ਪੰਜ ਦਰਿਆਵਾਂ ਦੀ ਧਰਤੀ ਭਾਵੇਂ ਦੋ ਦੇਸਾਂ ਵਿੱਚ ਵੰਡੀ ਗਈ ਹੈ ਅਤੇ ਪਾਕਿਸਤਾਨ ਵਾਲੇ ਪੰਜਾਬ ਦਾ ਤਾਂ ਪਤਾ ਨਹੀ ਕੀ ਹਾਲ ਹੈ ਪਰ ਭਾਰਤੀ ਪੰਜਾਬ ਵਿੱਚ ਸਰਾਬ ਦਾ ਛੇਵਾਂ ਦਰਿਆਂ ਵਗਣ ਲੱਗ ਪਿਆਂ ਹੈ। ਕਿਸੇ ਵਕਤ ਪੰਜਾਬ ਵਿੱਚ ਦੁੱਧ ਦੀਆਂ ਨਦੀਆਂ ਵਹਿਣ ਦੀ ਗੱਲ ਬੜੇ ਮਾਣ ਨਾਲ ਕਹੀ ਜਾਂਦੀ ਸੀ ਪਰ ਹੁਣ ਪੰਜਾਬ ਦੁੱਧ ਦੇ ਪੱਖੋਂ ਤਰਸ ਹੀਣ ਹਾਲਤ ਵਿੱਚ ਹੈ ਹੁਣ ਪੰਜਾਬ ਵਿੱਚ ਦੁੱਧ ਪੀਣ ਲਈ ਨਹੀ ਬਲਕਿ ਵੇਚਣ ਲਈ ਪੈਦਾ ਕੀਤਾ ਜਾ ਰਿਹਾ ਹੈ। ਹੁਣ ਪੰਜਾਬ ਦੇ ਘਰਾਂ ਵਿੱਚ ਘਿਉ ਤਿਆਰ ਕਰਨ ਲਈ ਮਧਾਣੀਆਂ ਦਾ ਖੜਕਾ ਨਹੀ ਹੁੰਦਾਂ ਸਗੋਂ ਡੇਅਰੀਆਂ ਵਾਲਿਆਂ ਦੇ ਢੋਲ ਘਰਾਂ ਮੂਹਰੇ ਖੜਕਾ ਕਰਦੇ ਹਨ। ਕੁੱਝ ਕੁ ਅਮੀਰ ਲੋਕਾਂ ਨੂੰ ਛੱਡਕੇ ਆਮ ਪਸੂਪਾਲਕ ਪੰਜਾਬੀ ਆਪਣੀ ਰੋਜਾਨਾਂ ਲੋੜਾਂ ਦੀ ਪੂਰਤੀ ਕਰਨ ਲਈ ਦੁੱਧ ਵੇਚਣ ਨੂੰ ਮਜਬੂਰ ਨੇ। ਆਰਥਿਕ ਹਾਲਤਾਂ ਦੀਆਂ ਘੁੰਮਣਘੇਰੀਆਂ ਵਿੱਚ ਫਸੇ ਆਮ ਲੋਕਾਂ ਕੋਲ ਘਰਾਂ ਵਿੱਚ ਦੁੱਧ ਹੋਣ ਦੇ ਬਾਵਜੂਦ ਪੀਣ ਦਾ ਜਿਗਰਾ ਨਹੀ ਪੈ ਰਿਹਾ। ਹੁਣ ਪੰਜਾਬ ਵਿੱਚ ਖੇਡਾਂ ਦੇ ਸਿਤਾਰੇ ਮਿਲਖੇ ਅਤੇ ਦਾਰੇ ਵਰਗੇ ਤਾਕਤਵਰ ਨੌਜਵਾਨ ਨਹੀਂ ਪੈਦਾ ਹੋ ਰਹੇ ਬਲਕਿ ਫਿਕਰਾਂ ਦੇ ਖਾਧੇ ਹੋਏ ਨਸਿਆਂ ਦੀ ਦਲਦਲ ਵਿੱਚ ਫਸੇ ਹੋਏ ਨੌਜਵਾਨਾਂ ਦਾ ਬਹੁਮਤ ਹੈ। ਇਹ ਸਭ ਕੁੱਝ ਕਿਉਂ ਹੋ ਰਿਹਾ ਹੈ? ਕੀ ਇਸ ਤਰਾਂ ਹੀ ਨਸਿਆਂ ਦਾ ਦਰਿਆ ਹੜ ਦਾ ਰੂਪ ਲੈਂਦਾ ਜਾਵੇਗਾ ਤਦ ਫਿਰ ਸਾਡੇ ਪੰਜਾਬ ਦਾ ਭਵਿੱਖ ਕੀ ਹੋਵੇਗਾ ਕੋਈ ਲੁਕਿਆ ਛਿਪਿਆ ਨਹੀਂ। ਪੰਜਾਬੀ ਕੌਮ ਅਤੇ ਪੰਜਾਬ ਦੀ ਧਰਤੀ ਪੀਰਾਂ ਫਕੀਰਾਂ ਅਤੇ ਯੋਧਿਆਂ ਦੀ ਧਰਤੀ ਹੈ ਪਰ ਇੱਥੇ ਨਸਿਆਂ ਦਾ ਚੰਦਰਾਂ ਬੂਟਾ ਕਿਉਂ ਵੱਧ ਫੁੱਲ ਰਿਹਾ ਹੈ?
ਵਰਤਮਾਨ ਵਿੱਚ ਪੰਜਾਬ ਦੇ ਰਾਜ ਭਾਗ ਦੀਆਂ ਮਾਲਕ ਸਰਕਾਰਾਂ ਨੇ ਪੰਜਾਬ ਦੇ ਵਿਕਾਸ ਦੇ ਨਾਂ ਤੇ ਪੈਸਾ ਇਕੱਠਾ ਕਰਨ ਲਈ ਹਰ ਮਾੜੀ ਯੋਜਨਾਂ ਨੂੰ ਪਰਵਾਨ ਕਰਨਾਂ ਸੁਰੂ ਕਰਕੇ ਨਸਿਆਂ ਦਾ ਰਾਹ ਖੋਲਿਆ ਹੈ। ਪੰਜਾਬ ਦੇ ਬਜਟ ਵਿੱਚ ਅੱਠ ਪ੍ਰਤੀਸਤ ਹਿੱਸਾ ਸਰਾਬ ਤੋਂ ਮਿਲਣ ਵਾਲੇ ਟੈਕਸਾਂ ਦਾ ਹੈ ਅਤੇ ਸਰਕਾਰਾਂ ਇਸ ਨੂੰ ਵਧਾਉਣ ਲਈ ਹੋਰ ਜੋਰ ਲਾ ਰਹੀਆਂ ਹਨ । ਇਸ ਆਮਦਨੀ ਨੂੰ ਵਧਾਉਣ ਦੇ ਨਾਂ ਥੱਲੇ ਸਰਾਬ ਦੇ ਵੱਖੋ ਵੱਖ ਖੇਤਰਾਂ ਦਾ ਵਾਧਾ ਕੀਤਾ ਜਾ ਰਿਹਾ ਹੈ ਜਿਸ ਵਿੱਚ ਕਿਸੇ ਪਾਸੇ ਠੇਕਿਆਂ ਦੀ ਗਿਣਤੀ ਵਧਾਈ ਜਾ ਰਹੀ ਹੈ ਕਿਸੇ ਪਾਸੇ ਬੀਅਰ ਬਾਰਾਂ ਦੀਆਂ ਮਨਜੂਰੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਸ ਤਰਾਂ ਹੀ ਆਮ ਦੁਕਾਨਾਂ ਤੱਕ ਨੂੰ ਵੀ ਸਰਾਬ ਦੀਆਂ ਵੱਖ ਵੱਖ ਵੰਨਗੀਆਂ ਦੇ ਨਾਂ ਹੇਠ ਚਾਲੂ ਕਰਨ ਦੀਆਂ ਕੋਸਿਸਾਂ ਕੀਤੀਆਂ ਜਾ ਰਹੀਆਂ ਹਨ । ਸਰਾਬ ਦਾ ਨਸਾ ਤਾਂ ਸਰਕਾਰਾਂ ਦੀ ਪਰਵਾਨਗੀ ਪਰਾਪਤ ਕਰ ਚੁਕਿਆ ਹੀ ਹੈ ਪਰ ਇਸ ਦੇ ਪਰਦੇ ਵਿੱਚ ਦੂਸਰੇ ਨਸੇ ਵੀ ਪੈਰ ਪਸਾਰ ਰਹੇ ਹਨ ਜਿਹਨਾਂ ਵਿੱਚ ਅੰਤਰ ਰਾਸਟਰੀ ਪੱਧਰ ਦੇ ਨਸੇ ਵੀ ਆਮ ਲੋਕਾਂ ਤੱਕ ਪਹੁੰਚਾਉਣ ਦੀਆਂ ਕੋਸਿਸਾਂ ਜਾਰੀ ਹਨ । ਖਾਸ ਗੱਲ ਇਹ ਹੈ ਕਿ ਸਮੈਕ ਵਰਗੇ ਅਤੇ ਹੋਰ ਰਸਾਇਣਕ ਕੈਮੀਕਲਾਂ ਵਾਲੇ ਮਹਿੰਗੇ ਨਸਿਆਂ ਦੇ ਵਪਾਰ ਵਿੱਚ ਪੁਲੀਸ ਦੇ ਅਫਸਰਾਂ ਸਮੇਤ ਰਾਜਨੀਤਕ ਆਗੂਆਂ ਦੀ ਸਰਪਰਸਤੀ ਪਰਾਪਤ ਲੋਕ ਵੱਡੀ ਪੱਧਰ ਤੇ ਸਾਮਲ ਹਨ। ਪਿੱਛਲੇ ਦਿਨੀ ਡੀ ਐਸ ਪੀ ਜਗਦੀਸ ਭੋਲੇ ਦੀ ਰਿਹਾਈ ਬੰਬਈ ਤੋਂ ਕਿਵੇਂ ਹੋਈ ਅਤੇ ਦੁਬਾਰਾ ਗਿ੍ਰਫਤਾਰੀ ਵੀ ਕਈ ਪ੍ਰਸਨ ਖੜੇ ਕਰਦੀ ਹੈ ਪਿੱਛਲੇ ਸਾਲਾਂ ਵਿੱਚ ਇੱਕ ਐਸ ਪੀ ਰੈਂਕ ਦੇ ਅਫਸਰ ਅਤੇ ਉਸਦੇ ਨਾਲ ਕਈ ਸਹਾਇਕ ਪੁਲੀਸ ਵਾਲੇ ਫੜੇ ਗਏ ਸਨ । ਇਸ ਤਰਾਂ ਪੁਲੀਸ ਦੇ ਉਚੇ ਰੈਂਕ ਦੇ ਲੋਕ ਤਦ ਹੀ ਸਾਮਲ ਹੁੰਦੇ ਹਨ ਜਦ ਰਾਜਨੀਤਕ ਲੋਕ ਖੁਦ ਇਹ ਕੁੱਝ ਕਰਵਾਉਂਦੇ ਹਨ । ਇਹਨਾਂ ਨਸਿਆਂ ਦੇ ਕਾਰੋਬਾਰ ਵਿੱਚ ਭਾਰੀ ਮੁਨਾਫਿਆਂ ਨੂੰ ਦੇਖਕੇ ਹੀ ਇਹ ਲੋਕ ਅਜਾਦ ਤੌਰ ਤੇ ਸਾਮਲ ਹੋਣ ਲਈ ਪਰੇਰਤ ਹੁੰਦੇ ਹਨ।
ਅਸਲ ਵਿੱਚ ਰਾਜਨੀਤੀ ਦਾ ਅਪਰਧੀਕਰਨ ਹੋ ਜਾਣਾਂ ਹੀ ਅਸਲ ਕਾਰਨ ਹੈ। ਜਦ ਤੱਕ ਰਾਜ ਗੱਦੀ ਤੇ ਬੈਠੇ ਵੱਡੇ ਲੋਕ ਅਪਰਾਧੀ ਕਿਸਮ ਦੇ ਲੋਕਾਂ ਦਾ ਆਸਰਾ ਲੈਣਾਂ ਜਾਰੀ ਰੱਖਣਗੇ ਇਹ ਖੇਡ ਵੱਧਦੀ ਜਾਵੇਗੀ । ਜਦੋਂ ਆਗੂ ਲੋਕ ਅਪਰਾਧੀਆਂ ਦੀ ਥਾਂ ਨੈਤਿਕਤਾ ਦੇ ਉੱਚੇ ਆਚਰਣ ਵਾਲੇ ਨੇਤਾਵਾਂ ਤੇ ਟੇਕ ਨਹੀ ਰੱਖਣਗੇ ਤਦ ਤੱਕ ਕਿਸੇ ਬਦਲਾਅ ਦੀ ਸੰਭਾਵਨਾਂ ਨਹੀਂ । ਪੰਜਾਬ ਦੇ ਭਵਿੱਖ ਨੂੰ ਬਚਾਉਣ ਲਈ ਸਿਆਸੀ ਪਾਰਟੀਆਂ ਦੇ ਮੁਖੀਆਂ ਨੂੰ ਦਲੇਰੀ ਕਰਨੀਂ ਹੀ ਚਾਹੀਦੀ ਹੈ। ਰਾਜਗੱਦੀ ਤੇ ਬੈਠਣ ਵਾਲੇ ਆਗੂ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਹੋਣ ਜਦ ਦਲੇਰੀ ਨਾਲ ਨਸਿਆਂ ਖਿਲਾਫ ਫੈਸਲਾ ਲੈਣਗੇ ਤਦ ਹੀ ਚੰਗੇ ਨਤੀਜੇ ਸਾਹਮਣੇ ਆ ਸਕਦੇ ਹਨ । ਪੰਜਾਬ ਵਿੱਚ ਜਦ ਤੱਕ ਸਰਕਾਰਾਂ ਨਸਿਆਂ ਤੋਂ ਆਮਦਨ ਪਰਾਪਤੀ ਦੀਆਂ ਸਕੀਮਾਂ ਬਣਾਉਂਦੀਆਂ ਰਹਿਣਗੀਆਂ ਤਦ ਤੱਕ ਨਸਿਆਂ ਖਿਲਾਫ ਚਲਾਈ ਹਰ ਮੁਹਿੰਮ ਡਰਾਮੇ ਬਾਜੀ ਤੋਂ ਵੱਧ ਕੁੱਝ ਵੀ ਨਹੀਂ ਹੋਵੇਗੀ। ਨਸਿਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਦੀ ਥਾਂ ਸਰਕਾਰਾਂ ਅਤੇ ਰਾਜਨੀਤਕ ਆਗੂਆਂ ਨੂੰ ਮਜਬੂਰ ਕਰਨ ਵਾਲੀਆਂ ਮੁਹਿੰਮਾਂ ਚਲਾਈਆਂ ਜਾਣੀਆਂ ਚਾਹੀਦੀਆਂ ਹਨ ਕਿ ਉਹ ਨਸਿਆਂ ਦੀ ਪੁਸਤ ਪਨਾਹੀ ਬੰਦ ਕਰਨ 8000 ਕਰੋੜ ਦੀਆਂ ਸਬਸਿਡੀਆਂ ਨੂੰ ਘਟਾਕੇ ਨਸਿਆਂ ਤੋਂ ਹੋਣ ਵਾਲੀ ਆਮਦਨ ਦਾ ਭਰਮ ਜਾਲ ਤੋੜਿਆ ਜਾ ਸਕਦਾ ਹੈ। ਸਰਾਬ ਤੋਂ ਇਕੱਠਾ ਹੋਣ ਵਾਲਾ 2500 ਕਰੋੜ ਦਾ ਟੈਕਸ ਸਬਸਿਡੀਆਂ ਦਾ 33% ਹੀ ਬਣਦਾ ਹੈ । ਨਸਿਆਂ ਦੇ ਨਾਲ ਪੰਜਬੀਆਂ ਦੀ ਸਿਹਤ ਦਾ ਅਤੇ ਆਚਰਣ ਦਾ ਭੱਠਾ ਬੈਠ ਰਿਹਾ ਹੈ। ਜਦ ਸਰਕਾਰੀ ਤੌਰ ਤੇ ਆਮਦਨ ਕਰਨ ਦੀ ਟੇਕ ਨਹੀਂ ਰੱਖੀ ਜਾਵੇਗੀ ਤਦ ਹੀ ਰਾਜਨੀਤਕ ਲੋਕ ਨਸਿਆਂ ਖਿਲਾਫ ਕੁੱਝ ਕਹਿਣ ਦੇ ਹੱਕਦਾਰ ਬਣ ਸਕਣਗੇ ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ
No comments:
Post a Comment