Saturday 26 November 2016

2017 ਚੋਣਾਂ ਦੌਰਾਨ ਕਿਸ ਜਾਲ ਵਿੱਚ ਜਾਊ ਪੰਜਾਬੀ ਵੋਟਰ

                              2017 ਚੋਣਾਂ ਦੌਰਾਨ ਕਿਸ ਜਾਲ ਵਿੱਚ ਜਾਊ ਪੰਜਾਬੀ ਵੋਟਰ
                ਪੰਜਾਂ ਸਾਲਾਂ ਲਈ ਸਰਕਾਰ ਚੁਣਨ ਦੀ ਖੇਡ ਹੁਣ ਕੋਈ ਲੁਕੀ ਛਿਪੀ ਗਲ ਨਹੀਂ ਰਹੀ ਕਿ ਇਹ ਸਿਰਫ ਰਾਜਸੱਤਾ ਤੇ ਕਬਜਾ ਕਰਕੇ ਲੋਕ ਗੁਲਾਮ ਕਰਨ ਦੀ ਸਿਆਸਤ ਹੈ ਕਹਿਣ ਨੂੰ ਭਾਵੇਂ ਇਹ ਲੋਕ ਸੇਵਕ ਚੁਣਕੇ ਲੋਕਾਂ ਦੁਆਰਾ ਲੋਕਾਂ ਲਈ ਸਰਕਾਰ ਹੈ। ਵਰਤਮਾਨ ਸਮੇਂ ਵਿੱਚ ਲੋਕ ਸੇਵਾ ਦੀ ਥਾਂ ਨਿੱਜ ਪ੍ਰਸਤ ਕਾਰੋਬਾਰੀ ਲੋਕਾਂ ਨੇ ਆਪਣੇ ਹਿੱਤ ਸਾਧਣ ਵਾਸਤੇ ਰਾਜ ਸੱਤਾ ਮੱਲਣ ਦਾ ਸੌਰਟ ਕੱਟ ਰਸਤਾ ਚੁਣਿਆ ਹੋਇਆ ਹੈ। ਵਪਾਰਕ ਬੁੱਧੀ ਦੇ ਸਮਾਜ ਵਿੱਚ ਕੁੱਝ ਵਪਾਰੀ ਲੋਕ ਆਪਣਾਂ ਤਜਰਬਾ ਜਾਂ ਪੈਸਾ ਇੰਨਵੈਸਟ ਕਰਕੇ ਉਸਦੇ ਇਵਜ ਵਿੱਚ ਹੋਰ ਕਈ ਗੁਣਾਂ ਲਾਭ ਖੱਟਣਾਂ ਹੀ ਲੋੜਦੇ ਹਨ। ਵੱਡੇ ਵਪਾਰੀ ਵੱਡੇ ਰਾਜਨੀਤਕ ਛੋਟੇ ਵਪਾਰੀਆਂ ਨੂੰ ਸਬਜਬਾਗ ਦਿਖਾਕਿ ਜਾਂ ਮਜਬੂਰ ਕਰਕੇ ਇਸ ਖੇਡ ਵਿੱਚ ਸਾਮਲ ਕਰਦੇ ਹਨ ਅਤੇ ਵੱਡੀਆਂ ਹਾਨੀਆਂ ਦੀ ਧਮਕੀਆਂ ਦੇਕੇ ਛੋਟੇ ਲਾਭ ਲੈ ਲੈਣ ਦਾ ਲਾਲਚ ਦੇਕੇ ਵੀ ਆਪੋ ਆਪਣੇ ਹਿੱਤਾਂ ਦੀ ਪੂਰਤੀ ਦੀ ਖੇਡ ਖੇਡਣ ਦੀ ਨੀਤੀ ਤੇ ਚਲਦੇ ਹਨ। ਸਮਾਜ ਸੇਵਾ ਜਾਂ ਲੋਕ ਹਿੱਤ ਦੇ ਸਿਰਫ ਡਰਾਮੇ ਹੁੰਦੇ ਹਨ ਜਦੋਂਕਿ  ਨਤੀਜਾ ਕੁਨਬਾ ਪ੍ਰਸਤੀ ਅਤੇ ਮਿੱਤਰ ਮੰਡਲੀ ਦੀ ਬੱਲੇ ਬੱਲੇ ਹੀ ਹੁੰਦਾਂ ਹੈ। ਭਰਿਸਟ ਰਾਜਸੱਤਾ ਨੇ ਲੋਕਾਂ ਨੂੰ ਵੀ ਭਰਿਸਟ ਕਰਨ ਵਿੱਚ ਕੋਈ ਕਸ਼ਰ ਨਹੀਂ ਛੱਡੀ ਹੈ। ਕਿਰਤਾਂ ਅਤੇ ਧਰਮਾਂ ਦੀਆਂ ਪੌੜੀਆਂ ਚੜਨ ਵਾਲਾ ਆਮ ਮਨੁੱਖ ਹੱਡਾਂ ਰੋੜੀ ਦੇ ਮਰੇ ਜਾਨਵਰ ਉਡੀਕਣ ਵਾਲੇ ਜਾਨਵਰਾਂ ਵਰਗਾ ਹੋਕੇ ਰਾਜਨੀਤਕਾਂ ਦੇ ਮੂੰਹਾਂ ਵਿੱਚੋਂ ਕੁੱਝ ਰਿਆਇਤਾਂ ਦੇ ਉੱਠ ਵਾਲੇ ਬੁੱਲ ਡਿੱਗਣਦੇ ਲਾਲਚ ਵਿੱਚ ਫਸ ਗਿਆ ਹੈ ਜਾਂ ਫਸਾ ਦਿੱਤਾ ਗਿਆ ਹੈ। ਇਸ ਆਸ ਵਿੱਚ ਹੀ ਉਹ ਪੰਜ ਸਾਲ ਬਤੀਤ ਕਰ ਲੈਂਦਾਂ ਹੈ। ਇਹ ਉੱਠ ਦਾ ਲਮਕਦਾ ਬੁੱਲ ਕਦੇ ਵੀ ਨਹੀਂ ਡਿੱਗਦਾ ਅਤੇ ਅਗਲੀ ਵਾਰ ਕਿਸੇ ਹੋਰ ਇਹੋ ਜਿਹੇ ਉੱਠ ਦੇ ਬੁੱਲ ਡਿਗਾਉਣ ਦੇ ਨਵੇਂ ਵਾਅਦਿਆਂ ਵਾਲੇ ਠੱਗ ਦੇ ਹੱਥ ਚੜ ਜਾਣਾਂ ਇਸ ਮਨੁੱਖ ਦੀ ਹੋਣੀ ਬਣ ਚੁੱਕਿਆ ਹੈ।
                              ਵਰਤਮਾਨ ਸਮੇਂ ਪੰਜਾਬ ਵਿੱਚ ਤਿੰਨ ਧਿਰਾਂ ਦੇ ਸਿਕਾਰੀਆਂ ਨੇ ਪੰਜਾਬੀ ਵੋਟਰ ਨੂੰ ਸਿਕਾਰ ਕਰਨ ਲਈ ਜਾਲ ਵਿਛਾ ਲਏ ਹਨ। ਇਹਨਾਂ ਵਿੱਚ ਦੋ ਸਿਕਾਰੀ ਧਿਰਾਂ ਤਾਂ ਬੜੀਆਂ ਪੁਰਾਣੀਆਂ ਹਨ ਪਰ ਤੀਜੀ ਧਿਰ ਇਹਨਾਂ ਤੋਂ ਵੀ ਵੱਧ ਚਲਾਕ ਹੈ ਜੋ ਨਵੇਂ ਜਮਾਨਿਆਂ ਦੀ ਤਕਨੀਕ ਲੈਕੇ ਆਈ ਹੈ। ਇਸ ਨਵੀਆਂ ਤਕਨੀਕਾਂ ਦੇ ਲੇਜਰ ਸੋਆਂ ਵਿੱਚੋਂ ਨਿਕਲਦੀ ਲੋਕ ਸੇਵਾ ਨੇ ਵੀ ਨੌਜਵਾਨੀ ਦੀਆਂ ਅੰਨੀਆਂ ਅੱਖਾਂ ਨੂੰ ਹੋਰ ਵੀ ਚਕਾ ਚੌਂਧ ਕੀਤਾ ਹੋਇਆਂ ਹੈ। ਪੁਰਾਤਨ ਧਿਰਾਂ ਅਕਾਲੀ ਕਾਂਗਰਸ਼ ਹਨ ਜਿੰਹਨਾਂ ਦੀਆਂ ਜੜਾਂ ਸਿਆਣੀ ਉਮਰ ਦੇ ਲੋਕਾਂ ਵਿੱਚ ਹਨ ਜੋ ਆਪੋ ਆਪਣੇ ਘਰਾਂ ਤੇ ਕਾਬਜ ਹਨ ਅਤੇ ਪਰੀਵਾਰਾਂ ਦੇ ਬਹੁਤੇ ਵਿਅਕਤੀ ਉਹਨਾਂ ਦੇ ਹੁਕਮ ਅਧੀਨ ਵਿਚਰਦੇ ਹਨ । ਤੀਜੀ ਧਿਰ ਜਿਸਦਾ ਲੋਕ ਸੇਵਾ ਦਾ ਕੋਈ ਇਤਿਹਾਸ਼ ਨਹੀ ਸਿਰਫ ਨਵੀਂ ਤਕਨੀਕ ਸੋਸਲ ਮੀਡੀਆਂ ਦਾ ਡਰਾਮਾ ਅਧਾਰਤ ਵਿਕਾਸ ਮਾਡਲ ਹੈ ਨਾਲ ਨੌਜਵਾਨੀ ਦਾ ਇੱਕ ਹਿੱਸਾ ਜੁੜਿਆ ਹੋਇਆ ਹੈ ਜਿਸ ਦੇ ਅਧਾਰ ਤੇ ਇਹ ਧਿਰ ਵੀ ਪਿਛਲੇ ਸਾਲਾਂ ਵਿੱਚ ਪੰਜਾਬ ਅਤੇ ਦਿੱਲੀ ਵਿੱਚ ਸਬੱਬੀ ਪੈਰ ਥੱਲੇ ਬਟੇਰਾ ਆ ਜਾਣ ਕਰਕੇ ਸਿਕਾਰੀ ਹੋਣ ਦਾ ਦਮ ਭਰ ਰਹੀ ਹੈ। ਵਰਤਮਾਨ ਰਾਜ ਕਰ ਰਹੀ ਧਿਰ ਕੋਲ ਆਪਣਾਂ ਇੱਕ ਢਾਚਾਂ ਹੈ ਵਰਕਰਾਂ ਦਾ ਸਮੂਹ  ਜਿਸਦੇ ਆਸਰੇ ਉਹ ਇੱਕ ਨਿਸਚਿਤ 25%ਵੋਟ ਬੈਂਕ ਰੱਖਦੀ ਹੈ ਬਾਕੀ ਦਸ ਤੋਂ ਪੰਦਰਾਂ ਪਰਸੈਂਟ ਵੋਟ ਮੌਕੇ ਦੀਆਂ ਤਿਕੜਮਾਂ ਨਾਲ ਜੋੜਨ ਦੇ ਉਪਰਾਲੇ ਦੀਆਂ ਉਸਦੀਆਂ ਨੀਤੀਆਂ ਗੁਪਤ ਹਨ ਅਤੇ ਜੋ ਸਮਾਂ ਆਉਣ ਤੇ ਹੀ ਪਤਾ ਲੱਗਣਗੀਆਂ। ਦੂਜੀ ਧਿਰ ਕਾਂਗਰਸ ਕੋਲ ਭਾਵੇਂ ਵੋਟ ਬੈਂਕ ਦਾ ਕੋਈ ਸਥਾਈ ਅੰਕੜਾਂ ਨਹੀਂ ਮੰਨਿਆ ਜਾ ਸਕਦਾ ਪਰ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਸਾਖ ਹੈ ਜੋ ਪੰਜਾਬ ਦੇ ਵੱਡੀ ਗਿਣਤੀ ਵੋਟਰਾਂ ਦੇ ਵਿੱਚ ਹੈ। ਕਾਂਗਰਸ ਦੇ ਸਥਾਈ ਵਰਕਰ ਅਤੇ ਆਗੂ ਕੈਪਟਨ ਦੀ ਤਾਕਤ ਨੂੰ ਦੁਗਣਾਂ ਕਰ ਦਿੰਦੇ ਹਨ।
                         ਰਾਜਸਾਹੀ ਦੇ ਅਧੀਨ ਇੱਕ ਵਿਅਕਤੀ ਦੇ ਰਾਜ ਵਿੱਚ ਹਜਾਰਾਂ ਸਾਲ ਵਿਚਰਨ ਵਾਲੇ ਪੰਜਾਬੀਆਂ ਦੀ ਮਾਨਸਿਕਤਾ ਅੱਜ ਵੀ ਪਾਰਟੀਆਂ ਦੀ ਥਾਂ ਵਿਅਕਤੀਆਂ ਵਿੱਚ ਹੈ। ਬਾਦਲ ਪਰੀਵਾਰ ਅਤੇ ਕੈਪਟਨ ਅਮਰਿੰਦਰ ਦੋ ਬਦਲ ਪੰਜਾਬੀ ਵੋਟਰਾਂ ਕੋਲ ਹਨ ਪਰ ਤੀਜੀ ਧਿਰ ਆਪ ਮਜਬੂਤ ਹੋਣ ਦੇ ਬਾਵਜੂਦ ਆਗੂ ਵਿਹੂਣੀ ਹੈ। ਇਸਦੇ ਆਗੂ ਵਿਹੂਣੀ ਹੋਣ ਦਾ ਨੁਕਸਾਨ ਇਸਨੂੰ ਖੋਰਾ ਲਾ ਰਿਹਾ ਹੈ। ਪੰਜਾਬੀ ਫਿਤਰਤ ਤੋਂ ਅਣਜਾਣ ਕੇਜਰੀਵਾਲ ਭਾਰੀ ਗਲਤੀ ਕਰ ਰਿਹਾ ਹੈ। ਇਸ ਪਾਰਟੀ ਦੇ ਵਿੱਚ ਵੱਡੇ ਆਗੂ ਇੱਕੋ ਜਿਹੇ ਪੱਧਰ ਦੇ ਹੋਣ ਕਾਰਨ ਇੱਕ ਦੂਸਰੇ ਨੂੰ ਠਿੱਬੀ ਲਾਉਣ ਦੇ ਚੱਕਰਾਂ ਵਿੱਚ ਕੇਜਰੀਵਾਲ ਨੂੰ ਫੂਕ ਛਕਾਕੇ ਗੁੰਮਰਾਹ ਕਰ ਰਹੇ ਹਨ। ਆਗੂ ਵਿਹੂਣੀ ਪਾਰਟੀ ਵਿੱਚ ਬਹੁਤੇ ਜਰਨੈਲ ਆਪਣਾਂ ਅਤੇ ਪਾਰਟੀ ਦਾ ਨੁਕਸਾਨ ਹੀ ਕਰ ਰਹੇ ਹਨ। ਵਿਧਾਨ ਸਭਾ ਦੀਆਂ ਚੋਣਾਂ ਲੋਕ ਸਭਾ ਚੋਣਾਂ ਨਾਲੋ ਪਾਰਟੀ ਬਾਜੀ ਦੀ ਥਾਂ ਵਿਅਕਤੀ ਗਤ ਪੱਧਰ ਤੇ ਲੜੀਆਂ ਜਾਂਦੀਆਂ ਹਨ ਜਿਸ ਵਿੱਚ ਹਰ ਪਾਰਟੀ ਦਾ ਚੋਣ ਲੜਨ ਵਾਲਾ ਆਗੂ ਲੋਕਾਂ ਨਾਲ ਸਿੱਧਾ ਜੁੜਿਆ ਹੁੰਦਾਂ ਹੈ। ਨਵੀਂ ਪਾਰਟੀ ਹਮੇਸ਼ਾਂ ਆਪਣੇ ਆਪ ਨੂੰ ਲੋਕ ਹਿੱਤਾਂ ਦੀ ਪਹਿਰੇਦਾਰ ਦਿਖਾਈ ਦੇਕੇ ਹੀ ਚੋਣ ਜਿੱਤ ਸਕਦੀ ਹੁੰਦੀ ਹੈ। ਨਵੀਂ ਪਾਰਟੀ ਤਿਕੜਮਬਾਜ ਦੀ ਥਾਂ ਲੋਕ ਰੋਹ ਅਤੇ ਲੋਕ ਪਿਆਰ ਸਤਿਕਾਰ ਦੀ ਪਾਤਰ ਬਣੀ ਰਹਿਣੀ ਜਰੂਰੀ ਹੁੰਦੀ ਹੈ ਜੋ ਕਿ ਆਪ ਪਾਰਟੀ ਲਈ ਵੀ ਜਰੂਰੀ ਹੈ। ਲੋਕ ਪਿਆਰ ਅਤੇ ਸਤਿਕਾਰ ਸਿਧਾਂਤ ਅਤੇ ਅਸੂਲ ਦਿਖਾਈ ਦੇਣ ਤੇ ਹੀ ਬਣਦਾ ਹੈ।
                           ਚੋਣਾਂ ਦਾ ਅੰਤਿਮ ਸਮਾਂ ਦੋ ਧਿਰਾਂ ਵਿੱਚ ਹੀ ਹੋਣਾਂ ਹੁੰਦਾਂ ਹੈ। ਜਿਹੜੀ ਧਿਰ ਰਾਜ ਕਰਦੀ ਪਾਰਟੀ ਨੂੰ ਟੱਕਰ ਦੇਣ ਵਿੱਚ ਪਛੜਨ ਲੱਗ ਪਵੇ ਆਮ ਲੋਕ ਉਸ ਤੋਂ ਕਿਨਾਰਾ ਕਰ ਜਾਂਦੇ ਹਨ। ਅੰਤਲੇ ਦਿਨ ਤੱਕ ਹਰ ਧਿਰ ਦਾ ਜੇਤੂ ਅੰਦਾਜ ਵੀ ਬਣਿਆ ਰਹਿਣਾਂ ਚਾਹੀਦਾ ਹੈ। ਜਿਸ ਧਿਰ ਕੋਲ ਜੇਤੂ ਅੰਦਾਜ ਨਾਂ ਹੋਵੇ ਲੋਕ ਉਸ ਤੋਂ ਕਿਨਾਰਾ ਕਰਨਾਂ ਹੀ ਬੇਹਤਰ ਸਮਝਦੇ ਹਨ। ਕੀ 2017 ਤੱਕ ਤਿੰਨੇ ਧਿਰਾਂ ਜੇਤੂ ਅੰਦਾਜ ਬਣਾਈ ਰੱਖਣਗੀਆਂ ? ਜਿਸ ਧਿਰ ਕੋਲ ਜੇਤੂ ਅੰਦਾਜ ਲੋਕਾਂ ਨੂੰ ਦਿਖਾਈ ਨਾਂ ਦਿੱਤਾ ਉਸਦੀ ਹਾਲਤ ਸੋਚਣ ਤੋਂ ਵੀ ਜਿਆਦਾ ਮੰਦੀ ਹੋਣੀ ਲਾਜਮੀ ਹੈ। ਸੋ ਵਰਤਮਾਨ ਸਮੇਂ ਤਿੰਨੇ ਧਿਰਾਂ ਕੋਲ ਭਾਵੇਂ ਲੋਕ ਪੱਖੀ ਏਜੰਡਾਂ ਨਹੀਂ ਹੈ ਪਰ ਚੋਣ ਦਾ ਹੋਰ ਕੋਈ ਬਦਲ ਨਾਂ ਹੋਣ ਕਾਰਨ ਇੰਹਨਾ ਦੇ ਜਾਲ ਹੀ ਲੋਕਾਂ ਨੂੰ ਘੇਰ ਰਹੇ ਹਨ। ਆਉਣ ਵਾਲ ਵਕਤ ਦੱਸੇਗਾ ਕਿ ਲੋਕ ਹਿੱਤਾਂ ਤੋਂ ਕੋਹਾਂ ਦੂਰ ਤਿੰਨਾਂ ਧਿਰਾਂ ਦੇ ਕਿਸਦੇ ਜਾਲ ਵਿੱਚ ਲੋਕ ਫਸਣ ਦਾ ਫੈਸਲਾ ਕਰਨਗੇ। ਇਹ ਪੰਜਾਬ ਦੀ ਬਦਕਿਸਮਤੀ ਹੈ ਅਤੇ ਰਾਜਨੀਤਕਾਂ ਦੀ ਸਫਲਤਾ ਵੀ ਹੈ ਕਿ ਲੋਕ ਹਿੱਤਾਂ ਦੇ ਮੁੱਦੇ ਚੋਣ ਏਜੰਡੇ ਦੇ ਮੁੱਦੇ ਹੀ ਨਹੀਂ ਬਣ ਸਕੇ। ਸੋ ਆਉਣ ਵਾਲੇ ਪੰਜ ਸਾਲ ਵੀ ਪੰਜਾਬੀਆਂ ਦੇ ਪਹਿਲਾਂ ਵਾਲੇ ਰੁਝਾਨ ਵਿੱਚ ਹੀ ਵਿਚਰਨ ਦੇ ਹਾਲਾਤ ਬਣੇ ਰਹਿਣਗੇ। ਲੋਕ ਪੱਖੀ ਲੋਕਾਂ ਨੂੰ ਆਪਣੀ ਆਸ 2022 ਤੇ ਹੀ ਰੱਖਣ ਦੀ ਇੱਛਾ ਰੱਖਣ ਨੂੰ ਮਜਬੂਰ ਹੋਣਾਂ ਪਵੇਗਾ। ਚੌਥੀ ਧਿਰ ਜੋ ਲੋਕ ਮੁੱਦਿਆਂ ਦੀ ਦਾਅਵੇਦਾਰ ਹੋ ਸਕਦੀ ਸੀ ਪਰ ਉਹ ਆਪਣੇ ਆਪ ਨੂੰ ਸੰਗਠਿਤ ਅਤੇ ਪੇਸ਼ ਕਰਨ ਵਿੱਚ ਅਸਫਲ ਹੋਏ ਹਨ। ਪੰਜਾਬ ਦੇ ਲੋਕ ਇਸ ਸਮੇਂ ਲੋਕ ਪੱਖੀ ਧਿਰ ਨੂੰ ਕਾਮਯਾਬ ਕਰਨ ਲਈ ਤਿਆਰ ਬੈਠੇ ਸਨ ਪਰ ਤਜਰਬੇਕਾਰ ਸਿਆਸੀ ਤਿੰਨੇ ਧਿਰਾਂ ਨੇ ਆਪਣੇ ਹੋ ਹੱਲੇ ਨਾਲ ਸਮਾਜ ਦੇ ਵੱਡੇ ਹਿੱਸੇ ਨੂੰ ਗੁੰਮਰਾਹ ਅਤੇ ਸਮਝਦਾਰ ਸਿਆਣੇ ਲੋਕ ਪੱਖੀ ਲੋਕਾਂ ਦੇ ਅੱਗੇ ਤੁਰਨ ਦੇ ਰਾਹ ਬੰਦ ਕਰਨ ਦੀ ਸਫਲ ਚਾਲ ਖੇਡੀ ਹੈ। ਚੌਥੀ ਧਿਰ ਦੇ ਲੋਕ ਇਹ ਰਾਹ ਰੋਕੂ ਜੁਗਾੜਾਂ ਨੂੰ ਤੋੜਨ ਵਿੱਚ ਅਸਫਲ ਹੋਏ ਹਨ ਜੋ ਉਹਨਾਂ ਦੀ ਵੱਡੀ ਕਮਜੋਰੀ ਹੈ। ਸੋ ਪੰਜਾਬੀ ਵੋਟਰ ਕੋਲ ਕਿਸੇ ਇੱਕ ਧਿਰ ਦੇ ਜਾਲ ਵਿੱਚ ਫਸਣਾਂ ਉਸਦੀ ਹੋਣੀ ਬਣਾ ਦਿੱਤਾ ਗਿਆ ਹੈ। ਚੌਥੀ ਧਿਰ ਦੇ ਲੋਕ ਵੀ ਇਸ ਦੇ ਲਈ ਇਤਿਹਾਸ ਦੇ ਦੋਸੀ ਰਹਿਣਗੇ। ਤਿੰਨੇ ਧਿਰਾਂ ਸਫਲ ਆਗੂ ਅੱਜ ਤੋਂ ਹੀ ਭੰਗੜੇ ਪਾ ਸਕਦੇ ਹਨ। ਕੇਜਰੀ ਕਾਂਗਰਸ ਕਾਲੀ ਇੱਕੋ ਹੀ ਹਮਾਮ ਵਿੱਚ ਇਕੱਠੇ ਨਹਾਉਣਗੇ। ਇੰਹਨਾਂ ਧਿਰਾਂ ਤੋਂ ਸਵੈ ਵਿਕਾਸ ਦੇ ਇਲਾਵਾ ਹੋਰ ਆਸ ਰੱਖਣੀ ਮੂਰਖਤਾ ਹੀ ਹੈ ਕਿਉਂਕਿ ਇਹਨਾਂ ਦੇ ਆਗੂ ਸਵੈ ਹੰਕਾਰ ਅਤੇ ਸਵਾਰਥ ਦੀ ਦਲਦਲ ਵਿੱਚ ਡੂੰਘੇ ਫਸ ਚੁੱਕੇ ਹੋਏ ਹਨ।
ਗੁਰਚਰਨ ਸਿੰਘ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ                     

Tuesday 8 November 2016

ਪਰਾਲੀ ਸਾੜਨ ਦੀ ਸਮੱਸਿਆ ਦੇ ਬੁਨਿਆਦੀ ਕਾਰਨ ਕੀ ਹਨ

                            
                       ਵਰਤਮਾਨ ਸਮੇਂ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਪਰਦੂਸਣ ਭਰੇ ਧੂੰਏ ਅਤੇ ਧੁੰਦ ਦੀ ਬਹੁਤ ਵੱਡੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ। ਦੇਸ਼ ਦੀ ਰਾਜਧਾਨੀ ਵਿੱਚ ਵੀ ਇਸਦਾ ਅਸਰ ਦੇਖਣ ਨੂੰ ਮਿਲਿਆ ਹੈ। ਦਿੱਲੀ ਵਿੱਚ ਦੇਸ਼ ਦੇ ਸੌਖਾ ਰਹਿਣ ਵਾਲਾ ਅਮੀਰ ਵਰਗ ਅਤੇ ਮੀਡੀਆਂ ਅਤੇ ਅਦਾਲਤਾਂ ਚਲਾਉਣ ਵਾਲੇ ਲੋਕ ਕਾਫੀ ਔਖੇ ਭਾਰੇ ਹੋ ਰਹੇ ਹਨ। ਪੰਜਾਬ, ਹਰਿਆਣੇ ਦੇ ਕਿਰਤੀ ਮਿਹਨਤੀ ਕਿਸਾਨ ਦੇ ਸਿਰ ਦੋਸ਼ ਦੇਕੇ ਮੂਲ ਕਾਰਨਾਂ ਤੋਂ ਪਾਸਾਂ ਵੱਟਿਆ ਜਾ ਰਿਹਾ ਹੈ। ਇਸ ਪਰਦੂਸਣ ਬਾਰੇ ਰੌਲਾ ਭਾਵੇਂ ਦਿੱਲੀ ਵਿਚਲੇ ਮੀਡੀਆਂ ਵੱਲੋਂ ਪਾਇਆ ਜਾ ਰਿਹਾ ਹੈ ਪਰ ਧੂੰਏਂ ਦਾ ਨੁਕਸਾਨ ਸਭ ਤੋਂ ਵੱਧ ਪੰਜਾਬੀ ਅਤੇ ਹਰਿਆਣੇ ਦੇ ਸਾਰੇ ਲੋਕ ਝੱਲ ਰਹੇ ਹਨ। ਦਿੱਲੀ ਨੋਇਡਾ ਫਰੀਦਾਬਾਦ ਗੁੜਗਾਉਂ ਰਾਜਧਾਨੀ ਨਾਲ ਸਬੰਧਤ ਇਲਾਕੇ ਖੁਦ ਬਹੁਤ ਵੱਡੇ ਪੱਧਰ ਤੇ ਪਰਦੂਸਣ ਪੈਦਾ ਕਰਦੇ ਹਨ ਅਤੇ ਝੋਨੇ ਦੀ ਪਰਾਲੀ ਸਾੜਨ ਦੇ ਸੀਜਨ ਦੌਰਾਨ ਇਸਦੇ ਨਾਲ ਰਲ ਜਾਣ ਕਰਕੇ ਪਰਦੂਸਣ ਦੀ ਮਾਤਰਾ ਇੰਹਨਾਂ ਵੱਡੇ ਸਹਿਰਾਂ ਵਿੱਚ ਕਈ ਗੁਣਾਂ ਵੱਧਣੀ ਲਾਜਮੀ ਹੋ ਜਾਂਦੀ ਹੈ। ਰਾਜਧਾਨੀ ਦੇ ਇਲਾਕੇ ਨਾਲ ਸਬੰਧਤ ਸਰਕਾਰਾਂ ਅਤੇ ਮਿਊਸਪਲ ਕਮੇਟੀਆਂ ਆਪਣਾਂ ਪਰਦੂਸਣ ਤਾਂ ਘੱਟ ਨਹੀਂ ਕਰ ਸਕਦੀਆਂ ਪਰ ਪੰਜਾਬ ਅਤੇ ਹਰਿਆਣੇ ਦੇ ਕਿਸਾਨਾਂ ਤੇ ਡੰਡਾਂ ਚਲਵਾਉਣ ਲਈ ਤਰਲੋ ਮੱਛੀ ਹੋ ਰਹੀਆਂ ਹਨ। ਐਨ ਸੀ ਆਰ ਭਾਵ ਰਾਸਟਰੀ ਰਾਜਧਾਨੀ ਨਾਲ ਸਬੰਧਤ ਇਲਾਕੇ ਵਿਚਲਾ ਪਰਬੰਧਕੀ ਸਿਸਟਮ ਸਾਰਾ ਸਾਲ ਨਿਸਚਿਤ ਹੱਦਾਂ ਤੋਂ ਕਿਧਰੇ ਜਿਆਦਾ ਪਰਦੂਸਣ ਨੂੰ ਰੋਕਣ ਵਿੱਚ ਅਸਮਰਥ ਰਿਹਾ ਹੈ ਅਤੇ ਮਜਬੂਰੀ ਵੱਸ ਕੁੱਝ ਦਿਨਾਂ ਦਾ ਪਰਾਲੀ ਵਾਲਾ ਧੂੰਆਂ ਹੀ ਅਸਲ ਦੋਸੀ ਗਰਦਾਨਕੇ ਆਪਣਾਂ ਨਿਕੰਮਾਪਨ ਲੁਕੋ ਰਿਹਾ ਹੈ।
                 ਪੰਜਾਬ ਵਿੱਚ ਪਰਾਲੀ ਨੂੰ ਸਾੜਨ ਤੋਂ ਪੈਦਾ ਹੋਈ ਸਮੱਸਿਆ ਦੇ ਵਿੱਚ ਇਕੱਲਾ ਕਿਸਾਨ ਦੋਸੀ ਨਹੀ ਬਲਕਿ ਸਰਕਾਰਾਂ ਦੀਆਂ ਬਹੁਤ ਸਾਰੀਆਂ ਨੀਤੀਆਂ ਜੁੰਮੇਵਾਰ ਹਨ। ਸਭ ਤੋਂ ਪਹਿਲਾਂ ਪਾਣੀ ਬਚਾਉਣ ਦੇ ਨਾਂ ਤੇ ਝੋਨੇ ਦੀ ਬਿਜਾਈ ਦਸ ਜੂਨ ਤੋਂ ਬਾਅਦ ਕਰਨ ਦੇਣ ਦੀ ਨੀਤੀ ਹੀ ਗਲਤ ਜਿਸ ਨਾਲ ਝੋਨੇ ਦੀ ;ਲੇਟ ਬਿਜਾਈ ਤੋਂ ਬਚਣ ਲਈ ਲੱਗਭੱਗ ਦਸ ਦਿਨਾਂ ਵਿੱਚ ਹੀ ਲਾਉਣ ਦੀ ਕੋਸਿਸ ਕਿਸਾਨ ਕਰਦੇ ਹਨ। ਇਸ ਤਰਾਂ ਇਕੱਠਾ ਝੋਨਾਂ ਲਾਇਆਂ ਪੱਕਦਾਂ ਵੀ ਉਸ ਹਿਸਾਬ ਨਾਲ ਇਕੱਠਾ ਹੀ ਹੈ ਅਤੇ ਜਿਆਦਾਤਰ ਕਟਾਈ ਦਸ ਦਿਨਾਂ ਵਿੱਚ ਹੀ ਹੋ ਜਾਂਦੀ ਹੈ। ਇਸ ਨਾਲ ਪਰਾਲੀ ਨੂੰ ਅੱਗ ਲਾਉਣ ਦਾ ਵਕਤ ਸਾਰੇ ਕਿਸਾਨਾਂ ਲਈ ਵੀ ਇਕੱਠਾ ਹੀ ਹੋ ਜਾਂਦਾ ਹੈ। ਪੰਜਾਬੀ ਕਿਸਾਨਾਂ ਦਾ ਵੱਡਾ ਹਿੱਸਾ ਵੱਧ ਝਾੜ ਦੇਣ ਵਾਲੀ ਪੂਸਾ 44 ਲੰਬੇ ਸਮੇਂ ਦੀ ਪੱਕਣ ਵਾਲੀ ਕਿਸਮ ਬੀਜਦਾ ਹੈ ਜੋ ਲੇਟ ਲਾਉਣ ਅਤੇ ਲੇਟ ਪੱਕਣ ਕਾਰਨ ਕਣਕ ਦੀ ਅਗੇਤੀ ਬਿਜਾਈ ਨਹੀ ਹੋਣ ਦਿੰਦੀ। ਪਛੇਤੀ ਕਣਕ ਝਾੜ ਘੱਟ ਦਿੰਦੀ ਹੈ ਜਿਸ ਕਾਰਨ ਕਿਸਾਨ ਪਰਾਲੀ ਨੂੰ ਜਲਦੀ ਤੋਂ ਜਲਦੀ ਅੱਗ ਲਾਕੇ ਕਣਕ ਬੀਜਣ ਦੀ ਸੋਚਦੇ ਹਨ। ਘੱਟ ਸਮੇਂ ਵਿੱਚ ਪਰਾਲੀ ਘੱਟ ਸੁਕਦੀ ਹੈ ਅਤੇ ਗਿੱਲੀ ਹੋਣ ਕਾਰਨ ਧੂੰਆਂ ਵੀ ਜਿਆਦਾ ਪੈਦਾ ਕਰਦੀ ਹੈ। ਇਹਨਾਂ ਦਿਨਾਂ ਵਿੱਚ ਠੰਢ ਦੀ ਸੁਰੂਆਤ ਹੋ ਜਾਣ ਕਾਰਨ ਪਰਾਲੀ ਘੱਟ ਸੁਕਦੀ ਹੈ ਅਤੇ ਇਹ ਸਮੱਸਿਆ ਹੋਰ ਗੰਭੀਰ ਹੋ ਜਾਂਦੀ ਹੈ। ਇਸ ਦੇ ਲਈ ਖੇਤੀ ਮਾਹਰ ਕਿਸਾਨ ਤਬਕੇ ਤੋਂ ਕੋਹਾਂ ਦੂਰ ਵਿਚਰਨ ਕਾਰਨ ਅਸਲ ਕਾਰਨ ਪਰਬੰਧਕੀ ਸਿਸਟਮ ਨੂੰ ਦੱਸ ਹੀ ਨਹੀਂ ਪਾਉਂਦੇ। ਖੇਤੀਬਾੜੀ ਵਿਗਿਆਨੀ ਘੱਟ ਸਮੇਂ ਵਿੱਚ ਸਹੀ ਝਾੜ ਦੇਣ ਵਾਲੀ ਕਿਸਮ ਵਿਕਸਿਤ ਕਰਨ ਵਿੱਚ ਅਸਫਲ ਰਹੇ ਹਨ। 203 ਪੀ ਆਰ ਕਿਸਮ ਜੋ ਵੱਧ ਝਾੜ ਦਿੰਦੀ ਸੀ ਨੂੰ ਸਰਕਾਰ ਵੱਲੋਂ ਪਾਬੰਦੀ ਸੁਦਾ ਐਲਾਨ ਦਿੱਤਾ ਹੈ ਜੋ ਘੱਟ ਸਮੇਂ ਵਿੱਚ ਪੱਕਕੇ ਵੱਧ ਝਾੜ ਦਿੰਦੀ ਸੀ।
               ਜੀਰੀ ਦੀਆਂ ਫਸਲਾਂ ਦੀ ਕਟਾਈ 20 ਅਕਤੂਬਰ ਨੂੰ ਸੁਰੂ ਹੁੰਦੀ ਹੈ ਅਤੇ ਕਣਕ ਦੀ ਅਗੇਤੀ ਬਿਜਾਈ ਵੀ 20 ਅਕਤੂਬਰ ਨੂੰ ਸੁਰੂ ਹੋ ਜਾਂਦੀ ਹੈ ਕੀ ਕਿਸਾਨ ਮਾਹਿਰ ਇਸ ਗੱਲ ਨੂੰ ਵੀ ਸਮਝਣ ਤੋਂ ਅਸਮਰਥ ਹਨ ਜਿਸਨੂੰ ਕਿ ਸਧਾਰਨ ਬੁੱਧੀ ਵਾਲੇ ਲੋਕ ਵੀ ਦੱਸ ਸਕਦੇ ਹਨ। ਝੋਨੇ ਦੀਆਂ ਬਾਸਮਤੀ ਕਿਸਮਾਂ ਦਾ ਪੰਜਾਬ ਵਿੱਚ ਕੋਈ ਖਰੀਦਦਾਰ ਹੀ ਨਹੀ ਅਤੇ ਇਹ ਜਿਆਦਾਤਰ ਹਰਿਆਣੇ ਦੀਆਂ ਮੰਡੀਆਂ ਵਿੱਚ ਵਿਕਦੀ ਹੈ ਜਿਸ ਕਾਰਨ ਸਰਕਾਰ ਅਤੇ ਸੈਲਰਾਂ ਵਾਲੇ ਬਾਸਮਤੀ ਝੋਨਾਂ ਬੀਜਣ ਨਾਂ ਦੇਣ ਦੀ ਪੂਰੀ ਕੋਸਿਸ ਕਰਦੇ ਹਨ । ਸਰਕਾਰਾਂ ਵੀ ਬਾਸਮਤੀ ਕਿਸਮਾਂ ਨੂੰ ਘੱਟੋ ਘੱਟ ਸਹਾਇਕ ਮੁੱਲ ਨਹੀਂ ਦਿੰਦੀਆਂ ਜਿਸ ਕਾਰਨ ਜਿਆਦਾ ਸਮੇਂ ਵਿੱਚ ਜਿਆਦਾ ਪਰਾਲ ਪੈਦਾ ਕਰਨ ਵਾਲੀਆਂ ਪੀ ਆਰ ਕਿਸਮਾਂ ਬੀਜਣ ਲਈ ਹੀ ਲੋਕ ਮਜਬੂਰ ਹੁੰਦੇ ਹਨ। 25000 ਕਰੋੜ ਦਾ ਝੋਨਾ ਪੈਦਾ ਕਰਨ ਲਈ ਤਾਂ ਸਰਕਾਰਾਂ  ਪਾਣੀ ਕੱਢਣ ਲਈ ਪੰਜ ਹਜਾਰ ਕਰੋੜ ਦੀ ਬਿਜਲੀ ਸਬਸਿਡੀ ਦਿੰਦੀਆਂ ਹਨ ਪਰ ਪਰਾਲੀ ਨੂੰ ਇਕੱਠਾ ਕਰਨ ਲਈ ਹਜਾਰ ਰੁਪਏ ਏਕੜ ਅੱਸੀ ਲੱਖ ਏਕੜ ਲਈ ਅੱਸੀ ਕਰੋੜ ਦੀ ਸਬਸਿਡੀ ਨਹੀਂ ਦੇ ਸਕਦੇ। ਸੈਂਟਰ ਸਰਕਾਰ ਝੋਨਾਂ ਲਵਾਉਣ ਲਈ ਤਾਂ ਵਿਸੇਸ ਪੈਕਜ ਦਿੰਦੀ ਹੈ ਪਰ ਪਰਾਲੀ ਇਕੱਠਾ ਕਰਨ ਵਾਲੀਆਂ ਮਸੀਨਾਂ ਲਈ ਪਾਸਾ ਵੱਟ ਲੈਂਦੀ ਹੈ। ਝੋਨੇ ਦੀ ਥਾਂ ਦੂਸਰੀਆਂ ਫਸਲਾਂ ਲਈ ਕੋਈ ਸਹਾਇਕ ਮੁੱਲ ਮੰਡੀ ਵਿੱਚ ਲਾਗੂ ਨਹੀਂ ਕੀਤਾ ਜਾਂਦਾ ਪਰ ਝੋਨਾਂ ਖਰੀਦਣ ਲਈ ਹਰ ਕਿਸਮ ਦੀ ਸਹਾਇਤਾ ਦਿੱਤੀ ਜਾਂਦੀ ਹੈ ਕੀ ਇਹ ਸਰਕਾਰਾਂ ਦਾ ਦੋਗਲਾਪਨ ਨਹੀਂ । ਮੀਡੀਆਂ ਵਰਗ ਅਤੇ ਅਦਾਲਤੀ ਇਨਸਾਫ ਕਰਨ ਵਾਲਿਆਂ ਨੂੰ ਇਹ ਸਮੱਸਿਆਂ ਏਸੀ  ਕਮਰਿਆਂ ਵਿੱਚ ਬੈਠਣ ਵਾਲੇ ਵਕੀਲ ਜਾਂ ਅਖੌਤੀ ਐਨ ਜੀ ਉ ਨਹੀਂ ਅਸਲੀ ਕਿਸਾਨ ਹੀ ਦੱਸ ਸਕਦੇ ਹਨ। ਅਦਾਲਤਾਂ ਦਾ ਸਹਾਰਾ ਲੈਕੇ ਰਾਜਨੀਤਕ ਲੋਕ ਕਿਸਾਨ ਦਾ ਗਲ ਘੋਟਣ ਨੂੰ ਤਾਂ ਤਿਆਰ ਹੋ ਜਾਣਗੇ ਪਰ ਆਪਣੀ ਪੀੜੀ ਥੱਲੇ ਸੋਟਾ ਕਦੇ ਨਹੀਂ ਮਾਰਨਗੇ ਅਤੇ ਇਹੀ ਹਾਲ ਅਖੌਤੀ ਖੇਤੀਬਾੜੀ ਮਾਹਿਰਾਂ ਦਾ ਹੈ ਜਿੰਹਨਾਂ ਨੂੰ ਕਿਸਾਨਾਂ ਨਾਲੋਂ ਆਪਣੀਆਂ ਤਨਖਾਹਾਂ ਵਧਾਉਣ ਦਾ ਜਿਆਦਾ ਫਿਕਰ ਹੁੰਦਾਂ ਹੈ ਅਤੇ ਕਿਸਾਨ ਜਾਵੇ ਅੰਨੇ ਖੂਹ ਵਿੱਚ।
                ਦਸ ਜੂਨ ਨੂੰ ਝੋਨਾਂ ਬਿਜਵਾਉਣ ਦੀ ਤਾਨਾਸਾਹੀ ਨੀਤੀ ਤੇ ਸਰਕਾਰਾਂ ਨੂੰ ਪੁਨਰਵਿਚਾਰ ਕਰਨਾਂ ਚਾਹੀਦਾ ਹੈ। ਪੂਸਾ 44 ਦੀ ਖਰੀਦ ਦੀ ਬਜਾਇ ਬਾਸਮਤੀ ਅਤੇ ਘੱਟ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੇ ਮੁੱਲ ਵਿੱਚ ਵਾਧਾ ਕਰਨਾਂ ਚਾਹੀਦਾ ਹੈ। ਨਰਮਾ ਮੱਕੀ ਅਤੇ ਦਾਲਾਂ ਨੂੰ ਖਰੀਦਣ ਲਈ ਸਹਾਇਕ ਮੁੱਲ ਮੰਡੀਆਂ ਵਿੱਚ ਵੀ ਲਾਗੂ ਕਰਨੇਂ ਚਾਹੀਦੇ ਹਨ। ਖੇਤਾਂ ਵਿੱਚੋਂ ਪਰਾਲ ਇਕੱਠਾ ਕਰਨ ਵਾਲੇ ਕਿਸਾਨਾਂ ਮਜਦੂਰਾਂ ਨੂੰ ਸਬਸਿਡੀ ਜਾਂ ਬੋਨਸ ਦਿੱਤਾ ਜਾਣਾਂ ਚਾਹੀਦਾ ਹੈ। ਖੇਤੀਬਾੜੀ ਅਧਿਕਾਰੀਆਂ ਅਤੇ ਮਾਹਿਰਾਂ ਦੀ ਡੰਡਾਂ ਪਰੇਡ ਵੀ ਕਰਨੀ ਚਾਹੀਦੀ ਹੈ ਜਿਹੜੇ ਸਮੱਸਿਆ ਪੈਦਾ ਕਰਵਾਉਣ ਲਈ ਜੁੰਮੇਵਾਰ ਹਨ ਜਦਕਿ ਉਹਨਾਂ ਨੂੰ ਪਹਿਲਾਂ ਇਲਾਜ ਬਾਰੇ ਕੁੱਝ ਕਰਨਾਂ ਚਾਹੀਦਾ ਸੀ। ਇਹੋ ਜਿਹੇ ਹੋਰ ਛੋਟੇ ਕਈ ਉਪਾਅ ਕੀਤੇ ਜਾ ਸਕਦੇ ਹਨ। ਅਸਲ ਵਿੱਚ ਪਰਾਲੀ ਪਰਦੂਸਣ ਨੂੰ ਪੈਦਾ ਕਰਨ ਲਈ ਅਫਸਰਸਾਹੀ ਅਤੇ ਰਾਜਨੀਤਕ ਪਰਦੂਸਣ ਹੀ ਜਿਆਦਾ ਜੁੰਮੇਵਾਰ ਹੈ ਕਾਸ਼ ਕਿਧਰੇ ਦੇਸ਼ ਦਾ ਮੀਡੀਆ ਅਤੇ ਅਦਾਲਤਾਂ ਵਿੱਚ ਕੰਮ ਕਰਦੇ ਲੋਕ ਵੀ ਇਹ ਸਮਝ ਜਾਣ ਅਤੇ ਪਰਬੰਧਕੀ ਸਿਸਟਮ ਨੂੰ ਸੀਸਾਂ ਦਿਖਾ ਸਕਣ ।
ਗੁਰਚਰਨ ਸਿੰਘ ਪੱਖੋਕਲਾਂ ਜਿਲਾ ਬਰਨਾਲਾ ਫੋਨ 9417727245