Friday, 13 September 2013

ਮਨੁੱਖੀ ਜਿੰਦਗੀ ਦੇ ਚਾਰ ਪੜਾਅ ਸੱਚ ਤੋਂ ਝੂਠ ਤੱਕ

                                  
                                               ਆਧੁਨਿਕ ਸਮਾਂ ਵਿਗਿਆਨ ਦਾ ਸਮਾਂ ਹੈ ਜਿਸ ਵਿੱਚ ਹਰ ਪਰਕਿਰਿਆ ਨੂੰ ਤਰਕਾਂ ਅਤੇ ਸਬੂਤਾਂ ਦੇ ਅਧਾਰ ਤੇ ਹੀ ਸਿੱਧ ਕਰਨਾਂ ਪੈਂਦਾਂ ਹੈ ਪਰ ਕੁਦਰਤ ਦੇ ਬਹੁਤ ਸਾਰੇ ਇਹੋ ਜਿਹੇ ਭੇਦ ਹਨ ਜੋ ਵਾਪਰਦੇ ਰਹਿੰਦੇ ਹਨ ਜਿਹਨਾਂ ਨੂੰ ਸਿੱਧ ਕਰਨਾਂ ਮੁਸਕਲ ਹੁੰਦਾਂ ਹੈ। ਅਲੋਕਿਕ ਵਰਤਾਰੇ ਸਿਰਫ ਮਹਿਸੂਸ ਕੀਤੇ ਜਾਂਦੇ ਹਨ ਜਾਂ ਵਾਪਰਦੇ ਦੇਖਣੇ ਹੀ ਪੈਦੇ ਹਨ ਪਰ ਉਹਨਾਂ ਉੱਪਰ ਸਵਾਲ ਉਠਾਉਣਾਂ ਕੋਈ ਕੀਮਤ ਨਹੀਂ ਰੱਖਦਾ ਇਸ ਤਰਾਂ ਦੇ ਅਨੇਕ ਵਰਤਾਰੇ ਹਰ ਮਨੁੱਖ ਦੇ ਜੀਵਨ ਵਿੱਚ ਆਉਂਦੇ ਹਨ ਜਿਹਨਾਂ ਨੂੰ ਦੇਖਕੇ ਉਸਦ ਸੋਚ ਅਤੇ ਸਮਝ ਵਿੱਚ ਬਦਲਾਅ ਆਉਣੇਂ ਲਾਜਮੀ ਹੁੰਦੇ ਹਨ। ਨੌਜਵਾਨ ਉਮਰ ਵਿੱਚ ਨਾਸਤਿਕ ਹੋਣ ਤੇ ਮਾਣ ਮਹਿਸੂਸ ਕਰਨ ਵਾਲੇ ਅਕਸਰ ਹੀ ਬਜੁਰਗ ਹੋਣ ਤੱਕ ਆਸਤਿਕ ਹੋ ਜਾਂਦੇ ਹਨ ਬਹੁਤੀ ਵਾਰ ਤਾਂ ਧਰਮ ਜਾਂ ਰੱਬ ਦੇ ਪਰਚਾਰਕ ਹੋਣ ਤੱਕ ਪਹੁੰਚ ਜਾਂਦੇ ਹਨ। ਮਨੁੱਖੀ ਜਿੰਦਗੀ ਵਿੱਚ ਪਤਾ ਨਹੀਂ ਕਿਹੜੇ ਸਮੇਂ ਮਨੁੱਖ ਸਾਹਮਣੇ ਕਿਹੋ ਜਿਹੀਆਂ ਸਥਿਤੀਆਂ ਆ ਖੜੀਆਂ ਹੋਣ । ਜੀਵਨ ਸਥਿਤੀਆਂ ਮਨੁੱਖੀ ਮਨ ਵਿੱਚ ਭਾਵਨਾਵਾਂ ਦਾ ਹੜ ਲਿਆ ਦਿੰਦੀਆਂ ਹਨ ਆਮ ਤੌਰ ਤੇ ਮਨੁੱਖ ਭਾਵਨਾਵਾਂ ਦੇ ਅਧੀਨ ਹੀ ਕੰਮ ਕਰਦਾ ਹੈ। ।ਕਿਸੇ ਵਕਤ ਕੰਡੇ ਦੀ ਪੀੜ ਤੋਂ ਚੀਕ ਮਾਰਨ ਵਾਲਾ ਬੰਦਾਂ ਸਰਿੰਜਾਂ ਦੀਆਂ ਲੰਬੀਆਂ ਸੂਈਆਂ ਸਹਿ ਲੈਂਦਾਂ ਹੈ ਅਤੇ ਸਰੀਰ ਚੀਰ ਦੇਣ ਵਾਲੀਆਂ ਲੜਾਈਆਂ ਦਾ ਸਾਹਮਣਾਂ ਕਰ ਲੈਂਦਾਂ ਹੈ ਅਤੇ ਭੋਰਾ ਵੀ ਤਕਲੀਫ ਨਹੀਂ ਮੰਨਦਾ। ਵੱਖ ਵੱਖ ਸਮੇਂ ਤੇ ਮਨੁੱਖੀ ਮਨੋਸਥਿਤੀ ਵੱਖੋ ਵੱਖਰੀ ਹੰਦੀ ਹੈ । ਮਨੁੱਖੀ ਸਰੀਰ ਇੱਕੋ ਤਕਲੀਫ ਜਾਂ ਸੁੱਖ ਸਹੂਲਤ ਨੂੰ ਵੱਖੋ ਵੱਖ ਸਮਿਆਂ ਤੇ ਵੱਖੋ ਵੱਖਰੇ ਤੌਰ ਤੇ ਮਹਿਸੂਸ ਕਰਦਾ ਹੈ। ਕਦੀ ਮਨੁੱਖ ਆਪਣਿਆਂ ਦੀ ਮੌਤ ਤੇ ਰੋਂਦਾਂ ਹੈ ਪਰ ਕਈ ਵਾਰ ਉਹੀ ਮਨੁੱਖ ਆਪਣਿਆਂ ਨੂੰ ਕਤਲ ਕਰਨ ਤੱਕ ਚਲਾ ਜਾਂਦਾਂ ਹੈ ਤਦ ਮੌਤ ਤੇ ਰੋਣ ਦੀ ਬਜਾਇ ਸਕੂਨ ਮਹਿਸੂਸ ਕਰਦਾ ਹੈ । ਅਸਲ ਵਿੱਚ ਮਨੁੱਖ ਭਾਵਨਾਵਾਂ ਦਾ ਸਮੇਲ ਹੀ ਹੁੰਦਾਂ ਹੈ ਕੌਮਲ ਭਾਵੀ ਮਨੁੱਖ ਕਈ ਵਾਰ ਪੱਥਰਾਂ ਨਾਲੋਂ ਵੀ ਸਖਤ ਵਿਵਹਾਰ ਕਰਦਾ ਹੈ। ਕਈ ਵਾਰ ਜਲਾਦ ਵੀ ਕੋਮਲ ਭਾਵੀ ਹੋ ਜਾਂਦੇ ਹਨ ਪਿੱਛੇ ਜਿਹੇ ਇੱਕ ਦਹਿਸਤਗਰਦ ਗਰਦਾਨੇ ਗਏ ਵਿਅਕਤੀ ਨੂੰ ਫਾਂਸੀ ਦੇਣ ਵਾਲੇ ਜਲਾਦ ਨੇ ਉਸ ਵਅਕਤੀ ਨੂੰ ਫਾਂਸੀਂ ਦੇਣ ਤੋਂ ਪਹਿਲਾਂ ਉਸਦੇ ਪੈਰਾਂ ਨੂੰ ਛੁਹਿਆ ਅਤੇ ਫਿਰ ਮਾਫੀ ਮੰਗੀ । ਜਿੰਦਗੀ ਦੇ ਵਿੱਚ ਵੱਖੋ ਵੱਖਰੇ ਪੜਾਅ ਆਉਂਦੇ ਹਨ ਜੋ ਮਨੁੱਖੀ ਮਨ ਦੀਆਂ ਭਾਵਨਾਵਾਂ ਨੂੰ ਬਦਲਦੇ ਰਹਿੰਦੇ ਹਨ। ਜਿੰਦਗੀ ਦਾ ਪਹਿਲਾ ਪਹਿਰ ਬਚਪਨ ਹੁੰਦਾਂ ਹੈ ਜਿਸ ਨੂੰ ਪਹਿਲਾ ਯੁੱਗ ਭਾਵ ਸਤਿਯੁਗ ਵੀ ਆਖਿਆ ਜਾ ਸਕਦਾ ਹੈ। ਇਸ ਵਿੱਚ ਹਰ ਜਿੰਦਗੀ ਕੁਦਰਤ ਦੀ ਮਰਜੀ ਤੇ ਜਾਂ ਭਾਵ ਦੂਸਰਿਆਂ ਤੇ ਨਿਰਭਰ ਹੋਕੇ ਬਿਨਾਂ ਕਿਸੇ ਵਲ ਅਤੇ ਛਲ ਦੇ ਜਿੰਦਗੀ ਬਤੀਤ ਕਰਦਾ ਹੈ। ਇਸ ਉਮਰ ਵਿੱਚ ਖੁਸੀਆਂ ਮਾਨਣ ਤੋਂ ਬਿਨਾਂ ਕੋਈ ਲਾਲਸਾ ਨਹੀਂ ਹੁੰਦੀ ਅਤੇ ਨਾਂ ਹੀ ਇਸ ਉਮਰ ਵਿੱਚ ਝੂਠ ਬੋਲਦਾ ਹੈ। ਅਸਲ ਵਿੱਚ ਬਚਪਨ ਵਿੱਚ ਝੂਠ ਬੋਲਣਾਂ ਆਉਂਦਾਂ ਹੀ ਨਹੀਂ ਹੁੰਦਾਂ ਵੱਡੀ ਉਮਰ ਵਾਲੇ ਹੀ ਬੱਚਿਆਂ ਨੂੰ ਝੂਠ ਬੋਲਣਾਂ ਸਿਖਾਉਂਦੇ ਹਨ।
                                               ਬਚਪਨ ਦੀ ਕੁਦਰਤੀ ਜਿੰਦਗੀ ਤੋਂ ਬਾਅਦ ਜਿੰਦਗੀ ਦੇ ਦੂਸਰੇ ਪਹਿਰ ਤਾਕਤ ਦਾ ਰੂਪ ਜਵਾਨੀ ਵਾਲੀ ਉਮਰ ਵਿੱਚ ਮਨੁੱਖ ਜਿੰਦਗੀ ਦੇ ਬਹੁਤੇ ਕੰਮ ਆਪਣੀ ਤਾਕਤ ਦੇ ਜੋਰ ਤੇ ਕਰਦਾ ਹੈ ਜਿਸ ਨਾਲ ਉਸ ਵਿੱਚ ਖੁਦ ਨੂੰ ਖੁਦਾ ਵਰਗਾ ਮਹਿਸੂਸ ਹੁੰਦਾਂ ਹੈ। ਇਸ ਉਮਰ ਵਿੱਚ ਮਨੁੱਖੀ ਮਨ ਸਾਰੇ ਫੈਸਲੇ ਤਰਕਾਂ ਨਾਲ ਕਰਦਾ ਹੈ। ਇਸ ਉਮਰ ਵਿੱਚ ਇਨਸਾਨੀ ਜਿੰਦਗੀ ਹਰ ਕੰਮ ਨੂੰ ਕਰਨ ਦੇ ਸਮੱਰਥ ਹੁੰਦੀ ਹੈ ਅਤੇ ਉਨੂੰ ਇਸ ਤਰਾਂ ਕਰਨ ਦਾ ਨਸੇ ਵਰਗਾ ਸੁਆਦ ਵੀ ਮਹਿਸੂਸ ਹੁੰਦਾਂ ਹੈ। ਤਾਕਤ ਦੇ ਸਮੇਂ ਨੌਜਵਾਨੀ ਨੂੰ ਕੁਦਰਤੀ ਸਕਤੀ ਵੱਲ ਦੇਖਣ ਦੀ ਲੋੜ ਵੀ ਮਹਿਸੂਸ ਨਹੀਂ ਹੁੰਦੀ । ਪੈਰਾਂ ਨਾਲ ਧਰਤੀ ਦਮਕਾਉਣ ਦੀ ਇਸ ਉਮਰ ਦੀ ਤਾਕਤ ਵੀ ਵਕਤ ਆਉਣ ਨਾਲ ਘੱਟ ਜਾਂਦੀ ਹੈ ਅਤੇ ਇਹ ਆਉਣ ਵਾਲੀ ਦੂਸਰੀ ਪੀੜੀ ਕੋਲ  ਜਾਣ ਲੱਗਦੀ ਹੈ ਤਦ ਹੀ ਮਨੁੱਖੀ ਮਨ ਵੀ ਇਸ ਸੋਚ ਤੋਂ ਬਾਹਰ ਨਿਕਲਣ ਲੱਗਦਾ ਹੈ।
                                                                ਜਿੰਦਗੀ ਦਾ ਤੀਸਰਾ ਪਹਿਰ ਤਾਕਤ  ਦੀ ਥਾਂ ਤਪੱਸਿਆ ਰੂਪੀ ਤਜਰਬਾ ਭਾਰੂ ਹੋ ਜਾਂਦਾਂ ਹੈ ਜਿਸ ਵਿੱਚ ਤਾਕਤ ਦਾ ਜੋਰ ਨਹੀਂ ਰਹਿੰਦਾ ਪਰ ਤਜਰਬਾ ਜੋ ਜਵਾਨੀ ਦੇ ਸਮੇਂ ਹਾਸਲ ਕੀਤਾ ਹੁੰਦਾਂ ਹੈ ਬਹੁਤ ਵਾਰ ਜਿੰਦਗੀ ਵਿੱਚ ਮਨੁੱਖ ਨੂੰ ਸਫਲ ਹੋਣ ਦੇ ਮੌਕੇ ਦਿੰਦਾਂ ਰਹਿੰਦਾਂ ਹੈ। ਤਜਰਬੇ ਵਾਲੀ ਜਿੰਦਗੀ ਵਿੱਚ ਮਨੁੱਖੀ ਮਨ ਤਾਕਤ ਵਾਲਿਆਂ ਦਾ ਵੀ ਕਿਸੇ ਹੱਦ ਤੱਕ ਮੁਕਾਬਲਾ ਕਰ ਲੈਂਦਾਂ ਹੈ ਪਰ ਤਜਰਬੇ ਵਾਲੀ ਜਿੰਦਗੀ ਦਾ ਵੀ ਇੱਕ ਦਿਨ ਅੰਤ ਹੋ ਜਾਂਦਾਂ ਹੈ ਜਾਂ ਮਨੁੱਖ ਦੀਆਂ ਆਉਣ ਵਾਲੀਆਂ ਨਵੀਆਂ ਪੀੜੀਆਂ ਜੋ ਤਾਕਤ ਤੋਂ ਤਜਰਬੇ ਵਾਲੀ ਮੰਜਿਲ ਤੇ ਪਹੁੰਚ ਜਾਂਦੀਆਂ ਹਨ ਨੂੰ ਦੂਸਰੀਆਂ ਦੇ ਤਜਰਬੇ ਦੀ ਲੋੜ ਘਟ ਜਾਂਦੀ ਹੈ ਉਸ ਵਕਤ ਮਨੁੱਖ ਹਾਰਨਾਂ ਸੁਰੂ ਹੋ ਜਾਂਦਾਂ ਹੈ ਇਸ ਨੂੰ ਜਿੰਦਗੀ ਦਾ ਚੌਥਾ ਪਹਿਰ ਜਾਂ ਚੌਥਾਂ ਯੁੱਗ ਕਿਹਾ ਜਾਂਦਾਂ ਹੈ।
                                           ਜਿੰਦਗੀ ਦੇ ਚੌਥਾ ਪਹਿਰ  ਵਿੱਚ ਮਨੁੱਖ ਦੋ ਤਰੀਕਿਆਂ ਨਾਲ ਜਿੰਦਗੀ ਬਤੀਤ ਕਰਦਾ ਹੈ ਪਹਿਲੀ ਕਿਸਮ ਦੇ ਲੋਕ ਸੱਚ ਦੇ ਰੁਬਰੂ ਹੁੰਦਿਆ ਆਪਣੇ ਆਪ ਨੂੰ ਹਾਰਿਆ ਮਹਿਸੂਸ ਕਰਕੇ ਆਪਣੇ ਆਪ ਨੂੰ ਆਪਣੇ ਬੱਚਿਆਂ ਅਤੇ ਧਰਮ ਕਰਮ ਦੇ ਹਵਾਲੇ ਕਰ ਦਿੰਦੇ ਹਨ ਅਤੇ ਆਪਣੀ ਹਾਊਮੈਂ ਦਾ ਤਿਆਗ ਕਰ ਦਿੰਦੇ ਹਨ। ਇਹ ਲੋਕ ਸੱਚ ਨੂੰ ਸਵੀਕਾਰ ਕਰਕੇ ਸਮਾਜ ਅਤੇ ਆਪਣੇ ਵਾਰਿਸਾਂ ਨਾਲ ਸਾਂਝ ਬਚਾਉਣ ਵਿੱਚ ਸਫਲ ਹੋ ਜਾਂਦੇ ਹਨ ਜਿਸ ਨਾਲ ਜਿੰਦਗੀ ਸਵੱਰਗ ਵਰਗੀ ਬਣ ਜਾਂਦੀ ਹੈ। ਦੂਸਰੀ ਕਿਸਮ ਦੇ ਲੋਕ ਸੱਚ ਤੋਂ ਕਿਨਾਰਾ ਕਰਕੇ ਆਪਣੀ ਹਾਊਮੈਂ ਦੇ ਘੋੜੇ ਤੇ ਬੈਠ ਜਾਂਦੇ ਹਨ ਅਤੇ ਆਪਣੇ ਆਪ ਨੂੰ ਸਿਆਣਾਂ ਤੇ ਸੁਪਰ ਪਾਵਰ ਐਲਾਨ ਦਿੰਦੇ ਹਨ  ਜਿਸ ਨਾਲ ਜਿੰਦਗੀ ਲੜਾਈ ਦੇ ਦੌਰ ਵਿੱਚ ਸਾਮਲ ਹੋ ਜਾਂਦੀ ਹੈ। ਨਵੀਆਂ ਪੀੜੀਆਂ ਇਸ ਤਰਾਂ ਦੇ ਲੋਕਾਂ ਤੋਂ ਬਾਗੀ ਹੋ ਜਾਂਦੀਆਂ ਹਨ ਜਿਸ ਨਾਲ ਜਿੰਦਗੀ ਯੁੱਧ ਦਾ ਰੂਪ ਧਾਰਕੇ ਨਰਕ ਵਿੱਚ ਦਖਲ ਹੋ ਜਾਂਦੀ ਹੈ। ਇਸ ਤਰਾਂ ਦੇ ਸੱਚ ਤੋਂ ਮੁਨਕਰ ਲੋਕ ਵਲ ਅਤੇ ਛਲ ਅਤੇ ਲੜਾਈ ਦੇ ਰਸਤਿਆਂ ਦੇ ਪਾਂਧੀਂ ਹੋ ਜਾਦੇਂ ਹਨ । ਇਹੀ ਕਾਰਨ ਹੈ ਜਿਸ ਕਾਰਨ ਜਿੰਦਗੀ ਦੇ ਚੌਥੇ ਪਹਿਰ ਨੂੰ ਕਲਯੁੱਗ ਦਾ ਪਹਿਰ ਮੰਨਿਆਂ ਜਾਂਦਾ ਹੈ ਇਸ ਦੀ ਬੁਨਿਆਦ ਝੂਠ ਤੇ ਹੁੰਦੀ ਹੈ। ਝੂਠ ਕਲਯੁੱਗ ਦਾ ਰਥਵਾਹ ਹੁੰਦਾਂ ਹੈ। ਇਹਨਾਂ ਰਾਂਹਾਂ ਦੇ ਕੰਢੇ ਮਨੁੱਖੀ ਜਿੰਦਗੀ ਦੇ ਅੰਤਿਮ ਪਹਿਰ ਨੂੰ ਲਹੂਲੁਹਾਣ ਕਰ ਦਿੰਦੇ ਹਨ। ਇਸ ਤੋਂ ਬਾਅਦ ਇਸ ਤਰਾਂ ਦੇ ਲੋਕ ਜਿੰਦਗੀ ਦਾ ਇਹ ਚੌਥਾ ਕਲਯੁੱਗ ਵਾਲਾ ਪਹਿਰ ਵੱਲ ਅਤੇ ਛੱਲ ਦੀ ਭੇਂਟ ਚੜਾਕੇ ਨਰਕ ਦੀ ਜਿੰਦਗੀ ਜਿਉਦਿਆਂ ਮੌਤ ਦੇ ਦਰਵਾਜੇ ਤੱਕ ਪਹੁੰਚਦੇ ਹਨ। ਜੋ ਲੋਕ ਬਚਪਨ ਵਰਗਾ ਸੱਚਾ ਮਨ ਬਚਾਈ ਰੱਖਣ ਵਿੱਚ ਸਫਲ ਹੋ ਜਾਂਦੇ ਹਨ ਉਹ ਲੋਕ ਜਿੰਦਗੀ ਵਿੱਚ ਸਵਰਗ ਦੀਆਂ ਖੁਸੀਆਂ ਨੂੰ ਮਾਨਣ ਦੇ ਹੱਕਦਾਰ ਅੰਤ ਤੱਕ ਬਣੇ ਰਹਿੰਦੇ ਹਨ । ਇਹ ਲੋਕ ਸੱਚ ਤੋਂ ਮੁਨਕਰ ਨਹੀਂ ਹੋਏ ਹੁੰਦੇ ਅਤੇ ਆਪਣੀ ਜਿੰਦਗੀ ਨੂੰ ਬਚਪਨ ਵਾਲੇ ਸਤਿਯੁੱਗ ਦੇ ਸਵੱਰਗ ਵਿੱਚ ਬਣਾਈ ਰੱਖਦੇ ਹਨ । ਮਨੁੱਖ ਨੂੰ ਸਦਾ ਹੀ ਵਲ ਅਤ ਛਲ ਤੋਂ ਦੂਰ ਰਹਿੰਦਿਆਂ ਤਾਕਤ ਦੇ ਹੰਕਾਰ ਨੂੰ ਦੂਰ ਰੱਖਦਿਆਂ ਨਿਮਰਤਾ ਵਾਲੀ ਸਧਾਰਨ ਜਿੰਦਗੀ ਜਿਉਣ ਨੂੰ ਪਹਿਲ ਦੇਣੀ ਚਾਹੀਦੀ ਹੈ ਜਿਸ ਵਿੱਚੋਂ ਖੁਸੀਆਂ ਖੇੜਿਆਂ ਵਾਲਾ ਸਵੱਰਗ ਉਪਜਦਾ ਹੈ ।

                                

No comments: