Tuesday 24 September 2013

ਸਿੱਖਿਆ , ਬੇਰੁਜਗਾਰੀ ਅਤੇ ਵਪਾਰੀਕਰਨ

                             
 ਵਿਦਿਆ ਵਿਚਾਰੀ ਤਾਂ ਪਰਉਪਕਾਰੀ ਦਾ ਨਾਅਰਾ ਅੱਜ ਜਿਸ ਤਰਾਂ ਤੋੜਿਆਂ ਮਰੋੜਿਆ ਜਾ ਰਿਹਾ ਹੈ ਅਤਿ ਨਿੰਦਣਯੋਗ ਹੈ। ਸਰਕਾਰਾਂ ਵੱਲੋਂ ਵਿਦਿਆਰਥੀਆਂ ਨੂੰ ਰੋਜਗਾਰ ਦੇਣ ਦਤੋਂ ਬਚਾਅ   ਲਈ ਨਵੇਂ ਨਵੇਂ ਤਰੀਕੇ ਅਪਣਾਏ ਜਾ ਰਹੇ ਹਨ ਜਿੰਹਨਾਂ ਵਿੱਚੋਂ ਹੈ ਇੱਕ ਇਹ ਪਰੋਫੈਸਨਲ ਕੋਰਸ। ਇਸ ਤਰਾਂ ਦੇ ਕੋਰਸ ਕਰਨ ਵਾਲੇ ਵਿਦਿਆਰਥੀ ਨਿੱਜੀ ਕੰਪਨੀਆਂ ਦੇ ਰਸਤਿਉਂ ਰੁਜਗਾਰ ਦੇ ਰਾਹੀ ਹੋ ਜਾਂਦੇ ਹਨ। ਇਹਨਾਂ ਪਰੋਫੈਸਨਲ ਕੋਰਸ ਕਰਵਾਉਣ ਵਾਲੇ ਕਾਲਜ ਅਤੇ ਯੂਨੀਵਰਸਿਟੀਆਂ ਨੂੰ ਮਨਮਰਜੀ ਦੀਆਂ ਫੀਸਾਂ ਵਸੂਲਣ ਦੇ ਅਧਿਕਾਰ ਦੇਕੇ ਲੋਕਾਂ ਨੂੰ ਦਿਨ ਦਿਹਾੜੇ ਲੁਟਾਇਆ ਜਾ ਰਿਹਾ ਹੈ। ਇੰਹਨਾਂ ਮਹਿੰਗੇ ਕੋਰਸਾਂ ਨੂੰ ਕਰਨ ਤੋਂ ਬਾਦ ਵੀ ਕੋਈ ਗਰੰਟੀ ਨਹੀਂ ਕਿ ਤੁਹਾਨੂੰ ਰੋਜਗਾਰ ਦੀ ਗਰੰਟੀ ਹੋ ਗਈ ਹੈ। ਪਰੋਫੈਸਨਲ ਕੋਰਸ ਕਰਨ ਵਾਲੇ ਵਿਦਆਰਥੀਆਂ ਦਾ ਅਕੈਡਮਿਕ ਪੜਾਈ ਨਾਲ ਰਾਬਤਾ ਘੱਟ ਜਾਣ ਕਾਰਨ ਉਹਨਾਂ ਲਈ ਸਰਕਾਰੀ ਰੋਜਗਾਰ ਹਾਸਲ ਕਰਨ ਲਈ ਟੈਸਟ ਪਾਸ ਕਰਨੇਂ ਵੀ ਮੁਸਕਲ ਹੋ ਜਾਂਦੇ ਹਨ। ਏਨੀ ਮਹਿਗੀ ਪੜਾਈ ਹਾਸਲ ਕਰਨ ਤੋਂ ਬਾਅਦ ਵੀ ਸਿਰਫ ਪੰਜ ਪ੍ਰਤੀਸਤ ਵਿਦਿਆਰਥੀ ਹੀ ਪਰਾਈਵੇਟ ਜਾਂ ਸਰਕਾਰੀ ਰੁਜਗਾਰ ਹਾਸਲ ਕਰ ਪਾਉਂਦੇ ਹਨ । ਬਾਕੀ 95% ਵਿਦਿਆਰਥੀ ਸਿਰਫ ਲੇਬਰ ਕਰਨ ਵਰਗੀ ਨੌਕਰੀ ਬਹੁਤ ਹੀ ਘੱਟ ਤਨਖਾਹ ਤੇ ਕਰਨ ਲਈ ਮਜਬੂਰ ਹੁੰਦੇ ਹਨ । ਇਸ ਤਰਾਂ ਦੇ ਵਿਦਿਆਰਥੀ ਅਤੇ ਮਾਪੇ ਆਪਣੇ ਆਪ ਨੂੰ ਠੱਗਿਆਂ ਮਹਿਸੂਸ ਕਰਨ ਲੱਗ ਜਾਂਦੇ ਹਨ। ਇਹਨਾਂ ਕੋਰਸਾਂ ਵਿੱਚ ਦਾਖਲਾ ਫੀਸ 30000 ਪ੍ਰਤੀ ਸਮੈਸਟਰ ਤੋਂ ਸੁਰੂ ਹੋਕੇ ਇੱਕ ਲੱਖ ਤੱਕ ਹੁੰਦੀ ਹੈ। ਇਸਦਾ ਭਾਵ 60000 ਸਾਲਾਨਾ ਘੱਟੋ ਘੱਟ ਫੀਸ ਦੇਣ ਵਾਲਾ ਵਿਦਿਆਰਥੀ ਵੀ 5000 ਰੁਪਏ ਪ੍ਰਤੀ ਮਹੀਨਾ ਦਿੰਦਾਂ ਹੈ ਹੋਸਟਲਾਂ ਅਤੇ ਹੋਰ ਵਾਧੂ ਖਰਚਿਆਂ ਦੇ ਨਾਂ ਤੇ ਵੱਖਰੀ ਲੁੱਟ ਕੀਤੀ ਜਾਂਦੀ ਹੈ। 60 ਵਿਦਿਆਰਥੀਆ ਤੋਂ 5000 ਦੀ ਫੀਸ ਦੇ ਹਿਸਾਬ ਨਾਲ ਤਿੰਨ ਲੱਖ ਪ੍ਰਤੀ ਮਹੀਨਾਂ ਵਸੂਲਣ ਵਾਲੇ ਅਦਾਰੇ ਲੈਕਚਰਾਰਾਂ ਨੂੰ 20  ਤੋਂ 40 ਹਜਾਰ ਤੱਕ ਵੀ ਮੁਸਕਲ ਨਾਲ ਦਿੰਦੇ ਹਨ। ਯੂਨੀਵਰਸਿਟੀਆਂ ਦੀ ਫੀਸ ਤਾਂ ਕਾਲਜਾਂ ਤੋਂ ਕਿਤੇ ਜਿਆਦਾ ਹੈ। ਹੋਸਟਲ ਦਾ ਖਰਚਾ 50000 ਤੋਂ ਇੱਕ ਲੱਖ ਤੱਕ ਵੱਖਰਾ ਲਿਆ ਜਾਂਦਾ ਹੈ। ਡਿਗਰੀ ਲੈਣ ਤੱਕ ਪੰਜ ਲੱਖ ਤੋਂ ਪੰਦਰਾਂ ਲੱਖ ਤੱਕ ਆਮ ਹੀ ਖਰਚਾ ਆ ਜਾਂਦਾਂ ਹੈ। ਸਾਡੀਆਂ ਸਰਕਾਰਾਂ ਪੇਸੇਵਰ ਵਿਦਿਆਰਥੀ ਪੈਦਾ ਕਰਨਾਂ ਤਾਂ ਲੋਚਦੀਆਂ ਹਨ ਪਰ ਇਹ ਕਿਉਂ ਨਹੀਂ ਸੋਚਦੀਆਂ ਕਿ ਇਸ ਤਰਾਂ ਦੇ ਪੇਸੇਵਰ ਵਿਦਿਆਰਥੀਆਂ ਲਈ ਰੋਜਗਾਰ ਦੇ ਮੌਕੇ ਵੀ ਹੋਣੇ ਚਾਹੀਦੇ ਹਨ । ਵਰਤਮਾਨ ਵਿੱਚ ਇਸ ਤਰਾਂ ਦੇ ਪੰਜ ਪ੍ਰਤੀਸਤ ਵਿਦਿਆਰਥੀਆਂ ਲਈ  ਵੀ ਨੌਕਰੀਆਂ ਨਹੀਂ ਪੈਦਾ ਹੋ ਰਹੀਆਂ । ਜਦ ਸਾਰੇ ਵਿਦਿਆਰਥੀਆਂ ਲਈ ਨੌਕਰੀਆਂ ਹੀ ਨਹੀਂ ਹਨ ਫਿਰ ਇਸ ਤਰਾਂ ਦੇ ਵਿਦਿਆਰਥੀਆਂ ਦੀ ਏਨੀ ਮਹਿੰਗੀ ਪੜਾਈ ਕਰਨੀਂ ਆਪਣੇ ਆਪ ਨੂੰ ਲੁਟਾਉਣਾਂ ਹੀ ਹੈ। ਸਾਡੀਆਂ ਸਰਕਾਰਾਂ ਨੂੰ ਪਰੋਫੈਸਨਲ ਵਿਦਿਆਂਰਥੀ  ਤਿਆਰ ਕਰਨ ਸਮੇਂ ਜਰੂਰ ਖਿਆਲ ਰੱਖਣਾਂ ਚਾਹੀਦਾ ਹੈ ਬਜਾਰ ਦੀ ਮੰਗ ਕਿੰਨੇ ਕੁ ਲੋਕਾਂ ਦੀ ਹੈ ।
                          ਵਰਤਮਾਨ ਵਿੱਚ ਵਪਾਰੀ ਕਿਸਮ ਦੇ ਅਮੀਰ ਲੋਕ ਬਾਜ ਅੱਖ ਰੱਖਦੇ ਹਨ ਕਿ ਲੋਕ ਕਿਸ ਪਾਸੇ ਨੂੰ ਤੁਰ ਰਹੇ ਹਨ ਤਾਂ ਉਹ ਰਾਜਨੀਤਕਾਂ ਨਾਲ ਮਿਲਕੇ ਉਸ ਦੀ ਹੀ ਲੁੱਟ ਸੁਰੂ ਕਰ ਦਿੰਦੇ ਹਨ । ਪਿੱਛਲੇ ਕੁੱਝ ਵਕਤ ਤੋਂ ਲੋਕਾਂ ਦਾ ਰੁਝਾਨ ਆਪਣੇ ਬੱਚਿਆਂ ਨੂੰ ਆਧੁਨਿਕ ਵਿਦਿਆ ਦਿਵਾਉਣ ਵੱਲ ਗਿਆ ਹੈ ਅਤੇ ਇਸ ਨੂੰ ਦੇਖਦਿਆਂ ਹੀ ਵਪਾਰੀ ਲੋਕਾਂ ਨੇ ਸਰਕਾਰਾਂ ਦੇ ਨਾਲ ਮਿਲਕੇ ਪਰੋਫੈਸਨਲ ਜਾਂ ਅਕਾਡਮਿਕ ਵਿਦਿਆਂ ਦੇਣ ਦੇ ਅਦਾਰਿਆਂ ਦਾ ਹੜ ਲਿਆ ਦਿੱਤਾ ਹੈ। ਆਮ ਲੋਕ  ਨੌਕਰੀ ਹਾਸਲ ਕਰਨ ਦੇ ਚੱਕਰਾਂ ਵਿੱਚ ਇਹਨਾਂ ਵਿਦਿਅਕ ਅਦਾਰਿਆਂ ਵੱਲ ਵਹੀਰਾਂ ਘੱਤ ਤੁਰੇ ਹਨ । ਇਹਨਾਂ ਵਿਦਿਆਰਥੀਆਂ ਦੀ ਵਪਾਰਕ ਅਦਾਰਿਆਂ ਵਿੱਚ ਅਨੇਕਾਂ ਢੰਗਾਂ ਨਾਲ ਲੁੱਟ ਕੀਤੀ ਜਾਂਦੀ ਹੈ। ਸਰਕਾਰ ਵੀ ਲੋਕਾਂ ਦੀ ਲੁੱਟ ਕਰਵਾਉਣਾਂ ਚਾਹੁੰਦੀ ਹੈ ਇਸ ਲਈ ਹਰ ਧੰਦੇ ਨੂੰ ਡਿਗਰੀ ਧਾਰਕਾਂ  ਦੇ ਕਬਜੇ ਵਿੱਚ ਦੇ ਰਹੀ ਹੈ। ਅੱਜ ਕਲ ਤਾਂ ਦੁਕਾਨਾਂ ਤੇ ਖੜੇ ਆਮ ਨੌਕਰ ਵੀ ਡਿਗਰੀਆਂ ਨਾਲ ਲੈਸ ਹਨ। ਅੱਜ ਪੰਜਾਬ ਦੇ ਤਾਂ ਹਰ ਸਹਿਰ ਪਿੰਡ ਵਿੱਚ ਸਕੂਲਾਂ ਕਾਲਜਾਂ ਦੀਆਂ ਵੱਡੀਆਂ 2 ਇਮਾਰਤਾਂ ਉਸਰ ਰਹੀਆਂ ਹਨ ਪਰ ਉਦਯੋਗਿਕ  ਯੁਨਿਟ ਕਿਧਰੇ ਦਿਖਾਈ ਨਹੀਂ ਦਿੰਦੇ । ਸਰਕਾਰਾਂ ਨੂੰ ਲੋਕਾਂ ਨੂੰ ਰੋਜਗਾਰ ਦੇਣ ਵਾਲੇ ਉਦਯੋਗ ਬਣਾਉਣ ਦੀ ਨੀਤੀ ਤੇ ਚੱਲਣਾਂ ਚਾਹੀਦਾ ਹੈ ਜਿਸ ਵਿੱਚੋਂ ਲੋਕ ਰੋਜੀ ਰੋਟੀ ਕਮਾ ਸਕਣ ।ਪੰਜਾਬ ਵਿੱਚ ਪਹਿਲਾਂ ਹੀ 45 ਲੱਖ ਬੇਰੁਜਗਾਰਾਂ ਦੀ ਫੌਜ ਮਾਰਚ ਪਾਸਟ ਕਰੀ ਜਾ ਰਹੀ ਹੈ। ਲੋਕਾਂ ਦਾ ਸੋਸਣ ਕਰਵਾਉਣ ਲਈ ਹੀ ਵਿਦਿਅਕ ਅਦਾਰੇ ਖੋਲਣਾਂ ਸਰਾਸਰ ਧੋਖਾ ਹੈ। ਸੱਤ ਲੱਖ ਟਰੇਂਡ ਯੋਗਤਾ ਪਰਾਪਤ ਅਧਿਆਪਕਾਂ ਨੂੰ ਨਵੇਂ ਟੈਸਟਾਂ ਵਿੱਚ ਫੇਲ ਐਲਾਨ ਕੇ ਸਦਾ ਲਈ ਬੇਰੁਜਗਾਰ ਕਰ ਦਿੱਤਾ ਗਿਆ ਹੈ ਫਿਰ ਬੀ ਐਡ ਅਤੇ ਈ ਟੀ ਟੀ ਵਗੈਰਾ ਕੋਰਸ ਕਰਵਾਉਣ ਦੀ ਕੀ ਲੋੜ ਹੈ ਜੇ ਉਹਨਾਂ ਦੀ ਕੋਈ ਕੀਮਤ ਹੀ ਨਹੀਂ। ਜਾਂ ਫਿਰ ਇਸ ਤਰਾਂ ਦੀ ਟੀਚਰ ਬਣਾਉਣ ਵਾਲੇ ਲੁੱਟ ਦੇ ਅੱਡੇ ਖੋਲਣ ਦੀ ਕੀ ਲੋੜ ਹੈ ਜਿਹਨਾਂ ਅਧਿਆਪਕ ਤਾਂ ਤਿਆਰ ਕੀਤੇ ਸੱਤ ਲੱਖ ਪਰ ਉਹਨਾਂ ਵਿੱਚੋਂ ਪਾਸ ਹੋਏ ਸਿਰਫ 7000 । ਕੀ ਇਹੋ ਜਿਹੀਆਂ ਸੰਸਥਾਵਾਂ ਦੁਆਰਾ ਵਿਦਿਆਰਥੀਆਂ ਦੀ ਕੀਤੀ ਲੁੱਟ ਵਾਪਸ ਨਹੀਂ ਕਰਵਾਈ ਜਾਣੀ ਚਾਹੀਦੀ ਜਿਹੜੇ ਅਧਿਆਪਕ ਲੱਗਣ ਦੇ ਯੋਗ ਹੀ ਨਹੀ ਬਣਾ ਸਕੇ। ਇਸ ਤਰਾਂ ਹੀ ਦੂਜੇ ਡਿਗਰੀ ਦੇਣ ਵਾਲੇ ਅਦਾਰਿਆਂ ਦਾ ਹਾਲ ਹੈ। । ਆਮ ਲੋਕਾਂ ਦੀ ਵਿਦਿਆ ਦੇ ਨਾਂ ਤੇ ਲੁੱਟ ਹੋਣੀ ਮਾੜੀ ਗੱਲ ਹੈ । ਇੱਕ ਨਾਂ ਇੱਕ ਦਿਨ ਲੋਕ ਰੋਹ ਜਰੂਰ ਸੋਚੇਗਾ ਅਤੇ ਸਰਕਾਰਾਂ ਤੋਂ ਜਵਾਬ ਮੰਗੇਗਾ ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ

Sunday 15 September 2013

ਤਰਕਸੀਲਤਾ ਤੋਂ ਦੂਰ ਸੱਚ ਦੇ ਰੁਬਰੂ ਹੁੰਦਿਆਂ ?


                              ਗਿਆਨ ਜਾਂ ਸੱਚ ਜਾਨਣ ਲਈ ਤਰਕ ਕਰਨੇਂ ਗਲਤ ਨਹੀਂ ਹੁੰਦੇ ਪਰ ਆਪਣੀ ਹੀ ਸੋਚ ਨੂੰ ਤਰਕਾਂ ਆਸਰੇ ਸਹੀ ਸਿੱਧ ਕਰਨਾਂ ਜਰੂਰੀ ਨਹੀਂ ਸੱਚ ਵੀ ਹੋਵੇ। ਆਪਣੀ ਹੀ ਸੋਚ ਨੂੰ ਅੰਤਿਮ ਮੰਨਦਿਆਂ ਤਰਕਸੀਲ ਹੋਣਾਂ ਸੱਚ ਤੋਂ ਦੂਰ ਜਾਣ ਦਾ ਰਸਤਾ ਹੈ ।  ਸਵਾਰਥ ਅਧਾਰਤ ਤਰਕ ਮਨੁੱਖ ਦੀ ਸੋਚ ਨੂੰ ਖੜੋਤ ਵਿੱਚ ਲੈ ਜਾਂਦਾ ਹੈ । ਮਨੁੱਖ ਨੂੰ ਸਦਾ ਸਿੱਖਣ ਵਾਲੀ ਬਿਰਤੀ ਵਿੱਚ ਹੀ ਰਹਿਣਾਂ ਚਾਹੀਦਾ ਹੈ ਜਿਸ ਵਿੱਚ ਬਿਬੇਕ ਬੁੱਧੀ ਦੀ ਵਰਤੋ ਕਰਨਾਂ ਹੀ ਮੁੱਖ ਹੁੰਦਾਂ ਹੈ। ਬਿਬੇਕ ਬੁੱਧੀ ਹਮੇਸਾਂ ਤਰਕ ਅਤੇ ਸਰਧਾ ਤੋਂ ਉਪਰ ਉੱਠਕੇ ਸੱਚ ਦੀ ਬੁੱਕਲ ਵਿੱਚ ਸਫਰ ਕਰਦੀ ਹੈ। ਬਿਬੇਕ ਬੁੱਧੀ ਹਮੇਸਾਂ ਉਸ ਤਰਕ ਅਤੇ ਸਰਧਾ ਨੂੰ ਹੀ ਮੰਨਦੀ ਜੇ ਉਹ ਸੱਚ ਵਿਚੋਂ ਉਪਜਦੀ ਹੈ। ਤਰਕ ਹਮੇਸਾਂ ਆਪਣੀ ਹੀ ਸੋਚ ਦੁਜਿਆਂ ਦੇ ਉੱਪਰ ਥੋਪਣ ਵਾਂਗ ਹੀ ਹੁੰਦਾਂ ਹੈ। ਤਰਕ ਹਰ ਮਨੁੱਖ ਦੇ ਹਮੇਸਾਂ ਆਪਣੇ ਹੁੰਦੇ ਹਨ। ਚੋਰ ,ਠੱਗ ,ਕਾਤਲ ,ਅਤੇ ਭਰਿਸਟ ਲੋਕ ਵੀ ਆਪਣੇ ਕੰਮਾਂ ਵਾਸਤੇ ਅਨੇਕਾਂ ਤਰਕ ਵਰਤਦੇ ਹਨ ਪਰ ਇਸ ਨਾਲ ਉਹ ਕੋਈ ਸੱਚੇ ਨਹੀਂ ਬਣ ਜਾਂਦੇ । ਦੁਨੀਆਂ ਉੱਪਰ ਵਕੀਲ ਨਾਂ ਦਾ ਪੇਸਾ ਚਲਦਾ ਹੀ ਤਰਕਾਂ ਦੇ ਆਸਰੇ ਹੈ ਜਿਸ ਵਿੱਚ 90% ਤੋਂ ਵੀ ਜਿਆਦਾ ਝੂਠ ਹੀ ਚਲਦਾ ਹੈ।
                                  ਪੂਰਨ ਸੱਚ ਜਾਨਣ ਵਾਲਾ ਮਨੁੱਖ ਉਹ ਹੋ ਸਕਦਾ ਹੈ ਜਿਸ ਨੂੰ  ਬ੍ਰਹਿਮੰਡ ਦਾ ਸਾਰਾ ਗਿਆਨ ਹੋ ਜਾਵੇ ਜੋ ਕਿ ਅੱਜ ਤੱਕ ਕਿਸੇ ਨੂੰ ਹਾਸਲ ਨਹੀਂ ਹੋਇਆ। ਦੁਨੀਆਂ ਦੇ ਵੱਡ ਵੱਡੇ ਵਿਗਿਆਨੀ,ਗਿਆਨੀ , ਫਕੀਰ , ਬਾਦਸਾਹ ਸਭ ਉਸ ਅਨੰਤ ਕੁਦਰਤ ਨੂੰ ਹੀ ਵੱਡਾ ਮੰਨਦੇ ਹਨ ਜਿਸ ਨੂੰ ਕੋਈ ਵੀ ਪੂਰਾ ਜਾਣ ਨਹੀਂ ਸਕਿਆ। ਕਿਸੇ ਵਕਤ ਤਰਕਸੀਲ ਮਨੁੱਖਾਂ ਦੇ ਤਰਕ ਨੇ ਵਸਤੂਆਂ ਜਾਂ ਮਾਦੇ ਨੂੰ ਜੀਵ ਅਤੇ ਨਿਰਜੀਵ ਵਿੱਚ ਵੰਡਿਆ ਸੀ । ਨਿਰਜੀਵ ਵਸਤੂਆਂ ਨੂੰ ਗਤੀ ਰਹਿਤ ਹੋਣ ਦੇ ਦਾਅਵੇ ਕੀਤੇ ਗਏ ਸਨ  ਪਰ ਸਮੇਂ ਨਾਲ ਵਿਗਿਆਨ ਦੇ ਸਹਾਰੇ ਨਿਰਜੀਵ ਵਸਤੂਆਂ ਵਿੱਚ ਵੀ ਜੀਵਨ ਵਰਗੀ ਗਤੀ ਦਿਸ ਰਹੀ ਹੈ। ਨਿਰਜੀਵ ਜਾਂ ਜੜ੍ਹ ਵਸਤੂਆਂ ਜਿਉਦੀਆਂ ਨਸਲਾਂ ਤੋ ਜਿਆਦਾ ਗਤੀ ਅਤੇ ਤਾਕਤ ਦਾ ਰੂਪ ਦਿਸ ਰਹੀਆਂ ਹਨ। ਕਰੰਟ ਅਤੇ ਤਾਪਮਾਨ ਧਾਤਾਂ ਦੇ ਅਸੰਖ ਸਪੀਡ ਵਿੱਚ ਤੁਰ ਸਕਦਾ ਹੈ। ਮਨੱਖੀ ਮਨ ਦੇ ਵਿੱਚ ਭਰਿਆ ਸਭ ਕੁੱਝ ਬੋਲਿਆ ਜਾਂਦਾਂ ਹੈ ਦਿਖਾਇਆ ਨਹੀਂ ਜਾ ਸਕਦਾ ਪਰ ਨਿਰਜੀਵ ਵਸਤੂਆਂ ਵਿੱਚ ਭਰੀ ਹੋਈ ਅਵਾਜ ਜਾਂ ਦਰਿਸ਼ ਦਿਖਾਏ ਵੀ ਜਾ ਸਕਦੇ ਹਨ ਅਤੇ ਅੱਗੇ ਪਿੱਛੇ ਤੋਰੇ ਵੀ ਜਾ ਸਕਦੇ ਹਨ। ਜਿਵੈਂ ਪੈਨ ਡਰਾੀਵ  ਸੀਡੀਆਂ ,ਹਾਰਡ ਡਿਸਕਾਂ ਵਿੱਚ ਫੀਡ ਕੀਤੀ ਸਮੱਗਰੀ ਅੱਗੇ ਪਿੱਛੇ ਕੀਤੀ ਜਾ ਸਕਦੀ ਹੈ ਇਹ ਕਰਾਮਾਤ ਸਿਰਫ ਜੜ ਵਸਤੂਆਂ ਵਿੱਚ ਹੋ ਸਕਦੀ ਹੈ ਜੋ ਜਿਉਂਦੀਆਂ ਵਸਤੂਆਂ ਦੇ ਬਰਾਬਰ ਹੀ ਨਹੀਂ ਸਗੋਂ ਉਸ ਤੋਂ ਵੀ ਅੱਗੇ ਦੀ ਗੱਲ ਹੈ। ਭਾਵੇਂ ਕਿਸੇ ਸਮੇਂ ਤਰਕਸੀਲ ਲੋਕ ਇਸ ਤਰਾਂ ਹੋਣ ਨੂੰ ਮੂਰਖਤਾ ਕਹਿਣ ਤੱਕ ਜਾਂਦੇ ਸਨ ਪਰ ਕੁਦਰਤ ਦੇ ਅਨੰਤ ਭੇਤ ਅਣਗਿਣਤ ਹਨ ਜਿਸ ਵਿੱਚ ਪਤਾ ਹੀ ਨਹੀਂ ਕੀ ਕੀ ਛੁਪਿਆ ਪਿਆ ਹੈ।
                             ਵਿਗਿਆਨੀ ,ਡਾਕਟਰ , ਗਿਆਨਵਾਨ ਲੋਕ ਕਦੇ ਵੀ ਆਪਣੇ ਗਿਆਨ ਨੂੰ ਹੀ ਅੰਤਿਮ ਨਹੀਂ ਮੰਨਦੇ ਪਰ ਅਰਧ ਗਿਆਨ ਵਾਲੇ ਤਰਕਸੀਲ ਲੋਕ ਇਹ ਗਲਤੀ ਜਰੂਰ ਕਰਦੇ ਹਨ ਅਤੇ ਆਪਣੇ ਗਿਆਨ ਨੂੰ ਹੀ ਅੰਤਿਮ ਗਿਆਨ ਮੰਨਦੇ ਹਨ। ਤਰਕਸੀਲ ਲੋਕ ਕਦੇ ਸੂਰਜ ਨੂੰ ਘੁੰਮਾਇਆ ਕਰਦੇ ਸਨ ਪਰ ਵਕਤ ਦੇ ਨਾਲ ਸੂਰਜ ਨੂੰ ਤਰਕਾਂ ਦੇ ਸਹਾਰੇ ਘੁੰਮਾਉਣ ਵਾਲੇ ਹਾਰ ਗਏ ਅਤੇ ਧਰਤੀ ਘੁੰਮਦੀ ਹੋਣ ਦਾ ਸੱਚ ਪਰਗਟ ਹੋ ਗਿਆ।  ਜਿਹੜੇ ਲੋਕ ਤਰਕਾਂ ਦੇ ਸਹਾਰੇ ਕਹਿੰਦੇ ਸਨ ਕਿ ਅਵਾਜ ਬਿਨਾਂ ਤਾਰ ਤੋਂ ਦੂਰ ਨਹੀਂ ਪਹੁੰਚਾਈ ਜਾ ਸਕਦੀ ਅੱਜ ਹਜਾਰਾਂ ਲੱਖਾਂ ਕਿਲੋਮੀਟਰਾਂ ਦੂਰ ਅਵਾਜ ਤਾਂ ਕੀ ਤਸਵੀਰਾਂ ਵੀ ਭੇਜੀਆਂ ਜਾ ਰਹੀਆਂ ਹਨ। ਕੁਦਰਤ ਨੇ ਪਤਾ ਹੀ ਨਹੀ ਕਿੰਨੇ ਕੁ ਭੇਤ ਲੁਕੋਏ ਹੋਏ ਹਨ। ਜਦ ਬਨਾਉਟੀ ਤਰਕਸੀਲ ਲੋਕ ਇਹ ਦਾਅਵਾ ਕਰਦੇ ਹਨ ਕਿ ਇੱਕ ਦਿਨ ਮਨੁੱਖ ਸਾਰ ਭੇਤ ਜਾਣ ਲਏਗਾ ਤਦ ਉਹ ਇਹ ਭੁੱਲ ਜਾਂਦੇ ਹਨ ਕਿ ਇਨਸਾਨ ਨਾਂ ਦੇ ਜਾਨਵਰਾਂ ਦਾ ਡਾਇਨਾਂਸੋਰ ਦੇ ਯੁੱਗ ਵਾਂਗ ਸਾਇਦ ਮਨੁੱਖ ਦੇ ਮੂਰਖ ਕੰਮਾਂ ਕਰਕੇ ਹੀ ਇੱਕ ਦਿਨ ਖਾਤਮਾ ਜਰੂਰ ਹੀ ਹੋਵੇਗਾ ਪਰ ਕੁਦਰਤ ਦੀ ਗਤੀ ਫਿਰ ਵੀ ਚਾਲੂ ਰਹੇਗੀ। ਵਕਤ ਦੇ ਨਾਲ ਕੁਦਰਤ ਨੇ ਪਰੀਵਰਤਨ ਕਰਦੇ ਹੀ ਰਹਿਣਾਂ ਹੈ ਜਿਸ ਦੀ ਕੁੱਖ ਵਿੱਚੋਂ ਪਤਾ ਹੀ ਨਹੀਂ ਕੀ ਪੈਦਾ ਹੋ ਜਾਵੇਗਾ। ਸਿਆਣਾਂ ਮਨੱਖ ਜਿੰਦਗੀ ਦੇ ਵਰਤਮਾਨ ਵਿੱਚ ਖੁਸੀਆਂ ਨਾਲ ਜਿਉਂਦਾਂ ਹੈ ਪਰ ਤਰਕਸੀਲ ਮਨੁੱਖ ਭਵਿੱਖ ਦੀ ਚਿੰਤਾਂ ਵਿੱਚ ਵਰਤਮਾਨ ਨੂੰ ਨਸਟ ਕਰਦਾ ਰਹਿੰਦਾਂ ਹੈ ਜਿਸ ਨਾਲ ਤਰਕਸੀਲ ਮਨੁੱਖ ਦੀ ਸਾਰੀ ਜਿੰਦਗੀ ਨਰਕ ਦਾ ਸਾਗਰ ਬਣੀ ਰਹਿੰਦੀ ਹੈ। ਕਰਮ ਕਰਦੇ ਰਹਿਣਾਂ ਤਾਂ ਸਿ੍ਰਸਟੀ ਦੀ ਹਰ ਵਸਤੂ ਦਾ ਧਰਮ ਹੈ ਪਰ ਕੁਦਰਤ ਤੇ ਜਿੱਤ ਹਾਸਲ ਕਰਨ ਲਈ ਕਰਮ ਕਰਨਾਂ ਮਨੁੱਖ ਦਾ ਤਬਾਹੀ ਅਤੇ ਵਿਨਾਸ ਨੂੰ ਘਰ ਬੁਲਾਉਣਾਂ ਹੀ ਸਿੱਧ ਹੁੰਦਾਂ ਹੈ। ਮਨੁੱਖ ਨੂੰ ਆਪਣੀ ਜਿੰਦਗੀ ਜਿਉਣ ਵਾਲੀਆਂ ਲੋੜਾਂ ਅਨੁਸਾਰ ਕੰਮ ਕਰਨਾਂ ਭਾਵੇਂ ਗੁਨਾਹ ਨਹੀਂ ਪਰ ਅੱਯਾਸੀ ਦੇ ਸਾਧਨ ਪੈਦਾ ਕਰਨ ਲਈ ਤਕਨੀਕ ਨਾਂ ਦੇ ਪੰਛੀ ਦੀ ਸਵਾਰੀ ਕਰਦਿਆਂ ਉਦਯੋਗਿਕ ਕੂੜਾ ਕਚਰਾ ਪੈਦਾ ਕਰ ਲਈ ਧਰਤੀ ਨੂੰ ਵਾਤਾਵਰਣ ਨੂੰ ਤਬਾਹ ਕਰਦਿਆਂ ਮਨੁੱਖੀ ਜਿੰਦਗੀ ਦੇ ਖਾਤਮੇ ਦੀ ਨੀਂਹ ਰੱਖੀ ਜਾਣਾਂ ਤਰਕਸੀਲ ਲੋਕਾਂ ਲਈ ਤਾਂ ਸਿਆਣਫ ਹੋ ਸਕਦੀ ਹੈ ਪਰ ਬਿਬੇਕਸੀਲ ਜਾਂ ਗਿਆਨ ਵਾਨ ਲੋਕ ਤਾਂ ਇਸਨੂੰ ਮਨੁੱਖ ਦੀ ਆਪਣੇ ਪੈਰ ਆਪ ਕੁਹਾੜਾ ਮਾਰਨ ਦੇ ਬਰਾਬਰ ਹੀ ਸਮਝਣਗੇ। ਕੀ ਮਨੁੱਖ ਵਿਕਾਸ ਜਰੂਰੀ ਹੈ ਦੇ ਹੱਕ ਵਿੱਚ ਤਰਕ ਦੇਕੇ ਧਰਤੀ ਦੇ ਖਾਤਮੇ ਵਾਲੇ ਕਦਮ ਪੁਟਦਿਆਂ  ਰਹੇਗਾ। ਕੀ ਇਨਸਾਨੀ ਜਿੰਦਗੀ ਅਤੇ ਧਰਤੀ ਦੀ ਵਰਤਮਾਨ ਹੋਂਦ ਸਦਾ ਰਹੇ ਦੇ ਹੱਕ ਵਿੱਚ ਤਰਕ ਦੇਣਾਂ ਨਹੀਂ ਚਾਹੀਦਾ।

Friday 13 September 2013

ਮਨੁੱਖੀ ਜਿੰਦਗੀ ਦੇ ਚਾਰ ਪੜਾਅ ਸੱਚ ਤੋਂ ਝੂਠ ਤੱਕ

                                  
                                               ਆਧੁਨਿਕ ਸਮਾਂ ਵਿਗਿਆਨ ਦਾ ਸਮਾਂ ਹੈ ਜਿਸ ਵਿੱਚ ਹਰ ਪਰਕਿਰਿਆ ਨੂੰ ਤਰਕਾਂ ਅਤੇ ਸਬੂਤਾਂ ਦੇ ਅਧਾਰ ਤੇ ਹੀ ਸਿੱਧ ਕਰਨਾਂ ਪੈਂਦਾਂ ਹੈ ਪਰ ਕੁਦਰਤ ਦੇ ਬਹੁਤ ਸਾਰੇ ਇਹੋ ਜਿਹੇ ਭੇਦ ਹਨ ਜੋ ਵਾਪਰਦੇ ਰਹਿੰਦੇ ਹਨ ਜਿਹਨਾਂ ਨੂੰ ਸਿੱਧ ਕਰਨਾਂ ਮੁਸਕਲ ਹੁੰਦਾਂ ਹੈ। ਅਲੋਕਿਕ ਵਰਤਾਰੇ ਸਿਰਫ ਮਹਿਸੂਸ ਕੀਤੇ ਜਾਂਦੇ ਹਨ ਜਾਂ ਵਾਪਰਦੇ ਦੇਖਣੇ ਹੀ ਪੈਦੇ ਹਨ ਪਰ ਉਹਨਾਂ ਉੱਪਰ ਸਵਾਲ ਉਠਾਉਣਾਂ ਕੋਈ ਕੀਮਤ ਨਹੀਂ ਰੱਖਦਾ ਇਸ ਤਰਾਂ ਦੇ ਅਨੇਕ ਵਰਤਾਰੇ ਹਰ ਮਨੁੱਖ ਦੇ ਜੀਵਨ ਵਿੱਚ ਆਉਂਦੇ ਹਨ ਜਿਹਨਾਂ ਨੂੰ ਦੇਖਕੇ ਉਸਦ ਸੋਚ ਅਤੇ ਸਮਝ ਵਿੱਚ ਬਦਲਾਅ ਆਉਣੇਂ ਲਾਜਮੀ ਹੁੰਦੇ ਹਨ। ਨੌਜਵਾਨ ਉਮਰ ਵਿੱਚ ਨਾਸਤਿਕ ਹੋਣ ਤੇ ਮਾਣ ਮਹਿਸੂਸ ਕਰਨ ਵਾਲੇ ਅਕਸਰ ਹੀ ਬਜੁਰਗ ਹੋਣ ਤੱਕ ਆਸਤਿਕ ਹੋ ਜਾਂਦੇ ਹਨ ਬਹੁਤੀ ਵਾਰ ਤਾਂ ਧਰਮ ਜਾਂ ਰੱਬ ਦੇ ਪਰਚਾਰਕ ਹੋਣ ਤੱਕ ਪਹੁੰਚ ਜਾਂਦੇ ਹਨ। ਮਨੁੱਖੀ ਜਿੰਦਗੀ ਵਿੱਚ ਪਤਾ ਨਹੀਂ ਕਿਹੜੇ ਸਮੇਂ ਮਨੁੱਖ ਸਾਹਮਣੇ ਕਿਹੋ ਜਿਹੀਆਂ ਸਥਿਤੀਆਂ ਆ ਖੜੀਆਂ ਹੋਣ । ਜੀਵਨ ਸਥਿਤੀਆਂ ਮਨੁੱਖੀ ਮਨ ਵਿੱਚ ਭਾਵਨਾਵਾਂ ਦਾ ਹੜ ਲਿਆ ਦਿੰਦੀਆਂ ਹਨ ਆਮ ਤੌਰ ਤੇ ਮਨੁੱਖ ਭਾਵਨਾਵਾਂ ਦੇ ਅਧੀਨ ਹੀ ਕੰਮ ਕਰਦਾ ਹੈ। ।ਕਿਸੇ ਵਕਤ ਕੰਡੇ ਦੀ ਪੀੜ ਤੋਂ ਚੀਕ ਮਾਰਨ ਵਾਲਾ ਬੰਦਾਂ ਸਰਿੰਜਾਂ ਦੀਆਂ ਲੰਬੀਆਂ ਸੂਈਆਂ ਸਹਿ ਲੈਂਦਾਂ ਹੈ ਅਤੇ ਸਰੀਰ ਚੀਰ ਦੇਣ ਵਾਲੀਆਂ ਲੜਾਈਆਂ ਦਾ ਸਾਹਮਣਾਂ ਕਰ ਲੈਂਦਾਂ ਹੈ ਅਤੇ ਭੋਰਾ ਵੀ ਤਕਲੀਫ ਨਹੀਂ ਮੰਨਦਾ। ਵੱਖ ਵੱਖ ਸਮੇਂ ਤੇ ਮਨੁੱਖੀ ਮਨੋਸਥਿਤੀ ਵੱਖੋ ਵੱਖਰੀ ਹੰਦੀ ਹੈ । ਮਨੁੱਖੀ ਸਰੀਰ ਇੱਕੋ ਤਕਲੀਫ ਜਾਂ ਸੁੱਖ ਸਹੂਲਤ ਨੂੰ ਵੱਖੋ ਵੱਖ ਸਮਿਆਂ ਤੇ ਵੱਖੋ ਵੱਖਰੇ ਤੌਰ ਤੇ ਮਹਿਸੂਸ ਕਰਦਾ ਹੈ। ਕਦੀ ਮਨੁੱਖ ਆਪਣਿਆਂ ਦੀ ਮੌਤ ਤੇ ਰੋਂਦਾਂ ਹੈ ਪਰ ਕਈ ਵਾਰ ਉਹੀ ਮਨੁੱਖ ਆਪਣਿਆਂ ਨੂੰ ਕਤਲ ਕਰਨ ਤੱਕ ਚਲਾ ਜਾਂਦਾਂ ਹੈ ਤਦ ਮੌਤ ਤੇ ਰੋਣ ਦੀ ਬਜਾਇ ਸਕੂਨ ਮਹਿਸੂਸ ਕਰਦਾ ਹੈ । ਅਸਲ ਵਿੱਚ ਮਨੁੱਖ ਭਾਵਨਾਵਾਂ ਦਾ ਸਮੇਲ ਹੀ ਹੁੰਦਾਂ ਹੈ ਕੌਮਲ ਭਾਵੀ ਮਨੁੱਖ ਕਈ ਵਾਰ ਪੱਥਰਾਂ ਨਾਲੋਂ ਵੀ ਸਖਤ ਵਿਵਹਾਰ ਕਰਦਾ ਹੈ। ਕਈ ਵਾਰ ਜਲਾਦ ਵੀ ਕੋਮਲ ਭਾਵੀ ਹੋ ਜਾਂਦੇ ਹਨ ਪਿੱਛੇ ਜਿਹੇ ਇੱਕ ਦਹਿਸਤਗਰਦ ਗਰਦਾਨੇ ਗਏ ਵਿਅਕਤੀ ਨੂੰ ਫਾਂਸੀ ਦੇਣ ਵਾਲੇ ਜਲਾਦ ਨੇ ਉਸ ਵਅਕਤੀ ਨੂੰ ਫਾਂਸੀਂ ਦੇਣ ਤੋਂ ਪਹਿਲਾਂ ਉਸਦੇ ਪੈਰਾਂ ਨੂੰ ਛੁਹਿਆ ਅਤੇ ਫਿਰ ਮਾਫੀ ਮੰਗੀ । ਜਿੰਦਗੀ ਦੇ ਵਿੱਚ ਵੱਖੋ ਵੱਖਰੇ ਪੜਾਅ ਆਉਂਦੇ ਹਨ ਜੋ ਮਨੁੱਖੀ ਮਨ ਦੀਆਂ ਭਾਵਨਾਵਾਂ ਨੂੰ ਬਦਲਦੇ ਰਹਿੰਦੇ ਹਨ। ਜਿੰਦਗੀ ਦਾ ਪਹਿਲਾ ਪਹਿਰ ਬਚਪਨ ਹੁੰਦਾਂ ਹੈ ਜਿਸ ਨੂੰ ਪਹਿਲਾ ਯੁੱਗ ਭਾਵ ਸਤਿਯੁਗ ਵੀ ਆਖਿਆ ਜਾ ਸਕਦਾ ਹੈ। ਇਸ ਵਿੱਚ ਹਰ ਜਿੰਦਗੀ ਕੁਦਰਤ ਦੀ ਮਰਜੀ ਤੇ ਜਾਂ ਭਾਵ ਦੂਸਰਿਆਂ ਤੇ ਨਿਰਭਰ ਹੋਕੇ ਬਿਨਾਂ ਕਿਸੇ ਵਲ ਅਤੇ ਛਲ ਦੇ ਜਿੰਦਗੀ ਬਤੀਤ ਕਰਦਾ ਹੈ। ਇਸ ਉਮਰ ਵਿੱਚ ਖੁਸੀਆਂ ਮਾਨਣ ਤੋਂ ਬਿਨਾਂ ਕੋਈ ਲਾਲਸਾ ਨਹੀਂ ਹੁੰਦੀ ਅਤੇ ਨਾਂ ਹੀ ਇਸ ਉਮਰ ਵਿੱਚ ਝੂਠ ਬੋਲਦਾ ਹੈ। ਅਸਲ ਵਿੱਚ ਬਚਪਨ ਵਿੱਚ ਝੂਠ ਬੋਲਣਾਂ ਆਉਂਦਾਂ ਹੀ ਨਹੀਂ ਹੁੰਦਾਂ ਵੱਡੀ ਉਮਰ ਵਾਲੇ ਹੀ ਬੱਚਿਆਂ ਨੂੰ ਝੂਠ ਬੋਲਣਾਂ ਸਿਖਾਉਂਦੇ ਹਨ।
                                               ਬਚਪਨ ਦੀ ਕੁਦਰਤੀ ਜਿੰਦਗੀ ਤੋਂ ਬਾਅਦ ਜਿੰਦਗੀ ਦੇ ਦੂਸਰੇ ਪਹਿਰ ਤਾਕਤ ਦਾ ਰੂਪ ਜਵਾਨੀ ਵਾਲੀ ਉਮਰ ਵਿੱਚ ਮਨੁੱਖ ਜਿੰਦਗੀ ਦੇ ਬਹੁਤੇ ਕੰਮ ਆਪਣੀ ਤਾਕਤ ਦੇ ਜੋਰ ਤੇ ਕਰਦਾ ਹੈ ਜਿਸ ਨਾਲ ਉਸ ਵਿੱਚ ਖੁਦ ਨੂੰ ਖੁਦਾ ਵਰਗਾ ਮਹਿਸੂਸ ਹੁੰਦਾਂ ਹੈ। ਇਸ ਉਮਰ ਵਿੱਚ ਮਨੁੱਖੀ ਮਨ ਸਾਰੇ ਫੈਸਲੇ ਤਰਕਾਂ ਨਾਲ ਕਰਦਾ ਹੈ। ਇਸ ਉਮਰ ਵਿੱਚ ਇਨਸਾਨੀ ਜਿੰਦਗੀ ਹਰ ਕੰਮ ਨੂੰ ਕਰਨ ਦੇ ਸਮੱਰਥ ਹੁੰਦੀ ਹੈ ਅਤੇ ਉਨੂੰ ਇਸ ਤਰਾਂ ਕਰਨ ਦਾ ਨਸੇ ਵਰਗਾ ਸੁਆਦ ਵੀ ਮਹਿਸੂਸ ਹੁੰਦਾਂ ਹੈ। ਤਾਕਤ ਦੇ ਸਮੇਂ ਨੌਜਵਾਨੀ ਨੂੰ ਕੁਦਰਤੀ ਸਕਤੀ ਵੱਲ ਦੇਖਣ ਦੀ ਲੋੜ ਵੀ ਮਹਿਸੂਸ ਨਹੀਂ ਹੁੰਦੀ । ਪੈਰਾਂ ਨਾਲ ਧਰਤੀ ਦਮਕਾਉਣ ਦੀ ਇਸ ਉਮਰ ਦੀ ਤਾਕਤ ਵੀ ਵਕਤ ਆਉਣ ਨਾਲ ਘੱਟ ਜਾਂਦੀ ਹੈ ਅਤੇ ਇਹ ਆਉਣ ਵਾਲੀ ਦੂਸਰੀ ਪੀੜੀ ਕੋਲ  ਜਾਣ ਲੱਗਦੀ ਹੈ ਤਦ ਹੀ ਮਨੁੱਖੀ ਮਨ ਵੀ ਇਸ ਸੋਚ ਤੋਂ ਬਾਹਰ ਨਿਕਲਣ ਲੱਗਦਾ ਹੈ।
                                                                ਜਿੰਦਗੀ ਦਾ ਤੀਸਰਾ ਪਹਿਰ ਤਾਕਤ  ਦੀ ਥਾਂ ਤਪੱਸਿਆ ਰੂਪੀ ਤਜਰਬਾ ਭਾਰੂ ਹੋ ਜਾਂਦਾਂ ਹੈ ਜਿਸ ਵਿੱਚ ਤਾਕਤ ਦਾ ਜੋਰ ਨਹੀਂ ਰਹਿੰਦਾ ਪਰ ਤਜਰਬਾ ਜੋ ਜਵਾਨੀ ਦੇ ਸਮੇਂ ਹਾਸਲ ਕੀਤਾ ਹੁੰਦਾਂ ਹੈ ਬਹੁਤ ਵਾਰ ਜਿੰਦਗੀ ਵਿੱਚ ਮਨੁੱਖ ਨੂੰ ਸਫਲ ਹੋਣ ਦੇ ਮੌਕੇ ਦਿੰਦਾਂ ਰਹਿੰਦਾਂ ਹੈ। ਤਜਰਬੇ ਵਾਲੀ ਜਿੰਦਗੀ ਵਿੱਚ ਮਨੁੱਖੀ ਮਨ ਤਾਕਤ ਵਾਲਿਆਂ ਦਾ ਵੀ ਕਿਸੇ ਹੱਦ ਤੱਕ ਮੁਕਾਬਲਾ ਕਰ ਲੈਂਦਾਂ ਹੈ ਪਰ ਤਜਰਬੇ ਵਾਲੀ ਜਿੰਦਗੀ ਦਾ ਵੀ ਇੱਕ ਦਿਨ ਅੰਤ ਹੋ ਜਾਂਦਾਂ ਹੈ ਜਾਂ ਮਨੁੱਖ ਦੀਆਂ ਆਉਣ ਵਾਲੀਆਂ ਨਵੀਆਂ ਪੀੜੀਆਂ ਜੋ ਤਾਕਤ ਤੋਂ ਤਜਰਬੇ ਵਾਲੀ ਮੰਜਿਲ ਤੇ ਪਹੁੰਚ ਜਾਂਦੀਆਂ ਹਨ ਨੂੰ ਦੂਸਰੀਆਂ ਦੇ ਤਜਰਬੇ ਦੀ ਲੋੜ ਘਟ ਜਾਂਦੀ ਹੈ ਉਸ ਵਕਤ ਮਨੁੱਖ ਹਾਰਨਾਂ ਸੁਰੂ ਹੋ ਜਾਂਦਾਂ ਹੈ ਇਸ ਨੂੰ ਜਿੰਦਗੀ ਦਾ ਚੌਥਾ ਪਹਿਰ ਜਾਂ ਚੌਥਾਂ ਯੁੱਗ ਕਿਹਾ ਜਾਂਦਾਂ ਹੈ।
                                           ਜਿੰਦਗੀ ਦੇ ਚੌਥਾ ਪਹਿਰ  ਵਿੱਚ ਮਨੁੱਖ ਦੋ ਤਰੀਕਿਆਂ ਨਾਲ ਜਿੰਦਗੀ ਬਤੀਤ ਕਰਦਾ ਹੈ ਪਹਿਲੀ ਕਿਸਮ ਦੇ ਲੋਕ ਸੱਚ ਦੇ ਰੁਬਰੂ ਹੁੰਦਿਆ ਆਪਣੇ ਆਪ ਨੂੰ ਹਾਰਿਆ ਮਹਿਸੂਸ ਕਰਕੇ ਆਪਣੇ ਆਪ ਨੂੰ ਆਪਣੇ ਬੱਚਿਆਂ ਅਤੇ ਧਰਮ ਕਰਮ ਦੇ ਹਵਾਲੇ ਕਰ ਦਿੰਦੇ ਹਨ ਅਤੇ ਆਪਣੀ ਹਾਊਮੈਂ ਦਾ ਤਿਆਗ ਕਰ ਦਿੰਦੇ ਹਨ। ਇਹ ਲੋਕ ਸੱਚ ਨੂੰ ਸਵੀਕਾਰ ਕਰਕੇ ਸਮਾਜ ਅਤੇ ਆਪਣੇ ਵਾਰਿਸਾਂ ਨਾਲ ਸਾਂਝ ਬਚਾਉਣ ਵਿੱਚ ਸਫਲ ਹੋ ਜਾਂਦੇ ਹਨ ਜਿਸ ਨਾਲ ਜਿੰਦਗੀ ਸਵੱਰਗ ਵਰਗੀ ਬਣ ਜਾਂਦੀ ਹੈ। ਦੂਸਰੀ ਕਿਸਮ ਦੇ ਲੋਕ ਸੱਚ ਤੋਂ ਕਿਨਾਰਾ ਕਰਕੇ ਆਪਣੀ ਹਾਊਮੈਂ ਦੇ ਘੋੜੇ ਤੇ ਬੈਠ ਜਾਂਦੇ ਹਨ ਅਤੇ ਆਪਣੇ ਆਪ ਨੂੰ ਸਿਆਣਾਂ ਤੇ ਸੁਪਰ ਪਾਵਰ ਐਲਾਨ ਦਿੰਦੇ ਹਨ  ਜਿਸ ਨਾਲ ਜਿੰਦਗੀ ਲੜਾਈ ਦੇ ਦੌਰ ਵਿੱਚ ਸਾਮਲ ਹੋ ਜਾਂਦੀ ਹੈ। ਨਵੀਆਂ ਪੀੜੀਆਂ ਇਸ ਤਰਾਂ ਦੇ ਲੋਕਾਂ ਤੋਂ ਬਾਗੀ ਹੋ ਜਾਂਦੀਆਂ ਹਨ ਜਿਸ ਨਾਲ ਜਿੰਦਗੀ ਯੁੱਧ ਦਾ ਰੂਪ ਧਾਰਕੇ ਨਰਕ ਵਿੱਚ ਦਖਲ ਹੋ ਜਾਂਦੀ ਹੈ। ਇਸ ਤਰਾਂ ਦੇ ਸੱਚ ਤੋਂ ਮੁਨਕਰ ਲੋਕ ਵਲ ਅਤੇ ਛਲ ਅਤੇ ਲੜਾਈ ਦੇ ਰਸਤਿਆਂ ਦੇ ਪਾਂਧੀਂ ਹੋ ਜਾਦੇਂ ਹਨ । ਇਹੀ ਕਾਰਨ ਹੈ ਜਿਸ ਕਾਰਨ ਜਿੰਦਗੀ ਦੇ ਚੌਥੇ ਪਹਿਰ ਨੂੰ ਕਲਯੁੱਗ ਦਾ ਪਹਿਰ ਮੰਨਿਆਂ ਜਾਂਦਾ ਹੈ ਇਸ ਦੀ ਬੁਨਿਆਦ ਝੂਠ ਤੇ ਹੁੰਦੀ ਹੈ। ਝੂਠ ਕਲਯੁੱਗ ਦਾ ਰਥਵਾਹ ਹੁੰਦਾਂ ਹੈ। ਇਹਨਾਂ ਰਾਂਹਾਂ ਦੇ ਕੰਢੇ ਮਨੁੱਖੀ ਜਿੰਦਗੀ ਦੇ ਅੰਤਿਮ ਪਹਿਰ ਨੂੰ ਲਹੂਲੁਹਾਣ ਕਰ ਦਿੰਦੇ ਹਨ। ਇਸ ਤੋਂ ਬਾਅਦ ਇਸ ਤਰਾਂ ਦੇ ਲੋਕ ਜਿੰਦਗੀ ਦਾ ਇਹ ਚੌਥਾ ਕਲਯੁੱਗ ਵਾਲਾ ਪਹਿਰ ਵੱਲ ਅਤੇ ਛੱਲ ਦੀ ਭੇਂਟ ਚੜਾਕੇ ਨਰਕ ਦੀ ਜਿੰਦਗੀ ਜਿਉਦਿਆਂ ਮੌਤ ਦੇ ਦਰਵਾਜੇ ਤੱਕ ਪਹੁੰਚਦੇ ਹਨ। ਜੋ ਲੋਕ ਬਚਪਨ ਵਰਗਾ ਸੱਚਾ ਮਨ ਬਚਾਈ ਰੱਖਣ ਵਿੱਚ ਸਫਲ ਹੋ ਜਾਂਦੇ ਹਨ ਉਹ ਲੋਕ ਜਿੰਦਗੀ ਵਿੱਚ ਸਵਰਗ ਦੀਆਂ ਖੁਸੀਆਂ ਨੂੰ ਮਾਨਣ ਦੇ ਹੱਕਦਾਰ ਅੰਤ ਤੱਕ ਬਣੇ ਰਹਿੰਦੇ ਹਨ । ਇਹ ਲੋਕ ਸੱਚ ਤੋਂ ਮੁਨਕਰ ਨਹੀਂ ਹੋਏ ਹੁੰਦੇ ਅਤੇ ਆਪਣੀ ਜਿੰਦਗੀ ਨੂੰ ਬਚਪਨ ਵਾਲੇ ਸਤਿਯੁੱਗ ਦੇ ਸਵੱਰਗ ਵਿੱਚ ਬਣਾਈ ਰੱਖਦੇ ਹਨ । ਮਨੁੱਖ ਨੂੰ ਸਦਾ ਹੀ ਵਲ ਅਤ ਛਲ ਤੋਂ ਦੂਰ ਰਹਿੰਦਿਆਂ ਤਾਕਤ ਦੇ ਹੰਕਾਰ ਨੂੰ ਦੂਰ ਰੱਖਦਿਆਂ ਨਿਮਰਤਾ ਵਾਲੀ ਸਧਾਰਨ ਜਿੰਦਗੀ ਜਿਉਣ ਨੂੰ ਪਹਿਲ ਦੇਣੀ ਚਾਹੀਦੀ ਹੈ ਜਿਸ ਵਿੱਚੋਂ ਖੁਸੀਆਂ ਖੇੜਿਆਂ ਵਾਲਾ ਸਵੱਰਗ ਉਪਜਦਾ ਹੈ ।

                                

Wednesday 4 September 2013

ਰੈਡੀਮੇਡ ਸੰਤ ਅਤੇ ਰਾਜਨੀਤਕ ਗੱਠਜੋੜ ਦੀ ਅਸਲੀਅਤ

                               
                                 ਪਿਛਲੇ ਦਿਨੀ ਸੰਤ ਆਸਾ ਰਾਮ ਦੀਆਂ ਕਰਤੂਤਾਂ ਨੇ ਸੰਤ ਪਰੰਪਰਾਂ ਨੂੰ ਬਹੁਤ ਹੀ ਢਾਅ ਲਾਈ ਹੈ ਅਤੇ ਇਸ ਤਰਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਦਾ ਜਿਕਰ ਕੀਤਾ ਜਾ ਸਕਦਾ ਹੈ ਜਿਹਨਾਂ ਵਿੱਚ ਹਰਿਆਣੇ ਦਾ ਇੱਕ ਡੇਰੇਦਾਰ ਅਤੇ ਦੱਖਣ ਭਾਰਤ ਦਾ ਇੱਕ ਨੌਜਵਾਨ ਸੰਤ ਦੇ ਕਾਰਨਾਮੇ ਵੀ ਜਿਕਰ ਯੋਗ ਹਨ। ਇਹਨਾਂ ਤੋਂ ਬਿਨਾਂ ਕਰੋੜਾਂ ਅਰਬਾਂ ਰੁਪਏ ਇਕੱਠੇ ਕਰਕੇ ਸੰਤ ਦਾ ਸਰਟੀ ਫਿਕੇਟ ਭਰੀ ਫਿਰਦੇ ਅਨੇਕਾਂ ਸੰਤ ਹਨ ਜਿਹਨਾਂ ਦੀ ਗਿਣਤੀ ਹੀ ਮੁਸਕਲ ਹੈ। ਵਰਤਮਾਨ ਵਿੱਚ ਸੰਤ ਪੈਦਾ ਨਹੀਂ ਹੋ ਰਹੇ ਬਲਕਿ ਪੈਦਾ ਕੀਤੇ ਜਾ ਰਹੇ ਹਨ ਜਿਹਨਾਂ ਵਿੱਚੋਂ ਬਹੁਤਿਆਂ ਦੇ ਪਿੋੱਛੇ ਰਾਜਨੀਤਕ ਲੋਕਾਂ ਅਤੇ ਪਾਰਟੀਆ ਦਾ ਹੱਥ ਹੈ। ਵੋਟ ਬੈਂਕ ਦੇ ਜਖੀਰੇ ਰੂਪੀ ਸੰਤ ਰਾਜਨੀਤਕਾਂ ਦੇ ਮੋਹਰੇ ਬਣਕੇ ਸਮਾਜ ਨੂੰ ਗੰਮਰਾਹ ਕਰ ਰਹੇ ਹਨ ਅਤੇ ਸੰਤ ਤਾਈ ਦੀ ਪਰੰਪਰਾਂ ਨੂੰ ਬਦਨਾਮ ਵੀ ਕਰ ਰਹੇ ਹਨ । ਅਸਲੀ ਸੰਤ ਤਾਂ ਸਮਾਜ ਨੂੰ ਅਤੇ ਹਰ ਦੁਨਿਆਵੀ ਮੋਹ ਨੂੰ ਤਿਆਗ ਕੇ ਇਸ ਰਾਹ ਤੇ ਤੁਰਦਾ ਹੈ। ਅੱਜ ਕੱਲ ਦੇ ਬਹੁਤੇ ਸੰਤ ਮਾਇਆਂ ਅਤੇ ਮਸਹੂਰੀ ਦੀ ਭੁੱਖ ਵਿਚ ਗਰਕ ਕੇ ਸੰਤ ਬਣਦੇ ਹਨ। ਸੰਤ ਤਾਈ ਦਾ ਫੱਟਾ ਲਾਕੇ ਇਸ ਤਰਾਂ ਦੇ ਲੋਕ ਰਾਜਨੀਤਕਾਂ ਦੇ ਗੁਲਾਮ ਬਣ ਜਾਂਦੇ ਹਨ । ਅਸਲੀ ਸੰਤ ਜਦਕਿ ਕਿਸੇ ਦੀ ਵੀ ਗੁਲਾਮੀ ਸਵੀਕਾਰ ਨਹੀਂ ਕਰਦਾ ਹੁੰਦਾਂ । ਸੰਤ ਦਾ ਕਦੇ ਵੀ ਕੋਈ ਵਿਸੇਸ ਦੁਨਿਆਵੀ ਧਰਮ ਵੀ ਨਹੀਂ ਹੁੰਦਾਂ ਕਿਉਂਕਿ ਸੰਤ ਦੀ ਸੋਚ ਤਾਂ ਬ੍ਰਹਿੁਮੰਡੀ ਸੋਚ ਹੁੰਦੀ ਹੈ ਜਿਸ ਵਿੱਚ ਦੁਨੀਆਂ ਦੇ ਸਾਰੇ ਧਰਮ ਸਮਾ ਜਾਂਦੇ ਹਨ । ਇਨਸਾਨੀਅਤ ਅਤੇ ਸਮੁੱਚੇ ਸੰਸਾਰ ਦੀ ਸੇਵਾ ਹੀ ਉਸਦਾ ਧਰਮ ਹੁੰਦਾਂ ਹੈ ਜਿਸਨੂੰ ਇਨਸਾਨੀਅਤ ਵੀ ਆਖਿਆ ਜਾ ਸਕਦਾ ਹੈ।
                                   ਵੋਟਾਂ ਦੇ ਲਾਲਚ ਕਾਰਨ ਰਾਜਨੀਤਕਾਂ ਨੂੰ ਵੋਟ ਬੈਂਕ ਤਿਆਰ ਕਰਨ ਦੀ ਲੋੜ ਪੈ ਰਹੀ ਹੈ। ਸੰਤ ਵੋਟਾਂ ਦਾ ਬੈਂਕ ਤਿਆਰ ਕਰਨ ਦੇ ਸਭ ਤੋਂ ਵੱਡੇ ਸਾਧਨ ਹਨ।  ਭਾਰਤੀ ਲੋਕਾਂ ਨੂੰ ਅਖੌਤੀ ਧਾਰਮਿਕ ਜਮਾਤਾਂ ਵਿੱਚ ਵੰਡਕੇ ਪਾਟੋਧਾੜ ਕੀਤਾ ਹੋਇਆ ਹੈ। ਹਜਾਰਾਂ ਸਾਲਾਂ ਤੋਂ ਭਾਰਤੀ ਮਾਨਸਿਕਤਾ ਤੇ ਧਾਰਮਿਕਤਾ ਦੀ ਪਾਣ ਚੜੀ ਹੋਈ ਹੈ ਜਿਸ ਵਿੱਚੋਂ ਲੋਕਾਂ ਦਾ ਨਿਕਲਣਾਂ ਬਹੁਤ ਹੀ ਮੁਸਕਲ ਹੈ। ਰਾਜਨੀਤਕਾਂ ਨੇ ਇਸ ਨੂੰ ਵਰਤਣ ਦੀ ਕਲਾ ਜਾਣ ਲਈ ਹੈ। ਦੇਸ ਦੀਆਂ ਵੱਡੀਆਂ ਰਾਜਨੀਤਕ ਪਾਰਟੀਆਂ ਧਰਮਾਂ ਅਤੇ ਸੰਤਾਂ ਦੀ ਪੁਸਤਪਨਾਹੀ ਕਰਦੀਆਂ ਹਨ। ਇਸ ਕਾਰਨ ਧਾਰਮਿਕ ਅਦਾਰੇ ਕਾਰਪੋਰੇਟ ਘਰਾਣਿਆਂ ਨਾਲੋਂ ਵੀ ਵੱਧ ਆਮਦਨ ਕਰ ਰਹੇ ਹਨ। ਦੂਜੇ ਨੰਬਰ ਤੇ ਪਰਚਾਰ ਮੀਡੀਆਂ ਦੇ ਜੋਰ ਤੇ ਬਹੁਤ ਸਾਰੇ ਗੁਲਾਮ ਬੰਦੇ ਸੰਤ ਦੇ ਤੌਰ ਤੇ ਸਥਾਪਤ ਕੀਤੇ ਜਾ ਰਹੇ ਹਨ ਜੋ ਵੋਟ ਬੈਂਕ ਤਿਆਰ ਕਰਕੇ ਆਪਣੇ ਆਗੂਆਂ ਦੀਆਂ ਝੋਲੀਆਂ ਵੋਟਾਂ ਨਾਲ ਭਰਦੇ ਹਨ ਬਦਲੇ ਵਿੱਚ ਹਰ ਸਰਕਾਰੀ ਪੁਸਤ ਪਨਾਹੀ ਹਾਸਲ ਕਰਕੇ ਨਜਾਇਜ ਧੰਦੇ ਅਤੇ ਹੋਰ ਬਹੁਤ ਕੁੱਝ ਕਰਦੇ ਹਨ। ਜਦ ਇਸ ਤਰ ਦੇ ਸੰਤਾਂ ਦੇ ਰਾਜਨੀਤਕ ਗੁਰੂ ਚੋਣਾਂ ਜਿੱਤ ਕੇ ਸਰਕਾਰਾਂ ਦੇ ਭਾਈਵਾਲ ਬਣ ਜਾਂਦੇ ਹਨ ਤਾਂ ਇਸ ਤਰਾਂ ਦੇ ਦਲਾਲ ਸੰਤਾਂ ਦੀਆਂ ਪੰਜੇ ਉਗਲਾਂ ਘਿਉ ਵਿੱਚ ਹੁੰਦੀਆਂ ਹਨ। ਰਾਜਨੀਤਕ ਲੋਕਾਂ ਦਾ ਧਰਮ ਹਮੇਸਾਂ ਕੁਰਸੀ ਹੀ ਹੁੰਦਾਂ ਹੈ । ਕੁਰਸੀ ਲਈ  ਸਭ ਕੁੱਝ ਕਰਨ ਵਾਲੇ ਰਾਜਨੀਤਕ ਲੋਕ ਸੰਤਾਂ ਨੂੰ ਗਲਤ ਕੰਮਾਂ ਵਿੱਚ ਸਹਿਯੋਗ ਦੇਕੇ ਉਹਨਾਂ ਨੂੰ ਸੈਤਾਨ ਬਣਾਉਣ ਵਿੱਚ ਵੀ ਪੂਰਾ ਹੱਥ ਵਟਾਉਂਦੇ ਹਨ। ਸੈਤਾਨ ਬਣੇ ਅਖੌਤੀ ਸੰਤ ਆਪਣੇ ਆਪ ਨੂੰ ਕਾਨੂੰਨ ਤੋਂ ਵੀ ਉਪਰ ਸਮਝਣ ਲੱਗ ਜਾਂਦੇ ਹਨ ਜਿਸ ਨਾਲ ਮਾਇਆ ਇਕੱਠੀ ਕਰਨ ਤੋਂ ਬਾਅਦ ਅੱਯਾਸੀ ਕਰਨ ਦਾ ਰਾਹ ਫੜ ਲੈਂਦੇ ਹਨ। ਇਸ ਅੱਯਾਸੀ ਦੇ ਰਸਤੇ ਤੇ ਤੁਰੇ ਬੰਦੇ ਨੂੰ ਸੰਤ  ਦਾ ਦਰਜਾ ਮਿਲਣਾਂ ਫਿਰ ਸਮਾਜ ਲਈ ਲਾਹਨਤ ਬਣ ਜਾਂਦਾ ਹੈ । ਭਿ੍ਰਸਟ ਅਤੇ ਅੱਯਾਸ ਬਣੇ ਸੰਤ ਰੂਪੀ ਬੰਦੇ ਰਾਜਨੀਤਕਾਂ ਦੀ ਜਾੜ ਥੱਲੇ ਹੀ ਹੁੰਦੇ ਹਨ ਜਿਹਨਾਂ ਨੂੰ ਜਦੋਂ ਮਰਜੀ ਚੱਬਿਆ ਜਾ ਸਕਦਾ ਹੈ। ਆਸਾ ਰਾਮ ਵੀ ਇੱਕ ਇਸ ਤਰਾਂ ਦਾ ਸੰਤ ਹੀ ਹੈ ਜੋ ਗਰੀਬੀ ਤੋਂ ਇੱਕ ਦਮ ਪੈਸੇ ਦੀ ਚਕਾਚੌਂਧ ਵਿੱਚ ਅੰਨਾਂ ਹੋ ਗਿਆ ਹੈ । ਆਪਣੇ ਆਪ ਨੂੰ ਰਾਜਨੀਤਕਾਂ ਤੋਂ ਵੱਡਾ ਸਮਝਣ ਲੱਗ ਪਿਆਂ ਸੀ। ਗੁਜਰਾਤ ਦੇ ਤਿੰਨ ਵਾਰ ਬਣੇ ਮੁੱਖ ਮੰਤਰੀ ਨੂੰ ਵੀ ਅੱਖਾਂ ਦਿਖਾਉਣ ਲੱਗਿਆਂ ਹੋਇਆ ਸੀ । ਇਸ ਤਰਾਂ ਇਹ ਕਿੰਨਾਂ ਕੁ ਵਕਤ ਬਚ ਸਕਦਾ ਹੈ। ਜਦੋਂ ਵੀ ਸਰਕਾਰਾਂ ਨੂੰ ਵਕਤ ਮਿਲਿਆ ਤਦ ਰਾਜਨੀਤਕਾਂ ਨੇ ਆਪਣਾਂ ਰੰਗ ਦਿਖਾ ਦਿੱਤਾ ਹੈ। ਹੁਣ ਤੱਕ ਉਸਦੇ ਅਨੇਕਾਂ ਗੁਨਾਹ ਛੁਪਾਉਣ ਵਾਲੇ ਰਾਜਨੀਤਕ ਇੱਕਦਮ ਉਸਦੇ ਖਿਲਾਫ ਬੋਲਣ ਲੱਗੇ ਹਨ । ਇਸ ਤੋਂ ਪਹਿਲਾਂ ਵੀ ਅਨੇਕਾਂ ਗੁਨਾਹਾਂ ਵਿੱਚ ਸਾਮਲ ਹੋਣ ਦੇ ਦੋਸ ਇਸ ਉਪਰ ਲੱਗਦੇ ਰਹੇ ਹਨ ਪਰ ਉਹ ਸਾਰੇ ਰਾਜਨੀਤੀ ਦੇ ਜੋਰ ਤੇ ਦਬਾਏ ਗਏ ਸਨ । ਆਸਾ ਰਾਮ ਨੂੰ ਭੁਲੇਖਾ ਲੱਗ ਗਿਆ ਸੀ ਕਿ ਸਾਇਦ ਉਹ ਰਾਜਨੀਤਕਾਂ ਤੋਂ ਵੱਡਾ ਹੋ ਗਿਆ ਹੈ ਜੋ ਕਿ ਉਹ ਹੈ ਨਹੀਂ ਸੀ। ਬੀਜੇਪੀ ਦੇ ਕੁੱਝ ਆਗੂ ਹਾਲੇ ਵੀ ਉਸਦਾ ਬਚਾਅ ਕਰਨਾਂ ਲੋਚਦੇ ਸਨ ਉਸਦੇ ਵੋਟ ਬੈਂਕ ਕਾਰਨ ,ਪਰ ਨਰਿੰਦਰ ਮੋਦੀ ਵੱਲੋਂ ਆਸਾ ਰਾਮ ਨੂੰ ਰਾਖਸ ਦਾ ਖਿਤਾਬ ਦੇਣ ਤੇ ਹੁਣ ਬੀਜੇਪੀ ਆਗੂ ਵੀ ਚੁੱਪ ਕਰ ਗਏ ਹਨ ਕਿਉਂਕਿ ਭਵਿੱਖ ਦਾ ਬੀਜੇਪੀ ਆਗੂ ਮੋਦੀ ਹੀ ਜਦ ਉਸਦੇ ਖਿਲਾਫ ਹੈ ਫਿਰ ਛੋਟੇ ਆਗੂਆਂ ਨੇ ਵੀ ਪਾਸਾ ਵੱਟਣ ਵਿੱਚ ਹੀ ਭਲਾਈ ਸਮਝੀ ਹੈ । ਰਾਜਸਥਾਨ ਦੇ ਮੁੱਖ ਮੰਤਰੀ ਵੱਲੌਂ ਕੁੱਝ ਮੱਦਦ ਕਰਨ ਦੀ ਕੋਸਿਸ ਉਸ ਵਕਤ ਅਸਫਲ ਹੋ ਗਈ ਜਦੋਂ ਆਸਾ ਰਾਮ ਨੇ ਆਪਣੇ ਆਪ ਨੂੰ ਵੱਡਾ ਸਮਝਦਿਆਂ  ਸੋਨੀਆਂ ਅਤੇ ਰਾਹੁਲ ਗਾਂਧੀਂ ਤੇ ਹੀ ਦੋਸ ਲਾਉਣਾਂ ਸੁਰੂ ਕਰ ਦਿੱਤਾ ਕਿ ਉਸਨੂੰ ਫਸਾਉਣ ਲਈ ਸੋਨੀਆਂ ਅਤੇ ਰਾਹੁਲ ਜਿੰਮੇਦਾਰ ਹਨ ਅਤੇ ਇਸ ਬਿਆਨ ਦੇ ਕਾਰਨ ਗਹਿਲੋਤ ਜੀ ਨੂੰ ਮਜਬੂਰਨ ਕਾਰਵਾਈ ਕਰਨੀਂ ਪਈ ਜਿਸ ਸਦਕਾ ਆਸਾ ਰਾਮ ਜੇਲ ਦੇ ਬੈਕੁੰਠ ਦੀ ਅਸਲੀਅਤ ਵੀ ਹੁਣ ਚੰਗੀ ਤਰਾਂ ਦੇਖ ਲਵੇਗਾ। ਜੇ ਸਰਕਾਰਾਂ ਨੇ ਇਮਾਨਦਾਰੀ ਨਾਲ ਜਾਂਚ ਕਰਵਾਈ ਤਾਂ ਸਾਇਦ ਆਸਾ ਰਾਮ ਨੂੰ ਸਾਰੀ ਉਮਰ ਹੀ ਜੇਲ ਦੀ ਬੈਕੁੰਠ ਵਿੱਚ ਰਹਿਣ ਦਾ ਮੌਕਾ ਮਿਲ ਜਾਵੇ।
                       ਭਵਿੱਖ ਵਿੱਚ ਭਾਵੇਂ ਇਸ ਤਰਾਂ ਦੇ ਹੋਰ ਕਾਰਨਾਮਿਆਂ ਦੇ ਖਾਤਮੇ ਦੀ ਆਸ ਨਹੀਂ ਰੱਖੀ ਜਾ ਸਕਦੀ ਕਿਉਂਕਿ ਰਾਜਨੀਤਕ ਲੋਕਾਂ ਨੂੰ ਹਾਲੇ ਵੀ ਇਹੋ ਜਿਹੇ ਬਨਾਰਸੀ ਠੱਗਾਂ ਦੀ ਲੋੜ ਹੈ ਪਰ ਆਸਾਰਾਮ ਦੀ ਗਿਰਫਤਾਰੀ ਨਾਲ ਬਹੁਤ ਸਾਰੇ ਹੋਰ ਅੱਯਾਸ ਅਖੌਤੀ ਸੰਤਾਂ ਨੂੰ ਵੀ ਜਰੂਰ ਜੇਲ ਦੇ ਸੁਪਨੇ ਦਿਖਾਈ ਲੱਗ ਗਏ ਹੋਣਗੇ । ਇਸ ਤਰਾਂ ਦੀ ਕਾਰਵਾਈ ਉਹਨਾਂ ਸੰਤਾ ਤੇ ਵੀ ਹੋਣੀ ਚਾਹੀਦੀ ਹੈ ਜਿਹਨਾਂ ਨੇ ਆਪਣੇ ਕੇਸ ਪੈਸੇ ਦੇ ਜੋਰ ਤੇ ਅਦਾਲਤਾਂ ਵਿੱਚ ਲਟਕਾਏ ਹੋਏ ਹਨ । ਮਾਇਆਧਾਰੀ ਅਖੌਤੀ ਸੰਤ ਜੋ ਕਰੋੜਾਂ ਅਰਬਾਂ ਦੀ ਜਾਇਦਾਦ ਦੇ ਮਾਲਕ ਬਣੇ ਹੋਏ ਹਨ ਦੀਵੀ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਤਰਾਂ ਦੇ ਵਪਾਰੀ ਕਿਸਮ ਦੇ ਸੰਤਾਂ ਦੀ ਜਾਇਦਾਦ ਸਰਕਾਰੀ ਐਲਾਨ ਦਿੱਤੀ ਜਾਣੀ ਚਾਹੀਦੀ ਹੈ ਪਰ ਇਹ ਹੋਵੇਗਾ ਨਹੀਂ ਕਿਉਂਕਿ ਇਸ ਤਰਾਂ ਦੇ ਲੋਕਾਂ ਦੇ ਜਨਮਦਾਤੇ ਅਸਲ ਵਿੱਚ ਰਾਜਨੀਤਕ ਆਗੂ ਅਤੇ ਰਾਜਨੀਤਕ ਪਾਰਟੀਆਂ ਹੀ ਹਨ । ਜਿਹਨਾਂ ਚਿਰ ਰਾਜਨੀਤਕ ਲੋਕ ਅਤੇ ਸੰਤ ਗੱਠਜੋੜ ਨਹੀਂ ਟੁਟੇਗਾ ਉਨਾਂ ਚਿਰ ਇਹੋ ਜਿਹੇ ਕਾਂਢ ਵੀ ਹੁੰਦੇ ਰਹਿਣਗੇ ਪਰ ਆਮ ਲੋਕਾਂ ਦੀਆਂ ਅੱਖਾਂ ਤੋਂ ਪਰਦਾ ਜਰੂਰ ਲਹਿ ਜਾਣਾਂ ਚਾਹੀਦਾ ਹੈ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ

Tuesday 3 September 2013

ਆਧੁਨਿਕ ਸਮਾਜ ਵਿੱਚ ਬਜੁਰਗਾਂ ਦੀ ਦੁਰਦਸਾ ਦੇ ਕਾਰਨ

            
                                                   ਵਰਤਮਾਨ ਯੁੱਗ ਦੀ ਤੇਜ ਰਫਤਾਰ ਤਰੱਕੀ ਦੇ ਵਿੱਚ ਸਮਾਜ ਅਤੇ ਸਭਿਆਚਾਰ ਦੇ ਵਿੱਚ ਬਦਲਾ ਵੀ ਤੇਜੀ ਨਾਲ ਹੋ ਰਹੇ ਹਨ। ਸਾਂਝੇ ਪਰੀਵਾਰ ਖਤਮ ਹੋ ਰਹੇ ਹਨ ਅਤੇ ਹਰ ਕੋਈ ਇਕਹਿਰੇ ਪਰੀਵਾਰ ਨੂੰ ਪਹਿਲ ਦੇ ਰਿਹਾ ਹੈ । ਨੌਜਵਾਨਾਂ ਨੇ ਤਾਂ ਇਸ ਨੂੰ ਪਹਿਲ ਦੇਣੀ ਹੀ ਹੈ ਪਰ ਬਜੁਰਗ ਲੋਕ ਵੀ ਆਪਣੀ ਡਫਲੀ ਆਪ ਵਜਾਉਣ ਨੂੰ ਪਹਿਲ ਦਿੰਦੇ ਹਨ। ਜਦ ਤੋਂ ਪੰਜਾਬ ਦੀ ਜਰਖੇਜ ਜਮੀਨ ਹਰੀ ਕਰਾਂਤੀ ਨਾਲ ਮੋਟੀ ਕਮਾਈ ਦੇਣ ਲੱਗੀ ਹੈ ਨੂੰ ਦੇਖਕੇ ਬਜੁਰਗ ਲੋਕ ਵੀ ਆਪਣੇ ਪੁੱਤਾਂ ਨਾਲ ਸਰੀਕਾਂ ਵਾਂਗ ਜਮੀਨਾਂ ਵੰਡਣ ਲੱਗ ਪਏ ਹਨ। ਧੀਆਂ ਪੁੱਤਰਾਂ ਨੂੰ ਮਾਪਿਆਂ ਨੇ ਪੈਸੇ ਬਣਾਉਣ ਵਾਲੀ ਮਸੀਨ ਬਣਨ ਦੀ ਹੱਲਾਸੇਰੀ ਦੇਕੇ ਆਪਣੇ ਪੈਰ ਆਪ ਕੁਹਾੜਾ ਮਾਰਿਆ ਹੈ। ਜਦ ਮਨੁੱਖ ਇਨਸਾਨ ਦੀ ਥਾਂ ਪੈਸੇ ਬਣਾਉਣ ਵਾਲੀ ਮਸੀਨ ਬਣ ਜਾਂਦਾ ਹੈ ਤਦ ਉਸਨੂੰ ਮਾਪਿਆਂ ਜਾਂ ਬਜੁਰਗਾਂ  ਨੂੰ ਸੰਭਾਲਣਾਂ ਵੀ ਘਾਟੇ ਦਾ ਸੌਦਾ ਲੱਗਦਾ ਹੈ । ਵਰਤਮਾਨ ਵਿੱਚ ਬੱਚਿਆਂ ਨੂੰ ਦੂਸਰਿਆਂ ਦੀ ਭਲਾਈ ਦੀ ਥਾਂ ਨਿੱਜ ਵਾਦ ਦੀ ਸਿੱਖਿਆ ਦਿੱਤੀ ਜਾ ਰਹੀ ਹੈ ਜਿਸ ਵਿੱਚ ਪੇਸੇਵਾਰਾਨਾ ਸੋਚ ਨੂੰ ਹੀ ਹੱਲਾਸੇਰੀ ਦਿੱਤੀ ਜਾਂਦੀ ਹੈ। ਇਸ ਵਪਾਰਕ ਸੋਚ ਦੇ ਘੋੜੇ ਤੇ ਚੜਿਆਂ ਬੰਦਾਂ ਦੂਸਰਿਆਂ ਦੀ ਭਲਾਈ ਸੋਚਣ ਤੋਂ ਹੀ ਕੋਰਾ ਹੋ ਜਾਂਦਾ ਹੈ ਦੂਸਰਿਆਂ ਦੀ ਭਲਾਈ ਕਰਨ ਤੋਂ ਮੁੱਕਰਿਆ ਬੰਦਾਂ ਆਪਣੇ ਮਾਪਿਆਂ ਨੂੰ ਵੀ ਬੋਝ ਹੀ ਸਮਝਦਾ ਹੈ । ਜਿਸ ਬੱਚੇ ਵਿੱਚ ਸਮਾਜ ਸੇਵਾ ਜਾਂ ਦੂਸਰਿਆਂ ਦੀ ਮੱਦਦ ਕਰਨ ਦੀ ਸੋਚ ਭਰੀ ਹੋਵੇਗੀ ਉਹ ਵਿਅਕਤੀ ਕਦੇ ਵੀ ਆਪਣੇ ਮਾਪਿਆਂ ਦੀ ਸੇਵਾ ਤੋਂ ਵੀ ਪੈਰ ਪਿਛਾਂਹ ਨਹੀਂ ਕਰ ਸਕਦਾ । ਬੱਚਿਆਂ ਦੇ ਵਿੱਚ ਲਾਲਸਾਵਾਂ ਦੀ ਅੱਗ ਬਾਲਕੇ ਅਸੀਂ ਉਹਨਾਂ ਤੋ ਕਿਸੇ ਦੀ ਵੀ ਸੇਵਾ ਦੀ ਆਸ ਨਹੀਂ ਰੱਖ ਸਕਦੇ । ਵਰਤਮਾਨ ਵਿੱਚ ਪੈਸੇ ਦੀ ਦੌੜ ਏਨੀ ਭਾਰੂ ਹੋ ਚੁੱਕੀ ਹੈ ਜਿਸ ਵਿੱਚ ਸਮਾਜ ਦਾ ਹਰ ਵਰਗ ਦੌੜ ਰਿਹਾ ਹੈ ਅਤੇ ਇਸ ਦੌੜ ਦੇ ਵਿੱਚ ਸਾਹੋ ਸਾਹੀ ਹੋਏ ਮਨੁੱਖ ਨੂੰ ਕਿਸੇ ਦੂਸਰੇ ਬਾਰੇ ਸੋਚਣ ਦੀ ਵਿਹਲ ਹੀ ਨਹੀਂ ਹੈ। ਵਰਤਮਾਨ ਵਿੱਚ ਹਰ ਮਨੁੱਖ ਆਪਣੇ ਬੱਚਿਆਂ ਨੂੰ ਅਮੀਰੀ ਦੇ ਘਰ ਵਿੱਚ ਦੇਖਣ ਲਈ ਪਹਿਲਾਂ ਤਾਂ ਅਖੌਤੀ ਵਿੱਦਿਆਂ ਜੋ ਸਿਖਾਉਣ ਦੀ ਥਾਂ ਲੁੱਟ ਦਾ ਰੂਪ ਹੈ ਨੂੰ ਦਿਵਾਉਂਦਾ ਹੈ ਅਤੇ ਬਾਅਦ ਵਿੱਚ ਪਛਤਾਉਂਦਾਂ ਹੈ। ਇਸ ਆਧੁਨਿਕ ਪੜਾਈ ਤੋਂ ਬਾਅਦ ਜੇ ਸਰਕਾਰੀ ਨੌਕਰੀ ਲੈਣੀ ਹੋਵੇ ਤਦ ਮੁਸਕਲ ਨਾਲ ਦੋ ਪਰਸੈਂਟ ਬੱਚੇ ਹੀ ਇਸਨੂੰ ਹਾਸਲ ਕਰ ਪਾਉਂਦੇ ਹਨ ਜਿਹਨਾਂ ਵਿੱਚ ਬਹੁਤੇ ਗਲਤ ਤਰੀਕਿਆਂ ਦੀ ਵਰਤੋਂ ਕਰਨ ਵਾਲੇ ਹੀ ਹਾਸਲ ਕਰ ਲੈਂਦੇ ਹਨ ਬਹੁਤ ਥੋੜੇ ਨੌਜਵਾਨ ਹੀ ਸਰਕਾਰੀ ਨੌਕਰੀ ਵਿਦਿਅਕ ਯੋਗਤਾ ਦੇ ਸਹਾਰੇ ਇਸਨੂੰ ਹਾਸਲ ਕਰ ਪਾਉਂਦੇ ਹਨ। ਬਾਕੀ ਬਚਦੇ ਲੋਕ ਆਪਣੇ ਧੀਆਂ ਪੁੱਤਰਾਂ ਨੂੰ ਜੇ ਸਾਧਨ ਬਣਦੇ ਹੋਣ ਤਾਂ ਲੱਖਾਂ ਖਰਚ ਕੇ ਵਿਦੇਸ ਭੇਜਣ ਦੀ ਸੋਚਦੇ ਹਨ। ਪਰਾਈਵੇਟ ਸੰਸਥਾਵਾਂ ਵਿੱਚ ਰੋਜਗਾਰ ਕਰਨ ਵਾਲੇ ਜਿਆਦਾਤਰ ਨੌਜਵਾਨ ਜਿੰਦਗੀ ਜਿਉਣ ਜਿਨਾਂ ਹੀ ਮਸਾਂ ਕਮਾ ਪਾਉਂਦੇ ਹਨ । ਇਸ ਤਰਾਂ ਦੇ ਰੋਜਗਾਰ ਹਾਸਲ ਕਰਨ ਵਾਲੇ ਨੌਜਵਾਨ ਫਿਰ ਆਪਣੀ ਇਕਹਿਰੀ ਜਿੰਦਗੀ ਜਿਉਣ ਬਾਰੇ ਸੋਚਣਾਂ ਸੁਰੂ ਕਰ ਦਿੰਦੇ ਹਨ । ਜਦ ਨੌਜਵਾਨ ਵਰਗ ਆਪਣੇ ਬਚਪਨ ਨੂੰ ਵਿਦਿਆਂ ਵਿੱਚ ਗਵਾਕੇ ਨਿਕਲਦਾ ਹੈ ਅਤੇ ਜਵਾਨੀ ਦੇ ਸਮੇਂ ਨੂੰ ਚਿੰਤਾਂ ਮੁਕਤ ਹੋਣ ਦੀ ਥਾਂ ਸੰਘਰਸ ਵਿੱਚ ਗੁਜਾਰਦਾ ਹੈ ਤਦ ਤੱਕ ਉਸਦੀ ਸੋਚ ਲੰਗੜਾ ਚੁੱਕੀ ਹੁੰਦੀ ਹੈ ਅਤੇ ਸਮਾਜ ਪ੍ਰਤੀ ਨਾਂਹ ਪੱਖੀ ਵਤੀਰਾ ਧਾਰਨ ਕਰ ਲੈਂਦਾਂ ਹੈ ।
                 ਪਿਛਲੇ ਕੁਝ ਸਾਲਾਂ ਵਿੱਚ ਤਕਨੀਕ ਨੇ ਏਨਾਂ ਵਿਕਾਸ ਕੀਤਾਹੈ ਜਿਸ ਨਾਲ ਹਰ ਵਿਅਕਤੀ ਦੇ ਘਰੇਲੂ ਖਰਚ ਅਤੇ ਰੁਝੇਵੇਂ ਏਨੇ ਵਧ ਚੁੱਕੇ ਹਨ ਕਿ ਕਿਸੇ ਕੋਲ ਵਕਤ ਹੀ ਨਹੀਂ ਦੂਸਰਿਆਂ ਨਾਲ ਸਾਂਝ ਪਾਉਣ ਦਾ ਜਿਸ ਕਾਰਨ ਮੋਹ ਅਤੇ ਮਮਤਾ ਦੀ ਤੰਦ ਕਮਜੋਰ ਹੋ ਰਹੀ ਹੈ। ਜਦ ਮੋਹ ਦੀਆਂ ਤੰਦਾਂ ਕਮਜੋਰ ਹੋ ਜਾਣਗੀਆਂ ਤਦ ਕੁਦਰਤੀ ਹੈ ਕਿ ਦਇਆ ਰੂਪੀ ਹਮਦਰਦੀ ਦਾ ਬੂਟਾ ਸੁੱਕ ਜਾਂਦਾ ਹੈ। ਜਦ ਮਨੁੱਖ ਵਿੱਚ ਦਇਆਂ ਨਹੀਂ ਰਹਿ ਜਾਂਦੀ ਤਦ ਉਸਦਾ ਫਰਜ ਨਿਭਾਉਣ ਵਾਲਾ ਧਰਮ ਵੀ ਮਰ ਮੁੱਕ ਜਾਂਦਾ ਹੈ। ਵਰਤਮਾਨ ਸਮਾਜ ਦਾ ਇਹੀ ਵੱਡਾ ਦੁਖਾਂਤ ਹੈ ਜਿਸ ਕਾਰਨ ਨੌਜਵਾਨੀ ਅਤੇ ਬਜੁਰਗਾਂ ਦੇ ਵਿਚਕਾਰਲੀ ਸਾਂਝ ਦੀ ਕੜੀ ਟੁੱਟ ਰਹੀ ਹੈ। ਜਿਉਂ ਜਿਉਂ ਇਹ ਸਾਂਝ ਘੱਟਦੀ ਜਾ ਰਹੀ ਹੈ ਤਿਉਂ ਤਿਉਂ ਬਜੁਰਗਾਂ ਦਾ ਜੀਵਨ ਮੁਸਕਲ ਭਰਿਆਂ ਹੋਈ ਜਾ ਰਿਹਾ ਹੈ। ਨੌਜਵਾਨ ਉਮਰ ਵਿੱਚ ਤਾਂ ਮਨੁੱਖ ਕੋਲ ਬਹੁਤ ਸਾਰੇ ਰੁਝੇਵੇਂ ਹੁੰਦੇ ਹਨ ਵਕਤ ਨੂੰ ਲੰਘਾਉਣ ਲਈ ਪਰ ਵੱਡੀ ਉਮਰ ਵਿੱਚ ਸਮੇਂ ਨਾਲ ਇਹ ਘੱਟਦੇ ਜਾਂਦੇ ਹਨ । ਇੱਕ ਵਕਤ ਆਉਂਦਾ ਹੈ ਜਦ ਬਜੁਰਗ ਵਿਅਕਤੀ ਦਾ ਸਰੀਰ ਵੀ ਸਾਥ ਛੱਡਣਾਂ ਸੁਰੂ ਕਰ ਦਿੰਦਾਂ ਹੈ ਅਤੇ ਇਹੋ ਜਿਹੇ ਵਕਤ ਹਮੇਸਾਂ ਆਪਣੀ ਔਲਾਦ ਹੀ ਸਾਂਭ ਸੰਭਾਲ  ਕਰ ਸਕਦੀ ਹੈ। ਵੱਡੀ ਉਮਰ ਵਿੱਚ ਜੇ ਔਲਾਦ ਕੋਲ ਹੋਵੇ ਤਾਂ ਹੀ ਘਰਾਂ ਵਿੱਚ ਰੌਣਕ ਰਹਿੰਦੀ ਹੈ ਜਿਸ ਨਾਲ ਬਜੁਰਗਾਂ ਦੀ ਵੀ ਸਮਾਜ ਨਾਲ ਸਾਂਝ ਬਣੀ ਰਹਿੰਦੀ ਹੈ। ਜੇ ਵੱਡੀ ਉਮਰ ਵਿੱਚ ਵਿਅਕਤੀ ਕੋਲ ਪਰੀਵਾਰ ਜਾਂ ਔਲਾਦ ਹੀ ਨਹੀਂ ਤਾਂ ਉਸ ਕੋਲ ਕੋਈ ਮਿਲਣ ਵਾਲਾ ਵੀ ਨਹੀਂ ਜਾਂਦਾ ਜਿਸ ਨਾਲ ਇਕੱਲਾਪਣ ਭਾਰੂ ਹੋ ਜਾਂਦਾ ਹੈ। ਇਕੱਲਾਪਣ ਬਹੁਤ ਹੀ ਖਤਰਨਾਕ ਅਤੇ ਡਰਾਉਣਾਂ ਹੁੰਦਾਂ ਹੈ। ਜਿਸ ਵਿਕਤੀ ਕੋਲ ਬਜੁਰਜਤਾਈ ਦੀ ਉਮਰ ਵਿੱਚ ਔਲਾਦ ਕੋਲ ਹੈ ਤਦ ਇਹ ਸਵਰਗ ਵਰਗਾ ਹੁੰਦਾਂ ਹੈ ਪਰ ਜਿਸ ਕੋਲ ਇਕੱਲਾਪਣ ਹੋਵੇ ਤਦ ਜਿੰਦਗੀ ਦਾ ਇਹ ਪਹਿਰ ਨਰਕ ਦਾ ਰੂਪ ਹੋ ਜਾਂਦਾਂ ਹੈ। ਅਸਲ ਵਿੱਚ ਮਨੁੱਖ ਨੇ ਤਰੱਕੀ ਦੇ ਨਾਂ ਤੇ ਨਰਕ ਵੱਲ ਹੀ ਛਾਲ ਮਾਰੀ ਹੈ। ਨੌਜਵਾਨੀ ਆਪਣੇ ਬਜੁਰਗਾਂ ਤੋਂ ਸਿੱਖਕੇ ਹਰ ਹੀਲੇ ਪੈਸਾ ਕਮਾਉਣਾਂ ਲੋਚਦੀ ਹੈ। ਇਸ ਪੈਸੇ ਨੂੰ ਇਕੱਠਾ ਕਰਨ ਦੀ ਦੌੜ ਵਿੱਚ ਉਸਦੇ ਆਪਣੇ ਮਾਪੇ ਜਾਂ ਬਜੁਰਗ ਵੀ ਯਾਦ ਨਹੀਂ ਰਹਿੰਦੇ । ਵਰਤਮਾਨ ਸਮਾਜ ਦੀ ਇਹ ਹੁਣ ਹੋਣੀ ਬਣ ਚੁੱਕੀ ਹੈ ਜਿਸਦਾ ਭਾਰ ਚੁੱਕਣਾਂ ਵੀ ਬਜੁਰਗਾਂ ਨੂੰ ਪੈ ਰਿਹਾ ਹੈ। ਅੱਜ ਦੀ ਨੌਜਵਾਨੀ ਵੀ ਭਵਿੱਖ ਵਿੱਚ ਇਸਦੇ ਖਤਰਨਾਕ ਨਤੀਜੇ ਹੰਢਾਵੇਗੀ । ਕੁਦਰਤ ਦੇ ਉਲਟ ਚੱਲਕੇ ਮਨੁੱਖ  ਕਦੇ ਵੀ ਸਾਂਵੀਂ ਪੱਧਰੀ ਜਿੰਦਗੀ ਨਹੀਂ ਜਿਉਂ ਸਕਦਾ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ