Friday, 25 July 2014

ਦੋਸਤੀ ਦਾ ਰਿਸਤਾ ਹੀ ਸਭ ਤੋਂ ਵਧੀਆ ਹੁੰਦਾਂ ਹੈ

                               
                                 ਭਾਵੇਂ ਸਮਾਜ ਵਿੱਚ ਰਹਿੰਦਿਆਂ ਪਰੀਵਾਰਕ ਰਿਸਤਿਆਂ ਨੂੰ ਸਭ ਤੋਂ ਉੱਤਮ ਮੰਨਿਆ ਜਾਂਦਾਂ ਹੈ ਜਿੰਹਨਾਂ ਵਿੱਚ ਮਾਂ ਦੀ ਗੋਦ ਨੂੰ ਜੱਨਤ  ਅਤੇ ਬਾਪ ਨੂੰ ਸਿਰ ਦੀ ਛਾਂ ਦਾ ਦਰਜਾ ਦਿੱਤਾ ਜਾਂਦਾਂ ਹੈ । ਭਰਾਵਾਂ ਦਾ ਰਿਸਤਾ ਬਾਹਾਂ ਦੇ ਬਰਾਬਰ ਦੱਸਿਆ ਜਾਂਦਾਂ ਹੈ । ਇਸ ਤਰਾਂ ਹੀ ਹੋਰ ਬਹੁਤ ਸਾਰੇ ਪਰੀਵਾਰਕ ਜਾਂ ਸਮਾਜਕ ਰਿਸਤਿਆਂ ਨੂੰ ਉੱਤਮ ਦਰਜੇ ਦਿੱਤੇ ਗਏ ਹਨ। ਗੁਰੂ ਤੇਗ ਬਹਾਦਰ ਜੀ ਇਹਨਾਂ ਸਮਾਜਕ ਰਿਸਤਿਆਂ ਨੂੰ ਸਵਾਰਥ ਦੀ ਉਪਜ ਮੰਨਦੇ ਹਨ । ਮਾਤ ਪਿਤਾ ਸੁਤ ਬੰਧਪ ਭਾਈ । ਸਭ ਸੁਆਰਥ ਕੇ ਅਧਿਕਾਈ ਕਹਿਕੇ ਗੁਰੂ ਜੀ ਨੇ ਸਾਨੂੰ ਸਪੱਸਟ ਸੰਦੇਸ ਦਿੱਤਾ ਹੈ ।  ਦੋਸਤੀ ਦਾ ਰਿਸਤਾ ਇੱਕ ਇਹੋ ਜਿਹਾ ਰਿਸਤਾ  ਹੈ ਜਿ ਨਿਸਕਾਮਤਾ ਵਿੱਚੋਂ ਉਪਜਦਾ ਹੈ ਅਤੇ ਇਸ ਰਿਸਤੇ ਵਿੱਚ ਸੁਆਰਥ ਦੀ ਥਾਂ ਵਿਚਾਰਾਂ ਦੀ ਸਾਂਝ ਤੇ ਹੀ ਇਸਦੀ ਨੀਂਹ ਰੱਖੀ ਜਾ ਸਕਦੀ ਹੈ। ਗੁਰੂਆਂ ਪੀਰਾਂ ਫਕੀਰਾਂ ਵੱਲੋਂ ਪਰੇਮ ਦਾ ਰਿਸਤਾ ਰੱਬ ਤੱਕ ਪਹੁੰਚਣ ਦਾ ਰਸਤਾ ਮੰਨਿਆਂ ਜਾਂਦਾ ਹੈ। ਜਿਨ ਪਰੇਮ ਕੀਉ ਤਿਨ ਹੀ ਪ੍ਰਭ ਪਾਇਉ । ਆਮ ਹਾਲਤਾਂ ਦੇ ਵਿੱਚ ਸਮਾਜਕ ਰਿਸਤਿਆਂ ਦੇ ਮਹੱਤਵ ਨੂੰ ਨਕਾਰਿਆਂ ਨਹੀਂ ਜਾ ਸਕਦਾ ਪਰ ਮਨੁੱਖ ਦੀ ਹਾਉਮੈਂ ਨੂੰ ਸੱਟ ਵੱਜਣ ਤੇ ਸਮਾਜਕ ਰਿਸਤੇ ਕੱਚ ਵਾਂਗ ਟੁੱਟ ਜਾਂਦੇ ਹਨ । ਅੱਜ ਕਲ ਅਖਬਾਰਾਂ ਦੇ ਵਿੱਚ ਮਾਪਿਆਂ ਵੱਲੋਂ ਆਪਣੇ ਧੀਆਂ ਪੁੱਤਰਾਂ ਨੂੰ ਬੇਦਖਲ ਕਰਨ ਦੇ ਇਸਤਿਹਾਰ ਦੇਖਕੇ ਸਭ ਕੁੱਝ ਸਮਝ ਆ ਜਾਦਾਂ ਹੈ । ਭਰਾ ਦੁਨਿਆਂਵੀ ਜਾਇਦਾਦਾਂ ਵਾਸਤੇ ਭਰਾਵਾਂ ਨੂੰ ਆਦਿ ਕਾਲ ਤੋਂ ਕਤਲ ਤੱਕ ਕਰਦੇ ਤੁਰੇ ਆਉਂਦੇ ਹਨ । ਸਭ ਤੋਂ ਸੰਘਣੀ ਛਾ ਦਾ ਦਰਜਾ ਪਰਾਪਤ ਮਾਵਾਂ ਸਰੀਰਕ ਲੋੜਾਂ ਦੇ ਸਵਾਰਥ ਅਧੀਨ ਮਾਸੂਮ ਔਲਾਦ ਛੱਡ ਕੇ ਫਰਾਰ ਤੱਕ ਹੋ ਜਾਂਦੀਆਂ ਹਨ । ਜਨਮ ਦੇਣ ਵਾਲੇ ਮਾਪਿਆਂ ਵਿੱਚੋ ਘਰੇਲੂ ਝਗੜਿਆਂ ਕਾਰਨ ਕਿਹੜਾ ਕਦੋਂ ਔਲਾਦ ਅਤੇ ਜੀਵਨ ਸਾਥੀ ਤੋਂ ਬਾਗੀ ਹੋ ਜਾਵੇ ਕੋਈ ਨਹੀਂ ਜਾਣ ਸਕਦਾ । ਜਦ ਤੱਕ ਮਨੁੱਖ ਪੂਰਨਤਾ ਹਾਸਲ ਨਹੀਂ ਕਰਦਾ ਤਦ ਤੱਕ ਦੁਨਿਆਂਵੀ ਰਿਸਤਿਆਂ ਵਿੱਚ ਉਲਝਿਆ ਹੋਇਆ ਦੂਸਰਿਆਂ ਨਾਲ ਆਪਣੇ ਅਖਵਾਉਣ ਵਾਲਿਆਂ ਲਈ ਬੇਇਨਸਾਫੀਆਂ ਕਰਦਾ ਹੋਇਆ ਜੰਗ ਲੜਦਾ ਰਹਿੰਦਾਂ ਹੈ । ਲਾਲਚਾਂ ਸਵਾਰਥਾਂ ਤੇ ਟੇਕ ਰੱਖਣ ਵਾਲੇ ਆਪਣੇ ਜਦ ਆਪਣਾਂ ਅਸਲੀ ਰੂਪ ਦਿਖਾਉਂਦੇ ਹਨ ਤਦ ਸਮਾਜ ਵਿੱਚ ਬਹੁਤ ਸਾਰੀਆਂ ਦੁੱਖ ਭਰੀਆਂ ਚੀਕਾਂ ਸੁਣਾਈ ਦਿੰਦੀਆਂ ਹਨ। ਅੱਜ ਦੇ ਤਕਨੀਕੀ ਯੁੱਗ ਵਿੱਚ ਸਮਾਜਕ ਅਤੇ ਪਰੀਵਾਰਕ ਰਿਸਤਿਆਂ ਦੀ ਮੌਤ ਹੋ ਚੁੱਕੀ ਹੈ । ਧੀਆਂ ਪੁੱਤਰਾਂ ਵੱਲੋਂ ਵੀ ਮਾਂ ਬਾਪ ਦੀ ਕਦਰ ਕਰਨ ਨੂੰ ਤਿਲਾਂਜਲੀ ਦੇਣ ਨੂੰ ਪਹਿਲ ਦਿੱਤੀ ਜਾ ਰਹੀ ਹੈ। ਭੈਣ ਭਰਾ ਇੱਕ ਦੂਜੇ ਵੱਲ ਸੱਕ ਭਰੀਆਂ ਨਿਗਾਹਾਂ ਨਾਲ ਦੇਖਦੇ ਹਨ । ਮਰੇ ਹੋਏ ਮਾਪਿਆਂ ਦੇ ਨਕਲੀ ਵਸੀਅਤਾ ਤੇ ਅੰਗੂਠੇ ਲਾਉਣ ਲਈ ਨੀਲੇ ਕੀਤੇ ਹੋਏ ਆਮ ਹੀ ਦਿਖਾਈ ਦਿੰਦੇ ਹਨ ਕਿਉਂਕਿ ਭੈਣਾਂ ਤੇ ਭਰਾਵਾਂ ਨੂੰ ਯਕੀਨ ਹੀ ਨਹੀਂ ਰਿਹਾ । ਸਕੇ ਮਾਂ ਬਾਪ ਜਿਉਂਦੇ ਹੋਏ ਹੀ ਅੱਧੀ ਔਲਾਦ ਨੂੰ ਬਿਨਾਂ ਦੱਸਿਆਂ ਚੋਰੀ ਚੋਰੀ ਵਸੀਅਤਾਂ ਆਮ ਹੀ ਕਰਵਾਉਂਦੇ ਹਨ  । ਜਦ ਮਾਂ ਬਾਪ ਹੀ ਆਪਣੀ ਔਲਾਦ ਤੇ ਵਿਸਵਾਸ ਨਹੀਂ ਕਰ ਸਕਦਾ ਫਿਰ ਕਿਹੜੇ ਰਿਸਤੇ ਦੇ ਪੱਕੇ ਹੋਣ ਦਾ ਦਾਅਵਾ ਕੀਤਾ ਜਾ ਸਕਦਾ ਹੈ । ਪਤੀ ਪਤਨੀ ਦਾ ਰਿਸਤਾ ਜੋ ਭਾਰਤੀ ਸਮਾਜ ਦਾ ਵਿਸਵਾਸ ਤੇ ਟਿਕਿ ਆ ਹੋਇਆਂ ਹੈ ਅਤੇ ਇਸ ਵਿੱਚ ਪਤੀ ਨੂੰ ਪਰਮੇਸਰ ਤੱਕ ਬਣਾਕਿ ਪੇਸ ਕੀਤਾ ਜਾਂਦਾ ਹੈ ਅਤੇ ਪਤਨੀ ਇਕ ਪੂਰਾ ਸੰਸਾਰ ਜਾਂ ਕੁਦਰਤ ਦਾ ਰੂਪ ਅਖਵਾਉਂਦੀ ਹੈ । ਆਦਿ ਕਾਲ ਤੋਂ ਪਤਾ ਨਹੀਂ ਕੁਦਰਤ ਰੂਪੀ  ਪਤਨੀਆਂ ਨੇ ਕਿੰਨੀ ਵਾਰ ਨਵੇਂ ਪਰਮੇਸਰ ਪੈਦਾ ਕੀਤੇ ਹੋਣਗੇ ਅਤੇ ਇਸ ਤਰਾਂ ਪਤੀ ਰੂਪ ਪਰਮੇਸਰ ਨੇ ਅਸੰਖ ਵਾਰ ਨਵੀਆਂ ਕੁਦਰਤਾਂ ਭਾਲਣ ਤੋਂ ਗੁਰੇਜ ਨਹੀਂ ਕੀਤਾ ।
                                  ਅੰਤ ਵਿੱਚ ਸਿਰਫ ਇੱਕੋ ਇੱਕ ਰਿਸਤਾ ਦੋਸਤੀ ਦਾ ਹੈ ਜੋ ਪਰੇਮ ਵਿੱਚੋ ਅਤੇ ਵਿਚਾਰਾਂ ਦੀ ਸਾਂਝ ਵਿੱਚੋ ਉਪਜਣ ਵਾਲਾ ਹੁੰਦਾਂ ਹੈ ਹੀ ਦਿਖਾਈ ਦਿੰਦਾਂ ਹੈ । ਦੋਸਤੀ ਦਾ ਰਿਸਤਾ ਕਦੇ ਵੀ ਸੁਆਰਥ ਦੀ ਪੂਰਤੀ ਤੇ ਨਹੀਂ ਟਿਕਿਆ ਹੁੰਦਾਂ ਕਿਉਂਕਿ ਸਵਾਰਥ ਤੇ ਦੋਸਤੀ ਦਾ ਰਿਸਤਾ ਹੋ ਹੀ ਨਹੀਂ ਸਕਦਾ । ਦੋਸਤ ਹਮੇਸਾਂ ਔਖੇ ਸਮੇਂ ਕੰਮ ਆਉਂਦਾ ਹੈ । ਦੋਸਤ ਤੋਂ ਕਦੇ ਮੰਗਣ ਦੀ ਵੀ ਲੋੜ ਨਹੀਂ ਪੈਂਦੀ । ਦੋਸਤ ਨੂੰ ਤਾਂ ਸਿਰਫ ਦੁੱਖ ਦੱਸਣ ਦੀ ਹੀ ਲੋੜ ਹੁੰਦੀ ਹੈ ਬਾਕੀ ਸਭ ਕੁੱਝ ਤਾਂ ਆਪਣੇ ਆਪ ਹੀ ਸੁਰੂ ਹੋ ਜਾਂਦਾਂ ਹੈ । ਦੋਸਤੀ ਵਿੱਚ ਸਿਰਫ ਪਿਆਰ ਦਾ ਹੀ ਜਨਮ ਹੋ ਸਕਦਾ ਹੈ ਅਤੇ ਇਹ ਪਿਆਰ ਵੀ ਨਿਸਕਾਮ ਹੁੰਦਾਂ ਹੈ । ਇਸ ਪਿਆਰ ਵਿੱਚ ਸਿਰਫ ਤੇ ਸਿਰਫ ਕੁਰਬਾਨ ਹੋ ਜਾਣ ਦੀ ਭਾਵਨਾਂ ਹੀ ਰਹਿ ਜਾਂਦੀ ਹੈ । ਗੁਰੂ ਨਾਲ ਚੇਲਿਆਂ ਦਾ ਰਿਸਤਾ ਦੋਸਤੀ ਤੋਂ  ਪਿਆਰ ਤੱਕ ਦਾ ਸਫਰ ਕਰਦਾ ਹੈ । ਗੁਰੂ ਗੋਬਿੰਦ ਸਿੰਘ ਵਰਗੇ ਯੋਧੇ ਜੰਗਜੂ ਪੁਰਸ ਨਾਲ ਜਦ ਆਮ ਲੋਕਾਂ ਦੀ ਮੁਹੱਬਤ ਅਤੇ ਦੋਸਤੀ ਦੀ ਕਹਾਣੀ ਸੁਰੂ ਹੋਈ ਫਿਰ ਅਨੇਕਾਂ ਮਿਸਾਲਾਂ ਪੈਦਾ ਹੋਈਆਂ ਜਿਸ ਨਾਲ ਰਾਜਸੱਤਾਵਾਂ ਅਤੇ ਜੁਲਮ ਕਰਨ ਵਾਲਿਆਂ ਦੀਆਂ ਨੀਹਾਂ ਹਿੱਲ ਗਈਆਂ ਸਨ । ਗੁਰੂ ਰੂਪ ਦੋਸਤ ਦੀਆਂ ਖੁਸੀਆਂ ਹਾਸਲ ਕਰਨ ਲਈ ਰਫਲਾਂ ਦੇ  ਨਿਸਾਨੇ ਪਰਖਣ ਲਈ ਹਿੱਕਾਂ ਅੱਗੇ ਕਰ ਲਈਆਂ ਗਈਆਂ ਸਨ । ਲੱਖਾ ਸਿਰ ਵਾਰਕੇ ਦੋਸਤੀ ਦੀਆਂ ਦਾਸਤਨਾਂ ਇਤਿਹਾਸ ਦੇ ਪੰਨਿਆਂ ਤੇ ਸੁਨਿਹਰੀ ਰੂਪ ਵਿੱਚ ਚਮਕਦੀਆਂ ਹਨ । ਇੰਹਨਾਂ ਪੰਨਿਆਂ ਤੇ ਦੁਨਿਆਂਵੀ ਰਿਸਤਿਆਂ ਵਿੱਚੋ ਕਿਧਰੇ ਵੀ ਕੁਰਬਾਨੀਆਂ ਦੀਆਂ ਦਾਸਤਾਨਾਂ ਕਿਉਂ ਨਹੀਂ ਲੱਭਦੀਆਂ ਕਿਉਂਕਿ ਜਿੰਨਾਂ ਚਿਰ ਦੁਨਿਆਵੀ ਰਿਸਤਿਆਂ ਵਿੱਚ ਦੋਸਤੀ ਦਾ ਨਿਸਕਾਮ ਵੇਗ ਨਹੀਂ ਹੁੰਦਾਂ ਕੁਰਬਾਨੀ ਕਿਵੇਂ ਹੋਵੇਗੀ । ਸਮਾਜਕ ਰਿਸਤਿਆਂ ਦੀ ਉਮਰ ਲੰਬੀ ਨਾਂ ਹੋਣ ਪਿੱਛੇ ਦੋਸਤੀ ਦਾ ਨਾਂ ਹੋਣਾਂ ਹੀ ਹੈ । ਸੋ ਦੋਸਤੀ ਦਿਲ ਵਿੱਚ ਪੈਦਾ ਹੋਣੀ ਚਾਹੀਦੀ ਹੈ ਜੋ ਸਮਾਜਕ ਰਿਸਤਿਆਂ ਦੀ ਜਿੰਦ ਜਾਨ ਹੁੰਦੀ ਹੈ । ਪੇਸਾਵਰ ਸਮਾਜ ਦਿਲ ਦੀ ਥਾਂ ਦਿਮਾਗ ਨਾਲ ਤੁਰਦਾ ਹੈ । ਸੋ ਭਾਗਾਂ ਵਾਲੇ ਹੁੰਦੇ ਹਨ ਉਹ ਲੋਕ ਜਿੰਹਨਾਂ ਨੇ ਸਮਾਜਕ ਰਿਸਤਿਆਂ ਵਿੱਚ ਦੋਸਤੀ ਨੂੰ ਵੀ ਸਾਮਲ ਕਰ ਲਿਆ ਹੁੰਦਾਂ ਹੈ ਜਿਸ ਨਾਲ ਇਹ ਸਮਾਜਕ ਰਿਸਤੇ ਵੀ ਦੋਸਤੀ ਦੀ ਛਾ ਹੇਠ ਸਾਡੀ ਮੌਤ ਤੱਕ ਦਾ ਸਫਰ ਤੈਅ ਕਰ ਲੈਂਦੇ ਹਨ । ਜਿੰਹਨਾਂ ਲੋਕਾਂ ਕੋਲ ਮੌਤ ਦੀ ਸੇਜ ਤੇ ਸੌਣ ਵੇਲੇ ਦੋਸਤੀ ਦਾ ਸਿਰਹਾਣਾਂ ਹੋਵੇ ਉਹਨਾਂ ਦੀ ਮੌਤ ਵੀ ਸੁਖਾਲੀ ਹੋ ਜਾਂਦੀ ਹੈ । ਇਸ ਲਈ ਹੀ ਤਾਂ ਪੰਜਾਬੀ ਲੋਕ ਗੀਤ ਹੈ ਜਿੰਦ ਯਾਰ ਦੀ ਬੁੱਕਲ ਵਿੱਚ ਨਿਕਲੇ ਰੱਬਾ ਤੇਰੀ ਲੋੜ ਕੋਈ ਨਾਂ ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ   
                

ਦੂਸਰਾ ਰੱਬ ਬਣੇ ਪੈਸੇ ਦੇ ਔਗੁਣ


                                           
          ਵਿਕਾਸ ਅਤੇ ਪਰੀਵਰਤਨ ਦਾ ਰੂਪ ਹੋਕੇ ਚੱਲਣ ਵਾਲੀ ਪਰਕਿਰਤੀ ਦੇ ਰੰਗਾਂ ਵਿੱਚ ਕਿਹੜਾ ਰੰਗ ਕਦੋਂ ਕਿਸ ਰੰਗ ਵਿੱਚ ਬਦਲ ਜਾਂਦਾਂ ਹੈ ਕੋਈ ਨਹੀਂ ਜਾਣ ਸਕਿਆ । ਬੰਦੇ ਦਾ ਬਣਾਇਆ ਪਰੀ ਲੋਕ ਵਿੱਚ ਰਹਿੰਦਾਂ ਰੱਬ ਕਦੋਂ ਪੈਸੇ ਵਿੱਚ ਬਦਲ ਗਿਆ ਕਿਸੇ ਨੂੰ ਵੀ ਪਤਾ ਨਹੀਂ ਚੱਲਿਆ । ਗੁਜਰਾਨ ਦਾ ਰੂਪ ਦੇ ਖਿਤਾਬ ਨਾਲ ਸਿੰਗਾਰਿਆਂ ਅਵਤਾਰੀ ਪੁਰਸਾਂ ਦਾ ਪੈਸਾ ਕਦ   ਖੁਦਾ ਬਣ  ਗਿਆਂ ਸਮਝ ਹੀ ਨਹੀਂ ਆਇਆ । ਅਸਲ ਖੁਦਾ ਜੋ ਸਮੁੱਚਾ ਬ੍ਰਹਿਮੰਡ ਹੀ ਹੁੰਦਾਂ ਹੈ ੴ ਦਾ ਭਾਵ ਅਰਥ ਹੈ  ਕਿ ਇਹ ਬ੍ਰਹਿ੍ਹਮੰਡ ਜਾਂ ਸਮੁੱਚਾ ਪਾਸਾਰਾ ਹੀ ਪਰਮਾਤਮਾ ਦਾ ਰੂਪ ਹੈ । ਦਿਸਣ ਅਤੇ ਨਾਂ ਦਿਸਣ ਵਾਲਾ ਜੋ ਵੀ ਮਹਿਸੂਸ ਕੀਤਾ ਜਾਂਦਾਂ ਹੈ ਸਭ ਕੁੱਝ ਰੱਬ ਦਾ ਰੂਪ ਹੈ ਅਤੇ ਇਹ ਸਭ ਕੁੱਝ  ਸੱਚ ਹੈ ਅਤੇ ਇਸਦਾ ਨਾਮ ਹੈ ਸਤਿ ਜਾਂ ਸੱਚ  ਇਸ ਲਈ ਗੁਰਬਾਣੀ ਦਾ ਦੂਸਰਾ ਸਬਦ ਹੈ ਸਤਿਨਾਮ । ਆਮ ਤੌਰ ਤੇ ਬਹੁਤ ਸਾਰੇ ਅਗਿਆਨੀ ਨਾਮ ਦੀ ਵਿਆਖਿਆ ਹੀ ਇੰਨੀ ਕਰ ਦਿੰਦੇ ਹਨ ਕਿ ਜਗਿਆਸੂ ਮਨੁੱਖ ਉਲਝਾ ਕੇ ਰੱਖ ਦਿੱਤਾ ਜਾਂਦਾਂ ਹੈ । ਸੱਚ ਤੋਂ ਬਿਨਾਂ ਨਾਮ  ਦਾ ਕੋਈ ਮਤਲਬ ਹੀ ਨਹੀ। ਜਪੁਜੀ ਸਾਹਿਬ ਨੂੰ ਸਰਲ ਰੂਪ ਵਿੱਚ ਸਮਝਣ ਤੇ ਸਮਝ ਪੈ ਜਾਂਦੀਂ ਹੈ ਸੰਸਾਰ  ਭਾਵੇਂ ਇਸ ਵਿੱਚ ਤੁਹਾਨੂੰ ਚੰਗਾਂ ਲੱਗੇ ਜਾਂ ਮਾੜਾ ਪਰ ਹੈ ਸਭ ਰੱਬ ਦਾ ਰੂਪ ਅਤੇ ਸੱਚ ਦੀ ਮੂਰਤ।  ਭੂਚਾਲਾਂ ਸੁਨਾਮੀਆਂ ਹਨੇਰੀਆਂ ਅੱਗ ਦੀਆਂ ਲਪਟਾਂ ਨਾਲ ਲੱਖਾਂ ਕਰੋੜਾਂ ਦੀ ਮੌਤ ਕਰਕੇ ਵੀ ਇਹ ਬ੍ਰਹਿਮੰਡ ਦਿਆਲੂ ਹੀ ਦਿਖਾਈ ਦਿੰਦਾਂ ਹੈ ਜਿਸ ਦੇ ਕਾਰਨ ਬਾਕੀ ਬਚਦਾ ਸੰਸਾਰ ਮੌਤ ਦੇ ਭੈਅ ਵਿੱਚ ਕੁਦਰਤ ਦਾ ਕੁੱਝ ਨਾਂ ਕੁੱਝ ਸਨਮਾਨ ਕਰਨ ਲਈ ਮਜਬੂਰ ਹੋ ਜਾਂਦਾਂ ਹੈ ।
                                                    ਪੈਸੇ ਦੇ ਰੂਪ ਵਾਲਾ ਰੱਬ ਭਾਵੇਂ ਮਨੁੱਖ਼ ਨੂੰ ਕਿੰਨੀਆਂ ਵੀ ਸੰਸਾਰੀ ਵਸਤਾਂ ਤੇ ਕਬਜਾ ਕਰਵਾ ਦੇਵੇ ਪਰ ਪਾਪ ਦੀ ਝੋਲੀ ਇਸ ਨਾਲ ਇਹੋ ਜਿਹੀ ਭਰਦੀ ਹੈ ਕਿ ਮਨੁੱਖ ਮੌਤ ਤੱਕ ਇਸਦੀਆਂ ਅੱਗ ਦੀਆਂ ਲਾਟਾਂ ਵਿੱਚ ਸੜਦਾ ਰਹਿੰਦਾਂ ਹੈ। ਪੈਸੇ ਦੀ ਪਹਿਲੀ ਪਰਾਪਤੀ ਮਨੁੱਖ ਵਿੱਚ ਹਾਊਮੈ ਹੰਕਾਰ ਦੇ ਜਮਦੂਤ ਦਾ ਟਿਕਾਣਾ ਕਰਵਾ ਦੇਣਾਂ ਹੀ ਹੁੰਦਾਂ ਹੈ । ਪਾਪ ਬਿਰਤੀਆਂ ਦਾ ਜਨਮ ਦਾਤਾ ਪੈਸਾ ਮਨੁੱਖ ਨੂੰ ਇਸ ਤਰਾਂ ਦੇ ਪੰਧ ਤੇ ਲੈ ਜਾਂਦਾਂ ਹੈ ਜਿਹੜਾ ਉਸਨੂੰ ਸਿਆਣੇ ਸਮਝਦਾਰ ਹੋਣ ਦਾ ਝੂਠਾ ਪਰਮਾਣ ਪੱਤਰ ਦੇ ਦਿੰਦਾਂ ਹੈ ਅਤੇ ਨਿਮਰਤਾ ਨਾਂ ਦਾ ਪੰਛੀ ਇਸ ਟਿਕਾਣੇ ਵਿੱਚੋਂ ਦਿਨੋ ਦਿਨ ਬਾਹਰ ਵੱਲ ਧੱਕਿਆਂ ਜਾਣ ਲੱਗਦਾ ਹੈ । ਇੱਕ ਦਿਨ ਨਿਮਰਤਾ ਨਾਂ ਦਾ ਪੰਛੀ ਇਸ ਆਹਲਣੇ ਵਿੱਚੋਂ ਬਾਹਰ ਡਿੱਗ ਕੇ ਮੌਤ ਦਾ ਸਿਕਾਰ ਹੋ ਜਾਂਦਾਂ ਹੈ ਅਤੇ ਨਿਮਰਤਾ ਦੇ ਖਤਮ ਹੋਣ ਨਾਲ ਦਇਆ ਨਾਂ ਦੇ ਬੂਟੇ ਤੇ ਬੈਠ ਕੇ ਗਾਉਣ ਵਾਲੇ ਪੰਛੀ ਦਾ ਟਿਕਾਣਾ ਵੀ ਖਤਮ ਹੋ ਜਾਂਦਾਂ ਹੈ। ਦਇਆਂ ਨਿਮਰਤਾ ਦੇ ਖਤਮ ਹੋ ਜਾਣ ਬਾਅਦ ਬੰਦਾਂ ਬੇਸਬਰਾ ਵੀ ਹੋ ਜਾਂਦਾਂ ਹੈ ਅਤੇ ਫਿਰ ਕਦੇ ਵੀ ਧਰਤੀ ਦਾ ਧੌਲ ਅਖਵਾ ਨਹੀਂ ਸਕਦਾ ਕਿਉਂਕਿ ਗੁਰਬਾਣੀ ਅਨੁਸਾਰ ਧੌਲ ,ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ । ਸੰਤੋਖ ਸਬਰ ਵਾਲੀਆਂ ਵਸਤਾਂ ਹੀ ਸੰਸਾਰ ਦੀਆਂ ਚਲਾਉਣ ਵਾਲੀਆਂ ਸਕਤੀਆਂ ਹਨ ਅਤੇ ਇਹ ਸਕਤੀਆਂ ਹੀ ਸਮੁੱਚੇ ਬ੍ਰਹਿਮੰਡ ਦਾ ਧੌਲ ਅਖਵਾਉਂਦੀਆਂ ਹਨ ਜੋ ਧਰਮ ਅਤੇ ਦਇਆਂ ਵਿੱਚੋਂ ਉਪਜਦੀਆਂ ਹਨ । ਪੈਸੇ ਵਾਲਿਆਂ ਕੋਲ ਜੇ ਨਿਮਰਤਾ ਨਹੀਂ ਹੈ ਤਦ ਉਹਨਾਂ ਕੋਲ ਧਰਮ ਅਤੇ ਦਇਆਂ ਹੋ ਹੀ ਨਹੀਂ ਸਕਦੇ । ਪੈਸੇ ਜਾਂ ਤਾਕਤ ਦਾ ਔਗੁਣ ਸਭ ਤੋਂ ਵੱਡਾ ਹੀ ਇਹ ਹੈ ਕਿ ਇਹ ਹਰ ਇੱਕ ਤੋਂ ਨਿਮਰਤਾ ਹੀ ਖੋਹ ਲੈਂਦਾਂ ਹੈ ਜਿਸ ਕਾਰਨ ਮਨੁੱਖ ਮਾਇਆਧਾਰੀ (ਕਰਾਮਾਤੀ) ਹੋਕੇ ਹੰਕਾਰ ਵਿੱਚ ਅੰਨਾਂ ਬੋਲਾ ਬਣ ਜਾਂਦਾ ਹੈ । ਅੰਨਾਂ ਬੋਲਾ ਕਦੇ ਵੀ ਸੰਸਾਰਕ ਪੂਰਨਤਾ ਪਾ ਹੀ ਨਹੀਂ ਸਕਦਾ ।
                              ਮਨੁੱਖ ਇੱਕ ਸਮਾਜਿਕ ਪਰਾਣੀ ਹੈ ਜਿਸ ਨੂੰ ਹਮੇਸਾਂ ਸਮਾਜ ਦੇ ਦੁੱਖ ਦਰਦ ਮਹਿਸੂਸ ਹੁੰਦੇ ਰਹਿਣੇ ਚਾਹੀਦੇ ਹਨ । ਸਮਾਜ ਦਾ ਮਤਲਬ ਹੀ ਇਹ ਹੈ ਕਿ ਦੂਸਰਿਆਂ ਦੇ ਦੁੱਖਾ ਦਰਦਾਂ ਨੂੰ ਵੀ ਸਾਝਾਂ ਹੀ ਸਮਝਣਾਂ । ਦੂਸਰਿਆਂ ਦਾ ਦੁੱਖ ਸੁੱਖ ਜੇ ਅਸੀਂ  ਆਪਣਾਂ ਸਮਝਾਂਗੇ ਤਦ ਨਫਰਤ ਮਰ ਜਾਂਦੀ ਹੈ ਅਤੇ ਪਿਆਰ ਪੈਦਾ ਹੋ ਜਾਂਦਾ ਹੈ ਅਤੇ ਜਿੱਥੇ ਪਿਆਰ ਹੁੰਦਾਂ ਹੈ ਉੱਥੇ ਖੁਦਾ ਦਾ ਵਾਸ ਹੋ ਜਾਂਦਾ ਹੈ । ਜਿਨ ਪਰੇਮ ਕੀਉ ਤਿਨ ਹੀ ਪ੍ਰਭ ਪਾਇਉ । ਸੋ ਪੈਸੇ ਦੀ ਪਰਾਪਤੀ ਦੇ ਚੱਕਰ ਵਿੱਚ ਇਨਸਾਨ ਨੂੰ ਕਦੇ ਵੀ ਪਿਆਰ ,ਮੁਹੱਬਤ , ਨਿਮਰਤਾ ,ਦਇਆ ,ਧਰਮ ਅਤੇ ਸੇਵਾ ਵਰਗੀਆਂ ਕੀਮਤੀ ਖਜਾਨਿਆਂ ਨੂੰ ਨਹੀਂ ਸੁੱਟਣਾਂ ਚਾਹੀਦਾ । ਇਹ ਕੀਮਤੀ ਖਜਾਨੇ ਜਿਸ ਕੋਲ ਹੋਣ ਉਹ ਹੀ ਪੈਸੇ ਤੋਂ ਸਵਰਗ ਬਣਾ ਸਕਦਾ ਹੈ ਪਰ ਉਪਰੋਕਤ ਗੁਣਾਂ ਦੀ ਅਣਹੋਂਦ ਵਿੱਚ ਤਾਂ ਪੈਸਾ ਨਰਕ ਦਾ ਸਭ ਤੋਂ ਵੱਡਾ ਰੂਪ ਹੋ ਨਿਬੜਦਾ ਹੈ । ਮੌਤ ਦੇ ਸਹੀ ਵਕਤ ਆ ਜਾਣ ਤੇ ਪੈਸਾ ਕਦੀ ਵੀ ਮਦਦ ਨਹੀਂ ਕਰ ਸਕਦਾ । ਜਿੰਦਗੀ ਵਿੱਚ ਆਮ ਹੀ ਦੇਖਦੇ ਹਾਂ ਜਦ ਕਦੀ ਕੋਈ ਮਨੁੱਖ ਕਿਸੇ ਦੁਨਿਆਵੀ ਹਾਦਸੇ ਕਾਰਨ ਜਾਂ ਬਿਮਾਰੀ ਕਾਰਨ ਮੌਤਾ ਦੀ ਸੇਜ ਤੇ ਸੌਣ ਜਾ ਰਿਹਾ ਹੁੰਦਾਂ ਹੈ ਅਤੇ ਡਾਕਟਰ ਆਦਿ ਵੀ ਜਵਾਬ ਦੇਣ ਲੱਗਦੇ ਹਨ ਅਤੇ ਉਸ ਵਕਤ ਮਾਇਆ ਧਾਰੀ ਦੇ ਵਾਰਿਸ ਲੋਕ ਆਪਣੇ ਹੱਥਾਂ ਵਿੱਚ ਫੜੇ ਪੈਸੇ ਨੂੰ ਘੁੱਟਕੇ ਰਹਿ ਜਾਂਦੇ ਹਨ ਜਾਂ ਉਹਨਾਂ ਦੇ ਹੱਥੋ ਆਪਣੇ ਆਪ ਹੀ ਪੈਸਾ ਵੀ ਡਿੱਗ ਜਾਂਦਾ ਹੈ । ਇਹੋ ਜਿਹੀ ਹਾਲਤ ਵਿੱਚ ਕਈ ਵਾਰ ਤਾਂ ਉਹਨਾਂ ਦੇ ਹੱਥ ਕੁਦਰਤ ਦੇ ਵੱਲ ਦੁਆ ਕਰਨ ਲਈ ਬੰਨ ਲਏ ਜਾਂਦੇ ਹਨ । ਦੁਆ ਕਰਨ ਸਮੇਂ ਹੱਥ ਹਮੇਸਾਂ ਖਾਲੀ ਹੀ ਹੁੰਦੇ ਹਨ । ਇਹੋ  ਵਕਤ ਹੁੰਦਾਂ ਹੈ ਜਦ ਪਤਾ ਲੱਗਦਾ ਹੈ ਕਿ ਪੈਸਾ ਕਦੇ ਖੁਦਾ ਨਹੀਂ ਬਣ ਸਕਦਾ  । ਸੋ ਪੈਸੇ ਰੂਪੀ ਖੁਦਾ ਦੇ ਪਿੱਛੇ ਲੱਗਕੇ ਇਸਨੂੰ ਇਕੱਠਾ ਕਰਨ ਦੀ ਦੌੜ ਵਿੱਚ ਕਦੇ ਵੀ ਮਨੁਖ  ਨੂੰ ਆਪਣਾਂ ਆਚਰਣ ਨੀਵਾਂ ਨਹੀਂ ਕਰਨਾਂ ਚਾਹੀਦਾ ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ   

Friday, 18 July 2014

ਨਾਲ ਅਮਲਾਂ ਦੇ ਹੋਵਦੇ ਨਿਬੇੜੇ ਬਾਤ ਕਿਸੇ ਪੁਛਣੀ ਨਹੀਂ

                   
                ਦੇਸ ਦੇ ਵਿੱਚ ਬੀਜੇਪੀ ਸਰਕਾਰ ਨੇ ਆਪਣਾਂ ਪਹਿਲਾ ਬਜਟ ਪੇਸ ਕਰ ਦਿੱਤਾ ਹੈ ਜਿਸ ਵਿੱਚ ਦੇਸ ਦੇ ਲੋਕਾਂ ਦੀਆਂ ਜਗਾਈਆਂ ਆਸਾਂ ਮੁਰਝਾ ਕੇ ਰਹਿ ਗਈਆਂ ਹਨ। ਮਹਿੰਗਾਈ ਦਾ ਭੂਤ ਕਾਬੂ ਕਰਨ ਲਈ ਕੋਈ ਮਾਇਆ ਜਾਲ ਦਿਖਾਈ ਨਹੀਂ ਦੇ ਰਿਹਾ । ਇਹ ਬਜਟ ਕਿਸੇ ਪਾਸਿਉਂ ਵੀ ਕਾਂਗਰਸ ਸਰਕਾਰ ਨਾਲੋਂ ਵੱਖਰਾ ਦਿਖਾਈ ਨਹੀਂ ਦੇ ਰਿਹਾ । ਇਸ ਵਿੱਚ ਕਿਸਾਨਾਂ ਅਤੇ ਮਹਿਗਾਈ ਰੋਕਣ ਲਈ ਐਲਾਨੀਆਂ ਰਕਮਾਂ ਪੜਕੇ  ਤਾਂ ਅਤਿ ਅਫਸੋਸ ਹੁੰਦਾਂ ਹੈ । ਪੰਜਾਬੀਆਂ ਦੀਆਂ  ਆਸਾਂ ਅਰੁਣ ਜੇਤਲੀ ਦੇ ਗੁੱਸੇ ਦੀ ਭੇਂਟ  ਚੜ ਗਈਆਂ ਹਨ।  ਕੁੱਝ ਵਿਸੇਸ ਖੇਤਰਾਂ ਦੇ ਹਿੱਸੇ ਦੀਆਂ ਵੱਡੀਆਂ ਰਕਮਾਂ ਨੂੰ ਛੱਡਕੇ ਆਮ ਲੋਕਾਂ ਦੀਆਂ ਜਰੂਰਤਾਂ ਵਾਲੇ ਖੇਤਰਾਂ ਵਿੱਚ ਐਲਾਨੀਆਂ ਸਕੀਮਾਂ ਹਾਸੋ ਹੀਣੀਆਂ ਹਨ । ਆਮ ਲੋਕਾਂ ਦੀਆਂ ਤਾਂ ਭਾਵਨਾਵਾਂ ਨਾਲ ਹੀ ਖਿਲਵਾੜ ਕੀਤਾ ਲੱਗਦਾ ਹੈ। ਮਹਿੰਗਾਈ ਰੋਕਣ ਲਈ 500 ਕਰੋੜ ਦਾ ਫੰਡ ਰਿਜਰਵ ਰੱਖਿਆ ਗਿਆਂ ਹੈ ਜਿਸ ਨਾਲ ਦੇਸ ਦੇ 125 ਕਰੋੜ ਲੋਕਾਂ ਨੂੰ ਰਾਹਤ  ਦਿੱਤੀ ਜਾਵੇਗੀ ਅਤੇ ਇਸ ਰਕਮ ਨੂੰ ਪ੍ਰਤੀ ਵਿਅਕਤੀ ਵੰਡਣ ਤੇ ਚਾਰ ਰੁਪਏ ਸਲਾਨਾ ਦੀ ਰਾਹਤ ਬਣਦੀ ਹੈ  ਜੋ ਕਿ ਰੋਜਾਨਾ ਇੱਕ ਪੈਸਾ ਬਣਦੀ ਹੈ ਦੇ ਨਾਲ ਸਮੁੱਚਾ ਹਿੰਦੋਸਤਾਨ ਖੁਸ ਹੋ ਲਵੇਗਾ ਇਹ ਸਰਕਾਰ ਦੀ ਸੋਚ ਹੈ। ਇੱਕ ਹੋਰ ਹੈਲਥ ਫੰਡ ਜੋ ਸੌ ਕਰੋੜ ਦਾ ਹੈ ਕਿਸਾਨਾਂ ਲਈ ਐਲਾਨਿਆਂ ਗਿਆ ਹੈ ਜੋ ਦੇਸ ਦੇ 60 ਕਰੋੜ ਕਿਸਾਨ ਜੀਆਂ ਨੂੰ ਪ੍ਰਤੀ ਵਿਅਕਤੀ ਡੇਢ ਕੁ ਰੁਪਇਆਂ ਆਵੇਗਾ ਸੋ ਇਹ ਵੀ ਕਿਸਾਨਾਂ ਲਈ ਕਿੰਨਾਂ ਕੁ ਇੰਨਕਲਾਬ ਲਿਆ ਦੇਵੇਗਾ ਸਮਝਿਆ ਜਾ ਸਕਦਾ ਹੈ।
                               ਕਿਸਾਨਾਂ ਤੇ ਮਹਿੰਗਾਈ ਤੋਂ ਬਾਅਦ ਅਗਲਾ ਮਸਲਾ ਗੰਗਾਂ ਨਦੀ ਨੂੰ ਸਾਫ  ਕਰਨ ਦਾ ਹੈ ਤੇ ਇਸ  ਦੇ ਨਾਂ ਤੇ ਮਨਮੋਹਨ ਸਰਕਾਰ ਦਾ ਫਾਰਮੂਲਾ ਹੀ ਲਾਗੂ ਕਰ ਦਿੱਤਾ ਗਿਆ ਹੈ ਅਤੇ ਚਾਰ ਕੁ ਹਜਾਰ ਕਰੋੜ ਦੀ ਰਕਮ ਵਾਲਾ ਫੰਡ ਬਣਾ ਲਿਆ ਗਿਆ ਹੈ ਅਤੇ ਇਸ ਲਈ ਮੰਗਤਿਆਂ ਵਾਂਗ ਠੂਠਾ ਵੀ ਫੜਿਆ ਜਾਵੇਗਾ ।  ਗੰਗਾ ਸਾਫ ਕਰਨ ਦੇ ਨਾਂ ਤੇ ਰਾਜਨੀਤਕ ਲੋਕ ਸਰਕਾਰੀ ਪੈਸਾ ਹੜੱਪਣਾਂ ਲੋਚਦੇ ਹਨ ਜਦੋਂ ਕਿ ਗੰਗਾਂ ਸਫਾਈ ਲਈ ਕਾਨੂੰਨ ਬਣਾਕਿ ਸਹਿਰੀ ਗੰਦ ਅਤੇ ਫੈਕਟਰੀਆਂ ਦੀ ਰਹਿੰਦ ਖੂੰਹਦ ਅਤ ਕੈਮੀਕਲ ਯੁਕਤ ਤਰਲ ਗੰਗਾਂ ਵਿੱਚ ਰੋਕੇ ਜਾਣੇ ਚਾਹੀਦੇ ਸਨ ਤੇ ਇਸ ਨਾਲ ਗੰਗਾਂ ਆਪਣੇ ਆਪ ਹੀ ਸਾਫ ਹੋ ਸਕਦੀ ਹੈ । ਅਸਲ ਵਿੱਚ ਗੰਗਾਂ ਸਾਫ ਕਰਨ ਦਾ ਤਾਂ ਮਕਸਦ  ਹੈ ਹੀ ਨਹੀ ਸਗੋਂ ਗੰਗਾਂ ਦੇ ਨਾਂ ਤੇ ਵੋਟਾਂ ਦੀ ਫਸਲ ਵੱਢਣ ਦੀਆਂ ਸਕੀਮਾਂ ਬਣਾਈਆਂ ਜਾ ਰਹੀਆਂ ਹਨ। ਇਸ ਤਰਾਂ ਦਾ ਹੀ ਇੱਕ ਹੋਰ ਏਜੰਡਾਂ ਦੇਸ ਦੇ ਵਿੱਚ ਘੱਟ ਗਿਣਤੀ ਮੁਸਲਮਾਨਾਂ ਦੇ ਮਦਰੱਸਿਆਂ ਦੇ ਲਈ ਸੌ ਕਰੋੜ ਦਾ ਫੰਡ ਜਾਰੀ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਜਿਸ ਨਾਲ ਬੀਹ ਕਰੋੜ ਲੋਕਾਂ ਨੂੰ ਪੰਜ ਰੁਪਏ ਪ੍ਰਤੀ ਵਿਅਕਤੀ ਖਰਚ ਕੇ ਇਨਕਲਾਬ ਦੀ ਆਸ ਕਰਨਾਂ ਕਿੰਨੀ ਕੁ ਸਿਆਣਫ ਹੋ ਸਕਦੀ ਹੈ । ਦੇਸ ਦੀ ਘੱਟ ਗਿਣਤੀ ਭਾਈਚਾਰੇ ਦੇ ਆਗੂਆਂ ਦੇ ਇੱਕ ਹਿੱਸੇ ਨੇ ਤਾਂ ਇਸ ਪੈਸੇ ਨੂੰ ਮਦਰੱਸਿਆਂ ਦੀ ਸਿੱਖਿਆਂ ਦੇਣ ਦੀ ਅਜਾਦੀ ਖੋਹਣ ਦਾ ਯਤਨ ਹੀ ਮੰਨਿਆਂ ਹੈ । ਅੱਧ ਅਧੂਰੀਆਂ ਸਕੀਮਾਂ ਕੀ ਚੰਦ ਚਾੜਨਗੀਆਂ ਸਿਰਫ ਫੋਕੇ ਲਲਕਾਰੇ ਹੀ ਬਣਨਗੀਆਂ । ਕਰਜਾਈ ਕਿਸਾਨਾਂ ਨੂੰ ਕਰਜਾਈ ਹੋਰ ਕਰਨ ਲਈ ਪੰਜ ਲੱਖ ਕਰੋੜ ਦੀਆਂ ਮੰਨਜੂਰੀਆਂ ਦੇਣ ਦੀ ਗੱਲ ਕੀ ਚੰਦ ਚਾੜੇਗੀ ਖੁਦਾ ਬਚਾਵੇ ਇਸ ਤੋਂ । ਲੋੜ ਕਿਸਾਨ ਨੂੰ ਕਰਜਾ ਮੁਕਤ ਕਰਨ ਦੀ ਹੈ ਪਰ ਸਕੀਮਾਂ ਹੋਰ ਕਰਜਾਈ ਕਰਨ ਦੀਆਂ ਐਲਾਨੀਆਂ ਜਾ ਰਹੀਆਂ ਹਨ।
                                        ਕੇਂਦਰੀ ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਨੇ ਲੋਕ ਸਭਾ ਵਿੱਚ ਆਮ ਬਜਟ 2014-15 ਪੇਸ਼ ਕਰਦਿਆਂ ਕਿਹਾ ਕਿ ਦੇਸ਼ ਵਿੱਚ ਪੀਣਯੋਗ ਪਾਣੀ ਦੇ ਸਰੋਤ ਫਲੋਰਾਈਡ, ਆਰਸੈਨਿਕ ਵਰਗੀਆਂ ਅਸ਼ੁੱਧੀਆਂ ਅਤੇ ਮਨੁੱਖੀ ਪ੍ਰਦੂਸ਼ਣ, ਜਲ ਮਲ ਨਿਕਾਸੀ , ਉਦਯੋਗਿਕ ਜਹਿਰੀਲੇ ਪਦਾਰਥ, ਕੀਟ ਨਾਸ਼ਕ ਅਤੇ ਖਾਦਾਂ ਦੇ ਕਾਰਣ ਪ੍ਰਦੂਸ਼ਿਤ ਹੈ। ਇਸ ਲਈ ਸ਼ੁੱਧ ਪਾਣੀ ਉਪਲਬੱਧ ਕਰਵਾਉਣ ਲਈ ਕੌਮੀ ਗ੍ਰਾਮੀਣ ਪੀਣਯੋਗ ਪਾਣੀ ਹੇਠ 3600 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। 3600 ਕਰੋੜ ਰੁਪਇਆ 125 ਕਰੋੜ ਲੋਕਾਂ ਨੂੰ ਕਿਸ ਤਰਾਂ ਅਤੇ ਕਿੰਨਾਂ ਕੁ ਸਾਫ ਪਾਣੀ ਦੇ ਸਕੇਗਾ ? ਇਸ ਨਾਲ ਦੇਸ ਦਾ ਹਰ ਨਾਗਰਿਕ ਦੋ ਬੋਤਲਾਂ ਪਾਣੀ ਰੇਲਵੇ ਦੇ ਪਾਣੀ ਦੀਆਂ ਹੀ ਹਾਸਲ ਕਰ ਸਕੇਗਾ ਉਹ ਵੀ ਜੇ ਏਨਾ ਪੈਸਾ ਇਮਾਨਦਾਰੀ ਨਾਲ ਵੰਡਿਆਂ ਜਾਵੇਗਾ ਕਿਉਂਕਿ ਭਿਰਸਟਾਚਾਰ ਸਾਇਦ ਇਸ ਵਿੱਚੋਂ ਵੀ ਇੱਕ ਬੋਤਲ ਰਾਹ ਵਿੱਚ ਹੀ ਖਤਮ ਕਰ ਦੇਵੇ । ਸੋ ਦੇਸ ਵਾਸੀਆਂ ਨੂੰ ਇੱਕ ਬੋਤਲ ਦੇ ਪੈਸਿਆਂ ਨਾਲ ਜਰੂਰ ਭੰਗੜਾਂ ਪਾ ਲੈਣਾਂ ਚਾਹੀਦਾ ਹੈ। ਇਸ ਤਰਾਂ ਦੀਆਂ ਹੋਰ ਅਨੇਕਾਂ ਸਕੀਮਾਂ ਦਾ ਸਿਰਫ ਜਿਕਰ ਕਰਕੇ ਹੀ ਸਾਰ ਦਿੱਤਾ ਗਿਆਂ ਹੈ ਅਤੇ ਕੋਈ ਰਕਮ ਐਲਾਨੀ ਹੀ ਨਹੀਂ ਗਈ । ਜਦ ਐਲਾਨੀਆਂ ਸਕੀਮਾਂ ਵੀ ਊਠ ਦੇ ਮੂੰਹ ਵਿੱਚ ਜੀਰਾ ਦੇਣ ਵਾਂਗ ਹੈ ਤਦ ਬਿਨਾਂ ਕੋਈ ਰਕਮ ਰੱਖੇ ਐਲਾਨੀਆਂ ਸਕੀਮਾਂ ਦਾ ਰੱਬ ਹੀ ਰਾਖਾ ਹੋਵੇਗਾ।
                              ਪੰਜਾਬ ਸਰਕਾਰ ਦੇ ਆਗੂ ਇੱਕ ਲੱਖ ਕਰੋੜ ਦੇ ਕਰਜਾਈ ਪੰਜਾਬ ਦੇ ਲਈ ਰਿਆਇਤ ਦੀ ਆਸ ਲਗਾਈ ਬੈਟੇ ਸਨ ਪਰ ਪੰਜਾਬ ਦੇ ਲਈ ਕੋਈ ਕਰਜੇ ਤੋਂ ਰਾਹਤ ਵਾਲਾ ਕੋਈ ਪੈਕੇਜ ਨਹੀਂ ਦਿੱਤਾ ਗਿਆ । ਪੰਜਾਬ ਦੀ ਖੇਤੀਬਾੜੀ ਲਈ ਕੋਈ ਵਿਸੇਸ ਸਕੀਮ ਨਹੀਂ ਐਲਾਨੀ ਗਈ । ਪੋੰਜਾਬ ਸਰਕਾਰ ਹਰ ਸਾਲ ਘਾਟੇ ਦੇ ਬਜਟ ਪੇਸ ਕਰਨ ਲਈ ਮਜਬੂਰ ਹੈ ਅਤੇ ਵਿਕਾਸ ਲਈ ਸੈਂਟਰ ਸਰਕਾਰ ਤੇ ਟੇਕ ਰੱਖਣ ਲਈ ਮਜਬੂਰ ਹੈ । ਪੰਜਾਬ ਸਰਕਾਰ ਦਾ ਜਿਆਦਾਤਰ ਮਾਲੀਆਂ ਕਿਸਾਨ ਅਤੇ ਮਜਦੂਰ ਵਰਗ ਤੋਂ ਹੀ ਆਉਂਦਾਂ ਹੈ। ਪੰਜਾਬੀ ਕਿਸਾਨ ਤੇ ਟੈਕਸਾਂ ਦਾ ਬੋਝ ਹੋਰ ਵਧੇਗਾ । ਖੁਦਕਸੀਆਂ ਤੱਕ ਪਹੁੰਚਿਆਂ ਕਿਸਾਨ ਹੋਰ ਤਰਸ ਯੋਗ ਹਾਲਤ ਵਿੱਚ ਪਹੁੰਚ ਜਾਵੇਗਾ । ਕਿਸਾਨ ਦੀ ਮੰਦੀ ਹਾਲਤ ਮਜਦੂਰਾਂ ਦਾ ਹੋਰ ਬੁਰਾ ਹਾਲ ਕਰ ਦੇਵੇਗੀ । ਬੇਰੁਜਗਾਰ ਨੌਜਵਾਨਾਂ ਦੇ ਹੜ ਪਹਿਲਾਂ ਹੀ ਪੰਜਾਬ ਵਿੱਚ ਆਏ ਹੋਏ ਹਨ ਅਤੇ ਇਸ ਨੂੰ ਠੱਲ ਪੈਣ ਦੀ ਆਸ ਹੋਰ ਧੁੰਦਲੀ ਹੋ ਜਾਵੇਗੀ । ਮੋਦੀ ਸਰਕਾਰ ਦੇ ਐਲਾਨੇ ਅੱਛੇ ਦਿਨ ਪੰਜਾਬ ਲਈ ਬੁਰੇ ਦਿਨਾਂ ਦੇ ਸੰਕੇਤ  ਹਨ । ਸੋ ਅੰਤ ਨੂੰ ਤਾਂ ਇਹੀ ਕਹਿਣ ਲਈ ਮਜਬੂਰ ਹੋਣਾਂ ਪੈਂਦਾਂ ਹੈ ਕਿ ਇੱਥੇ ਅਮਲਾਂ ਨਾਲ ਨਿਬੇੜੇ ਹੋਣੇਂ ਨੇ ਬਾਤਾਂ ਨਾਲ ਕੁੱਝ ਨਹੀਂ ਬਣਨਾਂ । ਅੱਛੇ ਦਿਨ ਰਾਜਨੀਤਕਾਂ ਅਤੇ ਅਮੀਰਾਂ ਦੇ ਜਰੂਰ ਹੋ ਸਕਦੇ ਹਨ ਆਮ ਲੋਕਾਂ ਦੇ ਤਾਂ ਬੁਰੇ ਦਿਨ ਸੁਰੂ ਹੋ ਚੁੱਕੇ ਹਨ ਸੋ ਰੱਬ ਹੀ ਰਾਖਾ  ਹੈ ਪੰਜਾਬੀਆਂ ਅਤੇ ਹਿੰਦੋਸਤਾਨੀਆਂ ਦਾ ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ   

Friday, 11 July 2014

ਇੱਕ ਉਹ ਵੀ ਖਾਲਸਾ ਸੀ

ਇੱਕ ਉਹ ਵੀ ਖਾਲਸਾ ਸੀ ਜੋ ਕਰਦਾ ਸੀ ਵਾਅਦਾ ਗੁਰੂ ਨਾਲ ਸਿਰ ਦੇਵਣ ਦਾ
ਫੇਰ ਦਿੰਦਾਂ ਸੀ ਗੁਰੂ ਖੰਡੇ ਬਾਟੇ ਦੀ ਪਾਹੁਲ ਉਸ ਸੇਰ ਵਰਗੇ ਇਨਸਾਨ ਨੂੰ
ਗੁਰੂ ਪਾਉਂਦਾ ਸੀ ਪੰਜ ਕਕਾਰੀ ਵਰਦੀ ਉਸ ਨੂੰ ਅਕਾਲ ਪੁਰਖ ਦਾ ਫੌਜੀ ਸਮਝਕੇ
ਇਹ ਖੜ ਜਾਂਦਾ ਸੀ ਰਾਹਾਂ ਤੇ ਇਕੱਲਾ ਹੀ ਗਰਜਾ ਸਿੰਘ ਬੋਤਾ ਸਿੰਘ ਬਣ
ਸਰਕਾਰਾਂ ਨੂੰ ਦੱਸਣ ਲਈ ਕਿ ਖਾਲਸਾ ਹਾਲੇ ਮਰਿਆ ਨਹੀ ਡਰਿਆਂ ਨਹੀਂ
ਉਡੀਕਦਾ ਸੀ ਜਾਲਮ ਸਰਕਾਰਾਂ ਦੇ ਸਿਪਾਹੀਆਂ ਨੂੰ ਲੜਦਾ ਸੀ ਮੌਤ ਹੋਣ ਤੱਕ
ਇੱਕ ਉਹ ਵੀ  ਖਾਲਸਾ ਹੈ ਅੱਜ ਦਾ ਜਿਸ ਤੋਂ ਕਦੇ ਨਹੀਂ ਪੁਛਿਆ ਜਾਂਦਾ ਸਿਰ ਦੇਵਣ ਲਈ
ਪਵਾ ਦਿੰਦੇ ਨੇ ਭੇਖ ਗੁਰੂ ਗੋਬਿੰਦ ਦੇ ਸਿਪਾਹੀ ਦਾ ਤੇ ਵਾਅਦੇ ਲਏ ਜਾਂਦੇ ਹਨ ਕਿਸੇ ਭਗੌੜੇ ਦੇ ਪਿੱਛੇ ਤੁਰਨ ਦੇ
ਅੱਗੇ ਜਿੰਹਨਾਂ ਕੀਤੇ ਹੁੰਦੇ ਹਨ ਵਾਅਦੇ ਰਾਜਸੱਤਾ ਨਾਲ ਵੋਟਾਂ ਦੇਵਣ ਦੇ ਲੋਕਾਂ ਨੂੰ ਲੁੱਟਣ ਲਈ
 ਕੋਈ ਰੱਖਦਾ ਹੈ ਨਾਂ ਇਸਦਾ ਨਿਰਵੈਰ ਖਾਲਸਾ ਕੋਈ ਦੂਸਰਾ ਰੱਖਦਾ ਹੈ ਨਾਂ ਇਸਦਾ ਪੂਰਨ ਖਾਲਸਾ
ਕੋਈ ਰੱਖਦਾ ਹੈ ਨਾਂ ਇਸਦਾ ਬ੍ਰਹਮ ਖਾਲਸਾ ਅਤੇ ਇਸ ਤਰਾਂ ਦੇ  ਹੋਰ ਵੀ ਅਨੇਕਾਂ ਨਾਂ ਹਨ ਅੱਜ ਦੇ ਖਾਲਸੇ ਦੇ
ਭੇਖ ਤਾਂ ਇਸਦਾ ਵੀ ਮੇਰੇ ਗੁਰੂ ਦੇ ਖਾਲਸੇ ਵਰਗਾ ਹੈ
ਪਰ ਇਹ ਲੜਦਾ ਨਹੀਂ ਮਜਲੂਮਾਂ ਲਈ ਇਹ ਲੜਦਾ ਹੈ ਸਰਕਾਰਾਂ ਲਈ
ਇਹ ਲੜਦਾ ਹੈ ਔਰੰਗਜੇਬ ਲਈ ਇਹ ਲੜਦਾ ਹੈ ਫਰੇਬ ਲਈ ਇਹ ਲੜਦਾ ਹੈ ਜੇਬ ਲਈ
ਇਹ ਨਹੀਂ ਲੜਦਾ ਧਰਮ ਲਈ ਨਹੀਂ ਲੜਦਾ ਕਦੇ ਕਰਮ ਲਈ ਨਹੀਂ ਲੜਦਾ ਕਦੇ ਸਰਮ ਲਈ
ਇਹ ਬੋਲਣ ਨਹੀਂ ਦਿੰਦਾਂ ਇਹ ਸੱਚ ਤੋਲਣ ਨਹੀਂ ਦਿੰਦਾਂ ਕੁੰਡਾਂ ਸੱਚ ਦਾ ਖੋਹਲਣ ਨਹੀਂ ਦਿੰਦਾਂ
ਇਸਨੂੰ ਸਰਕਾਰਾਂ ਦੀ ਪੁਸਤਪਨਾਹੀ ਹੈ ਇਸਦੇ ਠਾਠ ਵੀ ਪੂਰੇ ਸਾਹੀ ਹੈ
ਇਹ ਲੋਚਦਾ ਅਮਰ ਹੋਣਾਂ ਅੰਮਿਰਤ ਨੂੰ ਪੀਕੇ ਉਹ ਲੈਂਦਾ ਸੀ ਪਾਹੁਲ ਖੰਡੇ ਬਾਟੇ ਦੀ ਮੌਤ ਵਿਆਹੁਣ ਲਈ

ਇਹ ਮਹਿਲ ਉਸਾਰਦਾ ਹੈ ਉਹ ਢਾਹੁੰਦਾਂ ਸੀ ਕਿੰਗਰੇ ਜਾਲਮ ਦੇ ਮਹਿਲਾਂ ਦੇ
ਏਹੋ ਫਰਕ ਗੁਰੂ ਜੀ ਹੈ  ਇਹੋ ਫਰਕ ਸਿੰਘ ਜੀ ਹੈ ਅਸਲੀ ਤੇ ਨਕਲੀ ਦਾ ਕਿਉਂ ਦਾਅਵੇ ਕਰਦੇ ਹੋ
ਕਸਵੱਟੀ ਮੇਰੇ ਗੁਰੂਆਂ ਦੀ ਤੇ ਪਰਖੇ ਹੀ ਜਾਵੋਗੇ ਸਿਰ ਤੁਲਣਾਂ ਹੈ ਤੱਕੜੀ ਜੋ ਰੱਖਦੀ ਹੈ ਰਾਜਸੱਤਾ
 ਰਾਜਸੱਤਾ ਪੱਗਾਂ ਨਹੀਂ ਬੰਨਦੀ ਲਾਹੁੰਦੀ ਹੈ ਸਿਰ ਨੂੰ ਜਾਂ ਮਾਰ ਜਮੀਰ ਦੇਵੇ
ਤੁਸੀ ਨਵੇਂ ਸਮੇਂ ਦੇ ਸਿੰਘ ਜੀ ਗੁਸੇ ਕਿਉਂ ਹੁੰਦੇ ਹੋ ਸੱਚ ਤੋਂ ਕਿਉਂ ਭੱਜਦੇ ਹੋ ਗੁੱਸੇ ਵਿੱਚ ਗੱਜਦੇ ਹੋ
ਸੱਚ ਕੌੜਾ ਹੁੰਦਾਂ ਹੈ ਜੋ ਸੁਣਨਾਂ ਔਖਾ ਤੁਸੀਂ ਸਤਿ ਸ੍ਰੀ ਅਕਾਲ ਕਹੋ ਬੋਲੇ ਸੋ ਨਿਹਾਲ ਕਹੋ

ਜਿੰਮੀਦਾਰ ਅਤੇ ਕਿਸਾਨ ਦਾ ਫਰਕ ਸਮਝਣਾਂ ਕਿਉਂ ਜਰੂਰੀ ?


                                    ਜਦ ਵੀ ਦੇਸ ਅਤੇ ਸੂਬਾ ਸਰਕਾਰਾਂ ਕਿਸਾਨੀ ਦੇ ਨਾਂ ਤੇ ਕੋਈ ਫੈਸਲੇ ਲੈਂਦੀਆਂ ਹਨ ਤਦ ਉਹ ਕਿਸਾਨ ਅਤੇ ਜਿੰਮੀਦਾਰ ਦਾ ਫਰਕ ਨਹੀਂ ਕਰਦੀਆਂ ਜਿਸ ਨਾਲ ਵਪਾਰਕ ਤੌਰ ਤੇ   ਕੰਮ ਕਰਨ ਵਾਲੇ ਜਗੀਰਦਾਰ ਅਮੀਰ ਲੋਕ ਤਾਂ ਵੱਡੇ ਫਾਇਦੇ ਲੈ ਜਾਂਦੇ ਹਨ ਜਦੋਂ ਕਿ ਅਸਲੀ ਕਿਸਾਨ ਜੋ ਕਾਸਤਕਾਰ ਹੁੰਦਾਂ ਹੈ ਦੇ ਪੱਲੇ ਕੁੱਝ ਵੀ ਨਹੀਂ ਪੈਂਦਾਂ। ਪਿਛਲੇ ਸਮੇਂ ਵਿੱਚ ਮਨਪਰੀਤ ਬਾਦਲ ਦੇ ਬਾਰੇ ਸਮੇਂ ਦੀ ਸਰਕਾਰ ਨੇ ਇੱਕ ਸੱਚ ਜਾਰੀ ਕੀਤਾ ਸੀ ਕਿ ਉਸਨੇ 19 ਲੱਖ ਰੁਪਏ ਦੀ ਸਬਸਿਡੀ ਲਈ ਹੈ। ਇਸ ਤਰਾਂ ਦੇ ਅਨੇਕਾਂ ਸੱਚ ਹੋਰ ਵੱਡੇ ਜਿੰਮੀਦਾਰ ਜੋ ਰਾਜਨੀਤਕ ਅਤੇ ਵਪਾਰੀ ਵੀ ਹਨ ਦੇ ਬਾਰੇ ਸਰਕਾਰਾਂ ਨੇ ਲੁਕੋਇਆ ਹੋਇਆ ਹੈ। ਇਸ ਤਰਾਂ ਹੀ ਪੰਜਾਬ ਦੇ ਤਿੰਨ ਵੱਡੀਆਂ ਅਤੇ ਮੁੱਖ ਪਾਰਟੀਆਂ ਦੇ ਤਿੰਨੇ ਵੱਡੇ ਆਗੂ ਹਜਾਰਾਂ ਏਕੜ ਜਮੀਨਾਂ ਦੇ ਮਾਲਕ ਹਨ ਪਰ ਜਦੋਂ ਕਿ ਉਹਨਾਂ ਤਿੰਨਾਂ ਵਿੱਚੋਂ ਆਪ ਕੋਈ ਵੀ ਆਪਣੇਂ ਹੱਥੀਂ ਕਾਸਤ ਕਾਰੀ ਨਹੀਂ ਕਰਦਾ । ਤਿੰਨਾਂ ਹੀ ਵੱਡੇ ਆਗੂਆਂ ਦੇ ਮੈਨੇਜਰ ਰੱਖੇ ਹੋਏ ਹਨ ਜੋ ਕਿ ਖੇਤੀ ਦਾ ਕਾਰੋਬਾਰ ਦੇਖਦੇ ਹਨ ਅਤੇ ਜਮੀਨਾਂ ਦਾ ਵੱਡਾ ਹਿੱਸਾ ਇਹ ਪ੍ਰੀਵਾਰ ਅੱਗੇ ਠੇਕਾ ਸਿਸਟਮ ਅਧੀਨ ਅੱਗੇ ਕਾਸਤਕਾਰਾਂ ਨੂੰ ਜਾਂ ਕਿਸੇ ਹੋਰ ਵਪਾਰਕ ਤਰੀਕਿਆਂ ਰਾਂਹੀਂ  ਆਪਣੀਆਂ ਜਮੀਨਾਂ ਦੀ ਵਰਤੋਂ ਕਰਦੇ ਹਨ। ਸਰਕਾਰਾਂ ਦੇ ਪਰਬੰਧਕ ਹੋਣ ਕਾਰਨ ਹਰ ਉਹ ਫੈਸਲਾ ਲੈਂਦੇ ਹਨ ਜਿਸ ਵਿੱਚ ਸਹੂਲਤ ਉਹਨਾਂ ਨੂੰ ਵੀ ਮਿਲੇ । ਇਸ ਤਰਾਂ ਉਹਨਾਂ ਦੀ ਆੜ ਵਿੱਚ ਹੀ ਹੋਰ ਵੱਡੇ ਕਿਸਾਨ ਵੀ ਵੱਡੇ ਮੁਨਾਫੇ ਅਤੇ ਵੱਡੀਆਂ ਸਬਸਿਡੀਆਂ ਦੇ ਵੱਡੇ ਹਿੱਸੇ ਆਪਣੇ ਬੋਝੇ ਪਾ ਲੈਂਦੇ ਹਨ। ਇਹਨਾਂ ਵੱਡੇ ਜਿੰਮੀਦਾਰਾਂ ਦੇ ਮੁਕਾਬਲੇ ਛੋਟਾ ਅਸਲੀ ਕਾਸਤਕਾਰ ਕਿਸਾਨ ਸਬਸਿਡੀਆਂ ਦਾ ਬਹੁਤ ਹੀ ਘੱਟ ਫਾਇਦਾ ਉਠਾ ਸਕਦਾ ਹੈ। ਅਸਲ ਵਿੱਚ ਸਬਸਿਡੀਆਂ ਦੀ ਲੋੜ ਤਾਂ ਖੁਦਕਸੀਆਂ ਦੀ ਨੌਬਤ ਤੇ ਪਹੁੰਚੇ  ਛੋਟੇ ਕਾਸਤਕਾਰ ਕਿਸਾਨਾਂ ਨੂੰ ਹੈ ਵਪਾਰਕ ਤੌਰ ਤੇ ਖੇਤੀ ਕਰਵਾਉਣ ਵਾਲੇ ਵੱਡੇ ਕਿਸਾਨਾਂ ਨੂੰ ਨਹੀਂ । ਖੁਦਕਸੀਆਂ ਤਾਂ ਛੋਟਾ ਕਿਸਾਨ ਕਰ ਰਿਹਾ ਹੈ ਪਰ ਇਹਨਾਂ ਕਿਸਾਨਾਂ ਦੇ ਨਾਂ ਤੇ ਫਾਇਦੇ ਵੱਡੇ ਜਿੰਮੀਦਾਰ ਲਈ ਜਾ ਰਹੇ ਹਨ।
                     ਕਿਸਾਨ ਉਹ ਹੁੰਦਾਂ ਹੈ ਜੋ ਆਪਣੇ ਖੇਤੀ ਦਾ ਬਹੁਤਾ ਕੰਮ ਆਪ ਕਰਦਾ ਹੈ ਜਾਂ ਆਪ ਦੂਸਰੇ ਕਾਮਿਆਂ ਦੇ ਨਾਲ ਰਲਕੇ ਕਰਵਾਉਂਦਾਂ ਹੈ । ਇਸ ਤਰਾਂ ਦੇ ਕਿਸਾਨਾਂ ਦੇ ਰੋਜਗਾਰ ਦਾ ਮੁੱਖ ਸਾਧਨ ਖੇਤੀ ਹੀ ਹੁੰਦੀ ਹੈ ਸਹਾਇਕ ਧੰਦੇ ਵੀ ਇਸ ਤਰਾਂ ਦੇ ਕਿਸਾਨਾਂ ਦੇ ਖੇਤੀਬਾੜੀ ਨਾਲ ਸਬੰਧਤ ਹੁੰਦੇ ਹਨ। ਜਦੋਂ ਕਿ ਖੇਤੀ ਨੂੰ ਅਤੇ ਜਮੀਨ ਨੂੰ ਵਪਾਰ ਦੇ ਵਾਂਗ ਵਰਤਣ ਵਾਲੇ ਜਗੀਰਦਾਰ ਲੋਕ ਸਿਰਫ ਉਹ ਤਰੀਕਾ ਹੀ ਵਰਤਦੇ ਹਨ ਜਿਸ ਨਾਲ ਉਹਨਾਂ ਨੂੰ ਵੱਧ ਮੁਨਾਫਾ ਹੁੰਦਾਂ ਹੋਵੇ । ਇਸ ਤਰਾਂ ਦਾ ਹੀ ਇੱਕ ਵਰਗ ਹੋਰ ਹੈ ਜੋ ਕੰਮ ਤਾਂ ਦੁਕਾਨਦਾਰੀ ਦਾ ਕਰਦਾ ਹੈ ਪਰ ਆਪਣੇ ਵਪਾਰਕ ਪੈਸੇ ਨੂੰ ਵਾਈਟ ਮਨੀ ਵਿੱਚ ਬਦਲਣ ਲਈ ਜਮੀਨਾਂ ਦਾ ਮਾਲਕ ਬਣਦਾ ਹੈ ਅਤੇ ਜਮੀਨਾਂ ਦੀ ਖੇਤੀ ਉਪਜ ਦਿਖਾਕੇ ਟੈਕਸ ਚੋਰੀ ਵੀ ਕਰਦਾ ਹੈ। ਤੀਸਰਾ ਮੁਲਾਜਮ ਵਰਗ ਵੀ ਜਿਸਦਾ ਇੱਕ ਵੱਡਾ ਹਿਸਾ ਰਿਸਵਤਾਂ ਦੀ ਅਤੇ ਲੋੜੋਂ ਵੱਧ ਮਿਲਣ ਵਾਲੀਆਂ ਤਨਖਾਹਾਂ ਦੇ ਜੋਰ ਨਾਲ ਜਮੀਨਾਂ ਹਥਿਆਈ ਜਾ ਰਿਹਾ ਹੈ ਅਤੇ ਇਹ ਵਰਗ ਅਫਸਰਸਾਹੀ ਨਾਲ ਮੇਲ ਜੋਲ ਵਾਲਾ ਹੋਣ ਕਾਰਨ ਸਰਕਾਰੀ ਸਕੀਮਾਂ ਦਾ ਵੱਡਾ ਹਿੱਸਾ ਹੜੱਪ ਜਾਂਦਾਂ ਹੈ । ਅੰਗਰੇਜ ਸਰਕਾਰ ਵਾਲਾ ਕਾਨੂੰਨ ਇੱਕ ਵਾਰ ਫਿਰ ਸਹੀ ਲੱਗ ਰਿਹਾ ਹੈ ਜਿਸ ਅਨੁਸਾਰ ਗੈਰ ਕਾਸਤਕਾਰ ਲੋਕਾਂ ਨੂੰ ਖੇਤੀਬਾੜੀ ਵਾਲੀ ਯੋਗ ਜਮੀਨ ਨੂੰ ਖਰੀਦਣ ਦਾ ਕੋਈ ਹੱਕ ਨਹੀਂ ਸੀ । ਅੱਜ ਦੇ ਸਮੇਂ ਵਿੱਚ ਵੀ ਪੰਜਾਬ ਸਮੇਤ ਸਾਰੇ ਮੁਲਕ ਵਿੱਚ ਇਸ ਕਾਨੂੰਨ ਦੀ ਲੋੜ ਉਪਜਦੀ ਦਿਖਾਈ ਦੇ ਰਹੀ ਹੈ। ਜੇ ਖੇਤੀਬਾੜੀ ਨਾਲ ਸਬੰਧਤ ਜਮੀਨਾਂ ਨੂੰ ਅਮੀਰ ਲੋਕਾਂ ਦੇ ਹੱਥ ਜਾਣ ਤੋਂ ਰੋਕਣ ਦਾ ਪਰਬੰਧ ਨਾਂ ਕੀਤਾ ਗਿਆ ਤਦ ਛੇਤੀ ਹੀ ਥੋੜੇ ਸਮੇਂ ਵਿੱਚ ਛੋਟੀ ਕਿਸਾਨੀ ਦਾ ਸਫਾਇਆ ਹੋ ਜਾਵੇਗਾ। ਵਪਾਰਕ ਤੌਰ ਤੇ ਅਮੀਰ ਜੀਵਨ ਸੈਲੀਜਿਉਣ ਵਾਲੇ ਇਹ ਲੋਕ ਖੇਤੀਬਾੜੀ ਵਾਲੀ ਵਧੀਆਂ ਜਮੀਨਾਂ ਉਪਰ ਅੱਯਾਸੀ ਦੇ ਅੱਡੇ ਵਰਗੀਆਂ ਸਹੂਲਤਾਂ ਲਈ ਇਹਨਾਂ ਜਮੀਨਾਂ ਦੀ ਗਲਤ ਵਰਤੋਂ ਵੀ ਕਰਦੇ ਹਨ। ਅਸਲੀ ਕਿਸਾਨ ਦੀ ਤਾਂ ਜੂਨ ਪੰਜਾਬੀ ਲੋਕ ਗੀਤ ਵਾਂਗ- -  ਹਲ ਛੱਡਕੇ ਚਰੀ ਨੂੰ ਜਾਣਾਂ ਔਖੀ ਹੈ ਕਮਾਈ ਜੱਟ ਦੀ --ਵਾਲੀ ਹੁੰਦੀ ਹੈ । ਗਰਮੀ ਵਿੱਚ ਮੁੜਕੋ ਮੁੜਕੀ ਹੋ ਕੇ ਅਤੇ ਸਰਦੀ ਵਿੱਚ ਕਹਿਰਾਂ ਦੀ ਠੰਡ ਵਿੱਚ  ਵੀ ਬਰਫ ਵਾਂਗ ਜੰਮ ਜਾਣ ਤੱਕ ਕੰਮ ਕਰਦਾ ਹੈ । ਇਸ ਤਰਾਂ ਦੀ ਮਿਹਨਤ ਵਾਲਾ ਹੀ ਅਸਲ ਕਿਸਾਨ ਹੈ ਜੋ ਆਪਣੀ ਜਿੰਦਗੀ ਦੇ ਸੁੱਖ ਅਰਾਮ ਨੂੰ ਦਾਅ ਤੇ ਲਾਕੇ ਦੇਸ ਦੀਆਂ ਸਰਕਾਰਾਂ ਨੂੰ ਵਿਦੇਸਾਂ ਮੂਹਰੇ ਹੱਥ ਅੱਡਣ ਤੋਂ ਬਚਾਉਦਾਂ ਹੈ। ਸਰਕਾਰੀ ਸਬਸਿਡੀਆਂ ਦੀ ਤੇ ਸਰਕਾਰੀ ਸਹੂਲਤਾਂ ਦਾ ਮੂੰਹ ਇਹਨਾਂ ਕਾਸਤਕਾਰ ਕਿਸਾਨਾਂ ਵੱਲ ਹੀ ਹੋਣਾਂ ਚਾਹੀਦਾ ਹੈ। ਠੇਕਾ ਸਿਸਟਮ ਰਾਂਹੀਂ ਹੋਣ ਵਾਲੀ ਖੇਤੀ ਯੋਗ ਜਮੀਨ ਤੇ ਵੀ ਸਹੂਲਤ ਅਤੇ ਸਬਸਿਡੀ ਜਮੀਨ ਦੇ ਮਾਲਕ ਨੂੰ ਨਹੀਂ ਬਲਕਿ ਇਸ ਨੂੰ ਠੇਕੇ ਵਗੈਰਾ ਤੇ ਲੈਕੇ ਖੇਤੀ ਕਰਨ ਵਾਲੇ ਕਾਸਤਕਾਰ ਕਿਸਾਨ ਨੂੰ ਮਿਲਣੀ ਚਾਹੀਦੀ ਹੈ ।
                             ਜਦ ਤੱਕ ਕਾਸਤਕਾਰ ਕਿਸਾਨ ਅਤੇ ਗੈਰ ਕਾਸਤਕਾਰ ਅਮੀਰ ਜਗੀਰਦਾਰ ਵਪਾਰੀ ਕਿਸਾਨ ਵਰਗ ਦੀ ਪਛਾਣ ਨੂੰ ਅੱਡ ਨਹੀਂ ਕੀਤਾ ਜਾਵੇਗਾ ਤਦ ਤੱਕ ਛੋਟੇ ਕਿਸਾਨ ਦੀ ਲੁੱਟ ਹੁੰਦੀ ਹੀ ਰਹੇਗੀ। ਦੇਸ ਦੇ ਖੇਤੀ ਮਾਹਰਾਂ ਅਤੇ ਖੇਤੀਬਾੜੀ ਯੂਨੀਵਰਸਿਟੀਆਂ ਨੂੰ ਵੀ ਇਸ ਫਰਕ ਨੂੰ ਸਮਝਣਾਂ ਚਾਹੀਦਾ ਹੈ । ਸਰਕਾਰ ਦੇ ਵਿੱਚ ਬੈਠੇ ਵੱਡੇ ਫਾਰਮਾਂ ਦੀ ਵਕਾਲਤ ਕਰਨ ਵਾਲੇ ਕਾਰਪੋਰੇਟ ਘਰਾਣਿਆਂ ਦੇ ਏਜੰਟ ਅਫਸਰ ਸਾਹੀ ਦੇ ਸਰਕਾਰਾਂ ਨੂੰ ਗੁੰਮਰਾਹ ਕਰਨ ਤੋਂ ਵੀ ਗਰੀਬ ਕਿਸਾਨਾਂ ਦੇ ਹਮਾਇਤ ਕਰਨ ਵਾਲੇ ਵਿਦਵਾਨ ਲੋਕਾਂ ਨੂੰ ਰੋਕਣ ਦੀ ਹਿੰਮਤ ਕਰਨੀ ਚਾਹੀਦੀ ਹੈ । 80% ਪੇਡੂ ਅਬਾਦੀ ਨੂੰ ਰੋਜਗਾਰ ਦੇਣ ਵਾਲੀ ਖੇਤੀਬਾੜੀ ਵਾਲੀ ਜਮੀਨ ਜੇ ਇਸ ਤਰਾਂ ਹੀ ਕਾਰਪੋਰੇਟ ਘਰਾਣਿਆਂ ਦੇ ਵੱਲ ਜਾਂਦੀ ਰਹੀ ਤਾਂ ਵੱਡੀ ਗਿਣਤੀ ਲੋਕਾਂ ਦੀ ਰੋਜਗਾਰ ਤੋਂ ਵੀ ਵਾਂਝੀ ਹੋ ਜਾਵੇਗੀ । ਸੋ ਇਸ ਤਰਾਂ ਹੀ ਜਦ ਅਸਲੀ ਅਤੇ ਨਕਲੀ ਕਿਸਾਨ ਦੀ ਪਛਾਣ ਸਥਾਪਤ ਹੋ ਜਾਵੇਗੀ ਤਦ ਸਹੂਲਤਾਂ ਦਾ ਲਾਭ ਵੀ ਅਸਲ ਲੋੜਵੰਦ ਤੱਕ ਪਹੁੰਚਣ ਲੱਗੇਗਾ। ਕਰਜੇ ਦੇ ਜਾਲ ਵੱਲ ਵੱਧ ਰਹੀ ਛੋਟੀ ਕਿਸਾਨੀ ਨੂੰ ਬਚਾਉਣਾਂ ਹੀ ਦੇਸ ਨੂੰ ਅਰਾਜਕਤਾ ਤੋਂ ਬਚਾਉਣਾਂ ਹੈ । ਜੇ ਦੇਸ ਦੀਆਂ ਸਰਕਾਰਾਂ ਨੇ ਛੋਟੀ ਕਿਸਾਨੀ ਨੂੰ ਨਾਂ ਬਚਾਇਆ ਤਦ ਦੇਸ ਜਰੂਰ ਹੀ ਅਰਾਜਕਤਾ ਦੇ ਵੱਲ ਦਾ ਸਫਰ ਸੁਰੂ ਕਰ ਲਵੇਗਾ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ (ਬਰਨਾਲਾ)  EMAIL- GSPKHO@GMAIL.COM

              

Monday, 30 June 2014

ਸਰਕਾਰਾਂ ਨੂੰ ਵੱਡੀ ਸਬਸਿਡੀ ਦੇ ਰਿਹਾ ਹੈ ਕਿਸਾਨ

                   
                  ਮੇਰੇ ਦੇਸ ਦੀਆਂ ਸਰਕਾਰਾਂ ਦੇ ਮਾਲਕ ਲੋਕ ਜਦ ਕਿਸਾਨ ਨੂੰ ਸਬਸਿਡੀਆਂ ਦੇਣ ਦੇ ਦਮਗਜੇ ਮਾਰਦੇ ਹਨ ਤਦ ਉਹ ਝੂਠ ਬੋਲਣ ਦੀਆਂ ਸਾਰੀਆਂ ਹੱਦਾਂ ਪਾਰ ਕਰ ਰਹੇ ਹੁੰਦੇ ਹਨ ਜਦੋਂ ਕਿ ਦੇਸ ਦਾ ਕਿਸਾਨ ਸਰਕਾਰਾਂ ਨੂੰ ਲੱਖਾਂ ਕਰੋੜ ਦੇ ਘਾਟੇ ਤੋਂ ਬਚਾਉਣ ਦੇ ਸਾਧਨ ਪੈਦਾ ਕਰ ਰਿਹਾ ਹੁੰਦਾਂ ਹੈ। ਪਿਛਲੇ ਸਮਿਆਂ ਵਿੱਚ ਸਾਡੀਆਂ ਸਰਕਾਰਾਂ ਘਰੇਲੂ ਜਰੂਰਤਾਂ ਪੂਰੀਆਂ ਕਰਨ ਲਈ ਅਨਾਜ ਬਾਹਰੋਂ ਮਹਿੰਗੇ ਮੁੱਲ ਖਰੀਦਣਾਂ ਪੈਂਦਾਂ ਸੀ ਪਰ ਵਰਤਮਾਨ ਸਮੇਂ ਵਿੱਚ ਭਾਰਤ ਦੇਸ ਦਾ ਕਿਸਾਨ 20 ਕਰੋੜ ਟਨ ਅਨਾਜ ਦੀ ਰਿਕਾਰਡ ਪੈਦਾਵਾਰ ਕਰ ਰਿਹਾ ਹੈ । ਭਾਰਤੀ ਕਿਸਾਨ ਦੀ ਪੈਦਾਵਾਰ ਨੂੰ ਵਿਦੇਸਾਂ ਵਿੱਚ ਭੇਜਣ ਤੇ ਪਾਬੰਦੀਆਂ ਲਾਈਆਂ ਜਾਂਦੀਆਂ ਹਨ ਅਤੇ  ਉਸਦੀਆਂ ਫਸਲਾਂ ਭਾਰਤੀ ਬਜਾਰ ਵਿੱਚ ਹੀ ਖਪਾਉਣ ਦਾ ਹਰ ਹੀਲਾ ਵਰਤਿਆ ਜਾਂਦਾ ਹੈ। ਵਿਦੇਸਾਂ ਦੇ ਵਿੱਚ ਸਾਡੀਆਂ ਸਬਜੀਆਂ ,ਫਲ ਅਤੇ ਅਨਾਜ ਦੀ ਭਾਰੀ ਮੰਗ ਹੈ। ਅਰਬ ਮੁਲਕਾਂ ਵਿੱਚ ਸਬਜੀਆਂ ਸੋਨੇ ਦੇ ਭਾਅ ਵਿਕਦੀਆਂ ਹਨ । ਭਾਰਤ ਦੇ ਗੁਆਂਢੀ  ਦੇਸ ਪਾਕਿਸਤਾਨ ਵਿੱਚ ਹੀ ਸਬਜੀਆਂ ਦੀ ਵੱਡੀ ਮੰਗ ਹੈ ਉਹ ਵੀ ਕਾਫੀ ਜਿਆਦਾ ਕੀਮਤ ਤੇ । ਪਿੱਛਲੇ ਸਾਲਾਂ ਵਿੱਚ ਆਸਟਰੇਲੀਆਂ ਤੋਂ ਕਣਕ 1600 ਰੁਪਏ ਕਵਿੰਟਲ ਖਰੀਦੀ ਗਈ ਸੀ ਉਸ ਵਕਤ  ਜੋ ਕਿ ਭਾਰਤੀ ਕਿਸਾਨ ਤੋਂ ਸਿਰਫ ਹਜਾਰ ਰੁਪਏ ਦੀ ਕੀਮਤ ਤੇ ਖਰੀਦੀ ਗਈ ਅਤ ਇਸ ਤਰਾਂ ਤਿੰਨ ਕਰੋੜ ਕਵਿੰਟਲ ਕਣਕ ਭਾਰਤੀ ਕਿਸਾਨ ਨੇ ਭਾਰਤ ਸਰਕਾਰ ਨੂੰ 18000 ਕਰੋੜ ਦੀ ਸਬਸਿਡੀ ਦਿੱਤੀ ਮੰਨੀ ਜਾਣੀ ਚਾਹੀਦੀ ਹੈ ।  2014 ਦੇ ਸਾਲ ਵਿੱਚ ਸਾਡੇ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਕਣਕ ਦੀ ਕੀਮਤ ਤਿੰਨ ਹਜਾਰ ਰੁਪਏ ਹੈ ਜੋ ਭਾਰਤੀ ਕਰੰਸੀ ਅਨੁਸਾਰ 2250 ਰੁਪਏ ਦੇ ਕਰੀਬ ਬਣਦੀ ਹੈ । ਭਾਰਤੀ ਬਜਾਰ ਵਿੱਚ ਪੰਜਾਬੀ ਕਿਸਾਨ ਨੇ ਡੇਢ ਕਰੋੜ ਟਨ ਕਣਕ 1400 ਰੁਪਏ ਕਵਿੰਟਲ ਨੂੰ ਵੇਚੀ  ਹੈ ਜਿਸ ਕਾਰਨ ਦਸ ਹਜਾਰ ਕਰੋੜ ਦਾ ਘਾਟਾ ਪੰਜਾਬੀ ਕਿਸਾਨ ਨੂੰ ਪਿਆ ਹੈ ।  ਸੋ ਪੰਜਾਬੀ ਕਿਸਾਨ ਦਾ ਇਹ ਘਾਟਾ ਭਾਰਤ ਸਰਕਾਰ ਨੂੰ ਏਨੀ ਹੀ ਸਬਸਿਡੀ ਦਿੱਤੀ ਕਹੀ ਜਾ ਸਕਦੀ ਹੈ । ਕਿਸਾਨ ਵੱਲੋਂ ਸਰਕਾਰ ਨੂੰ ਇਸ ਤਰਾਂ ਹੀ ਜੀਰੀ ਵਿਦੇਸੀ ਮੰਡੀਆਂ ਨਾਲੋਂ ਸਸਤੀ ਕੀਮਤ ਤੇ ਵੇਚਣ ਲਈ ਮਜਬੂਰ ਕੀਤਾ ਜਾਂਦਾ ਹੈ । ਭਾਰਤ ਦੇਸ ਵਿੱਚ ਖਾਣ ਪੀਣ ਦੀਆਂ ਵਸਤਾਂ ਦੀਆਂ ਘੱਟ ਕੀਮਤਾਂ ਰੱਖਣ ਪਿੱਛੇ ਹਿੰਦੋਸਤਾਨ ਦੇ ਸਮੁੱਚੇ ਕਿਸਾਨ ਵਰਗ ਦੇ ਸਬਰ ਦੇ ਕਾਰਨ ਹੀ ਸੰਭਵ ਹੈ । ਵਿਦੇਸਾਂ ਵਿੱਚੋਂ ਅਨਾਜ ਖਰੀਦਣ ਸਮੇਂ ਭਾਰਤ ਸਰਕਾਰ ਭਾਰਤੀ ਕਿਸਾਨਾਂ ਨਾਲੋਂ ਕਿਤੇ ਜਿਆਦਾ ਕੀਮਤ ਅਦਾ  ਕਰਦੀ ਹੈ ।
                         ਵਰਤਮਾਨ ਸਾਲ ਵਿੱਚ ਪਾਕਿਸਤਾਨ ਸਰਕਾਰ ਵੱਲੋਂ ਕਣਕ ਦਾ ਘੱਟੋ ਘੱਟ ਮੁੱਲ ਪਾਕਿਸਤਾਨੀ ਕਰੰਸੀ ਅਨੁਸਾਰ 3000  ਹੈ ਜੋ ਭਾਰਤੀ ਰੁਪਏ ਅਨੁਸਾਰ 2250 ਰੁਪਏ ਪ੍ਰਤੀ ਕਵਿੰਟਲ ਹੈ ਅਤੇ ਇਸ ਤਰਾਂ ਪੰਜਾਬੀ  ਕਿਸਾਨ ਜੇ ਇਹੀ ਕਣਕ ਅੰਮਿਰਤਸਰ ਦੀ  ਥਾਂ ਲਹੌਰ ਵੇਚੇ ਤਦ 800 ਰੁਪਏ ਜਿਆਦਾ ਕਮਾਵੇਗਾ। ਸਰਹੱਦੀ ਲਾਂਘੇ ਨਾਂ ਖੋਲਣ ਪਿੱਛੇ ਅਸਲ ਕਾਰਨ ਕਿਸਾਨਾਂ ਨੂੰ ਲੁਟਣਾਂ ਹੀ  ਬਣ ਜਾਦਾਂ ਹੈ। 130 ਲੱਖ ਟਨ ਕਣਕ ਵੇਚਣ ਵਾਲਾ ਪੰਜਾਬੀ ਕਿਸਾਨ ਜੇ ਆਪਣੀ ਕਣਕ ਸਿੱਧਾ ਬਾਹਰਲੀਆਂ ਮੰਡੀਆਂ ਵਿੱਚ ਵੇਚ ਸਕਦਾ ਹੋਵੇ ਤਦ 10000 ਕਰੋੜ ਰੁਪਏ ਜਿਆਦਾ ਕਮਾ ਸਕਦਾ ਹੈ । ਕਿਸਾਨ ਦੀ  ਇਹ ਕੁਰਬਾਨੀ ਹੀ  ਹੈ ਜੋ ਉਹ ਆਪਣੀ ਫਸਲ 10000 ਕਰੋੜ ਦੇ ਘਾਟੇ ਨਾਲ ਭਾਰਤ ਅਤੇ ਪੰਜਾਬ ਸਰਕਾਰ ਨੂੰ ਵੇਚਦਾ ਹੈ। ਪੰਜਾਬ ਦੀ ਕਣਕ ਦੇਸ ਦੇ ਦੂਸਰੇ ਸੂਬਿਆਂ ਨੂੰ ਭੇਜਣ ਨਾਲੋਂ ਪਾਕਿਸਤਾਨ ਭੇਜਣ ਤੇ ਬਹੁਤ ਹੀ ਘੱਟ ਖਰਚਾ ਆਉਂਦਾਂ ਹੈ । ਇਸ ਤਰਾਂ ਹੀ ਦੂਸਰੇ ਅਰਬ ਮੁਲਕਾਂ ਅਤੇ ਯੂਰਪੀਅਨ ਮੁਲਕਾਂ ਵਿੱਚ ਕਣਕ ਡਾਲਰਾਂ ਅਤੇ  ਪੌਡਾਂ ਵਿੱਚ ਵਿਕਣ ਨਾਲ ਹੋਰ ਜਿਆਦਾ ਮਹਿੰਗੀ ਹੋ ਜਾਂਦੀ ਹੈ । ਇਸ ਤਰਾਂ ਹੀ  ਚੌਲ ਜੋ ਪੰਜਾਬ ਦੀ ਦੂਜੀ ਵੱਡੀ ਅਨਾਜ ਪੈਦਾਵਾਰੀ ਫਸਲ ਹੈ ਵਿੱਚ ਵੀ ਵਿਦੇਸੀ ਮੰਡੀਆਂ ਦੀ ਥਾਂ ਭਾਰਤੀ ਮੰਡੀ ਵਿੱਚ ਵੇਚਕੇ ਭਾਰਤ ਸਰਕਾਰ  ਨੂੰ ਭਾਰੀ ਸਬਸਿਡੀ ਅਤੇ ਫਾਇਦਾ ਪਹੁੰਚਾ ਰਿਹਾ ਹੈ। ਸੋ ਜਦੋਂ ਸਰਕਾਰੀ ਐਲਾਨਾਂ ਵਿੱਚ ਰਾਜਨੇਤਾ ਕਿਸਾਨ ਨੂੰ ਸਬਸਿਡੀਆਂ ਦੇਣ ਦੇ ਐਲਾਨ ਕਰਦੇ ਹਨ ਤਦ ਉਹ ਸਰਕਾਰੀ ਨੀਤੀਆਂ ਦੇ ਰਾਂਹੀ ਕਿਸਾਨਾਂ ਦੇ ਲੁੱਟ ਕਰਨ ਦੇ ਸਾਰੇ ਫੈਸਲੇ ਲੁਕੋ ਜਾਂਦੇ ਹਨ । ਦੇਸ ਦੇ ਅਮੀਰ ਵਰਗ ਅਤੇ ਗਰੀਬ ਵਰਗ ਨੂੰ ਜੇ ਸਭ ਤੋਂ ਵੱਧ ਫਾਇਦਾ ਪਹੁੰਚਾਉਣ ਵਾਲਾ ਹੈ ਤਾਂ ਉਹ ਭਾਰਤੀ ਕਿਸਾਨ ਹੀ ਹੈ । 
                                            ਭਾਰਤ ਸਰਕਾਰ ਨੀਤੀਆਂ ਲਾਗੂ ਕਰਨ ਸਮੇਂ ਦੋਹਰੇ ਮਾਪਦੰਡ ਅਪਣਾਉਂਦੀ ਹੈ । ਭਾਰਤ ਦੇ ਅਮੀਰ ਕਾਰਪੋਰੇਟ ਘਰਾਣਿਆਂ ਅੱਗੇ ਲੇਲੜੀਆਂ ਕੱਢਦੀ ਹੈ ਬਹੁਗਿਣਤੀ ਆਮ ਲੋਕਾਂ ਨੂੰ ਆਪਣੇ ਹੱਕ ਮੰਗਣ ਤੇ ਡਰਾਉਣਾਂ ਅਤੇ ਧਮਕਾਉਣਾਂ ਆਪਣਾਂ ਫਰਜ ਸਮਝਦੀ ਹੈ । ਰਿਲਾਇੰਸ ਦੀ ਬਲੈਕਮੇਲ ਕਰਨ ਦੀ ਨੀਤੀਆਂ ਕਾਰਣ ਗੈਸ ਦੀਆਂ ਕੀਮਤਾਂ ਅੱਠ ਗੁਣਾਂ ਕਰਨ ਤੇ ਸਹਿਮਤੀ ਜਤਾਕੇ ਸਰਕਾਰ ਨੇ ਦੱਸ ਦਿੱਤਾ ਹੈ ਕਿ ਅਮੀਰਾਂ ਦੇ ਹਿੱਤ ਪੂਰਨ ਹੀ ਉਸ ਦਾ ਮੁੱਖ ਕੰਮ ਹੈ। ਰਿਲਾਇੰਸ ਨੇ ਗੈਸ ਦੀਆਂ ਕੀਮਤਾਂ ਵਧਾਉਣ ਲਈ ਅੰਤਰ ਰਾਸਟਰੀ ਕੀਮਤਾਂ ਦਾ ਹਵਾਲਾ ਦਿੱਤਾ ਹੈ  ਜਦੋਂ ਕਿ ਇਹੀ ਦਲੀਲ ਕਰੋੜਾਂ ਗਰੀਬ ਬੇਬੱਸ ਕਿਸਾਨਾਂ ਵੇਲੇ ਅਣਸੁਣੀ ਕਿਉਂ ਕਰ ਦਿੱਤੀ  ਜਾਂਦੀ ਹੈ । ਇੱਕੋ ਇੱਕ ਭਾਰਤੀ ਗੈਸ ਉਤਪਾਦਕ ਅੰਬਾਨੀਆਂ ਵੱਲੋਂ ਜਾਣ ਬੁੱਝ ਕੇ ਗੈਸ ਦੇ ਉਤਪਾਦਨ ਘੱਟ ਕਰ ਦਿੱਤੇ ਜਾਦੇ  ਹਨ ਤੇ ਸਰਕਾਰ ਉਹਨਾਂ ਦੀ ਇਸ ਨੀਤੀ ਕਾਰਨ ਵਿਦੇਸੀ ਮੰਡੀਂ ਵਿੱਚੋਂ ਮਹਿੰਗੇ ਮੁੱਲ ਗੈਸ ਖਰੀਦਦੀ ਹੈ ਅਤੇ ਇਸ ਵਿਦੇਸੀ ਕੀਮਤ ਨੂੰ ਹੀ ਅਧਾਰ ਬਣਾਕਿ ਰਿਲਾੲੰਸ ਨੂੰ ਵੀ ਵੱਧ ਕੀਮਤ ਅਦਾ ਕਰਨ ਦੀਆਂ ਤਿਆਰੀਆਂ ਵਿੱਚ ਹੈ ਪਰ ਭਾਰਤੀ ਕਿਸਾਨ ਸੰਗਠਿਤ ਨਾਂ ਹੋਣ ਕਾਰਨ ਸਰਕਾਰਾਂ ਨੂੰ ਬਲੈਕਮੇਲ ਕਰਨ ਦੀ ਸਥਿਤੀ ਵਿੱਚ ਨਹੀਂ । ਕਿਸਾਨਾਂ ਦੇ ਆਗੂ ਵੀ ਸਰਕਾਰਾਂ ਦੇ ਮੋਹਰੇ ਮਾਤਰ ਹੋਣ ਕਾਰਨ ਆਪਣੇ ਸੰਘਰਸ ਦਾ ਮੂੰਹ ਅਸਲ ਮੁਦਿਆਂ ਵੱਲ ਕਰਨ ਤੋਂ ਅਸਮਰਥ ਹਨ । ਭਾਰਤੀ ਕਿਸਾਨ ਸਮੁੱਚੇ ਭਾਰਤ ਦੇਸ ਦਾ ਭਾਰ  ਆਪਣੇ ਮੋਢਿਆਂ ਤੇ ਕਿੰਨਾਂ ਕੁ ਵਕਤ ਚੁੱਕ ਸਕੇਗਾ ਕਿਉਂਕਿ ਸਰਕਾਰਾਂ ਉਸਨੂੰ ਦਿਨੋ ਦਿਨ ਕਮਜੋਰ ਕਰ ਰਹੀਆਂ  ਹਨ । ਚੰਗਾਂ ਹੋਵੇਗਾ ਸਰਕਾਰਾਂ ਵਿੱਚ ਬੈਠੇ ਰਾਜਨੀਤਕ ਅਸਲੀਅਤ ਸਮਝਣ ਅਤੇ ਕਿਸਾਨੀ ਨੂੰ ਉਸਦੇ ਜਾਇਜ ਹੱਕ ਦੇਣ ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ (ਬਰਨਾਲਾ)  EMAIL    gspkho@gmail.com

Saturday, 28 June 2014

ਕਿਸਾਨ ਤੋਂ ਆਮਦਨ ਦੀ ਬਜਾਇ ਉਤਪਾਦਨ ਤੇ ਹੀ ਭਾਰੀ ਟੈਕਸ ਕਿਉਂ

Photo: ਅੱਜ ਜੀਰੀ ਵਿੱਚ ਯੂਰੀਆਂ ਵੀ ਪਾ ਹੀ ਦਿੱਤੈ
Add caption

                    
   ਦੇਸ ਦੇ ਵਿੱਚ ਸਰਕਾਰਾਂ ਦੁਆਰਾ ਟੈਕਸ ਲੈਣ ਦੇ ਗੈਰ ਤਰਕਸੀਲ ਤਰੀਕੇ ਅਪਣਾਏ ਜਾਂਦੇ ਹਨ ਜਿਸ ਨਾਲ ਅਮੀਰ ਤਬਕਾ ਚੋਰ ਮੋਰੀਆਂ ਵਰਤਕੇ ਟੈਕਸ ਚੋਰੀ ਕਰਦਾ ਰਹਿੰਦਾਂ ਹੈ ਪਰ ਦੇਸ ਦੇ ਕਿਸਾਨ ਵਰਗ ਨੂੰ ਲੁੱਟਿਆ ਜਾ ਰਿਹਾ ਹੈ। ਵਪਾਰਕ ਕੰਪਨੀਆਂ ਆਪਣੇ ਉਤਪਾਦਨ ਉਪਰ ਲੱਗੇ ਟੈਕਸਾਂ ਨੂੰ ਕੀਮਤ ਵਿੱਚ ਜੋੜ ਕੇ ਮਨਮਰਜੀ ਦੀ ਕੀਮਤ ਵਸੂਲਦੀਆਂ ਹਨ ਜਦੋਂ ਕਿ ਦੂਸਰੇ ਪਾਸੇ ਕਿਸਾਨ ਵਰਗ ਕੋਲ ਆਪਣੀ ਫਸਲ ਦੀ ਕੀਮਤ ਮਿੱਥਣ ਦਾ ਕੋਈ ਅਧਿਕਾਰ ਹੀ ਨਹੀਂ ਹੈ। ਸਰਕਾਰਾਂ ਕਿਸਾਨਾਂ ਦੀ ਫਸਲ ਤੇ ਮਨਮਰਜੀ ਦੇ ਟੈਕਸ ਵਸੂਲਦੀਆਂ ਹਨ ਕਿਸਾਨ ਨੂੰ ਮੁਨਾਫਾ ਹੋਵੇ ਜਾਂ ਨਾਂ ਇਸ ਨਾਲ ਉਹਨਾਂ ਨੂੰ ਕੋਈ ਸਰੋਕਾਰ ਨਹੀਂ। ਪੰਜਾਬ ਦੇ ਕਿਸਾਨ ਦੀਆਂ ਦੋ ਮੁੱਖ ਫਸਲਾਂ ਕਣਕ ਅਤੇ ਝੋਨੇ ਦੀ ਕੀਮਤ  ਸੈਂਟਰ ਸਰਕਾਰ ਤਹਿ ਕਰਦੀ ਹੈ ਅਤੇ ਮਨਮਰਜੀ ਦਾ ਟੈਕਸ ਪੰਜਾਬ ਸਰਕਾਰ ਵਸੂਲਦੀ ਹੈ। ਪੰਜਾਬ ਦੇ ਕਿਸਾਨ ਦੀ ਫਸਲ ਉਪਰ ਲੱਗਭੱਗ ਸਾਢੇ ਚੌਦਾਂ ਪ੍ਰਤੀਸਤ ਟੈਕਸ ਵਸੂਲਿਆ ਜਾਂਦਾ ਹੈ ਜਿਸ ਵਿੱਚ ਮੰਡੀਕਰਨ ਫੀਸ ਅਤੇ ਆੜਤ ਦਾ ਵੱਡਾ ਹਿੱਸਾ ਹੁੰਦਾਂ ਹੈ। ਪੰਜਾਬ ਦਾ ਗੁਆਂਢੀ ਸੂਬਾ  ਹਰਿਆਣਾ ਦਸ ਪ੍ਰਤੀਸਤ ਲੈਂਦਾਂ ਹੈ। ਪੰਜਾਬ ਦਾ ਕਿਸਾਨ 45000 ਕਰੋੜ  ਦਾ ਕਣਕ, ਝੋਨਾਂ ਵੇਚਦਾ ਹੈ ਜਿਸ ਉੱਪਰ 7000 ਕਰੋੜ ਦੇ ਲੱਗਭੱਗ ਟੈਕਸ ਬਣ ਜਾਂਦਾਂ ਹੈ । ਇਸ ਤੋਂ ਬਿਨਾਂ ਵੀ ਸਰਕਾਰਾਂ ਨੂੰ ਸਿੱਧੇ ਅਤੇ ਅਸਿੱਧੇ ਤੌਰ ਤੇ ਕਿਸਾਨ ਭਾਰੀ ਟੈਕਸ ਅਦਾ ਕਰਦਾ ਹੈ । ਕਿਸਾਨਾਂ ਨੂੰ ਖੇਤੀਬਾੜੀ ਨਾਲ ਸ਼ਬੰਧਤ ਵਸਤਾਂ ਜਿਸਦੇ ਬਾਰੇ ਦਾਅਵੇ ਤਾਂ ਵਪਾਰਕ ਅਦਾਰੇ ਕਰਦੇ ਹਨ ਟੈਕਸ ਦੇਣ ਦਾ ਜਦੋਂਕਿ ਇਹ ਟੈਕਸ ਵਸੂਲੇ ਕਿਸਾਨਾਂ ਤੋਂ ਹੀ ਜਾਂਦੇ ਹਨ । ਪੰਜਾਬ ਦਾ ਕਿਸਾਨ 15000 ਕਰੋੜ ਦਾ ਤੇਲ , ਰੇਅ, ਅਤੇ  ਜਹਿਰਾਂ ਦੀ ਖਰੀਦ ਕਰਦਾ ਹੈ ਜਿਸ ਉੱਪਰ ਲੱਗੇ ਹੋਏ ਟੈਕਸ  ਵੀ ਕਿਸਾਨ ਹੀ ਅਦਾ ਕਰਦਾ ਹੈ । ਜਮੀਨਾਂ ਦੀ ਖਰੀਦ ਵੇਚ ਦੇ ਸਮੇਂ ਮਾਲ ਮਹਿਕਮਾ ਮੋਟੀ ਕਮਾਈ ਕਰਦਾ ਹੈ ਜੋ ਕਿ ਦੋ ਤੋਂ ਤਿੰਨ ਹਜਾਰ ਕਰੋੜ ਦੇ ਦਰਮਿਆਨ ਸਲਾਨਾ ਹੁੰਦੀ ਹੈ।
                           ਅਸਲ ਵਿੱਚ ਟੈਕਸ ਉਸ ਤੋਂ ਲਿਆ ਜਾਣਾਂ ਚਾਹੀਦਾ ਹੈ ਜੋ ਮੁਨਾਫਾ ਕਮਾਉਂਦਾ ਹੋਵੇ ਜਿਸ ਤਰਾਂ ਵਪਾਰਕ ਅਦਾਰੇ ਥੋੜੇ ਸਮਿਆ ਵਿੱਚ ਹੀ ਵੱਡੇ ਮੁਨਾਫਾ ਕਮਾਊ ਅਦਾਰਿਆਂ ਦਾ ਰੂਪ ਲੈ ਲੈਂਦੇ ਹਨ । ਕਿਸਾਨ ਵਰਗ ਨੂੰ ਮੁਨਾਫਾ ਹੈ ਹੀ ਨਹੀਂ ਪਰ ਸਰਕਾਰਾਂ ਉਸ ਤੋਂ ਉਤਪਾਦਨ ਕਰਨ ਤੇ ਹੀ ਟੈਕਸ ਉਗਰਾਹੀ ਕਰ ਰਹੀਆਂ ਹਨ । ਜਿਸ ਕਿਸਾਨ ਕੋਲ ਕਰਜਾਈ ਹੋਕੇ ਜਿਉਣ ਤੋਂ ਬਿਨਾਂ ਸਰਕਾਰਾਂ ਨੇ ਕੋਈ ਰਾਹ ਹੀ ਨਹੀਂ ਰਹਿਣ ਦਿੱਤਾ ਨੂੰ ਹਰ ਪਰਕਾਰ ਦੇ ਟੈਕਸਾ ਤੋਂ ਛੋਟ ਦਿੱਤੀ ਜਾਣੀ ਚਾਹੀਦੀ ਸੀ ਪਰ ਹੋ ਇਸਦਾ ਉਲਟਾ ਰਿਹਾ ਹੈ । ਲਉ ਕਿਸਾਨ ਦੀ ਆਮਦਨ ਵੀ ਜਾਣ ਲਉ ਇੱਕ ਏਕੜ ਵਿੱਚੋ 33000 ਦੀ ਜੀਰੀ 27000 ਦੀ ਕਣਕ ਨਿੱਕਲਦੀ ਹੈ ਕੁੱਲ 70000 ਰੁਪਏ ਬਣਦੇ ਨੇਂ। 20 ਲੱਖ ਦੀ ਕੀਮਤ ਵਾਲੀ ਇੱਕ ਏਕੜ ਜਮੀਨ ਦੀ ਮਾਲਕੀ ਵਾਲਾ ਵਿਅਕਤੀ 40000 ਹਜਾਰ ਤੱਕ ਠੇਕਾ ਲੈ ਜਾਂਦਾ ਹੈ ਪਿੱਛੇ ਬਚਿਆ 30000 ਵਿੱਚੋਂ ਦੋ ਫਸਲਾਂ ਦਾ ਖਰਚਾ 20000 ਹੁੰਦਾਂ ਹੈ ਬਾਕੀ ਬਚੀ ਆਮਦਨ 10000 ਜਿਸ ਲਈ ਸਾਰੇ ਸਾਲ ਪੂਰਾ ਪੰਜ ਜੀਆਂ ਦਾ ਪਰਿਵਾਰ ਪੰਜ ਏਕੜ ਖੇਤੀ ਦੇ ਸਿਰਹਾਣੇ ਖੜਾ ਰਹਿੰਦਾ ਹੈ ਜਿੰਨਾਂ ਵਿੱਚੋਂ ਜੇ ਦੋ ਬਾਲਗਾਂ ਨੂੰ ਹੀ ਜੋ ਖੇਤੀ ਕਰਦੇ ਹਨ ਦੀ ਲੇਬਰ 160000 ਬਣਦੀ ਹੈ ।  ਪੰਜ ਏਕੜ ਦਾ ਲੇਬਰ ਪਲੱਸ ਖਰਚਾ 225000 ਹੈ । ਦੱਸੋ ਆਮਦਨ ਹੋਈ ਜਾਂ ਲੇਬਰ ਮਿਲੀ ਕਿਰਤ ਕਰਨ ਵਾਲੇ ਕਿਸਾਨ ਨੂੰ। ਹਜਾਰਾਂ ਏਕੜਾਂ ਦੇ ਮਾਲਕ ਕਾਂਗਰਸ ,ਅਕਾਲੀ ,ਪੰਥਕ , ਮੁੱਖੀ  ਕੀ ਕਿਸਾਨ ਹਨ ਉਹ ਤਾਂ ਬਿਜਨੈਸਮੈਨ ਹਨ ਜੇ ਠੇਕਾ ਵੱਧ ਮਿਲੇ ਤਾਂ ਠੇਕਾ ਲੈ ਲੈ ਕੇ ਚੰਡੀਗੜ ਦੀਆਂ ਏਸੀ ਕੋਠੀਆਂ ਵਿੱਚ ਸੌਂਦੇ ਹਨ ਜੋ ਕਿਸਾਨ  ਜਾਂ ਨੌਕਰਾਂ ਤੋਂ ਖੇਤੀ ਕਰਵਾਕੇ ਦੋ ਨੰਬਰ ਦੀ ਕਮਾਈ ਇੱਕ ਨੰਬਰ ਵਿੱਚ ਬਦਲਣ  ਦਾ ਧੰਦਾਂ ਕਰਦੇ ਹਨ। ਅਸਲੀ ਕਿਸਾਨ ਧੁੱਪ ਅਤੇ ਕੜਾਕੇ ਦੀ ਠੰਡ ਵਿੱਚ ਕੰਮ ਕਰਨ ਵਾਲਾ ਹੁੰਦਾ ਹੈ ਜਿਸ  ਦੀ ਮਿਹਨਤ ਦਾ ਵੀ ਪੂਰਾ ਮੁੱਲ ਨਹੀਂ ਮੁੜਦਾ । ਘਾਟੇ ਵਿੱਚ ਜਾਣ ਕਰਕੇ ਹੀ ਕਿਸਾਨ ਖੁਦਕਸੀਆਂ ਲਈ ਜਾਂ ਗਲਤ ਰਸਤਿਆਂ ਦਾ ਰਾਹੀ ਬਣਦਾ ਹੈ ।ਇਹੋ ਜਿਹੇ ਹਾਲਤਾਂ ਵਿੱਚ ਘਾਟੇ ਖਾਕੇ ਖੇਤੀ ਕਰਨ ਵਾਲੇ ਕਿਸਾਨ ਤੋਂ ਟੈਕਸ ਉਗਰਾਹੁਣੇ ਬਹੁਤ ਹੀ ਘਟੀਆ ਸੋਚ ਹੈ । ਜੇ ਕੋਈ ਟੈਕਸ ਲਾਉਣੇ ਵੀ ਹਨ ਤਦ ਉਹ ਜਮੀਨਾਂ ਦੇ ਮਾਲਕ ਜਿੰਮੀਦਾਰ ਤੇ ਲਾਏ ਜਾਣੇ ਚਾਹੀਦੇ ਹਨ ਜੋ ਵਿਹਲਾਸ ਰਹਿਕੇ ਸਿਰਫ ਮਾਲਕੀ ਕਾਰਨ ਹੀ ਆਮਦਨ ਕਰਦਾ ਹੈ ਪਰ ਸਰਕਾਰਾਂ ਕਰ ਉਲਟਾ ਰਹੀਆਂ ਹਨ। ਸਰਕਾਰੀ ਸਹਾਇਤਾ ਦਾ ਵੱਡਾ ਹਿੱਸਾ ਵੀ ਮਾਲਕ ਲੋਕ ਹੜੱਪ ਜਾਂਦੇ ਹਨ ਜਦੋਂ ਕਿ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੋਕੇ ਮਿਹਨਤ ਕਰਨ ਵਾਲਾ ਕੁੱਝ ਵੀ ਹਾਸਲ ਨਹੀਂ ਕਰ ਪਾਉਂਦਾਂ । ਸਰਕਾਰਾਂ ਦੇ ਸਲਾਹਕਾਰ ਅਮੀਰ ਸਰੇਣੀ ਦੇ ਲੋਕ ਹਨ ਜੋ ਖੁਦ ਵੀ ਜਮੀਨਾਂ ਦੇ ਮਾਲਕ ਹਨ ਅਤੇ ਖੇਤੀਬਾੜੀ ਦੇ ਨਾਂ ਤੇ ਆਪਣਾ ਕਾਲਾ ਧਨ ਚਿੱਟਾ ਕਰਦੇ ਹਨ। ਸੋ ਜਦ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ ਤਦ  ਬਚਾਅ ਹੋ ਹੀ ਨਹੀਂ ਸਕਦਾ । ਸੋ ਸਰਕਾਰਾਂ ਨੂੰ ਖੇਤੀਬਾੜੀ ਦੀ ਪੈਦਾਵਾਰ ਤੇ ਟੈਕਸ ਇਕੱਠੇ ਕਰਨ ਸਮੇਂ ਉਦਯੋਗਾਂ ਦੀ ਤਰਾਂ ਟੈਕਸ ਲੈਣਾਂ ਕਿਵੇਂ ਵੀ ਸਹੀ ਨਹੀਂ । ਘਾਟੇ ਵਾਲੇ ਕਿਸਾਨੀ ਧੰਦੇ ਤੇ ਨੀਤੀਆਂ ਬਣਾਉਣ ਸਮੇਂ ਜਰੂਰ ਵਿਚਾਰਿਆ ਜਾਣਾਂ ਚਾਹੀਦਾ ਹੈ ਕਿ ਅਸਲੀ ਕਿਸਾਨ ਟੈਕਸ ਦੇਣ ਦੀ ਹੈਸੀਅਤ ਵਿੱਚ ਹੈ ਵੀ ਕਿ ਨਹੀਂ। ਘਾਟਾ ਖਾਕੇ ਵੀ ਖੇਤੀ ਦਾ ਧੰਦਾ ਕਰਨ ਵਾਲਿਆਂ ਨੂੰ ਸਬਸਿਡੀਆਂ ਦੇਣੀਆਂ ਚਾਹੀਦੀਆਂ ਹਨ ਅਤੇ ਗੈਰ ਕਾਸਤਕਾਰ ਜਮੀਨਾਂ ਦੇ ਮਾਲਕਾਂ ਉੱਪਰ ਸਜਾ ਸਮੇਤ ਟੈਕਸ ਵਸੂਲੇ ਜਾਣੇ ਚਾਹੀਦੇ ਹਨ ਜੋ ਖੇਤੀਬਾੜੀ ਦੀ ਆੜ ਵਿੱਚ ਟੈਕਸ ਚੋਰੀ ਕਰਦੇ ਹਨ ਅਤੇ ਕਿਰਤੀ ਲੋਕਾਂ ਦੇ ਹੱਕ ਖਾਂਦੇ ਹਨ।
                                                ਗੁਰਚਰਨ ਪੱਖੋਕਲਾਂ ਫੋਨ 9417727245

Monday, 2 June 2014

ਰੋਕ ਕੋਈ ਨਾਂ ਸਕਦਾ ਬਈ ਕੁਦਰਤ ਦੇ ਭਾਣੇ ਨੂੰ

ਸੱਚ ਸਮਝ ਨਹੀ ਆਉਂਦਾ ਬੰਦੇ ਵੱਡੇ ਸਿਆਣੇ ਨੂੰ
ਰੋਕ ਕੋਈ ਨਾਂ ਸਕਦਾ ਬਈ ਕੁਦਰਤ ਦੇ ਭਾਣੇ ਨੂੰ
ਬਦਲੇ ਵਿੱਚ ਜਮਾਨੇ ਦੇ ਹੁਣ ਨਾ ਰਹਿ ਗਏ ਮਾਪੇ ।
ਧੀਆਂ ਪੁੱਤਰ ਵਿਦੇਸੀਂ ਤੋਰੇ  ਕਰ ਕਰ ਕਈ ਸਿਆਪੇ
ਯਾਦ ਕਰਕੇ ਰੋਂਦੇ ਰਹਿੰਦੇ ਦੂਰ ਜੋ ਵਸਦੇ ਬੀਬੇ ਰਾਣੇ ਨੂੰ
ਰੋਕ ਕੋਈ ਨਾਂ ਸਕਦਾ ਬਈ ਕੁਦਰਤ ਦੇ ਭਾਣੇ ਨੂੰ
ਦੁਨੀਆਂ ਜਿੱਤਣ ਤੁਰਿਆਂ ਲੋਕੋ ਇੱਕ ਸਿਕੰਦਰ ਸੀ
ਅੱਧ ਵਿਚਕਾਰ ਦੇ ਆਕੇ ਮੁੜ ਗਿਆਂ ਪਤੰਦਰ ਸੀ
ਜਦ ਸਾਧ ਮੱਚਦਾ ਦੇਖਿਆ  ਪਹਿਨ ਕੇ ਅੱਗ ਦੇ ਬਾਣੇ ਨੂੰ
 ਰੋਕ ਕੋਈ ਨਾਂ ਸਕਦਾ ਬਈ ਕੁਦਰਤ ਦੇ ਭਾਣੇ ਨੂੰ
ਮਿੱਟੀ ਛੱਡਕੇ  ਬੰਦਾਂ ਏਥੇ ਵਿੱਚ ਹਵਾ ਦੇ ਤੁਰਦਾ
ਪੈਸੇ ਦੇ ਜੋ ਘੋੜੇ ਚੜਿਆ ਫੇਰ ਘਰੇ ਨਹੀਂ ਮੁੜਦਾ
ਪਿੰਡੋਂ ਤੋਂ ਸਹਿਰ ਫਿਰ ਸਹਿਰੋਂ ਫੌਰਨ ਸੋਚੇ ਜਾਣੇ ਨੂੰ
ਰੋਕ ਕੋਈ ਨਾਂ ਸਕਦਾ ਬਈ ਕੁਦਰਤ ਦੇ ਭਾਣੇ ਨੂੰ
ਬੰਦਾ ਹੁਣ ਨਾਂ ਬੰਦਾਂ ਰਹਿ ਗਿਆਂ ਬਣਿਆਂ ਪਿਆ ਮਸੀਨ
ਅਕਲੋਂ ਖਾਲੀ ਬਣਿਆ ਰਹਿੰਦਾਂ  ਵੱਡਾ ਬਹੁਤ ਯਹੀਨ
ਮਾਇਆ ਵਿੱਚ ਉਲਝਿਆਂ ਬੰਦਾਂ ਭੁੱਲ ਗਿਆ ਮਸਾਣੇ ਨੂੰ
ਰੋਕ ਕੋਈ ਨਾਂ ਸਕਦਾ ਬਈ ਕੁਦਰਤ ਦੇ ਭਾਣੇ ਨੂੰ