Tuesday 13 May 2014

ਤੀਜੀ ਧਿਰ ਭਾਲਦੇ ਪੰਜਾਬੀ ਵੋਟਰ

                                            
                           ਇਸ ਵਾਰ ਹੋ ਰਹੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਨੇ ਜਿਸ ਤਰਾਂ ਅਕਾਲੀ ਦਲ ਅਤੇ ਕਾਂਗਰਸ ਪ੍ਰਤੀ ਵਿਦਰੋਹ ਦੀ ਭਾਵਨਾ ਨਾਲ ਵੋਟਾਂ ਪਾਈਆਂ ਹਨ ਇਹ ਸੋਚਣ ਲਈ ਮਜਬੂਰ ਕਰਦਾ ਹੈ ਕਿ ਪੰਜਾਬੀ ਵੋਟਰ ਸਥਾਪਤ ਧਿਰਾਂ ਤੋਂ ਨਿਰਾਸ ਪੰਜਾਬ ਦੀਆਂ ਵਰਤਮਾਨ ਸਥਿਤੀਆਂ ਨਵੇਂ ਆਗੂਆਂ ਦੀ ਮੰਗ ਕਰਦੀਆਂ ਹਨ ਜਿੰਹਨਾਂ ਵਿੱਚ ਸਮੇਂ ਦੇ ਨਾਲ ਪੈਰ ਮੇਲਕੇ ਚੱਲ ਸਕਣ ਦੀ ਯੋਗਤਾ ਹੋਵੇ । ਅਣਜਾਣੀ ਅਤੇ ਬਿਲਕੁਲ ਰਾਜਨੀਤੀ ਤੋਂ ਕੋਰੀ ਧਿਰ ਆਮ ਆਦਮੀ ਪਾਰਟੀ ਦੇ ਸਿਆਸਤ ਤੋਂ ਕੋਰੇ ਅਤੇ ਅਣਜਾਣ ਉਮੀਦਵਾਰਾਂ ਪ੍ਰਤੀ ਭਾਰੀ ਲਹਿਰ ਦੇ ਰੂਪ ਵਿੱਚ ਸਮਰਥਨ ਦੇਕੇ ਸਭ ਸਪੱਸਟ ਹੋ ਗਿਆ ਹੈ । ਆਮ ਆਦਮੀ ਪਾਰਟੀ ਦੇ ਲੋਕ ਭਾਵੇਂ ਲੱਖ ਦਾਅਵੇ ਕਰਨ ਕਿ ਉਹਨਾਂ ਨੂੰ ਲੋਕਾਂ ਦਾ ਵਿਸਾਲ ਸਮੱਰਥਨ ਹਾਸਲ ਹੈ ਪਰ ਇਹ ਤਾਂ ਲੋਕ ਰੋਹ ਸੀ ਜੋ ਕਾਂਗਰਸ ਅਤੇ ਅਕਾਲੀ ਦਲ ਦੇ ਖਿਲਾਫ ਪਰਗਟਾਵਾ ਸੀ । ਕਾਂਗਰਸ  ਦੇ ਆਪਸ ਵਿੱਚ ਲੜਨ ਭਿੜਨ ਵਾਲੇ ਆਗੂਆਂ ਨੂੰ ਵੀ ਲੋਕ ਬਹੁਤ ਹੀ ਦੁਖੀ ਮਨ ਨਾਲ ਦੇਖ ਰਹੇ ਹਨ ਅਤੇ ਅਕਾਲੀ ਦਲ ਦੇ ਕੱਚ ਘਰੜ ਆਗੂਆਂ ਦੀਆਂ ਲੋਕ ਲਿਤਾੜੂ ਨੀਤੀਆਂ ਨੂੰ ਵੀ ਲੋਕ ਚੰਗੀ ਤਰਾਂ ਸਮਝ ਰਹੇ ਹਨ।  ਵਰਤਮਾਨ ਲੋਕ ਵਰਤਾਰਾ ਸਥਾਪਤ ਧਿਰਾਂ ਕਾਂਗਰਸ ਅਤੇ ਅਕਾਲੀ ਦਲ ਦੀ ਹੋਂਦ ਤੇ ਪ੍ਰਸਨ ਚਿੰਨ ਖੜੇ ਕਰਦਾ ਸੀ। ਪੰਜਾਬ ਦੇ ਲੋਕਾਂ ਦੇ ਹਾਲਾਤ ਦੇਸ ਦੇ ਦੂਸਰੇ ਪਰਦੇਸਾਂ ਦੇ ਲੋਕਾਂ ਵਰਗੇ ਨਹੀਂ ਹਨ। ਪੰਜਾਬ ਦੇ ਵਿੱਚ ਹਰੀ ਕਰਾਂਤੀ ਹੋਣ ਤੋਂ ਬਾਅਦ ਪੰਜਾਬ ਦੇ ਲੋਕਾਂ ਕੋਲ ਪੈਸੇ ਦਾ ਹੜ ਆ ਗਿਆ ਹੈ ਜਿਸ ਨਾਲ ਪੰਜਾਬ ਦੇ ਲੋਕ ਖਪਤਕਾਰਾਂ ਦੀ ਵੱਡੀ ਲਾਈਨ ਵਿੱਚ ਸਾਮਲ ਹੋ ਗਏ ਹਨ। ਪੰਜਾਬੀਆਂ ਦੀ ਖਰੀਦ ਸਕਤੀ ਵਧਣ ਕਾਰਨ ਪੰਜਾਬ ਵਿੱਚ ਬਜਾਰੂ ਸਕਤੀਆਂ ਲੋਕਾਂ ਨੂੰ ਖਪਤਕਾਰੀ ਸਭਿਆਚਾਰ ਦੇ ਦਰਿਆ ਵਿਚ ਡੁੱਬਣ ਲਈ ਮਜਬੂਰ ਕਰ ਰਹੀਆਂ ਹਨ । ਪੰਜਾਬ ਦੇ ਲੋਕਾਂ ਦੀ ਚਾਦਰ ਤੋਂ ਬਾਹਰ ਪੈਰ ਪਸਾਰਨ ਦੀ ਰੁਚੀ ਕਾਰਨ ਪੰਜਾਬੀ ਲੋਕ ਆਮਦਨ ਤੋਂ ਜਿਆਦਾ ਖਰਚਣ ਵੱਲ ਤੁਰੇ ਹੋਏ ਹਨ ਜਿਸਦਾ ਨਤੀਜਾ ਕਰਜੇ ਦਾ ਜਾਲ ਵੀ ਪੈਰ ਪਸਾਰ ਰਿਹਾ ਹੈ। ਪੰਜਾਬੀ ਲੋਕ ਵਿਦਿਆ ਦੇ ਦਰਿਆ ਵਿੱਚ ਵੀ ਖੂਬ ਤਾਰੀਆਂ ਲਾ ਰਹੇ ਹਨ ਜਿਸ ਨਾਲ ਨਵੀਆਂ ਜਾਣਕਾਰੀਆਂ ਹਾਸਲ ਹੋਣ ਤੇ ਨਵੀਆਂ ਬਜਾਰੂ ਵਸਤਾਂ ਵੱਲ ਖਿੱਚੇ ਤੁਰੇ ਜਾ ਰਹੇ ਹਨ।
                                      ਖਪਤਕਾਰੀ ਦੇ ਨਵੇਂ ਯੁੱਗ ਵਿੱਚ ਪੜੇ ਲਿਖੇ ਲੋਕਾਂ ਦੇ ਆਗੂ ਵੀ ਅਣਪੜ ਅਗਿਆਨੀ ਅਤੇ ਧੱਕੜ ਲੋਕ ਕਦਾ ਚਿੱਤ ਨਹੀਂ ਹੋ ਸਕਦੇ ਸਗੋਂ ਪੰਜਾਬ ਦੇ ਆਗੂ ਗਿਆਨਵਾਨ ਸਿਆਣੇ ਤਰੱਕੀਪਸੰਦ ਅਤੇ ਲੋਕ ਭਲਾਈ ਦੀ ਸੋਚ ਵਾਲੇ ਹੋਣੇ ਚਾਹੀਦੇ ਹਨ ਜੋ ਆਪਣੇ ਪਰੀਵਾਰਾਂ ਦੀ ਤਰੱਕੀ ਦੀ ਥਾਂ ਸਮੁੱਚੇ ਪੰਜਾਬ ਅਤੇ ਪੰਜਾਬੀਆਂ ਦਾ ਵਿਕਾਸ ਕਰ ਸਕਣ ਦੇ ਯੋਗ ਹੋਣ। ਪੰਜਾਬ ਦੇ ਆਗੂ ਭੰਡਾਂ ਅਤੇ ਨਕਲੀਆਂ ਵਰਗੇ ਨਕਲੀ ਲੋਕ ਨਹੀਂ ਹੋਣੇ ਚਾਹੀਦੇ ਸਗੋਂ ਹਕੀਕਤਾਂ ਨੂੰ ਸਮਝਕੇ ਸਮੇਂ ਨਾਲ ਪੈਰ ਮੇਲਣ ਦੀ ਸਮਰਥਾਂ ਵਾਲੇ ਹੋਣੇ ਚਾਹੀਦੇ ਹਨ । ਵਰਤਮਾਨ ਚੋਣਾਂ ਦੇ ਅਗਾਊਂ  ਸੰਕੇਤ ਹਨ ਕਿ ਪੰਜਾਬ ਦੇ ਲੋਕਾਂ ਨੇ ਰਾਜਨੀਤੀ ਤੋਂ ਕੋਰੀ ਅਤੇ ਸਮਾਜੀ ਹਾਲਤਾਂ ਤੋਂ ਅਣਜਾਣ ਧਿਰ ਨੂੰ ਭਾਰੀ ਸਮਰਥਨ ਦੇ ਦਿੱਤਾ ਹੈ ਜੋ ਕਿ ਸਮਾਜ ਦੇ ਸਿਆਣੇ ਲੋਕਾਂ ਨੂੰ ਸੰਦੇਸ ਹੈ ਕਿ ਆਉ ਕੋਈ ਪੰਜਾਬ ਅਤੇ ਪੰਜਾਬੀਆਂ ਨੂੰ ਸਾਥ ਰੱਖਣ ਵਾਲਾ ਆਗੂ ਅੱਗੇ ਆਵੇ ਜਿਸ ਲਈ ਪੰਜਾਬੀ ਪੂਰੀ ਤਰਾਂ ਤਿਆਰ ਖੜੇ ਹਨ । ਪੰਜਾਬ ਦੀ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਇੱਕ ਵੀ ਆਗੂ ਇਹੋ ਜਿਹਾ ਦਿਖਾਈ ਨਹੀਂ ਦੇ ਰਿਹਾ ਜੋ ਲੰਬੀ ਦੌੜ ਦਾ ਘੋੜਾ ਸਿੱਧ ਹੋ ਸਕੇ ਭਾਵੇਂ ਇਸ ਪਾਰਟੀ ਦੇ ਬਹੁਤੇ ਉਮੀਦਵਾਰ ਸਾਫ ਸੋਚ ਵਾਲੇ ਬੇਦਾਗ ਵਿਅਕਤੀ ਹਨ ਪਰ ਰਾਜਨੀਤਕ ਹਾਲਤਾਂ ਅਤੇ ਲੋਕਾਂ ਦੀਆਂ ਲੋੜਾ ਨੂੰ ਸਮਝਣ ਵਾਲਾ ਪੱਲੇ ਦਾ ਪੂਰਾ ਹਾਲੇ ਤੱਕ ਦਿਖਾਈ ਨਹੀਂ ਦਿੰਦਾਂ। ਇਸ ਪਾਰਟੀ ਦਾ  ਉੱਭਰ ਰਿਹਾ ਆਗੂ ਦੇ ਪਿਛੋਕੜ ਤੇ ਵੀ ਝਾਤ ਮਾਰਨੀਂ ਜਰੂਰੀ ਹੈ।
                                           ਇੱਕ ਰਾਤ ਵਿੱਚ ਹੀ ਪੀਪਲਜ ਪਾਰਟੀ ਨੂੰ ਛੱਡਕੇ ਰਾਤੋ ਰਾਤ ਮੈਂਬਰ ਬਣਕੇ ਸੁਭਾ ਨੂੰ ਟਿਕਟ ਹਾਸਲ ਕਰ ਲੈਣ ਵਾਲਾ ਭਗਵੰਤ ਮਾਨ ਫਸਲੀ ਬਟੇਰਾ ਹੀ ਸਾਬਤ ਹੋਵੇਗਾ । ਕਿਸੇ ਵਕਤ ਬਾਦਲ ਸਰਕਾਰ ਦੇ ਕਬੱਡੀ ਕੱਪ ਦੀ ਕਮੈਂਟਰੀ ਕਰਕੇ ਗੁਣ ਗਾਉਣ ਵਾਲਾ ਇਹ ਆਗੂ  ਇਸ ਕਬੱਡੀ ਕੱਪ ਨੂੰ ਹੀ ਮੁਦਾ ਬਣਾਕਿ ਅਕਾਲੀ ਦਲ ਦਾ ਇਸ  ਰਾਂਹੀ ਵੱਡਾ ਨਿੰਦਕ ਬਣਿਆ ਹੋਇਆ ਹੈ। ਦੂਸਰੀ ਗੱਲ ਕਿ  ਇੱਕ ਦਿਨ ਪਹਿਲਾਂ ਮਨਪਰੀਤ ਬਾਦਲ ਦੀ ਪਾਰਟੀ ਦਾ ਆਗੂ ਹੁੰਦਿਆ ਉਸਦੇ  ਦੇ ਸੋਹਲੇ ਗਾਉਣ  ਵਾਲਾ ਰਾਤੋ ਰਾਤ ਉਸਦੀ ਅਲੋਚਨਾ ਕਰਕੇ ਆਪਣੀ ਕੱਚਘਰੜ ਸੋਚ ਦਾ ਵਿਖਾਵਾ ਕਰਦਾ ਰਿਹਾ। ਪੈਸੇ ਦੇ ਕਾਰਨ ਹੀ ਆਪਣੇ ਸਾਥੀ ਜੂਨੀਅਰ ਕਲਾਕਾਰਾਂ ਨਾਲ ਨਿੱਤ ਨਵੇਂ ਬਦਲ ਕੇ,  ਕਲਾ ਨੂੰ ਪੈਸੇ ਪਿੱਛੇ ਨਿੱਤ ਨਵੇਂ ਚੈਨਾਲਾਂ ਅਤੇ ਕੰਪਨੀਆਂ ਨੂੰ ਵੇਚਣ ਦੇ ਪਿੱਛੇ ਭਜਦਾ ਰਿਹਾ । ਪੈਸੇ ਦੀ ਹਵਸ ਕਰਨ ਵਿਦੇਸਾਂ ਤੱਕ ਹੀ ਜੀਵਨ ਸਾਥੀ ਭਾਲਦਾ ਤੁਰਨ ਵਾਲਾ ਵਿਅਕਤੀ ਪਰਪੱਕ ਸੋਚ ਦਾ ਕਦੀ ਨਹੀਂ ਹੋ ਸਕਦਾ । ਸਫਲ ਕਮੇਡੀਅਨ ਹੋਣਾਂ ਚੰਗੀ ਗੱਲ ਹੈ ਪਰ ਇਹ ਇਨਕਲਾਬੀ ਤਬਦੀਲੀਆਂ ਕਰਨ ਵਾਲੀ ਕੁਰਸੀ ਦੇ ਯੋਗ ਹੋਣ ਦੀ ਗਰੰਟੀ ਨਹੀਂ ਹੈ। ਇਸ ਤਰਾਂ ਹੀ ਆਗੂ ਬਣਨ ਦੀ ਲਾਈਨ ਵਿੱਚ ਲੱਗਣ ਵਾਲੇ ਦੂਸਰੇ ਆਗੂ ਵੀ ਕਰੋੜਾਂ ਪਤੀ ਬਣਨ ਦੇ ਹੀ ਰਾਹ ਦੇ ਸਾਹ ਸਵਾਰ ਹਨ ।ਪੰਜਾਬ ਦੀ ਡੁੱਬ ਚੁਕੀ ਆਰਥਿਕਤਾ ਨੂੰ ਲੀਹਾਂ ਤੇ ਲਿਆਉਣ ਦੇ ਇਨਕਲਾਬੀ ਸੋਚ ਦੀ ਦਿਰੜਤਾ ਅਤੇ ਵਿਚਾਰਧਾਰਾ ਤੋਂ ਰਹਿਤ ਕੋਈ ਵੀ ਆਗੂ ਪੰਜਾਬ ਅਤੇ ਪੰਜਾਬੀਆਂ ਲਈ ਘਾਤਕ ਹੀ ਸਾਬਤ ਹੋਵੇਗਾ। ਪੰਜਾਬ ਦੀ ਧਰਤੀ ਭਾਵੇਂ ਕਦੇ ਬਾਂਝ ਨਹੀਂ ਹੁੰਦੀ ਸਮੇਂ ਦੇ ਨਾਲ ਕੋਈ ਜੁਝਾਰੂ ਅਤੇ ਪਰਪੱਕ ਸੋਚ ਵਾਲਾ ਆਗੂ ਜਰੂਰ ਜੰਮੇਗੀ ਜੋ ਪੰਜਾਬੀਆਂ ਨੂੰ ਨਵੀਂ ਰਾਹ ਅਤੇ ਨਵੀਂ ਸੋਚ ਨਾਲ ਦੁਨੀਆਂ ਦੇ ਨਾਲ ਪੈਰ ਮੇਲਕੇ ਤੁਰਨ ਵਿੱਚ ਅਗਵਾਈ ਦੇਵੇਗਾ। ਲੋਕਰੋਹ ਦਾ ਨਜਾਇਜ ਫਾਇਦਾ ਕੱਚ ਘਰੜ ਆਗੂਆਂ ਨੂੰ ਆਗੂ ਬਣਾਕਿ ਕਦਾ ਚਿੱਤ ਵੀ ਨਹੀਂ ਦਿੱਤਾ ਜਾਣਾਂ ਚਾਹੀਦਾ । ਪੰਜਾਬ ਦੇ ਬੁਧੀਜੀਵੀ ਵਰਗ ਅਤੇ ਸਿਆਣੇ ਲੋਕਾਂ ਨੂੰ ਵਕਤ ਦੀ ਲਹਿਰ ਵਿੱਚ ਰੁੜਨ ਦੀ ਬਜਾਇ ਲੋਕਾਂ ਦੀ ਸੋਚ ਨੂੰ ਸਹੀ ਰੁੱਖ ਦੇਣ ਵਿੱਚ ਯੋਗਦਾਨ ਪਾਉਣ ਵੱਲ ਕੋਸਿਸ ਕਰਨੀ ਚਾਹੀਦੀ ਹੈ। ਪੰਜਾਬ ਦੇ ਵਰਤਮਾਨ ਆਰਥਿਕ ਹਾਲਾਤ ਦਿਵਾਲੀਆ ਹੋਣ ਵੱਲ ਜਾ ਰਹੇ ਹਨ ਕਿਉਂਕਿ ਪੰਜਾਬ ਦੇ ਬਜਟ ਵਿੱਚ ਵਿਕਾਸ ਲਈ ਸਬਸਿਡੀਆਂ ,ਤਨਖਾਹਾਂ ਅਤੇ ਕਰਜੇ ਦੇ ਵਿਆਜ ਦੇਣ ਤੋਂ ਬਿਨਾਂ ਕੁੱਝ ਵੀ ਨਹੀਂ ਬਚਦਾ ਬਲਕਿ ਇਹਨਾਂ ਖਰਚਿਆਂ ਨੂੰ ਹੀ ਪੂਰਾ ਕਰਨ ਲਈ ਪਰਾਪਰਟੀ ਟੈਕਸ ਤੱਕ ਲਾਕੇ ਘਰਾਂ ਨੂੰ ਵੀ ਕਰਾਏ ਦੇ ਬਣਾ ਦਿੱਤਾ ਗਿਆ ਹੈ। ਹਰ ਆਮ ਘਰੇਲੂ ਲੋੜ ਤੱਕ ਦੀ ਵਸਤੂ ਤੇ ਭਾਰੀ ਟੈਕਸ ਲੱਗ ਚੁੱਕੇ ਹਨ । ਹਰ ਉਹ ਰਾਹ ਭਾਲਿਆ ਜਾ ਰਿਹਾ ਹੈ ਜਿਸ ਨਾਲ ਨਵੇਂ ਟੈਕਸ ਲਾਏ ਜਾ ਸਕਣ ਸਾਇਦ ਹੁਣ ਤਾਂ ਮੁਰਦਿਆਂ ਤੇ ਪੈਣ ਵਾਲੀ ਲੱਕੜ ਵੀ ਟੈਕਸ ਤੋਂ ਬਿਨਾਂ ਨਹੀਂ ਮਿਲ ਰਹੀ । ਪੰਜਾਬ ਦੀ ਹਰ ਉਹ ਸਰਕਾਰੀ ਜਾਇਦਾਦ ਵੇਚੀ ਜਾ ਰਹੀ ਹੈ ਜੋ ਆਗੂਆਂ ਦੇ ਨਜਰੀਂ ਪੈ ਜਾਂਦੀ ਹੈ । ਜਾਇਦਾਦਾਂ ਵੇਚਕੇ ਖਜਾਨੇ ਫਿਰ ਵੀ ਭਰੇ ਨਹੀਂ ਜਾ ਰਹੇ ਬਲਕਿ ਡੰਗ ਟਪਾਇਆ ਜਾ ਰਿਹਾ ਹੈ। ਇਹੋ ਜਿਹੇ ਹਾਲਤਾਂ ਦੇ ਵਿੱਚ ਜੇ ਫੇਰ ਕੱਚ ਘਰੜ ਲੋਕ ਆਗੂ ਬਣ ਗਏ ਤਦ ਪੰਜਾਬ ਸਦੀਆਂ ਤੱਕ ਪਿੱਛੇ ਪੈ ਜਾਵੇਗਾ । ਪੰਜਾਬ ਦੇ ਆਗੂ ਬਣਨ ਵਾਲੇ ਬੰਦੇ ਦੇ ਕੋਲ ਕੁਰਸੀ ਮੱਲਣ ਦੀ ਲਾਲਸਾ ਨਹੀਂ ਹੋਣੀ ਚਾਹੀਦੀ ਸਗੋਂ ਪੰਜਾਬ ਦੇ ਬਿਮਾਰ ਹਾਲਤਾਂ ਦੇ ਇਲਾਜ ਦੀ ਦਵਾਈ ਦਾ ਦਾਅਵਾ ਤੇ ਸਪੱਸਟ ਖਾਕਾ ਵੀ ਹੋਣਾਂ ਚਾਹੀਦਾ ਹੈ। ਲੋਕ ਰੋਹ ਦੀ ਲਹਿਰ ਤੇ ਕਿਸੇ ਕੱਚ ਘਰੜ ਪਾਰਟੀ ਦੇ ਨਾਂ ਤੇ ਕੱਚਘਰੜ ਆਗੂ ਦਾ ਪੰਜਾਬ ਦੀ ਵਾਗਡੋਰ ਸੰਭਾਲ ਲੈਣਾਂ ਅਤਿ ਖਤਰਨਾਕ ਹੋਵੇਗਾ । ਪੰਜਾਬ ਦੇ ਲੋਕਾਂ ਦੇ ਸੰਕੇਤ ਸਾਫ ਅਤੇ ਸਪੱਸਟ ਹਨ ਕਿ ਉਹ ਸਥਾਪਤ ਧਿਰਾਂ ਤੋਂ ਅੱਕ ਚੁੱਕੇ ਹਨ ਅਤੇ ਨਵੇਂ  ਆਗੂ ਦੀ ਮੰਗ ਕਰਦੇ ਹਨ ਜੋ ਪੰਜਾਬ ਅਤੇ ਪੰਜਾਬੀਆਂ ਦੀ ਮੰਝਧਾਰ ਵਿੱਚ ਫਸੀ ਬੇੜੀ ਨੂੰ ਕਿਨਾਰੇ ਲਾ ਸਕੇ ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ