Friday 19 April 2013

ਭੁੱਲਰ ਦੀ ਫਾਸੀਂ ਨੁਕਸਾਨਦੇਹ ਹੀ ਹੋਵੇਗੀ ਦੇਸ ਲਈ ਕਿਉਂਕਿ.......

            ਭੁੱਲਰ ਦੀ ਫਾਸੀਂ  ਨੁਕਸਾਨਦੇਹ ਹੀ ਹੋਵੇਗੀ ਦੇਸ ਲਈ ਕਿਉਂਕਿ..........?
ਦਵਿੰਦਰ ਪਾਲ ਭੁੱਲਰ ਨੂੰ ਫਾਸੀ ਦੇਣ ਦੀਆਂ ਤਿਆਰੀਆਂ ਕਰਨ ਦੀਆਂ ਖਬਰਾਂ ਨਾਲ ਪੰਜਾਬ ਦੇ ਲੋਕ ਅਤੇ ਰਾਜਨੀਤਕ ਫਿਕਰਾਂ ਵਿੱਚ ਪੈ ਗਏ ਹਨ ਕਿ ਪੰਜਾਬ ਨੂੰ ਇੱਕ ਵਾਰ ਫਿਰ ਰਾਜਨਤੀ ਦਾ ਮੋਹਰਾ ਬਣਾਇਆ ਜਾ ਰਿਹਾ ਹੈ। ਦੇਸ ਵਿੱਚ ਜਿਸ ਤਰਾਂ ਫਾਂਸੀਆਂ ਦਾ ਦੌਰ ਚਲਾਇਆ ਜਾ ਰਿਹਾ ਹੈ ਇਸ ਨਾਲ ਫਾਂਸੀ ਦੀ ਸਜਾ ਬਾਰੇ ਦੁਬਾਰਾ ਚਰਚਾ ਛਿੜ ਪਈ ਹੈ ਕਿ ਕੀ ਫਾਂਸੀ ਦੇਣਾਂ ਜਰੂਰੀ ਹੈ ? ਕੀ ਫਾਂਸੀਂ  ਦੇਸ ਦੇ ਹਿੱਤਾਂ ਲਈ ਦਿੱਤੀ ਜਾਂਦੀ ਹੈ ਜਾਂ ਸਿਆਸਤ ਅਧੀਨ । ਕੀ ਵਿਸੇਸ ਸਮੇਂ ਵਿੱਚ ਕਰਵਾਈ ਗਈ ਸਜਾ ਵਕਤ ਅਤੇ ਹਲਾਤ ਬਦਲ ਜਾਣ ਦੇ ਬਾਦ ਵੀ ਹੋਣੀ ਚਾਹੀਦੀ ਹੈ। ਭੁੱਲਰ ਨੂੰ ਫਾਸੀਂ ਦਿੱਤੀ ਜਾਣ ਦਾ ਕੋਈ ਨੈਤਿਕ ਅਧਾਰ ਵੀ ਹੈ ਜਾਂ ਨਹੀਂ ?   ਭੁੱਲਰ ਵਾਲੇ ਕੇਸ ਵਿੱਚ ਤਾਂ ਇਰਾਦਾ ਕਤਲ ਵੀ ਸਿੱਧ ਨਹੀਂ ਹੁੰਦਾਂ ਜਿਹਨਾਂ ਦੀ ਮੌਤ ਹੋਈ ਹੈ ਉਹਨਾਂ ਨੂੰ ਤਾਂ ਕਤਲ ਕਰਨ ਦਾ ਇਰਾਦਾ ਹੀ ਨਹੀਂ ਸੀ ਅਤੇ ਜਿਸਨੂੰ ਕਤਲ ਕਰਨ ਦਾ ਇਰਾਦਾ ਸੀ ਉਹ ਤਾਂ ਅੱਜ ਵੀ ਜਿਉਂਦਾਂ ਫਿਰਦਾ ਹੈ। ਜਿਹੜੇ ਸੁਰੱਖਿਆ ਮੁਲਾਜਮ ਮਾਰੇ ਗਏ ਹਨ ਉਹਨਾਂ ਦੇ ਨਾਲ ਤਾਂ ਭੁੱਲਰ ਦੀ ਕੋਈ ਦੁਸਮਣੀ ਵੀ ਨਹੀਂ ਸੀ ਅਤੇ ਨਾਂ ਹੀ ਉਹਨਾਂ ਨੂੰ ਕਤਲ ਕਰਨ ਦਾ ਕੋਈ ਮਕਸਦ ਸਾਹਮਣੇ ਆਉਂਦਾਂ ਹੈ। ਕੀ ਵਰਤਮਾਨ ਸਮਾਂ ਦੇਸ ਨੂੰ ਅਸਾਂਤ ਕਰਨ ਦਾ ਹੈ ਜਿਸ ਵਿੱਚ ਸਿਆਸਤ ਵਾਸਤੇ ਨਿਆਂਪਾਲਿਕਾ ਦੀ ਦੁਰਵਰਤੋ ਕਰਕੇ ਕਿਸੇ ਨੂੰ ਫਾਂਸੀ ਚੜਾ ਦਿੱਤਾ ਜਾਵੇ ।  ਵਰਤਮਾਨ ਸਮੇਂ ਵਿੱਚ ਇੱਕ ਰਾਜਨੀਤਕ ਸੰਘਰਸ ਦੇ ਵਿੱਚ ਸੱਚਾ ਜਾਂ ਝੂਠਾ ਫਸਿਆਂ ਭੁੱਲਰ ਨਿਆਂ ਪਰਣਾਲੀ ਦਾ ਸਿਕਾਰ ਬਣਾਇਆ ਜਾ ਰਿਹਾ ਹੈ। ਕੀ ਭੁੱਲਰ ਨੂੰ ਫਾਂਸੀ ਦੇਣਾਂ ਗਲਤ ਨਹੀਂ ਕਿਉਕਿ ਉਸ ਤੋਂ ਸਰਕਾਰ ਨੂੰ ਜਾਂ ਕਿਸੇ ਵੀ ਰਾਜਨੀਤਕ ਨੂੰ ਕੋਈ ਖਤਰਾ ਨਹੀਂ ਹੈ ਉਹ ਤਾਂ ਆਪਣੀ ਵਿਚਾਰਧਾਰਾ ਹੀ ਛੱਡ ਬੈਠਾ ਹੈ । ਫਾਂਸੀ ਉਸਨੂੰ ਦਿੱਤੀ ਜਾਦੀ ਹੈ ਜਿਸ ਤੋਂ ਦੇਸ ਨੂੰ ਦੇਸ ਦੇ ਲੋਕਾਂ ਨੂੰ ਕੋਈ ਖਤਰਾ ਹੋਵੇ ਪਰ ਸਰੀਰਕ ਅਤੇ ਉਮਰ ਦੇ ਪੱਖ ਤੋਂ ਸਾਹ ਸੱਤ ਹੀਣ ਹੋਇਆ ਵਿਅਕਤੀ ਤਾਂ ਹੁਣ ਖੁਦ ਜਿਉਣ ਲਈ ਜਿੰਦਗੀ ਨਾਲ ਜੂਝ ਰਿਹਾ ਹੈ। ਇਸ ਕੇਸ ਵਿੱਚ ਫਾਂਸ਼ੀ ਦੀ ਸਜਾ ਕੋਈ ਅਦਾਲਤੀ ਫੈਸਲਾ ਨਹੀਂ ਸੀ ਇਹ ਤਾਂ ਉਸ ਵਕਤ ਅਤਿਵਾਦ ਨੂੰ ਸਹਿ ਦੇਣ ਵਾਲਿਆਂ ਨੂੰ ਧਮਕਾਉਣ ਲਈ ਕਰਵਾਇਆ ਗਿਆ ਫੈਸਲਾ ਸੀ ਜੋ ਉਸ ਵਕਤ ਤਾਂ ਠੀਕ ਸੀ ਪਰ ਅੱਜ 17 ਸਾਲਾਂ ਬਾਅਦ ਤਾਂ ਉਹ ਹਲਾਤ ਹੀ ਬਦਲ ਚੁੱਕੇ ਹਨ। । ਹੁਣ ਪੰਜਾਬ ਸਾਂਤ ਹੈ ਇੱਥੋਂ ਦਾ ਮਹੌਲ ਖਰਾਬ ਕਰਨਾਂ ਬਹੁਤ ਹੀ ਗਲਤ ਹੋਵੇਗਾ ਹੁਣ 80ਵਿਆਂ ਦੀ ਲਹਿਰ ਹੀ ਨਹੀਂ ਰਹੀ ਉਸਦੇ ਵਿੱਚ ਹੋਏ  ਲਈ ਸਜਾ ਇ ਮੌਤ ਬਹੁਤ ਹੀ ਗਲਤ ਹੈ।
                    ਅਦਾਲਤਾਂ ਅਤੇ ਸਰਕਾਰਾਂ ਦਾ ਦੋਹਰਾ ਕਿਰਦਾਰ ਵੀ ਭੁੱਲਰ ਨੂੰ ਫਾਂਸੀਂ ਦੇਣ ਦੇ ਖਿਲਾਫ ਬਣਦਾ ਹੈ ਕਿਉਂਕਿ ਇੱਕ ਪਾਸੇ ਦਿੱਲੀ ਦੰਗਿਆਂ ਦਾ ਦੋਸੀ ਕਿਸੋਰੀ ਝਟਕਈ ਦੀਆਂ ਸੱਤ ਫਾਸੀਆਂ ਦੀ ਸਜਾ ਬਦਲ ਦਿੱਤੀ ਗਈ ਹੈ  ਫਿਰ ਭੁੱਲਰ ਦੀ ਇੱਕ ਫਾਸੀਂ ਕਿਉਂ ਨਹੀਂ ਬਦਲੀ ਜਾ ਸਕਦੀ। ਭੁੱਲਰ ਜੇ ਦਹਿਸਤਗਰਦੀ ਦੀ ਸੋਚ ਤੇ ਖੜਾ ਹੁੰਦਾਂ ਤਾਂ ਜਰਮਨ ਕਿਉਂ ਭੱਜਦਾ? ਅਤਿਵਾਦ ਦੇ ਦੌਰ ਵਿੱਚ ਬਹੁਤ ਸਾਰੇ ਨੌਜਵਾਨ ਗੁੰਮਰਾਹ ਹੋਏ ਸਨ ਜਿਹਨਾਂ ਵਿੱਚੋਂ ਭੁੱਲਰ ਵੀ ਇੱਕ ਸੀ । ਅੰਦੋਲਨਾਂ ਵਿੱਚ ਸਾਮਲ ਹੋਕੇ ਕੀਤੀਆਂ ਕਾਰਵਾਈਆਂ ਕਿਸੇ ਇਕੱਲੇ ਵਿਕਤੀਆਂ ਦਾ ਕਾਰਨਾਮਾ ਨਹੀਂ ਹੁੰਦੀਆਂ ਇੱਸ ਵਿੱਚ ਬਹੁਤ ਸਾਰੇ ਲੋਕ ਸਾਮਲ ਹੁੰਦੇ ਹਨ। ਜਿਸ ਵਿਅਕਤੀ ਨੂੰ ਮਾਰਨ ਲਈ ਹਮਲਾ ਕੀਤਾ ਗਿਆ ਸੀ ਉਹ ਕੋਈ ਦੁੱਧ ਧੋਤਾ ਬੰਦਾਂ ਨਹੀਂ ਸੀ ਸਗੋਂ ਇੱਕ ਅਨੇਕਾਂ ਰੰਗਾਂ ਵਾਲਾ ਰਾਜਨੀਤਕ ਸੀ ਜਿਸਨੂੰ ਉਸਦੀ ਪਾਰਟੀ ਵੱਲੌ ਹੀ ਸਮੇਂ ਨਾਲ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਇਸ ਕੇਸ ਵਿੱਚ ਇਨਸਾਫ ਕਰਨ ਵਾਲਿਆਂ ਦਾ ਮੁੱਖ ਜੱਜ ਵੱਲੋਂ ਹੀ ਜਦੋਂ ਭੁੱਲਰ ਨੂੰ ਬਰੀ ਤੱਕ ਕਰ ਦਿੱਤਾ ਗਿਆ ਹੋਵੇ ਤਾਂ ਦੂਸਰੇ ਮੌਤ ਦੀ ਸਜਾ ਦੇਣ ਤਾਂ ਦਾਲ ਵਿੱਚ ਕਾਲਾ ਹੀ ਨਜਰ ਆਉਂਦਾਂ ਹੈ ਕਿਉਂਕਿ ਅੱਤਵਾਦ ਨਾਲ ਸਬੰਧਤ ਕੇਸਾਂ ਵਿੱਚ ਫੈਸਲਾ ਜੱਜਾਂ ਦੀ ਮਰਜੀ ਨਾਲ ਹੀ ਨਹੀਂ ਸਗੋਂ ਸਰਕਾਰ ਦੀ ਸਲਾਹ ਵੀ ਸਾਮਲ ਕੀਤੀ ਜਾਂਦੀ ਹੈ । ਸਰਕਾਰ ਨੂੰ ਜਿਹੜਾ ਵਿਅਕਤੀ ਪਿੱਛਲੇ ਸਤਾਰਾਂ ਸਾਲਾਂ ਵਿੱਚ ਇੱਕ ਵੀ  ਗਲਤ ਵਿਵਹਾਰ ਦਾ ਦੋਸੀ ਨਾਂ ਪਾਇਆ ਗਿਆ ਹੋਵੇ ਤੇ ਸਰੀਰਕ ਰੋਗੀ ਅਤੇ ਮਾਨਸਿਕ ਰੋਗੀ ਬਣ ਚੁੱਕਿਆ ਹੋਵੇ ਸਰਕਾਰ ਦਾ ਕੀ ਵਿਗਾੜ ਸਕਦਾ ਹੈ ਨੂੰ ਫਾਸੀਂ ਦੇਕੇ ਸਰਕਾਰ ਕੀ ਹਾਸਲ ਕਰੇਗੀ। ਕਾਨੂੰਨ ਫੈਸਲੇ ਸਮੇਂ ਨਾਲ ਅਕਸਰ ਹੀ ਬਦਲ ਜਾਂਦੇ ਹਨ ਸੋ 17 ਸਾਲਾਂ ਬਾਅਦ ਕਿਸੇ ਸਜਾ ਤੇ ਅਮਲ ਕਰਨਾਂ ਮੂਰਖਤਾ ਹੀ ਹੈ। ਵਕਤ ਬੀਤਣ ਦੇ ਨਾਲ ਉਹ ਫੈਸਲੇ ਕਦਾ ਚਿੱਤ ਲਾਗੂ ਨਹੀਂ ਕੀਤੇ ਜਾਣੇ ਚਾਹੀਦੇ ਜਿਹਨਾਂ ਨਾਲ ਦੇਸ ਦੇ ਵਿੱਚ ਅਮਨਕਾਨੂੰਨ ਵਿਗੜਦਾ ਹੋਵੇ ਅਤੇ ਦੇਸ ਨੂੰ ਨੁਕਸਾਨ ਹੁੰਦਾਂ ਹੋਵੇ। ਅਦਾਲਤਾਂ ਦੇ ਫੈਸਲੇ ਕੋਈ ਰੱਬ ਦੇ ਫੈਸਲੇ ਨਹੀਂ ਹੁੰਦੇ ੰਦਿਆਂ ਦੇ ਹੀ ਫੈਸਲੇ ਹੁੰਦੇ ਹਨ। ਕਾਨੂੰਨ ਦੇਸ ਨੂੰ ਬਚਾਉਣ ਲਈ ਲਾਗੂ ਕੀਤਾ ਜਾਣਾਂ ਚਾਹੀਦਾ ਹੈ ਦੇਸ ਨੂੰ ਤੋੜਨ ਲਈ ਨਹੀਂ । ਕਾਨੂੰਨ ਵੀ ਕੋਈ ਦੁੱਧ ਧੋਤਾ ਨਹੀਂ ਹੁੰਦਾਂ ਬਹੁਤੀ ਵਾਰ ਇਹ ਤਕੜਿਆਂ ਦੇ ਹੱਥ ਦਾ ਮੋਹਰਾ ਹੀ ਸਾਬਤ ਹੁੰਦਾਂ ਹੈ । ਅਨੇਕਾਂ ਵਾਰ ਤਕੜਿਆਂ ਦੀ ਖਾਤਰ ਕਾਨੂੰਨ ਅਤੇ ਅਦਾਲਤਾਂ ਨੇ ਆਤਮ ਸਮੱਰਪਣ ਕੀਤਾ ਹੈ ਜਿਵੇਂ ਕੰਧਾਰ ਵਿੱਚ ਅਤਿਵਾਦੀ ਰਿਹਾ ਕੀਤੇ ਗਏ ਸਨ । ਪੰਜਾਬ ਵਿੱਚ ਵਿਦੇਸੀ ਡਿਪਲੋਮੇਟ ਲਈ ਖਾੜਕੂ ਰਿਹਾ ਕੀਤੇ ਗਏ ਸਨ , ਦਿੱਲੀ ਦੰਗਿਆਂ ਦੇ ਦੋਸੀ ਅੱਜ ਤੱਕ ਅਜਾਦ ਹਨ  ਆਦਿ ਹਜਾਰਾਂ ਘਟਨਾਵਾਂ ਨਾਲ ਕੋਈ ਕਾਨੂੰਨ ਦੇ ਖੁਰਕ ਨਹੀਂ ਹੋਈ ਤਾਂ  ਕੁੱਝ ਫਾਂਸੀਆਂ ਮਾਫ ਕਰਕੇ ਕੋਈ ਦੇਸ ਦਾ ਨੁਕਸਾਨ ਨਹੀਂ ਹੋਵੇਗਾ ਸਗੋਂ ਦੇਸ ਦੀ ਸਾਂਤੀ ਅਤੇ ਸਥਿਰਤਾ ਵਿੱਚ ਵਾਧਾ ਹੀ ਹੋਵੇਗਾ। ਸਕਾਰਾਂ ਅਤੇ ਰਾਜਨੀਤਕ ਕੋਈ ਬੁੱਚੜ ਨਹੀਂ ਹੁੰਦੇ  ਬਲਕਿ ਰਾਜਨੀਤਕਾਂ ਨੂੰ ਮਨੁੱਖੀ ਵਿਵਹਾਰ ਕਰਨਾਂ ਚਾਹੀਦਾ ਹੈ । ਵਕਤ ਦੀ ਮੰਗ ਹੈ ਕਿ ਇੱਕ ਰਾਜਨੀਤਕ ਦੀ ਇੱਛਾ ਪੂਰਤੀ ਲਈ ਕਾਨੂੰਨ ਦੇ ਨਾਂ ਥੱਲੇ ਹੋਣ ਵਾਲੇ ਇਸ ਗਲਤਕਦਮ ਨੂੰ ਰੋਕਿਆ ਜਾਵੇ।
ਗੁਰਚਰਨ ਸਿੰਘ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ


Sunday 7 April 2013

ਸਮਾਜਕ ਰਿਸਤਿਆਂ ਦੀ ਮੌਤ ਤੇ ਉਸਰਦਾ ਸਮਾਜ

                                    
                        ਆਧੁਨਿਕਤਾ ਦੇ ਦੌਰ ਵਿੱਚ ਆਰਥਿਕਤਾ ਦੇ ਅਧਾਰ ਤੇ ਮਨੁੱਖੀ ਵਿਕਾਸ ਹੋਣ ਕਾਰਨ ਸਮਾਜਿਕ ਰਿਸਤੇ ਮਰਦੇ ਤੁਰੇ ਜਾ ਰਹੇ ਹਨ। ਮਨੁੱਖ ਜਿਉਂ ਜਿਉਂ ਵਿਕਾਸ ਅਤੇ ਵਿਗਿਆਨ ਦੇ ਘੋੜੇ ਤੇ ਸਵਾਰ ਹੋਇਆ ਅੱਗੇ ਵਧ ਰਿਹਾ ਹੈ ਅਤੇ ਇਸਦੀ ਚਾਲ ਵੀ ਬਹੁਤ ਤੇਜ ਹੋ ਜਾਣ ਕਾਰਨ ਉਸਨੂੰ ਆਪਣੀ ਤੇਜ ਗਤੀ ਕਾਰਨ ਪਤਾ ਹੀ ਨਹੀਂ ਚੱਲ ਰਿਹਾ ਕਿ ਉਸਦੇ ਪੈਰਾਂ ਥੱਲੇ ਕੀ ਕੀ ਦਰੜਿਆ ਜਾ ਰਿਹਾ ਹੈ। ਅੱਜ ਹਰ ਮਨੁੱਖ ਦੁਨੀਆਂ ਦਾ ਸਿਕੰਦਰ ਬਣ ਚੁੱਕਿਆ ਹੈ ਅਤੇ ਸੰਸਾਰ ਦੀਆਂ ਸਭ ਵਸਤੂਆਂ ਨੂੰ ਆਪਣੇ ਘਰ ਦਾ ਸਿੰਗਾਰ ਬਣਾਉਣਾਂ ਲੋੜਦਾ ਹੈ ਪਰ ਵਸਤੂਆਂ ਨੂੰ ਇਕੱਠੇ ਕਰਨ ਦੀ ਦੌੜ ਵਿੱਚ ਰਿਸਤਿਆਂ ਨੂੰ ਮਨਫੀ ਕਰੀ ਜਾ ਰਿਹਾ ਹੈ। ਮਨੁੱਖ ਹਰ ਰਿਸਤੇ ਵਸਤੂ ਨੂੰ ਪੈਸੇ ਦੇ ਅਧਾਰ ਤੇ ਮਾਪਣ ਲੱਗਿਆਂ ਹੈ ਅਤੇ ਪੈਸੇ ਦੇ ਅਧਾਰ ਤੇ ਰਿਸਤੇ ਵੀ ਉਹ ਉਹਨਾਂ ਥਾਵਾਂ ਅਤੇ ਮਨੁੱਖਾਂ ਨਾਲ ਜੋੜਨਾਂ ਲੋਚਦਾ ਹੈ ਜਿਸਤੋਂ ਉਸਨੂੰ ਕੁੱਝ ਘਾਟਾ ਨਾਂ ਪਵੇ ਸਗੋਂ ਕੁੱਝ ਨਾਂ ਕੁੱਝ ਹਾਸਲ ਹੁੰਦਾਂ ਹੋਵੇ । ਸਮਾਜਿਕ ਰਿਸਤੇ ਕੁਰਬਾਨੀ ਅਤੇ ਪਿਆਰ ਦੇ ਨਾਲ ਜੁੜੇ ਹੁੰਦੇ ਹਨ ਜਿਸ ਵਿੱਚ ਸਮਾਂ ਅਤੇ ਪੈਸੇ ਦਾ ਕੋਈ ਦਖਲ ਨਹੀਂ ਹੁੰਦਾਂ ਪਰ ਵਰਤਮਾਨ ਮਨੁੱਖ ਜੋ ਕਿ ਰਿਸਤਿਆਂ ਦੇ ਪਿਆਰ ਵਿੱਚ ਸੰਸਾਰਕ ਵਸਤੂਆਂ ਜਾਂ ਪੈਸਾ ਗੁਆਉਣਾਂ ਘਾਟਾ ਸਮਝਦਾ ਹੈ ਸੋ ਉਸ ਲਈ ਤਾਂ ਸਮਾਜਿਕ ਰਿਸਤੇ ਵੀ ਘਾਟੇ ਦਾ ਸੌਦਾ ਹੀ ਹੁੰਦੇ ਹਨ। ਜਦ ਅੱਜ ਦਾ ਮਨੁੱਖ ਸਿੱਖਿਆ ਹੀ ਮੁਨਾਫਾ ਕਮਾਉਣਾਂ ਹੈ ਤਦ ਉਹ ਘਾਟੇ ਵਾਲਾ ਸੌਦਾ ਸਮਾਜਕ ਰਿਸਤੇ ਨਿਭਾਉਣ ਵੱਲ ਸੋਚੇਗਾ ਵੀ ਕਿਉਂ । ਨਿਆਸਰਾ ਹੋ ਜਾਣ ਵਾਲਾ ਬਜੁਰਗ ਉਮਰ ਵਾਲਾ ਮਾਪਿਆਂ ਦਾ ਰਿਸਤਾ ਸਭ ਤੋਂ ਵੱਧ ਸੰਤਾਪ ਭੋਗ ਰਿਹਾ ਹੈ ਅਤੇ ਇਹਨਾਂ ਮਾਪਿਆਂ ਦਾ ਹੀ ਸਭ ਤੋਂ ਵੱਧ ਕਸੂਰ ਵੀ ਹੈ ਜਿਹਨਾਂ ਨੇ ਇਸ ਤਰਾਂ ਦੇ ਮੁਨਾਫਾ ਕਮਾਊ ਸਮਾਜਕ ਤਾਣੇ ਬਾਣੇ ਵਿੱਚ ਪੈਰ ਧਰਿਆ ਸੀ । ਜਿਹਨਾਂ ਮਾਪਿਆਂ ਨੇ ਆਪਣੇ ਧੀਆਂ ਪੁੱਤਰਾਂ ਨੂੰ ਲੋਕ ਭਲਾਈ ਅਤੇ ਸਮਾਜ ਸੇਵਾ ਸਿਖਾਉਣ ਦੀ ਥਾਂ ਪੈਸਾ ਕਮਾਊ ਬਣਾਇਆ ਅਤੇ ਉਹ ਵਿਦਿਆਂ ਦਿਵਾਈ ਹੈ ਜਿਸ ਨਾਲ  ਨੈਤਿਕਤਾ ਦੀ ਥਾਂ ਪੈਸਾ ਕਮਾਇਆ ਜਾਵੇ ਅਤੇ ਉਹਨਾਂ ਮਾਪਿਆਂ ਦੇ ਹੀ ਜਿਆਦਾਤਰ ਬੱਚੇ ਉਹਨਾਂ ਨੂੰ ਛੱਡਕੇ ਦੂਰ ਪੈਸੇ ਦੀਆਂ ਕਾਲ ਕੋਠੜੀਆਂ ਵਿੱਚ ਜਾ ਛੁਪੇ ਹਨ ।
                  ਸਮਾਜ ਵਿੱਚ ਰਿਸਤੇ ਸਵਾਰਥਾਂ ਦੀ ਬਲੀ ਚੜ ਰਹੇ ਹਨ । ਅੱਜ ਕੱਲ ਬਹੁਤੇ ਪੁੱਤਰ ਮਾਪਿਆਂ ਦੀ ਸੇਵਾ ਦਾ ਕੰਮ ਉਹਨਾਂ ਦੇ ਹਿੱਸੇ ਦੀ ਜਾਇਦਾਦ ਦੀ ਆਮਦਨ ਦੇ ਕਾਰਨ  ਕਰਦੇ ਹਨ। ਜਿੰਨਾਂ ਮਾਪਿਆਂ ਦੋ ਜਾਂ ਵੱਧ ਪੁੱਤਰ ਹਨ ਦੇ ਘਰ ਸਭ ਤੋਂ ਵੱਧ ਗ੍ਰਹਿ ਯੁੱਧ ਚਲਦਾ ਹੈ। ਮਾਪੇ ਜਾਇਦਾਦ ਦੀ ਵੰਡ ਵਿੱਚੋਂ ਬਰਾਬਰ ਦਾ ਹਿੱਸਾ ਰੱਖ ਲੈਂਦੇ ਹਨ ਅਤੇ ਕਿਸੇ ਇੱਕ ਪੁੱਤਰ ਨਾਲ ਰਲ ਜਾਂਦੇ ਹਨ ਅਤੇ ਦੂਸਰੇ ਪੁੱਤਰ ਨਫਰਤ ਕਰਨਾਂ ਸੁਰੂ ਕਰ ਦਿੰਦੇ ਹਨ ਕਿਉਂਕਿ ਜਿਸ ਭਰਾ ਨਾਲ ਮਾਪੇ ਜਾਇਦਾਦ ਸਮੇਤ ਰਲ ਜਾਂਦੇ ਹਨ ਉਸ ਦੀ ਆਮਦਨ ਵਧ ਜਾਂਦੀ ਹੈ। ਜੇ ਕਿਧਰੇ ਮਾਪੇ ਆਪਣੀ ਜਾਇਦਾਦ ਦੀ ਆਮਦਨ ਕਿਧਰੇ ਹੋਰ ਨੂੰ ਦੇ ਦੇਣ ਤਾਂ ਸਾਂਭਣ ਵਾਲਾ ਪੁੱਤਰ ਮਾਪਿਆਂ ਨੂੰ ਘਰੋਂ ਕੱਢਣ ਲਈ ਤਿਆਰ ਹੋ ਜਾਂਦਾਂ ਹੈ ਆਮਦਨ ਦੂਜਿਆਂ ਨੂੰ ਤੇ ਸੇਵਾ ਮੈਂ ਕਿਉਂ ਕਰਾਂ ਦਾ ਨਾਅਰਾ ਲਾ ਦਿੰਦਾਂ ਹੈ ? ਸਭ ਪੈਸੇ ਦਾ ਗੋਲਮਾਲ ਹੋ ਜਾਂਦਾਂ ਹੈ। ਮਾਪੇ ਵੀ ਕੁਮਾਪੇ ਬਣਨ ਲੱਗੇ ਹਨ ਅਤੇ ਮਾਪੇ ਕੁਮਾਪੇ ਨਹੀਂ ਹੁੰਦੇ ਦਾ ਸਿਧਾਂਤ ਵੀ ਖਤਮ ਹੋ ਚਲਿਆ ਹੈ। ਇਕਹਰੀ ਜਿੰਦਗੀ ਜਿਉਣ ਦਾ ਆਦੀ ਹੋ ਰਿਹਾ ਮਨੁੱਖ ਆਪਣੀ ਔਲਾਦ ਕੋਲ ਰੱਖਣਾਂ ਹੀ ਨਹੀਂ ਲੋਚਦਾ ਸਗੋਂ ਬਚਪਨ ਵਿੱਚ ਹੀ ਔਲਾਦ ਨੂੰ ਡੇਬੋਰਡਿੰਗ ਜਾਂ ਹੋਸਟਲਾਂ ਵਾਲੇ ਸਕੂਲਾਂ ਵਿੱਚ ਪੜਨ ਪਾਉਣ ਲੱਗ ਪਿਆ ਹੈ। ਬਹੁਤਾ ਵੱਡਾ ਕਾਰਨ ਇਸ ਵਿੱਚ ਮਾਪਿਆਂ ਦਾ ਨਿੱਜੀ ਜਿੰਦਗੀ ਨੂੰ ਬੱਚਿਆਂ ਤੋਂ ਵੀ ਦੂਰ ਅਜਾਦੀ ਦਾ ਮਹੌਲ ਸਿਰਜਣ ਦੀ ਭਾਵਨਾਂ  ਵੱਲ ਹੀ ਹੁੰਦਾਂ ਹੈ। ਅੱਜਕਲ ਦੇ ਮਾਪਿਆਂ ਦੀ ਮਮਤਾ ਅਤੇ ਮੋਹ ਸੀਮਤ ਹੋ ਗਏ ਹਨ। ਔਲਾਦ ਨੂੰ ਨੌਜਵਾਨ ਹੋ ਜਾਣ ਤੇ ਕੋਲ ਰੱਖਣ ਦੀ ਥਾਂ ਦੂਰ ਦੁਰਾਡੇ ਨੌਕਰੀਆਂ  ਤੇ ਭੇਜਦੇ ਹਨ ਜਾਂ ਪੈਸੇ ਦੀ ਹਵਸ ਪਿੱਛੇ ਵਿਦੇਸਾਂ ਦੇ ਧੱਕੇ ਖਾਣ ਲਈ ਮਜਬੂਰ ਕਰ ਦਿੰਦੇ ਹਨ ਵਰਤਮਾਨ ਦੇ ਮਾਪੇ। ਇਸ ਵਰਤਾਰੇ ਨੂੰ ਸਹੀ ਸਿੱਧ ਕਰਨ ਲਈ ਜੋ ਮਰਜੀ ਕਹੋ ਪਰ ਹੈ ਇਹ ਸਭ ਮਨੁੱਖ ਦੇ ਸਵਾਰਥੀ ਅਤੇ ਬੇਰਹਿਮ ਬਣਨ ਦੀ ਪਰਵਿਰਤੀ ਵਿੱਚੋਂ ਜਿਸ ਵਿੱਚ ਉਹ ਸਿਕੰਦਰ ਬਣਨ ਲਈ ਕੁੱਝ ਵੀ ਗਵਾਉਣ ਲਈ ਤਿਆਰ ਹੋ ਜਾਂਦਾਂ ਹੈ।
                                                      ਭੈਣਾਂ ਭਰਾਵਾਂ ਅਤੇ ਮਾਪਿਆਂ ਦੇ ਸਬੰਧ ਸਿਆਸਤ ਵਰਗੇ ਹੋ ਰਹੇ ਹਨ । ਸਵਾਰਥ ਲਈ ਭੈਣਾਂ ਮਾਂ ਬਾਪ ਨੂੰ ਭਰਾਵਾਂ ਨਾਲ ਲੜਾਉਣ ਤੋਂ ਗੁਰੇਜ ਨਹੀਂ ਕਰਦੀਆਂ । ਪੁੱਤਰ ਮਾਪਿਆਂ ਦੀ ਸੇਵਾ ਦਾ ਪੂਰਾ ਮੁੱਲ ਵਸੂਲਦੇ ਹਨ । ਮਾਂ ਬਾਪ ਵੀ ਹੁਣ ਮਾਪੇ ਬਣਕੇ ਨਹੀਂ ਰਹਿੰਦੇ ਜਾਇਦਾਦਾਂ ਵਿੱਚੋਂ ਬਰਾਬਰ ਦਾ ਹਿੱਸਾ ਰੱਖਕੇ ਪੁੱਤਾਂ ਦੇ ਸਰੀਕ ਬਣਕੇ ਰਹਿਣਾਂ ਲੋਚਦੇ ਹਨ। ਭਰਾ ਭਰਾਵਾਂ ਦੇ ਹੱਕ ਖਾ ਰਹੇ ਹਨ । ਸਮਾਜਕ ਰਿਸਤਿਆਂ ਦਾ ਭੋਗ ਪਾਕੇ ਅਸੀਂ ਆਪਣੀ ਜਿੰਦਗੀ ਨਰਕ ਬਣਾ ਰਹੇ ਹਾਂ। ਹੱਕ ਪਰਾਇਆ ਨਾਨਕਾਂ ਉਸ ਸੂਅਰ ਉਸ ਗਾਇ ਨੂੰ ਭੁੱਲਕੇ ਦੁਸਰਿਆਂ ਦੇ ਤਾਂ ਛੱਡੋ ਆਪਣੇ ਭੈਣ ਭਰਾਵਾਂ ਤੇ ਮਾਪਿਆਂ ਦਾ ਹੱਕ ਖਾਣ ਤੱਕ ਵਾਲੇ ਲੋਕ ਪਾਪ ਦੀ ਕਮਾਈ ਨਾਲ ਚੌਧਰੀ ਬਣੀ ਜਾ ਰਹੇ ਹਨ। ਇਸ ਤਰਾਂ ਦੇ ਲੋਕ ਜਿੱਥੇ ਮਨੁੱਖੀ ਰਿਸਤਿਆਂ ਨੂੰ ਮਲੀਆਂ ਮੇਟ ਕਰ ਰਹੇ ਹਨ ਉੱਥੇ ਧਾਰਮਿਕ ਮਹਾਪੁਰਸਾਂ ਦੇ ਉਪਦੇਸਾਂ ਦੀ ਬੇਅਦਬੀ ਕਰਨ ਦੇ ਵੀ ਦੋਸੀ ਬਣੀ ਜਾ ਰਹੇ ਹਨ । ਪੁਰਾਤਨ ਸਮਿਆਂ ਵਿੱਚ ਵਿਦਿਆ ਪਰਉਪਕਾਰ ਲਈ ਸਿਖਾਈ ਅਤੇ ਪੜਾਈ ਜਾਂਦੀ ਸੀ ਪਰ ਵਰਤਮਾਨ ਵਿੱਚ ਵਿਦਿਆ ਮਨੁੱਖ ਨੂੰ ਮਸੀਨ ਅਤੇ ਪੈਸਾ ਕਮਾਉਣ ਦਾ ਸੰਦ ਬਣਾਉਂਦੀ ਹੈ। ਵਰਤਮਾਨ ਵਿਦਿਆ ਅਤੇ ਸਮਾਜ ਦਾ ਆਚਰਣ ਬੱਚਿਆਂ ਨੂੰ ਸਵਾਰਥ ਤੋਂ ਬਿਨਾਂ ਨੈਤਿਕਤਾ ਦਾ ਪਾਠ ਪੜਾਉਣ ਤੋਂ ਅਸਮਰਥ ਹੈ ਕਿਉਂਕਿ ਵਿਦਿਆ ਸਿਖਾਉਣ ਦਾ ਕੰਮ ਵਪਾਰੀਆਂ ਦੇ ਹੱਥਾਂ ਵਿੱਚ , ਵਪਾਰੀ ਕਿਸਮ ਦੇ ਲੋਕਾਂ  ਲਈ , ਵਪਾਰੀਆਂ ਦੁਆਰਾ ਹੀ ਚਲਾਇਆ ਜਾ ਰਿਹਾ ਹੈ ।
                                          ਮਨੁੱਖ ਗੱਲਾਂ , ਭਾਸਣਾਂ ਜਾਂ ਸਿੱਖਿਆ ਨਾਲ ਨਹੀਂ ਸਿੱਖਦਾ ਹੁੰਦਾਂ ਇਹ ਤਾਂ ਉਸ ਬਾਂਦਰ ਜਾਤ ਦਾ ਪਰਾਣੀ ਹੈ ਜੋ ਦੂਸਰਿਆਂ ਨੂੰ ਜੋ ਕਰਦੇ ਦੇਖਦਾ ਹੈ ਉਸ ਤੋਂ ਜਿਆਦਾ ਕਰਕੇ ਦਿਖਾਉਂਦਾਂ ਹੈ । ਸੋ ਬਚਪਨ ਨੂੰ ਚੰਗਾਂ ਬਣਾਉਣ ਲਈ ਵੱਡਿਆਂ ਦਾ ਆਚਰਣ ਹੀ ਉਸ ਲਈ ਰਾਹ ਦਸੇਰਾ ਹੁੰਦਾਂ ਹੈ ਪਰ ਜਦ ਵੱਡੇ ਹੀ ਪੈਸੇ ਵਿੱਚ ਡੁੱਬ ਰਹੇ ਹਨ ਤਾਂ ਆਉਣ ਵਾਲੀ ਪੀੜੀ ਤਾਂ ਪੈਸਿਆਂ ਪਿੱਛੇ ਸਭ ਰਿਸਤੇ ਛੱਡਕੇ ਖੁਦਕਸੀ ਕਰਨ ਤੱਕ ਜਾ ਰਹੀ ਹੈ । ਸੋ ਵਰਤਮਾਨ ਮਨੁੱਖ ਦਾ ਜਿਹੋ ਜਿਹਾ ਆਚਰਣ ਹੋਵੇਗਾ ਆਉਣ ਵਾਲੀ ਪੀੜੀ ਉਸ ਤੋਂ ਵੀ ਅੱਗੇ ਚਲੀ ਜਾਵੇਗੀ। ਸਾਡੇ ਪੁਰਖਿਆਂ ਨੇ ਦੁੱਧ ਅਤੇ ਲੱਸੀ ਦੀ ਜਗਾਹ ਚਾਹ ਅਤੇ ਘਰ ਦੀ ਸਰਾਬ ਸੁਰੂ ਕੀਤੀ ਸੀ ਵਰਤਮਾਨ ਪੀੜੀ ਸਮੈਕ ਕੋਕੀਨ ਤੱਕ ਛਾਲ ਮਾਰ ਗਈ ਹੈ। ਇਸ ਤਰਾਂ ਹੀ ਪੁਰਾਤਨ ਲੋਕ ਮਾਪਿਆਂ ,ਭਰਾਵਾਂ ਅਤੇ ਸਕਿਆਂ ਦੇ ਨਾਲ ਇਕੱਠੇ ਰਹਿਣ ਅਤੇ ਵਰਤਣ ਦੀ ਥਾਂ ਬਰਾਬਰ ਰਹਿਣ ਲੱਗੇ ਪਰ ਵਰਤਮਾਨ ਪੀੜੀ ਇਸ ਤੋਂ ਅੱਗੇ ਬਿਲਕੁਲ ਵੱਖਰੀ ਰਹਿਣ ਲੱਗ ਪਈ ਹੈ। ਅਗਲੀ ਪੀੜੀ ਇਸ ਤੋਂ ਵੀ ਅੱਗੇ ਚਲੀ ਜਾਵੇਗੀ ਜਿਸ ਦੇ ਕੋਈ ਆਪਣੇ ਹੋਣੇ ਹੀ ਨਹੀਂ ।  ਇਸ ਤਰਾਂ ਦੇ ਸਮਾਜ ਵਿੱਚ ਮਨੁੱਖ ਸਮਾਜ ਰਿਸਤਿਆਂ ਤੋਂ ਬਿਨਾਂ ਇਕੱਲਤਾ ਦੀ ਮਹਾਂਮਾਰੀ ਵਿੱਚ ਗਰਕ ਜਾਵੇਗਾ ਜਿਸ ਵਿੱਚੋਂ ਪਸੂ ਬਿਰਤੀਆਂ ਦਾ ਜਨਮ ਲੈਣਾਂ ਲਾਜਮੀ ਹੈ।
                      ਸਮਾਂ ਅਤੇ ਕੁਦਰਤ ਭਾਵੇਂ ਕਿਸੇ ਵਿਅਕਤੀ ਵਿਸੇਸ ਦੇ ਨਾਲ ਬਦਲੀ ਨਹੀਂ ਜਾ ਸਕਦੀ ਅਤੇ ਸਭਿਆਚਾਰ  ਸਮੇਂ ਦੇ ਨਾਲ ਬਦਲਦੇ ਰਹਿਣਾਂ ਹੈ ਜਿਸ ਵਿੱਚ ਸਮਾਜਕ ਰਿਸਤਿਆਂ ਦੀ ਵੀ ਮੌਤ ਲਾਜਮੀ ਹੈ ਕਿਉਂਕਿ ਮਸੀਨੀਕਰਨ ਦੌਰ ਵਿੱਚ ਰਿਸਤਿਆਂ ਦੀ ਨੀਂਹ ਸਮਾਜ ਅਨੁਸਾਰ ਨਹੀਂ ਆਰਥਿਕਤਾ ਅਨੁਸਾਰ ਜਿਉਂਣ ਲਈ ਮਜਬੂਰ ਹੁੰਦੀ ਹੈ । ਵਰਤਮਾਨ ਵਿੱਚ ਰਿਸਤੇ ਵੀ ਬਰਾਬਰ ਦੀ ਆਰਥਿਕਤਾ ਨਾਲ ਹੀ ਬਣਨੇਂ ਅਤੇ ਨਿੱਭਣੇ ਹਨ । ਆਰਥਿਕਤਾ ਕਿਸੇ ਦੀ ਜੇਬ ਵਿੱਚ ਸਦਾ ਨਹੀਂ ਰਹਿੰਦੀ ਅਤੇ ਜਿਉਂ ਹੀ ਇਹ ਪਾਸਾ ਪਲਟਦੀ ਹੈ ਤਦ ਹੀ ਰਿਸਤੇ ਵੀ ਗਿਰਗਿਟ ਵਾਂਗ ਬਦਲ ਜਾਂਦੇ ਹਨ। ਇਸ ਤਰਾਂ ਦਾ ਸਵਾਰਥੀ ਸਮਾਜ ਮਨੁੱਖ ਦੀ ਹੋਣੀ ਬਣ ਰਿਹਾ ਹੈ ਅਤੇ ਭਵਿੱਖ ਵਿੱਚ ਮੋਹ ,ਮਿੱਤਰਤਾ , ਮਮਤਾ ਤੋਂ ਰਹਿਤ ਰਿਸਤਿਆਂ ਤੇ ਉਸਰਨ ਵਾਲੇ ਸਮਾਜ ਦਾ ਚਿਹਰਾ ਬਹੁਤ ਹੀ ਕਰੂਪ ਹੋਵੇਗਾ।
ਗੁਰਚਰਨ ਸਿੰਘ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ