ਵਿਕਾਸ ਅਤੇ ਪਰੀਵਰਤਨ ਦਾ ਰੂਪ ਹੋਕੇ ਚੱਲਣ ਵਾਲੀ ਪਰਕਿਰਤੀ ਦੇ ਰੰਗਾਂ ਵਿੱਚ ਕਿਹੜਾ ਰੰਗ ਕਦੋਂ ਕਿਸ ਰੰਗ ਵਿੱਚ ਬਦਲ ਜਾਂਦਾਂ ਹੈ ਕੋਈ ਨਹੀਂ ਜਾਣ ਸਕਿਆ । ਬੰਦੇ ਦਾ ਬਣਾਇਆ ਪਰੀ ਲੋਕ ਵਿੱਚ ਰਹਿੰਦਾਂ ਰੱਬ ਕਦੋਂ ਪੈਸੇ ਵਿੱਚ ਬਦਲ ਗਿਆ ਕਿਸੇ ਨੂੰ ਵੀ ਪਤਾ ਨਹੀਂ ਚੱਲਿਆ । ਗੁਜਰਾਨ ਦਾ ਰੂਪ ਦੇ ਖਿਤਾਬ ਨਾਲ ਸਿੰਗਾਰਿਆਂ ਅਵਤਾਰੀ ਪੁਰਸਾਂ ਦਾ ਪੈਸਾ ਕਦ ਖੁਦਾ ਬਣ ਗਿਆਂ ਸਮਝ ਹੀ ਨਹੀਂ ਆਇਆ । ਅਸਲ ਖੁਦਾ ਜੋ ਸਮੁੱਚਾ ਬ੍ਰਹਿਮੰਡ ਹੀ ਹੁੰਦਾਂ ਹੈ ੴ ਦਾ ਭਾਵ ਅਰਥ ਹੈ ਕਿ ਇਹ ਬ੍ਰਹਿ੍ਹਮੰਡ ਜਾਂ ਸਮੁੱਚਾ ਪਾਸਾਰਾ ਹੀ ਪਰਮਾਤਮਾ ਦਾ ਰੂਪ ਹੈ । ਦਿਸਣ ਅਤੇ ਨਾਂ ਦਿਸਣ ਵਾਲਾ ਜੋ ਵੀ ਮਹਿਸੂਸ ਕੀਤਾ ਜਾਂਦਾਂ ਹੈ ਸਭ ਕੁੱਝ ਰੱਬ ਦਾ ਰੂਪ ਹੈ ਅਤੇ ਇਹ ਸਭ ਕੁੱਝ ਸੱਚ ਹੈ ਅਤੇ ਇਸਦਾ ਨਾਮ ਹੈ ਸਤਿ ਜਾਂ ਸੱਚ ਇਸ ਲਈ ਗੁਰਬਾਣੀ ਦਾ ਦੂਸਰਾ ਸਬਦ ਹੈ ਸਤਿਨਾਮ । ਆਮ ਤੌਰ ਤੇ ਬਹੁਤ ਸਾਰੇ ਅਗਿਆਨੀ ਨਾਮ ਦੀ ਵਿਆਖਿਆ ਹੀ ਇੰਨੀ ਕਰ ਦਿੰਦੇ ਹਨ ਕਿ ਜਗਿਆਸੂ ਮਨੁੱਖ ਉਲਝਾ ਕੇ ਰੱਖ ਦਿੱਤਾ ਜਾਂਦਾਂ ਹੈ । ਸੱਚ ਤੋਂ ਬਿਨਾਂ ਨਾਮ ਦਾ ਕੋਈ ਮਤਲਬ ਹੀ ਨਹੀ। ਜਪੁਜੀ ਸਾਹਿਬ ਨੂੰ ਸਰਲ ਰੂਪ ਵਿੱਚ ਸਮਝਣ ਤੇ ਸਮਝ ਪੈ ਜਾਂਦੀਂ ਹੈ ਸੰਸਾਰ ਭਾਵੇਂ ਇਸ ਵਿੱਚ ਤੁਹਾਨੂੰ ਚੰਗਾਂ ਲੱਗੇ ਜਾਂ ਮਾੜਾ ਪਰ ਹੈ ਸਭ ਰੱਬ ਦਾ ਰੂਪ ਅਤੇ ਸੱਚ ਦੀ ਮੂਰਤ। ਭੂਚਾਲਾਂ ਸੁਨਾਮੀਆਂ ਹਨੇਰੀਆਂ ਅੱਗ ਦੀਆਂ ਲਪਟਾਂ ਨਾਲ ਲੱਖਾਂ ਕਰੋੜਾਂ ਦੀ ਮੌਤ ਕਰਕੇ ਵੀ ਇਹ ਬ੍ਰਹਿਮੰਡ ਦਿਆਲੂ ਹੀ ਦਿਖਾਈ ਦਿੰਦਾਂ ਹੈ ਜਿਸ ਦੇ ਕਾਰਨ ਬਾਕੀ ਬਚਦਾ ਸੰਸਾਰ ਮੌਤ ਦੇ ਭੈਅ ਵਿੱਚ ਕੁਦਰਤ ਦਾ ਕੁੱਝ ਨਾਂ ਕੁੱਝ ਸਨਮਾਨ ਕਰਨ ਲਈ ਮਜਬੂਰ ਹੋ ਜਾਂਦਾਂ ਹੈ ।
ਪੈਸੇ ਦੇ ਰੂਪ ਵਾਲਾ ਰੱਬ ਭਾਵੇਂ ਮਨੁੱਖ਼ ਨੂੰ ਕਿੰਨੀਆਂ ਵੀ ਸੰਸਾਰੀ ਵਸਤਾਂ ਤੇ ਕਬਜਾ ਕਰਵਾ ਦੇਵੇ ਪਰ ਪਾਪ ਦੀ ਝੋਲੀ ਇਸ ਨਾਲ ਇਹੋ ਜਿਹੀ ਭਰਦੀ ਹੈ ਕਿ ਮਨੁੱਖ ਮੌਤ ਤੱਕ ਇਸਦੀਆਂ ਅੱਗ ਦੀਆਂ ਲਾਟਾਂ ਵਿੱਚ ਸੜਦਾ ਰਹਿੰਦਾਂ ਹੈ। ਪੈਸੇ ਦੀ ਪਹਿਲੀ ਪਰਾਪਤੀ ਮਨੁੱਖ ਵਿੱਚ ਹਾਊਮੈ ਹੰਕਾਰ ਦੇ ਜਮਦੂਤ ਦਾ ਟਿਕਾਣਾ ਕਰਵਾ ਦੇਣਾਂ ਹੀ ਹੁੰਦਾਂ ਹੈ । ਪਾਪ ਬਿਰਤੀਆਂ ਦਾ ਜਨਮ ਦਾਤਾ ਪੈਸਾ ਮਨੁੱਖ ਨੂੰ ਇਸ ਤਰਾਂ ਦੇ ਪੰਧ ਤੇ ਲੈ ਜਾਂਦਾਂ ਹੈ ਜਿਹੜਾ ਉਸਨੂੰ ਸਿਆਣੇ ਸਮਝਦਾਰ ਹੋਣ ਦਾ ਝੂਠਾ ਪਰਮਾਣ ਪੱਤਰ ਦੇ ਦਿੰਦਾਂ ਹੈ ਅਤੇ ਨਿਮਰਤਾ ਨਾਂ ਦਾ ਪੰਛੀ ਇਸ ਟਿਕਾਣੇ ਵਿੱਚੋਂ ਦਿਨੋ ਦਿਨ ਬਾਹਰ ਵੱਲ ਧੱਕਿਆਂ ਜਾਣ ਲੱਗਦਾ ਹੈ । ਇੱਕ ਦਿਨ ਨਿਮਰਤਾ ਨਾਂ ਦਾ ਪੰਛੀ ਇਸ ਆਹਲਣੇ ਵਿੱਚੋਂ ਬਾਹਰ ਡਿੱਗ ਕੇ ਮੌਤ ਦਾ ਸਿਕਾਰ ਹੋ ਜਾਂਦਾਂ ਹੈ ਅਤੇ ਨਿਮਰਤਾ ਦੇ ਖਤਮ ਹੋਣ ਨਾਲ ਦਇਆ ਨਾਂ ਦੇ ਬੂਟੇ ਤੇ ਬੈਠ ਕੇ ਗਾਉਣ ਵਾਲੇ ਪੰਛੀ ਦਾ ਟਿਕਾਣਾ ਵੀ ਖਤਮ ਹੋ ਜਾਂਦਾਂ ਹੈ। ਦਇਆਂ ਨਿਮਰਤਾ ਦੇ ਖਤਮ ਹੋ ਜਾਣ ਬਾਅਦ ਬੰਦਾਂ ਬੇਸਬਰਾ ਵੀ ਹੋ ਜਾਂਦਾਂ ਹੈ ਅਤੇ ਫਿਰ ਕਦੇ ਵੀ ਧਰਤੀ ਦਾ ਧੌਲ ਅਖਵਾ ਨਹੀਂ ਸਕਦਾ ਕਿਉਂਕਿ ਗੁਰਬਾਣੀ ਅਨੁਸਾਰ ਧੌਲ ,ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ । ਸੰਤੋਖ ਸਬਰ ਵਾਲੀਆਂ ਵਸਤਾਂ ਹੀ ਸੰਸਾਰ ਦੀਆਂ ਚਲਾਉਣ ਵਾਲੀਆਂ ਸਕਤੀਆਂ ਹਨ ਅਤੇ ਇਹ ਸਕਤੀਆਂ ਹੀ ਸਮੁੱਚੇ ਬ੍ਰਹਿਮੰਡ ਦਾ ਧੌਲ ਅਖਵਾਉਂਦੀਆਂ ਹਨ ਜੋ ਧਰਮ ਅਤੇ ਦਇਆਂ ਵਿੱਚੋਂ ਉਪਜਦੀਆਂ ਹਨ । ਪੈਸੇ ਵਾਲਿਆਂ ਕੋਲ ਜੇ ਨਿਮਰਤਾ ਨਹੀਂ ਹੈ ਤਦ ਉਹਨਾਂ ਕੋਲ ਧਰਮ ਅਤੇ ਦਇਆਂ ਹੋ ਹੀ ਨਹੀਂ ਸਕਦੇ । ਪੈਸੇ ਜਾਂ ਤਾਕਤ ਦਾ ਔਗੁਣ ਸਭ ਤੋਂ ਵੱਡਾ ਹੀ ਇਹ ਹੈ ਕਿ ਇਹ ਹਰ ਇੱਕ ਤੋਂ ਨਿਮਰਤਾ ਹੀ ਖੋਹ ਲੈਂਦਾਂ ਹੈ ਜਿਸ ਕਾਰਨ ਮਨੁੱਖ ਮਾਇਆਧਾਰੀ (ਕਰਾਮਾਤੀ) ਹੋਕੇ ਹੰਕਾਰ ਵਿੱਚ ਅੰਨਾਂ ਬੋਲਾ ਬਣ ਜਾਂਦਾ ਹੈ । ਅੰਨਾਂ ਬੋਲਾ ਕਦੇ ਵੀ ਸੰਸਾਰਕ ਪੂਰਨਤਾ ਪਾ ਹੀ ਨਹੀਂ ਸਕਦਾ ।
ਮਨੁੱਖ ਇੱਕ ਸਮਾਜਿਕ ਪਰਾਣੀ ਹੈ ਜਿਸ ਨੂੰ ਹਮੇਸਾਂ ਸਮਾਜ ਦੇ ਦੁੱਖ ਦਰਦ ਮਹਿਸੂਸ ਹੁੰਦੇ ਰਹਿਣੇ ਚਾਹੀਦੇ ਹਨ । ਸਮਾਜ ਦਾ ਮਤਲਬ ਹੀ ਇਹ ਹੈ ਕਿ ਦੂਸਰਿਆਂ ਦੇ ਦੁੱਖਾ ਦਰਦਾਂ ਨੂੰ ਵੀ ਸਾਝਾਂ ਹੀ ਸਮਝਣਾਂ । ਦੂਸਰਿਆਂ ਦਾ ਦੁੱਖ ਸੁੱਖ ਜੇ ਅਸੀਂ ਆਪਣਾਂ ਸਮਝਾਂਗੇ ਤਦ ਨਫਰਤ ਮਰ ਜਾਂਦੀ ਹੈ ਅਤੇ ਪਿਆਰ ਪੈਦਾ ਹੋ ਜਾਂਦਾ ਹੈ ਅਤੇ ਜਿੱਥੇ ਪਿਆਰ ਹੁੰਦਾਂ ਹੈ ਉੱਥੇ ਖੁਦਾ ਦਾ ਵਾਸ ਹੋ ਜਾਂਦਾ ਹੈ । ਜਿਨ ਪਰੇਮ ਕੀਉ ਤਿਨ ਹੀ ਪ੍ਰਭ ਪਾਇਉ । ਸੋ ਪੈਸੇ ਦੀ ਪਰਾਪਤੀ ਦੇ ਚੱਕਰ ਵਿੱਚ ਇਨਸਾਨ ਨੂੰ ਕਦੇ ਵੀ ਪਿਆਰ ,ਮੁਹੱਬਤ , ਨਿਮਰਤਾ ,ਦਇਆ ,ਧਰਮ ਅਤੇ ਸੇਵਾ ਵਰਗੀਆਂ ਕੀਮਤੀ ਖਜਾਨਿਆਂ ਨੂੰ ਨਹੀਂ ਸੁੱਟਣਾਂ ਚਾਹੀਦਾ । ਇਹ ਕੀਮਤੀ ਖਜਾਨੇ ਜਿਸ ਕੋਲ ਹੋਣ ਉਹ ਹੀ ਪੈਸੇ ਤੋਂ ਸਵਰਗ ਬਣਾ ਸਕਦਾ ਹੈ ਪਰ ਉਪਰੋਕਤ ਗੁਣਾਂ ਦੀ ਅਣਹੋਂਦ ਵਿੱਚ ਤਾਂ ਪੈਸਾ ਨਰਕ ਦਾ ਸਭ ਤੋਂ ਵੱਡਾ ਰੂਪ ਹੋ ਨਿਬੜਦਾ ਹੈ । ਮੌਤ ਦੇ ਸਹੀ ਵਕਤ ਆ ਜਾਣ ਤੇ ਪੈਸਾ ਕਦੀ ਵੀ ਮਦਦ ਨਹੀਂ ਕਰ ਸਕਦਾ । ਜਿੰਦਗੀ ਵਿੱਚ ਆਮ ਹੀ ਦੇਖਦੇ ਹਾਂ ਜਦ ਕਦੀ ਕੋਈ ਮਨੁੱਖ ਕਿਸੇ ਦੁਨਿਆਵੀ ਹਾਦਸੇ ਕਾਰਨ ਜਾਂ ਬਿਮਾਰੀ ਕਾਰਨ ਮੌਤਾ ਦੀ ਸੇਜ ਤੇ ਸੌਣ ਜਾ ਰਿਹਾ ਹੁੰਦਾਂ ਹੈ ਅਤੇ ਡਾਕਟਰ ਆਦਿ ਵੀ ਜਵਾਬ ਦੇਣ ਲੱਗਦੇ ਹਨ ਅਤੇ ਉਸ ਵਕਤ ਮਾਇਆ ਧਾਰੀ ਦੇ ਵਾਰਿਸ ਲੋਕ ਆਪਣੇ ਹੱਥਾਂ ਵਿੱਚ ਫੜੇ ਪੈਸੇ ਨੂੰ ਘੁੱਟਕੇ ਰਹਿ ਜਾਂਦੇ ਹਨ ਜਾਂ ਉਹਨਾਂ ਦੇ ਹੱਥੋ ਆਪਣੇ ਆਪ ਹੀ ਪੈਸਾ ਵੀ ਡਿੱਗ ਜਾਂਦਾ ਹੈ । ਇਹੋ ਜਿਹੀ ਹਾਲਤ ਵਿੱਚ ਕਈ ਵਾਰ ਤਾਂ ਉਹਨਾਂ ਦੇ ਹੱਥ ਕੁਦਰਤ ਦੇ ਵੱਲ ਦੁਆ ਕਰਨ ਲਈ ਬੰਨ ਲਏ ਜਾਂਦੇ ਹਨ । ਦੁਆ ਕਰਨ ਸਮੇਂ ਹੱਥ ਹਮੇਸਾਂ ਖਾਲੀ ਹੀ ਹੁੰਦੇ ਹਨ । ਇਹੋ ਵਕਤ ਹੁੰਦਾਂ ਹੈ ਜਦ ਪਤਾ ਲੱਗਦਾ ਹੈ ਕਿ ਪੈਸਾ ਕਦੇ ਖੁਦਾ ਨਹੀਂ ਬਣ ਸਕਦਾ । ਸੋ ਪੈਸੇ ਰੂਪੀ ਖੁਦਾ ਦੇ ਪਿੱਛੇ ਲੱਗਕੇ ਇਸਨੂੰ ਇਕੱਠਾ ਕਰਨ ਦੀ ਦੌੜ ਵਿੱਚ ਕਦੇ ਵੀ ਮਨੁਖ ਨੂੰ ਆਪਣਾਂ ਆਚਰਣ ਨੀਵਾਂ ਨਹੀਂ ਕਰਨਾਂ ਚਾਹੀਦਾ ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ

No comments:
Post a Comment