Wednesday, 16 November 2011

ਜਿੰਦਗੀ ਜਿਉਣ ਵਾਲੇ ਗੁਣ ਅਤੇ ਅਸੂਲ

     
ਜਿੰਦਗੀ ਕੌਣ ਜਿਉਦੇ ਹਨ ਮੌਤ ਕੌਣ ਪੱਲੇ ਬੰਨਦੇ ਹਨ ਇਹ ਕਿਸਦੇ ਨਾਲ ਤੁਰਦੀ ਹੈ ਆਦਿ ਸਵਾਲਾਂ ਦੇ ਜਵਾਬ ਲੋਕ ਕਹਾਵਤਾਂ ਅਤੇ ਧਾਰਮਿਕ ਗਰੰਥਾਂ ਅਨੁਸਾਰ ਕੁੱਝ ਇਸ ਤਰਾਂ ਹਨ।
              ਪਹਿਲਾਂ ਮਰਣੁ ਕਬੂਲ ਕਰ ਜੀਵਨ ਕੀ ਛੱਡ ਆਸ।                      ਹੋਹੁ ਸਭਨਾਂ ਕੀ ਰੇਣੁਕਾ ਤਬ ਆਉ ਹਮਾਰੈ ਪਾਸ।
 ਐ ਮਨੁੱਖ ਜੇ ਤੂੰ ਜਿੰਦਗੀ ਜਿਉਣਾਂ ਲੋਚਦਾ ਹੈ ਪਹਿਲਾਂ ਮੌਤ ਨੂੰ ਕਬੂਲ ਕਰ ਲੈ ਦੂਜੇ ਨੰਬਰ ਤੇ ਆਪਣੇ ਆਪ ਨੂੰ ਸਭ ਦੀ ਧੂੜ ਸਮਝ ਲੈ ਭਾਵ ਦੂਸਰਿਆਂ ਨੂੰ ਉੱਚੇ ਸਿਆਣੇ ਗਿਆਨਵਾਨ ਤੇ ਆਪਣੇ ਆਪ ਨੂੰ  ਅਗਿਆਨੀ ਨੀਵਾਂ ਕਮਜੋਰ ਸਮਝ । ਜਦ ਤੇਰੇ ਕੋਲ ਇਸ ਤਰਾਂ ਦੀ ਨਿਮਰਤਾ ਆ ਜਾਵੇਗੀ ਫਿਰ ਹੀ ਤੂੰ ਕਿਸੇ ਕੋਲ ਜਾਣ ਦੇ ਯੋਗ ਹੈ । ਭਾਵ ਗੁਰੂ ਕੋਲ ,ਕੁਦਰਤ ਕੋਲ,ਜਿੰਦਗੀ ਕੋਲ ਨਿਮਰਤਾ ਅਤੇ ਮੌਤ ਨੂੰ ਪਰਵਾਨ ਕਰ ਕੇ ਪਹੁੰਚਿਆ ਜਾਵੇਗਾ।

 ਜੇ ਤਉ ਪਰੇਮ ਖੇਲਣ ਕਾ ਚਾਉ ।          ਸਿਰ ਧਰ ਤਲੀ ਗਲੀ ਮੋਰੋ ਆਉ।             ਇਤ ਮਾਰਗ ਪੈਰ ਧਰੀ ਜੈ ।         ਸਿਰ ਦੀਜੈ ਕਾਣ ਨਾਂ ਕੀਜੈ।
ਐ ਮਨੁੱਖ ਜੇ ਤੈਨੂੰ ਕਿਸੇ ਦਿਸਦੀ ਅਣਦਿਸਦੀ ਚੀਜ ਨਾਲ ਪਿਆਰ ਹੋ ਗਿਆ ਹੈ ਤਦ ਉਸਨੂੰ ਮਿਲਣ ਲਈ ਸਿਰ ਨੂੰ ਤਲੀ ਉਪਰ ਧਰ ਲੈ । ਜੇ ਪਰੇਮ ਕਰਨ ਦੇ ਰਾਹ ਪੈ ਹੀ ਗਿਆ ਹੈ ਤਦ ਸਿਰ ਦੇਣ ਦੀ ਸੋਚਣ ਤੋਂ ਬਾਦ ਮਨ ਵਿੱਚ ਕਿਸੇ ਤਰਾਂ ਦੀ ਕਮਜੋਰੀ ,ਸੰਕਾਂ ਜਾਂ ਉਲਟ ਵਿਚਾਰ ਨਾਂ ਲਿਆਈਂ।ਸੋ ਜੇ ਜਿੰਦਗੀ ਜਾਂ ਰਾਜਸੱਤਾ ਜਾਂ ਕਿਸੇ ਹੋਰ ਸੰਸਾਰਕ ਜਾਂ ਰੱਬੀ ਸੋਚ ਨਾਲ ਭਾਵ ਕਿਸੇ ਚੀਜ ਨਾਲ ਪਿਆਰ ਹੋ ਜਾਵੇ ਤਦ ਉਸਨੂੰ ਪਰਾਪਤ ਕਰਨ ਲਈ ਸਿਰ ਦੀ ਬਾਜੀ ਹੀ ਲਾਉਣੀ ਪੈਂਦੀ ਹੈ।

 ਜਿਉਣਾਂ ਹੈ ਤਾਂ ਮਰਨਾਂ ਸਿੱਖੋ ।          ਕਦਮ ਕਦਮ ਤੇ ਲੜਨਾਂ ਸਿੱਖੋ॥
 ਦੋਸਤੋ ਇਹ ਜੁਝਾਰੂ ਨਾਅਰਾ ਵੀ ਦੱਸਦਾ ਹੈ ਕਿ ਜੇ ਤੁਸੀ ਜਿੰਦਗੀ ਜਿਉਣ ਦਾ ਸੌਕ ਪਾਲ ਲਿਆ ਹੈ ਤਦ ਮਰਨਾਂ ਪਹਿਲਾਂ ਸਿੱਖ ਲੈਣਾਂ ਚਾਹੀਦਾ ਹੈ । ਜੋ ਮਰਨ ਨੂੰ ਹੀ ਅੰਤਮ ਪਰਾਪਤੀ ਅਤੇ ਸਫਲਤਾ ਮੰਨ ਲੈਂਦਾਂ ਹੈ ਉਹ ਹੀ ਜਿੰਦਗੀ ਪਰਾਪਤ ਕਰ ਸਕਦਾ ਹੈ ਕਿਉਂਕਿ ਮਰ ਜਾਣ  ਨੂੰ ਤਿਆਰ ਵਿਅਕਤੀ ਹੀ ਜਿੰਦਗੀ ਦੇ ਹਰ ਕਦਮ ਤੇ ਲੜਨ ਭਾਵ ਜੂਝਣ ਦੀ ਹਿੰਮਤ ਦਿਖਾ ਸਕਦਾ ਹੈ। ਜੋ ਵਿਅਕਤੀ ਇਸ ਸੰਸਾਰ ਵਿੱਚ ਜੂਝਣ ਦੀ ਤਾਕਤ ਨਹੀਂ ਰੱਖਦਾ ਉਸਨੂੰ ਤਾਂ ਇਹ ਸੰਸਾਰ ਖੁੱਡਾਂ ਵਿੱਚ ਵੀ ਰਹਿਣ ਨਹੀਂ ਦਿੰਦਾਂ। ਮੁਕਾਬਲਾ ਕਰਨ ਵਾਲਿਆਂ ਦੇ ਰਾਹ ਵੀ ਛੱਡ ਦਿੰਦਾਂ ਹੈ ਇਹ ਸੰਸਾਰ। ਸੋ ਇਸ ਲਈ ਹੀ ਤਾਂ ਕਿਹਾ ਜਾਂਦਾਂ ਹੈ ਇਹ ਦੁਨੀਆਂ ਨਹੀਂ ਕਮਜੋਰਾਂ ਦੀ।
    ਇਸ ਸੰਸਾਰ ਵਿੱਚ ਦੋ ਤਰਾਂ ਦੀ ਜਿੰਦਗੀ ਜਿਉਣ ਵਾਲੇ ਲੋਕ ਹੁੰਦੇ ਹਨ ਪਹਿਲੇ ਫੈਰ ਪੈਰ ਤੇ ਝੂਠ ਬੋਲਣ ਵਾਲੇ ਦੂਸਰੇ ਸੱਚ ਬੋਲਣ ਵਾਲੇ। ਸੱਚ ਬੋਲਣ ਵਾਲੇ ਹਮੇਸਾਂ ਬਹੁਤ ਘੱਟ ਹੁੰਦੇ ਹਨ। ਆਮ ਸੰਸਾਰਕ ਵਿਅਕਤੀ ਸਾਰਾ ਦਿਨ ਜਾਂ ਸਾਰੀ ਜਿੰਦਗੀ ਝੂਠ ਦੇ ਸਹਾਰੇ ਹੀ ਜਿੰਦਗੀ ਜਿਉਦਾਂ ਹੈ। ਇਸ ਝੂਠ ਬੋਲਕੇ ਗੁਜਾਰਾ ਕਰਨ ਵਾਲਿਆਂ ਨੂੰ ਹੀ ਦੁਨੀਆਂ ਕਿਹਾ ਜਾਂਦਾਂ ਹੈ।    ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ।             ਕੂੜ ਮਹਿਲ ਕੂੜ ਮਾੜੀ ਕੂੜ ਬਹਿਸਣਹਾਰ। ਕੂੜ ਰੂਪਾ ਕੂੜ ਸੋਨਾਂ ਕੂੜ ਪਹਿਨਣਹਾਰ। ਗੁਰੂ ਕਾ ਇਹ ਸਬਦ ਵੀ ਦੱਸਦਾ ਹੈ ਕਿ ਝੂਠ ਅਤੇ ਸਿਆਸਤ ਦੇ ਅਧੀਂ ਜਿਉਣ ਵਾਲੇ ਕੂੜ ਦਾ ਹੀ ਰੂਪ ਹੁੰਦੇ ਹਨ।
ਦੂਸਰੇ ਪਾਸੇ ਸੱਚ ਦੀ ਜਿੰਦਗੀ ਜਿਉਣ ਵਾਲਿਆਂ ਦੀ ਜਿੰਦਗੀ ਦੇਖਕੇ ਗੁਰੂਆਂ ਕਿਹਾ ਸੀ           ਇਹ ਜੱਗ ਸੱਚੇ ਕੀ ਕੋਠੜੀ। ਸੱਚੇ ਕਾ ਵਿੱਚ ਵਾਸ॥      ਇਸ ਸੰਸਾਰ ਵਿੱਚ ਬਹੁਤ ਘੱਟ ਲੋਕ ਸੱਚ ਬੋਲ ਕੇ ਜਿੰਦਗੀ ਜਿਉਂਦੇ ਹਨ। ਅਸਲ ਜਿੰਦਗੀ ਸੱਚ ਬੋਲਣ ਵਾਲਿਆਂ ਕੋਲ ਹੁੰਦੀ ਹੈ। ਸੰਸਾਰ ਲੋਕਾਂ ਕੋਲ ਦੁਨੀਆਂ ਦੀ ਹਰ ਵਸਤ ਹੋ ਸਕਦੀ ਹੈ ਪਰ ਸੱਚ ਨਹੀ ਜਿਵੇਂ ਔਰੰਗਜੇਬ, ਸਕੰਦਰ ,ਚੰਗੇਜ ਖਾਨ, ਹਿਟਲਰ , ਅੱਜ ਦੇ ਰਾਜਨੇਤਾ , ਵਪਾਰੀ , ਕਾਰਖਾਨੇਦਾਰ, ਸਰਕਾਰੀ ਮੁਲਾਜਮ ਆਦਿ । ਪਰ ਸੱਚੀ ਕਿਰਤ ਕਰਨ ਵਾਲੇ ਹਮੇਸਾਂ ਗਰੀਬ ਹੀ ਹੁੰਦੇ ਹਨ। ਸੱਚ ਦੀ ਸੂਲੀ ਤੇ ਜਿੰਦਗੀ ਜਿਉਣ ਵਾਲੇ ਦੁਨਿਆਵੀ ਚੀਜਾਂ ਨੂੰ ਹਾਸਲ ਕਰਨ ਦੀ ਬਹੁਤੀ ਇੱਛਾ ਵੀ ਨਹੀਂ ਰੱਖਦੇ ਹੁੰਦੇ। ਗੁਰੂ ਤੇਗ ਬਹਾਦਰ ਨੇ ਚਾਦਨੀਂ ਚੌਕ ਵਿੱਚ ਵੀ ਸੱਚ ਤੋਂ ਮੂੰਹ ਨਹੀ ਫੇਰਿਆ। ਗੁਰੂ ਅਰਜਨ ਦੇਵ ਨੇ ਤੱਤੀ ਤਵੀ ਤੇ ਵੀ ਸੱਚ ਨੂੰ ਹੰਢਾਇਆਂ। ਸੁਕਰਾਤ ਨੇ ਜਹਿਰ ਦਾ ਪਿਆਲਾ ਪੀਤਾ ਅਤੇ ਮਰਨ ਤੱਕ ਸੱਚ ਬੋਲਦਾ ਰਿਹਾ। ਅਣਗਿਣਤ ਸਹੀਦ ਸੱਚ ਦੀ ਸੂਲੀ ਤੇ ਕੁਰਬਾਨ ਹੋ ਜਾਂਦੇ ਹਨ  ਅੱਜ ਸੰਸਾਰ ਵਿੱਚ ਸੱਚ ਦੀ ਜਿੰਦਗੀ ਜਿਉਣ ਵਾਲਿਆਂ ਦੇ ਹੀ ਦੀਵੇ ਜਗਦੇ ਹਨ ।
                                              ਗੁਰਚਰਨ ਪੱਖੋਕਲਾਂ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ        
         

No comments: