Thursday 30 January 2014

ਦਾਜ ਬਦਲੇ ਵੀ ਹੁੰਦੇ ਹਨ ਬਜੁਰਗ ਬੇਰੁਖੀ ਦੇ ਸਿਕਾਰ

 ਅੱਜ ਦੇ ਸਮੇਂ ਵਿੱਚ ਸਮਾਜ ਵਿੱਚ ਬਜੁਰਗਾਂ ਜਾਂ ਮਾਪਿਆਂ ਦਾ ਸਤਿਕਾਰ ਕਰਨ ਦੀ ਰੁਚੀ ਘੱਟਦੀ ਜਾ ਰਹੀ ਹੈ। ਕੀ ਅੱਜ ਕਲ ਦੇ ਨੌਜਵਾਨ ਹੀ ਇਸ ਲਈ ਜੁੰਮੇਵਾਰ ਠਹਿਰਾਏ ਜਾ ਸਕਦੇ ਹਨ ਕਦਾਚਿੱਤ ਨਹੀਂ ਕਿਉਂਕਿ ਵਰਤਮਾਨ ਪੀੜੀ ਦੀ ਇਹ ਸੋਚ ਬਜੁਰਗ ਪੀੜੀ ਦੀ ਸਿੱਖਿਆ ਦੀ ਹੀ ਦੇਣ ਹੈ। ਵਰਤਮਾਨ ਪੀੜੀ ਹਮੇਸਾਂ ਆਪਣੀਆਂ ਪਿੱਛਲੀਆਂ ਪੀੜੀਆਂ ਭਾਵ ਬਜੁਰਗਾਂ ਤੋਂ ਹੀ ਜਿਆਦਾਤਰ ਸਿੱਖਦੀ ਹੁੰਦੀ ਹੈ। ਮਾਪਿਆਂ ਦੇ ਸਤਿਕਾਰ ਨੂੰ ਰੱਬ ਦੇ ਬਰਾਬਰ ਦੱਸਣ ਵਾਲੇ ਕਦੀ ਇਹ ਨਹੀਂ ਦੱਸਦੇ ਕਿ ਰੱਬ ਦੇ ਬਰਾਬਰ ਹੋਣਾਂ ਏਨਾਂ ਸੌਖਾ ਨਹੀਂ ਹੁੰਦਾਂ । ਰੱਬ ਦਾ ਦੂਜਾ ਨਾਂ ਕੁਦਰਤ ਹੁੰਦਾਂ ਹੈ ਜੋ ਸਭ ਨੂੰ ਦਿਖਾਈ ਦਿੰਦੀ ਹੈ । ਕੁਦਰਤ ਕਦੇ ਆਪਣੇ ਆਪ ਨੂੰ ਵੇਚਦੀ ਨਹੀਂ ਹੁੰਦੀ ਅਤੇ ਸਭ ਨੂੰ ਬਰਾਬਰ ਦਾ ਸਤਿਕਾਰ ਅਤੇ ਰੋਟੀ ਪਾਣੀ ਵੀ ਦਿੰਦੀ ਹੈ। ਕੁਦਰਤ ਹਮੇਸਾਂ ਸਭ ਦਾ ਭਲਾ ਮੰਗਦੀ ਹੈ । ਮਨੁੱਖ ਨੇ ਕੁਦਰਤ ਉੱਪਰ ਕਬਜਾ ਕਰਨ ਦੇ ਯਤਨਾਂ ਤਹਿਤ ਸਾਰੀ ਧਰਤੀ ਦੀ ਵੰਡ ਪਾ ਲਈ ਹੈ। ਸਭ ਦੀ ਸਾਂਝੀ ਕੁਦਰਤ ਦੀ ਧਰਤੀ ਦੇ ਹਰ ਟੁਕੜੇ ਤੇ ਬੰਦਆਂ ਦਾ ਕਬਜਾ ਹੈ ਮਬਨੁੱਖਤਾ ਦਾ ਨਹੀਂ । ਮਨੁੱਖਤਾ ਤੋਂ ਵਿਕਾਸ ਕਰਦਾ ਮਨੁੱਖ ਤਾਕਤਾਂ ਦਾ ਜੋਰ ਦਿਖਾਉਣ ਲੱਗ ਪਿਆ ਹੈ। ਇਸ ਤਰਾਂ ਦੀ ਤਾਕਤ ਵਿੱਚੋਂ ਹੀ ਜਰ ਜੋਰੂ ਜਮੀਨ ਦੀ ਮਾਲਕੀ ਉਪਜਦੀ ਹੈ ਅਤੇ ਇਸ ਤਰਾਂ ਦੀ ਮਾਨਸਿਕ ਸੋਚ ਵਿੱਚ ਪਹੁੰਚਿਆ ਵਿਅਕਤੀ ਹੀ ਅੰਨਾਂ ਬੋਲਾ ਅਖਵਾਉਣ ਵਾਲਾ ਮਾਇਆ ਧਾਰੀ ਬਣ ਜਾਂਦਾ ਹੈ। ਮਾਇਆਧਾਰੀ ਵਿਅਕਤੀ ਜੋ ਗਿਆਨ ਅਤੇ ਧਰਮ ਤੋਂ ਕੋਹਾਂ ਦੂਰ ਹੋ ਜਾਂਦਾਂ ਹੈ ਆਪਣੀ ਔਲਾਦ ਦੇ ਸੌਦੇ ਕਰਨ ਤੋਂ ਵੀ ਗੁਰੇਜ ਨਹੀਂ ਕਰਦਾ ।
                                   ਵਰਤਮਾਨ ਸਮੇਂ ਵਿੱਚ ਜਦ ਕਿਸੇ ਬਜੁਰਗ ਜੋੜੇ ਜਾਂ ਮਾਪੇ ਰੂਪੀ ਲੋਕਾਂ  ਦੀ ਬੇਅਦਬੀ ਦੇਖਦੇ ਹਾਂ ਤਦ ਇਸ ਪਿੱਛੇ ਵੀ ਕੁੱਝ ਉਪਰੋਕਤ ਦੱਸੇ  ਕਾਰਨ ਹੀ ਹੁੰਦੇ ਹਨ ।ਇਹੋ ਜਿਹੇ ਬਜੁਰਗ ਜੋੜਿਆਂ ਨੇ ਕਿਸੇ ਵਕਤ ਆਪਣੇ ਪੁੱਤਰਾਂ ਜਾਂ ਔਲਾਦ ਨੂੰ ਦਾਜ ਬਦਲੇ ਲੱਖਾਂ ਵਿੱਚ ਵੇਚਿਆ ਹੁੰਦਾਂ ਹੈ ਕਿਸੇ ਧੀ ਦੇ ਮਾਪੇ ਉਸ ਨੂੰ ਲੱਖਾਂ ਵਿੱਚ ਸਿਰ ਦਾ ਸਾਈਂ ਨਹੀਂ ਇੱਕ ਨੌਕਰ ਖਰੀਦ ਕੇ ਦਿੰਦੇ ਹਨ । ਇਸ ਨੌਕਰ ਨੂੰ ਵੇਚਣ ਵਾਲੇ ਮਾਪੇ ਹੀ ਹੁੰਦੇ ਹਨ ਸੋ ਇਹੋ ਜਿਹੇ ਮਾਪੇ ਜੋ ਆਪਣੀ ਔਲਾਦ ਵੇਚ ਜਾਂਦੇ ਹਨ ਉਹਨਾਂ ਦੀ ਕਿਹੋ ਜਿਹੀ ਇੱਜਤ ਹੋਣੀ ਚਾਹੀਦੀ ਹੈ  ਨੌਜਵਾਨ ਮੁੰਡੇ ਅਤੇ ਕੁੜੀਆਂ ਚੰਗੀ ਤਰਾਂ ਜਾਣਦੀਆਂ ਹਨ । ਕੀ ਆਪਣੇ ਪੁੱਤਰਾਂ ਨੂੰ ਵੇਚਣ ਵਾਲਿਆਂ ਨੂੰ ਮਾਪੇ ਆਖਿਆ ਜਾ ਸਕਦਾ ਹੈ? ਮਾਪੇ ਬਣਨਾਂ ਤਾਂ ਸੌਖਾ ਹੈ ਪਰ ਮਾਪੇ ਹੋਣ ਦਾ ਫਰਜ ਨਿਭਾਉਣ ਸਮੇਂ ਗਿਆਨ ਰੂਪੀ ਧਰਮ ਤੇ ਨਿਸਕਾਮਤਾ ਦੀ ਜਰੂਰਤ ਹੁੰਦੀ ਹੈ। ਅੱਜਕਲ ਦੇ ਮਾਪੇ ਆਪਣੇ ਬੱਚਿਆਂ ਨੂੰ ਰੱਬੀ ਤੋਹਫੇ ਨਹੀਂ ਸਗੋਂ ਦੁਨੀਆਂ ਦੀ ਇੱਕ ਵਸਤੂ ਅਤ ਮਸੀਨ ਹੀ ਸਮਝਦੇ ਹਨ ਜਿਸ ਨੂੰ ਜਦੋਂ ਮਰਜੀ ਵੇਚ ਲਉ , ਵਰਤ ਲਉ ,ਹੁਕਮ ਚਲਾ ਲਉ  ਪਰ ਇਸ ਤਰਾਂ ਦੇ ਵਰਤਾਵੇ ਵਿੱਚੋਂ ਮੋਹ ਮਮਤਾ ਅਤੇ ਪਿਆਰ ਦੇ ਭਰੇ ਹੋਏ ਨੌਜਵਾਨ ਨਹੀਂ ਬਣਦੇ ਸਗੋਂ ਮਸੀਨਾਂ ਵਰਗੇ ਪੱਥਰ ਦਿਲ ਔਲਾਦ ਹੀ ਨਿਕਲਦੀ ਹੈ। ਪੱਥਰਾਂ ਵਰਗੇ ਬਣਾਏ ਬੱਚੇ ਫਿਰ ਮਾਪਿਆਂ ਵਾਸਤੇ ਪਿਆਰ ਦੀ ਨਰਮਾਈ ਨਾਲ ਭਰੇ ਹੋਏ ਕਿਵੇਂ ਹੋ ਸਕਦੇ ਹਨ ?
                                       ਸਮਾਜ ਅਤੇ ਸਰਕਾਰਾਂ ਦੀ ਸੋਚ ਵਿੱਚ ਬਦਲਾ ਕਰਨ ਲਈ ਹਮੇਸਾਂ ਮਨੁੱਖ ਨੂੰ ਹੀ ਪਹਿਲ ਕਰਨੀਂ ਪੈਂਦੀ ਹੈ। ਪਿੱਛਲੇ 40 ਕੁ ਸਾਲਾਂ ਦੇ ਸਮੇਂ ਵਿੱਚ ਮਨੁੱਖੀ ਸੋਚ ਵਿੱਚ ਪਦਾਰਥਵਾਦ ਦੇ ਕੀੜੇ ਨੇ ਇਹੋ ਜਿਹਾ ਘਰ ਬਣਾਇਆ ਹੈ ਜਿਸ ਵਿੱਚੋਂ ਵਪਾਰਕ ਸੋਚ ਹੀ ਨਿੱਕਲ ਰਹੀ ਹੈ। ਹਮਦਰਦੀ ਅਤੇ ਪਿਆਰ ਵਰਗੇ ਮਨੁੱਖੀ ਜਜਬਿਆਂ  ਦੀ ਥਾਂ ਦੁਨਿਆਵੀ ਪਦਾਰਥਾਂ ਨਾਲ ਦੁਨੀਆਂ ਨੂੰ ਵੱਸ ਵਿੱਚ ਕਰਨ ਦਾ ਢੰਗ ਹੀ ਸਭ ਤੋਂ ਵੱਧ ਪਰਚੱਲਤ ਹੋਇਆ ਹੈ। ਵਰਤਮਾਨ ਦੇ ਬੱਚੇ ਅਤੇ ਨੌਜਵਾਨ ਆਪਣੇ ਬਜੁਰਗਾਂ ਨਾਲੋਂ ਕਈ ਗੁਣਾਂ ਵੱਧ ਇਸ ਦਲਦਲ ਵਿੱਚ ਧਸ ਗਏ ਹਨ ਜੋ ਕਿ ਸਾਡੇ ਬਜੁਰਗਾਂ ਨੇ ਹੀ ਸਾਡੇ ਲਈ ਤਿਆਰ ਕੀਤੀ ਹੈ । ਜਦ ਬਜੁਰਗ ਆਪਣੇ ਬੱਚਿਆਂ ਲਈ ਰਿਸਤੇਦਾਰ ਭਾਲਣ ਦੀ ਥਾਂ ਸੌਦੇਬਾਜ ਰਿਸਤੇਦਾਰ ਭਾਲਕੇ ਦੇਣ ਵਿੱਚ ਹੀ ਵਡੱਪਣ ਸਮਝਦੇ ਹਨ ਤਦ ਹੀ ਨਵੀਂ ਪੀੜੀ ਵੀ ਇਸ ਭਾਰ ਨੂੰ ਚੁਕਣ ਲਈ ਮਜਬੂਰ ਹੁੰਦੀ ਹੈ। ਸੌਦੇਬਾਜੀਆਂ ਦੇ ਜੰਗਲ ਵਿੱਚ ਰਹਿਣ ਵਾਲਾ ਇਨਸਾਨ ਹਮੇਸਾਂ ਮੁਨਾਫਿਆਂ ਦ ਸੌਦੇ ਕਰਦਾ ਹੈ । ਮੁਨਾਫਿਆਂ ਦਾ ਸੌਦਾ ਕਰਨਾਂ ਸਿੱਖ ਚੁਕੀ ਪੀੜੀ ਆਪਣੇ ਬਜੁਰਗਾਂ ਨੂੰ ਸੰਭਾਲਣ ਵਿੱਚ ਜਿਆਦਾ ਖਰਚਾ ਕਰਕੇ ਘਾਟਾ ਕਿਉਂ ਉਠਾਵੇਗੀ । ਵਰਤਮਾਨ ਪੀੜੀ ਦਾ ਇਹ ਦੋਸ ਬਜੁਰਗਾਂ ਨੇ ਹੀ ਆਪਣੇ ਬੱਚਿਆ ਨੂੰ ਜੰਮਣ ਗੁੜਤੀ ਦੇ ਰੂਪ ਵਿੱਚ ਦਿੱਤਾ ਹੈ। ਨੌਜਵਾਨ ਹੋਣ ਤੱਕ ਇਸ ਲਾਲਚ ਦਾ ਜਹਿਰ ਪੂਰੀ ਤਰਾਂ ਇਨਸਾਨ ਤੇ ਕਾਬਜ ਹੋ ਜਾਂਦਾ ਹੈ। ਦੂਸਰਿਆਂ ਨੂੰ ਲੁੱਟਣ ਵਾਲੇ ਇੱਕ ਦਿਨ ਖੁਦ ਵੀ ਲੁੱਟੇ ਜਾਂਦੇ ਹਨ । ਵਰਤਮਤਾਨ ਬਜੁਰਗਾਂ ਵੱਲੋਂ ਰਿਸਤਿਆਂ ਵਿੱਚ ਵੀ ਲੁੱਟਤੰਤਰ ਦਾ ਕਰਵਾਇਆ ਬੋਲਬਾਲਾ ਹੀ ਉਹਨਾਂ ਦੀ ਦੁਰਦਸਾ ਦਾ ਮੁੱਖ ਕਾਰਨ ਹੈ । ਜਦ ਤੱਕ ਅਸੀਂ ਖੁਦ ਨਿਸਕਾਮ , ਦਇਆ ਅਤੇ ਪਿਆਰ ਦੀ ਮੂਰਤ ਨਹੀਂ ਬਣਾਂਗੇ ਤਦ ਤੱਕ ਆਉਣ ਵਾਲੀ ਪੀੜੀ ਤੋਂ ਦਇਆ ਅਤੇ ਸੇਵਾ ਦੀ ਆਸ ਨਹੀਂ ਕਰ ਸਕਦੇ ।   
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ

Tuesday 21 January 2014

ਵਿਗਿਆਨਕ ਯੁੱਗ ਵਿੱਚ ਗੁਆਚਦਾ ਜਾ ਰਿਹਾ ਮਨੁੱਖੀ ਆਚਰਣ

                                 ਮਨੁੱਖ ਨਿੱਤ ਦਿਨ ਵਿਕਾਸ ਕਰ ਰਿਹਾ ਹੈ । ਇਸ ਵਿਕਾਸ ਕਰਨ ਦੀ ਦੌੜ ਵਿੱਚ ਮਨੁੱਖ ਅਤੇ ਸਮਾਜ  ਦੇ ਵਿੱਚ ਬਹੁਤ ਵੱਡੇ ਪੱਧਰ ਤੇ ਚੁੱਪ ਚਪੀਤੇ ਬਦਲਾਅ ਆਈ ਜਾ ਰਹੇ ਹਨ। ਸਮਾਜ ਦੇ ਬਦਲਣ ਵਿੱਚ ਮਨੁੱਖ ਦਾ ਆਚਰਣ ਦਾ ਬਦਲਾਅ ਬਹੁਤ ਹੀ ਨੀਵੇਂ ਪੱਧਰ ਵੱਲ ਸਫਰ ਕਰ ਰਿਹਾ ਹੈ । ਪੁਰਾਤਨ ਅਤੇ ਵਰਤਮਾਨ ਯੁੱਗ ਵਿੱਚ ਤੁਲਨਾਂ ਕਰਨ ਤੇ ਵਰਤਮਾਨ ਮਨੁੱਖ ਨੂੰ ਤਾਂ ਪਾਗਲ ਤੱਕ ਹੀ ਐਲਾਨਿਆਂ ਜਾ ਸਕਦਾ ਹੈ ।  ਵਰਤਮਾਨ ਯੁਗ ਵਿੱਚ ਦੁਨੀਆਂ ਦੇ ਬਹੁਤੇ ਕਾਰਨਾਮਿਆਂ ਦੀ ਮਿਣਤੀ ਆਰਥਿਕ ਲਾਭ ਨਾਲ ਹੀ ਕੀਤੀ ਜਾਂਦੀਂ ਹੈ। ਮਨੁਖੀ ਆਚਰਣ ਦੀ ਕਦਰ ਦਿਨੋ ਦਿਨ ਘੱਟਦੀ ਜਾ ਰਹੀ ਹੈ । ਆਰਥਿਕ ਤੌਰ ਤੇ ਕਾਮਯਾਬ ਆਚਰਣ ਹੀਣ ਲੋਕ ਸਮਾਜ ਦੇ ਵਿੱਚ ਸਤਿਕਾਰ ਦੇ ਪਾਤਰ ਬਣ ਰਹੇ ਹਨ । ਨੈਤਿਕ ਕਦਰਾਂ ਕੀਮਤਾਂ ਦੀ ਪਾਲਣਾਂ ਕਰਨ ਵਾਲੇ ਲੋਕਾਂ ਦਾ ਜੇ ਆਰਥਿਕ ਪੱਧਰ ਨੀਵਾਂ ਰਹਿ ਜਾਵੇ ਤਦ ਸਮਾਜ ਉਹਨਾਂ ਨੂੰ ਬਹੁਤ ਛੋਟੇ ਘੇਰੇ ਨੂੰ ਛੱਡਕੇ ਅਣ ਦੇਖਿਆ ਕਰ ਜਾਂਦਾਂ ਹੈ। ਸਮਾਜ ਦਾ ਬਹੁਤ ਛੋਟਾ ਹਿੱਸਾ ਹੀ ਚੰਗੇ ਆਚਰਣ ਦਾ ਕਦਰ ਦਾਨ ਰਹਿ ਗਿਆ ਹੈ ਜਦੋਂ ਕਿ ਸਮਾਜ ਦਾ ਵੱਡਾ ਹਿੱਸਾ ਤਾਂ ਗਲਤ ਢੰਗਾਂ ਅਤੇ ਦੂਸਰਿਆਂ ਨੂੰ ਲਤਾੜ ਕੇ ਅਮੀਰ ਹੋਣ  ਵਾਲਿਆ ਦੇ ਗੁਣ ਗਾਉਣ ਦੀ ਪਰਵਿਰਤੀ ਦਾ ਸਿਕਾਰ ਹੋ ਰਿਹਾ ਹੈ। ਪੁਰਾਣੇ ਵਕਤਾਂ ਵਿੱਚ ਭਾਵੇਂ ਮਨੁੱਖ ਤਕਨੀਕੀ ਤੌਰ ਤੇ ਬਹੁਤੀ ਤਰੱਕੀ ਨਹੀਂ ਕੀਤੀ ਸੀ ਪਰ ਮਨੁੱਖ ਹਮਦਰਦੀ ,ਦਇਆ, ਪਿਆਰ ਅਤੇ ਮੋਹ ਵਰਗੇ ਗੁਣਾਂ ਦਾ ਖਜਾਨਾਂ ਹੁੰਦਾਂ ਸੀ। ਵਰਤਮਾਨ ਸਮਾਜ ਵਿੱਚ ਮਨੁੱਖ ਹਰ ਖੇਤਰ ਵਿੱਚ ਮਸੀਨੀ ਕਰਨ ਦੇ ਘੋੜੇ ਦੀ ਵਰਤੋਂ ਕਰਦਾ ਹੈ। ਮਸੀਨ ਦੀ ਵਰਤੋਂ  ਕਰਦਿਆਂ ਹੋਇਆਂ ਮਨੁੱਖ ਖੁਦ ਵੀ ਮਸੀਨ ਵਰਗਾ ਹੋ ਗਿਆ ਹੈ ਅਤੇ ਇਸਦੀ ਸੋਚ ਵਿੱਚ ਸਮਾਜ ਭਲਾਈ ਦੀ ਥਾਂ ਨਿੱਜਵਾਦ ਦਾ ਕੀੜਾ ਹੀ ਘਰ ਬਣਾਕੇ ਬੈਠਿਆ ਦਿਖਾਈ ਦਿੰਦਾਂ ਹੈ ।ਪੁਰਾਣੇ ਵਕਤਾਂ ਵਿੱਚ ਸਮਾਜ ਦੇ ਤਿ੍ਸਕਾਰੇ ਡਾਕੂ ਅਤੇ ਵੈਲੀ ਕਿਸਮ ਦੇ ਬੰਦੇ ਵੀ ਉੱਚੇ ਆਚਰਣ ਦੀਆਂ ਮਿਸਾਲਾਂ ਪੇਸ ਕਰਦੇ ਸਨ ਪਰ ਵਰਤਮਾਨ ਸਮਾਜ ਦੇ ਧਾਰਮਿਕ ਅਖਵਾਉਂਦੇ ਰਹਿਬਰਾਂ ਤੋਂ ਵੀ ਡਰ ਲੱਗਦਾ ਹੈ। ਅੱਜ ਕਲ ਦੇ ਸਮਾਜ ਸੇਵੀ ਅਖਵਾਉਣ ਵਾਲੇ ਲੋਕ ਵੀ ਲੁਟੇਰਿਆਂ ਨੂੰ  ਮਾਤ ਪਾਈ ਜਾਂਦੇ ਹਨ। ਲੋਕ ਸੇਵਕ ਬਣੇ ਰਾਜਨੀਤਕ ਲੋਕ  ਲੋਕ ਸੇਵਾ ਦੀ ਥਾਂ ਦੇਸ ਵੇਚਣ ਵਰਗੇ ਕੰਮ ਕਰੀ ਜਾ ਰਹੇ ਹਨ । ਲੋਕਸੇਵਾ ਵਿੱਚੋਂ ਪਰੀਵਾਰ ਸੇਵਾ ਕਰਕੇ ਹੀ ਅਤੇ ਲੋਕਾਂ ਨੂੰ ਲਾਰਿਆਂ ਵਿੱਚ ਹੀ ਜਿੰਦਗੀ ਜਿਉਣ ਲਈ ਮਜਬੂਰ ਕਰ ਦਿੰਦੇ ਹਨ।
                                ਵਰਤਮਾਨ ਸਮਾਜ ਵਿੱਚ ਬਿਮਾਰਾਂ ਦੀ ਸੇਵਾ ਕਰਨ ਵਾਲਾ ਡਾਕਟਰ ਵਰਗ ਦਾ ਵੱਡਾ ਹਿੱਸਾ ਬੁਚੜ ਕਿਸਮ ਦੇ ਲੋਕਾਂ ਨੂੰ ਮਾਤ ਪਾਈ ਜਾ ਰਿਹਾ ਹੈ । ਬਿਮਾਰ ਲੋਕ ਇਲਾਜ ਕਰਵਾਉਣ ਜਾਂਦੇ ਹਨ  ਇਲਾਜ ਹੋਵੇ ਨਾਂ ਹੋਵੇ ਘਰ ਜਰੂਰ ਲੁਟਾ ਆਉਂਦੇ ਹਨ। ਪੁਰਾਤਨ ਸਮੇਂ ਦੇ ਵੈਦ ਕਿਸਮ ਦੇ ਲੋਕ ਹਮਦਰਦੀ ਨਾਲ ਭਰੇ ਹੋਏ ਰਹਿਮ ਦਿਲ ਹੁੰਦੇ ਸਨ । ਪੈਸੇ ਕਮਾਉਣ ਦੀ ਥਾਂ ਬਿਮਾਰ ਦੇ ਇਲਾਜ ਨੂੰ ਪਹਿਲ ਦਿੰਦੇ ਸਨ ਪਰ ਵਰਤਮਾਨ ਵਿੱਚ ਖਤਰਨਾਕ ਹਾਲਤ ਵਿੱਚ ਪਹੁੰਚੇ ਹੋਏ ਬਿਮਾਰਾਂ ਨੂੰ ਮੁਢਲੀ ਸਹਾਇਤਾ ਵੀ ਦੇਣ ਤੋ ਗੁਰੇਜ ਕੀਤਾ ਜਾਂਦਾ ਹੈ ਜਦ ਤੱਕ ਨਗਦੀ ਦੀਆਂ ਰਸੀਦਾਂ ਨਹੀ ਦਿਖਾਈਆਂ ਜਾਂਦੀਆਂ । ਪੁਰਾਣੇ ਵਕਤਾਂ ਦੇ ਸਭਿਆਚਾਰ ਵਿੱਚ ਆਂਢ ਗੁਆਂਢ ਦੇ ਕਿਸੇ ਵੀ ਘਰ ਕੋਈ ਦੁੱਖ ਦੀ  ਘੜੀ ਸਾਰੇ ਲੋਕ ਇਕੱਠੇ ਹੋ ਜਾਂਦੇ ਸਨ ਪਰ ਅੱਜਕਲ ਸੜਕਾਂ ਤੇ ਤੜਫਦੇ ਇਨਸਾਨ ਨੂੰ ਵੀ ਕੋਈ ਨਹੀਂ ਚੁਕਦਾ ਸਗੋਂ ਨਾਂ ਚੱਕਣ ਦੇ ਹੱਕ ਵਿੱਚ ਅਨੇਕਾਂ ਦਲੀਲਾਂ ਦੇਣ ਲੱਗਦੇ ਹਨ। ਸਾਡੇ ਵਰਤਮਾਨ ਸਮਾਜ  ਦਾ ਸਭ ਤੋਂ ਸਿਆਣਾਂ ਅਖਵਾਉਣ ਵਾਲ ਪੜਿਆ  ਲਿਖਿਆ ਨੌਕਰੀ ਪੇਸਾ ਵਰਗ ਤਾਂ ਏਨਾਂ  ਬੇਰਹਿਮ ਹੋ  ਗਿਆ ਹੈ  ਜੋ ਗਰੀਬ ਲੋਕਾਂ ਦੀਆਂ ਮੱਦਦ ਦੀਆਂ ਸਕੀਮਾਂ ਵਾਲਾ ਪੈਸਾ ਖਾਣ ਤੋਂ ਵੀ ਗੁਰੇਜ ਨਹੀਂ ਕਰਦਾ । ਗਰੀਬ ਲੋਕਾਂ ਲਈ ਸਰਕਾਰੀ ਸਹਾਇਤਾ ਵਾਲੇ ਅਨਾਜ ਤੱਕ ਨੂੰ ਮੁਨਾਫਿਆਂ ਲਈ ਗਰੀਬਾਂ ਦੀ ਥਾਂ  ਬਜਾਰਾਂ ਵਿੱਚ ਵੇਚ ਜਾਣ ਵਾਲਿਆਂ ਨੂੰ ਕਿਹੜੀ ਤਰੱਕੀ ਕਿਹੜੀ ਵਿਦਿਆ  ਦਾ ਨਾਂ ਦੇਈਏ ।ਸਮਾਜ ਦੇ ਇਸ ਸਿਆਣੇ ਅਖਵਾਉਂਦੇਂ ਮੁਲਾਜਮ ਵਰਗ ਨੇ ਹੀ ਤਾਂ ਦੇਖਣਾਂ ਸੀ ਅਤੇ ਸੇਧ ਦੇਣੀ ਸੀ ਕਿ ਸਮਾਜ ਵਿੱਚ ਬਰਾਬਰਤਾ ਦੀ ਨੀਂਹ ਰੱਖਣ ਲਈ ਆਮ ਲੋਕਾਂ ਦਾ ਜੀਵਨ ਪੱਧਰ ਵੀ ਉਹਨਾਂ ਦੇ ਬਰਾਬਰ ਹੋਣਾਂ ਚਾਹੀਦਾ ਹੈ ਨਹੀਂ ਤਾਂ ਅਸਾਵੇਂਪਣ ਨਾਲ ਸਮਾਜ ਵਿੱਚ ਸਦਾ ਅਰਾਜਕਤਾ ਦਾ ਲਾਵਾ ਜਮਾਂ ਹੁੰਦਾਂ ਜਾਵੇਗਾ । ਸਮਾਜ ਦੇ ਇਸ ਵਰਗ ਦਾ ਜੀਵਨ ਪੱਧਰ ਆਮ ਲੋਕਾਂ ਨਾਲੋਂ ਕਈ ਗੁਣਾਂ ਚੰਗਾਂ ਹੋਣ ਦੇ ਬਾਵਜੂਦ ਵੀ ਇੰਹਨਾਂ ਦਾ  ਢਿੱਡ ਨਹੀਂ ਭਰਦਾ ਸਗੋਂ ਭਿ੍ਰਸਟਾਚਾਰ ਕਰਨ ਦੇ ਨਾਲ ਨਾਲ ਨਿੱਤ ਦਿਨ ਕਿਸੇ ਨਾਂ ਕਿਸੇ ਬਹਾਨੇ ਆਪਣੀਆਂ ਤਨਖਾਹਾਂ ਵਧਾਉਣ ਦੇ ਜੁਗਾੜ ਹੀ ਕਰਦੇ ਰਹਿੰਦੇ ਹਨ ਕਦੇ ਮਹਿੰਗਾਈ ਦੇ ਨਾਂ ਤੇ ਕਦੇ ਇੱਕ ਰੈਂਕ ਇੱਕ ਤਨਖਾਹ ਜਾਂ ਕੋਈ ਹੋਰ ਬਹਾਨਾ।  ਆਮ ਲੋਕ ਜਿੰਦਗੀ ਬਤੀਤ ਵੀ ਮੁਸਕਲ ਨਾਲ ਕਰਦੇ ਹਨ  ਉਹਨਾਂ ਬਾਰੇ ਸੋਚਣਾਂ ਹੀ ਛੱਡ ਦਿੱਤਾ ਹੈ ਦੇਸ ਦੀ ਬਾਬੂਸਾਹੀ ਨੇ। ਦੇਸ ਦੇ ਰਾਜਨੀਤਕ ਲੋਕਤੰਤਰ ਦੇ ਨਾਂ  ਤੇ ਸਮਾਜ ਨੂੰ ਪਾਟੋਧਾੜ ਕਰਨ ਵਿੱਚ ਹੀ ਸਮਾਜ ਭਲਾਈ ਦਾ ਨਾਅਰਾ ਬੁਲੰਦ ਕਰਦੇ ਰਹਿੰਦੇ ਹਨ। ਸਮਾਜ ਦੇ ਵਿੱਚ ਵੱਖ ਵੱਖ ਵਰਗਾਂ ਨੂੰ ਰਿਆਇਤਾਂ ਦੇ ਸਬਜਬਾਗ ਦਿਖਾਉਣੇਂ ਅਤੇ ਇੱਕ ਦੂਸਰੇ ਨਾਲ ਰਲਣ ਨਾਂ ਦੇਣਾਂ ਹੀ ਇਹਨਾਂ ਦੀ ਨੀਤੀ ਹੈ ਭਾਵੇਂ ਕਹਿਣ ਨੂੰ ਏਕਤਾ ਦਾ ਰਾਗ ਅਲਾਪਦੇ ਰਹਿੰਦੇ ਹਨ। ਹਾਥੀ ਦੇ ਦੰਦ ਖਾਣ ਵਾਲੇ ਹੋਰ ਦਿਖਾਉਣ ਵਾਲੇ ਹੋਰ ਵਾਂਗ ਸਾਰਾ ਸਮਾਜ ਹੀ  ਦੋਗਲਾ ਕਿਰਦਾਰ ਰੱਖਣ ਵੱਲ ਤੁਰਦਾ ਜਾ ਰਿਹਾ ਹੈ।ਇਸ ਤਰਾਂ ਦਾ ਸਮਾਜ ਨੂੰ ਕੀ ਤਰੱਕੀ ਵਾਲਾ ਸਮਾਜ ਕਿਹਾ ਜਾਵੇ ਜਾਂ ਕੁੱਝ ਹੋਰ । ਜੇ ਸਮਾਜ ਦਾ ਆਚਰਣ ਇਸ ਰਾਹ ਤੇ ਹੀ ਤੁਰਦਾ ਰਿਹਾ ਤਾਂ ਸਾਇਦ ਭਵਿੱਖ ਵਿੱਚ ਮਨੁੱਖ ਨੂੰ ਕੋਈ ਨਵਾਂ ਹੀ ਨਾਂ ਦੇਣਾਂ ਪਵੇ। ਖੁਦਾ ਖੈਰ ਕਰੇ ਦੀ ਕਾਮਨਾਂ ਹੀ ਕੀਤੀ ਜਾ ਸਕਦੀ ਹੈ।     ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ

Tuesday 14 January 2014

ਭਾਰਤੀ ਲੋਕਤੰਤਰ ਇੱਕ ਵਿਅਕਤੀ ਅਧਾਰਤ ਨਹੀਂ ਹੈ

                         
                                      ਪਿੱਛਲੇ 65 ਸਾਲਾਂ ਤੋਂ ਦੇਸ ਦਾ ਲੋਕਤੰਤਰ ਕਾਂਗਰਸ ਅਤੇ ਜਨਤਾ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਸਮੇਤ ਹੋਰ ਬਹੁਤ ਸਾਰੀਆਂ ਪਾਰਟੀਆਂ ਦੀਆਂ ਨੀਤੀਆਂ ਅਨੁਸਾਰ  ਦੇਸ ਨੂੰ ਸਰਕਾਰਾਂ ਦਿੰਦਾ ਰਿਹਾ ਹੈ। ਕਾਂਗਰਸ ਨੇ ਦੇਸ ਦੀ ਰਾਜਸੱਤਾ ਤੇ ਸਭ ਤੋਂ ਜਿਆਦਾ ਕਬਜਾ ਜਮਾਕੇ ਰੱਖਿਆ ਹੈ । 1977 ਵਿੱਚ ਐਮਰਜੈਸੀ ਦੇ ਵਿਰੋਧ ਵਿੱਚ ਬਣੀ ਜਨਤਾ ਪਾਰਟੀ ਨੇ ਕਾਂਗਰਸ ਦੀ ਗੱਦੀ ਨੂੰ ਹਿਲਾਕੇ ਕਬਜਾ ਕੀਤਾ ਸੀ ਪਰ ਢਾਈ ਸਾਲਾਂ ਵਿੱਚ ਹੀ ਆਪਸੀ ਫੁੱਟ ਦਾ ਸਿਕਾਰ ਹੋਕੇ ਕਾਂਗਰਸ ਦੇ ਦੁਬਾਰਾ ਆਉਣ ਦਾ   ਰਾਹ ਬਣਾ ਦਿੱਤਾ ਸੀ । ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਤੋਂ ਬਾਅਦ  ਵੀ ਪੀ ਸਿੰਘ ਨੇ ਕਾਂਗਰਸ ਦੇ ਬੋਫਰਜ ਕਮਿਸਨ ਅਤੇ ਹੋਰ ਭਿ੍ਰਸਟਾਚਾਰ ਨੂੰ ਨਿਸਾਨਾ ਬਣਾਕੇ ਲੋਕ ਹਮਦਰਦੀ ਹਾਸਲ ਕਰਕੇ ਰਾਜਸੱਤਾ ਦੀ ਕੁਰਸੀ ਨੂੰ ਹਥਿਆ ਲਿਆ ਸੀ ਪਰ  ਵੀ ਪੀ ਸਿੰਘ ਦਾ ਰਾਜ ਵੀ ਨੇਤਾਵਾਂ ਦੀ ਹਾਉਮੈਂ ਕਾਰਨ ਲੰਬਾਂ ਸਮਾਂ ਨਾਂ ਚੱਲ ਸਕਿਆ। ਇਸ ਤੋਂ ਬਾਅਦ  ਥੋੜੇ ਥੋੜੇ ਸਮੇਂ ਲਈ ਕਈ ਪ੍ਰਧਾਨ ਮੰਤਰੀ ਬਣੇ ਅਤੇ  ਇਹ ਸਭ ਕਈ ਪਾਰਟੀਆਂ ਦੀਆਂ ਸਾਂਝਾਂ ਵਿੱਚੋਂ ਹੀ ਬਣੇ ਸਨ । ਦੇਸ ਦੀ ਰਾਜਨੀਤੀ ਵਿੱਚ ਆਰ ਐਸ ਐਸ ਦੀ ਬਦੌਲਤ ਅਡਵਾਨੀ ਅਤੇ ਵਾਜਪਾਈ ਦੀ ਅਗੁਆਈ ਵਿੱਚ ਭਾਰਤੀ ਜਨਤਾ ਪਾਰਟੀ ਨੇ ਰਾਮ ਮੰਦਰ ਦੇ ਨਾਂ ਤੇ ਬਾਬਰੀ ਮਸਜਿਦ ਨੂੰ ਢਾਹੁਣ ਦੇ ਨਾਅਰੇ ਹੇਠ ਦੇਸ ਵਿੱਚ ਫਿਰਕੂ ਵੰਡ ਕਰਕੇ ਤਰੱਕੀ ਕੀਤੀ ਪਰ ਬਹੁਮੱਤ ਹਾਸਲ ਕਦੇ ਵੀ ਨਾਂ ਕਰ ਸਕੇ । ਭਾਰਤੀ ਜਨਤਾ ਪਾਰਟੀ ਨੇ ਦੋ ਵਾਰ ਵਾਜਪਾਈ ਦੀ ਅਗਵਾਈ ਵਿੱਚ ਹੋਰ ਇਲਾਕਾਈ ਪਾਰਟੀਆਂ ਨਾਲ ਮਿਲਕੇ  ਸਰਕਾਰਾਂ ਬਣਾਈਆਂ ਪਰ ਆਪਣੇ ਰਾਮ ਮੰਦਰ ਦੇ ਏਜੰਡੇ ਨੂੰ ਪੂਰਾ ਨਾਂ  ਕਰ ਸਕਣ ਦੇ ਕਾਰਨ ਆਮ  ਹਿੰਦੂਆਂ ਦੇ ਮਨੋਂ ਲਹਿ ਗਈ ਅਤੇ ਕਾਂਗਰਸ ਦੇਸ ਤੇ ਦੁਬਾਰਾ ਪਿੱਛਲੇ ਦਸ ਸਾਲਾਂ ਤੋਂ ਕਾਬਜ ਹੁੰਦੀ ਚਲੀ ਆ ਰਹੀ ਹੈ । ਸੋਨੀਆਂ ਗਾਂਧੀ ਦੀ ਰਹਿਨੁਮਾਈ ਵਿੱਚ ਮਨਮੋਹਨ ਸਿੰਘ ਨੇ ਪੂਰੀ ਤਰਾਂ ਸਫਲਤਾ ਨਾਲ ਸਥਿਰ ਸਰਕਾਰ ਦਿੱਤੀ ਹੈ । ਕੁੱਝ ਰਾਜਾਂ ਵਿੱਚ ਬੀਜੇਪੀ ਨੇ ਪੱਕੀ ਤਰਾਂ ਪੈਰ ਜਮਾ ਲਏ ਹਨ ਪਰ ਸੈਂਟਰ ਸਰਕਾਰ ਵਿੱਚ ਪੂਰਨ ਬਹੁਮੱਤ ਪਰਾਪਤ ਕਰਨ ਲਈ ਦੇਸ ਦੀ  ਵੋਟਾਂ ਦਾ ਧਰੁਵੀਕਰਨ ਹਾਲੇ  ਵੀ ਉਸ ਦੇ ਹੱਕ ਵਿੱਚ ਨਹੀਂ ਜਾਪਦਾ ਕਿਉਂਕਿ ਦੇਸ ਦੀ ਘੱਟ ਗਿਣਤੀਆਂ ਨੂੰ ਬੀਜੇਪੀ ਤੋਂ ਡਰ ਮਹਿਸੂਸ ਹੁੰਦਾਂ ਹੈ ਦੇਸ ਦਾ ਸੈਕੂਲਰ  ਹਿੰਦੂ  ਵੀ ਵਰਤਮਾਨ ਲੀਡਰਸਿਪ ਤੇ ਵਿਸਵਾਸ ਨਹੀਂ ਕਰ ਰਿਹਾ ਜੋ ਹਿੰਦੂ ਹਿੱਤਾਂ ਦੇ ਨਾਲ ਦੇਸ ਦਾ ਵਿਕਾਸ ਵੀ ਲੋਚਦਾ ਹੈ । ਗੁਜਰਾਤ ਦਾ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਘੱਟ ਗਿਣਤੀਆਂ ਦੇ ਗਰਮ ਖਿਆਲੀਆਂ ਨਾਲ ਸਖਤੀ ਨਾਲ ਨਿਪਟਕੇ ਆਰ ਐਸ ਐਸ ਦੀ ਖੁਸਨੀਦੀ ਹਾਸਲ਼ ਕਰ ਲਈ ਹੈ ਅਤੇ ਵਿਕਾਸ ਦਾ ਰਾਗ ਅਲਾਪ ਕੇ ਮੀਡੀਆ ਮਨੇਜਮੈਂਟ ਦੁਆਰਾ ਗੁਜਰਾਤ ਤੇ ਲਗਾਤਾਰ ਤਿੰਨ ਵਾਰ ਸਰਕਾਰ ਬਣਾਈ ਹੋਈ ਹੈ । ਵਿਕਾਸ ਦੇ ਨਾਂ ਤੇ ਦੇਸ ਦੇ ਕਾਰਖਾਨੇਦਾਰ ਉਸਦੀ ਪਿੱਠ ਤੇ ਹਨ ਅਤੇ ਧਾਰਮਿਕ ਕੱਟੜਤਾ ਦੇ ਵਿਖਾਵੇ ਨਾਲ ਹਿੰਦੂਆਂ ਦੇ ਵੱਡੇ ਹਿੱਸੇ ਦੇ ਵੀ ਚਹੇਤੇ ਬਣੇ ਹੋਏ ਹਨ। ਭਾਰਤੀ ਜਨਤਾ ਪਾਰਟੀ ਦੀ ਅਸਫਲਤਾ ਦੇ ਕਾਰਨ ਆਰ ਐਸ ਐਸ ਦੇ ਨੀਤੀ ਘੜੂ ਗੁੱਟ ਨੇ ਨਵੀਂ ਚਾਲ ਖੇਡਦਿਆਂ ਹੋਇਆਂ ਇਸ ਵਾਰ ਪਾਰਟੀ ਦੀ ਥਾਂ ਚੋਣ ਨੂੰ ਵਿਅਕਤੀ ਅਧਾਰਤ ਕਰਨ ਦੀ ਚਾਲ ਖੇਡ ਦਿੱਤੀ ਹੈ ਅਤੇ  ਇੱਕ ਵਿਅਕਤੀ ਨਰਿੰਦਰ ਮੋਦੀ ਦਾ ਨਾਂ  ਵਰਤਣ ਦੀ ਨੀਤੀ ਘੜੀ ਹੈ । ਭਾਵੇਂ ਦੇਸ ਦੀ ਵਿਵਸਥਾ ਵਿੱਚ ਇੱਕ ਵਿਅਕਤੀ ਦੇ ਅਧਾਰ ਤੇ ਫੈਸਲੇ ਨਹੀਂ ਹੁੰਦੇ  ਸਗੋਂ  ਦੇਸ ਦੀ ਪਾਰਲੀਮੈਂਟ ਦਾ ਬਹੁਮੱਤ ਹੀ ਫੈਸਲੇ ਲੈਂਦਾਂ ਹੈ। ਦੇਸ ਦਾ ਲੋਕਤੰਤਰੀ ਸਿਸਟਮ ਕਿਸੇ ਇੱਕ ਵਿਅਕਤੀ ਦਾ ਗੁਲਾਮ ਨਹੀਂ ਹੈ ।
                            ਵਰਤਮਾਨ ਰਾਜ ਕਰਦੀ ਪਾਰਟੀ ਦੇ ਵਿੱਚ ਗਾਂਧੀ ਪਰੀਵਾਰ ਅਤੇ ਚਾਪਲੂਸਾਂ ਤੋਂ ਬਿਨਾਂ ਨੀਤੀਆਂ ਦੀ ਅਗਵਾਈ ਦੇਣ ਵਾਲਿਆਂ ਦੀ ਘਾਟ ਮਹਿਸੂਸ ਹੋ ਰਹੀ ਹੈ ਜੋ ਦੇਸ ਨੂੰ  ਬੀਜੇਪੀ ਦੇ ਗੁੰਮਰਾਹ ਕਰੂ ਪਰਚਾਰ ਤੋਂ ਬਚਾ ਦਾ ਕੋਈ ਹੱਲ ਨਹੀਂ ਦੱਸ ਰਹੇ । ਕਾਂਗਰਸ ਨੂੰ ਦੇਸ ਦੇ ਲੋਕਾਂ ਨੂੰ ਦੱਸਣਾਂ ਬਣਦਾ ਹੈ ਕਿ ਭਾਰਤੀ ਲੋਕਤੰਤਰ ਵਿੱਚ ਵਿਅਕਤੀ ਫੈਸਲੇ ਨਹੀਂ ਲੈਂਦਾਂ ਸਗੋਂ ਕੈਬਨਿਟ ਅਤੇ ਸੰਸਦ ਦਾ ਬਹੁਮੱਤ ਹੀ ਫੈਸਲੇ  ਕਰਦਾ ਹੈ। ਕੋਈ ਇਕੱਲਾਵਿਅਕਤੀ ਦੇਟਸ ਨਹੀਂ ਚਲਾਉਂਦਾ ।
 ਭਾਰਤੀ ਜਨਤਾ ਪਾਰਟੀ ਅਤੇ ਇਸਦੇ ਨੀਤੀ ਘਾੜੇ ਦੇਸ ਦੇ ਵੋਟਰਾਂ ਨੂੰ ਗੁੰਮਰਾਹ ਕਰਨ ਦੀ ਪੂਰੀ ਕੋਸਿਸ ਕਰ ਰਹੇ ਹਨ। ਕੋਈ ਵੀ ਪਾਰਟੀ  ਵਰਤਮਾਨ ਹਾਲਤਾਂ ਵਿੱਚ ਇਕੱਲੀ ਬਹੁਮਤ ਹਾਸਲ ਕਰਨ ਦੇ ਯੋਗ ਨਹੀਂ ਹੈ। ਜੇ ਦੇਸ  ਦੀ ਸੈਂਟਰ ਸਰਕਾਰ ਇੱਕ ਪਾਰਟੀ ਦੀ ਬਣ ਵੀ ਜਾਵੇ  ਤਾਂ ਵੀ ਦੇਸ ਦੇ ਬਹੁਤ ਸਾਰੇ ਸੂਬਿਆਂ ਵਿੱਚ ਵੀ ਸਾਂਝਾਂ ਸਰਕਾਰਾਂ ਬਣਦੀਆਂ ਹਨ ਜੋ ਕਦੇ ਵੀ ਸੈਂਟਰ ਸਰਕਾਰ ਦੀ ਡਿਕਟੇਟਰ ਸਿਪ ਨਾਲ ਸਹਿਮਤ ਨਹੀ ਹੋ ਸਕਦੀਆਂ ਅਤੇ ਦੇਸ ਦੀ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦਿੰਦੀਆਂ ਹਨ। ਅੰਤਰ ਰਾਸਟਰੀ ਸਕਤੀਆਂ ਵੀ ਹਿੰਦੋਸਤਾਨ ਵਰਗੇ ਵੱਡੇ ਮੁਲਕ ਵਿੱਚ ਫਿਰਕੂ ਅਤੇ ਕੱਟੜ ਆਗੂਆਂ ਦੇ ਹੱਕ ਵਿੱਚ ਨਹੀ ਹਨ ਜੋ ਹਰ ਤਰੀਕਾ ਵਰਤਣਗੀਆਂ ਕਿ ਦੇਸ ਦੀ ਸਰਕਾਰ ਉਹਨਾਂ ਸਕਤੀਆਂ ਦੀ ਸਹਿਯੋਗੀ ਹੋਵੇ । ਨਰਿੰਦਰ ਮੋਦੀ ਗੁਜਰਾਤ ਵਿੱਚ ਵੀ ਫਿਰਕੂ ਸੋਚ ਨਹੀ ਲਾਗੂ ਕਰ ਸਕਦਾ ਜੇ ਆਰ ਐਸ ਐਸ ਦੀ ਪੁਸਤ ਪਨਾਹੀ ਨਾਂ ਹੋਵੇ । ਮੋਦੀ ਦੀ ਗੁਜਰਾਤ ਦੰਗਿਆਂ ਸਮੇਂ ਫਿਰਕੂ ਨੀਤੀ ਤੋਂ ਨਰਾਜ ਵਾਜਪਾਈ ਦੇ ਗੁੱਸੇ ਨੂੰ ਠੰਡਾਂ ਕਰਨ ਲਈ ਆਰ ਐਸ ਐਸ ਨੇ ਆਪਣੇ ਪੈਨਲਟੀ ਸਟਰੋਕ ਨਾਲ ਮੋਦੀ ਨੂੰ ਬਚਾਇਆ ਸੀ ਜਿਸ ਦਾ ਭਾਵ ਹੈ ਕਿ ਪਰਧਾਨ ਮੰਤਰੀ ਹੋਣ ਦੇ ਬਾਵਜੂਦ ਉਹ ਆਪਣੀ ਇੱਛਾ ਲਾਗੂ ਨਹੀਂ ਕਰ ਸਕੇ  ਸਨ ਅਤੇ ਇਸ ਤਰਾਂ ਹੀ ਮੋਦੀ ਵੀ ਆਪਣੀ ਨੀਤੀ ਲਾਗੂ ਨਹੀਂ ਕਰ ਸਕਣਗੇ । ਅਸਲ ਨੀਤੀਆਂ ਤਾਂ ਮੋਦੀ ਨੂੰ ਸਥਾਪਤ ਕਰਵਾਉਣ ਵਾਲੀਆਂ ਸਕਤੀਆਂ ਆਰ ਐਸ ਅੇਸ  ਅਤੇ ਉਦਯੋਗਿਕ ਘਰਾਣੇ ਹੀ ਹੋਣਗੇ ਜਿੰਹਨਾਂ ਦਾ ਬਹੁਤ ਸਾਰੇ ਮੈਂਬਰ ਪਾਰਲੀਮੈਂਟਾਂ ਤੇ ਹੱਥ ਹੁੰਦਾਂ ਹੈ। ਮੋਦੀ ਨੂੰ ਚਲਾਉਣ ਵਾਲਿਆਂ ਦੇ ਹਿੱਤ ਦੇਸ ਨੂੰ ਅਰਾਜਕਤਾ ਦੇ ਵੱਲ ਧੱਕਣ ਵਾਲੇ ਹਨ । ਸੋ ਕਾਂਗਰਸ ਸਮੇਤ ਬੀਜੇਪੀ  ਵਿਰੋਧੀ ਪਾਰਟੀਆਂ ਨੂੰ ਦੇਸ ਨੂੰ ਦੱਸਣਾਂ ਬਣਦਾ ਹੈ ਕਿ ਮੋਦੀ ਦੀ ਡਿਕਟੇਟਰ ਸਿਪ ਦੇਸ ਦੇ ਲੋਕਤੰਤਰ ਵਿੱਚ ਸੰਭਵ ਹੀ ਨਹੀਂ । ਮੋਦੀ ਨੂੰ ਸਥਾਪਤ ਕਰਵਾਉੇਣ ਵਾਲੀ ਆਰ ਐਸ ਐਸ ਦੇਸ ਦੀ ਏਕਤਾ ਨੂੰ ਖਤਰਾ ਖੜਾ ਕਰ ਦੇਵੇਗੀ । ਦੇਸ ਨੂੰ ਵਿਕਾਸ ਦੇ ਰਸਤੇ ਤੇ ਚਲਾਉਣ ਲਈ ਸਾਂਤੀ ਅਤੇ ਸੈਕੂਲਰ ਰਾਜਨੀਤਕ ਧੜਿਆਂ  ਦੀ ਹੋਂਦ ਬਣਾਈ ਰੱਖਣੀ ਜਰੂਰੀ ਹੈ। ਦੇਸ ਦਾ ਵਿਕਾਸ ਫਿਰਕੂ ਪਾਰਟੀਆਂ ਰਾਂਹੀ ਨਹੀ ਸਗੋਂ ਦੇਸ ਦੀਆਂ ਸਮੁੱਚੀਆਂ ਕੌਮੀਅਤਾਂ ਅਤੇ ਧਰਮ ਧੜਿਆਂ ਦੀ ਏਕਤਾ ਨਾਲ ਹੀ ਸੰਭਵ ਹੈ । ਸੋ ਦੇਸ ਨੂੰ ਵਿਕਸਿਤ  ਮੁਲਕਾਂ ਨਾਲ ਟੱਕਰ ਦੇਣ ਲਈ ਸੈਕੂਲਰ ਤਾਕਤਾਂ ਦੀ ਜਿੱਤ ਹੀ ਹੋਣੀ ਚਾਹੀਦੀ ਹੈ।
                ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ  
 

Saturday 11 January 2014

ਵਿਦਿਅਕ ਅਦਾਰੇ ਅਤੇ ਸਰਕਾਰਾਂ ਮੁਜਰਮ ਪੈਦਾ ਕਰਨ ਦੀ ਜੁੰਮੇਵਾਰੀ ਵੀ ਲੈਣ ?

                                 
 ਕਿਸੇ ਵੀ ਵਿਦਿਅਕ ਅਦਾਰੇ ਵਿੱਚ ਚਲੇ ਜਾਉ ਤਦ ਉੱਥੋਂ ਦੇ ਪਰਬੰਧਕ ਉਹਨਾਂ ਲੋਕਾਂ ਦੇ ਨਾਂ ਗਿਣਾਉਣ ਸੁਰੂ ਕਰ ਦਿੰਦੇ ਹਨ ਜਿੰਹਨਾਂ ਲੋਕਾਂ ਨੇ ਜਿੰਦਗੀ ਵਿੱਚ ਕੋਈ ਤਰੱਕੀ ਹਾਸਲ ਕਰੀ ਹੁੰਦੀ ਹੈ । ਇਹ ਤਰੱਕੀ ਹਾਸਲ ਕਰਨ ਵਾਲਿਆ ਵਿੱਚ ਵੱਧ ਤੋਂ ਵੱਧ ਆਮ ਤੌਰ ਤੇ ਦੋ ਚਾਰ ਪਹਿਲਾ ਦਰਜਾ ਮੁਲਾਜਮ ਹੁੰਦੇ ਹਨ। ਇਸ ਤੋਂ ਬਾਦ ਦਸ ਬੀਹ ਦੂਜੇ ਤੀਜੇ ਦਰਜੇ ਦੇ ਮੁਲਾਜਮ ਹੋ ਸਕਦੇ ਹਨ ਪਰ ਇੰਹਨਾਂ ਹੀ ਵਿਦਿਅਕ ਅਦਾਰਿਆਂ ਵਿੱਚ ਮੁਲਜਮ, ਚੋਰ ਲੁਟੇਰੇ , ਨਸੇਬਾਜ ਆਦਿ ਬਣਨ ਵਾਲਿਆਂ ਦਾ ਕੋਈ ਰਿਕਾਰਡ ਕਦੇ ਵੀ ਨਹੀਂ ਦੱਸਿਆ ਜਾਂਦਾਂ। ਅੱਜ ਦੇਸ ਦੀ ਜੇਲਾਂ ਵਿੱਚ ਪੜੇ ਲਿਖੇ ਮੁਜਰਮਾਂ ਦੀ ਗਿਣਤੀ ਬਹੁਤ ਹੀ ਜਿਆਦਾ ਹੈ । ਇੰਹਨਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਕੀ ਅੱਜ ਤੱਕ ਤੁਸੀ ਕੋਈ ਇਹੋ ਜਿਹਾ ਅਦਾਰਾ ਦੇਖਿਆ ਹੈ ਜੋ ਸੱਚ ਦੱਸਦਾ ਹੋਵੇ ? ਵਿਦਿਆ ਨੂੰ ਵਪਾਰ ਬਣਾਕਿ ਅਸਲੀਅਤ ਤੇ ਪਰਦਾ ਪਾਉਣ ਵਾਲੇ ਵਿਦਿਅਕ ਅਦਾਰਿਆਂ ਨਾਲੋਂ ਤਾਂ ਅੱਤਵਾਦ ਦੇ ਸਕੂਲ ਚਲਾਉਣ ਵਾਲੇ ਵੀ ਸੱਚੇ ਹਨ ਜੋ ਆਪਣੇ ਸਕੂਲਾਂ ਵਿੱਚੋਂ ਨਿਕਲੇ ਅੱਤਵਾਦੀ , ਮੁਲਜਮਾਂ ਅਤੇ ਜੁਰਮ ਕਰਨ ਵਾਲਿਆਂ ਦਾ ਨਾਂ ਹਮੇਸਾਂ ਮਾਣ ਨਾਲ ਦੱਸਦੇ ਹਨ ਅਤੇ ਬਹੁਤ ਹੀ ਘੱਟ ਝੂਠ ਬੋਲਦੇ ਹਨ । ਦੁਨੀਆਂ ਵਿੱਚ ਜਦ ਭਾਰਤ ਦੇਸ ਦੀ ਤਸਵੀਰ ਭਿ੍ਰਸਟ ਮੁਲਕਾਂ ਵਿੱਚ ਸਿਖਰਲਿਆਂ ਵਿੱਚ ਕੀਤੀ ਜਾਂਦੀ ਹੈ ਤਦ ਵੀ ਸਾਡਾ ਮੁਲਕ ਇਹ ਮਾਣਯੋਗ ਪਰਾਪਤੀ ਇੰਹਨਾਂ ਵਿਦਿਅਕ ਅਦਾਰਿਆਂ ਵਿੱਚੋਂ ਨਿਕਲੇ ਭਿ੍ਰਸਟ ਮੁਲਾਜਮ ਵਰਗ ਦੇ ਕਾਰਨ ਹੀ ਹਾਸਲ ਕਰਦਾ ਹੈ। ਅੱਜ ਦੇਸ ਤਰੱਕੀ ਵਿਦਿਅਕ ਅਦਾਰਿਆਂ ਕਾਰਨ ਨਹੀਂ ਬਲਕਿ ਆਮ ਲੋਕਾਂ ਦੀ ਕਿਰਤ ਕਰਨ ਦੀ ਰੁਚੀ ਕਾਰਨ ਕਰ ਰਿਹਾ ਹੈ ਭਾਵੇਂ ਇਸ ਤਰੱਕੀ ਦੇ ਉੱਪਰ ਮੋਹਰਾਂ ਅਖੌਤੀ ਯੂਨੀਵਰਸਿਟੀਆਂ ਦੇ ਸਿੱਖਿਆ ਸਾਸਤਰੀ  ਲੋਕ ਅਤੇ ਵਿਦਿਅਕ ਅਦਾਰਿਆਂ ਦੇ ਵਪਾਰੀ ਮਾਲਕ ਲਾੳਂਦੇ ਰਹਿੰਦੇ ਹਨ। ਜਦ ਦੇਸ ਦੇ ਪਰਧਾਨ ਮੰਤਰੀ , ਮੁੱਖ ਮੰਤਰੀ ਜਾਂ ਕੋਈ ਹੋਰ ਵੱਡੀਆਂ ਪੋਸਟਾਂ ਤੇ ਪਹੁੰਚਦਾ ਹੈ ਤਦ ਉਸਦੀ ਪੜਾਈ ਕਰਵਾਉਣ ਵਾਲੇ ਬਹੁਤ ਸਾਰੇ ਵਿਦਿਅਕ ਅਦਾਰੇ ਅਤੇ ਅਧਿਆਪਕ ਸਾਹਿਬਾਨ ਸਾਹਮਣੇ ਆ ਜਾਂਦੇ ਹਨ ਪਰ ਜਦ ਉਹਨਾਂ ਵਿੱਚੋਂ ਕੋਈ ਵੱਡੇ ਘੁਟਾਲਿਆਂ ਦਾ ਦੋਸੀ ਸਿੱਧ ਹੋ ਜਾਂਦਾ ਹੈ ਤਦ ਕੋਈ ਵੀ ਉਹਨਾਂ ਦੀ ਭਿ੍ਰਸਟਤਾ ਦਾ ਤਮਗਾ ਪਰਾਪਤ ਕਰਨ ਵਿੱਚ ਆਪਣੇ ਸਹਿਯੋਗ ਦੀ ਗੱਲ ਕਰਨੀਂ ਹੀ ਭੁੱਲ ਜਾਂਦੇ ਹਨ। ਦੇਸ ਦੇ ਵਿੱਚ ਦਿੱਤੀ ਜਾਣ ਵਾਲੀ ਵਿਦਿਆਂ ਦੇ ਵਿੱਚੋਂ ਨੈਤਿਕਤਾ ਸਿਖਾਉਣ ਦੀ ਥਾਂ ਮੁਨਾਫਿਆਂ ਦੀ ਖੇਡ ਸਿਖਾਉਣ ਨਾਲ ਹੀ ਤਾਂ ਇਹ ਸਾਰਾ ਕੁੱਝ ਪੈਦਾ ਹੋ ਰਿਹਾ ਹੈ। ਸਰਮਾਇਆ ਅਧਾਰਤ ਸਿਰਜੇ ਜਾ ਰਹੇ ਸਮਾਜ ਵਿੱਚ ਇਨਸਾਨ ਤੋਂ ਮਸੀਨ ਬਣਿਆ ਮਨੁੱਖ ਬੇਰਹਿਮ ਹੋਣ ਦੀ ਪੌੜੀ ਤੇ ਚੜਦਾ ਜਾ ਰਿਹਾ ਹੈ । ਹਰ ਵਿਅਕਤੀ ਪੈਸੇ ਦੇ ਪਹਾੜ ਖੜੇ ਕਰਨ ਦੇ ਲਈ ਹੀ ਤਿਆਰ ਕੀਤਾ ਜਾ ਰਿਹਾ ਹੈ । ਆਮ ਮਨੁੱਖ ਪੈਸੇ ਦੇ ਪਹਾੜ ਤੇ ਤਾਂ ਕਦੇ ਚੜ ਨਹੀਂ ਸਕਦਾ ਪਰ ਇਸ ਤੇ ਚੜਨ ਵਿੱਚ ਲੁੱਟਿਆ ਜਰੂਰ ਜਾਂਦਾ ਹੈ।
                       ਦੇਸ ਦੇ ਹਰ ਵਿਦਿਅਕ ਅਦਾਰੇ ਤੇ ਲਿਖਿਆ ਜਾਣਾਂ ਚਾਹੀਦਾ ਹੈ ਕਿ ਇਸ ਵਿਦਿਆ ਨੂੰ ਪਰਾਪਤ ਕਰਨ ਤੋਂ ਬਾਅਦ ਰੋਜਗਾਰ ਦੀ ਕੋਈ ਗਰੰਟੀ ਨਹੀਂ । ਵਿਦਿਆ ਮਨੁੱਖ ਨੂੰ ਨਵਾਂ ਗਿਆਨ ਸਿੱਖਣ ਦੇ ਲਈ ਹੋਣੀ ਚਾਹੀਦੀ ਹੈ ਨਾਂ ਕਿ ਵਿਦਿਆ ਦੇ ਰਾਂਹੀ ਲੁੱਟਣ ਲਈ । ਦਸਵੀਂ ਜਾਂ ਬਾਰਵੀਂ ਤੱਕ ਵਿਦਿਆ  ਅੱਖਰੀ ਗਿਆਨ ਅਤੇ ਨੈਤਿਕਤਾ ਸਿਖਾ ਦੇਣ ਵਾਲੀ ਹੀ ਹੋਵੇ । ਇਸ ਲੈਵਲ ਤੋਂ ਬਾਅਦ ਹੀ ਕਿਸੇ ਟੈਸਟ ਨੂੰ ਪਾਸ ਕਰਨ ਵਾਲੇ ਨੂੰ ਹੀ ਉਸਦੀ ਡਿਗਰੀ ਜਾਂ ਡਿਪਲੋਮੇ ਹਾਸਲ ਕਰਨ ਦੀ ਆਗਿਆ ਹੋਵੇ ਅਤੇ ਉਸ ਨੂੰ ਪਾਸ ਕਰਨ ਤੋਂ ਬਾਦ ਰੋਜਗਾਰ ਦੀ ਗਰੰਟੀ ਵੀ ਹੋਣੀ ਚਾਹੀਦੀ ਹੈ । ਬਿਨਾਂ ਰੋਜਗਾਰ ਦੀ ਗਰੰਟੀ ਦੇ ਉੱਚ ਲੈਵਲ ਦੀ ਵਿਦਿਆਂ ਸਿਰਫ ਲੁੱਟਣ ਦਾ ਸਾਧਨ ਮਾਤਰ ਹੀ ਹੈ। ਜਦ ਉੱਚ ਲੈਵਲ ਦੀ ਵਿਦਿਆ ਹਾਸਲ ਕਰਨ ਵਾਲੇ ਪਰਾੀਵੇਟ ਜਾਂ ਸਰਕਾਰੀ ਰੋਜਗਾਰ ਹਾਸਲ ਨਹੀਂ ਕਰ ਪਾਉਂਦੇ ਫਿਰ ਉਹ ਉਦਾਸੀਆਂ ਦੇ ਸਿਕਾਰ ਹੋਕੇ ਗਲਤ ਰਸਤਿਆਂ ਜਾਂ ਹਾਰੇ ਹੋਏ ਲੋਕਾਂ ਦੀ ਲਾਈਨ ਵਿੱਚ ਜਾ ਖੜਦੇ ਹਨ । ਗਲਤ ਰਸਤਿਆਂ ਤੇ ਤੁਰਨ ਵਾਲੇ ਪੜੇ ਲਿਖੇ ਨੌਜਵਾਨ ਅੱਜਕਲ ਬੈਂਕ ਡਕੈਤੀਆਂ ਚੋਰੀਆਂ ਨਸੇ ਵੇਚਣ ਦੇ ਧੰਦੇ ,ਕਤਲ , ਅਤੇ ਹੋਰ ਜੁਰਮਾਂ ਦੀ ਦੁਨੀਆਂ ਵਿੱਚ ਆਮ ਹੀ ਸਾਮਲ ਹੋਈ ਜਾ ਰਹੇ ਹਨ ਜਾਂ ਫਿਰ ਆਪਣੇ ਸਟੇਟਸ ਤੋਂ ਹੇਠਾਂ ਡਿੱਗਕੇ ਨੀਂਵੇਂ ਦਰਜੇ ਦੇ ਕੰਮ ਕਰਦਿਆਂ ਆਤਮ ਗਿਲਾਨੀ ਦੀ ਦਲਦਲ ਵਿੱਚ ਧੱਸ ਜਾਂਦੇ ਹਨ। ਇਸ ਤਰਾਂ ਦੇ ਬਹੁਗਿਣਤੀ ਨੌਜਵਾਨ ਪੈਦਾ ਕਰਨ ਦੀ ਜੁੰਮੇਵਾਰੀ ਵਿਦਿਅਕ ਅਦਾਰਿਆਂ ਦੀ ਹੈ ਜੋ ਕਦੇ ਵੀ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਇਹੋ ਜਿਹੇ ਪੈਦਾ ਹੋਣ ਵਾਲੇ ਹਾਲਾਤ ਲਈ ਤਿਆਂਰ ਹੀ ਨਹੀਂ ਕਰਦੇ । ਦੇਸ ਦਆਂ ਸਰਕਾਰਾਂ ਅਤੇ ਬੇਅਕਲੇ ਬੇਈਮਾਨ ਰਾਜਨੀਤਕ ਵਿਦਿਅਕ ਅਦਾਰਿਆਂ ਅਤੇ ਵਿਦਿਆ ਰਾਂਹੀ ਨੌਜਵਾਨਾਂ ਨੂੰ ਲੁੱਟਾਕੇ ਭਵਿੱਖ ਲਈ ਖਤਰਨਾਕ ਫਸਲ ਬੀਜ ਰਹੇ ਹਨ। ਜੇ ਵਿਦਿਆ ਰੋਜਗਾਰ ਨਹੀਂ ਦੇ ਪਾਉਂਦੀ ਤਦ ਦੇਸ ਦੀ ਨੌਜਵਾਨੀ ਨੂੰ ਹਵਾਈ ਘੋੜਿਆਂ ਤੇ ਚੜਾਉਣ ਦੀ ਥਾਂ ਕਿਰਤ ਸਿਖਾਉਣ ਦੇ ਰਸਤੇ ਤੇ ਪਾਉਣਾਂ ਚਾਹੀਦਾ ਹੈ। ਵਿਦਿਅਕ ਅਦਾਰਿਆਂ ਦੇ ਵਿੱਚ ਲੱਖਾਂ ਲੈਕੇ ਪੇਸਾਵਰ ਕੋਰਸ ਕਿਰਤ ਨਹੀਂ ਸਿਖਾਉਂਦੇ ਸਿਰਫ ਸਰਟੀਫਿਕੇਟ ਹੀ ਦਿੰਦੇ ਹਨ। ਕਿਰਤ ਖੇਤਾਂ ਵਿੱਚ ,ਛੋਟੇ ਛੋਟੇ ਕਾਰਖਾਨਿਆਂ ਵਿੱਚ ਜਾਂ ਮੁਰੰਮਤ ਕਰਨ ਵਾਲੀਆਂ ਦੁਕਾਨਾਂ  ਵਿੱਚ ਮੁਫਤ ਵਿੱਚ ਮਿਲਦੀ ਹੈ।  ਅੱਜ ਦੇਸ ਦੇ ਕੋਈ ਵੀ ਵਿਦਿਅਕ ਅਦਾਰਾ ਪੰਜ ਪ੍ਰਤੀਸਤ ਤੋਂ ਵੱਧ ਰੋਜਗਾਰ ਪਰਾਪਤ ਕਰਨ ਵਾਲੇ ਵਿਦਿਆਰਥੀ ਪੈਦਾ ਨਹੀਂ ਕਰ ਰਿਹਾ । ਵਿਦਿਆ ਪਰਾਪਤ ਕਰਨ ਵਾਲਿਆਂ ਵਿੱਚੋਂ 95% ਨਿੱਜੀ ਕੰਮ ਧੰਦਿਆਂ ਵਿੱਚ ਹੀ ਜਾਕੇ ਜਿੰਦਗੀ ਬਸਰ ਕਰਦੇ ਹਨ। ਇਸ ਤਰਾਂ ਦੇ ਵਿਦਿਆਰਥੀ ਆਪਣੀਆਂ ਡਿਗਰੀਆਂ ਕਾਰਨ ਲੁੱਟੇ ਜਾਣ ਤੋਂ ਬਿਨਾਂ ਹੋਰ ਕੋਈ ਸਹਾਇਤਾ ਨਹੀਂ ਪਰਾਪਤ ਕਰਦੇ। ਸਰਕਾਰਾਂ ਦਾ ਸਹਿਯੋਗੀ ਅਮੀਰ ਲੇਖਕ ਵਰਗ ਕਦੇ ਵੀ ਆਮ ਲੋਕਾਂ ਦੀ ਇਸ ਸਮੱਸਿਆ ਨੂੰ ਅੰਨਾਂ ਤੇ ਬੋਲਾ ਹੋਣ ਕਾਰਨ ਮਹਿਸੂਸ ਹੀ ਨਹੀਂ ਕਰ ਸਕਦਾ ਅਤੇ ਸਾਇਦ ਗੂੰਗਾਂ ਵੀ ਹੈ ਜੋ ਕਦੇ ਬੋਲਦਾ ਵੀ ਨਹੀਂ । ਰੋਜਗਾਰ ਦੇਣ ਤੋਂ ਬਿਨਾਂ ਵਿਦਿਆਂ ਸਿਰਫ ਅੱਖਰੀ ਗਿਆਨ ਦਾ ਮਾਧਿਅਮ ਹੀ ਹੈ । ਸੋ ਵਿਦਿਆ ਨੂੰ ਹਿੰਦੋਸਤਾਨ ਵਿੱਚ ਵਪਾਰ ਬਣਾਉਣਾਂ ਆਮ ਲੋਕਾਂ ਨਾਲ ਧੋਖਾ ਹੈ ਜੋ ਬੰਦ ਹੋਣਾਂ ਚਾਹੀਦਾ ਹੈ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ