Friday 18 July 2014

ਨਾਲ ਅਮਲਾਂ ਦੇ ਹੋਵਦੇ ਨਿਬੇੜੇ ਬਾਤ ਕਿਸੇ ਪੁਛਣੀ ਨਹੀਂ

                   
                ਦੇਸ ਦੇ ਵਿੱਚ ਬੀਜੇਪੀ ਸਰਕਾਰ ਨੇ ਆਪਣਾਂ ਪਹਿਲਾ ਬਜਟ ਪੇਸ ਕਰ ਦਿੱਤਾ ਹੈ ਜਿਸ ਵਿੱਚ ਦੇਸ ਦੇ ਲੋਕਾਂ ਦੀਆਂ ਜਗਾਈਆਂ ਆਸਾਂ ਮੁਰਝਾ ਕੇ ਰਹਿ ਗਈਆਂ ਹਨ। ਮਹਿੰਗਾਈ ਦਾ ਭੂਤ ਕਾਬੂ ਕਰਨ ਲਈ ਕੋਈ ਮਾਇਆ ਜਾਲ ਦਿਖਾਈ ਨਹੀਂ ਦੇ ਰਿਹਾ । ਇਹ ਬਜਟ ਕਿਸੇ ਪਾਸਿਉਂ ਵੀ ਕਾਂਗਰਸ ਸਰਕਾਰ ਨਾਲੋਂ ਵੱਖਰਾ ਦਿਖਾਈ ਨਹੀਂ ਦੇ ਰਿਹਾ । ਇਸ ਵਿੱਚ ਕਿਸਾਨਾਂ ਅਤੇ ਮਹਿਗਾਈ ਰੋਕਣ ਲਈ ਐਲਾਨੀਆਂ ਰਕਮਾਂ ਪੜਕੇ  ਤਾਂ ਅਤਿ ਅਫਸੋਸ ਹੁੰਦਾਂ ਹੈ । ਪੰਜਾਬੀਆਂ ਦੀਆਂ  ਆਸਾਂ ਅਰੁਣ ਜੇਤਲੀ ਦੇ ਗੁੱਸੇ ਦੀ ਭੇਂਟ  ਚੜ ਗਈਆਂ ਹਨ।  ਕੁੱਝ ਵਿਸੇਸ ਖੇਤਰਾਂ ਦੇ ਹਿੱਸੇ ਦੀਆਂ ਵੱਡੀਆਂ ਰਕਮਾਂ ਨੂੰ ਛੱਡਕੇ ਆਮ ਲੋਕਾਂ ਦੀਆਂ ਜਰੂਰਤਾਂ ਵਾਲੇ ਖੇਤਰਾਂ ਵਿੱਚ ਐਲਾਨੀਆਂ ਸਕੀਮਾਂ ਹਾਸੋ ਹੀਣੀਆਂ ਹਨ । ਆਮ ਲੋਕਾਂ ਦੀਆਂ ਤਾਂ ਭਾਵਨਾਵਾਂ ਨਾਲ ਹੀ ਖਿਲਵਾੜ ਕੀਤਾ ਲੱਗਦਾ ਹੈ। ਮਹਿੰਗਾਈ ਰੋਕਣ ਲਈ 500 ਕਰੋੜ ਦਾ ਫੰਡ ਰਿਜਰਵ ਰੱਖਿਆ ਗਿਆਂ ਹੈ ਜਿਸ ਨਾਲ ਦੇਸ ਦੇ 125 ਕਰੋੜ ਲੋਕਾਂ ਨੂੰ ਰਾਹਤ  ਦਿੱਤੀ ਜਾਵੇਗੀ ਅਤੇ ਇਸ ਰਕਮ ਨੂੰ ਪ੍ਰਤੀ ਵਿਅਕਤੀ ਵੰਡਣ ਤੇ ਚਾਰ ਰੁਪਏ ਸਲਾਨਾ ਦੀ ਰਾਹਤ ਬਣਦੀ ਹੈ  ਜੋ ਕਿ ਰੋਜਾਨਾ ਇੱਕ ਪੈਸਾ ਬਣਦੀ ਹੈ ਦੇ ਨਾਲ ਸਮੁੱਚਾ ਹਿੰਦੋਸਤਾਨ ਖੁਸ ਹੋ ਲਵੇਗਾ ਇਹ ਸਰਕਾਰ ਦੀ ਸੋਚ ਹੈ। ਇੱਕ ਹੋਰ ਹੈਲਥ ਫੰਡ ਜੋ ਸੌ ਕਰੋੜ ਦਾ ਹੈ ਕਿਸਾਨਾਂ ਲਈ ਐਲਾਨਿਆਂ ਗਿਆ ਹੈ ਜੋ ਦੇਸ ਦੇ 60 ਕਰੋੜ ਕਿਸਾਨ ਜੀਆਂ ਨੂੰ ਪ੍ਰਤੀ ਵਿਅਕਤੀ ਡੇਢ ਕੁ ਰੁਪਇਆਂ ਆਵੇਗਾ ਸੋ ਇਹ ਵੀ ਕਿਸਾਨਾਂ ਲਈ ਕਿੰਨਾਂ ਕੁ ਇੰਨਕਲਾਬ ਲਿਆ ਦੇਵੇਗਾ ਸਮਝਿਆ ਜਾ ਸਕਦਾ ਹੈ।
                               ਕਿਸਾਨਾਂ ਤੇ ਮਹਿੰਗਾਈ ਤੋਂ ਬਾਅਦ ਅਗਲਾ ਮਸਲਾ ਗੰਗਾਂ ਨਦੀ ਨੂੰ ਸਾਫ  ਕਰਨ ਦਾ ਹੈ ਤੇ ਇਸ  ਦੇ ਨਾਂ ਤੇ ਮਨਮੋਹਨ ਸਰਕਾਰ ਦਾ ਫਾਰਮੂਲਾ ਹੀ ਲਾਗੂ ਕਰ ਦਿੱਤਾ ਗਿਆ ਹੈ ਅਤੇ ਚਾਰ ਕੁ ਹਜਾਰ ਕਰੋੜ ਦੀ ਰਕਮ ਵਾਲਾ ਫੰਡ ਬਣਾ ਲਿਆ ਗਿਆ ਹੈ ਅਤੇ ਇਸ ਲਈ ਮੰਗਤਿਆਂ ਵਾਂਗ ਠੂਠਾ ਵੀ ਫੜਿਆ ਜਾਵੇਗਾ ।  ਗੰਗਾ ਸਾਫ ਕਰਨ ਦੇ ਨਾਂ ਤੇ ਰਾਜਨੀਤਕ ਲੋਕ ਸਰਕਾਰੀ ਪੈਸਾ ਹੜੱਪਣਾਂ ਲੋਚਦੇ ਹਨ ਜਦੋਂ ਕਿ ਗੰਗਾਂ ਸਫਾਈ ਲਈ ਕਾਨੂੰਨ ਬਣਾਕਿ ਸਹਿਰੀ ਗੰਦ ਅਤੇ ਫੈਕਟਰੀਆਂ ਦੀ ਰਹਿੰਦ ਖੂੰਹਦ ਅਤ ਕੈਮੀਕਲ ਯੁਕਤ ਤਰਲ ਗੰਗਾਂ ਵਿੱਚ ਰੋਕੇ ਜਾਣੇ ਚਾਹੀਦੇ ਸਨ ਤੇ ਇਸ ਨਾਲ ਗੰਗਾਂ ਆਪਣੇ ਆਪ ਹੀ ਸਾਫ ਹੋ ਸਕਦੀ ਹੈ । ਅਸਲ ਵਿੱਚ ਗੰਗਾਂ ਸਾਫ ਕਰਨ ਦਾ ਤਾਂ ਮਕਸਦ  ਹੈ ਹੀ ਨਹੀ ਸਗੋਂ ਗੰਗਾਂ ਦੇ ਨਾਂ ਤੇ ਵੋਟਾਂ ਦੀ ਫਸਲ ਵੱਢਣ ਦੀਆਂ ਸਕੀਮਾਂ ਬਣਾਈਆਂ ਜਾ ਰਹੀਆਂ ਹਨ। ਇਸ ਤਰਾਂ ਦਾ ਹੀ ਇੱਕ ਹੋਰ ਏਜੰਡਾਂ ਦੇਸ ਦੇ ਵਿੱਚ ਘੱਟ ਗਿਣਤੀ ਮੁਸਲਮਾਨਾਂ ਦੇ ਮਦਰੱਸਿਆਂ ਦੇ ਲਈ ਸੌ ਕਰੋੜ ਦਾ ਫੰਡ ਜਾਰੀ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਜਿਸ ਨਾਲ ਬੀਹ ਕਰੋੜ ਲੋਕਾਂ ਨੂੰ ਪੰਜ ਰੁਪਏ ਪ੍ਰਤੀ ਵਿਅਕਤੀ ਖਰਚ ਕੇ ਇਨਕਲਾਬ ਦੀ ਆਸ ਕਰਨਾਂ ਕਿੰਨੀ ਕੁ ਸਿਆਣਫ ਹੋ ਸਕਦੀ ਹੈ । ਦੇਸ ਦੀ ਘੱਟ ਗਿਣਤੀ ਭਾਈਚਾਰੇ ਦੇ ਆਗੂਆਂ ਦੇ ਇੱਕ ਹਿੱਸੇ ਨੇ ਤਾਂ ਇਸ ਪੈਸੇ ਨੂੰ ਮਦਰੱਸਿਆਂ ਦੀ ਸਿੱਖਿਆਂ ਦੇਣ ਦੀ ਅਜਾਦੀ ਖੋਹਣ ਦਾ ਯਤਨ ਹੀ ਮੰਨਿਆਂ ਹੈ । ਅੱਧ ਅਧੂਰੀਆਂ ਸਕੀਮਾਂ ਕੀ ਚੰਦ ਚਾੜਨਗੀਆਂ ਸਿਰਫ ਫੋਕੇ ਲਲਕਾਰੇ ਹੀ ਬਣਨਗੀਆਂ । ਕਰਜਾਈ ਕਿਸਾਨਾਂ ਨੂੰ ਕਰਜਾਈ ਹੋਰ ਕਰਨ ਲਈ ਪੰਜ ਲੱਖ ਕਰੋੜ ਦੀਆਂ ਮੰਨਜੂਰੀਆਂ ਦੇਣ ਦੀ ਗੱਲ ਕੀ ਚੰਦ ਚਾੜੇਗੀ ਖੁਦਾ ਬਚਾਵੇ ਇਸ ਤੋਂ । ਲੋੜ ਕਿਸਾਨ ਨੂੰ ਕਰਜਾ ਮੁਕਤ ਕਰਨ ਦੀ ਹੈ ਪਰ ਸਕੀਮਾਂ ਹੋਰ ਕਰਜਾਈ ਕਰਨ ਦੀਆਂ ਐਲਾਨੀਆਂ ਜਾ ਰਹੀਆਂ ਹਨ।
                                        ਕੇਂਦਰੀ ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਨੇ ਲੋਕ ਸਭਾ ਵਿੱਚ ਆਮ ਬਜਟ 2014-15 ਪੇਸ਼ ਕਰਦਿਆਂ ਕਿਹਾ ਕਿ ਦੇਸ਼ ਵਿੱਚ ਪੀਣਯੋਗ ਪਾਣੀ ਦੇ ਸਰੋਤ ਫਲੋਰਾਈਡ, ਆਰਸੈਨਿਕ ਵਰਗੀਆਂ ਅਸ਼ੁੱਧੀਆਂ ਅਤੇ ਮਨੁੱਖੀ ਪ੍ਰਦੂਸ਼ਣ, ਜਲ ਮਲ ਨਿਕਾਸੀ , ਉਦਯੋਗਿਕ ਜਹਿਰੀਲੇ ਪਦਾਰਥ, ਕੀਟ ਨਾਸ਼ਕ ਅਤੇ ਖਾਦਾਂ ਦੇ ਕਾਰਣ ਪ੍ਰਦੂਸ਼ਿਤ ਹੈ। ਇਸ ਲਈ ਸ਼ੁੱਧ ਪਾਣੀ ਉਪਲਬੱਧ ਕਰਵਾਉਣ ਲਈ ਕੌਮੀ ਗ੍ਰਾਮੀਣ ਪੀਣਯੋਗ ਪਾਣੀ ਹੇਠ 3600 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। 3600 ਕਰੋੜ ਰੁਪਇਆ 125 ਕਰੋੜ ਲੋਕਾਂ ਨੂੰ ਕਿਸ ਤਰਾਂ ਅਤੇ ਕਿੰਨਾਂ ਕੁ ਸਾਫ ਪਾਣੀ ਦੇ ਸਕੇਗਾ ? ਇਸ ਨਾਲ ਦੇਸ ਦਾ ਹਰ ਨਾਗਰਿਕ ਦੋ ਬੋਤਲਾਂ ਪਾਣੀ ਰੇਲਵੇ ਦੇ ਪਾਣੀ ਦੀਆਂ ਹੀ ਹਾਸਲ ਕਰ ਸਕੇਗਾ ਉਹ ਵੀ ਜੇ ਏਨਾ ਪੈਸਾ ਇਮਾਨਦਾਰੀ ਨਾਲ ਵੰਡਿਆਂ ਜਾਵੇਗਾ ਕਿਉਂਕਿ ਭਿਰਸਟਾਚਾਰ ਸਾਇਦ ਇਸ ਵਿੱਚੋਂ ਵੀ ਇੱਕ ਬੋਤਲ ਰਾਹ ਵਿੱਚ ਹੀ ਖਤਮ ਕਰ ਦੇਵੇ । ਸੋ ਦੇਸ ਵਾਸੀਆਂ ਨੂੰ ਇੱਕ ਬੋਤਲ ਦੇ ਪੈਸਿਆਂ ਨਾਲ ਜਰੂਰ ਭੰਗੜਾਂ ਪਾ ਲੈਣਾਂ ਚਾਹੀਦਾ ਹੈ। ਇਸ ਤਰਾਂ ਦੀਆਂ ਹੋਰ ਅਨੇਕਾਂ ਸਕੀਮਾਂ ਦਾ ਸਿਰਫ ਜਿਕਰ ਕਰਕੇ ਹੀ ਸਾਰ ਦਿੱਤਾ ਗਿਆਂ ਹੈ ਅਤੇ ਕੋਈ ਰਕਮ ਐਲਾਨੀ ਹੀ ਨਹੀਂ ਗਈ । ਜਦ ਐਲਾਨੀਆਂ ਸਕੀਮਾਂ ਵੀ ਊਠ ਦੇ ਮੂੰਹ ਵਿੱਚ ਜੀਰਾ ਦੇਣ ਵਾਂਗ ਹੈ ਤਦ ਬਿਨਾਂ ਕੋਈ ਰਕਮ ਰੱਖੇ ਐਲਾਨੀਆਂ ਸਕੀਮਾਂ ਦਾ ਰੱਬ ਹੀ ਰਾਖਾ ਹੋਵੇਗਾ।
                              ਪੰਜਾਬ ਸਰਕਾਰ ਦੇ ਆਗੂ ਇੱਕ ਲੱਖ ਕਰੋੜ ਦੇ ਕਰਜਾਈ ਪੰਜਾਬ ਦੇ ਲਈ ਰਿਆਇਤ ਦੀ ਆਸ ਲਗਾਈ ਬੈਟੇ ਸਨ ਪਰ ਪੰਜਾਬ ਦੇ ਲਈ ਕੋਈ ਕਰਜੇ ਤੋਂ ਰਾਹਤ ਵਾਲਾ ਕੋਈ ਪੈਕੇਜ ਨਹੀਂ ਦਿੱਤਾ ਗਿਆ । ਪੰਜਾਬ ਦੀ ਖੇਤੀਬਾੜੀ ਲਈ ਕੋਈ ਵਿਸੇਸ ਸਕੀਮ ਨਹੀਂ ਐਲਾਨੀ ਗਈ । ਪੋੰਜਾਬ ਸਰਕਾਰ ਹਰ ਸਾਲ ਘਾਟੇ ਦੇ ਬਜਟ ਪੇਸ ਕਰਨ ਲਈ ਮਜਬੂਰ ਹੈ ਅਤੇ ਵਿਕਾਸ ਲਈ ਸੈਂਟਰ ਸਰਕਾਰ ਤੇ ਟੇਕ ਰੱਖਣ ਲਈ ਮਜਬੂਰ ਹੈ । ਪੰਜਾਬ ਸਰਕਾਰ ਦਾ ਜਿਆਦਾਤਰ ਮਾਲੀਆਂ ਕਿਸਾਨ ਅਤੇ ਮਜਦੂਰ ਵਰਗ ਤੋਂ ਹੀ ਆਉਂਦਾਂ ਹੈ। ਪੰਜਾਬੀ ਕਿਸਾਨ ਤੇ ਟੈਕਸਾਂ ਦਾ ਬੋਝ ਹੋਰ ਵਧੇਗਾ । ਖੁਦਕਸੀਆਂ ਤੱਕ ਪਹੁੰਚਿਆਂ ਕਿਸਾਨ ਹੋਰ ਤਰਸ ਯੋਗ ਹਾਲਤ ਵਿੱਚ ਪਹੁੰਚ ਜਾਵੇਗਾ । ਕਿਸਾਨ ਦੀ ਮੰਦੀ ਹਾਲਤ ਮਜਦੂਰਾਂ ਦਾ ਹੋਰ ਬੁਰਾ ਹਾਲ ਕਰ ਦੇਵੇਗੀ । ਬੇਰੁਜਗਾਰ ਨੌਜਵਾਨਾਂ ਦੇ ਹੜ ਪਹਿਲਾਂ ਹੀ ਪੰਜਾਬ ਵਿੱਚ ਆਏ ਹੋਏ ਹਨ ਅਤੇ ਇਸ ਨੂੰ ਠੱਲ ਪੈਣ ਦੀ ਆਸ ਹੋਰ ਧੁੰਦਲੀ ਹੋ ਜਾਵੇਗੀ । ਮੋਦੀ ਸਰਕਾਰ ਦੇ ਐਲਾਨੇ ਅੱਛੇ ਦਿਨ ਪੰਜਾਬ ਲਈ ਬੁਰੇ ਦਿਨਾਂ ਦੇ ਸੰਕੇਤ  ਹਨ । ਸੋ ਅੰਤ ਨੂੰ ਤਾਂ ਇਹੀ ਕਹਿਣ ਲਈ ਮਜਬੂਰ ਹੋਣਾਂ ਪੈਂਦਾਂ ਹੈ ਕਿ ਇੱਥੇ ਅਮਲਾਂ ਨਾਲ ਨਿਬੇੜੇ ਹੋਣੇਂ ਨੇ ਬਾਤਾਂ ਨਾਲ ਕੁੱਝ ਨਹੀਂ ਬਣਨਾਂ । ਅੱਛੇ ਦਿਨ ਰਾਜਨੀਤਕਾਂ ਅਤੇ ਅਮੀਰਾਂ ਦੇ ਜਰੂਰ ਹੋ ਸਕਦੇ ਹਨ ਆਮ ਲੋਕਾਂ ਦੇ ਤਾਂ ਬੁਰੇ ਦਿਨ ਸੁਰੂ ਹੋ ਚੁੱਕੇ ਹਨ ਸੋ ਰੱਬ ਹੀ ਰਾਖਾ  ਹੈ ਪੰਜਾਬੀਆਂ ਅਤੇ ਹਿੰਦੋਸਤਾਨੀਆਂ ਦਾ ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ   

No comments: