Saturday 10 September 2011

ਵਿੱਦਿਆ ਵੀਚਾਰੀ ਤਾਂ ਪਰਉਪਕਾਰੀ ਦਾ ਕਾਲਾ ਬਜਾਰ


              ਇਹ ਵੀ ਤਾਂ ਬਜਾਰ ਹੈ। ਇਸ ਬਜਾਰ ਵਿੱਚ ਕੀ ਕੁੱਝ ਵਿਕ ਰਿਹਾ ਹੈ ਇਸ ਬਜਾਰ ਦੀ ਇੱਕ ਝਲਕ ਦਿਖਾਈ ਜਾਵੇਗੀ ।ਬਿਜਲੀ ਬੋਰਡ ਵਿੱਚ ਨੌਕਰੀ ਕਰਦੇ ਲਾਈਨਮੈਨ 50000 ਰੁਪਏ ਵਿੱਚ ਮੁੱਲ ਦੀ ਡਿਗਰੀ ਲੈਕੇ ਜੇ ਈ ਪਰਮੋਟ ਹੋ ਰਹੇ ਹਨ ਕਿੰਨਾਂ ਸਸਤਾ ਸੌਦਾ ਹੈ ਇਸ ਦੇਸ ਵਿੱਚ ਦਲਾਲ ਦਫਤਰ ਵਿੱਚ ਪਹੁੰਚ ਕੇ ਸੌਦੇ ਕਰਦੇ ਹਨ।ਤਰੱਕੀ ਲਈ ਡਿਗਰੀ ਜਰੂਰੀ ਹੈ । ਲੁੱਟ ਦੇ ਪੈਸੇ ਨਾਲ ਮਨਜੂਰ ਕਰਵਾਕੇ ਬਣਾਈਆਂ ਯੂਨੀਵਰਸਿਟੀਆਂ  ਰੁਪਏ ਕਮਾਉਣ ਲਈ ਡਿਗਰੀਆਂ ਵੇਚ ਰਹੀਆਂ ਹਨ। ਇਹਨਾਂ ਡਿਗਰੀਆਂ ਸਹਾਰੇ ਬਹੁਤ ਸਾਰੇ ਮੁਲਾਜਮ ਤਰੱਕੀ ਕਰ ਰਹੇ  ਹਨ।ਸੋ ਇਸ ਵਿੱਚ ਸਰਮ  ਮੰਨਣ ਵਾਲੀ ਕੋਈ ਗੱਲ ਨਹੀ ਕਿਉਂਕਿ ਇਸ ਨਾਲ ਬਹੁਤ ਸਾਰਿਆਂ ਦਾ ਭਲਾ ਛੁੱਪਿਆ ਹੋਇਆ ਹੈ।
                         ਪਿੰਡਾਂ ਸਹਿਰਾਂ ਵਿੱਚ ਬਿਨਾਂ ਕਿਸੇ ਡਿਗਰੀ ਦੇ ਪਰੈਕਟਿਸ ਕਰ ਰਹੇ ਡਾਕਟਰਾਂ ਕੋਲ ਏਜੰਟ ਪਹੁੰਚ ਕੇ ਡਾਕਟਰੀ ਦੇ ਆਯੁਰ ਵੈਦਿਕ ਕੋਰਸਾਂ ਦੇ ਦਾਖਲੇ ਦੇ ਰਹੇ ਹਨ। ਖੁਦ ਪੇਪਰ ਦਿਉ ਸੌਦਾ 50000 ਵਿੱਚ ਪੇਪਰ ਦੇਣ ਵਾਲਾ ਵੀ ਜੇ ਚਾਹੀਦਾ ਹੈ ਸੌਦਾ ਇੱਕ ਲੱਖ ਤੱਕ ਵੀ ਸੰਭਵ ਹੈ। ਇਹਨਾਂ ਡਿਗਰੀਆਂ ਨਾਲ ਬਿਮਾਰ ਤਾਂ ਭਾਵੇਂ ਨਾਂ ਬਚਣ ਪਰ ਯੂਨੀਵਰਸਿਟੀਆਂ ਅਤੇ ਨੇਤਾਵਾਂ ਨੇ ਜਰੂਰ ਬਚ ਜਾਣਾ ਹੈ । ਸੋ ਇਹ ਵੀ ਮਹਾਨ ਸੇਵਾ ਹੈ।
               ਦੇਸ ਵਿੱਚ ਖੁੰਬਾਂ ਵਾਂਗੰੂ ਬਣੀਆਂ ਯੂਨੀਵਰਸਿਟੀਆਂ ਵਿੱਦਿਆ ਦੇਣ ਦੀ ਥਾਂ ਡਿਗਰੀਆਂ ਵੇਚ ਰਹੀਆਂ ਹਨ।ਜੰਮੂ ਕਸਮੀਰ ਵਿੱਚੋਂ 50000 ਹਜਾਰ ਵਿੱਚ ਈ ਟੀ ਟੀ ਦੀਆਂ ਡਿਗਰੀਆਂ ਮਿਲ ਰਹੀਆਂ ਹਨ ਆਉ ਤੁਸੀਂ ਵੀ ਲਉ ਟੀਚਰ ਬਣੋ  ਆਪਣੇ ਸੂਬੇ ਦੀ ਸੇਵਾ ਕਰੋ। ਸਰਕਾਰਾਂ ਦੇ ਹਿੱਸੇਦਾਰ ਆਪਣੇ ਚਹੇਤਿਆਂ ਨੂੰ ਪਹਿਲ ਦੇਣ ਦਾ ਹਰ ਰਾਹ ਲੱਭ ਹੀ ਲੈਂਦੇ ਹਨ ਆਪਣੇ ਲੋਕਾਂ ਦੀਆਂ ਡਿਗਰੀਆਂ ਕਿਤੋਂ ਵੀ ਲਈਆਂ ਹੋਣ ਪਰਵਾਨ ਹੋ ਹੀ ਜਾਂਦੀਆਂ ਹਨ ਰਿਸਵਤ ਦੇ ਪਹੀਏ ਲਾਉਣ ਦੀ ਕਲਾ ਤੁਹਾਡੇ ਕੋਲ ਜਰੂਰ ਹੋਣੀ ਚਾਹੀਦੀ ਹੈ।  ਸਮੱਸਿਆ ਹੋਣ ਦੀ ਸੂਰਤ ਵਿੱਚ ਮੰਤਰੀਆਂ ਦੇ ਰਸੋਈਏ ਵੀ ਰੱਬ ਬਣਕੇ ਮਿਲ ਜਾਂਦੇ ਹਨ। ਸੋ ਬਹੁਤਾ ਡਰਨ ਦੀ ਲੋੜ ਨਹੀਂ।
            ਸਾਡੀਆਂ ਸਰਕਾਰਾਂ ਦੇ ਚਹੇਤੇ ਹੀ ਯੂਨੀਵਰਸਿਟੀਆਂ ਖੋਲਕੇ ਦੇਸ ਸੇਵਾ ਕਰ ਰਹੇ ਹਨ।ਸਰਕਾਰੀ ਫੀਸਾਂ ਦੇ ਨਾਂ ਥੱਲੇ ਹੋਰ ਵੀ ਬਹੁਤ ਕੁੱਝ ਕਰਨ ਦੇ ਮਾਹਰ ਹਨ ਇਹਨਾਂ ਯੂਨੀਵਰਸਿਟੀਆਂ ਦੇ ਮਾਹਿਰ ਪਰਬੰਧਕ। ਪਿੱਛੇ ਜਿਹੇ ਬੀ ਐਡ ਦੇ ਦਾਖਲੇ ਰੱਖੇ ਸਰਕਾਰੀ ਟੈਸਟ ਨੂੰ ਬਹੁਤ ਹੀ ਘੱਟ ਵਿਦਿਆਰਥੀ ਪਾਸ ਕਰ ਸਕੇ ਤਦ ਪਰਬੰਧਕਾਂ ਨੇ ਸਰਕਾਰ ਨਾਲ ਮਿਲਕੇ ਗਰੇਸ ਨਾਂ ਦੀ ਰਿਸਵਤ ਨਾਲ ਖਰੀਦੀ ਸਹੂਲਤ ਦੇਕੇ ਲੱਗਭੱਗ ਪੰਜ ਹਜਾਰ ਹੋਰ ਵਿਦਿਆਰਥੀ ਪਾਸ ਕਰਵਾ ਲਏ ਇਸ ਨਾਲ ਸਾਰੇ ਸਰਕਾਰਾਂ ਦੇ ਚਹੇਤਿਆਂ ਦੇ ਕਾਲਜਾਂ ਦੀਆਂ ਬੀ ਐੱਡ ਦੀਆਂ ਸੀਟਾਂ ਭਰ ਗਈਆਂ ਹੈਨਾਂ ਸਰਕਾਰ ਦਾ ਕਮਾਲ? ਥੋਕ ਦੀ ਗਿਣਤੀ ਵਿੱਚ ਪਹੁੰਚੇ ਇਹ ਅਧਿਆਪਕ ਹੁਣ ਸਰਕਾਰ ਦੇ ਖਸਮ ਬਣੇ ਬੈਠੇ ਹਨ ਪਰ ਸਰਕਾਰ ਕੋਲ ਰੱਖਣ ਲਈ ਕੋਈ ਤਨਖਾਹ ਦਾ ਪਰਬੰਧ ਨਹੀ ਅਤੇ ਹੁਣ ਇੱਕ ਹੋਰ ਟੈਸਟ ਪਾਸ ਕਰਨ ਦਾ ਹੁਕਮ ਸੁਣਾ ਦਿੱਤਾ ਹੈ ਇਸ ਟੈਸਟ ਵਿੱਚ ਕਈ ਲੱਖ ਟੀਚਰਾਂ ਨੇ ਪੇਪਰ ਦਿੱਤੇ ਪਾਸ ਹੋਏ ਸਿਰਫ ਤਿੰਨ ਪਰਸੈਂਟ। ਗਰੇਸ ਅੰਕਾਂ ਨਾਲ ਦਾਖਲੇ ਲੈਕੇ ਅਤੇ ਰਿਸਵਤਾਂ ਦੇਕੇ ਪਾਸ ਹੋਏ ਟੀਚਰ ਟੈਸਟ ਦੱਸੋ ਕਿਵੇਂ ਪਾਸ ਕਰਨ? ਕੁੱਝ ਹਿੰਮਤੀ ਯੂਨੀਅਨ ਲੀਡਰਾਂ ਨੇ ਅਧਿਕਾਰੀਆਂ ਨਾਲ ਮਿਲਕੇ ਟੈਸਟ ਪਾਸ ਕਰਵਾਉਣ ਦੀ ਯੋਜਨਾ ਬਣਾਈ ਤਾਂ ਕਿ ਚਾਰ ਪੈਸੇ ਵੀ ਕਮਾ ਲੈਣ ਅਤੇ ਪੁੰਨ ਵੀ ਖੱਟ ਲੈਣ ਪਰ ਬੁਰੀ ਕਿਸਮਤ ਇਹ ਵਿਜੀਲੈਂਸ ਦੇ ਪਤਾ ਨਹੀ ਕਿਹੜੇ ਕਾਰਨ ਅੜਿੱਕੇ ਚੜ ਗਏ? ਇਸ ਤਰਾਂ ਦੇ ਬਣੇ ਅਧਿਆਂਪਕਾਂ ਤੋਂ ਦੱਸੋ ਅੱਜ ਦੇ ਬੱਚੇ ਕੱਲ ਦੇ ਨੇਤਾ ਕਿਹੋ ਜਿਹੇ ਤਿਆਰ ਹੋਣਗੇ ਤੁਸੀਂ ਸਮਝ ਸਕਦੇ ਹੋ। ਅੱਜ ਦੇ ਨੇਤਾਵਾਂ ਨੂੰ ਵੀ ਜਰੂਰ ਚੰਗਾਂ ਅਖਵਾ ਦੇਣਗੇ। ਸਾਡੇ ਨੇਤਾਵਾਂ ਦੇ ਆਪਣੇ ਆਪ ਨੂੰ ਚੰਗਾਂ ਅਖਵਾਉਣ ਦਾ ਇਸ ਤੋਂ ਵਧੀਆ ਕੋਈ ਤਰੀਕਾ ਹੋ ਹੀ ਨਹੀਂ ਸਕਦਾ?
     ਪਿਆਰੇ ਵਿਦਿਆਰਥੀਉ ਜੇ ਤੁਸੀਂ ਢਾਕਟਰ ਬਣਨਾਂ ਚਾਹੁੰਦੇ ਹੋ ਤਾਂ ਵੀ ਇਹ ਯੂਨੀਵਰਸਿਟੀਆਂ ਹਾਜਰ ਹਨ। ਜੇ ਤੁਹਾਡੇ ਕੋਲ ਕੋਈ ਹੀਲਾ ਨਾਂ ਹੋਵੇ ਤਦ ਇਹਨਾਂ ਇੱਕ ਮੈਨੇਜਮੈਂਟ ਕੋਟਾ ਰੱੀਖਆ ਹੈ, ਐੱਮ ਬੀ ਬੀ ਐੱਸ ਡਾਕਟਰ ਬਣਨ ਲਈ ਚਾਲੀ ਲੱਖ ਤੋਂ ਇੱਕ ਕਰੋੜ ਤੱਕ ਵੀ ਦਾਨ ਦੇਣ ਦੀ ਛੋਟੀ ਜਿਹੀ ਤੁਹਾਨੂੰ ਖੇਚਲ ਕਰਨੀਂ ਪਵੇਗੀ । ਹਾਂ ਡਾਕਟਰ ਬਣਕੇ ਲੁੱਟਣ ਦਾ ਸਰਟੀਫਿਕੇਟ ਇਸ ਭਾਅ ਕੋਈ ਮਹਿੰਗਾਂ ਨਾਂ ਮੰਨਿਉ?
            ਪਰ ਪਾਠਕ ਦੋਸਤੋ ਸਾਡੇ ਨੇਤਾ ਆਪਣੇ ਕੰਮ ਕਾਜ ਨੂੰ ਇਸ ਤੋਂ ਵੀ ਵਧੀਆ ਬਣਾਉਣ ਲਈ ਹੋਰ ਵੀ ਬਹੁਤ ਕੁੱਝ ਕਰਨਾਂ ਚਾਹੁੰਦੇ ਹਨ ਤੁਹਾਡੇ ਕੋਲ ਕੋਈ ਸੁਝਾਉ ਹੋਵੇ ਤਾਂ ਪਰਦੇ ਨਾਲ ਜਦ ਮਰਜੀ ਸਾਝਾਂ ਕਰ ਆਇਉ ਨੇਤਾ ਜੀ ਤੁਹਾਡੀ ਯੋਗਤਾ ਅਨੁਸਾਰ ਪੀਏ ਜਾਂ ੳ ਐੱਸ ਡੀ ਹੀ ਬਣਾ ਲੈਣ ਸਾਇਦ ਤੁਹਾਨੂੰ?

ਸਾਡੀ ਪਿਆਰੀਆਂ ਸਰਕਾਰਾਂ ਦੇ ਕਾਰਨਾਮੇ ?


   ਭਰਿਸਟਾਚਾਰ ਦੀ ਦੁਨੀਆਂ ਵਿੱਚ ਟੌਪ ਦੇ ਮੁਲਕਾਂ ਵਿੱਚ ਪਹੁੰਚਣ ਵਾਲਾ ਮੁਲਕ ਹਿੰਦੋਸਤਾਨ ਫਖਰ ਕਰ ਸਕਦਾ ਹੈ ਕਿਉਂਕਿ ਇੱਥੋਂ ਦੀਆਂ ਸਰਕਾਰਾਂ ਨੇ ਰਾਜਨੀਤਕਾਂ ਨੇ ਵਿਕਾਸ ਕਰਨ ਦੀ ਥਾਂ ਬੇਈਮਾਨੀ ਵਾਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਬੇਈੰਮਾਨੀ ਵਿਚ ਜੇ ਨੋਬਲ ਪਰਾਈਜ ਸੁਰੂ ਕੀਤਾ ਜਾਵੇ ਤਦ ਭਾਰਤੀ ਨੇਤਾਵਾਂ ਦੇ ਏਨੇ ਨਾਂ ਸਾਮਲ ਹੋ ਜਾਣਗੇ ਕਿ ਦੁਨੀਆਂ ਦੇ ਬਾਕੀ ਦੇਸਾਂ ਦੇ ਬੇਈਮਾਨਾਂ ਨੂੰ ਸਾਇਦ ਕੋਈ ਥਾਂ ਨਾਂ ਮਿਲ ਸਕੇ।ਪੰਜ ਦਰਿਆਂਵਾਂ ਦੀ ਧਰਤੀ ਦੇ ਕਈ ਲਾਡਲੇ ਵੀ ਇਸ ਲਾਈਨ ਵਿੱਚ ਸਾਮਲ ਹੋਣ ਦੇ ਯੋਗ ਹਨ।ਇਸ ਮੁਲਕ ਵਿੱਚ ਹਰ ਕੰਮ ਵਿੱਚ ਮਿਲਾਵਟ ਕਰਨ ਦਾ ਧੰਦਾ ਆਮ ਹੈ। ਜਾਅਲੀ ਡਿਗਰੀਆਂ ਦੇ ਸਹਾਰੇ ਬੇਈਮਾਨਾਂ ਦੇ ਪੁੱਤ ਦੇਸ ਨੂੰ ਲੁੱਟ ਕੇ ਦੇਸ ਸੇਵਾ ਦੇ ਕੰਮ ਵਿੱਚ ਜੁੱਟੇ ਹੋਏ ਹਨ।ਬੇਈਮਾਨ ਰਾਜਨੀਤਕ ਅਤੇ ਸਰਕਾਰੀ ਕੰਮਾਂ ਦੇ ਕੰਟਰੈਕਟ ਹਾਸਲ ਕਰਨ ਵਾਲੇ ਵਿਦੇਸੀ ਬੈਕਾਂ ਨੂੰ ਭਰੀ ਜਾ ਰਹੇ ਹਨ।ਚਾਰ ਸੌ ਲੱਖ ਕਰੋੜ ਦਾ ਕਾਲਾ ਧਨ ਵਿਦੇਸਾਂ ਵਿੱਚ ਪਹੁੰਚਾਕੇ ਦੇਸ ਸੇਵਾ ਦੀ ਮਿਸਾਲ ਕਾਇਮ ਕਰ ਦਿੱਤੀ ਹੈ । ਇਮਾਨਦਾਰ ਪ੍ਰਧਾਨ ਮੰਤਰੀ ਅਤੇ ਉਸਦੇ ਸਹਾਇਕ ਰਾਜਨੀਤਕ ਇਸ ਕੰਮ ਨੂੰ ਕਰਨ ਵਾਲੇ ਮਹਾਨ ਲੋਕਾਂ ਦੀ ਸੇਵਾ ਵਿੱਚ ਹਾਜਰ ਹੋਕੇ ਹਰ ਕਨੂੰਨੀ ਕਾਰਵਾਈ ਦਾ ਡਰ ਇਹਨਾਂ ਤੋਂ ਦੂਰ ਕਰਨ ਦੀ ਪੂਰੀ ਵਾਹ ਲਾ ਰਹੇ ਹਨ।ਕਿਰਤ ਕਰਨ ਵਾਲਿਆਂ ਨੂੰ ਅਰਾਮ ਕਰਵਾਉਣ ਲਈ ਅਫਸਰਸਾਹੀ ਨੂੰ ਖੁਲੀ ਛੁੱਟੀ ਦਿੱਤੀ ਹੋਈ ਹੈ ਕਿ ਇਹਨਾਂ ਲੋਕਾਂ ਨੂੰ ਕਿਸੇ ਵੀ ਹਾਲਤ ਵਿੱਚ ਕੰਮ ਤੋਂ ਵੇਹਲੇ ਕਰਨ ਲਈ ਰਿਸਵਤਖੋਰੀ ਦਾ ਬਜਾਰ ਗਰਮ ਰੱਖੋ।। ਸਰਕਾਰ ਚਾਹੁੰਦੀ ਹੈ ਕਿ ਇੱਥੋਂ ਦਾ ਹਰ ਨਾਗਰਿਕ ਭ੍ਰਿਸਟ ਹੋਵੇ ਅਤੇ ਕਿਰਤ ਕਰਨ ਦੀ ਥਾਂ ਸਰਕਾਰੀ ਰਿਆਇਤਾਂ ਦਾ ਫਾਇਦਾ ਲਵੇ। ਕਿਰਤ ਕਰਕੇ ਸਵੈ ਨਿਰਭਰ ਹੋਣ ਵਾਲੇ ਲੋਕ ਸਰਕਾਰ ਦੇ ਸਹਿਯੋਗੀ ਨਹੀਂ ਹੁੰਦੇ ਇਹ ਗੱਲ ਸਰਕਾਰੀ ਏਜੰਸੀਆਂ ਨੇ ਰਾਜਨੀਤਕਾਂ ਨੂੰ ਜਰੂਰ ਹੀ ਸਮਝਾ ਦਿੱਤੀ ਹੈ।ਸਰਕਾਰ ਚਾਹੁੰਦੀ ਹੈ ਕਿ ਰੋਜਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾਣ। ਨਵੇਂ ਕੰਮ ਸੁਰੂ ਕਰਨ ਵਿੱਚ ਸਾਡੀਆਂ ਹਰਮਨ ਪਿਆਰੀਆਂ ਸਰਕਾਰਾਂ ਜਾਅਲੀ ਡਿਗਰੀਆਂ ਦੇ ਧੰਦੇ ਨੂੰ ਉਤਸਾਹ ਦੇਣ ਦਾ ਫੈਸਲਾ ਕੀਤਾ ਹੈ ਅੱਗੇ ਤੋਂ ਜਾਅਲੀ ਡਿਗਰੀਆਂ ਵਾਲੇ ਵਿਦਿਆਰਥੀਆਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ। ਉਦਯੋਗ ਨੀਤੀ ਵਿੱਚ ਵੀ ਅੱਗੇ ਤੋ ਕੁਆਲਟੀ ਅਧਾਰਤ ਉਤਪਾਦਨਾਂ ਦੇ ਨਕਲੀ ਰੂਪ ਤਿਆਰ ਕਰਨ ਵਾਲਿਆਂ ਨੂੰ ਪੂਰਾ ਉਤਸਾਹ ਦਿੱਤਾ ਜਾਵੇਗਾ ਇਸ ਤਰਾਂ ਰੋਜਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।ਅਸਲੀ ਮਿਹਨਤੀ ਲੋਕ ਤਾਂ ਆਪਣੀ ਲਿਆਕਤ ਨਾਲ ਹੀ ਕਾਮਯਾਬ ਹੋ ਜਾਣਗੇ ਪਰ ਵਿਹਲੜ ਅੱਯਾਸ ਲੋਕਾਂ ਨੂੰ ਕਾਮਯਾਬ ਕਰਨ ਲਈ ਸਰਕਾਰ ਦੇ ਏਹੋ ਜਿਹੇ ਫੈਸਲੇ ਇਨਕਲਾਬੀ ਕਦਮ ਹਨ। ਲੋਕਾਂ ਨੂੰ ਸਦਾ ਅਨੰਦ ਭਰਭੂਰ ਜੀਵਨ ਜਿਉਣ ਲਈ ਇੱਕ ਹੋਰ ਇਨਕਲੲਬੀ ਕਦਮ ਸਾਡੀ ਸਰਕਾਰ ਨੇ ਚੁੱਕਿਆ ਹੈ ਕਿ ਸਰਾਬ ਦੇ ਠੇਕੇ ਵੱਧ ਤੋਂ ਵੱਧ ਖੋਲੇ ਜਾਣ ਬੀਅਰ ਤਾਂ ਹਰ ਦੁਕਾਨਦਾਰ ਨੂੰ ਰੱਖਣ ਦੀ ਪ੍ਰਵਾਨਗੀ ਦਿੱਤੀ ਜਾਵੇਗੀ। ਪਾਣੀ ਮਿਲੇ ਨਾਂ ਮਿਲੇ ਪਰ ਸਰਾਬ ਅਤੇ ਬੀਅਰ ਜਰੂ੍ਰਰ ਸਾਡੇ ਪਿਆਰੇ ਲੋਕਾਂ ਨੂੰ ਮਿਲਣੀ ਚਾਹੀਦੀ ਹੈ।ਬਜੁਰਗ ਲੋਕਾਂ ਲਈ ਇੱਕ ਨਵੀ ਸਹੂਲਤ ਦਿੱਤੀ ਜਾ ਰਹੀ ਹੈ ਜਿਸ ਲਈ ਰੈਡੀਮੇਡ ਧਾਰਮਿਕ ਪਖੰਡੀ ਲੋਕ ਤਿਆਰ ਕਰਵਾਏ ਜਾਣਗੇ ਜੋ ਅਰਥਾਂ ਦੇ ਅਨਰਥ ਕਰਨ ਦੇ ਮਾਹਰ ਹੋਣਗੇ ਇਹਨਾਂ ਨੂੰ ਮਹਾਨ ਸੰਤ ਦਾ ਦਰਜਾ ਸਰਕਾਰੀ ਪੁਸਤ ਪਨਾਹੀ ਨਾਲ ਦਿੱਤਾ ਜਾਵੇਗਾ।ਹਰ ਤਰਾਂ ਦਾ ਝੂਠ ਬੋਲਣ ਦੇ ਮਾਹਰ ਇਹ ਬਨਰਸੀ ਠੱਗਾਂ ਦੀ ਕੋਈ ਕਮੀ ਸਰਕਾਰ ਵੱਲੋਂ ਨਹੀਂ ਰਹਿਣ ਦਿੱਤੀ ਜਾਵੇਗੀ।ਇਹਨਾਂ ਦੇ ਉਲਟ ਜੇ ਕੋਈ ਲੋਕਾਂ ਨੂੰ ਜੋੜਨ ਵਾਲੀ  ਨੀਤੀ ਵਾਲਾ ਪੈਦਾ ਹੋਵੇਗਾ ਉਸਨੂੰ ਸਰਕਾਰੀ ਜੇਲਖਾਨਿਆਂ ਵਿੱਚ ਅਰਾਮ ਕਰਨ ਲਈ ਭੇਜਿਆ ਜਾਵੇਗਾ। ਇਸ ਤਰਾਂ ਦੀਆਂ ਅਨੇਕਾਂ ਸਕੀਮਾਂ ਲਾਗੂ ਕਰ ਦਿੱਤੀਆਂ ਗਈਆਂ ਹਨ ਅੱਗੇ ਵਾਸਤੇ ਹੋਰ ਵੀ ਸਕੀਮਾਂ ਤਿਆਰ ਕੀਤੀਆਂ ਜਾ ਰਹੀਆਂ ਹਨ।ਜਨਤਾ ਦੀ ਸੇਵਾ ਕਰਨਾਂ ਸਰਕਾਰ ਦਾ ਪਰਮੋ ਧਰਮ ਹੈ ਇਸ ਤੋਂ ਸਰਕਾਰ ਕਦੀ ਪਾਸਾ ਨਹੀਂ ਵੱਟੇਗੀ। ਸਰਕਾਰ ਨੇ ਨਵੇਂ ਫੈਸਲੇ ਅਨੁਸਾਰ ਇੱਕ ਲੋਕਪਾਲ ਬਣਾਉਣ ਦਾ ਫੈਸਲਾ ਕੀਤਾ ਹੈ ਜੋ ਲੋਕਾਂ ਦੀ ਸੇਵਾ ਬਿਨਾਂ ਸਰਕਾਰੀ ਸਹਾਇਤਾ  ਦੇ ਕਰਨ ਵਾਲੇ ਸਮਾਜ ਸੇਵੀਆਂ ਦੀ ਜਾਂਚ ਕਰੇਗਾ ਸਰਕਾਰੀ ਪਹਿਲਾ ਦਰਜਾ ਮੁਲਾਜਮਾਂ ਮੈਂਬਰ ਪਾਰਲੀਮੈਟ , ਪ੍ਰਧਾਨਮੰਤਰੀ ਆਦਿ ਨੂੰ ਜਾਂਚ ਮੁਕਤ ਕਰਨ ਦਾ ਫੈਸਲਾ ਕੀਤਾ ਹੈ ਸੋ ਅੱਗੇ ਤੋਂ ਇਹਨਾਂ ਨੂੰ ਕੋਈ ਡਰਨ ਦੀ ਲੋੜ ਨਹੀਂ। ਸਰਕਾਰ ਮੁਲਾਜਮਾਂ ਨੂੰ ਡਰ ਮੁਕਤ ਵਾਤਾਵਰਣ ਦੇਣ ਲਈ ਵਚਨਵੱਧ ਹੈ।ਸੋ ਅੱਗੇ ਤੋਂ ਬੋਫਰਜ ਤੋਪ ਘੁਟਾਲੇ, ਟੂ ਜੀ ਸਪੈਕਟਰਮ, ਯੂਰੀਆ ਘੁਟਾਲੇ, ਆਦਿ ਅਨੇਕਾਂ ਪੁਰਾਣੇ ਪੈ ਚੁੱਕੇ ਰਿਕਾਰਡ ਤੋੜਨ ਦੀ ਆਸ ਹੈ।

ਮਹਾਂਮਾਨਵ ਗੁਰੂ ਨਾਨਕ ਦੇਵ


ਸਾਡਾ ਸਮਾਜ ਆਮ ਤੌਰ ਤੇ ਕਿਸੇ ਵੀ ਮਨੁੱਖ ਨੂੰ ਉਸਦੀ ਰਾਜ ਤਾਕਤ ਜਾਂ ਜਾਇਦਾਦ ਦੇ ਪੈਮਾਨਿਆ ਨਾਲ ਮਾਪਦਾ ਹੈ ਪਰ ਗਿਆਨ ਦੀ ਸਿਖਰਲੀ ਪੌੜੀ ਤੇ ਖੜੇ ਮਨੁੱਖ ਇਸ ਤਰਾਂ ਨਹੀਂ ਕਰਦੇ। ਇਹ ਲੋਕ ਕਿਸੇ ਵੀ ਮਨੁੱਖ ਨੂੰ ਮਾਪਣ ਸਮੇਂ ਉਸਦੀ ਗਿਆਨ ਅਵਸਥਾਂ ਨੂੰ ਦੇਖਕੇ ਫੈਸਲਾ ਕਰਦੇ ਹਨ । ਜਿਸ ਮਨੁੱਖ ਦੀ ਅਵਸਥਾ ਜਿੰਨੀ ਵਿਸਾਲ ਹੋਵੇਗੀ ਉਸਦੀ ਮਹਾਨਤਾ ਨੂੰ ਛੋਟੇ ਦਾਇਰੇ ਨਾਲ ਮਾਪਿਆ ਹੀ ਨਹੀਂ ਜਾ ਸਕਦਾ।ਜਿੰਨਾਂ ਲੋਕਾਂ ਦੇ ਦਾਇਰੇ ਸਮੁੱਚੇ ਬ੍ਰਹਿਮੰਡ ਨੂੰ ਕਲਾਵੇ ਵਿੱਚ ਲੈਣ ਦੀ ਤਾਕਤ ਰੱਖਦੇ ਹਨ ਉਹ ਧਰਤੀ ਉੱਪਰ ਮਹਾਂਮਾਨਵ ਦਾ ਦਰਜਾ ਪਰਾਪਤ ਕਰ ਜਾਂਦੇ ਹਨ।ਲੋਕਾਂ ਲਈ ਆਪਣੀ ਜਾਨ ਕੁਰਬਾਨ ਕਰ ਜਾਣ ਵਾਲੇ ਸਹੀਦ ਦਾ ਦਰਜਾ ਪਰਾਪਤ ਕਰ ਜਾਂਦੇ ਹਨ।ਲੋਕਾਂ ਨੁੰ ਗਿਆਨ ਦੇ ਸਿਖਰਲੇ ਪੱਧਰ ਤੱਕ ਲਿਜਾਣ ਵਾਲੇ ਮਹਾਂਮਾਨਵ ਦਾ ਦਰਜਾ ਪਾ ਜਾਂਦੇ ਹਨ। ਈਸਾ ਮਸੀਹ, ਮੁਹੰਮਦ ਸਾਹਿਬ ਗੁਰੂ ਨਾਨਕ ਦੇਵ ਜੀ, ਸੁਕਰਾਤ ਅਦਿ ਉਹ ਮਹਾਂਮਾਨਵ ਹਨ ਜਿੰਨਾਂ ਨੂੰ ਸਦਾ ਹੀ ਉਹਨਾਂ ਦੇ ਗਿਆਨ ਕਰਕੇ ਸਤਿਕਾਰਿਆ ਜਾਂਦਾਂ ਰਹੇਗਾ।ਹਿੰਦੋਸਤਾਨ ਦੀ ਧਰਤੀ ਉੱਪਰ ਬਹੁਤ ਸਾਰੇ ਮਹਾਨ ਪੁਰਸ ਪੈਦਾ ਹੋਏ ਹਨ ਜਿੰਨਾਂ ਨੇ ਲੋਕਾਈ ਨੂੰ ਸੱਚ ਦੇ ਰਾਹ ਉੱਪਰ ਤੁਰਨ ਵਾਲਾ ਰਾਹ ਦਿਖਾਇਆ ਅਤੇ ਇਹਨਾਂ ਪੁਰਸਾਂ ਵਿੱਚੋਂ ਹੀ ਪੰਜਾਬ ਦੀ ਧਰਤੀ ਉੱਪਰ ਪੈਦਾ ਹੋਏ ਗੁਰੂ ਨਾਨਕ ਦੇਵ ਜੀ ਸਨ। ਗੁਰੂ ਨਾਨਕ ਦੇਵ ਜੀ ਨੈ ਸਮੁੱਚੀ ਲੋਕਾਈ ਨੂੰ ਸੱਚ ਦੇ ਰਾਹ ਦੇ ਪਾਂਧੀ ਬਣਾਉਣ ਦਾ ਜੋ ਗਿਆਨ ਦਿੱਤਾ ਹੈ ਯੁੱਗਾਂ ਤੱਕ ਸਾਡਾ ਰਾਹ ਰੁਸਨਾਉਂਦਾ ਰਹੇਗਾ। ਗੁਰੂ ਜੀ ਦੀ ਸੋਚ ਦਾ ਘੇਰਾ ਏਨਾਂ ਵਿਸਾਲ ਸੀ ਜਿਸ ਵਿੱਚ ਸਹਿਰਾਂ ਦੇਸ਼ਾਂ, ਧਰਤੀਆਂ ਦੀ ਹੱਦ ਤੋਂ ਪਾਰ ਕਰਕੇ ਸਮੁੱਚੇ ਬ੍ਰਹਿਮੰਡ ਨੂੰ ਕਲਾਵੇ ਵਿੱਚ ਲੈ ਲੈਂਦਾ ਹੈ। ਇਹ ਗੁਰੂ ਸੋਚ ਮਨੁੱਖ ਨੂੰ ਬ੍ਰਹਿਮੰਡ ਦੇ ਘੇਰੇ ਤੋਂ ਵੀ ਬਾਹਰ ਲਿਜਾਕਿ ਅਨੰਤ ਕੁਦਰਤ ਨਾਲ ਜੋੜ ਦੇਦੀਂ ਹੈ। ਕੁਦਰਤ ਨਾਲ ਜੁੜਿਆ ਮਨੁੱਖ ਹੀ ਅਨੰਤ ਤਾਕਤ ਪਰਮਾਤਮਾ ਬਾਰੇ ਸੋਚ ਸਕਦਾ ਹੈ।
         ਆਮ ਦੁਨਿਆਵੀ ਮਨੁੱਖ ਦਾ ਘੇਰਾ ਪਰੀਵਾਰ ਤੋਂ ਸੰਸਾਰ ਤੱਕ ਹੀ ਹੋ ਸਕਦਾ ਹੈ ਪਰ ਏਨਾ ਘੇਰਿਆਂ ਨੂੰ ਤੋੜਨ ਵਾਲੇ ਮਨੁੱਖ ਹੀ ਗਿਆਨੀ ,ਵਿਗਿਆਨੀ, ਬ੍ਰਹਮ ਗਿਆਨੀ, ਸੰਤ ,ਸਹੀਦ ਬਣਨ ਦੇ ਕਾਬਲ ਹੁੰਦੇ ਹਨ।ਜੋ ਮਨੁੱਖ ਪਰੀਵਾਰ ਦਾ ਘੇਰਾ ਤੋੜ ਦਿੰਦਾਂ ਹੈ ਉਹ ਸਮਾਜ ਬਾਰੇ ਸੋਚਣ ਲੱਗ ਜਾਂਦਾ ਹੈ ਅਤੇ ਸਮਾਜ ਲਈ ਜਿਉਣ ਲੱਗਦਾ ਹੈ। ਜੋ ਸਮਾਜ ਦਾ ਘੇਰਾ ਤੋੜ ਦੇਵੇ ਉਹ ਦੇਸ ਲਈ ਜਿਉਣਾਂ ਸੁਰੂ ਕਰ ਦਿੰਦਾਂ ਹੈ । ਜੋ ਮਨੁੱਖ ਦੇਸ ਦਾ ਘੇਰਾ ਤੋੜ ਕੇ ਦੁਨੀਆਂ ਲਈ ਜਿਉਣ ਲੱਗ ਪਵੇ ਉਹ ਸੰਤ, ਸਹੀਦ,ਬ੍ਰਹਮ ਗਿਆਨੀ ਦੀ ਅਵਸਥਾ ਵਿੱਚ ਆ ਜਾਂਦਾ ਹੈ । ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਵਿਸਾਲ ਸੋਚ ਦੇ ਮਾਲਕ ਸਨ ਅਤੇ ਇਸ ਕਾਰਨ ਉਹਨਾਂ ਦੇ ਦੁਨਿਆਵੀ ਲੋਕਾਂ ਨਾਲ ਮੱਤਭੇਦ ਬਚਪਨ ਤੋਂ ਹੀ ਸੁਰੂ ਹੋ ਗਏ ਸਨ। ਸਭ ਤੋਂ ਪਹਿਲਾਂ ਗੁਰੂ ਜੀ ਦੇ ਵਿਚਾਰਕ ਮੱਤਭੇਦ ਆਪਣੇ ਹੀ ਪਰੀਵਾਰ ਨਾਲ ਸੁਰੂ ਹੋਏ ਜਿਸ ਵਿੱਚ ਉਹਨਾਂ ਪਰੀਵਾਰਕ ਰਸਮਾਂ ਜਨੇਊ ਪਹਿਨਣ ਆਦਿ ਤੋਂ ਇਨਕਾਰ ਕਰ ਦਿੱਤਾ ਸੀ। ਦੁਨੀਆਂਦਾਰ ਬਾਪ ਆਪਣੇ ਪੁੱਤਰ ਨੂੰ ਇੱਕ ਸਫਲ ਵਪਾਰਕ ਵਿਅਕਤੀ ਬਣਾਉਣਾਂ ਚਾਹੁੰਦਾ ਸੀ ਪਰ ਗੁਰੂ ਜੀ ਦਾ ਆਸਾ ਪੈਸਾ ਕਮਾਉਣ ਦੀ ਥਾਂ ਲੋੜਵੰਦਾਂ ਨੂੰ ਸਹਾਇਤਾ ਕਰਨਾਂ ਸੀ ਜਿਸ਼ ਅਧੀਨ ਬਾਪ ਤੋਂ ਮਿਲੇ ਵਪਾਰ ਕਰਨ ਵਾਲੇ ਪੈਸੇ ੳਹਨਾਂ ਸਾਧੂਆਂ ਅਤੇ ਲੋੜਵੰਦਾਂ ਦੀ ਸੇਵਾ ਵਿੱਚ ਖਰਚ ਕਰ ਦਿੱਤੇ।ਇਹਨਾਂ ਗੱਲਾਂ ਤੋਂ ਹੀ ਸੰਸਾਰੀ ਪਰੀਵਾਰ ਨਾਲ ਗੁਰੂ ਜੀ ਦਾ ਜੋੜ ਨਾਂ ਬੈਠ ਸਕਿਆ ਅਤੇ ਜਿੰਦਗੀ ਵਿੱਚ ਅੱਗੇ ਜਾਕੇ ਭੈਣ ਨਾਨਕੀ ਦੇ ਘਰ ਜਾਕੇ ਰਹਿਣਾਂ ਪਿਆ। ਰੱਬੀ ਸੁਭਾਅ ਵਾਲਾ ਮਨੁੱਖ ਏਥੇ ਵੀ ਰਾਜਸੱਤਾ ਨੂੰ ਇਮਾਨਦਾਰੀ ਅਤੇ ਲੋਕ ਪੱਖੀ ਨੀਤੀ ਕਾਰਨ ਫਿੱਟ ਨਾਂ ਬੈਠਿਆ ਅਤੇ ਉਹਨਾਂ ਉੱਪਰ ਸਰਕਾਰੀ  ਖਜਾਨੇ ਦੀ ਦੁਰਵਰਤੌਂ ਦੇ ਦੋਸ ਲੱਗੇ ਜੋ ਤਫਤੀਸ ਤੋਂ ਬਾਅਦ ਸਭ ਝੂਠ ਨਿੱਕਲੇ। ਗੁਰੂ ਨਾਨਕ ਜੀ ਦੇ ਵਿਆਹ ਕਰਨ ਤੋਂ ਬਾਅਦ ਵੀ ਘਰੇਲੂ ਸਬੰਧ ਸੁਖਾਵੇਂ ਨਹੀ ਰਹੇ।ਗੁਰੂ ਜੀ ਦੇ ਸਹੁਰਿਆਂ ਵੱਲੋਂ ਗੁਰੂ ਜੀ ਉੱਪਰ ਕਈ ਬਾਰ ਦਬਾਅ ਬਣਾਇਆ ਗਿਆ ਕਿ ਉਹ ਸਿਰਫ ਪਰੀਵਾਰ ਤੱਕ ਹੀ ਰਹਿਣ  ਪਰ ਗੁਰੂ ਜੀ ਆਪਣੇ ਆਪ ਨੂੰ ਸਦਾ ਹੀ ਰੱਬੀ ਪਹੁੰਚ ਵੱਲ ਤੋਰਦੇ ਰਹੇ।ਗੁਰੂ ਜੀ ਨੂੰ ਪਰਵਾਰਕ  ਔਕੜਾਂ ਵਿੱਚ ੳੱਥੌਂ ਦੇ ਨਵਾਬ ਰਾਏ ਬੁਲਾਰ ਨੇ ਬਹੁਤ ਵਾਰ ਮੱਦਦ ਕੀਤੀ ਕਿਉਕਿ ਰਾਏ ਬੁਲਾਰ ਜੀ ਨੂੰ ਗੁਰੂ ਨਾਨਕ ਜੀ ਵਿੱਚੋਂ ਖੁਦਾਈ ਨੂਰ ਦਿੱਸਣ ਲੱਗ ਪਿਆ ਸੀ। ਰਾਏ ਬੁਲਾਰ ਨੇ ਗੁਰੂ ਜੀ ਦੇ ਪਿਤਾ ਮਹਿਤਾ ਕਾਲੂ ਨੂੰ ਗੁਰੂ ਜੀ ਨਾਲ ਸਖਤੀ ਕਰਨ ਤੋਂ ਵਰਜ ਦਿੱਤਾ ਸੀ ਅਤੇ ਜੇ ਕੋਈ ਪਰੀਵਾਰਿਕ ਨੁਕਸਾਨ ਗੁਰੂ ਜੀ ਕਾਰਨ ਹੋਵੇ ਦਾ ਖਮਿਆਜਾ ਹੋਵੇ ਤਾਂ ਉਸ ਨੁਕਸਾਨ ਨੂੰ ਆਪਣੇ ਕੋਲੋਂ ਭਰਨ ਦਾ ਕਹਿ ਦਿੱਤਾ ਸੀ।ਗੁਰੂ ਜੀ ਦੇ ਇਹ ਰੱਬੀ ਰੰਗ ਇੱਕ ਦਿਨ ਗੁਰੂ ਜੀ ਨੂੰ ਪਰੀਵਾਰ ਤੋ ਸਮਾਜ ਦੇ ਵੱਲ ਲੈ ਤੁਰੇ।ਗੁਰੂ ਜੀ ਪਰੀਵਾਰ ਦਾ ਮੋਹ ਛੱਡ ਕੇ ਦੁਨੀਆਂ ਨੂੰ ਤਾਰਨ ਵਾਸਤੇ ਸੰਸਾਰ ਯਾਤਰਾ ਤੇ ਤੁਰ ਪਏ ।ਗੁਰੂ ਜੀ ਨੇ ਇਹਨਾਂ ਸੰਸਾਰ ਯਾਤਰਾਵਾਂ ਦੌਰਾਨ ਗਿਆਨ ਦਾ ਭੰਡਾਰ ਲੋਕਾਂ ਨੂੰ ਦਿੱਤਾ ਅਤੇ ਇਸ ਦੌਰਾਨ ਹੀ ਸੰਸਾਰ ਉੱਪਰ ਪੈਦਾ ਹੋਏ ਮਹਾਨ ਸੰਤਾਂ ਫਕੀਰਾਂ ਦਾ ਸੱਚ ਲਿਖਤ ਰੂਪ ਵਿੱਚ ਇਕੱਠਾਂ ਕੀਤਾ ਜੋ ਅੱਜ ਗੁਰੂ ਗਰੰਥ ਵਿੱਚ ਸੁਸੋਭਿਤ ਹੈ। ਗੁਰੂ ਜੀ ਨੇ ਧਰਮਾਂ ਦੀ ਵਲਗਣ ਨੂੰ ਤੋੜ ਕੇ ਇੱਕੋ ਪਰਮਾਤਮਾ ਇੱਕੋ ਧਰਮ ਦੀ ਗੱਲ ਕੀਤੀ ਜਿਸ ਵਿੱਚ ਮਨੁੱਖ ਨੂੰ ਸਿੱਖਣ ਵਾਲਾ ਸਿੱਖ ਜੋ ਗਿਆਨਵਾਨ ਹੋਵੇ ਦੀ ਬਣਨ ਦੀ ਸਲਾਹ ਦਿੱਤੀ। ਧਰਮਾਂ ਦੇ ਘੇਰੇ ਮਨੁੱਖ ਨੂੰ ਅੰਨਾਂ ਜਾਂ ਕਾਣਾਂ ਬਣਾਉਂਦੇ ਹਨ ਪਰ ਗਿਆਨ ਵਾਨ ਮਨੁੱਖ ਹੀ ਏਨਾਂ ਧਰਮ ਦੇ ਘੇਰਿਆਂ ਨੂੰ ਤੋੜ ਕੇ ਅਸਲ ਧਰਮ ਸਮਝ ਸਕਦਾ ਹੈ। ਗੁਰੂ ਜੀ ਅਨੁਸਾਰ ਸੰਸਾਰਕ ਧਰਮਾਂ ਦੀ ਥਾਂ ਚੰਗਾਂ ਆਚਰਣ ਵਾਲਾ ਗਿਆਨ ਵਾਨ ਮਨੁੱਖ ਹੀ ਅਸਲੀ ਦੀਨ ਦੁਖੀਆਂ ਦੀ ਮੱਦਦ ਕਰਦਾ ਹੈ ਅਤੇ ਨਿਤਾਣੇ ਦਾ ਤਾਣ ,ਨਿਮਾਨੇ ਦਾ ਮਾਣ, ਨਿਉਟਿ ਦੀ ਉਟ  ਵਾਲਾ ਕੰ ਕਰਨ ਵਾਲਾ ਹੀ ਅਸਲ  ਧਰਮ ਸੀ।
     ਸਮੇਂ ਦੇ ਨਾਲ ਭਾਵੇਂ ਰਾਜਸੱਤਾ ਨੇ ਗੁਰੂ ਜੀ ਦੇ ਨਾਂ ਉੱਪਰ ਹੀ ਪਾਰਟੀ ਰੂਪੀ ਧਰਮ ਖੜਾ ਕਰ ਦਿੱਤਾ ਹੈ ਪਰ ਗੁਰੂ ਜੀ ਤੋਂ ਸਿੱੀਖਆ ਲੈਣ ਵਾਲਾ ਸਿੱਖ ਤਾਂ ਇਹਨਾਂ ਵਲਗਣਾਂ ਤੋਂ ਸਦਾ ਹੀ ਉੱਪਰ ਉੱਠ ਜਾਂਦਾਂ ਹੈ ਅਤੇ ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ ਦਾ ਨਾਂਅਰਾ ਬੁਲੰਦ ਕਰ ਦਿੰਦਾ ਹੈ।ਕੀ ਅਸੀਂ ਮਾਨਵਤਾ ਵਾਲਾ ਧਰਮ ਅਪਣਾ ਲਿਆ ਹੈ ਜਾਂ ਕੀ ਅਸੀ ਦੂਸਰਿਆਂ ਨੂੰ ਨਿੰਦ ਕੇ ਹੀ ਆਪਣੇ ਆਪ ਨੂੰ ਉੱਚਾ ਸਮਝਣ ਦਾ ਭਰਮ ਪਾਲਦੇ ਹਾਂ? ਕੀ ਅਸੀ ਲੋੜਵੰਦਾਂ ਦੀ ਸੇਵਾ ਕਰਨ ਦਾ ਧਰਮ ਨਿਭਾਉਂਦੇ ਹਾਂ ਜਾਂ ਖਾਸ ਭੇਖ ਪਹਿਨ ਕੇ ਲੋਕਾਂ ਨੂੰ ਵੱਸ ਵਿੱਚ ਕਰਨ ਦੀ ਕੋਸਿਸ ਕਰਦੇ ਹਾਂ? ਭੇਖ ਦਿਖਾਵੈ ਜਗਤ ਕੋ ਲੋਗਨ ਕੋ ਬੱਸ ਕੀਨ। ਗੁਰੂ ਜੀ ਵੱਲੋਂ ਲਾਈਆਂ ਕਸਵੱਟੀਆਂ ਸਾਨੂੰ ਸਾਡੇ ਬਾਰੇ ਦੱਸ ਦਿੰਦੀਆਂ ਹਨ ਪਰ ਅਸੀਂ ਮਾਇਆ ਧਾਰੀ ਹੋ ਕੇ ਜਦ ਅੰਨੇ ਬੋਲੇ ਬਣ ਜਾਂਦੇ ਹਾਂ ਤਦ ਸਾਨੂੰ ਕੁੱਝ ਵੀ ਦਿਖਾਈ ਨਹੀਂ ਦਿੰਦਾ  ਨਾਂ ਹੀ ਸੁਣਦਾ ਹੈ।

Friday 2 September 2011

ਸਿੱਖੀ ਮਸਲਾ ਦੱਸੋ ਅਸੀਂ ਕੌਣ ਹਾਂ?

ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਹਿਜਧਾਰੀ ਸਿੱਖਾ ਦੇ ਸਰੋਮਣੀ ਕਮੇਟੀ ਦੀ ਚੋਣ ਸਮੇਂ ਵੋਟ ਦਾ ਹੱਕ ਬਹਾਲ ਕਰਕੇ  ਇੱਕ ਇਤਿਹਾਸਕ ਫੈਸਲਾ ਦਿੱਤਾ ਹੈ। ਆਮ ਸਿੱਖਾਂ ਤੋਂ ਮੂੰਹ ਲੁਕਾਉਣ ਵਾਲੇ ਸਿੱਖ ਰਾਜਨੀਤਕ ਚਾਹੁੰਦੇ ਹਨ ਕਿ ਉਹਨਾਂ ਨੂੰ ਘੱਟ ਤੋਂ ਘੱਟ ਲੋਕਾਂ ਤੋਂ ਹੀ ਗੁਰਦੁਆਰਾ ਪ੍ਰਬੰਧ ਸਾਂਭਣ ਦਾ ਮੌਕਾ ਮਿਲਦਾ ਰਹੇ। ਉਹ ਕੇਸ ਕਟਾਉਣ ਵਾਲੇ ਸਿੱਖਾਂ ਦਾ ਸਾਹਮਣਾਂ ਹੀ ਨਹੀਂ ਕਰ ਸਕਦੇ। ਅੱਜ ਕਲ ਦੇ ਆਧੁਨਿੱਕ ਯੁੱਗ ਵਿੱਚ ਸਿੱਖੀ ਦੇ ਅਸਲ ਵਾਰਸ ਤਾਂ ਇਹਨਾਂ ਸਹਿਜਧਾਰੀ ਸਿੱਖਾਂ ਵਿੱਚ ਹੀ ਹਨ। ਸਰਕਾਰ ਦੇ ਬਣਾਏ ਸਰਕਾਰੀ ਪਰਚਾਰਕਾਂ ਨੇ ਜਿੰਹਨਾਂ ਨੂੰ ਸਿੱਖ ਸੰਤ ਦਾ ਸਰਟੀਫਿਕੇਟ ਦਿੱਤਾ ਹੋਇਆ ਹੈ ਨੇ ਸਿਰ ਦੇਣ ਵਾਲੇ ਸਿੱਖਾਂ ਦੀ ਥਾਂ ਭੇਖਧਾਰੀ ਖਾਲਸੇ ਪੈਦਾ ਕਰ ਦਿੱਤੇ ਹਨ। ਭੇਖਧਾਰੀ ਖਾਲਸੇ ਨੂੰ ਸਿੱਖ ਦਾ ਦਰਜਾ ਦੇਣਾਂ ਵੀ ਗਲਤ ਪਰੰਪਰਾ ਹੈ। ਗੁਰੂ ਗੋਬਿੰਦ ਸਿੰਘ ਨੇ ਜੋ ਖਾਲਸਾ ਬਣਾਇਆ ਸੀ ਉਹ ਖੰਡੇ ਬਾਟੇ ਦੀ ਪਾਹੁਲ ਲੈਣ ਤੋਂ ਪਹਿਲਾਂ ਸਿਰ ਗੁਰੂ ਨੂੰ  ਭੇਂਟ ਕਰਦਾ ਸੀ ਪਰ ਅੱਜ ਕਲ ਦੇ ਪਰਚਾਰਕਾਂ ਦੇ ਬਣਾਏ ਖਾਲਸਿਆਂ ਵਿੱਚੋਂ ਕਿੰਨੇ ਕੁ ਪਾਹੁਲ ਲੈਣ ਵਾਲੇ ਸਿਰ ਜਾਂ ਜਿੰਦਗੀ ਗੁਰੂ ਕੇ ਉਦੇਸ਼ਾਂ ਤੋਂ ਕੁਰਬਾਨ ਕਰਦੇ ਹਨ ਸਭ ਦੇ ਸਾਹਮਣੇ ਹੈ।ਸਿੱਖ ਅਤੇ ਖਾਲਸੇ ਦੀ ਪਛਾਣ ਨੂੰ ਰਲਗੱਡ ਕਰਨ ਦਾ ਸਿਲਸਿਲਾ ਅੰਗਰੇਜਾਂ ਤੋਂ ਹੀ ਸੁਰੂ ਹੋ ਗਿਆ ਸੀ ਜੋ ਅੱਜ ਤੱਕ ਜਾਰੀ ਹੈ।ਸਿੱਖ ਤਾਂ ਗੁਰੂ ਨਾਨਕ ਦੇਵ ਜੀ ਤੋਂ ਹੀ ਚਲੇ ਆਉਂਦੇ ਹਨ ।ਗੁਰੂ ਨਾਨਕ ਜੀ ਅਤੇ ਉਹਨਾਂ ਤੋਂ ਬਾਦ ਅੱਜ ਤੱਕ ਵੀ ਗੁਰੂ ਗਰੰਥ ਸਾਹਿਬ ਤੋਂ ਸਿੱਖਿਆ ਲੈਣ ਵਾਲੇ ਸਿੱਖ ਕਹਾਉਣ ਦੇ ਹੱਕਦਾਰ ਹਨ। ਸਰਕਾਰੀ ਪਰਚਾਰਕ ਸਿੱਖ ਨੂੰ ਸੰਪੂਰਨ ਕਰਨ ਦੀ ਗੱਲ ਗੁਰੂ ਗੋਬਿੰਦ ਸਿੰਘ ਨਾਲ ਜੋੜਦੇ ਹਨ ਅਤੇ ਇਸ ਤਰਾਂ ਕਹਿੰਦੇ ਉਹ ਗੁਰੂ ਨਾਨਕ ਦੇਵ ਜੀ ਦੀ ਤੌਹੀਨ ਕਰਨ ਦੇ ਭਾਗੀ ਬਣਦੇ ਹਨ ਕੀ ਗੁਰੂ ਨਾਨਕ ਦੇ ਸਿੱਖ ਅਧੂਰੇ ਸਨ ਜਾਂ ਹੋਰ ਦੂਸਰੇ ਗੁਰੂ ਕਾਲ ਦੌਰਾਨ ਜੋ ਸਿੱਖ ਬਣੇ ਕੀ ਉਹ ਸੰਪੂਰਨ ਨਹੀਂ ਸਨ?ਕੀ ਗੁਰੂ ਅੰਗਦ ਦੇਵ ਜੀ,ਗੁਰੂ ਅਮਰਦਾਸ ਜੀ,ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਅਧੂਰੇ ਸਨ ? ਖਾਲਸਾ ਇੱਕ  ਫੌਜ ਵਰਗੀ ਜਥੇਬੰਦੀ ਸੀ ਜੋ ਸਮੇਂ ਅਤੇ ਹਲਾਤਾਂ ਦੇ ਅਨੁਸਾਰ ਸਮੇਂ ਦੀ ਮੰਗ ਸੀ ਜੋ ਗੁਰੂ ਗੋਬਿੰਦ ਸਿੰਘ ਨੇ ਪੂਰੀ ਕੀਤੀ ਅਤੇ ਇਸ ਲਈ ਹੀ ਕਿਹਾ ਜਾਂਦਾ ਹੈ ਕਿ
ਖਾਲਸਾ ਅਕਾਲ ਪੁਰਖ ਕੀ ਫੌਜ
ਖਾਲਸਾ ਪਰਗਟਿਉ ਪਰਮਾਤਮ ਕੀ ਮੌਜ।
ਗੁਰੂ ਗਰੰਥ ਸਾਹਿਬ ਵਿੱਚ ਅਨੇਕਾਂ ਕਿਸਮ ਦੇ ਸਿੱਖਾਂ ਦੇ ਪਰਮਾਣ ਮਿਲਦੇ ਹਨ ਇਸ ਤਰਾਂ ਹੀ ਅੱਜਕਲ ਸਹਿਜਧਾਰੀ ਸਿੱਖ ਕਹਿਣ ਦੀ ਪਰੰਪਰਾਂ ਬਣੀ ਹੈ।
 ਗੁਰੂ ਜਿੰਨਾਂ ਦੇ ਅੰਧੁਲੇ।   ਸਿੱਖ ਭੀ ਅੰਧੇ ਕਰਮ ਕਰੇਨ ।
       ਕਹਿਕੇ ਗੁਰੂਆਂ ਨੇ ਤਾਂ ਅੰਨੇ ਸਿੱਖਾਂ ਦੀ ਵੀ ਇੱਕ ਕਲਾਸ ਮੰਨੀ ਹੈ ਅਤੇ ਇਸ ਤਰਾਂ ਹੀ ਗੁਰਬਾਣੀ ਅਨੁਸਾਰ ਬਿਬੇਕੀ ਸਿੱਖ ਵੀ ਹੁੰਦੇ ਹਨ। ਬਾਣੀ ਵਿੱਚ ਅਨੇਕਾਂ ਸਲੋਕਾਂ ਵਿੱਚ ਬਿਬੇਕੀਆਂ ਦਾ ਜਿਕਰ ਮਿਲਦਾ ਹੈ। ਇਸ ਤਰਾਂ ਹੀ ਬਿਹੰਗਮ ਸਿੱਖ, ਜੱਟ ਸਿੱਖ ਰਵਿਦਾਸੀਆ ਸਿੱਖ, ਮਜਬੀ ਸਿੱਖ ਆਦਿ ਅਨੇਕਾਂ ਸਿੱਖ ਕੈਟਾਗਰੀਆਂ ਨੂੰ ਜੇ ਸਰਕਾਰੀ ਕਾਗਜਾਂ ਵਿੱਚ ਮਾਨਤਾ ਦਿੱਤੀ ਜਾ ਸਕਦੀ ਹੈ ਅਤੇ ਇਹਨਾਂ ਕਿਸਮਾਂ ਨੂੰ ਸਾਰੇ ਕੱਟੜ ਸਿੱਖਾਂ ਨੇ ਵੀ ਪਰਵਾਨਗੀ ਦੇ ਰੱਖੀ ਹੈ ਤਦ ਸਹਿਜਧਾਰੀ ਸਿੱਖਾਂ ਵਾਰੀ ਵਿਰੋਧ ਕਿਉਂ ਕੀਤਾ ਜਾਂਦਾ ਹੈ? ਅਸਲ ਵਿੱਚ ਸਹਿਜਧਾਰੀ  ਸਿੱਖਾਂ ਦਾ ਵਿਰੋਧ ਕੋਈ ਸਿੱਖੀ ਸਿਧਾਂਤ ਕਰਕੇ ਨਹੀਂ ਬਲਕਿ ਰਾਜਨੀਤਕ ਹਿੱਤਾਂ ਕਾਰਨ ਵਿਰੋਧ ਕਰਵਾਇਆ ਜਾ ਰਿਹਾ ਹੈ। ਗੁਰੂਆਂ ਦੀ ਸੋਚ ਦੇ ਨਾਂ ਥੱਲੇ ਅੱਜ ਦੇ ਰਾਜਨੀਤਕਾਂ ਦੇ ਪੈਰੋਕਾਰ ਰਾਜਨੀਤੀ ਦੀ ਖੇਡ ਖੇਡ ਰਹੇ ਹਨ।ਕੁੱਝ ਵਿਦਵਾਨ ਲੋਕ ਵੀ ਰਾਜਨੀਤੀ ਦੇ ਕੂੜ ਪਰਚਾਰ ਨੂ ਸਮਝ ਨਹੀ ਸਕੇ ਅਤੇ ਉਹ ਵੀ ਇਹਨਾਂ ਰਾਜਨੀਤਕਾਂ ਦੀ ਬੋਲੀ ਅਣਜਾਣੇ ਵਿੱਚ ਹੀ ਬੋਲੀ ਜਾ ਰਹੇ ਹਨ।ਗੁਰੂ ਗੋਬਿੰਦ ਸਿੰਘ ਦੇ ਅਨੇਕਾਂ ਮੁੱਖਵਾਕ ਹਨ ਜੋ ਕੇਸ਼ਾਂ ਦੇ ਪ੍ਰਤੀ ਕਿਤੇ ਵੀ ਕੱਟੜਤਾ ਦਾ ਪੱਖ ਨਹੀਂ ਪੂਰਦੇ। ਗੁਰੂਆਂ ਨੇ ਕੇਸ ਖਾਲਸੇ ਲਈ ਜਰੂਰ ਕਕਾਰਾਂ ਦਾ ਹਿੱਸਾ ਬਣਾਏ ਸਨ ਪਰ ਉਹਨਾਂ ਹਰ ਇੱਕ ਨੂੰ ਖਾਲਸਾ ਬਣਨ  ਦਾ ਕੋਈ ਹੁਕਮਨਾਮਾ ਨਹੀਂ ਜਾਰੀ ਕੀਤਾ। ਬਿਨਾਂ ਖੰਡੇ ਬਾਟੇ ਦੀ ਪਾਹੁਲ ਤੋਂ ਕੇਸ ਰੱਖਣੇ ਗੁਰੂ ਜੀ ਨੇ ਜਰੂਰੀ ਨਹੀਂ ਕੀਤੇ ।
         ਬਿਨਾਂ ਪਾਹੁਲ ਸਿਰ ਕੇਸ ਧਰੇ ਭੇਖੀ ਮੂੜਾ ਸਿੱਖ ।
           ਤਿਸ ਕੋ ਦਰਸਨ ਨਾਂਹੀ ਪਾਪੀ ਤਿਆਗੈ ਭਿੱਖ ।
        ਕਹਿਕੇ ਗੁਰੂ ਜੀ ਨੇ ਸਪੱਸਟ ਕਰ ਦਿੱਤਾ ਹੈ ਕਿ ਬਿਨਾਂ ਪਾਹੁਲ ਲੈਣ ਦੇ ਕੇਸ ਰੱਖਣੇ ਕੋਈ ਜਰੂਰੀ ਨਹੀ ਪਰ ਅਸੀਂ ਪਤਾ ਨਹੀਂ ਕਿਉਂ ਗੁਰੂਆਂ ਨੂੰ ਆਪਣੀ ਮਨਮੱਤ ਬੋਲਕੇ ਕੱਟੜ ਦਰਸਾਉਣ ਤੇ ਤੁਲੇ ਹੋਏ ਹਾਂ।ਗੁਰੂ ਗਰੰਥ ਜੀ ਜੋ ਗੁਰੂ ਗੋਬਿੰਦ ਸਿੰਘ ਨੇ ਗੁਰੁ ਥਾਪ ਦਿੱਤੇ ਸਨ ਕਿਧਰੇ ਵੀ ਕੇਸਾਂ ਪਰਤੀ ਕੱਟੜਤਾ ਦਾ ਕੋਈ ਸੰਦੇਸ ਨਹੀਂ ਦਿੰਦੇ ਫਿਰ ਅਸੀਂ ਕਿਉਂ ਸਹਿਜਧਾਰੀ ਸਿੱਖਾਂ ਉੱਪਰ ਔਰੰਗਜੇਬੀ ਹੁਕਮ ਲਾਗੂ ਕਰਕੇ ਉਹਨਾਂ ਨੂੰ ਕਾਫਰ ਅਤੇ ਪਤਿੱਤ ਗਰਦਾਨਦੇ ਹਾਂ? ਕੇਸਾਂ ਤੋਂ ਬਿਨਾਂ ਸਿੱਖ ਅਖਵਾਉਣ ਵਾਲਿਆਂ ਨੂੰ ਕੇਸਾਂ ਪਰਤੀ ਕੱਟੜ ਸੋਚ ਪਰਚਾਰਨ ਵਾਲੇ ਦੱਸ ਸਕਦੇ ਹਨ ਕੇ ਇਹ ਲੋਕ ਕੌਣ ਹਨ ,ਕੀ ਇਹ ਮੁਸਲਮਾਨ ਹਨ ਜਾਂ ਇਹ ਇਸਾਈ ਹਨ ਜਾਂ ਇਹ ਹਿੰਦੂ ਹਨ? ਪਤਿੱਤ ਸਿੱਖ ਕਹਿਕੇ ਇਹ ਲੋਕ ਇੱਕ ਪਤਿੱਤ ਸਿੱਖ ਦੀ ਕਲਾਸ ਤਾਂ ਮੰਨਣ ਨੂੰ ਤਿਆਰ ਹਨ ਪਰ ਸਹਿਜਧਾਰੀ ਸਿੱਖ ਮੰਨਣ ਵਾਰੀ ਤਕਲੀਫ ਕਿਉਂ ਮੰਨਦੇ ਹਨ। ਕੀ ਕੋਈ ਦੱਸ ਸਕਦਾ ਹੈ ਕਿ ਇਹ ਕੌਣ ਹਨ? ਵਾਹਿਗੁਰੂ ਸੁਮੱਤ ਬਖਸਣ ਸਾਨੂੰ।