ਜਦ ਵੀ ਦੇਸ ਅਤੇ ਸੂਬਾ ਸਰਕਾਰਾਂ ਕਿਸਾਨੀ ਦੇ ਨਾਂ ਤੇ ਕੋਈ ਫੈਸਲੇ ਲੈਂਦੀਆਂ ਹਨ ਤਦ ਉਹ ਕਿਸਾਨ ਅਤੇ ਜਿੰਮੀਦਾਰ ਦਾ ਫਰਕ ਨਹੀਂ ਕਰਦੀਆਂ ਜਿਸ ਨਾਲ ਵਪਾਰਕ ਤੌਰ ਤੇ ਕੰਮ ਕਰਨ ਵਾਲੇ ਜਗੀਰਦਾਰ ਅਮੀਰ ਲੋਕ ਤਾਂ ਵੱਡੇ ਫਾਇਦੇ ਲੈ ਜਾਂਦੇ ਹਨ ਜਦੋਂ ਕਿ ਅਸਲੀ ਕਿਸਾਨ ਜੋ ਕਾਸਤਕਾਰ ਹੁੰਦਾਂ ਹੈ ਦੇ ਪੱਲੇ ਕੁੱਝ ਵੀ ਨਹੀਂ ਪੈਂਦਾਂ। ਪਿਛਲੇ ਸਮੇਂ ਵਿੱਚ ਮਨਪਰੀਤ ਬਾਦਲ ਦੇ ਬਾਰੇ ਸਮੇਂ ਦੀ ਸਰਕਾਰ ਨੇ ਇੱਕ ਸੱਚ ਜਾਰੀ ਕੀਤਾ ਸੀ ਕਿ ਉਸਨੇ 19 ਲੱਖ ਰੁਪਏ ਦੀ ਸਬਸਿਡੀ ਲਈ ਹੈ। ਇਸ ਤਰਾਂ ਦੇ ਅਨੇਕਾਂ ਸੱਚ ਹੋਰ ਵੱਡੇ ਜਿੰਮੀਦਾਰ ਜੋ ਰਾਜਨੀਤਕ ਅਤੇ ਵਪਾਰੀ ਵੀ ਹਨ ਦੇ ਬਾਰੇ ਸਰਕਾਰਾਂ ਨੇ ਲੁਕੋਇਆ ਹੋਇਆ ਹੈ। ਇਸ ਤਰਾਂ ਹੀ ਪੰਜਾਬ ਦੇ ਤਿੰਨ ਵੱਡੀਆਂ ਅਤੇ ਮੁੱਖ ਪਾਰਟੀਆਂ ਦੇ ਤਿੰਨੇ ਵੱਡੇ ਆਗੂ ਹਜਾਰਾਂ ਏਕੜ ਜਮੀਨਾਂ ਦੇ ਮਾਲਕ ਹਨ ਪਰ ਜਦੋਂ ਕਿ ਉਹਨਾਂ ਤਿੰਨਾਂ ਵਿੱਚੋਂ ਆਪ ਕੋਈ ਵੀ ਆਪਣੇਂ ਹੱਥੀਂ ਕਾਸਤ ਕਾਰੀ ਨਹੀਂ ਕਰਦਾ । ਤਿੰਨਾਂ ਹੀ ਵੱਡੇ ਆਗੂਆਂ ਦੇ ਮੈਨੇਜਰ ਰੱਖੇ ਹੋਏ ਹਨ ਜੋ ਕਿ ਖੇਤੀ ਦਾ ਕਾਰੋਬਾਰ ਦੇਖਦੇ ਹਨ ਅਤੇ ਜਮੀਨਾਂ ਦਾ ਵੱਡਾ ਹਿੱਸਾ ਇਹ ਪ੍ਰੀਵਾਰ ਅੱਗੇ ਠੇਕਾ ਸਿਸਟਮ ਅਧੀਨ ਅੱਗੇ ਕਾਸਤਕਾਰਾਂ ਨੂੰ ਜਾਂ ਕਿਸੇ ਹੋਰ ਵਪਾਰਕ ਤਰੀਕਿਆਂ ਰਾਂਹੀਂ ਆਪਣੀਆਂ ਜਮੀਨਾਂ ਦੀ ਵਰਤੋਂ ਕਰਦੇ ਹਨ। ਸਰਕਾਰਾਂ ਦੇ ਪਰਬੰਧਕ ਹੋਣ ਕਾਰਨ ਹਰ ਉਹ ਫੈਸਲਾ ਲੈਂਦੇ ਹਨ ਜਿਸ ਵਿੱਚ ਸਹੂਲਤ ਉਹਨਾਂ ਨੂੰ ਵੀ ਮਿਲੇ । ਇਸ ਤਰਾਂ ਉਹਨਾਂ ਦੀ ਆੜ ਵਿੱਚ ਹੀ ਹੋਰ ਵੱਡੇ ਕਿਸਾਨ ਵੀ ਵੱਡੇ ਮੁਨਾਫੇ ਅਤੇ ਵੱਡੀਆਂ ਸਬਸਿਡੀਆਂ ਦੇ ਵੱਡੇ ਹਿੱਸੇ ਆਪਣੇ ਬੋਝੇ ਪਾ ਲੈਂਦੇ ਹਨ। ਇਹਨਾਂ ਵੱਡੇ ਜਿੰਮੀਦਾਰਾਂ ਦੇ ਮੁਕਾਬਲੇ ਛੋਟਾ ਅਸਲੀ ਕਾਸਤਕਾਰ ਕਿਸਾਨ ਸਬਸਿਡੀਆਂ ਦਾ ਬਹੁਤ ਹੀ ਘੱਟ ਫਾਇਦਾ ਉਠਾ ਸਕਦਾ ਹੈ। ਅਸਲ ਵਿੱਚ ਸਬਸਿਡੀਆਂ ਦੀ ਲੋੜ ਤਾਂ ਖੁਦਕਸੀਆਂ ਦੀ ਨੌਬਤ ਤੇ ਪਹੁੰਚੇ ਛੋਟੇ ਕਾਸਤਕਾਰ ਕਿਸਾਨਾਂ ਨੂੰ ਹੈ ਵਪਾਰਕ ਤੌਰ ਤੇ ਖੇਤੀ ਕਰਵਾਉਣ ਵਾਲੇ ਵੱਡੇ ਕਿਸਾਨਾਂ ਨੂੰ ਨਹੀਂ । ਖੁਦਕਸੀਆਂ ਤਾਂ ਛੋਟਾ ਕਿਸਾਨ ਕਰ ਰਿਹਾ ਹੈ ਪਰ ਇਹਨਾਂ ਕਿਸਾਨਾਂ ਦੇ ਨਾਂ ਤੇ ਫਾਇਦੇ ਵੱਡੇ ਜਿੰਮੀਦਾਰ ਲਈ ਜਾ ਰਹੇ ਹਨ।
ਕਿਸਾਨ ਉਹ ਹੁੰਦਾਂ ਹੈ ਜੋ ਆਪਣੇ ਖੇਤੀ ਦਾ ਬਹੁਤਾ ਕੰਮ ਆਪ ਕਰਦਾ ਹੈ ਜਾਂ ਆਪ ਦੂਸਰੇ ਕਾਮਿਆਂ ਦੇ ਨਾਲ ਰਲਕੇ ਕਰਵਾਉਂਦਾਂ ਹੈ । ਇਸ ਤਰਾਂ ਦੇ ਕਿਸਾਨਾਂ ਦੇ ਰੋਜਗਾਰ ਦਾ ਮੁੱਖ ਸਾਧਨ ਖੇਤੀ ਹੀ ਹੁੰਦੀ ਹੈ ਸਹਾਇਕ ਧੰਦੇ ਵੀ ਇਸ ਤਰਾਂ ਦੇ ਕਿਸਾਨਾਂ ਦੇ ਖੇਤੀਬਾੜੀ ਨਾਲ ਸਬੰਧਤ ਹੁੰਦੇ ਹਨ। ਜਦੋਂ ਕਿ ਖੇਤੀ ਨੂੰ ਅਤੇ ਜਮੀਨ ਨੂੰ ਵਪਾਰ ਦੇ ਵਾਂਗ ਵਰਤਣ ਵਾਲੇ ਜਗੀਰਦਾਰ ਲੋਕ ਸਿਰਫ ਉਹ ਤਰੀਕਾ ਹੀ ਵਰਤਦੇ ਹਨ ਜਿਸ ਨਾਲ ਉਹਨਾਂ ਨੂੰ ਵੱਧ ਮੁਨਾਫਾ ਹੁੰਦਾਂ ਹੋਵੇ । ਇਸ ਤਰਾਂ ਦਾ ਹੀ ਇੱਕ ਵਰਗ ਹੋਰ ਹੈ ਜੋ ਕੰਮ ਤਾਂ ਦੁਕਾਨਦਾਰੀ ਦਾ ਕਰਦਾ ਹੈ ਪਰ ਆਪਣੇ ਵਪਾਰਕ ਪੈਸੇ ਨੂੰ ਵਾਈਟ ਮਨੀ ਵਿੱਚ ਬਦਲਣ ਲਈ ਜਮੀਨਾਂ ਦਾ ਮਾਲਕ ਬਣਦਾ ਹੈ ਅਤੇ ਜਮੀਨਾਂ ਦੀ ਖੇਤੀ ਉਪਜ ਦਿਖਾਕੇ ਟੈਕਸ ਚੋਰੀ ਵੀ ਕਰਦਾ ਹੈ। ਤੀਸਰਾ ਮੁਲਾਜਮ ਵਰਗ ਵੀ ਜਿਸਦਾ ਇੱਕ ਵੱਡਾ ਹਿਸਾ ਰਿਸਵਤਾਂ ਦੀ ਅਤੇ ਲੋੜੋਂ ਵੱਧ ਮਿਲਣ ਵਾਲੀਆਂ ਤਨਖਾਹਾਂ ਦੇ ਜੋਰ ਨਾਲ ਜਮੀਨਾਂ ਹਥਿਆਈ ਜਾ ਰਿਹਾ ਹੈ ਅਤੇ ਇਹ ਵਰਗ ਅਫਸਰਸਾਹੀ ਨਾਲ ਮੇਲ ਜੋਲ ਵਾਲਾ ਹੋਣ ਕਾਰਨ ਸਰਕਾਰੀ ਸਕੀਮਾਂ ਦਾ ਵੱਡਾ ਹਿੱਸਾ ਹੜੱਪ ਜਾਂਦਾਂ ਹੈ । ਅੰਗਰੇਜ ਸਰਕਾਰ ਵਾਲਾ ਕਾਨੂੰਨ ਇੱਕ ਵਾਰ ਫਿਰ ਸਹੀ ਲੱਗ ਰਿਹਾ ਹੈ ਜਿਸ ਅਨੁਸਾਰ ਗੈਰ ਕਾਸਤਕਾਰ ਲੋਕਾਂ ਨੂੰ ਖੇਤੀਬਾੜੀ ਵਾਲੀ ਯੋਗ ਜਮੀਨ ਨੂੰ ਖਰੀਦਣ ਦਾ ਕੋਈ ਹੱਕ ਨਹੀਂ ਸੀ । ਅੱਜ ਦੇ ਸਮੇਂ ਵਿੱਚ ਵੀ ਪੰਜਾਬ ਸਮੇਤ ਸਾਰੇ ਮੁਲਕ ਵਿੱਚ ਇਸ ਕਾਨੂੰਨ ਦੀ ਲੋੜ ਉਪਜਦੀ ਦਿਖਾਈ ਦੇ ਰਹੀ ਹੈ। ਜੇ ਖੇਤੀਬਾੜੀ ਨਾਲ ਸਬੰਧਤ ਜਮੀਨਾਂ ਨੂੰ ਅਮੀਰ ਲੋਕਾਂ ਦੇ ਹੱਥ ਜਾਣ ਤੋਂ ਰੋਕਣ ਦਾ ਪਰਬੰਧ ਨਾਂ ਕੀਤਾ ਗਿਆ ਤਦ ਛੇਤੀ ਹੀ ਥੋੜੇ ਸਮੇਂ ਵਿੱਚ ਛੋਟੀ ਕਿਸਾਨੀ ਦਾ ਸਫਾਇਆ ਹੋ ਜਾਵੇਗਾ। ਵਪਾਰਕ ਤੌਰ ਤੇ ਅਮੀਰ ਜੀਵਨ ਸੈਲੀਜਿਉਣ ਵਾਲੇ ਇਹ ਲੋਕ ਖੇਤੀਬਾੜੀ ਵਾਲੀ ਵਧੀਆਂ ਜਮੀਨਾਂ ਉਪਰ ਅੱਯਾਸੀ ਦੇ ਅੱਡੇ ਵਰਗੀਆਂ ਸਹੂਲਤਾਂ ਲਈ ਇਹਨਾਂ ਜਮੀਨਾਂ ਦੀ ਗਲਤ ਵਰਤੋਂ ਵੀ ਕਰਦੇ ਹਨ। ਅਸਲੀ ਕਿਸਾਨ ਦੀ ਤਾਂ ਜੂਨ ਪੰਜਾਬੀ ਲੋਕ ਗੀਤ ਵਾਂਗ- - ਹਲ ਛੱਡਕੇ ਚਰੀ ਨੂੰ ਜਾਣਾਂ ਔਖੀ ਹੈ ਕਮਾਈ ਜੱਟ ਦੀ --ਵਾਲੀ ਹੁੰਦੀ ਹੈ । ਗਰਮੀ ਵਿੱਚ ਮੁੜਕੋ ਮੁੜਕੀ ਹੋ ਕੇ ਅਤੇ ਸਰਦੀ ਵਿੱਚ ਕਹਿਰਾਂ ਦੀ ਠੰਡ ਵਿੱਚ ਵੀ ਬਰਫ ਵਾਂਗ ਜੰਮ ਜਾਣ ਤੱਕ ਕੰਮ ਕਰਦਾ ਹੈ । ਇਸ ਤਰਾਂ ਦੀ ਮਿਹਨਤ ਵਾਲਾ ਹੀ ਅਸਲ ਕਿਸਾਨ ਹੈ ਜੋ ਆਪਣੀ ਜਿੰਦਗੀ ਦੇ ਸੁੱਖ ਅਰਾਮ ਨੂੰ ਦਾਅ ਤੇ ਲਾਕੇ ਦੇਸ ਦੀਆਂ ਸਰਕਾਰਾਂ ਨੂੰ ਵਿਦੇਸਾਂ ਮੂਹਰੇ ਹੱਥ ਅੱਡਣ ਤੋਂ ਬਚਾਉਦਾਂ ਹੈ। ਸਰਕਾਰੀ ਸਬਸਿਡੀਆਂ ਦੀ ਤੇ ਸਰਕਾਰੀ ਸਹੂਲਤਾਂ ਦਾ ਮੂੰਹ ਇਹਨਾਂ ਕਾਸਤਕਾਰ ਕਿਸਾਨਾਂ ਵੱਲ ਹੀ ਹੋਣਾਂ ਚਾਹੀਦਾ ਹੈ। ਠੇਕਾ ਸਿਸਟਮ ਰਾਂਹੀਂ ਹੋਣ ਵਾਲੀ ਖੇਤੀ ਯੋਗ ਜਮੀਨ ਤੇ ਵੀ ਸਹੂਲਤ ਅਤੇ ਸਬਸਿਡੀ ਜਮੀਨ ਦੇ ਮਾਲਕ ਨੂੰ ਨਹੀਂ ਬਲਕਿ ਇਸ ਨੂੰ ਠੇਕੇ ਵਗੈਰਾ ਤੇ ਲੈਕੇ ਖੇਤੀ ਕਰਨ ਵਾਲੇ ਕਾਸਤਕਾਰ ਕਿਸਾਨ ਨੂੰ ਮਿਲਣੀ ਚਾਹੀਦੀ ਹੈ ।
ਜਦ ਤੱਕ ਕਾਸਤਕਾਰ ਕਿਸਾਨ ਅਤੇ ਗੈਰ ਕਾਸਤਕਾਰ ਅਮੀਰ ਜਗੀਰਦਾਰ ਵਪਾਰੀ ਕਿਸਾਨ ਵਰਗ ਦੀ ਪਛਾਣ ਨੂੰ ਅੱਡ ਨਹੀਂ ਕੀਤਾ ਜਾਵੇਗਾ ਤਦ ਤੱਕ ਛੋਟੇ ਕਿਸਾਨ ਦੀ ਲੁੱਟ ਹੁੰਦੀ ਹੀ ਰਹੇਗੀ। ਦੇਸ ਦੇ ਖੇਤੀ ਮਾਹਰਾਂ ਅਤੇ ਖੇਤੀਬਾੜੀ ਯੂਨੀਵਰਸਿਟੀਆਂ ਨੂੰ ਵੀ ਇਸ ਫਰਕ ਨੂੰ ਸਮਝਣਾਂ ਚਾਹੀਦਾ ਹੈ । ਸਰਕਾਰ ਦੇ ਵਿੱਚ ਬੈਠੇ ਵੱਡੇ ਫਾਰਮਾਂ ਦੀ ਵਕਾਲਤ ਕਰਨ ਵਾਲੇ ਕਾਰਪੋਰੇਟ ਘਰਾਣਿਆਂ ਦੇ ਏਜੰਟ ਅਫਸਰ ਸਾਹੀ ਦੇ ਸਰਕਾਰਾਂ ਨੂੰ ਗੁੰਮਰਾਹ ਕਰਨ ਤੋਂ ਵੀ ਗਰੀਬ ਕਿਸਾਨਾਂ ਦੇ ਹਮਾਇਤ ਕਰਨ ਵਾਲੇ ਵਿਦਵਾਨ ਲੋਕਾਂ ਨੂੰ ਰੋਕਣ ਦੀ ਹਿੰਮਤ ਕਰਨੀ ਚਾਹੀਦੀ ਹੈ । 80% ਪੇਡੂ ਅਬਾਦੀ ਨੂੰ ਰੋਜਗਾਰ ਦੇਣ ਵਾਲੀ ਖੇਤੀਬਾੜੀ ਵਾਲੀ ਜਮੀਨ ਜੇ ਇਸ ਤਰਾਂ ਹੀ ਕਾਰਪੋਰੇਟ ਘਰਾਣਿਆਂ ਦੇ ਵੱਲ ਜਾਂਦੀ ਰਹੀ ਤਾਂ ਵੱਡੀ ਗਿਣਤੀ ਲੋਕਾਂ ਦੀ ਰੋਜਗਾਰ ਤੋਂ ਵੀ ਵਾਂਝੀ ਹੋ ਜਾਵੇਗੀ । ਸੋ ਇਸ ਤਰਾਂ ਹੀ ਜਦ ਅਸਲੀ ਅਤੇ ਨਕਲੀ ਕਿਸਾਨ ਦੀ ਪਛਾਣ ਸਥਾਪਤ ਹੋ ਜਾਵੇਗੀ ਤਦ ਸਹੂਲਤਾਂ ਦਾ ਲਾਭ ਵੀ ਅਸਲ ਲੋੜਵੰਦ ਤੱਕ ਪਹੁੰਚਣ ਲੱਗੇਗਾ। ਕਰਜੇ ਦੇ ਜਾਲ ਵੱਲ ਵੱਧ ਰਹੀ ਛੋਟੀ ਕਿਸਾਨੀ ਨੂੰ ਬਚਾਉਣਾਂ ਹੀ ਦੇਸ ਨੂੰ ਅਰਾਜਕਤਾ ਤੋਂ ਬਚਾਉਣਾਂ ਹੈ । ਜੇ ਦੇਸ ਦੀਆਂ ਸਰਕਾਰਾਂ ਨੇ ਛੋਟੀ ਕਿਸਾਨੀ ਨੂੰ ਨਾਂ ਬਚਾਇਆ ਤਦ ਦੇਸ ਜਰੂਰ ਹੀ ਅਰਾਜਕਤਾ ਦੇ ਵੱਲ ਦਾ ਸਫਰ ਸੁਰੂ ਕਰ ਲਵੇਗਾ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ (ਬਰਨਾਲਾ) EMAIL- GSPKHO@GMAIL.COM
No comments:
Post a Comment