Tuesday 26 July 2011

ਤਰਕਸੀਲਤਾ ਅਤੇ ਸਚਾਈ ਦਾ ਅੰਤਰ


             ਮਨੁੱਖ ਦੀਆਂ ਮਨ ਦੇ ਤਲ ਤੇ ਤਿੰਨ ਪਰਸਥਿਤੀਆਂ ਹੁੰਦੀਆਂ ਹਨ ਸਰਧਾ ,ਤਰਕਸੀਲਤਾ ਅਤੇ ਬਿਬੇਕੀ ਸੋਚ ।ਮਨ ਦੀ ਚੌਥੀ ਮੰਜਿਲ ਦੁਨਿਆਵੀ ਮਨੁੱਖ  ਨੂੰ ਹਾਸਲ ਨਹੀਂ ਹੁੰਦੀ ਇਹ ਸਿਰਫ ਅਵਤਾਰੀ ਪੁਰਸਾਂ ਦੀ ਖੇਡ ਹੈ ਜੋ ਉਹ ਹੀ ਜਾਣਦੇ ਹਨ।ਸਰਧਾ ਵਿੱਚ ਵਿਚਰਨ ਵਾਲਾ ਮਨੁੱਖ ਕੋਈ ਬਹੁਤ ਚਲਾਕ ਕਿਸਮ ਦਾ ਵਿਅਕਤੀ ਨਹੀਂ ਹੁੰਦਾ ਇਸਨੂੰ ਜੋ ਚੰਗਾ ਲੱਗ ਜਾਵੇ ਉਸ ਦੇ ਹੀ ਪੈਰਾਂ ਤੇ ਝੁਕ ਜਾਂਦਾ ਹੈ ਜੇ ਬੁਰਾ ਲੱਗ ਜਾਵੇ ਤਾਂ ਗਾਲ ਅਤੇ ਘਸੁੰਨ ਮੁੱਕੀ ਕਰਨ ਲੱਗਿਆ ਵੀ ਦੇਰ ਨਹੀਂ ਕਰਦਾ ।ਨਾਂ ਹੀ ਇਸ ਤਰਾਂ ਦੇ ਮਨੁੱਖ ਵਾਧੇ ਘਾਟੇ ਦੇ ਹਿਸਾਬ ਵਿੱਚ ਪੈਂਦੇ ਹਨ।ਪੱਥਰ ਨੂੰ ਭਗਵਾਨ ਦਾ ਦਰਜਾ ਦੇ ਦੇਣਾਂ ਇੰਨਾਂ ਲਈ ਕੋਈ ਮੁਸਕਲ ਨਹੀਂ ਹੁੰਦਾ।ਕਿਉਕਿ ਗੁਰਬਾਣੀ ਅਨੁਸਾਰ ਇਹਨਾਂ ਦੀ ਸਰਧਾ ਮਨ ਦੀ ਉਪਜ ਹੁੰਦੀ ਹੈ ਕਪਟੀ ਸੋਚ ਵਿੱਚੋਂ ਨਹੀਂ। ਸਰਧਾ ਮਨ ਕੀ ਪੂਰੈ ਦਾਂ ਭਾਵ ਗੁਰਬਾਣੀ ਅਚੇਤ ਮਨ ਦੀ ਸਰਧਾ ਨੂੰ ਪੂਰਾ ਹੋਣ ਦਾ ਦਮ ਭਰਦੀ ਹੈ ਕਿਉਕਿ ਇਹ ਨਿਰਛਲ,ਨਿਸਕਪਟ, ਨਿਸਕਾਮ ਹੁੰਦੀ ਹੈ। ਦਿਖਾਵੇ ਦੀ ਸਰਧਾ ਸਿਰਫ ਪਖੰਡ ਹੁੰਦੀ ਹੈ ਜੋ ਗੁਰੂ ਅਤੇ ਕੁਦਰਤ ਦੇ ਦਰ ਤੇ ਕਦੇ ਪ੍ਰਵਾਨ ਨਹੀਂ ਹੁੰਦੀ।
        ਦੂਸਰਾ ਮਨੁੱਖੀ ਮਨ ਦਾ ਤਲ ਤਰਕਸੀਲਤਾ ਹੁੰਦੀ ਹੈ, ਜਦ ਮਨੁੱਖ ਝੁਠਾ ਖੁਦਾ ਬਣਨ ਲੱਗਦਾ ਹੈ ਤਦ ਹੀ ਉਸ ਵਿੱਚ ਤਰਕ ਉਪਜਣੇ ਸੁਰੂ ਹੋ ਜਾਂਦੇ ਹਨ। ਇਸ ਤਰਾਂ ਦੇ ਲੋਕ ਮੈਂ ਨਾਂ ਮਾਨੂੰ ਅਤੇ ਆਪਣੀ ਹੀ ਗੱਲ ਨੂੰ ਮੰਨਵਾਉਣਾਂ ਲੋਚਦੇ ਹੁੰਦੇ ਹਨ। ਤਰਕਾਂ ਦੇ ਸਹਾਰੇ ਕਦੇ ਮਨੁੱਖ ਸਿੱਖਣ ਵਾਲਾ ਨਹੀਂ ਬਣ ਸਕਦਾ । ਨਾਂ ਸਿੱਖਣ ਵਾਲਾ ਕਦੇ ਚੰਗਾਂ ਨਹੀਂ ਬਣ ਸਕਦਾ ਇਹ ਕੁਦਰਤੀ ਅਸੂਲ ਹੈ। ਜੋ ਮਨੁੱਖ ਸਿੱਖਣ ਦੀ ਬਿਰਤੀ ਧਾਰਨ ਕਰ ਲੈਂਦਾਂ ਹੈ ਉਹ ਆਪਣੇ ਆਪ ਨੂੰ ਅਣਜਾਣ ਮੰਨ ਲੈਂਦਾ ਹੈ। ਅਣਜਾਣਤਾ ਵਾਲਾ ਮਨੁੱਖ ਨਿਮਰਤਾ ਦਾ ਪੁੰਜ ਬਣ ਜਾਂਦਾ ਹੈ ਨਿਮਰਤਾ ਜਾਂ ਨੀਵੇਂ ਪਾਸੇ ਗਿਆਨ ਦਾ ਵੱਗਣਾਂ ਸੁਰੂ ਹੋ ਜਾਂਦਾ ਹੈ। ਤਰਕਾਂ ਵਾਲਾ ਮਨੁੱਖ ਹੰਕਾਰੀ ਅਤੇ ਉੱਚਾ ਹੁੰਦਾ ਹੈ ਕੁਦਰਤ ਦੇ ਅਸੂਲ ਅਨੁਸਾਰ ਉੱਚੇ ਪਾਸੇ ਗਿਆਨ ਤਾਂ ਕੀ ਪਾਣੀ ਵੀ ਨਹੀਂ ਚੜਦਾ ।ਸਿਰਫ ਹਵਾ  ਜਾਂ ਫੂਕ ਹੀ ਜੋ ਅੱਗ ਉੱਪਰ ਤਪਾਈ ਹੋਵੇ ਹੀ ਉੱਪਰ ਚੜਦੀ ਹੈ ਜੋ ਕਾਲਖ ਭਰਭੁਰ ਹੁੰਦੀ ਹੈ ਇਸ ਤਰਾਂ ਦੇ ਲੋਕਾਂ ਦੇ ਮਨ ਦੇ ਤਲ ਤੇ ਵੀ ਕਾਲਖ ਚੜ ਜਾਂਦੀ ਹੈ।ਦੁਨੀਆਂ ਦੇ ਸਾਰੇ ਵਕੀਲ ਤਰਕਾਂ ਦੇ ਸਹਾਰੇ ਆਪਣੀ ਦੁਨੀਆਂ ਚਲਾਉਂਦੇ ਹਨ ਪਰ ਉਹਨਾਂ ਦੀ ਅਸਲੀਅਤ ਬਹੁਤ ਵਾਰ ਝੂਠੇ ਤਰਕਾਂ,ਦਲੀਲਾਂ ਦੇ ਸਹਾਰੇ ਸਿਰਫ ਝੂਠ ਹੁੰਦੀ ਹੈ।ਹਰ ਮਨੁੱਖ ਦੇ ਆਪਣੇ ਫੈਸਲੇ ਦੇ ਹੱਕ ਵਿੱਚ ਬਹੁਤ ਸਾਰੇ ਤਰਕ ਹੁੰਦੇ ਹਨ ।ਕਿਸੇ ਵੀ ਬੰਦੇ ਦੇ ਤਰਕ ਸਿਰਫ ਆਪਣੀ ਗੱਲ ਨੂੰ ਸਹੀ ਸਿੱਧ ਕਰਨ ਦੇ ਹੱਕ ਵਿੱਚ ਹੁੰਦੇ ਹਨ ਜਦੋਂਕਿ ਦੂਸਰੇ ਮਨੁੱਖ ਉਸ ਗੱਲ ਨੂੰ ਆਪਣੇ ਤਰਕਾਂ ਦੇ ਸਹਾਰੇ ਗਲਤ ਸਿੱਧ ਕਰ ਦਿੰਦੇ ਹਨ ।ਇਸ ਤਰਾਂ ਦੇ ਤਰਕਾਂ ਦਾ ਜਵਾਬ ਸਿਰਫ ਸੱਚ ਨਾਲ ਹੀ ਨਿਬੇੜਾ ਹੁੰਦਾ ਹੈ। ਸੱਚ ਸਭ ਦਾ ਇੱਕੋ ਹੁੰਦਾ ਹੈ ।ਝੂਠ ਹਰ ਇੱਕ ਦਾ ਵੱਖਰਾ ਹੁੰਦਾ ਹੈ।ਕਿਸੇ ਵਕਤ ਧਰਮ ਦਾ ਨਾਂ ਲੈਕੇ ਸੂਰਜ ਘੁੰਮਦਾ ਸੀ ਵਕਤ ਨੇ ਸੱਚ ਪ੍ਰਗਟ ਕੀਤਾ ਕਿ ਅਸਲ ਵਿੱਚ ਧਰਤੀ ਘੁੰਮਦੀ ਹੈ ਧਰਮ ਦੇ ਤਰਕ ਫੇਲ ਹੋ ਗਏ ਸੱਚ ਜਿੱਤਿਆ ਅੱਜ ਇਸਾਈ ਧਰਮ ਸਮੇਤ ਸਮੁੱਚੀ ਦੁਨੀਆਂ ਮੰਨਦੀ ਹੈ ਕਿ ਸੂਰਜ ਘੁੰਮਦਾ ਹੈ।ਸੋ ਤਰਕਾਂ ਨੂੰ ਭਾਵੇਂ ਧਰਮ ਦਾ ਚੋਗਾ ਵੀ ਪਹਿਨਾ ਦਿਉ ਪਰ ਜਿੱਤ ਹਮੇਸਾਂ ਸੱਚ ਦੀ ਹੁੰਦੀ ਹੈ। ਸੱਚ ਨੂੰ ਮੰਨੋਂ ਭਾਵੇਂ ਨਾਂ ਪਰ ਸੱਚ ਹਮੇਸਾਂ ਜਿੰਦਾ ਰਹਿੰਦਾ ਹੈ।ਸੂਰਜ ਛਿੱਪ ਗਇਆ ਸਾਰੀ ਦੁਨੀਆਂ ਕਹਿੰਦੀ ਹੈ ਜਦੋਂ ਕਿ ਅਸਲ ਵਿੱਚ ਸੂਰਜ ਕਦੀ ਨਹੀਂ ਛਿਪਦਾ। ਸੂਰਜ ਛਿੱਪਣ ਦੇ ਹੱਕ ਵਿੱਚ ਜਿੰਨੇ ਮਰਜੀ ਤਰਕ ਦੇਈ ਜਾਉ ਪਰ ਅਸਲੀਅਤ ਨਹੀਂ ਬਦਲ ਜਾਂਦੀ ।
             ਤੀਸਰਾ ਮਨੁੱਖ ਦੇ ਮਨ ਦਾ ਤਲ ਬਿਬੇਕ ਹੁੰਦਾ ਹੈ ਜੋ ਸੱਚ ਦੇ ਨਾਲ ਰਲਕੇ ਤੁਰਦਾ ਹੈ। ਬਿਬੇਕ ਸੀਲ ਮਨੁੱਖ ਤਰਕ ਅਤੇ ਸਰਧਾ ਵਿੱਚੋਂ ਉਸ ਪਾਸੇ ਖੜਦਾ ਹੈ ਜਿਸਦਾ ਪੱਲੜਾ ਸੱਚ ਵਲ ਝੁਕਦਾ ਹੋਵੇ। ਗੁਰਬਾਣੀ  ਅਤੇ ਸਾਰੇ ਧਾਰਮਿਕ ਗਰੰਥਾਂ ਵਿੱਚ ਮਨੁੱਖ ਨੂੰ ਬਿਬੇਕਸੀਲ ਹੋਣ ਦਾ ਉਪਦੇਸ਼ ਹੈ। ਸਿੱਖਾਂ ਦੀ ਅਰਦਾਸ ਵਿੱਚ ਬਿਬੇਕ ਦਾਨ ਦੀ ਮੰਗ ਕੀਤੀ ਜਾਂਦੀ ਹੈ ਤਰਕ ਦਾਨ ਜਾਂ ਸਰਧਾ ਦਾਨ ਦੀ ਨਹੀਂ।ਗੁਰਬਾਣੀ ਦੇ ਬਹੁਤ ਸਾਰੇ ਸਲੋਕਾਂ ਵਿੱਚ ਪੁੱਛੋ ਬਿਬੇਕੀਆਂ ਜਾਏ ਦਾ ਵਰਣਨ ਹੈ।ਸੋ ਚੰਗੇ ਮਨੁੱਖ ਜੇ ਤਰਕ ਸੱਚੇ ਹੋਣ ਤਾਂ ਤਰਕ ਦਾ ਪੱਖ ਲੈਂਦੇ ਹਨ ਜੇ ਤਰਕ ਕੋਈ ਆਪਣੇ ਸਵਾਰਥ ਲਈ ਅਤੇ ਜੋ ਝੂਠੇ  ਤਰਕ ਹੋਣ ਤਦ ਉਸਦੇ ਵਿਰੋਧ ਵਿੱਚ ਖੜੇਗਾ। ਜੇ ਕੋਈ ਮਨੁੱਖ ਮਨ ਵਿੱਚੋਂ ਉਪਜੀ ਸਰਧਾ ਕਾਰਨ ਕੁੱਝ ਕਰਦਾ ਹੈ ਤਦ ਉਸਦਾ ਪੱਖ ਲੈਂਦਾ ਹੈ ਪਰ ਜੇ ਕੋਈ ਸਰਧਾ ਝੂਠੀ ਅਤੇ ਦਿਖਾਵੇ ਵਾਲੀ ਹੋਵੇ ਤਦ ਪਰਵਾਨ  ਨਹੀਂ ਕਰਦਾ।ਬਿਬੇਕ ਸੀਲ ਮਨੁੱਖ ਹਮੇਸਾਂ ਸੱਚ ਦਾ ਸਾਹ ਸਵਾਰ ਹੁੰਦਾ ਹੈ ।                    

ਕਿਸਾਨ ਕਰਜਾਈ ਕਿਉਂ ਹੋਇਆ?


ਪੰਜਾਬ ਵਿੱਚ ਜਮੀਨਾਂ ਦੇ ਭਾਅ ਅਸਮਾਨੀਂ ਚੜ ਚੁੱਕੇ ਹਨ। ਅੱਜ ਕਲ ਜਮੀਨ ਦੇ ਇੱਕ ਏਕੜ ਦੀ ਕੀਮਤ ਬੀਹ ਲੱਖ ਤੋਂ ਇੱਕ ਕਰੋੜ ਤੱਕ  ਹੋ ਗਈ ਹੈ।ਜਮੀਨਾਂ ਦੇ ਭਾਅ ਵਧਣ ਕਾਰਨ ਭਾਵੇ ਕਿਸਾਨਾਂ ਨੇ ਕਰਜੇ ਉਤਾਰਨੇ ਸੁਰੂ ਕਰ ਦਿੱਤੇ ਹਨ। ਇਸ ਲਈ ਆਤਮ ਹੱਤਿਆਵਾਂ ਨੂੰ ਰੋਕ ਲੱਗੀ ਹੈ। ਕਿਸਾਨ ਅੰਦੋਲਨ  ਕਰਜੇ ਵਾਲੇ ਪਾਸੇ ਤੋਂ ਖਤਮ ਹੀ ਹੋ ਗਿਆ ਹੈ ਕਿਉਂਕਿ ਲੋਕ ਕਿਸਾਨ ਜਥੇਬੰਦੀਆਂ ਦੇ ਚੁੰਗਲ ਵਿੱਚ ਫਸਣ ਦੀ ਬਜਾਇ ਜਮੀਨ ਵੇਚ ਕੇ ਕਰਜਾ ਉਤਾਰਨ ਨੂੰ ਪਹਿਲ ਦਿੰਦੇ ਹਨ।ਕਿਸਾਨ ਆਗੂਆਂ ਨੇ ਵੀ ਅੰਦੋਲਨ ਦੀ ਥਾਂ ਸਰਕਾਰਾਂ ਵਿੱਚ ਸਾਮਲ ਹੋ ਕੇ ਹੱਥ ਰੰਗਣ ਨੂੰ ਪਹਿਲ ਦੇਣੀ ਸੁਰੂ  ਕਰ ਦਿੱਤੀ ਹੈ।ਕਿਸਾਨ ਆਗੂ ਕਰਜੇ ਵਾਲੇ ਮੁੱਦੇ ਛੱਡਕੇ ਨਵੇਂ ਮੁੱਦੇ ਭਾਲ ਰਹੇ ਹਨ ਤਾਂ ਕਿ ਤੋਰੀ ਫੁਲਕਾ ਚਾਲੂ ਰੱਖਿਆ ਜਾ ਸਕੇ।ਅਸਲ ਮੁੱਦਾ ਇਹ ਹੈ ਕਿ ਕਿਸਾਨ ਕਰਜਾਈ ਕਿਉਂ ਹੋਇਆ?
ਬਹੁਤ ਸਾਰੇ ਰਾਜਨੀਤਕ ਅਤੇ ਬੁੱਧੀਜੀਵੀ ਕਿਸਾਨ ਦੇ ਕਰਜਾਈ ਹੋਣ ਨੂੰ ਵਿਹਲੜ ਪੁਣੇ ਅਤੇ ਫਾਲਤੂ  ਖਰਚ ਕਰਨ ਦਾ ਇਲਜਾਮ ਕਿਸਾਨ ਉੱਪਰ ਲਾਉਂਦੇ ਹਨ।ਕਿਸਾਨ ਦੇਅਣਪੜ ਅਤੇ ਬੇਸਮਝ ਹੋਣ ਦਾ ਸਰਟੀ ਫਿਕੇਟ ਵੀ ਕਾਫੀ ਪੜੇ ਲਿਖੇ ਇਸਨੂੰ ਦਿੰਦੇ ਰਹਿੰਦੇ ਹਨ।ਪਰ ਅਸਲ ਵਿੱਚ ਪੰਜਾਬ ਦਾ ਕਿਸਾਨ ਨਾਂ ਤਾਂ ਵਿਹਲੜ ਹੈ ਅਤੇ ਨਾਂ ਹੀ ਬੇਸਮਝ ਹੈਅਸਲ ਵਿੱਚ ਇਹ ਸਿਆਸੀ ਅਤੇ ਵਪਾਰੀ ਵਰਗ ਦੀ ਮਿਲੀ ਭੁਗਤ ਨਾਲ ਉਪਜੀ ਲੁੱਟਣ ਦੀ ਖੇਡ ਵਿੱਚ ਫਸਾਇਆ ਗਿਆ ਹੈ।ਕੁੱਝ ਲੋਕ ਫਾਲਤੂ ਖਰਚਿਆਂ ਦੇ ਇਲਜਾਮ ਨੂੰ ਵੀ ਇਸਦੇ ਹਲਾਤ ਪੂਰੀ ਤਰਾਂ ਝੂਠਾ ਸਾਬਤ ਕਰਦੇ ਹਨ ਕਿਉਂਕਿ ਆਮ ਗਰੀਬ ਕਿਸਾਨ ਨਾਂ ਤਾਂ ਕਾਰਾਂ ਦੇ ਝੂਟੇ ਲੈਂਦਾ ਹੈ ਨਾਂ ਹੀ ਮਹਿੰਗੇ ਮੈਰਿਜ ਪੈਲੇਸ ਕਲਚਰ ਵਾਲੇ ਵਿਆਹ ਕਰਦਾ ਹੈ। ਬਹੁਤੇ ਕਿਸਾਨ ਤਾਂ ਆਪਣੇ ਬੱਚਿਆਂ ਦੇ ਵਿਆਹ ਚੁੰਨੀ ਚੜਾਉਣ ਵਾਲੀ ਰਸਮ ਤੱਕ ਸੀਮਤ ਕਰਨ ਲੱਗੇ ਹਨ।ਬਦਨਾਮ ਕਰਨ ਵਾਲਿਆਂ ਨੇ ਸਰਕਾਰਾਂ ਦੀਆਂ ਲੋਟੂ ਨੀਤੀਆਂ ਵੱਲ ਤਾਂ ਕਦੇ ਕੋਈ ਗੱਲ ਨਹੀਂ ਕਹਿਣੀ ਪਰ ਕਿਸਾਨ ਉੱਪਰ ਇਲਜਾਮ ਲਾਉਣ ਲੱਗਿਆਂ ਕੋਈ ਦੇਰੀ ਨਹੀਂ ਕਰਦੇ। ਆਉ ਿਵਿਚਾਰੀਏ ਕਿਸਾਨ ਕਰਜਾਈ ਕਿਉਂ ਹੋਇਆ ਅਤੇ ਕਿਵੇਂ ਕਰਜਾ ਮੁਕਤ ਹੋਵੇ?
         ਕਿਸਾਨ ਕਰਜਾ ਲੈਂਦਾਂ ਕਿਸ ਤਰਾਂ ਹੈ ਇਹ ਵੀ ਜਾਨਣਾਂ ਜਰੂਰੀ ਹੈ।ਸਭ ਤੋਂ ਪਹਿਲਾਂ ਆੜਤੀਆ ਵਰਗ ਕਿਸੇ ਵੀ ਕਿਸਾਨ ਦੀੌ ਸਥਿਤੀ ਅਨੁਸਾਰ ਉਸਨੂੰ ਵੱਸ ਵਿੱਚ ਰੱਖਝਣ ਵਾਸਤੇ ਲੋੜ ਤੋਂ ਵੱਦ ਕਰਜਾ ਦਿੰਦਾਂ ਹੈ ਕਿਉਂਕਿ ਕਰਜੇ ਦੇ ਥੱਲੇ ਦੱਬੇ  ਕਿਸਾਨ ਨਾਲ ਹਿਸਾਬ ਆਦਿ ਕਰਨ ਵੇਲੇ ਠੱਗੀ ਮਾਰਨੀ ਸੌਖੀ ਹੁੰਦੀ ਹੈ। ਬਹੁਤੇ ਕਿਸਾਨ ਦਬਾਅ ਹੇਠਾਂ ਹੋਣ ਕਾਰਨ ਉਹਨਾਂ ਮੂਹਰੇ ਬੋਲਣ ਦੀ ਸਥਿਤੀ ਵਿੱਚ ਨਹੀਂ ਰਹਿੰਦੇ।ਇਸ ਤੋਂ ਬਾਦ ਦੂਜਾ ਵੱਡਾ ਕਰਜਾ ਲੋਕਲ ਬੈਨਕ ਅਤੇ ਕੋਆਪਰੇਟਿਵ ਸੁਸਾਇਟੀਆਂ ਨਾਲ ਸਬੰਧਤ ਬੈਂਕ ਛਿਮਾਹੀ ਫਸਲੀ ਕਰਜਾ ਦਿੰਦੇ ਹਨ ਇਸ ਲਈ ਕੋਈ ਖਾਸ ਗਰੰਟੀ ਨਹੀਂ ਲਈ ਜਾਂਦੀ ਸਿਰਫ ਜਮੀਨ ਦੇ ਮਾਲਿਕਾਨਾ ਹੱਕ ਦੇਖੇ ਜਾਂਦੇ ਹਨ। ਪਟਵਾਰੀ ਕੋਲ ਇਸ ਦਾ ਕੋਈ ਰਿਕਾਰਡ ਜਾਂ ਇੰਦਰਾਜ ਨਾਂ ਹੋਣ ਕਾਰਨ ਬਹੁਤੇ ਕਿਸਾਨ ਦੋਨਾਂ ਅਦਾਰਿਆਂ ਤੋਂ ਕਰਜਾ ਲੈ ਲੈਂਦੇ ਹਨ।ਤੀਜਾ ਕਰਜਾ ਵੱਡੇ ਸਰਕਾਰੀ ਬੈਂਕ ਦਿੰਦੇ ਹਨ ਜੋ ਜਮੀਨ ਨੂੰ ਗਰੰਟੀ ਦੇ ਤੌਰ ਤੇ ਗਹਿਣੇ ਰਖਵਾ ਲੈਂਡੇ ਹਨ।ਜਮੀਨ ਗਰੰਟੀ ਤੇ ਵੱਡਾ ਕਰਜਾ ਜਾਰੀ ਕਰ ਦਿੱਤਾ ਜਾਂਦਾ ਹੈ।ਇਹਨਾਂ ਕਰਜਿਆਂ ਤੋਂ ਇਲਾਵਾ ਅਮੀਰ ਲੋਕ ਵੀ ਕਰਜਾ ਲੈਣ ਵਾਲਿਆਂ ਦੀ ਭਾਲ ਕਰਦੇ ਰਹਿੰਦੇ ਹਨ ਇਹਨਾਂ ਦੇ ਆਪਣੇ ਹੀ ਹਿਸਾਬ ਕਿਤਾਬ ਹੁੰਦੇ ਹਨ। ਇਹ ਲੋਕ ਕਰਜਾ ਮੁੜਵਾਉਣ ਦੀ ਥਾਂ ਬਹੁਤੀ ਵਾਰ ਜਮੀਨ ਹੜੱਪਣ ਦੀ ਤਾਕ ਵਿੱਚ ਰਹਿੰਦੇ ਹਨ। ਆਪਣੇ ਹੀ ਢੰਗ ਤਰੀਕਿਆਂ ਨਾਲ ਇਹ ਲੋਕ ਬਹੁਤਾੀ ਵਾਰ ਜਮੀਨ ਹੜੱਪਣ ਵਿੱਚ ਸਫਲ ਵੀ ਹੋ ਜਾਂਦੇ ਹਨ।ਉਪਰੋਕਤ ਚਾਰ ਠੱਗਾਂ ਵਿੱਚ ਫਸਿਆ ਕਿਸਾਨ ਲੇਲੇ ਨੂੰ ਕੁੱਤਾ ਬਣਾਉਣ ਵਾਲਿਆਂ ਤੋਂ ਬਚ ਨਹੀਂ ਸਕਦਾ।ਮਰਦਾ ਕੀ ਨਾਂ ਕਰਦਾ ਕਰਜਾਈ ਕਿਸਾਨ ਜਮੀਨ ਵੇਚਣ ਜਾਂ ਆਤਮਹੱਤਿਆ ਦੇ ਦੋਨਾਂ ਰਾਹਾਂ ਚੋਂ ਇੱਕ ਚੁਣਨ ਲਈ ਕਦੀ ਕਦੀ ਮਜਬੂਰ ਹੋ ਜਾਂਦਾ ਹੈ।
         ਕੀ ਇਸ ਸਮੱਸਿਆ ਦਾ ਕੋਈ ਹੱਲ ਹੈ।ਹਾਂ ਜੇ ਸਰਕਾਰ ਚਾਹੇ ਤਾਂ ਜਰੂਰ ਹੱਲ ਨਿਕਲ ਸਕਦਾ ਹੈ। ਸਰਕਾਰ ਵੱਲੋਂ ਹਰ ਕਿਸਾਨ ਨੂੰ ਉਸਦੀ ਜਮੀਨ ਦੀ ਮਾਲਕੀ ਦੇ ਆਧਾਰ ਤੇ ਇਰੱਕ ਪਾਸ ਬੁੱਕ ਜਾਰੀ ਹੋਣੀ ਚਾਹੀਦੀ ਹੈ। ਕੋਈ ਵੀ ਕਰਜਾ ਦੇਣ ਵਾਲਾ ਕਾਨੂੰਨ ਪ੍ਰਥੀਬੱਧ ਹੋਣਾਂ ਚਾਹੀਦਾ ਹੈ ਕਿ ਉਹ ਆਪਣਾਂ ਕਰਜਾ ਇਸ ਪਾਸ ਬੁੱਕ ਵਿੱਚ ਦਰਜ ਕਰੇ ਜੇ ਕੋਈ ਇਸ ਪਾਸ ਬੁੱਕ ਦੇ ਬਿਨਾਂ ਦਿੰਦਾਂ ਹੈ ਉਸਨੂੰ ਕੋਈ ਕਨੂਂਮਨ ਅਧਿਕਾਰ ਨਹੀਂ ਹੋਣਾਂ ਚਾਹੀਦਾ ਕਿ ਕਰਜੇ ਦਾ ਦਾਅਵਾ ਕਰੇ। ਇਸ ਤਰਾਂ ਹੋਣ ਨਾਲ ਦੋ ਨੰਬਰ ਦੇ ਧੰਦਾ ਕਰਨ ਵਾਲਿਆਂ ਦਾ ਕੰਮ ਬੰਦ ਹੋ ਜਾਵੇਗਾ।ਕਰਜਾ ਲੈਣ ਦੀ ਹੱਦ ਜਮੀਨ ਦੀ ਆਮਦਨ ਦੇ ਅਨੁਸਾਰ ਨਿਸਚਿਤ ਹੋਣੀ ਚਾਹੀਦੀ ਹੈ। ਕਰਜੇ ਦਾ ਵਿਆਜ ਜਮੀਨ ਦੀ ਆਮਦਨ ਦੇ ਅੱਧ ਤੌਂ ਵੱਧ ਨਹੀਂ ਹੋਣਾਂ ਚਾਹੀਦਾ। ਜੇ ਕੋਈ ਇਸਤੋਂ ਵੱਧ ਕਰਜਾ ਦੇਵੇ ਕਨੂੰਨਨ ਅਪਰਾਧ ਮੰਨਿਆਂ ਜਾਵੇ।ਜੇ ਕਿਧਰੇ ਸਰਕਾਰ ਇਸ ਤਰਾਂ ਦਾ ਕਨੂਂ ਬਣਾ ਦੇਵੇ ਤਾਂ ਕਿਸਾਨ ਗਰੀਬੀ ਅਤੇ ਕਰਜੇ ਦੇ ਕਦੀ ਵੀ ਮੱਕੜਜਾਲ ਵਿੱਚ ਨਹੀਂ ਫਸੇਗਾ।ਕਿਉਕਿ ਕਰਜਾ ਹੱਦ ਤੋਂ ਵੱਧ ਕੋਈ ਦੇਵੇਗਾ ਹੀ ਨਹੀਂ। ਕਰਜਾ ਨਾਂ ਮਿਲਣ ਦੀ ਸੂਰਤ ਵਿੱਚ ਕਿਸਾਨ ਵੀ ਆਪਣੇ ਖਰਚੇ ਸੀਮਤ ਕਰਨ ਲਈ ਮਜਬੂਰ ਹੋ ਜਾਵੇਗਾ ਅਤੇ ਇਹ ਕੁੱਝ ਕਿਸਾਨ ਦੇ ਹਿੱਤ ਵਿੱਚ ਹੀ ਜਾਵੇਗਾ ਅੰਤ ਨੂੰ।ਪਰ ਸਾਡੀਆਂ ਸਰਕਾਰਾਂ ਤਾਂ ਕਰਜਾ ਦੇਣ ਦੀਆਂ ਹੱਦਾ ਨੂੰ ਨਿੱਤ ਦਿਨ ਵਧਾਈ ਜਾ ਰਹੀਆਂ ਹਨ ।ਕਿਸਾਨ ਕਰਜੇ ਦੇ ਜਾਲ ਵਿੱਚ ਫਸਦਾ ਨਹੀਂ ਬਲਕਿ ਫਸਾਇਆ ਜਾ ਰਿਹਾ ਹੈ।ਕਰਜੇ ਲੈਕੇ ਕਦੀ ਵੀ ਕਿਸਾਨ ਦਾ ਵਿਕਾਸ ਨਹੀਂ ਹੁੰਦਾ ਬਲਕਿ ਗੁਲਾਮ ਹੋ ਰਿਹਾ ਹੈ।ਕਰਜੇ ਦੀ ਪੰਡ ਕਿਸਾਨ ਉੱਪਰ ਲੱਦਣ ਦੀ ਬਜਾਇ ਕਿਸਾਨ ਨੂੰ ਕਰਜਾ ਮੁਕਤ ਕਰਨ ਦੀਆਂ ਸਕੀਮਾਂ ਬਣਨੀਆਂ ਚਾਹੀਦੀਆਂ ਹਨ ਜਿਸ ਨਾਲ ਸਰਕਾਰਾਂ ਅਤੇ ਕਿਸਾਨਾਂ ਦਾ ਭਲਾ ਹੋਵੇਗਾ ਅਤੇ ਦੇਸ ਦੇ ਅੰਨ ਭੰਡਾਰ ਨੂੰ ਮਜਬੂਤ ਬਣਾਇਆ ਜਾ ਸਕੇਗਾ।

Thursday 14 July 2011

ਅਸੀਂ ਤਾਂ ਕਿਸਾਨ ਪੱਖੀ ਹਾਂ?

 ਗੁਰਚਰਨ ਪੱਖੋਕਲਾਂ 9417727245
                          ਪੰਜਾਬ ਦੇ ਕਿਸਾਨ ਦੇ ਪੱਖ ਵਿੱਚ ਸਾਰੀਆਂ ਸਰਕਾਰਾਂ ਦਮ ਭਰਦੀਆਂ ਹਨ। ਅਨੇਕਾਂ ਕਿਸਾਨ ਲੀਡਰ ਕਿਸਾਨ ਪੱਖੀ ਹੋਣ ਦਾ ਦਾਅਵਾ ਕਰਦੇ ਹਨ। ਹਰ ਰਾਜਨੀਤਕ ਪਾਰਟੀ ਕਿਸਾਨ ਪੱਖੀ ਹੋਣ ਦਾ ਦਾਅਵਾ ਕਰਦੀ ਹੈ। ਆਉ ਇੰਨਾਂ ਕਿਸਾਨ ਪੱਖੀ ਸਰਕਾਰਾਂ ਅਤੇ ਆਗੂਆਂ ਵੱਲੋਂ ਕਿਸਾਨਾਂ ਦੇ ਪੱਖ ਵਿੱਚ ਲਏ ਨਿਰਣਿਆਂ ਦੀ ਗੱਲ ਕਰੀਏ। ਕਾਂਗਰਸੀ ਅਤੇ ਅਕਾਲੀ ਦਲ ਦੁਆਰਾ ਬਣਾਏ ਮੁੱਖ ਮੰਤਰੀਆਂ ਵੱਲੋਂ ਕਿਸਾਨਾਂ ਦੇ ਪੱਖ ਦਾ ਢਿੰਡੋਰਾ ਪਿੱਟਿਆਂ ਜਾਂਦਾ ਹੈ ਪਰ ਜਦ ਫੈਸਲੇ ਲੈਣ ਦਾ ਸਮਾਂ ਆਉਂਦਾ ਹੈ ਤਦ ਇੰਨਾਂ ਦੇ ਫੈਸਲੇ ਕਿਹੋ ਜਿਹੇ ਹੁੰਦੇ ਹਨ / ਸੈਂਟਰ ਸਰਕਾਰ ਵੱਲੋਂ ਕਿਸਾਨਾਂ ਨੂੰ ਫਸਲਾਂ ਦੀ ਅਦਾਇਗੀ ਸਿੱਧੀ ਕਿਸਾਨ ਨੂੰ ਕਰਨ ਦੀ ਹਦਾਇਤ ਕੀਤੀ ਗਈ,ਕੋਰਟ ਵੱਲੋਂ ਹੁਕਮ ਜਾਰੀ ਕੀਤਾ ਗਿਆ ਪਰ ਇੰਹਨਾਂ ਕਿਸਾਨ ਪੱਖੀ ਸਰਕਾਰਾਂ ਨੇ ਨਾਂ ਕੋਰਟ ਦੀ ਮੰਨੀ ਨਾਂ ਸੈਂਟਰ ਦੀ ।ਅੱਜ ਤਕ ਅਦਾਇਗੀ ਸਿੱਧੀ ਆੜਤੀਆਂ ਨੂੰ ਕੀਤੀ ਜਾ ਰਹੀ ਹੈ। ਆੜਤੀਆਂ ਅਤੇ ਸਰਕਾਰਾਂ ਨੇ ਕੋਰਟ ਨੂੰ ਧੋਖਾ ਦੇਣ ਲਈ ਸਰਕਾਰੀ ਏਜੰਸੀਆਂ ਦੀ ਬਜਾਇ ਆੜਤੀਆਂ ਤੋਂ ਹੀ ਚੈੱਕ ਦਿਵਾਉਣ ਦਾ ਡਰਾਮਾ ਕਰ ਦਿੱਤਾ ਹੈ ਸਰਕਾਰ ਨਾਲ ਰਲਿਆਂ ਇੱਕ ਕਿਸਾਨ ਲੀਡਰ ਸਿਰਫ ਬਿਆਨ ਦੇ ਕੇ ਸਾਰ ਲੈਂਦਾ ਹੈ ਦੂਜੀ ਯੂਨੀਅਨ ਦਾ ਸਰਕਾਰ ਤੋਂ ਅਹੁਦੇ ਦੇ ਲਾਲਚ ਵਿੱਚ ਬੈਠਾ ਆਗੂ ਤਾਂ ਕਿਸਾਨਾਂ ਨੂੰ ਚੈੱਕ ਰਾਂਹੀ ਦੇਣ ਦੇ ਹੱਕ ਵਿੱਚ ਹੀ ਨਹੀਂ ।ਤੀਜਾ ਕਿਸਾਨ ਆਗੂ ਅਤੇ ਉਸਦਾ ਧੜਾ ਜਦੋਂ ਦਾ ਦਿੱਲੀ ਦੀ ਸਰਕਾਰੀ ਕੁਰਸੀ ਮਿਲਣ ਤੋਂ ਬਾਦ ਕਿਸਾਨ ਸੰਘਰਸ ਹੀ ਛੱਡ ਗਿਆ ਹੈ। ਇਹ ਸਾਰੇ ਆਗੂ ਕਹਿੰਦੇ ਹਨ ਕਿ ਕਿਸਾਨ ਤਾਂ ਚੈੱਕ ਲੈਣ ਦੇ ਯੋਗ ਹੀ ਨਹੀਂ ਹੋਇਆ ਹਾਲੇ।ਜਿਹੜਾ ਕਿਸਾਨ ਯੂਨੀਵਰਸਿਟੀ ਦੇ ਵਿਗਿਆਨੀਆਂ ਨਾਲੋਂ ਵੱਧ ਝਾੜ ਦੇ ਸਕਦਾ ਹੈ ਆਪਣੇ ਹੀ ਬਲਬੂਤੇ ਤੇ ਨਿੱਤ ਨਵੇਂ ਰਿਕਾਰਡ ਉਤਪਾਦਨ ਵਿੱਚ ਬਣਾ ਰਿਹਾ ਹੈ ਪਰ ਇੰਨਾਂ ਦੀ ਨਿਗਾਹ ਵਿੱਚ ਚੈੱਕ ਕੈਸ ਕਰਾਉਣ ਦੇ ਯੋਗ ਨਹੀਂ। ਇਹੀ ਕਿਸਾਨ ਕੋਆਪਰੇਟਿਵ ਸੁਸਾਇਟੀਆਂ ਦੁਆਰਾ ਹਰ ਛਿਮਾਹੀ ਚੈੱਕਾਂ ਰਾਂਹੀ ਅਦਾਇਗੀ ਕਰਦਾ ਅਤੇ ਲੈਂਦਾ ਹੈ ਕਿਸੇ ਨੂੰ ਕਦੀ ਸਮੱਸਿਆ ਨਹੀਂ ਪਰ ਸਰਕਾਰ ਨਾਲ ਰਲੇ ਆੜਤੀਆਂ ਅਤੇ ਕਿਸਾਨ ਆਗੂਆਂ ਵੱਲੋਂ ਮੰਡੀ ਵਿੱਚ ਵਿਕਦੀ ਫਸਲ ਦੇ ਚੈੱਕ ਵਾਰੀ ਇਹ ਕਹਿਣਾਂ ਦੋਗਲਾਪਨ ਹੀ ਤਾਂ ਹੈ।
    ਦੂਸਰਾ ਮੁੱਖ ਮੁੱਦਾ ਹੈ ਕਿਸਾਨਾਂ ਨੂੰ ਮਿਲਣ ਵਾਲੇ ਟਿਊਬਵੈੱਲ ਕਨੈਕਸਨਾਂ ਦਾ। 1992 ਤੋਂ ਬਾਂਅਦ ਦੀਆਂ ਤਿੰਨ ਲੱਖ ਦੇ ਲੱਗਭੱਗ ਅਰਜੀਆਂ  ਸਰਕਾਰੀ ਦਫਤਰਾਂ ਦੀਆਂ ਧੂੜ ਫੱਕ ਰਹੀਆਂ ਹਨ ਕੋਈ ਕਾਰਵਾਈ ਨਹੀਂ। ਕੀ ਕਿਸਾਨ ਨੂੰ ਬਿਜਲੀ ਕਨੈਕਸਨ ਲਈ 20 ਸਾਲ ਉਡੀਕ ਕਰਨੀ ਪਵੇਗੀ? ਜਦ ਕਿਸੇ ਨੇ ਵਪਾਰਕ ਜਾਂ ਉਦਯੋਗਿਕ ਕਨੈਕਸਨ ਲੈਣਾ ਹੋਵੇ ਤਾਂ ਕਾਰਵਾਈ ਤੁਰੰਤ ਸੁਰੂ ਹੋ ਜਾਂਦੀ ਹੈ ਜੇ ਕਿਸਾਨ ਨੇ ਤਾਂ 15 ਜਾਂ 20 ਸਾਲ ਤੋਂ ਬਾਦ ਅਤੇ ਕਹਿੰਦੇ ਹਨ ਕਿ ਅਸੀਂ ਕਿਸਾਨ ਪੱਖੀ ਹਾਂ। ਜੇ ਕਿਸਾਨ ਦੇ ਪੱਖੀ ਇਹੋ ਜਿਹੇ ਹੁੰਦੇ ਹਨ ਤਾਂ ਦੱਸੋ ਦੁਸਮਣ ਕੌਣ ਹੁੰਦੇ ਹਨ? ਜੇ ਆਪਣਿਆਂ ਜਾਂ ਅਮੀਰ ਕਿਸਾਨਾਂ ਨੂੰ ਇਹ ਕਨੈਕਸਨ ਦੇਣੇ ਹੋਣ ਤਾਂ ਸਿਫਾਰਸੀ ਮੁੱਖ ਮੰਤਰੀ ਕੋਟਾ, ਸਪੈਸਲ ਫੌਜੀ ਕੋਟਾ, ਵਿਦੇਸੀ ਕਰੰਸੀ ਕੋਟਾ, ਸਿੰਗਲ ਪੋਲ ਕੋਟਾ ਜਾਂ ਕੋਈ ਹੋਰ ਚੋਰ ਮੋਰੀਆਂ ਵਾਲੇ ਢੰਗ ਹਨ। ਜਰਨਲ ਕੋਟੇ ਵਾਲਿਆਂ ਦੀ ਵਾਰੀ ਤਾਂ 20 ਸਾਲ ਬਾਦ ਵੀ ਆਵੇ ਜਾਂ ਨਾਂ ਆਵੇ ਖੁਦਾ ਹੀ ਜਾਣਦਾ ਹੈ। ਗਰੀਬ ਕਿਸਾਨ ਨਾਂ ਤਾਂ ਹਾਈਕੋਰਟਾਂ ਵਿੱਚ ਜਾ ਸਕਦੇ ਹਨ ਨਾਂ ਉਹਨਾਂ ਕੋਲ ਸਿਫਾਰਸ ਲਵਾਉਣ ਲਈ ਪਾਰਟੀ ਫੰਡ ਦੇਣ ਦੀ ਤਾਕਤ ਨਹੀਂ ਹੁੰਦੀ ਸੋ ਕਸੂਰ ਗਰੀਬ ਕਿਸਾਨਾਂ ਦਾ ਹੀ ਹੈ ਸਰਕਾਰਾਂ ਤਾਂ ਕਿਸਾਨ ਪੱਖੀ ਹਨ।ਕਿਸਾਨ ਆਗੂ ਜਦ ਕਿਸਾਨ ਮਸਲੇ ਹਲ ਕਰਵਾਉਣ ਲਈ ਸਰਕਾਰਾਂ ਨਾਲ ਗੱਲਬਾਤ ਕਰਦੇ ਹਨ ਤਾਂ ਇੱਕ ਇੱਕ ਦੋ ਦੋ ਸਿਫਾਰਸੀ ਕੋਟੇ ਵਾਲੀਆਂ ਅਰਜੀਆਂ ਮਾਰਕ ਜਰੂਰ ਕਰਵਾ ਲਿਆਂਉਂਦੇ ਹਨ ਅਤੇ ਇੱਕ ਅਰਜੀ ਮੰਜੂਰ ਹੋਣ ਦਾ ਮਤਲਬ ਇੱਕ ਲੱਖ ਰੁਪਇਆ ਘੱਟੋ ਘੱਟ ਬਣ ਗਿਆ। ਅੱਜ ਕਲ ਪੰਜਾਬ ਵਿੱਚ ਇੱਕ ਖੇਤੀਬਾੜੀ ਕਨੈਕਸਨ ਦਾ ਮੁੱਲ ਡੇਢ ਲੱਖ ਹੈ।ਕਿਸਾਨਾਂ ਦਾ ਮਸਲਾ ਹੱਲ ਹੋਵੇ ਨਾਂ ਹੋਵੇ ਆਗੂਆਂ ਦਾ ਮਸਲਾ ਜਰੂਰ ਹੱਲ ਹੋ ਜਾਂਦਾ ਹੈ ਕਿਉਂਕਿ ਇਹ ਆਗੂ ਵੀ ਤਾਂ ਕਿਸਾਨ ਪੱਖੀ ਹਨ।ਸਰਕਾਰਾਂ ਕੋਲ ਕਿਸਾਨ ਦੇ ਲਈ ਕਰਨ ਲਈ ਸਭ ਤੋਂ ਵੱਡਾ ਕੰਮ ਹੈ ਕਿ ਕਿਸਾਨਾਂ ਦੀਆਂ ਬਕਾਇਆਂ ਪਈਆਂ ਅਰਜੀਆਂ ਤੇ ਤੁਰੰਤ ਕਾਰਵਾਈ ਕਰੇ ਤਾਂ ਕਿ ਗਰੀਬ ਕਿਸਾਨ ਵੀ ਸਰਕਾਰ ਦੀ ਮੁਫਤ ਬਿਜਲੀ ਵਾਲੀ ਸਕੀਮ ਦਾ ਲਾਭ ਉਠਾ ਸਕਣ।ਇਸ ਨਾਲ ਇਹ ਸਹੂਲਤ ਤੋਂ ਵਾਝੇ ਰਹੇ ਗਰੀਬ ਕਿਸਾਨਾਂ ਨੂੰ ਰਾਹਤ ਮਿਲੇਗੀ ਕਿਸਾਨ ਆਗੂਆਂ ਨੂੰ ਵੀ ਇਹ ਮਸਲਾ ਪਹਿਲ ਦੇ ਅਧਾਰ ਤੇ ਉਠਾਉਣਾਂ ਚਾਹੀਦਾ ਹੈ। ਸਰਕਾਰਾਂ ਨੂੰ ਫਸਲਾਂ ਦੀ ਅਦਾਇਗੀ ਵੀ ਸਿੱਧੀ ਖਰੀਦ ਏਜੰਸ਼ੀਆਂ ਤੋਂ ਚੈਕਾਂ ਰਾਂਹੀ ਕਰਨ ਵਿੱਚ ਤਰੰਤ ਕਰਨੀਂ ਚਾਹੀਦੀ ਹੈ।ਵਰਤਮਾਨ ਅਕਾਲੀ ਸਰਕਾਰ ਨੇ 57 ਕੰਮਾਂ ਦੀ ਪਛਾਣ ਕਰਕੇ ਇੰਨਾਂ ਨੂੰ ਨਿਸਚਿਤ ਸਮੇੰ ਵਿੱਚ ਪੂਰਾ ਕਰਨ ਲਈ ਨੀਤੀ ਬਣਵਾਈ ਹੈ ਜੇ ਉਸ ਵਿੱਚ ਕਿਸਾਨਾਂ ਬਿਜਲੀ ਕਨੈਕਸਨ ਤੁਰੰਤ ਜਾਰੀ ਕਰਨ ਦਾ ਕੰਮ ਵੀ ਪਾ ਦਿੱਤਾ ਜਾਵੇ ਤਾਂ ਇਹ ਇੱਕ ਕਿਸਾਨ ਪੱਖੀ ਕੰਮ ਹੋਵੇਗਾ ਜੋ ਜਰੂਰ ਕੀਤਾ ਜਾਣਾਂ ਚਾਹੀਦਾ ਹੈ।

Thursday 7 July 2011

ਇੱਥੇ ਡਾਕੇ ਪੈਣ ਦੁਪਹਿਰ ਨੂੰ

    ਗੁਰਚਰਨ ਪਖੋਕਲਾਂ   
                 ਦੋਸਤੋ ਜਦ ਅੱਜ ਦੇ ਹਾਲਾਤਾਂ ਨੂੰ ਦੇਖਦੇ ਹਾਂ ਜਿੱਥੇ ਮਨੁੱਖ ਦਾ ਸਮਾਜ ਪ੍ਰਤੀ ਧਰਮ ਖਤਮ ਹੋ ਗਿਆ ਹੈ ਸਿਰਫ ਸਾਵਰਥ ਹੀ ਪ੍ਰਮੁੱਖ ਹੋ ਗਿਆ ਹੈ ।ਭਾਈ ਭਾਈ ਦਾ ਹੱਕ ਮਾਰੀ ਜਾ ਰਿਹਾ ਹੈ ।ਬਾਪ ਪੁੱਤਰਾਂ ਦੇ ਬਰਾਬਰ ਹਿੱਸੇ ਪਾ ਰਿਹਾ ਹੈ ।ਪੁੱਤਰ ਮਾਪਿਆਂ ਦੀ ਸੇਵਾ ਤੋਂ ਇਨਕਾਰੀ ਹੋ ਗਏ ਹਨ ਜਾਂ ਫਿਰ ਰੋਟੀ ਦੇ ਟੁਕੜੇ ਦੇਣ ਦੀ ਪੂਰੀ ਕੀਮਤ ਵਸੂਲ ਰਹੇ ਹਨ। ਸਰਕਾਰਾਂ ਲੋਕਾਂ ਨੂੰ ਲੁੱਟਣ ਲੱਗੀਆਂ ਹਨ। ਲੋਕ ਸਰਕਾਰ ਨੂੰ ਲੁੱਟਣਾਂ ਲੋਚਦੇ ਹਨ। ਰਾਜਨੀਤਕ ਗੁੰਡੇ ਬਣ ਰਹੇ ਹਨ। ਗੁੰਡੇ ਰਾਜਨੀਤਕ ਬਣੀ ਜਾ ਰਹੇ ਹਨ।ਅਦਾਲਤਾਂ ਇਨਸਾਫ ਨਹੀ ਕਰਦੀਆਂ ਵੇਚਣ ਲੱਗੀਆਂ ਹਨ । ਵਿੱਦਿਆ ਦਾ ਢਾਚਾਂ ਗਿਆਨ ਨਹੀਂ ਦਿੰਦਾ ਉਲਟਾ ਇਹ ਵੀ ਵਪਾਰ ਬਣ ਗਿਆ ਹੈ ।ਗਿਆਨ ਦੇਣ ਵਾਲੇ ਹੁਣ ਗੁਰੂ ਬਣਨਾਂ ਨਹੀਂ ਲੋਚਦੇ  ਤਨਖਾਹ ਦਾਰ ਮੁਲਾਜਮ ਬਣਦੇ ਹਨ।ਡਾਕਟਰ ਬਿਮਾਰਾਂ ਦਾ ਇਲਾਜ ਕਰਨ ਦੀ ਸੇਵਾ ਨਹੀ ਆਧੁਨਿਕ ਤਰੀਕਿਆਂ ਨਾਲ ਲੁੱਟਦੇ ਹਨ।ਕਿਸ ਕਿਸ ਕਿਤੇ ਦਾ ਵਰਣਨ ਕਰੀਏ ਕੋਈ ਅੰਤ ਹੀ ਨਹੀਂ।ਗੁਰੂਆ ਪੀਰਾਂ ਫਕੀਰਾਂ ਦਾ ਆਖਿਆ ਸੱਚ ਹੋਣ ਜਾ ਰਿਹਾ ਹੈ ਕਿ ਜੋ ਵਿਸਵਾਸ ਕਰੇਗਾ ਲੁੱਟਿਆ ਜਾਵੇਗਾ। ਜਿਸ ਤੇ ਵੀ ਵਿਸਵਾਸ ਕਰਦੇ ਹਾਂ ਸਮਾਂ ਆਉਣ ਤੇ ਉਹ ਹੀ ਧੋਖਾ ਦੇ ਜਾਂਦਾਂ ਹੈ । ਇਨਸਾਨੀਅਤ ਖੰਭ ਲਾ ਕੇ ਉੱਡ ਗਈ ਹੈ । ਧਰਮਾਂ ਦੇ ਨਾਂ ਤੇ ਲੋਕ ਲੜਾਏ ਜਾ ਰਹੇ ਹਨ ।ਪਾੜੋ ਤੇ ਰਾਜ ਕਰੋ ਦੀ ਨੀਤੀ ਜੋਰਾਂ ਸੋਰਾਂ ਨਾਲ ਲਾਗੂ ਕੀਤੀ ਜਾ ਰਹੀ ਹੈ ਜੋ ਲੋਕਾਂ ਨੂੰ ਜੋੜਨ ਦੀ ਕੋਸਿਸ ਕਰਦਾ ਹੈ ਹਕੂਮਤਾਂ ਬਾਗੀ ਕਰਾਰ ਦੇਕੇ ਜੇਲਾਂ ਵਿੱਚ ਸੁੱਟੀ ਜਾ ਰਹੀਆਂ ਹਨ ਜਾਂ ਝੂਠੇ ਪੁਲਿਸ ਮੁਕਾਬਲੇ ਦਾ ਸਿਕਾਰ ਕਰ ਦਿੰਦੀਆਂ ਹਨ। ਕਿਸੇ ਧਰਮ ਵਿੱਚ ਵੱਖਰਾ ਧੜਾ ਖੜਾ ਕਰੋ ,ਕਿਸੇ ਫਿਰਕੇ ,ਭਾਈਚਾਰੇ ਵਿੱਚ ਦੁਫੇੜ ਪਾਵੋ, ਕਿਸੇ ਦੀਆਂ ਧੀਆਂ ਉਧਾਲ ਲਵੋ ਤਾਂ ਸਰਕਾਰਾਂ ਅਤੇ ਅਦਾਲਤਾਂ ਪੁਸਤ ਪਨਾਹੀ ਕਰਦੀਆਂ ਹਨ। ਕਿਥੇ ਲੈ ਜਾਵੇਗੀ ਸਾਨੂੰ ਇਸ ਆਧੁਨਿੱਕ ਸਮਾਜ ਦੀ ਤਰੱਕੀ ਕੁੱਝ ਨਹੀਂ ਕਿਹਾ ਜਾ ਸਕਦਾ।ਬਹੂ ਬੇਟੀਆਂ ਦੇ ਨਾਲ ਬੈਠੇ ਬਜੁਰਗਾਂ ਦੇ ਸਾਹਮਣੇ ਨੰਗੇ ਨਾਚ ਪਰੋਸ ਦਿੱਤੇ ਗਏ ਹਨ ਸਰਮ  ਅਤੇ ਧਰਮ ਨੂੰ ਕਿਤੇ ਲੁਕਣ ਲਈ ਵੀ ਥਾਂ ਨਹੀਂ ਲੱਭ ਰਹੀ। ਘਰ ਛੋਟੇ ਹੋਈ ਜਾ ਰਹੇ ਹਨ ਦਿੱਲ ਜਿਗਰੇ ਵੱਡੇ ਕਰਕੇ ਹੀ ਰਿਹਾ ਜਾਂਦਾਂ ਹੈ ਇਨਾਂ ਵਿੱਚ ।ਜਿੰਨਾਂ ਤੋਂ ਇਹ ਸਭ ਕੁੱਝ ਜਰਿਆ ਨਹੀਂ ਜਾਂਦਾਂ ਉਹ ਬੁੱਢੀ ਉੱਮਰੇ ਨਵੇਂ ਘਰ ਬਣਾਉਂਦੇ ਦੇਖੇ ਜਾ ਸਕਦੇ ਹਨ ਜਾਂ ਬਣਾਉਣਾਂ ਲੋਚਦੇ ਹਨ ਪਰ ਹੁਣ ਨਾਂ ਇਧਰ ਦੇ ਨਾਂ ਉਧਰ ਦੇ ਰਹੇ ਹਨ ਅਣਖਾਂ ਅਤੇ ਸਰਮਾਂ ਵਾਲੇ। ਵਿਗਿਆਨ ਦੇ ਨਾਂ ਥੱਲੇ ਮਨੁੱਖ ਇੱਕ ਦੂਜੇ ਨਾਲ ਗੱਲਾਂ ਕਰਨ ਦਾ ਵੀ ਮੁੱਲ ਅਦਾ ਕਰਨ ਲਈ ਮਜਬੂਰ ਹੈ। ਕਿਸੇ ਕੋਲ ਵਕਤ ਹੀ ਨਹੀ ਛੱਡਿਆ ਕਿਸੇ ਕੋਲ ਬੈਠਣ ਦਾ ਜਾਂ ਕਿਸੇ ਕੋਲ ਜਾਣ ਦਾ। ਹਰ ਵਿਅਕਤੀ ਵਾਧਾਂ ਘਾਟਾ ਸੋਚ ਕੇ ਕਿਸੇ ਮੋਬਾਈਲ ਦਾ ਸਹਾਰਾ ਹੀ ਲੈ ਲੈਂਦਾ ਹੈ ਜਾਉ ਦਿਹਾੜੀ ਦੀ ਆਮਦਨ ਕਿਰਾਏ ਭਾੜੇ ਦੇ ਹਿਸਾਬ ਤਾਂ ਸਧਾਰਣ ਮਨੁੱਖ ਦਾ ਮਾਨਸਿਕ ਤਵਾਜਨ ਡਾਵਾਂ ਡੋਲ ਕਰ ਦਿੰਦੇ ਹਨ। ਰੋਟੀ ਹੁਣ ਚੁੱਲੇ ਤੇ ਨਹੀ ਮੁਫਤ ਵਿੱਚ ਤਿਆਰ ਹੁੰਦੀ ਸਗੋਂ ਟਾਟਾ ਜਾਂ ਰਿਲਾਇਸ ਦੀ ਮੁੱਲ ਦੀ ਗੈਸ ਤੇ ਹੀ ਲਾਹੀ ਜਾ ਸਕਦੀ ਹੈ। ਜੇ ਨਹਾਉਣਾਂ ਹੋਵੇ ਤਾਂ ਕਿਸੇ ਬਿਜਲੀ ਬੋਰਡ ਦੀ ਪੰਜ ਰੁਪਏ ਦੀ ਇੱਕ ਯੂਨਿਟ ਖਰਚ ਕਰਨੀ ਹੀ ਪਵੇਗੀ। ਬੱਚਿਆਂ ਦੇ ਮੂੰ ਹ ਵਿੱਚ ਵੀ ਦੁੱਧ ਪਾਉਣ ਤੋਂ ਪਹਿਲਾਂ ਦੋਧੀ ਯਾਦ ਆ ਜਾਂਦਾਂ ਹੈ ਕਿਧਰੇ  ਉਸ ਦੇ ਲੀਟਰ ਨਾਂ ਘਟ ਜਾਣ ਚਲੋ ਘਰ ਵਾਲੇ ਦੁੱਧ ਵਿੱਚ ਹੀ ਪਾਣੀ ਮਿਲਾ ਲਉ ਪਰ ਦੋਧੀ ਦੀਆਂ ਆਧੁਨਿਕ ਮਸੀਨਾਂ ਤਾਂ ਹੁਣ ਝੱਟ ਫੜ ਲੈਦੀਆਂ ਹਨ ਮਿਲਾਵਟ ਨੂੰ। ਨੌਕਰੀ ਪੇਸਾ ਤਾਂ ਹੁਣ ਛੁੱਟੀ ਵੀ ਨਹੀਂ ਕਰ ਸਕਦਾ ਪਤਾ ਨਹੀਆਂ ਕਿੰਨੀਆਂ ਸਰਤਾਂ ਵਾਲਾ ਫਾਰਮ ਭਰਵਾ ਰੱਖਿਆ ਹੈ ਮਾਲਕਾਂ ਨੇ। ਗੁਲਾਮਾਂ ਨਾਲੋ ਵੀ ਮਾਵੀ ਸਥਿਤੀ ਹੋ ਗਈ ਮਨੁੱਖ ਦੀ। ਪਸੂਆਂ ਤੋਂ ਉੱਚਤਾ ਦਾ ਦਾਅਵਾ ਕਰਨ ਵਾਲਾ ਇਨਸਾਨ ਪਸੂਆਂ ਨਾਲੋਂ ਵੀ ਵੱਦ ਗੁਲਾਮ ਕਿਉਂ ਹੋ ਗਿਆ ਹੈ। ਹਾਂ ਇਹ ਮਨੁੱਖ ਦੀ ਤਰੱਕੀ ਦਾ ਹੀ ਕਮਾਲ ਹੈ ਜੋ ਕੁਦਰਤ ਨਾਲ ਬਲਾਤਕਾਰ ਕਰਕੇ ੋਿੲਸ ਨੇ ਕੀਤੀ ਹੈ।ਕੁਦਰਤ ਨੂੰ ਵੱਸ ਵਿੱਚ ਕਰਨ ਦੇ ਲਾਲਚ ਵਿੱਚ ਤੁਰਿਆ ਮਨੁੱਖ ਆਪ ਹੀ ਗੁਲਾਮ ਹੋ ਗਿਆ ਹੈ। ਹੁਣ ਇਹ ਉਸ ਚੱਕਰ ਵਿਯੂ ਵਿੱਚ ਫਸ ਗਿਆ ਹੈ ਜਿਸ ਵਿੱਚੋਂ ਨਿਕਲਣ ਦਾ ਰਸਤਾ ਵੀ ਨਹੀਂ ਹੈ ਇਸ ਕੋਲ। ਭਵਿੱਖ ਦੇ ਲਾਲਚ ਵਿੱਚ ਤੁਰੇ ਅਸੀਂ ਕਿੱਥੇ ਪਹੁੰਚਾਂਗੇ ਕੋਈ ਨਹੀਂ ਜਾਣਦਾ ਸਭ ਕੁਦਰਤ ਦੇ ਹੀ ਹੱਥ ਵੱਸ ਹੈ ਉਹ ਹੀ ਜਾਣਦੀ ਹੈ ਕਿ ਕੀ ਹਾਲ ਹੋਵੇਗਾ । ਕੁਦਰਤ ਕਦੀ ਨਹੀਂ ਦੱਸਦੀ ਕਿ ਕੀ ਰੱਖੀ ਬੈਠੀ ਹੈ ਬੁੱਕਲ ਵਿੱਚ। ਕੁਦਰਤ ਤਾਂ ਬੋਲਦੀ ਨਹੀ ਸਿਰਫ ਕਰਦੀ ਹੈ ਜੋ ਉਸਨੂੰ ਚੰਗਾਂ ਲੱਗਦਾ ਹੈ।ਦੁਨੀਆਂ ਨੂੰ ਸੰਵਾਰਨ ਵਾਲੇ ਹੀ ਦੁਨੀਆਂ ਦਾ ਸਭ ਤੋਂ ਵੱਧ ਨੁਕਸਾਨ ਕਰਨ ਦੇ ਦੋਸੀ ਬਣ ਗਏ ਹਨ। ਦੁਨੀਆਂ ਨੂੰ ਬਦਲਣ ਵਾਲੇ ਕਿੰਨਾਂ ਚੰਗਾਂ ਹੁੰਦਾਂ ਜੇ ਆਪਣੇ ਆਪ ਨੂੰ ਹੀ ਬਦਲ ਲੈਦੇ ਕਾਸ ਅੱਜ ਵੀ ਆਪਣੇ ਆਪ ਨੂੰ ਬਦਲ ਲੈਣ ਤਾਂ ਸਾਇਦ ਕੁਦਰਤ ਬਖਸ ਦੇਵੇ ਨਹੀਂ ਕੁਦਰਤ ਦਾ ਭਿਆਨਕ ਰੂਪ ਵਾਪਰਨ ਦੀ ਜੁੰਮੇਵਾਰੀ ਵੀ ਮਨੁੱਖ ਦੇ ਸਿਰ ਹੀ ਆਵੇਗੀ।

ਤੀਜੀ ਧਿਰ ਦੀਆਂ ਕਮਜੋਰੀਆਂ ਬਨਾਮ ਮਨਪਰੀਤ ਬਾਦਲ

   ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ    ਗੁਰਚਰਨ ਪੱਖੋਕਲਾਂ
ਵਿਧਾਨ ਸਭਾ ਚੋਣਾਂ ਪੰਜਾਬ ਵਿੱਚ ਹੋਣ ਜਾ ਰਹੀਆਂ 2012 ਦੀਆਂ। ਵਿਧਾਨ ਸਭਾ ਚੋਣਾਂ ਵਿੱਚ ਕਿਸ ਪਾਰਟੀ ਦੀਆਂ ਸਵਾਰੀਆਂ ਪੂਰੀਆਂ ਹੋਣਗੀਆਂ ਕਿਸ ਪਾਰਟੀ ਦੀ ਬੱਸ ਖਾਲੀ ਹੋਵੇਗੀ ਬਾਰੇ  ਹਾਲੇ ਕੁੱਝ ਨਹੀਂ ਕਿਹਾ ਜਾ ਸਕਦਾ ਇਸ ਵਕਤ ਦੋ ਹੀ ਬੱਸਾਂ ਮੁੱਖ ਹਨ ਕਾਗਰਸ ਅਤੇ ਬਾਦਲ ਬੱਸ ਸਰਵਿਸ ।ਪੰਜਾਬ ਤੇ ਰਾਜ ਕਰਨ ਲਈ 59 ਸਵਾਰੀਆਂ ਵਾਲੀ ਬੱਸ ਭਰਨੀ ਜਰੂਰੀ ਹੈ। ਤੀਜੀ ਧਿਰ ਵੱਲੋਂ ਮਨਪਰੀਤ ਬਾਦਲ ਵੱਲੋਂ ਵੀ ਆਪਣੀ ਬੱਸ ਭਰਨ ਦਾ ਦਾਅਵਾ ਠੋਕਿਆ ਗਿਆ ਸੀ ਪਰ ਹਾਲੇ ਤੱਕ ਉਹ ਕੋਈ ਬੱਸ ਹੀ ਤਿਆਰ ਨਹੀਂ ਕਰ ਸਕਿਆ ਸਵਾਰੀਆਂ ਜੋ ਵਿਧਾਨ ਸਭਾ ਤੱਕ ਦੀ ਟਿਕਟ ਖਰੀਦਣ ਵਾਲੀਆਂ ਹੋਣ ਤਾਂ ਹਾਲੇ ਦੂਰ ਦੀ ਗੱਲ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਸਮੇਂ ਕਾਂਗਰਸ ਅਤੇ ਕੈਪਟਨ ਅਮਰਿੰਦਰ ਵੱਲੋਂ ਬਥੇਰੇ ਜਤਨ ਕੀਤੇ ਗਏ ਰੈਲੀਆਂ ਰੋਡ ਸੋਅ ਪਰ ਕਾਂਗਰਸ ਬੱਸ ਸਰਵਿਸ ਮੁਸਕਲ ਨਾਲ 44 ਸਵਾਰੀਆਂ ਹੀ ਤਿਆਰ ਕਰ ਸਕੀ ਜੋ ਵਿਧਾਨ ਸਭਾ ਤੱਕ ਪਹੁੰਚੀਆਂ ਕਾਂਗਰਸ ਦੀ ਬੱਸ ਭਾਵੇਂ ਵਧੀਆ ਸੀ ਪਰ ਬਾਦਲ ਬੱਸ ਸਰਵਿਸ ਵਾਲਿਆਂ ਦੀ ਏਸੀ ਬੱਸ ਦੇ ਝੂਟੇ ਲੈਣ ਲਈ 65 ਦੇ ਕਰੀਬ ਸਵਾਰੀਆਂ ਲੋਕਾਂ ਦੁਆਰਾ ਬੈਠਣ ਲਈ ਤਿਆਰ ਕਰ ਦਿੱਤੀਆਂ ਗਈਆਂ।ਉਦਯੋਗਪਤੀਆਂ ਦੀ ਮੱਦਦ ਦੇ ਬਾਵਜੂਦ ਲੋਕਾਂ ਨੇ ਅਮਰਿੰਦਰ ਨੂੰ ਉਨੀ ਮੱਦਦ ਨਹੀਂ ਦਿੱਤੀ ਕਿਉਂਕਿ ਲੋਕਾਂ ਨੂੰ ਤਾਂ ਗੁੱਸਾ ਸੀ ਕਿ ਸਾਡੀਆਂ ਜਮੀਨਾਂ ਧੱਕੇ ਨਾਲ ਉਦਯੋਗਪਤੀਆਂ ਨੂੰ ਕਿਉਂ ਦਿੱਤੀਆਂ ਗਈਆਂ।ਬਾਦਲ ਬੱਸ ਸਰਵਿਸ ਵੱਲੋਂ ਆਪਣੀ ਏਸੀ ਬੱਸ  25 ਸਾਲ ਤੱਕ ਚਲਾਉਣ ਦਾ ਦਮ  ਭਰਿਆ ਗਿਆ ਪਰ ਲੱਗਦਾ ਹੈ ਇਸ ਵਾਰ ਬਾਦਲ ਬੱਸ ਦੇ ਮੁਕਾਬਲੇ ਤੇ ਕਾਂਗਰਸ ਨੇ ਅਮਰਿੰਦਰ ਨੂੰ ਡਰਾਇਵਰੀ ਦੇ ਕੇ ਨਵੀਂ ਨਕੋਰ ਡੀਲਕਸ ਏਸੀ ਬੱਸ ਤਿਆਰ ਕਰ ਲਈ ਹੈ। ਦੂਸਰੇ ਬੰਨੇ ਸੁਖਬੀਰ ਵਰਗੇ ਨਵੇਂ ਡਰਾਈਵਰ ਵਾਲੀ ਪੰਜ ਸਾਲ ਪੁਰਾਣੀ ਬੱਸ ਵਿੱਚ ਚੜਨ ਲਈ ਲੋਕ ਕਿੰਨੀਆਂ ਸਵਾਰੀਆਂ ਨੂੰ ਮਾਣ ਬਖਸਣਗੇ ਪੱਕਾ ਕੁੱਝ ਨਹੀਂ ਕਿਹਾ ਜਾ ਸਕਦਾ।ਪੰਜਾਬ ਦੇ ਲੋਕ ਤਾਂ ਹਰ ਵਾਰ ਨਵੀਂ ਬੱਸ ਵਿੱਚ ਹੀ ਵੱਧ ਸਵਾਰੀਆਂ ਬਿਠਾਉਂਦੇ ਹਨ।ਕਾਂਗਰਸ ਬੱਸ ਸਰਵਿਸ ਦੀ ਮਾਲਕ ਸੋਨੀਆਂ ਅਤੇ ਰਾਹੁਲ ਵੱਲੋਂ ਵੀ ਵੀ ਆਪਣੀ ਬੱਸ ਭਰਨ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ।ਜਗਮੀਤ ਬਰਾੜ ਅਤੇ ਬੀਬੀ ਭੱਠਲ ਵੱਲੋਂ ਵੀ ਆਪਣੀ ਹਮਾਇਤ ਵਾਲੇ ਬੰਦਿਆਂ ਨੂੰ ਪਹਿਲਾਂ ਦਿੱਲੀ ਤੋਂ ਅਤੇ ਫਿਰ ਪੰਜਾਬ ਦੇ ਲੋਕਾਂ ਤੋਂ ਵਿਧਾਨ ਸਭਾ ਤੱਕ ਦੀ ਟਿਕਟ ਦਵਾਉਣ ਦੀ ਪੂਰੀ ਜਿੰਮੇਵਾਰੀ ਲਈ ਜਾਰਹੀ ਹੈ।ਅਮਰਿੰਦਰ ਦੀਆਂ ਸਵਾਰੀਆਂ ਤਾਂ ਛਾਲਾਂ ਮਾਰਦੀਆਂ ਫਿਰ ਰਹੀਆਂ ਹਨ ਕਿ ਹਰ ਹਾਲਤ ਵਿੱਚ ਵਿਧਾਨ ਸਭਾ ਦੀ ਟਿਕਟ ਲੈਣੀ ਹੈ। ਕੁੱਝ ਸਵਾਰੀਆਂ ਤਾਂ ਦਿੱਲੀ ਤੋਂ ਟਿਕਟ ਮਿਲੇ ਨਾਂ ਮਿਲੇ ਹਿੱਕ ਦੇ ਜੋਰ ਨਾਲ ਵੀ ਵਿਧਾਨ ਸਭਾ ਤੱਕ ਪਹੁੰਚਣ ਦੀ ਕੋਸਿਸ ਕਰਨਗੇ ਅਤੇ ਬੈਠਣਗੇ ਉਸ ਬੱਸ ਵਿੱਚ ਜਿਸ ਦੀ ਸਰਕਾਰ ਬਣਨ ਦੀ ਸੰਭਾਵਨਾ ਹੋਵੇਗੀ ।ਅਕਾਲੀ ਦਲ ਵੱਲੋਂ ਟਿਕਟ ਨਾਲ ਨਿਵਾਜੇ ਲੋਕ ਲੋਕਾਂ ਤੋਂ ਮੰਨਜੂਰੀ ਹਾਸਲ ਕਰਨ ਵਿੱਚ ਕਿੰਨੇ ਕਾਮਯਾਬ ਹੋਣਗੇ ਕਿੰਨੇ ਮਨਪਰੀਤ ਬਾਦਲ ਦੀ ਠਿੱਬੀ ਦਾ ਸਿਕਾਰ ਹੋਣਗੇ ਬਾਰੇ ਭਵਿੱਖ ਹੀ ਦੱਸੇਗਾ। ਮਨਪਰੀਤ ਬਾਦਲ ਤੀਜੀ ਧਿਰ ਖੜੀ ਕਰਨ ਵਿੱਚ ਸਫਲ ਹੋਵੇਗਾ ਜਾਂ ਨਹੀ ਬਾਰੇ ਤਾਂ ਹਾਲੇ ਕੁੱਝ ਕਹਿਣਾਂ ਮੁਸਕਲ ਹੈ ਪਰ ਅਕਾਲੀ ਦਲ ਦੀ ਲੰਕਾਂ ਨੂੰ ਤਾਂ ਅੱਗ ਲਾਉਣ ਦੀ ਹਰ ਸੰਭਵ ਕੋਸਿਸ ਕਰੇਗਾ।ਲੋਕਾਂ ਦੁਆਰਾ ਜੋ ਉਭਾਰ ਤੀਜੀ ਧਿਰ ਬਣ ਰਹੇ ਮਨਪਰੀਤ ਪ੍ਰਤੀ ਦਿਖਾਈ ਦਿੰਦਾ ਸੀ ਪਰ ਮਨਪਰੀਤ ਵੱਲੋਂ ਆਪਣੇ ਨੇੜੇ ਆਏ ਬਹੁਤੇ ਵਿਅਕਤੀ ਇਸਦੇ ਅੜਬ ਰਵੱਈਏ ਕਾਰਨ ਦੂਰ ਹੋਈ ਜਾ ਰਹੇ ਹਨ ਜਿੰਨਾਂ ਵਿੱਚ ਤਿੰਨ ਮੌਜੂਦਾ ਵਿਧਾਨਕਾਰਾਂ ਸਮੇਤ ਵੀਰ ਦਵਿੰਦਰ ਸਿੰਘ ਅਤੇ ਚਰਨਜੀਤ ਬਰਾੜ ਦਾ ਸੱਕੀ ਕਿਰਦਾਰ ਨੇ ਭੰਬਲ ਭੂਸਾ ਖੜਾ ਕਰ ਦਿੱਤਾ ਹੈ। ਕੀ ਮਨਪਰੀਤ ਵਿੱਚ ਆਪਣੇ ਸਾਥੀ ਚੁਣਨ ਦੀ ਯੋਗਤਾ ਨਹੀ ਜਾਂ ਕੀ ਉਸਦੇ ਸਲਾਹਕਾਰਾਂ ਨੂੰ ਚਲਾ ਹੀ ਕੋਈ ਹੋਰ ਰਿਹਾ ਹੈ ਜਿੰਨਾਂ ਕਾਰਨ ਹਾਲੇ ਤੱਕ ਪਾਰਟੀ ਵੀ ਨਹੀ ਖੜੀ ਕਰ ਸਕਿਆ।ਅਸਲ ਵਿੱਚ ਮਨਪਰੀਤ ਨੂੰ ਤਾਂ ਆਪਣੇ ਉਮੀਦਵਾਰ ਐਲਾਨਣ ਵਿੱਚ ਪਹਿਲ ਕਰ ਦੇਣੀ ਚਾਹੀਦੀ ਸੀ ਇਹ ਘਾਟਾ ਕਦੀ ਵੀ ਪੂਰਾ ਨਹੀਂ ਹੋਵੇਗਾ।ਵਿੰਗੀਆਂ ਸਿੱਧੀਆਂ ਸਲਾਹਾਂ ਅਤੇ ਐਲਾਨਾਂ ਨੇ ਪਾਰਟੀ ਵਰਕਰਾਂ ਦੇ ਅਤੇ ਤੀਜੀ ਧਿਰ ਦੇ ਹੌਸਲੇ ਤੋੜ ਕੇ ਮਨਪਰੀਤ ਘਾਟਾ ਹੀ ਖਾਵੇਗਾ।ਤੀਜੀ ਧਿਰ ਨੂੰ ਕਾਮਯਾਬ ਕਰਨ ਲਈ ਜੇਤੂਆਂ ਵਾਲਾ ਅੰਦਾਜ ਅਤੇ ਨੀਤੀਆਂ ਲੋਕਾਂ ਨੂੰ ਦਿਖਾਈ ਦੇਣੀਆਂ ਚਾਹੀਦੀਆਂ ਹਨ ਤਾਂ ਹੀ ਇਸ ਠੰਡੀ ਹਵਾ ਦਾ ਬੁੱਲਾ ਤੂਫਾਨ ਬਣਨ ਦੇ ਯੋਗ ਹੋਵੇਗਾ ਜੋ ਗਲੇ ਸ਼ੜੇ ਨਿਜਾਮ ਵਿੱਚ ਕੋਈ ਕੰਵਲ ਦਾ ਫੁੱਲ਼ ਖਿੜਾ ਸਕਦਾ ਹੈ।ਪੰਜਾਬ ਦੇ ਲੋਕਾਂ ਦੀ ਮਜਬੂਰੀ ਬਣ ਚੁੱਕੀਆਂ ਦੋਨਾਂ ਪਾਰਟੀਆਂ ਵੱਲੋਂ ਪੂਰਾ ਜੋਰ ਲਾਇਆ ਜਾ ਰਿਹਾ ਹੈ ਕਿ ਇੱਥੇ ਤੀਜੀ ਧਿਰ ਪੈਦਾ ਨਾਂ ਹੋਵੇ ਜਿਸ ਲਈ  ਇੰਨਾਂ ਹੱਥ ਮਿਲਾ ਲਏ ਲੱਗਦੇ ਹਨ।ਜੁੰਮੇਵਾਰੀ ਅਤੇ ਹਿੰਮਤ ਤੀਜੀ ਧਿਰ ਨੂੰ ਹੀ ਕਰਨੀ ਪਵੇਗੀ ਕਿ ਉਹ ਆਪਣੇ ਨਿੱਜੀ ਘੇਰੇ ਤੋੜਕੇ ਤੀਜਾ ਬਦਲ ਬਣਨ ਦੀ ਕੋਸਿਸ ਕਰੇ ਕਿਉਕਿ ਕੋਈ ਕਿਸੀ ਕੋ ਰਾਜ ਨਾਂ ਦੇ ਹੈ ਜੋ ਲੇ ਹੈ ਨਿਜ ਬਲ ਸੇ ਲੇ ਹੈ॥ਸੋ ਜੇ ਤੀਜੀ ਧਿਰ ਪੰਜਾਬ ਵਿੱਚ ਆਪਣੀ ਤੀਜੀ ਬੱਸ ਸਾਮਲ ਕਰਨਾਂ ਚਾਹੁੰਦੀ ਹੈ ਤਦ ਬੱਸ ਨੂੰ ਮੈਦਾਨ ਵਿੱਚ ਲੋਕਾਂ ਸਾਹਮਣੇ ਪੇਸ ਕਰੇ ਕਿਧਰੇ ਇਹ ਨਾਂ ਹੋਵੇ ਕਿ ਜਦ ਤੱਕ ਬੱਸ ਆਵੇ ਉਦੋਂ ਤੱਕ ਸਵਾਰੀਆਂ ਟਿਕਟਾਂ ਲੈ ਕੇ ਦੂਸਰੀਆਂ ਬੱਸਾਂ ਦੀ ਸਵਾਰੀ ਕਰ ਚੁੱਕੀਆਂ ਹੋਣ।