Thursday 17 September 2015

ਕਰਜਿਆਂ ਦੇ ਜਾਲ ਨਾਲ ਦਿੱਤਾ ਜਾਂਦਾ ਕਿਸਾਨਾਂ ਨੂੰ ਮਿੱਠਾ ਜਹਿਰ

               
          ਸਰਕਾਰਾਂ ਚਲਾਉਂਦੇ ਰਾਜਨੀਤਕ ਲੋਕ ਜਦੋਂ ਦੇਸ ਦੇ ਕਿਸਾਨ ਵਰਗ ਨੂੰ ਕਰਜਿਆਂ ਦੇ ਵਿੱਚ ਫਸਾਉਣ ਵਾਲੀਆਂ ਸਕੀਮਾਂ ਐਲਾਨ ਕੇ ਆਪਣੀ ਬੱਲੇ ਬੱਲੇ ਕਰਵਾਉਂਦੇ ਹਨ ਪਰ ਉਹ ਦੇਸ ਦੇ ਅਣਭੋਲ ਵਰਗ ਨਾਲ ਕਿੱਡਾ ਫਰੇਬ ਧੋਖਾ ਕਰ ਰਹੇ ਹੁੰਦੇ ਹਨ ਦਾ ਪਤਾ ਕਿਸਾਨਾਂ ਦੀ ਖੁਦਕਸੀਆਂ ਤੋਂ ਬਾਅਦ ਹੀ ਪਤਾ ਲੱਗਦਾ ਹੈ। ਵਰਤਮਾਨ ਸਮੇਂ ਕਿਸਾਨਾਂ ਦੀਆਂ ਖੁਦਕਸੀਆਂ ਦਾ ਕਾਰਨ ਕਰਜਾ ਹੀ ਹੁੰਦਾਂ ਹੈ। ਅਸਲ ਨੀਤੀ ਤਾਂ ਕਿਸਾਨਾਂ ਲਈ ਇਹੋ ਜਿਹੀ ਚਾਹੀਦੀ ਹੈ ਜਿਸ ਵਿੱਚ ਉਹਨਾਂ ਨੂੰ ਕਰਜਾ ਚੁਕਣਾਂ ਹੀ ਨਾਂ ਪਵੇ ਕਿਉਂਕਿ ਖੇਤੀਬਾੜੀ ਦੇ ਲਾਹੇਵੰਦ ਹੋਣ ਦੀ ਤਾਂ ਕੋਈ ਗਰੰਟੀ ਹੀ ਨਹੀਂ ਹੈ ਕਿੳਂਕਿ ਖੇਤੀ ਦਿਮਾਗਾਂ ਦੀ ਖੇਡ ਨਹੀ ਕੁਦਰਤ ਦੇ ਰਹਿਮੋ ਕਰਮ ਤੇ ਹੋਣ ਵਾਲੀ ਖੇਤੀ ਕਰਮਾਂ ਛੇਤੀ ਹੈ। ਦੇਸ ਦੀਆਂ ਸਰਕਾਰਾਂ ਤਾਂ ਹਾਲੇ ਤੱਕ ਫਸਲਾਂ ਸਬੰਧੀ ਖੇਤੀ ਬੀਮਾ ਸਕੀਮ ਵੀ ਸੁਰੂ ਨਹੀਂ ਕਰਵਾ ਸਕੀਆਂ। ਤਿੰਨ ਚਾਰ ਰਾਜਾਂ ਵਿੱਚ ਝੋਨੇ ਅਤੇ ਕਣਕ ਦੇ ਘੱਟੋ ਘੱਟ ਸਮਰਥਨ ਮੁੱਲ ਦੇਣ ਤੋਂ ਬਿਨਾਂ ਸਿਰਫ ਫੋਕੇ ਐਲਾਨ ਹੀ ਸੈਂਟਰ ਸਰਕਾਰ ਕਰਦੀ ਹੈ। ਬਾਕੀ ਸਾਰੀਆਂ ਫਸਲਾਂ ਬਜਾਰ ਦੇ ਰਹਿਮੋ ਕਰਮ ਤੇ ਹਨ ਜਿਸ ਵਿੱਚ ਸਾਰਾ ਮੁਨਾਫਾ ਵਪਾਰੀ ਅਤੇ ਜਮਾਂਖੋਰ ਹੀ ਹੜੱਪ ਜਾਂਦੇ ਹਨ। ਕਿਸਾਨ ਵਰਗ ਦਾ ਵੱਡਾ ਹਿੱਸਾ ਤਾਂ ਆਪਣੀਆਂ ਫਸਲਾਂ ਨੂੰ ਬਜਾਰ ਵਿੱਚ ਵੇਚਣ ਨਹੀਂ ਜਾਂਦਾ ਸਗੋਂ ਸਿੱਟਣ ਜਾਂਦਾ ਹੈ। ਸਰਕਾਰਾਂ ਕਿਸੇ ਵੀ ਫਸਲ ਤੇ ਕਿਸਾਨ ਨੂੰ ਘੱਟੋ ਘੱਟ ਆਮਦਨ ਦੀ ਕਦੇ ਵੀ ਗਰੰਟੀ ਨਹੀ ਦਿੰਦੀਆਂ ਫੋਕੇ ਬਿਆਨਾਂ ਨਾਲ ਹੀ  ਕਿਸਾਨਾਂ ਦੇ ਦਿਲ ਬਹਿਲਾਉਂਦੀਆਂ ਹਨ। ਇੱਕ ਪਾਸੇ ਕਿਸਾਨ ਨੂੰ ਮੁਨਾਫਾ ਅਧਾਰਤ ਕੀਮਤ ਨਹੀਂ ਦਿੱਤੀ ਜਾਂਦੀ ਦੂਸਰੇ ਪਾਸੇ ਅੰਤਰਰਾਜੀ ਅਤੇ ਅੰਤਰ ਰਾਸਟਰੀ ਵਪਾਰ ਕਰਨ ਤੇ ਹੀ ਪਾਬੰਦੀ ਲਾ ਦਿੱਤੀ ਜਾਂਦੀ ਹੈ। ਪੰਜਾਬ ਦੇ ਕਿਸਾਨ ਤੋਂ 1400 ਰੁਪਏ ਕੁਇੰਟਲ ਖਰੀਦੀ ਜਾਣ ਵਾਲੀ ਕਣਕ ਬਾਘੇ ਬਾਰਡਰ ਦੇ ਪਰਲੇ ਪਾਸੇ ਦਸ ਕਿਲੋਮੀਟਰ ਤੇ ਲਾਹੌਰ ਵਿੱਚ 2500 ਰੁਪਏ ਵਿਕਦੀ ਹੈ। ਇਹੋ ਕਣਕ ਦਿੱਲੀ ਵਿੱਚ ਆਟਾ ਬਣਾਕਿ ਪਰਚੂਨ ਮੰਡੀ ਵਿੱਚ 30 ਤੋਂ 40 ਰੁਪਏ ਕਿੱਲੋ ਦੀ ਕੀਮਤ ਤੇ ਵਿਕ ਰਿਹਾ ਹੈ। ਕੁੱਝ ਸਰਕਾਰਾਂ ਦੇ ਟੈਕਸ ਅਤੇ ਵਪਾਰੀਆਂ ਦੇ ਮੁਨਾਫੇ ਨਾਲ ਇਸਦੀ ਕੀਮਤ ਦੇਸ ਵਿੱਚ ਹੀ ਦੁਗਣੀ ਹੋ ਜਾਂਦੀ ਹੈ। ਜਦ ਕਿਸਾਨ ਵਰਗ ਘਰੇਲੂ ਲੋੜਾਂ ਯੋਗਾ ਵੀ ਮੁਨਾਫਾ ਨਹੀਂ ਕਰ ਪਾਉਂਦਾ ਪਰ ਸਰਕਾਰਾਂ ਟੈਕਸਾਂ ਨਾਲ ਖਜਾਨੇ ਭਰਨ ਦੀ ਫਿਰਾਕ ਵਿੱਚ ਲੁੱਟਣ ਤੱਕ ਪਹੁੰਚ ਜਾਂਦੀਆਂ ਹਨ।
                       ਕਿਸਾਨ ਦੀਆਂ ਸਮੱਸਿਆਵਾਂ ਦਾ ਹਲ ਇੱਕੋ ਹੀ ਹੈ ਕਿ ਖੇਤੀ ਲਾਹੇਵੰਦ ਧੰਦਾ ਬਣਾਇਆ ਜਾਵੇ ਪਰ ਸਰਕਾਰਾਂ ਇਸਦਾ ਹੱਲ ਕਿਸਾਨਾਂ ਨੂੰ ਕਰਜੇ ਦਿਵਾਕੇ ਉਸਦੇ ਗਲ ਵਿੱਚ ਕਰਜੇ ਦਾ ਗਲਘੋਟੂ ਰੱਸਾ ਪਾਉਣ ਨੂੰ ਪਹਿਲ ਦੇ ਰਹੀਆਂ ਹਨ। ਇਸ ਕਿੱਤੇ ਵਿੱਚ ਫਸਿਆ ਕਿਸਾਨ ਆਪਣੇ ਕਿੱਤੇ ਨੂੰ ਚਲਦਾ ਰੱਖਣ ਲਈ ਹੀ ਮਜਬੂਰੀ ਵੱਸ ਸੂਦਖੋਰ ਵਪਾਰੀਆਂ ਅਤੇ ਬੈਂਕਾਂ ਦੇ ਜਾਲ ਵਿੱਚ ਫਸਣ ਲਈ ਮਜਬੂਰ ਹੋ ਜਾਂਦਾ ਹੈ। ਕਿਸਾਨ ਤਾਂ ਇਹੋ ਜਿਹੀ ਸੀਲ ਫੰਡਰ ਮੱਝ ਵਾਂਗ ਬਣਾ ਦਿੱਤਾ ਗਿਆ ਹੈ ਜਿਸਨੂੰ ਚੋਣ ਲਈ ਨਾਂ ਟੀਕਾ ਲਾਉਣ ਦੀ ਲੋੜ ਹੈ ਨਾਂ ਕੱਟਾ ਛੱਡਣ ਦੀ ਜਿਹੜਾ ਮਰਜੀ ਸੂਦਖੋਰ ਧਨਾਡ ਥਾਪੀ ਦੇਕੇ ਚੋਅ ਲਵੇ। ਕਰਜੇ ਦਾ ਮੱਕੜ ਜਾਲ ਵਿੱਚ ਫਸਿਆ ਹੋਇਆ ਕਿਸਾਨ ਤਾਂ ਨਿਆਣਾਂ ਮਾਰੀ ਹੋਈ ਗਾਂ ਵਰਗਾ ਬਣਨ ਨੂੰ ਮਜਬੂਰ ਹੈ ਜੋ ਚਾਹੁੰਦਾਂ ਹੋਇਆਂ ਵੀ ਹਿੱਲ ਜਾਂ ਬੋਲ ਨਹੀਂ ਸਕਦਾ। ਜਦ ਇਸ ਕਰਜੇ ਦਾ ਮੱਕੜ ਜਾਲ ਕਿਸੇ ਕਿਸਾਨ ਨੂੰ ਸਮਾਜ ਵਿੱਚ ਬੇਇੱਜਤਾ ਬਣਾਉਣ ਲੱਗ ਜਾਂਦਾਂ ਹੈ ਤਦ ਉਸ ਕੋਲ ਬੇਸਰਮੀ ਤੋਂ ਖਹਿੜਾ ਛੁਵਾਉਣ ਲਈ ਖੁਦਕਸੀ ਦਾ ਰਾਹ ਹੀ ਬਚਦਾ ਹੈ। ਗੈਰ ਕਾਸਤਕਾਰਾਂ ਨੂੰ ਜਮੀਨ ਦੀ ਖਰੀਦ ਕਰਨ ਦੀ ਖੁੱਲ ਦੇਕੇ ਸਰਕਾਰਾਂ ਨੇ ਕਰਜਾ ਦੇਣ ਵਾਲਿਆ ਨੂੰ ਹੱਲਾਸੇਰੀ ਦੇ ਰੱਖੀ ਹੈ। ਕਿਸਾਨਾਂ ਨੂੰ ਕਰਜਾ ਦੇਣ ਸਬੰਧੀ ਕੋਈ ਸਰਕਾਰੀ ਨੀਤੀ ਨਹੀਂ । ਕਰਜੇ ਕਾਰਨ ਕਿਸਾਨ ਦੀ ਜਮੀਨ ਕੁਰਕ ਕਰਨ ਦੀ ਖੁੱਲ ਦੇਣਾਂ ਰਾਜਨੀਤਕ ਅਤੇ ਧਨਾਢ ਵਰਗ ਦੀ ਸਾਂਝੀ ਚਾਲ ਹੈ ਜਿਸ ਵਿੱਚ ਕਿਸਾਨ ਵਰਗ ਹਲਾਲ ਕੀਤਾ ਜਾਂਦਾ ਹੈ। ਅੱਜ ਪੰਜਾਬ ਦੇ ਇੱਕ ਕਰੋੜ  ਕਿਸਾਨਾਂ ਸਿਰ 63000 ਕਰੋੜ ਦਾ ਗਰੰਟੀ ਅਧਾਰਤ ਬੈਕਿੰਗ ਕਰਜਾ ਹੈ। 40000 ਕਰੋੜ ਦਾ ਛਿਮਾਹੀ ਜਾਂ ਸਲਾਨਾਂ ਲਿਮਟਾਂ ਅਧਾਰਤ ਕਰਜਾ ਹੈ। ਧਨਾਢਾ ਅਤੇ ਸੂਦਖੌਰ ਆੜਤੀਆਂ ਦੇ ਕਰਜਾ ਜੋ ਰਜਿਸਟਰਡ ਕਰਜਿਆਂ ਤੋਂ ਕਈ ਗੁਣਾਂ ਜਿਆਦਾ ਹੈ ਜਿਸ ਬਾਰੇ ਕਦੇ ਕੋਈ ਅੰਕੜੇ ਸਾਹਮਣੇ ਨਹੀਂ ਆਉਂਦੇ ਅਤੇ ਜੋ ਕਿ ਅਸਲ ਵਿੱਚ ਕਾਲੇ ਧਨ ਦਾ ਵਿਸਾਲ ਰੂਪ ਹੈ ਕਿਸਾਨਾਂ ਨੂੰ ਤਬਾਹ ਅਤੇ ਗੁਲਾਮ ਬਣਾਈ ਬੈਠਾ ਹੈ। ਸਰਕਾਰਾਂ ਨੂੰ ਇਸ ਕਾਲੇ ਧਨ ਵਾਲੇ ਨਿੱਜੀ ਸੂਦਖੋਰਾਂ ਦੇ ਕਰਜੇ ਤੋਂ ਕਿਸਾਨਾਂ ਦਾ ਖਹਿੜਾ ਛੁਡਾਉਣ ਲਈ ਅਦਾਲਤੀ ਕਾਰਵਾਈ ਰੋਕ ਦੇਣੀ ਚਾਹੀਦੀ ਹੈ ਸਗੋਂ ਇਸ ਤਰਾਂ ਦਾ ਕਰਜਾ ਦੇਣ ਵਾਲਿਆਂ ਦੀ ਸੰਪਤੀ ਜਬਤ ਕਰਨ ਦੀ ਕਾਰਵਾਈ ਕਰਨੀਂ ਚਾਹੀਦੀ ਹੈ। ਬਿਨਾਂ ਕਿਸੇ ਰਜਿਸਟਰਡ ਅਦਾਰੇ ਦੇ ਦਿੱਤਾ ਗਿਆ ਕਰਜਾ ਕਿਸੇ ਵੀ ਸੂਦਖੋਰ ਦਾ ਮੁਨਾਫਾ ਲਊ ਕਾਰੋਬਾਰ ਨਹੀਂ ਹੋਣਾਂ ਚਾਹੀਦਾ।
                   ਛੋਟੇ ਕਿਸਾਨਾਂ ਨੂੰ ਕਰਜਾ ਉਹਨਾਂ ਦੀ ਹੋਣ ਵਾਲੀ ਆਮਦਨ ਦੇ ਹਿਸਾਬ ਨਾਲ ਹੀ ਦਿੱਤਾ ਜਾਣਾਂ ਚਾਹੀਦਾ ਹੈ। ਕਿਸਾਨ ਦੇ ਕਰਜੇ ਦੀ ਕਿਸਤ ਉਸਦੀ ਹੋਣ ਵਾਲੀ ਸੁੱਧ ਆਮਦਨ ਦੇ ਦਸਵੇਂ ਹਿੱਸੇ ਤੋਂ ਜਿਆਦਾ ਨਹੀਂ ਹੋਣਾਂ ਚਾਹੀਦਾ। ਕਰਜਾ ਮੁਕਤ ਕਿਸਾਨ ਹੀ ਖੇਤੀਬਾੜੀ ਦੇ ਵਿਕਾਸ ਰਫਤਾਰ ਨੂੰ ਗਤੀ ਦੇ ਸਕਦਾ ਹੈ। ਕਰਜਾਈ ਕਿਸਾਨ ਕਦੇ ਵੀ ਵਧੀਆ ਖੇਤੀ ਉਤਪਾਦਨ ਨਹੀਂ ਕਰ ਸਕਦਾ। ਇਸ ਨਾਲ ਜਿੱਥੇ ਖੇਤੀ ਉਤਪਾਦਨ ਘੱਟ ਹੁੰਦਾਂ ਹੈ ੳਤੇ ਮਹਿੰਗਾਈ ਵੱਧਦੀ ਹੈ। ਸਰਕਾਰਾਂ ਨੂੰ ਖੇਤੀ ਲਈ ਮੁਨਾਫਾ ਅਧਾਰਤ ਬਨਾਉਣ ਵੱਲ ਪਹਿਲ ਕਰਨੀਂ ਚਾਹੀਦੀ ਹੈ ਜਿਸ ਨਾਲ ਕਿਸਾਨਾਂ ਨੂੰ ਸਬਸਿਡੀਆਂ ਦੇਣ ਦੀ ਲੋੜ ਹੀ ਨਾਂ ਰਹੇ। ਸਬਸਿਡੀ ਸਿਰਫ ਗਰੀਬ ਲੋਕਾਂ ਨੂੰ ਅਨਾਜ ਸਸਤਾ ਦੇਣ ਲਈ ਹੀ ਕਰਨੀਂ ਚਾਹੀਦੀ ਹੈ। ਬਿਨਾਂ ਕਿਸੇ ਹਿਸਾਬ ਕਿਤਾਬ ਦੇ ਕਿਸਾਨਾਂ ਨੂੰ ਅੰਨਾਂ ਕਰਜਾ ਦੇਣਾਂ ਇੱਕ ਮਿੱਠਾ ਜਹਿਰ ਹੀ ਸਿੱਧ ਹੁੰਦਾਂ ਹੈ ਜੋ ਕਿਸਾਨ ਅਤੇ ਖੇਤੀ ਨੂੰ ਤਬਾਹ ਕਰਨ ਵੱਲ ਹੀ ਲੈ ਜਾਂਦਾ ਹੈ। ਕਰਜਾ ਮੁਕਤ ਕਿਸਾਨ ਹੀ ਦੇਸ ਨੂੰ ਅੰਤਰਾਸਟਰੀ ਪੱਧਰ ਤੇ ਮਾਣ ਨਾਲ ਖੜਾ ਕਰ ਸਕਦਾ ਹੈ। ਕਿਸਾਨ ਦੀ ਖੇਤੀ ਯੋਗ ਜਮੀਨ ਤੇ ਕਰਜਾ ਦੇਣ ਦੀ ਹੱਦ ਉਸਤੋਂ ਹੋਣ ਵਾਲੀ ਆਮਦਨ ਦੇ ਹਿਸਾਬ ਨਾਲ ਮਿੱਥਿਆ ਜਾਣਾਂ ਸਮੇਂ ਦੀ ਲੋੜ ਹੈ। ਕਰਜਾ ਘੱਟ ਮਿਲਣ ਨਾਲ ਕਿਸਾਨ ਆਪਣੇ ਬੇਲੋੜੇ ਖਰਚਿਆਂ ਤੋਂ ਪਾਸਾ ਵੱਟਣ ਨੂੰ ਮਜਬੂਰ ਹੋ ਜਾਣਗੇ। ਬੇਲੋੜੇ ਖਰਚੇ ਵੀ ਕਿਸਾਨ ਉਸ ਵਕਤ ਹੀ ਚੁਕਦਾ ਹੈ ਜਦ ਉਸਨੂੰ ਬੇਲੋੜੇ ਅਤੇ ਬਿਨਾਂ ਕਿਸੇ ਹੱਦ ਦੇ ਕਰਜੇ ਦਿੱਤੇ ਜਾਦੇ ਹਨ। ਕਿਸਾਨ ਕੋਈ ਕਾਰਖਾਨੇਦਾਰਾਂ ਜਾਂ ਵਪਾਰੀਆਂ ਵਰਗਾ ਤਾਂ ਹੁੰਦਾਂ ਨਹੀਂ ਜਿੰਹਨਾਂ ਨੂੰ ਦਿਵਾਲੀਆਂ ਹੋਣ ਤੇ ਖਾਲੀ ਥਾਵਾਂ ਹੀ ਸਰਕਾਰ ਹਵਾਲੇ ਕਰਨੀਆਂ ਹੁੰਦੀਆਂ ਹਨ ਕਿਉਂਕਿ ਸਾਰਾ ਪੈਸਾ ਤਾਂ ਉਹ ਕਿੱਧਰੇ ਹੋਰ ਗੋਲਮਾਲ ਕਰ ਜਾਂਦੇ ਹਨ ਪਰ ਕਿਸਾਨਾਂ ਕੋਲ ਤਾਂ ਉਹਨਾਂ ਦੀ ਮਾਂ ਵਰਗੀ ਜਮੀਨ ਹੀ ਕਰਜਾ ਦੇਣ ਵਾਲੇ ਅਦਾਰਿਆਂ ਕੋਲ ਗਿਰਵੀ ਰੱਖੀ ਹੁੰਦੀ ਹੈ ਜੋ ਕੌਡੀਆਂ ਦੇ ਭਾਅ ਸਾਹੂਕਾਰਾਂ ਤੇ ਧਨਾਢਾ ਕੋਲ ਵਿੱਕ ਜਾਂਦੀ ਹੈ। ਆਧੁਨਿਕ ਸਿਆਣੇ ਅਖਵਾਉਂਦੇ ਯੁੱਗ ਵਿੱਚ ਕਿਸਾਨ ਨੂੰ ਰੱਬ ਆਸਰੇ ਦੀ ਥਾਂ ਸਰਕਾਰਾਂ ਦਾ ਆਸਰਾ ਵੀ ਲੋੜੀਦਾ ਹੈ ਜੋ ਕਿ ਸਹੀ ਸਰਕਾਰੀ ਨੀਤੀਆਂ ਦੀ ਬਦੌਲਤ ਹੀ ਸੰਭਵ ਹੈ। ਵਿਦੇਸਾਂ ਅੱਗੇ ਮੰਗਤੇ ਤੋਂ ਸਰਦਾਰ ਬਣਾ ਦੇਣ ਵਾਲੇ ਸਾਡੇ ਕਿਸਾਨ ਨੂੰ ਬਚਾਉਣਾਂ ਚਾਹੀਦਾ ਹੈ, ਰਾਜਨੀਤਕ ਆਗੂ ਕਿੱਧਰੇ ਦੁਬਾਰਾ ਵਿਦੇਸੀ ਸਰਕਾਰਾਂ ਅੱਗੇ ਮੰਗਤੇ ਨਾਂ ਬਨ ਜਾਣ ਵਾਰੇ ਸਾਡੀ ਰਾਜਨੀਤਕਾਂ ਦੀ ਸਲਾਹਕਾਰ ਬਾਬੂਸਾਹੀ ਨੂੰ ਵੀ ਜਰੂਰ ਜਾਗਣਾਂ ਚਾਹੀਦਾ ਹੈ ਅਤੇ ਕਿਸਾਨ ਪੱਖੀ ਨੀਤੀਆਂ ਬਨਾਉਣੀਆਂ ਚਾਹੀਦੀਆਂ ਹਨ।
ਗੁਰਚਰਨ ਸਿੰਘ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ                     

         

1947 ਨੂੰ ਅਜਾਦੀ ਮਿਲਣ ਸਮੇਂ ਮੇਰੇ ਪਿੰਡ ਦੇ ਚੰਗੇ ਮੰਦੇ ਲੋਕਾਂ ਦੇ ਕਾਰਨਾਮੇ

                                    
         ਹੱਲਿਆ ਵਾਲਾ ਸਾਲ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਦੇਸ ਦੀ ਅਜਾਦੀ ਦਾ ਸਾਲ ਪੰਜਾਬ ਅਤੇ ਭਾਰਤ ਦੇ ਕਾਲੇ ਇਤਿਹਾਸ ਦਾ ਗਵਾਹ ਹੈ। ਉਸ ਵਕਤ ਦੇ ਆਮ ਲੋਕ ਜੋ ਬਜੁਰਗ ਹੋ ਚੁੱਕੇ ਹਨ ਉਸ ਸਮੇਂ ਦੀਆਂ ਗੱਲਾਂ ਸੁਣਾਉਣ ਸਮੇਂ ਅੱਜ ਵੀ ਭਾਵੁਕ ਹੋ ਜਾਂਦੇ ਹਨ। ਉਸ ਕਾਲੇ ਸਮੇਂ ਵਿੱਚ ਜਿੰਹਨਾਂ ਘਰਾਂ ਦੇ ਬਜੁਰਗਾਂ ਨੇ ਕਹਿਰ ਢਾਏ ਸਨ ਉਹਨਾਂ ਦੇ ਵਾਰਸ ਅੱਜ ਵੀ ਆਪਣਾਂ ਮੂੰਹ ਲੁਕਾਉਣ ਦੀ ਕੋਸਿਸ ਕਰਦੇ ਹੋਏ ਬੇਸਰਮੀ ਦੀਆਂ ਘੁੱਟਾਂ ਭਰਦੇ ਦੇਖੇ ਜਾਂਦੇ ਹਨ। ਜਿੰਹਨਾਂ ਪਰੀਵਾਰਾਂ ਦੇ ਬਜੁਰਗਾਂ ਨੇ ਉਸ ਕਾਲੇ ਸਮੇਂ ਵਿੱਚ ਇਨਸਾਨੀਅਤ ਦਾ ਝੰਡਾ ਚੁੱਕੀ ਰੱਖਿਆ ਉਹਨਾਂ ਪਰੀਵਾਰਾਂ ਦੇ ਲੋਕ ਅੱਜ ਵੀ ਛਾਤੀ ਚੌੜੀ ਕਰਕੇ ਮਾਣ ਨਾਲ ਆਪਣੇ ਬਜੁਰਗਾਂ ਦੀਆਂ ਪਿਆਰ ਭਰੀਆਂ ਕਹਾਣੀਆਂ ਸੁਣਾਕਿ ਮਾਣ ਮਹਿਸੂਸ ਕਰਦੇ ਹਨ। ਮੇਰੇ ਪਿੰਡ ਦੇ ਜਿੰਹਨਾਂ ਪਰੀਵਾਰਾਂ ਨੇ ਉਸ ਵਕਤ ਨਿਤਾਣੇ ਲੋਕਾਂ ਦੀ ਰਾਖੀ ਕਰਨ ਦੀ ਕੋਸਿਸ ਕੀਤੀ ਸੀ ਅੱਜ ਕਲ ਉਹ ਬਹੁਤ ਵਧੀਆ ਹਾਲਤਾਂ ਵਿੱਚ ਇੱਜਤਦਾਰ ਬਣੇ ਹੋਏ ਹਨ ਪਰ ਉਸ ਸਮੇਂ ਦੇ ਮੇਰੇ ਪਿੰਡ ਦੇ ਕਈ ਤਕੜੇ ਅਮੀਰ ਪਰੀਵਾਰ ਜਿੰਹਨਾਂ ਮਾਸੂਮ ਲੋਕਾਂ ਦੇ ਕਤਲ ਅਤੇ ਲੁੱਟਾਂ ਖੋਹਾਂ ਕੀਤੀਆਂ ਸਨ ਅੱਜ ਕਲ ਤਰਸ ਯੋਗ ਦੁੱਖਾਂ ਵਿੱਚ ਘਿਰੇ ਹੋਏ ਦੇਖਦਾ ਹਾਂ। ਇਸ ਤਰਾਂ ਦੀਆਂ ਕੁੱਝ ਕਹਾਣੀਆਂ ਸੁਣਾਉਣ ਨੂੰ ਦਿਲ ਭਰ ਆਉਂਦਾਂ ਹੈ।
           ਮੇਰੇ ਪਿੰਡ ਦੇ ਉਸ ਵਕਤ ਦੇ ਇੱਕ ਗਰੀਬ ਮਜਹਬੀ ਪਰੀਵਾਰ ਬੰਤਾ ਸਿੰਘ ਦੇ ਬਜੁਰਗਾਂ ਨੇ ਕੋਈ ਪੱਚੀ ਤੀਹ ਮੁਸਲਮਾਨ ਵਿਅਕਤੀਆਂ ਨੂੰ ਆਪਣੇ ਘਰ ਪਨਾਹ ਦਿੱਤੀ ਸੀ। ਪਨਾਹਗੀਰਾਂ ਵਿੱਚੋਂ ਇੱਕ ਬਜੁਰਗ ਨੇ ਉਸ ਘਰ ਦੇ ਮੱਦਦਗਾਰਾਂ ਨੂੰ ਆਪਣੇ ਛੱਡ ਚੁੱਕੇ ਘਰ ਵਿੱਚ ਆਪਣੇ ਦੱਬੇ ਹੋਏ ਧਨ ਦੀ ਦੱਸ ਪਾਈ ਜੋ ਉਸ ਵੇਲੇ ਲਿਆਉਣਾਂ ਸੰਭਵ ਨਾਂ ਹੋ ਸਕੇ। ਕੁੱਝ ਦਿਨ ਛਿਪਣ ਗਾਹ ਛੱਡਣ ਸਮੇਂ ਮੱਦਦਗਾਰਾਂ ਦੇ ਪਰੀਵਾਰ ਨੂੰ ਛੱਡਣ ਸਮੇਂ ਉਹਨਾਂ ਉਹ ਧਨ ਉਸ ਗਰੀਬ ਪਰੀਵਾਰ ਨੂੰ ਕੱਢ ਲੈਣ ਦੀ ਬੇਨਤੀ ਕੀਤੀ ਜਿਸ ਨੂੰ ਗਰੀਬ ਪਰੀਵਾਰ ਨੇ ਮੁਫਤ ਵਿੱਚ ਮਿਲਣ ਵਾਲੇ ਪੈਸੇ ਨੂੰ ਕੱਢਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਪਨਾਹਗੀਰ ਪਰੀਵਾਰ ਨੇ ਉਹ ਪੈਸਾ ਕੱਢਕੇ ਉਹਨਾਂ ਦੇ ਘਰ ਕੋਲ ਬਣੇ ਹੋਏ ਗੁਰਦੁਆਰਾ ਸਾਹਿਬ ਨੂੰ ਦੇਣ ਦੀ ਬੇਨਤੀ ਕੀਤੀ ਜੋ ਉਸ ਪਰੀਵਾਰ ਨੇ ਮੰਜੂਰ ਕਰ ਲਈ। ਜਦ ਹਾਲਾਤ ਠੀਕ ਹੋਏ ਅਤੇ ਉੱਜੜੇ ਹੋਏ ਪਰੀਵਾਰ ਵਾਪਸ ਵੀ ਨਾਂ ਆਏ ਤਦ ਉਹਨਾਂ ਦੇ ਘਰੋਂ ਮਿਲਿਆ ਉਹ ਧਨ ਇਸ ਗਰੀਬ ਪਰੀਵਾਰ ਨੇ ਗੁਰਦੁਆਰਾ ਸਾਹਿਬ ਨੂੰ ਦੇਕੇ ਉਸਦਾ ਇੱਕ ਪੱਕਾ ਕਮਰਾ ਬਣਵਾਉਣ ਦੀ ਬੇਨਤੀ ਕੀਤੀ। ਕੱਚੀ ਇਮਾਰਤ ਵਾਲੇ ਗੁਰਦੁਆਰਾ ਸਾਹਿਬ ਦਾ ਪਹਿਲਾ ਪੱਕਾ ਹਾਲ ਕਮਰਾਂ ਉੱਜੜੇ ਹੋਏ ਮੁਸਲਮਾਨ ਪਰੀਵਾਰ ਦੇ ਪੈਸੇ ਨਾਲ ਬਣਾਇਆ ਗਿਆ ਅਤੇ ਇਹ ਛੋਟਾ ਗੁਰਦੁਵਾਰਾ ਸਾਹਿਬ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਰਿਹਾ ਸੀ ਜਿਸ ਨੂੰ ਅੱਜ ਕਲ ਨਵਾਂ ਗੁਰਦੁਆਰਾ ਸਾਹਿਬ ਦਾ ਨਾਂ ਦੇ ਦਿੱਤਾ ਗਿਆ। ਮੱਦਦਗਾਰ ਗਰੀਬ ਪਰੀਵਾਰ ਕਿਰਤ ਅਤੇ ਮਿਹਨਤੀ ਹੋਣ ਕਾਰਨ ਅੱਜ ਕਲ ਤੂੜੀ ਦਾ ਕਾਰੋਬਾਰ ਕਰਦਿਆਂ ਪੱਕੀਆਂ ਕੋਠੀਆਂ ਵਰਗੇ ਘਰ ਅਤੇ ਟਰੈਕਟਰਾਂ ਟਰਾਲੀਆਂ ਦਾ ਮਾਲਿਕ ਬਣਿਆ ਹੋਇਆ ਹੈ।
                         ਇਸ ਤਰਾਂ ਦਾ ਹੀ ਕਾਰਨਾਮਾ ਮੇਰੀ ਕੌੜੀ ਬੁੜੀ ਦੇ ਨਾਂ ਨਾਲ ਮਸਹੂਰ ਪਤੀ ਵਿਹੂਣੀ ਦਾਦੀ ਨੇ ਕੀਤਾ ਸੀ ਜਿਸਨੇ ਵੀ ਕਈ ਮੁਸਲਮਾਨ ਪਰੀਵਾਰਾਂ ਦੇ   ਇਸਤਰੀਆਂ ਮਰਦਾਂ ਨੂੰ ਪਨਾਹ ਦਿੱਤੀ। ਮੇਰੀ ਦਾਦੀ ਦੇ ਪੰਜ ਛੋਟੀ ਉਮਰ ਦੇ ਪੁੱਤਰ ਅਤੇ ਤਿੰਨ ਧੀਆਂ ਸਨ ਗਰੀਬੀ ਵਾਲੀ ਹਾਲਤ ਵਿੱਚ ਬਿਨਾਂ ਪਤੀ ਦੇ ਉਸ ਸਮੇਂ ਦੀਆਂ ਔਖੀਆਂ ਹਾਲਤਾਂ ਵਿੱਚ ਹੋਣ ਦੇ ਬਾਵਜੂਦ ਨਿਤਾਣੇ ਲੋਕਾਂ ਦਾ ਤਾਣ ਬਣਨ ਦੀ ਜੁਰਅਤ ਦਿਖਾਉਣ ਦੀ ਦਲੇਰੀ ਕਰਨ ਵਾਲੀ ਉਹ ਜਰੂਰ ਹੀ ਕੋਈ ਰੱਬੀ ਰੂਹ ਸੀ। ਦਿਉਰ ਜੇਠ ਲੱਗਦੇ ਡਰਪੋਕ ਮਰਦਾਂ ਵੱਲੋਂ ਉਸਨੂੰ ਡਰਾਇਆ ਵੀ ਗਿਆ ਕਿ ਤੂੰ ਤੀਵੀ ਜਾਤ ਆਪਦਾ ਘਰ ਨਾਂ ਬਰਬਾਦ ਕਰਵਾ ਲਵੀਂ ਪਰ ਉਸਨੇ ਦਲੇਰੀ ਨਾਲ ਸਭ ਨੂੰ ਜਵਾਬ ਦੇਕੇ ਚੁੱਪ ਕਰਵਾ ਦਿੱਤਾ। ਜਦ ਕੁੱਝ ਦਿਨਾਂ ਬਾਅਦ ਇੱਕ ਰਾਤ ਨੂੰ ਮੁਸਲਮਾਨ ਪਨਾਹਗੀਰਾਂ ਨੇ ਪਾਕਿਸਤਾਨ ਜਾਣ ਨੂੰ ਚਾਲੇ ਪਾਏ ਤਾਂ ਉਸ ਵਕਤ ਉਹਨਾਂ ਵਿੱਚੋਂ ਇੱਕ ਇਸਤਰੀ ਨੇ ਆਪਣੀ ਧੀ ਮੇਰੀ ਦਾਦੀ ਨੂੰ ਆਪਣੇ ਪੁੱਤਰ ਦੇ ਨਾਲ ਵਿਆਹੁਣ ਦੀ ਪੇਸਕਸ ਕੀਤੀ । ਉਹਨਾਂ ਵਕਤਾਂ ਵਿੱਚ ਬਹੁਤ ਸਾਰੇ ਵਿਆਹ ਇਸ ਤਰਾਂ ਹੀ ਕਰ ਲਏ ਜਾਂਦੇ ਸਨ ਕਿਉਕਿ ਗਰੀਬੀ ਦੀਆਂ ਹਾਲਤਾਂ ਵਿੱਚ ਰਹਿੰਦੇ ਲੋਕ ਆਪਣੀ ਨਿਉਂ ਜੜ ਰੱਖਣ ਲਈ ਇਸ ਤਰਾਂ ਦੇ ਵਿਆਹ ਕਰਵਾ ਲੈਂਦੇ ਸਨ ਪਰ ਮੇਰੀ ਦਾਦੀ ਨੇ ਕਿਸੇ ਦੀ ਮਜਬੂਰੀ ਦਾ ਫਾਇਦਾ ਉਠਾਕੇ ਆਪਣੇ ਪੁੱਤ ਵਿਆਹੁਣ ਦੇ ਲਈ ਇਸ ਨੂੰ ਪਾਪ ਕਰਨਾਂ ਮੰਨਿਆਂ ਅਤੇ ਕਿਹਾ ਕਿ ਮੈਂ ਇਸ ਤਰਾਂ ਦਾ ਪਾਪ ਨਹੀਂ ਕਰਾਂਗੀ। ਮੇਰੇ ਪਰੀਵਾਰ ਦੇ ਵਿੱਚ ਅੱਜਕਲ ਉਹਾਂ ਸਮਿਆ ਤੋਂ ਬਾਅਦ ਗਰੀਬੀ ਤੋਂ ਅਮੀਰੀ ਵਰਗੀ ਪਿੰਡਾਂ ਵਾਲੀ ਹੈਸੀਅਤ ਵਿੱਚ ਆਉਣ ਦਾ ਸਫਰ ਤੈਅ ਕੀਤਾ ਹੈ। ਸਾੲਦ ਜਦ ਮਨੁੱਖ ਦਾ ਆਚਰਣ ਦੀਨ ਅਤੇ ਦਇਆ ਰੂਪੀ ਧਰਮ ਤੇ ਪਹਿਰਾ ਦਿੰਦਾਂ ਹੈ ਇੱਕ ਨਾਂ ਇੱਕ ਦਿਨ ਜਰੂਰ ਹੀ ਖੁਸੀਆਂ ਉਸਦੇ ਦਰ ਤੇ ਖੜੀਆਂ ਹੋ ਜਾਂਦੀਆਂ ਹਨ।
                          ਦੂਸਰੇ ਪਾਸੇ ਉਹ ਲੋਕ ਵੀ ਸਨ ਜਿੰਹਨਾਂ ਅਮੀਰੀ ਹੰਢਾਉਦਿਆਂ ਅਤੇ ਤਾਕਤ ਵਰ ਹੋਣ ਦੇ ਬਾਵਜੂਦ ਲੁੱਟਾਂ ਖੋਹਾਂ, ਉਧਾਲੇ, ਕਤਲਾਂ ਵਿੱਚ ਹਿੱਸਾ ਲੈਕੇ ਪਾਪ ਕਰਮ ਕੀਤੇ ਸਨ ਉਹਨਾਂ ਵਿੱਚੋਂ ਬਹੁਤਿਆਂ ਦੇ ਸਮੇਂ ਨਾਲ ਮੰਦੇ ਹਾਲ ਦੇਖਕੇ ਉਹਨਾਂ ਦੇ ਪਾਪ ਕਰਮ ਦਾ ਫਲ ਮਿਲਣ ਵਰਗੀ ਗੱਲ ਤੇ ਯਕੀਨ ਕਰਨ ਨੂੰ ਮਜਬੂਰ ਹੋ ਜਾਈਦਾ ਹੈ। ਵਰਤਮਾਨ ਸਮੇਂ ਬਰਬਾਦ ਹੋ ਚੁੱਕੇ ਇੱਕ ਪਰੀਵਾਰ ਦੇ ਬਜੁਰਗਾਂ ਬਾਰੇ ਦੱਸਦਿਆਂ ਮੇਰੇ ਪਿੰਡ ਦੇ ਬਾਵਾ ਸਿੰਘ ਦੱਸਦੇ ਹਨ ਕਿ ਇੱਕ ਬਾਹਰਲੇ ਕਿਸੇ ਪਿੰਡ ਦੇ ਜਥੇਦਾਰ ਦੀ ਅਗਵਾਈ ਵਿੱਚ ਇਹ ਪਰੀਵਾਰ ਅਤੇ ਕਾਤਲ ਟੋਲਾਂ ਸਾਡੇ ਘਰ ਲੁਕੋਏ ਹੋਏ ਪਨਾਹਗੀਰਾਂ ਨੂੰ ਮਾਰਨ ਆਇਆਂ ਤਦ ਮੇਰੀ ਮਾਂ ਨੇ ਉਹਨਾਂ ਦੇ ਆਗੂ ਨੂੰ ਅੰਦਰ ਬੁਲਾਇਆਂ ਜੋ ਘੋੜੇ ਤੇ ਅਸਵਾਰ ਹੋਕੇ ਅਗਵਾਈ ਕਰ ਰਿਹਾ ਸੀ। ਮੇਰੀ ਮਾਂ ਨੇ ਆਪਣੇ ਘਰ ਵਿੱਚ ਜਮੀਨ ਥੱਲੇ ਦਬਾਕੇ ਰੱਖੇ ਹੋਏ ਪੱਚੀ ਚਾਂਦੀ ਦੇ ਰੁਪਈਏ ਉਸ ਜਥੇਦਾਰ ਨੂੰ ਰਿਸਵਤ ਦਿੱਤੀ  ਮੁਸਲਮਾਨਾਂ ਨੂੰ ਨਾਂ ਮਾਰਨ ਦੀ ਸਰਤ ਤੇ। ਉਹ ਜਥੇਦਾਰ ਉਹ ਚਾਂਦੀ ਦੇ ਰੁਪਈਏ ਬੋਝੇ ਪਾਕੇ ਆਪਣੇ ਜਥੇ ਨੂੰ ਇਹ ਕਹਿਕੇ ਲੈਗਿਆਂ ਕਿ ਇਸ ਘਰ ਵਿੱਚ ਤਾਂ ਕੋਈ ਮੁਸਲਮਾਨ ਨਹੀਂ ਹੈ। ਬਾਅਦ ਵਿੱਚ ਭਾਵੇਂ ਇਹੀ ਜਥੇਦਾਰ ਸਰੋਮਣੀ ਕਮੇਟੀ ਦਾ ਮੈਂਬਰ ਵੀ ਬਣ ਗਿਆਂ ਸੀ ਅਤੇ ਇਸਦੇ ਕੋਈ ਔਲਾਦ ਨਹੀਂ ਹੋਈ ਸੀ। ਇਨਸਾਨੀਅਤ ਦਾ ਸਬੂਤ ਦੇਣ ਵਾਲੇ ਉਸ ਪਰੀਵਾਰ ਦੇ ਵਰਤਮਾਨ ਬਜੁਰਗ ਮੇਰੇ ਪਿੰਡ ਦੇ ਲੋਕਾਂ ਲਈ ਅੱਜ ਵੀ ਸਤਿਕਾਰ ਦੇ ਪਾਤਰ ਬਣੇ ਹੋਏ ਹਨ। ਇਸ ਤਰਾਂ ਹੀ ਇੱਕ ਪਰੀਵਾਰ ਦੇ ਸਮਾਜ ਸੇਵੀ ਬੰਦੇ ਦੇ ਅੰਤਲੇ ਸਮੇਂ ਦੇ ਦੁੱਖ ਭਰੇ ਤਰਸਯੋਗ ਹਾਲਤਾਂ ਦੀ ਗੱਲ ਇੱਕ ਬਜੁਰਗ ਕੋਲ ਕੀਤੀ ਕਿ ਇਸ ਚੰਗੇ ਵਿਅਕਤੀ ਦੇ ਨਾਲ ਇਹ ਕਿਉਂ ਹੋ ਰਿਹਾ ਹੈ ਤਦ ਉਸਨੇ ਦੱਸਿਆਂ ਕਿ ਹੱਲੇਆਂ ਵਾਲੇ ਸਾਲ ਇਸਦੇ ਬਾਪ ਨੇ ਖੇਤਾਂ ਵਿੱਚੋਂ ਨਿੱਕਲ ਕੇ ਭੱਜ ਰਹੇ ਬੱਚੇ ਨੂੰ ਸਾਡੇ ਪਰੀਵਾਰ ਦੀਆਂ ਬਜੁਰਗ ਔਰਤਾਂ ਦੇ ਦੇਖਦਿਆਂ ਅਤੇ ਇਹ ਕਹਿੰਦਿਆਂ ਵੇ ਨਾਂ ਮਾਰ,  ਵੇ  ਨਾਂ ਮਾਰ , ਉਸ ਬੱਚੇ ਦੇ ਸਿਰ ਵਿੱਚ ਕੁਹਾੜੀ ਮਾਰਕੇ ਸਿਰ ਦੋਫਾੜ ਕਰ ਦਿੱਤਾ ਸੀ ਅਤੇ ਸਾਇਦ ਇਹ ਉਸਦੇ ਬਾਪ ਦਾ ਪਾਪ ਹੈ ਜੋ ਉਸਦੇ ਪੁੱਤਰ ਦੀ ਵੀ ਅਤਿ ਤਰਸਯੋਗ ਹਾਲਤ ਵਿੱਚ ਮੌਤ ਹੋ ਰਹੀ ਹੈ। ਇਹੋ ਜਿਹੀਆਂ ਦੁੱਖ ਭਰੀਆਂ ਕਹਾਣੀਆਂ ਦੀ ਦਾਸਤਾਨ ਲਿਖਦਿਆਂ ਮੇਰੇ ਦੇਸ ਦੀ ਅਜਾਦੀ ਦਾ ਜਸਨ ਬਹੁਤ ਸਾਰੇ ਲੋਕਾਂ ਲਈ ਕੌੜੀਆਂ ਯਾਦਾਂ ਨੂੰ ਚੇਤੇ ਕਰਨ ਦਾ ਸਬੱਬ ਵੀ ਹੋ ਨਿਬੜਦਾ ਹੈ। ਮਾਨਵਤਾ ਦਾ ਝੰਡਾਂ ਅੱਜ ਵੀ ਇਨਸਾਨ ਦੀ ਇਨਸਾਨੀਅਤ ਨੂੰ ਪੁਕਾਰਦਾ ਹੈ ਕਿ ਉਹ ਕਦੇ ਵੀ ਦਇਆ ਰੂਪੀ ਧਰਮ ਦਾ ਖਹਿੜਾ ਨਾਂ ਛੱਡੇ।
ਗੁਰਚਰਨ ਸਿੰਘ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ                     

Wednesday 2 September 2015

ਮੁੱਦਾ ਰਹਿਤ ਰਾਜਨੀਤੀ ਪੰਜਾਬ ਦੀ ਤਬਾਹੀ ਦੇ ਸੰਕੇਤ

                                            
         ਇਸ ਸਮੇਂ ਜਦ ਪੰਜਾਬ ਕਰਜੇ ਅਤੇ ਸਬਸਿਡੀਆਂ ਦੇ ਮੱਕੜਜਾਲ ਵਿੱਚ ਉਲਝਿਆ ਹੋਇਆ ਹੈ ਪਰ ਪੰਜਾਬ ਦੇ ਸਾਰੇ ਰਾਜਨੀਤਕ ਆਗੂ ਡਰਾਮੇਬਾਜੀ ਵਾਲੀ ਸਿਆਸਤ ਕਰ ਰਹੇ ਹਨ। ਕਿਸੇ ਵੀ ਪਾਰਟੀ ਦਾ ਆਗੂ ਪੰਜਾਬ ਦੇ ਰੋਗਾਂ ਦੀ ਜੜ ਵੱਲ ਕੋਈ ਵੀ ਗੱਲ ਨਹੀਂ ਕਰ ਰਿਹਾ।  ਰਾਜ ਕਰਦੀ ਪਾਰਟੀ ਅਕਾਲੀ ਦਲ ਦੇ ਆਗੂ ਤਾਂ ਕਾਰਪੋਰੇਟ ਘਰਾਣਿਆਂ ਦੀਆਂ ਅੰਨੀ ਲੁੱਟ ਦੀਆਂ ਦੁਕਾਨਾਂ ਦੁਆਰਾ ਖੜੇ ਕੀਤੇ ਲੁੱਟ ਦੇ ਅੱਡਿਆਂ ਨੂੰ ਹੀ ਵਿਕਾਸ ਵਿਕਾਸ ਕਰਕੇ ਗੁੰਮਰਾਹ ਕਰਨ ਤੇ ਜੋਰ ਲਗਾਈ ਜਾ ਰਹੇ ਹਨ । ਪੰਜਾਬ ਦੀ ਪਬਲਿਕ ਟਰਾਂਸਪੋਰਟ ਦੀ ਥਾਂ ਪਰਾਈਵੇਟ ਅਤੇ ਨਿੱਜੀ ਘਰਾਣਿਆਂ ਦੀ ਸਰਵਿਸ ਦੀਆਂ ਬੱਸਾ ਦੀਆਂ ਮਸਹੂਰੀਆਂ ਕਰਕੇ ਸਾਰੀ ਜਾ ਰਹੇ ਹਨ।। ਬਿਜਲੀ ਪੈਦਾ ਕਰਨ ਵਾਲੇ ਪਰਾਈਵੇਟ ਘਰਾਣਿਆਂ ਦੇ ਥਰਮਲ ਵਿੱਚੋਂ ਪੈਦਾ ਹੋਣ ਵਾਲੀ ਬਿਜਲੀ ਨੇ ਇੱਕ ਦਿਨ ਸਰਕਾਰਾਂ ਦੀ ਸਹਿ ਤੇ ਆਮ ਲੋਕਾਂ ਦੇ ਗਲ ਗੂਠਾ ਦੇਣਾਂ ਹੀ ਦੇਣਾਂ ਹੈ। ਕੰਪਨੀਆਂ ਦੇ ਬਣਾਏ ਹਸਪਤਾਲ ਅਤੇ ਮਾਲ ਦੇ ਉਦਘਾਟਨ ਕਰਕੇ ਲੋਕ ਭਲਾਈ ਦੇ ਦਾਅਵੇ ਠੋਕੀ ਜਾ ਰਹੇ ਹਨ ਜਦੋਂਕਿ ਆਮ ਲੋਕ ਤਾਂ ਸਹਿਰ ਦੇ ਡਾਕਟਰਾਂ ਤੱਕ ਪਹੁੰਚਣ ਸਮੇਂ ਵੀ ਕਬੂਤਰ ਦੇ ਬਿੱਲੀ ਅੱਗੇ ਡਰਨ ਵਾਂਗ ਡਰ ਜਾਂਦੇ ਹਨ। ਆਮ ਲੋਕਾਂ ਦਾ ਇੱਕ ਹੱਥ ਆਪਣੀ ਜੇਬ ਨੂੰ ਫਰੋਲ ਫਰੋਲ ਦੇਖਦਾ ਹੈ ਦੂਸਰੇ ਪਾਸੇ ਕੰਨ ਡਾਕਟਰ ਦੇ ਬਿੱਲ ਨੂੰ ਸੁਣਨ ਤੋਂ ਝਿਜਕਣ ਲੱਗਦੇ ਹਨ। ਵੱਡੇ ਵੱਡੇ ਹਸਪਤਾਲਾਂ ਵਿੱਚ ਜਾਣ ਸਮੇਂ ਤਾਂ ਮਿੱਡਲ ਕਲਾਸ ਦੀ ਵੀ ਬੇਬਸੀ ਦਿਸਣ ਲੱਗ ਜਾਂਦੀ ਹੈ। ਹਾਂ ਅਮੀਰ ਲੋਕਾਂ ਦਾ ਜਰੂਰ ਉੱਥੇ ਇਲਾਜ ਹੋ ਜਾਂਦਾ ਹੈ ਅਤੇ ਸਟੇਟਸ ਬਣ ਜਾਂਦਾ ਹੈ।
                     ਪੰਜਾਬ ਦੀ ਮੁੱਖ ਆਪੋਜੀਸਨ ਪਾਰਟੀ ਕਾਂਗਰਸ ਦੇ ਆਗੂ ਆਪੋ ਆਪਣੇ ਵਿੱਚ ਝਗੜ ਕੇ ਹੀ ਇਨਕਲਾਬ ਦੇ ਦਮਗਜੇ ਮਾਰੀ ਜਾ ਰਹੇ ਹਨ। ਸਰਕਾਰ ਬਨਾਉਣ ਦੇ ਸਮੇਂ ਤੋਂ ਪਹਿਲਾਂ ਹੀ ਇਸਦੇ ਆਗੂ ਆਪਣਿਆਂ ਨੂੰ ਹੀ ਹਰਾਉਣ ਦੀਆਂ ਸਕੀਮਾਂ ਬਣਾ ਰਹੇ ਹਨ। ਜਿੰਹਨਾਂ ਆਗੂਆਂ ਦੀ ਸਹਾਇਤਾ ਨਾਲ ਸਰਕਾਰ ਬਣਨੀ ਹੈ ਉਹਨਾਂ ਨੂੰ ਹੀ ਹਰਾ ਕੇ ਸਰਕਾਰਾਂ ਬਨਾਉਣ ਦੇ ਦਮਗਜੇ ਮਾਰਨ ਵਾਲੇ ਆਮ ਲੋਕਾਂ ਦੇ ਕਿੰਨੇ ਕੁ ਹਤਾਇਸੀ ਹੋ ਸਕਦੇ ਹਨ ਸਮਝਿਆ ਜਾ ਸਕਦਾ ਹੈ। ਆਮ ਲੋਕਾਂ ਦੇ ਵਿੱਚ ਜਾਣ ਤੋਂ ਕੰਨੀਂ ਕਤਰਾਉਂਦੇ ਨੇਤਾ ਲੋਕ ਆਮ ਲੋਕਾਂ ਦੀ ਲੋੜਾਂ ਦੀ ਖੁਰਕ ਆਪਣੇ ਪਿੰਡੇ ਦੇ ਨੇੜੇ ਵੀ ਨਹੀਂ ਜਾਣ ਦੇਣਾਂ ਚਾਹੁੰਦੇ। ਇਸ ਪਾਰਟੀ ਦੇ ਆਗੂ ਸਤਹੀ ਦਮਗਜੇ ਮਾਰਕੇ ਉਹੀ ਪੁਰਾਣੀ ਨੀਤੀ ਵਰਤ ਰਹੇ ਹਨ ਜਿਸ ਤਰਾਂ ਪਹਿਲਾਂ ਵੀ ਦੋ ਵਾਰ ਵਰਤਕੇ ਚੋਣਾਂ ਹਾਰ ਚੁੱਕੇ ਹਨ। ਪੰਜਾਬ ਦੀ ਆਰਥਿਕ ਹਾਲਾਤ ਨੂੰ ਬਦਲਣ ਦੀ ਇੱਛਾ ਰਹਿਤ ਰਾਜਨੀਤੀ ਪੰਜਾਬ ਦੀ ਤਬਾਹੀ ਦੇ ਸੰਕੇਤ ਹੀ ਹਨ।
                                ਪੰਜਾਬ ਦੀ ਨਵੀ ਉਭਰੀ ਧਿਰ ਦੇ ਆਗੂ ਰਾਜਨੀਤੀ ਦਾ ਗੰਦ ਸਾਫ ਕਰਨ ਦੇ ਦਾਅਵਿਆਂ ਨਾਲ ਆਏ ਜਰੂਰ ਹਨ ਪਰ ਸਭ ਤੋਂ ਪਹਿਲਾਂ ਆਪ ਦੀ ਹੀ ਪਾਰਟੀ ਦੇ ਇਮਾਨਦਾਰ ਆਗੂਆਂ ਨੂੰ ਇਮਾਨਦਾਰੀ ਨਾਲ ਸਾਫ ਕਰਨ ਲੱਗੇ ਹੋਏ ਹਨ। ਬਿਨਾਂ ਕਿਸੇ ਸਿਆਣੇ ਆਗੂ ਦੇ ਤਮਾਸਬੀਨ ਚਮਚਾ ਕਿਸਮ ਦੇ ਆਗੂਆਂ ਦੀ ਫੌਜ ਖੜੀ ਕਰਕੇ ਲਹਿਰ ਦੇ ਸਹਾਰੇ ਜਿੱਤਣ ਦੀਆਂ ਆਸਾਂ ਦੇ ਨਾਲ ਦਿੱਲੀ ਦੇ ਚਲਾਕ ਸ਼ਾਤਰ ਲੋਕ ਪੰਜਾਬ ਨੂੰ ਨਿਗਲਣ ਦੀਆਂ ਕੋਸਿਸਾਂ ਪੂਰੇ ਜੋਰ ਸੋਰ ਨਾਲ ਕਰ ਰਹੇ ਹਨ। ਇਸ ਪਾਰਟੀ ਦੇ ਆਗੂ ਵਿਰੋਧੀਆਂ ਬਾਰੇ ਚੁਟਕਲੇ ਸੁਣਾਕਿ ਬਿਨਾਂ ਕਿਸੇ ਵਾਅਦਿਆਂ ਦੇ ਕੀ ਗੁਲ ਖਿਲਾਉਣਗੇ ਵਕਤ ਦੇ ਨਾਲ ਨੰਗਾਂ ਹੋ ਹੀ ਜਾਊਗਾ। ਧਰਮ ਗਰੰਥਾਂ ਦੇ ਮੂਹਰੇ ਖਾਧੀਆਂ ਕਸਮਾਂ ਤੋੜਨ ਵਾਲਿਆਂ ਤੋਂ ਆਸ ਰੱਖਣ ਵਾਲੇ ਕਿੱਡੀ ਵੱਡੀ ਗਲਤੀ ਕਰ ਰਹੇ ਹਨ ਸਮਝਕੇ ਵੀ ਕੰਬਣੀ ਛਿੜਦੀ ਹੈ।
                             ਸੱਤਰ ਹਜਾਰ ਕਰੋੜ ਦੀ ਆਮਦਨ ਨਾਲ ਗੁਜਾਰਾ ਕਰਨ ਵਾਲੇ ਦੋ ਕਰੋੜ ਆਮ ਪੰਜਾਬੀ 35000 ਕਰੋੜ ਰੁਪਏ ਸਰਕਾਰ ਦੇ ਖਜਾਨੇ ਵਿੱਚ ਟੈਕਸ ਦੇਕੇ ਆਪਣੀ ਵੱਟਤ ਵਿੱਚੋਂ ਜੂਨ ਗੁਜਾਰੇ ਜੋਗੇ ਪੈਸੇ ਵੀ ਪੱਲੇ ਨਹੀਂ ਰੱਖ ਸਕਦੇ। ਸਰਕਾਰਾਂ ਅਤੇ ਆਮ ਲੋਕ ਕਰਜਿਆਂ ਦੇ ਹੜ ਵਿੱਚ ਰੁੜੀ ਜਾ ਰਹੇ ਹਨ। ਬੇਕਿਰਕ ਰਾਜਨੀਤਕਾਂ ਦੀਆਂ ਸਰਕਾਰਾਂ ਆਮ ਪੰਜਾਬੀਆਂ ਦੀ ਆਮਦਨ ਦੀ ਬਜਾਇ ਕੁੱਲ    ਵੱਟਤ ਜਾਂ ਉਤਪਾਦਨ ਵਿੱਚੋਂ ਹੀ ਅੱਧਾ ਰੁਪਇਆ ਸਰਕਾਰੀ ਖਜਾਨੇ ਵਿੱਚ ਲੈ ਜਾਂਦੇ ਹਨ। ਦੋ ਕਰੋੜ ਲੋਕਾਂ ਕੋਲ 20000 ਕਰੋੜ ਰੁਪਏ ਵੀ ਮੁਸਕਲ ਨਾਲ ਹੱਥ ਆਉਂਦੇ ਹਨ ਜਿਸਦਾ ਭਾਵ ਹੈ ਕਿ ਇੱਕ ਪੰਜਾਬੀ ਸਾਲ ਵਿੱਚ ਦਸ ਹਜਾਰ ਰੁਪਏ ਵੀ ਮੁਸਕਲ ਨਾਲ ਖਰਚਦਾ ਹੈ। ਇਸ ਤਰਾਂ ਅਮੀਰ ਸਟੇਟ ਦਾ ਦਰਜਾ ਪਰਾਪਤ ਸਟੇਟ ਪੰਜਾਬ ਦੇ ਸੱਤਰ ਪ੍ਰਤੀਸ਼ਤ ਲੋਕ 30 ਰੁਪਏ ਵੀ ਰੋਜਾਨਾਂ ਨਹੀਂ ਖਰਚਦੇ। ਪੌਣੇ ਤਿੰਨ ਕਰੋੜ ਪੰਜਾਬੀਆਂ ਵਿੱਚੋਂ ਸਿਰਫ 75 ਲੱਖ ਲੋਕ ਜਰੂਰ ਐਸ ਪਰਸਤੀ ਦੀ ਜਿੰਦਗੀ ਗੁਜਾਰਦੇ ਹਨ ਜਿੰਹਨਾਂ ਵਿੱਚ ਵਪਾਰੀ, ਮੁਲਾਜਮ, ਕਾਰਖਾਨੇਦਾਰ,ਮੁਲਾਜਮ ਵਰਗ, ਲੁਟੇਰੇ ਧਾਰਮਿਕ ਪਖੰਡੀ ਆਗੂ ਸਾਮਲ ਹਨ ਜਿੰਹਨਾਂ ਨੂੰ ਸਰਕਾਰੀ ਸਰਪਰਸਤੀ ਹਾਸਲ ਹੈ। ਆਮ ਲੋਕਾਂ ਦੇ ਦੁੱਖ ਦਰਦ ਸਮਝਣ ਵਾਲਾ ਕੋਈ ਵੀ ਆਗੂ ਹਾਲੇ ਤੱਕ ਦਿਖਾਈ ਨਹੀਂ ਦਿੰਦਾਂ ਜਿਸ ਤੋਂ ਆਮ ਲੋਕਾਂ ਦੇ ਭਲੇ ਦੀ ਆਸ ਕੀਤੀ ਜਾ ਸਕਦੀ ਹੈ। ਪੰਜਾਬ ਦੇ ਆਮ ਲੋਕਾਂ ਨੂੰ ਹਾਲੇ ਹੋਰ ਉਡੀਕ ਕਰਨੀਂ ਪਵੇਗੀ ਤਦ ਤੱਕ ਡਰਾਮੇਬਾਜ, ਧੌਖੇਬਾਜ , ਭਰਿੱਸਟ ਅਤੇ ਭੰਢ ਕਿਸਮ ਦੇ ਰਾਜਨੀਤਕਾਂ ਨੂੰ ਹੀ ਸਿਰ ਝੁਕਾਉਣਾਂ ਸਿੱਖ ਲੈਣਾਂ ਚਾਹੀਦਾ ਹੈ।
ਗੁਰਚਰਨ ਸਿੰਘ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ