Friday 27 February 2015

ਜੀਵਨਜਾਚ ਅਤੇ ਧਰਮ ਨੂੰ ਰਲਗੱਡ ਕਰਦੇ ਸਿਆਸਤਦਾਨ

                                ਧਰਮ ਕੀ ਹੁੰਦਾ ਹੈ। ਧਰਮ ਕਿਵੇਂ ਬਣਦਾ ਹੈ,ਕਿਉਂ ਬਣਦਾ ਹੈ,ਅਸਲੀ ਧਰਮ ਕਿਹੜਾ ਹੈ,ਨਕਲੀ ਧਰਮ ਕਿਵੇਂ ਖੜੇ ਕੀਤੇ ਜਾਂਦੇ ਹਨ ਆਦਿ ਅਨੇਕਾਂ ਪ੍ਰਸਨ ਹਰ ਸੂਝਵਾਨ ਮਨੁੱਖ ਦੇ ਮਨ ਵਿੱਚ ਖੜੇ ਹੁੰਦੇ ਰਹਿੰਦੇ ਹਨ।   ਇਸ ਧਰਤੀ ਉਪੋਰ ਵਸਣ ਵਾਲੇ ਲੋਕਾਂ ਵਿੱਚੋਂ ਆਪਾਂ ਜਦ ਭੀ ਕਿਸੇ ਨਾਲ ਗੱਲ ਕਰਾਂਗੇ ਤਾਂ ਹਰ ਇੱਕ ਦੇ ਦੋ ਧਰਮ ਬੋਲਣਗੇ ਪਹਿਲਾ ਨਿੱਜੀ ਜੋ ਉਸਦੀ ਜਮੀਰ ਦੇ ਵਿੱਚ ਕੁਦਰਤ ਵੱਲੋਂ ਟਿਕਾਇਆ ਜਾਂਦਾ ਹੈ ਇਸਦੇ ਅਨੁਸਾਰ ਹੀ ਉਸ ਵਿਅਕਤੀ ਦਾ ਆਚਰਣ ਹੁੰਦਾਂ ਹੈ ਜੋ ਚੰਗਾਂ ਜਾਂ ਮਾੜਾ ਕੁੱਝ ਵੀ ਹੋ ਸਕਦਾ ਹੈ। ਇਸ ਆਚਰਣ ਦੇ ਕਾਰਨ ਹੀ ਦੁਨੀਆਂ ਉਸਨੂੰ ਚੰਗੇ ਜਾਂ ਮਾੜੇ ਦਾ ਖਿਤਾਬ ਬਖਸਦੀ ਹੈ।  ਦੂਸਰਾ ਧਰਮ ਸਮਾਜਿਕ ਤੌਰ ਦੁਨੀਆਂ ਦੇ ਬਹੁਗਿਣਤੀ ਲੋਕਾਂ ਵਾਂਗ ਹਰ ਵਿਅਕਤੀ ਅਪਣਾਉਂਦਾਂ ਹੈ ਜੋ ਮਨੁੱਖ ਨੂੰ ਮਨੁੱਖਤਾ ਵਿੱਚ ਨਹੀਂ ਧੜੇ ਦਾ ਪ੍ਰਤੀਨਿੱਧ ਬਣਾ ਦਿੰਦਾਂ ਹੈ ।   ਆਮ ਤੌਰ ਤੇ ਸਮੁੱਚੇ ਸਮਾਜ ਵੱਲੋਂ ਅਤੇ ਰਾਜਸੱਤਾ ਵੱਲੋਂ ਹਰ ਵਿਅਕਤੀ ਤੇ  ਉਸਦੇ ਦਿਮਾਗ ਵਿੱਚ ਦੁਨੀਆਂ ਦੇ ਹਿੰਦੂ ਮੁਸਲਮਾਨ, ਸਿੱਖ ਇਸਾਈ ਆਦਿ ਕਿਸੇ ਇੱਕ ਜੀਵਨਜਾਚ ਦਾ ਧਰਮੀ ਹੋਣ ਦਾ ਲੇਵਲ ਥੋਪਿਆ ਹੁੰਦਾਹੈ। ਰਾਜਸੱਤਾ ਦੀ ਸਿਆਸਤ ਵਿੱਚ ਰਾਜਨੀਤਕਾਂ ਦੁਆਰਾ ਸਮਾਜ ਵੱਲੋਂ ਖੜੇ ਕੀਤੇ ਧਰਮ ਰਾਜਸੱਤਾ ਦੀ ਪੁਸਤਪਨਾਹੀ ਵਿੱਚ ਵੱਧਦੇ ਫੁੱਲਦੇ ਹਨ। ਜਦਕਿ ਨਿੱਜੀ ਧਰਮ ਹਰ ਮਨੁੱਖ ਦੀ ਜਮੀਰ ਅਨੁਸਾਰ ਵਿਕਾਸ ਕਰਦਾ ਹੈ।
       ਆਉ ਪਹਿਲਾਂ ਹਰ ਵਿਅਕਤੀ ਦੇ ਨਿੱਜੀ ਧਰਮ ਦੀ ਗੱਲ ਕਰੀਏ। ਮਨੁੱਖ ਸਮਾਜ ਵਿੱਚ ਰਹਿੰਦਾ ਹੋਇਆ ਆਪਣੇ ਆਚਰਣ ਦੀ ਉਸਾਰੀ ਲਗਾਤਰ ਕਰਦਾ ਰਹਿੰਦਾ ਹੈ। ਸਮਾਜ ਵਿੱਚ ਲੋੜਾਂ ਅਨੁਸਾਰ ਨਿਯਮ ਬਣਦੇ ਰਹਿੰਦੇ ਹਨ ਜਿੰਨਾਂ ਦੀ ਪਾਲਣਾ ਉਹ ਆਪਣੇ ਨਿੱਜੀ ਕੁਦਰਤੀ ਧਰਮ ਅਨੁਸਾਰ ਕਰਦਾ ਹੈ । ਕੁਦਰਤ ਦੀ ਦਿੱਤੀ ਹੋਈ ਦਿਮਾਗੀ ਤਾਕਤ ਅਨੁਸਾਰ ਕੋਈ ਮਨੁੱਖ ਸਮਾਜਿਕ ਰਿਸਤੇ ਸਮਾਜ ਦੀ ਮੰਗ ਅਨੁਸਾਰ ਨਿਭਾਉਂਦਾ ਹੈ ਜਿਵੇਂ ਭੈਣ ਨੂੰ ਭੈਣ ਸਮਝਣਾ ਭਰਜਾਈ ਨਹੀਂ ਬਾਪ ਨੂੰ ਬਾਪ ਸਮਝਣਾ ਸਹੁਰਾ ਨਹੀਂ ਆਦਿ ਕਿਸੇ ਭੀ ਰਿਸਤੇ ਦੀ ਮਰਿਆਦਾ ਦਾ ਉਲੰਘਣ ਕਰਨਾਂ ਉਸ ਲਈ ਧਰਮ ਡੋਲ ਜਾਣ ਦੇ ਬਰਾਬਰ ਹੁੰਦਾਹੈ । ਸਿੱਖੀ ਜੀਵਨ ਜਾਚ ਵਿੱਚ ਸਾਲੇਹਾਰ ਭੈਣ ਬਰਾਬਰ ਮੰਨੀ ਜਾਂਦੀ ਹੈ, ਜਦੋਂਕਿ ਹਿੰਦੂ ਜੀਵਨ ਜਾਚ ਵਿੱਚ ਨਹੀਂ । ਹਿੰਦੂ ਸਿੱਖ ਜੀਵਨ ਜਾਚ ਮਾਂ ਬਾਪ ਦੇ ਗੋਤ ਤੱਕ ਵਿੱਚ ਵਿਆਹ ਨਹੀਂ ਕਰਦੀ ਆਪਣੇ ਬੱਚਿਆ ਦਾ ਜਦੋਂਕਿ ਇਸਲਾਮੀ ਜੀਵਨ ਜਾਚ ਆਪਣੇ ਗੋਤਾਂ ਅਤੇ ਰਿਸਤਿਆਂ ਵਿੱਚ ਹੀ ਇਹ ਸਭ ਮਨਜੂਰ ਕਰਦੀ ਹੈ।  ਸਮਾਜ ਵਿੱਚ ਕੋਈ ਠੱਗੀ ਚੋਰੀ ਨਹੀਂ ਕਰਨੀਂ,ਕਿਸੇ ਦਾ ਹੱਕ ਨਹੀਂ ਮਾਰਨਾ,ਕਿਰਤ ਕਰਕੇ ਆਪਣੀ ਜਿੰਦਗੀ ਦਾ ਨਿਰਭਾ ਕਰਨਾਂ,ਦੁਖੀਆਂ ਦੀ ਮੱਦਦ ਕਰਨਾਂ ,ਲੋੜਵੰਦਾਂ ਦੀ ਸਹਾਇਤਾ ਕਰਨਾਂ ਆਦਿ। ਸਮਾਜ ਵਿੱਚ ਇੱਕ ਤਬਕਾ ਇਹੋ ਜਿਹਾ ਭੀ ਹੁੰਦਾ ਹੈ ਜੋ ਚੋਰੀ ਕਰਕੇ ਹੀ ਕਮਾਉਦਾ ਹੈ,ਕਤਲ ਕਰਕੇ ਖੁਸ਼ ਹੁੰਦਾ ਹੈ, ਲਾਲਚਾਂ ਵਿੱਚ ਆਕੇ ਦੂਸਰਿਆਂ ਦੇ ਹੱਕ ਮਾਰਕੇ ਖਾਦਾ ਹੈ, ਪਸੂ ਬਿਰਤੀ ਵਿੱਚ ਜਿਉਂਦਾ ਹੈ, ਕੋਈ ਪਛਤਾਵਾ ਨਹੀਂ ਹੁੰਦਾ । ਇਸ ਤਰਾਂ ਦੇ ਲੋਕਾਂ ਨੂੰ ਕਿਉਂ ਕਿ ਉਸਦੀ ਜਮੀਰ ਪਸੂਆਂ ਵਾਲੀ ਹੀ ਹੁੰਦੀ ਹੈ।ਸੋ ਇਸ ਤਰਾਂ ਦੇ ਲੋਕ ਆਪਣੇ ਆਚਰਣ ਅਨੁਸਾਰ ਪਸ਼ੂ ਬਿਰਤੀਆਂ ਹੀ ਲਈ ਫਿਰਦੇ ਹੁੰਦੇ ਹਨ ਕੁਦਰਤ ਅਨੁਸਾਰ ਉਹਨਾਂ ਦੇ ਵਿਕਾਸ ਨੇ ਹਾਲੇ ਲੰਮਾ ਸਫਰ ਤੈਅ ਕਰਨਾਂ ਹੁੰਦਾ ਹੈ । ਇਨਸਾਨੀ ਸਮਾਜਿਕ ਸੋਚ ਹਾਲੇ ਵਿਕਸਿਤ ਨਹੀ ਹੋਈ ਹੁੰਦੀ ਅਤੇ ਉਹਨਾਂ ਦੀ ਕੁਦਰਤੀ ਤਾਕਤ ਅਨੁਸਾਰ ਇਹ ਕੰਮ ਉਹਨਾਂ ਦਾ ਨਿੱਜੀ ਧਰਮ ਹੀ ਹੁੰਦਾ ਹੈ। ਸਿਆਣੇ ਲੋਕ ਹਮੇਸਾਂ ਧਰਮ ਨੂੰ ਇਸ ਲਈ ਨਿੱਜੀ ਮਸਲਾ ਸਮਝਦੇ ਹਨ । ਅਸਲੀ ਧਰਮ ਮਨੁੱਖ ਦੇ ਨਿੱਜੀ ਆਚਰਣ ਵਿੱਚ ਹੀ ਵੱਸਦਾ ਹੁੰਦਾ ਹੈ। ਸਿਆਣਾ ਮਨੁੱਖ ਦੂਸਰਿਆਂ ਦੇ ਧਰਮ ਦੀ ਪਛਾਣ ਨਿੱਜੀ ਆਚਰਣ ਤੋਂ ਹੀ ਕਰਦਾ ਹੈ,ਸਮਾਜਿਕ ਧਰਮ ਤੋਂ ਨਹੀਂ।
             ਆਉ ਸਮਾਜਿਕ ਧਰਮ ਨੂੰ ਵਿਚਾਰੀਏ ਜਿੰਨਾਂ ਵਿੱਚ ਦੁਨੀਆਂ ਦੇ ਵੱਡੇ ਧਰਮ ਹਨ ਇਸਾਈ ਮੱਤ,ਇਸਲਾਮ ਮੱਤ ,ਹਿੰਦੂ,ਕੰਮਿਊਨਿਸਟ,ਚਾਰ ਸਭ ਤੋਂ ਵੱਡੇ ਮੱਤ ਹਨ ਜੋ ਧਰਮ ਦੇ ਤੌਰ ਤੇ ਰਾਜਨੀਤੀ ਨੇ ਵਿਕਸਿਤ ਕੀਤੇ ਹਨ ਜੀਵਨ ਜਾਚ ਦੇ ਫਲਸਫੇ ਨੂੰ ਆਪਣੇ ਹਿੱਤਾਂ ਅਨੁਸਾਰ ਵਿਗਾੜ ਕੇ।  ਛੋਟੇ ਧਰਮ ਜਾਂ ਮੱਤ ਹਨ ਸਿੱਖ,ਜੈਨ ,ਯਹੂਦੀ,ਬੋਧੀ,ਅਤੇ ਹੋਰ ਅਣਗਿਣਤ। ਜਦ ਭੀ ਅਸੀ ਇਹਨਾਂ ਦੇ ਸੁਰੂਆਤੀ ਸਮੇਂ ਤੇ ਝਾਤ ਮਾਂਰਾਂਗੇ ਤਦ ਇਹਨਾਂ ਦਾ ਬਹੁਤ ਹੀ ਸੁੰਦਰ ਰੂਪ ਸਾਹਮਣੇ ਆਉਦਾ ਹੈ ਕਿਉਂਕਿ ਇਹ ਸਾਰੇ ਧਰਮ ਅਸਲ ਵਿੱਚ ਜੀਵਨਜਾਚਾਂ ਸਨ। ਇਹ ਵਿਸੇਸ ਇਲਾਕਿਆਂ ਵਿੱਚ ਵਿਸੇਸ ਪ੍ਰਸਥਿਤੀਆਂ ਵਿੱਚ ਲੋੜਾਂ ਅਨੁਸਾਰ ਪੈਦਾ ਹੋਈਆਂ ਸਨ। ਜਿਸ ਤਰਾਂ ਅਰਬ ਦੇ ਪਾਣੀਉਂ ਅਤੇ ਬਨਸਪਤੀ ਤੌਂ ਵਾਂਝੇ ਇਲਾਕੇ ਵਿੱਚ ਇਸਲਾਮ ਦੀ ਵਿਚਾਰਧਾਰਾ ਨੇ ਜਨਮ ਲਿਆ ਜੋ ਮੈਦਾਨੀ ਇਲਾਕਿਆਂ ਵਿੱਚ ਨਹੀਂ ਪਣਪ ਸਕਦੀ। ਠੰਡੇ ਇਲਾਕਿਆਂ ਵਿੱਚ ਪੈਦਾ ਹੋਈ ਇਸਾਈ ਵਿਚਾਰਧਾਰਾ ਨੂੰ ਗਰਮ ਮਾਰੂਥਲ਼ਾਂ ਵਿੱਚ ਵਧਣਾ ਔਖਾ ਹੈ। ਕੁਦਰਤ ਦੇ ਮੂਲ਼ ਨਾਲ ਮਿਲ ਕੇ ਚਲਣ ਵਾਲੀ ਗਿਆਨ ਭਰਭੂਰ ਹਿੰਦੂ ਵਿਚਾਰਧਾਰਾ ਮਸੀਨੀ ਯੁੱਗ ਵਿੱਚ ਹਾਰਨ ਲੱਗ ਜਾਂਦੀ ਹੈ। ਤਰਕ ਵਾਲੀ ਬੋਧੀ ਵਿਚਾਰਧਾਰਾ ਕੁਦਰਤੀ ਕਹਿਰਾਂ ਵਿੱਚ ਦਮ ਤੋੜ ਜਾਂਦੀ ਹੈ। ਆਪੋ ਆਪਣੇ ਇਲਾਕਿਆਂ ਨੂੰ ਛੱਡਕੇ ਜਦ ਇਹਨਾਂ ਨੂੰ ਦੂਜੇ ਇਲਾਕਿਆਂ ਵਿੱਚ ਰਾਜਸੱਤਾ ਦੇ ਜੋਰ ਨਾਲ ਬੇਸਮਝ ਰਾਜਨੀਤਕਾਂ ਵੱਲੋਂ ਲਾਗੂ ਕੀਤਾ ਜਾਂਦਾ ਹੈ ਤਦ ਇਹਨਾਂ ਦੇ ਕਾਰਨ ਹੀ ਦੁਨੀਆਂ ਨੇ ਬਹੁਤ ਵੱਡੇ ਦੁਖਾਂਤ ਝੱਲੇ ਹਨ। ਦੁਨੀਆਂ ਉਪਰ ਰਾਜ ਸੱਤਾ ਨਾਲ ਲਾਗੂ ਕੀਤੀ ਜਾਣ ਵਾਲੀ ਬਰਾਬਰ ਵੰਡ ਅਧਾਰਤ ਕੰਮਿਊਨਿਸਟ ਵਿਚਾਰਧਾਰਾ ਭੀ ,ਮਸੀਨੀ ਯੁੱਗ ਜੋ ਕਾਣੀ ਵੰਡ ਅਨੁਸਾਰ ਹੀ ਚੱਲ ਸਕਦਾ ਹੈ ਦੇ ਸਾਹਮਣੇ ਦਮ ਤੋੜ ਗਈ ਹੈ। ਉਪਰੋਕਤ ਵਰਣਨ ਕੀਤੀਆਂ ਗਈਆਂ ਜੀਵਨ ਜਾਚਾਂ ਨੂੰ ਰਾਜਸੱਤਾ ਨੇ ਆਪਣੇ ਹਿੱਤਾਂ ਲਈ ਧਰਮਾਂ ਦਾ ਰੂਪ ਦਿੱਤਾ ਜਿਸ ਨਾਲ ਸਮਾਜ ਨੂੰ ਦੁਖਾਂਤ ਝੱਲਣੇ ਪਏ। ਨਿੱਜੀ ਆਚਰਣ ਨੂੰ ਵਧੀਆ ਬਣਾਉਣ ਵਾਲੀਆਂ ਇਹਨਾਂ ਸੋਚਾਂ ਨੂੰ ਜਦ ਮੂਰਖ ਅਤੇ ਸਵਾਰਥ ਰਾਜਿਆਂ ਅਤੇ ਰਾਜਨੀਤਕਾਂ ਨੇ ਸਮਾਜਿਕ ਸੰਗਠਨ ਬਣਾ ਕਿ ਪਾੜੋ ਤੇ ਰਾਜ ਕਰੋ ਦਾ ਫਾਰਮੂਲਾ ਲਾਗੂ ਕੀਤਾ ਜਿਸ ਨਾਲ ਸਮੇਂ 2 ਅਨੁਸਾਰ ਇਹਨਾਂ ਜੀਵਨਜਾਚਾਂ ਵਿੱਚ ਆਪਣੇ ਹਿੱਤਾਂ ਅਨੁਸਾਰ ਹੁਕਮਨਾਮੇ ਲਾਗੂ ਕਰਵਾਕੇ ਇਹਨਾਂ ਦੇ ਮੂਲ ਆਦਰਸਾਂ ਨੂੰ ਬਦਲ ਦਿੱਤਾ। ਜੀਵਨ ਜਾਚਾਂ ਦੇ ਮੂਲ ਸਿਧਾਤ ਔਰੰਗਜੇਬ ,ਨੀਰੋ, ਬਾਬਰ,ਮੱਸਾ ਰੰਗੜ ਬਣਕੇ ਨਹੀਂ ਸਗੋਂ ਗੁਰੂ ਤੇਗ ਬਹਾਦਰ,ਈਸਾ ਮਸੀਹ,ਮੁਹਮੰਦ ਸਾਹਿਬ, ਲੈਨਿਨ ਬਣਕੇ ਕੁਰਬਾਨੀ ਦੇਣੀ ਪੈਦੀ ਹੈ ਫਿਰ ਲਾਗੂ ਹੁੰਦੇ ਹਨ। ਉਪਰੋਕਤ ਸਭ ਧਰਮ ਸਿਧਾਂਤਾ ਦਾ ਮੂਲ ਸਮਾਜ ਨੂੰ ਚੰਗਾ ਬਣਾਉਣਾ ਹੈ ਜਦਕਿ ਸਵਾਰਥੀ ਰਾਜਸੱਤਾ ਦਾ ਮੂਲ਼ ਨਿੱਜੀ ਹਉਮੈਂ ਅਨੁਸਾਰ ਸਮਾਜ ਨੂੰ ਬਦਲਣਾ ਹੁੰਦਾ ਹੈ। ਧਰਮੀ ਰਾਜਾ ਰਾਜ ਕਰੈ ਪਰਜਾ ਸੁਖੀ ਵਸੈ ਸਿਰਫ ਕਿਸੇ ਚੰਗੇ ਮਨੁੱਖ ਦੇ ਰਾਜਗੱਦੀ ਉਪਰ ਬੈਠਣ ਨਾਲ ਹੀ ਹੋ ਸਕਦਾ ਹੈ । ਪਾਪੀ ਜਾਂ ਸਵਾਰਥੀ ਮਨੁੱਖ ਜਦ ਰਾਜਗੱਦੀ ਉਪਰ ਬੈਠਦਾ ਹੈ ਤਦ ਪਰਜਾ ਦੁੱਖ ਪਾਉਂਦੀ ਹੈ। ਕਹਿਣ ਨੂੰ ਤਾਂ ਭਾਵੇਂ ਹਰ ਰਾਜਗੱਦੀ ਦਾ ਮਾਲਕ ਹਰ ਰਾਜਾ ਧਾਰਮਿਕ ਚੋਗਾ ਪਹਿਨਦਾ ਹੈ ਪਰ ਧਰਮੀ ਮਨੁੱਖ ਦੀ ਪਛਾਣ ਆਚਰਣ ਤੋਂ ਹੁੰਦੀ ਹੈ। ਅੱਜ ਦੀ ਹਰ ਰਾਜਸੱਤਾ ਔਰੰਗਜੇਬ ਹੋਵੇ ਜਾਂ ਰਣਜੀਤ ਸਿੰਘ ਜਾਂ ਗੋਰੇ ਅੰਗਰੇਜ ਜਾਂ ਕਾਲੇ ਅੰਗਰੇਜ ਆਦਿ ਬਹੁਤਿਆਂ ਨੇ ਧਰਮ ਦੇ ਨਾਂ ਥੱਲੇ ਆਪਣੇ ਧਰਮ ਦੀਆਂ ਜੀਵਨਜਾਚਾਂ ਨੂੰ ਤੋੜ ਮਰੋੜ ਕੇ ਰੱਖ ਦਿੱਤਾ। ਅੱਜ ਸਾਰੀਆਂ ਵਧੀਆ ਜੀਵਨ ਜਾਚਾਂ ਜੋ ਧਰਮ ਦਾ ਰੂਪ ਧਾਰ ਗਈਆਂ ਹਨ ਦੇ ਮੂਲ ਸਰੂਪਾਂ ਨੂੰ ਰਾਜਸੱਤਾਵਾਂ ਨੇ ਦੁਨੀਆਂ ਨੂੰ ਪਾੜਨ ਵਾਲਾ ਹਥਿਆਰ ਬਣਾ ਦਿੱਤਾ  ਹੈ। ਪਾੜੋ ਤੇ ਰਾਜ ਕਰੋ ਅਨੁਸਾਰ ਜੀਵਨਜਾਚ  ਦਾ ਧਰਮ ਬਣਾ ਕੇ ਤਾਕਤ ਦੇ ਜੋਰ ਤੇ ਉੱਥੇ ਲਾਗੂ ਕੀਤਾ ਗਿਆ ਜਿੱਥੇ ਇਹ ਲਾਗੂ ਨਹੀਂ ਹੋ ਸਕਦੀਆਂ ।
                   ਜਦ ਤੱਕ ਮਨੁੱਖ ਇਹਨਾਂ ਫਲਸਫਿਆਂ ਨੂੰ ਜੀਵਨਜਾਚ ਬਣਾਉਣ ਦੀ ਥਾਂ ਧਰਮ ਬਣਾਉਂਦਾ ਰਹੇਗਾ ਇਹ ਵਿਨਾਸ ਦਾ ਕਾਰਨ ਬਣਦੀਆਂ ਰਹਿਣਗੀਆਂ। ਇਸਲਾਮ ਗੁਰੂ ਰੋਟੀ ਖਾਣ ਤੋਂ ਪਹਿਲਾਂ ਗੁਆਂਢ ਦੇ ਸੱਤ ਘਰ ਦੇਖਣ ਨੁੰ ਕਹਿੰਦਾ ਹੈ ਕਿ ਕੋਈ ਹੋਰ ਭੁੱਖ ਤਾਂ ਨਹੀਂ ਬੈਠਾ । ਗੁਆਂਢ ਵਿੱਚ ਆਪ ਤੋਂ ਪਹਿਲਾਂ ਦੂਜੇ ਭੁੱਖੇ ਨੂੰ ਰਜਾਉਣ ਦੀ ਸੋਚ ਵਾਲਾ ਫਲਸਫਾ ਕਿਵੇਂ  ਦੁਜੇ ਨੂੰ ਮਾਰਨ ਨੂੰ ਕਹਿ ਸਕਦਾ ਹੈ। ਹਿੰਦੂ ਜਵਿਨ ਜਾਚ ਤਾਂ ਨਿਰਜੀਵ ਪਰਾਂਣੀਆਂ ਵਿੱਚ ਭੀ ਰੱਬ ਦੇਖਦੀ ਹੈ ਕਿਵੇਂ ਕਤਲ ਕਰੇਗੀ। ਸਿੱਖ ਜੀਵਨ ਜਾਚ ਨਿਉਟਿਆ ਦੀ ਉਟ ,ਨਿਮਾਣਿਆਂ ਦਾ ਮਾਣ,ਮਜਲੂਮ ਦੀ ਮੱਦਦ ਵਿੱਚ ਮਰ ਜਾਣਾ ਬੇਹਤਰ ਮੰਨਦੀ ਹੈ ਫਿਰ ਨਫਰਤ ਕਿਉ ਕਰੇਗੀ , ਇਸਾਈ ਜੀਵਨ ਜਾਚ ਸੂਲੀ ਉੱਪਰ ਚੜਾਉਣ ਵਾਲਿਆਂ ਤੇ ਭੀ ਤਰਸ ਕਰਦੀ ਹੈ,ਫਿਰ ਲੜਾਈ ਕਿਉਂ। ਜਦੋਂ ਹੀ ਇਹ ਫਲਸਫੇ ਸਵਾਰਥੀ ਰਾਜਿਆਂ,ਜਾਂ ਸਵਾਰਥੀ ਲੋਕਾਂ ਦੇ ਹੱਥ ਚਲੇ ਗਏ ਤਦ ਹੀ ਇਹਨਾਂ ਫਲਸਫਿਆਂ ਨੂੰ ਮੰਨਣ ਵਾਲੇ ਸਮੂਹਕ ਲੋਕਾਂ ਦੇ ਧੜੇ, ਪਾਰਟੀ ਵਾਂਗ ਬਣਾ ਦਿੱਤਾ ਜਾਂਦਾ ਹੈ। ਕਿਸੇ ਵੀ ਧੜੇ ਵਿੱਚ ਸਮੁੱਚੇ ਲੋਕ ਇੱਕੋ ਜਿਹੇ ਨਹੀਂ ਹੋ ਸਕਦੇ। ਸੋ ਧਰਮ ਰੂਪੀ ਇੰਹਨਾਂ ਧੜਿਆ ਵਿੱਚ ਚੰਗੇ ਅਤੇ ਮੰਦੇ ਆਚਰਣ ਵਾਲੇ ਵੱਖ ਵੱਖ ਤਰਾਂ ਦੇ ਲੋਕ ਹੁੰਦੇ ਹਨਅਤੇ ਇੰਹਨਾਂ ਚੰਗੇ ਮਾੜੇ ਲੋਕਾਂ ਕਾਰਨ ਹੀ ਇਹ ਧਰਮ ਚੰਗੇ ਮਾੜੇ ਬਣਦੇ ਰਹਿੰਦੇ ਹਨ। ਜਦ ਇਹ ਫਲਸਫੇ ਚੰਗੇ ਲੋਕਾਂ ਕੋਲ ਹੁੰਦੇ ਹਨ ਇਹ ਸਮਾਜ ਨੂੰ ਨਿਯਮ ਬੱਧ ਕਰਕੇ ਚੰਗੇ ਆਚਰਣ ਦੀ ਉਸਾਰੀ ਵੱਲ ਤੋਰਨ ਵਾਲੇ ਬਣ ਜਾਂਦੇ ਹਨ। ਜਦ ਇਹ ਸਆਸਤਦਾਨਾਂ ਦੇ ਕੰਟਰੋਲ ਵਿੱਚ ਹੋ ਜਾਂਦੇ ਹਨ ਤਦ ਹੀ ਇਹਨਾਂ ਦੇ ਕਾਰਨ ਲੋਕ ਪਾੜੋ ਤੇ  ਰਾਜ ਕਰੋ ਦੀ ਨੀਤੀ ਦਾ ਸਿਕਾਰ ਹੋਕੇ ਲੋਕ ਨੂੰ ਲੜਾਉਣ ਵੱਲ ਲੈ ਜਾਂਦੇ ਹਨ। ਕਾਸ ਦੁਨੀਆਂ ਦੀਆਂ ਇਹ ਆਪੋ ਆਪਣੇ ਮੂਲ ਇਲਾਕਿਆਂ ਵਿੱਚ ਜਨਮੀਆਂ ਇਹ ਜੀਵਨਜਾਚਾਂ ਧਰਮ ਵਾਂਗ ਮੰਨੀਆਂ ਭਾਵੇਂ ਜਾਣ ਪਰ ਕੱਟੜਤਾ ਅਤੇ ਰਾਜਸੱਤਾ ਦੇ ਹਥਿਆਰ ਨਾਲ ਕਤਲ ਨਾਂ ਕਰੀਆਂ ਜਾਣ ।
            ਦੁਨੀਆਂ ਦੇ ਕਿਸੇ ਵੀ ਪੈਗੰਬਰ, ਸੰਤ ਜਾਂ ਫਕੀਰ ਨੇ ਕਦੇ ਵੀ ਕਿਸੇ ਧਰਮ ਦੀ ਨੀਂਹ ਨਹੀ ਰੱਖੀ ਸਗੋਂ ਹਰ ਇੱਕ ਨੇ ਸਮਾਜ ਨੂੰ ਗਿਆਨ ਵੰਡਣ ਦੀ ਕੋਸਿਸ ਜਰੂਰ ਕੀਤੀ ਹੈ। ਹਰ ਅਵਤਾਰੀ ਪੁਰਸ਼ ਨੇ ਸਮਾਜ ਨੂੰ ਅਸੂਲਾਂ ਅਤੇ ਵਧੀਆਂ ਆਚਰਣ ਵਾਲੇ ਬਣਨ ਦੀ ਸਿੱਖਿਆ ਦਿੱਤੀ ਹੈ। ਕਿਸੇ ਵੀ ਮਹਾਨ ਮਨੁੱਖ ਨੇ  ਦੁਨੀਆਂ ਅਤੇ ਸਮਾਜ ਨੂੰ ਤੋੜਨ ਦੀ ਨਹੀਂ ਜੋੜਨ ਦੀ ਕੋਸਿਸ ਜਰੂਰ ਕੀਤੀ ਹੈ। ਧੜਿਆਂ ਵਾਲੇ ਧਰਮਾਂ ਦੀ ਨੀਂਹ ਸਦਾ ਸਿਆਸਤਦਾਨਾਂ ਜਾਂ ਵਪਾਰੀ ਕਿਸਮ ਦੇ ਅਗਿਆਨੀ ਜਾਂ ਬੇਈਮਾਨ ਲੋਕਾਂ ਨੇ ਰੱਖੀ ਹੈ। ਸਿਆਸਤਦਾਨ ਸਦਾ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ ਹਿੱਤਾਂ ਲਈ ਵਰਤਦੇ ਹਨ ਅਗਆਨੀ ਲੋਕ ਗੁੰਮਰਾਹ ਹੋ ਜਾਂਦੇ ਹਨ ਗਿਆਨਵਾਨ ਮਨੁੱਖ ਕਦੇ ਗੁੰਮਰਾਹ ਨਹੀ ਹੁੰਦਾਂ। ਭਗਤ ਕਬੀਰ ਜੀ ਦਾ ਇਹ ਬਚਨ ਧਰਮ ਦੀ ਅਸਲੀ ਪਰੀਭਾਸ਼ਾ ਹੈ ਕਿ ਜਹਾਂ ਗਿਆਨ ਤਹਾਂ ਧਰਮ ਜਹਾਂ ਝੂਠ ਤਹਾਂ ਪਾਪ ਅਤੇ ਭਗਤ ਨਾਮਦੇਵ ਜੀ ਵੱਲੋਂ ਲਖੇ ਇੱਕ ਸਲੋਕ ਵਿੱਚ ਤਾਂ ਧੜਿਆਂ ਵਾਲੇ ਧਰਮ ਵਿੱਚ ਖੜੇ ਲੋਕਾਂ ਨੂੰ ਅੰਨੇ ਅਤੇ ਕਾਣੇ ਹੋਣ ਦਾ ਲਕਬ ਬਖਸਦਾ ਹੈ ਅਤੇ ਗਿਆਨਵਾਨ ਬੰਦੇ ਨੂੰ ਸਿਆਣਾ ਹੋਣ ਦਾ ਮਾਣ ਵੀ ਅਤੇ ਇਹ ਦੋਨੋਂ ਸਲੋਕ ਗੁਰੂ ਗਰੰਥ ਵਿੱਚ ਦਰਜ ਹਨ। ਅਸਲ ਵਿੱਚ ਸਾਡਾ ਇਨਸਾਨ ਹੋਕੇ ਧਰਮੀ ਹੋਣ ਦਾ ਦਾਅਵਾ ਤਦ ਹੀ ਹੀ ਸਹੀ ਹੋ ਸਕਦਾ ਹੈ ਜਦ ਅਸੀਂ ਚੰਗੇ ਆਚਰਣ ਨਾਲ ਸਿੱਖਣ ਦੀ ਭਾਵਨਾਂ ਨਾਲ ਸਦਾ ਗਿਆਨ ਹਾਸਲ ਕਰਨ ਦੀ ਅਵੱਸਥਾ ਵਿੱਚ ਰਹਿੰਦਿਆਂ ਮਨੁੱਖਤਾ ਅਤੇ ਸਿ੍ਰਸਟੀ ਪ੍ਰਤੀ ਸਨਮਾਨ , ਇੱਜਤ ਦਾ ਭਾਵ ਰੱਖਦਿਆਂ ਬੁਰੇ ਕਰਮਾਂ ਤੋਂ ਦੂਰ ਰਹਿਣ ਦਾ ਯਤਨ ਕਰੀਏ।  ਇਨਸਾਨ ਤਦ ਹੀ ਧਰਮੀ ਹੋਣ ਦਾ ਦਅਵਾ ਕਰ ਸਕਦਾ ਹੈ ਜਦ ਉਸਦਾ ਆਚਰਣ ਵੀ ਚੰਗਾਂ ਹੋਵੇਗਾ। ਬੁਰੇ ਆਚਰਣ ਵਾਲੇ ਸਦਾ ਹੀ ਗੁੰਡਿਆ ,ਬੇ ...ਈਮਾਨਾਂ, ਬੇਦੀਨਿਆਂ ਦੇ ਲਕਬ ਹੀ ਹਾਸਲ ਕਰਦੇ ਹਨ।
ਗੁਰਚਰਨ ਸਿੰਘ ਪੱਖੋਕਲਾ ਫੋਨ 94177727245 ਪਤਾ ਪਿੰਡ ਪੱਖੋਕਲਾਂ ਜਿਲਾ ਬਰਨਾਲਾ (ਪੰਜਾਬ)

Wednesday 25 February 2015

ਅਨੁਭਵ ਰਹਿਤ ਗਿਆਨ ਵਿਹੂਣੇ ਪਰਚਾਰਕ ਅਤੇ ਧਾਰਮਿਕ ਫਲਸਫੇ

                          ਦੁਨੀਆਂ ਦੀ ਸਭ ਤੋਂ ਨਵੇਂ ਜਮਾਨੇ ਦੀ ਸਿੱਖ ਕੌਮ ਨਿਰਣਾ ਹੀ ਨਹੀਂ ਕਰ ਪਾ ਰਹੀ ਕਿ ਉਸਦਾ ਗੁਰੂ ਕੌਣ ਹੈ। ਸਭ ਤੋਂ ਵੱਡੀ ਗੱਲ ਇਸ ਕੌਮ ਦੇ ਪ੍ਰਚਾਰਕ ਹੀ ਸਪੱਸਟ ਅਤੇ ਇੱਕਮੱਤ ਨਹੀਂ ਹਨ। ਹਰ ਕੋਈ ਆਪੋ ਆਂਪਣੀ ਬੁੱਧੀ ਅਨੁਸਾਰ ਆਪੋ ਆਪਣੀ ਸੋਚ ਪ੍ਰਚਾਰੀ ਜਾ ਰਿਹਾ ਹੈ। ਸਿੱਖ ਫਲਸਫੇ ਨੂੰ ਪੈਦਾ ਕਰਨ ਵਾਲੇ ਅਨੇਕਾਂ ਸੰਤ ਹਨ। ਆਪੋ ਆਪਣੇ ਸਮਿਆਂ ਅਤੇ ਇਲਾਕਿਆਂ ਵਿੱਚ ਸਾਰੇ ਸੰਤ ਪੁਰਸਾਂ ਨੇ ਗੁਰੂ ਦੇ ਦਰਜੇ ਪ੍ਰਾਪਤ ਕੀਤੇ। ਅੱਜ ਦੇ ਸਿੱਖਾਂ ਨੁੰ ਇਸ ਗੱਲ ਤੇ ਹੀ ਲੜਾਇਆ ਜਾ ਰਿਹਾ ਹੈ ਕਿ ਕੌਣ ਗੁਰੂ ਹੈ,ਕੌਣ ਭਗਤ ਹੈ,ਕੌਣ ਸੂਫੀ ਸੰਤ ਹੈ। ਗੁਰੂ ਗਰੰਥ ਵਿੱਚ ਸਾਮਲ ਗੁਰਬਾਣੀ ਦੇ ਰਚਾਇਤਾਵਾਂ ਨੂੰ ਵੱਖ ਵੱਖ ਗੁਰੂ ,ਸੰਤ, ਭਗਤ ਜਾਂ ਹਿੰਦੂ,ਮੁਸਲਮਾਨ ਆਦਿ ਵਿੱਚ ਕਿਉਂ ਵੰਡਿਆ ਜਾ ਰਿਹਾ ਹੈ। ਅੱਜ ਭੀ ਸਿੱਖ ਦਸ ਗੁਰੂ ਮੰਨੀ ਜਾ ਰਹੇ ਹਨ। ਜਦਕਿ ਗੁਰੂ ਗੋਬਿੰਦ ਸਿੰਘ ਵੱਲੋਂ ਗੁਰੂ ਦਾ ਦਰਜਾ ਗਰੰਥ ਸਾਹਿਬ ਨੂੰ ਦੇਣ ਤੋਂ ਬਾਅਦ ਇਕੋ ਗੁਰੂ ਮੰਨਿਆ ਜਾਣਾ ਚਾਹੀਦਾ ਹੈ ਗੁਰੂ ਗਰੰਥ ਸਾਹਿਬ। ਦਸਾਂ ਗੁਰੂਆਂ ਦੀ ਸੋਚ ਛੇ ਗੁਰੂਆਂ ਦੀਆਂ ਲਿਖਤਾਂ ਭਾਵ ਗੁਰਬਾਣੀ ਵਿੱਚ ਸਮੋਈ ਹੋਈ ਹੈ,। ਛੇ ਗੁਰੂਆਂ ਦੀ ਬਾਣੀ ਤੋਂ ਬਿਨਾਂ ਬਾਕੀ ਹੋਰ ਸਭ ਸੰਤ ,ਭਗਤਾਂ ਦੀ ਬਾਣੀ ਦੀ ਵਿਚਾਰਧਾਰਕ ਸੋਚ ਗੁਰੂਆਂ ਦੀ ਬਾਣੀ ਸਮਾਨ ਹੈ ਇਸ ਲਈ ਗੁਰੂ ਅਰਜਨ ਜੀ ਨੇ ਗੁਰੂ ਗਰੰਥ ਵਿੱਚ ਸਾਮਲ ਕੀਤਾ ਸੀ ਸੋ ਉਹ ਸਾਰੇ ਸੰਤ ,ਭਗਤ ਵੀ ਗੁਰੂ ਹਨ। ਗੁਰੂ ਗਰੰਥ ਸਾਹਿਬ ਵਿੱਚ ਸਾਮਲ ਸਾਰੇ ਲੇਖਕ ਮਹਾਂਪੁਰਸ਼ ਬਰਾਬਰ ਦਾ ਦਰਜਾ ਰੱਖਦੇ ਹਨ। ਸਿੱਖ ਕੌਮ ਦਾ ਗੁਰੂ ਮਨੁੱਖ ਨਹੀਂ ਵਿਚਾਰਧਾਰਾ ਹੈ। ਇਹ ਵਿਚਾਰਧਾਰਾ ਸਿਰਫ ਤੇ ਸਿਰਫ ਗੁਰੂ ਗਰੰਥ ਵਿੱਚ ਹੈ। ਗੁਰੂ ਗਰੰਥ ਨੂੰ ਗੁਰੂ ਕਿਵੇਂ ਮੰਨਣਾ ਹੈ ਇਹ ਭੀ ਇੱਕ ਤਰਾਂ ਨਹੀਂ ਕੀਤਾ ਜਾ ਰਿਹਾ । ਵੱਡੀ ਗਿਣਤੀ ਸਿਰ ਝੁਕਾ ਮੱਥਾ ਟੇਕਣ ਨੂੰ ਹੀ ਅਧਾਰ ਬਣਾਈ ਬੈਠੀ ਹੈ। ਅਸਲ ਵਿੱਚ ਅੱਖਰ ਗੁਰੂ ਰੂਪੀ ਗੁਰੂ ਗਰੰਥ ਸਾਹਿਬ ਨੂੰ ਪੜ ਅਤੇ ਸੁਣ ਕੇ ਹੀ ਸਮਝਿਆ ਜਾ ਸਕਦਾ ਹੈ। ਗੁਰਬਾਣੀ ਦੀ ਸਮਝ ਪੈਸੇ ਦੇਕੇ ਨਹੀਂ ਖਰੀਦੀ ਜਾ ਸਕਦੀ ਜੋ ਅੱਜਕਲ ਕਰਵਾਇਆ ਜਾ ਰਿਹਾ ਹੈ ਮਾਇਆਧਾਰੀਆਂ ਵੱਲੋਂ। ਪੜਨ ਅਤੇ ਸੁਣਨ ਤੋਂ ਬਾਅਦ ਮਨ ਵਿੱਚ ਭੈ ਰੱਖਣ ਨਾਲ ਹੀ ਗੁਰਬਾਣੀ ਸੁਖ ਦੇਣ ਵਾਲੀ ਬਣਦੀ ਹੈ। ਦੇਹਧਾਰੀ ਨੂੰ ਮੰਨਣਾ ਹੈ ਜਾਂ ਨਹੀਂ ਭੀ ਵਿਵਾਦ ਰੋਜਾਨਾ ਫਜੂਲ ਖੜਾ ਕੀਤਾ ਜਾ ਰਿਹਾ ਹੈ। ਗੁਰੂ ਗੋਬਿੰਦ ਸਿੰਘ ਦੇ ਨਾਂ ਤੇ ਦੇਹਧਾਰੀ  ਨੂੰ ਨਾਂ ਮੰਨਣ ਦੀ ਗੱਲ ਕੀਤੀ ਜਾਂਦੀ ਹੈ। ਇਸ ਬਾਰੇ ਫੈਸਲਾ ਗੁਰੂ ਰੂਪ ਗੁਰਬਾਣੀ ਵਿੱਚੋਂ ਲਿਆ ਜਾਣਾ ਚਾਹੀਦਾ ਹੈ ਨਾਂ ਕਿ ਗੁਰੂ ਗੋਬਿੰਦ ਸਿੰਘ ਦੇ ਨਾਂ ਥੱਲੇ ਮਨਮੱਤ  ਵਿੱਚੋਂ। ਗੁਰੂ ਮਨੁੱਖ ਦਾ ਸਿਰਫ ਇੱਕ ਹੀ ਹੁੰਦਾ ਹੈ ਜੋ ਸਿੱਖ ਲਈ ਸਿਰਫ ਗੁਰੂ ਗਰੰਥ ਹੀ ਹੈ ਜਾਂ ਸੱਚ ਹੀ ਗੁਰੂ ਹੁੰਦਾਂ ਹੈ ਸੱਚ ਹੀ ਖੁਦਾ ਹੁੰਦਾਂ ਹੈ ਸੱਚ ਹੀ ਸਭ ਦਾ ਖਸਮ ਹੁੰਦਾਂ ਹੈ, ਆਦਿ ਅਤੇ ਜੁਗਾਦਿ ਵਿੱਚ ਸੱਚ ਹੀ ਵਿਚਰਦਾ ਹੈ। ਗੁਰੂ ਗਰੰਥ ਦੀ ਵਿਚਾਰਧਾਰਾ ਸੱਤਪੁਰਖ ,ਸੰਤ ,ਸਾਧ,ਜਾਂ ਇਸ ਦਾ ਭਾਵ ਚੰਗੇ ਮਨੁੱਖ ਦਾ ਅਦਬ ਕਰਨ ਵੱਲ ਨੂੰ ਤੋਰਦੀ ਹੈ,ਰੋਕਦੀ ਨਹੀਂ। ਚੰਗੇ ਜਾਂ ਸੱਚੇ ਮਨੁੱਖ ਦੇ ਪੈਰਾਂ ਤੇ ਦਾੜੀ ਰੱਖਣ ਦੀ ਗੱਲ ਗੁਰਬਾਣੀ ਕਹਿੰਦੀ ਹੈ। ਗਰੀਬ ਉਪਰ ਖਿੱਝਣ ਵਾਲੀ ਦਾੜੀ ਨੂੰ ਸਾੜਨ ਦੀ ਗੱਲ ਭੀ ਗੁਰਬਾਣੀ ਹੀ ਕਰ ਸਕਦੀ ਹੈ। ਦੇਹਧਾਰੀ ਸਬਦ ਨੂੰ ਨਿੰਦਣ ਸਮੇਂ ਸਦਾ ਯਾਦ ਰੱਖਣਾ ਚਾਹੀਦਾ ਹੈ ਕਿ ਗੁਰਬਾਣੀ ਲਿਖਣ ਵਾਲੇ ਭੀ ਦੇਹਧਾਰੀ ਹੀ ਸਨ। ਇਸ ਤਰਾਂ ਹੀ ਸਾਧ ਅਤੇ ਸੰਤ ਸਬਦ ਨੂੰ ਜੋ ਆਦਰ ਗੁਰਬਾਣੀ ਦਿੰਦੀ ਹੈ ਅਸੀ ਕਿਉਂ ਨਹੀਂ ਦਿੰਦੇ ਕਿਉਂਕਿ ਅੱਜ ਦਾ ਮਨੁੱਖ ਗੁਰੂਆਂ ਤੋਂ ਵੱਡਾ ਜੋ ਹੋ ਗਿਆ ਹੈ। ਅਸੀਂ ਸਮਝ ਹੀ ਨਹੀਂ ਰਹੇ ਗੁਰਬਾਣੀ ਨੂੰ। ਆਪਣੀ ਮੱਤ ਗੁਰਬਾਣੀ ਉਪਰ ਥੋਪ ਰਹੇ ਹਾਂ। ਗੁਰਬਾਣੀ ਭੇਖਧਾਰੀ ਨੂੰ ਬਨਾਰਸ ਦਾ ਠੱਗ ਕਹਿੰਦੀ ਹੈ ਅਸਲੀ ਸਾਧ ਜਾਂ ਸੰਤ ਨੂੰ ਨਹੀਂ ਜਦੋਂਕਿ ਅੱਜ ਦਾ ਅਖੌਤੀ ਅਗਾਂਹਵਧੂ ਅਖਵਾਉਣ ਵਾਲਾ ਸਿੱਖ ਪਹਿਲਾਂ ਭੇਖਧਾਰੀ ਨੂੰ ਹੀ ਸਾਧ ਜਾਂ ਸੰਤ ਕਹਿੰਦਾਂ ਹੈ ਬਾਅਦ ਵਿੱਚ ਨਿੰਦਕ ਵੀ ਬਣ ਬੈਠਦਾ ਹੈ। ਗੁਰਬਾਣੀ ਆਚਰਣ ਨੂੰ ਸਭ ਤੋਂ ਉਪਰ ਮੰਨਦੀ ਹੈ,ਅਸੀਂ ਵਿਖਾਵੇ ਨੂੰ। ਸਾਧ ਜਾਂ ਸੰਤ ਦੀ ਪਛਾਣ ਆਚਰਣ ਤੋਂ ਕਰਨ ਦੀ ਪਛਾਣ ਕਰਨੀਂ ਹੀ ਭੁੱਲ ਗਿਆ ਹੈ ਅੱਜ ਦਾ ਮਨੁੱਖ।
           ਸਿੱਖ ਦਾ ਪਹਿਲਾ ਅਸੂਲ ਹੀ ਸਿੱਖਣਾ ਹੁੰਦਾ ਹੈ। ਜਿਹੜਾ ਮਨੁੱਖ ਸਿੱਖਣਾ ਬੰਦ ਕਰ ਦਿੰਦਾ ਹੈ ਉਹ ਸਿੱਖ ਹੀ ਨਹੀਂ ਰਹਿ ਜਾਦਾ। ਸਿੱਖ ਨੂੰ ਹੀ ਗੁਰੂ ਚਾਹੀਦਾ ਹੈ ਸੋ ਜੇ ਮਨੁੱਖ ਸਿੱਖ ਬਣੇਗਾ ਫਿਰ ਹੀ ਗੁਰੂ ਭਾਲੇਗਾ। ਅੱਖਰ ਗੁਰੂ ਨੂੰ ਗੁਰੂ ਦਾ ਦਰਜਾ ਸਿਰਫ ਪੜਨ ਅਤੇ ਸੁਣਨ ਵਾਲਾ ਹੀ ਦੇ ਸਕਦਾ ਹੈ ਜਦੋਂਕਿ ਗੁਰਬਾਣੀ ਅਨੁਸਾਰ ਸੀਸ ਨਿਵਾਉਣ ਵਾਲੇ ਅਪਰਾਧੀ ਤਾਂ ਦੁਗਣਾਂ ਸੀਸ ਨਿਵਾਉਂਦੇ ਹਨ । ਭਾਸ਼ਾਈ ਅੱਖਰਾਂ ਦੀਆਂ ਹੱਦਾਂ ਹੁੰਦੀਆਂ ਹਨ,ਇਹ ਅਨਾਹਦ ਨਹੀਂ ਹੁੰਦੇ। ਅੱਖਰਾਂ ਨੂੰ ਪੜਨ ਲਈ ਲਿਪੀ ਗਿਆਨ ਅਤੇ ਅੱਖਾਂ ਹੋਣੀਆਂ ਚਾਹੀਦੀਆਂ ਹਨ ਅਤੇ ਲਿਪੀ ਗਿਆਨ ਦੇਣ ਲਈ ਦੇਹਧਾਰੀ ਜਰੂਰ ਚਾਹੀਦਾ ਹੈ, ਅਦਬ ਅਤੇ ਕੀਮਤ ਤੋਂ ਬਿਨਾਂ ਕੋਈ ਦੇਹਧਾਰੀ ਗਿਆਨ ਨਹੀਂ ਦਿੰਦਾਂ। ਅੱਖਰਾਂ ਨੂੰ ਜੇ ਸੁਣਨਾਂ ਹੋਵੇ ਤਾਂ ਸੁਣਨ ਵਾਲੇ ਕੰਨ ਹੋਣੇ ਚਾਹੀਦੇ ਹਨ। ਲਿਪੀ ਗਿਆਨ ਮਨੁੱਖ ਜਾਂ ਦੇਹਧਾਰੀ ਤੋਂ ਹੀ ਮਿਲਦਾ ਹੈ। ਗਿਆਨ ਦੇਣ ਵਾਲੇ ਦਾ ਅਦਬ ਗੁਰਬਾਣੀ ਸਿਖਾਉਂਦੀ ਹੈ। ਅਨਾਹਦ ਸਬਦ ਸਿਰਫ ਪੰਜ ਹੀ ਹਨ ਜੋ ਪ੍ਰਮਾਤਮਾ ਜਾਂ ਕੁਦਰਤ ਆਪ ਬਣਾਉਂਦੀ ਹੈ। ਅਨਾਹਦ ਸਬਦ ਮਰਿਆਂ ਅਤੇ ਜਿਉਂਦਿਆਂ ਨੂੰ ਬਰਾਬਰ ਮਹਿਸੂਸ ਹੁੰਦੇ ਹਨ। ਅਨਾਹਦ ਸਬਦਾਂ ਨੂੰ ਹੀ ਫਕੀਰਾਂ ਨੇ ਗੁਰੂ ਰੂਪ ਮੰਨਿਆ ਹੈ। ਸਾਰੀ ਸਰਿਸਟੀ ਅਨਾਹਦ ਸਬਦ ਵਿੱਚੋਂ ਉਪਜਦੀ ਹੈ ਅਤੇ ਬਿਨਸਦੀ ਹੈ। ਸੰਤ ਪੁਰਸਾਂ ਦੇ ਭੀ ਅਨਾਹਦ ਸਬਦ ਹੀ ਗੁ੍ਰੂ ਹੁੰਦੇ ਹਨ।  ਆਮ ਮਨੁੱਖ ਤਾਂ ਅਨਾਹਦ ਸਬਦ ਨੂੰ ਸਮਝ ਵੀ ਨਹੀਂ ਸਕਦਾ ਹੁੰਦਾਂ ਕਿਉਂਕਿ ਉਸਦੀ ਅਵਸਥਾ ਸੰਸਾਰਕ ਲੋੜਾਂ ਤੋਂ ਉਪਰ ਦੀ ਗਿਆਨ ਅਵਸਥਾ ਵਿੱਚ ਜਾਣ ਲਈ ਅਨਭਵ ਪਰਕਾਸ਼ ਦੀ ਅਵੱਸਥਾ ਦਾ ਸਫਰ ਹੀ ਨਹੀਂ ਕਰਦੀ। ਵਰਤਮਾਨ ਪਰਚਾਰਕ ਲੋਕ ਅਨੁਭਵ ਤੋਂ ਕੋਰੇ ਦੁਨਿਆਵੀ ਵਿਦਿਆ ਦੇ ਸਹਾਰੇ ਫੈਸਲੇ ਦੇਕੇ ਆਮ ਲੋਕਾਂ ਨੂੰ ਗਲਤ ਗਿਆਨ ਦੇਣ ਦੇ ਦੋਸੀ ਹੁੰਦੇ ਹਨ।
                                       ਵਰਤਮਾਨ ਸਮੇਂ ਦੇ ਵਿੱਚ ਸੰਸਾਰ ਦਾ ਵੱਡਾ ਹਿੱਸਾ ਵਪਾਰਕ ਬੁੱਧੀ ਵਾਲਾ ਹੋ ਚੁੱਕਾ ਹੈ ਜਿੱਥੇ ਗਿਆਨ ਦੇਣ ਦੀ ਥਾਂ ਨਕਲੀ ਗਿਆਨ ਦੇਣ ਦਾ ਵੀ ਵਪਾਰ ਵੀ ਸੁਰੂ ਹੋ ਗਿਆ ਹੈ ਅਤੇ ਗਿਆਨ ਦੇ ਨਾਂ ਤੇ ਅਗਿਆਨ ਵੇਚਿਆਂ ਜਾ ਰਿਹਾ ਹੈ। ਧਾਰਮਿਕ ਸਿੱਖਿਆ ਦੇਣਾਂ ਸਿਖਾਉਣ ਲਈ ਸਕੂਲ ਕਾਲਜ ਖੋਲੇ ਜਾ ਰਹੇ ਹਨ ਜਿੰਹਨਾਂ ਵਿੱਚੋਂ ਅਨੁਭਵ ਰਹਿਤ ਨਕਲੀ ਗਿਆਨਵਾਨਾਂ ਦੀਆਂ ਡਿਗਰੀ ਧਾਰੀ ਫੌਜਾਂ ਨਿੱਕਲ ਰਹੀਆਂ ਹਨ। ਲਿਖਤੀ ਅਤੇ ਨਕਲ ਮਾਰੂ ਇਮਤਿਹਾਨ ਦੇਕੇ ਹੀ ਕੋਈ ਗਿਆਨਵਾਨ ਨਹੀਂ ਬਣ ਜਾਂਦਾ ਅਨੇਕਾਂ ਸੰਤ ਮਹਾਂਪੁਰਸਾਂ ਵਾਂਗ ਸੂਲੀਆਂ ਤੇ ਚੜਨ, ਚਾਂਦਨੀ ਚੌਂਕ ਵਿੱਚ ਸਿਰ ਕਟਵਾਉਣ,ਤੱਤੀ ਤਵੀ ਤੇ ਬੈਠ ਕੇ ਦੁੱਖ ਜਰਨ, ਚਾਰ ਪੁੱਤਰਾਂ ਦੀ ਸਹੀਦੀ ਦੇਕੇ ਵੀ ਸਬਰ ਰੱਖਣ , ਜਾਂ ਬਹੁਤ ਹੀ ਦੁੱਖਾਂ ਤਕਲੀਫਾਂ ਭਰੀ  ਜਿੰਦਗੀ ਦੇ ਸਫਰ ਤੈਅ ਕਰਕੇ ਹੀ ਗਿਆਨ ਦੇਣ ਦੀ ਅਵੱਸਥਾ ਆਉਂਦੀ ਹੈ ਇਸਨੂੰ ਲਿਖਤਾਂ ਦੀ ਥਾਂ ਜਿੰਦਗੀ ਦਾ ਪਰੈਕਟੀਕਲ ਕਰਕੇ ਹੀ ਅਨੁਭਵ ਕੀਤਾ ਜਾ ਸਕਦਾ ਹੈ। ਅੱਜ ਕਲ ਦੇ ਵਿਹਲੜ ਅਤੇ ਪੈਸੇ ਲੈਕੇ ਗਿਆਨ ਦੇਣ ਵਾਲਿਆਂ ਨਕਲੀ ਪਰਚਾਰਕਾਂ ਨਾਲੋਂ ਵੱਧ ਗਿਆਨ ਤਾਂ ਹਰ ਕਿਰਤੀ ਕਿਸਾਨ ਅਤੇ ਮਜਦੂਰ ਕੋਲ ਵੀ ਜਿਅਦਾ ਹੁੰਦਾਂ ਹੈ ਜਿੰਹਨਾਂ ਗੁਰੂਆਂ ਫਕੀਰਾਂ ਦਾ ਕਿਰਤ ਕਰਨ ਦਾ ਉਪਦੇਸ਼ ਮੰਨਕੇ ਅਨੁਭਵ ਪਰਕਾਸ ਦੀ ਪਹਿਲੀ ਪੌੜੀ ਤੇ ਪੈਰ ਧਰਿਆਂ ਹੁੰਦਾਂ ਹੈ। ਵਰਤਮਾਨ ਮਨੁੱਖ ਜਦ ਵੀ ਮੱਖਣ ਸ਼ਾਹ ਲੁਬਾਣੇ ਦੀ ਬਿਰਤੀ ਦਾ ਹੋਕੇ ਅਸ਼ਲੀ ਨਕਲੀ  ਦੀ ਪਛਾਣ ਕਰ ਲੈਂਦਾਂ ਹੈ ਤਦ ਹੀ ਉਸਨੂੰ ਗੁਰੂ ਲਾਧੋ ਰੇ ਵਾਂਗ ਗੁਰੂ ਅਤੇ ਗਿਆਨ ਲੱਭ ਜਾਂਦਾ ਹੈ। ਅਰਧ ਗਿਆਨ ਦੇ ਅਲੰਬਰਦਾਰ ਆਮ ਮਨੁੱਖ ਅਤੇ ਸਮਾਜ ਨੂੰ ਗੁੰਮਰਾਹ ਕਰਨ ਦੇ ਦੋਸਾਂ ਦੇ ਭਾਗੀ ਹੀ ਹੁੰਦੇ ਹਨ। ਅੱਜ ਦੇ ਸਿੱਖ ਸਮਾਜ ਦੇ ਵੱਡੇ ਹਿੱਸੇ ਦਾ ਸਿੱਖੀ ਮੂਲ ਸਿੱਖਣ ਤੋਂ ਹੀ ਕਿਨਾਰਾ ਕਰ ਜਾਣਾਂ ਅਰਧ ਗਿਆਨੀ ਲੋਕਾਂ ਦੇ ਹੱਥ ਰਾਜਸੱਤਾ ਦੁਆਰਾ ਸਿੱਖ ਫਲਸ਼ਫਾ ਦੇਣ ਕਾਰਨ ਹੀ ਹੋਇਆਂ ਹੈ । ਦੁਨੀਆਂ ਦੇ ਸਾਰੇ ਵੀਆਂ ਫਲਸਫੇ ਵੀ ਸਮੇਂ ਨਾਲ ਇਸ ਕਰਕੇ ਹੀ ਬੁਰੇ ਬਣ ਜਾਂਦੇ ਹਨ ਅਤੇ ਜਿੰਦਗੀ ਵਿੱਚ ਲਾਗੂ ਕਰਨ ਦੀ ਅਵਸਥਾ ਵਿੱਚੋਂ ਬਾਹਰ ਵੀ ਹੋ ਜਾਂਦੇ ਹਨ। 
                       ਗੁਰਚਰਨ ਸਿੰਘ ਪੱਖੋਕਲਾ ਫੋਨ 94177727245 ਪਤਾ ਪਿੰਡ ਪੱਖੋਕਲਾਂ ਜਿਲਾ ਬਰਨਾਲਾ (ਪੰਜਾਬ)

Saturday 21 February 2015

ਸ਼ਹੀਦ ਭਗਤ ਸਿੰਘ ਸਮਾਜ ਲਈ ਜੂਝਣ ਵਾਲਿਆਂ ਦਾ ਚਾਨਣ ਮੁਨਾਰਾ

Share this article :
                           ਜਦ ਵੀ ਦੇਸ ਦਾ ਕੋਈ ਨੌਜਵਾਨ ਸਮਾਜ ਸੁਧਾਰ ਦੀਆਂ ਸੋਚਾਂ ਵਿੱਚੋਂ ਸਮਾਜ ਵਿੱਚ ਹਿੰਮਤ ਦਾ ਕੋਈ ਕਦਮ ਪੁੱਟਦਾ ਹੈ ਤਦ ਭਗਤ ਸਿੰਘ ਦੀ ਜੀਵਨ ਯਾਤਰਾ ਉਸਦਾ ਰਾਹ ਜਰੂਰ ਰੁਸਨਾਉਂਦੀ ਹੈ। ਸਮਾਜ ਸੁਧਾਰ ਲਈ ਸੋਚਣ ਵਾਲਿਆਂ ਦੇ ਪੈਰਾਂ ਦਾ ਸਫਰ ਕਰਾਂਤੀਆਂ ਤੋਂ ਲੈਕੇ ਕਿਸੇ ਨੂੰ ਦੋ ਵਕਤ ਦੀ ਰੋਟੀ ਦੇਣ ਤੱਕ ਵੀ ਹੋ ਸਕਦਾ ਹੈ। ਕੋਈ ਵੀ ਨੌਜਵਾਨ ਜਦ ਦੁਨੀਆਂ ਵਿੱਚ ਚੱਲ ਰਹੇ ਲੁੱਟ ਖਸੁੱਟ ਦੇ ਧੰਦੇ ਦੇਖਦਾ ਹੈ ਤਦ ਹੀ ਉਸਦੇ ਮਨ ਵਿੱਚ ਇੰਹਨਾਂ ਪ੍ਰਤੀ ਵਿਦਰੋਹ ਦੀਆਂ ਸੋਚਾਂ ਸੁਰੂ ਹੋ ਜਾਂਦੀਆਂ ਹਨ। ਇਸ ਤਰਾਂ ਦੀਆਂ ਭਾਵਨਾਵਾਂ ਸਿਰਫ ਕੁਦਰਤ ਵੱਲੋਂ ਚੰਗੀ ਸੋਚ ਵਾਲੇ ਪਾਕਿ ਸਾਫ ਇਨਸਾਨਾਂ ਵਿੱਚ ਹੀ ਭਰੀਆਂ ਜਾਂਦੀਆਂ ਹਨ। ਸਮਾਜ ਦਾ ਵਿਗੜਿਆਂ ਬੇਇਖਲਾਕਾ ਤਬਕਾ ਸਦਾ ਉਸਾਰੂ ਸੋਚ ਵਾਲਿਆਂ ਨੂੰ ਗੁੰਮਰਾਹ ਕਰਨ ਦੀ ਕੋਸਿਸ ਕਰਦਾ ਹੈ। ਸੋ ਚੰਗੀ ਸੋਚ ਵਾਲਿਆਂ ਨੂੰ ਜਦ ਵੀ ਇਸ ਰਸਤੇ ਤੇ ਤੁਰਨ ਦਾ ਹੌਸਲਾ ਪੈਂਦਾਂ ਹੈ ਤਦ ਜਰੂਰ ਹੀ ਇੱਕ ਵਾਰ ਭਗਤ ਸਿੰਘ ਵਰਗੇ ਨੌਜਵਾਨ ਸਹੀਦਾਂ ਦੀ ਰੂਹ ਆਪਣੇ ਵੱਲ ਜਰੂਰ ਖਿਚਦੀ ਹੈ । ਜਿਹੜਾ ਨੌਜਵਾਨ ਭਗਤ ਸਿੰਘ ਵਰਗੀਆਂ ਪਾਕਿ ਪਵਿੱਤਰ ਰੂਹਾਂ ਤੋਂ ਸੇਧਾ ਲੈਣ ਲੱਗ ਜਾਵੇ ਉਹ ਹੀ ਸਾਬਤ ਕਦਮੀਂ ਸਮਾਜ ਸੇਵਾ ਦਾ ਲੰਬਾਂ ਪੰਧ ਤੈਅ ਕਰਦਾ ਹੈ। ਲੋਕ ਭਲਾਈ ਵਾਲਿਆਂ ਦੇ ਇਸ ਬਿੱਖੜੇ ਪੈਡਿਆਂ ਤੇ ਤੁਰਨ ਸਮੇਂ ਪੈਰਾਂ ਥੱਲੇ ਕੰਡਿਆਂ ਦਾ ਹੜ ਆਉਂਦਾ ਹੀ ਹੈ ਜਿਸ ਦੇ ਕਾਰਨ ਬਹੁਤ ਸਾਰੇ ਨੌਜਵਾਨ ਅੱਧ ਵਿਚਕਾਰ ਹੀ ਇਹਨਾਂ ਰਸਤਿਆਂ ਨੂੰ ਛੱਡ ਕੇ ਬਹੁਤ ਹੀ ਨਿਵਾਣਾਂ ਦਾ ਸਫਰ ਤੈਅ ਕਰ ਜਾਂਦੇ ਹਨ । ਜਿੰਹਨਾਂ ਨੇ ਸਮਾਜ ਨੂੰ ਸਾਫ ਸੁਥਰਾ ਕਰਨਾਂ ਹੁੰਦਾਂ ਹੈ ਜਦ ਉਹ ਹੀ ਥਿੜਕ ਜਾਣ ਤਦ ਉਹ ਗਦਾਰ ਵੀ ਬਹੁਤ ਵੱਡੇ ਸਿੱਧ ਹੁੰਦੇ ਹਨ । ਵਰਤਮਾਨ ਰਾਜਸੱਤਾ ਦੇ ਕਾਰਨ ਸਮਾਜ ਜੋ ਦੁੱਖ ਭੋਗ ਰਿਹਾ ਹੈ ਇਸਦਾ ਕਾਰਨ ਵੀ ਇਹੋ ਹੈ ਕਿ ਕਿਸੇ ਵਕਤ ਸਮਾਜ ਸੁਧਾਰ ਵਾਲੇ ਨੌਜਵਾਨ ਲੁਟੇਰੀ ਰਾਜਸੱਤੇ ਦੇ ਵੱਡੇ ਕੁਹਾੜੇ ਦੇ ਦਸਤੇ ਬਣੇ ਹੋਏ ਹਨ ਜਿੰਹਨਾਂ ਦੇ ਸਹਾਰੇ ਸਮਾਜ ਦੇ ਸਿਆਣੇ ਵਰਗ ਦੀ ਸੋਚ ਖੁੰਢੀ ਕੀਤੀ ਜਾਣੀ ਸੌਖੀ ਹੋ ਜਾਂਦੀ ਹੈ।
                    ਭਾਰਤ ਦੀ ਅਜਾਦੀ ਦੇ ਸੰਘਰਸ਼ ਦੌਰਾਨ ਸਹੀਦੀ ਦੇਕੇ ਭਗਤ ਸਿੰਘ ਨੇ ਨੌਜਵਾਨਾਂ ਵਿੱਚ ਜੋ ਕਰਾਂਤੀ ਦੀ ਲਹਿਰ ਦੇ ਬੀਜ ਬੀਜੇ ਸਨ ਦੇ ਕਾਰਨ ਹੀ ਅਜਾਦੀ ਦਾ ਸੰਘਰਸ਼ ਮੁਕਾਮ ਤੱਕ ਅੱਪੜ ਸਕਿਆਂ ਸੀ। ਇਸ ਰਾਹ ਨੂੰ ਹੋਰ ਵੀ ਬਹੁਤ ਸਾਰੇ ਨੌਜਵਾਨਾਂ ਨੇ ਸਹੀਦੀਆਂ ਪਾਕੇ ਰੁਸਨਾਇਆਂ ਸੀ ਜਿੰਹਨਾਂ ਵਿੱਚ ਸਹੀਦ ਊਧਮ ਸਿੰਘ,ਸੁਖਦੇਵ , ਚੰਦਰ ਸੇਖਰ ਅਜਾਦ, ਕਰਤਾਰ ਸਿੰਘ ਸਰਾਭਾ ਵਿਸੇਸ ਮੀਲ ਪੱਥਰ ਹਨ। ਭਗਤ ਸਿੰਘ ਇੰਹਨਾਂ ਵਿੱਚ ਇੱਕ ਵਕਤੀ ਸਹੀਦ ਹੀ ਨਹੀਂ ਸੀ ਸਗੋਂ ਇੱਕ ਵਿਚਾਰਧਾਰਾ ਦਾ ਪੱਥ ਪ੍ਰਦਰਸਕ ਵੀ ਸੀ । ਜਦੋਂ ਅਸੀ ਭਗਤ ਸਿੰਘ ਦੀ ਜੀਵਨ ਯਾਤਰਾ ਬਾਰ ਜਾਨਣ ਦੀ ਕੋਸਿਸ ਕਰਦੇ ਹਾਂ ਤਦ ਉਹ ਆਪਣੀ ਜਿੰਦਗੀ ਵਿੱਚ ਕਦੇ ਵੀ ਜੜ ਅਵਸਥਾ ਜਾਂ ਵਿਰਾਮ ਦੀ ਸਥਿਤੀ ਵਿੱਚ ਨਹੀਂ ਆਇਆ। ਹਰ ਸੰਘਰਸ਼ ਦੌਰਾਨ ਉਸਨੇ ਨਵਾਂ ਸਿੱਖਣ ਅਤੇ ਸਿਖਾਉਣ ਦੀ ਕੋਸਿਸ ਕੀਤੀ ਹੈ। ਆਪਣੇ ਪਰੀਵਾਰ ਦੇ ਵੱਡਿਆਂ ਤੋਂ ਉਸਨੇ ਦੇਸ਼ ਅਤੇ ਸਮਾਜ ਲਈ ਕੁੱਝ ਕਰਨ ਦਾ ਜਜਬਾ ਲਿਆ। ਇਹਨਾਂ ਜਜਬਿਆਂ ਦੇ ਲਈ ਜਦ ਉਸਨੇ ਨੌਜਵਾਨ ਸਭਾ ਦੇ ਨਾਲ ਜੁੜਕੇ  ਸੰਘਰਸ਼ ਕੀਤਾ ਅਤੇ ਕਿਸੇ ਵਕਤ ਜਦ ਉਸਨੂੰ ਇਸ ਸੰਗਠਨ ਤੋਂ ਕਿਸੇ ਕਾਰਨ ਵੱਖ ਕੀਤਾ ਜਾਣ ਲੱਗਿਆ ਸੀ ਤਦ ਭਗਤ ਸਿੰਘ ਨੇ ਹੱਦ ਦਰਜੇ ਦੀ ਹਲੀਮੀ ਨਿਮਰਤਾ ਦਿਖਾਉਦਿਆਂ ਹੋਇਆਂ ਆਪਣੇ ਉਸ ਸੰਗਠਨ ਨਾਲ ਰਹਿਣ ਵਿੱਚ ਹਰ ਹੀਲਾ ਵਰਤਦਿਆ ਸਫਲ ਕੋਸਿਸਾਂ ਕੀਤੀਆਂ। ਵਕਤ ਦੇ ਨਾਲ ਨੌਜਵਾਨ ਭਾਰਤ ਸਭਾ ਦਾ ਚਮਕਦਾ ਸਿਤਾਰਾ ਭਗਤ ਸਿੰਘ ਹੀ ਸਿੱਧ ਹੋਇਆਂ। ਭਗਤ ਸਿੰਘ ਦਾ ਇਹ ਵਰਤਾਰਾ ਸਾਨੂੰ ਸਿਖਾਉਂਦਾਂ ਹੈ ਕਿ ਲੋਕ ਸੰਘਰਸ਼ ਹਮੇਸਾਂ ਸੰਗਠਨਾਂ ਦੇ ਸਹਾਰੇ ਹੀ ਜਿੱਤੇ ਜਾ ਸਕਦੇ ਹਨ। ਉਸ ਵਕਤ ਦੁਨੀਆਂ ਵਿੱਚ ਚੱਲ ਰਹੀ ਸਮਾਜਵਾਦ ਅਤੇ ਤਰਕ ਦੀ ਹਨੇਰੀ ਦਾ ਭਗਤ ਸਿੰਘ ਦੀ ਜਿੰਦਗੀ ਦੇ ਆਮ ਨੌਜਵਾਨਾਂ ਦੀ ਤਰਾਂ ਪੂਰਾ ਪੂਰਾ ਅਸਰ ਹੋਇਆਂ ਸੀ ਪਰ ਭਗਤ ਸਿੰਘ ਸਦਾ ਸਿੱਖਣ ਦੀ ਬਿਰਤੀ ਵਾਲਾ ਨੌਜਵਾਨ ਸੀ ਜਿਸ ਨੇ ਕਦੇ ਵੀ ਸਮੇਂ ਦੇ ਨਾਲ ਨਵਾਂ ਸਿੱਖਣ ਤੋਂ ਮੁੱਖ ਨਹੀਂ ਮੋੜਿਆ ਸੀ।
                              ਵਰਤਮਾਨ ਸਮੇਂ ਦੀਆਂ ਰਾਜਨੀਤਕ ਪਾਰਟੀਆਂ, ਸਮਾਜ ਸੇਵੀ ਅਖਵਾਉਂਦੇ ਲੋਕ, ਧਰਮਾਂ ਦੀ ਆੜ ਵਿੱਚ ਵਪਾਰ ਕਰਨ ਵਾਲੇ ਲੋਕ ਭਾਵੇਂ ਭਗਤ ਸਿੰਘ ਦੀ ਸਖਸੀਅਤ ਨੂੰ ਧੁੰਦਲਾਂ ਕਰਕੇ ਆਪਣੇ ਹਿੱਤਾਂ ਦੀ ਪੂਰਤੀ ਕਰਨ ਲਈ ਸਹੀਦਾਂ ਦੀ ਕੁਰਬਾਨੀ ਨੂੰ ਮੋਹਰਾ ਬਣਾਕਿ ਵਰਤਣ ਦੀ ਕੋਸਿਸ ਕਰਦੇ ਹਨ ਪਰ ਭਗਤ ਸਿੰਘ ਦਾ ਹਰ ਰੂਪ ਸਮਾਜ ਦੇ ਦੱਬੇ ਕੁਚਲੇ ਲੋਕਾਂ ਦੀ ਅਵਾਜ ਬਣਨ ਵਾਲਿਆਂ ਦਾ ਹੀ ਪੱਖ ਪੂਰਦਾ ਹੈ। ਭਗਤ ਸਿੰਘ ਦੀ ਸਖਸੀਅਤ ਵਿੱਚਂ ਭਾਰਤੀ ਸਭਿਆਚਾਰ ਅਤੇ ਪੰਜਾਬੀ ਸਭਿਆਚਾਰ ਦਾ ਰੂਪ ਤਾਂ ਬੋਲਦਾ ਹੀ ਹੈ ਪਰ ਕਿਸੇ ਉਸ ਵਿਚਾਰ ਦੀ ਤਰਜਮਾਨੀ ਨਹੀਂ ਕਰਦਾ ਜਿਸ ਵਿੱਚ ਕੱਟੜਤਾ ਜਾਂ ਨਿੱਜੀ ਹਿੱਤਾਂ ਵਾਲਾ ਵਿਚਾਰ ਪਣਪਦਾ ਹੋਵੇ। ਅੰਤਲੇ ਦਿਨਾਂ ਵਿੱਚ ਸਿਰ ਸਜਾਈ ਸੋਹਣੀ ਪੱਗ ਪੰਜਾਬੀ ਵਿਰਸੇ ਦੀ ਬਾਤ ਪਾਉਂਦੀ ਹੈ। ਭਗਤ ਸਿੰਘ ਇਨਸਾਨੀਅਤ ਦੇ ਧਰਮ ਦਾ ਮੁਦਈ ਹੁੰਦੇ ਹੋਇਆਂ ਧੜਿਆਂ ਦੇ ਧਰਮ ਤੋਂ ਉੱਪਰ ਦੀ ਸੋਚ ਨੂੰ ਪਰਣਾਇਆਂ ਮਨੁੱਖ ਸੀ। ਨੌਜਵਾਨੀ ਦੀ ਉਮਰ ਵਿੱਚ ਹੀ ਉੱਚੀਆਂ ਸੋਚਾਂ ਵਾਲਾ ਪੂਰਨ ਮਨੁੱਖ ਵਾਲੇ ਕਿਰਦਾਰ ਦਾ ਮਾਲਕ ਭਗਤ ਸਿੰਘ ਨੌਜਵਾਨਾਂ ਨੂੰ ਉੱਚੇ ਆਚਰਣ ਨਾਲ ਸੰਘਰਸ ਦਾ ਰਾਹੀ ਬਣਾਉਂਦਾ ਹੈ। ਹਰ ਨੌਜਵਾਨ ਲਈ ਭਗਤ ਸਿੰਘ ਦਾ ਜੀਵਨ ਅਤੇ ਵਿਚਾਰ ਦਰਸਨ ਸਦਾ ਪਰੇਰਣਾ ਸਰੋਤ ਬਣਿਆਂ ਰਹੇਗਾ।
ਗੁਰਚਰਨ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ

Friday 13 February 2015

ਆਮ ਲੋਕਾਂ ਦੇ ਮਹਾਨ ਫੈਸਲੇ ਹੁੰਦੇ ਹਨ ਭਾਰਤੀ ਵੋਟਰਾਂ ਦੁਆਰਾ

                       
                        ਦੁਨੀਆਂ ਦੇ ਸਭ ਤੋਂ ਸਿਆਣੇ ਅਖਵਾਉਣ ਵਾਲੇ ਪੱਤਰਕਾਰ ਵਿਸਲੇਸ਼ਣਕਾਰ, ਅਤੇ ਰਾਜਨੀਤਕ ਲੋਕ ਹਮੇਸਾਂ ਆਪਣੇ ਆਪ ਨੂੰ ਹੀ ਸਭ ਕੁੱਝ ਪਤਾ ਹੋਣ ਦਾ ਭਰਮ ਪਾਲਦੇ ਹਨ।। ਆਮ ਲੋਕਾਂ ਨੂੰ ਆਪਣੇ ਭਾਸਣਾਂ ਦੁਆਰਾ ,ਪੱਤਰਕਾਰੀ ਰਿਪੋਰਟਾਂ ਦੁਆਰਾ ਜਾਂ ਕਿਸੇ ਹੋਰ ਪਰਚਾਰ ਸਾਧਨ ਵਿੱਚ ਇਉਂ ਦੱਸਦੇ ਹਨ ਜਿਵੇਂ ਉਹਨਾਂ ਦੀ ਜਾਣਕਾਰੀ ਹੀ ਅੰਤਿਮ ਹੈ ਪਰ ਭਾਰਤੀ ਵੋਟਰ ਜਿਸਨੂੰ ਸਾਡੇ ਸਿਆਂਣੇ ਅਖਵਾਉਂਦੇ ਲੋਕ ਵਿਕਾਊ ਮਾਲ ਅਤੇ ਮੂਰਖ ਹੀ ਸਮਝਦੇ ਹਨ ਪਰ ਸਹੀ ਸਮੇਂ ਤੇ ਸਹੀ ਫੈਸਲੇ ਲੈਕੇ ਇਸਨੇ ਹਮੇਸਾਂ ਹੀ ਨਵੇਂ ਇਨਕਲਾਬ ਸਿਰਜੇ ਹਨ। ਵੋਟਰਾਂ ਦੀ ਚੋਣ ਹਮੇਸਾਂ ਸਹੀ ਹੁੰਦੀ ਹੈ ਪਰ ਮੰਡੀ ਦੇ ਵਪਾਰੀ ਭਾਰਤੀ ਵੋਟਰਾਂ ਦੀ ਵਧੀਆਂ ਚੋਣ ਨੂੰ ਹਮੇਸਾਂ ਖਰੀਦ ਲੈਂਦੇ ਹਨ ਕਿਉਂਕਿ ਉਹ ਜਾਣਦੇ ਹੁੰਦੇ ਹਨ ਕਿ ਭਾਰਤੀ ਵੋਟਰਾਂ ਦਾ ਚੁਣਿਆਂ ਗਿਆ ਮਾਲ ਕਿਸੇ ਵੀ ਕੀਮਤ ਤੇ ਖਰੀਦਣਾਂ ਮਹਿੰਗਾਂ ਨਹੀਂ ਹੋਵੇਗਾ। ਭਾਰਤੀ ਲੋਕਾਂ ਦੇ ਸਨਮਾਨ ਦਾ ਪਾਤਰ ਬਣਿਆਂ ਜਾਂ ਆਈ ਐਸ ਆਈ ਦਾ ਜਿਹੜਾ ਮਾਰਕਾ ਭਾਰਤੀ ਆਮ ਲੋਕ ਕਿਸੇ ਰਾਜਨੀਤਕ ਜਾਂ ਹੀਰੋ ਜਾਂ ਖਿਡਾਰੀ ਤੇ ਲਾ ਦਿੰਦੇ ਹਨ ਉਸਨੂੰ ਮੰਡੀ ਦੇ ਦਲਾਲ ਕਰੋੜਾਂ ਦੀ ਅਰਬਾਂ ਦੀ ਜਾਂ ਆਪਣੀਆਂ ਰਖੈਲਾਂ ਅਤੇ ਗੁਲਾਮਾਂ ਦੀ ਬਲੀ ਦੇਕੇ ਵੀ ਖਰੀਦ ਲੈਂਦੇ ਹਨ ਕਈ ਵਾਰ ਤਾਂ ਇਹ ਵਪਾਰੀ ਲੋਕ ਆਪਣੀਆਂ ਬੇਟੀਆਂ ਬੇਟੇ ਵੀ ਆਮ ਲੋਕਾਂ ਦੇ ਹੀਰੋ ਨੂੰ ਖਰੀਦਣ ਲਈ ਦਾਅ ਤੇ ਲਾਅ ਦਿੰਦੇ ਹਨ। ਆਮ ਤੌਰ ਤੇ ਹਰ ਪੰਜ ਸਾਲਾਂ ਬਾਅਦ ਆਮ ਭਾਰਤੀ ਲੋਕ ਆਪਣੇ ਸੇਵਾਦਾਰ ਚੁਣਦੇ ਹਨ ਪਰ ਬਦਕਿਸਮਤੀ ਜੋ ਕੁਦਰਤ ਨੇ ਆਮ ਲੋਕਾਂ ਦੇ ਨਸੀਬ ਵਿੱਚ ਲਿਖੀ ਹੋਈ ਹੈ ਕਿ ਦੁਨੀਆਂ ਦਾ ਕੋਈ ਵੀ ਵਿਅਕਤੀ ਅਣਮੁੱਲਾ ਨਹੀਂ ਹੁੰਦਾਂ ਜਿਸ ਕਾਰਨ ਹਰ ਵਧੀਆਂ ਇਨਸਾਨ ਵੀ ਵਿਕ ਜਾਂਦਾ ਹੈ ਜਿਸ ਦੇ ਵਿਕਣ ਨਾਲ ਜਨਮਾਨਸ ਦੀਆਂ ਆਸਾਂ ਤੜੱਕ ਕਰਕੇ ਟੁੱਟ ਜਾਂਦੀਆਂ ਹਨ। ਦੁਨੀਆਂ ਦੇ ਸਭ ਤੋਂ ਇਮਾਨਦਾਰ ਵਿਅਕਤੀ ਵੀ ਇੱਜਤ ਦੇ ਨਾਂ ਤੇ ਸਨਮਾਨ ਕਰਨ ਦੇ ਨਾਂ ਤੇ ਭਾਰਤ ਰਤਨ ਜਾਂ ਨੋਬਲ ਵਿਜੇਤਾ ਬਣਨ ਦੀਆਂ ਖਾਹਿਸਾਂ ਤੋਂ ਮੁਕਤ ਨਹੀਂ ਹੋ ਪਾਉਂਦੇ। ਆਮ ਜੇਤੂ ਤਾਂ ਕਿਸੇ ਅੰਬਾਨੀ ਅਦਾਨੀ ਟਾਟਿਆਂ ਦੇ ਧਨ ਅਤੇ ਸਹੂਲਤਾਂ ਤੇ ਹੀ ਵਿਕ ਜਾਂਦੇ ਹਨ। ਕਈ ਲੋਕ ਤਾਂ ਜੋ ਦੇਸ਼ ਦੇ ਸਭ ਤੋਂ ਉੱਚ ਅਹੁਦੇ ਤੇ ਪਹੁੰਚਣ ਤੋਂ ਪਹਿਲਾਂ ਹੀ ਵਿੱਕ ਚੁੱਕੇ ਹੁੰਦੇ ਹਨ ਜਿੰਹਨਾਂ ਨੂੰ ਉਸ ਅਹੁਦੇ ਤੇ ਪਹੁੰਚਾਕੇ ਆਪਣੇ ਮਕਸਦ ਹੱਲ ਕਰਨ ਲਈ ਵਪਾਰੀ ਲੋਕ ਹਰ ਹੀਲਾ ਵਰਤਦੇ ਹੋਏ ਉਸਨੂੰ ਲਿਸਕਾ ਪੁਸਕਾਕੇ ਉਸ ਦੇ ਹੱਕ ਵਿੱਚ ਆਮ ਬੰਦੇ ਨੂੰ ਤਿਆਰ ਕਰਦੇ ਹਨ ਜਿਸਦਾ ਮੁਲੰਮਾਂ ਬਹੁਤਾ ਚਿਰ ਲੋਕਾਂ ਤੋਂ ਲੁਕਿਆਂ ਨਹੀਂ ਰਹਿੰਦਾਂ ਜਿਸਦੇ ਪਰਗਟ ਹੋ ਜਾਣ ਤੇ ਆਮ ਬੰਦਾਂ ਕੁੱਝ ਵਕਤ ਸਬਰ ਨਾਲ ਬਤੀਤ ਕਰਦਾ ਹੋਇਆਂ ਸਹੀ ਵਕਤ ਦੀ ਉਡੀਕ ਕਰਦਾ ਹੈ। ਕਈ ਵਾਰ ਇਸ ਤਰਾਂ ਦੇ ਚਮਕਦੇ ਚਿਹਰਿਆਂ ਨੂੰ ਹਰਾਉਣ ਅਤੇ ਸਜਾ ਦੇਣ ਲਈ ਉਹਨਾਂ ਦੇ ਮੁਕਾਬਲੇ ਤੇ ਖੜੇ ਹੋਏ ਗਧਿਆਂ ਵਰਗੇ ਜਾਂ ਕਮੀਨੇ ਲੋਕਾਂ ਨੂੰ ਵੀ ਜਿਤਾ ਦਿੰਦਾਂ ਹੈ ਆਮ ਭਾਰਤੀ ਵਿਅਕਤੀ। ਇਸ ਤਰਾਂ ਦੇ ਲੋਕ ਵੀ ਕਈ ਵਾਰ ਆਪਣੇ ਆਪ ਨੂੰ ਸੁਪਰ ਹੀਰੋ ਸਮਝਣ ਲੱਗ ਪੈਂਦੇ ਹਨ ਜੋ ਇਹ ਨਹੀ  ਸਮਝ ਸਕਦੇ ਇਹ ਅਸਲ ਵਿੱਚ ਉਹਨਾਂ ਦੀ ਜਿੱਤ ਨਹੀਂ ਸਗੋਂ ਉਹ ਤਾਂ ਕਿਸੇ ਦੂਸਰੇ ਦੀ ਹਾਰ ਵਿੱਚੋਂ ਉਪਜੇ ਹਨ। ਕਿਸੇ ਦੀ ਹਾਰ ਵਿੱਚੋਂ ਉਪਜੇ ਹੋਏ ਨੇਤਾ ਖਰੂਦ ਪਾਉਣ ਵਿੱਚ ਹਮੇਸਾਂ ਮੂਹਰੇ ਹੁੰਦੇ ਹਨ ਅਤੇ ਆਮ ਜਨਤਾਂ ਨੂੰ ਇੱਕ ਦਿਨ ਫਿਰ ਇੰਹਨਾਂ ਖਰੂਦ ਪਾਉਣ ਵਾਲਿਆਂ ਨੂੰ ਵੀ ਸਬਕ ਸਿਖਾਉਣਾਂ ਪੈਂਦਾਂ ਹੈ। ਅਸਲ ਵਿੱਚ ਕਾਬਲ ਦਿਆਂ ਜੰਮਿਆਂ ਨੂੰ ਨਿੱਤ ਮੁਹਿੰਮਾਂ ਦੇ ਅਖਾਣ ਵਾਂਗ ਇਹ ਵਰਤਾਰਾ ਆਮ ਲੋਕਾਂ ਲਈ ਸਦਾ ਜਾਰੀ ਰਹਿੰਦਾਂ ਹੈ।
                 ਉਪਰੋਕਤ ਵਰਤਾਰਾ ਕੋਈ ਇਕੱਲੇ ਰਾਜਨੀਤਕਾਂ ਲਈ ਹੀ ਨਹੀਂ ਦੂਸਰੇ ਖੇਤਰਾਂ ਦੇ ਹੀਰੋ ਅਖਵਾਉਂਦੇ ਜਾਂ ਭਗਵਾਨ ਬਣੇ ਲੋਕਾਂ ਲਈ ਵੀ ਹੁੰਦਾਂ ਹੈ ਇੱਥੋਂ ਤੱਕ ਕੇ ਦਹਿਸ਼ਤਾਂ ਅਤੇ ਕਾਤਲੀ ਹੀਰੋਆਂ ਲਈ ਵੀ ਆਮ ਲੋਕ ਹੀ ਉਲਟ ਪਲਟ ਕਰਦੇ ਹਨ ਜਿਵੇਂ ਕਦੇ ਕੋਈ ਕਰਿਕਟ ਦਾ ਭਗਵਾਨ ਬਣਿਆਂ ਜਦੋਂ ਪੈਸੇ ਦਾ ਪੁੱਤ ਬਣ ਜਾਂਦਾਂ ਹੈ ਜਾਂ ਕੋਈ ਫਿਲਮੀ ਹੀਰੋ ਬਰਾਂਡ ਅੰਬੈਸਡਰ ਬਣਕੇ ਕਿਸੇ ਦੀ ਦਲਾਲੀ ਕਰਦਾ ਹੈ ਪਰ ਆਮ ਲੋਕ ਸਦਾ ਇੰਹਨਾਂ ਨੂੰ ਨਾਂ ਭਗਵਾਨ ਬਣੇ ਰਹਿਣ ਦਿੰਦੇ ਹਨ ਨਾਂ ਸਦਾ ਉਹਨਾਂ ਦੇ ਕਹਿਣੇ ਮੰਨਦੇ ਹਨ ਕਿਉਂਕਿ ਇਹ ਲੋਕ ਵੀ ਵਪਾਰੀਆਂ ਰਾਜਨੀਤਕਾਂ ਦੇ ਦਲਾਲ ਬਣਕੇ ਅਸਲੀ ਭਗਵਾਨ ਕੁਦਰਤ ਦੇ ਭਾਣਿਆਂ ਵਿੱਚ ਅਸਲੀਅਤ ਤੋਂ ਮੁੱਖ ਮੋੜਕੇ ਲੁਟੇਰਿਆਂ ਦੇ ਜਰਖਰੀਦ ਹੋ ਜਾਂਦੇ ਹਨ। ਵਰਤਮਾਨ ਦਿੱਲੀ ਦੀਆਂ ਚੋਣਾਂ ਨੇ ਇਹੀ ਸਿੱਧ ਕੀਤਾ ਹੈ ਕਿ ਆਮ ਵਿਅਕਤੀ ਨਾਂ ਵਿਕਾਊ ਹੈ ਨਾਂ ਹਾਰਿਆ ਹੋਇਆ ਹੈ ਨਾਂ ਇਨਕਲਾਬਾਂ ਤੋਂ ਬੇਮੁੱਖ ਹੋਇਆਂ ਹੈ ਇਸਦੀ ਬਾਜ ਅੱਖ ਹਮੇਸਾਂ ਸਭ ਤੇ ਹੁੰਦੀ ਹੈ। ਭਾਰਤੀ ਜਨਮਾਨਸ ਨਾਂ ਕਿਸੇ ਮੋਦੀ ਦਾ ਗੁਲਾਮ ਹੈ ਨਾਂ ਕਿਸੇ ਕਾਂਗਰਸ਼ ਦਾ ਜਰਖਰੀਦ ਹੈ ਅਤੇ ਨਾਂ ਹੀ ਕਿਸੇ ਕੇਜਰੀਵਾਲ ਦਾ ਤੋਰਿਆਂ ਤੁਰਦਾ ਹੈ। ਇਹ ਆਮ ਲੋਕਾਂ ਦਾ ਹਜੂਮ ਤਾਂ ਨਿਮਰਤਾ ਵਾਲਿਆਂ ਵੱਲ ਆਪਣੇ ਆਪ ਚਲਾ ਜਾਂਦਾ ਹੈ ਅਤੇ ਉਚਿਆਂ ਦੇ ਵੱਲ ਇੱਕ ਕਦਮ ਵੀ ਨਹੀਂ ਤੁਰਦਾ। ਨੇਤਾ ਅਤੇ ਹੀਰੋ ਲੋਕ ਆਪਣੀਆਂ ਕਲਾਵਾਂ ਨੂੰ ਲੱਖ ਵਧੀਆਂ ਸਮਝਣ ਦੇ ਭਰਮ ਭੁਲੇਖੇ ਪਾਲ ਲੈਣ ਪਰ ਇਹ ਹਮੇਸਾਂ ਤੀਸਰੀ ਅੱਖ ਨਾਲ ਦੇਖਦਾ ਹੈ। ਮੋਦੀ ਨੂੰ ਵਹਿਮ ਹੋ ਗਿਆ ਸੀ ਕਿ ਉਹ ਹੀ ਵਧੀਆਂ ਬੁਲਾਰਾ , ਫੈਸਲੇ ਲਊ , ਦਬੰਗ ਅਤੇ ਹੋਰ ਬਹੁਤ ਕੁੱਝ ਹੈ ਪਰ ਭਾਰਤੀ ਵੋਟਰ ਨੇ ਜਦ ਹੀ ਉਸਦਾ ਨਿਮਰਤਾ ਵਿਹੂਣਾ ਚਿਹਰਾ ਹੰਕਾਰ ਨਾਲ ਭਰਿਆ ਦੇਖਿਆ ਤਦ ਹੀ ਉਸਨੂੰ ਧਰਤੀ ਤੇ ਪਟਕਾ ਮਾਰਿਆਂ ਹੈ। ਕੇਜਰੀਵਾਲ ਕੋਈ ਲੋਕਾਂ ਦਾ ਹੀਰੋ ਨਹੀ ਹੈ ਇਹ ਤਾਂ ਮੋਦੀ ਦਾ ਵਿਰੋਧ ਕਰਨ ਕਰਕੇ ਹੀ ਲੋਕਾਂ ਨੇ ਚੁਣਿਆਂ ਹੈ ਜੇ ਕੱਲ ਨੂੰ ਇਹੀ ਹੰਕਾਰ ਕੇਜਰੀਵਾਲ ਪਾਰਟੀ ਜੁੰਡਲੀ ਨੂੰ ਹੋਇਆਂ ਕਿ ਉਹ ਹੀ ਵੱਡੇ ਹੀਰੋ ਹਨ ਤਦ ਪਿੱਛਲੀਆਂ ਲੋਕ ਸਭਾ ਚੋਣਾਂ ਵਾਂਗ ਇਸ ਜੁੰਡਲੀ ਨੂੰ ਵੀ ਇਹਨਾਂ ਦੀ ਅਸਲ ਜਗਾਹ ਦਿਖਾਣ ਲੱਗਿਆਂ ਭਾਰਤੀ ਜਨਮਾਨਸ ਨੇ ਦੇਰ ਨਹੀਂ ਲਗਾਉਣੀ।
                                           ਪਿੱਛਲੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਤੋਂ ਜਿੱਤੇ ਆਮ ਆਦਮੀ ਪਾਰਟੀ ਦੇ ਚਾਰੋਂ ਮੈਂਬਰ ਪਾਰਲੀਮੈਂਟ ਵੀ ਹੰਕਾਰ ਵਿੱਚ ਆਕੇ ਪੰਜਾਬ ਦੀ ਰਾਜਸੱਤਾ ਦੇ ਸੁਪਨੇ ਦੇਖਣ ਲਈ ਸਿਰਾਂ ਥੱਲੇ ਬਾਂਹ ਦੇਕੇ ਸੁੱਤੇ ਹੋਏ ਹਨ ਅਤੇ ਆਪਣੀਆਂ ਭੰਡਾਂ ਵਾਲੀਆਂ ਹਰਕਤਾਂ ਤੇ ਆਮ ਲੋਕਾਂ ਨੂੰ ਹੱਸਦਾ ਦੇਖਕੇ ਖੁਸ਼ ਹੋ ਰਹੇ ਹਨ ਪਰ ਇਹ ਲੋਕ ਇਹ ਨਹੀਂ ਜਾਣਦੇ ਕਿ ਆਮ ਪੰਜਾਬੀ ਕਿਸੇ ਨੂੰ ਉੱਚਾ ਚੜਾਕੇ ਸਿੱਟਣ ਦਾ ਬਹੁਤ ਵੱਡਾ ਖਿਡਾਰੀ ਹੈ। ਜਿਸ ਤਰਾਂ ਆਮ ਭਾਰਤੀ ਲੋਕਾਂ ਅਤੇ ਵਕਤ ਨੇ ਅਨੇਕਾਂ ਸਚਿਨ ,ਕਪਿਲ ਦੇਵ, ਧਰਮਿੰਦਰ , ਅਮਿਤਾਬ, ਮਨਮੋਹਨ,ਸੋਨੀਆ , ਮਿਲਖੇ ਘਰਾਂ ਵਿੱਚ ਰਹਿਣ ਲਈ ਮਜਬੂਰ ਕਰ ਦਿੱਤੇ ਹਨ ਇਸ ਤਰਾਂ ਹੀ ਵਰਤਮਾਨ ਪੰਜਾਬੀ ਹੀਰੋਆਂ ਨੂੰ ਵੀ ਜਿਆਦਾ ਵਕਤ ਨਹੀਂ ਦੇਣਾਂ। ਹਰ ਹੀਰੋ ਦਾ ਇਮਤਿਹਾਨ ਹਮੇਸਾਂ ਨਿਸਚਿਤ ਵਕਤ ਤੱਕ ਹੀ ਪਾਸ ਹੋਣ ਲਈ ਹੁੰਦਾਂ ਹੈ ਜਦ ਆਮ ਜਨਤਾ ਇੱਕ ਵਾਰ ਵਕਤ ਦੀ ਹੱਦ ਮੁਕਾ ਦੇਵੇ ਦੁਬਾਰਾ ਮੌਕਾ ਨਹੀਂ ਦਿੰਦੀ ਹੁੰਦੀ । ਸਨਮਾਨ ਅਤੇ ਅਪਮਾਨ ਹੀਰੋਆਂ ਦੇ ਹੱਥ ਹੁੰਦਾਂ ਹੈ ਜਿਹੋ ਜਿਹਾ ਕਰਦੇ ਹਨ ਉਹੋ ਜਿਹਾ ਸਨਮਾਨ ਅਤੇ ਅਪਮਾਨ ਪਾਉਂਦੇ ਹਨ। ਵਕਤ ਸਦਾ ਲਈ ਕਿਸੇ ਦੀ ਉਡੀਕ ਨਹੀਂ ਕਰਦਾ ਉਹ ਹਮੇਸਾਂ ਨਵਿਆਂ ਨੂੰ ਪੈਦਾ ਵੀ ਕਰਦਾ ਰਹਿੰਦਾਂ ਹੈ । ਵਕਤ ਕਦੇ ਵੀ ਪਰਾਣਿਆ  ਦਾ ਮੁਥਾਜ ਨਹੀਂ ਹੁੰਦਾਂ ਸਗੋਂ ਨਵਿਆਂ ਸਹਾਰੇ ਪੈਰ ਪੁਟਦਾ ਹੈ। ਆਉਣ ਵਾਲੇ ਸਮੇਂ ਵਿੱਚ ਵੀ ਕੁਦਰਤ ਦੇ ਵਿੱਚ ਅਤੇ ਕੁਦਰਤ ਦੇ ਸੰਗ ਕੁਦਰਤ ਦੀ ਮਿਹਰ ਨਾਲ ਜੂਝਦਾ ਆਮ ਮਨੁੱਖ ਆਪਣੀਆਂ ਕਰਾਂਤੀਆਂ ਦੁਹਰਾਉਂਦਾਂ ਰਹੇਗਾ ਅਤੇ ਕਿਸੇ ਵਿਸਲੇਸ਼ਣਕਾਰ, ਰਾਜਨੀਤਕ,ਪੱਤਰਕਾਰ, ਸਿਆਣੇ ਅਖਵਾਉਂਦੇ ਲੋਕਾਂ ਦਾ ਮੁਥਾਜ ਨਹੀਂ ਹੋਵੇਗਾ।
ਗੁਰਚਰਨ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ

ਚੋਣ ਜਾਬਤੇ ਦੀਆਂ ਧੱਜੀਆਂ ਉਧੇੜਦੇ ਚੋਣ ਵਾਅਦੇ

                                                        
                ਭਾਰਤ ਦੇਸ਼ ਦੇ ਕਾਨੂੰਨ ਬਾਰੇ ਕਿਹਾ ਜਾਂਦਾ ਹੈ ਕਿ ਇਹ ਮਾੜੇ ਦੇ ਗਲ ਪੈ ਜਾਂਦਾ ਹੈ ਅਤੇ ਤਕੜੇ ਦੇ ਪੈਰਾਂ ਵਿੱਚ ਬੈਠ ਜਾਂਦਾ ਹੈ। ਭਾਰਤ ਦੇਸ ਦੀਆਂ ਰਾਜਨੀਤਕ ਪਾਰਟੀਆਂ ਦੇ ਚੋਣ ਵਾਅਦੇ ਇਸਦੀ ਮਿਸਾਲ ਹਨ ਜੋ ਕਿ ਕਦੇ ਵੀ ਪੂਰੇ ਨਹੀਂ ਕੀਤੇ ਜਾਂਦੇ । ਇਹ ਝੂਠ ਦਾ ਵਪਾਰ ਭਾਰਤੀ ਚੋਣ ਕਮਿਸਨ ਦੀ ਨੱਕ ਥੱਲੇ ਹੁੰਦਾਂ ਹੈ। ਇੱਕ ਪਾਸੇ ਤਾਂ ਭਾਰਤੀ ਚੋਣ ਕਮਿਸਨ ਚੋਣਾਂ ਸਮੇਂ ਦੇਸ ਦੀ ਸਮੁੱਚੀ ਕਾਰਜਪਾਲਿਕਾ ਨੂੰ ਚੋਣਾਂ ਨੂੰ ਪਰਭਾਵਤ ਕਰਨ ਤੋਂ ਰੋਕਣ ਦੇ ਨਾਂ ਥੱਲੇ ਜਾਮ ਕਰ ਦਿੰਦਾ ਹੈ ਪਰ ਦੂਸਰੇ ਪਾਸੇ ਸਾਰੇ ਰਾਜਨੀਤਕ ਆਗੂ ਤੇ ਪਾਰਟੀਆਂ ਜੋ ਮਰਜੀ ਵਾਅਦੇ ਕਰੀ ਜਾਣ ਜਿਸ ਨਾਲ ਗੁੰਮਰਾਹ ਹੁੰਦੇ ਭਾਰਤੀ ਵੋਟਰ ਚੋਣ ਕਮਿਸਨ ਨੂੰ ਕਦੇ ਦਿਖਾਈ ਨਹੀਂ ਦਿੰਦੇ । ਪਿੱਛਲੇ 67 ਸਾਲਾਂ ਤੋਂ ਸਾਰੇ ਲੀਡਰ ਗਰੀਬੀ ਹਟਾਉਣ ਦੇ ਵਾਅਦੇ ਕਰਕੇ ਚੋਣ ਜਿੱਤਣ ਦੇ ਹੀਲੇ ਕਰਦੇ ਰਹੇ ਹਨ ਪਰ ਅੱਜ ਤੱਕ ਕਿਸੇ ਨੇ ਇਸਨੂੰ ਪੂਰਾ ਨਹੀਂ ਕੀਤਾ। ਕੀ ਭਾਰਤੀ ਚੋਣ ਕਮਿਸਨ ਜਾਂ ਅਦਾਲਤਾਂ ਨੇ ਇਹ ਝੂਠਾ ਵਾਅਦਾ ਕਰਨ ਵਾਲਿਆਂ ਨੂੰ ਕਦੇ ਸਜਾ ਦਿੱਤੀ। ਇਸ ਤਰਾਂ ਹੀ ਚੋਣਾਂ ਜਿੱਤਣ ਲਈ ਦੇਸ ਦੀ ਆਰਥਿਕਤਾ ਨੂੰ ਤਬਾਹ ਕਰ ਦੇਣ ਵਾਲੇ ਸਬਸਿਡੀਆਂ ਦੇ ਵਾਅਦੇ ਜੋ ਕੀਤੇ ਜਾਂਦੇ ਹਨ ਜਿਸ ਨਾਲ ਦੇਸ ਦਾ ਵਿਕਾਸ ਰੁਕ ਜਾਂਦਾ ਹੈ ਜੋ ਕਿ ਸਰੇਆਮ ਰਾਜਨੀਤਕਾਂ ਦੁਆਰਾ ਕੀਤਾ ਜਾ ਰਿਹਾ ਹੈ ਕੀ ਰੋਕਿਆ ਨਹੀਂ ਜਾਣਾਂ ਚਾਹੀਦਾ? ਵਰਤਮਾਨ ਦਿੱਲੀ ਦੀਆਂ ਚੋਣਾਂ ਵਿੱਚ ਸਾਰੀਆਂ ਪਾਰਟੀਆਂ ਬਹੁਤ ਸਾਰੀਆਂ ਚੀਜਾਂ ਦੇ ਰੇਟ ਘੱਟ ਕਰਨ ਦੇ ਵਾਅਦਿਆਂ ਨਾਲ ਵੋਟਰਾਂ ਨੂੰ ਗੁੰਮਰਾਹ ਕਰ ਰਹੀਆਂ ਹਨ ਪਰ ਚੋਣ ਕਮਿਸਨ ਉਹਨਾਂ ਤੋਂ ਕਿਉਂ ਨਹੀਂ ਪੁੱਛਦਾ ਕਿ ਪਿਛਲੀ ਵਾਰ ਕੀਤੇ ਵਾਅਦੇ ਕੀ ਤੁਸੀਂ ਪੂਰੇ ਕੀਤੇ ਸਨ । ਇਸ ਤਰਾਂ ਕਰਨ ਵਾਲਿਆਂ ਰਾਜਨੀਤਕਾਂ ਨੂੰ ਚੋਣ ਕਮਿਸਨ ਅਤੇ ਅਦਾਲਤਾਂ ਨੇ ਕਹਿਣਾਂ ਤਾਂ ਕੀ ਹੈ ਪੁੱਛਣ ਦੀ ਵੀ ਹਿੰਮਤ ਨਹੀਂ ਕਰ ਰਹੀਆਂ।
                       ਸਾਰੇ ਰਾਜਨੀਤਕ ਦਲ  ਜਿਅਦਾਤਟਰ ਝੂਠੇ ਵਾਅਦੇ ਕਰਕੇ ਸਮੇਂ ਸਮੇਂ ਤੇ ਸਰਕਾਰਾਂ ਤੇ ਕਬਜਾ ਕਰਨ ਵਿੱਚ ਸਫਲ ਹੋਏ ਹਨ ਪਰ ਅੱਜ ਤੱਕ ਕਿਸੇ ਨੇ ਵੀ ਆਪਣੇ ਚੋਣ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਜੇ ਕਿਸੇ ਨੇ ਕੋਈ ਵਾਅਦਾ ਪੂਰਾ ਕਰਨ ਦਾ ਡਰਾਮਾ ਕੀਤਾ ਵੀ ਹੈ ਤਦ ਉਸ ਵਾਅਦੇ ਨੂੰ ਪੂਰਾ ਕਰਨ ਲਈ ਦੇਸ ਵਿੱਚ ਕੋਈ ਤਰੱਕੀ ਹੋਈ ਜਾਂ ਗਰੀਬੀ ਵੱਧੀ ਦੇ ਅੰਕੜੇ ਕਦ ਪੇਸ਼ ਨਹੀਂ ਕੀਤੇ। ਦਿੱਲੀ ਦੀਆਂ ਵਰਤਮਾਨ ਚੋਣਾਂ ਵਿੱਚ ਜਿਸ ਤਰਾਂ ਬਿਜਲੀ ਸਸਤੀ ਕਰਨ ਦੇ ਵਾਅਦੇ ਤਿੰਨਾਂ ਮੁੱਖ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਹਨ ਕੀ ਇਸ ਤਰਾਂ ਦੀਆਂ ਸਬਸਿਡੀਆਂ ਜਾਇਜ ਵੀ ਹਨ ਜਦੋਂਕਿ ਦਿੱਲੀ ਦੇ ਵਿੱਚ ਬਹੁਤ ਹੀ ਘੱਟ ਰੇਟ ਹਨ ਪੰਜਾਬ ਵਿੱਚ ਜੋ ਬਿਜਲੀ ਦਾ ਯੂਨਿਟ ਰੇਟ ਚਾਰ ਰੁਪਏ ਹੈ ਦਿੱਲੀ ਵਿੱਚ ਇਹੀ ਰੇਟ ਢਾਈ ਰੁਪਏ ਤੋਂ ਸੁਰੂ ਹੁੰਦਾਂ ਹੈ। ਦਿੱਲੀ ਦੇ ਲੋਕ ਸਾਰੇ ਦੇਸ ਨਾਲੋਂ ਵੱਧ ਕਮਾਈ ਕਰਨ ਵਾਲੇ ਲੋਕ ਹਨ। ਦਿੱਲੀ ਵਪਾਰਕ ਕੇਂਦਰ ਹੈ ਸਾਰੇ ਉੱਤਰ ਭਾਰਤ ਦਾ ਜਿੱਥੇ ਸਾਰੇ ਦੇਸ ਨੂੰ ਹਰ ਵਸਤੂ ਮੁਨਾਫੇ ਤੇ ਭੇਜੀ ਜਾਂਦੀ ਹੈ। ਦਿੱਲੀ ਵਿੱਚ ਕੰਮ ਕਰਨ ਵਾਲਿਆਂ ਨੂੰ ਰੋਜਗਾਰ ਲਈ ਕੰਮ ਦੀ ਕੋਈ ਘਾਟ ਨਹੀਂ ਅਤੇ ਇਸ ਤਰਾਂ ਦੇ ਸਫਲ ਲੋਕਾਂ ਨੂੰ ਵੀ ਸਬਸਿਡੀਆਂ ਦੇਕੇ ਨਿਕੰਮੇ ਕਰਨ ਦੀਆਂ ਚਾਲਾਂ ਨਾਲ ਦੂਜੇ ਰਾਜਾਂ ਨੂੰ ਭੇਜੇ ਜਾਣ ਵਾਲੇ ਸਮਾਨ ਤੇ ਜਿਆਦਾ ਟੈਕਸ ਲਾਉਣੇ ਪੈਂਦੇ ਹਨ ਜਿਸ ਨਾਲ ਦੇਸ ਵਿੱਚ ਮਹਿੰਗਾਈ ਹੋਰ ਵੱਧ ਜਾਂਦੀ ਹੈ।  ਵਰਤਮਾਨ ਸਮੇਂ ਹੁਣ ਦਿੱਲੀ ਵਿੱਚ ਬਣਨ ਵਾਲੀ ਦਿੱਲੀ ਦੀ ਕੇਜਰੀਵਾਲ ਸਰਕਾਰ ਸੈਂਟਰ ਸਰਕਾਰ ਅੱਗੇ ਮਿੰਨਤਾਂ ਕਰਨ ਲਈ ਮਜਬੂਰ ਹੋਵੇਗੀ। ਇਸ ਤਰਾਂ ਹੀ ਪੰਜਾਬ ਸਮੇਤ ਦੇਸ ਦੇ ਅਨੇਕਾਂ ਸੂਬਿਆਂ ਦੀਆਂ ਸਰਕਾਰਾਂ ਆਪਣੇ ਰਾਜਾਂ ਦੀਆਂ ਆਰਥਿਕਤਾ ਤਬਾਹ ਕਰ ਚੁਕੀਆਂ ਹਨ। ਇਸ ਤਰਾਂ ਦੇ ਚੋਣ ਵਾਅਦਿਆਂ ਦੇ ਕਾਰਨ ਦੇਸ਼ ਦੀ ਆਰਥਿਕਤਾ ਨੂੰ ਢਾਹ ਲੱਗਦੀ ਹੈ ਜਿਸਦੀ ਸਜਾ ਆਮ ਲੋਕਾਂ ਨੂੰ ਹੁੰਦੀ ਹੈ ਕਿਉਂਕਿ ਜਿਸ ਕਾਰਨ ਆਮ ਲੋਕਾਂ ਤੇ ਟੈਕਸ਼ਾਂ ਦਾ ਬੋਝ ਲਗਾਤਾਰ ਵੱਧਦਾ ਜਾਂਦਾ ਹੈ। ਆਮ ਲੋਕ ਭਾਵੇਂ ਇਸ ਨੂੰ ਰੋਕ ਨਹੀਂ ਸਕਦੇ ਇਸ ਨੂੰ ਰੋਕਣ ਲਈ ਵੀ ਰਾਜਨੀਤਕਾਂ ਅਤੇ ਸੰਵਿਧਾਨਕ ਸੰਸਥਾਵਾਂ ਅਤੇ ਅਦਾਲਤਾਂ ਵੱਲ ਹੀ ਝਾਕਣਾਂ ਪੈਂਦਾ ਹੈ। ਦੇਸ ਦੇ ਰਾਜਨੀਤਕ ਲੋਕ ਕਦੇ ਇਸ ਗੱਲ ਨੂੰ ਸਮਝਣਗੇ ਇਸਦੀ ਆਸ ਵਿੱਚ ਸਿਰਫ ਕਾਮਨਾਂ ਹੀ ਕੀਤੀ ਜਾ ਸਕਦੀ ਹੈ।
ਗੁਰਚਰਨ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ