Friday, 11 November 2011

ਪਰਾਲੀ ਸਾੜਨਾਂ ਕਿਸਾਨ ਦਾ ਸੌਕ ਨਹੀਂ ਮਜਬੂਰੀ ਹੈ।

ਅੱਜ ਕੱਲ ਪ੍ਰਿੰਟ ਮੀਡੀਆ ਅਤੇ ਇਲੋਕਟਰੋਨਿਕ ਮੀਡੀਆ ਵਿੱਚ ਪੰਜਾਬੀ ਕਿਸਾਨ ਨੁੰ ਬਦਨਾਮ ਕਰਨ ਦੀ ਮੁਹਿੰਮ ਚੱਲੀ ਹੋਈ ਹੈ। ਪਜਾਬ ਵਿੱਚ ਅਮੀਰ ਵਰਗ ਅਤੇ ਇਸਦੇ ਸਹਿਯੋਗੀ ਮੁਲਾਜਮ ਵਰਗ ਦੇ ਲੇਖਕਾਂ ਵੱਲੋਂ ਇਸ ਵਿੱਚ ਵਧ ਚੜਕੇ ਸਮੂਲੀਅਤ ਕੀਤੀ ਜਾ ਰਹੀ ਹੈ। ਖੇਤੀਬਾੜੀ ਯੂਨੀਵਰਸਿਟੀ ਦਾ ਪਰਚਾਰਕ ਵਿੰਗ ਵੀ ਆਪਣੀ ਅਯੋਗਤਾ ਨੂੰ ਲੁਕਾਕੇ ਸਾਰਾ ਦੋਸ ਕਿਸਾਨ ਸਿਰ ਮੜਨ ਦੀ ਕੋਸਿਸ ਕਰ ਰਿਹਾ ਹੈ। ਸਰਕਾਰ ਯੂਨੀਵਰਸਿਟੀ ਦੇ ਅਯੋਗ ਅਧਿਕਾਰੀਆਂ ਦੇ ਖਿਲਾਫ ਕੋਈ ਕਦਮ ਉਠਾਉਣ ਵਿੱਚ ਅਸਮੱਰਥ ਹੈ।ਸਰਕਾਰ ਅਤੇ ਖੇਤੀਬਾੜੀ ਵਿਭਾਗ ਹਾਲੇ ਤੱਕ ਖੇਤਾਂ ਵਿੱਚ ਬੱਚਦੀ ਫਸਲਾਂ ਦੀ ਰਹਿੰਦ ਖੂੰਹਦ ਨੂੰ ਕਿਸੇ ਉਪਯੋਗ ਵਿੱਚ ਲਾਉਣ ਵਾਲੇ ਪਰੋਜੈਕਟ ਦੀ ਸੁਰੂਆਤ ਨਹੀਂ ਕਰਵਾ ਸਕੇ। ਖੇਤੀਬਾੜੀ ਵਿਭਾਗ ਵੱਲੋਂ ਅਸਫਲ ਤਕਨੀਕਾਂ ਦਾ ਪਰਚਾਰ ਕਰਕੇ ਪਿਛਲੇ ਸਾਲਾਂ ਵਿੱਚ ਕਿਸਾਨਾਂ ਦਾ ਭਾਰੀ ਨੁਕਸਾਨ ਕਰਵਾਇਆ ਗਿਆ ਜਿੰਨਾਂ ਵਿੱਚ ਹੈਪੀ ਸੀਡਰ ਅਤੇ ਰੋਟਾਵੇਟਰ ਨਾਲ ਕਣਕ ਬੀਜਣ ਦੀ ਸਿਫਾਰਸ ਕੀਤੀ ਗਈ ਹੈ।ਪਰਚਾਰ ਸਾਧਨਾਂ ਉੱਪਰ ਤਾਂ ਯੂਨੀਰਸਿਟੀ ਦੇ ਪਰਚਾਰ ਵਿਭਾਗ ਵੱਲੋਂ ਇਹਨਾਂ ਸਾਧਨਾਂ ਦੀ ਸਫਲਤਾ ਪਰਚਾਰ ਕੇ ਵਾਹ ਵਾਹ ਖੱਟ ਲਈ ਗਈ ਪਰ ਬਹੁਤੇ ਕਿਸਾਨਾਂ ਨੇ ਅੱਗੇ ਤੋਂ ਤੋਬਾ ਕਰ ਲਈ ਹੈ ਕਿਉਂਕਿ ਇਹਨਾਂ ਸਾਧਨਾਂ ਰਾਂਹੀ ਕਣਕ ਦਾ ਝਾੜ ਬਹੁਤ ਘੱਟ ਨਿਕਲਿਆ ਹੈ।ਪਹਿਲਾਂ ਦੀ ਤਰਾਂ ਹੀ ਖੇਤੀਬਾੜੀ ਵਿਭਾਗ ਲਗਾਤਾਰ ਅਸਫਲਤਾ ਦੇ ਝੰਡੇ ਗੱਡੀ ਜਾ ਰਿਹਾ ਹੈ। ਜਿਸ ਤਰਾਂ ਝੋਨਾ ਲਾਉਣ ਦੀਆਂ ਅਸਫਲ ਮਸੀਨਾਂ ਦਾ ਪਰਚਾਰ ਕਰਕੇ ਕਿਸਾਨਾਂ ਅਤੇ ਸਰਕਾਰ ਦੀ ਸਬਸਿਡੀ ਰਾਂਹੀਂ ਕਰੋੜਾਂ ਦੀ ਲੁੱਟ ਕਰਵਾਉਣ ਲਈ ਜੁੰਮੇਵਾਰ ਵਿਭਾਗ ਨੇ ਲਗਾਤਾਰ ਕਣਕ ਬੀਜਣ ਦੀਆਂ ਅਸਫਲ ਮਸੀਨਾਂ ਦਾ ਪਰਚਾਰ ਕੀਤਾ ਹੈ।ਜੀਰੋ ਡਰਿੱਲ ਮਸੀਨ ਵੀ ਉਸ ਹਾਲਤ ਵਿੱਚ ਹੀ ਕਾਮਯਾਬ ਹੈ ਜੇ ਝੋਨੇ ਦੀ ਪਰਾਲੀ ਨੂੰ ਅੱਗ ਲਾਈ ਹੋਵੇ।ਘਾਟੇ ਦੇ ਧੰਧੇ ਖੇਤੀਬਾੜੀ ਨੂੰ ਹੋਰ ਘਾਟਾ ਪਵਾਉਣ ਦੀਆਂ ਚਾਲਾਂ ਅਤਿ ਮਾੜੀਆਂ ਹਨ। ਜੇ ਸਰਕਾਰ ਨੂੰ ਅਤੇ ਸਰਕਾਰੀ ਮੁਲਾਜਮਾਂ ਨੂੰ ਪਰਦੂਸਣ ਦੀ ਜਿਆਦਾ ਹੀ ਚਿੰਤਾਂ ਹੈ ਤਾਂ ਦੋ ਹਜਾਰ ਪਰ ਏਕੜ ਪਰਾਲੀ ਇਕੱਠੀ ਕਰਨ ਲਈ ਕਿਸਾਨ ਨੂੰ ਖਰਚਾ ਸਰਕਾਰ ਦੇਵੇ ਜਾਂ ਪੰਜਾਬ ਦੇ ਮੁਲਾਜਮ ਅਤੇ ਅਮੀਰ ਵਰਗ ਦੇ ਲੋਕ ਪੰਜ ਪੰਜ ਏਕੜ ਦੀ ਪਰਾਲੀ ਇਕੱਠੀ ਕਰਵਾਉਣ ਦੀ ਲੋਕ ਸੇਵਾ ਕਰ ਲੈਣ।ਕੀ ਖੇਤੀਬਾੜੀ ਵਿਭਾਗ ਇਹੋ ਜਿਹੀ ਸਿਫਾਰਸ ਸਰਕਾਰ ਅਤੇ ਅਮੀਰ ਵਰਗ ਨੂੰ ਕਿਉਂ ਨਹੀਂ ਕਰਦਾ?
ਆਉ ਦੇਖੀਏ ਕਿ ਕਿਸਾਨ ਨੂੰ ਬਚਦਾ ਕੀ ਹੈ ਇੱਕ ਏਕੜ ਦੀ ਖੇਤੀ ਵਿੱਚੋਂ। ਬੀਹ ਲੱਖ ਦੀ ਕੀਮਤ ਦੀ ਜਮੀਨ ਜਿਸਦਾ ਬੈਂਕ ਵਿਆਜ ਵੀ ਦੋ ਲੱਖ ਸਲਾਨਾ ਹੈ ਪਰ ਕਿਸਾਨ ਪੰਦਰਾਂ ਹਜਾਰ ਦਾ ਖਰਚਾ ਕਰਕੇ 55 ਹਜਾਰ ਦੀ ਫਸਲ ਵੇਚਦਾ ਹੈ॥ ਬਾਕੀ ਬਚਦਾ 40000 ਇੱਕ ਏਕੜ ਜਮੀਨ ਦਾ ਸਲਾਨਾ ਠੇਕਾ ਬਣਦਾ ਹੈ। ਖੇਤੀ ਕਰਨ ਵਾਲੇ ਦੇ ਪੱਲੇ ਧੇਲਾ ਵੀ ਨਹੀਂ ਬਚਦਾ । ਹਾਂ ਦੇਸ਼ ਸੇਵਾ ਜਰੂਰ ਕਰੀ ਜਾਂਦਾਂ ਹੈ ਜਿਸ ਨਾਲ ਦੇਸ ਦੀ ਸਰਕਾਰ ਨੂੰ ਵਿਦੇਸੀ ਸਰਕਾਰਾਂ ਮੂਹਰੇ ਮੰਗਤੇ ਬਣਨ ਤੋਂ ਬਚਾ ਹੋ ਜਾਂਦਾਂ ਹੈ।ਪਰ ਜੇ ਇਸ ਤਰਾਂ ਹੀ ਪਰਦੂਸਣ ਦੇ ਨਾਂ ਥੱਲੇ ਕਿਸਾਨ ਨੂੰ ਜਲੀਲ ਕਰਨ ਤੋਂ ਨਹੀਂ ਹੱਟਣਾਂ ਅਤੇ ਕਿਸਾਨ ਨੂੰ ਹੋਰ ਘਾਟਾ ਪਵਾਕੇ ਕਿਸਾਨ ਤੋਂ ਖੇਤੀ ਛੁਡਾਉਣੀ ਹੈ ਤਾਂ ਜਰੂਰ ਇਹ ਭੰਡੀ ਪਰਚਾਰ ਕਰੋ। ਮੁਫਤ ਦੀ ਸੇਵਾ ਨਾਲ ਵੀ ਜੇ ਦੇਸ ਦੇ ਅਖੌਤੀ ਬੁੱਧੀਜੀਵੀ ਨੂੰ ਸਬਰ ਨਹੀਂ ਆਉਂਦਾ ਅਤੇ ਕਿਸਾਨ ਦੇ ਭਾਂਡੇ ਵਿਕਵਾਉਣੇ ਹਨ ਤਾਂ ਇੱਕ ਦਿਨ ਕਿਸਾਨ ਖੇਤੀ ਛੱਡਣ ਲਈ ਮਜਬੂਰ ਕਰ ਦਿੱਤਾ ਜਾਵੇਗਾ।
ਪਰਦੂਸਣ ਫੈਲਾਉਣ ਦਾ ਕੰਮ ਕੀ ਇਕੱਲਾ ਕਿਸਾਨ ਹੀ ਕਰਦਾ ਹੈ ਨਹੀ ਦੇਸ ਦਾ ਅਮੀਰ ਵਰਗ ਬਿਨਾਂ ਲੋੜ ਤੋਂ ਪਰਦੂਸਣ ਫੈਲਾਉਣ ਲਈ ਵੱਧ ਜੁੰਮੇਵਾਰ ਹੈ।ਅਮੀਰ ਪਰੀਵਾਰ ਦਾ ਹਰ ਮੈਂਬਰ ਕਈ ਕਈ ਕਾਰਾਂ ਅਤੇ ਬਾਈਕ ਆਦਿ ਕਿਉਂ ਰੱਖਦਾ ਹੈ।ਕਿਸਾਨ ਦੇ ਖੇਤਾਂ ਦਾ ਪਰਦੂਸਣ ਕੁੱਝ ਦਿਨਾਂ ਲਈ ਹੁੰਦਾਂ ਹੈ ਪਰ ਦੇਸ ਦੇ ਸਾਰੇ ਸਹਿਰਾਂ ਵਿੱਚ ਪਰਦੂਸਣ ਜਾਂ ਕਾਰਬਨਡਾਈ ਅਕਸਾਈਡ ਦਾ ਲੈਵਲ ਸਾਰਾ ਸਾਲ ਕਿਉਂ ਉੱਚਾ ਰਹਿੰਦਾਂ ਹੈ। ਹਰ ਅਮੀਰ ਦੇ ਘਰ ਲੱਗਿਆ ਇੱਕ ਏਸੀ ਪੰਜ ਹਾਰਸ ਪਾਵਰ ਦੇ ਇੰਜਣ ਨਾਲ ਚੱਲਣ ਵਾਲੇ ਜਨਰੇਟਰ ਦੀ ਮੰਗ ਕਰਦਾ ਹੈ ਜਿਸ ਵਿੱਚ ਬਲਦਾ ਡੀਜਲ ਕੀ ਪਰਦੂਸਣ ਨਹੀਂ ਫੈਲਾਉਂਦਾਂ? ਬਿਨ ਮਤਲਬ ਸਹਿਰਾਂ ਵਿੱਚ ਬਿਜਲੀ ਵਰਤਣ ਕਰਕੇ ਇਸ ਨੂੰ ਬਣਾਉਣ ਲਈ ਬਲਦਾ ਕੋਲਾ ਕੀ ਪਰਦੂਸਣ ਨਹੀਂ ਫੈਲਾਉਦਾਂ? ਜੇ ਪਰਦੂਸਣ ਕਿਸਾਨ ਫੈਲਾਉਂਦੇ ਹਨ ਫਿਰ ਸਹਿਰਾਂ ਵਿੱਚ ਗੰਦਗੀ ਦੀ ਬੋ ਕਿਉਂ ਆਉਂਦੀ ਹੈ ਜਦਕਿ ਪਿੰਡਾਂ ਵਿੱਚ ਸਹਿਰਾਂ ਨਾਲੋਂ ਕਿਤੇ ਵੱਧ ਸਾਫ ਹਵਾ ਹੁੰਦੀ ਹੈ।ਜੇ ਕਿਸਾਨ ਨੂੰ ਤੁਸੀਂ ਪਰਾਲੀ ਬਾਲਣ ਤੋਂ ਰੋਕਣ ਦੀ ਮੰਗ ਕਰਦੇ ਹੋ ਤਾਂ ਸਹਿਰਾਂ ਦੇ ਗੰਦ ਨੂੰ ਤੁਸੀ ਅਮੀਰ ਲੋਕ ਖੁਦ ਕਿਉਂ ਨਹੀਂ ਸਾਫ ਕਰਦੇ? ਜੇ ਸਹਿਰੀਆਂ ਦੇ ਫੈਲਾਏ ਗੰਦ ਨੂੰ ਸਾਰੇ ਲੋਕਾਂ ਦੇ ਟੈਕਸ਼ਾ ਵਿਚੋਂ ਤਨਖਾਹ ਲੈਣ ਵਾਲੇ ਸਾਫ ਕਰਦੇ ਹਨ ਤਦ ਖੇਤਾਂ ਦੀ ਰਹਿੰਦ ਖੂੰਹਦ ਨੂੰ ਸਰਕਾਰੀ ਮੁਲਾਜਮਾਂ ਤੋਂ ਸਾਫ ਕਿਉਂ ਨਹੀਂ ਕਰਵਾਇਆ ਜਾ ਸਕਦਾ ਜਾਂ ਫਿਰ ਕਿਸਾਨ ਨੂੰ ਇਸ ਕੰਮ ਦੀ ਮਜਦੂਰੀ ਬਰਾਬਰ ਬੋਨਸ ਦਿੱਤਾ ਜਾਵੇ।
ਇਸ ਤਰਾਂ ਦੀ ਵਿਦਵਤਾਤੋਂ ਬਚਿਆ ਜਾਣਾਂ ਚਾਹੀਦਾ ਹੈ ਜਿਸ ਨਾਲ ਭਾਰਤ ਦੇਸ ਮੰਗਤਾ ਬਣਨ ਦੇ ਰਾਹ ਪੈ ਜਾਦਾਂ ਹੈ।
ਅਸਲ ਵਿੱਚ ਖੇਤੀਬਾੜੀ ਵਿਭਾਗ ੳਤੇ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀਆਂ ਵਿਗਿਆਨੀਆਂ ਨੂੰ ਖੇਤਾਂ ਵਿੱਚ ਬਚਦੀ ਰਹਿੰਦ ਖੂੰਹਦ ਨੂੰ ਵਰਤਣ ਦੀਆਂ ਤਕਨੀਕਾਂ ਬਾਰੇ ਖੋਜ ਕਰਨ ਲਈ ਹੁਕਮ ਦਿੱਤਾ ਜਾਵੇ।ਪਰਾਲੀ ਨੂੰ ਬਾਲਣਾਂ ਹੀ ਪੈਣਾਂ ਹੈ ਚਾਹੇ ਖੇਤਾਂ ਵਿੱਚ ਸਾੜ ਲਉ ਜਾਂ ਉਦਯੋਗਾਂ ਵਿੱਚ ਇਸ ਲਈ ਪਹਿਲ ਸਰਕਾਰ ਨੇ ਕਰਨੀਂ ਹੈ ਕਿਸਾਨ ਨੇ ਨਹੀਂ। ਜਦ ਇਸ ਰਹਿੰਦ ਖੂੰਹਦ ਨੂੰ ਵਰਤਣ ਵਾਲੇ ਉਦਯੋਗ ਹੋਣਗੇ ਤਦ ਕਿਸਾਨ ਇਸਨੂੰ ਵੇਚਣ ਦੀ ਪਹਿਲ ਖੁਦ ਹੀ ਕਰ ਲਵੇਗਾ। ਸੋ ਬੁੱਧੀਜੀਵੀ ਵਰਗ ਜੀ ਆਪਣੀ ਬੁੱਧੀ ਦਾ ਪਰਯੋਗ ਸਰਕਾਰ ਨੂੰ ਮੱਤ ਦੇਣ ਲਈ ਕਰੋ ਨਾਂ ਕਿ ਕਿਸਾਨ ਨੂੰ ਬਦਨਾਮ ਕਰਨ ਲਈ। ਇਸ ਦੇਸ ਦਾ ਸਭ ਤੋ ਵੱਡਾ ਹਿਤੈਸੀ ਕਿਸਾਨ ਹੈ ਅਖੌਤੀ ਅਮੀਰ ਲੇਖਕ ਵਰਗ ਨਹੀਂ। ਦੇਸ ਕਿਸਾਨਾਂ ਦੀ ਮਿਹਨਤ ਕਾਰਨ ਰੋਟੀ ਖਾਦਾਂ ਹੈ ਅਮੀਰ ਵਰਗ ਦੀ ਲੁੱਟ ਕਾਰਨ ਨਹੀਂ।
ਗੁਰਚਰਨ ਪੱਖੋਕਲਾਂ 9417727245

No comments: