Sunday 28 December 2014

ਮਨੁੱਖੀ ਆਚਰਣ ਨੂੰ ਮਾਪਣ ਦਾ ਪੈਮਾਨ ਕੀ ਹੈ?

                                         
             ਵਰਤਮਾਨ ਸਮੇਂ ਦੇ ਤਕਨੀਕੀ ਯੁੱਗ ਵਿੱਚ ਦੁਨੀਆਂ ਦੇ ਅਮੀਰ  ਲੋਕ ਪੈਸੇ ਦੇ ਜੋਰ ਤੇ ਕਰੋੜਾਂ ਅਰਬਾਂ ਦੇ ਮਸ਼ਹੂਰੀ ਯੁੱਧ ਚਲਾਕਿ ਆਪਣੇ ਆਪ ਨੂੰ ਮਹਾਨ ਬਨਾਉਣ ਦਾ ਯਤਨ ਕਰਦੇ ਹਨ।        ਕੌਣ ਮਨੁੱਖ ਕਿੰਨਾਂ ਕੁ ਵੱਡਾ ਹੁੰਦਾਂ ਹੈ ਇਹ ਅਹੁਦਿਆਂ ਤੇ ਬੈਠ ਕੇ ਜਾਂ ਅਮੀਰੀਆਂ ਨਾਲ ਨਹੀਂ ਮਾਪਿਆ ਜਾਂਦਾ ਦੁਨੀਆਂ ਦੇ ਗਿਆਨਵਾਨ ਲੋਕ ਇਸ ਨੂੰ ਮਨੁੱਖ ਦੇ ਆਚਰਣ ਤੋਂ ਮਾਪਦੇ ਹਨ ਕਿ ਕੌਣ ਮਨੁੱਖ ਕਿੰਨਾਂ ਕੁ ਵੱਡਾ ਛੋਟਾ ਹੈ । ਦੁਨਿਆਵੀ ਮਨੁੱਖ ਦੂਸਰਿਆਂ ਨੂੰ ਜਾਇਦਾਦਾਂ ਅਤੇ ਅਹੁਦਿਆਂ ਦੇ ਪੈਮਾਨੇ ਨਾਲ ਮਾਪ ਕੇ ਆਦਰ ਸਤਿਕਾਰ ਜਾਂ ਨਿਰਾਦਰ ਦਿੰਦਾਂ ਹੈ ਪਰ ਗਿਆਨਵਾਨ , ਅਸਲੀ ਸਿਆਣੇ ਜਾਂ ਫਕੀਰ ਲੋਕ ਮਨੁੱਖ ਨੂੰ ਉਸਦੇ ਆਚਰਣ ਕਾਰਨ ਸਤਿਕਾਰ ਜਾਂ ਨਿਰਾਦਰ ਕਰਦੇ ਹਨ। ਦੁਨੀਆਂ ਦੀਆਂ ਰਾਜਗੱਦੀਆਂ ਦੇ ਮਾਲਕ ਬਣੇ ਲੋਕ ਜੇ ਆਪਣੇ ਰਾਜ ਦੇ ਸਮੁੱਚੇ ਲੋਕਾਂ ਬਾਰੇ ਸੋਚਣ ਦੀ ਥਾਂ ਆਪਣੇ ਪਰੀਵਾਰਾਂ ਬਾਰੇ ਹੀ ਸੋਚਦੇ ਰਹਿਣ ਜਾਂ ਆਪਣੇ ਆਪ ਨੂੰ ਵੱਡਾ ਹੀ ਸਿੱਧ ਕਰਨ ਲਈ ਜੋਰ ਲਾਉਂਦੇ ਰਹਿਣ ਤਦ ਬਹੁਤ ਛੋਟੇ ਪੱਧਰ ਦੇ ਗਰੀਬਾਂ ਨਾਲੋਂ ਵੀ ਥੱਲੇ ਦੀ ਅਵਸਥਾ ਦੇ ਮਾਲਕ ਹੀ ਸਿੱਧ ਹੁੰਦੇ ਹਨ । ਇਸ ਤਰਾਂ ਹੀ ਗਰੀਬੀ ਨਾਲ ਜੂਝ ਰਿਹਾ ਕੋਈ ਭੁੱਖਾ ਮਨੁੱਖ ਵੀ ਜਦ ਆਪਣੀ ਭੁੱਖ ਦੀ ਥਾਂ ਸਮੁੱਚੇ ਸੰਸਾਰ ਦੇ ਭਲੇ ਦੀ ਅਰਦਾਸ਼ ਕਰ ਰਿਹਾ ਹੈ ਤਦ ਉਹ ਛੋਟਾ ਨਹੀਂ ਰਹਿ ਜਾਂਦਾਂ ਸਗੋਂ ਬਾਦਸਾਹਾਂ ਨਾਲੋਂ ਵੀ ਵੱਡਾ ਕਿਹਾ ਜਾਵੇਗਾ। ਸੋ ਇਸ ਤਰਾਂ ਹੀ ਅੱਜਕਲ ਐਮ ਡੀ ਐਚ ਕੰਪਨੀ ਦਾ ਮਾਲਕ ਇੱਕ ਬਜੁਰਗ ਆਪਣੇ ਆਪ ਨੂੰ ਤਾਂਗੇ ਵਾਲੇ ਤੋਂ ਮਸਾਲਿਆਂ ਦੇ ਵਪਾਰ ਤੋਂ ਅੰਨਾਂ ਪੈਸਾ ਕਮਾਕੇ ਵੱਡਾ ਅਮੀਰ ਬਣਨ ਦੀ ਕਹਾਣੀ ਦੀਆਂ   ਕਿਤਾਬਾਂ ਛਪਵਾਕੇ ਵੇਚ ਰਿਹਾ ਹੈ। ਇਸ ਤਰਾਂ ਦਾ ਇੱਕ ਹੋਰ ਮਨੁੱਖ ਜੀ ਨੈਟਵਰਕ ਦੇ ਇਲੈਕਟਰੋਨਿਕ ਮੀਡੀਆਂ ਤੇ ਲੋਕਾਂ ਨੂੰ ਕਾਮਯਾਬੀ ਦੇ ਗੁਰ ਪੜਾ ਰਿਹਾ ਹੈ ਜੋ ਕਿ ਕਿਸੇ ਵਕਤ ਆਟੇ ਵਾਲੀ ਚੱਕੀ ਤੇ ਆਟਾ ਪੀਹਦਾਂ ਹੁੰਦਾਂ ਸੀ। ਇਸ ਤਰਾਂ ਦੇ ਹੋਰ ਬਥੇਰੇ ਲੋਕ ਸੰਤ ਭੇਸ਼ ਵਿੱਚ ਠੱਗੀਆਂ ਬੇਈਮਾਨੀਆਂ ਰਾਂਹੀ ਲੋਕਾਂ ਦੇ ਇਕੱਠਾਂ ਨੂੰ ਮੱਤਾਂ ਦਿੰਦੇ ਹਨ ਅਤੇ ਆਪਣੇ ਆਪ ਨੂੰ ਪੈਗੰਬਰ ਸਿੱਧ ਕਰਦੇ ਹਨ । ਸਮੇਂ ਦੇ ਨਾਲ ਇਹਨਾਂ ਅਖੌਤੀ ਵੱਡੇ ਵਪਾਰੀ ਲੋਕਾਂ ਜਾਂ ਅਖੌਤੀ ਸੰਤਾਂ ਦਾ ਝੂਠ ਕਾਨੂੰਨ ਦੇ ਸਿਕੰਜੇ ਵਿੱਚ ਆ ਜਾਂਦਾ ਹੈ ਤਦ ਇਹੋ ਜਿਹੇ ਲੋਕਾਂ ਦੀ ਅਸਲੀਅਤ ਲੁਕੋਇਆਂ ਵੀ ਨਹੀਂ ਲੁਕ ਸਕਦੀ ਹੁੰਦੀ ।
                           ਸੋ ਆਉ ਜਾਣੀਏ ਕਿ ਫਕੀਰਾਂ ਜਾਂ ਗਿਆਨਵਾਨ ਲੋਕਾਂ ਅਨੁਸਾਰ ਕੌਣ ਮਨੁੱਖ ਕਿਨਾਂ ਕੁ ਵੱਡਾ ਛੋਟਾ ਹੁੰਦਾਂ ਹੈ ? ਦੋਸਤੋ ਜਦ ਜੇ ਕੋਈ ਮਨੁੱਖ ਰਾਜਗੱਦੀ ਤੇ ਵੀ ਬੈਠਾ ਹੋਵੇ ਜਾਂ ਇੱਕ ਆਮ ਪਰੀਵਾਰ ਚਲਾ ਰਿਹਾ ਹੋਵੇ ਜਦ ਤੱਕ ਆਪਣੇ ਤੱਕ ਆਪਣੀਆਂ ਹੀ ਲੋੜਾਂ ਬਾਰੇ ਸੋਚਦਾ ਹੈ ਤਦ ਉਹ ਆਮ ਵਿਅਕਤੀ ਹੀ ਹੁੰਦਾਂ ਹੈ । ਇਸ ਛੋਟੇ ਲੈਵਲ ਤੇ ਵੀ ਉਹ ਚੰਗਾਂ ਜਾਂ ਮਾੜਾ ਆਪਣੀ ਫਿਤਰਤ ਅਨੁਸਾਰ ਹੋ ਸਕਦਾ ਹੈ। ਇਹ ਆਮ ਵਿਅਕਤੀ ਜਦ ਕਿਸੇ ਪਰੀਵਾਰ ਦੇ ਹਿੱਤਾਂ ਤੱਕ ਸੋਚਣਾਂ ਸੁਰੂ ਕਰ ਦਿੰਦਾਂ ਹੈ ਤਦ ਥੋੜਾ ਹੋਰ ਵੱਡੇ ਘੇਰੇ ਦਾ ਮਾਲਕ ਹੋ ਜਾਂਦਾਂ ਹੈ। ਇਸ ਲੈਵਲ ਤੇ ਉਹ ਕਿਸੇ ਪਰੀਵਾਰ ਦਾ ਮੁੱਖੀ ਵੀ ਬਣਨ ਦੀ ਯੋਗਤਾ ਦਾ ਮਾਲਕ ਵੀ ਹੋ ਜਾਂਦਾ ਹੈ। ਇਸ ਤੋਂ ਅਗਲਾ ਘੇਰਾ ਪਿੰਡ ਜਾਂ ਸ਼ਹਿਰ ਤੱਕਦਾ ਹੁੰਦਾਂ ਹੈ ਜਦ ਕੋਈ ਆਪਣੇ ਪਿੰਡ ਜਾਂ ਸਹਿਰ ਦੇ ਹਿੱਤਾਂ ਤੱਕ ਸੋਚਣਾਂ ਸੁਰੂ ਕਰ ਦੇਵੇ ਤਦ ਉਸਦਾ ਸਾਰਾ ਪਿੰਡ ਹੀ ਆਪਣਾਂ ਹੋ ਜਾਂਦਾ ਹੈ । ਇਸ ਲੈਵਲ ਤੇ ਪਹੁੰਚ ਕੇ ਉਸਦੇ ਆਪਣੇ ਹਿੱਤ ਅਤੇ ਪਰੀਵਾਰ ਦੇ ਹਿੱਤ ਵੀ ਆਪਣੇ ਸਮੂਹ ਦੇ ਵਿਕਾਸ਼ ਵਿੱਚੋਂ ਹੀ ਪਰਾਪਤ ਹੁੰਦੇ ਹਨ। ਇਸ ਘੇਰੇ ਵਿੱਚ ਵਿਚਰਦਾ ਮਨੁੱਖ ਸਰਪੰਚ ਆਦਿ ਵਰਗੇ ਅਹੁਦਿਆਂ ਦੀ ਯੋਗਤਾ ਪਰਾਪਤ ਕਰ ਲੈਂਦਾਂ ਹੈ। ਇਸ ਘੇਰੇ ਤੋਂ ਅੱਗੇ ਅਨੇਕਾਂ ਪਿੰਡਾਂ ਦੇ ਸਮੂਹ ਜਾਂ ਜਿਲਿਆਂ ਅਤੇ ਸੂਬਿਆਂ ਦੇ ਹਿੱਤਾਂ ਬਾਰੇ ਸੋਚਣ ਵਾਲੀ ਅਵਸਥਾ  ਅਨੁਸਾਰ ਹਰ ਮਨੁੱਖ ਵੱਡਾ ਹੁੰਦਾਂ ਜਾਂਦਾ ਹੈ। ਇਸ ਤਰਾਂ ਦੀ ਸੋਚਣੀ ਅਨੁਸਾਰ ਹੀ ਉਸਦਾ ਕੱਦ ਮਾਪਿਆ ਜਾਂਦਾਂ ਹੈ। ਇਸ ਤਰਾਂ ਦੇ ਲੋਕ ਵਰਤਮਾਨ ਸਮੇਂ ਦੀ ਰਾਜਨੀਤਕ ਪਰਣਾਲੀ ਅਨੁਸਾਰ ਵਿਧਾਨਕਾਰ ,ਮੈਂਬਰ ਪਾਰਲੀਮੈਂਟ ਤੱਕ ਜਾ ਪਹੁੰਚਦੇ ਹਨ । ਦੇਸਾਂ ਦੇ ਆਗੂ ਪਰਧਾਨ ਮੰਤਰੀ , ਰਾਸਟਰਪਤੀ ਬਣਨ ਦੇ ਅਹੁਦਿਆਂ ਤੱਕ ਪਹੁੰਚਣ ਵਾਲੇ ਲੋਕ  ਆਪਣੇ ਦੇਸ਼ ਦੇ ਸਮੁੱਚੇ ਲੋਕਾਂ ਬਾਰੇ ਸੋਚਣ ਵਾਲੇ ਹੀ ਬਣਦੇ ਹਨ ਪਰ ਜੇ ਕਦੀ ਇਹੋ ਜਿਹੇ ਅਹੁਦਿਆਂ ਤੇ ਪਹੁੰਚ ਕੇ ਲੋਕ ਆਪਣੇ ਨਿੱਜ ਵੱਲ ਜਾਂ ਆਪਣੇ ਪਰੀਵਾਰਕ ਹਿੱਤਾਂ ਵੱਲ ਹੀ ਸੋਚਣਾਂ ਸ਼ੁਰੂ ਕਰ ਦੇਣ ਤਦ ਉਹ ਲੋਕ ਅਸਫਲ ਹੋ ਜਾਂਦੇ ਹਨ ਅਤੇ ਇਤਿਹਾਸ਼ ਦੇ ਗਦਾਰ ਵੀ ਬਣ ਜਾਂਦੇ ਹਨ । ਵੱਡੇ ਅਹੁਦਿਆਂ ਤੇ ਜੇ ਛੋਟੀ ਪਰੀਵਾਰਕ ਹਿੱਤਾਂ ਵਾਲੀ ਸੋਚਣੀ ਦੇ ਲੋਕ ਪਹੁੰਚ ਜਾਣ ਤਦ ਉਹ ਆਪਣੇ ਮੁਲਕਾਂ ਵਿੱਚ ਅਸਫਲਤਾ, ਅਰਾਜਕਤਾ , ਬਦਅਮਨੀ ਦੇ ਜੁੰਮੇਵਾਰ ਵੀ ਜਰੂਰ ਬਣਦੇ ਹਨ ।
                        ਉਪਰੋਕਤ ਵਰਤਾਰੇ ਤੋਂ ਬਾਹਰ ਵੀ ਬਹੁਤ ਸਾਰੇ ਲੋਕ ਹੁੰਦੇ ਹਨ ਜੋ ਸਮੁੱਚੇ ਸੰਸਾਰ ਦਾ ਭਲਾ ਲੋੜਦੇ ਹਨ ਇਹ ਲੋਕ ਦੁਨੀਆਂ ਦੀਆਂ ਰਾਜਗੱਦੀਆਂ ਤੇ ਭਾਵੇਂ ਨਹੀਂ ਬੈਠਦੇ ਪਰ ਇਹਨਾਂ ਲੋਕਾਂ ਦੀ ਫਕੀਰ ਤਬੀਅਤ ਹਮੇਸ਼ਾਂ ਹੀ ਸਮੁੱਚੇ ਸੰਸਾਰ ਦੇ ਲੋਕਾਂ ਦਾ ਭਲਾ ਲੋੜਦੀ ਹੈ ਅਤੇ ਇਹ ਲੋਕ ਸੰਤ ਫਕੀਰ ਜਾਂ ਪੈਗੰਬਰ ਅਖਵਾਉਂਦੇ ਹਨ । ਆਮ ਲੋਕਾਂ ਵਿੱਚ ਵੀ ਰਾਜਸੱਤਾ ਦੇ ਅਹੁਦਿਆਂ ਦੀ ਭੁੱਖ ਤੋਂ ਦੂਰ ਰਹਿਣ ਵਾਲੇ ਲੋਕ ਵੱਡੀ ਗਿਣਤੀ ਵਿੱਚ ਫਕੀਰ ਬਿਰਤੀ ਦੇ ਹੁੰਦੇ ਹਨ। ਸੋ ਆਮ ਲੋਕਾਂ ਨੂੰ ਵੀ ਕਦੇ ਛੋਟਾ ਨਹੀਂ ਸਮਝਣਾਂ ਚਾਹੀਦਾ ਕਿਉਂਕਿ ਇਹ ਲੋਕ ਹੀ ਰਾਜਸੱਤਾ ਤੱਕ ਦੇ ਅਹੁਦੇ ਦੇਣ ਵਾਲੇ ਅਤੇ ਬਦਲਣ ਵਾਲੇ ਵੀ ਹੁੰਦੇ ਹਨ। ਰਾਜਸੱਤਾ ਤੇ ਕਬਜਾ ਕਰਕੇ ਬਹੁਤ ਵਾਰ ਕਈ ਲੋਕ ਤਾਨਾਸ਼ਾਹ ਵੀ ਬਣੇ ਹਨ ਜਿੰਹਨਾਂ ਨੂੰ ਵੀ ਅਨੇਕਾਂ ਵਾਰ ਇਹਨਾਂ ਨੂੰ ਆਮਲੋਕਾਂ ਨੇ ਮਲੀਆਮੇਟ ਕੀਤਾ ਹੈ। ਸੋ ਜੋ ਮਨੁੱਖ ਸਮੁੱਚੇ ਸੰਸਾਰ ਦਾ ਭਲਾ ਮੰਗਣ ਵਾਲਾ ਹੋਵੇ ਜਾਂ ਆਪਣੇ ਆਪ ਦੀ ਥਾਂ ਦੂਸਰਿਆਂ ਦਾ ਭਲਾ ਮੰਗਣ ਵਾਲਾ ਹੋਵੇ ਹਮੇਸਾਂ ਬਾਦਸਾਹੀ ਬਿਰਤੀ ਦਾ ਮਾਲਕ ਹੀ ਹੁੰਦਾਂ ਹੈ । ਰਾਜਨੀਤਕ ਕੁਰਸੀਆਂ ਤੇ ਅਨੇਕਾਂ ਵਾਰ ਤਿਕੜਮਬਾਜ, ਬੇਈਮਾਨ , ਭਰਿਸ਼ਟ ਲੋਕ ਵੀ ਪਹੁੰਚ ਜਾਂਦੇ ਹਨ ਪਰ ਉਹਨਾਂ ਦਾ ਪਤਾ ਉਸ ਵਕਤ ਲੱਗਦਾ ਹੈ ਜਦ ਉਹ ਰਾਜਸੱਤਾ ਤੇ ਬੈਠਕੇ ਨਿੱਜਪ੍ਰਸਤੀ ਕਰਦਿਆਂ ਆਪਣੇ ਅਤੇ ਆਪਣਿਆਂ ਦੇ ਵਾਸਤੇ ਲੁੱਟ ਸੁਰੂ ਕਰ ਦਿੰਦੇ ਹਨ । ਇਸ ਤਰਾਂ ਦੇ ਲੋਕ ਨੀਚ ਬੇਈਮਾਨ ਅਤੇ ਮੰਗਤੇ ਕਿਸਮ ਦੇ ਹੀ ਮੰਨੇ ਜਾਂਦੇ ਹਨ। ਇਮਾਨਦਾਰ ਰਾਜਨੀਤਕ ਬੰਦਾਂ ਆਪਣੇ ਸਮੁੱਚੇ ਲੋਕਾਂ ਦਾ ਭਲਾ ਕਰਦਾ ਹੈ  ਜਿਸ ਵਿੱਚ ਉਸਦੇ ਆਪਣੇ ਨਿੱਜ ਰਿਸਤਿਆਂ ਦੇ ਲੋਕ ਵੀ ਸਾਮਲ ਹੁੰਦੇ ਹਨ । ਸਮੁੱਚੇ ਲੋਕਾਂ ਦੀ ਭਲਾਈ ਸਮੇਂ ਉਸ ਦੇ ਨਿੱਜ ਰਿਸਤਿਆਂ ਵਾਲਿਆਂ  ਦੀ ਵੀ ਦੂਸਰੇ ਲੋਕਾਂ ਵਾਂਗ ਭਲਾ ਹੁੰਦਾਂ ਹੀ ਹੈ। ਜੋ ਵਿਅਕਤੀ ਆਪਣੇ ਜਿੰਦਗੀ ਦੇ ਹਰ ਕੰਮ ਵਿੱਚ ਉਸਦਾ ਧਰਮ ਨਿਭਾਉਂਦਾ ਹੈ ਉਹ ਹੀ ਸਫਲ ਜਿੰਦਗੀ ਅਤੇ ਉੱਚੇ ਕਿਰਦਾਰ ਦਾ ਮਾਲਕ ਹੁੰਦਾਂ ਹੈ।
ਗੁਰਚਰਨ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ          

Thursday 25 December 2014

ਐ ਭਰਿਸਟ ਅਤੇ ਇਮਾਨਦਾਰ ਮਨੁੱਖ ਤੇਰੀ ਔਕਾਤ ਕੀ ਹੈ ?

                                  
                    ਵਰਤਮਾਨ ਸਮੇਂ ਦੇ ਅਮੀਰ ਸਹਿਨਸ਼ਾਹਾਂ ਦੀ ਜਿੰਦਗੀ ਵੱਲ ਜਦ ਝਾਤ ਮਾਰਦੇ ਹਾਂ ਤਦ ਉਹਨਾਂ ਦੇ ਬਚਪਨ ਵਿੱਚ ਗਰੀਬੀ ਹੰਢਾਈ ਦੇ ਦਰਸ਼ਨ ਹੁੰਦੇ ਹਨ ਜਿੰਹਨਾਂ ਵਿੱਚੋਂ ਇੱਕ ਧੀਰੂ ਭਾਈ ਅੰਬਾਨੀਂ ਸੀ ਜੋ ਵਿਦੇਸ਼ ਦੀ ਧਰਤੀ ਤੇ ਪੈਟਰੋਲ ਭਰਦਿਆਂ ਭਰਦਿਆਂ ਹਿੰਦੋਸਤਾਨ ਦੀ ਸਭ ਤੋਂ ਵੱਡੀ ਪੈਟਰੋਲੀਅਮ ਕੰਪਨੀ ਦਾ ਮਾਲਕ ਬਣ ਗਿਆ ਜਿਸਦਾ ਨਾਂ ਹੈ ਰਿਲਾਇੰਸ਼ । ਅਣਗਿਣਤ ਧਨ ਦੇ ਅੰਬਾਰ ਖੜਾ ਕਰਨ ਵਾਲਾ ਆਪਣੀ ਜਿੰਦਗੀ ਦਾ ਇੱਕ ਦਿਨ ਵੀ ਨਾਂ ਵਧਾ ਸਕਿਆਂ ਅਤੇ ਆਪਣੇ ਪੁੱਤਰਾਂ ਨੂੰ ਅਰਬਾਂ ਦੀ ਜਾਇਦਾਦ ਛੱਡ ਗਿਆ ਜਿਸ ਨੂੰ ਵੰਡਣ ਪਿੱਛੇ ਜੁੱਤਮ ਜੁੱਤੀ ਹੁੰਦਿਆਂ ਸਾਰੇ ਸੰਸਾਰ ਨੇ ਦੇਖਿਆ ਅਤੇ ਜਿਸ ਵਿੱਚ ਉਹਨਾਂ ਦੀ ਮਾਂ ਲੁੱਟ ਦੇ ਪੈਸੇ ਵਿੱਚੋਂ ਕਰੋੜਾਂ ਰੁਪਏ ਉਹਨਾਂ ਦੀ ਏਕਤਾ ਲਈ ਧਾਰਮਿਕ ਸਥਾਨਾਂ ਤੇ ਚੜਾਉਂਦੀ ਫਿਰਦੀ ਰਹੀ ਤੇ ਅਨੇਕਾਂ ਬਾਬਿਆਂ ਦੀ ਚਾਪਲੂਸੀ ਕੀਤੀ ਅਤੇ ਦਾਨ ਵਿੱਚ ਕਰੋੜਾ ਦਿੱਤੇ ਸਨ । ਇਸ ਤਰਾਂ ਦੇ ਹੀ ਇੱਕ ਪੈਸਾ ਕਮਾਊ ਬਾਬੇ ਦੀ ਮਦਦ ਨਾਲ ਬੜੀ ਮੁਸਕਲ ਨਾਲ ਆਮ ਲੋਕਾਂ ਦੇ ਖੂਨ ਦੀ ਕਮਾਈ ਵਿੱਚੋਂ ਲੁੱਟਕੇ ਬਣਾਏ ਪਹਾੜ ਨੂੰ  ਉਹਨਾਂ ਦੀ ਮਾਂ ਨੇ ਵੰਡ ਪਵਾ ਹੀ ਦਿੱਤੀ ਤਾਂ ਕਿ ਜੱਗ ਹਸਾਈ ਨਾਂ ਹੋਵੇ ਪਰ ਜਲੂਸ਼ ਤਾਂ ਸਾਰੇ ਸੰਸਾਰ ਵਿੱਚ ਪਹਿਲਾਂ ਹੀ ਨਿਕਲ ਚੁੱਕਿਆਂ ਸੀ । ਇਸ  ਤਰਾਂ ਦਾ ਕਿਸੇ ਇੱਕ ਨਾਲ ਨਹੀਂ ਹਰ ਦੁਨੀਆਂ ਦੇ ਅਰਬਪਤੀ ਨਾਲ ਹੁੰਦਾਂ ਹੈ ਜਿੰਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾਂ ਕਿ ਉਹਨਾਂ ਦੀ ਸਾਰੀ ਜਿੰਦਗੀ ਦੀ ਲੋੜ ਸਿਰਫ ਢਾਈ ਸੌ ਮਣ ਅਨਾਜ ਹੀ ਹੈ ਉਹ ਵੀ ਤਾਂ ਜੇ ਉਸਨੂੰ ਸੌ ਸਾਲ ਦੀ ਉਮਰ ਮਿਲ ਜਾਵੇ । ਦੁਨੀਆਂ ਦੇ ਕਿਸੇ ਸਿਕੰਦਰ ਦੇ ਘਰ ਜਨਮੀ ਔਲਾਦ ਨੇ ਅੱਜ ਤੱਕ ਸੌ ਸਾਲ ਦੀ ਉਮਰ ਪਰਾਪਤ ਨਹੀਂ ਕੀਤੀ ਹਾਂ ਗਰੀਬ ਲੋਕ ਬਥੇਰੇ ਦਿਖਾਈ ਦੇਣਗੇ ਜੋ ਸੈਂਕੜਾ ਮਾਰਕੇ ਵੀ ਤੰਦਰੁਸਤ ਬੈਠੇ ਹੋਣਗੇ ਭਲਾ ਕਿਉ? ਅਸਲ ਵਿੱਚ ਦੁਨੀਆਂ ਦੇ ਬਹੁਤੇ ਅਰਬਾਂਪਤੀਆਂ ਦੀ ਔਲਾਦ ਤਾਂ ਅਰਧ ਉਮਰੇ ਹੀ ਚਲੀ ਜਾਂਦੀ ਹੈ ਬਹੁਤਿਆਂ ਦੇ ਤਾਂ ਹੁੰਦੀ ਹੀ ਨਹੀਂ ਜੇ ਹੁੰਦੀ ਵੀ ਹੈ ਤਦ ਉਹ ਮਾਪਿਆਂ ਦੇ ਦੁੱਖ ਵੰਡਾਉਣ ਲਈ ਨਹੀਂ ਸਗੋਂ ਐਸ਼ਪ੍ਰਸਤੀਆਂ ਵਿੱਚ ਮਸਤ ਹੀ ਕਿਧਰੇ ਮਰ ਮੁੱਕ ਜਾਂਦੀ ਹੈ । ਦੁਨੀਆਂ ਦੀ ਕੋਈ ਸਰਵ ਸੁੰਦਰੀ ਡਾਇਨਾਂ ਜਾਂ ਕੋਈ ਹੈਂਕੜਬਾਜ ਹਿਟਲਰ ,ਚੰਗੇਜ ਖਾਨ ,ਸਿਕੰਦਰਾਂ ਦੇ ਅਨੇਕਾਂ ਕਿੱਸੇ ਇਤਿਹਾਸ ਦੇ ਪੰਨਿਆਂ ਨੂੰ ਕਾਲੇ ਕਰਦਿਆਂ ਮੌਜੂਦ ਹਨ ।
                                 ਸਿੱਧਾ ਸਾਦਾ ਹਿਸਾਬ ਹੈ ਸੌ ਸਾਲ ਦੀ ਉਮਰ ਜਿਉਣ ਵਾਲਾ ਮਨੁੱਖ 36500 ਦਿਨ ਧਰਤੀ ਤੇ ਜਿਉਂਦਾਂ ਹੈ ਜਿਸ ਵਿੱਚੋਂ ਬਚਪਨ ਦੇ 15  ਸਾਲ ਅਤੇ ਬੁਢਾਪੇ ਦੇ 25 ਸਾਲ ਉਹ ਸੌ ਗਰਾਮ ਤੋਂ ਜਿਆਦਾ ਨਹੀਂ ਖਾ ਸਕਦਾ ਤਰਲ ਪਦਾਰਥ ਜਿਨ ਮਰਜੀ ਪੀ ਲਵੇ ਜੋ ਪਾਣੀ ਤੋਂ ਲੈ ਕੇ ਜੂਸ ਜਾਂ ਸ਼ਰਾਬ ਤੱਕ ਕੁੱਝ ਵੀ ਹੋ ਸਕਦਾ ਹੈ । ਗਰੀਬ ਮਨੁੱਖ ਪਾਣੀ ਨਾਲ ਸਾਰ ਲੈਂਦਾਂ ਹੈ ਅਮੀਰ ਮਨੁੱਖ ਸਰਾਬਾਂ ਪੀਕੇ ਉਮਰ ਵੀ ਘਟਾ ਲੈਂਦਾਂ ਹੈ । ਸਬਜੀਆਂ ਜਾਂ ਕੱਚੇ ਫਲ ਵੀ ਤਰਲ ਪਦਾਰਥ ਹੀ ਹੁੰਦੇ ਹਨ । ਸਿਰਫ ਅਨਾਜ ਹੀ ਠੋਸ ਰੂਪ ਹੁੰਦਾਂ ਹੈ ਜਿਸਨੂੰ ਸਿਹਤ ਜਵਾਨ ਉਮਰ ਵਿੱਚ ਵੀ ਪੰਜ ਸੌ ਗਰਾਮ ਤੋਂ ਜਿਆਦਾ ਨਹੀਂ ਲੈ ਸਕਦੀ । ਔਸਤ ਰੂਪ ਵਿੱਚ ਜਵਾਨ ਮਨੁੱਖ ਸਿਰਫ 350 ਗਰਾਮ ਠੋਸ ਅਨਾਜ ਹੀ ਲੈ ਸਕਦਾ ਹੈ । ਸਮੁੱਚੀ ਉਮਰ ਦੇ ਵਿੱਚ ਜੇ ਇਹ ਔਸਤ ਰੂਪ ਵਿੱਚ ਮਾਪਣਾਂ ਹੋਵੇ ਤਦ ਇਹ 250 ਗਰਾਮ ਹੀ ਰਹਿ ਜਾਂਦਾ ਹੈ ਜਿਸਦਾ ਭਾਵ ਹੈ ਕਿ ਮਨੁੱਖ ਦੀ 25000 ਦਿਨਾਂ ਦੀ ਲੋੜ ਸਿਰਫ 65 ਕੁ ਕਵਿੰਟਲ ਅਨਾਜ ਹੀ ਰਹਿ ਜਾਂਦੀ ਹੈ । ਸੰਸਾਰ ਦੇ ਹਰ ਵਿਅਕਤੀ ਦੀ ਔਸਤ ਉਮਰ 67 ਸਾਲ ਹੀ ਮੰਨੀ ਜਾਂਦੀ ਹੈ ਜਦਕਿ ਭਾਰਤ ਵਿੱਚ ਔਸਤ ਉਮਰ 62 ਸਾਲ ਹੀ ਮੰਨੀ ਜਾਂਦੀ ਹੈ। ਪਰ ਜੇ ਮਨੁੱਖ ਸੌ ਸਾਲ ਜਾਂ 36000 ਦਿਨ ਵੀ ਰਹਿ ਜਾਵੇ ਇਸ ਸੰਸਾਰ ਵਿੱਚ ਤਦ ਵੀ ਸੌ ਕਵੰਟਲ ਤੋਂ ਜਿਆਦਾ ਅਨਾਜ ਨਹੀਂ ਖਾ ਸਕਦਾ। ਭਰਿਸ਼ਟ ਮਨੁੱਖ ਤਾਂ ਅਨਾਜ ਬਾਰੇ ਸੋਚਣ ਦੀ ਥਾਂ ਸੋਨਾ ਚਾਂਦੀ ਅਤੇ ਕਾਗਜ ਹੀ ਸਾਰੀ ਉਮਰ ਇਕੱਠਾ ਕਰਦਾ ਰਹਿੰਦਾਂ ਹੈ ਜੋ ਕਦੇ ਵੀ ਉਸਦੀ ਖੁਰਾਕ ਨਹੀਂ ਬਣ ਸਕੇ ਅਤੇ ਨਾਂ ਹੀ ਬਣਨਗੇ। ਇਕੱਲੇ ਮਨੁੱਖ ਤੋਂ ਬਿਨਾਂ ਸੰਸਾਰ ਦਾ ਕੋਈ ਜਾਨਵਰ ਇਹ ਚੀਜਾਂ ਇਕੱਠੀਆਂ ਨਹੀਂ ਕਰਦਾ ਪਰ ਵਿਚਾਰਾ ਮਨੁੱਖ ਸਿਆਣਾ ਅਖਵਾਉਂਦਾਂ ਹੈ ਅਤੇ ਭਰਿਸ਼ਟ ਬੇਈਮਾਨ ਹੋਕੇ ਦੂਸਰਿਆਂ ਦੇ ਮੂੰਹ ਵਿੱਚੋਂ ਰੋਟੀ ਖੋਹਕੇ ਆਪਣੇ ਘਰ ਸੋਨੇ ਨਾਲ ਭਰਨ ਲੱਗਦਾ ਹੈ ਅਤੇ ਇੱਕ ਦਿਨ ਇਸ ਲੜਾਈ ਦੇ ਘਰ ਆਪਣੇ ਵਾਰਸ਼ਾਂ ਦੇ ਗਲ ਨਫਰਤਾਂ ਦਾ ਸੰਸਾਰ ਛੱਡ ਜਾਂਦਾ ਹੈ । ਦੁਨੀਆਂ ਦੇ ਪਾਗਲ ਬੁੱਧੀਜੀਵੀ ਲੋਕ ਇਸ ਤਰਾਂ ਦੇ ਅਗਿਆਨੀ ਲੋਕਾਂ ਨੂੰ ਦੁਨੀਆਂ ਦੇ ਪੱਥ ਪ੍ਰਦਰਸ਼ਕ ਸਾਬਤ ਕਰਦੇ ਰਹਿੰਦੇ ਹਨ ਜਦਕਿ ਦੁਨੀਆਂ ਦੇ ਰਾਹ ਦਸੇਰੇ ਆਮ ਕਿਰਤੀ ਲੋਕ ਹੁੰਦੇ ਹਨ ਜੋ ਸਭ ਕੁੱਝ ਲੁਟਾਕੇ ਵੀ ਕਿਰਤ ਦਾ ਲੜ ਨਹੀਂ ਛੱਡਦੇ ਅਤੇ ਰੱਬ ਦੀ ਰਜਾਂ ਵਿੱਚ ਰਾਜੀ ਰਹਿੰਦੇ ਹਨ ।
                  ਦੁਨੀਆਂ ਦੇ ਭਰਿਸ਼ਟ ਬੇਈਮਾਨ ਲੋਕ ਆਪਣੀ ਲੁੱਟ ਦੀ ਕਮਾਈ ਨੂੰ ਲੁਕਾਉਣ ਦੇ ਫਿਕਰਾਂ ਵਿੱਚ ਆਪਣੀ ਜਿੰਦਗੀ ਦਾ ਸੁਆਦ ਗੁਆ ਬੈਠਦੇ ਹਨ ਅਤੇ ਉਮਰ ਵੀ ਘਟਾ ਲੈਂਦੇ ਹਨ। ਪੈਸੇ ਦੇ ਜੋਰ ਜਿੰਦਗੀ ਦਾ ਅਨੰਦ ਕਦੇ ਖੁਸੀ ਨਹੀਂ ਪੈਦਾ ਕਰਦਾ । ਪੈਸੇ ਦੇ ਜੋਰ ਤੇ ਸਿਹਤ ਦੀ ਤੰਦਰੁਸਤੀ ਜੋ ਖੁਸੀਆਂ ਵਾਲੀ ਹੋਵੇ ਕਦੇ ਪਰਾਪਤ ਨਹੀਂ ਹੁੰਦੀ। ਬਿਮਾਰ ਜਿੰਦਗੀ ਪੈਸੇ ਦੇ ਜੋਰ ਤੇ ਦਰਦਾਂ ਨਾਲ ਭਰੀ ਹੋਈ ਜਰੂਰ ਕੁੱਝ ਦਿਨ ਖਰੀਦੀ ਜਾ ਸਕਦੀ ਹੈ ਜੋ ਹੋ ਸਕਦੈ ਵੈਟੀਲੇਟਰਾਂ ਦੇ ਸਹਾਰੇ ਹੀ ਨਰਕ ਵਰਗੀ ਹੋਵੇ ਪਰ ਅੰਤ ਨੂੰ ਮੌਤ ਮੂਹਰੇ ਹਾਰਨਾਂ ਹੀ ਪੈਂਦਾਂ ਹੈ। ਆਮ ਕਿਰਤੀ ਲੋਕ ਜਿੰਦਗੀ ਦੇ ਸੁਆਦ ਨੂੰ ਕਦੇ ਵੀ ਨਹੀਂ ਗੁਆੳਂਦੇ ਹੁੰਦੇ ਕਿਉਂਕਿ ਪੈਸਾ ਕਮਾਉਣ ਦੀ ਥਾਂ ਉਹ ਸਮਾਂ ਖੁਸੀਆਂ ਲਈ ਜਰੂਰ ਕੱਢ ਹੀ ਲੈਂਦੇ ਹਨ। ਆਮ ਬੰਦੇ ਦੇ ਹਾਸੇ ਦੂਰ ਤੱਕ ਸੁਣਾਈ ਦਿੰਦੇ ਹਨ ਪਰ ਪੈਸੇ ਦੇ ਪੁੱਤਾਂ ਨੂੰ ਤਾਂ ਹੱਸਣ ਵੇਲੇ ਵੀ ਸਮਾਜਿਕ ਮੈਨਰਜ ਨਾਂ ਦਾ ਭੂਤ ਡਰਾ ਦਿੰਦਾਂ ਹੈ। ਅਮੀਰਾਂ ਨੂੰ ਤਾਂ ਹੱਸਣਾਂ ਵੀ ਨਸੀਬ ਨਹੀਂ ਹੁੰਦਾਂ ਤਦ ਉਹ ਲੋਕ ਜਿੰਦਗੀ ਦੇ ਦੂਸਰੇ ਸੁਆਦ ਕਿੱਥੋਂ ਮਾਣ ਸਕਦੇ ਹਨ। ਦੁਨੀਆਂ ਦੇ ਅਮੀਰਾਂ ਦੀਆਂ ਦੌਲਤਾਂ ਦੇ ਭੰਡਾਰ ਜਮਾਂ ਕਰਨ ਲਈ ਕਿਰਤੀ ਲੋਕਾਂ ਨੂੰ ਨੰਗਾ ਤਨ ਅਤੇ ਪੈਰਾਂ ਨੂੰ ਜੁੱਤੀ ਵੀ ਨਸੀਬ ਨਹੀਂ ਹੁੰਦੀ । ਦੁਨੀਆਂ ਦੇ ਅਮੀਰ ਲੋਕ ਗਰੀਬ ਦੀ ਜੁੱਤੀ ਦੀ ਨੋਕ ਤੇ ਹੀ ਬਸ਼ੇਰਾ ਕਰਦੇ ਹਨ ਪਰ ਗਰੀਬ ਦੀ ਜਿੰਦਗੀ ਖੁਦਾ ਦੇ ਸਿਰ ਤੇ ਬਿਰਾਜਮਾਨ ਹੁੰਦੀ ਹੈ। ਇਹ ਹੀ ਭਰਿਸ਼ਟ ਅਤੇ ਇਮਾਨਦਾਰ ਮਨੁੱਖ ਦੀ ਔਕਾਤ ਹੁੰਦੀ ਹੈ ਜੋ ਉਹ ਕਦੇ ਵੀ ਨਹੀਂ ਦੇਖਦਾ ਹੁੰਦਾਂ। ਇਸ ਨਾਂ ਦੇਖਣ ਕਾਰਨ ਗਰੀਬ ਗਰੀਬੀ ਤੋਂ ਦੁੱਖੀ ਹੋ ਜਾਂਦਾ ਹੈ ਅਤੇ ਅਮੀਰ ਆਪਣੀ ਅਮੀਰੀ ਤੇ ਪਛਤਾਉਂਦਾਂ ਤੁਰ ਜਾਂਦਾ ਹੈ।
ਗੁਰਚਰਨ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ                     

Wednesday 24 December 2014

ਬਜੁਰਗਾਂ ਦੀ ਹੋਣੀ ਲਿਖਦਾ ਸੂਲੀ ਚੜਾਇਆ ਬਚਪਨ

                                       
                ਵਰਤਮਾਨ ਸਮੇਂ ਦਾ ਮਾਇਆਧਾਰੀ ਮਨੁੱਖ ਕਿੰਨਾਂ ਕੁ ਅੰਨਾਂ ਅਤੇ ਬੋਲਾਂ ਹੋ ਸਕਦਾ ਹੈ ਇਸ ਗੱਲ ਦਾ ਅੰਦਾਜਾਂ ਵੀ ਨਹੀਂ ਲਾਇਆ ਜਾ ਸਕਦਾ । ਨਿੱਜਪ੍ਰਸਤੀ ਅਤੇ ਸਵਾਰਥ ਤੇ ਟੇਕ ਧਰਕੇ ਬ੍ਰਹਿਮੰਡ ਦੀ ਆਪਣੇ ਆਪ ਨੂੰ ੳੱਤਮ ਹੋਣ ਦਾ ਦਾਅਵਾ ਕਰਦੀ ਮਨੁੱਖ ਜਾਤੀ ਦੇ ਲੋਕ ਜਦ ਆਪਣੇ ਖੂਨ ਵਿੱਚੋਂ ਪੈਦਾਂ ਹੋਇਆਂ ਨੂੰ ਹੀ ਸੂਲੀਆਂ ਤੇ ਟੰਗਣਾਂ ਸੁਰੂ ਕਰ ਦੇਣ ਤਦ ਇਸ ਸਿਆਣੇ ਆਦਮ ਜਾਏ ਨੂੰ ਪਾਗਲ ਕਰਾਰ ਦੇ ਦੇਣਾਂ ਚਾਹੀਦਾ ਹੈ । ਅੱਜ ਸਮਾਜ ਦੇ ਜਿਸ ਤਬਕੇ ਕੋਲ ਥੋੜਾ ਜਿਹਾ ਵੀ ਜਿਆਦਾ ਪੈਸਾਂ ਜਾਂ ਜਾਇਦਾਦ ਆ ਜਾਂਦੀ ਹੈ ਤਦ ਉਸ ਦੇ ਨਾਲ ਸਭ ਤੋਂ ਪਹਿਲਾਂ ਉਹ ਆਪਣੇ ਘਰ ਵਿੱਚ ਹੀ ਧੀਆਂ ਪੁੱਤਰਾਂ ਨੂੰ ਸੱਪਾਂ ਵਰਗੇ ਬਨਾਉਣ ਦੇ ਤਹੱਈਏ ਕਰਦਾ ਹੈ । ਪੈਸੇ ਦੀ ਚਕਾਂ ਚੌਂਦ ਵਿੱਚ ਫਸਿਆਂ ਮਨੁੱਖ ਸਭ ਤੋਂ ਪਹਿਲਾਂ ਕੰਮ ਆਪਣੇ ਮਾਸੂਮ ਛੋਟੇ ਛੋਟੇ ਬੱਚਿਆਂ ਨੂੰ ਆਪਣੀ ਗੋਦੀ ਵਿੱਚੋਂ ਵਗਾਹ ਮਾਰਕੇ ਡੇ ਬੋਰਡਿੰਗ ਨਾਂ ਦੇ ਜਾਂ ਇਹੋ ਜਿਹੇ ਹੋਰ ਪੈਸਾ ਕਮਾਊ ਅਦਾਰਿਆਂ ਵਿੱਚ ਵਗਾਹ ਮਾਰਦਾ ਹੈ । ਕੀ ਮਾਂ ਬਾਪ ਦੀ ਗੋਦੀ ਨਾਲੋਂ ਲੋਹੇ ਦੀਆਂ ਕੁਰਸੀਆਂ ਜਿਆਦਾ ਸੁਆਦ ਦਿੰਦੀਆਂ ਹਨ । ਕੀ ਮਾਂ ਬਾਪ ਦੇ ਪਿਆਰ ਨਾਲੋਂ ਤਨਖਾਹਾਂ ਲਈ ਕੰਮ ਕਰਨ ਵਾਲੇ ਜਿਆਦਾ ਸਿੱਖਿਆ ਦੇ ਸਕਦੇ ਹਨ ? ਨਹੀਂ ਪਰ ਸਮਾਜ ਦਾ ਪੈਸੇ ਦੇ ਘੋੜੇ ਤੇ ਚੜਿਆ ਸਿਆਣਾਂ ਅਖਵਾਉਂਦਾਂ ਵਰਗ ਜੋ ਅਸਲੋਂ ਮੂਰਖ ਹੈ ਇਹ ਹੀ ਸੋਚਦਾ ਹੈ। ਜਿਸ ਬਚਪਨ ਨੇ ਹਾਲੇ ਪੂਰਾਂ ਬੋਲਣਾਂ ਵੀ ਨਹੀਂ ਸਿੱਖਿਆ ਹੁੰਦਾਂ ਉਸਦੇ ਗਲ ਵਿੱਚ ਵਿਦਿਆ ਦੀ ਕਿਤਾਬਾਂ ਦੇ ਨਾਂ ਤੇ ਗਲ ਵਿੱਚ ਪਇਆ ਹੋਇਆ ਬਸਤਾਂ ਜੋ ਫਾਂਸੀ ਦੇ ਫੰਦੇ ਨਾਲੋਂ ਵੀ ਖਤਰਨਾਕ ਹੁੰਦਾਂ ਹੈ ਪੱਕੇ ਤੌਰ ਤੇ ਹੀ ਪਾ ਦਿੱਤਾ ਜਾਂਦਾਂ ਹੈ । ਜਿਸ ਬਚਪਨ ਦੇ ਜੰਮਦਿਆਂ ਹੀ ਉਸ ਦੇ ਗਲ ਹੱਸਣ ਦੀ ਥਾਂ ਰੋਣਾਂ ਬੰਨ ਦਿੱਤਾ ਜਾਦਾਂ ਹੈ ਉਸ ਦੇ ਵਿੱਚ ਮਨੁੱਖੀ ਹਮਦਰਦੀ ਦਾ ਬੀਜ ਉਪਜਣ ਤੋਂ ਪਹਿਲਾਂ ਹੀ ਮਰ ਜਾਂਦਾਂ ਹੈ  ਅਤੇ ਬੇਰਹਿਮੀ ਦਾ ਬੀਜ ਹਰਾ ਹੋ ਜਾਂਦਾ ਹੈ । ਇਹ ਬੇਰਹਿਮੀ ਦਾ ਬੀਜ ਕਿਸੇ ਹੋਰ ਪ੍ਰਤੀ ਨਹੀਂ ਉਸਦੇ ਜੰਮਣ ਵਾਲਿਆਂ ਪ੍ਰਤੀ ਹੀ ਹਰਾ ਹੁੰਦਾਂ ਹੈ । ਅੱਜ ਦੇ ਬਜੁਰਗਾਂ ਦਾ ਮੰਦਾਂ ਹਾਲ ਹੋਣ ਪਿੱਛੇ ਵੀ ਇਹੋ ਕਾਰਨ ਹੀ ਹੈ ਕਿਉਂਕਿ ਇੰਹਨਾਂ ਨੇ ਆਪਣੇ ਜੰਮਿਆਂ ਨੂੰ ਪੈਸਾਂ ਕਮਾਉਣ ਲਈ ਹੀ ਠੱਗੀ ਮਾਰਨ ਵਾਲੀ ਵਿਦਿਆਂ ਸਿੱਖਣ ਦੇ ਘੋੜੇ ਤੇ ਬਿਠਾਇਆਂ ਹੈ । ਇਸ ਸਰਪਟ ਦੌੜਦੇ ਘੋੜੇ ਤੇ ਚੜਿਆ ਬਚਪਨ ਜਵਾਨ ਹੋਕੇ ਵੀ ਘਰ ਵਾਪਸ ਨਹੀਂ ਆਇਆਂ ਸਗੋਂ ਹੋਰ ਦੂਰ ਦੇਸਾਂ ਕੈਨੇਡਾ ਅਮਰੀਕਾ ਤੱਕ ਦੌੜਿਆਂ ਜਾ ਰਿਹਾ ਹੈ । ਵੱਡੇ ਘਰਾਂ ਦੇ ਬੰਦ ਕਮਰਿਆਂ ਵਿੱਚ ਰੋਂਦੇ ਬਜੁਰਗ ਜਦ ਆਪਣੇ ਕੀਤੇ ਮਾੜੇ ਕੰਮਾਂ ਕਾਰਨ ਰੱਬ ਜਾਂ ਸਮਾਜ ਦੀ ਹਵਾ ਨੂੰ ਦੋਸੀ ਗਰਦਾਨਦੇ ਹੋਏ ਕਦੇ ਆਪਣੇ ਅੰਦਰ ਝਾਤੀ ਨਹੀਂ ਮਾਰਦੇ ਕਿ ਇਹ ਸਾਰੀ ਅੱਗ ਉਹਨਾਂ ਖੁਦ ਪੈਦਾ ਕੀਤੀ ਹੈ । ਇਸ ਤਰਾਂ ਦੇ ਮਾਇਆ ਧਾਰੀ ਲੋਕ ਕਦੇ ਨਹੀਂ ਸਮਝਣਗੇ ਕਿ ਉਹ ਕੱਲ ਵੀ ਅੰਨੇ ਬੋਲੇ ਹੋ ਮਾਇਆਂ ਧਾਰੀ ਸਨ ਅਤੇ ਅੱਜ ਵੀ ਉਹਨਾਂ ਦੀ ਫਿਤਰਤ ਉਹੀ ਹੈ । ਦੁਨੀਆਂ ਦੇ ਸਿਕੰਦਰ ਹਿਟਲਰ ਅੱਜ ਦੇ ਮਾਪਿਆਂ ਨਾਲੋਂ ਲੱਖ ਦਰਜੇ ਚੰਗੇ ਸਨ ਜਿੰਹਨਾਂ ਆਪਣੀਆਂ ਔਲਾਦਾ ਨਾਲ ਇਹੋ ਜਿਹੇ ਵਤੀਰੇ ਨਹੀਂ ਅਪਣਾਏ ਸਨ । ਦੁਨੀਆਂ ਦੇ ਸਿਕੰਦਰਾਂ ਨੇ ਆਪਣੀ ਔਲਾਦ ਨੂੰ ਜੰਗਾਂ ਯੁੱਧਾਂ ਵਿੱਚ ਵੀ ਆਪਣੇ ਕੋਲ ਰੱਖਕੇ ਸਿੱਖਿਆ ਦਿੱਤੀ ਸੀ ਪਰ ਅੱਜ ਦਾ ਮਨੁੱਖ ਤਾਂ ਆਪਣੇ ਬੱਚਿਆਂ ਦੇ ਮੂੰਹ ਵਿੱਚ ਸਿੱਖਿਆਂ ਆਪਣੇ ਆਚਰਣ ਦੀ ਨਹੀਂ ਦਿੰਦਾਂ ਮੁੱਲ ਦੇ ਪੈਸੇ ਨਾਲ ਖਰੀਦ ਕੇ ਦੇਣ ਦੀ ਕੋਸਿਸ ਕਰ ਰਿਹਾ ਹੈ । ਚਾਰ ਛਿਲੜਾਂ ਪਿੱਛੇ ਵਿਕ ਜਾਣ ਵਾਲੇ ਸਿੱਖਿਆਂ ਸ਼ਾਸਤਰੀ ਦੂਸਰਿਆਂ ਨੂੰ ਕੀ ਸਿੱਖਿਆਂ ਦੇਣਗੇ ਜੋ ਆਪਣੇ ਆਪ ਨੂੰ ਵੀ ਸਿੱਖਿਆ ਨਹੀਂ ਦੇ ਸਕਦੇ । ਦੁਨੀਆਂ ਦਾ ਮਨੁੱਖ ਜਦ ਵੀ ਕਦੇ ਸਿਅਣਾਂ ਹੋ ਜਾਂਦਾ ਹੈ ਤਦ ਹੀ ਉਹ ਹਰ ਤਰਾਂ ਦੀ ਗੁਲਾਮੀ ਤਿਆਗ ਦਿੰਦਾਂ ਹੈ ਦੁਨੀਆਂ ਦਾ ਕੋਈ ਵੀ ਫਕੀਰ ਦਰਵੇਸ਼ ਵਿਅਕਤੀ ਨੇ ਕਦੇ ਵੀ ਗੁਲਾਮੀ ਸਵੀਕਾਰ ਨਹੀਂ ਕੀਤੀ ਅਤੇ ਉਹਨਾਂ ਦਾ ਜੀਵਨ ਚਰਿੱਤਰ ਅੱਜ ਵੀ ਸਿੱਖਿਆ ਦਿੰਦਾਂ ਹੈ । ਪਰ ਦੁਨੀਆਂ ਦਾ ਕੋਈ ਵੀ ਮੁੱਲ ਦਾ ਸਿੱਖਿਆ ਸਾਸਤਰੀ ਦੁਨੀਆਂ ਦੇ ਸਿਰ ਝੁਕਾਉਣ ਦੀ ਅਵਸਥਾ ਤੱਕ ਨਹੀਂ ਪਹੁੰਚਿਆਂ । ਲੋਕ ਹਿੱਤਾਂ ਲਈ ਜਾਨਾਂ ਵਾਰ ਜਾਣ ਵਾਲੇ ਨਾਸਤਿਕ ਲੋਕ ਵੀ ਪੂਜਣ ਯੋਗ ਹੋ ਜਾਂਦੇ ਨੇ ਕਿਉਕਿ ਉਹਨਾਂ ਗੁਲਾਮੀ ਤਿਆਗ ਕੇ ਅਤੇ ਜਾਨਾਂ ਵਾਰਕੇ ਜਿੰਦਗੀ ਦੀ ਕਿਤਾਬ ਲਿਖੀ ਹੈ । ਅੱਜ ਦੀ ਸਾਰੀ ਸਿੱਖਿਆ ਗੁਲਾਮਾਂ ਦੀ ਗੁਲਾਮਾਂ ਨੂੰ ਗੁਲਾਮਾਂ ਦੁਆਰਾ ਬਣਿਆ ਹੋਇਆ ਪਰਬੰਧ ਹੈ ਜਿਸ ਵਿੱਚੋਂ ਪੈਸੇ ਦਾ ਗੁਲਾਮ ਪਿਆਰ ਰਹਿਤ ਬੇਰਹਿਮ ਸਮਾਜ ਪੈਦਾ ਹੋ ਰਿਹਾ ਹੈ ਜੋ ਸਿਰਫ ਕਾਨੂੰਨ ਨਾਂ ਦੇ ਡੰਡੇ ਨਾਲ ਹੀ ਤੋਰਿਆਂ ਜਾਂਦਾ ਹੈ ਨਾਂ ਕਿ ਮਨੁੱਖੀ ਆਚਰਣ ਦੁਆਰਾ ਆਪਣੇ ਆਪ ਸਿੱਧੇ ਰਾਹ ਤੁਰੇ।
                                     ਪਿੱਛਲੇ ਸਮਿਆਂ ਵਿੱਚ ਭਾਵੇਂ ਵਿਦਿਆ ਦਾ ਪਸਾਰਾ ਘੱਟ ਸੀ ਪਰ ਜੋਵੀ ਸਿੱਖਿਆ ਮਿਲਦੀ ਸੀ ਉਹ ਨਿਸਕਾਮ ਬਜੁਰਗ ਸਿਆਣੇ ਲੋਕਾਂ ਕੋਲੋਂ ਮਿਲਦੀ ਸੀ ਜੋ ਧਾਰਮਿਕ ਸਥਾਨਾਂ ਦੇ ਵਿੱਚ ਬੈਠੇ ਹੋਏ ਅਸਲੀ ਧਾਰਮਿਕ ਤਿਆਗੀ ਲੋਕ ਸਨ ਜੋ ਬੱਚਿਆਂ ਨੂੰ ਬਿਨਾਂ ਤਨਖਾਹ ਲਿਆਂ ਲਾਲਚ ਰਹਿਤ ਸਿੱਖਿਆ ਦੇਣ ਵਾਲੇ ਨਿਸਕਾਮ ਲੋਕ ਹੁੰਦੇ ਸਨ । ਉਹ ਸਿੱਖਿਆ ਕਿਸੇ ਨੂੰ ਨੌਕਰੀਆਂ ਦੇ ਘੋੜੇ ਤੇ ਚੜਾਉਣ ਲਈ ਨਹੀਂ ਸੀ ਸਗੋਂ ਦੂਸਰਿਆਂ ਦੇ ਕੰਮ ਆਉਣ ਲਈ ਸਿਖਾਈ ਜਾਂਦੀ ਸੀ । ਉਸ ਵੇਲੇ ਨਿਰੋਲ ਧਾਰਮਿਕ ਗਰੰਥਾਂ ਵਿੱਚੋਂ ਸਿੱਖਿਆ ਦੇਕੇ ਉੱਚੇ ਆਚਰਣ ਵਾਲੇ ਲੋਕ ਪੈਦਾ ਕੀਤੇ ਜਾਂਦੇ ਸਨ ਜਿਸ ਵਿੱਚੋਂ ਸੂਲੀ ਚੜਨ ਵਾਲੇ ਈਸਾਂ ਮਸੀਹ ਸੱਚ ਬੋਲਣ ਵਾਲੇ ਸੁਕਰਾਤ ਤੱਤੀ ਤਵੀਆਂ ਤੇ ਬੈਠ ਜਾਣ ਵਾਲੇ ਅਰਜਨ ਗੁਰੂ ਚਾਂਦਨੀ ਚੌਂਕ ਵਿੱਚ ਸੱਚ ਲਈ ਸਿਰ ਕਟਵਾ ਦੇਣ ਵਾਲੇ ਗੁਰੂ ਤੇਗ ਬਹਾਦਰ ਪੈਦਾ ਹੋਏ ਅੱਜ ਦੀ ਸਿੱਖਿਆ ਵਿੱਚ ਦੁਨੀਆਂ ਨੂੰ ਲੁੱਟਣ ਵਾਲੇ ਬਿਲ ਗੇਟਸ , ਅੰਬਾਨੀ , ਟਾਟੇ , ਬਿਰਲੇ ਪੈਦਾ ਹੋ ਰਹੇ ਹਨ ਜੋ ਕੁੱਝ ਸਾਲਾਂ ਵਿੱਚ ਪੈਸੇ ਦੇ ਪਹਾੜ ਖੜੇ ਕਰ ਗਏ ਹਨ ਕਿਉਂਕਿ ਉਹ ਦੁਨੀਆਂ ਦੇ ਸਭ ਤੋਂ ਵੱਡੇ ਭਿ੍ਰਸਟ ਲੋਕ ਹਨ ਜੋ ਅੱਜ ਦੇ ਸਮਾਜ ਦੇ ਪੱਥ ਪ੍ਰਦਰਸ਼ਕ ਬਣਾਏ ਜਾ ਰਹੇ ਹਨ । ਇਹੋ ਜਿਹੇ ਪੱਥ ਪ੍ਰਦਰਸ਼ਕ ਤੋਂ ਸਮਾਜ ਬੇਰਹਿਮ ਹੋਣ ਦੀ ਹੀ ਸਿੱਖਿਆ ਲਵੇਗਾ। ਅੱਜ ਦੇ ਬੱਚਿਆਂ ਨੂੰ ਵੰਡ ਕੇ ਖਾਣ ਦੀ ਸਿੱਖਿਆ ਦੇਣ ਦੀ ਥਾਂ ਦੂਸਰਿਆਂ ਦੇ ਹੱਕ ਮਾਰਕੇ ਖਾਣ ਦੀ ਸਿੱਖਿਆ ਦੇਕੇ ਅਸੀਂ ਸਿਆਣੇ ਨਹੀਂ ਬਣ ਸਕਾਂਗੇ ਸਗੋਂ ਇਤਿਹਾਸ ਦੇ ਸਭ ਤੋਂ ਮੂਰਖ ਲੋਕ ਹੀ ਗਰਦਾਨੇ ਜਾਂਵਾਂ ਗੇ । ਗਰੀਬ ਲੋਕ ਜੋ ਆਪਣੇ ਬੱਚਿਆਂ ਨੂੰ ਇਹੋ ਜਿਹੀ ਲੁਟੇਰੀ ਸਿੱਖੀਆ ਨਹੀਂ ਦਿਵਾ ਸਕਣਗੇ ਵੀ ਘੱਟੋ ਘੱਟ ਇਸ ਧਰਤੀ ਤੇ ਇਨਸਾਨੀ ਫਿਤਰਤਾਂ ਨੂੰ ਸੰਭਾਲ ਰੱਖਣ ਵਾਲੇ ਯੋਧੇ ਦੇ ਤੌਰ ਤੇ ਜਾਣੇ ਜਾਣਗੇ । ਗਰੀਬ ਲੋਕ ਹਮੇਸਾਂ ਕੰਡਿਆਂ ਤੇ ਤੁਰਨ ਸਿੱਖ ਜਾਂਦੇ ਹਨ ਔਖੀਆਂ ਘਾਟੀਆਂ ਪਾਰ ਕਰਨ ਵਾਲੇ ਬਣਦੇ ਹਨ ਪਰ ਅਖੌਤੀ ਅਮੀਰ ਲੁਟੇਰੇ ਲੋਕ ਤਾਂ ਔਖੇ ਸਮਿਆਂ ਵਿੱਚ ਆਤਮਘਾਤ ਹੀ ਕਰ ਜਾਂਦੇ ਹਨ । ਵਰਤਮਾਨ ਸਿੱਖਿਆਂ ਦੇ ਵਿੱਚੋਂ ਪੈਦਾ ਹੋਈ ਤਬਾਹ ਕਰੂ ਤਕਨੀਕ ਸਭ ਤੋਂ ਪਹਿਲਾਂ ਵਾਰ ਵੀ ਅਮੀਰਾਂ ਦੀਆਂ ਬਸਤੀਆਂ ਤੇ ਹੀ ਕਰਦੀ ਹੈ ਅਤੇ ਵਰਤਮਾਨ ਸਮਾਜ ਦਾ ਲੁਟੇਰਾਂ ਅਖੌਤੀ ਸਿਆਣਾਂ ਵਰਗ ਆਪਣੀ ਕਬਰ ਆਪ ਹੀ ਪੁੱਟ ਲਵੇਗਾ। ਕਿਸੇ ਸਾਇਰ ਦਾ ਕਥਨ ਕਿ ਜੀਏ ਜਾ ਰਹੇਂ ਹੈ ਆਪਨੀ ਮੌਤ ਕਾ ਸਮਾਨ ਲੀਏ ਹੂਏ ਅੱਜ ਦੇ ਅਖੌਤੀ ਅਗਿਆਨੀ ਅਮੀਰ ਵਰਗ ਤੇ ਪੂਰਾ ਢੁੱਕਦਾ ਹੈ ਕਿੰਨੇ ਚੰਗੇ ਹੁੰਦੇ ਹਨ ਉਹ ਲੋਕ ਜਿੰਹਨਾਂ ਕੋਲ ਨਿਮਰਤਾ ਅਤੇ ਗਰੀਬੀ ਦਾ ਗਹਿਣਾਂ ਹੁੰਦਾਂ ਹੈ ਅਤੇ ਗੁਰੂ ਨਾਨਕ ਦਾ ਬੋਲ ਕਿ ਗਰੀਬੀ ਗਦਾ ਹਮਾਰੀ ਉਹਨਾਂ ਦਾ ਰਾਹ ਰੁਸਨਾਉਂਦੀ ਹੈ । ਗਰੀਬ ਲੋਕਾਂ ਦੇ ਘਰ ਅਤੇ ਦਿਲਾਂ ਵਿੱਚ ਤਾਂ ਰੱਬ ਵਸਦਾ ਹੈ । ਸੋ ਹੇ ਮਨੁੱਖ ਜੇ ਤੇਰੇ ਕੋਲ ਅਮੀਰੀ ਜੋ ਦੁਨਿਆਵੀ ਹੈ ਮਿਲ ਗਈ ਹੈ ਤਦ ਵੀ ਨਿਮਰਤਾ ਅਤੇ ਗਰੀਬੀ ਜੋ ਮਨ ਵਿੱਚ ਹੋਵੇ ਕਦੇ ਵਗਾਹ ਨਾਂ ਮਾਰ ਜੋ ਤੈਨੂੰ ਹਕੀਕਤਾਂ ਨੂੰ ਸਮਝਣ ਦਾ ਵੱਲ ਦਿੰਦੀ ਰਹੇਗੀ । ਸਿਆਣੇ ਲੋਕ ਉਹ ਹੀ ਹੋਣਗੇ ਜੋ ਮਨੁੱਖ ਆਪਣੇ ਵਾਰਿਸਾਂ ਵਿੱਚ ਅਖੌਤੀ ਵਿਦਿਅਦੇ ਨਾਲ ਨਾਲ ਚੰਗੇ ਆਚਰਣ ਦੀ ਉਸਾਰੀ ਵੀ ਕਰ ਲੈਣਗੇ ਜੋ ਹਮੇਸਾਂ ਬਜੁਰਗਾਂ ਅਤੇ ਮਾਪਿਆਂ ਦੀ ਗੋਦੀ ਦੇ ਨਿੱਘ ਵਿੱਚੋਂ ਨਸੀਬ ਹੁੰਦੀ ਹੈ । ਬੇਭਾਗੇ ਲੋਕ ਹੁੰਦੇ ਹਨ ਜੋ ਆਪਣੀ ਔਲਾਦ ਨੂੰ ਬਚਪਨ ਵਰਗੇ ਸਵੱਰਗ ਵਿੱਚ ਇਹ ਸੁਆਦ ਨਹੀਂ ਦੇ ਪਾਉਂਦੇ ਅਤੇ ਫਿਰ ਆਪ ਵੀ ਜਿੰਦਗੀ ਦੇ ਚੌਥੇ ਪਹਿਰ ਜੋ ਕਲਯੁੱਗ ਦਾ ਸਮਾਂ ਆਉਂਦਾਂ ਹੈ ਵਿੱਚ ਆਪਣੇ ਕੀਤੇ ਬੁਰੇ ਕਰਮਾਂ ਦਾ ਫਲ ਭੁਗਤਦੇ ਹੋਏ ਇਕੱਲਤਾ ਹੰਢਾਉਂਦੇ ਹਨ । ਦਦਾ ਦੋਸ਼ ਨਾਂ ਦੇਊ ਕਰਤੈ ਦੋਸ਼ ਕਰੱਮਾਂ ਆਪਣਿਆਂ । ਗੀਤਾ ਉਪਦੇਸ਼ ਵੀ ਸੱਚ ਸਿੱਧ ਹੋ ਜਾਂਦਾ ਹੈ ਕਿ ਕਰਮ ਹੀ ਕਿਸਮਤ ਹੈ ਜਿਹੋ ਜਿਹਾ ਕਰੋਗੇ ਉਹੋ ਜਿਹਾ ਪਾਉਗੇ ।
ਗੁਰਚਰਨ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ

Sunday 21 December 2014

ਮਾਸੂਮਾਂ ਦੀ ਹੱਤਿਆ ਤੋਂ ਦੁਨੀਆਂ ਨੂੰ ਸਬਕ ਸਿੱਖਣ ਦੀ ਜਰੂਰਤ


                                 
 ਪੇਸ਼ਾਵਰ ਵਿੱਚ ਅੰਨੇਵਾਹ ਵਿਦਿਆਰਥੀਆਂ ਦੀਆਂ ਹੱਤਿਆਵਾਂ  ਨਾਲ ਸਮੁੱਚੇ ਸਸਾਰ ਦੇ ਲੋਕ ਭੈਭੀਤ ਹੋਏ ਮਹਿਸੂਸ ਕਰਦੇ ਹਨ ਕਿਉਂਕਿ ਜਦ ਮਨੁੱਖੀ ਜਿੰਦਗੀ ਦੀ ਅਹਿਮੀਅਤ ਤੋਂ ਕੋਰੇ ਲੋਕ ਵਹਿਸ਼ਤ ਦਾ ਨੰਗਾਂ ਨਾਚ ਨੱਚਦੇ ਹਨ ਤਦ ਉਹਨਾਂ ਨੂੰ ਕੁੱਝ ਵੀ ਦਿਖਾਈ ਨਹੀਂ ਦਿੰਦਾਂ । ਇਹ ਵਰਤਾਰਾ ਕਿਸੇ ਵੀ ਦੇਸ਼ ਵਿੱਚ ਕਿਸੇ ਵੀ ਥਾਂ ਵਰਤ ਸਕਦਾ ਹੈ। ਇਸ ਤਰਾਂ ਦੇ ਵਰਤਾਰੇ ਕਿਉਂ ਵਰਤਦੇ ਹਨ ? ਦੁਨੀਆਂ ਦੀਆਂ ਕਿਹੜੀਆਂ ਤਾਕਤਾਂ ਹਨ ਜੋ ਇਹੋ ਜਿਹੇ ਵਰਤਾਰਿਆਂ ਦੇ ਵਾਪਰਨ ਦੇ ਬੀ ਬੀਜਦੀਆਂ ਹਨ ?  ਵਰਿਆਂ ਪੁਰਾਣੀਆਂ ਘਟਨਾਵਾਂ ਤੇ ਜਦ ਨਜਰ ਮਾਰਦੇ ਹਾਂ ਜਦ ਅਮਰੀਕਾ ਅਤੇ ਰੂਸ਼ ਦੇ ਲਾਲਚੀ ਖੁਦਗਰਜ ਸਿਕੰਦਰਾਂ ਨੇ ਸੰਸਾਰ ਤੇ ਆਪਣੀ ਧੌਂਸ ਜਮਾਉਣ ਲਈ ਦੁਨੀਆਂ ਦੇ ਉਪਰ ਕਬਜਾ ਕਰਨਾਂ ਸੁਰੂ ਕੀਤਾ ਸੀ ਯਾਦ ਆ ਜਾਂਦਾ ਹੈ । ਸਤਰਵਿਆਂ ਤੋਂ ਸੁਰੂ ਕਰਕੇ ਅਮਰੀਕਾ ਨੇ ਵੀਅਤਨਾਮ ਅਤੇ ਰੂਸ ਨੇ ਅਫਗਾਨਿਸਤਾਨ ਤੇ ਕਬਜਾ ਕਰਕੇ ਦੁਨੀਆਂ ਜਿੱਤਣ ਦੀ ਨਵਂ ਸਿਰੇ ਤੋਂ ਸੁਰੂਆਤ ਕੀਤੀ ਸੀ । ਰੂਸ ਵੱਲੋਂ ਅਮਰੀਕੀ ਸੈਨਾ ਨੂੰ ਵੀਅਤਨਾਮ ਵਿੱਚੋਂ ਭਜਾਉਣ ਲਈ ਵੀਅਤਨਾਮੀਆਂ ਦੇ ਬਾਗੀਆਂ ਦੀ ਖੁੱਲੀ ਮਦਦ ਕਰਕੇ ਅਮਰੀਕੀਆਂ ਨੂੰ ਵੀਅਤਨਾਮ ਵਿੱਚੋਂ ਨਿਕਲਣ ਲਈ ਮਜਬੂਰ ਕਰ ਦਿੱਤਾ ਸੀ । ਇਸ ਦੇ ਬਦਲੇ ਵਿੱਚ ਜਦ ਰੂਸੀ ਸੈਨਾ ਅਫਗਾਨਿਸਤਾਨ ਵਿੱਚ ਦਾਖਲ ਹੋਈ ਸੀ ਤਦ ਅਮਰੀਕੀ ਨੀਤੀ ਨੇ ਰੂਸ ਨੂੰ ਭਾਜੀ ਮੋੜਨ ਲਈ ਅਫਗਾਨੀ ਬਾਗੀਆਂ ਨੂੰ ਮਦਦ ਕੀਤੀ ਸੀ ਜਿਸ ਦੇ ਲਈ ਪਾਕਿਸਤਾਨ ਨੂੰ ਮੋਹਰਾ ਬਣਾਇਆ ਗਿਆ ਸੀ । ਇਹ ਦੋ ਵੱਡੇ ਬਾਦਰਾਂ ਦੀ ਲੜਾਈ ਸੀ ਜਿਸ ਵਿੱਚੋਂ ਪਾਕਿਸਤਾਨ ਨੇ ਬਿੱਲੀ ਬਣਕੇ ਮੁਫਤ ਦਾ ਮਾਲ ਛਕਣ ਲਈ ਸਾਮਲ ਹੋਣਾਂ ਪਰਵਾਨ ਕਰ ਲਿਆ ਸੀ । ਅਮਰੀਕੀਆ ਨੇ ਪਾਕਿਸਤਨ ਵਿੱਚ ਅਫਗਾਨਿਸਤਾਨ ਦੇ ਲੋਕਾਂ ਨੂੰ ਹਥੀਆਰ ਦੇਣ ਲਈ ਟਰੇਨਿੰਗ ਦੇਣੀ ਸੁਰੂ ਕਰ ਦਿੱਤੀ । ਪਾਕਿਸਤਾਨ ਸਰਕਾਰਾਂ ਨੂੰ ਆਰਥਿਕ ਮਦਦ ਦੇਣ ਦੇ ਨਾਂ ਤੇ ਕਰਜਾਈ ਕਰ ਦਿੱਤਾ ਗਿਆ । ਵਿਕਾਸ਼ ਪਰੋਜੈਕਟ ਸੁਰੂ ਕਰਨ ਦੇ ਨਾਂ ਥੱਲੇ ਪਾਕਿਸਤਾਨ ਦੇ ਹਰ ਖੇਤਰ ਵਿੱਚ ਵਿਦੇਸੀ ਗਲਬਾ ਕਾਬਜ ਹੁੰਦਾ ਰਿਹਾ ।  ਅਫਗਾਨੀ ਲੜਾਕਿਆ ਨੂੰ ਹਥਿਆਰ ਬੰਦ ਕਰਨ ਲਈ ਪੇਸ਼ਾਵਰ ਅਤੇ ਹੋਰ ਕਬਾਇਲੀ ਵਸੋਂ ਵਾਲੇ ਇਲਾਕੇ ਹਥਿਆਰਾਂ ਨਾਲ ਭਰ ਗਏ ਸਨ । ਦੁਨੀਆਂ ਦੇ ਬੇਹਤਰੀਨ ਹਥਿਆਰ ਇਸ ਇਲਾਕੇ ਵਿੱਚ ਆਮ ਮਿਲ ਸਕਦੇ ਸਨ ਜਿੰਹਨਾਂ ਵਿੱਚ ਮਿਜਾਈਲਾਂ ਅਤੇ ਟੈਂਕ ਤੱਕ ਵੀ ਹਾਸਲ ਕੀਤੇ ਜਾ ਸਕਦੇ ਸਨ । ਅੱਸੀਵਿਆਂ ਦੇ ਵਿੱਚ ਭਾਰਤੀ ਪੰਜਾਬ ਦੇ ਖਾਲਿਸਤਾਨੀ ਵੀ ਇਸ ਇਲਾਕੇ ਵਿੱਚੋਂ ਹਥਿਆਰ ਖਰੀਦ ਕੇ ਪੰਜਾਬ ਵਿੱਚ ਤਬਾਹੀ ਮਚਾਕੇ ਖਾਲਿਸਤਾਨ ਬਣਾਉਣ ਦੇ ਦਮਗਜੇ ਮਾਰ ਰਹੇ ਸਨ ।
                        ਵਕਤ ਬੀਤਣ ਦੇ ਨਾਲ ਰੂਸ ਤਬਾਹ ਹੋ ਗਿਆ ਅਤੇ ਅਫਗਾਨਿਸਤਾਨ ਵਿੱਚੋਂ ਵੀ ਭੱਜ ਨਿਕਲਿਆ ਪਰ ਇਸ ਇਲਾਕੇ ਵਿੱਚ ਹਥਿਆਰਾਂ ਦਾ ਜਖੀਰਾ ਅਤੇ ਆਮ ਅਫਗਾਨੀਆਂ ਦੀ ਬਿਰਤੀ ਵਿੱਚ ਸਾਮਲ ਹੋਇਆਂ ਵਹਿਸ਼ੀਪੁਣਾ ਆਪਣਾਂ ਕਹਿਰ ਦਿਖਾਉਂਦਾਂ ਰਿਹਾ । ਇਸ ਦੇ ਕਾਰਣ ਹੀ ਅਫਗਾਨਿਸਤਾਨ ਵਿੱਚ ਕੋਈ ਸਰਕਾਰ ਸਥਿਰ ਨਾਂ ਰਹਿ ਸਕੀ ਅਤੇ ਅਫਗਾਨਿਸਤਾਨ ਤਬਾਹ ਹੁੰਦਾ ਰਿਹਾ । ਵਰਤਮਾਨ ਦੁਨੀਆਂ ਦੀ ਸਭ ਤੋਂ ਵੱਡੀ ਊਰਜਾ ਦੀ ਲੋੜ ਤੇਲ ਤੇ ਕਬਜਾ ਕਰਨ ਲਈ ਅਮਰੀਕਾ ਨੂੰ ਅਰਬ ਮੁਲਕਾਂ ਅਤੇ ਅਫਗਾਨਿਸਤਾਨ ਤੇ ਕਬਜਾ ਕਰਨ ਦੀ ਲੋੜ ਪਈ ਹੈ ਜਿਸ ਲਈ ਸਭ ਤੋਂ ਅਸਾਨ ਸਿਕਾਰ ਵੀ ਤਬਾਹ ਹੋਇਆ ਅਫਗਾਨਿਸਤਾਨ ਹੀ ਬਣਿਆ ਹੈ। ਇਸ ਮੁਲਕ ਤੇ ਅਤਿ ਆਧੁਨਿਕ ਹਥਿਆਰਾਂ ਨਾਲ ਲੈਸ ਅਮਰੀਕੀ ਫੌਜ ਨੇ ਬਾਗੀ ਅਫਗਾਨੀਆਂ ਨੂੰ ਇਸ ਮੁਲਕ ਤੋਂ ਬਾਹਰ ਰਹਿਣ ਲਈ ਹੀ ਮਜਬੂਰ ਕਰ ਦਿੱਤਾ ਜਿੰਹਨਾਂ ਨੂੰ ਪਾਕਿਸਤਾਨ ਦੇ ਕਬਾਇਲੀ ਇਲਾਕਿਆਂ ਅਤੇ ਪਹਾੜੀਆਂ ਭਰੇ ਇਲਾਕੇ ਵਿੱਚ ਰਹਿਣ ਲਈ ਮਜਬੂਰ ਹੋਣਾਂ ਪੈ ਰਿਹਾ ਹੈ । ਇਹ ਖੂੰਖਾਰ ਲੋਕ ਹੁਣ ਪਾਕਿਸਤਾਨ ਵਿੱਚ ਵੀ ਖੂਨੀ ਹੋਲੀ ਖੇਡਣ ਲਈ ਮਜਬੂਰ ਹਨ । ਪਾਕਿਸਤਾਨ ਸਰਕਾਰ ਅਤੇ ਆਮ ਲੋਕਾਂ ਨੂੰ ਹੁਣ ਇਸਦਾ ਸਿਕਾਰ ਹੋਣ ਪੈ ਰਿਹਾ ਹੈ । ਤਕੜਿਆਂ ਦੀ ਲੜਾਈ ਵਿੱਚ ਪਾਕਿਸਤਾਨ ਦੇ ਸਾਮਲ ਹੋਣ ਦਾ ਉਸਨੂੰ ਹੁਣ ਮੁੱਲ ਮੋੜਨਾਂ ਪੈ ਰਿਹਾ ਹੈ । ਅਮਰੀਕੀ ਸਰਕਾਰ ਦੇ ਮਕਸਦ ਤਾਂ ਹੁਣ ਤੇਲ ਅਤੇ ਅਰਬ ਮੁਲਕਾਂ ਨੂੰ ਲੁੱਟਣ ਦੇ ਪੂਰੇ ਹੋ ਰਹੇ ਹਨ ਪਰ ਪਾਕਿਸਤਾਨ ਤਬਾਹ ਹੋਈ ਜਾ ਰਿਹਾ ਹੈ ਅਤੇ ਆਮ ਪਾਕਿਸਤਾਨੀ ਨਿੱਤ ਦਿਨ ਆਪਣਾਂ ਖੂਨ ਦੇਕੇ ਇਸਦੀ ਕੀਮਤ ਤਾਰ ਰਹੇ ਹਨ ।
                                 ਵਰਤਮਾਨ ਸਮੇਂ ਪਾਕਿਸਤਾਨੀ ਸੈਨਾਂ ਇਹਨਾਂ ਬਾਗੀਆਂ ਨੂੰ ਫੌਜ ਦੇ ਰਾਂਹੀ ਖਤਮ ਕਰਨ ਦੀ ਕੋਸਿਸ ਕਰ ਰਹੀ ਹੈ ਜਿਸਦੇ ਵਿਰੋਧ ਵਿੱਚ ਬਾਗੀ ਲੋਕਾਂ ਨੇ ਵੀ ਫੌਜੀਆਂ ਤੋਂ ਬਦਲਾ ਲੈਣ ਲਈ ਅਸਾਨ ਨਿਸਾਨਾਂ ਫੌਜੀਆਂ ਬੱਚਿਆਂ ਨੂੰ ਪੜਾਉਣ ਵਾਲੇ ਸਕੂਲ ਤੇ ਹਮਲਾ ਕੀਤਾ ਹੈ ਜਿਸ ਵਿੱਚ ਡੇਢ ਸੌ ਦੇ ਕਰੀਬ ਦਾ ਮਾਰਿਆ ਜਾਣਾਂ ਅਤੇ ਦੌ ਸੌ ਦੇ ਕਰੀਬ ਦਾ ਜਖਮੀ ਹੋ ਜਾਣਾਂ ਅਤਿ ਕਰੂਰ ਬੇਰਹਿਮ ਕਾਰਨਾਮਾ ਕੀਤਾ ਗਿਆ ਹੈ । ਇਤਿਹਾਸ ਦੇ ਕਾਲੇ ਪੰਨਿਆਂ ਦੀ ਇਹ ਇੱਕ ਹੋਰ ਦਾਸਤਾਨ ਹੈ । ਪਾਕਿਸਤਾਨ ਸਰਕਾਰ ਦੇ ਦੋਹਰੇ ਰਵੱਈਏ ਨੂੰ ਹੁਣ ਆਪਣੇ ਦੋਗਲੇਪਨ ਦੀ ਕੀਮਤ ਤਾਰਨੀ ਹੀ ਪਵੇਗੀ । ਚੰਗਾਂ ਹੋਵੇ ਜੇ ਹਾਲੇ ਵੀ ਪਾਕਿਸਤਾਨੀ ਹੁਕਮਰਾਨ ਅੱਗੇ ਤੋਂ ਅੱਗ ਨਾਲ ਖੇਡਣਾਂ ਬੰਦ ਕਰ ਦੇਣ ਤਾਂ ਕਿ ਭਵਿੱਖ ਵਿੱਚ ਇਹੋ ਜਿਹੇ ਬੇਰਹਿਮ ਕਾਂਡ ਰੋਕੇ ਜਾ ਸਕਣ । ਦੂਸਰੇ ਦੇਸ਼ਾ ਤੇ ਜਦ ਤੱਕ ਅਮੀਰ ਮੁਲਕ ਦਖਲ ਅੰਦਾਜੀ ਕਰਦੇ ਰਹਿਣਗੇ ਤਦ ਤੱਕ ਬਦਅਮਨੀ ਵੀ ਰੋਕੀ ਨਹੀਂ ਜਾ ਸਕੇਗੀ । ਦੁਨੀਆਂ ਦੇ ਵਿਕਾਸ਼ਸੀਲ ਮੁਲਕਾਂ ਨੂੰ ਵੱਡੀਆਂ ਤਾਕਤਾਂ ਦੇ ਮੋਹਰੇ ਬਣਨ ਦੀ ਥਾਂ ਵਿਰੋਧ ਕਰਨਾਂ ਚਾਹੀਦਾ ਹੈ । ਆਪਣੇ ਗੁਾਂਡੀਆਂ ਦੇ ਘਰ ਤਬਾਹ ਕਰਵਾਉਣ ਦੀ ਥਾਂ ਗੁਆਂਢ ਵਿੱਚ ਅਮਨ ਦੀਆਂ ਨੀਤੀਆਂ ਲਾਗੂ ਕਰਕੇ ਹੀ ਆਪਣੇ ਘਰਾਂ ਵਿੱਚ ਸਾਂਤੀਂ ਰੱਖੀ ਜਾ ਸਕੇਗੀ  । ਗੁਆਂਢੀ ਮੁਲਕਾਂ ਵਿੱਚ ਅੱਗ ਲਗਵਾਕਿ ਆਪਣਾਂ ਮੁਲਕ ਨਹੀਂ ਬਚਾਇਆ ਜਾ ਸਕਦਾ ਸੇਕ ਤੋਂ । ਭਾਰਤ ਨੂੰ ਵੀ ਇਸ ਤੋਂ ਸਬਕ ਸਿੱਖਣਾਂ ਚਾਹੀਦਾ ਹੈ ਅਤੇ ਪਾਕਿਸਤਾਨ ਵਿੱਚ ਸਾਂਤੀਂ ਸਥਾਪਤ ਕਰਵਾਉਣ ਲਈ ਮਦਦ ਵੀ ਕਰਨੀਂ ਚਾਹੀਦੀ ਹੈ ।
ਗੁਰਚਰਨ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ

Saturday 6 December 2014

ਆਵਾਜਾਈ ਦੇ ਸਾਧਨਾਂ ਦੀ ਵਧਦੀ ਗਿਣਤੀ , ਤਰੱਕੀ ਜਾਂ ਵਿਨਾਸ਼

                       ਆਵਾਜਾਈ ਦੇ ਸਾਧਨਾਂ ਦੀ ਵਧਦੀ ਗਿਣਤੀ ,  ਤਰੱਕੀ ਜਾਂ ਵਿਨਾਸ਼
           ਕਹਿਣ ਨੂੰ ਤਾਂ ਭਾਵੇਂ ਕੁੱਝ ਵੀ ਕਹੀ ਜਾਈਏ ਪਰ ਸਾਡੀਆਂ ਸਰਕਾਰਾਂ ਦਾ ਦਿਵਾਲੀਅਪਨ ਹੀ ਸਾਡੇ ਦੁੱਖਾਂ ਦਾ ਵੱਡਾ ਕਾਰਨ ਹੈ ਜਿਸ ਕਾਰਣ ਸਾਡੇ ਦੇਸ਼ ਵਾਸੀ ਦੁੱਖਾਂ ਦੀ ਪੰਡ ਸਿਰ ਤੇ ਚੁੱਕਕੇ ਜਿੰਦਗੀ ਬਸ਼ਰ ਕਰ ਰਹੇ ਹਨ । ਕਿਸੇ ਵੀ ਖੇਤਰ ਬਾਰੇ ਦੇਖੋ ਰਾਜਨੇਤਾਵਾਂ ਨੂੰ ਕੋਈ ਫਿਕਰ ਨਹੀਂ ਹੈ ਬੱਸ ਆਪੋ ਆਪਣੇ ਕੋੜਮਿਆਂ ਦੇ ਮਸਲੇ ਹੱਲ ਕਰਨ ਤਾਈਂ ਲੱਗੇ ਹੋਏ ਹਨ । ਆਮ ਲੋਕਾਂ ਨਾਲ ਕੀ ਬੀਤਦੀ ਹੈ ਬਾਰੇ ਕੋਈ ਜਵਾਬ ਦੇਹੀ ਨਹੀਂ ਹੈ । ਨਿੱਤ ਦਿਨ ਸੜਕਾ ਤੇ ਵਾਪਰਦੇ ਹਾਦਸਿਆਂ  ਬਾਰੇ ਸਰਕਾਰਾਂ ਦੀ ਕੋਈ ਠੋਸ ਨੀਤੀ ਨਹੀਂ ਹੈ । ਹਾਦਸਾ ਕਿੰਨਾਂ ਵੀ ਵੱਡਾ ਕਿਉਂ ਨਾਂ ਹੋਵੇ ਰਸਮੀ ਕਾਰਵਾਈਆਂ ਤੋਂ ਅੱਗੇ ਕਦੇ ਵੀ ਨਹੀਂ ਜਾਇਆਂ ਜਾਂਦਾ । ਸਭ ਤੋਂ ਪਹਿਲੀ ਗੱਲ ਕਿਸੇ ਵੀ ਹਾਦਸੇ ਤੋਂ ਬਾਅਦ ਕਿਸੇ ਜੁੰਮੇਵਾਰ ਤੇ ਠੋਸ ਕਾਰਵਾਈ ਬਹੁਤ ਮੁਸਕਲਾਂ ਨਾਲ ਹੁੰਦੀ ਹੈ । ਹਾਦਸੇ ਲਈ ਜੁੰਮੇਵਾਰ ਨੂੰ ਅਦਾਲਤ ਜਾਣ ਦੀ ਵੀ ਲੋੜ ਨਹੀਂ ਕਿਉਂਕਿ ਸਾਡੇ ਕਾਨੂੰਨ ਅਨੁਸਾਰ ਉਸਨੂੰ ਪੁਲੀਸ਼ ਹੀ ਆਪਣੇ ਅਧਿਕਾਰ ਵਰਤਕੇ ਜਮਾਨਤ ਤੇ ਛੱਡ ਸਕਦੀ ਹੈ ਬਸਰਤਿ ਕਿ ਕੋਈ ਰਾਜਨੀਤਕ ਦਬਾਉ ਨਾਂ ਹੋਵੇ । ਦੂਸਰਾ ਕੀ ਅਸੀਂ ਕਦੇ ਦੇਖਿਆ ਹੈ ਕਿ ਕਿਸੇ ਹਾਦਸੇ ਕਰਨ ਵਾਲੇ ਉੱਪਰ ਡਰਾਈਵਿੰਗ ਨਾਂ ਕਰਨ ਦੀ ਸਜਾ ਹੋਈ ਹੋਵੇ । ਕਿਸੇ ਵੀ ਹਾਦਸੇ ਲਈ ਜੁੰਮੇਵਾਰ ਵਿਅਕਤੀ ਦੇ ਡਰਾਈਵਿੰਗ ਲਾਈਸੰਸ ਤੇ ਕਦੇ ਵੀ ਕੋਈ ਕੁੱਝ ਦਰਜ ਨਹੀਂ ਕਰਦਾ ।  ਭਾਵੇਂ ਦਿੱਲੀ ਵਰਗੇ ਸਹਿਰ ਵਿੱਚ ਜਰੂਰ ਇਸ ਤਰਾਂ ਦਾ ਵਿਦੇਸੀ ਨਿਯਮ ਲਾਗੂ ਕਰਨ ਦੀ ਕੋਸਿਸ ਕੀਤੀ ਜਾ ਰਹੀ ਹੈ ਪਰ ਇਸ ਦੀ ਆੜ ਵਿੱਚ ਵੀ ਪੁਲੀਸ ਬਲੈਕਮੇਲਿੰਗ ਦਾ ਖੇਲ ਖੇਡ ਰਹੀ ਹੈ  ਅਤੇ ਮੋਟੀ ਕਮਾਈ ਕਰੀ ਜਾ ਰਹੀ ਹੈ ।
                     ਦੂਸਰੇ ਪਾਸੇ ਜਿਸ ਤਰਾਂ ਪਿੱਛਲੇ ਕੁੱਝ ਸਾਲਾਂ ਵਿੱਚ ਮਸੀਨਰੀ ਦੇ ਵੱਧਣ ਦੀ ਰਫਤਾਰ ਉੱਪਰ ਕੋਈ ਰੋਕ ਨਹੀਂ ਹੈ ਜੋ ਕਿ ਆਵਾਜਾਈ ਦੇ ਰਾਹਾਂ ਦੀ ਕਪੈਸਟੀ ਅਨੁਸਾਰ ਵਧਣ ਦੇਣੀ ਚਾਹੀਦੀ ਹੈ ਪਰ ਸੜਕਾਂ ਬਣਾਉਣ ਦੀ ਰਫਤਾਰ ਬਹੁਤ ਹੀ ਘੱਟ ਹੈ ਜਦਕਿ ਆਵਾਜਾਈ ਸਾਧਨ ਅੰਨੀ ਗਿਣਤੀ ਵਿੱਚ ਵੱਧ ਰਹੇ ਹਨ । ਆਮ ਲੋਕ ਵਿਗਿਆਨ ਦੇ ਵਿਕਾਸ ਅਤੇ ਨਵੀਆਂ ਲੋੜਾ ਦੇ ਕਾਰਨ ਪਾਗਲਾਂ ਵਰਗੇ ਹੋਈ ਜਾ ਰਹੇ ਹਨ ਜੋ ਸੜਕਾ ਤੇ ਡਰਾਈਵਿੰਗ ਕਰਦਿਆ ਵੀ  ਸੋਚਾਂ ਵਿੱਚ ਗਲਤਾਨ ਹੋਏ ਹਾਦਸਿਆਂ ਨੂੰ ਜਨਮ ਦਿੰਦੇ ਹਨ । ਅਦਾਲਤੀ ਸਿਸਟਮ ਵਿੱਚ ਕਿਸੇ ਹਾਦਸੇ ਲਈ ਜੁੰਮੇਵਾਰ ਵਿਅਕਤੀ ਨੂੰ ਸਜਾ ਕਰਵਾਉਣਾਂ ਹਾਦਸਾ ਗਰਸਤ ਪਰੀਵਾਰਾਂ ਲਈ ਇੱਕ ਹੋਰ ਵੱਡੀ ਸਜਾ ਹੈ ਜਿਸ ਕਾਰਨ ਗਰੀਬ ਲੋਕ ਤਾਂ ਸਮਝੌਤਾ ਕਰਨਾਂ ਹੀ ਬਿਹਤਰ ਸਮਝਦੇ ਹਨ ਜਦੋਂ ਕਿ ਅਮੀਰ ਲੋਕ ਕਿਸੇ ਛੋਟੇ ਜਿਹੇ ਹਾਦਸੇ ਨੂੰ ਵਰਤਕੇ ਵੀ ਮਜਬੂਰ ਲੋਕਾਂ ਦਾ ਸੋਸਣ ਕਰਦੇ ਹਨ । ਦੇਸ਼ ਦਾ ਟਰੈਫਿਕ ਵਿਭਾਗ ਵੀ  ਵੱਡੇ ਭਰਿਸ਼ਟ ਮਹਿਕਮਿਆ ਵਿੱਚ ਸਾਮਲ ਹੈ । ਦੇਸ ਦੇ ਰਾਜਨੇਤਾਵਾਂ ਨੇ ਜਦ ਵੀ ਕੋਈ ਫੰਡ ਇਕੱਠਾ ਕਰਨਾਂ ਹੁੰਦਾਂ ਹੈ ਤਦ ਇਸ ਲਈ ਵੀ ਟਰੈਫਿਕ ਮਹਿਕਮੇ ਦੀ ਹੀ ਸੇਵਾ ਲਈ ਜਾਂਦੀ ਹੈ ਜਿਸਦੀ ਆੜ ਵਿੱਚ ਆਮ ਲੋਕਾਂ ਦੀ ਦੁਗਣੀ  ਲੁੱਟ ਸੁਰੂ ਹੋ ਜਾਂਦੀ ਹੈ ।   ਦੇਸ਼ ਦੇ ਰਾਜਨੇਤਾਵਾਂ ਦੀਆਂ ਗੱਡੀਆਂ ਨੂੰ ਕਿੱਧਰੇ ਵੀ ਕੋਈ ਰੋਕ ਨਹੀਂ ਹੈ ਜੋ ਹੂਟਰ ਮਾਰਦੀਆਂ ਆਮ ਲੋਕਾਂ ਨੂੰ ਡਰਾਉਦੀਆਂ ਹੋਈਆਂ ਦਨਦਨਾਉਦੀਆਂ ਲੰਘਦੀਆਂ ਹਨ । ਇਹਨਾਂ ਦੇ ਲੰਘਾਉਣ ਲਈ ਆਮ ਲੋਕਾਂ ਦੀ ਕਦੇ ਵੀ ਪਰਵਾਹ ਨਹੀਂ ਕੀਤੀ ਜਾਂਦੀ ।  ਸਾਡੇ ਦੇਸ ਦੇ ਰਾਜਨੇਤਾ ਉਦਯੋਗਿਕ ਘਰਾਣਿਆਂ ਨੂੰ ਕਿਸੇ ਵੀ ਕਿਸਮ ਦਾ ਹੁਕਮ ਦੇਣ ਦੀ ਸਮੱਰਥਾਂ ਹੀ ਨਹੀਂ ਰੱਖਦੇ ਸਗੋਂ ਉਹਨਾਂ ਦੇ ਗੁਲਾਮ ਹੋਕੇ ਉਹਨਾਂ ਦੇ ਹੁਕਮ ਉਡੀਕਦੇ ਮਿਲਦੇ ਹਨ । ਉਦਯੋਗਿਕ ਘਰਾਣੇ ਆਪੋ ਆਪਣਾਂ ਉਤਪਾਦਨ ਬਿਨਾਂ ਕਿਸੇ ਰੋਕ ਦੇ ਵੇਚਕੇ ਹੱਦ ਤੋਂ ਵੱਧ ਗਿਣਤੀ ਆਵਾਜਾਈ ਸਾਧਨਾਂ ਦੀ ਨੂੰ ਵਧਾਈ ਜਾ ਰਹੇ ਹਨ । ਹਰ ਘਰ ਵਿੱਚ ਲੋੜ ਤੋਂ ਵੱਧ ਆਵਾਜਾਈ ਦੇ ਸਾਧਨ ਹੋਈ ਜਾ ਰਹੇ ਹਨ ਜਿੰਨਾਂ ਲਈ ਪਾਰਕਿੰਗ ਦਾ ਵੀ ਲੋੜੀਦਾਂ ਪਰਬੰਧ ਨਹੀਂ ਹੈ । ਸਹਿਰਾਂ ਵਿੱਚ ਸਾਂਝੀਆਂ ਥਾਵਾਂ ਅਤੇ ਸੜਕਾਂ ਕਿਨਾਰੇ ਜਾਂ ਗਲੀਆਂ  ਨੂੰ ਵੀ ਪਾਰਕਿੰਗਾਂ ਹੀ ਬਣਾ ਦਿੱਤਾ ਗਿਆ ਹੈ । ਗਲੀਆਂ ਅਤੇ ਸੜਕਾਂ ਤੇ ਇਹਨਾਂ ਪਾਰਕਿੰਗ ਕੀਤੇ ਵਾਹਨਾਂ ਕਾਰਣ ਲੰਘਣਾਂ ਵੀ ਮੁਸਕਲ ਹੋਈ ਜਾ ਰਿਹਾ ਹੈ। ਇਹ ਕੋਹੋ ਜਿਹਾ ਵਿਕਾਸ ਹੈ । ਇਸ ਹਨੇਗਰਦੀ ਨਾਲ ਜਿੱਥੇ ਦੇਸ ਦਾ ਵਾਤਵਰਣ ਗੰਧਲਾਂ ਹੋ ਰਿਹਾ ਹੈ ਉੱਥੇ ਦੇਸ ਦੀ ਵਿਦੇਸੀ ਕਰੰਸੀ ਦਾ ਭੰਡਾਰ ਵੀ ਖਤਰੇ ਵਿੱਚ ਹੀ ਰਹਿੰਦਾਂ ਹੈ । ਇਸ ਤਰਾਂ ਦੇ ਹਾਲਾਤ ਜੇ ਇਸ ਤਰਾਂ ਹੀ ਵਧਦੇ ਰਹੇ ਤਾਂ ਆਉਣ ਵਾਲੇ ਸਮੇਂ ਵਿੱਚ ਜਰੂਰ ਹੀ ਵੱਡੀਆਂ ਸਮੱਸਿਆਂਵਾਂ ਪੈਦਾ ਹੋਣਗੀਆਂ ।
 ਸਾਡੇ ਰਾਜਨੇਤਾਵਾਂ ਨੂੰ ਇਹ ਗੱਲ ਜਰੂਰ ਯਾਦ ਰੱਖਣੀ ਚਾਹੀਦੀ ਹੈ ਕਿ ਨਾਲ ਅਮਲਾਂ ਦੇ ਹੋਵਦੇ ਨਿਬੇੜੇ ਬਾਤ ਕਿਸੇ ਪੁਛਣੀ ਨਹੀਂ । ਸਰਕਾਰਾਂ ਅਤੇ ਅਮੀਰਾਂ ਦੇ ਸਤਾਏ ਆਮ ਲੋਕ ਜਿਸ ਦਿਨ ਵੀ ਉੱਠਣਗੇ ਸਭ ਤੋਂ ਪਹਿਲਾਂ ਅੱਗ ਵੀ ਇਹਨਾਂ ਆਵਾਜਾਈ ਦੇ ਸਾਧਨਾਂ ਨੂੰ ਹੀ ਲਾਉਣਗੇ ਅਤੇ ਲਾਉਂਦੇ ਹਨ  । ਦੁਨੀਆਂ ਜਿੱਤ ਲੈਣ ਵਾਲੇ ਮਨੁੱਖ ਨੂੰ ਅਪਾਹਜ ਬਣਾਉਣ ਵਾਲੇ ਇਹ ਆਵਾਜਾਈ ਦੇ ਸਾਧਨ ਅਤੇ ਸੜਕੀ ਪਰਬੰਧ ਦਾ ਬੈਲੈਸ ਜਰੂਰ ਬਣਾਇਆ ਜਾਣਾਂ ਚਾਹੀਦਾ ਹੈ । ਨਿੱਤ ਦਿਨ ਹਾਦਸਿਆਂ ਦੇ ਸਿਕਾਰ ਹੋਕੇ ਜਾਂਦੀਆਂ ਹਜਾਰਾਂ ਜਾਨਾਂ ਵੀ ਨਿਯਮਬੱਧ ਹੋਕੇ ਹੀ ਬਚਾਈਆਂ ਜਾ ਸਕਦੀਆਂ ਹਨ ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ