Friday 25 July 2014

ਦੋਸਤੀ ਦਾ ਰਿਸਤਾ ਹੀ ਸਭ ਤੋਂ ਵਧੀਆ ਹੁੰਦਾਂ ਹੈ

                               
                                 ਭਾਵੇਂ ਸਮਾਜ ਵਿੱਚ ਰਹਿੰਦਿਆਂ ਪਰੀਵਾਰਕ ਰਿਸਤਿਆਂ ਨੂੰ ਸਭ ਤੋਂ ਉੱਤਮ ਮੰਨਿਆ ਜਾਂਦਾਂ ਹੈ ਜਿੰਹਨਾਂ ਵਿੱਚ ਮਾਂ ਦੀ ਗੋਦ ਨੂੰ ਜੱਨਤ  ਅਤੇ ਬਾਪ ਨੂੰ ਸਿਰ ਦੀ ਛਾਂ ਦਾ ਦਰਜਾ ਦਿੱਤਾ ਜਾਂਦਾਂ ਹੈ । ਭਰਾਵਾਂ ਦਾ ਰਿਸਤਾ ਬਾਹਾਂ ਦੇ ਬਰਾਬਰ ਦੱਸਿਆ ਜਾਂਦਾਂ ਹੈ । ਇਸ ਤਰਾਂ ਹੀ ਹੋਰ ਬਹੁਤ ਸਾਰੇ ਪਰੀਵਾਰਕ ਜਾਂ ਸਮਾਜਕ ਰਿਸਤਿਆਂ ਨੂੰ ਉੱਤਮ ਦਰਜੇ ਦਿੱਤੇ ਗਏ ਹਨ। ਗੁਰੂ ਤੇਗ ਬਹਾਦਰ ਜੀ ਇਹਨਾਂ ਸਮਾਜਕ ਰਿਸਤਿਆਂ ਨੂੰ ਸਵਾਰਥ ਦੀ ਉਪਜ ਮੰਨਦੇ ਹਨ । ਮਾਤ ਪਿਤਾ ਸੁਤ ਬੰਧਪ ਭਾਈ । ਸਭ ਸੁਆਰਥ ਕੇ ਅਧਿਕਾਈ ਕਹਿਕੇ ਗੁਰੂ ਜੀ ਨੇ ਸਾਨੂੰ ਸਪੱਸਟ ਸੰਦੇਸ ਦਿੱਤਾ ਹੈ ।  ਦੋਸਤੀ ਦਾ ਰਿਸਤਾ ਇੱਕ ਇਹੋ ਜਿਹਾ ਰਿਸਤਾ  ਹੈ ਜਿ ਨਿਸਕਾਮਤਾ ਵਿੱਚੋਂ ਉਪਜਦਾ ਹੈ ਅਤੇ ਇਸ ਰਿਸਤੇ ਵਿੱਚ ਸੁਆਰਥ ਦੀ ਥਾਂ ਵਿਚਾਰਾਂ ਦੀ ਸਾਂਝ ਤੇ ਹੀ ਇਸਦੀ ਨੀਂਹ ਰੱਖੀ ਜਾ ਸਕਦੀ ਹੈ। ਗੁਰੂਆਂ ਪੀਰਾਂ ਫਕੀਰਾਂ ਵੱਲੋਂ ਪਰੇਮ ਦਾ ਰਿਸਤਾ ਰੱਬ ਤੱਕ ਪਹੁੰਚਣ ਦਾ ਰਸਤਾ ਮੰਨਿਆਂ ਜਾਂਦਾ ਹੈ। ਜਿਨ ਪਰੇਮ ਕੀਉ ਤਿਨ ਹੀ ਪ੍ਰਭ ਪਾਇਉ । ਆਮ ਹਾਲਤਾਂ ਦੇ ਵਿੱਚ ਸਮਾਜਕ ਰਿਸਤਿਆਂ ਦੇ ਮਹੱਤਵ ਨੂੰ ਨਕਾਰਿਆਂ ਨਹੀਂ ਜਾ ਸਕਦਾ ਪਰ ਮਨੁੱਖ ਦੀ ਹਾਉਮੈਂ ਨੂੰ ਸੱਟ ਵੱਜਣ ਤੇ ਸਮਾਜਕ ਰਿਸਤੇ ਕੱਚ ਵਾਂਗ ਟੁੱਟ ਜਾਂਦੇ ਹਨ । ਅੱਜ ਕਲ ਅਖਬਾਰਾਂ ਦੇ ਵਿੱਚ ਮਾਪਿਆਂ ਵੱਲੋਂ ਆਪਣੇ ਧੀਆਂ ਪੁੱਤਰਾਂ ਨੂੰ ਬੇਦਖਲ ਕਰਨ ਦੇ ਇਸਤਿਹਾਰ ਦੇਖਕੇ ਸਭ ਕੁੱਝ ਸਮਝ ਆ ਜਾਦਾਂ ਹੈ । ਭਰਾ ਦੁਨਿਆਂਵੀ ਜਾਇਦਾਦਾਂ ਵਾਸਤੇ ਭਰਾਵਾਂ ਨੂੰ ਆਦਿ ਕਾਲ ਤੋਂ ਕਤਲ ਤੱਕ ਕਰਦੇ ਤੁਰੇ ਆਉਂਦੇ ਹਨ । ਸਭ ਤੋਂ ਸੰਘਣੀ ਛਾ ਦਾ ਦਰਜਾ ਪਰਾਪਤ ਮਾਵਾਂ ਸਰੀਰਕ ਲੋੜਾਂ ਦੇ ਸਵਾਰਥ ਅਧੀਨ ਮਾਸੂਮ ਔਲਾਦ ਛੱਡ ਕੇ ਫਰਾਰ ਤੱਕ ਹੋ ਜਾਂਦੀਆਂ ਹਨ । ਜਨਮ ਦੇਣ ਵਾਲੇ ਮਾਪਿਆਂ ਵਿੱਚੋ ਘਰੇਲੂ ਝਗੜਿਆਂ ਕਾਰਨ ਕਿਹੜਾ ਕਦੋਂ ਔਲਾਦ ਅਤੇ ਜੀਵਨ ਸਾਥੀ ਤੋਂ ਬਾਗੀ ਹੋ ਜਾਵੇ ਕੋਈ ਨਹੀਂ ਜਾਣ ਸਕਦਾ । ਜਦ ਤੱਕ ਮਨੁੱਖ ਪੂਰਨਤਾ ਹਾਸਲ ਨਹੀਂ ਕਰਦਾ ਤਦ ਤੱਕ ਦੁਨਿਆਂਵੀ ਰਿਸਤਿਆਂ ਵਿੱਚ ਉਲਝਿਆ ਹੋਇਆ ਦੂਸਰਿਆਂ ਨਾਲ ਆਪਣੇ ਅਖਵਾਉਣ ਵਾਲਿਆਂ ਲਈ ਬੇਇਨਸਾਫੀਆਂ ਕਰਦਾ ਹੋਇਆ ਜੰਗ ਲੜਦਾ ਰਹਿੰਦਾਂ ਹੈ । ਲਾਲਚਾਂ ਸਵਾਰਥਾਂ ਤੇ ਟੇਕ ਰੱਖਣ ਵਾਲੇ ਆਪਣੇ ਜਦ ਆਪਣਾਂ ਅਸਲੀ ਰੂਪ ਦਿਖਾਉਂਦੇ ਹਨ ਤਦ ਸਮਾਜ ਵਿੱਚ ਬਹੁਤ ਸਾਰੀਆਂ ਦੁੱਖ ਭਰੀਆਂ ਚੀਕਾਂ ਸੁਣਾਈ ਦਿੰਦੀਆਂ ਹਨ। ਅੱਜ ਦੇ ਤਕਨੀਕੀ ਯੁੱਗ ਵਿੱਚ ਸਮਾਜਕ ਅਤੇ ਪਰੀਵਾਰਕ ਰਿਸਤਿਆਂ ਦੀ ਮੌਤ ਹੋ ਚੁੱਕੀ ਹੈ । ਧੀਆਂ ਪੁੱਤਰਾਂ ਵੱਲੋਂ ਵੀ ਮਾਂ ਬਾਪ ਦੀ ਕਦਰ ਕਰਨ ਨੂੰ ਤਿਲਾਂਜਲੀ ਦੇਣ ਨੂੰ ਪਹਿਲ ਦਿੱਤੀ ਜਾ ਰਹੀ ਹੈ। ਭੈਣ ਭਰਾ ਇੱਕ ਦੂਜੇ ਵੱਲ ਸੱਕ ਭਰੀਆਂ ਨਿਗਾਹਾਂ ਨਾਲ ਦੇਖਦੇ ਹਨ । ਮਰੇ ਹੋਏ ਮਾਪਿਆਂ ਦੇ ਨਕਲੀ ਵਸੀਅਤਾ ਤੇ ਅੰਗੂਠੇ ਲਾਉਣ ਲਈ ਨੀਲੇ ਕੀਤੇ ਹੋਏ ਆਮ ਹੀ ਦਿਖਾਈ ਦਿੰਦੇ ਹਨ ਕਿਉਂਕਿ ਭੈਣਾਂ ਤੇ ਭਰਾਵਾਂ ਨੂੰ ਯਕੀਨ ਹੀ ਨਹੀਂ ਰਿਹਾ । ਸਕੇ ਮਾਂ ਬਾਪ ਜਿਉਂਦੇ ਹੋਏ ਹੀ ਅੱਧੀ ਔਲਾਦ ਨੂੰ ਬਿਨਾਂ ਦੱਸਿਆਂ ਚੋਰੀ ਚੋਰੀ ਵਸੀਅਤਾਂ ਆਮ ਹੀ ਕਰਵਾਉਂਦੇ ਹਨ  । ਜਦ ਮਾਂ ਬਾਪ ਹੀ ਆਪਣੀ ਔਲਾਦ ਤੇ ਵਿਸਵਾਸ ਨਹੀਂ ਕਰ ਸਕਦਾ ਫਿਰ ਕਿਹੜੇ ਰਿਸਤੇ ਦੇ ਪੱਕੇ ਹੋਣ ਦਾ ਦਾਅਵਾ ਕੀਤਾ ਜਾ ਸਕਦਾ ਹੈ । ਪਤੀ ਪਤਨੀ ਦਾ ਰਿਸਤਾ ਜੋ ਭਾਰਤੀ ਸਮਾਜ ਦਾ ਵਿਸਵਾਸ ਤੇ ਟਿਕਿ ਆ ਹੋਇਆਂ ਹੈ ਅਤੇ ਇਸ ਵਿੱਚ ਪਤੀ ਨੂੰ ਪਰਮੇਸਰ ਤੱਕ ਬਣਾਕਿ ਪੇਸ ਕੀਤਾ ਜਾਂਦਾ ਹੈ ਅਤੇ ਪਤਨੀ ਇਕ ਪੂਰਾ ਸੰਸਾਰ ਜਾਂ ਕੁਦਰਤ ਦਾ ਰੂਪ ਅਖਵਾਉਂਦੀ ਹੈ । ਆਦਿ ਕਾਲ ਤੋਂ ਪਤਾ ਨਹੀਂ ਕੁਦਰਤ ਰੂਪੀ  ਪਤਨੀਆਂ ਨੇ ਕਿੰਨੀ ਵਾਰ ਨਵੇਂ ਪਰਮੇਸਰ ਪੈਦਾ ਕੀਤੇ ਹੋਣਗੇ ਅਤੇ ਇਸ ਤਰਾਂ ਪਤੀ ਰੂਪ ਪਰਮੇਸਰ ਨੇ ਅਸੰਖ ਵਾਰ ਨਵੀਆਂ ਕੁਦਰਤਾਂ ਭਾਲਣ ਤੋਂ ਗੁਰੇਜ ਨਹੀਂ ਕੀਤਾ ।
                                  ਅੰਤ ਵਿੱਚ ਸਿਰਫ ਇੱਕੋ ਇੱਕ ਰਿਸਤਾ ਦੋਸਤੀ ਦਾ ਹੈ ਜੋ ਪਰੇਮ ਵਿੱਚੋ ਅਤੇ ਵਿਚਾਰਾਂ ਦੀ ਸਾਂਝ ਵਿੱਚੋ ਉਪਜਣ ਵਾਲਾ ਹੁੰਦਾਂ ਹੈ ਹੀ ਦਿਖਾਈ ਦਿੰਦਾਂ ਹੈ । ਦੋਸਤੀ ਦਾ ਰਿਸਤਾ ਕਦੇ ਵੀ ਸੁਆਰਥ ਦੀ ਪੂਰਤੀ ਤੇ ਨਹੀਂ ਟਿਕਿਆ ਹੁੰਦਾਂ ਕਿਉਂਕਿ ਸਵਾਰਥ ਤੇ ਦੋਸਤੀ ਦਾ ਰਿਸਤਾ ਹੋ ਹੀ ਨਹੀਂ ਸਕਦਾ । ਦੋਸਤ ਹਮੇਸਾਂ ਔਖੇ ਸਮੇਂ ਕੰਮ ਆਉਂਦਾ ਹੈ । ਦੋਸਤ ਤੋਂ ਕਦੇ ਮੰਗਣ ਦੀ ਵੀ ਲੋੜ ਨਹੀਂ ਪੈਂਦੀ । ਦੋਸਤ ਨੂੰ ਤਾਂ ਸਿਰਫ ਦੁੱਖ ਦੱਸਣ ਦੀ ਹੀ ਲੋੜ ਹੁੰਦੀ ਹੈ ਬਾਕੀ ਸਭ ਕੁੱਝ ਤਾਂ ਆਪਣੇ ਆਪ ਹੀ ਸੁਰੂ ਹੋ ਜਾਂਦਾਂ ਹੈ । ਦੋਸਤੀ ਵਿੱਚ ਸਿਰਫ ਪਿਆਰ ਦਾ ਹੀ ਜਨਮ ਹੋ ਸਕਦਾ ਹੈ ਅਤੇ ਇਹ ਪਿਆਰ ਵੀ ਨਿਸਕਾਮ ਹੁੰਦਾਂ ਹੈ । ਇਸ ਪਿਆਰ ਵਿੱਚ ਸਿਰਫ ਤੇ ਸਿਰਫ ਕੁਰਬਾਨ ਹੋ ਜਾਣ ਦੀ ਭਾਵਨਾਂ ਹੀ ਰਹਿ ਜਾਂਦੀ ਹੈ । ਗੁਰੂ ਨਾਲ ਚੇਲਿਆਂ ਦਾ ਰਿਸਤਾ ਦੋਸਤੀ ਤੋਂ  ਪਿਆਰ ਤੱਕ ਦਾ ਸਫਰ ਕਰਦਾ ਹੈ । ਗੁਰੂ ਗੋਬਿੰਦ ਸਿੰਘ ਵਰਗੇ ਯੋਧੇ ਜੰਗਜੂ ਪੁਰਸ ਨਾਲ ਜਦ ਆਮ ਲੋਕਾਂ ਦੀ ਮੁਹੱਬਤ ਅਤੇ ਦੋਸਤੀ ਦੀ ਕਹਾਣੀ ਸੁਰੂ ਹੋਈ ਫਿਰ ਅਨੇਕਾਂ ਮਿਸਾਲਾਂ ਪੈਦਾ ਹੋਈਆਂ ਜਿਸ ਨਾਲ ਰਾਜਸੱਤਾਵਾਂ ਅਤੇ ਜੁਲਮ ਕਰਨ ਵਾਲਿਆਂ ਦੀਆਂ ਨੀਹਾਂ ਹਿੱਲ ਗਈਆਂ ਸਨ । ਗੁਰੂ ਰੂਪ ਦੋਸਤ ਦੀਆਂ ਖੁਸੀਆਂ ਹਾਸਲ ਕਰਨ ਲਈ ਰਫਲਾਂ ਦੇ  ਨਿਸਾਨੇ ਪਰਖਣ ਲਈ ਹਿੱਕਾਂ ਅੱਗੇ ਕਰ ਲਈਆਂ ਗਈਆਂ ਸਨ । ਲੱਖਾ ਸਿਰ ਵਾਰਕੇ ਦੋਸਤੀ ਦੀਆਂ ਦਾਸਤਨਾਂ ਇਤਿਹਾਸ ਦੇ ਪੰਨਿਆਂ ਤੇ ਸੁਨਿਹਰੀ ਰੂਪ ਵਿੱਚ ਚਮਕਦੀਆਂ ਹਨ । ਇੰਹਨਾਂ ਪੰਨਿਆਂ ਤੇ ਦੁਨਿਆਂਵੀ ਰਿਸਤਿਆਂ ਵਿੱਚੋ ਕਿਧਰੇ ਵੀ ਕੁਰਬਾਨੀਆਂ ਦੀਆਂ ਦਾਸਤਾਨਾਂ ਕਿਉਂ ਨਹੀਂ ਲੱਭਦੀਆਂ ਕਿਉਂਕਿ ਜਿੰਨਾਂ ਚਿਰ ਦੁਨਿਆਵੀ ਰਿਸਤਿਆਂ ਵਿੱਚ ਦੋਸਤੀ ਦਾ ਨਿਸਕਾਮ ਵੇਗ ਨਹੀਂ ਹੁੰਦਾਂ ਕੁਰਬਾਨੀ ਕਿਵੇਂ ਹੋਵੇਗੀ । ਸਮਾਜਕ ਰਿਸਤਿਆਂ ਦੀ ਉਮਰ ਲੰਬੀ ਨਾਂ ਹੋਣ ਪਿੱਛੇ ਦੋਸਤੀ ਦਾ ਨਾਂ ਹੋਣਾਂ ਹੀ ਹੈ । ਸੋ ਦੋਸਤੀ ਦਿਲ ਵਿੱਚ ਪੈਦਾ ਹੋਣੀ ਚਾਹੀਦੀ ਹੈ ਜੋ ਸਮਾਜਕ ਰਿਸਤਿਆਂ ਦੀ ਜਿੰਦ ਜਾਨ ਹੁੰਦੀ ਹੈ । ਪੇਸਾਵਰ ਸਮਾਜ ਦਿਲ ਦੀ ਥਾਂ ਦਿਮਾਗ ਨਾਲ ਤੁਰਦਾ ਹੈ । ਸੋ ਭਾਗਾਂ ਵਾਲੇ ਹੁੰਦੇ ਹਨ ਉਹ ਲੋਕ ਜਿੰਹਨਾਂ ਨੇ ਸਮਾਜਕ ਰਿਸਤਿਆਂ ਵਿੱਚ ਦੋਸਤੀ ਨੂੰ ਵੀ ਸਾਮਲ ਕਰ ਲਿਆ ਹੁੰਦਾਂ ਹੈ ਜਿਸ ਨਾਲ ਇਹ ਸਮਾਜਕ ਰਿਸਤੇ ਵੀ ਦੋਸਤੀ ਦੀ ਛਾ ਹੇਠ ਸਾਡੀ ਮੌਤ ਤੱਕ ਦਾ ਸਫਰ ਤੈਅ ਕਰ ਲੈਂਦੇ ਹਨ । ਜਿੰਹਨਾਂ ਲੋਕਾਂ ਕੋਲ ਮੌਤ ਦੀ ਸੇਜ ਤੇ ਸੌਣ ਵੇਲੇ ਦੋਸਤੀ ਦਾ ਸਿਰਹਾਣਾਂ ਹੋਵੇ ਉਹਨਾਂ ਦੀ ਮੌਤ ਵੀ ਸੁਖਾਲੀ ਹੋ ਜਾਂਦੀ ਹੈ । ਇਸ ਲਈ ਹੀ ਤਾਂ ਪੰਜਾਬੀ ਲੋਕ ਗੀਤ ਹੈ ਜਿੰਦ ਯਾਰ ਦੀ ਬੁੱਕਲ ਵਿੱਚ ਨਿਕਲੇ ਰੱਬਾ ਤੇਰੀ ਲੋੜ ਕੋਈ ਨਾਂ ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ   
                

ਦੂਸਰਾ ਰੱਬ ਬਣੇ ਪੈਸੇ ਦੇ ਔਗੁਣ


                                           
          ਵਿਕਾਸ ਅਤੇ ਪਰੀਵਰਤਨ ਦਾ ਰੂਪ ਹੋਕੇ ਚੱਲਣ ਵਾਲੀ ਪਰਕਿਰਤੀ ਦੇ ਰੰਗਾਂ ਵਿੱਚ ਕਿਹੜਾ ਰੰਗ ਕਦੋਂ ਕਿਸ ਰੰਗ ਵਿੱਚ ਬਦਲ ਜਾਂਦਾਂ ਹੈ ਕੋਈ ਨਹੀਂ ਜਾਣ ਸਕਿਆ । ਬੰਦੇ ਦਾ ਬਣਾਇਆ ਪਰੀ ਲੋਕ ਵਿੱਚ ਰਹਿੰਦਾਂ ਰੱਬ ਕਦੋਂ ਪੈਸੇ ਵਿੱਚ ਬਦਲ ਗਿਆ ਕਿਸੇ ਨੂੰ ਵੀ ਪਤਾ ਨਹੀਂ ਚੱਲਿਆ । ਗੁਜਰਾਨ ਦਾ ਰੂਪ ਦੇ ਖਿਤਾਬ ਨਾਲ ਸਿੰਗਾਰਿਆਂ ਅਵਤਾਰੀ ਪੁਰਸਾਂ ਦਾ ਪੈਸਾ ਕਦ   ਖੁਦਾ ਬਣ  ਗਿਆਂ ਸਮਝ ਹੀ ਨਹੀਂ ਆਇਆ । ਅਸਲ ਖੁਦਾ ਜੋ ਸਮੁੱਚਾ ਬ੍ਰਹਿਮੰਡ ਹੀ ਹੁੰਦਾਂ ਹੈ ੴ ਦਾ ਭਾਵ ਅਰਥ ਹੈ  ਕਿ ਇਹ ਬ੍ਰਹਿ੍ਹਮੰਡ ਜਾਂ ਸਮੁੱਚਾ ਪਾਸਾਰਾ ਹੀ ਪਰਮਾਤਮਾ ਦਾ ਰੂਪ ਹੈ । ਦਿਸਣ ਅਤੇ ਨਾਂ ਦਿਸਣ ਵਾਲਾ ਜੋ ਵੀ ਮਹਿਸੂਸ ਕੀਤਾ ਜਾਂਦਾਂ ਹੈ ਸਭ ਕੁੱਝ ਰੱਬ ਦਾ ਰੂਪ ਹੈ ਅਤੇ ਇਹ ਸਭ ਕੁੱਝ  ਸੱਚ ਹੈ ਅਤੇ ਇਸਦਾ ਨਾਮ ਹੈ ਸਤਿ ਜਾਂ ਸੱਚ  ਇਸ ਲਈ ਗੁਰਬਾਣੀ ਦਾ ਦੂਸਰਾ ਸਬਦ ਹੈ ਸਤਿਨਾਮ । ਆਮ ਤੌਰ ਤੇ ਬਹੁਤ ਸਾਰੇ ਅਗਿਆਨੀ ਨਾਮ ਦੀ ਵਿਆਖਿਆ ਹੀ ਇੰਨੀ ਕਰ ਦਿੰਦੇ ਹਨ ਕਿ ਜਗਿਆਸੂ ਮਨੁੱਖ ਉਲਝਾ ਕੇ ਰੱਖ ਦਿੱਤਾ ਜਾਂਦਾਂ ਹੈ । ਸੱਚ ਤੋਂ ਬਿਨਾਂ ਨਾਮ  ਦਾ ਕੋਈ ਮਤਲਬ ਹੀ ਨਹੀ। ਜਪੁਜੀ ਸਾਹਿਬ ਨੂੰ ਸਰਲ ਰੂਪ ਵਿੱਚ ਸਮਝਣ ਤੇ ਸਮਝ ਪੈ ਜਾਂਦੀਂ ਹੈ ਸੰਸਾਰ  ਭਾਵੇਂ ਇਸ ਵਿੱਚ ਤੁਹਾਨੂੰ ਚੰਗਾਂ ਲੱਗੇ ਜਾਂ ਮਾੜਾ ਪਰ ਹੈ ਸਭ ਰੱਬ ਦਾ ਰੂਪ ਅਤੇ ਸੱਚ ਦੀ ਮੂਰਤ।  ਭੂਚਾਲਾਂ ਸੁਨਾਮੀਆਂ ਹਨੇਰੀਆਂ ਅੱਗ ਦੀਆਂ ਲਪਟਾਂ ਨਾਲ ਲੱਖਾਂ ਕਰੋੜਾਂ ਦੀ ਮੌਤ ਕਰਕੇ ਵੀ ਇਹ ਬ੍ਰਹਿਮੰਡ ਦਿਆਲੂ ਹੀ ਦਿਖਾਈ ਦਿੰਦਾਂ ਹੈ ਜਿਸ ਦੇ ਕਾਰਨ ਬਾਕੀ ਬਚਦਾ ਸੰਸਾਰ ਮੌਤ ਦੇ ਭੈਅ ਵਿੱਚ ਕੁਦਰਤ ਦਾ ਕੁੱਝ ਨਾਂ ਕੁੱਝ ਸਨਮਾਨ ਕਰਨ ਲਈ ਮਜਬੂਰ ਹੋ ਜਾਂਦਾਂ ਹੈ ।
                                                    ਪੈਸੇ ਦੇ ਰੂਪ ਵਾਲਾ ਰੱਬ ਭਾਵੇਂ ਮਨੁੱਖ਼ ਨੂੰ ਕਿੰਨੀਆਂ ਵੀ ਸੰਸਾਰੀ ਵਸਤਾਂ ਤੇ ਕਬਜਾ ਕਰਵਾ ਦੇਵੇ ਪਰ ਪਾਪ ਦੀ ਝੋਲੀ ਇਸ ਨਾਲ ਇਹੋ ਜਿਹੀ ਭਰਦੀ ਹੈ ਕਿ ਮਨੁੱਖ ਮੌਤ ਤੱਕ ਇਸਦੀਆਂ ਅੱਗ ਦੀਆਂ ਲਾਟਾਂ ਵਿੱਚ ਸੜਦਾ ਰਹਿੰਦਾਂ ਹੈ। ਪੈਸੇ ਦੀ ਪਹਿਲੀ ਪਰਾਪਤੀ ਮਨੁੱਖ ਵਿੱਚ ਹਾਊਮੈ ਹੰਕਾਰ ਦੇ ਜਮਦੂਤ ਦਾ ਟਿਕਾਣਾ ਕਰਵਾ ਦੇਣਾਂ ਹੀ ਹੁੰਦਾਂ ਹੈ । ਪਾਪ ਬਿਰਤੀਆਂ ਦਾ ਜਨਮ ਦਾਤਾ ਪੈਸਾ ਮਨੁੱਖ ਨੂੰ ਇਸ ਤਰਾਂ ਦੇ ਪੰਧ ਤੇ ਲੈ ਜਾਂਦਾਂ ਹੈ ਜਿਹੜਾ ਉਸਨੂੰ ਸਿਆਣੇ ਸਮਝਦਾਰ ਹੋਣ ਦਾ ਝੂਠਾ ਪਰਮਾਣ ਪੱਤਰ ਦੇ ਦਿੰਦਾਂ ਹੈ ਅਤੇ ਨਿਮਰਤਾ ਨਾਂ ਦਾ ਪੰਛੀ ਇਸ ਟਿਕਾਣੇ ਵਿੱਚੋਂ ਦਿਨੋ ਦਿਨ ਬਾਹਰ ਵੱਲ ਧੱਕਿਆਂ ਜਾਣ ਲੱਗਦਾ ਹੈ । ਇੱਕ ਦਿਨ ਨਿਮਰਤਾ ਨਾਂ ਦਾ ਪੰਛੀ ਇਸ ਆਹਲਣੇ ਵਿੱਚੋਂ ਬਾਹਰ ਡਿੱਗ ਕੇ ਮੌਤ ਦਾ ਸਿਕਾਰ ਹੋ ਜਾਂਦਾਂ ਹੈ ਅਤੇ ਨਿਮਰਤਾ ਦੇ ਖਤਮ ਹੋਣ ਨਾਲ ਦਇਆ ਨਾਂ ਦੇ ਬੂਟੇ ਤੇ ਬੈਠ ਕੇ ਗਾਉਣ ਵਾਲੇ ਪੰਛੀ ਦਾ ਟਿਕਾਣਾ ਵੀ ਖਤਮ ਹੋ ਜਾਂਦਾਂ ਹੈ। ਦਇਆਂ ਨਿਮਰਤਾ ਦੇ ਖਤਮ ਹੋ ਜਾਣ ਬਾਅਦ ਬੰਦਾਂ ਬੇਸਬਰਾ ਵੀ ਹੋ ਜਾਂਦਾਂ ਹੈ ਅਤੇ ਫਿਰ ਕਦੇ ਵੀ ਧਰਤੀ ਦਾ ਧੌਲ ਅਖਵਾ ਨਹੀਂ ਸਕਦਾ ਕਿਉਂਕਿ ਗੁਰਬਾਣੀ ਅਨੁਸਾਰ ਧੌਲ ,ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ । ਸੰਤੋਖ ਸਬਰ ਵਾਲੀਆਂ ਵਸਤਾਂ ਹੀ ਸੰਸਾਰ ਦੀਆਂ ਚਲਾਉਣ ਵਾਲੀਆਂ ਸਕਤੀਆਂ ਹਨ ਅਤੇ ਇਹ ਸਕਤੀਆਂ ਹੀ ਸਮੁੱਚੇ ਬ੍ਰਹਿਮੰਡ ਦਾ ਧੌਲ ਅਖਵਾਉਂਦੀਆਂ ਹਨ ਜੋ ਧਰਮ ਅਤੇ ਦਇਆਂ ਵਿੱਚੋਂ ਉਪਜਦੀਆਂ ਹਨ । ਪੈਸੇ ਵਾਲਿਆਂ ਕੋਲ ਜੇ ਨਿਮਰਤਾ ਨਹੀਂ ਹੈ ਤਦ ਉਹਨਾਂ ਕੋਲ ਧਰਮ ਅਤੇ ਦਇਆਂ ਹੋ ਹੀ ਨਹੀਂ ਸਕਦੇ । ਪੈਸੇ ਜਾਂ ਤਾਕਤ ਦਾ ਔਗੁਣ ਸਭ ਤੋਂ ਵੱਡਾ ਹੀ ਇਹ ਹੈ ਕਿ ਇਹ ਹਰ ਇੱਕ ਤੋਂ ਨਿਮਰਤਾ ਹੀ ਖੋਹ ਲੈਂਦਾਂ ਹੈ ਜਿਸ ਕਾਰਨ ਮਨੁੱਖ ਮਾਇਆਧਾਰੀ (ਕਰਾਮਾਤੀ) ਹੋਕੇ ਹੰਕਾਰ ਵਿੱਚ ਅੰਨਾਂ ਬੋਲਾ ਬਣ ਜਾਂਦਾ ਹੈ । ਅੰਨਾਂ ਬੋਲਾ ਕਦੇ ਵੀ ਸੰਸਾਰਕ ਪੂਰਨਤਾ ਪਾ ਹੀ ਨਹੀਂ ਸਕਦਾ ।
                              ਮਨੁੱਖ ਇੱਕ ਸਮਾਜਿਕ ਪਰਾਣੀ ਹੈ ਜਿਸ ਨੂੰ ਹਮੇਸਾਂ ਸਮਾਜ ਦੇ ਦੁੱਖ ਦਰਦ ਮਹਿਸੂਸ ਹੁੰਦੇ ਰਹਿਣੇ ਚਾਹੀਦੇ ਹਨ । ਸਮਾਜ ਦਾ ਮਤਲਬ ਹੀ ਇਹ ਹੈ ਕਿ ਦੂਸਰਿਆਂ ਦੇ ਦੁੱਖਾ ਦਰਦਾਂ ਨੂੰ ਵੀ ਸਾਝਾਂ ਹੀ ਸਮਝਣਾਂ । ਦੂਸਰਿਆਂ ਦਾ ਦੁੱਖ ਸੁੱਖ ਜੇ ਅਸੀਂ  ਆਪਣਾਂ ਸਮਝਾਂਗੇ ਤਦ ਨਫਰਤ ਮਰ ਜਾਂਦੀ ਹੈ ਅਤੇ ਪਿਆਰ ਪੈਦਾ ਹੋ ਜਾਂਦਾ ਹੈ ਅਤੇ ਜਿੱਥੇ ਪਿਆਰ ਹੁੰਦਾਂ ਹੈ ਉੱਥੇ ਖੁਦਾ ਦਾ ਵਾਸ ਹੋ ਜਾਂਦਾ ਹੈ । ਜਿਨ ਪਰੇਮ ਕੀਉ ਤਿਨ ਹੀ ਪ੍ਰਭ ਪਾਇਉ । ਸੋ ਪੈਸੇ ਦੀ ਪਰਾਪਤੀ ਦੇ ਚੱਕਰ ਵਿੱਚ ਇਨਸਾਨ ਨੂੰ ਕਦੇ ਵੀ ਪਿਆਰ ,ਮੁਹੱਬਤ , ਨਿਮਰਤਾ ,ਦਇਆ ,ਧਰਮ ਅਤੇ ਸੇਵਾ ਵਰਗੀਆਂ ਕੀਮਤੀ ਖਜਾਨਿਆਂ ਨੂੰ ਨਹੀਂ ਸੁੱਟਣਾਂ ਚਾਹੀਦਾ । ਇਹ ਕੀਮਤੀ ਖਜਾਨੇ ਜਿਸ ਕੋਲ ਹੋਣ ਉਹ ਹੀ ਪੈਸੇ ਤੋਂ ਸਵਰਗ ਬਣਾ ਸਕਦਾ ਹੈ ਪਰ ਉਪਰੋਕਤ ਗੁਣਾਂ ਦੀ ਅਣਹੋਂਦ ਵਿੱਚ ਤਾਂ ਪੈਸਾ ਨਰਕ ਦਾ ਸਭ ਤੋਂ ਵੱਡਾ ਰੂਪ ਹੋ ਨਿਬੜਦਾ ਹੈ । ਮੌਤ ਦੇ ਸਹੀ ਵਕਤ ਆ ਜਾਣ ਤੇ ਪੈਸਾ ਕਦੀ ਵੀ ਮਦਦ ਨਹੀਂ ਕਰ ਸਕਦਾ । ਜਿੰਦਗੀ ਵਿੱਚ ਆਮ ਹੀ ਦੇਖਦੇ ਹਾਂ ਜਦ ਕਦੀ ਕੋਈ ਮਨੁੱਖ ਕਿਸੇ ਦੁਨਿਆਵੀ ਹਾਦਸੇ ਕਾਰਨ ਜਾਂ ਬਿਮਾਰੀ ਕਾਰਨ ਮੌਤਾ ਦੀ ਸੇਜ ਤੇ ਸੌਣ ਜਾ ਰਿਹਾ ਹੁੰਦਾਂ ਹੈ ਅਤੇ ਡਾਕਟਰ ਆਦਿ ਵੀ ਜਵਾਬ ਦੇਣ ਲੱਗਦੇ ਹਨ ਅਤੇ ਉਸ ਵਕਤ ਮਾਇਆ ਧਾਰੀ ਦੇ ਵਾਰਿਸ ਲੋਕ ਆਪਣੇ ਹੱਥਾਂ ਵਿੱਚ ਫੜੇ ਪੈਸੇ ਨੂੰ ਘੁੱਟਕੇ ਰਹਿ ਜਾਂਦੇ ਹਨ ਜਾਂ ਉਹਨਾਂ ਦੇ ਹੱਥੋ ਆਪਣੇ ਆਪ ਹੀ ਪੈਸਾ ਵੀ ਡਿੱਗ ਜਾਂਦਾ ਹੈ । ਇਹੋ ਜਿਹੀ ਹਾਲਤ ਵਿੱਚ ਕਈ ਵਾਰ ਤਾਂ ਉਹਨਾਂ ਦੇ ਹੱਥ ਕੁਦਰਤ ਦੇ ਵੱਲ ਦੁਆ ਕਰਨ ਲਈ ਬੰਨ ਲਏ ਜਾਂਦੇ ਹਨ । ਦੁਆ ਕਰਨ ਸਮੇਂ ਹੱਥ ਹਮੇਸਾਂ ਖਾਲੀ ਹੀ ਹੁੰਦੇ ਹਨ । ਇਹੋ  ਵਕਤ ਹੁੰਦਾਂ ਹੈ ਜਦ ਪਤਾ ਲੱਗਦਾ ਹੈ ਕਿ ਪੈਸਾ ਕਦੇ ਖੁਦਾ ਨਹੀਂ ਬਣ ਸਕਦਾ  । ਸੋ ਪੈਸੇ ਰੂਪੀ ਖੁਦਾ ਦੇ ਪਿੱਛੇ ਲੱਗਕੇ ਇਸਨੂੰ ਇਕੱਠਾ ਕਰਨ ਦੀ ਦੌੜ ਵਿੱਚ ਕਦੇ ਵੀ ਮਨੁਖ  ਨੂੰ ਆਪਣਾਂ ਆਚਰਣ ਨੀਵਾਂ ਨਹੀਂ ਕਰਨਾਂ ਚਾਹੀਦਾ ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ   

Friday 18 July 2014

ਨਾਲ ਅਮਲਾਂ ਦੇ ਹੋਵਦੇ ਨਿਬੇੜੇ ਬਾਤ ਕਿਸੇ ਪੁਛਣੀ ਨਹੀਂ

                   
                ਦੇਸ ਦੇ ਵਿੱਚ ਬੀਜੇਪੀ ਸਰਕਾਰ ਨੇ ਆਪਣਾਂ ਪਹਿਲਾ ਬਜਟ ਪੇਸ ਕਰ ਦਿੱਤਾ ਹੈ ਜਿਸ ਵਿੱਚ ਦੇਸ ਦੇ ਲੋਕਾਂ ਦੀਆਂ ਜਗਾਈਆਂ ਆਸਾਂ ਮੁਰਝਾ ਕੇ ਰਹਿ ਗਈਆਂ ਹਨ। ਮਹਿੰਗਾਈ ਦਾ ਭੂਤ ਕਾਬੂ ਕਰਨ ਲਈ ਕੋਈ ਮਾਇਆ ਜਾਲ ਦਿਖਾਈ ਨਹੀਂ ਦੇ ਰਿਹਾ । ਇਹ ਬਜਟ ਕਿਸੇ ਪਾਸਿਉਂ ਵੀ ਕਾਂਗਰਸ ਸਰਕਾਰ ਨਾਲੋਂ ਵੱਖਰਾ ਦਿਖਾਈ ਨਹੀਂ ਦੇ ਰਿਹਾ । ਇਸ ਵਿੱਚ ਕਿਸਾਨਾਂ ਅਤੇ ਮਹਿਗਾਈ ਰੋਕਣ ਲਈ ਐਲਾਨੀਆਂ ਰਕਮਾਂ ਪੜਕੇ  ਤਾਂ ਅਤਿ ਅਫਸੋਸ ਹੁੰਦਾਂ ਹੈ । ਪੰਜਾਬੀਆਂ ਦੀਆਂ  ਆਸਾਂ ਅਰੁਣ ਜੇਤਲੀ ਦੇ ਗੁੱਸੇ ਦੀ ਭੇਂਟ  ਚੜ ਗਈਆਂ ਹਨ।  ਕੁੱਝ ਵਿਸੇਸ ਖੇਤਰਾਂ ਦੇ ਹਿੱਸੇ ਦੀਆਂ ਵੱਡੀਆਂ ਰਕਮਾਂ ਨੂੰ ਛੱਡਕੇ ਆਮ ਲੋਕਾਂ ਦੀਆਂ ਜਰੂਰਤਾਂ ਵਾਲੇ ਖੇਤਰਾਂ ਵਿੱਚ ਐਲਾਨੀਆਂ ਸਕੀਮਾਂ ਹਾਸੋ ਹੀਣੀਆਂ ਹਨ । ਆਮ ਲੋਕਾਂ ਦੀਆਂ ਤਾਂ ਭਾਵਨਾਵਾਂ ਨਾਲ ਹੀ ਖਿਲਵਾੜ ਕੀਤਾ ਲੱਗਦਾ ਹੈ। ਮਹਿੰਗਾਈ ਰੋਕਣ ਲਈ 500 ਕਰੋੜ ਦਾ ਫੰਡ ਰਿਜਰਵ ਰੱਖਿਆ ਗਿਆਂ ਹੈ ਜਿਸ ਨਾਲ ਦੇਸ ਦੇ 125 ਕਰੋੜ ਲੋਕਾਂ ਨੂੰ ਰਾਹਤ  ਦਿੱਤੀ ਜਾਵੇਗੀ ਅਤੇ ਇਸ ਰਕਮ ਨੂੰ ਪ੍ਰਤੀ ਵਿਅਕਤੀ ਵੰਡਣ ਤੇ ਚਾਰ ਰੁਪਏ ਸਲਾਨਾ ਦੀ ਰਾਹਤ ਬਣਦੀ ਹੈ  ਜੋ ਕਿ ਰੋਜਾਨਾ ਇੱਕ ਪੈਸਾ ਬਣਦੀ ਹੈ ਦੇ ਨਾਲ ਸਮੁੱਚਾ ਹਿੰਦੋਸਤਾਨ ਖੁਸ ਹੋ ਲਵੇਗਾ ਇਹ ਸਰਕਾਰ ਦੀ ਸੋਚ ਹੈ। ਇੱਕ ਹੋਰ ਹੈਲਥ ਫੰਡ ਜੋ ਸੌ ਕਰੋੜ ਦਾ ਹੈ ਕਿਸਾਨਾਂ ਲਈ ਐਲਾਨਿਆਂ ਗਿਆ ਹੈ ਜੋ ਦੇਸ ਦੇ 60 ਕਰੋੜ ਕਿਸਾਨ ਜੀਆਂ ਨੂੰ ਪ੍ਰਤੀ ਵਿਅਕਤੀ ਡੇਢ ਕੁ ਰੁਪਇਆਂ ਆਵੇਗਾ ਸੋ ਇਹ ਵੀ ਕਿਸਾਨਾਂ ਲਈ ਕਿੰਨਾਂ ਕੁ ਇੰਨਕਲਾਬ ਲਿਆ ਦੇਵੇਗਾ ਸਮਝਿਆ ਜਾ ਸਕਦਾ ਹੈ।
                               ਕਿਸਾਨਾਂ ਤੇ ਮਹਿੰਗਾਈ ਤੋਂ ਬਾਅਦ ਅਗਲਾ ਮਸਲਾ ਗੰਗਾਂ ਨਦੀ ਨੂੰ ਸਾਫ  ਕਰਨ ਦਾ ਹੈ ਤੇ ਇਸ  ਦੇ ਨਾਂ ਤੇ ਮਨਮੋਹਨ ਸਰਕਾਰ ਦਾ ਫਾਰਮੂਲਾ ਹੀ ਲਾਗੂ ਕਰ ਦਿੱਤਾ ਗਿਆ ਹੈ ਅਤੇ ਚਾਰ ਕੁ ਹਜਾਰ ਕਰੋੜ ਦੀ ਰਕਮ ਵਾਲਾ ਫੰਡ ਬਣਾ ਲਿਆ ਗਿਆ ਹੈ ਅਤੇ ਇਸ ਲਈ ਮੰਗਤਿਆਂ ਵਾਂਗ ਠੂਠਾ ਵੀ ਫੜਿਆ ਜਾਵੇਗਾ ।  ਗੰਗਾ ਸਾਫ ਕਰਨ ਦੇ ਨਾਂ ਤੇ ਰਾਜਨੀਤਕ ਲੋਕ ਸਰਕਾਰੀ ਪੈਸਾ ਹੜੱਪਣਾਂ ਲੋਚਦੇ ਹਨ ਜਦੋਂ ਕਿ ਗੰਗਾਂ ਸਫਾਈ ਲਈ ਕਾਨੂੰਨ ਬਣਾਕਿ ਸਹਿਰੀ ਗੰਦ ਅਤੇ ਫੈਕਟਰੀਆਂ ਦੀ ਰਹਿੰਦ ਖੂੰਹਦ ਅਤ ਕੈਮੀਕਲ ਯੁਕਤ ਤਰਲ ਗੰਗਾਂ ਵਿੱਚ ਰੋਕੇ ਜਾਣੇ ਚਾਹੀਦੇ ਸਨ ਤੇ ਇਸ ਨਾਲ ਗੰਗਾਂ ਆਪਣੇ ਆਪ ਹੀ ਸਾਫ ਹੋ ਸਕਦੀ ਹੈ । ਅਸਲ ਵਿੱਚ ਗੰਗਾਂ ਸਾਫ ਕਰਨ ਦਾ ਤਾਂ ਮਕਸਦ  ਹੈ ਹੀ ਨਹੀ ਸਗੋਂ ਗੰਗਾਂ ਦੇ ਨਾਂ ਤੇ ਵੋਟਾਂ ਦੀ ਫਸਲ ਵੱਢਣ ਦੀਆਂ ਸਕੀਮਾਂ ਬਣਾਈਆਂ ਜਾ ਰਹੀਆਂ ਹਨ। ਇਸ ਤਰਾਂ ਦਾ ਹੀ ਇੱਕ ਹੋਰ ਏਜੰਡਾਂ ਦੇਸ ਦੇ ਵਿੱਚ ਘੱਟ ਗਿਣਤੀ ਮੁਸਲਮਾਨਾਂ ਦੇ ਮਦਰੱਸਿਆਂ ਦੇ ਲਈ ਸੌ ਕਰੋੜ ਦਾ ਫੰਡ ਜਾਰੀ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਜਿਸ ਨਾਲ ਬੀਹ ਕਰੋੜ ਲੋਕਾਂ ਨੂੰ ਪੰਜ ਰੁਪਏ ਪ੍ਰਤੀ ਵਿਅਕਤੀ ਖਰਚ ਕੇ ਇਨਕਲਾਬ ਦੀ ਆਸ ਕਰਨਾਂ ਕਿੰਨੀ ਕੁ ਸਿਆਣਫ ਹੋ ਸਕਦੀ ਹੈ । ਦੇਸ ਦੀ ਘੱਟ ਗਿਣਤੀ ਭਾਈਚਾਰੇ ਦੇ ਆਗੂਆਂ ਦੇ ਇੱਕ ਹਿੱਸੇ ਨੇ ਤਾਂ ਇਸ ਪੈਸੇ ਨੂੰ ਮਦਰੱਸਿਆਂ ਦੀ ਸਿੱਖਿਆਂ ਦੇਣ ਦੀ ਅਜਾਦੀ ਖੋਹਣ ਦਾ ਯਤਨ ਹੀ ਮੰਨਿਆਂ ਹੈ । ਅੱਧ ਅਧੂਰੀਆਂ ਸਕੀਮਾਂ ਕੀ ਚੰਦ ਚਾੜਨਗੀਆਂ ਸਿਰਫ ਫੋਕੇ ਲਲਕਾਰੇ ਹੀ ਬਣਨਗੀਆਂ । ਕਰਜਾਈ ਕਿਸਾਨਾਂ ਨੂੰ ਕਰਜਾਈ ਹੋਰ ਕਰਨ ਲਈ ਪੰਜ ਲੱਖ ਕਰੋੜ ਦੀਆਂ ਮੰਨਜੂਰੀਆਂ ਦੇਣ ਦੀ ਗੱਲ ਕੀ ਚੰਦ ਚਾੜੇਗੀ ਖੁਦਾ ਬਚਾਵੇ ਇਸ ਤੋਂ । ਲੋੜ ਕਿਸਾਨ ਨੂੰ ਕਰਜਾ ਮੁਕਤ ਕਰਨ ਦੀ ਹੈ ਪਰ ਸਕੀਮਾਂ ਹੋਰ ਕਰਜਾਈ ਕਰਨ ਦੀਆਂ ਐਲਾਨੀਆਂ ਜਾ ਰਹੀਆਂ ਹਨ।
                                        ਕੇਂਦਰੀ ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਨੇ ਲੋਕ ਸਭਾ ਵਿੱਚ ਆਮ ਬਜਟ 2014-15 ਪੇਸ਼ ਕਰਦਿਆਂ ਕਿਹਾ ਕਿ ਦੇਸ਼ ਵਿੱਚ ਪੀਣਯੋਗ ਪਾਣੀ ਦੇ ਸਰੋਤ ਫਲੋਰਾਈਡ, ਆਰਸੈਨਿਕ ਵਰਗੀਆਂ ਅਸ਼ੁੱਧੀਆਂ ਅਤੇ ਮਨੁੱਖੀ ਪ੍ਰਦੂਸ਼ਣ, ਜਲ ਮਲ ਨਿਕਾਸੀ , ਉਦਯੋਗਿਕ ਜਹਿਰੀਲੇ ਪਦਾਰਥ, ਕੀਟ ਨਾਸ਼ਕ ਅਤੇ ਖਾਦਾਂ ਦੇ ਕਾਰਣ ਪ੍ਰਦੂਸ਼ਿਤ ਹੈ। ਇਸ ਲਈ ਸ਼ੁੱਧ ਪਾਣੀ ਉਪਲਬੱਧ ਕਰਵਾਉਣ ਲਈ ਕੌਮੀ ਗ੍ਰਾਮੀਣ ਪੀਣਯੋਗ ਪਾਣੀ ਹੇਠ 3600 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। 3600 ਕਰੋੜ ਰੁਪਇਆ 125 ਕਰੋੜ ਲੋਕਾਂ ਨੂੰ ਕਿਸ ਤਰਾਂ ਅਤੇ ਕਿੰਨਾਂ ਕੁ ਸਾਫ ਪਾਣੀ ਦੇ ਸਕੇਗਾ ? ਇਸ ਨਾਲ ਦੇਸ ਦਾ ਹਰ ਨਾਗਰਿਕ ਦੋ ਬੋਤਲਾਂ ਪਾਣੀ ਰੇਲਵੇ ਦੇ ਪਾਣੀ ਦੀਆਂ ਹੀ ਹਾਸਲ ਕਰ ਸਕੇਗਾ ਉਹ ਵੀ ਜੇ ਏਨਾ ਪੈਸਾ ਇਮਾਨਦਾਰੀ ਨਾਲ ਵੰਡਿਆਂ ਜਾਵੇਗਾ ਕਿਉਂਕਿ ਭਿਰਸਟਾਚਾਰ ਸਾਇਦ ਇਸ ਵਿੱਚੋਂ ਵੀ ਇੱਕ ਬੋਤਲ ਰਾਹ ਵਿੱਚ ਹੀ ਖਤਮ ਕਰ ਦੇਵੇ । ਸੋ ਦੇਸ ਵਾਸੀਆਂ ਨੂੰ ਇੱਕ ਬੋਤਲ ਦੇ ਪੈਸਿਆਂ ਨਾਲ ਜਰੂਰ ਭੰਗੜਾਂ ਪਾ ਲੈਣਾਂ ਚਾਹੀਦਾ ਹੈ। ਇਸ ਤਰਾਂ ਦੀਆਂ ਹੋਰ ਅਨੇਕਾਂ ਸਕੀਮਾਂ ਦਾ ਸਿਰਫ ਜਿਕਰ ਕਰਕੇ ਹੀ ਸਾਰ ਦਿੱਤਾ ਗਿਆਂ ਹੈ ਅਤੇ ਕੋਈ ਰਕਮ ਐਲਾਨੀ ਹੀ ਨਹੀਂ ਗਈ । ਜਦ ਐਲਾਨੀਆਂ ਸਕੀਮਾਂ ਵੀ ਊਠ ਦੇ ਮੂੰਹ ਵਿੱਚ ਜੀਰਾ ਦੇਣ ਵਾਂਗ ਹੈ ਤਦ ਬਿਨਾਂ ਕੋਈ ਰਕਮ ਰੱਖੇ ਐਲਾਨੀਆਂ ਸਕੀਮਾਂ ਦਾ ਰੱਬ ਹੀ ਰਾਖਾ ਹੋਵੇਗਾ।
                              ਪੰਜਾਬ ਸਰਕਾਰ ਦੇ ਆਗੂ ਇੱਕ ਲੱਖ ਕਰੋੜ ਦੇ ਕਰਜਾਈ ਪੰਜਾਬ ਦੇ ਲਈ ਰਿਆਇਤ ਦੀ ਆਸ ਲਗਾਈ ਬੈਟੇ ਸਨ ਪਰ ਪੰਜਾਬ ਦੇ ਲਈ ਕੋਈ ਕਰਜੇ ਤੋਂ ਰਾਹਤ ਵਾਲਾ ਕੋਈ ਪੈਕੇਜ ਨਹੀਂ ਦਿੱਤਾ ਗਿਆ । ਪੰਜਾਬ ਦੀ ਖੇਤੀਬਾੜੀ ਲਈ ਕੋਈ ਵਿਸੇਸ ਸਕੀਮ ਨਹੀਂ ਐਲਾਨੀ ਗਈ । ਪੋੰਜਾਬ ਸਰਕਾਰ ਹਰ ਸਾਲ ਘਾਟੇ ਦੇ ਬਜਟ ਪੇਸ ਕਰਨ ਲਈ ਮਜਬੂਰ ਹੈ ਅਤੇ ਵਿਕਾਸ ਲਈ ਸੈਂਟਰ ਸਰਕਾਰ ਤੇ ਟੇਕ ਰੱਖਣ ਲਈ ਮਜਬੂਰ ਹੈ । ਪੰਜਾਬ ਸਰਕਾਰ ਦਾ ਜਿਆਦਾਤਰ ਮਾਲੀਆਂ ਕਿਸਾਨ ਅਤੇ ਮਜਦੂਰ ਵਰਗ ਤੋਂ ਹੀ ਆਉਂਦਾਂ ਹੈ। ਪੰਜਾਬੀ ਕਿਸਾਨ ਤੇ ਟੈਕਸਾਂ ਦਾ ਬੋਝ ਹੋਰ ਵਧੇਗਾ । ਖੁਦਕਸੀਆਂ ਤੱਕ ਪਹੁੰਚਿਆਂ ਕਿਸਾਨ ਹੋਰ ਤਰਸ ਯੋਗ ਹਾਲਤ ਵਿੱਚ ਪਹੁੰਚ ਜਾਵੇਗਾ । ਕਿਸਾਨ ਦੀ ਮੰਦੀ ਹਾਲਤ ਮਜਦੂਰਾਂ ਦਾ ਹੋਰ ਬੁਰਾ ਹਾਲ ਕਰ ਦੇਵੇਗੀ । ਬੇਰੁਜਗਾਰ ਨੌਜਵਾਨਾਂ ਦੇ ਹੜ ਪਹਿਲਾਂ ਹੀ ਪੰਜਾਬ ਵਿੱਚ ਆਏ ਹੋਏ ਹਨ ਅਤੇ ਇਸ ਨੂੰ ਠੱਲ ਪੈਣ ਦੀ ਆਸ ਹੋਰ ਧੁੰਦਲੀ ਹੋ ਜਾਵੇਗੀ । ਮੋਦੀ ਸਰਕਾਰ ਦੇ ਐਲਾਨੇ ਅੱਛੇ ਦਿਨ ਪੰਜਾਬ ਲਈ ਬੁਰੇ ਦਿਨਾਂ ਦੇ ਸੰਕੇਤ  ਹਨ । ਸੋ ਅੰਤ ਨੂੰ ਤਾਂ ਇਹੀ ਕਹਿਣ ਲਈ ਮਜਬੂਰ ਹੋਣਾਂ ਪੈਂਦਾਂ ਹੈ ਕਿ ਇੱਥੇ ਅਮਲਾਂ ਨਾਲ ਨਿਬੇੜੇ ਹੋਣੇਂ ਨੇ ਬਾਤਾਂ ਨਾਲ ਕੁੱਝ ਨਹੀਂ ਬਣਨਾਂ । ਅੱਛੇ ਦਿਨ ਰਾਜਨੀਤਕਾਂ ਅਤੇ ਅਮੀਰਾਂ ਦੇ ਜਰੂਰ ਹੋ ਸਕਦੇ ਹਨ ਆਮ ਲੋਕਾਂ ਦੇ ਤਾਂ ਬੁਰੇ ਦਿਨ ਸੁਰੂ ਹੋ ਚੁੱਕੇ ਹਨ ਸੋ ਰੱਬ ਹੀ ਰਾਖਾ  ਹੈ ਪੰਜਾਬੀਆਂ ਅਤੇ ਹਿੰਦੋਸਤਾਨੀਆਂ ਦਾ ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ   

Friday 11 July 2014

ਇੱਕ ਉਹ ਵੀ ਖਾਲਸਾ ਸੀ

ਇੱਕ ਉਹ ਵੀ ਖਾਲਸਾ ਸੀ ਜੋ ਕਰਦਾ ਸੀ ਵਾਅਦਾ ਗੁਰੂ ਨਾਲ ਸਿਰ ਦੇਵਣ ਦਾ
ਫੇਰ ਦਿੰਦਾਂ ਸੀ ਗੁਰੂ ਖੰਡੇ ਬਾਟੇ ਦੀ ਪਾਹੁਲ ਉਸ ਸੇਰ ਵਰਗੇ ਇਨਸਾਨ ਨੂੰ
ਗੁਰੂ ਪਾਉਂਦਾ ਸੀ ਪੰਜ ਕਕਾਰੀ ਵਰਦੀ ਉਸ ਨੂੰ ਅਕਾਲ ਪੁਰਖ ਦਾ ਫੌਜੀ ਸਮਝਕੇ
ਇਹ ਖੜ ਜਾਂਦਾ ਸੀ ਰਾਹਾਂ ਤੇ ਇਕੱਲਾ ਹੀ ਗਰਜਾ ਸਿੰਘ ਬੋਤਾ ਸਿੰਘ ਬਣ
ਸਰਕਾਰਾਂ ਨੂੰ ਦੱਸਣ ਲਈ ਕਿ ਖਾਲਸਾ ਹਾਲੇ ਮਰਿਆ ਨਹੀ ਡਰਿਆਂ ਨਹੀਂ
ਉਡੀਕਦਾ ਸੀ ਜਾਲਮ ਸਰਕਾਰਾਂ ਦੇ ਸਿਪਾਹੀਆਂ ਨੂੰ ਲੜਦਾ ਸੀ ਮੌਤ ਹੋਣ ਤੱਕ
ਇੱਕ ਉਹ ਵੀ  ਖਾਲਸਾ ਹੈ ਅੱਜ ਦਾ ਜਿਸ ਤੋਂ ਕਦੇ ਨਹੀਂ ਪੁਛਿਆ ਜਾਂਦਾ ਸਿਰ ਦੇਵਣ ਲਈ
ਪਵਾ ਦਿੰਦੇ ਨੇ ਭੇਖ ਗੁਰੂ ਗੋਬਿੰਦ ਦੇ ਸਿਪਾਹੀ ਦਾ ਤੇ ਵਾਅਦੇ ਲਏ ਜਾਂਦੇ ਹਨ ਕਿਸੇ ਭਗੌੜੇ ਦੇ ਪਿੱਛੇ ਤੁਰਨ ਦੇ
ਅੱਗੇ ਜਿੰਹਨਾਂ ਕੀਤੇ ਹੁੰਦੇ ਹਨ ਵਾਅਦੇ ਰਾਜਸੱਤਾ ਨਾਲ ਵੋਟਾਂ ਦੇਵਣ ਦੇ ਲੋਕਾਂ ਨੂੰ ਲੁੱਟਣ ਲਈ
 ਕੋਈ ਰੱਖਦਾ ਹੈ ਨਾਂ ਇਸਦਾ ਨਿਰਵੈਰ ਖਾਲਸਾ ਕੋਈ ਦੂਸਰਾ ਰੱਖਦਾ ਹੈ ਨਾਂ ਇਸਦਾ ਪੂਰਨ ਖਾਲਸਾ
ਕੋਈ ਰੱਖਦਾ ਹੈ ਨਾਂ ਇਸਦਾ ਬ੍ਰਹਮ ਖਾਲਸਾ ਅਤੇ ਇਸ ਤਰਾਂ ਦੇ  ਹੋਰ ਵੀ ਅਨੇਕਾਂ ਨਾਂ ਹਨ ਅੱਜ ਦੇ ਖਾਲਸੇ ਦੇ
ਭੇਖ ਤਾਂ ਇਸਦਾ ਵੀ ਮੇਰੇ ਗੁਰੂ ਦੇ ਖਾਲਸੇ ਵਰਗਾ ਹੈ
ਪਰ ਇਹ ਲੜਦਾ ਨਹੀਂ ਮਜਲੂਮਾਂ ਲਈ ਇਹ ਲੜਦਾ ਹੈ ਸਰਕਾਰਾਂ ਲਈ
ਇਹ ਲੜਦਾ ਹੈ ਔਰੰਗਜੇਬ ਲਈ ਇਹ ਲੜਦਾ ਹੈ ਫਰੇਬ ਲਈ ਇਹ ਲੜਦਾ ਹੈ ਜੇਬ ਲਈ
ਇਹ ਨਹੀਂ ਲੜਦਾ ਧਰਮ ਲਈ ਨਹੀਂ ਲੜਦਾ ਕਦੇ ਕਰਮ ਲਈ ਨਹੀਂ ਲੜਦਾ ਕਦੇ ਸਰਮ ਲਈ
ਇਹ ਬੋਲਣ ਨਹੀਂ ਦਿੰਦਾਂ ਇਹ ਸੱਚ ਤੋਲਣ ਨਹੀਂ ਦਿੰਦਾਂ ਕੁੰਡਾਂ ਸੱਚ ਦਾ ਖੋਹਲਣ ਨਹੀਂ ਦਿੰਦਾਂ
ਇਸਨੂੰ ਸਰਕਾਰਾਂ ਦੀ ਪੁਸਤਪਨਾਹੀ ਹੈ ਇਸਦੇ ਠਾਠ ਵੀ ਪੂਰੇ ਸਾਹੀ ਹੈ
ਇਹ ਲੋਚਦਾ ਅਮਰ ਹੋਣਾਂ ਅੰਮਿਰਤ ਨੂੰ ਪੀਕੇ ਉਹ ਲੈਂਦਾ ਸੀ ਪਾਹੁਲ ਖੰਡੇ ਬਾਟੇ ਦੀ ਮੌਤ ਵਿਆਹੁਣ ਲਈ

ਇਹ ਮਹਿਲ ਉਸਾਰਦਾ ਹੈ ਉਹ ਢਾਹੁੰਦਾਂ ਸੀ ਕਿੰਗਰੇ ਜਾਲਮ ਦੇ ਮਹਿਲਾਂ ਦੇ
ਏਹੋ ਫਰਕ ਗੁਰੂ ਜੀ ਹੈ  ਇਹੋ ਫਰਕ ਸਿੰਘ ਜੀ ਹੈ ਅਸਲੀ ਤੇ ਨਕਲੀ ਦਾ ਕਿਉਂ ਦਾਅਵੇ ਕਰਦੇ ਹੋ
ਕਸਵੱਟੀ ਮੇਰੇ ਗੁਰੂਆਂ ਦੀ ਤੇ ਪਰਖੇ ਹੀ ਜਾਵੋਗੇ ਸਿਰ ਤੁਲਣਾਂ ਹੈ ਤੱਕੜੀ ਜੋ ਰੱਖਦੀ ਹੈ ਰਾਜਸੱਤਾ
 ਰਾਜਸੱਤਾ ਪੱਗਾਂ ਨਹੀਂ ਬੰਨਦੀ ਲਾਹੁੰਦੀ ਹੈ ਸਿਰ ਨੂੰ ਜਾਂ ਮਾਰ ਜਮੀਰ ਦੇਵੇ
ਤੁਸੀ ਨਵੇਂ ਸਮੇਂ ਦੇ ਸਿੰਘ ਜੀ ਗੁਸੇ ਕਿਉਂ ਹੁੰਦੇ ਹੋ ਸੱਚ ਤੋਂ ਕਿਉਂ ਭੱਜਦੇ ਹੋ ਗੁੱਸੇ ਵਿੱਚ ਗੱਜਦੇ ਹੋ
ਸੱਚ ਕੌੜਾ ਹੁੰਦਾਂ ਹੈ ਜੋ ਸੁਣਨਾਂ ਔਖਾ ਤੁਸੀਂ ਸਤਿ ਸ੍ਰੀ ਅਕਾਲ ਕਹੋ ਬੋਲੇ ਸੋ ਨਿਹਾਲ ਕਹੋ

ਜਿੰਮੀਦਾਰ ਅਤੇ ਕਿਸਾਨ ਦਾ ਫਰਕ ਸਮਝਣਾਂ ਕਿਉਂ ਜਰੂਰੀ ?


                                    ਜਦ ਵੀ ਦੇਸ ਅਤੇ ਸੂਬਾ ਸਰਕਾਰਾਂ ਕਿਸਾਨੀ ਦੇ ਨਾਂ ਤੇ ਕੋਈ ਫੈਸਲੇ ਲੈਂਦੀਆਂ ਹਨ ਤਦ ਉਹ ਕਿਸਾਨ ਅਤੇ ਜਿੰਮੀਦਾਰ ਦਾ ਫਰਕ ਨਹੀਂ ਕਰਦੀਆਂ ਜਿਸ ਨਾਲ ਵਪਾਰਕ ਤੌਰ ਤੇ   ਕੰਮ ਕਰਨ ਵਾਲੇ ਜਗੀਰਦਾਰ ਅਮੀਰ ਲੋਕ ਤਾਂ ਵੱਡੇ ਫਾਇਦੇ ਲੈ ਜਾਂਦੇ ਹਨ ਜਦੋਂ ਕਿ ਅਸਲੀ ਕਿਸਾਨ ਜੋ ਕਾਸਤਕਾਰ ਹੁੰਦਾਂ ਹੈ ਦੇ ਪੱਲੇ ਕੁੱਝ ਵੀ ਨਹੀਂ ਪੈਂਦਾਂ। ਪਿਛਲੇ ਸਮੇਂ ਵਿੱਚ ਮਨਪਰੀਤ ਬਾਦਲ ਦੇ ਬਾਰੇ ਸਮੇਂ ਦੀ ਸਰਕਾਰ ਨੇ ਇੱਕ ਸੱਚ ਜਾਰੀ ਕੀਤਾ ਸੀ ਕਿ ਉਸਨੇ 19 ਲੱਖ ਰੁਪਏ ਦੀ ਸਬਸਿਡੀ ਲਈ ਹੈ। ਇਸ ਤਰਾਂ ਦੇ ਅਨੇਕਾਂ ਸੱਚ ਹੋਰ ਵੱਡੇ ਜਿੰਮੀਦਾਰ ਜੋ ਰਾਜਨੀਤਕ ਅਤੇ ਵਪਾਰੀ ਵੀ ਹਨ ਦੇ ਬਾਰੇ ਸਰਕਾਰਾਂ ਨੇ ਲੁਕੋਇਆ ਹੋਇਆ ਹੈ। ਇਸ ਤਰਾਂ ਹੀ ਪੰਜਾਬ ਦੇ ਤਿੰਨ ਵੱਡੀਆਂ ਅਤੇ ਮੁੱਖ ਪਾਰਟੀਆਂ ਦੇ ਤਿੰਨੇ ਵੱਡੇ ਆਗੂ ਹਜਾਰਾਂ ਏਕੜ ਜਮੀਨਾਂ ਦੇ ਮਾਲਕ ਹਨ ਪਰ ਜਦੋਂ ਕਿ ਉਹਨਾਂ ਤਿੰਨਾਂ ਵਿੱਚੋਂ ਆਪ ਕੋਈ ਵੀ ਆਪਣੇਂ ਹੱਥੀਂ ਕਾਸਤ ਕਾਰੀ ਨਹੀਂ ਕਰਦਾ । ਤਿੰਨਾਂ ਹੀ ਵੱਡੇ ਆਗੂਆਂ ਦੇ ਮੈਨੇਜਰ ਰੱਖੇ ਹੋਏ ਹਨ ਜੋ ਕਿ ਖੇਤੀ ਦਾ ਕਾਰੋਬਾਰ ਦੇਖਦੇ ਹਨ ਅਤੇ ਜਮੀਨਾਂ ਦਾ ਵੱਡਾ ਹਿੱਸਾ ਇਹ ਪ੍ਰੀਵਾਰ ਅੱਗੇ ਠੇਕਾ ਸਿਸਟਮ ਅਧੀਨ ਅੱਗੇ ਕਾਸਤਕਾਰਾਂ ਨੂੰ ਜਾਂ ਕਿਸੇ ਹੋਰ ਵਪਾਰਕ ਤਰੀਕਿਆਂ ਰਾਂਹੀਂ  ਆਪਣੀਆਂ ਜਮੀਨਾਂ ਦੀ ਵਰਤੋਂ ਕਰਦੇ ਹਨ। ਸਰਕਾਰਾਂ ਦੇ ਪਰਬੰਧਕ ਹੋਣ ਕਾਰਨ ਹਰ ਉਹ ਫੈਸਲਾ ਲੈਂਦੇ ਹਨ ਜਿਸ ਵਿੱਚ ਸਹੂਲਤ ਉਹਨਾਂ ਨੂੰ ਵੀ ਮਿਲੇ । ਇਸ ਤਰਾਂ ਉਹਨਾਂ ਦੀ ਆੜ ਵਿੱਚ ਹੀ ਹੋਰ ਵੱਡੇ ਕਿਸਾਨ ਵੀ ਵੱਡੇ ਮੁਨਾਫੇ ਅਤੇ ਵੱਡੀਆਂ ਸਬਸਿਡੀਆਂ ਦੇ ਵੱਡੇ ਹਿੱਸੇ ਆਪਣੇ ਬੋਝੇ ਪਾ ਲੈਂਦੇ ਹਨ। ਇਹਨਾਂ ਵੱਡੇ ਜਿੰਮੀਦਾਰਾਂ ਦੇ ਮੁਕਾਬਲੇ ਛੋਟਾ ਅਸਲੀ ਕਾਸਤਕਾਰ ਕਿਸਾਨ ਸਬਸਿਡੀਆਂ ਦਾ ਬਹੁਤ ਹੀ ਘੱਟ ਫਾਇਦਾ ਉਠਾ ਸਕਦਾ ਹੈ। ਅਸਲ ਵਿੱਚ ਸਬਸਿਡੀਆਂ ਦੀ ਲੋੜ ਤਾਂ ਖੁਦਕਸੀਆਂ ਦੀ ਨੌਬਤ ਤੇ ਪਹੁੰਚੇ  ਛੋਟੇ ਕਾਸਤਕਾਰ ਕਿਸਾਨਾਂ ਨੂੰ ਹੈ ਵਪਾਰਕ ਤੌਰ ਤੇ ਖੇਤੀ ਕਰਵਾਉਣ ਵਾਲੇ ਵੱਡੇ ਕਿਸਾਨਾਂ ਨੂੰ ਨਹੀਂ । ਖੁਦਕਸੀਆਂ ਤਾਂ ਛੋਟਾ ਕਿਸਾਨ ਕਰ ਰਿਹਾ ਹੈ ਪਰ ਇਹਨਾਂ ਕਿਸਾਨਾਂ ਦੇ ਨਾਂ ਤੇ ਫਾਇਦੇ ਵੱਡੇ ਜਿੰਮੀਦਾਰ ਲਈ ਜਾ ਰਹੇ ਹਨ।
                     ਕਿਸਾਨ ਉਹ ਹੁੰਦਾਂ ਹੈ ਜੋ ਆਪਣੇ ਖੇਤੀ ਦਾ ਬਹੁਤਾ ਕੰਮ ਆਪ ਕਰਦਾ ਹੈ ਜਾਂ ਆਪ ਦੂਸਰੇ ਕਾਮਿਆਂ ਦੇ ਨਾਲ ਰਲਕੇ ਕਰਵਾਉਂਦਾਂ ਹੈ । ਇਸ ਤਰਾਂ ਦੇ ਕਿਸਾਨਾਂ ਦੇ ਰੋਜਗਾਰ ਦਾ ਮੁੱਖ ਸਾਧਨ ਖੇਤੀ ਹੀ ਹੁੰਦੀ ਹੈ ਸਹਾਇਕ ਧੰਦੇ ਵੀ ਇਸ ਤਰਾਂ ਦੇ ਕਿਸਾਨਾਂ ਦੇ ਖੇਤੀਬਾੜੀ ਨਾਲ ਸਬੰਧਤ ਹੁੰਦੇ ਹਨ। ਜਦੋਂ ਕਿ ਖੇਤੀ ਨੂੰ ਅਤੇ ਜਮੀਨ ਨੂੰ ਵਪਾਰ ਦੇ ਵਾਂਗ ਵਰਤਣ ਵਾਲੇ ਜਗੀਰਦਾਰ ਲੋਕ ਸਿਰਫ ਉਹ ਤਰੀਕਾ ਹੀ ਵਰਤਦੇ ਹਨ ਜਿਸ ਨਾਲ ਉਹਨਾਂ ਨੂੰ ਵੱਧ ਮੁਨਾਫਾ ਹੁੰਦਾਂ ਹੋਵੇ । ਇਸ ਤਰਾਂ ਦਾ ਹੀ ਇੱਕ ਵਰਗ ਹੋਰ ਹੈ ਜੋ ਕੰਮ ਤਾਂ ਦੁਕਾਨਦਾਰੀ ਦਾ ਕਰਦਾ ਹੈ ਪਰ ਆਪਣੇ ਵਪਾਰਕ ਪੈਸੇ ਨੂੰ ਵਾਈਟ ਮਨੀ ਵਿੱਚ ਬਦਲਣ ਲਈ ਜਮੀਨਾਂ ਦਾ ਮਾਲਕ ਬਣਦਾ ਹੈ ਅਤੇ ਜਮੀਨਾਂ ਦੀ ਖੇਤੀ ਉਪਜ ਦਿਖਾਕੇ ਟੈਕਸ ਚੋਰੀ ਵੀ ਕਰਦਾ ਹੈ। ਤੀਸਰਾ ਮੁਲਾਜਮ ਵਰਗ ਵੀ ਜਿਸਦਾ ਇੱਕ ਵੱਡਾ ਹਿਸਾ ਰਿਸਵਤਾਂ ਦੀ ਅਤੇ ਲੋੜੋਂ ਵੱਧ ਮਿਲਣ ਵਾਲੀਆਂ ਤਨਖਾਹਾਂ ਦੇ ਜੋਰ ਨਾਲ ਜਮੀਨਾਂ ਹਥਿਆਈ ਜਾ ਰਿਹਾ ਹੈ ਅਤੇ ਇਹ ਵਰਗ ਅਫਸਰਸਾਹੀ ਨਾਲ ਮੇਲ ਜੋਲ ਵਾਲਾ ਹੋਣ ਕਾਰਨ ਸਰਕਾਰੀ ਸਕੀਮਾਂ ਦਾ ਵੱਡਾ ਹਿੱਸਾ ਹੜੱਪ ਜਾਂਦਾਂ ਹੈ । ਅੰਗਰੇਜ ਸਰਕਾਰ ਵਾਲਾ ਕਾਨੂੰਨ ਇੱਕ ਵਾਰ ਫਿਰ ਸਹੀ ਲੱਗ ਰਿਹਾ ਹੈ ਜਿਸ ਅਨੁਸਾਰ ਗੈਰ ਕਾਸਤਕਾਰ ਲੋਕਾਂ ਨੂੰ ਖੇਤੀਬਾੜੀ ਵਾਲੀ ਯੋਗ ਜਮੀਨ ਨੂੰ ਖਰੀਦਣ ਦਾ ਕੋਈ ਹੱਕ ਨਹੀਂ ਸੀ । ਅੱਜ ਦੇ ਸਮੇਂ ਵਿੱਚ ਵੀ ਪੰਜਾਬ ਸਮੇਤ ਸਾਰੇ ਮੁਲਕ ਵਿੱਚ ਇਸ ਕਾਨੂੰਨ ਦੀ ਲੋੜ ਉਪਜਦੀ ਦਿਖਾਈ ਦੇ ਰਹੀ ਹੈ। ਜੇ ਖੇਤੀਬਾੜੀ ਨਾਲ ਸਬੰਧਤ ਜਮੀਨਾਂ ਨੂੰ ਅਮੀਰ ਲੋਕਾਂ ਦੇ ਹੱਥ ਜਾਣ ਤੋਂ ਰੋਕਣ ਦਾ ਪਰਬੰਧ ਨਾਂ ਕੀਤਾ ਗਿਆ ਤਦ ਛੇਤੀ ਹੀ ਥੋੜੇ ਸਮੇਂ ਵਿੱਚ ਛੋਟੀ ਕਿਸਾਨੀ ਦਾ ਸਫਾਇਆ ਹੋ ਜਾਵੇਗਾ। ਵਪਾਰਕ ਤੌਰ ਤੇ ਅਮੀਰ ਜੀਵਨ ਸੈਲੀਜਿਉਣ ਵਾਲੇ ਇਹ ਲੋਕ ਖੇਤੀਬਾੜੀ ਵਾਲੀ ਵਧੀਆਂ ਜਮੀਨਾਂ ਉਪਰ ਅੱਯਾਸੀ ਦੇ ਅੱਡੇ ਵਰਗੀਆਂ ਸਹੂਲਤਾਂ ਲਈ ਇਹਨਾਂ ਜਮੀਨਾਂ ਦੀ ਗਲਤ ਵਰਤੋਂ ਵੀ ਕਰਦੇ ਹਨ। ਅਸਲੀ ਕਿਸਾਨ ਦੀ ਤਾਂ ਜੂਨ ਪੰਜਾਬੀ ਲੋਕ ਗੀਤ ਵਾਂਗ- -  ਹਲ ਛੱਡਕੇ ਚਰੀ ਨੂੰ ਜਾਣਾਂ ਔਖੀ ਹੈ ਕਮਾਈ ਜੱਟ ਦੀ --ਵਾਲੀ ਹੁੰਦੀ ਹੈ । ਗਰਮੀ ਵਿੱਚ ਮੁੜਕੋ ਮੁੜਕੀ ਹੋ ਕੇ ਅਤੇ ਸਰਦੀ ਵਿੱਚ ਕਹਿਰਾਂ ਦੀ ਠੰਡ ਵਿੱਚ  ਵੀ ਬਰਫ ਵਾਂਗ ਜੰਮ ਜਾਣ ਤੱਕ ਕੰਮ ਕਰਦਾ ਹੈ । ਇਸ ਤਰਾਂ ਦੀ ਮਿਹਨਤ ਵਾਲਾ ਹੀ ਅਸਲ ਕਿਸਾਨ ਹੈ ਜੋ ਆਪਣੀ ਜਿੰਦਗੀ ਦੇ ਸੁੱਖ ਅਰਾਮ ਨੂੰ ਦਾਅ ਤੇ ਲਾਕੇ ਦੇਸ ਦੀਆਂ ਸਰਕਾਰਾਂ ਨੂੰ ਵਿਦੇਸਾਂ ਮੂਹਰੇ ਹੱਥ ਅੱਡਣ ਤੋਂ ਬਚਾਉਦਾਂ ਹੈ। ਸਰਕਾਰੀ ਸਬਸਿਡੀਆਂ ਦੀ ਤੇ ਸਰਕਾਰੀ ਸਹੂਲਤਾਂ ਦਾ ਮੂੰਹ ਇਹਨਾਂ ਕਾਸਤਕਾਰ ਕਿਸਾਨਾਂ ਵੱਲ ਹੀ ਹੋਣਾਂ ਚਾਹੀਦਾ ਹੈ। ਠੇਕਾ ਸਿਸਟਮ ਰਾਂਹੀਂ ਹੋਣ ਵਾਲੀ ਖੇਤੀ ਯੋਗ ਜਮੀਨ ਤੇ ਵੀ ਸਹੂਲਤ ਅਤੇ ਸਬਸਿਡੀ ਜਮੀਨ ਦੇ ਮਾਲਕ ਨੂੰ ਨਹੀਂ ਬਲਕਿ ਇਸ ਨੂੰ ਠੇਕੇ ਵਗੈਰਾ ਤੇ ਲੈਕੇ ਖੇਤੀ ਕਰਨ ਵਾਲੇ ਕਾਸਤਕਾਰ ਕਿਸਾਨ ਨੂੰ ਮਿਲਣੀ ਚਾਹੀਦੀ ਹੈ ।
                             ਜਦ ਤੱਕ ਕਾਸਤਕਾਰ ਕਿਸਾਨ ਅਤੇ ਗੈਰ ਕਾਸਤਕਾਰ ਅਮੀਰ ਜਗੀਰਦਾਰ ਵਪਾਰੀ ਕਿਸਾਨ ਵਰਗ ਦੀ ਪਛਾਣ ਨੂੰ ਅੱਡ ਨਹੀਂ ਕੀਤਾ ਜਾਵੇਗਾ ਤਦ ਤੱਕ ਛੋਟੇ ਕਿਸਾਨ ਦੀ ਲੁੱਟ ਹੁੰਦੀ ਹੀ ਰਹੇਗੀ। ਦੇਸ ਦੇ ਖੇਤੀ ਮਾਹਰਾਂ ਅਤੇ ਖੇਤੀਬਾੜੀ ਯੂਨੀਵਰਸਿਟੀਆਂ ਨੂੰ ਵੀ ਇਸ ਫਰਕ ਨੂੰ ਸਮਝਣਾਂ ਚਾਹੀਦਾ ਹੈ । ਸਰਕਾਰ ਦੇ ਵਿੱਚ ਬੈਠੇ ਵੱਡੇ ਫਾਰਮਾਂ ਦੀ ਵਕਾਲਤ ਕਰਨ ਵਾਲੇ ਕਾਰਪੋਰੇਟ ਘਰਾਣਿਆਂ ਦੇ ਏਜੰਟ ਅਫਸਰ ਸਾਹੀ ਦੇ ਸਰਕਾਰਾਂ ਨੂੰ ਗੁੰਮਰਾਹ ਕਰਨ ਤੋਂ ਵੀ ਗਰੀਬ ਕਿਸਾਨਾਂ ਦੇ ਹਮਾਇਤ ਕਰਨ ਵਾਲੇ ਵਿਦਵਾਨ ਲੋਕਾਂ ਨੂੰ ਰੋਕਣ ਦੀ ਹਿੰਮਤ ਕਰਨੀ ਚਾਹੀਦੀ ਹੈ । 80% ਪੇਡੂ ਅਬਾਦੀ ਨੂੰ ਰੋਜਗਾਰ ਦੇਣ ਵਾਲੀ ਖੇਤੀਬਾੜੀ ਵਾਲੀ ਜਮੀਨ ਜੇ ਇਸ ਤਰਾਂ ਹੀ ਕਾਰਪੋਰੇਟ ਘਰਾਣਿਆਂ ਦੇ ਵੱਲ ਜਾਂਦੀ ਰਹੀ ਤਾਂ ਵੱਡੀ ਗਿਣਤੀ ਲੋਕਾਂ ਦੀ ਰੋਜਗਾਰ ਤੋਂ ਵੀ ਵਾਂਝੀ ਹੋ ਜਾਵੇਗੀ । ਸੋ ਇਸ ਤਰਾਂ ਹੀ ਜਦ ਅਸਲੀ ਅਤੇ ਨਕਲੀ ਕਿਸਾਨ ਦੀ ਪਛਾਣ ਸਥਾਪਤ ਹੋ ਜਾਵੇਗੀ ਤਦ ਸਹੂਲਤਾਂ ਦਾ ਲਾਭ ਵੀ ਅਸਲ ਲੋੜਵੰਦ ਤੱਕ ਪਹੁੰਚਣ ਲੱਗੇਗਾ। ਕਰਜੇ ਦੇ ਜਾਲ ਵੱਲ ਵੱਧ ਰਹੀ ਛੋਟੀ ਕਿਸਾਨੀ ਨੂੰ ਬਚਾਉਣਾਂ ਹੀ ਦੇਸ ਨੂੰ ਅਰਾਜਕਤਾ ਤੋਂ ਬਚਾਉਣਾਂ ਹੈ । ਜੇ ਦੇਸ ਦੀਆਂ ਸਰਕਾਰਾਂ ਨੇ ਛੋਟੀ ਕਿਸਾਨੀ ਨੂੰ ਨਾਂ ਬਚਾਇਆ ਤਦ ਦੇਸ ਜਰੂਰ ਹੀ ਅਰਾਜਕਤਾ ਦੇ ਵੱਲ ਦਾ ਸਫਰ ਸੁਰੂ ਕਰ ਲਵੇਗਾ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ (ਬਰਨਾਲਾ)  EMAIL- GSPKHO@GMAIL.COM