Thursday 21 April 2016

ਪੰਜਾਬੀਉ ਆਉ ਯੁੱਗਪੁਰਸ਼ਾਂ ਨੂੰ ਦੱਸੀਏ ਕਿ ਹੁਣ ਅਸੀ ਉਹ ਨਹੀ ਰਹੇ

Add caption

                                             
                                    ਵਕਤ ਇਨਸਾਨ ਨੂੰ ਕਿੰਨਾਂ ਕੁ ਬਦਲ ਦਿੰਦਾਂ ਹੈ ਇਹ ਉਸਦੇ ਕੰਮਾਂ ਤੋਂ ਪਤਾ ਚਲਦਾ ਹੈ ਬੋਲਣ ਦੱਸਣ ਨਾਲ ਕੋਈ ਵਧੀਆਂ ਘਟੀਆ ਨਹੀਂ ਬਣ ਜਾਂਦਾ। ਇੱਥੇ ਅਮਲਾਂ ਤੇ ਹੁੰਦੇ ਨੇ ਨਬੇੜੇ ਬਾਤ ਜਾਂ ਜਾਤ ਕਿਸੇ ਪੁੱਛਣੀ ਨਹੀਂ। ਯੁੱਗ ਪੁਰਸ਼ਾ ਦੀਆਂ ਰੱਖੀਆਂ ਮਜਬੂਤ ਨੀਹਾਂ ਵਾਲੀਆਂ ਕੰਧਾਂ ਦੀਆਂ ਜੜਾਂ ਰਾਜਸੱਤਾ ਕਿਵੇਂ  ਖੋਖਲਾ ਕਰ ਦਿੰਦੀ ਹੈ ਪਤਾ ਹੀ ਨਹੀਂ ਚਲਦਾ। ਪਿੱਛਲੇ ਦਿਨੀਂ 1947 ਦੇ ਫਸਾਦਾਂ ਤੇ ਇੱਕ ਵੱਡ ਅਕਾਰੀ ਪੁਸਤਕ ਪੜਦਿਆਂ ਅਤੇ ਆਮ ਜਿੰਦਗੀ ਵਿੱਚ ਬਜੁਰਗਾਂ ਤੋਂ ਦਰਦ ਭਰੀਆਂ ਕਹਾਣੀਆਂ ਸੁਣਦਿਆ ਗੁਰੂਆਂ ਪੀਰਾਂ ਫਕੀਰਾਂ ਦੀ ਵਰੋਸਾਈ ਸਿੱਖ ਕੌਮ ਦਾ ਅਸਲੀ ਨਹੀਂ ਪਰ ਇੱਕ ਰਾਜਨੀਤਕਾਂ ਦੁਆਰਾ ਤਿਆਰ ਨਕਲੀ ਧੜੇ ਦੀ ਪੈਦਾਇਸ ਕਿਸ ਤਰਾਂ ਆਪਣੇ ਮੂਲ ਖਾਸੇ ਨਾਲੋਂ ਟੁੱਟਕੇ ਲੁਟੇਰੀ, ਧਾੜਵੀ, ਇੱਜਤਾਂ ਲੁੱਟਣ ਵਾਲੀ ਅਤੇ ਜਰਾਇਮ ਪੇਸ਼ਾ ਬਣਦੀ ਦਿਖਾਈ ਦਿੰਦੀ ਹੈ ਅਤਿ ਹੈਰਾਨੀ ਜਨਕ ਹੈ। ਅਸਲ ਵਿੱਚ ਇਹ ਗੁਰੂਆਂ ਦੇ ਰਸਤੇ ਉੱਪਰ ਤੁਰਨ ਵਾਲਿਆਂ ਦੀ ਹਾਰ ਅਤੇ ਜਾਲਮ ਰਾਜਸੱਤਾ ਦੁਆਰਾ ਖੜੀ ਕੀਤੀ ਗਈ ਨਕਲੀ ਫੌਜ ਦੇ ਕਾਰਨ ਹੁੰਦਾਂ ਹੈ। ਲੋਕ ਹਿੱਤਾਂ ਦੇ ਅਲੰਬਰਦਾਰ ਅਸਲੀ ਲੋਕ ਤਾਂ ਕਦੇ ਵੀ ਆਪਣੇ ਰਹਿਬਰਾਂ ਦੇ ਉਪਦੇਸਾਂ ਤੋਂ ਮੁਨਕਰ ਨਹੀਂ ਹੁੰਦੇ ਪਰ ਰਾਜਸੱਤਾ ਦੁਆਰਾ ਤਿਆਰ ਕੀਤੇ ਨਕਲੀ ਭੇਖੀ ਦੁਸਟ ਲੋਕ ਗੁਰੂਆਂ ਦੇ ਦਿੱਤੇ ਬਾਣੇ ਪਹਿਨਕੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸਿਸ ਕਰਦੇ ਹਨ।
              ਪਿੱਛਲੇ ਦਿਨੀ ਇੱਕ 90 ਸਾਲਾਂ ਬਜੁਰਗ ਸਿੱਖ ਔਰਤ ਦੇ ਭੋਗ ਤੇ ਜਾਣ ਦਾ ਮੌਕਾ ਮਿਲਿਆ ਜੋ 1947 ਵਿੱਚ ਕਿਸੇ ਮੁਸਲਮਾਨ ਪਰੀਵਾਰ ਦੀ ਧੀ ਸੀ ਅਤੇ ਗੁਰੂਆਂ ਦੀ ਸੋਚ ਤੋਂ ਵਿਹੂਣੇ ਲੋਕਾਂ ਜਬਰੀ ਆਪਣੇ ਘਰ ਪਤਨੀ ਬਣਾਕਿ ਰੱਖ ਲਈ ਸੀ। ਉਸਦੀ ਅੰਤਿਮ ਅਰਦਾਸ ਤੇ ਮੇਰੇ ਮਨ ਵਿੱਚ ਉਸਦੀ ਇਤਿਹਾਸ ਵਿੱਚ ਲਹੂ ਭਿੱਜੀ ਕੁਰਬਾਨੀ ਅਤੇ ਤਿਆਗ ਦੀ ਵਿਸਾਲ ਸੂਰਤ ਦਿਖਾਈ ਦੇ ਰਹੀ ਸੀ ਅਤੇ ਉਸ ਵਰਗੀਆਂ ਹਜਾਰਾਂ ਧੀਆਂ ਭੈਣਾਂ ਮਾਵਾਂ ਦੀਆਂ ਰੂਹਾਂ ਦਿਖਾਈ ਦੇ ਰਹੀਆਂ ਸਨ ਜਿੰਹਨਾਂ ਉਸ ਮਾੜੇ ਵਕਤ ਇਹ ਹੋਣੀ ਝੱਲੀ ਸੀ। ਇਸਦੇ ਪੇਟ ਵਿੱਚੋਂ ਪੈਦਾ ਹੋਇਆ ਪੰਜ ਪੁੱਤਰਾਂ ਅਤੇ ਪੰਦਰਾਂ ਕੁ ਪੋਤੀ ਪੋਤਰਿਆਂ ਦਾ ਵਿਸਾਲ ਸਿੱਖ ਕੁਨਬਾ ਉਸਦੀ ਦਰਦ ਭਰੀ ਜਿੰਦਗੀ ਵਿੱਚੋਂ ਪੈਦਾ ਹੋਣਾਂ ਕੁਦਰਤ ਦੇ ਵਚਿੱਤਰ ਵਰਤਾਰੇ ਦੀ ਕਹਾਣੀ ਕਹਿ ਰਿਹਾ ਸੀ। 1947 ਦੀ ਅਜ਼ਾਦੀ ਕੋਈ 102 ਫਾਂਸੀਆਂ ਜਾਂ ਹਜਾਰਾਂ ਕਤਲਾਂ ਦੀ ਬਦੌਲਤ ਹੀ ਨਹੀਂ ਮਿਲੀ ਸੀ ਬਲਕਿ ਇਸ ਅਜਾਦੀ ਦਾ ਪਹਿਲਾ ਦਿਨ ਦੇਖਣ ਤੋਂ ਪਹਿਲਾਂ ਹੀ ਦੰਗੇ ਫਸਾਦ ਸੁਰੂ ਹੋ ਗਏ ਸਨ ਜੋ ਮਹੀਨਾਂ ਭਰ ਬਾਅਦ ਤੱਕ ਚਲਦੇ ਰਹੇ ਅਤੇ ਜਿਸ ਵਿੱਚ ਖਾਸ ਕਰ ਪੰਜਾਬੀਆਂ ਨੇ ਅੱਠ ਲੱਖ ਦੇ ਕਰੀਬ ਜਾਨਾਂ ਦੀ ਬਲੀ ਦਿੱਤੀ ਸੀ। ਇਸ ਬਲੀ ਦੇ ਵਿੱਚ ਚਾਰ ਲੱਖ ਮੁਸਲਮਾਨ ਅਤੇ ਚਾਰ ਲੱਖ ਹਿੰਦੂ ਸਿੱਖ ਸਾਮਲ ਸਨ। ਇਸ ਅਜ਼ਾਦੀ ਦਾ ਫਾਇਦਾ ਤਾਂ ਰਾਜਨੀਤਕਾਂ ਅਤੇ ਲੁਟੇਰਿਆਂ ਡਾਕੂਆਂ ਗੁੰਡਿਆਂ ਨੇ ਉਠਾਇਆ ਪਰ ਸਰੀਫ ਆਮ ਲੋਕ ਉਸਦਾ ਸੰਤਾਪ ਅੱਜ ਤੱਕ ਹੰਢਾ ਰਹੇ ਹਨ।
                                     ਦੁਨੀਆਂ ਦੀ ਸਭ ਤੋਂ ਨਵੀਂ ਕੌਮ ਸਿੱਖ ਕੌਮ ਜੋ ਨਿਤਾਣੇ ਦਾ ਤਾਣ ਨਿਉਟੇ ਦੀ ਉਟ ਨਿਮਾਣੇ ਦਾ ਮਾਣ ਬਣਦੀ ਹੈ ਨੇ ਆਪਣੇ ਇਸ ਗੁਰ ਉਪਦੇਸ ਨੂੰ ਪਿੱਠ ਦਿਖਾਕਿ ਰਾਜਨੀਤਕਾਂ ਦੀ ਜਹਿਰ ਭਰੀ ਚਾਲ ਵਿੱਚ ਸਾਮਲ ਹੋਕੇ ਜੋ ਗੁੱਲ ਖਿਡਾਏ ਸਨ ਉਹ ਅੱਜ ਵੀ ਸਾਨੂੰ ਸਰਮਸਾਰ ਕਰਦੇ ਹਨ। ਇਹੋ ਜਿਹੇ ਕਹਿਰ ਦੇ ਸਮਿਆਂ ਵਿੱਚ ਗੁਰੂ ਕਾਲ ਅਤੇ ਉਸਤੋਂ ਬਾਅਦ ਲੰਬਾ ਸਮਾਂ ਸਿੱਖ ਕੌਮ ਅਤੇ ਖਾਲਸਾ ਫੌਜ ਨੇ ਨਿਮਾਣਿਆਂ ਨਿਤਾਣਿਆਂ ਨਿਉਟਿਆਂ ਅਤੇ ਗਊ ਗਰੀਬ ਦੀ ਰੱਖਿਆ ਕਰਨ ਲਈ ਲਾਮਿਸਾਲ ਕੁਰਬਾਨੀਆਂ ਕਰਕੇ ਇਤਿਹਾਸ ਰਚਿਆ ਸੀ ਪਰ ਜਿਉਂ ਹੀ ਇਸ ਕੌਮ ਦੇ ਆਗੂ ਰਾਜਨੀਤਕ ਲੋਕ ਜੋ ਗੋਰੇ ਅਤੇ ਕਾਲੇ ਅੰਗਰੇਜਾਂ ਦੇ ਏਜੰਟ ਬਣੇ ਅਤੇ ਉਹਨਾਂ ਇਸ ਕੌਮ ਵਿੱਚੋਂ ਹੀ ਇਸਦੇ ਬਰਾਬਰ ਇੱਕ ਗੁਰੂਆਂ ਦੀ ਸੋਚ ਤੋਂ ਵਿਹੂਣੀ ਨਕਲੀ ਕੌਮ ਤਿਆਰ ਕਰ ਲਈ ਸੀ ਜਿਸਨੇ 1947 ਵਿੱਚ ਧੀਆਂ ਭੈਣਾਂ ਦੀ ਰੱਖਿਆ ਕਰਨ ਦੀ ਥਾਂ ਇੱਜਤਾਂ ਲੁਟੀਆਂ ਸਨ ਅਤੇ ਗੁਰੂਆਂ ਦਾ ਨਾਂ ਬਦਨਾਮ ਕੀਤਾ ਸੀ ਅਤੇ ਅੱਜ ਤੱਕ ਵੀ ਉਹਨਾਂ ਬੇਇਖਲਾਕੇ ਲੋਕਾਂ ਦੇ ਵਾਰਿਸ ਆਗੂ ਬਣੇ ਬੈਠੇ ਹਨ ਸਰਕਾਰਾਂ ਅਤੇ ਰਾਜਨੀਤਕਾਂ ਦੀ ਸਹਿ ਤੇ। ਇਹੋ ਜਿਹੇ ਲੋਕ ਅੱਜ ਵੀ ਜਹਿਰਾਂ ਭਰੀ ਨਫਰਤ ਦੀ ਖੇਤੀ ਲਗਾਤਰ ਕਰਦੇ ਹੋਏ ਨਵੇਂ ਬੀਆਂ ਨੂੰ ਬੀਜਦੇ ਰਹਿੰਦੇ ਹਨ ਪਰ ਧੰਨ ਹਨ ਉਹ ਕੁੱਝ ਲੋਕ ਜੋ ਗੁਰੂਆਂ ਦੀ ਸੋਚ ਤੇ ਪਹਿਰਾ ਦੇਣ ਦਾ ਯਤਨ ਕਰਦੇ ਰਹਿੰਦੇ ਹਨ। ਇਹੋ ਜਿਹੇ ਉੱਚ ਕਿਰਦਾਰ ਦੇ ਲੋਕਾਂ ਨੇ 1947 ਦੇ ਕਹਿਰ ਭਰੇ ਸਮੇਂ ਵੀ ਇਨਸਾਨੀਅਤ ਲਈ ਗੁਰੂਆਂ ਦੀ ਸੋਚ ਦਾ ਦੀਵਾ ਜਗਦਾ ਰੱਖਿਆ ਸੀ। ਬੇਇਖਲਾਕੇ ਲੋਕਾਂ ਦੇ ਵਾਰਿਸਾਂ ਨੇ ਅੱਸੀਵਿਆਂ ਦੇ ਦੌਰ ਤੱਕ ਪਹੁੰਚਦਿਆਂ ਪੰਜਾਬ ਅਤੇ ਪੰਜਾਬੀਆਂ ਲਈਆਂ ਜੂਝਣ ਵਾਲੇ ਸਿੱਖ ਯੋਧਿਆਂ ਨੂੰ ਬਦਨਾਮ ਕਰਨ ਲਈ ਸਿੱਖ ਘਰਾਂ ਵਿੱਚ ਜੰਮੀਆਂ ਧੀਆਂ ਭੈਣਾਂ ਦੀਆਂ ਇੱਜਤਾਂ ਰੋਲਣ ਵਿੱਚ ਵੀ ਕੋਈ ਕਸਰ ਨਹੀਂ ਛੱਡੀ ਸੀ । ਅਜੀਤ ਸਿੰਘ ਪੂਹਲਾ ਅਤੇ ਅਨੇਕਾਂ ਪੁਲਸੀਆਂ ਕੈਟ ਕਿਸਮ ਦੇ ਲੋਕਾਂ ਨੇ ਹਿੰਦੂ ਸਿੱਖ ਅਤੇ ਇੱਥੋਂ ਤੱਕ ਕਿ ਪੁਲੀਸ ਵਾਲੇ ਸਿੱਖ ਪਰੀਵਾਰਾਂ ਦੀਆਂ ਇੱਜਤਾਂ ਰੋਲਣ ਦਾ ਕੰਮ ਵੀ ਖੂਬ ਧੜੱਲੇ ਨਾਲ ਕੀਤਾ ਸੀ। ਇਸ ਤਰਾਂ ਦੇ ਕਾਰੇ ਕਰਨ ਵਾਲੇ ਏਜੰਸੀਆਂ ਦੇ ਬੰਦੇ ਵੀ ਸਿੱਖ ਘਰਾਂ ਦੇ ਜੰਮੇ ਜਾਏ ਸਨ। ਇਹੋ ਜਿਹੇ ਲੋਕਾਂ ਵਿੱਚ ਅਨੇਕਾਂ ਮਾੜੇ ਲੋਕ ਅੱਜ ਵੀ ਰਾਜਗੱਦੀਆਂ ਤੇ ਬੈਠੇ ਦਿਖਾਈ ਦਿੰਦੇ ਹਨ ਅਤੇ ਸਿੱਖ ਕੌਮ ਦੇ ਰਹਿਬਰ ਵੀ ਬਣੇ ਹੋਏ ਹਨ।
                         ਵਰਤਮਾਨ ਸਮੇਂ ਸਿੱਖ ਕੌਮ ਜੋ ਹਿੰਦੋਸਤਾਨ ਦੀ ਸ਼ਾਨ ਹੋਣੀ ਚਾਹੀਦੀ ਸੀ ਕਿਸ ਤਰਾਂ ਹੱਥ ਅੱਡਣ ਲਈ ਮਜਬੂਰ ਕਰਨ ਦੀ ਕੋਸਿਸ ਕੀਤੀ ਜਾ ਰਹੀ ਹੈ। ਕਿਰਤੀ ਲੋਕਾਂ ਦਾ ਗੁਰੂਆਂ ਦਾ ਵਰੋਸਾਇਆ ਪੰਜਾਬ ਘਸਿਆਰਾ ਬਣਾਇਆ ਜਾ ਰਿਹਾ ਹੈ। ਆਪਣੇ ਵਿੱਚੋਂ ਇਮਾਨਦਾਰ ਅਗਵਾਈ ਪੈਦਾ ਕਰਨ ਤੋਂ ਨਿਪੁੰਸਕ ਕੀਤਾ ਜਾ ਰਿਹਾ ਹੈ, ਦੂਸਰਿਆਂ ਸੂਬਿਆਂ ਦੇ ਆਗੂ ਇਸਦੀ ਅਗਵਾਈ ਹੱਥਾ ਵਿੱਚ ਲੈਣ ਜਾ ਰਹੇ ਹਨ, ਪੰਜਾਬੀਆਂ ਲਈ ਡੁੱਬ ਮਰਨ ਵਾਲੀ ਗੱਲ ਹੈ। ਰਾਜ ਕਰੇਗਾ ਖਾਲਸਾ ਆਕੀ ਰਹੇ ਨਾਂ ਕੋਈ ਵਾਲੇ ਨਾਹਰੇ ਵਾਲੀ ਕੌਮ ਨੂੰ ਦਿੱਲੀ ਯੂਪੀ ਅਤੇ ਬਿਹਾਰੀ ਲੋਕ ਕਾਬਜ ਹੋਣ ਦੇ ਦਮ ਭਰ ਰਹੇ ਹਨ ਕੀ ਅਸੀਂ ਸੱਚਮੁੱਚ ਹੀ ਗੁਰੂਆਂ ਦੀ ਸੋਚ ਨੂੰ ਬੇਦਾਵਾ ਲਿਖ ਦਿੱਤਾ ਹੈ? ਕੀ ਪੰਜਾਬੀ ਪੰਜਾਬ ਵਿੱਚੋਂ ਹੀ ਨਵੀਂ ਅਗਵਾਈ ਪੈਦਾ ਕਰਨ ਦੇ ਯੋਗ ਨਹੀਂ ਰਹੇ? ਕੀ ਅਸੀ ਸਾਡੇ ਰਾਹੋਂ ਭਟਕੇ ਅਤੇ ਵਿਗੜੇ ਆਗੂਆਂ ਨੂੰ ਸਬਕ ਸਿਖਾਉਣ ਤੋਂ ਵੀ ਅਸਮਰਥ ਕਰ ਦਿੱਤੇ ਗਏ ਹਾਂ? ਜੇ ਇਸ ਤਰਾਂ ਸੱਚ ਮੁੱਚ ਹੀ ਹੋਣ ਜਾ ਰਿਹਾ ਹੈ ਤਦ ਸਾਨੂੰ ਆਪਣੇ ਗੁਰੂਆਂ ਫਕੀਰਾਂ ਨੂੰ ਕਹਿ ਹੀ ਦੇਣਾਂ ਚਾਹੀਦਾ ਹੈ ਕਿ ਹੁਣ ਅਸੀਂ ਉਹ ਨਹੀਂ ਰਹੇ ਅਸੀਂ ਸੱਚਮੁੱਚ ਹੀ ਬਦਲ ਗਏ ਹਾਂ ? ਗੁਰਚਰਨ ਸਿੰਘ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ