Saturday, 12 October 2013

ਦੁਨੀਆਂ ਦਾ ਭਾਰ ਚੁਕਣ ਵਾਲਾ ਧੌਲ ਗੁਰਬਾਣੀ ਅਨੁਸਾਰ

                      
 ਦੁਨੀਆਂ ਦੇ ਪੁਰਾਤਨ ਵਿਸਵਾਸਾਂ ਅਨੁਸਾਰ ਧਰਤੀ  ਧੌਲ ਦੇ ਸਹਾਰੇ ਖੜੀ ਹੈ । ਕਈ ਲੋਕ ਆਮ ਬੋਲਚਾਲ ਵਿੱਚ ਇਸਨੂੰ ਬਲਦ ਦੇ ਇੱਕ ਸਿੰਗ ਤੇ ਟਿਕੀ ਹੋਈ ਮੰਨਦੇ ਹਨ ਅਤੇ ਕਹਿੰਦੇ ਹਨ ਕਿ ਜਦ ਇਹ ਬਲਦ ਸਿੰਗ ਹਿਲਾਉਂਦਾ ਹੈ ਤਦ ਧਰਤੀ ਉਪਰ ਤਰਥੱਲੀ ਮੱਚ ਜਾਂਦੀ ਹੈ। ਕੁੱਝ ਤਰਕਸੀਲ ਲੋਕ ਇਸ ਤਰਾਂ ਦੀਆਂ ਕਹਾਣੀਆਂ ਨੂੰ ਗਪੌੜ ਸੰਖ ਮੰਨਦੇ ਹਨ ਪਰ ਗੁਰੂ ਨਾਨਕ ਦੇਵ ਜੀ ਜਪੁਜੀ ਸਾਹਿਬ ਵਿੱਚ ਇਸਦੀ ਵਿਆਖਿਆ ਕਰਦੇ ਹਨ। ਮਿਥਿਹਾਸ ਅਨੁਸਾਰ ਸੁਣਾਈ ਜਾਣ ਵਾਲੀ ਕਹਾਣੀ ਕਿਸੇ ਸਮੇਂ ਦਾ ਢੰਗ ਸੀ  ਜਿਸ ਕਾਰਨ ਕਿਸੇ ਕਹਾਣੀ ਨੂੰ ਲੰਬਾਂ ਸਮਾਂ ਜਿਉਂਦਾਂ ਰੱਖਣ ਲਈ ਰੌਚਕ ਬਣਾਇਆਂ ਜਾਂਦਾਂ ਸੀ ਜੋ ਇੱਕ ਵਾਰ ਸੁਣ ਲੈਣ ਤੇ ਸਾਰੀ ਉਮਰ ਮਨੁੱਖ ਯਾਦ ਰੱਖ ਸਕਦਾ ਸੀ। ਪੁਰਾਤਨ ਕਹਾਣੀਆਂ ਰੌਚਕਤਾ ਨਾਲ ਬੋਲੀਆਂ ਜਾਂਦੀਆਂ ਸਨ ਪਰ ਸਮੇਂ ਦੇ ਨਾਲ ਲਿਖਤੀ ਭਾਸਾ ਪੈਦਾ ਹੋਣ ਤੇ ਰੋਚਕਿਤਾ ਦੀ ਥਾਂ ਹਕੀਕੀ  ਲਿਖਤਾਂ ਲਿਖੀਆਂ ਜਾਣ ਲੱਗ ਪਈਆਂ। ਅਸੀਂ ਮਿਥਿਹਾਸ ਨੂੰ ਤਰਕ ਬੁੱਧੀ ਅਨੁਸਾਰ ਰੱਦ ਤਾਂ ਕਰ ਸਕਦੇ ਹਾਂ ਪਰ ਉਹਨਾਂ ਦੀ ਸਚਾਈ ਅਤੇ ਸਿਖਾਉਣ ਦੀ ਕਲਾ ਤੋਂ ਮੁਨਕਰ ਨਹੀਂ ਹੋ ਸਕਦੇ। ਇਸ ਤਰਾਂ ਹੀ ਗੁਰੂ ਨਾਨਕ ਜੀ ਨੇ ਪੁਰਾਤਨ ਮਿਥਿਹਾਸ ਨੂੰ ਰੱਦ ਕਰਨ ਦੀ ਥਾਂ ਧੌਲ ਦੀ ਵਿਆਖਿਆ ਕੀਤੀ ਹੈ। ਸਿੱਖ ਫਲਸਫੇ ਦੇ ਬਹੁਤੇ ਪਰਚਾਰਕ ਪੁਰਾਤਨ ਮਿਥਿਹਾਸ ਨੂੰ ਰੱਦ ਕਰਕੇ ਗੁਰੂਆਂ ਨੂੰ ਵੱਖਰਾ ਦਰਸਾਉਣ ਦੀ ਕੋਸਿਸ ਕਰਦੇ ਹਨ ਅਤੇ ਆਪਣੇ ਆਪ ਨੂੰ ਉੱਚੇ ਵੀ । ਗੁਰਬਾਣੀ ਵਿੱਚ ਪੁਰਾਤਨ ਮਿਥਿਹਾਸ ਦੇ ਇੱਕ ਹਿੱਸੇ ਨੂੰ ਸੱਚ ਮੰਨਿਆ ਗਿਆਂ ਹੈ। ਸੋ ਇਸ ਤਰਾਂ ਹੀ ਧੌਲ ਦੀ ਵਿਆਖੀਆਂ ਕੀਤੀ ਜਾ ਸਕਦੀ ਹੈ ।
    ਗੁਰਬਾਣੀ ਵਿੱਚ ਲਿਖਿਆਂ ਹੈ ........... ............... ਧੌਲ ,ਧਰਮ ਦਇਆ ਕਾ ਪੂਤ
                                                       ਸੰਤੋਖ ਥਾਪ ਰੱਖਿਆ ਜਿਨ ਸੂਤ।
ਧੌਲ , ਧਰਮ ਅਤੇ ਦਇਆਂ ਦਾ ਪੁੱਤਰ ਹੈ ਅਤੇ ਇਸ ਨੂੰ ਸਮਝਣ ਲਈ ਦਇਆ ਅਤੇ ਧਰਮ ਨੂੰ ਸਮਝਣਾਂ ਵੀ ਜਰੂਰੀ ਹੈ। ਆਮ ਲੋਕ ਅਤੇ ਵਪਾਰੀ ਲੋਕ ਲੋਕਾਂ ਦੇ ਸਮੂਹ ਨੂੰ ਧਰਮ ਦਾ ਦਰਜਾ ਦਿੰਦੇ ਹਨ ਪਰ ਗੁਰਬਾਣੀ ਵਿੱਚ ਭਗਤ ਨਾਮਦੇਵ ਜੀ ਲੋਕਾਂ ਦੇ ਸਮੂਹ ਵਾਲੇ ਧਰਮੀਆਂ ਨੂੰ ਅੰਨੇ ਅਤੇ ਕਾਣੇ ਦਾ ਖਿਤਾਬ ਦਿੰਦੇ ਹਨ । ਭਗਤ ਕਬੀਰ ਜੀ ਧਰਮ ਦੀ ਵਿਆਖਿਆ ਕਰਦੇ ਗੁਰਬਾਣੀ ਵਿੱਚ ਕਹਿੰਦੇ ਹਨ ਕਿ
ਜਹਾਂ ਗਿਆਨ ਤਹਾਂ ਧਰਮ ਹੈ ਜਹਾਂ ਝੂਠ ਤਹਾਂ ਪਾਪ ਜਹਾਂ ਲੋਭ ਤਹਾਂ ਮੌਤ ਹੈ ਜਹਾਂ ਖਿਮਾਂ ਤਹਾਂ ਆਪ (ਰੱਬ ) ਭਗਤ ਨਾਮਦੇਵ ਜੀ ਸਮੂਹਾਂ ਵਿੱਚ ਖੜੇ ਨੂੰ ਧਰਮੀ ਨਹੀਂ ਬਲਕਿ ਗਿਆਨ ਵਾਨ ਬੰਦੇ ਨੂੰ ਧਰਮੀ ਸਮਝਦੇ ਹਨ। ਗਿਆਨ ਵਾਨ ਮਨੁੱਖ ਹੀ ਧਰਮੀ ਹੁੰਦਾਂ ਹੈ ਅਤੇ ਜਿੰਦਗੀ ਦਾ ਹਰ ਫਰਜ ਪੂਰਾ ਕਰਦਾ ਹੈ। ਇਸ ਤਰਾਂ ਧੌਲ ਦਾ ਬਾਪ ਧਰਮ ਸਿੱਧ ਹੁੰਦਾਂ ਹੈ ਕਿਉਂਕਿ ਧਰਮ ਸਬਦ ਨਰਵਾਚੀ ਹੈ ਅਗਲਾ ਸਬਦ ਦਇਆ ਮਾਦਾ ਵਾਚੀ ਹੈ ਸੋ ਦਇਆ ਧੌਲ ਦੀ ਮਾਂ ਹੁੰਦੀ ਹੈ ਜਿਸ ਮਨੁੱਖ ਵਿੱਚ ਦਇਆਂ ਨਹੀਂ ਹੁੰਦੀ ਉਹ ਕਿਸੇ ਦੂਸਰੇ ਦੀ ਮੱਦਦ ਕਰ ਹੀ ਨਹੀਂ ਸਕਦਾ ਹੁੰਦਾਂ। ਇਸ ਤਰਾਂ ਧੌਲ ਵੀ ਦੁਨੀਆਂ ਦਾ ਭਾਰ ਦਇਆ ਕਾਰਨ ਹੀ ਉਠਾਉਂਦਾਂ ਹੈ। ਧੌਲ ਹਮੇਸਾਂ ਸਬਰ ਵਾਲਾ ਹੀ ਹੁੰਦਾਂ ਹੈ ਅਤੇ ਸਬਰ ਸੰਤੋਖ ਉਸਦੀ ਨਿਸਾਨੀ ਹੁੰਦਾਂ ਹੈ।
                            ਧੌਲ ਇਕੱਲੀ ਧਰਤੀ ਦਾ ਭਾਰ ਉਠਾਉਣ ਵਾਲਾ ਹੀ ਨਹੀਂ ਹੁੰਦਾਂ ਪਰ ਅਸਲ ਵਿੱਚ ਧੌਲ ਤਾਂ ਦੁਨੀਆਂ ਦੇ ਹਰ ਪਰੀਵਾਰ ਹਰ ਪਿੰਡ ,ਹਰ ਸਹਿਰ , ਹਰ ਦੇਸ ਅਤੇ ਸਾਰੀ ਦੁਨੀਆਂ  ਵਿੱਚ ਮੌਜੂਦ ਹੁੰਦਾਂ ਹੈ । ਕਿਵੇਂ ਸਾਰੀ ਦੁਨੀਆਂ ਧੌਲ ਦੇ ਆਸਰੇ ਹੀ ਚੱਲ ਰਹੀ ਹੈ ਆਉ ਵਿਆਖਿਆਂ ਕਰੀਏ ਅਤੇ ਸਮਝੀਏ । ਸਮਾਜ ਦੀ ਪਹਿਲੀ ਇਕਾਈ ਪਰੀਵਾਰ ਕਿਸ ਤਰਾਂ ਧੌਲ ਦੇ ਆਸਰੇ ਚੱਲਦੀ ਹੈ ਜਿਸ ਦੇ ਲਈ ਆਮ ਤੌਰ ਤੇ ਪਰੀਵਾਰ ਦਾ ਮੁਖੀ ਆਪਣੇ ਆਪ ਨੂੰ ਬਹੁਤਾ ਸਿਆਣਾਂ ਅਤੇ ਸੰਭਾਲਣ ਵਾਲਾ ਹੋਣ ਦਾ ਦਾਅਵਾ ਕਰਦਾ ਹੈ ਪਰ ਪਰੀਵਾਰ ਦਾ ਮੁਖੀ ਉਸ ਪਰੀਵਾਰ ਦਾ ਧੌ਼ਲ ਨਹੀਂ ਹੁੰਦਾਂ। ਕਿਸੇ ਪਰੀਵਾਰ ਦੇ ਅਸਲੀ ਧੌਲ ਉਸ ਪਰੀਵਾਰ ਵਿੱਚ ਕਿਰਤ (ਧਰਮ) ਕਰਨ ਵਾਲੇ ਮੈਂਬਰ ਹੀ ਅਸਲੀ ਧੌਲ ਹੁੰਦੇ ਹਨ ਨਾਂ ਕਿ ਪਰੀਵਾਰ ਦਾ ਵਿਹਲੜ ਅਤੇ ਚੌਧਰਾਂ ਘੋਟਣ ਵਾਲਾ ਮੁੱਖੀ। ਘਰ ਦੀ ਸਾਰੀ ਚੌਧਰ ਅਤੇ ਪੈਸੇ ਦਾ ਮਾਲਕ ਮੁਖੀ ਨੂੰ ਦਇਆ ਕਾਰਨ ਕਿਰਤ ਕਰਨ ਵਾਲੇ ਧੌਲ ਕਦੇ ਕੁੱਝ ਨਹੀਂ ਕਹਿੰਦੇ । ਇਸ ਤਰਾਂ ਹੀ ਬਹੁਤੇ ਪਰੀਵਾਰਾਂ ਦੇ ਮੁੱਖੀ ਵਿਹਲੜ ਆਕੜ ਖੋਰੇ ,ਹੁਕਮ ਚਲਾਉਣ ਵਾਲੇ ਹੁੰਦੇ ਹਨ ਜਦੋਂ ਕਿ ਕਿਰਤ ਕਰਨ ਵਾਲੇ ਗੁਲਾਮਾਂ ਵਾਂਗ ਮੁੱਖੀ ਦੇ ਹੱਥੋਂ ਬੇਇਜਤੀ ਅਤੇ ਖਾਲੀ ਜੇਬਾਂ ਰੱਖਦੇ ਹਨ। ਜਦ ਕੋਈ ਦੂਸਰਾ ਉਹਨਾਂ ਧੌਲ ਰੂਪੀ ਮੈਂਬਰਾਂ ਦੀ ਹਾਲਤ ਬਾਰ ਉਹਨਾਂ ਨੂੰ ਦੱਸਕੇ ਮੁੱਖੀ ਦੇ ਖਿਲਾਫ ਬੋਲਣ ਨੂੰ ਕਹੇ ਪਰ ਧੌਲ ਰੂਪੀ ਲੋਕ ਚੁੱਪ ਰਹਿੰਦੇ ਹਨ ਕਿਉਂਕਿ ਉਹਨਾਂ ਵਿੱਚ ਸਬਰ ਵੀ ਹੁੰਦਾਂ ਹੈ। ਸੰਤੋਖ ਥਾਪ ਰੱਖਿਆ ਜਿਨ ਸੂਤ ਦਾ ਭਾਵ ਹੈ ਕਿ ਧੌਲ ਰੂਪੀ ਲੋਕਾਂ ਨੂੰ ਮਾਪਿਆ ਜਾਂ ਪਛਾਣਿਆਂ ਉਹਨਾਂ ਦੇ ਸੰਤੋਖ (ਸਬਰ) ਤੋਂ ਜਾਂਦਾਂ ਹੈ। ਸਬਰ ਧੌਲ ਬਲਦ ਦਾ ਸਿੰਗ ਹੁੰਦਾਂ ਹੈ। ਜਦ ਕਿਸੇ ਪਰੀਵਾਰ ਦੇ ਧੌਲ ਰੂਪੀ ਮੈਂਬਰਾਂ ਦਾ ਸਬਰ ਹਿੱਲਣ ਲੱਗ ਜਾਵੇ ਤਾਂ ਉਸ ਪਰੀਵਾਰ ਵਿੱਚ ਭੂਚਾਲ ਵਾਂਗ ਝਟਕੇ ਲੱਗਣੇ ਸੁਰੂ ਹੋ ਜਾਂਦੇ ਹਨ।  ਜਦ ਕਿਰਤ ਕਰਨ ਵਾਲੇ ਪਰੀਵਾਰ ਦੇ ਮੈਂਬਰ ਬਾਗੀ ਹੋ ਜਾਣ ਅਤੇ ਆਪਣਾਂ ਸਬਰ ਖੋ ਬੈਠਣ ਤਦ ਉਹ ਪਰੀਵਾਰ ਪਾਟੋਧਾੜ ਹੋ  ਜਾਂਦਾ ਹੈ ਅਤੇ ਪਰੀਵਾਰ ਦਾ ਮੁੱਖੀ ਵੀ ਮੁੱਖੀ ਨਹੀਂ ਰਹਿ ਸਕਦਾ ਹੁੰਦਾਂ। ਸੋ ਇਸ ਤਰਾਂ ਹੀ ਕਿਸੇ ਪਿੰਡ ਦਾ ਮੁੱਖੀ ਸਰਪੰਚ ਪਿੰਡ ਦਾ ਧੌਲ ਨਹੀਂ ਹੁੰਦਾਂ ਅਸਲੀ ਧੌਲ ਪਿੰਡ ਦੇ ਲੋਕ ਹੁੰਦੇ ਹਨ ਜੋ ਧਰਮ ਅਤੇ ਦਇਆਂ ਕਾਰਨ ਕਿਸੇ ਆਮ ਵਿਅਕਤੀ ਨੂੰ ਆਪਣਾਂ ਮੁੱਖੀ ਚੁਣਦੇ ਹਨ। ਆਮ ਤੌਰ ਤੇ ਹੀ ਪਿੰਡਾਂ ਨੂੰ ਚਲਾਉਣ ਵਾਲੇ ਮੁੱਖੀ ਵੀ ਭਿ੍ਰਸਟ ਅਤੇ ਹੰਕਾਰੀ ਹੋ ਜਾਂਦੇ ਹਨ । ਕਾਫੀ ਲੰਬੇ ਸਮੇਂ ਤੱਕ ਪਿੰਡ ਦੇ ਲੋਕ ਸਬਰ ਕਾਰਨ ਉਸਨੂੰ ਬਰਦਾਸਤ ਕਰਦੇ ਹਨ ਪਰ ਜਿਸ ਦਿਨ ਲੋਕ ਆਪਣਾਂ ਸਿਰ ਹਿਲਾਉਣ ਲੱਗ ਜਾਂਦੇ ਹਨ ਤਦ ਸਰਪੰਚ ਦੀ ਕੁਰਸੀ ਡੋਲਣ ਲੱਗ ਜਾਂਦੀ ਹੈ। ਸਬਰ ਖਤਮ ਹੋ ਜਾਣ ਤੇ ਭਾਵੇਂ ਧੌਲ ਦੀ ਵੀ ਮੌਤ ਹੋ ਜਾਂਦੀ ਹੈ ਪਰ ਉਸ ਧੌਲ ਤੇ ਖੜੀ ਹੋਈ ਟਿਕੀ ਹੋਈ ਕੋਈ ਵੀ ਚੀਜ ਜਾਂ ਸੰਸ਼ਥਾਂ  ਵੀ ਡਗਮਗਾ ਜਾਂਦੀ ਹੈ।ਇਸ ਤ੍ਰਾਂ ਹੀ ਦੇਸ ਅਤੇ ਸੰਸਾਂਰ  ਆਮ ਲੋਕਾਂ ਦੇ ਸਬਰ ਉੱਪਰ ਟਿਕਿਆ ਹੋਇਆ ਹੈ। ਜਦ ਤੱਕ ਆਮ ਲੋਕ  ਧਰਮ ਅਤੇ ਦਇਆ ਕਾਰਨ ਸਬਰ ਵੀ ਬਣਾਈ ਰੱਖਦੇ ਹਨ ਤਦ ਤੱਕ ਸੰਸਾਰ ਚਲਦਾ ਰਹੇਗਾ । ਸੋ ਆਮ ਲੋਕ ਹੀ ਸੰਸਾਰ ਦੇ ਧੌਲ ਹਨ ।
                       ਸਮੁੱਚਾ ਬ੍ਰਹਿਮੰਡ ਵੀ ਇਸ ਤਰਾਂ ਕੁਦਰਤ ਦੀ ਦਇਆ ਤੇ ਚੱਲ ਰਿਹਾ ਹੈ । ਜਦ ਤੱਕ ਕੁਦਰਤ ਮਨੁੱਖ ਅਤੇ ਸਰਿਸਟੀ ਦੀਆਂ ਹੋਰ ਤਾਕਤਾਂ ਦੀਆਂ ਹਰਕਤਾਂ ਦੇ ਬਾਵਜੂਦ ਆਪਣਾਂ ਧਰਮ ਨਿਭਾਉਣ ਦੇ ਯੋਗ ਬਣੀ ਰਹੇਗੀ ਤਦ ਤੱਕ ਇਹ ਸੰਸਾਰ ਵੱਸਦਾ ਰਹੇਗਾ । ਭਾਵੇਂ ਮਨੁੱਖ ਧਰਤੀ ਅਤੇ ਨੂੰ ਵਿਗਾੜਨ ਦਾ ਹਰ ਸੰਭਵ ਯਤਨ ਕਰ ਰਿਹਾ ਹੈ ਪਰ ਜਦ ਤੱਕ ਕੁਦਰਤ ਦਾ ਸਬਰ ਬਣਿਆ ਰਹੇਗਾ ਤਦ ਤੱਕ ਸਾਡਾ ਸੰਸਾਰ ਵੀ ਵਸਦਾ ਰਹੇਗਾ। ਜਦ ਕੁਦਰਤ ਦਾ ਧੌਲ ਸਬਰ ਛੱਡ ਦੇਵੇਗਾ ਤਦ ਬਹੁਤ ਕੁੱਝ ਤਬਾਹ ਹੋ ਜਾਵੇਗਾ। ਸੂਰਜੀ ਪਰੀਵਾਰ ਦਾ ਕੋਈ ਇੱਕ ਵੀ ਗਰਿਹ ਜਦ ਕਦੀ ਆਪਣੇ ਪੰਧ ਤੋਂ ਬਾਗੀ ਹੋ ਜਾਵੇਗਾ ਤਦ ਸੂਰਜੀ ਪਰੀਵਾਰ ਵਿੱਚ ਕੁੱਝ ਵੀ ਸੰਭਵ ਹੈ।  ਸੋ ਅਸਲ ਵਿੱਚ ਇਸ ਬ੍ਰਹਿਮੰਡ ਸਮੇਤ ਦੁਨੀਆਂ ਦੀ ਹਰ ਵਸਤੂ ਧੌਲ ਦੇ ਸਹਾਰੇ ਹੀ ਜੀਵਨ ਬਤੀਤ ਕਰਦੀ ਹੈ ਪਰ ਧੌਲ ਹੁੰਦਾਂ ਕੌਣ ਜਾਂ ਕੀ ਹੈ ਸਮਝਣਾਂ ਜਰੂਰੀ ਹੁੰਦਾਂ ਹੈ । ਜਿਸ ਤਰਾਂ ਕੁਦਰਤ ਧਰਮ ਅਤੇ ਦਇਆ ਵਿੱਚ ਰਹਿੰਦਿਆਂ ਸਬਰ ਬਣਾਈ ਰੱਖਦੀ ਹੈ ਇਸ ਤਰਾਂ ਹੀ ਮਨੁੱਖ ਨੂੰ ਵੀ ਧਰਮ ਅਤੇ ਦਇਆ ਦੇ ਨਾਲ ਸਬਰ ਵਿੱਚ ਰਹਿੰਦਿਆ ਦੁਨੀਆਂ ਜਾਂ ਪਰੀਵਾਰ ਦਾ ਧੌਲ ਰੂਪ ਬਣਨਾਂ ਚੰਗਾਂ ਹੀ ਹੁੰਦਾਂ ਹੈ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ  

No comments: