Wednesday 28 January 2015

ਦੋਸਤੀ ਰਹਿਤ ਰਿਸਤਿਆਂ ਦੀਆਂ ਕੌੜੀਆਂ ਹਕੀਕਤਾਂ


ਸਮਾਜ ਰਿਸਤਿਆਂ ਦੇ ਤਾਣੇ ਬਾਣੇ ਨਾਲ ਬੁਣਿਆ ਹੋਇਆ ਇੱਕ ਇਹੋ ਜਿਹਾ ਜਾਲ ਹੈ ਜਿਸ ਵਿੱਚ ਉਲਝਿਆ ਮਨੁੱਖ ਕਦੇ ਨਿਕਲ ਨਹੀਂ ਸਕਦਾ। ਇਸ ਜਾਲ ਵਿੱਚ ਰਹਿੰਦਿਆਂ ਜੇ ਦੋਸਤੀ ਮਿੱਤਰਤਾ ਤੇ ਮੋਹ ਦੀਆਂ ਤੰਦਾਂ ਜੇ ਕਮਜੋਰ ਹੋਣ ਤਦ ਇਹ ਜਾਲ ਬਹੁਤ ਸਾਰੀਆਂ ਮੁਸੀਬਤਾਂ ਪੈਦਾ ਕਰ ਦਿੰਦਾ ਹੈ ਪਰ ਜਿੰਹਨ ਲੋਕਾਂ ਦੇ ਇਸ ਜਾਲ ਵਿੱਚ ਉਪਰੋਕਤ ਭਾਵਨਾਵਾਂ ਖੂਬ ਹੋਣ ਉਹਨਾਂ ਲਈ ਇਹ ਰਿਸਤੇ ਸਵੱਰਗ ਵਰਗਾ ਮਹੌਲ ਪੈਦਾ ਕਰ ਦਿੰਦੇ ਹਨ। ਸਵਰਗ ਦਾ ਮਤਲਬ ਹੀ ਇਹ ਹੁੰਦਾਂ ਹੈ ਕਿ ਮਨੁੱਖ ਦੀ ਜਿੰਦਗੀ ਵਿੱਚ ਦੁੱਖਾਂ ਦੀ ਥਾਂ ਖੁਸੀਆਂ ਨਿਵਾਸ ਕਰਦੀਆਂ ਹੋਣ ਸੋ ਜੇ ਸਮਾਜ ਦੇ ਰਿਸਤਿਆਂ ਵਿੱਚ ਜਿਸ ਮਨੁੱਖ ਦੇ ਹਿੱਸੇ ਕੁੜੱਤਣਾਂ ਦੀ ਥਾਂ ਪਿਆਰ ਅਤੇ ਮੁਹੱਬਤਾਂ ਆ ਜਾਣ ਉਹ ਖੁਸ਼ਨਸੀਬ ਹੋ ਨਿੱਬੜਦਾ ਹੈ। ਜਿਸ ਮਨੁੱਖ ਦੇ ਰਿਸਤਿਆਂ ਵਿੱਚ ਕੁੜੱਤਣਾਂ ਦਾ ਨਿਵਾਸ਼ ਹੋ ਜਾਵੇ ਉਸ ਮਨੁੱਖ ਦੀ ਜਿੰਦਗੀ ਨਰਕ ਦਾ ਰੂਪ ਧਾਰ ਲੈਂਦੀ ਹੈ। ਇਸ ਤਰਾਂ ਦੇ ਨਰਕ ਤੋਂ ਬਚਣ ਲਈ ਜਾਂ ਤਾਂ ਇਹ ਸਮਾਜਕ ਰਿਸਤੇ ਮਾਰਨੇ ਪੈਂਦੇ ਹਨ ਅਤੇ ਦੋਸਤੀਆਂ ਦੇ ਘੇਰੇ ਨਵੇਂ ਬਣਾਉਣੇ ਪੈਂਦੇ ਹਨ, ਜਿਹਨਾਂ ਨਾਲ ਵਿਚਾਰਾਂ ਦੀ ਸਾਂਝ ਹੁੰਦੀ ਹੈ ਅਤੇ ਇਸ ਨਵੇਂ ਸਵਰਗ ਲਈ ਸਮਾਂ ਅਤੇ ਸਮਰਥਾ ਦਾ ਪੂਰਾ ਉਪਯੋਗ ਕਰਨਾਂ ਪੈਂਦਾਂ ਹੈ। ਜੋ ਮਨੁੱਖ ਕੁੜੱਤਣ ਭਰੇ ਰਿਸਤੇ ਤਿਆਗ ਵੀ ਨਹੀਂ ਸਕਦਾ ਅਤੇ ਨਵੇਂ ਰਿਸ਼ਤੇ ਪੈਦਾ ਵੀ ਨਹੀਂ ਕਰ ਸਕਦਾ ਉਹ ਬਹੁਤ ਹੀ ਬਦਨਸੀਬ ਹੋਕੇ ਬਹੁਤ ਸਾਰੇ ਦੁੱਖ ਭੋਗਦਾ ਹੋਇਆ ਜਿੰਦਗੀ ਬਤੀਤ ਕਰਦਾ ਹੈ। ਦੁਨੀਆਂ ਦੇ ਉੱਪਰ ਦੋਸਤੀ ਦਾ ਰਿਸ਼ਤਾ ਹੀ ਨਿਰਸਵਾਰਥ ਹੁੰਦਾਂ ਹੈ ਜੇ ਉਹ ਅਸਲੀ ਹੋਵੇ ਇਸ ਦੇ ਉਲਟ  ਬਾਕੀ ਸਭ ਸਮਾਜਕ ਰਿਸਤੇ ਸਵਾਰਥ ਦੇ ਉੱਪਰ ਟੇਕ ਰੱਖਦੇ ਹਨ। ਸਭ ਤੋਂ ਪਾਕ ਪਵਿੱਤਰ  ਮਾਂ ਤੇ ਔਲਾਦ ਦੇ ਰਿਸਤੇ ਵੀ ਪਰਖ ਦੇ ਸਮੇਂ ਵਿੱਚ ਲੀਰੋ ਲੀਰ ਹੋ ਜਾਂਦੇ ਹਨ । ਦੁਨੀਆਂ ਦੇ ਉੱਤੇ ਕਦੇ ਵੀ ਇਹੋ ਜਿਹੀ ਮਿਸਾਲ ਨਹੀਂ ਮਿਲਦੀ ਜਿਸ ਵਿੱਚ ਮਾਵਾਂ ਨੇ ਕਦੇ ਮੁਸੀਬਤਾਂ ਦੇ ਵਿੱਚ ਕੁਰਬਾਨੀ ਕੀਤੀ ਹੋਵੇ , ਹਾਂ ਪਰ ਇਹ ਰਿਸਤਾਂ ਖੁਦਾ ਅਤੇ ਸਮਾਜ ਕੋਲ ਜਰੂਰ ਦੁਆਵਾਂ ਅਤੇ ਭੀਖ ਮੰਗ ਲੈਂਦਾਂ ਹੈ। ਜਦ ਕਦੇ ਵੀ ਕੁਦਰਤ ਦੇ ਕਹਿਰ ਵਰਤਦੇ ਹਨ ਸਭ ਰਿਸਤੇ ਵਾਲੇ ਆਪਣੀਆਂ ਜਾਨਾਂ ਬਚਾਕੇ ਭੱਜ ਲੈਂਦੇ ਹਨ ਆਪਣੀਆਂ ਔਲਾਦਾਂ ਤੱਕ ਨੂੰ ਵੀ ਛੱਡਕੇ। ਸਮਾਜ ਦੇ ਦੂਸਰੇ ਰਿਸਤਿਆਂ ਤੋਂ ਤਾਂ ਆਸ਼ ਹੀ ਕੀ ਕੀਤੀ ਜਾ ਸਕਦੀ ਹੈ। ਇਸ ਤਰਾਂ ਹੀ ਆਪਣੇ ਸਵਾਰਥਾਂ ਦੀ ਪੂਰਤੀ ਵਿੱਚ ਅੜਿੱਕਾ ਬਣਨ ਵਾਲੇ ਰਿਸਤੇ ਅਤੇ ਰਿਸ਼ਤੇਦਾਰਾਂ ਨੂੰ ਹਰ ਰੋਜ ਤਿਆਗਦੇ ਹੋਏ ਲੋਕ ਦੇਖ ਸਕਦੇ ਹਾਂ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਬੋਲਿਆ ਮਹਾਨ ਸੱਚ ਇਸਦੀ ਗਵਾਹੀ ਪਾਉਂਦਾਂ ਹੈ ਕਿ  (ਮਾਤ ਪਿਤਾ ਸੁੱਤ ਬੰਧਪ ਭਾਈ , ਸ਼ਭ ਸਵਾਰਥ ਕੈ ਅਧਿਕਾਈ) । ਦੁਨੀਆਂ ਦਾ ਆਮ ਮਨੁੱਖ ਜੋ ਬਹੁਗਣਤੀ ਵਿੱਚ ਹੁੰਦਾਂ ਹੈ ਸਮਾਜਕ ਰਿਸਤਿਆਂ ਦੀ ਬੇੜੀ ਨੂੰ ਸਿਰਫ ਜਿੰਦਗੀ ਬਤੀਤ ਕਰਨ ਲਈ ਹੀ ਵਰਤਦਾ ਹੈ। ਜਦ ਇਹ ਰਿਸਤੇ ਜਿੰਦਗੀ ਵਿੱਚ ਸਹਾਇਕ ਨਾਂ ਹੁੰਦੇ ਹੋਣ ਤਦ ਇਹ ਰਿਸਤੇ ਕੱਚ ਦੇ ਟੁੱਟਣ ਵਾਂਗ ਤੜੱਕ ਕਰਕੇ ਟੁੱਟ ਜਾਂਦੇ ਹਨ।



                      ਪੁਰਾਤਨ ਸਮਿਆ ਅਤੇ ਵਰਤਮਾਨ ਸਮੇਂ ਵਿੱਚ ਮਨੁੱਖ ਦੀਆਂ ਲੋੜਾਂ ਵਿੱਚ ਬਹੁਤ ਸਾਰੀਆਂ ਭਿੰਨਤਾਵਾਂ ਆ ਗਈਆਂ ਹਨ । ਪੁਰਾਣੇ ਸਮਿਆਂ ਵਿੱਚ ਮਨੁੱਖ ਦੀ ਕਦਰ ਉਸਦੇ ਆਚਰਣ ਤੋਂ ਕੀਤੀ ਜਾਂਦੀ ਸੀ ਪਰ ਵਰਤਮਾਨ ਸਮੇਂ ਵਿੱਚ ਮਨੁੱਖ ਦੀ ਇੱਜਤ ਪੈਸੇ ਅਤੇ ਦੁਨਿਆਵੀ ਤਾਕਤ ਤੋਂ ਕੀਤੀ ਜਾਂਦੀ ਹੈ। ਸੋ ਜਦ ਸਮਾਜ ਨੇ ਪੈਸੇ ਅਤੇ ਤਾਕਤ ਨੂੰ ਹੀ ਧੁਰਾ ਬਣਾ ਲਿਆ ਹੈ ਤਦ ਰਿਸਤੇ ਵੀ ਇਸ ਦੀ ਤੱਕੜੀ ਵਿੱਚ ਤੁਲਣ ਲਈ ਮਜਬੂਰ ਹਨ। ਪੈਸੇ ਅਤੇ ਜਾਇਦਾਦਾਂ ਤੇ ਟੇਕ ਰੱਖਣ ਵਾਲਾ ਸਮਾਜ ਬਹੁਤ ਹੀ ਹਿਸਾਬੀ ਕਿਤਾਬੀ ਹੋ ਜਾਂਦਾ ਹੈ ਜੋ ਹਮੇਸਾਂ ਵਾਧੇ ਘਾਟੇ ਦੇ ਹਿਸਾਬ ਲਾਕੇ ਅੱਗੇ ਤੁਰਦਾ ਹੈ। ਜਦ ਮਨੁੱਖ ਦਾ ਵਿਕਾਸ ਹੀ ਵਾਧੇ ਘਾਟੇ ਦੀ ਸਿੱਖਿਆ ਨਾਲ ਹੁੰਦਾਂ ਹੈ ਤਦ ਦੁਨੀਆਂ ਦਾ ਸਭ ਤੋਂ ਨਿੱਘਾ ਰਿਸ਼ਤਾ ਜੋ ਮਾਪਿਆਂ ਅਤੇ ਔਲਾਦ ਦਾ ਹੁੰਦਾਂ ਹੈ ਵੀ ਨਫੇ ਨੁਕਸਾਨ ਸੋਚਣਾਂ ਸੁਰੂ ਕਰ ਦਿੰਦਾਂ ਹੈ। ਮਾਪਿਆ ਦੀ ਮੇਹਰਬਾਨੀ ਅਤੇ ਰਹਿਨੁਮਾਈ ਵਿੱਚ ਵਾਧੇ ਘਾਟੇ ਦਾ ਹਿਸਾਬ ਸਿੱਖਕੇ ਆਈ ਔਲਾਦ ਇੱਕ ਦਿਨ ਮਾਪਿਆਂ ਨੂੰ ਵੀ ਵਾਧੇ ਘਾਟੇ ਦੀ ਤੱਕੜੀ ਵਿੱਚ ਤੋਲਣਾਂ ਸੁਰੂ ਕਰ ਦਿੰਦੀ ਹੈ। ਜਦ ਨਵੀਂ ਪੀੜੀ ਦੇ ਸਮਾਜ ਨੂੰ ਸੇਧ ਦੇਣ ਵਾਲੀ ਪਿੱਛਲੀ ਪੀੜੀ  ਇਹੋ ਜਿਹੀ ਸਿੱਖਿਆਂ ਦੇ ਬੈਠਦੀ ਹੈ ਤਦ ਉਹ ਆਪਣੇ ਪੈਰ ਆਪ ਹੀ ਕੁਹਾੜਾ ਮਾਰ ਬੈਠਦੀ ਹੈ। ਪੁਰਾਤਨ ਪੀੜੀ ਨੇ ਉਸ ਟਾਹਣੀ ਤੇ ਬੈਠਕੇ ਹੀ ਉਸਨੂੰ ਕੱਟਣਾਂ ਸੁਰੂ ਕੀਤਾ ਹੋਇਆ ਸੀ ਜਿਸ ਨੂੰ ਉਸ ਨੇ ਹਰਾ ਭਰਾ ਰੱਖਣਾਂ ਸੀ। ਜਦ ਸਮਾਜ ਦਾ ਪਹਿਲਾ ਰਿਸਤਾ ਹੀ ਮਰ ਮੁੱਕ ਗਿਆ ਹੈ ਤਦ ਦੂਸਰੇ ਰਿਸਤਿਆਂ ਵਿੱਚ ਮੋਹ ਅਤੇ ਮੁਹੱਬਤ ਦੀ ਆਸ ਕਰਨਾਂ ਹੀ ਫਜੂਲ ਹੈ। ਸਮਾਂ ਅਤੇ ਵਿਕਾਸ ਜਾਂ ਵਿਨਾਸ਼ ਦੀ ਹਨੇਰੀ ਕਦੇ ਵਾਪਸ ਨਹੀਂ ਮੁੜਦੀ ਹੁੰਦੀ ਸੋ ਵਰਤਮਾਨ ਅਤੇ ਆਉਣ ਵਾਲੀਆਂ ਪੀੜੀਆਂ ਰਿਸਤਿਆਂ ਤੋਂ ਮਨਫੀ ਸਮਾਜ ਸਿਰਜਣ ਵੱਲ ਹੋਰ ਵੱਧਦੀਆਂ ਜਾਣਗੀਆਂ। ਵਰਤਮਾਨ ਸਮਾਜ ਜਿਸਦੀ ਟੇਕ ਆਚਰਣ ਅਤੇ ਨੇਕ ਨੀਅਤੀ ਦੀ ਥਾਂ ਸਵਾਰਥਾਂ ਨਾਲ ਜੁੜੀ ਹੋਈ ਹੈ ਇੱਕ ਦਿਨ ਅਰਬਾਂ ਦੀ ਗਿਣਤੀ ਵਿੱਚ ਰਹਿਕੇ ਵੀ ਇਕੱਲਤਾ ਹੰਢਾਉਣ ਲਈ ਮਜਬੂਰ ਹੋਵੇਗਾ ਅਤੇ ਇਹੀ ਸਾਡੀ ਹੋਣੀ ਹੈ ਨਿਬੜੇਗੀ। ਭਾਗਾਂ ਵਾਲੇ ਹੋਣਗੇ ਉਹ ਲੋਕ ਜੋ ਆਰਥਿਕਤਾ ਦੀ ਹਨੇਰੀ ਵਿੱਚ ਵੀ ਉੱਚੀਆਂ ਸੁੱਚੀਆਂ ਮਨੁੱਖੀ ਕਦਰਾਂ ਕੀਮਤਾਂ ਮੋਹ ਮੁਹੱਬਤਾਂ ਦੇ ਦੀਵੇ ਬਚਾਈ ਰੱਖਣਗੇ।
ਗੁਰਚਰਨ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ   

Saturday 10 January 2015

ਮਨੁੱਖੀ ਜਿੰਦਗੀ ਵਿੱਚ ਦੋਸਤੀ ਦਾ ਮਹੱਤਵ

Add caption
ਦੁਨੀਆਂ ਦਾ ਕੋਈ ਵੀ ਮਨੁੱਖ ਜਦ ਵੀ ਆਪਣੇ ਘੇਰੇ ਦੀ ਵਿਸਾਲਤਾ ਨੂੰ ਮਾਪਦਾ ਹੈ ਤਦ ਉਹ ਆਪਣੇ ਪਿੱਛੇ ਬਹੁਗਿਣਤੀ ਲੋਕਾਂ ਦੀ ਸਾਮਲ ਕਰਕੇ ਆਪਣੇ ਆਪ ਨੂੰ ਵੱਡਾ ਦਿਖਾਉਣ ਦਾ ਯਤਨ ਕਰਦਾ ਹੈ । ਅਸਲ ਵਿੱਚ ਕਿਸੇ ਵੀ ਮਨੁੱਖ ਕੋਲ ਜਿੰਨਾਂ ਜਿਆਦਾ ਘੇਰਾ ਵਿਸਾਲ ਹੁੰਦਾਂ ਹੈ ਪਰ ਉਨਾਂ ਜਿਆਦਾ ਹੀ ਦੋਸਤੀ ਦਾ ਘੇਰਾ ਛੋਟਾ ਹੁੰਦਾਂ ਹੈ। ਦੁਨੀਆਂ ਦੇ ਮਹਾਨ ਪਾਕ ਪਵਿੱਤਰ ਅਵਤਾਰੀ ਪੁਰਸ਼ਾਂ ਨੂੰ ਜਿੰਦਗੀ ਵਿੱਚ ਦੋਸਤ ਬਹੁਤ ਹੀ ਘੱਟ ਮਿਲੇ ਸਨ ਕਿਉਂਕਿ ਉਹ ਉੱਚੇ ਆਚਰਣ ਵਾਲੇ ਮਨੁੱਖ ਸਨ । ਦੁਨੀਆਂ ਵਿੱਚ ਉੱਚੇ ਆਚਰਣ ਵਾਲੇ ਲੋਕ ਬਹੁਤ ਹੀ ਘੱਟ ਹੰਦੇ ਹਨ  ਇਸ ਕਾਰਨ ਹੀ ਚੰਗੇ , ਸੱਚੇ ਲੋਕਾਂ ਨੂੰ ਹਮੇਸਾਂ ਇਕੱਲਤਾ ਹੀ ਹੰਢਾਉਣੀ ਪੈਂਦੀ ਹੈ । ਦੁਨੀਆਂ ਦੇ ਉੱਪਰ ਰਾਜ ਕਰਨ ਵਾਲੇ ਲੋਕ ਜੋ ਜਿਆਦਾਤਰ ਬੇਈਮਾਨ ਲਾਲਚੀ ਅਤੇ ਭਰਿਸ਼ਟ ਹੁੰਦੇ ਹਨ ਕੋਲ ਵਿਸਾਲ ਗਿਣਤੀ ਵਿੱਚ ਦੋਸਤ ਮਿੱਤਰ ਹੰਦੇ ਹਨ ਜੋ ਉਹਨਾਂ ਵਰਗੇ ਹੀ ਦਗੇਬਾਜ ਹੁੰਦੇ ਹਨ । ਕਿਸੇ ਵੀ ਅਵਤਾਰੀ ਪੁਰਸ਼ ਨੂੰ ਜਿੰਦਗੀ ਜਿਉਂਦਿਆਂ ਬਹੁਤ ਹੀ ਘੱਟ ਲੋਕ ਦੋਸਤ ਦੇ ਤੌਰ ਤੇ ਮਿਲੇ ਹਨ ਪਰ ਉਹਨਾਂ ਦੀ ਮੌਤ ਤੋਂ ਬਾਅਦ ਜਰੂਰ ਉਹਨਾਂ ਦੀ ਸੋਚ ਨੂੰ ਮੰਨਣ ਵਾਲੀ ਵਿਸ਼ਾਲ ਗਿਣਤੀ ਮਿਲ ਜਾਂਦੀ ਹੈ । ਈਸ਼ਾ ਮਸ਼ੀਹ ਤੋਂ ਲੈਕੇ ਮੁਹੰਮਦ ਸਾਹਿਬ ਅਤੇ ,ਗੁਰੂ ਗੋਬਿੰਦ ਸਿੰਘ ਤੱਕ ਜਦ ਵੀ ਇਤਿਹਾਸ ਤੇ ਨਜਰ ਮਾਰਦੇ ਹਾਂ ਤਦ ਇਹੋ ਜਿਹੇ ਯੁੱਗ ਪੁਰਸ਼ਾਂ ਨੂੰ ਵੀ ਮਿੱਤਰ ਪਿਆਰਿਆਂ ਨੂੰ ਲੱਭਣ ਵੇਲੇ ਦੋਸਤ ਵਰਗੇ ਲੋਕ ਕਦੇ ਵੀ ਇਕਾਈ ਤੋਂ ਦਹਾਈ ਵਿੱਚ ਵੀ ਨਹੀਂ ਪਹੁੰਚ ਸਕੇ । ਵਰਤਮਾਨ ਸਮੇ ਵਿੱਚ ਬਹੁਤ ਸਾਰੇ  ਧਾਰਮਿਕ ਆਗੂ ਅਖਵਾਉਂਦੇ ਲੋਕ ਜਦ ਆਪਣੇ ਪਿੱਛੇ ਲੱਖਾਂ ਕਰੋੜਾਂ ਦੀ ਗਿਣਤੀ ਦੀ ਗਲ ਕਰਦੇ ਹਨ ਤਦ ਉਹਨਾਂ ਦੀ ਅਕਲ ਦਾ ਜਲੂਸ਼ ਨਿੱਕਲ ਹੀ ਜਾਂਦਾ ਹੈ । ਜੋ ਵਿਅਕਤੀ ਆਪਣੇ ਪਿੱਛੇ ਤੁਰਨ ਵਾਲਿਆਂ ਨੂੰ ਹੀ ਦੋਸਤ ਸਮਝ ਲੈਂਦਾਂ ਹੈ ਉਹ ਹਮੇਸਾਂ ਮੂਰਖਾਂ ਵਰਗਾ ਹੀ ਹੰਦਾਂ ਹੈ ਕਿਉਂਕਿ ਲੋਕ ਹਮੇਸ਼ਾਂ ਆਪਣੀਆਂ ਲੋੜਾਂ ਪਿੱਛੇ ਤੁਰਦੇ ਹਨ ਵਿਅਕਤੀਆਂ ਪਿੱਛੇ ਨਹੀਂ ਤੁਰਦੇ ਹੁੰਦੇ । ਆਮ ਤੌਰ ਤੇ ਇਸ ਤਰਾਂ ਹੀ ਬਹੁਤ ਸਾਰੇ ਰਾਜਨੀਤਕ ਅਤੇ ਕਲਾਕਾਰ ਲੋਕ ਵੀ ਇਸ ਤਰਾਂ ਹੀ ਸੋਚਦੇ ਹਨ ਕਿ ਲੋਕ ਉਹਨਾਂ ਦੇ ਪਿੱਛੇ ਤੁਰਦੇ ਹਨ ਏਹੀ ਲੋਕ ਜਦ ਸਮਾਂ ਆਉਣ ਤੇ ਜਦ ਉਹਨਾਂ ਦੀਆਂ ਉਹ ਵਿਅਕਤੀ ਲੋੜਾਂ ਪੂਰੀਆਂ ਨਹੀਂ ਕਰ ਪਾਉਂਦਾਂ ਤਦ ਉਸਦੀ ਪਿੱਠ ਵਿੱਚ ਛੁਰਾ ਮਾਰਨੋਂ ਵੀ ਨਹੀਂ ਹਿਚਕਚਉਂਦੇ ਹੁੰਦੇ।
                       ਈਸ਼ਾਂ ਮਸੀਹ ਨੂੰ ਜਦ ਸੂਲੀ ਚੜਾਉਣ ਦਾ ਵਕਤ ਆਇਆ ਸੀ ਤਦ ਵੀ ਉਹਨਾਂ ਦੇ ਚੇਲਿਆਂ ਵਿੱਚੋਂ ਸੂਲੀ ਨਹੀਂ ਚੜਿਆ ਸੀ  । ਗਰੂ ਨਾਨਕ ਜੀ ਨੇ ਵੀ ਜਦ ਆਪਣੇ ਵਰਗੇ ਕਿਸੇ ਮਹਾਨ ਮਨੁੱਖ ਰੂਪੀ ਦੋਸਤ ਦੀ ਪਰਖ ਕਰੀ ਸੀ ਤਦ ਗੁਰੂ ਅੰਗਦ ਜੀ ਤੋਂ ਬਗੈਰ ਕੋਈ ਵੀ ਰਿਸਤੇਦਾਰ ਜਾਂ ਸਨਮਾਨ ਕਰਨ ਵਾਲਾ ਵਿਅਕਤੀ ਪੂਰਾ ਨਹੀਂ ਸੀ ਉੱਤਰਿਆ। ਗੁਰੂ ਗੋਬਿੰਦ ਰਾਏ ਨੇ ਜਦ ਆਪਣੇ ਕੋਲ ਰਹਿਣ ਵਾਲੇ ਸਿੱਖਾਂ ਰਿਸਤੇਦਾਰਾਂ ਅਤੇ ਆਮ ਆਉਣ ਵਾਲੇ ਸਰਧਾਲੂ ਲੋਕਾਂ ਵਿੱਚੋਂ ਪਿਆਰਿਆਂ ਦੇ ਰੂਪ ਵਿੱਚ ਦੋਸਤਾਂ ਦੀ ਭਾਲ ਕਰੀ ਸੀ ਤਦ ਪੰਜਾਂ ਨੂੰ ਛੱਡਕੇ ਕੋਈ ਨਹੀਂ ਸੀ ਨਿੱਤਰਿਆ ਉਲਟਾ ਬਹੁਤ ਸਾਰੇ ਨਜਦੀਕੀਆਂ ਅਤੇ ਰਿਸਤੇਦਾਰਾਂ ਨੇ ਤਾਂ ਮਾਤਾ ਗੁਜਰੀ ਜੀ ਕੋਲ ਜਾਕੇ ਗੁਰੂ ਜੀ ਨੂੰ ਪਾਗਲ ਹੋਣ ਤੱਕ ਦੇ ਖਿਤਾਬ ਵੀ ਬਖਸ਼ ਦਿੱਤੇ ਸਨ। ਇਸ ਤਰਾਂ ਹੀ ਜਿੰਦਗੀ ਦੀ ਸਚਾਈ ਨੂੰ ਜਦ ਵੀ ਅਸੀਂ ਸਮਝਦੇ ਹਾਂ ਤਦ ਹੀ ਅਸਲੀਅਤ ਦਿਖਾਈ ਦਿੰਦੀ ਹੈ। ਗੁਰੂ ਤੇਗ ਬਹਾਦਰ ਜੀ ਦੀ ਸਹੀਦੀ ਸਮੇਂ ਵੀ ਉਹਨਾਂ ਨੂੰ ਤਿੰਨ ਮਹਾਨ ਮਨੁੱਖਾਂ ਦਾ ਸਾਥ ਮਿਲਿਆ ਸੀ ਭਾਈ ਮਤੀ ਦਾਸ਼, ਭਾਈ ਸਤੀ ਦਾਸ਼ ਅਤੇ ਭਾਈ ਦਿਆਲਾ ਜੀ ਜਿੰਹਨਾਂ ਆਪਣੀ ਦੋਸਤੀ ਅਤੇ ਪਿਆਰ ਕਾਰਨ ਹੀ ਆਰੇ ਥੱਲੇ ਚੀਰਿਆ ਜਾਣਾਂ, ਦੇਗ ਵਿੱਚ ਉੱਬਲ ਜਾਣਾਂ, ਜਿਉਂਦੇ ਜੀ ਸੜ ਜਾਣਾਂ ਪਰਵਾਨ ਕਰ ਲਿਆ ਸੀ ਪਰ ਆਪਣੇ ਪਿਆਰੇ ਨਾਲ ਦਗਾ ਕਮਾਉਣਾਂ ਪਰਵਾਨ ਨਹੀਂ ਕੀਤਾ ਸੀ । ਇਸ ਤਰਾਂ ਦੇ ਮਹਾਨ ਲੋਕਾਂ ਕਾਰਨ ਹੀ ਦੁਨੀਆਂ ਉੱਪਰ ਦੋਸਤੀ ਅਤੇ ਪਿਆਰ ਦੀ ਹੋਂਦ ਦਿਖਾਈ ਦਿੰਦੀ ਹੈ । ਦੁਨੀਆਂ ਦੇ ਅਗਿਆਨੀ ਲੋਕ ਆਪਣੇ ਪਿੱਛ ਤੁਰਨ ਵਾਲੇ ਸਵਾਰਥ ਨਾਲ ਭਰੇ ਹੋਏ ਲੋਕਾਂ ਦੀ ਗਿਣਤੀ ਕਰਕੇ ਅਤੇ ਦੱਸਕੇ ਅਕਲੋਂ ਹੀਣੇ ਰਾਜਨੀਤਕਾਂ ਨੂੰ ਤਾਂ ਗੁੰਮਰਾਹ ਕਰ ਸਕਦੇ ਹਨ ਪਰ ਦੁਨੀਆਂ ਦੇ ਸੱਚ ਅਤੇ ਸਚਾਈ ਨੂੰ ਜਾਨਣ ਵਾਲੇ ਸਿਆਣੇ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕਦੇ ਹੁੰਦੇ ਕਿ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਤੁਰਨ ਵਾਲੇ ਲੋਕ ਦੋਸਤ ਨਹੀਂ ਹੋ ਸਕਦੇ ਹੁੰਦੇ। ਇਕੱਠਾਂ ਦੇ ਡਾਂਗ ਦੇ ਜੋਰ ਨਾਲ ਇੱਜੜ  ਤਾਂ ਬਣਾਏ ਜਾ ਸਕਦੇ ਹਨ ਜੋ ਜਾਨਵਰ ਜਾਂ ਮਨੁੱਖ ਵੀ ਹੋ ਸਕਦੇ ਹਨ ਪਰ ਦੋਸਤ ਹਮੇਸਾਂ ਬਹੁਤ ਹੀ ਨਿਵੇਕਲੇ ਲੋਕ ਹੁੰਦੇ ਹਨ ਜੋ ਦੂਰ ਹੋਕੇ ਤੁਰਨ ਦੇ ਬਾਵਜੂਦ ਵੀ ਪਿਆਰ ਦੇ ਬੰਨੇ ਹੋਏ ਹੀ ਤੁਰਦੇ ਹਨ ਸਵਾਰਥਾਂ ਅਤੇ ਤਾਕਤ ਦੇ ਬੰਨੇ ਹੋਏ ਨਹੀਂ। ਕਿਸੇ ਵੀ ਦੁਨਿਆਵੀ ਵਿਅਕਤੀ ਨੂੰ ਮੌਤ ਤੱਕ ਪਹੁੰਚਣ ਦੇ ਸਮੇਂ ਤੱਕ ਇੱਕ ਵੀ ਵਿਅਕਤੀ ਦੋਸਤ ਰੂਪ ਵਿੱਚ ਦਿਖਾਈ ਨਹੀਂ ਦਿੰਦਾਂ ਹੁੰਦਾਂ। ਇਹੋ ਜਿਹੇ ਸਮੇਂ ਤੇ ਵੀ ਬਹੁਤ ਸਾਰੇ ਨਕਲੀ ਦੋਸਤ ਵੀ ਸੱਦਣ ਦੇ ਬਾਵਜੂਦ ਮਿਲਣ ਤੋਂ ਕਿਨਾਰਾ ਕਰਕੇ ਮੌਤ ਦੇ ਹੀ ਸੁਨੇਹਿਆਂ ਦੀ ਉਡੀਕ ਕਰਦੇ ਰਹਿੰਦੇ ਹਨ। ਮਰਨ ਵਾਲਾ ਨਕਲੀ ਦੋਸਤਾਂ ਦੀ ਆਖਰੀ ਮਿਲਣੀ ਨੂੰ ਤਰਸਦਾ ਅਵਾਕ ਹੋਕੇ ਅੱਖਾਂ ਖੁੱਲੀਆਂ ਨਾਲ ਹੀ ਮੌਤ ਦੀ ਸੇਜ ਤੇ ਸੌਂ ਜਾਂਦਾ ਹੈ।
ਗੁਰਚਰਨ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ