ਲੋਕਤੰਤਰ ਦੀ ਪਰੀਭਾਸਾ ਲੋਕਾਂ ਦੁਆਰਾ ਲੋਕਾਂ ਲਈ ਲੋਕਾਂ ਵਿੱਚੋਂ ਲੋਕਸੇਵਕ ਪੈਦਾ ਕਰਨਾਂ ਹੁੰਦਾਂ ਹੈ। ਵਰਤਮਾਨ ਵਿੱਚ ਇਸ ਲੋਕਸੇਵਕ ਪੈਦਾ ਕਰਨ ਵਾਲੇ ਸਿਸਟਮ ਵਿੱਚ ਏਨੇ ਬਦਲਾ ਆ ਚੁਕੇ ਹਨ ਕਿ ਇਸ ਸਿਸਟਮ ਤੇ ਸੱਕ ਹੋਣ ਲੱਗ ਪਿਆ ਹੈ। ਲੋਕਸੇਵਕ ਕਿਸ ਤਰਾਂ ਲੋਕ ਲੁਟੇਰੇ ਬਣ ਜਾਂਦੇ ਹਨ ਅਤੇ ਉਹਨਾਂ ਨੂੰ ਬਣਾਉਣ ਵਾਲਿਆਂ ਨੂੰ ਹੀ ਗੁਲਾਮ ਸਮਝਣ ਲੱਗ ਪੈਂਦੇ ਹਨ ਇੱਕ ਵਿਲੱਖਣ ਵਰਤਾਰਾ ਹੋ ਨਿਬੜਦਾ ਹੈ। ਕਿਸੇ ਸਮੇਂ ਸਮੁਚਾ ਵਿਸਵ ਵਿੱਚ ਜਿੱਥੇ ਵੀ ਮਨੁੱਖੀ ਵਸੋਂ ਨੇ ਨਿਵਾਸ ਕੀਤਾ ਆਪਣੇ ਆਪ ਨੂੰ ਆਪਣੇ ਸਰੀਰਕ ਤੌਰ ਤੇ ਤਾਕਤਵਰ ਲੋਕਾਂ ਦੀ ਸਰਣ ਵਿੱਚ ਰਹਿੰਦਿਆਂ ਜਿੰਦਗੀ ਦਾ ਸਫਰ ਤੈ ਕਰਦੇ ਸਨ। ਇਸ ਵਰਤਾਰੇ ਵਿੱਚੋਂ ਰਾਜਸੱਤਾ ਦਾ ਬੀਜ ਪਣਪਿਆਂ ਜਿਸ ਨੇ ਵਰਤਮਾਨ ਦੇ ਵਿੱਚ ਲੋਕਤੰਤਰ ਦਾ ਰੂਪ ਬਣਾਇਆ ਹੈ। ਤਾਕਤਵਰ ਆਗੂਆਂ ਨੇ ਲੋਕਾਂ ਦੇ ਸਮੂਹ ਦੀ ਅਗਵਾਈ ਕਰਦਿਆਂ ਚੱਕਰਵਰਤੀ ਰਾਜਿਆਂ ਦੇ ਤੌਰ ਤੇ ਦੁਨੀਆਂ ਤੇ ਆਪਣੀ ਸੱਤਾ ਜਮਾਈ ਜੋ ਸਮੇਂ ਦੇ ਨਾਲ ਸੰਗਠਿਤ ਫੌਜਾਂ ਦੇ ਸਿਰ ਤੇ ਖਾਨਦਾਨੀ ਰਾਜਸੱਤਾ ਦੇ ਵਿੱਚ ਤਬਦੀਲ ਹੁੰਦੀ ਗਈ। ਖਾਨਦਾਨੀ ਰਾਜਸੱਤਾ ਦੇ ਪੈਦਾ ਹੋਣ ਨਾਲ ਅਯੋਗ ਵਾਰਿਸ ਵੀ ਰਾਜਗੱਦੀਆਂ ਤੇ ਬੈਠਣ ਕਲੱਗ ਪਏ ਜਿੰਹਨਾਂ ਇਤਿਹਾਸ ਵਿੱਚ ਦੁਨੀਆਂ ਦੀ ਸੰਭਾਲ ਕਰਨ ਦੀ ਥਾਂ ਆਮ ਲੋਕਾਂ ਤੇ ਜਬਰ ਜੁਲਮ ਦੇ ਕੁਹਾੜੇ ਚਲਾਏ। ਦੁਨੀਆਂ ਦੀ ਹਰ ਰਾਜਸੱਤਾ ਪੈਦਾ ਕਰਨ ਦੀ ਪਰਣਾਲੀ ਵਿੱਚ ਸਮੇਂ ਨਾਲ ਵਿਗਾੜ ਆਉਂਦੇ ਗਏ। ਪਰੀਵਾਰਕ ਰਾਜਸਾਹੀ ਆਪਣੇ ਦੋਸਾਂ ਕਾਰਨ ਅਨੇਕਾਂ ਬਗਾਵਤਾਂ ਅਤੇ ਕਰਾਂਤੀਆਂ ਦੀ ਮਾਰ ਨੂੰ ਸਹਿ ਨਾਂ ਸਕੀ ਅਤੇ ਓੁਸ ਦੀ ਮੌਤ ਵਿੱਚੋਂ ਲੋਕਤੰਤਰ ਦਾ ਬੀਜ ਪੈਦਾ ਹੋਇਆ ਹੈ। ਲੋਕਤੰਤਰ ਵਿੱਚੋਂ ਸਰੂਆਤੀ ਦੌਰ ਵਿੱਚ ਲੋਕਸੇਵਕ ਪੈਦਾ ਕੀਤੇ ਜਾਂਦੇ ਹਨ ਪਰ ਸਮੇਂ ਦੇ ਨਾਲ ਇਸ ਸਿਸਟਮ ਵਿੱਚ ਵੀ ਵਿਗਾੜ ਪੈਦਾ ਹੋ ਜਾਂਦੇ ਹਨ। ਲੋਕਤੰਤਰ ਵਿੱਚ ਹੌਲੀ ਹੌਲੀ ਬੇਈਮਾਨ ਅਤੇ ਵਪਾਰੀ ਕਿਸਮ ਦੇ ਲੋਕਾਂ ਦਾ ਦਾਖਲਾ ਹੋਣਾਂ ਸੁਰੂ ਹੋ ਜਾਂਦਾ ਹੈ ਜਿਸ ਨਾਲ ਇਸ ਵਿੱਚੋਂ ਲੋਕਸੇਵਕ ਪੈਦਾ ਹੋਣ ਦੀ ਥਾਂ ਲੋਕ ਲੁਟੇਰੇ ਪੈਦਾ ਹੋਣਾਂ ਸੁਰੂ ਹੋ ਜਾਂਦੇਂ ਹਨ । ਜਦ ਲੋਤੰਤਰ ਲੋਕ ਸੇਵਕ ਪੈਦਾ ਕਰਨ ਦੀ ਥਾਂ ਲੋਕ ਲੁਟੇਰੇ ਪੈਦਾ ਸੁਰੂ ਕਰਨਾਂ ਕਰਦਾ ਹੈ ਤਦ ਇਹ ਸਿਸਟਮ ਵੀ ਮਰ ਚੁਕਿਆ ਹੁੰਦਾਂ ਹੈ। ਮਰਚੁਕਿਆਂ ਦੇ ਅੰਤਮ ਪਲਾਂ ਵਿੱਚ ਕੁੱਝ ਸਮੇਂ ਲਈ ਲੋਕ ਇਸਦੀ ਲਾਸ ਨੂੰ ਆਪਣੇ ਮੋਢਿਆਂ ਤੇ ਜਰੂਰ ਚੁਕੀ ਰੱਖਦੇ ਹਨ ਪਰ ਇਸ ਤੋਂ ਬਾਅਦ ਇਸਦਾ ਸੰਸਕਾਰ ਜਾਂ ਦਫਨਾਉਣ ਦੀ ਕਿਰਿਆ ਹੀ ਇਸਦਾ ਅੰਤਿਮ ਪਲ ਹੁੰਦਾਂ ਹੈ।
ਵਰਤਮਾਨ ਦੇ ਵਿੱਚ ਜਦ ਲੋਕਾਂ ਨੂੰ ਲੋਕਸੇਵਕ ਪੈਦਾ ਕਰਨ ਦੇ ਭਰਮ ਅਧੀਨ ਦੇਖਦੇ ਹਾਂ। ਅਸਲ ਵਿੱਚ ਲੰਬੀ ਨਿਗਾਹ ਮਾਰਦਿਆਂ ਮਹਿਸੂਸ ਹੁੰਦਾਂ ਹੈ ਕਿ ਅਸਲੀ ਮਾਲਕ ਤਾਂ ਰਾਜੇ ਪੈਦਾ ਕਰਨ ਵਾਲੇ ਅਮੀਰ ਵਪਾਰੀ ਉਦਯੋਗਪਤੀ ਲੋਕ ਹੀ ਵੱਡੇ ਹਨ । ਜਿਉਂ ਹੀ ਆਮ ਬੰਦਾਂ ਰਾਜਗੱਦੀ ਤੇ ਬੈਠਦਾ ਹੈ ਤਦ ਹੀ ਉਹ ਗਿਰਗਿਟ ਦੀ ਤਰਾਂ ਰੰਗ ਬਦਲਣ ਲੱਗਦਾ ਹੈ। ਅੱਜ ਦੇਸ ਦੀਆਂ ਵਿਧਾਨ ਸਭਾਵਾਂ ਜਾਂ ਦੇਸ ਦੀ ਪਾਰਲੀਮੈਂਟ ਵੱਲ ਨਜਰ ਮਾਰੀਏ ਤਾਂ ਸਾਫ ਦਿਸਦਾ ਹੈ ਕਿ ਇਹਨਾਂ ਵਿੱਚ ਬੈਠੇ ਮੈਂਬਰ ਕਿਹੜੇ ਲੋਕਾਂ ਰਾਂਹੀਂ ਚੁਣਕੇ ਆਏ ਹਨ ਅਤੇ ਕਿਸ ਜਾਦੂ ਦੀ ਛੜੀ ਇਹਨਾਂ ਲੋਕਾਂ ਨੇ ਇਹਨਾਂ ਲੋਕਤੰਤਰ ਦੇ ਮੰਦਰਾਂ ਵਿੱਚ ਵੜਨ ਲਈ ਕੀਤੀ ਹੈ। ਦੇਸ ਅਜਾਦ ਹੋਣ ਸਮੇਂ ਦੇਸ ਲਈ ਜੂਝਣ ਵਾਲੇ ਲੋਕ ਦੇਸ ਦੇ ਲੋਕਤੰਤਰ ਦੇ ਕਰਤਾ ਧਰਤਾ ਸਨ ਪਰ ਸਮੇਂ ਨਾਲ ਨੈਤਿਕਤਾ ਵਾਲੇ ਲੋਕ ਘੱਟਦੇ ਗਏ ਅਤੇ ਚਲਾਕ ਲੋਕ ਅਤੇ ਚਾਪਲੂਸ ਇਸ ਵਿੱਚ ਸਾਮਲ ਹੁੰਦੇ ਗਏ । ਚਾਪਲੂਸ ਲੋਕ ਹਮੇਸਾਂ ਸਵਾਰਥੀ ਲੋਕ ਹੀ ਹੁੰਦੇ ਹਨ ਜੋ ਸਵਾਰਥ ਲਈ ਆਪਣੇ ਆਪ ਦੀ ਜਮੀਰ ਨੂੰ ਨਹੀਂ ਬਖਸਦੇ ਉਹਨਾਂ ਦੂਸਰਿਆਂ ਨੂੰ ਕੀ ਬਖਸਣਾਂ ਹੁੰਦਾਂ । ਇਸ ਤਰਾਂ ਦੇ ਬੇਈਮਾਨ ਅਤੇ ਭਿ੍ਰਸਟ ਲੋਕਾਂ ਨੇ ਲੋਕਤੰਤਰੀ ਮੰਦਰਾਂ ਵਿੱਚ ਵੜਨ ਲਈ ਪੈਸੇ ਦੇ ਵਪਾਰੀ ਬੇਈਮਾਨ ਲੋਕਾਂ ਦਾ ਸਹਾਰਾ ਲਿਆ ਅਤੇ ਪੈਸੇ ਦੀ ਵਰਤੋਂ ਇਹਨਾਂ ਮੰਦਰਾਂ ਵਿੱਚ ਵੜਨ ਲਈ ਕੀਤੀ । ਅੱਜ ਦੇਸ ਦੇ ਲੋਕਤੰਤਰ ਦੇ ਮੰਦਰਾਂ ਵਿੱਚ ਇਹਨਾਂ ਬੇਈਮਾਨ ਲੋਕਾਂ ਦਾ ਬੋਲਬਾਲਾ ਹੈ । ਇਮਾਨਦਾਰ ਨੈਤਿਕ ਅਤੇ ਸਮਾਜ ਪੱਖੀ ਲੋਕ ਘੱਟ ਗਿਣਤੀ ਵਿੱਚ ਹਨ ਬੇਈਮਾਨ ਲੋਕ ਬਹੁਗਿਣਤੀ ਵਿੱਚ ਹਨ । ਹੁਣ ਦੇਸ ਦਾ ਸਭ ਤੋਂ ਵੱਧ ਇਮਾਨਦਾਰ ਆਖਿਆ ਜਾਣ ਵਾਲਾ ਪ੍ਰਧਾਨ ਮੰਤਰੀ ਵੀ ਇਹਨਾਂ ਬੇਈਮਾਨਾਂ ਮੂਹਰੇ ਬੇਬੱਸ ਦਿਖਾਈ ਦੇ ਰਿਹਾ ਹੈ । ਦੇਸ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਤਿਆਗ ਕਰਨ ਵਾਲੀ ਸੋਨੀਆਂ ਗਾਂਧੀਂ ਇੰਹਨਾਂ ਡੱਡੂਆਂ ਦੀ ਪਸੇਰੀ ਨੂੰ ਹਾਲੇ ਤੱਕ ਤੋਲ ਹੀ ਨਹੀਂ ਸਕੀ ਕਿ ਇਹਨਾਂ ਦਾ ਅਸਲੀ ਵਜਨ ਕਿੰਨਾਂ ਕੁ ਹੈ। ਦੇਸ ਦੇ ਬਹੁਤੇ ਰਾਜਨੀਤਕਾਂ ਨੇ ਦੇਸ ਅਤੇ ਵਿਦੇਸ ਦੀਆਂ ਬਹੁ ਰਾਸਟਰੀ ਕੰਪਨੀਆਂ ਨਾਲ ਸਮਝੌਤੇ ਹੀ ਕਰ ਲਏ ਹਨ । ਦੇਸ ਦੇ ਵੱਡੇ ਰਾਜਨੀਤਕਾਂ ਨੂੰ ਜਿਤਾਉਣ ਲਈ ਪੈਸਾ ਇਹ ਵਪਾਰੀ ਜਮਾਤਾਂ ਮੁਹੱਈਆਂ ਕਰਵਾਉਦੀਆਂ ਹਨ ਅਤੇ ਜਿੱਤ ਕੇ ਕੰਮ ਵੀ ਇਹ ਲੋਕ ਇੰਹਨਾਂ ਵਾਸਤੇ ਕਰਦੇ ਹਨ।
ਲੋਕਾਂ ਹੁਣ ਵੋਟ ਪਾਉਣ ਨਹੀਂ ਜਾਂਦੇਂ ਬਲਕਿ ਵੇਚਣ ਜਾਂਦੇ ਹਨ। ਹਰ ਇੱਕ ਦਾ ਵੋਟ ਦਾ ਸੌਦਾ ਹੋਇਆ ਹੁੰਦਾਂ ਹੈ ਗਰੀਬ ਬੰਦਾਂ ਸੈਕੜੀਆਂ ਵਿੱਚ ਵਿੱਕ ਜਾਂਦਾਂ ਹੈ ਪਰ ਪਿੰਡ ਅਤੇ ਸਹਿਰਾਂ ਦੇ ਕਰਤੇ ਧਰਤੇ ਛੋਟੇ ਰਾਜਨੀਤਕ ਹਜਾਰਾਂ ਵਿੱਚ ਜਾਂ ਨਿੱਜ ਦੇ ਨਜਾਇਜ ਕੰਮਾਂ ਵਿੱਚ ਮੱਦਦ ਦੀ ਗਰੰਟੀ ਵਿੱਚ ਵਿਕਦੇ ਹਨ । ਇਹਨਾਂ ਕਰਤਿਆਂ ਧਰਤਿਆਂ ਦੇ ਮੁੱਖੀ ਜੋ ਕਿਸੇ ਨਾਂ ਕਿਸੇ ਵਿੰਗ ਦੇ ਮੁੱਖੀ ਬਣ ਬੈਠਦੇ ਹਨ ਉਹ ਤਾਂ ਲੱਖਾਂ ਦੀ ਕਮਾਈ ਵਾਲਾ ਅਹੁਦਾ ਲੈਣ ਦਾ ਸੌਦਾ ਕਰਦੇ ਹਨ ਜਿਸ ਵਿੱਚ ਅੱਧੋ ਅੱਧ ਵੱਡੇ ਰਾਜਨੀਤਕਾਂ ਨਾਲ ਹੁੰਦਾਂ ਹੈ ਜੋ ਵਿਧਾਨ ਸਭਾ ਜਾਂ ਪਾਰਲੀਮੈਂਟ ਤੱਕ ਪਹੁੰਚਣ ਦੀ ਸਮੱਰਥਾ ਰੱਖਦੇ ਹਨ। ਬਹੁਤ ਘੱਟ ਲੋਕ ਹਨ ਜੋ ਲਾਲਚ ਤੋਂ ਬਿਨਾਂ ਵੋਟ ਪਾਉਣ ਜਾਂਦੇ ਹਨ । ਰਾਜਨੀਤਕ ਲੋਕ ਨਿੱਜੀ ਬੈਠਕਾਂ ਵਿੱਚ ਪਰਚਾਰ ਕਰਦੇ ਹਨ ਕਿ ਆਮ ਲੋਕ ਹੁਣ ਵੋਟ ਵੇਚਣ ਲੱਗ ਪਏ ਹਨ ਪਰ ਜਦੋਂਕਿ ਆਮ ਲੋਕ ਵੋਟ ਵੇਚਦੇ ਨਹੀਂ ਪਰ ਵੇਚਣ ਲਈ ਮਜਬੂਰ ਕਰ ਦਿੱਤੇ ਗਏ ਹਨ । ਅਸਲ ਵਿੱਚ ਵੱਡੇ ਨੇਤਾ ਸਭ ਤੋਂ ਪਹਿਲਾਂ ਬੇਈਮਾਨ ਅਤੇ ਭਿ੍ਰਸਟ ਹੋਏ ਹਨ ਅਤੇ ਅੱਗੇ ਉਹਨਾਂ ਆਪਣੇ ਚੇਲੇ ਬਾਲਕੇ ਵੀ ਬੇਈਮਾਨ ਲੋਕ ਹੀ ਬਣਾਉਣੇ ਹਨ । ਦੇਸ ਹਿੱਤਾਂ ਤੋਂ ਉਲਟ ਨਿੱਜ ਸਵਾਰਥਾਂ ਨੂੰ ਪਹਿਲ ਦੇਣ ਵਾਲੇ ਲੋਕ ਕਦੇ ਇਮਾਨਦਾਰ ਹੋ ਹੀ ਨਹੀਂ ਸਕਦੇ । ਆਪਣੇ ਆਪ ਨੂੰ ਦੇਸ ਹਿੱਤ ਦੀ ਥਾਂ ਪਾਰਟੀ ਹਿੱਤ ਵਿੱਚ ਵਿਕਣ ਵਾਲੇ ਲੋਕ ਦੇਸ ਦੇ ਲੋਕਾਂ ਨੂੰ ਵਿਕਾਊ ਕਹਿ ਹੀ ਨਹੀਂ ਸਕਦੇ । ਅੱਜ ਦੇਸ ਲਈ ਕੁਰਬਾਨ ਹੋਣ ਵਾਲੇ ਸਹੀਦ ਆਮ ਲੋਕਾਂ ਵਿੱਚੋਂ ਹੀ ਪੈਦਾ ਹੋ ਰਹੇ ਹਨ । ਅਮੀਰ ਲੋਕ ਤਾਂ ਅਹੁਦਿਆਂ ਤੇ ਕਾਬਜ ਹੋਣ ਲਈ ਹੀ ਕੋਸਿਸ ਕਰਦੇ ਹਨ ਅਤੇ ਅਹੁਦੇ ਭਾਵੈਂ ਦੇਸ ਦੇ ਪਰਬੰਧਕੀ ਸਿਸਟਮ ਵਿੱਚ ਨੌਕਰੀ ਵਾਲੇ ਹੋਣ ਜਾਂ ਰਾਜਨੀਤਕ ਖੇਤਰ ਦੇ ਹੁਕਮ ਚਲਾਊ ਹੋਣ । ਲੋਤੰਤਤਰ ਜੋ ਲੋਕਾਂ ਦੁਆਰਾ ਪੈਦਾ ਹੋਣਾਂ ਚਾਹੀਦਾ ਹੈ ਪਰ ਪੈਦਾ ਪੈਸੇ ਨਾਲ ਹੋ ਰਿਹਾ ਹੈ । ਪੈਸਾ ਹੁਣ ਸਿਰਫ ਕਿਰਤੀਆਂ ਕੋਲ ਨਹੀਂ ਵਪਾਰੀ ਅਤੇ ਰਾਜਨੀਤਕ ਲੁਟੇਰਿਆਂ ਕੋਲ ਹੈ । ਆਮ ਲੋਕ ਤਾਂ ਰੋਟੀ ਖਾਣ ਲਈ ਵੀ ਸਬਸਿਡੀ ਮੰਗ ਰਹੇ ਹਨ। ਕਿਸਾਨ ਫਸਲ ਪੈਦਾ ਕਰਨ ਲਈ ਰਿਆਇਤਾਂ ਭਾਲ ਰਿਹਾ ਹੈ। ਦੂਜਿਆਂ ਦੇ ਪੇਟ ਭਰਨ ਦੇ ਦਾਅਵੇ ਕਰਨ ਵਾਲੇ ਲੋਕ ਮੁਫਤ ਖੇਤੀ ਸਾਧਨ ਭਾਲਦੇ ਫਿਰਦੇ ਹਨ। ਸੋ ਇਸ ਤਰਾਂ ਇਹ ਲੋਕ ਲੋਕਤੰਤਰ ਦੇ ਪੈਦਾ ਕਰਨ ਵਾਲੇ ਕਿਵੇਂ ਹੋ ਸਕਦੇ ਹਨ। ਹੁਣ ਲੋਕਤੰਤਰ ਤੋਂ ਤੋਬਾ ਕਰਨੀਂ ਹੀ ਪਵੇਗੀ । ਲੋਕਤੰਤਰ ਤਾਂ ਅਗਵਾ ਹੋ ਚੁੱਕਿਆ ਹੈ ਵਪਾਰੀਆਂ ਕੋਲ । ਸੋ ਹੁਣ ਲੋਕ ਸੇਵਕ ਨਹੀਂ ਪੈਦਾ ਹੋ ਰਹੇ ਜਿਸ ਕਾਰਨ ਲੋਕਤੰਤਰ ਆਖਰੀ ਸਾਹ ਲੈ ਰਿਹਾ ਹੈ।
ਲੋਕਤੰਤਰ ਦੀ ਸੁਰੂਆਤੀ ਇਕਾਈ ਪਿੰਡਾਂ ਦੀਆਂ ਪੰਚਾਇਤਾ ਦੇ ਪੰਚ ਸਰਪੰਚ ਹੀ ਬੇਈਮਾਨ ਅਤੇ ਭਿ੍ਰਸਟ ਹੋਕੇ ਆਪਣੇਂ ਗਲੀ ਗੁਆਂਢ ਵਿੱਚ ਵੱਸਦੇ ਲੋਕਾਂ ਤੇ ਹੀ ਹੁਕਮ ਚਲਾਉਣ ਲੱਗ ਪੈਂਦੇ ਹਨ। ਵਰਤਮਾਨ ਵਿੱਚ ਲੋਕ ਸਾਂਝਾਂ ਦੀ ਮੌਤ ਹੋ ਰਹੀ ਹੈ ਅਤੇ ਸਹਿਰਾਂ ਵਾਂਗ ਪਿੰਡਾਂ ਦੇ ਕੁਦਰਤੀ ਰੰਗਾਂ ਵਿੱਚ ਵਸਣ ਵਾਲੇ ਲੋਕ ਵੀ ਸਹਿਰੀਏ ਬਣਦੇ ਜਾ ਰਹੇ ਹਨ । ਪਿੰਡਾਂ ਦੇ ਪੰਚਾਇਤੀ ਲੋਕਸੇਵਕ ਲੋਕ ਵੀ ਹੁਕਮਰਾਨ ਬਣਕੇ ਲੁਟੇਰਿਆਂ ਵਰਗੇ ਬਣਦੇ ਜਾ ਰਹੇ ਹਨ। ਜਦ ਲੋਕਤੰਤਰ ਦੀ ਪਹਿਲੀ ਪੌੜੀ ਹੀ ਟੁੱਟ ਜਾਵੇਗੀ ਤਾਂ ਅਗਲੀਆਂ ਪੌੜੀਆਂ ਦੇ ਸਹਾਰੇ ਲੋਕਤੰਤਰ ਨਹੀਂ ਚਲਾਇਆ ਜਾ ਸਕਦਾ। ਪਿੰਡਾਂ ਦੇ ਲੋਕਸੇਵਕ ਤੋਂ ਬਾਅਦ ਹਲਕਿਆਂ ਅਤੇ ਜਿਲਿਆਂ ਦੇ ਵਿੱਚੋਂ ਪੈਦਾ ਹੋਣ ਵਾਲੇ ਲੋਕਸੇਵਕ ਤਾਂ ਹੋਰ ਵੱਡੇ ਵਿਗਾੜਾਂ ਦਾ ਸਿਕਾਰ ਹੋ ਚੁੱਕੇ ਹਨ ਅਤੇ ਇਹ ਵਿਗੜੇ ਹੋਏ ਲੋਕਸੇਵਕ ਹੀ ਅੱਗੇ ਦੇਸ ਦੀ ਰਾਜਸੱਤਾ ਤੇ ਕਬਜਾ ਕਰਦੇ ਹਨ । ਇਸ ਤਰਾਂ ਦੇ ਭਿ੍ਰਸਟ ਲੋਕਸੇਵਕਾਂ ਦੀ ਬਦੌਲਤ ਲੋਕਾਂ ਵਾਲੇ ਲੋਕਤੰਤਰ ਨੂੰ ਲੋਕਾਂ ਵਾਸਤੇ ਜਿੰਦਗੀ ਜਿਉਣ ਦੀ ਗਰੰਟੀ ਨਹੀਂ ਬਖਸੀ ਜਾ ਸਕਦੀ । ਵਰਤਮਾਨ ਰਾਜਸੱਤਾ ਨੇ ਤਰੱਕੀ ਦੀਆਂ ਰਾਹਾਂ ਵਿੱਚੋਂ ਆਪਣੇ ਤਰੱਕੀ ਕਰਨ ਦੇ ਰਾਹ ਕੱਢ ਲਏ ਹਨ । ਆਮ ਜਨਤਾ ਨੂੰ ਫਿਰ ਇਤਿਹਾਸ ਨੂੰ ਦੁਹਰਾਉਂਦਿਆਂ ਅਨੰਤ ਕੁਦਰਤ ਦੇ ਹੱਥ ਹੀ ਆਪਣੀ ਡੋਰ ਰੱਖਣੀ ਪੈਣੀ ਹੈ। ਵਰਤਮਾਨ ਲੋਕਸੇਵਕਾਂ ਦੁਆਰਾ ਚਲਾਏ ਜਾ ਰਹੇ ਲੋਕਤੰਤਰ ਨੂੰ ਦੇਖਦਿਆਂ ਇੱਕ ਵਾਰ ਫੇਰ ਕਹਿਣਾਂ ਪੈਂਦਾਂ ਹੈ ਕਿ ਆਮ ਲੋਕ ਤਾਂ ਕੁਦਰਤ ਜਾਂ ਰੱਬ ਆਸਰੇ ਹੀ ਜਿਉਂਦੇ ਹਨ ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ
No comments:
Post a Comment