Friday, 6 January 2012

ਦਰਬਾਰ ਸਾਹਿਬ ਸਮੂਹ ਨੂੰ ਰਾਜਨੀਤੀ ਦਾ ਅਖਾੜਾ ਨਾਂ ਬਣਾਉ

           ਦਰਬਾਰ ਸਾਹਿਬ ਸਮੂਹ ਨੂੰ ਰਾਜਨੀਤੀ ਦਾ ਅਖਾੜਾ ਨਾਂ ਬਣਾਉ   ਗੁਰਚਰਨ ਪੱਖੋਕਲਾਂ
  ਪਿੱਛਲੇ ਕੁੱਝ ਸਮੇਂ ਤੋਂ ਰਾਜਨੀਤਕਾਂ ਦੁਆਰਾ ਆਪਣੇ ਨਾਪਾਕ ਇਰਾਦਿਆਂ ਲਈ  ਦਰਬਾਰ ਸਾਹਿਬ ਸਮੂਹ ਨੂੰ ਵਰਤਣ ਦੀਆਂ ਜੋ ਕੋਸਿਸਾਂ ਕੀਤੀਆਂ ਜਾ ਰਹੀਆਂ ਸਨ ਨੇ  ਹੁਣ ਰੰਗ ਦਿਖਾਉਣਾਂ ਸੁਰੂ ਕਰ ਦਿੱਤਾ ਹੈ ।ਰਾਜਨੀਤੀ ਨੇ ਜਿਸ ਤਰਾਂ ਗੁਰੂ ਦੀ ਨਗਰੀ ਅੰਮ੍ਰਤਿਸਰ ਨੂੰ ਅਪਵਿੱਤਰ ਕਰਨ ਦੀ ਚਾਲ ਖੇਡੀ ਹੈ ਅਤਿ ਅਫਸੋਸ ਨਾਕ ਹੈ। ਪਿਛਲੇ ਦਿਨੀਂ ਰਾਜਨੀਤਕ ਯਾਤਰਾ ਤੇ ਆਏ ਅਡਵਾਨੀ ਨੇ ਜਦ ਗੁਰੂ ਕੇ ਦਰਬਾਰ ਜਾਣਾਂ ਚਾਹਿਆ ਅਤੇ ਗਏ ਉਸ ਸਮੇਂ ਸਿਮਰਨਜੀਤ ਮਾਨ ਨੇ ਵਿਰੋਧ ਕਰਕੇ ਇੱਕ ਗਲਤ ਸੁਰੂਆਤ ਕੀਤੀ ਸੀ । ਨਵੇਂ ਸਾਲ ਤੇ ਪਰਧਾਨ ਮੰਤਰੀ ਦੀ ਯਾਤਰਾ ਸਮੇਂ ਦੂਜੀ ਧਿਰ ਨੇ ਇਸ ਦਾ ਠੋਕਵਾਂ ਜਵਾਬ ਦੇਕੇ ਇੱਕ ਹੋਰ ਗਲਤੀ ਕਰ ਦਿੱਤੀ। ਕੀ ਇਹ ਵਰਤਾਰਾ ਹੁਣ ਨਿੱਤ ਦਿਨ ਦਾ ਅਖਾੜਾ ਤਾਂ ਨਹੀਂ ਬਣ ਜਾਵੇਗਾ? ਭਾਵੇਂ ਇਸ ਦੀ ਸੁਰੂਆਤ ਪਿਛਲੇ ਸਮਿਆਂ ਵਿੱਚ ਬਹੁਤ ਸਾਰੇ ਨੇਤਾਵਾਂ ਨੇ ਅਕਾਲ ਤਖਤ ਤੇ ਪੇਸੀਆਂ ਦੌਰਾਨ ਆਪਣੇ ਨਾਲ ਵੱਡੇ ਇਕੱਠ ਲਿਜਾਕੇ ਇਸ ਦੀ ਸੁਰੂਆਤ ਕੀਤੀ ਸੀ ।  ਮੁਜਾਹਰੇ ਕਰਨ ਦੀ  ਇਸ ਗਲਤ ਸੁਰੂਆਤ ਦੀ ਉਹ ਨੀਂਹ ਸੀ। ਇਸ ਰਵਾਇਤ ਨੂੰ ਹਰ ਹਾਲਤ ਵਿੱਚ ਰੋਕਿਆ ਜਾਣਾਂ ਚਾਹੀਦਾ ਹੈ। ਅਕਾਲ ਤਖਤ ਦੇ ਜਥੇਦਾਰ ਨੂੰ ਘੱਟੋ ਘੱਟ ਸਿੱਖਾਂ ਨੂੰ ਹੁਕਮਨਾਮਾ ਜਾਰੀ ਕਰਨਾਂ ਚਾਹੀਦਾ ਹੈ ਕਿ ਇਹ ਪਾਕਿ ਪਵਿੱਤਰ ਜਗਾ ਆਤਮਿਕ ਸਾਂਤੀ ਲਈ ਹੈ ਨਾਂ ਕਿ ਰਾਜਨੀਤਕ ਮੁਜਾਹਰਿਆਂ ਦੀ ਕੋਈ ਥਾਂ। ਇੱਥੇ  ਹਰ ਕੋਈ ਆ ਸਕਦਾ ਹੈ। ਇਸਦੇ ਚਾਰ ਦਰਵਾਜੇ ਦੁਸਮਣਾਂ ਲਈ ਵੀ ਖੁੱਲੇ ਹਨ। ਇੱਥੇ ਹਰ ਇੱਕ ਨੂੰ ਆਉਣ ਦੀ ਖੁੱਲ ਹੈ ਪਰ ਦਰਬਾਰ ਸਾਹਿਬ ਦੀ ਸਾਂਤੀ ਭੰਗ ਕਰਨ ਵਾਲਿਆਂ ਦਾ ਹਸਰ ਕਦੀ ਵੀ ਚੰਗਾਂ ਨਹੀਂ ਰਿਹਾ । ਕੋਈ ਵੀ ਵਿਅਕਤੀ ਕਿਸੇ ਵੀ ਭਾਵਨਾ ਨਾਲ ਆਵੇ ਇਹ ਉਸਦੀ ਮਰਜੀ ਤੇ ਨਿਰਭਰ ਹੈ ਕਿ ਉਹ ਕੀ ਭਾਵਨਾਵਾਂ ਲੈ ਕੇ ਆਉਂਦਾਂ ਹੈ ਪਰ ਜਦ ਕਿਸੇ ਵੀ ਮਨੁੱਖ ਦੀਆਂ ਭਾਵਨਾਵਾਂ ਦਾ ਨਤੀਜਾ ਆਵੇਗਾ ਪਤਾ ਤਦ ਹੀ ਲੱਗੇਗਾ।
                   ਜਿਸ ਤਰਾਂ ਦਰਬਾਰ ਸਾਹਿਬ ਦੀ ਹੱਦ ਅੰਦਰ ਰਾਜਨੀਤਕਾਂ ਨੇ ਤਨਖਾਹਦਾਰ ਮੁਲਾਜਮਾਂ ਨੂੰ ਧਾਰਮਿੱਕ ਆਗੂ ਬਣਾਕਿ ਬਿਠਾਉਣਾਂ ਸੁਰੂ ਕੀਤਾ ਹੈ ਉਸਦੇ ਨਤੀਜੇ ਨਿੱਕਲਣੇ ਸੁਰੂ ਹੋ ਗਏ ਹਨ।ਪਿਛਲੇ ਸਮੇਂ ਤੋਂ  ਅਕਾਲੀ ਦਲ ਦੇ ਰਾਜਨੀਤਕ ਵਿਰੋਧੀਆਂ ਨੂੰ ਆਪਣੇ ਬਣਾਏ ਧਾਰਮਿਕ ਆਗੂਆਂ ਤੋਂ ਸਜਾ ਦਿਵਾਉਣ ਦਾ ਸਿਲਸਿਲਾ ਸੁਰੂ ਕੀਤਾ ਗਿਆ  ਜਿਸ ਕਾਰਨ ਨਵੇਂ ਮਸਲੇ ਪੈਦਾ ਹੋ ਰਹੇ ਹਨ। ਇਹਨਾਂ ਧਾਰਮਿੱਕ ਆਗੂਆਂ ਉੱਪਰ ਭ੍ਰਿਸਟਾਚਾਰ  ਕਰਨ ਤੱਕ ਦੇ ਵੀ ਦੋਸ਼ ਲੱਗੇ ਹਨ। ਜੇ ਇਸ ਤਰਾਂ ਹੀ ਚੱਲਦਾ ਰਿਹਾ ਤਾਂ ਇਸ ਦੇ ਕਾਰਨ  ਇਸ ਮਹਾਨ ਸਥਾਨ ਦੀ ਮਹਾਨਤਾ ਨੂੰ ਖੋਰਾ ਜਰੂਰ ਲੱਗੇਗਾ ਅਤੇ ਲੱਗ ਵੀ ਰਿਹਾ ਹੈ।ਅਕਾਲ ਤਖਤ ਦੇ ਪਿਛਲੇ ਸਮੇਂ ਦੇ ਜਥੇਦਾਰ ਪੂਰਨ ਸਿੰਘ ਅਤੇ ਜੋਗਿੰਦਰ ਸਿੰਘ ਵੇਦਾਤੀਂ ਨੇ ਬਹੁਤ ਸਾਰੇ ਹੁਕਮ ਨਾਮੇ ਇਹੋ ਜਿਹੇ ਜਾਰੀ ਕੀਤੇ ਜੋ ਕੌਮੀ ਭਾਵਨਾਵਾਂ ਦੇ ਉਲਟ ਨਿੱਜੀ ਰੰਜਿਸ਼ਾਂ ਦੀ ਪੂਰਤੀ ਮਾਤਰ ਸਨ। ਅਕਾਲ ਤਖਤ ਦੀਆਂ ਪਰੰਪਰਾਵਾਂ ਇਸ ਤਰਾਂ ਦੇ ਫੈਸਲਿਆਂ ਨੂੰ ਮਾਨਤਾ ਹੀ ਨਹੀਂ ਦਿੰਦੀਆਂ। ਆਪਣੀ ਗੱਦੀ ਖੁਸਦੀ ਦੇਖਕੇ ਸਾਰੇ ਵਿਰੋਧੀਆਂ ਨੂੰ ਜਦ ਪੂਰਨ ਸਿੰਘ ਨੇ ਕੱਢਣਾਂ ਸੁਰੂ ਕੀਤਾ ਤਦ ਇਹ ਲਾਈਨ ਬਾਂਦਰ ਦੀ ਪੂਛ ਵਾਂਗ ਵੱਧਣ ਲੱਗੀ। ਇਸ ਦੀ ਲਪੇਟ ਵਿੱਚ ਸਰੋਮਣੀ ਕਮੇਟੀ ਦੀ ਪਰਧਾਨ ਵੀ ਆ ਗਈ ਤਦ ਹੀ ਇਸ ਜਥੇਦਾਰ ਦਾ ਬੋਰੀਆਂ ਬਿਸਤਰਾ ਗੋਲ ਕਰ ਦਿੱਤਾ ਗਿਆ। ਫਿਰ ਆਏ ਵੇਦਾਂਤੀ ਸਾਹਿਬ ਨੇ ਵੀ ਕਿੰਨੇ ਹੀ ਅਜਿਹੇ ਫੈਸਲੇ ਕੀਤੇ ਜੋ ਵਿਵਾਦ ਗਰਸਤ ਰਹੇ। ਸਰਕਾਰੀ  ਅਦਾਲਤ ਵੱਲੋਂ ਦੋਸੀ ਗਰਦਾਨਿਆ ਬਲਾਤਕਾਰੀ ਮਨੁੱਖ ਨੂੰ ਵੇਦਾਂਤੀ ਦੀ ਅਦਾਲਤ ਨੇ ਬਰੀ ਕਰ ਦਿੱਤਾ ਸੀ। ਬਾਦਲ ਅਕਾਲੀ ਦਲ ਦੇ ਵਿਰੋਧੀ ਸੰਪਾਦਕ ਨੂੰ ਵੀ ਬਿਨਾਂ ਕਿਸੇ ਧਾਰਮਿੱਕ ਕਾਰਨ ਦੇ ਸਿੱਖੀ ਘੇਰੇ ਤੋਂ ਬਾਹਰ ਕਰਨ ਦਾ ਫੈਸਲਾ ਵੀ ਇੱਕ ਗਲਤ ਫੈਸਲਾ ਸੀ ਜੋ ਅੱਜ ਤੱਕ ਲਾਗੂ ਹੈ ਪਰ ਇਸ ਹੁਕਮਨਾਮੇ ਦੀਆਂ ਧੱਜੀਆਂ ਵੀ ਅੱਜ ਤੱਕ ਉੱਡ ਰਹੀਆਂ ਹਨ ਕਿਉਂਕਿ ਅਕਾਲੀ ਦਲ ਦੇ ਮੁੱਖੀ ਤੋਂ ਲੈਕੇ ਸਰੋਮਣੀ ਕਮੇਟੀ ਦੇ ਮੈਂਬਰ ਉਸ ਸੰਪਾਦਕ ਨਾਲ ਰੋਟੀ ਦੀ ਸਾਂਝ ਪਾਲ ਰਹੇ ਹਨ। ਅਕਾਲ ਤਖਤ ਦੇ ਜਥੇਦਾਰ ਉਹਨਾਂ ਪਰਧਾਨਾਂ ਅਤੇ ਸਿਆਸਤਦਾਨਾਂ ਦੀ ਹਵਾ ਵੱਲ ਵੀ ਝਾਕ ਨਹੀਂ ਸਕਦੇ।ਇਸ ਤਰਾਂ ਦੀਆਂ ਹਾਸੋਹੀਣੀਆਂ ਸਥਿਤੀਆਂ ਪੈਦਾ ਕਰਨ ਵਾਲੇ ਜਥੇਦਾਰ ਹੀ ਅੱਜ ਕਲ ਦਰਬਾਰ ਸਾਹਿਬ ਨੂੰ ਸਿਆਸੀ ਮੁਜਾਹਰੇ ਕਰਨ ਦੀ ਥਾਂ ਬਣਾਉਣ ਲਈ ਜੁੰਮੇਵਾਰ ਹਨ।ਇਹਨਾਂ ਮਹਾਨ ਅਸਥਾਨਾਂ ਉੱਪਰ ਸੇਵਾ ਨਿਭਾਉਣ ਵਾਲੇ ਸਤਿਕਾਰਯੋਗ ਸੇਵਾਦਾਰਾਂ ਨੂੰ ਆਪਣਾਂ ਵਿਵਹਾਰ ਵੀ  ਉੱਚ ਦਰਜੇ ਦਾ ਨਿਰਪੱਖ ਅਤੇ ਗੁਰੂ ਸਿਧਾਤਾਂ ਅਨੁਸਾਰ ਰੱਖਣਾਂ ਚਾਹੀਦਾ ਹੈ।
                   ਅਕਾਲੀਦਲ ਵੱਲੋਂ ਜਿੰਨਾਂ ਚਿਰ ਆਪਣੇ ਦਖਲ ਨੂੰ ਗੁਰਦੁਆਰਾ ਪਰਬੰਧ ਤੋਂ ਦੂਰ ਨਹੀਂੰ ਕੀਤਾ ਜਾਵੇਗਾ ਤਦ ਤੱਕ ਇਹ ਆਸ ਕੀਤੀ ਹੀ ਨਹੀਂ ਜਾ ਸਕਦੀ ਕਿ ਗੁਰਦੁਆਰਿਆਂ ਅੰਦਰ ਇਹੋ ਜਿਹਾ ਕੁੱਝ ਨਹੀਂ ਵਾਪਰੇਗਾ। ਜੇ ਅਕਾਲੀ ਦਲ ਆਪਣੇ ਆਪ ਨੂੰ ਦੋਨਾਂ ਬੇੜੀਆਂ ਦਾ ਸਾਹ ਸਵਾਰ ਹੋਣ ਦਾ ਭੁਲੇਖਾ  ਰੱਖਦਾ ਹੈ ਤਦ ਇਹ ਵੀ ਨਿਸਚਿਤ ਸਮੇਂ ਵਿੱਚ ਹੀ ਦੂਰ ਹੋ ਜਾਵੇਗਾ ਕਿਉਂਕਿ  ਆਮ ਲੋਕ ਸਮਝਦੇ ਸਭ ਕੁੱਝ ਹਨ ਪਰ ਆਪਣਾਂ ਫੈਸਲਾ ਸਹੀ ਸਮੇਂ ਤੇ ਹੀ ਦਿੰਦੇ ਹਨ। ਜਿਸ ਤਰਾਂ ਅੱਜ ਲੋਕਾਂ ਨੂੰ ਚੰਗੀ ਤਰਾਂ ਪਤਾ ਲੱਗ ਚੁੱਕਾ ਹੈ ਕਿ ਅਕਾਲੀ ਦਲ ਗੁਰੂ ਕੀ ਸਿੱਖ ਸੋਚ ਅਤੇ ਗੁਰੂ ਕੀ ਬਾਣੀ ਅਤੇ ਬਾਣੇ ਨੂੰ ਖਤਮ ਕਰਵਾਉਣ ਦਾ ਸਭ ਤੋਂ ਵੱਧ ਜੁੰਮੇਵਾਰ ਹੈ।ਅਕਾਲੀ ਦਲ  ਜਿਸ ਤਰਾਂ ਸਿਆਸਤ  ਅਤੇ ਰਾਜਸੱਤਾ ਦੇ ਜੋਰ ਆਪਣੇ ਪੱਖੀ ਲੋਕਾਂ ਦੀਆਂ ਵੋਟਾਂ ਬਣਾਕਿ ਗੁਰਦੁਆਰਾ ਪਰਬੰਧ ਤੇ ਕਾਬਜ ਹੁੰਦਾਂ ਹੈ ਇਹ ਸਿਰਫ ਦਿੱਲੀ ਦੀ ਰਾਜਸੱਤਾ ਦੁਆਰਾ ਵਰਤੀ ਜਾ ਰਹੀ ਗੁਪਤ ਚਾਲ ਦਾ ਨਤੀਜਾ ਹੈ ਪਰ ਜਿਸ ਦਿਨ ਦਿੱਲੀ ਨੇ ਇਹ ਚਾਲ ਬੰਦ ਕਰ ਦਿੱਤੀ ਤਦ ਕਿਸੇ ਹੋਰ ਦੀ ਸਰਕਾਰ ਸਮੇਂ ਇਹੋ ਤਰੀਕਾ ਵਰਤਕੇ ਦਿੱਲੀ ਸਰਕਾਰ ਦੇ ਪੱਖੀ ਕੋਈ ਧੜਾ ਜਿਤਾਕੇ ਇਹ ਨਤੀਜਾ ਉਲਟਾ ਦਿੱਤਾ ਜਾਵੇਗਾ । ਰਾਜਨੀਤਕ ਲੋਕ ਕਦੇ ਵੀ ਧਾਰਮਿੱਕ ਸਥਾਂਨਾਂ ਦੀ ਦੁਰਵਰਤੋ ਬੰਦ ਨਹੀਂ ਕਰਨਗੇ। ਕਿਸੇ ਨਾਂ ਕਿਸੇ ਸੱਚੇ ਸਿੱਖ ਨੂੰ ਇਸ ਇਨਕਲਾਬ ਦਾ ਬੀੜਾ ਚੁੱਕਣਾਂ ਹੀ ਪਵੇਗਾ ਜੋ ਸਿੱਖਾਂ ਦੇ ਧਾਰਮਿਕ ਸਥਾਨਾਂ ਨੂੰ ਲੋਕਾਂ ਦੇ ਸਹਿਯੋਗ ਨਾਲ ਜਮਹੂਰੀ ਤਰੀਕੇ ਰਾਂਹੀ ਗੁਰਦੁਆਰਾ ਪਰਬੰਧ ਨੂੰ ਰਾਜਨੀਤਕਾਂ ਤੋਂ ਅਜਾਦ ਕਰਾਵੇ । ਸੋ ਤਦ ਤੱਕ ਗੁਰੂ ਘਰਾਂ ਦੀ ਜਾਂ ਧਾਰਮਿਕ ਸਥਾਨਾਂ ਦੀ ਇਹੋ ਜਿਹੇ ਰਾਜਨੀਤਕ ਸਹਿ ਪਰਾਪਤ ਅਨਸਰਾਂ ਦੁਆਰਾ ਧਾਰਮਿਕ ਸਥਾਨਾਂ ਦੀ  ਸਾਂਤੀਂ ਭੰਗ ਹੁੰਦੀ ਹੀ ਰਹੇਗੀ ।                 +919417727245

No comments: