ਗਈ। ਜੋ ਸਿੱਖ ਫਲਸਫਾ ਸਾਰੀ ਦੁਨੀਆਂ ਉੱਪਰ ਫੈਲਣਾਂ ਸੀ ਸਵਾਰਥੀ ਰਾਜਸੱਤਾ ਅਤੇ ਕਚਘਰੜ ਰਾਜਸੱਤਾ ਦੇ ਗੁਲਾਮ ਪਰਚਾਰਕਾਂ ਕਾਰਣ ਸਿਰਫ ਭਾਰਤੀ ਪੰਜਾਬ ਤੱਕ ਸੀਮਤ ਕਰ ਦਿੱਤਾ ਗਿਆ। ਹਰ ਸਿੱਖਣ ਵਾਲੇ ਮਨੁੱਖ ਨੂੰ ਬ੍ਰਹਿਮੰਡੀ ਗਿਆਨ ਦੇਣ ਵਾਲਾ ਇਹ ਫਲਸਫਾ ਇੱਕ ਵਿਸੇਸ ਖਿੱਤੇ ਦਾ ਧਰਮ ਬਣਾ ਦਿੱਤਾ ਗਿਆ। ਗੁਰੂ ਗੋਬਿੰਦ ਰਾਏ ਨੇ ਬਚਪਨ ਵਿੱਚ ਹੀ ਇੱਕ ਕੌਤਕ ਕਰਦਿਆਂ ਧਾਰਮਿਕ ਤੌਰ ਤੇ ਹਿੰਦੂ ਮੁਸਲਮਾਨ ਬਣਾਉਣ ਦੀ ਥਾਂ ਏਕਤਾ ਵਾਲਾ ਇੱਕ ਸਮਾਜ ਬਣਾਉਣ ਵੱਲ ਇਸਾਰਾ ਕਰ ਦਿੱਤਾ ਸੀ। ਇਸ ਸਮਾਜ ਵਿੱਚ ਆਦਮ ਜਾਤ ਨੇ ਹਿੰਦੂ ਮੁਸਲਮਾਨ ਬਣ ਕੇ ਨਹੀ ਇਨਸਾਨ ਬਣਨਾਂ ਸੀ। ਗੁਰੂ ਗੋਬਿੰਦ ਰਾਏ ਨੇ ਆਪਣੇ ਆਪ ਨੂੰ ਗੋਬਿੰਦ ਸਿੰਘ ਬਣਨ ਸਮੇਂ ਅਤੇ ਬਾਅਦ ਵਿੱਚ ਵੀ ਮਾਨਸ  ਕੀ ਜਾਤ ਏਕੋ ਪਹਿਚਾਨਬੋ ਦਾ ਨਾਅਰਾ ਬੁਲੰਦ ਕਰਿਆ। ਰਾਜਸੱਤਾ ਭਾਵੇਂ ਹਿੰਦੂ ਪਹਾੜੀ ਰਾਜਿਆਂ ਦੀ ਸੀ ਜਾਂ ਦਿੱਲੀ ਤੋਂ ਸਰਹੰਦ ਤੱਕ ਦੇ ਮੁਗਲਾਂ ਦੀ ਸੀ ਲੋਕਾਂ ਨੂੰ ਇਕੱਠੇ ਰਹਿਣ ਦੀ ਆਗਿਆ ਕਿਵੇਂ ਦੇ ਸਕਦੀ ਸੀ ਕਿਉਂਕਿ ਰਾਜਸੱਤਾ ਨੂੰ ਤਾਂ ਹਮੇਸਾਂ ਲੋਕ ਲੜਦੇ ਹੀ ਚੰਗੇ ਲੱਗਦੇ ਸਨ। ਸਮਾਜ ਇਕੱਠਾ ਰੱਖਣਾਂ ਤਾਂ ਹਮੇਸਾਂ ਧਰਮ ਨਿਭਾਉਣ ਵਾਲੇ ਪੁਰਸਾਂ ਨੂੰ ਹੀ ਚੰਗਾਂ ਲੱਗਦਾ ਹੈ ਰਾਜਸੱਤਾ ਨੂੰ ਨਹੀਂ। ਗੁਰੂ ਗੋਬਿੰਦ ਸਿੰਘ ਨੂੰ ਹਿੰਦੂ ਪਹਾੜੀ ਰਾਜਿਆਂ ਅਤੇ ਮੁਗਲ ਸਲਤੱਨਤ ਨੇ ਪੂਰੇ ਜੋਰ ਨਾਲ ਦਬਾਉਣ ਦੀ ਕੋਸਿਸ ਕੀਤੀ। ਗੁਰੂ ਗੋਬਿੰਦ ਰਾਏ ਨੂੰ ਬਚਪਨ ਵਿੱਚ ਹੀ ਆਪਣੇ ਬਾਪ ਗੁਰੂ ਤੇਗ ਬਹਾਦਰ ਦੇ ਤਲਵਾਰ ਨਾਲ ਕੱਟੇ ਹੋਏ ਸੀਸ ਨੂੰ ਆਪਣੀ ਝੋਲੀ ਵਿੱਚ ਦੇਖਣਾਂ ਪਿਆ ।ਇਹੋ ਜਿਹੇ ਵਰਤਾਰੇ ਆਮ ਮਨੁੱਖ ਨੂੰ ਤਾਂ ਤੋੜ ਕੇ ਰੱਖ ਦਿੰਦੇ ਹਨ ਪਰ ਗੁਰੂ ਜੀ ਰੱਬੀ ਤਾਕਤਾਂ ਨਾਲ ਭਰੇ ਹੋਏ ਇੱਕ ਮਜਬੂਤ ਦ੍ਰਿੜ ਇਰਾਦੇ ਵਾਲੇ ਦਲੇਰ ਇਨਸਾਨ ਸਨ ਜਿੰਨਾਂ ਜਾਲਮ ਰਾਜਸੱਤਾ ਦੇ ਭਾਣੇ ਦਾ ਚੈਲੰਜ ਸਵਿਕਾਰ ਕੀਤਾ। ਇਸ ਵਰਤਾਰੇ ਦਾ ਸਦਾ ਲਈ ਅੰਤ ਕਰਨ ਵਸਤੇ ਇਸ ਜਬਰ ਨੂੰ ਸਹਿ ਲਿਆ ਅਤੇ ਭਵਿੱਖ ਵਾਸਤੇ ਨੀਤੀ ਬਣਾਈ। ਇਸ ਨੀਤੀ ਵਿੱਚੋਂ ਇੱਕ ਇਹੋ ਜਿਹੇ ਸਮਾਜ ਦੀ ਨੀਂਹ ਰੱਖੀ ਜਾਣੀ ਸੀ ਜਿਸ ਵਿੱਚ ਰਾਜਸੱਤਾ ਮਜਬੂਰ ਲੋਕਾਂ ਤੇ ਜੁਲਮ ਨਾਂ ਕਰ ਸਕੇ ਅਤੇ ਲੋਕ ਵੀ ਜਲਾਲਤ ਦੀ ਜਿੰਦਗੀ ਜਿਉਣ ਦੀੌ ਬਜਾਇ ਅਣਖ ਅਤੇ ਇੱਜਤ ਦੀ ਜਿੰਦਗੀ ਜਿਉਣ ਨੂੰ ਪਹਿਲ ਦੇਣ।
                      ਪੁਰਾਤਨ ਸਮਿਆਂ ਵਿੱਚ ਜਿਸ ਕੋਲ ਹਥਿਆਂਰਬੰਦ ਅਤੇ ਲੋਕਾਂ ਦੀ ਤਾਕਤ ਹੁੰਦੀ ਸੀ ਉਹ ਹੀ ਰਾਜਸੱਤਾ ਦਾ ਮਾਲਕ ਹੁੰਦਾ ਸੀ। ਰਾਜਸੱਤਾ ਨੂੰ ਸਾਫ ਸੁੱਥਰੇ ਅਤੇ ਪਾਕ ਪਵਿੱਤਰ ਹੱਥਾਂ ਵਿੱਚ ਦੇਣ ਲਈ ਫੌਜ ਦੀ ਜਰੂਰਤ ਸੀ।ਗੁਰੂ ਜੀ ਨੇ ਬਹੁਤ ਹੀ ਦੂਰ ਦ੍ਰਿਸਟੀ ਅਤੇ ਗੰਭੀਰ ਸੋਚ ਵਿਚਾਰ ਤੋਂ ਬਾਅਦ ਰੱਬੀ ਤਾਕਤ ਤੇ ਭਰੋਸਾ ਕਰਦਿਆਂ ਬਹਾਦਰ ਅਤੇ ਦਲੇਰ ਲੋਕਾਂ ਦਾ ਇੱਕ ਇਹੋ ਜਿਹਾ ਫੌਜੀ ਸੰਗਠਨ ਬਣਾਇਆ ਜੋ ਖਾਲਸੇ ਦੇ ਰੂਪ ਵਿੱਚ ਸਾਹਮਣੇ ਆਇਆ।ਸਮੁੱਚੇ ਹਿੰਦੋਸਤਾਨ ਵਿੱਚੋਂ ਲੋਕਾਂ ਨੂੰ ਸੱਦੇ ਦੇਕੇ ਬੁਲਾਇਆ ਗਿਆ ਜਿਸ ਵਿੱਚੋਂ ਇੱਕ ਕੌਤਕ ਕਰਦਿਆਂ ਪੰਜ ਸਿਰਾਂ ਦੀ ਮੰਗ ਕੀਤੀ ਗਈ। ਆਮ ਲੋਕਾਂ ਵਿੱਚੋਂ ਪੰਜ ਬਹਾਦਰ ਇਨਸਾਨਾਂ ਨੇ ਸਿਰ ਦੇਣਾਂ ਮਨਜੂਰ ਕੀਤਾ। ਜਿੰਨਾਂ ਮਨੁੱਖਾਂ ਨੇ ਗੁਰੂ ਸੋਚ ਅਧੀਨ  ਆਪਣਾਂ ਸਿਰ ਦਿੱਤਾ ਉਹਨਾਂ ਨੂੰ ਗੁਰੂ ਨੇ ਖਾਲਸਾ ਹੋਣ ਦਾ ਵਰ  ਦਿੱਤਾ।ਇਸ ਤੋਂ ਬਾਦ ਉਹਨਾਂ ਲਈ ਪਿਛਲੀਆਂ ਜੀਵਨ ਰਹਿਤ ਦੀਆਂ ਪੰਜ ਚੀਜਾਂ ਵਾਪਸ ਲਈਆਂ ਅਤੇ ਪੰਜ ਨਵੀਆਂ ਰਹਿਤਾਂ ਬਖਸੀਆਂ। ਪੰਜ ਵਾਪਸ ਲਈਆਂ ਜਾਤ ,ਗੋਤ, ਧਰਮ , ਮਾਂ ਬਾਪ ਅਤੇ ਸਿਰ ਗੁਰੂ ਨੂੰ ਦੇਣਾਂ ਮਨਜੂਰ ਕਰਵਾਇਆ । ਪੰਜ ਕਕਾਰ ਬਖਸੇ ਕੰਘਾ ਕੇਸ਼, ਕੜਾ,ਕਛਿਹਰਾ ਅਤੇ ਕਿਰਪਾਨ।  ਸਮੇਂ ਨਾਲ ਸਭ ਕੁੱਝ ਧੁੰਦਲਾ ਪੈਂਦਾ ਗਿਆ ਰਾਜਸੱਤਾ ਆਪਣੇ ਹਿੱਤਾਂ ਅਨੁਸਾਰ ਗੁਰੂ ਸੋਚ ਨੂੰ ਪੁੱਠਾ ਗੇੜ ਦਿੰਦੀ ਰਹੀ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਹਿੱਤਾਂ ਅਨੁਸਾਰ ਪਰੀਵਾਰਕ ਰਾਜ ਨੰ ਖਾਲਸਾ ਰਾਜ ਦਾ ਨਾਂ ਦੇਕੇ ਗਲਤ ਰਵਾਇਤ ਤੋਰੀ ਜੋ ਅੱਗੇ ਜਾਕੇ ਅੰਗਰੇਜਾਂ ਨੇ ਇਸਨੂੰ ਹੋਰ ਅੱਗੇ ਤੋਰਿਆ।ਅੰਗਰੇਜਾਂ ਤੋਂ ਬਾਦ ਵੀ ਇਹ ਸਿਲਸਿਲਾ ਚੱਲਦਾ ਰਿਹਾ ਜਿਸ ਵਿੱਚ ਦਿੱਲੀ ਦੀ ਹਕੂਮਤ ਅਤੇ ਪੰਜਾਬ ਦੀ ਸਿਆਸਤ ਨੇ ਪੂਰੇ ਜੋਰ ਸੋਰ ਨਾਲ ਹਿੱਸਾ ਪਾਇਆ। ਗੁਰੂ ਦੀ ਗੋਲਕ ਗਰੀਬ ਦਾ ਮੂੰਹ ਨਾਂ ਰਹਿਣ ਦਿੱਤਾ ਗਿਆ ਬੜੀ ਚਲਾਕੀ ਨਾਲ ਗੁਰਦੁਆਰਿਆਂ ਵਿੱਚ ਰਖਵਾਈ ਗਈ ਸਿਆਸਤਦਾਨਾਂ ਦੀ ਲੋਹੇ ਦੀ ਗੋਲਕ ਹੀ ਗੁਰੂ ਦੀ ਗੋਲਕ ਬਣਾ ਦਿੱਤੀ ਗਈ। ਇਸ ਲੋਹੇ ਦੀ ਗੋਲਕ ਨੂੰ ਆਪਣੇ ਕਬਜੇ ਹੇਠ ਰੱਖਣ ਲਈ ਵੋਟਤੰਤਰ ਨਾਂ ਦੀ ਖੇਡ ਸਥਾਪਤ ਕਰ ਦਿੱਤੀ ਗਈ । ਵੋਟਤੰਤਰ ਦੀ ਸਿਆਸਤ ਨੂੰ ਸਿਰਫ ਸਿਆਸਤ ਹੀ ਸਮਝਦੀ ਹੈ ਅਤੇ ਧਾਰਮਿਕ ਵਿਅਕਤੀ ਸਿਆਸਤ ਦਾਨਾਂ ਵਾਲੀ ਸੋਚ ਕਦੇ ਵੀ ਵਰਤ ਨਹੀਂ ਸਕਦੇ । ਇਸ ਤਰਾਂ ਸਿੱਖ  ਕੌਮ ਦੇ ਕੇਸ਼ ਸਿਆਸਤ ਦਾਨਾਂ ਦੇ ਹੱਥ ਆ ਗਏ ਹਨ। ਇਹ ਸਿਆਸਤ ਦਾਨਾਂ ਨੇ ਹੀ ਖਾਲਸੇ ਦੀ ਫੌਜੀ ਰਵਾਇਤ ਨੂੰ ਸਧਾਰਣ ਜੀਵਨ ਜਾਚ ਵਿੱਚ ਬਦਲ ਕੇ ਖਾਲਸੇ ਦੀ ਜੰਗੀ ਰਵਾਇਤ ਤੋੜ ਦਿੱਤੀ ਹੈ। ਅੱਜ ਦੀ ਰਾਜਸੱਤਾ ਲੋਕਤੰਤਰੀ ਰਵਾਇਤ ਦੇ ਭਰਮ ਭੁਲੇਖੇ ਦੇ ਥੱਲੇ ਅੱਤ ਨੀਚ ਜਾਲਮ ਦਾ ਰੂਪ ਲੁਕੋਈ ਰੱਖਦੀ ਹੈ। ਆਧੁਨਿਕਤਾ ਦੇ ਨਾਂ ਥੱਲੇ ਧਾਰਮਿਕ ਰੁਚੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੱਤਾ ਗਿਆ ਹੈ। ਸਿਆਸਤ ਦੇ ਗੁਲਾਮ ਬਨਾਰਸ ਦੇ ਠੱਗਾਂ ਦਾ ਹੜ ਲਿਆ ਦਿੱਤਾ ਗਿਆ ਹੈ। ਸੱਚ ਦੇ ਪੁਜਾਰੀ ਲੋਕ ਨਾਸਤਿਕਤਾ ਦੇ ਨਾਂ ਥੱਲੇ ਜੇਲਾਂ ਅਤੇ ਮੌਤ ਦੇ ਰਾਹ ਤੋਰੇ ਜਾ ਰਹੇ ਹਨ। ਸੋ ਹਕੂਮਤ  ਅਤੇ ਇਸਦੇ ਗੁਲਾਮ ਪਰਚਾਰਕ ਖਾਲਸੇ ਅਤੇ ਸਿੱਖ ਦੀ ਪਰੀਭਾਸਾ ਰਲਗੱਡ ਕਰ ਰਹੇ ਹਨ। ਅਦਾਲਤੀ ਫੈਸਲੇ ਸਿੱਖ ਅਤੇ ਖਾਲਸੇ ਅਤੇ ਗੁਰੂ ਗਰੰਥ ਬਾਰੇ ਅਦਾਲਤੀ ਮੋਹਰਾਂ ਲਾ ਰਹੇ ਹਨ। ਕਾਨੂੰਨ ਦੀਆਂ ਧਮਕੀਆਂ ਨਾਲ ਗੁਰੂਗਰੰਥ ਛਾਪਣ ਦੇ ਹੱਕ ਸਿਰਫ ਸਿਆਸਤ ਦਾਨ ਆਪਣੇ ਲਈ  ਰਿਜਰਵ ਕਰੀ ਜਾ ਰਹੇ ਹਨ।ਇਸ ਤਰਾਂ ਦੇ ਸਮੇਂ ਵਿੱਚ ਖਾਲਸੇ ਅਤੇ ਸਿੱਖ ਦੀ ਗੁਰੂਆਂ ਵਾਲੀ ਪਰੀਭਾਸਾ ਕਦੀ ਵੀ ਲਾਗੂ ਨਹੀਂ ਹੋਵੇਗੀ। ਸਿੱਖ ਨੂੰ ਖਾਲਸਾ ਅਤੇ ਖਾਲਸੇ ਨੂੰ ਸਿੱਖ ਬਣਾਇਆ ਜਾਂਦਾ ਰਹੇਗਾ।