Tuesday 14 March 2017

ਔਰੰਗਜ਼ੇਬ ਬਾਰੇ ਗਿਆਨ ਗਾਥਾ


10803cd _aurangzeb_cover
Add caption
ਭਾਰਤ ਦੇ ਮੁਗ਼ਲ ਬਾਦਸ਼ਾਹਾਂ ਵਿੱਚੋਂ ਬਾਬੁਰ ਤੇ ਔਰੰਗਜ਼ੇਬ ਨੂੰ ਸਭ ਤੋਂ ਵੱਧ ਤੁਅੱਸਬੀ ਮੰਨਿਆ ਜਾਂਦਾ ਹੈ। ਸਾਡੀਆਂ ਪਾਠ ਪੁਸਤਕਾਂ ਇਨ੍ਹਾਂ ਦੋਵਾਂ ਨੂੰ ਜ਼ਾਲਮ ਤੇ ਅੱਤਿਆਚਾਰੀ ਦੱਸਦੀਆਂ ਹਨ। ਦੋਵਾਂ ਵੱਲੋਂ ਭਾਰਤੀ ਪਰਜਾ ਉੱਤੇ ਢਾਹੇ ਜ਼ੁਲਮਾਂ ਦੀਆਂ ਕਹਾਣੀਆਂ ਸਾਡੀ ਲੋਕ-ਧਾਰਾ ਦਾ ਅੰਗ ਵੀ ਬਣੀਆਂ ਹੋਈਆਂ ਹਨ। ਸੋਸ਼ਲ ਮੀਡੀਆ ’ਤੇ ਇੱਕ ਖ਼ਾਸ ਮਜ਼ਹਬੀ ਫਿਰਕੇ ਨੂੰ ਵਹਿਸ਼ੀ ਦੱਸਣ ਤੇ ਨਿੰਦਣ ਲਈ ਉਸ ਦੇ ਮੈਂਬਰਾਂ ਨੂੰ ਬਾਬੁਰ ਤੇ ਔਰੰਗਜ਼ੇਬ ਦੇ ਵਾਰਿਸ ਦੱਸਿਆ ਜਾਂਦਾ ਹੈ। ਬਾਬੁਰ ਨੂੰ ਤਾਂ ਫਿਰ ਵੀ ਕੁਝ ਹੱਦ ਤਕ ਬਖ਼ਸ਼ ਦਿੱਤਾ ਜਾਂਦਾ ਹੈ, ਪਰ ਔਰੰਗਜ਼ੇਬ ਆਲਮਗੀਰ (1618-1707 ਈ.) ਨੂੰ ਤਾਂ ਹਿੰਦੂਆਂ ਨੂੰ ਨਫ਼ਰਤ ਕਰਨ ਵਾਲਾ, ਹੱਤਿਆਰਾ ਅਤੇ ਕੱਟੜ ਇਸਲਾਮਪ੍ਰਸਤ ਦੱਸ ਕੇ ਭਾਰਤੀ ਇਤਿਹਾਸ ਦੇ ਖਲਨਾਇਕਾਂ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ। ਅਜਿਹੇ ਪ੍ਰਭਾਵ ਇੰਨੇ ਪੱਕੇ ਹੋ ਚੁੱਕੇ ਹਨ ਕਿ ਪੰਡਿਤ ਜਵਾਹਰਲਾਲ ਨਹਿਰੂ ਵੀ ਔਰੰਗਜ਼ੇਬ ਦੀ ਸ਼ਖ਼ਸੀਅਤ ਨੂੰ ਸਹੀ ਪਰਿਪੇਖ ਤੋਂ ਸਮਝਣ ਤੇ ਪੇਸ਼ ਕਰਨ ਵਿੱਚ ਨਾਕਾਮ ਰਹੇ। ਇਸ ਸਥਿਤੀ ਦਾ ਅਫ਼ਸੋਸਨਾਕ ਪਹਿਲੂ ਇਹ ਹੈ ਕਿ ਨਾ ਤਾਂ ਭਾਰਤੀ ਇਤਿਹਾਸਕਾਰ ਅਤੇ ਨਾ ਹੀ ਬਰਤਾਨਵੀ ਤੇ ਹੋਰ ਵਿਦੇਸ਼ੀ ਇਤਿਹਾਸਕਾਰਾਂ ਨੇ ਭਾਰਤ ਦੇ ਇਸ ਛੇਵੇਂ ਬਾਦਸ਼ਾਹ ਦੀ ਸ਼ਖ਼ਸੀਅਤ ਦੇ ਚੰਗੇਰੇ ਪੱਖਾਂ ਨੂੰ ਲੱਭਣ ਤੇ ਉਭਾਰਨ ਦਾ ਸੰਜੀਦਾ ਯਤਨ ਕੀਤਾ। ਜਿਹੜੇ ਕੁਝ ਯਤਨ ਹੋਏ, ਉਹ ਵੀ ਥੋੜ੍ਹਾ-ਬਹੁਤ ਸੰਤੁਲਨ ਬਿਠਾਉਣ ਦੇ ਇਰਾਦੇ ਨਾਲ ਹੋਏ, ਇਸ ਯਕੀਨ ਨਾਲ ਨਹੀਂ ਕਿ ਬਦੀ ਦੇ ਪੁਤਲਿਆਂ ਅੰਦਰ ਵੀ ਨੇਕੀ ਦੇ ਕਣ ਮੌਜੂਦ ਹੁੰਦੇ ਹਨ।
ਭਾਰਤ ਤਾਂ ਕੀ, ਪਾਕਿਸਤਾਨ ਵਿੱਚ ਵੀ ਔਰੰਗਜ਼ੇਬ ਨੂੰ ਬਹੁਤ ਚੰਗੀ ਰੌਸ਼ਨੀ ਵਿੱਚ ਨਹੀਂ ਦਰਸਾਇਆ ਜਾਂਦਾ। ਇਤਿਹਾਸਕਾਰ ਤੇ ਉੱਘੇ ਕਲਾ ਸਮੀਖਿਅਕ ਫਕੀਰ ਸੱਯਦ ਐਜਾਜ਼ੂਦੀਨ ਨੇ ਪਿਛਲੇ ਦਿਨੀਂ ‘ਡਾਅਨ’ ਵਿੱਚ ‘ਆਲਮਗੀਰੀ’ ਨਾਮੀਂ ਪੁਸਤਕ ਦੀ ਸਮੀਖਿਆ ਕਰਦਿਆਂ ਲਿਖਿਆ ਕਿ ਪਾਕਿਸਤਾਨੀ ਕੱਟੜਪੰਥੀ, ਔਰੰਗਜ਼ੇਬ ਨੂੰ ਇਸ ਕਰਕੇ ਨਾਇਕ ਮੰਨਦੇ ਹਨ ਕਿ ਉਸ ਨੇ ‘‘ਹਿੰਦੂਆਂ ਉੱਤੇ ਕਹਿਰ ਢਾਹੇ ਅਤੇ ਇਸਲਾਮਪ੍ਰਸਤੀ ਨੂੰ ਸ਼ਾਹੀ ਸੋਚਣੀ ਤੇ ਕਰਮ-ਧਰਮ ਦਾ ਅਹਿਮ ਹਿੱਸਾ ਬਣਾਇਆ।’’ ਦੂਜੇ ਪਾਸੇ, ਅਜਿਹੇ ਪਾਕਿਸਤਾਨੀਆਂ ਦੀ ਵੀ ਕਮੀ ਨਹੀਂ ਜੋ ਉਸ ਨੂੰ ‘‘ਮੁਗ਼ਲ ਰਾਜ ਦੇ ਨਿਘਾਰ ਤੇ ਪਤਨ ਦਾ ਮੋਢੀ ਮੰਨਦੇ ਹਨ ਅਤੇ ਇਹ ਸਮਝਦੇ ਹਨ ਕਿ ਉਸ ਦੀਆਂ ਗ਼ਲਤੀਆਂ ਕਾਰਨ ਹੀ ਅੱਠ ਸੌ ਸਾਲਾਂ ਬਾਅਦ ਭਾਰਤੀ ਉਪ ਮਹਾਂਦੀਪ ਵਿੱਚ ਹਿੰਦੂਆਂ ਦੇ ਪ੍ਰਤਾਪ ਦੀ ਵਾਪਸੀ ਹੋਈ ਅਤੇ ਹਿੰਦੂ ਭਾਈਚਾਰਾ ਮੁਸਲਮਾਨਾਂ ਉੱਤੇ ਹਾਵੀ ਹੋਣ ਲੱਗਿਆ।’’
ਅਮਰੀਕੀ ਵਿਦਵਾਨ ਔਡਰੇ ਟਰੁਸ਼ਕੇ ਦੀ ਕਿਤਾਬ ‘ਔਰੰਗਜ਼ੇਬ : ਦਿ ਮੈਨ ਐਂਡ ਦਿ ਮਿੱਥ’ (ਪੈਂਗੁਇਨ ਰੈਂਡਮ ਹਾਊਸ, 399 ਰੁਪਏ) ਭਾਰਤੀ ਇਤਿਹਾਸ ਦੇ ਇਸ ਅਤਿਅੰਤ ਵਿਵਾਦਿਤ ਕਿਰਦਾਰ ਦੀ ਸ਼ਖ਼ਸੀਅਤ ਨਾਲ ਨਿਆਂ ਕਰਨ ਦਾ ਉਪਰਾਲਾ ਹੈ। ਔਡਰੇ ਨੇ ਨਵੇਂ ਤੇ ਸੰਤੁਲਿਤ ਪਰਿਪੇਖ ਤੋਂ ਔਰੰਗਜ਼ੇਬ ਦੀ ਸ਼ਖ਼ਸੀਅਤ ਤੇ ਕਾਰਗੁਜ਼ਾਰੀ ਦਾ ਅਧਿਐਨ ਕੀਤਾ ਹੈ। ਕਿਤਾਬ ਨਾ ਤਾਂ ਉਸ ਨੂੰ ਵਡਿਆਉਂਦੀ ਹੈ ਅਤੇ ਨਾ ਹੀ ਕੰਸਨੁਮਾ ਦੁਸ਼ਟ ਵਜੋਂ ਪੇਸ਼ ਕਰਦੀ ਹੈ। ਔਡਰੇ ਨੇ ਇੱਕ ਸਾਲ ਪਹਿਲਾਂ ‘ਕਲਚਰ ਆਫ਼ ਐਨਕਾਊਂਟਰਜ਼ : ਸੰਸਕ੍ਰਿਤ ਇਨ ਮੁਗਲ ਕੋਰਟ’ ਨਾਮੀਂ ਕਿਤਾਬ ਰਾਹੀਂ ਮੁਗ਼ਲ ਬਾਦਸ਼ਾਹਾਂ ਵੱਲੋਂ ਸੰਸਕ੍ਰਿਤ ਤੇ ਭਾਰਤੀ ਸੱਭਿਅਤਾ ਦੇ ਹੋਰਨਾਂ ਅੰਗਾਂ ਨੂੰ ਸ਼ਾਹੀ ਸੱਭਿਆਚਾਰ ਦਾ ਹਿੱਸਾ ਬਣਾਉਣ ਅਤੇ ਇਸ ਤਰ੍ਹਾਂ ਦੇ ਤਹਿਜ਼ੀਬੀ ਸੁਮੇਲ ਰਾਹੀਂ ਗੰਗਾ-ਜਮੁਨੀ ਤਹਿਜ਼ੀਬ ਨੂੰ ਮਜ਼ਬੂਤੀ ਬਖ਼ਸ਼ਣ ਦਾ ਵਿਦਵਤਾਪੂਰਨ ਖੁਲਾਸਾ ਕੀਤਾ ਸੀ। ਇਹ ਕਿਤਾਬ ਉਸੇ ਅਧਿਐਨ ਦੀ ਹੀ ਕੜੀ ਹੈ।  ਫ਼ਰਕ ਇਹ ਹੈ ਕਿ ਇਹ ਵੱਧ ਸਲੀਕੇ, ਵੱਧ ਕਰੀਨੇ ਨਾਲ ਲਿਖੀ ਗਈ ਹੈ; ਇਸ ਵਿੱਚ ਉਪਨਿਆਸ ਵਾਲਾ ਰਸ ਮੌਜੂਦ ਹੈ ਅਤੇ 89 ਸਾਲ ਜਿਊਣ ਵਾਲੀ ਸ਼ਾਹੀ ਹਸਤੀ ਦੀ ਪੂਰੀ ਗਾਥਾ ਨੂੰ 155 ਪੰਨਿਆਂ ਅੰਦਰ ਸਮੇਟ ਦਿੱਤਾ ਗਿਆ ਹੈ।
10803cd _audreyਇੱਕ ਗੱਲ ਸਾਫ਼ ਹੈ ਕਿ ਜੇਕਰ ਔਰੰਗਜ਼ੇਬ ਬੇਰਹਿਮ ਸੀ ਤਾਂ ਇਤਿਹਾਸ ਨੇ ਵੀ ਉਸ ਨਾਲ ਬੇਤਰਸੀ ਵਰਤੀ। ਉਸ ਬਾਰੇ ਇਹ ਪ੍ਰਭਾਵ ਬੜ੍ਹਾ ਗੂੜ੍ਹਾ ਹੈ ਕਿ ਉਹ ਬੇਦਰਦ ਹੁਕਮਰਾਨ ਸੀ ਜਿਸ ਨੇ ਆਪਣੇ ਪੜਦਾਦਾ ਅਕਬਰ ਦੀ ਸੁਲ੍ਹਾਕੁਲ ਵਿਰਾਸਤ ਮਲੀਆਮੇਟ ਕਰ ਦਿੱਤੀ, ਆਪਣੇ ਦਾਦਾ ਜਹਾਂਗੀਰ ਦੀ ਇਨਸਾਫ਼ਪਸੰਦੀ ਰੋਲ ਕੇ ਰੱਖ ਦਿੱਤੀ ਅਤੇ ਪਿਤਾ ਸ਼ਾਹਜਹਾਂ ਦੇ ਕਲਾ-ਪ੍ਰੇਮ ਨਾਲ ਲਗਾਤਾਰ ਅਨਿਆਂ ਕੀਤਾ। ਉਸ ਨੇ ਬੇਕਿਰਕੀ ਨਾਲ ਹਿੰਦੂ ਮੰਦਿਰ ਢਾਹੇ ਅਤੇ ਨਾਲ ਹੀ ਹਿੰਦੂਆਂ ਨੂੰ ਬਹੁਤ ਵੱਡੀ ਗਿਣਤੀ ਵਿੱਚ ਮੌਤ ਦੇ ਘਾਟ ਉਤਾਰਿਆ।
ਪਰ ਔਡਰੇ ਦੀ ਪੁਸਤਕ ਔਰੰਗਜ਼ੇਬ ਦਾ ਵੱਧ ਸੰਤੁਲਿਤ ਰੂਪ ਪੇਸ਼ ਕਰਦੀ ਹੈ। ਲੇਖਿਕਾ ਨੇ ਸਾਖੀਕਾਰੀ ਤੋਂ ਬਚਣ ਦੀ ਕੋਸ਼ਿਸ਼ ਕਰਦਿਆਂ ਇਤਿਹਾਸਕ ਤੱਥਾਂ ਤੇ ਸਬੂਤਾਂ ਨੂੰ ਸਹਿ-ਪਰਿਪੇਖ ਵਿੱਚ ਪੇਸ਼ ਕੀਤਾ ਹੈ। ਉਸ ਨੇ ਔਰੰਗਜ਼ੇਬ ਬਾਰੇ ਝੂਠ-ਸੱਚ ਦਾ ਨਿਤਾਰਾ ਕਰਨ ਦਾ ਸੰਜੀਦਾ ਯਤਨ ਕੀਤਾ ਹੈ। ਉਸ ਨੇ ਔਰੰਗਜ਼ੇਬ ਦੀ ਸ਼ਖ਼ਸੀਅਤ ਵਿਚਲੇ ਨੁਕਸਾਂ ਤੇ ਉਨ੍ਹਾਂ ਦੇ ਕਾਰਨਾਂ ਦਾ ਵਿਸ਼ਲੇਸ਼ਣ ਕਰਦਿਆਂ ਇਹ ਤੱਥ ਸਾਹਮਣੇ ਲਿਆਂਦਾ ਹੈ ਕਿ ਜਿੰਨੇ ਹਿੰਦੂ ਸਰਕਾਰੀ ਅਹਿਲਕਾਰ ਔਰੰਗਜ਼ੇਬ ਨੇ ਨਿਯੁਕਤ ਕੀਤੇ, ਓਨੇ ਕਿਸੇ ਵੀ ਹੋਰ ਮੁਗ਼ਲ ਬਾਦਸ਼ਾਹ ਨੇ ਨਹੀਂ ਕੀਤੇ। ਉਸ ਨੇ ਇੱਕ ਪਾਸੇ ਕਾਸ਼ੀ ਦਾ ਵਿਸ਼ਵਨਾਥ ਮੰਦਿਰ ਤੇ ਮਥੁਰਾ ਦਾ ਕੇਸ਼ਵਦੇਵ ਮੰਦਿਰ ਢਾਹੇ, ਪਰ ਦੂਜੇ ਪਾਸੇ ਦੱਖਣੀ ਭਾਰਤ ਵਿੱਚ ਆਪਣੀ ਮੁਹਿੰਮ ਦੌਰਾਨ ਕਿਸੇ ਵੀ ਮੰਦਿਰ ਨੂੰ ਨੁਕਸਾਨ ਨਹੀਂ ਪਹੁੰਚਾਇਆ। ਅਕਬਰ ਦੇ ਦਰਬਾਰੀ ਰਾਜਾ ਮਾਨ ਸਿੰਘ ਦਾ ਪੁੱਤਰ ਮਿਰਜ਼ਾ ਰਾਜਾ ਜੈ ਸਿੰਘ ਉਨ੍ਹਾਂ ਜਰਨੈਲਾਂ ਵਿੱਚੋਂ ਸੀ ਜਿਸ ਉੱਤੇ ਔਰੰਗਜ਼ੇਬ ਸਭ ਤੋਂ ਵੱਧ ਯਕੀਨ ਕਰਦਾ ਸੀ। ਮਰਨ ਤੋਂ ਪਹਿਲਾਂ ਔਰੰਗਜ਼ੇਬ ਅੰਦਰ ਇਹ ਅਹਿਸਾਸ ਪ੍ਰਬਲ ਰਿਹਾ ਕਿ ਉਹ ਨਾ ਤਾਂ ਹੁਕਮਰਾਨ ਵਜੋਂ ਕਾਮਯਾਬ ਰਿਹਾ ਅਤੇ ਨਾ ਹੀ ਇਨਸਾਨ ਵਜੋਂ। ਇਸ ਦਾ ਇਕਬਾਲ ਉਸ ਨੇ ਆਪਣੇ ਪੁੱਤਰ ਕਾਮ ਬਖ਼ਸ਼ ਨੂੰ ਲਿਖੇ ਖ਼ਤਾਂ ਵਿੱਚ ਕੀਤਾ।
ਪੁਸਤਕ ਵਿੱਚ ਔਰੰਗਜ਼ੇਬ ਦੇ ਤਿੰਨ ਪ੍ਰਮੁੱਖ ਹਿੰਦੂ ਅਹਿਲਕਾਰਾਂ – ਰਾਜਾ ਰਘੂਨਾਥ, ਚੰਦਰ ਭਾਨ ਬ੍ਰਾਹਮਣ ਅਤੇ ਭੀਮਸੈਨ ਸਕਸੈਨਾ ਦਾ ਜ਼ਿਕਰ ਕਈ ਵਾਰ ਆਉਂਦਾ ਹੈ। ਪਰ ਉਨ੍ਹਾਂ ਬਾਰੇ ਜਾਣਕਾਰੀ ਬਹੁਤ ਸੀਮਿਤ ਹੈ। ਜੇਕਰ ਇਨ੍ਹਾਂ ਬਾਰੇ ਜ਼ਿਆਦਾ ਜਾਣਕਾਰੀ ਹੁੰਦੀ ਤਾਂ ਪੁਸਤਕ ਵਧੇਰੇ ਤਸੱਲੀਬਖ਼ਸ਼ ਜਾਪਣੀ ਸੀ।

No comments: