Wednesday 5 September 2018

ਭਾਗ ਅੱਠਵਾਂ ... ਲਹੌਰ ਸਹਿਰ ਦੇ ਗੁਰਧਾਮਾਂ ਦੇ ਦਰਸਨ

    ਲਹੌਰ ਦੇਹਰਾ ਸਾਹਿਬ ਯਾਤਰਾ
               ਨਨਕਾਣਾ ਸਾਹਿਬ ਤੋਂ ਦੁਪਹਿਰ ਦੋ ਕੁ ਵਜੇ ਟਰੇਨ ਚੱਲਕੇ ਪੰਜ ਕੁ ਵਜਦੇ ਨੂੰ ਲਹੌਰ ਪਹੁੰਚ ਜਾਂਦੀ ਹੈ ਰਸਤੇ ਵਿੱਚ ਸੇਖੁਪੁਰਾ ਅਤੇ ਸਾਹਦਰਾ ਦੇ ਰੇਲਵੇ ਸਟੇਸਨ ਆਉਂਦੇ ਹਨ। ਟਰੇਨ ਟਰੈਕ ਦਾ ਰਸਤਾ 100 ਕਿਲੋਮੀਟਰ ਹੈ। ਰੇਲਵੇ ਸਟੇਸਨ ਉੱਤਰਦਿਆ ਹੀ ਸਿੱਖ ਗੁਰਦੁਆਰਾ ਕਮੇਟੀ ਅਤੇ ਸਥਾਨਕ ਅਧਿਕਾਰੀਆਂ ਵੱਲੋਂ ਫੇਰ ਫੁੱਲਾ ਦੀ ਵਰਖਾ ਅਤੇ ਹਾਰ ਪਾਕੇ ਸਵਾਗਤ ਕੀਤਾ ਜਾਦਾ ਹੈ । ਆਗੂਆਂ ਨੂੰ ਗੁਲਦਸਤੇ ਭੇਂਟ ਕੀਤੇ ਜਾਂਦੇ ਹਨ । ਬੱਸਾ ਵਿੱਚ ਬਿਠਾਕਿ ਗੁਰਦੁਆਰਾ ਸਾਹਿਬ ਸੰਗਤਾਂ ਨੂੰ ਪਹੁੰਚਾਇਆ ਜਾਦਾਂ ਹੈ। ਠੰਡੇ ਮਿੱਠੇ ਜਲ ਦੀਆਂ ਛਬੀਲਾਂ ਤੇ ਜਲ ਛਕਣ ਤੋਂ ਬਾਅਦ ਸੰਗਤਾਂ ਗੁਰੂ ਅਰਜਨ ਦੇਵ ਦੇ ਇਸ ਸਹੀਦੀ ਅਸਥਾਨ  ਨਤਮਸਤਕ ਹੁੰਦੀਆਂ ਹਨ। ਸਭ ਤੋਂ ਪਹਿਲਾਂ ਪਰਬੰਧਕਾਂ ਵੱਲੋਂ ਕਮਰੇ ਅਲਾਟ ਕੀਤੇ ਜਾਂਦੇ ਹਨ। ਆਪਣਾ ਸਮਾਨ ਕਮਰਿਆਂ ਵਿੱਚ ਸੁਰੱਖਿਅਤ ਕਰਨ ਤੋਂ ਬਾਅਦ ਯਾਤਰੀ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਅੱਗੇ ਬਣੇ ਦਰਬਾਰ ਸਾਹਿਬ ਵਿੱਚ ਗੁਰੂ ਗਰੰਥ ਸਾਹਿਬ ਨੂੰ ਮੱਥਾ ਟੇਕਦੀਆਂ ਹਨ। ਇਹ ਸਥਾਨ ਕਾਫੀ ਉੱਚੀ ਥਾਂ ਤੇ ਬਣਿਆਂ ਹੈ ਜਿਸ ਲਈ ਕਾਫੀ ਪੌੜੀਆਂ ਚੜਕੇ ਉੱਪਰ ਜਾਈਦਾ ਹੈ। ਗੁਰੂ ਅਰਜਨ ਦੇਵ ਜੀ ਦੇ ਸਹੀਦੀ ਅਸਥਾਨ ਦੇ ਆਲੇ ਦੁਆਲੇ ਨਵੀ ਬਿਲਡਿੰਗ ਦੀ ਕਾਰ ਸੇਵਾ ਚਲ ਰਹੀ ਹੈ। ਸਹੀਦੀ ਅਸਥਾਨ ਹਾਲੇ ਬਚਾਕੇ ਰੱਖਿਆ ਹੋਇਆ ਹੈ ਜਿਸ ਵਿੱਚ ਗੁਰੂ ਗਰੰਥ ਪ੍ਰਕਾਸ ਹੈ। ਇਹ ਦੋਨੋਂ ਦਰਬਾਰ ਸਾਹਿਬ ਅਤੇ ਗੁਰੂ ਕਾ ਲੰਗਰ ਅਤੇ ਸਰਾਂ ਕੋਲ ਸੀਮਤ ਜਗਾਹ ਹੀ ਹੈ। ਇੱਥੇ ਖੁੱਲੀ ਜਗਾਹ ਨਾਂ ਹੋਣ ਕਰਕੇ ਸੰਗਤਾਂ ਦੀ ਚਹਿਲ ਪਹਿਲ ਜਿਆਦਾ ਦਿਖਾਈ ਦਿੰਦੀ ਹੈ। ਇਹ ਸਮੁੱਚੀ ਜਗਾਹ ਲਹੌਰ ਦੇ ਕਿਲੇ ਦਾ ਹੀ ਹਿੱਸਾ ਹੋਵੇਗੀ ਪਹਿਲੇ ਵਕਤਾਂ ਵਿੱਚ। ਲਹੌਰ ਕਿਲੇ ਦਾ ਇੱਕ ਵਿਸਾਲ ਦਰਵਾਜਾ ਹਾਲੇ ਵੀ ਗੁਰਦੁਆਰਾ ਸਾਹਿਬ ਵਿੱਚ ਖੁਲਦਾ ਹੈ ਜੋ ਆਮ ਤੌਰ ਤੇ ਬੰਦ ਹੀ ਰੱਖਿਆ ਜਾਂਦਾ ਹੈ। ਕਿਸੇ ਵਕਤ ਹੁਕਮਰਾਨ ਲੋਕ ਸਜਾਵਾਂ ਵੀ ਸਾਇਦ ਇਸ ਜਗਾਹ ਉੱਪਰ ਹੀ ਦਿੰਦੇ ਹੋਣਗੇ ਕਿਉਂਕਿ ਗੁਰੂ ਅਰਜਨ ਦੇਵ ਨੂੰ ਵੀ ਇਸ ਜਗਾਹ ਹੀ ਤਸੀਹੇ ਦਿੱਤੇ ਗਏ । ਇਸ ਜਗਾਹ ਇੱਕ ਖੂਹ ਵੀ ਸੀ ਜਿਸ ਤੋਂ ਗੁਰੂ ਅਰਜਨ ਦੇਵ ਜੀ ਨੂੰ  ਪਾਣੀ ਨਾਲ ਇਸਨਾਨ ਕਰਵਾਇਆ ਗਿਆ ਸੀ।  ਇਸ ਜਗਾਹ ਵਰਤਮਾਨ ਸਮੇਂ ਕਿਸੇ ਨਦੀ ਨਹਿਰ ਜਾਂ ਦਰਿਆ ਦੀ ਕੋਈ ਹੋਂਦ ਜਾਂ ਚਿੰਨ ਦਿਖਾਈ ਨਹੀਂ ਦਿੰਦੇ। ਜਿਵੇਂ ਕਿ ਕਿਹਾ ਜਾਂਦਾ ਹੈ ਕਿ ਗੁਰੂ ਜੀ ਨੂੰ ਨਦੀ ਵਿੱਚ ਰੋੜ ਦਿੱਤਾ ਗਿਆ ਸੀ ਉਹ ਜਗਾਹ ਕਿਸੇ ਹੋਰ ਥਾਂ ਹੋਵੇਗੀ। ਲਹੌਰ ਵਿੱਚ ਸੰਗਤਾਂ ਨੂੰ ਸਹਿਰ ਘੁੰਮਣ ਤੇ ਕੋਈ ਰੋਕ ਟੋਕ ਨਹੀਂ। ਦੇਹਰਾ ਸਾਹਿਬ ਦੇ ਬਿਲਕੁੱਲ ਨਾਲ ਸੈਂਕੜੇ ਏਕੜ ਜਮੀਨ ਵਿੱਚ ਦਿੱਲੀ ਦੇ ਇੰਡੀਆ ਗੇਟ ਵਾਂਗ ਮਿਨਾਰਿ ਏ ਪਾਕਿ  ਬਣਾਇਆ ਗਿਆ ਹੈ। ਜਿਸ ਵਿੱਚ ਘਾਹ ਦੀ ਚਾਦਰ ਵਿਛੀ ਦਿਖਾਈ ਦਿੰਦੀ ਹੈ । ਫੁੱਲਾਂ ਦੀਆਂ ਕਿਆਰੀਆਂ ਰਸਤਿਆਂ  ਦੁਆਲੇ ਮਨ ਮੋਹ ਲੈਂਦੀਆਂ ਹਨ। ਝੀਲਾਂ ਬਣੀਆਂ ਹੋਈਆਂ ਹਨ ਜਿਸ ਵਿੱਚ ਰਾਤ ਨੂੰ ਲੇਜਰ ਸੋਅ ਦਿਖਾਇਆ ਜਾਂਦਾ ਹੈ ਜਿਸ ਵਿੱਚ ਸੰਗੀਤ ਨਾਲ ਮੇਲ ਖਾਦੀਆਂ ਪਾਣੀ ਦੀਆਂ ਧਾਰਾਂ ਨੱਚਦੀਆਂ ਹੋਈਆਂ ਅਨੇਕਾਂ ਰੰਗ ਬਿਖੇਰਦੀਆਂ ਹਨ। ਪਹਿਲੀ ਵਾਰ ਦੇਖਣ ਵਾਲੇ ਇਹ ਨਜਾਰਾ ਦੇਖਕੇ ਹੈਰਾਨ ਰਹਿ ਜਾਂਦੇ ਹਨ। ਇਸ ਵਿੱਚ ਬਣੀ ਹੋਈ ਮੀਨਾਰ ਵੀ ਬਹੁਤ ਉੱਚੀ ਹੈ ਅਤੇ ਆਧੁਨਿਕ ਤਕਨੀਕ ਦਾ ਕਮਾਲ ਵੀ ਹੈ। ਕਈ ਜਗਾਹਾਂ ਤੇ ਇਤਿਹਾਸਕ ਬੁੱਤ ਅਤੇ ਦਸਤਾ ਵੇਜੀ ਯਾਦਗਾਰਾਂ ਇਸ ਇਲਾਕੇ ਵਿੱਚ ਬਣੀਆਂ ਹੋਈਆਂ ਹਨ। ਸਾਮ ਦੇ ਵਕਤ ਲਹੌਰ ਦੇ ਵਾਸੀ ਅਤੇ ਲਹੌਰ ਦੇਖਣ ਮਿਲਣ ਆਏ ਹੋਏ ਲੋਕ ਇੱਥੇ ਰੋਜਾਨਾਂ ਘੁੰਮਣ ਆਉਂਦੇ ਹਨ। ਲੋਕਾਂ ਦਾ ਹਜੂਮ ਭਾਰੀ ਗਿਣਤੀ ਵਿੱਚ ਹੁੰਦਾਂ ਹੈ। ਸਿੱਖਾਂ ਨੂੰ ਦੇਖਕੇ ਲੋਕ ਅਚੰਭਿਤ ਹੁੰਦੇ ਹਨ। ਬਹੁਤ ਸਾਰੇ ਲੋਕ ਸਿੱਖ ਯਾਤਰੂਆਂ ਨਾਲ ਸੈਲਫੀਆਂ ਲੈਦੇਂ ਤਸਵੀਰਾਂ ਖਿਚਵਾਉਂਦੇ ਹਨ। ਕਿੱਧਰੇ ਕਿੱਧਰੇ ਪਰਦੇ ਵਿੱਚ ਜਾ ਰਹੀਆਂ ਕੁੜੀਆਂ ਇਸਤਰੀਆਂ ਵੀ ਸਲਾਮ ਸਤਿ ਸ੍ਰੀ ਅਕਾਲ ਕਹਿ ਜਾਂਦੀਆਂ ਹਨ ਸਾਇਦ ਉਹਨਾਂ ਦੇ ਪਰੀਵਾਰਾਂ ਵਿੱਚ ਸਿੱਖਾਂ ਲਈ ਜਾਂ ਭਾਰਤੀ ਪੰਜਾਬੀਆਂ ਨਾਲ ਕੋਈ ਮੋਹ ਦੀਆਂ ਤੰਦਾਂ ਜਰੂਰ ਹੋਣਗੀਆਂ। ਇਸ ਤਰਾਂ ਦੀਆਂ ਅਨੇਕਾਂ ਮਿਲਣੀਆਂ ਵਾਂਗ ਇੱਕ ਜੋੜੀ ਨੇ ਆਪ ਦੁਆ ਸਲਾਮ ਕਰਨ ਤੋਂ ਬਾਅਦ   ਆਪਣੇ ਮਾਸੂਮ ਬੱਚਿਆਂ ਤੋਂ ਵੀ ਸਰਦਾਰੋਂ ਕੋ ਸਲਾਮ ਕਰੋ ਕਹਿਕੇ ਪਿਆਰ ਸਤਿਕਾਰ ਦੇ ਢੇਰ ਹੀ ਬਖਸ ਦਿੱਤੇ ਸਨ।
                      ਈਦ ਕਾਰਨ ਨਮਾਜ ਕਰਕੇ ਮਸੀਤ ਵਿੱਚੋਂ ਨਿੱਕਲੀ ਵਿਸਾਲ ਭੀੜ ਦੇ ਸੈਂਕੜੇ ਲੋਕ ਸਰਦਾਰਾਂ ਨਾਲ ਸੈਲਫੀਆਂ ਲੈਣ ਲੱਗੇ ਤਦ ਨੇੜੇ ਖੜੇ ਸੁਰੱਖਿਆਂ ਮੁਲਾਜਮਾਂ ਨੂੰ ਚਿੰਤਾਂ ਹੋ ਗਈ ਅਤੇ ਉਹ ਛੇਤੀ ਛੇਤੀ ਅੰਦਰ ਜਾਣ ਨੂੰ ਕਹਿ ਰਹੇ ਸਨ। ਪਰ ਉਹਨਾਂ ਦੇ ਖਦਸਿਆਂ ਦੀ ਥਾਂ ਲੋਕਾਂ ਵਿੱਚ ਪਿਆਰ ਦਾ ਦਰਿਆ ਵਗਦਾ ਦਿਖਾਈ ਦੇ ਰਿਹਾ ਸੀ। ਹੋ ਸਕਦਾ ਕੁੱਝ ਲੋਕਾਂ ਵਿੱਚ ਭਾਰਤ ਪ੍ਰਤੀ ਨਫਰਤ ਵੀ ਹੋਵੇ ਪਰ ਪਿਆਰ ਵਾਲਿਆਂ ਦਾ ਹੱਥ ਬਹੁਤ ਹੀ ਉੱਚਾ ਦਿਖਾਈ ਦੇ ਰਿਹਾ ਸੀ। ਈਦ ਅਤੇ ਰੋਜਿਆ ਦੇ ਹੋਣ ਦੇ ਬਾਵਜੂਦ ਸਰਕਾਰ ਵੱਲੋਂ ਮੁਸਲਮਾਨਾਂ ਨੂੰ ਸਿੱਖਾਂ ਦੀ ਯਾਤਰਾ ਕਾਰਨ ਗਲੀਆਂ ਵਿੱਚ ਖੂਨ ਜਾਂ ਬੱਕਰਿਆਂ ਦੀ ਬਲੀ ਦੇਣ ਤੇ ਵੀ ਪਾਬੰਦੀ ਲਾਈ ਗਈ ਸੀ ਅਤੇ ਇਸ ਬਲੀ ਨੂੰ ਘਰਾਂ ਦੇ ਅੰਦਰ ਜਾਂ ਪਰਦੇ ਵਿੱਚ ਹੀ ਕੀਤਾ ਗਿਆ । ਲਹੌਰ ਦੇ ਵਿੱਚ ਯਾਤਰੀ ਅਜਾਦ ਘੁੰਮਣ ਕਾਰਨ ਬਜਾਰਾਂ ਵਿੱਚੋਂ ਖਰੀਦ ਦਾਰੀ ਅਤੇ ਆਮ ਲੋਕਾਂ ਨੂੰਮਿਲਣ ਦਾ ਖੂਬ ਅਨੰਦ ਮਾਣਦੇ ਹਨ। ਸਥਾਨਕ ਧਾਰਮਿਕ ਸਥਾਨਾਂ ਦੀ ਯਾਤਰਾ ਵੀ ਆਪਣੀ ਮਰਜੀ ਅਨੁਸਾਰ ਕਰਨ ਚਲੇ ਜਾਂਦੇ ਹਨ। ਪਾਕਿਸਤਾਨ ਰਹਿ ਰਹੇ ਯਾਰਾਂ ਬੇਲੀਆਂ ਰਿਸਤੇਦਾਰਾਂ ਨੂੰ ਮਿਲਣ ਦੀ ਲਹੌਰ ਹੀ ਸਭ ਤੋਂ ਵਧੀਆ ਅਜਾਦ ਸਥਾਨ ਹੈ। ਦੂਸਰੇ ਦਿਨ ਸਹਿਰ ਦੇ ਹੋਰ ਧਾਰਮਿਕ ਸਥਾਨਾਂ ਦੀ ਯਾਤਰਾ ਅਤੇ ਬਜਾਰਾਂ ਵਿੱਚੋਂ ਖਰੀਦ ਦਾਰੀ ਕਰਨ ਦਾ ਵਕਤ ਹੀ ਹੁੰਦਾਂ ਹੈ।  .........ਬਾਕੀ ਕਲ............ਗੁਰਚਰਨ ਪੱਖੋਕਲਾਂ   ਮੋਬਾਈਲ 9417727245

                              ਭਾਗ ਅੱਠਵਾਂ ...  ਲਹੌਰ ਸਹਿਰ ਦੇ ਗੁਰਧਾਮਾਂ ਦੇ ਦਰਸਨ
 ਲਹੌਰ ਸਹਿਰ ਅੰਦਰ ਗੁਰੂ ਰਾਮਦਾਸ ਜੀ ਦਾ ਜਨਮ ਹੋਇਆ ਸੀ। ਇਹ ਸਥਾਨ ਚੂਨਾ ਮੰਡੀ ਦੇ  ਨਾਂ ਨਾਲ ਮਸਹੂਰ ਹੈ ਇਸ ਨੂੰ ਜਾਣ ਲਈ ਬਹੁਤ ਭੀੜੀਆਂ ਗਲੀਆਂ ਵਿੱਚੋਂ ਲੰਘਣਾ ਪੈਂਦਾ ਹੈ । ਦੇਹਰਾ ਸਾਹਿਬ ਨੇੜਿਉਂ ਮੇਨ ਹਾਈਵੇਜ ਤੋਂ ਤਿਪਹੀਏ ਵਾਹਨ 20 ਕੁ ਰੁਪਏ ਸਵਾਰੀ ਲੈਕੇ ਚਲੇ ਜਾਂਦੇ ਹਨ ਅਤੇ ਚੂਨਾ ਮੰਡੀ ਨਜਦੀਕ ਚੌਕ ਵਿੱਚ ਉਤਾਰ ਦਿੰਦੇ ਹਨ ਜਿੱਥੋਂ ਪੈਦਲ ਇੱਕ ਵੱਡੇ ਲਹੌਰੀ ਦਰਵਾਜੇ ਰਾਂਹੀ ਇੱਕ ਵਿਸਾਲ ਸੁੰਦਰ ਮਸੀਤ ਕੋਲ ਦੀ ਲੰਘਿਆ ਜਾਂਦਾ ਹੈ। ਇਸ ਮਸੀਤ ਉੱਪਰ ਪੁਰਾਣੇ ਬਹੁਤ ਖੂਬਸੂਰਤ ਰੰਗ ਬਹੁਤ ਵੱਡੇ ਦਰਵਾਜੇ ਮੀਨਾਰਾਂ ਦੇ ਦਰਸਨ ਹੁੰਦੇ ਹਨ ਪਰ ਇਸ ਤੋਂ ਅੱਗੇ ਬਜਾਰ ਦੇ ਤੰਗ ਰਸਤੇ ਉੱਚੀਆਂ ਕਈ ਕਈ ਛੱਤਾ ਵਾਲੀਆਂ ਪੁਰਾਣੀਆਂ ਇਮਾਰਤਾਂ ਕੋਲ ਦੀ ਲੰਘਣਾਂ ਹੁੰਦਾਂ ਹੈ। ਸਫਾਈ ਦੀ ਕਮੀ ਬਿਜਲਈ ਤਾਰਾਂ ਦੇ ਗਲੀਆਂ ਵਿੱਚ ਜਾਲ ਵਿਛੇ ਹੋਏ ਡਰਾਉਣਾਂ ਦਰਿਸ਼ ਹਨ। ਪੁਰਾਣਾਂ ਸਹਿਰ ਪੁਰਾਣੇ ਮਕਾਨ ਵਕਤ ਤੋਂ ਪਿੱਛੇ ਰਹਿ ਗਏ ਪਾਕਿਸਤਾਨ ਅਤੇ ਲਹੌਰ ਦੀ ਬਾਤ ਪਾਉਂਦੇ ਹਨ। ਇਸ ਤੋਂ ਅੱਗੇ ਜਾਕੇ ਭੀੜੀ ਜਿਹੀ ਗਲੀ ਉੱਪਰ ਹੀ ਇੱਕ ਸਧਾਰਨ ਵੱਡਾ ਦਰਵਾਜਾ ਹੈ  ਜਿਸ ਉੱਪਰ ਗੁਰੂ ਰਾਮਦਾਸ ਜੀ ਦਾ ਨਾਂ ਪੜਕੇ ਪਤਾ ਲੱਗਦਾ ਹੈ ਇਹ ਗੁਰੂ ਜੀ ਦਾ ਜਨਮ ਅਸਥਾਨ ਹੈ। ਅੰਦਰ ਵੜਦਿਆਂ ਹੀ ਮੁਸਲਮਾਨ ਸਫਾਈ ਕਰਮ ਚਾਰੀ ਸਫਾਈ ਕਰ ਰਹੇ ਹਨ। ਮਹਾਰਾਜ ਦੀ ਤਾਬਿਆ ਕੋਈ ਨਹੀਂ ਸੀ। ਕੋਈ ਸਿੱਖ ਵੀ ਨਜਰੀ ਨਹੀਂ ਆਇਆ। ਲੰਗਰ ਬੰਦ ਸੀ ਸਾਇਦ ਸਵੇਰੇ ਦਾ ਵਕਤ ਸੀ ਅੱਠ ਕੁ ਵਜੇ ਦਾ ਇਸ ਕਾਰਨ। ਸਰਧਾਲੂ ਆਪੋ ਆਪਣੇ ਗਰੁੱਪਾਂ ਵਿੱਚ ਆ ਰਹੇ ਸਨ ਅਤੇ ਸਿਰ ਝੁਕਾਕੇ ਦਰਸਨ ਕਰਕੇ ਵਾਪਸ ਜਾ ਰਹੇ ਸਨ ਵਾਪਸ ਉਸੇ ਚੌਕ ਵੱਲ ਜਿੱਥੇ ਉੱਤਰੇ ਸਨ। ਇਸ ਚੌਂਕ ਦੇ ਦੂਸਰੇ ਪਾਸੇ ਕੁੱਝ ਦੂਰੀ ਤੇ ਨਖਾਸ ਚੌਂਕ ਵਿੱਚ ਸਿੰਘਾਂ ਸਿੰਘਣੀਆਂ ਅਤੇ ਭੁਝੰਗੀਆ ਦੀ ਯਾਦਗਾਰ ਗੁਰੂ ਘਰ ਸੀ ਜਿੰਹਨਾਂ ਦਾ ਨਾਂ ਅਸੀ ਹਰ ਰੋਜ ਅਰਦਾਸ ਵਿੱਚ ਸਾਮਲ ਕਰਦੇ ਹਾਂ। ਇੱਥੇ ਜੇਲ ਵਿੱਚ ਤਹਿਖਾਨਿਆ ਵਿੱਚ ਸਵਾ ਸਵਾ ਮਣ ਪੀਸਣਾ ਪਿਸਵਾਇਆ ਗਿਆ ਵਾਲੀ ਚੱਕੀ ਦਾ ਇੱਕ ਪੁੜ ਅਤੇ ਇੱਕ ਪੱਥਰ ਦੀ ਉੱਖਲੀ ਥੱਲੇ ਤਹਿਖਾਨੇ ਵਿੱਚ ਜੋ ਪੁਰਾਣੇ ਵਕਤਾਂ ਦਾ ਹੀ ਹੈ ਵਿੱਚ ਰੱਖਿਆ ਹੋਇਆ ਸੀ। ਇੰਹਨਾਂ ਤਹਿਖਾਨਿਆ ਵਿੱਚ ਹੀ ਸਾਇਦ ਉਹ ਕੈਦ ਵੀ ਰੱਖੇ ਗਏ ਸਨ। ਕਤਲ    ਕਰਨ ਵੇਲੇ ਬੱਚਿਆਂ ਦੇ ਟੋਟੇ ਕਰਕੇ ਉਹਨਾਂ ਦੇ ਗਲਾਂ ਵਿੱਚ ਪਾਏ ਗਏ ਸਨ। ਤਹਿਖਾਨਿਆਂ ਦੇ ਇੱਕ ਪਾਸੇ ਉੱਪਰ ਬਹੁਤ ਸੁੰਦਰ ਇਮਾਰਤ ਗੁਰੂ ਘਰਦੀ ਬਣੀ ਹੋਈ ਹੈ। ਸੰਗਤਾਂ ਥੋੜੇ ਹੀ ਸਮੇਂ ਵਿੱਚ ਦਰਸਨ ਕਰਕੇ ਬਾਹਰ ਆ ਜਾਂਦੀਆਂ ਹਨ। ਨੇੜੇ ਹੀ ਇੱਕ ਭੀੜੀ ਗਲੀ ਵਿੱਚ ਭਾਈ ਤਾਰੂ ਸਿੰਘ ਦੀ ਸਹੀਦੀ ਵਾਲਾ ਸਥਾਨ ਹੈ ਜਿੱਥੇ ਉਹਨਾਂ ਦਾ ਖੋਪਰ ਉਤਾਰਿਆ ਗਿਆ ਸੀ। ਇਸ ਜਗਾਹ ਕੋਈ ਸਥਾਨਕ ਮੁਸਲਮਾਨ ਪਰੀਵਾਰ ਦਾ ਵਸੇਰਾ ਸੀ  ਜਿਸ ਵਿੱਚ ਸਹੀਦੀ ਅਸਥਾਨ ਦਾ ਪੁਰਾਣਾਂ ਕਮਰਾ ਮੌਜੂਦ ਹੈ ਜਿਸ ਵਿੱਚ ਇਹ ਸਹੀਦੀ ਸਥਾਨ ਹੈ। ਗੁਰੂ ਗਰੰਥ ਦਾ ਪ੍ਰਕਾਸ ਇਸ ਜਗਾਹ ਨਹੀਂ ਸ਼ੀ। ਇਹ ਵਿਰਾਨਗੀ ਦੇ ਆਲਮ ਵਿੱਚ ਸਹੀਦ ਦੀ ਬੇਕਦਰੀ ਦੀ ਦਾਸਤਾਂ ਹੀ ਬਿਆਨ ਕਰਦਾ ਹੈ। ਮਜੰਗ ਰੋਡ ਉੱਪਰ ਵੀ ਕੋਈ ਗੁਰੂ ਘਰ ਛੇਵੀ ਪਾਤਸਾਹੀ ਦਾ ਸਥਾਨ ਹੈ ਜਿੱਥੇ ਜਾਣ ਦਾ ਸਬੱਬ ਪਤਾ ਨਾਂ ਹੋਣ ਕਾਰਨ ਦਰਸਨਾਂ ਤੋਂ ਵਾਝੇ ਰਹਿ ਗਏ। ਸਥਾਨਕ ਬਜਾਰ ਦੇਖਦਿਆਂ ਵਾਪਸ ਉਸੇ ਚੌਂਕ ਵਿੱਚੋਂ ਵਾਪਸ ਦੇਹਰਾ ਸਾਹਿਬ ਲਈ ਤਿਪਹੀਆਂ ਵਾਹਨ ਤੇ ਸਵਾਰ ਹੋਕੇ ਆ ਗਏ ਅਤੇ ਕਿਲਾ ਲਹੌਰ ਦੇਖਣ ਦਾ ਮਨ ਬਣਾਇਆ।
                           ਵਿਦੇਸੀਆਂ ਲਈ ਪੰਜ ਸੌ ਰੁਪਏ ਦੀ ਟਿਕਟ ਦੇਹਰਾ ਸਾਹਿਬ ਦੇ ਮੁਸਲਮਾਨ ਪਰਬੰਧਕਾਂ ਵੱਲੋਂ ਸਪੈਸਲ ਮੰਨਜੂਰੀ ਦਿਵਾਕਿ ਸਥਾਨਕ ਲੋਕਾਂ ਵਾਂਗ 20 ਰੁਪਏ ਪ੍ਰਤੀ ਵਿਅਕਤੀ ਕਰਵਾ ਦਿੱਤੀ ਗਈ । ਟਿਕਟ ਲੈਕੇ ਵਿਸਾਲ ਦਰਵਾਜੇ ਰਾਂਹੀ ਦਾਖਲ ਹੁੰਦਿਆਂ ਸਿੱਖ ਰਾਜ ਦੇ ਸੁਨਹਿਰੀ ਦਿਨਾਂ ਦੀ ਯਾਦ ਆ ਹੀ ਜਾਂਦੀ ਹੈ। ਮਨ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਯਾਦਾਂ ਘੁੰਮਣ ਘੇਰੀ ਪਾ ਹੀ ਲੈਂਦੀਆਂ ਹਨ। ਭਾਵੇਂ ਇਹ ਕਿਲਾ ਮੁਸਲਮਾਨ ਸਾਸਕਾਂ ਬਣਾਇਆ ਸੀ ਪਰ ਸਿੱਖਾਂ ਨੂੰ ਤਾਂ ਇਉਂ ਲੱਗਦਾ ਹੈ ਜਿਵੇਂ ਉਹਨਾਂ ਤੋਂ ਉਹਨਾਂ ਦਾ ਪਹਿਲਾ ਅਤੇ ਆਖਰੀ ਕਿਲਾ ਹੀ ਖੋਹ ਲਿਆ ਗਿਆ ਹੋਵੇ। ਸਿੱਖ ਰਾਜ ਦੀ ਤਬਾਹੀ ਦੇ ਮੰਜਰ ਵੀ ਚੇਤੇ ਆ ਹੀ ਜਾਂਦੇ ਹਨ ਜਿੱਥੇ ਰਾਜੇ ਰਣਜੀਤ ਦੇ ਵਾਰਿਸ ਡੋਗਰਿਆਂ ਮਰਵਾ ਘੱਤੇ ਸਨ। ਕਿਲੇ ਵਿੱਚ ਦਰਬਾਰਿ ਆਮ ਦਰਬਾਰੇ ਖਾਸ ਸੀਸ ਮਹੱਲ ਆਦਿ ਵਿਸੇਸ ਦੇਖਣ ਯੋਗ ਹਨ। ਲਾਲ ਕਿਲਾ ਦਿੱਲੀ ਤੋਂ ਵੀ ਵਿਸਾਲ ਇਹ ਕਿਲਾ ਆਪਣੀ ਬਹੁਤ ਸਾਰੀਆਂ ਇਮਾਰਤਾਂ ਢਹਾਈ ਜਾ ਰਿਹਾ ਹੈ। ਇਸ ਕਿਲੇ ਵਿੱਚ ਇੱਕ ਅਜਾਇਬ ਘਰ ਹੈ ਜਿਸ ਵਿੱਚ ਸਿੱਖ ਰਾਜ ਨਾਲ ਸਬੰਧਤ ਬਹੁਤ ਸਾਰੇ ਹਥਿਆਰ ਅਤੇ ਯਾਦਗਾਰਾਂ ਮੌਜੂਦ ਹਨ। ਸੱਚ ਜਾਂ ਝੂਠ ਪਰ ਗਾਈਡ ਦੇ ਦੱਸਣ ਅਨੁਸਾਰ ਸੀਸੇ ਵਿੱਚ ਬੰਦ ਮਹਾਰਾਜਾ ਰਣਜੀਤ ਸਿੰਘ ਦੀ ਚਿੱਟੀ ਘੋੜੀ ਲੈਲਾ ਅਸਲੀ ਹੈ ਜਿਸ ਨੂੰ ਉਸ ਵਕਤ ਦਾ ਹੀ ਮਮੀ ਦੇ ਰੂਪ ਵਿੱਚ ਦਵਾਈਆਂ ਵਗੈਰਾ ਨਾਲ ਸੰਭਾਲ ਕੇ ਰੱਖਿਆ ਹੋਇਆ ਹੈ ਜਿਸਦੀ ਫੋਟੋ ਖਿੱਚਣ ਦੀ ਮਨਾਹੀ ਸੀ ਪਰ ਅਸੀ ਉਸਦੀਆਂ ਵੀ ਤਸਵੀਰਾਂ ਖਿੱਚ ਹੀ ਲਈਆਂ ਸਨ। ਇਸ ਅਜਾਇਬ ਘਰ ਨੂੰ ਦੇਖਦਿਆ ਸਿੱਖ ਰਾਜ ਦੇ ਸੁਪਨੇ ਅੱਖਾਂ ਵਿੱਚ ਆ ਹੀ ਜਾਂਦੇ ਹਨ। ਸਾਡੇ ਰਾਜਿਆਂ ਮਹਾਰਾਜਿਆਂ ਦੇ ਨਿੱਜੀ ਪਰੀਵਾਰਾਂ ਨੂੰ ਯੋਗ ਆਗੂਆਂ ਦੀ ਥਾਂ ਅੱਗੇ ਰੱਖਣ ਕਾਰਨ ਸਿੱਖ ਰਾਜ ਦੀ ਤਬਾਹੀ ਦੀ ਦਾਸਤਾਨ ਹੈ ਇਹ ਅਜਾਇਬ ਘਰ ਅਤੇ ਇਹ ਕਿਲਾ ਜਿੱਥੋ ਸਿੱਖ ਰਾਜ ਦਾ ਛਿਪਿਆ ਸੂਰਜ ਅੱਜ ਤੱਕ ਵੀ ਦੁਬਾਰਾ ਨ੍ਹੀਂ ਚੜ ਸਕਿਆ। ਉਸ ਕਿਲੇ ਵਿੱਚ ਸੈਰ ਕਰਨ ਆਏ ਇੱਕ ਸਿੱਖ ਗਾਇਕ ਜੱਸੀ ਲਾਇਲਪੁਰੀਏ ਦੇ ਇਸਾਈ ਬਣੇ ਗਾਇਕ ਭਰਾ ਦੇ ਵੀ ਦਰਸਨ ਹੋਏ ਜਿਸ ਨੇ ਮਾਤਾ ਗੁਜਰੀ ਅਤੇ ਸਾਡਾ ਸੋਹਣਾਂ ਪਾਕਿਸਤਾਨ ਗਾਕੇ ਸੁਣਾਇਆ ਪੰਜਾਬੀ ਗਾਇਕਾਂ ਦੇ ਗੀਤਾਂ ਦਾ ਮੁਰੀਦ ਉਹ ਦੇਹਰਾ ਸਾਹਿਬ ਦੇ ਦਰਸਨ ਕਰਨਾਂ ਚਾਹੁੰਦਾਂ ਸੀ ਪਰ ਸੀ ਆਈ ਡੀ ਨੇ ਉਸਨੂੰ ਗੁਰੂ ਘਰ ਦਾਖਲ ਨਹੀਂ ਹੋਣ ਦਿੱਤਾ ਕਿਉਂਕਿ ਕਿਲੇ ਵਿੱਚ ਬਹੁਤ ਸਾਰੇ ਸੀ ਆਈ ਡੀ ਮੁਲਾਜਮ ਹਰ ਮਿਲਣ ਵਾਲੇ ਤੇ ਅਤੇ ਯਾਤਰੀਆਂ ਦੀ ਨਿਗਾਹ ਰੱਖ ਰਹੇ ਸਨ। ਕਿਸੇ ਝਮੇਲੇ ਤੋਂ ਬਚਦਿਆਂ ਅਸੀ ਗੁਰੂ ਘਰ ਵਾਪਸ ਚਲੇ ਗਏ। ਇਸ ਤੋਂ ਬਾਅਦ ਚਾਹ ਪਾਣੀ ਪੀਦਿਆਂ ਸਾਮ ਦਾ ਕੀਰਤਨ ਸੁਣਦਿਆਂ ਰਾਤ ਦਾ ਲੰਗਰ ਛੱਕਕੇ ਸੌਣ ਲਈ ਵਾਪਸ ਕਮਰਿਆਂ ਦਾ ਰੁੱਖ ਕਰ ਲਿਆ ਸੀ। ਲੰਗਰ ਵਿੱਚ ਤਿੰਨੇ ਦਿਨ ਕਿਸੇ ਸਰਧਾਲੂ ਸੱਜਣ ਵੱਲੋਂ ਅੰਬਾਂ ਦੀ ਅਣਗਿਣਤ ਟੋਕਰੀਆਂ ਭੇਜੀਆਂ ਗਈਆ ਅਤੇ ਸਾਰੀ ਸੰਗਤਾਂ ਇਸ ਦਾ ਅਨੰਦ ਉਠਾ ਰਹੀਆ ਸਨ। ਇਸ ਤੋਂ ਬਾਅਦ ਅਗਲੇ ਦਿਨ ਦੀ ਯਾਤਰਾ ਦੀ ਉਡੀਕ ਵਿੱਚ ਆਪੋ ਆਪਣੇ ਕਮਰਿਆਂ ਵਿੱਚ ਅਰਾਮ ਕਰਨ ਅਤੇ ਸੌਣ ਦਾ ਇੰਤਜਾਮ ਕਰਨ ਲੱਗੇ ।.........ਬਾਕੀ ਕਲ............ਗੁਰਚਰਨ ਪੱਖੋਕਲਾਂ   ਮੋਬਾਈਲ 9417727245
                          ਭਾਗ ਨੌਵਾਂ..  ਯਾਤਰਾ ਕਰਤਾਰਪੁਰ ਤੇ ਰੋੜੀ ਸਾਹਿਬ
ਅਗਲੇ ਦਿਨ ਸੰਗਤਾਂ ਨੂੰ 90 ਕਿਲੋਮੀਟਰ ਦੂਰ ਕਰਤਾਰਪੁਰ ਸਾਹਿਬ ਲਿਜਾਣ ਲਈ ਏਸੀ ਮਿੰਨੀ ਬੱਸਾਂ ਆ ਚੁੱਕੀਆਂ ਸਨ। ਹਰ ਯਾਤਰੀ ਤਿੰਨ ਤਿੰਨ ਸੌ ਰੁਪਏ ਦੀ ਟਿਕਟ ਲੈਕੇ ਉਹਨਾਂ ਵਿੱਚ ਜਾ ਬੈਠਾ । ਕੁੱਝ ਦੇਰ ਬਾਅਦ ਗਿਣਤੀ ਵਗੈਰਾ ਕਰਕੇ ਸੁਰੱਖੀਆ ਗੱਡੀਆਂ ਦੇ ਕਾਫਲੇ ਵਿਚਕਾਰ ਕਰਤਾਰ ਪੁਰ ਨੂੰ ਰਵਾਨਾਂ ਹੋ ਗਏ। ਬਹੁਤ ਹੀ ਵਧੀਆ ਹਾਈਵੇਅ  ਸੜਕ ਤੇ ਲਹੌਰ ਦੇਖਦਿਆ ਸਹਿਰ ਪਾਰ ਕਰ ਗਏ। ਏਸੀ ਕਾਰਨ ਪਰਦੇ ਲੱਗੇ ਹੋਏ ਸਨ ਪਰ ਫੇਰ ਵੀ ਅਸੀ ਪਰਦੇ ਚੁੱਕਕੇ ਬਾਹਰ ਦੇਖ ਹੀ ਲੈਂਦੇ ਸੀ ਸਫਰ ਲੰਬਾਂ ਹੋਣ ਕਾਰਨ ਅਤੇ ਕਈ ਥਾਂ ਸੜਕ ਖਰਾਬ ਹੋਣ ਕਾਰਨ ਦੋ ਕੁ ਘੰਟੇ ਬਾਅਦ ਕਰਤਾਰ ਪੁਰ ਪਹੁੰਚ ਹੀ ਗਏ। ਅਬਾਦੀ ਤੋਂ ਦੂਰ ਖੁੱਲੀ ਥਾਂ ਖੇਤਾਂ  ਵਿਚਕਾਰ ਕਰਤਾਰਪੁਰ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਜਿੱਥੇ ਕਾਰਸੇਵਾ ਵੀ ਜਾਰੀ ਸੀ ਬਹੁਤ ਕੁੱਝ ਨਵਾਂ ਉਸਾਰੀ ਅਧੀਨ ਸੀ। ਗੁਰੂ ਨਾਨਕ ਜੀ ਦੁਆਰਾ ਚਲਾਏ ਜਾਂਦੇ ਖੂਹ ਕੋਲ ਦੀ ਲੰਘਦਿਆ  ਅੱਗੇ ਕਤੀਰਾ ਗੂੰਦ ਵਾਲੇ ਮਿੱਠੇ ਸਰਬਤ ਰੂਪੀ ਜਲ ਦੀ ਛਬੀਲ ਲੱਗੀ ਹੋਈ ਸੀ ਇੱਥੇ ਵੀ ਵਿਸੇਸ ਸਵਾਗਤ ਕੀਤਾ ਗਿਆ। ਸਰਹੱਦ ਨੇੜੇ ਹੋਣ ਕਾਰਨ ਸੁਰੱਖਿਆ ਪਰਬੰਧ ਇੱਥੇ ਵੀ ਬਹੁਤ ਜਿਆਦਾ ਸਨ। ਅੰਦਰ ਵੜਦਿਆ ਹੀ ਇੱਕ ਪਾਸੇ ਲੰਗਰ ਦੂਜੇ ਪਾਸੇ ਦਰਬਾਰ ਸਾਹਿਬ ਮੌਜੂਦ ਸੀ ਇਸ ਦਰਬਾਰ ਸਾਹਿਬ ਅੱਗੇ ਇੱਕ ਥੜਾ ਮੌਜੂਦ ਹੈ ਜਿਸ ਉੱਪਰ ਹਰੀਆਂ ਵੇਲਾਂ ਅਤੇ ਛੱਤ ਪਈ ਹੋਈ ਸੀ। ਇਸ ਜਗਾਹ ਆਪਣਾਂ ਪੀਰ ਮੰਨਣ ਵਾਲਿਆਂ ਮੁਸਲਮਾਨ ਭਰਾਵਾਂ ਨੇ ਸੰਸਕਾਰ ਵਾਲੀ ਆਪਣੇ ਹਿੱਸੇ ਆਈ ਚਾਦਰ ਨੂੰ ਦਫਨਾਇਆ ਸੀ। ਹਿੰਦੂ ਭਰਾਵਾਂ ਵੱਲੋਂ ਜਿਸ ਜਗਾਹ ਚਾਦਰ ਦਾ ਸੰਸਕਾਰ ਕੀਤਾ ਗਿਆ ਉਸ ਜਗਾਹ ਦਰਬਾਰ ਸਾਹਿਬ ਦੀ ਵਿਸਾਲ ਇਮਾਰਤ ਹੈ। ਵਰਤਮਾਨ ਸਮੇਂ ਜਿਆਦਾਤਰ ਮੁਸਲਮਾਨ ਲੋਕ ਹੀ ਸੇਵਾ ਕਰ ਰਹੇ ਸਨ। ਰੋਜੇ ਖਤਮ ਹੋ ਜਾਣ ਕਾਰਨ ਇੱਥੇ ਮੁਸਲਮਾਨ ਸੁਰੱਖਿਆ ਮੁਲਾਜਮ ਵੀ ਲੰਗਰ ਛਕ ਰਹੇ ਸਨ।  ਛੇਤੀ ਹੀ ਸੰਗਤਾਂ ਨੂੰ ਅਗਲੇ ਪੜਾਅ ਰੋੜੀ ਸਾਹਿਬ ਏਮਨਾਂਬਾਦ ਲਈ ਤੋਰ ਲਿਆ ਜਾਂਦਾ ਹੈ। ਅੱਤ ਗਰਮੀ ਹੋਣ ਕਾਰਨ ਏਸੀ ਮਿੰਨੀ ਬੱਸਾਂ ਵਿੱਚ ਹੁੰਮਸ ਭਰਿਆ ਵਾਤਾਵਰਣ ਬਣ ਗਿਆ। ਇੱਕ ਗੱਡੀ ਖਰਾਬ ਹੋ ਜਾਣ ਕਾਰਨ ਯਾਤਰੀ ਬੈਠਣ ਲਈ ਤੰਗ ਹੋਣ ਕਾਰਨ ਬੇਚੈਨ ਹੋ ਰਹੇ ਸਨ। ਸਕਿਉਰਿਟੀ ਮੁਲਾਜਮਾਂ ਨੂੰ ਰਸਤੇ ਵਿੱਚ ਗੱਡੀਆਂ ਰੋਕਣ ਦੀ ਇਜਾਜਤ ਨਹੀ ਸੀ। ਰੋੜੀ ਸਾਹਿਬ ਜੋ 70 ਕਿਲੋਮੀਟਰ ਸੀ ਵਾਲਾ ਰਸਤਾ ਯਾਤਰੀਆ ਲਈ ਬਹੁਤ ਹੀ ਔਖਾ ਬੇਚੈਨੀ ਭਰਿਆ ਸਿੱਧ ਹੋਇਆ। ਰੋੜੀ ਸਾਹਿਬ ਪਹੁੰਚਦਿਆਂ ਹੀ ਬਹੁਤੇ ਯਾਤਰੀ ਵਿਸੇਸ ਤੌਰ ਤੇ ਹਰ ਥਾਂ ਵਾਂਗ ਡਿਸਪੈਸਰੀ ਤੋਂ ਸਿਰ ਦਰਦ ਅਤੇ ਜੀ ਕੱਚਾ ਹੋਣ ਦੀਆਂ ਦਵਾਈਆਂ ਲੈਣ ਲੱਗੇ ਜੋ ਕਿ ਸਰਕਾਰ ਵੱਲੋਂ ਫਰੀ ਸੇਵਾ ਕੀਤੀ ਜਾ ਰਹੀ ਸੀ।
                        ਰੋੜੀ ਸਾਹਿਬ ਰਿਹਾਇਸੀ ਅਬਾਦੀ ਤੋਂ ਬਾਹਰਵਾਰ ਪਰ ਨੇੜੇ ਹੀ ਇੱਕ ਵੱਡੇ ਗੇਟ ਦੇ ਰੂਪ ਵਿੱਚ ਦਿਖਾਈ ਦਿੰਦੀ ਹੈ। ਬਾਹਰਲੇ ਪਾਸੇ ਯਾਤਰੀਆਂ ਦੇ ਸਹੂਲਤਾਂ ਲਈ ਸਮਿਆਨੇ ਲੱਗੇ ਹੋਏ ਸਨ ਅਤੇ ਹੋਰ ਵੀ ਪਰਬੰਧ ਸਨ। ਵਿਸਾਲ ਉਚਾ ਦਰਵਾਜਾ ਜਿਸ ਉੱਪਰ ਰੋੜੀ ਸਾਹਿਬ ਅਤੇ ਸਲੋਕ ਸੁੰਦਰ ਰੂਪ ਵਿੱਚ ਲਿਖਿਆ ਹੋਇਆ ਹੈ। ਇੱਥੇ ਗੁਰੂ ਨਾਨਕ ਜੀ ਅੱਕ ਦਾ ਅਹਾਰ ਭਾਵ ਖਾਣਾ ਛਕਕੇ ਰੋੜਿਆਂ ਦਾ ਬਿਸਤਰਾ ਵਿਛਾਕੇ ਭਾਵ ਰੋੜਿਆ ਤੇ ਸੌਣਾਂ ਕੀਤਾ ਸੀ । ਦਰਵਾਜੇ ਅੰਦਰ ਲੰਘਦਿਆ ਦਰਬਾਰ ਸਾਹਿਬ ਦੀ ਸੀਮਤ ਜਿਹੀ ਇਮਾਰਤ ਬਣੀ ਹੋਈ ਹੈ। ਇੱਕ ਪਾਸੇ ਵਿਸਾਲ ਬਰਾਡਾਂ ਬਣਿਆ ਹੋਇਆ ਹੈ। ਇੱਥੇ ਕਾਫੀ ਜਗਾਹ ਖਾਲੀ ਵੀ ਮੌਜੂਦ ਹੈ। ਆਮ ਤੌਰ ਤੇ ਇੱਥੇ ਵੀ ਸਿੱਖ ਸੰਗਤਾਂ ਦੀ ਅਣਹੋਂਦ ਕਾਰਨ ਵਿਰਾਨਗੀ ਦਾ ਆਲਮ ਹੀ ਹੁੰਦਾਂ ਹੋਵੇਗਾ। ਸਿੱਖ ਕੌਮ ਦੀਆਂ ਭਾਵਨਾਵਾਂ ਦੀ ਕਦਰ ਕਰਨਾਂ ਦਰਸਾਉਣ ਲਈ ਪਾਕਿਸਤਾਨੀ ਹਕੂਮਤ ਬਹੁਤ ਸਾਰੇ ਸਿੱਖ ਧਾਰਮਿਕ ਸਥਾਨਾਂ ਅਤੇ ਸਿੱਖ ਸੰਸਥਾਵਾਂ ਨੂੰ ਸਪੈਸਲ ਮੱਦਦ ਕਰਦੀ ਹੈ। ਥੋੜੇ ਸਮੇਂ ਬਾਅਦ ਹੀ ਸੰਗਤਾਂ ਵਾਪਸੀ ਚਾਲੇ ਪਾ ਦਿੰਦੀਆਂ ਹਨ ਕਿਉਂਕਿ ਦਰਸਨਾਂ ਤੋਂ ਇਲਾਵਾ ਦੇਖਣ ਨੂੰ ਬਹੁਤਾ ਕੁੱਝ ਇੱਥੇ ਵੀ ਨਹੀਂ ਹੈ। ਸਿੱਖ ਮਨਾਂ ਦੀ ਗੁਰੂ ਨਾਨਕ ਪ੍ਰਤੀ ਸਰਧਾ ਭਾਵਨਾਂ ਜਰੂਰ ਹੀ ਤਿ੍ਰਪਤ ਹੁੰਦੀ ਹੈ ਇੱਥੇ ਆਕੇ। ਇਸ ਤੋਂ ਲਹੌਰ 60 ਕਿਲੋਮੀਟਰ ਦੂਰ ਹੈ ਅਤੇ 90 ਕੁ ਮਿੰਟਾਂ ਵਿੱਚ ਸੰਗਤਾਂ ਵਾਪਸ ਦੇਹਰਾ ਸਾਹਿਬ ਪਹੁੰਚ ਜਾਦੀਆਂ ਹਨ ਇਸ ਵਕਤ ਤੱਕ ਰਹਿਰਾਸ ਦਾ ਵਕਤ ਹੋ ਹੀ ਜਾਦਾ ਹੈ। ਸੰਗਤਾਂ ਇਸ ਵਿੱਚ ਵੀ ਸਾਮਲ ਹੁੰਦੀਆ ਹਨ। ਇਸ ਤੋਂ ਬਾਅਦ ਦੇਰ ਰਾਤ ਤੱਕ ਲੰਗਰ ਵਗੈਰਾ ਛੱਕਕੇ ਅਗਲੇ ਦਿਨ ਗੁਰੂ ਅਰਜਨ ਦੇਵ ਜੀ ਦੇ ਸਹੀਦੀ ਦਿਹਾੜੇ ਹੋਣ ਵਾਲੇ ਅਰਦਾਸ ਅਤੇ ਵਿਸੇਸ ਪਰੋਗਰਾਮ ਦੀ ਉਡੀਕ ਕਰਦੀਆਂ ਸੌਣ ਚਲੀਆਂ ਜਾਂਦੀਆਂ ਹਨ। .........ਬਾਕੀ ਕੱਲ............ਗੁਰਚਰਨ ਪੱਖੋਕਲਾਂ   ਮੋਬਾਈਲ 9417727245
                         ਭਾਗ ਆਖਰੀ ਦਸਵਾਂ.ਲਹੌਰ ਦੇਹੁਰਾ ਸਾਹਿਬ ਵਿੱਚ ਸਹੀਦੀ ਦਿਵਸ ਗੁਰੂ ਅਰਜਨ ਦੇਵ ਜੀ
   ਗੁਰੂ ਅਰਜਨ ਦੇਵ ਜੀ ਦਾ ਸਹੀਦਿ ਦਿਵਸ ਡੇਹਰਾ ਸਾਹਿਬ ਗੁਰਦੁਆਰਾ ਲਹੌਰ ਵਿਖੇ ਮਨਾਇਆ ਜਾਦਾ ਹੈ।  ਭਾਰਤ ਸਿੰਧ ਨਨਕਾਣਾਂ ਸਾਹਿਬ ਅਤੇ ਹੋਰ ਵਿਦੇਸ਼ਾ ਤੋਂ ਆਏ ਸਿੱਖ ਇਸ ਵਿੱਚ ਸਾਮਲ ਹੁੰਦੇ ਹਨ। ਪਾਕਿਸਤਾਨ ਹਕੂਮਤ ਦੀ ਸਰਪ੍ਰਸਤੀ ਵਾਲੀ ਗੁਰਦੁਆਰਾ ਕਮੇਟੀ ਇਸ ਦੀ ਕਰਤਾ ਧਰਤਾ ਹੁੰਦੀ ਹੈ। ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕੀਰਤਨ ਤੋਂ ਬਾਅਦ ਇੱਕ ਹੋਰ ਖੁੱਲੇ ਪੰਡਾਲ ਵਿੱਚ ਸਟੇਜ ਸਜਾਈ ਜਾਦੀ ਹੈ। ਪਾਕਿਸਤਾਨ ਦੇ ਸਰਕਾਰੀ ਅਧਿਕਾਰੀ ਅਤੇ ਗੁਰਦੁਆਰਾ ਕਮੇਟੀ ਆਗੂ ਇਸ ਸਟੇਜ ਦੀ ਆਪਣੇ ਹਿੱਤਾਂ ਵਾਸਤੇ ਵਰਤੋਂ ਕਰਦੇ ਹਨ। ਭਾਰਤ ਵਿਰੋਧੀ ਪਰਾਪੇ ਗੰਡਾ  ਕਰਨ ਤੋਂ ਵੀ ਕੋਈ ਗੁਰੇਜ ਨਹੀਂ ਕੀਤਾ ਜਾਂਦਾ। ਖਾਲਿਸਤਾਨ ਪੱਖੀ ਵਿਦੇਸੀ ਆਗੂ ਵੀ ਇਸ ਵਿੱਚ ਸਾਮਲ ਹੁੰਦੇ ਹਨ। ਸੱਚ ਜਾਂ ਝੂਠ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਵਿਰੁੱਧ ਕੀਤੇ ਗਏ ਬਹੁਤ ਸਾਰੇ ਇਲਜਾਮ ਦੁਹਰਾਏ ਜਾਂਦੇ ਹਨ ਜਿਸ ਵਿੱਚ ਪਾਕਿਸਤਾਨ ਦਾ ਪਾਣੀ ਭਾਰਤ ਵੱਲੋਂ ਰੋਕਣ ਦਾ ਇਲਜਾਮ ਲਾਇਆ ਜਾਦਾ  ਹੈ। ਪਾਕਿਸਤਾਨ ਵਿੱਚ ਹੋਣ ਵਾਲੇ ਰਾਜਨੀਤਕ ਜਾਂ ਸਿੱਖ ਆਗੂਆਂ ਦੇ ਕਤਲ ਝਗੜਿਆ ਲਈ ਰਾਅ ਵਗੈਰਾ ਏਜੰਸੀਆਂ ਨੂੰ ਦੋਸੀ ਗਰਦਾਨਿਆਂ ਜਾਦਾ ਹੈ। ਖੂਬ ਭਾਰਤ ਵਿਰੋਧੀ ਨਾਹਰੇਬਾਜੀ ਕੀਤੀ ਜਾਂਦੀ ਹੈ ਪਰ ਭਾਰਤੀ ਸਿੱਖ ਯਾਤਰੀ ਇਸ ਵਿੱਚ ਸਾਮਲ ਘੱਟ ਹੀ ਹੁੰਦੇ ਹਨ। ਉਹਨਾਂ ਨੂੰ ਭਾਰਤ ਵਿਰੋਧੀ ਪਰਚਾਰ ਅਚੰਭਾ ਹੀ ਲੱਗਦਾ ਹੈ। ਸਾਰੇ ਭਾਰਤੀ ਯਾਤਰੀਆਂ ਨੂੰ ਸਿਰੋਪਾਉ ਅਤੇ ਵਿਸੇਸ ਬਣਾਈ ਗਈ ਦੇਗ ਦੇ ਡੱਬੇ ਦਿੱਤੇ ਜਾਂਦੇ ਹਨ। ਭਾਰਤੀ ਦੂਤਘਰ ਦੇ ਅਧਿਕਾਰੀ ਵੀ ਇਸ ਨੂੰ ਦੇਖਣ ਆਉਂਦੇ ਹਨ ਅਤੇ ਇਸਦੀ ਰਿਪੋਰਟ ਸਰਕਾਰ ਨੂੰ ਭੇਜਦੇ ਹਨ। ਇਹ ਪਰੋਗਰਾਮ ਖਤਮ ਹੋਣ ਤੋਂ ਬਾਅਦ ਸਾਰੀਆਂ ਸੰਗਤਾਂ ਲੰਗਰ ਵਗੈਰਾ ਛਕਦੀਆਂ ਹਨ। ਪਾਕਿਸਤਾਨ ਦੇ ਹਰ ਹਿੱਸੇ ਵਿੱਚੋਂ ਸਿੱਖ ਅਤੇ ਹਿੰਦੂ ਵੀਰ ਪਹੁੰਚਦੇ ਹਨ ਜੋ ਪਰੋਗਰਾਮ ਦੀ ਸਮਾਪਤੀ  ਤੋਂ ਬਾਅਦ ਪਾਕਿਸਤਾਨੀ ਵਾਪਸੀ ਰਵਾਨਗੀ  ਕਰਦੇ ਹਨ। ਦੁਪਹਿਰ ਬਾਅਦ ਬਹੁਤ ਘੱਟ ਲੋਕ ਜਾਂ ਭਾਰਤੀ ਯਾਤਰੀ ਰਹਿ ਜਾਦੇ ਹਨ। ਇਸ ਤੋਂ ਬਾਅਦ ਯਾਤਰੀ ਬਜਾਰਾਂ ਵਿੱਚੋਂ ਕੱਪੜੇ ਜੁੱਤੀਆਂ ਅਤੇ ਸੁੱਕੇ ਮੇਵੇ ਖਰਿਦਣ ਨੂੰ ਪਹਿਲ ਦਿੰਦੇ ਹਨ। ਦੇਰ ਰਾਤ ਤੱਕ ਸਹਿਰ ਵਿੱਚ ਘੁੰਮਣ ਦੀ ਖੁੱਲ ਹੁੰਦੀ ਹੈ। ਰਾਤ ਦਾ ਲੰਗਰ ਵਗੈਰਾ ਛਕਣ ਤੋਂ ਬਾਅਦ ਅਗਲੇ ਦਿਨ ਦੀ ਵਾਪਸੀ ਲਈ ਸਭ ਯਾਤਰੀ ਆਪੋ ਆਪਣਾਂ ਸਮਾਨ ਸੰਭਾਲਣ ਨੂੰ ਪਹਿਲ ਦਿੰਦੇ ਹਨ। ਅਗਲੀ ਸਵੇਰ ਛੇ ਵਜੇ ਵਾਪਸੀ ਦੀ ਤਿਆਰੀ ਸੀ ਪਰ ਬਾਰਿਸ ਹੋ ਜਾਣ ਕਾਰਨ ਰਵਾਨਗੀ ਅੱਠ ਵਜੇ ਦੇ ਕਰੀਬ ਸੁਰੂ ਹੋਈ। ਬੱਸਾਂ ਰਾਹੀਂ ਯਾਤਰੀ ਰੇਲਵੇ ਸਟੇਸਨ ਦੇ ਵਿਸੇਸ ਪਲੇਟਫਾਰਮ ਤੇ ਸਪੈਸਲ ਟਰੇਨ ਤੱਕ ਪਹੁੰਚਾਏ ਜਾਂਦੇ ਹਨ। ਛੇਤੀ ਹੀ ਟਰੇਨ ਵਾਹਘਾ ਬਾਰਡਰ ਤੇ ਪਹੁੰਚਕੇ ਪਾਕਿਸਤਾਨੀ ਕਸਟਮ ਤੋਂ ਕਲੀਅਰੈਂਸ ਲੈਕੇ ਵਾਪਸ ਟਰੇਨ ਦੀ ਸਵਾਰੀ ਕਰਦੇ ਹਨ। ਸਟੇਸਨ ਤੇ ਪਾਕਿਸਤਾਨ ਕਮੇਟੀ ਲੰਗਰ ਦਾ ਵਿਸੇਸ ਪਰਬੰਧ ਕਰਦੀ ਹੈ। ਕਸਟਮ ਅਧਿਕਾਰੀਆਂ ਤੋਂ ਬਿਨਾਂ ਪਾਕਿਸਤਾਨ ਦੀਆਂ ਗੁਪਤ ਏਜੰਸੀਆਂ ਸੱਕੀ ਯਾਤਰੀਆਂ ਤੋਂ ਪੁੱਛਗਿੱਛ ਵੀ ਕਰਦੀਆਂ ਹਨ ਅਤੇ ਉਹਨਾਂ ਦੇ ਮੋਬਾਈਲਾਂ ਦੀਆ ਵੀਡੀਉ ਤਸਵੀਰਾ ਵੀ ਚੈਕ ਕਰਦੇ ਹਨ। ਇਹ ਆਮ ਤੌਰ ਤੇ ਯਾਤਰਾ ਦੌਰਾਨ ਸੀ ਆਈ ਡੀ ਦੇ ਮੁਲਾਜਮਾਂ ਦੀ ਰਿਪੋਰਟ ਕਾਰਨ ਹੀ ਕੀਤਾ ਜਾਦਾ ਹੈ। ਪੁੱਛਗਿੱਛ ਦੇ ਬਾਵਜੂਦ ਸੀਨੀਅਰ ਅਧਿਕਾਰੀਆਂ ਦਾ ਵਤੀਰਾ ਨਰਮ ਅਤੇ ਪਿਆਰ ਵਾਲਾ ਹੀ ਹੁੰਦਾਂ ਹੈ। ਸੁਰੱਖਿਆ ਮੁਲਾਜਮਾਂ ਦੇ ਨਾਲ ਜਾਂ ਉਹਨਾਂ ਦੀਆਂ ਤਸਵੀਰਾਂ ਤੇ ਵਿਸੇਸ ਨਜਰ ਰੱਖੀ ਜਾਦੀ ਹੈ। ਭਾਰਤ ਦੀ ਤਰਫ ਵੀ ਇਹੋ ਜਿਹੀਆਂ ਤਸਵੀਰਾ ਦੇ ਅਧਾਰ ਤੇ ਸੱਕੀ ਸਮਝਿਆ ਜਾਂਦਾ ਹੈ।  ਇਸ ਤੋਂ ਬਾਅਦ ਯਾਤਰੀ ਭਾਰਤੀ ਪੰਜਾਬ ਵਿੱਚ ਦਾਖਲ ਹੁੰਦੇ ਹਨ। ਅਟਾਰੀ ਰੇਲਵੇ ਸਟੇਸਨ ਤੇ ਭਾਰਤੀ ਸੀ ਆਈ ਡੀ ਅਤੇ ਕਸਟਮ ਅਧਿਕਾਰੀ ਪੂਰੀ ਚੌਕਸੀ ਰੱਖਦੇ ਹਨ। ਸੱਕੀ ਸਮਾਨ ਅਤੇ ਬੰਦਿਆਂ ਤੋਂ ਇੱਧਰ ਵੀ ਪੁੱਛਗਿੱਛ ਕੀਤੀ ਜਾਂਦੀ ਹੈ। ਛੇਤੀ ਹੀ ਯਾਤਰੀ ਇਸ ਖਲਜਗਣ ਤੋਂ ਵਿਹਲੇ ਹੋਕੇ ਸੁਰਖਰੂ ਮਹਿਸੂਸ ਕਰਦੇ ਹਨ। ਅਟਾਰੀ ਰੇਲਵੇ ਸਟੇਸਨ ਤੇ ਯਾਤਰਾ ਦੌਰਾਨ ਨਵੇਂ ਬਣੇ ਦੋਸਤਾਂ ਮਿੱਤਰਾਂ ਨੂੰ ਘੁੱਟਵੀਆਂ ਜੱਫੀਆਂ ਪਾਉਂਦਿਆਂ ਫੋਨ ਨੰਬਰ ਦਿੰਦਿਆਂ ਲੈਦਿਆਂ ਆਪੋ ਆਪਣੇ ਪਤੇ ਐਡਰੈਸ ਵਟਾਏ ਜਾਦੇ ਹਨ। ਇੱਕ ਦੂਜੇ ਨੂੰ ਮੁਬਾਰਕਾਂ ਸੱਦੇ ਦਿੰਦਿਆਂ ਜੈਕਾਰੇ ਗਜਾਏ ਜਾਂਦੇ ਹਨ ਅਤੇ ਆਪੋ ਆਪਣੇ ਸਾਧਨਾਂ ਤੇ ਆਪੋ ਆਪਣੇ ਸਥਾਨਾਂ ਵੱਲ ਰਵਾਨਗੀ ਪਾਈ ਜਾਂਦੀ ਹੈ। ਜਿੰਦਗੀ ਦੀ ਇਹ ਹਰ ਯਾਤਰੀ ਦੀ ਅਭੁੱਲ ਯਾਦਾਂ ਵਿੱਚ ਸਾਮਲ ਹੋਕੇ ਯਾਤਰਾ ਸਮਾਪਤ ਹੋ ਜਾਂਦੀ ਹੈ। ਪਾਕਿਤਾਨ ਭਾਰਤ ਦੋਸਤੀ ਜਿੰਦਾਬਾਦ । ਪੰਜਾਬ ਪੰਜਾਬੀ ਦੋਸਤੀ ਜਿੰਦਾਬਾਦ।.........ਸਮਾਪਤ........ਗੁਰਚਰਨ ਪੱਖੋਕਲਾਂ   ਮੋਬਾਈਲ 9417727245

                    


ਪੰਜਵਾ ਭਾਗ... ਨਨਕਾਣਾ ਸਾਹਿਬ ਦੇ ਸਥਾਨਕ ਸਿੱਖ ਗੁਰਧਾਮ

ਪੰਜਵਾ ਭਾਗ... ਨਨਕਾਣਾ ਸਾਹਿਬ ਦੇ ਸਥਾਨਕ ਸਿੱਖ ਗੁਰਧਾਮ    
ਦੂਸਰੇ ਦਿਨ ਨਨਕਾਣਾ ਸਾਹਿਬ  ਸਹਿਰ ਵਿੱਚਲੇ ਬਜਾਰ ਅਤੇ ਗੁਰਧਾਮ ਸਿੱਖ ਸੰਗਤ ਦੇਖਣ ਦੀ ਕੋਸਿਸ ਕਰਦੀ ਹੈ। ਇਸ ਸਹਿਰ ਵਿੱਚ ਜਿਆਦਾਤਰ ਸਥਾਨ ਗੁਰੂ ਨਾਨਕ ਜੀ ਨਾਲ ਸਬੰਧਤ ਹਨ । ਇਹ ਸਾਰੇ ਸਥਾਨ ਵਰਤਮਾਨ ਸਮੇਂ ਸਹਿਰ ਦੇ ਰਿਹਾਇਸੀ ਅਬਾਦੀ ਵਾਲੇ ਇਲਾਕਿਆ ਵਿੱਚ ਹਨ। ਜਿੰਹਨਾਂ ਵਿੱਚ ਗੁਰੂ ਨਾਨਕ ਜੀ ਦੁਆਰਾ ਡੰਗਰ ਚਾਰਦਿਆਂ ਖੇਤ ਉੱਜੜ ਜਾਣ ਵਾਲੀ ਕਥਾ ਵਾਲਾ ਅਤੇ ਖੇਤਾਂ ਵਿੱਚ ਗੁਰੂ ਜੀ ਨੂੰ ਸੱਪ ਦੀ ਛਾ ਕਰਨ ਨਾਲ ਸਬੰਧਤ ਧਾਰਮਿਕ ਸਥਾਨ ਪਰਮੁੱਖ ਹਨ। ਗੁਰੂ ਜੀ ਦੇ ਜੀਵਨ ਸਮੇਂ ਇਹ ਇਲਾਕਾ ਖੇਤੀ ਚਰਗਾਹਾਂ  ਵਾਲਾ ਪਿੰਡ ਜਾਂ ਸਹਿਰ ਤੋਂ ਦੂਰ ਹੋਵੇਗਾ ਪਰ 500 ਸਾਲ ਵਿੱਚ ਅਬਾਦੀ ਵਧਣ ਕਾਰਨ ਇਹ ਸਹਿਰ ਦਾ ਰਿਹਾਇਸੀ ਇਲਾਕਾ ਬਣ ਚੁੱਕਿਆ ਹੈ। ਪੱਟੀ ਸਾਹਿਬ ਗੁਰਦੁਆਰਾ ਦੀ ਇਮਾਰਤ ਨਜਦੀਕ ਹੀ ਹੈ ਜਿੱਥੇ ਗੁਰੂ ਜੀ ਨੂੰ ਪੰਡਿਤ ਨੇ ਸਿੱਖਿਆ ਦੇਣੀ ਸੁਰੂ ਕੀਤੀ ਸੀ ਪਰ ਗੁਰੂ ਜੀ ਨੇ ਪਾਂਧੇ ਨੂੰ ਹੀ ਉਪਦੇਸ ਦਿੱਤਾ ਮੰਨਿਆ ਜਾਂਦਾ ਹੈ। ਆਸਾ ਰਾਗ ਵਿੱਚ ਪੱਟੀ ਨਾਂ ਦੀ ਬਾਣੀ ਇੱਥੇ ਉਚਾਰੀ ਮੰਨੀ ਜਾਂਦੀ ਹੈ। ਇਹ ਇਮਾਰਤ ਪੁਰਾਣੀ ਹਾਲਤ ਵਿੱਚ ਬਹੁਤ ਛੋਟੀ ਜਗਾਹ ਜਿਸ ਵਿੱਚ ਇੱਕ ਨੌਜਵਾਨ ਬੇਟੀ ਪਾਠ ਕਰ ਰਹੀ ਸੀ। ਆਏ ਯਾਤਰੂ ਨੂੰ ਦੇਗ ਵਗੈਰਾ ਵੰਡਣ ਦੀ ਇੱਥੇ ਪਿਰਤ ਨਹੀਂ ਸੀ ਸੋ ਸੰਗਤ ਮੱਥਾ ਟੇਕ ਕੇ ਬਾਹਰ ਆ ਜਾਂਦੀ ਹੈ। ਇਸ ਅਸਥਾਨ ਦੇ ਸਾਹਮਣੇ ਹੀ ਇੱਕ ਹੋਰ ਗੁਰਦੁਆਰਾ ਸਾਹਿਬ ਬਣਿਆ ਹੈ ਜਿਸ ਵਿੱਚ ਇੱਕ ਨਵੀਂ ਵਿਸਾਲ ਇਮਾਰਤ ਬਣ ਰਹੀ ਹੈ । ਇਸ ਦੇ ਅੰਦਰ ਇੱਕ ਵਿਸਾਲ ਪਾਣੀ ਵਾਲਾ ਤਲਾਬ ਹੈ ਜੋ ਪਾਣੀ ਤੋਂ ਖਾਲੀ ਸੀ। ਸਿੱਖਾ ਦੀ ਗਿਣਤੀ ਨਨਕਾਣਾ ਸਾਹਿਬ ਵਿੱਚ ਵੀ 500 ਪਰੀਵਾਰ ਹੀ ਹਨ ਅਤੇ ਜਿਆਦਾਤਰ ਜਨਮ ਅਸਥਾਨ ਵਿੱਚ ਹੀ ਆਉਂਦੇ ਹਨ ਦੂਸਰੇ ਗੁਰਦੁਆਰੇ ਇੱਕ ਦੋ ਪਰੀਵਾਰਾਂ ਦੁਆਰਾ ਹੀ ਨਿੱਜ ਸਥਾਨ ਦੀ ਤਰਾਂ ਸੰਭਾਲੇ ਜਾ ਰਹੇ ਹਨ ਅਤੇ ਉਹਨਾਂ ਵਿੱਚ ਸੰਗਤ ਦੀ ਆਮਦ ਵਿਸੇਸ ਦਿਨਾ ਤੇ ਹੀ ਹਾਜਰ ਹੁੰਦੀ ਹੇ।
                  ਇਸ ਗੁਰਦੁਆਰਾ ਸਾਹਿਬ ਤੋਂ ਕਾਫੀ ਦੂਰ ਬਜਾਰ ਵਿੱਚ ਦੀ ਲੰਘ ਕੇ ਅੱਗੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜਿੱਥੇ ਗੁਰੂ ਅਰਜਨ ਦੇਵ ਜੀ ਗੁਰੂ ਨਾਨਕ ਜੀ ਦਾ ਜਨਮ ਅਸ਼ਥਾਨ ਦੇਖਣ ਆਏ ਠਹਿਰੇ ਸਨ।  ਪਰੀਵਾਰਕ ਮਕਾਨ ਦੀ ਤਰਾਂ ਹੀ ਇਸ ਗੁਰਦੁਆਰਾ ਸਾਹਿਬ ਦੀ ਇਮਰਤ ਹੈ ਅਤੇ ਇਸ ਦੇ ਨੇੜੇ ਹੀ ਗੁਰਦੁਆਰਾ ਰੂਪ ਵਿੱਚ ਗੁਰੂ ਹਰਿ ਗੋਬਿੰਦ ਜੀ ਕਸਮੀਰ ਤੋਂ ਵਾਪਸ ਆਉਂਦਿਆਂ ਜਿਸ ਜਗਾਹ ਠਹਿਰੇ ਸਨ ਦੀ ਇਮਾਰਤ ਮੌਜੂਦ ਹੈ ਜਿਸ ਵਿੱਚ ਉਸ ਵਣ ਦੀ ਲੱਕੜੀ ਉਪਰਲੀ ਮੰਜਿਲ ਤੇ ਸੰਭਾਲੀ ਹੋਈ ਹੈ ਜਿਸ ਵਣ ਨਾਲ ਗੁਰੂ ਜੀ ਦਾ ਘੋੜਾ ਬੰਨਿਆ ਗਿਆ ਸੀ। ਇਸ ਥਾਂ ਤੋਂ ਚੱਲਕੇ  ਗੁਰੂ ਜੀ ਬਾਬੇ ਨਾਨਕ ਦੇ ਜਨਮ ਸਥਾਨ ਨੂੰ ਦੇਖਣ ਗਏ ਸਨ। ਇਸ ਤੋਂ ੳੱਗੇ ਜਾਕੇ ਗੁਰਦੁਆਰਾ ਬਾਲ ਲੀਲਾ ਆਉਂਦਾ ਹੈ ਜਿਸ ਵਿੱਚ ਵੀ ਇੱਕ ਖਾਲੀ ਤਲਾਬ ਮੋਜੂਦ ਹੈ। ਇੱਕ ਵਿਸਾਲ ਸਰਾਂ ਦੀ ਉਸਾਰੀ ਇੰਗਲੈਂਡ ਦੇ ਸਿੱਖਾ ਵੱਲੋਂ ਕਰਵਾਈ ਜਾ ਰਹੀ ਹੈ। ਇਸ ਗੁਰਦੁਆਰਾ ਸਾਹਿਬ ਅੰਦਰ ਦੋ ਏਕੜ ਦੇ ਕਰੀਬ ਖੁੱਲਾ ਸਥਾਨ ਹੈ। ਸਥਾਨਕ ਗੁਰਦੁਆਰਿਆਂ ਵਿੱਚ ਵਿਰਾਨਗੀ ਦਾ ਆਲਮ ਦਿਖਾਈ  ਦਿੰਦਾਂ ਹੈ ਕਿਉਂਕਿ ਸੰਗਤਾਂ ਦੀ ਆਮਦ ਕਿੱਥੋ ਹੋਵੇ ਸਿੱਖਾ ਦੀ ਗਿਣਤੀ ਹੀ ਜਦ ਬਹੁਤ ਸੀਮਤ ਹੈ।
                               ਉਪਰੋਕਤ ਸਥਾਨਾ ਨੂੰ ਦੇਖਣ ਤੋਂ ਬਾਅਦ ਉਸ ਸਥਾਨ ਦੀ ਯਾਤਰਾ ਕੀਤੀ ਜਾਂਦੀ ਹੈ ਜਿਸ ਥਾਂ ਗੁਰੂ ਨਾਨਕ ਜੀ ਮੱਝਾ ਚਾਰਨ ਜਾਇਆ ਕਰਦੇ ਸਨ। ਇੱਕ ਵਾਰ ਸਥਾਨਕ ਜਿੰਮੀਦਾਰ ਨੇ ਗੁਰੂ ਜੀ ਉੱਪਰ ਫਸਲ ਉਜਾੜਨ ਦਾ ਇਲਜਾਮ ਲਾਈਆ ਸੀ ਜਿਸ ਨੂੰ ਜਦ ਲੋਕਾਂ ਨੇ ਆਕੇ ਦੇਖਿਆ ਤਾਂ ਸਾਰੀ ਫਸਲ ਠੀਕ ਠਾਕ ੳਤੇ ਹਰੀ ਭਰੀ ਸੀ । ਇੱਥੇ ਕਾਫੀ ਰਕਬਾ ਮੌਜੂਦ ਹੈ । ਜਿਸ ਵਿੱਚ ਬਹੁਤ ਹੀ ਛੋਟੀ ਇਮਾਰਤ ਗੁਰੂ ਘਰ ਦੀ ਹੈ  ਪਰ ਕਿਸੇ ਕਾਰਨ ਗੁਰੂ ਗਰੰਥ ਸਾਹਿਬ ਇੱਸ ਦੇ ਪਿੱਛਲੇ ਪਾਸੇ ਹੋਰ ਸਪੈਸਲ ਕਮਰੇ ਵਿੱਚ ਪ੍ਰਕਾਸ ਕੀਤਾ ਹੋਇਆ ਸੀ। ਸਾਰੇ ਗੁਰਦੁਆਰਾ ਸਾਹਿਬ ਸੁਰੱਖਿਆ ਮੁਲਾਜਮਾਂ ਦੀ ਪਹਿਰੇਦਾਰੀ ਵਿੱਚ ਸਨ। ਯਾਤਰੀਆਂ ਨਾਲ ਸੀ ਆਈ ਡੀ ਜਾ ਸਪੈਸਲ ਮੁਲਾਜਮ ਵਿਸੇਸ ਡਿਉਟੀ ਅਧੀਨ ਹਮੇਸਾਂ ਨਾਲ ਰਹਿੰਦੇ ਹਨ। ਕਿਸੇ ਵੀ ਯਾਤਰੀ ਦੇ ਇੱਧਰ ਉੱਧਰ ਹੋ ਜਾਣ ਦੀ ਸਜਾ ਇੰਹਨਾਂ ਮੁਲਾਜਮਾ ਨੂੰ ਭੁਗਤਣੀ ਪੈਂਦੀ ਹੈ।  ਇਸ ਤੋਂ ਬਾਅਦ ਨਜਦੀਕ  ਇੱਕ ਹੋਰ ਯਾਦਗਾਰੀ ਸਥਾਨ ਹੈ ਜਿਸ  ਥਾਂ ਗੁਰੂ ਜੀ ਨੂੰ ਸੁੱਤਿਆਂ ਧੁੱਪ ਆ ਜਾਣ ਤੇ ਸੱਪ ਨੇ ਆਪਣਾਂ ਫਣ ਖਿਲਾਰ ਕੇ ਛਾਂ ਕੀਤੀ ਸੀ । ਇੱਥੇ ਇੱਕ ਧਰਤੀ ਉੱਪਰ ਡਿੱਗਿਆ ਹੋਇਆ ਹਰਿਆ ਭਰਿਆ ਵਣ ਵੀ ਮੌਜੂਦ ਹੈ ਜਿਸ ਥੱਲੇ ਇੱਕ ਖਾਈ ਪੱਟੀ ਹੋਈ ਹੈ ਅਤੇ ਯਾਤਰੀ ਇਸ ਖਾਈ ਵਿੱਚ ਦੀ ਲੰਘਕੇ ਵਣ ਦੀ ਛਾਂ ਮਾਨਣ ਦਾ ਅਨੁਭਵ ਲੈਂਦੇ ਹਨ।  ਇੱਥੇ ਸੰਗਤਾਂ ਨੂੰ ਸਪੈਸਲ ਖਾਣਾਂ ਵੀ ਪਰੋਸਿਆ ਜਾਂਦਾ ਹੈ ਜਾਂ ਸਾਇਦ ਕਿਸੇ ਸਥਾਨਕ ਸਰਧਾਲੂ ਵੱਲੋਂ ਇਹ ਉਚੇਚਾ ਪਰਬੰਧ ਕੀਤਾ  ਗਿਆ ਹੋਵੇ। ਸੁਰੱਖਿਆ ਮੁਲਾਜਮ ਸਿੱਖਾਂ ਦੀ ਸਰਧਾ ਨੂੰ ਮਾਣਦੇ ਦੇਖਦੇ ਹੈਰਾਨ ਹੁੰਦੇ ਹਨ।
                ਇਸ ਤੋਂ ਬਾਅਦ ਸੰਗਤਾਂ ਬਜਾਰ ਵਿੱਚ ਦੀ ਖਰੀਦ ਦਾਰੀ ਕਰਦੀਆਂ ਹੋਈਆਂ ਵਾਪਸ ਜਨਮਅਸਥਾਨ ਨੂੰ ਚਾਲੇ ਪਾਉਂਦੀਆਂ ਹਨ । ਸਥਾਨਕ ਬਜਾਰ ਪੁਰਾਣੀਆਂ ਇਮਾਰਤਾਂ ਵਿੱਚ ਹੀ ਦੁਕਾਨਾਂ ਚਲਾ ਰਹੇ ਹਨ। ਸਾਰੇ ਹੀ ਸਹਿਰਾਂ ਵਿੱਚ ਬਹੁਤ ਹੀ ਘੱਟ ਨਵੀਆਂ ਇਮਾਰਤਾਂ ਦਿਖਾਈ ਦਿੰਦੀਆਂ ਹਨ। ਬਜਾਰਾਂ ਵਿੱਚ ਮੋਟਰ ਸਾਈਕਲਾਂ ਦੀ ਭਰਮਾਰ ਜਿਆਦਾ ਹੈ। ਕਾਰਾਂ ਦੀ ਗਿਣਤੀ ਸੀਮਤ ਹੈ।  ਬਜਾਰਾਂ ਦੀ ਸਜਾਵਟ ਕੋਈ ਜਿਆਦਾ ਜਾਂ ਸਾਡੇ ਪੰਜਾਬ ਵਾਂਗ ਬਿਲਕੁਲ ਵੀ ਨਹੀਂ ਹੁੰਦੀ। ਰੰਗ ਰੋਗਨ ਜਾਂ ਸੀਮਿੰਟ ਨਾਲ ਪਲੱਸਤਰ ਬਹੁਤ ਹੀ ਘੱਟ ਮਕਾਨ ਦੁਕਾਨਾਂ ਹਨ। ਆਮ ਲੋਕ ਸਿੱਖਾਂ ਨੂੰ ਹੈਰਾਨੀ ਨਾਲ ਦੇਖਦੇ ਹਨ। ਬਹੁਤ ਸਾਰੇ ਲੋਕ ਦੁਆ ਸਲਾਮ ਕਰਦੇ ਅਤੇ ਬੁਲਾਉਣ ਵਿੱਚ ਮਾਣ ਮਹਿਸੂਸ ਕਰਦੇ ਹਨ। ਸੁਰੱਖਿਆ ਮੁਲਾਜਮ ਯਾਤਰੀਆਂ ਨੂੰ ਜਲਦੀ ਵਾਪਸ ਲਿਜਾਕਿ ਆਪਣੀ ਜੁੰਮੇਵਾਰੀ ਤੋਂ ਸੁਰਖਰੂ ਹੋਣ ਦੀ ਕਾਹਲ ਵਿੱਚ ਹੁੰਦੇ ਹਨ । ਯਾਤਰੀ ਵਾਪਸ ਆਕੇ ਸਰਾਵਾਂ ਵਿੱਚ ਅਰਾਮ ਕਰਨ ਚਲੇ ਜਾਂਦੇ ਹਨ .........ਬਾਕੀ ਕਲ............ਗੁਰਚਰਨ ਪੱਖੋਕਲਾਂ   ਮੋਬਾਈਲ 9417727245
                        ਭਾਗ ਛੇਵਾਂ..ਗੁਰਦੁਆਰਾ ਸੁੱਚਾ ਸੌਦਾ ਗੁਰੂ ਨਾਨਕ ਸਾਹਿਬ ਜੀ
ਨਨਕਾਣਾ ਸਾਹਿਬ ਤੀਸਰੇ ਦਿਨ ਸੰਗਤਾਂ ਸਵੇਰੇ ਦਾ ਕਥਾ ਕੀਤਰਤਨ ਸੁਣਨ ਤੋਂ ਬਾਅਦ ਲੰਗਰ ਛੱਕਦੀਆਂ ਹਨ ਅਤੇ ਇਸ ਤੋਂ ਬਾਅਦ ਪਰਬੰਧਕਾਂ ਵੱਲੋਂ ਸੰਗਤਾਂ ਨੂੰ 40 ਕਿਲੋਮੀਟਰ ਦੂਰ ਸੁੱਚਾ ਸੌਦਾ ਗੁਰਦੁਆਰਾ ਸਾਹਿਬ ਲਿਜਾਇਆ ਜਾਂਦਾ ਹੈ । ਸਪੈਸਲ ਬੱਸਾਂ ਵਿੱਚ ਅੱਗੇ ਪਿੱਛੇ ਮੰਤਰੀਆਂ ਦੀ ਸਕਿਉਰਿਟੀ ਵਾਂਗ ਇਸਕੌਰਟ ਕਰਕੇ ਬੱਸਾ ਪਹਿਰੇਦਾਰੀ ਵਿੱਚ ਚਲਦੀਆਂ ਹਨ। ਵਿਸੇਸ ਥਾਵਾਂ ਤੇ ਸਥਾਨਕ ਟਰਾਂਸਪੋਰਟ  ਰੋਕ ਕੇ ਯਾਤਰੀ ਬੱਸਾਂ ਨੂੰ ਪਹਿਲ ਦਿੱਤੀ ਜਾਂਦੀ ਹੈ।  ਬਹੁਤ ਹੀ ਵਧੀਆ ਡਬਲ ਰੋਡ ਸੜਕ ਤੇ ਜਲਦੀ ਹੀ ਬੱਸਾਂ ਫਰੂਖਾਬਾਦ ਗੁਰਦੁਆਰਾ ਸੁੱਚਾ ਸੌਦਾ ਅੱਗੇ ਪਹੁੰਚ ਜਾਂਦੀਆਂ ਹਨ। ਇਸ ਗਰਦੁਆਰਾ ਸਾਹਿਬ ਦੀ ਵਧੀਆ ਇਮਾਰਤ ਬਣੀ ਹੋਈ ਹੈ ਗੇਟ ਅੰਦਰ ਵੜਦਿਆਂ ਹੀ ਸਦਾਬਹਾਰ ਫੁੱਲਾਂ ਨਾਲ ਭਰਿਆ ਹੋਇਆ ਹੈ ਲਾਂਘੇ ਨੂੰ ਛੱਡਕੇ ਘਾਹ ਦੀ ਹਰਿਆਲੀ ਮਨ ਮੋਹ ਲੈਂਦੀ ਹੈ। ਚਾਲੀ ਪੰਜਾਹ ਕਰਮਾਂ ਤੁਰਨ ਤੋਂ ਬਾਅਦ ਗੁਰੂ ਘਰ ਅੱਗੇ ਫੁੱਲਾਂ ਅਤੇ ਹਾਰਾਂ ਨਾਲ ਸਵਾਗਤ ਕੀਤਾ ਜਾਂਦਾ ਹੈ। ਕਤੀਰਾ ਗੂੰਦ ਪਾਕੇ ਬਣਾਏ ਹੋਏ ਸਰਬੱਤ ਦੀ ਛਬੀਲ ਲੱਗੀ ਹੋਈ ਸੀ। ਗੁਰਦੁਆਰਾ ਸਾਹਿਬ ਨਾਲ ਹੀ ਨੀਲੀ ਭਾਅ ਮਾਰਦੇ ਸਾਫ ਪਾਣੀ ਨਾਲ ਭਰਿਆ ਤਾਲਾਬ ਮੌਜੂਦ ਹੈ। ਗੁਰੂ ਘਰ ਦੇ ਗੇਟ ਤੱਕ ਹਰਾ ਘਾਹ ਮੌਜੂਦ ਹੈ ਫੁੱਲਾਂ ਵਾਲੇ ਬੂਟਿਆ ਦੀ ਦੀਵਾਰ ਸਮੇਤ। ਉੱਚੀ ਥਾਂ ਬਣੇ ਦਰਬਾਰ ਸਾਹਿਬ ਪੌੜੀਆ ਚੜਦਿਆਂ ਅਨੰਦਮਈ ਅਵਸਥਾਂ ਦਾ ਅਹਿਸਾਸ ਹੁੰਦਾਂ ਹੈ। ਦਰਬਾਰ ਸਾਹਿਬ ਇੱਕ ਕਮਰੇ ਵਿੱਚ ਪੁਰਾਤਨ ਇਮਾਰਤ ਦਾ ਨਵੇਂ ਰੰਗ ਰੋਗਨ ਨਾਲ ਮਨ ਮੋਂਹਦਾ ਹੈ। ਸੰਗਤਾਂ ਨਤਮਸਤਕ ਹੁੰਦੀਆਂ ਹਨ ਅਤੇ ਪਾਠ ਸੁਣਨ ਤੋਂ ਬਾਅਦ  ਅਰਦਾਸ ਵਿੱਚ ਸਾਮਲ ਹੁੰਦੀਆਂ ਹਨ। ਇਸ ਤੋਂ ਬਾਅਦ ਵਿਸੇਸ ਤੌਰ ਤੇ ਦੇਸੀ ਘਿਉ ਨਾਲ ਤਿਆਰ ਲੰਗਰ ਪਾਕਿਸਤਾਨ ਕਮੇਟੀ  ਦੇ ਮੁੱਖ ਪਰਬੰਧਕ ਆਪ ਸੇਵਾ ਕਰਦਿਆਂ ਛਕਾਉਂਦੇ ਹਨ। ਇਸ ਜਗਾਹ ਤੇ ਪਰਬੰਧਕ ਅਤੇ ਸਰਕਾਰੀ ਮੁਸਲਮਾਨ ਅਧਿਕਾਰੀ ਸਿਰੋਪਾਉ ਬਖਸਿਸ ਕਰਦੇ ਹਨ। ਸਪੈਸਲ ਘਰੇਲੂ ਦੁੱਧ ਤੋਂ ਤਿਆਰ ਚਾਹ ਵੀ ਵਿਸੇਸ ਤੌਰ ਤੇ ਪਿਆਈ ਜਾਂਦੀ ਹੈ। ਪਰਬੰਧਕ ਜਾਣਕਾਰੀ ਦਿੰਦਿਆਂ ਦੱਸਦੇ ਹਨ ਕਿ ਇਹ ਸੱਚਾ ਸੌਦਾ ਨਹੀਂ ਬਲਕਿ ਸੁੱਚਾ ਸੌਦਾ ਹੈ । ਗੁਰੂ ਜੀ ਨੇ ਸੁੱਚਾ ਭਾਵ ਪਵਿੱਤਰ ਸੌਦਾ ਕੀਤਾ ਸੀ। ਲੋੜਵੰਦਾਂ ਦੀ ਮੱਦਦ ਹੀ ਸੁੱਚਾ ਸੋਦਾ ਹੁੰਦਾਂ ਹੈ। ਇਸ ਤੋਂ ਬਾਅਦ ਸੰਗਤਾਂ ਨੂੰ ਬੱਸਾ ਵਿੱਚ ਬਿਠਾਕਿ ਨਨਕਾਣਾ ਸਾਹਿਬ ਨੂੰ ਚਾਲੇ ਪਾ ਦਿੱਤੇ ਜਾਂਦੇ ਹਨ। ਇਸ ਇਲਾਕੇ ਦੀ ਕਾਲੀ ਮਿੱਟੀ ਬਹੁਤ ਹੀ ਉਪਜਾਊ ਇਲਾਕਾ ਹੈ। ਚਰੀਆਂ ਹਰੇ ਚਾਰੇ ਗੰਨਾਂ ਵਗੈਰਾ ਦੇ ਸੀਮਤ ਖੇਤ ਦਿਖਾਈਦਿੰਦੇ ਹਨ ਕਿਉਂਕਿ ਝੋਨਾਂ ਲਾਉਣ ਦਾ ਕੰਮ ਹਾਲੇ ਸੁਰੂ ਨਹੀਂ ਹੋਇਆ ਸੀ। ਬਹੁਤੀਆਂ ਜਮੀਨਾਂ ਖਾਲੀ ਪਈਆ ਹਨ। ਚਾਰ ਚੁਫੇਰੇ ਸਾਦਗੀ ਅਤੇ ਪੁਰਾਤਨ ਪੰਜਾਬ ਦੀ ਮਹਿਕ ਖਿੱਲਰੀ ਦਿਖਾਈ ਦਿੰਦੀ ਹੈ। ਸਾਰੀਆਂ ਸੰਗਤਾਂ ਬਾਹਰ ਦੇ ਇਲਾਕਿਆਂ ਨੂੰ ਦੇਖਣ ਵਿੱਚ ਮਸਤ ਸਾਰੇ ਦਰਿੱਸ ਆਪਣੇ ਦਿਮਾਗਾ ਅਤੇ ਅੱਖਾ ਵਿੱਚ ਭਰਨ ਦੀ ਕੋਸਿਸ ਕਰਦੇ ਹਨ। ਹੂਟਰ ਮਾਰਦੀਆਂ ਪੰਜ ਅੱਗੇ ਪੰਜ ਪਿੱਛੇ ਗੱਡੀਆਂ  ਦੇਖ ਸਥਾਨਕ ਲੋਕ ਹੈਰਾਨ ਹੁੰਦੇ ਹਨ ਅਤੇ ਬੱਸਾਂ ਵਿੱਚ ਬੈਠੇ ਸਿੱਖਾਂ ਨੂੰ ਦੇਖ ਆਪਸ ਵਿੱਚ ਇਸਾਰੇ kਰਦੇ ਖੁਸ਼ ਹੁੰਦੇ ਹਨ। ਬਹੁਤ ਸਾਰੇ ਲੋਕ ਹੱਤ ਹਿਲਾਕੇ ਜੀ ਆਇਆਂ ਨੂੰ ਆਖਦੇ ਹਨ।  ਇਸ ਦਿਨ ਦਾ ਬਾਕੀ ਹਿੱਸਾ ਗੁਰਦੁਆਰਾ ਸਾਹਿਬ ਵਿੱਚ ਅਨੰਦ ਮਾਣਦਿਆਂ ਸਾਰਾ ਦਿਨ ਚੱਲਣ ਵਾਲੇ ਲੰਗਰ ਛਬੀਲਾਂ ਤੋਂ ਖਾਦਿਆਂ ਪੀਦਿਆਂ ਸਰਾਵਾਂ ਵਿੱਚ ਸੌਣ ਚਲੇ ਜਾਂਦੇ ਹਨ। ਖੁਸੀ ਦੇ ਜੈਕਾਰੇ ਛੱਡਦਿਆਂ ਅਗਲੇ ਦਿਨ ਦੁਪਹਿਰ ਨੂੰ ਵਾਪਸੀ ਸੇਖੁਪੁਰਾ ਹੁੰਦਿਆਂ ਡੇਹਰਾ ਸਾਹਿਬ ਲਹੌਰ ਨੂੰ ਚਾਲੇ ਪਾ ਦਿੱਤੇ ਜਾਂਦੇ ਹਨ।.... ਬਾਕੀ ਕਲ...ਗੁਰਚਰਨ ਪੱਖੋਕਲਾਂ   ਮੋਬਾਈਲ 9417727245