Tuesday 24 January 2012

ਲੋਕਸੇਵਕ ਤੋਂ ਹੁਕਮਰਾਨ ਬਣਨ ਤੱਕ

        
ਅੱਜ ਦੇ ਹੁਕਮਰਾਨ ਜਦ ਦੇਸ ਨੂੰ ਤਾਨਾਸਾਹਾਂ ਵਾਂਗ ਚਲਾਉਣਾਂ ਲੋਚਦੇ ਹਨ ਤਦ ਇਹ ਭੁੱਲ ਜਾਂਦੇ ਹਨ ਕਿ ਅਸਲੀ ਮਾਲਕ ਤਾਂ ਲੋਕ ਹੁੰਦੇ ਹਨ । ਇਹਨਾਂ ਲੋਕਾਂ ਨੇ ਤਾਂ ਵਕਤ ਆਉਣ ਤੇ ਵੱਡੇ ਵੱਡੇ ਤਾਨਾਸਾਹਾਂ ਨੂੰ ਵੀ ਮਲੀਆ ਮੇਟ ਕੀਤਾ ਹੈ ਪਰ ਲੋਕਤੰਤਰ ਰਾਂਹੀ ਨਿੱਕਲੇ ਅੱਜ ਦੇ ਕਮਜੋਰ ਰਾਜੇ ਤਾਂ ਇਹਨਾਂ ਨੇ ਹਮੇਸਾਂ ਪੰਜ ਸਾਲ ਬਾਅਦ ਹੀ ਪਲਟ ਦਿੱਤੇ ਹਨ। ਪੱਚੀ ਪੱਚੀ ਸਾਲ ਦੇ ਰਾਜ ਕਰਨ ਦੇ ਦਾਅਵੇ ਕਰਨ ਵਾਲੇ ਰਾਜਨੀਤਕ  ਕੋਈ ਸਿਆਣੇ ਨਹੀਂ ਹੁੰਦੇ  ਕਿਉਂਕਿ ਰਾਜਸੇਵਾ ਦਾਅਵਿਆਂ ਨਾਲ ਨਹੀ ਰਾਜਗੱਦੀ ਦਾ ਲੋਕਸੇਵਾ ਵਾਲਾ ਧਰਮ ਨਿਭਾਉਣ ਨਾਲ ਮਿਲਦੀ ਹੈ।ਜੋ ਰਾਜਨੀਤਕ ਆਪਣੇ ਰਾਜਕਾਲ ਦੌਰਾਨ ਗਲਤ ਕੰਮ ਕਰਦੇ ਹਨ ਬਾਂਅਦ ਵਿੱਚ ਅਦਾਲਤਾਂ ਦੀਆਂ ਤਾਰੀਖਾਂ ਭੁੱਗਦੇ ਦੇਖੇ ਜਾ ਸਕਦੇ ਹਨ। ਜੋ ਰਾਜਨੀਤਕ ਲੋਕ ਸੇਵਾ ਵਾਲਾ ਧਰਮ ਨਿਭਾਉਂਦਾਂ ਹੈ ਉਹ ਹੀ ਦੁਬਾਰਾ ਰਾਜਗੱਦੀ ਤੇ ਬੈਠਦਾ ਹੈ ਬਾਕੀ ਸਭ ਤਾਂ ਗੱਦੀਆਂ ਤੋਂ ਪੈਰਾਂ ਵਿੱਚ ਬੈਠਣ ਲਾ ਦਿੱਤੇ ਜਾਂਦੇ ਹਨ।ਸੋ ਅੱਜ ਜੋ ਵੀ ਰਾਜਨੀਤਕ ਰਾਜਗੱਦੀ ਉਪਰ ਬੈਠ ਜਾਂਦੇ ਹਨ ਉਹਨਾਂ ਨੂੰ ਰਾਜਗੱਦੀ ਦਾ ਧਰਮ ਲੋਕਸੇਵਾ ਨੂੰ ਨਿਭਾਉਣਾਂ ਚਾਹੀਦਾ ਹੈ ਜੇ ਉਹ ਲੋਕਸੇਵਾ ਦੀ ਥਾਂ ਆਪਣੀਆਂ ਤਿਜੌਰੀਆਂ ਨੂੰ ਹੀ ਭਰਨਗੇ ਅਤੇ ਲੋਕਾਂ ਦੀ ਥਾਂ ਆਪਣੇ ਰਿਸਤੇਦਾਰਾਂ ਅਤੇ ਗੁਲਾਮਾਂ ਨੂੰ ਹੀ ਸਹੂਲਤਾਂ ਦੇਣਗੇ ਤਦ ਉਹ ਲੁਟੇਰਿਆਂ ਦਾ ਆਧੁਨਿਕ ਰੂਪ ਹੀ ਹੋਣਗੇ। ਅੱਜ ਕੱਲ ਦੀ ਜਨਤਾ ਉਹਨਾਂ ਨੂੰ ਬਦਲਣ ਲੱਗਿਆਂ ਪਲ ਵੀ ਨਹੀਂ ਲਾਉਦੀ ਪੰਜ ਸਾਲਾਂ ਬਾਅਦ ਆਉਣ ਵਾਲੇ ਇੱਕ ਦਿਨ ਹੀ ਦਿਨੇ ਤਾਰੇ ਦਿਖਾ ਦੇਣ ਵਾਲੀ ਕਰਾਮਾਤ ਕਰ ਦਿੰਦੀ ਹੈ । ਇਹ ਇੱਕ ਦਿਨ ਹੀ ਪੰਜ ਸਾਲਾਂ ਵਿੱਚ ਜਨਤਾ ਦਾ ਹੁੰਦਾਂ ਹੈ ਅਤੇ ਆਮ ਜਨਤਾ ਇਸ ਦਿਨ ਹੀ ਪੰਜ ਸਾਲਾਂ ਵਾਲਾ ਫੈਸਲਾ ਕਰਦੀ ਹੈ। ਹਕੂਮਤ ਨੂੰ ਦੁਬਾਰਾ ਸਮਾਂ ਦੇਣਾਂ ਹੈ ਜਾ ਉਸਦਾ ਤਖਤ ਮੂਧਾ ਮਾਰਨਾ ਹੈ ਇਹ ਦਿਨ ਹੀ ਜਨਤਾ ਇਹ ਕਰਕੇ ਦਿਖਾ ਦਿੰਦੀ ਹੈ।ਰਾਜਨੀਤਕ ਲੋਕ ਇਹ ਭੁੱਲ ਜਾਂਦੇ ਹਨ ਕਿ ਇਹ ਰਾਜਗੱਦੀਆਂ ਤੇ ਬੈਠਣ ਦੀ ਸੇਵਾ ਲੋਕਾਂ ਨੇ ਦਿੱਤੀ ਹੈ ਜੇ ਕੋਈ ਫੈਸਲਾ ਲੋਕਾਂ ਦੇ ਹੱਕ ਵਿੱਚ ਉਹਨਾਂ ਕੀਤਾ ਹੈ ਤਾਂ ਇਹ ਫੈਸਲਾ ਕਰਨ ਦੀ ਤਾਕਤ ਵੀ ਲੋਕਾਂ ਨੇ ਦਿੱਤੀ ਹੈ।ਜੇ ਇਹ ਰਾਜਨੀਤਕ ਧਰਮ ਨੂੰ ਸਮਝਦੇ ਹੋਣ ਤਦ ਤਾਂ ਏਨੇ ਵੱਡੇ ਜਨਤਾ ਦੇ ਫੈਸਲੇ ਨੂੰ ਸਮਝ ਕੇ ਕਿ ਜੇ ਜਨਤਾਂ ਨੇ ਰਾਜਗੱਦੀ ਉੱਪਰ ਬੈਠਾਕੇ ਏਡਾ ਵੱਡਾ ਸਨਮਾਨ ਦਿੱਤਾ ਹੈ ਉਹਨਾਂ ਦੀ ਸੇਵਾ ਵਿੱਚ ਆਪਣੀ ਜਾਇਦਾਦ ਦਾ ਦਾਨ ਕਰ ਦੇਣਾਂ ਚਾਹੀਦਾ ਹੈ ਕਿਉਕਿ ਇੱਕ ਵਾਰ ਰਾਜਗੱਦੀ ਮਿਲ ਜਾਣ ਤੋਂ ਬਾਅਦ ਸਾਰੀ ਉਮਰ ਦੀ ਪੈਨਸਨ ਵੀ ਤਾਂ ਅੱਜਕਲ ਲੱਗ ਜਾਂਦੀ ਹੈ । ਪਰ ਗੁਰੂ ਨਾਨਕ ਜੀ ਦੇ ਕਥਨ ਅਨੁਸਾਰ  ਭੁੱੀਖਆਂ ਭੁੱਖ ਨਾਂ ਉਤਰੈ ਵਾਲੀ ਸੋਚ ਵਾਲੇ ਰਾਜਨੀਤਕ ਤਾਂ ਧਨ ਇਕੱਠਾ ਕਰਨ ਦੀ ਤ੍ਰਿਸਨਾਂ ਵਿੱਚ ਫਸਕੇ ਆਪਣੀ ਰਾਜਨੀਤਕ ਮੌਤ ਆਪ ਹੀ ਚੁਣ ਲੈਂਦੇ ਹਨ ਪਰ ਜਿੰਹਨਾਂ ਰਾਜਨੀਤਕਾਂ ਨੇ ਲੋਕਸੇਵਾ ਨੂੰ ਪਹਿਲ ਦਿੱਤੀ ਉਹ ਇਤਿਹਾਸ ਵਿੱਚ ਅੱਜ ਵੀ ਸਨਮਾਨ ਦੇ ਪਾਤਰ ਹਨ ਪਰ ਜਿਹਨਾਂ ਨੇ ਧਨ ਇਕੱਠਾ ਅਤੇ ਆਪਣੇ ਪੁੱਤਰ ਮੋਹ ਜਾਂ ਔਲਾਦ ਮੋਹ ਵਿੱਚ ਫਸਕੇ ਰਾਜਸੱਤਾ ਦਾ ਦੁਰਉਪਯੋਗ ਕੀਤਾ ਹੈ ਉਹ ਇਤਿਹਾਸ ਵਿੱਚ ਤ੍ਰਿਸਕਾਰੇ ਗਏ ਅਤੇ ਆਪਣੇ ਵਾਰਸਾਂ ਨੂੰ ਮੌਤ ਦੇ ਮੂੰਹ ਧੱਕ ਗਏ ਜਿਸਦੀ ਮਿਸਾਲ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਮੋਹ ਤੋਂ ਮਿਲਦੀ ਹੈ। ਸੋ ਅੱਜ ਦੇ ਲੋਕਤੰਤਰੀ ਯੁੱਗ ਵਿੱਚ ਤਾਂ ਇਸ ਤਰਾਂ ਦੀ ਸੋਚ ਪਰੀਵਾਰਾਂ ਲਈ ਹੋਰ ਵੀ ਖਤਰਨਾਕ ਸਿੱਟੇ ਦਿੰਦੀ ਹੈ।
         2012 ਦੀਆਂ ਪੰਜਾਬ ਚੋਣਾਂ 30 ਜਨਵਰੀ ਨੂੰ ਹੋਣ ਜਾ ਰਹੀਆਂ ਹਨ ਜਿਸ ਵਿੱਚ ਪੰਜਾਬੀ ਜਨਤਾ ਨੇ ਵੀ ਇੱਕ ਨਵਾਂ ਇਤਿਹਾਸ ਲਿਖਣਾਂ ਹੈ। ਇਸ ਦਿਨ ਪੰਜਾਬੀਆਂ ਦਾ ਕੀਤਾ ਫੈਸਲਾ ਵੀ ਸਦਾ ਲਈ ਇਤਿਹਾਸ ਵਿੱਚ ਲਿਖਿਆ ਜਾਵੇਗਾ । ਇਸ ਦਿਨ ਅਸੀ ਫੈਸਲਾ ਕਰਨਾਂ ਹੈ ਕਿ ਅਸੀਂ ਕਿਸ ਨੂੰ ਅਗਲੇ ਪੰਜ ਸਾਲਾਂ ਲਈ ਕਿਸਨੂੰ ਚੁਣਨਾਂ ਹੈ ਕੀ ਜੋ ਅੱਜ ਲੋਕਾਂ ਦਾ ਪੈਸਾ ਲੋਕਾਂ ਨੂੰ ਦੇਕੇ ਅਹਿਸਾਨ ਜਤਾਉਂਦੇ ਹਨ ਜਾਂ ਉਹਨਾਂ ਨੂੰ ਜੋ ਜਨਤਾ ਦਾ ਪੈਸਾ ਜਨਤਾ ਨੂੰ ਮੋੜ ਕੇ ਆਪਣਾਂ ਧਰਮ ਨਿਭਾਉਂਦੇ ਹਨ। ਪੰਜਾਬ ਵਿੱਚ ਮਨਪਰੀਤ ਦੇ ਰੂਪ ਵਿੱਚ ਉੱਠੀ ਜਨਤਾ ਦੀ ਅਵਾਜ ਨੇ ਲੋਕ ਮੁੱਦੇ ਹੁਕਮਰਾਨ ਬਣਨ ਵਾਲਿਆਂ ਦੇ ਅੱਗੇ ਰੱਖ ਦਿੱਤੇ ਹਨ । ਭਾਵੇਂ ਇਸ ਵਾਰ ਤੀਜੀ ਧਿਰ ਕਾਮਯਾਬ ਹੋਣ ਦੇ ਅਸਾਰ ਨਹੀਂ ਪਰ ਤੀਜੀ ਧਿਰ ਦੇ ਆਮ ਲੋਕਾਂ ਦੀ ਜਰੂਰਤਾਂ ਵਾਲੇ ਉਠਾਏ ਮੁੱਦਿਆਂ ਤੇ ਜੇ ਨਵੀਂ ਬਣਨ ਵਾਲੀ ਸਰਕਾਰ ਨਾਂ ਚੱਲੇਗੀ ਤਦ ਅਗਲੀ ਵਾਰ ਸਰਕਾਰ ਇਹ ਦੋਨੋਂ ਪਾਰਟੀਆਂ ਨਹੀਂ ਬਣਾ ਸਕਣਗੀਆਂ ਅਤੇ ਕੋਈ ਨਵੀਂ ਰਾਜਨੀਤਕ ਧਿਰ ਦਾ ਨਵਾਂ ਵਿਅਕਤੀ ਜਰੂਰ ਪੈਦਾ ਹੋਵੇਗਾ। ਮਨਪਰੀਤ ਨੇ ਲੋਕ ਮੁੱਦੇ ਭਾਵੇਂ ਆਪਣੇ ਪਰੀਵਾਰਕ ਰਾਜਨੀਤਕ ਹਾਲਾਤਾਂ ਵਿੱਚੋਂ ਮਜਬੂਰਨ ਹੀ ਉਠਾਉਣ ਲਈ ਮਜਬੂਰ ਹੋਇਆ ਹੈ ਪਰ ਅਸਲੀ ਸਮਾਜ ਸੇਵਕਾਂ ਨੂੰ ਇੱਕ ਸੰਦੇਸ ਇਸ ਵਿੱਚੋਂ ਜਰੂਰ ਮਿਲਿਆ ਹੈ ਕਿ ਜੇ ਅੱਜ ਦੇ ਸਮੇਂ ਵੀ ਲੋਕ ਮੁੱਦੇ ਤੇ ਰਾਜਨੀਤੀ ਕਰਨੀਂ ਹੋਵੇ ਤਦ ਜਨਤਾ ਸਾਥ ਜਰੂਰ ਦੇਵੇਗੀ। ਪਿੱਛਲੇ ਸਮੇਂ ਵਿੱਚ ਸਿਆਸਤ ਨੇ ਆਪਣੇ ਜਬਰ ਅਤੇ ਬੇਈਮਾਨ ਚਾਲਾਂ ਨਾਲ ਇਸ ਤਰਾਂ ਦੀ ਸੋਚ ਫੈਲਾਅ ਰੱਖੀ ਸੀ ਕਿ ਲੋਕ ਤਾਂ ਬੇਈਮਾਨ ਹੋ ਚੁੱਕੇ ਹਨ ਜੋ ਸਰਾਬਾਂ ਕਬਾਬਾਂ ਅਤੇ ਪੈਸੇ ਤੇ ਵਿਕਦੇ ਹਨ ਪਰ ਲੋਕ ਕਦੀ ਵੀ ਵਿੱਕਦੇ ਨਹੀਂ ਹੁੰਦੇ ਜਦ ਵੀ ਇਹਨਾਂ ਨੂੰ ਮੌਕਾ ਮਿਲਦਾ ਹੈ ਇਹ ਹਮੇਸਾਂ ਨਵਾਂ ਇਤਿਹਾਸ ਲਿਖਦੇ ਹਨ।
ਗੁਰਚਰਨ ਪੱਖੋਕਲਾਂ 9417727245

Friday 6 January 2012

ਦਰਬਾਰ ਸਾਹਿਬ ਸਮੂਹ ਨੂੰ ਰਾਜਨੀਤੀ ਦਾ ਅਖਾੜਾ ਨਾਂ ਬਣਾਉ

           ਦਰਬਾਰ ਸਾਹਿਬ ਸਮੂਹ ਨੂੰ ਰਾਜਨੀਤੀ ਦਾ ਅਖਾੜਾ ਨਾਂ ਬਣਾਉ   ਗੁਰਚਰਨ ਪੱਖੋਕਲਾਂ
  ਪਿੱਛਲੇ ਕੁੱਝ ਸਮੇਂ ਤੋਂ ਰਾਜਨੀਤਕਾਂ ਦੁਆਰਾ ਆਪਣੇ ਨਾਪਾਕ ਇਰਾਦਿਆਂ ਲਈ  ਦਰਬਾਰ ਸਾਹਿਬ ਸਮੂਹ ਨੂੰ ਵਰਤਣ ਦੀਆਂ ਜੋ ਕੋਸਿਸਾਂ ਕੀਤੀਆਂ ਜਾ ਰਹੀਆਂ ਸਨ ਨੇ  ਹੁਣ ਰੰਗ ਦਿਖਾਉਣਾਂ ਸੁਰੂ ਕਰ ਦਿੱਤਾ ਹੈ ।ਰਾਜਨੀਤੀ ਨੇ ਜਿਸ ਤਰਾਂ ਗੁਰੂ ਦੀ ਨਗਰੀ ਅੰਮ੍ਰਤਿਸਰ ਨੂੰ ਅਪਵਿੱਤਰ ਕਰਨ ਦੀ ਚਾਲ ਖੇਡੀ ਹੈ ਅਤਿ ਅਫਸੋਸ ਨਾਕ ਹੈ। ਪਿਛਲੇ ਦਿਨੀਂ ਰਾਜਨੀਤਕ ਯਾਤਰਾ ਤੇ ਆਏ ਅਡਵਾਨੀ ਨੇ ਜਦ ਗੁਰੂ ਕੇ ਦਰਬਾਰ ਜਾਣਾਂ ਚਾਹਿਆ ਅਤੇ ਗਏ ਉਸ ਸਮੇਂ ਸਿਮਰਨਜੀਤ ਮਾਨ ਨੇ ਵਿਰੋਧ ਕਰਕੇ ਇੱਕ ਗਲਤ ਸੁਰੂਆਤ ਕੀਤੀ ਸੀ । ਨਵੇਂ ਸਾਲ ਤੇ ਪਰਧਾਨ ਮੰਤਰੀ ਦੀ ਯਾਤਰਾ ਸਮੇਂ ਦੂਜੀ ਧਿਰ ਨੇ ਇਸ ਦਾ ਠੋਕਵਾਂ ਜਵਾਬ ਦੇਕੇ ਇੱਕ ਹੋਰ ਗਲਤੀ ਕਰ ਦਿੱਤੀ। ਕੀ ਇਹ ਵਰਤਾਰਾ ਹੁਣ ਨਿੱਤ ਦਿਨ ਦਾ ਅਖਾੜਾ ਤਾਂ ਨਹੀਂ ਬਣ ਜਾਵੇਗਾ? ਭਾਵੇਂ ਇਸ ਦੀ ਸੁਰੂਆਤ ਪਿਛਲੇ ਸਮਿਆਂ ਵਿੱਚ ਬਹੁਤ ਸਾਰੇ ਨੇਤਾਵਾਂ ਨੇ ਅਕਾਲ ਤਖਤ ਤੇ ਪੇਸੀਆਂ ਦੌਰਾਨ ਆਪਣੇ ਨਾਲ ਵੱਡੇ ਇਕੱਠ ਲਿਜਾਕੇ ਇਸ ਦੀ ਸੁਰੂਆਤ ਕੀਤੀ ਸੀ ।  ਮੁਜਾਹਰੇ ਕਰਨ ਦੀ  ਇਸ ਗਲਤ ਸੁਰੂਆਤ ਦੀ ਉਹ ਨੀਂਹ ਸੀ। ਇਸ ਰਵਾਇਤ ਨੂੰ ਹਰ ਹਾਲਤ ਵਿੱਚ ਰੋਕਿਆ ਜਾਣਾਂ ਚਾਹੀਦਾ ਹੈ। ਅਕਾਲ ਤਖਤ ਦੇ ਜਥੇਦਾਰ ਨੂੰ ਘੱਟੋ ਘੱਟ ਸਿੱਖਾਂ ਨੂੰ ਹੁਕਮਨਾਮਾ ਜਾਰੀ ਕਰਨਾਂ ਚਾਹੀਦਾ ਹੈ ਕਿ ਇਹ ਪਾਕਿ ਪਵਿੱਤਰ ਜਗਾ ਆਤਮਿਕ ਸਾਂਤੀ ਲਈ ਹੈ ਨਾਂ ਕਿ ਰਾਜਨੀਤਕ ਮੁਜਾਹਰਿਆਂ ਦੀ ਕੋਈ ਥਾਂ। ਇੱਥੇ  ਹਰ ਕੋਈ ਆ ਸਕਦਾ ਹੈ। ਇਸਦੇ ਚਾਰ ਦਰਵਾਜੇ ਦੁਸਮਣਾਂ ਲਈ ਵੀ ਖੁੱਲੇ ਹਨ। ਇੱਥੇ ਹਰ ਇੱਕ ਨੂੰ ਆਉਣ ਦੀ ਖੁੱਲ ਹੈ ਪਰ ਦਰਬਾਰ ਸਾਹਿਬ ਦੀ ਸਾਂਤੀ ਭੰਗ ਕਰਨ ਵਾਲਿਆਂ ਦਾ ਹਸਰ ਕਦੀ ਵੀ ਚੰਗਾਂ ਨਹੀਂ ਰਿਹਾ । ਕੋਈ ਵੀ ਵਿਅਕਤੀ ਕਿਸੇ ਵੀ ਭਾਵਨਾ ਨਾਲ ਆਵੇ ਇਹ ਉਸਦੀ ਮਰਜੀ ਤੇ ਨਿਰਭਰ ਹੈ ਕਿ ਉਹ ਕੀ ਭਾਵਨਾਵਾਂ ਲੈ ਕੇ ਆਉਂਦਾਂ ਹੈ ਪਰ ਜਦ ਕਿਸੇ ਵੀ ਮਨੁੱਖ ਦੀਆਂ ਭਾਵਨਾਵਾਂ ਦਾ ਨਤੀਜਾ ਆਵੇਗਾ ਪਤਾ ਤਦ ਹੀ ਲੱਗੇਗਾ।
                   ਜਿਸ ਤਰਾਂ ਦਰਬਾਰ ਸਾਹਿਬ ਦੀ ਹੱਦ ਅੰਦਰ ਰਾਜਨੀਤਕਾਂ ਨੇ ਤਨਖਾਹਦਾਰ ਮੁਲਾਜਮਾਂ ਨੂੰ ਧਾਰਮਿੱਕ ਆਗੂ ਬਣਾਕਿ ਬਿਠਾਉਣਾਂ ਸੁਰੂ ਕੀਤਾ ਹੈ ਉਸਦੇ ਨਤੀਜੇ ਨਿੱਕਲਣੇ ਸੁਰੂ ਹੋ ਗਏ ਹਨ।ਪਿਛਲੇ ਸਮੇਂ ਤੋਂ  ਅਕਾਲੀ ਦਲ ਦੇ ਰਾਜਨੀਤਕ ਵਿਰੋਧੀਆਂ ਨੂੰ ਆਪਣੇ ਬਣਾਏ ਧਾਰਮਿਕ ਆਗੂਆਂ ਤੋਂ ਸਜਾ ਦਿਵਾਉਣ ਦਾ ਸਿਲਸਿਲਾ ਸੁਰੂ ਕੀਤਾ ਗਿਆ  ਜਿਸ ਕਾਰਨ ਨਵੇਂ ਮਸਲੇ ਪੈਦਾ ਹੋ ਰਹੇ ਹਨ। ਇਹਨਾਂ ਧਾਰਮਿੱਕ ਆਗੂਆਂ ਉੱਪਰ ਭ੍ਰਿਸਟਾਚਾਰ  ਕਰਨ ਤੱਕ ਦੇ ਵੀ ਦੋਸ਼ ਲੱਗੇ ਹਨ। ਜੇ ਇਸ ਤਰਾਂ ਹੀ ਚੱਲਦਾ ਰਿਹਾ ਤਾਂ ਇਸ ਦੇ ਕਾਰਨ  ਇਸ ਮਹਾਨ ਸਥਾਨ ਦੀ ਮਹਾਨਤਾ ਨੂੰ ਖੋਰਾ ਜਰੂਰ ਲੱਗੇਗਾ ਅਤੇ ਲੱਗ ਵੀ ਰਿਹਾ ਹੈ।ਅਕਾਲ ਤਖਤ ਦੇ ਪਿਛਲੇ ਸਮੇਂ ਦੇ ਜਥੇਦਾਰ ਪੂਰਨ ਸਿੰਘ ਅਤੇ ਜੋਗਿੰਦਰ ਸਿੰਘ ਵੇਦਾਤੀਂ ਨੇ ਬਹੁਤ ਸਾਰੇ ਹੁਕਮ ਨਾਮੇ ਇਹੋ ਜਿਹੇ ਜਾਰੀ ਕੀਤੇ ਜੋ ਕੌਮੀ ਭਾਵਨਾਵਾਂ ਦੇ ਉਲਟ ਨਿੱਜੀ ਰੰਜਿਸ਼ਾਂ ਦੀ ਪੂਰਤੀ ਮਾਤਰ ਸਨ। ਅਕਾਲ ਤਖਤ ਦੀਆਂ ਪਰੰਪਰਾਵਾਂ ਇਸ ਤਰਾਂ ਦੇ ਫੈਸਲਿਆਂ ਨੂੰ ਮਾਨਤਾ ਹੀ ਨਹੀਂ ਦਿੰਦੀਆਂ। ਆਪਣੀ ਗੱਦੀ ਖੁਸਦੀ ਦੇਖਕੇ ਸਾਰੇ ਵਿਰੋਧੀਆਂ ਨੂੰ ਜਦ ਪੂਰਨ ਸਿੰਘ ਨੇ ਕੱਢਣਾਂ ਸੁਰੂ ਕੀਤਾ ਤਦ ਇਹ ਲਾਈਨ ਬਾਂਦਰ ਦੀ ਪੂਛ ਵਾਂਗ ਵੱਧਣ ਲੱਗੀ। ਇਸ ਦੀ ਲਪੇਟ ਵਿੱਚ ਸਰੋਮਣੀ ਕਮੇਟੀ ਦੀ ਪਰਧਾਨ ਵੀ ਆ ਗਈ ਤਦ ਹੀ ਇਸ ਜਥੇਦਾਰ ਦਾ ਬੋਰੀਆਂ ਬਿਸਤਰਾ ਗੋਲ ਕਰ ਦਿੱਤਾ ਗਿਆ। ਫਿਰ ਆਏ ਵੇਦਾਂਤੀ ਸਾਹਿਬ ਨੇ ਵੀ ਕਿੰਨੇ ਹੀ ਅਜਿਹੇ ਫੈਸਲੇ ਕੀਤੇ ਜੋ ਵਿਵਾਦ ਗਰਸਤ ਰਹੇ। ਸਰਕਾਰੀ  ਅਦਾਲਤ ਵੱਲੋਂ ਦੋਸੀ ਗਰਦਾਨਿਆ ਬਲਾਤਕਾਰੀ ਮਨੁੱਖ ਨੂੰ ਵੇਦਾਂਤੀ ਦੀ ਅਦਾਲਤ ਨੇ ਬਰੀ ਕਰ ਦਿੱਤਾ ਸੀ। ਬਾਦਲ ਅਕਾਲੀ ਦਲ ਦੇ ਵਿਰੋਧੀ ਸੰਪਾਦਕ ਨੂੰ ਵੀ ਬਿਨਾਂ ਕਿਸੇ ਧਾਰਮਿੱਕ ਕਾਰਨ ਦੇ ਸਿੱਖੀ ਘੇਰੇ ਤੋਂ ਬਾਹਰ ਕਰਨ ਦਾ ਫੈਸਲਾ ਵੀ ਇੱਕ ਗਲਤ ਫੈਸਲਾ ਸੀ ਜੋ ਅੱਜ ਤੱਕ ਲਾਗੂ ਹੈ ਪਰ ਇਸ ਹੁਕਮਨਾਮੇ ਦੀਆਂ ਧੱਜੀਆਂ ਵੀ ਅੱਜ ਤੱਕ ਉੱਡ ਰਹੀਆਂ ਹਨ ਕਿਉਂਕਿ ਅਕਾਲੀ ਦਲ ਦੇ ਮੁੱਖੀ ਤੋਂ ਲੈਕੇ ਸਰੋਮਣੀ ਕਮੇਟੀ ਦੇ ਮੈਂਬਰ ਉਸ ਸੰਪਾਦਕ ਨਾਲ ਰੋਟੀ ਦੀ ਸਾਂਝ ਪਾਲ ਰਹੇ ਹਨ। ਅਕਾਲ ਤਖਤ ਦੇ ਜਥੇਦਾਰ ਉਹਨਾਂ ਪਰਧਾਨਾਂ ਅਤੇ ਸਿਆਸਤਦਾਨਾਂ ਦੀ ਹਵਾ ਵੱਲ ਵੀ ਝਾਕ ਨਹੀਂ ਸਕਦੇ।ਇਸ ਤਰਾਂ ਦੀਆਂ ਹਾਸੋਹੀਣੀਆਂ ਸਥਿਤੀਆਂ ਪੈਦਾ ਕਰਨ ਵਾਲੇ ਜਥੇਦਾਰ ਹੀ ਅੱਜ ਕਲ ਦਰਬਾਰ ਸਾਹਿਬ ਨੂੰ ਸਿਆਸੀ ਮੁਜਾਹਰੇ ਕਰਨ ਦੀ ਥਾਂ ਬਣਾਉਣ ਲਈ ਜੁੰਮੇਵਾਰ ਹਨ।ਇਹਨਾਂ ਮਹਾਨ ਅਸਥਾਨਾਂ ਉੱਪਰ ਸੇਵਾ ਨਿਭਾਉਣ ਵਾਲੇ ਸਤਿਕਾਰਯੋਗ ਸੇਵਾਦਾਰਾਂ ਨੂੰ ਆਪਣਾਂ ਵਿਵਹਾਰ ਵੀ  ਉੱਚ ਦਰਜੇ ਦਾ ਨਿਰਪੱਖ ਅਤੇ ਗੁਰੂ ਸਿਧਾਤਾਂ ਅਨੁਸਾਰ ਰੱਖਣਾਂ ਚਾਹੀਦਾ ਹੈ।
                   ਅਕਾਲੀਦਲ ਵੱਲੋਂ ਜਿੰਨਾਂ ਚਿਰ ਆਪਣੇ ਦਖਲ ਨੂੰ ਗੁਰਦੁਆਰਾ ਪਰਬੰਧ ਤੋਂ ਦੂਰ ਨਹੀਂੰ ਕੀਤਾ ਜਾਵੇਗਾ ਤਦ ਤੱਕ ਇਹ ਆਸ ਕੀਤੀ ਹੀ ਨਹੀਂ ਜਾ ਸਕਦੀ ਕਿ ਗੁਰਦੁਆਰਿਆਂ ਅੰਦਰ ਇਹੋ ਜਿਹਾ ਕੁੱਝ ਨਹੀਂ ਵਾਪਰੇਗਾ। ਜੇ ਅਕਾਲੀ ਦਲ ਆਪਣੇ ਆਪ ਨੂੰ ਦੋਨਾਂ ਬੇੜੀਆਂ ਦਾ ਸਾਹ ਸਵਾਰ ਹੋਣ ਦਾ ਭੁਲੇਖਾ  ਰੱਖਦਾ ਹੈ ਤਦ ਇਹ ਵੀ ਨਿਸਚਿਤ ਸਮੇਂ ਵਿੱਚ ਹੀ ਦੂਰ ਹੋ ਜਾਵੇਗਾ ਕਿਉਂਕਿ  ਆਮ ਲੋਕ ਸਮਝਦੇ ਸਭ ਕੁੱਝ ਹਨ ਪਰ ਆਪਣਾਂ ਫੈਸਲਾ ਸਹੀ ਸਮੇਂ ਤੇ ਹੀ ਦਿੰਦੇ ਹਨ। ਜਿਸ ਤਰਾਂ ਅੱਜ ਲੋਕਾਂ ਨੂੰ ਚੰਗੀ ਤਰਾਂ ਪਤਾ ਲੱਗ ਚੁੱਕਾ ਹੈ ਕਿ ਅਕਾਲੀ ਦਲ ਗੁਰੂ ਕੀ ਸਿੱਖ ਸੋਚ ਅਤੇ ਗੁਰੂ ਕੀ ਬਾਣੀ ਅਤੇ ਬਾਣੇ ਨੂੰ ਖਤਮ ਕਰਵਾਉਣ ਦਾ ਸਭ ਤੋਂ ਵੱਧ ਜੁੰਮੇਵਾਰ ਹੈ।ਅਕਾਲੀ ਦਲ  ਜਿਸ ਤਰਾਂ ਸਿਆਸਤ  ਅਤੇ ਰਾਜਸੱਤਾ ਦੇ ਜੋਰ ਆਪਣੇ ਪੱਖੀ ਲੋਕਾਂ ਦੀਆਂ ਵੋਟਾਂ ਬਣਾਕਿ ਗੁਰਦੁਆਰਾ ਪਰਬੰਧ ਤੇ ਕਾਬਜ ਹੁੰਦਾਂ ਹੈ ਇਹ ਸਿਰਫ ਦਿੱਲੀ ਦੀ ਰਾਜਸੱਤਾ ਦੁਆਰਾ ਵਰਤੀ ਜਾ ਰਹੀ ਗੁਪਤ ਚਾਲ ਦਾ ਨਤੀਜਾ ਹੈ ਪਰ ਜਿਸ ਦਿਨ ਦਿੱਲੀ ਨੇ ਇਹ ਚਾਲ ਬੰਦ ਕਰ ਦਿੱਤੀ ਤਦ ਕਿਸੇ ਹੋਰ ਦੀ ਸਰਕਾਰ ਸਮੇਂ ਇਹੋ ਤਰੀਕਾ ਵਰਤਕੇ ਦਿੱਲੀ ਸਰਕਾਰ ਦੇ ਪੱਖੀ ਕੋਈ ਧੜਾ ਜਿਤਾਕੇ ਇਹ ਨਤੀਜਾ ਉਲਟਾ ਦਿੱਤਾ ਜਾਵੇਗਾ । ਰਾਜਨੀਤਕ ਲੋਕ ਕਦੇ ਵੀ ਧਾਰਮਿੱਕ ਸਥਾਂਨਾਂ ਦੀ ਦੁਰਵਰਤੋ ਬੰਦ ਨਹੀਂ ਕਰਨਗੇ। ਕਿਸੇ ਨਾਂ ਕਿਸੇ ਸੱਚੇ ਸਿੱਖ ਨੂੰ ਇਸ ਇਨਕਲਾਬ ਦਾ ਬੀੜਾ ਚੁੱਕਣਾਂ ਹੀ ਪਵੇਗਾ ਜੋ ਸਿੱਖਾਂ ਦੇ ਧਾਰਮਿਕ ਸਥਾਨਾਂ ਨੂੰ ਲੋਕਾਂ ਦੇ ਸਹਿਯੋਗ ਨਾਲ ਜਮਹੂਰੀ ਤਰੀਕੇ ਰਾਂਹੀ ਗੁਰਦੁਆਰਾ ਪਰਬੰਧ ਨੂੰ ਰਾਜਨੀਤਕਾਂ ਤੋਂ ਅਜਾਦ ਕਰਾਵੇ । ਸੋ ਤਦ ਤੱਕ ਗੁਰੂ ਘਰਾਂ ਦੀ ਜਾਂ ਧਾਰਮਿਕ ਸਥਾਨਾਂ ਦੀ ਇਹੋ ਜਿਹੇ ਰਾਜਨੀਤਕ ਸਹਿ ਪਰਾਪਤ ਅਨਸਰਾਂ ਦੁਆਰਾ ਧਾਰਮਿਕ ਸਥਾਨਾਂ ਦੀ  ਸਾਂਤੀਂ ਭੰਗ ਹੁੰਦੀ ਹੀ ਰਹੇਗੀ ।                 +919417727245