Monday 16 March 2015

ਲੋਕਤੰਤਰ ਰਾਂਹੀ ਆਮ ਲੋਕ ਹੀ ਕਰਾਂਤੀਆਂ ਕਰਦੇ ਹਨ ਆਗੂ ਨਹੀਂ

                            
                                     ਦੁਨੀਆਂ ਦੇ ਆਮ ਲੋਕ ਸਮਾਜ ਦੇ ਆਪੇ ਬਣੇ ਸਿਆਣੇ ਅਤੇ ਵਿਦਵਾਨ ਲੋਕਾਂ ਦੀਆਂ ਨਜਰਾਂ ਵਿੱਚ ਕਦੇ ਵੀ ਵਿਸੇਸ ਨਹੀਂ ਹੁੰਦੇ ਪਰ ਸਮਾਜ ਦੇ ਸਾਰੇ ਇਨਕਲਾਬ ਆਮ ਆਦਮੀ ਦੇ ਪੇਟੋਂ ਹੀ ਜਨਮ ਲੈਂਦੇ ਹਨ। ਆਮ ਆਦਮੀ ਬਹੁਤ ਹੀ ਸਿਆਣਾਂ ਅਤੇ ਸਮਝਦਾਰ ਹੁੰਦਾਂ ਹੈ। ਦੁਨੀਆਂ ਦੇ ਮਹਾਨ ਗਿਆਨਵਾਨ ,ਪੀਰ ,ਪੈਗੰਬਰ ਹਮੇਸਾਂ ਆਮ ਲੋਕਾਂ ਦੁਨੀਆਂ ਦੇ ਸਭ ਤੋਂ ਵੱਡੇ ਜਾਂ ਰੱਬ ਦਾ ਰੂਪ ਇੰਹਨਾਂ ਆਮ ਲੋਕਾਂ ਵਿੱਚ ਹੀ ਦੇਖਦੇ ਹਨ। ਪੰਜਾਬੀਆਂ ਦੇ ਰਹਿਬਰ ਧਾਰਮਿਕ ਪੁਰਸਾਂ ਨੇ ਤਾਂ ਆਮ ਸੰਗਤ ਰੂਪੀ ਲੋਕਾਂ ਨੂੰ ਗੁਰੂ ਬੀਹ ਹਿੱਸੇ ਅਤੇ ਸੰਗਤ ਇੱਕੀ ਹਿੱਸੇ ਕਹਿਕੇ ਆਪਣੇ ਆਪ ਤੋਂ ਵੀ ਵੱਡੇ ਸਨਮਾਨ ਦਿੱਤੇ ਹਨ । ਗੁਰੂ ਗੋਬਿੰਦ ਸਿੰਘ ਨੇ ਤਾਂ ਇੱਥੋ ਤੱਕ ਕਿਹਾ ਹੈ ਕਿ ਜੇ ਮੈਂ ਅੱਜ ਕੁੱਝ ਹਾਂ ਤਾਂ ਇਹਨਾਂ ਲੋਕਾਂ ਦੇ ਕਾਰਨ ਹੀ ਹਾਂ ਨਹੀਂ ਤਾਂ ਮੇਰੇ ਵਰਗੇ ਕਰੋੜਾਂ ਲੋਕ ਫਿਰਦੇ ਹਨ ਇਸ ਸੰਸਾਰ ਤੇ, ਗੁਰੂ ਕਾ ਮੁੱਖ ਵਾਕ, ਇਨਹੀ ਕੀ ਕਿਰਪਾ ਸੇ ਸਜੇ ਹਮ ਹੈ ਨੋ ਮੋ ਸੇ ਕਰੋਰ ਪਰੈ , ਦਾ ਭਾਵ  ਇਹੋ ਹੀ ਹੈ। ਪਿੱਛਲੇ ਦਿਨੀਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਲੋਕਾਂ ਨੇ ਜਿਸ ਤਰਾਂ ਦੇ ਇੱਕ ਪਾਸੜ ਨਤੀਜੇ ਦੇਕੇ ਨਵਾਂ ਇਤਿਹਾਸ ਲਿਖਿਆ ਹੈ ਸੋਚਣ ਲਈ ਮਜਬੂਰ ਕਰ ਦਿੰਦਾਂ ਹੈ। ਪਰਿੰਟ ਮੀਡੀਆਂ ਅਤੇ ਇਲੈਕਟਰੋਨਿਕ ਮੀਡੀਆਂ ਇਸਨੂੰ ਇੱਕ ਵਿਅਕਤੀ ਕੇਜਰੀਵਾਲ ਦੀ ਕਾਰੁਜਗਾਰੀ ਪਰਚਾਰ ਰਿਹਾ ਹੈ ਜਦੋਂ ਕਿ ਇਹੀ ਇੱਕ ਵਿਅਕਤੀ ਨੌਂ ਮਹੀਨੇ ਪਹਿਲਾਂ ਦਿੱਲੀ ਵਿੱਚ ਸਾਰੀਆਂ ਸੀਟਾਂ ਹਾਰ ਗਿਆ ਸੀ। ਲੋਕਤੰਤਰ ਵਿੱਚ ਜੇ ਕੋਈ ਰਾਜਨੀਤਕ ਹੀ ਚਮਤਕਾਰ ਕਰ ਸਕਦੇ ਹੋਣ ਤਦ ਉਹ ਤਾਂ ਹਰ ਚੋਣ ਹੀ ਜਿੱਤ ਲਿਆ ਕਰਨ।
               ਆਮ ਲੋਕ ਕਿੰਨੇ ਸਿਆਣੇ ਅਤੇ ਸਮਝਦਾਰ ਹੁੰਦੇ ਹਨ ਇਸਦੀ ਵਿਆਖ਼ਿਆ ਕਰਨੀ ਬਹੁਤ ਹੀ ਮੁਸਕਲ ਹੈ । ਇਸ ਗੱਲ ਦੇ ਹੱਕ ਵਿੱਚ ਅਤੇ ਵਿਰੋਧ ਵਿੱਚ ਹਜਾਰਾਂ ਦਲੀਲਾਂ ਦਿੱਤੀਆਂ ਜਾ ਸਕਦੀਆਂ ਹਨ ਪਰ ਸੱਚ ਫਿਰ ਵੀ ਪੂਰਾ ਨਹੀਂ ਕਿਹਾ ਸਕਦਾ ਕਿਉਂਕਿ ਲੋਕ ਖੁਦਾ ਦਾ ਰੂਪ ਹੁੰਦੇ ਹਨ ਅਤੇ ਖੁਦਾ ਨੂੰ ਅੱਜ ਤੱਕ ਕੋਈ ਵੀ ਜਾਣ ਨਹੀਂ ਸਕਿਆ । ਖੁਦਾ ਹਮੇਸਾਂ ਸੱਚ ਨੂੰ ਕਿਹਾ ਜਾਂਦਾ ਹੈ ਅਤੇ ਗੁਰੂ ਨਾਨਕ ਜੀ ਅਨੁਸਾਰ ਸੱਚ ਅਕੱਥ ਹੈ ਜਿਸਨੂੰ ਕੋਈ ਪੂਰਾ ਵਰਣਨ ਨਹੀਂ ਕਰ ਸਕਦਾ॥ ਗੁਰੂ ਨਾਨਕ ਜੀ ਆਪਣੇ ਬੋਲਾਂ ਵਿੱਚ ਆਪਣੇ ਆਪ ਨੂੰ ਕਹਿੰਦੇ ਹਨ ਕਿ ਹੇ ਖੁਦਾ (ਸੱਚ)  ਜੇ ਮੈਂ ਤਨੂੰ ਤਿਲ ਮਾਤਰ ਵੀ ਸਮਝ ਸਕਾਂ ਜਾਂ ਬਿਆਨ ਕਰ ਸਕਾਂ ਤਦ ਵੀ ਮੈਂ ਆਪਣੇ ਆਪ ਨੂੰ ਸੁਭਾਗਾ ਸਮਝਾਂਗਾ ਪਰ ਹੇ ਸੱਚ ਰੂਪੀ ਖੁਦਾ ਤੈਨੂੰ ਤਿਲ ਮਾਤਰ ਵੀ ਵਰਣਨ ਨਹੀਂ ਕੀਤਾ ਜਾ ਸਕਦਾ। ਆਮ ਲੋਕ ਕਦੇ ਵੀ ਦੁਨੀਆਂ ਦੇ ਪਰਚਾਰ ਯੁੱਧ ਦੇ ਨਾਇਕ ਨਹੀਂ ਹੁੰਦੇ ਬਲਕਿ ਕਰਮ ਖੇਤਰ ਦੇ ਨਾਇਕ ਹੀ ਹੁੰਦੇ ਹਨ। ਆਮ ਲੋਕ ਕਦੇ ਵੀ ਵਡਿਆਂਈਆਂ ਅਤੇ ਚੌਧਰਾਂ ਦੇ ਭੁੱਖੇ ਨਹੀਂ ਹੁੰਦੇ ਅਤੇ ਨਾਂਹੀ ਆਪਣੇ ਆਪ ਨੂੰ ਖੁਦਾ ਵਾਂਗ ਪਰਗਟ ਹੋਣ ਦਿੰਦੇ ਹਨ ਪਰ ਸਹੀ ਸਮਾਂ ਆਉਣ ਤੇ ਚੁੱਪ ਕਰਿਆਂ ਹੋਇਆਂ ਵੀ ਇੱਕ ਛੋਟੇ ਜਿਹੇ ਕਰਮ ਨਾਲ ਹੀ ਇਨਕਲਾਬ ਸਿਰਜ ਦਿੰਦੇ ਹਨ। ਦੁਨੀਆਂ ਦੇ ਚੌਧਰੀ ਅਤੇ ਵਿਦਵਾਨ ਅੱਖਾਂ ਟੱਡੀ ਦੇਖਦੇ ਹੀ ਰਹਿ ਜਾਂਦੇ ਹਨ। ਵਰਤਮਾਨ ਸਮੇਂ ਦੇਸ਼ ਦਾ ਮੀਡੀਆਂ ਚਲਾਊ ਚਲਾਕ ਅਤੇ ਸਿਆਣਾਂ ਅਖਵਾਉਂਦਾ ਵਰਗ ਅਤੇ ਮੀਡੀਏ ਵਿੱਚ ਕੰਮ ਕਰਨ ਵਾਲੇ ਸਿਆਣੇ ਅਖਵਾਉਂਦੇ ਵਿਸਲੇਸਣਕਾਰ ਸਮਝ ਹੀ ਨਹੀਂ ਸਕੇ ਕਿ ਦਿੱਲੀ ਦੇ ਆਮ ਲੋਕ ਕਿਹੜਾ ਇਨਕਲਾਬ ਕਰਨ ਜਾ ਰਹੇ ਹਨ। ਇਸ ਤਰਾਂ ਹੀ ਮੋਦੀ ਸਾਹਿਬ ਨੂੰ ਪਰਧਾਨ ਮੰਤਰੀ ਬਣਨ ਯੋਗਾ ਬਹੁਮੱਤ ਦੇਣ ਸਮੇਂ ਵੀ ਲੋਕਾਂ ਨੇ ਇਹੋ ਇਨਕਲਾਬ ਦਿੱਤਾ ਸੀ। ਅਸਲ ਵਿੱਚ ਲੋਕ ਉਹ ਖੁਦਾ ਹੁੰਦੇ ਹਨ ਜੋ ਇਨਕਲਾਬਾਂ ਦੇ ਦਾਅਵੇ ਕਰਨ ਵਾਲਿਆਂ ਦੇ ਸੱਚ ਨੂੰ ਨੰਗਾਂ ਕਰਨ ਲਈ ਆਪਣੀ ਬਿਛਾਤ ਵਿਸਾ ਦਿੰਦੇ ਹਨ । ਮੋਦੀ ਅਤੇ ਕੇਜਰੀਵਾਲ ਨੂੰ ਪੂਰਨ ਬਹੁਮੱਤ ਦੇਕੇ ਫਸਾ ਦਿੱਤਾ ਹੈ ਕਿ ਲਉ ਤੁਸੀਂ ਹੁਣ ਆਪਣੇ ਵਾਅਦੇ ਪੂਰੇ ਕਰਕੇ ਦਿਖਾਉ ਪਰ ਇਹ ਦੋਨੋਂ ਆਗੂ ਹੁਣ ਲੋਕਾਂ ਦੇ ਬਹੁਮੱਤ ਦੇ ਜਾਲ ਵਿੱਚ ਫਸੇ ਹੋਏ ਬਾਘੜ ਬਿੱਲੇ ਬਣ ਗਏ ਹੋਏ ਝਾਕ ਰਹੇ ਹਨ ਕਿ ਹੁਣ ਅਸੀਂ ਕਿਵੇ ਨਿਕਲੀਏ ਇਸ ਜਾਲ ਵਿੱਚੋਂ । ਇਸ ਜਾਲ ਦਾ ਭਾਵ ਹੈ ਕਿ ਪੂਰਨ ਬਹੁਮੱਤ ਵਿੱਚ ਬੀਜੇਪੀ ਦਾ ਰਾਮ ਮੰਦਰ ਬਨਾਉਣ ਦਾ ਦਾਅਵਾ ਝੂਠਾ ਪੈ ਰਿਹਾ ਹੈ। ਮੋਦੀ ਦਾ ਕਾਲਾ ਧਨ ਲਿਆਉਣ ਦਾ ਦਾਅਵਾ ਹਵਾ ਹੋ ਗਿਆ ਹੈ। ਬਾਕੀ ਹੋਰ ਬੋਲੇ ਹੋਏ ਵੱਡੇ ਝੂਠ ਮੋਦੀ ਅਤੇ ਬੀਜੇਪੀ ਦਾ ਮੂੰਹ ਚਿੜਾ ਰਹੇ ਹਨ। ਆਮ ਲੋਕਾਂ ਨੂੰ ਕੁੱਝ ਵੀ ਫਰਕ ਨਹੀਂ ਪੈਂਦਾ ਵਿਕਾਸ ਹੋਵੇ ਨਾਂ ਹੋਵੇ ਕਿਉਂਕਿ ਇਹਨਾਂ ਤਾਂ ਕੁਦਰਤ ਅਤੇ ਖੁਦਾਈ ਰਹਿਮਤ ਸਹਾਰੇ ਜਿਉਣਾਂ ਹੈ ਚਿੰਤਾਂ ਗਰਸਤ ਤਾਂ ਅਮੀਰ ਲੋਕ ਹੁੰਦੇ ਹਨ ਜਿੰਹਨਾਂ ਦੀਆਂ ਹਵਸ਼ਾਂ ਅਤੇ ਅੱਯਾਸੀਆਂ ਕਦੇ ਵੀ ਪੂਰੀਆਂ ਨਹੀਂ ਹੋ ਸਕਦੀਆਂ। ਆਮ ਲੋਕ ਤਨ ਤੋਂ ਨੰਗੇ ਪੇਟ ਤੋਂ ਭੁੱਖੇ ਹੋਣ ਦੇ ਬਾਵਜੂਦ ਲੀਡਰਾਂ ਦੀ ਸਭ ਕੁੱਝ ਹੁੰਦੇ ਹੋਏ ਵੀ ਬੇਸਰਮਾਂ ਵਾਲੀ ਤਰਸਯੋਗ ਹਾਲਤ ਤੇ ਹੱਸ ਰਹੇ ਹਨ।
                             ਮੋਦੀ ਸਰਕਾਰ ਅਤੇ ਇਸਦੇ ਦੂਸਰੇ ਸਿਪਾਹ ਸਲਾਰਾਂ ਦੀ ਹੰਕਾਰੀ ਸੋਚ ਨੂੰ ਬੰਨ ਲਾਉਣ ਵਾਸਤੇ ਇੱਕ ਹੋਰ ਬੜਬੋਲੇ ਕੇਜਰੀਵਾਲ ਨੂੰ ਨੰਗਾਂ ਕਰਨ ਦੀ ਮੁਹਿੰਮ ਆਮ ਲੋਕਾਂ ਨੇ ਦਿੱਲੀ ਚੋਣ ਦੇ ਨਤੀਜਿਆਂ ਰਾਂਹੀ ਸੁਰੂ ਕਰ ਦਿੱਤੀ ਹੈ। ਆਮ ਲੋਕਾਂ ਦੇ ਭੇਸ ਵਿੱਚ ਅੰਨਾਂ ਹਜਾਰੇ ਵਰਗੇ ਸਾਫ ਦਿਲ ਬਜੁਰਗ ਦੇ ਮੋਢਿਆਂ ਤੇ ਚੜਕੇ ਕੁਰਸੀ ਤੇ ਪਹੁੰਚਣ ਦੀ ਕੋਸਿਸ ਕਰਨ ਵਾਲੇ ਧੋਖੇਬਾਜ ਕੇਜਰੀਵਾਲ ਦੇ ਬੋਲੇ ਹੋਏ ਝੂਠ ਨੂੰ ਸੱਚ ਕਰਨ ਦੀ ਚੁਣੌਤੀ ਪੂਰੀ ਕਰਨ ਦੀ ਕਸਵੱਟੀ ਤਿਆਰ ਕਰ ਦਿੱਤੀ ਹੈ ਜਿਸ ਲਈ ਕੇਜਰੀਵਾਲ ਨੂੰ ਆਸ ਹੀ ਨਹੀਂ ਸੀ । ਬਹੁਮੱਤ ਨਾਂ ਹੋਣ ਦੇ ਦਾਅਵੇ ਕਰਕੇ ਆਪਣੇ ਵਾਅਦਿਆਂ ਤੋਂ ਮੁਕਰਨ ਵਾਲੇ ਕੇਜਰੀਵਾਲ ਅਤੇ ਚਾਰ ਜਾਣਿਆਂ ਦੀ ਚੌਕੜੀ ਹੁਣ ਉਹਨਾਂ ਦੇ ਬੋਲੇ ਹੋਏ ਸਬਦਾਂ ਤੇ ਕਾਇਮ ਰਹਿਣ ਨੂੰ ਕਹਿਣ ਵਾਲਿਆਂ ਯੋਗੇਦਰ ਯਾਦਵ ਅਤੇ ਦੋਨੋਂ ਭੂਸਣਾਂ ਨੂੰ ਵੀ ਪਾਰਟੀ ਤੋਂ ਦੂਰ ਕਰਨ ਦੀਆਂ ਸਕੀਮਾਂ ਲੜਾ ਰਹੇ ਹਨ ਪਰ ਇਹ ਲੋਕ ਇਹ ਨਹੀਂ ਜਾਣਦੇ ਕਿ ਆਮ ਲੋਕਾਂ ਦੇ ਵੀ ਅੱਖਾਂ ਅਤੇ ਕੰਨ ਹੁੰਦੇ ਹਨ ਜੋ ਸੁਣ ਅਤੇ ਵੇਖ ਰਹੇ ਹਨ। ਹੁਣ ਲੋਕਪਾਲ ਅਤੇ ਜੋਕਪਾਲ ਦਾ ਫਰਕ ਕਿਉਂ ਧੁੰਦਲਾਂ ਹੋ ਰਿਹਾ ਹੈ। ਦਿੱਲੀ ਛੱਡੋ ਪਾਰਟੀ ਦਾ ਲੋਕਪਾਲ ਹੀ ਕਿਉਂ ਚੀਕਦਾ ਫਿਰਦਾ ਹੈ। ਆਮ ਲੋਕਾਂ ਫਿਰ ਹੱਸ ਰਹੇ ਹਨ ਕਿਉਂਕਿ ਇਹ ਲੋਕ ਤਾਂ ਗੁਰੂ ਗੋਬਿੰਦ ਸਿੰਘ ਦੇ ਉਹ ਬੋਲ ਪੂਰੇ ਕਰ ਰਹੇ ਹਨ ਕਿ ਮੈ ਹੂੰ ਪਰਮ ਪੁਰਖ ਕਾ ਦਾਸਾ ਦੇਖਣ ਆਇਉ ਜਗਤ ਤਮਾਸਾ। ਆਮ ਲੋਕ ਕਦੇ ਖੁਦ ਤਮਾਸਾ ਨਹੀਂ ਕਰਦੇ ਹੁੰਦੇ ਇਹ ਤਾਂ ਤਮਾਸਾ ਕਰਨ ਦਾ ਦਅਵਾ ਕਰਨ ਵਾਲਿਆਂ ਦਾ ਵੀ ਤਮਾਸਾ ਬਣਾ ਦਿੰਦੇ ਹਨ । ਅਨੰਤ ਖੁਦਾ ਅਤੇ ਕੁਦਰਤ ਦੇ ਦਾਸ ਲੋਕ ਤਮਾਸਾ ਬਣੇ ਨੇਤਾਵਾਂ ਦਾ ਤਮਾਸਾ ਹੀ ਵੇਖਦੇ ਹਨ। ਵਿਕਾਸ ਨਾਂ ਦਾ ਪੰਛੀ ਅਮੀਰਾਂ ਅਤੇ ਲਾਲਸਾਵਾਦੀ ਭੁੱਖੇ ਬੇਸਬਰੇ ਲੋਕਾਂ ਦੀ ਖੇਡ ਹੈ ਆਮ ਲੋਕ ਤਾਂ ਧਰਤੀ ਦੇ ਦੂਜੇ ਜਾਨਵਰਾਂ ਪਸੂ ਪੰਛੀਆਂ ਵਾਂਗ ਜੀਵਨ ਜਿਉਂਦੇ ਹਨ ਸੋ ਉਹਨਾਂ ਨੂੰ ਤਾਂ ਇਸ ਵਿਕਾਸ ਨੇ ਕਦੇ ਸੁੱਖ ਨਹੀਂ ਦਿੱਤਾ। ਜਿਸ ਤਰਾਂ ਵਿਕਾਸਵਾਦੀ ਲੋਕਾਂ ਦੀ ਬਦੌਲਤ ਪੰਜਾਬ ਵਿੱਚੋਂ ਪਸੂ ਪੰਛੀ ਕਿੱਕਰਾਂ ਬੇਰੀਆਂ ਆਦਿ ਦਰੱਖਤ ਛੱਡ ਕੇ ਭੱਜ ਰਹੇ ਹਨ ਇਸ ਤਰਾਂ ਹੀ ਅਮੀਰਾਂ ਦੀਆਂ ਬਸਤੀਆਂ ਵਿੱਚੋਂ ਗਰੀਬ ਲੋਕ ਭੱਜ ਜਾਂਦੇ ਹਨ ਦੂਸਰੇ ਇਲਾਕਿਆਂ ਵੱਲ ਜਾਂ ਕੁਦਰਤ ਦੀ ਗੋਦ ਵਿੱਚ ਮੌਤ ਦੀ ਝੋਲੀ ਜਾ ਡਿੱਗਦੇ ਹਨ ਬਿਨਾਂ ਕਿਸੇ ਇਲਾਜ ਦੇ ਬਿਨਾਂ ਕਿਸੇ ਕੋਸਿਸ ਦੇ ਕਿਉਂਕਿ  ਇਹ ਮਹਿੰਗੇ ਇਲਾਜ ਜਾਂ ਪਰਬੰਧ ਤਾਂ ਅਮੀਰਾਂ ਲੁਟੇਰਿਆਂ ਠੱਗਾਂ ਰਾਜਨੀਤਕਾਂ ਦਾ ਜੋ ਮੌਤ ਤੋਂ ਡਰਦੇ ਹਨ ਦਾ ਹੀ ਰਾਹ ਹੈ। ਆਮ ਬੰਦਾਂ ਤਾਂ ਹਮੇਸਾਂ ਅਨੰਤ ਖੁਦਾ ਅਤੇ ਕੁਦਰਤ ਦੇ ਰਹਿਮ ਤੇ ਹੀ ਜਿਉਂਦਾਂ ਹੈ ,ਜਿਉਂਦਾਂ ਰਹੇਗਾ। ਅਮੀਰ ਲੋਕ ਆਪਣੇ ਮਾਇਆਂ ਦੇ ਪਹਾੜ ਖੜੇ ਕਰਨ ਲਈ ਆਮ ਲੋਕਾਂ ਦੀਆਂ ਬਸਤੀਆਂ ਵੱਲ ਉਹਨਾਂ ਦੀ ਕਿਰਤ ਲੁੱਟਣ ਲਈ ਸਦਾ ਭੱਜਦੇ ਰਹਿਣਗੇ। ਖੁਦਾ ਰੂਪੀ ਨਿਰਵੈਰ ਆਮ ਲੋਕ ਆਪਣੀਆਂ ਜਾਨਾਂ ਅਤੇ ਕਰਮਾਂ ਦੀ ਬਲੀ ਦੇਕੇ ਵੀ ਅਮੀਰਾਂ ਦਾ ਤਮਾਸਾ ਸਦਾ ਬਣਾਈ ਰੱਖਣਗੇ।
                    ਹੇ ਦੁਨੀਆਂ ਦੇ ਚਲਾਕ ,ਸਿਆਣੇ, ਵਿਦਵਾਨ , ਅਮੀਰ, ਪਰਾਈ ਕਿਰਤ ਲੁੱਟਕੇ, ਧੋਖੇਬਾਜ ਲੋਕੋ, ਸਿਆਸਤਦਾਨੋ ਆਮ ਲੋਕ ਖੁਦਾ ਦਾ ਰੂਪ ਹੁੰਦੇ ਹਨ ਇਹ ਗੁਰੂ ਨਾਨਕ ਦੇ ਨਿਰਵੈਰ, ਕਰਤਾ ਪੁਰਖ, ਅਜੂਨੀ, ਆਪਣੇ ਆਪ ਤੋਂ ਬਣੇ ਹੋਏ ਹਨ ਅਤੇ ਇਹ ਜੱਗ ਸੱਚੇ ਕੀ ਕੋਠੜੀ ਸੱਚੇ ਕਾ ਵਿੱਚ ਵਾਸ ਦਾ ਮੁਸੱਜਮਾ ਹਨ ਸੋ ਇੰਹਨਾਂ ਨਾਲ ਧੋਖਾ ਕਰਨ ਦੀ ਗਲਤੀ ਨਾਂ ਕਰਿਉ ਕਿਉਂਕਿ ਇਹ ਉਹ ਕੁੱਝ ਵੀ ਕਰ ਸਕਦੇ ਹਨ ਜੋ ਤੁਸੀਂ ਕਦੇ ਵੀ ਸਮਝ ਨਹੀਂ ਸਕਦੇ। ਕੁਦਰਤ ਅਤੇ ਕੁਦਰਤ ਦੇ ਬੰਦਿਆਂ ਭਾਵ ਆਮ ਲੋਕਾਂ ਨਾਲ ਖੇਡਣ ਵਾਲਾ ਇੱਕ ਦਿਨ ਆਪਣੇ ਆਪ ਨਾਲ ਹੀ ਖੇਡ ਕੇ ਰਹਿ ਜਾਂਦਾ ਹੈ। ਆਮ ਲੋਕ ਸਦਾ ਕਰਾਂਤੀਆਂ ਦਾ ਨਾਇਕ ਸੀ , ਹੈ ਅਤੇ ਰਹੇਗਾ। ਅਕਲਾਂ ਦੇ ਘੋੜੇ ਤੇ ਚੜਨ ਵਾਲਿਉ ਕਦੀ ਗਿਆਨ ਦੀ ਅੱਖ ਖੋਲ ਕੇ ਵੇਖਿਉ ਤਦ ਤੁਹਾਨੂੰ ਖਾਸ ਲੋਕ ਗੱਦਾਰ ਅਤੇ ਆਮ ਲੋਕ ਖੁਦਾ ਰੂਪ ਦਿਖਾਈ ਦੇਣਗੇ। ਜਿਹੜਾ ਮਨੁੱਖ ਆਮ ਲੋਕਾਂ ਤੋਂ ਇੱਜਤ ਪਰਾਪਤ ਕਰ ਜਾਵੇ ਉਹ ਸਦਾ ਲਈ ਜਿਉਂਦਾਂ ਹੋ ਜਾਂਦਾ ਹੈ ਦਿੱਲੀ ਦੇ ਚਾਂਦਨੀ ਚੌਕ ਦੀ ਗੁਰੂ ਤੇਗ ਬਹਾਦਰ ਦੀ ਯਾਦਗਾਰ ਗੁਰੂ ਘਰ ਵਿੱਚੋਂ ਹਜਾਰਾਂ ਲੋਕ ਪੇਟ ਭਰਕੇ ਨਿੱਕਲਦੇ ਹਨ ਪਰ ਉਸਦੇ ਸਾਹਮਣੇ ਔਰੰਗਜੇਬ ਅਤੇ ਅਨੇਕਾਂ ਦੂਸਰੇ ਸਿਆਸਤਦਾਨਾਂ ਦੀ ਹੱਵਸ਼ ਦੀ ਨਿਸਾਨੀ ਲਾਲ ਕਿਲਾ ਕਿਸੇ ਦਾ ਪੇਟ ਨਹੀਂ ਭਰਦਾ ਇਸਦੀ ਉਦਾਹਰਣ ਹੈ। ਆਮ ਲੋਕਾਂ ਦੇ ਤਿਰਸ਼ਕਾਰ ਦਾ ਅਤੇ ਸਿਆਸਤਦਾਨਾਂ ਦੀ ਲਲਚਾਈ ਅੱਖ ਦਾ ਲਾਲਕਿਲਾ ਉਹਨਾਂ ਦੀ ਦਿਮਾਗੀ ਸੋਚ ਅਤੇ ਸਮਝ ਦਾ ਵਿਖਾਵਾ ਹੈ। ਇਹੋ ਫਰਕ ਹੈ ਆਮ ਲੋਕਾਂ ਅਤੇ ਦੁਨੀਆਂ ਦੇ ਸਿਆਣੇ ਲੋਕਾਂ ਦਾ ਕਿਉਂਕਿ ਸਿਆਣੇ ਆਮ ਲੋਕ ਸੀਸਗੰਜ ਸਿਰ ਨਿਵਾਉਂਦੇ ਹਨ ਅਤੇ ਰੱਜਕੇ ਨਿਕਲਦੇ ਹਨ ਦੁਨੀਆਂ ਦੇ ਸਿਆਸਤਦਾਨ ਅਤੇ ਲਾਲਸਾਵਾਦੀ ਲੋਕ ਲਾਲ ਕਿਲੇ ਵਿੱਚ ਜਾਣਾਂ ਲੋਚਦੇ ਹਨ ਅਤੇ ਭੁੱਖੇ ਹੋਕੇ ਨਿੱਕਲਦੇ ਹਨ।
         ਗੁਰਚਰਨ ਸਿਘ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ