Sunday, 27 October 2013

ਸਿੱਖੀ ਰਵਾਇਤਾਂ ਅਤੇ ਖਾਲਸੇ ਦੀ ਰੂਹ ਦਾ ਘਾਣ

                                        ਸਿੱਖੀ ਰਵਾਇਤਾਂ ਅਤੇ ਖਾਲਸੇ ਦੀ ਰੂਹ ਦਾ ਘਾਣ
                             ਸਿੱਖੀ ਰਵਾਇਤਾਂ ਅਤੇ ਖਾਲਸੇ ਦੇ ਬੋਲਬਾਲੇ ਜਦੋਂ ਰਲਗੱਡ ਹੋ ਜਾਣ ਤਦ ਇੱਕ ਅਸਪਸਟ ਤਸਵੀਰ ਪਰਗਟ ਹੋ ਜਾਂਦੀ ਹੈ ਦਸ ਗੁਰੂਆਂ ਦੇ ਵਾਰਸ ਅਖਵਾਉਣ ਵਾਲਿਆਂ ਦੀ। ਦਸ ਗੁਰੂਆਂ ਨੇ ਉਹਨਾਂ ਦੇ ਫਲਸਫੇ ਦੇ ਰਾਂਹੀਆਂ ਨੂੰ ਭਾਵੇਂ ਇੱਕ ਸਪੱਸਟ ਸੋਚ ਅਤੇ ਸਪੱਸਟ ਫਲਸਫਾ ਦਿੱਤਾ ਹੈ ਪਰ ਜਿਉਂ ਜਿਉਂ ਇਸ ਕੌਮ ਦੇ ਵਾਰਸ ਕਚਘਰੜ ਲੋਕ ਬਣਦੇ ਗਏ ਤਿਉਂ 2 ਇਸ ਕੌਮ ਦੇ ਫਲਸਫੇ ਅਤੇ ਰਵਾਇਤਾਂ ਦੀ ਹਾਲਤ ਖਰਾਬ ਕਰ ਦਿੱਤੀ ਗਈ। ਅੰਗਰੇਜ ਰਾਜਸੱਤਾ ਨੇ ਹੀ ਸਿੱਖ ਕੌਮ ਵਿੱਚ ਵਿਗਾੜ ਪਾਉਣ ਦੀ ਕਸਰ ਨਹੀ ਛੱਡੀ ਸੀ ਪਰ ਉਸ ਤੋਂ ਬਾਅਦ ਹਿੰਦੂ ਮੂਲਵਾਦੀ ਸਰਕਾਰਾਂ ਅਤੇ ਵਰਤਮਾਨ ਵਿੱਚ ਅਖੌਤੀ ਸਿੱਖ ਸਰਕਾਰਾਂ ਅਤੇ ਸਿੱਖ ਕੌਮ ਦੇ ਧਾਰਮਿਕ ਪਰਬੰਧਕਾਂ ਨੇ ਸਭ ਤੋਂ ਜਿਆਦਾ ਤੇਲ ਸਿੱਖ ਫਲਸਫੇ ਦੇ ਜੜੀਂ ਦੇਣ ਦੀ ਕੋਸਿਸ ਕੀਤੀ ਹੈ। ਗੁਰੂਆਂ ਦੇ ਫਲਸਫੇ ਨੂੰ ਮੰਨਣ ਵਾਲੇ ਲੋਕ ਕਿਸੇ ਦੁਨਿਆਵੀ ਧਰਮ ਦੇ ਕਾਇਲ ਨਹੀ ਸਨ । ਗੁਰੂਆਂ ਦਾ ਉਪਦੇਸ ਸਿਰਫ ਗਿਆਨ ਦੇਣ ਦਾ ਅਤੇ ਹਾਸਲ ਕਰਨ ਦਾ ਸੀ ਜਹਾਂ ਗਿਆਨ ਤਹਾਂ ਧਰਮੁ ਹੈ  ਦਾ ਹੁਕਮ ਗਰੰਥ ਸਾਹਿਬ ਵਿੱਚ ਦਰਜ ਹੈ। ਸਮਾਜਕ ਧਰਮ ਰਾਜਸੱਤਾ ਦੀ ਪੈਦਾਇਸ ਹਨ ਅਵਤਾਰੀ ਪੁਰਸਾਂ ਦੇ ਨਹੀਂ।
       ਇਸ ਤਰਾਂ ਹੀ ਗੁਰੂਆਂ ਦੀ ਸੋਚ ਨੂੰ ਸਮੱਰਪਣ ਲੋਕਾਂ ਲਈ ਖਾਲਸਾ ਬਣਨ ਦਾ ਰਾਹ ਹੈ ਜੋ ਵਰਤਮਾਨ ਵਿੱਚ ਰਾਜਸੱਤਾ ਦੁਆਰਾ ਪੂਰੇ ਦਾ ਪੂਰਾ ਬਦਲ ਦਿੱਤਾ ਗਿਆ ਹੈ। ਗੁਰੂਆਂ ਨੇ ਅੰਮਿ੍ਰਤ ਸਿਰਫ ਸੱਚ ਨੂੰ ਹੀ ਕਿਹਾ ਹੈ ( ਅੰਮਿ੍ਰਤ ਏਕੋ ਨਾਮ ਹੈ ) ਪਰ ਵਰਤਮਾਨ ਵਿੱਚ ਖੰਡੇ ਬਾਟੇ ਦੀ ਪਾਹੁਲ ਨੂੰ ਹੀ ਅੰਮਿ੍ਰਤ ਵਿੱਚ ਬਦਲ ਦਿੱਤਾ ਗਿਆ ਹੈ। ਗੁਰੂਆਂ ਨੇ ਖੰਡੇ ਬਾਟੇ ਦੀ ਪਾਹੁਲ ਦੇਣ ਦਾ ਇਨਕਲਾਬੀ ਕਦਮ ਚੁਕਿਆ ਸੀ ਅਤੇ ਇਹ ਪਾਹੁਲ ਸਿਰਫ ਉਹੀ ਲੋਕ ਲੈ ਸਕਦੇ ਸਨ ਜੋ ਸਿਰ ਵਾਰਨ ਦਾ ਪ੍ਰਣ ਕਰਦੇ ਸਨ । ਸਿਰ ਨਾਂ ਦੇਣ ਵਾਲੇ ਭਾਵ ਸਹੀਦੀ  ਪਾਉਣ ਤੋਂ ਡਰਨ ਵਾਲੇ ਨੂੰ ਖੰਡੇ ਬਾਟੇ ਦੀ ਪਾਹੁਲ ਨਹੀਂ ਦਿੱਤੀ ਜਾਂਦੀ ਸੀ। ਵਰਤਮਾਨ ਵਿੱਚ ਇਹ ਸਿੰਘ ਬਣਾਉਣ ਵਾਲੀ  ਪਾਹੁਲ ਏਨੀ ਸਸਤੀ ਕਰ ਦਿੱਤੀ ਗਈ ਹੈ ਕਿ ਇਹ ਡਰਪੋਕ ਅਤੇ ਅਨੇਕਾਂ ਮਾਨਸਿਕ ਬਿਮਾਰੀਆਂ ਦੇ ਸਿਕਾਰ ਵਿਅਕਤੀਆਂ ਨੂੰ ਵੀ ਦਿੱਤੀ ਜਾ ਰਹੀ ਹੈ ਸਿਰਫ ਗਿਣਤੀ ਵਧਾਉਣ ਲਈ ।
 ਜਦ ਕਿਧਰੇ ਸਮਾਜ ਦੁਸਮਣ ਲੋਕ ਬੋਲਦੇ ਹੋਣ ਤਾਂ ਵਰਤਮਾਨ ਦੇ ਅੰਮਿ੍ਰਤ ਧਾਰੀ (ਸਿੰਘ ਖਾਲਸੇ) ਘਰਾਂ ਅੰਦਰ ਲੁਕ ਜਾਂਦੇ ਹਨ ਜਦ ਕਿ ਗੁਰੂਆਂ ਦੇ ਸਮੇਂ ਦੇ ਖਾਲਸੇ ਗੱਜ ਵੱਜ ਕੇ ਬਾਹਰ ਨਿਕਲਿਆ ਕਰਦੇ ਸਨ। ਗੁਰੂਆਂ ਨੇ ਖਾਲਸਾ ਪੰਥ ( ਰਾਹ ) ਚਲਾਇਆਂ ਸੀ ਜਿਸ ਜਿਸ ਉਪਰ ਖਾਲਸਾ ਫੌਜ ਤੁਰਿਆ ਕਰਦੀ ਸੀ । ਫੌਜ ਕਦੇ ਹਥਿਆਰ ਰਹਿਤ ਨਹੀਂ ਹੁੰਦੀ ਅਤੇ ਨਾਂ ਹੀ ਕਦੇ ਡਰਦੀ ਹੈ । ਖਾਲਸਾ ਸਿੱਖਣ ਵਾਲੇ ਸਿੱਖਾਂ ਦੀ ਨਹੀ ਇਹ ਤਾਂ ਸਹੀਦੀ ਪਾਉਣ ਵਾਲੇ ਮਰਜੀਵੜਿਆਂ ਦੀ ਫੌਜ ਹੁੰਦੀ ਹੈ। ਕੋਈ ਜਰੂਰੀ ਨਹੀਂ ਹੁੰਦਾਂ ਕਿ ਦੁਨੀਆਂ ਦਾ ਹਰ ਬੰਦਾਂ ਸਹੀਦੀ ਦਾ ਰਾਹ ਚੁਣ ਸਕੇ । ਗੁਰੂ ਵਾਲਾ ਤਾਂ ਹਰ ਕੋਈ ਬਣ ਸਕਦਾ ਹੈ ਭਾਵੇਂ ਖੰਡੇ ਬਾਟੇ ਦੀ ਪਾਹੁਲ ਨਾਂ ਵੀ ਲਵੇ ਪਰ ਸਹੀਦੀ ਤੋਂ ਡਰਨ ਵਾਲਾ ਕਦੇ ਖਾਲਸਾ ਫੌਜ ਦਾ ਸਿਪਾਹੀ ਨਹੀਂ ਬਣ ਸਕਦਾ ਗੁਰੂ ਵਾਲਾ ਤਾਂ ਦੁਨੀਆਂ ਦਾ ਹਰ ਬੰਦਾਂ ਹੁੰਦਾਂ ਹੀ ਹੈ ਜੋ ਸਿੱਖਣ ਦੇ ਰਾਹ ਤੁਰ ਪੈਂਦਾਂ ਹੈ। ਅਸਲੀ ਸਿੱਖ ਉਹ ਹੀ ਹੁੰਦਾਂ ਹੈ ਜੋ ਸਿੱਖਣ ਤੁਰਦਾ ਹੋਵੇ ਪਰ ਜਿਹੜੇ ਲੋਕ ਸਿੱਖਣ ਦੀ ਥਾਂ ਸਿਖਾਉਣ ਤੁਰ ਪੈਂਦੇ ਹਨ ਜਾਂ ਤਾਂ ਉਹ ਪੂਰਨ ਪੁਰਖ ਹੁੰਦੇ ਹਨ ਜਾਂ ਫਿਰ ਮੂਰਖ । ਸਿੱਖਣ ਵਾਲਿਆਂ ਲਈ ਗੁਰੂਆਂ ਨੇ ਹਿੰਦੋਸਤਾਨ ਦੇ ਇਲਾਕੇ ਵਿੱਚ ਹੋਏ ਅਵਤਾਰੀ ਪੁਰਸਾਂ ਦੇ ਇੱਕ ਵੱਡੇ ਹਿੱਸੇ ਦਾ ਫਲਸਫਾ ਇਕੱਠਾ ਕੀਤਾ ਜਿਸ ਵਿੱਚ ਮੁਸਲਮਾਨ ਅਤੇ ਹਿੰਦੂ ਫਕੀਰ ਲੋਕ ਸਾਮਲ ਹਨ । ਗੁਰੂ ਨਾਨਕ ਦੁਆਰਾ ਉਸ ਸਮੇਂ ਅਨੁਸਾਰ ਸੱਚ ਸਮਝੇ ਜਾਣ ਵਾਲੇ ਉਪਦੇਸ ਇਕੱਠੇ ਕਰਕੇ ਪੋਥੀ ਰੂਪ ਵਿੱਚ ਆਪਣੇ ਕੋਲ ਰੱਖੇ ਜੋ ਅੱਗੇ ਜਾਕੇ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਗਰੰਥ ਸਾਹਿਬ ਦੇ ਰੂਪ ਵਿੱਚ ਸੰਪਾਦਿਤ ਕੀਤੇ । ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਗੁਰੂ ਰੂਪ ਦਾ ਮੰਨਣ ਦਾ ਹੁਕਮ ਕੀਤਾ । ਗੁਰੂ ਜੀ ਨੇ ਦੇਹ ਧਾਰੀ ਗੁਰੂ ਜਾਂ ਆਗੂ ਦੀ ਪਰੰਪਰਾਂ ਬੰਦ ਨਹੀਂ ਕੀਤੀ ਜੋ ਅਜਕਲ ਪਰਚਾਰਿਆ ਜਾ ਰਿਹਾ ਹੈ । ਗੁਰੂ ਜੀ ਨੇ ਕਿਹਾ ਸੀ ਗੁਰੂ ਗਰੰਥ ਜੀ ਵਿੱਚ ਜੋ ਲਿਖਿਆ ਹੈ ਉਸ ਤੋਂ ਅਗਵਾਈ ਲੈਣੀ ਅਤੇ ਸਮੇਂ ਅਨੁਸਾਰ ਗੁਰੂ ਗਰੰਥ ਦੀ ਰਹਿਨਮਾਈ  ਹੇਠ ਪੰਚਾਇਤੀ ਰੂਪ ਵਿੱਚ ਨਵੇਂ ਫੈਸਲੇ ਲੈਣ ਦੀ ਪਰੰਪਰਾਂ ਦੀ ਵੀ ਨੀਂਹ ਰੱਖੀ ਸੀ।
                  ਸਮੇਂ ਦੇ ਨਾਲ ਖਾਲਸਾ ਫੌਜ ਦੇ ਆਗੂ ਗੁਰੂਆਂ ਦੇ ਹੁਕਮ ਤੋਂ ਬਾਗੀ ਹੁੰਦੇ ਗਏ ਜਿਸਦੀ ਨੀਂਹ ਰਣਜੀਤ ਸਿੰਘ ਹੁਕਮਰਾਨ ਤੋਂ ਵੱਡੇ ਪੱਧਰ ਤੇ ਸੁਰੂ ਹੋਈ ਭਾਵੇਂ ਇਸ ਤੋਂ ਪਹਿਲਾਂ ਬੰਦੇ ਬਹਾਦਰ ਦੇ ਕੁਝ ਸਾਥੀ ਵੀ ਸਰਕਾਰਾਂ ਦੇ ਸਾਥੀ ਬਣਕੇ ਖਾਲਸਾ ਫੌਜ ਨੂੰ ਪਾਟੋ ਧਾੜ ਕਰਨ ਦੇ ਦੋਸੀ ਬਣ ਗਏ ਸਨ ਜੋ ਆਪਣੇ ਆਪ ਨੂੰ ਤੱਤ ਖਾਲਸਾ ਕਹਿੰਦੇ ਸਨ । ਇਸ ਤਰਾਂ ਰਾਜ ਸਤਾ ਨੇ ਗੁਰੂਆਂ ਦੇ ਫਲਸਫੇ ਨੂੰ ਮੇਟਣ ਦਾ ਸਮੇਂ ਸਮੇਂ ਤੇ ਪੂਰਾ ਜੋਰ ਲਾਇਆ । ਅੰਗਰੇਜਾਂ ਨੇ ਤਾਂ ਬਹੁਤ ਯੋਜਨਾਂ ਬੰਦੀ ਨਾਲ ਗੁਰੂਆਂ ਦੇ ਵਾਰਸਾਂ ਨੂੰ ਗੁੰਮਰਾਹ ਕਰਨ ਲਈ ਅਤੇ ਖਾਲਸੇ ਨੂੰ ਆਪਣੇ ਲਈ ਵਰਤਣ ਲਈ ਨੀਤੀਆਂ ਬਣਾਈਆਂ। ਅੰਗਰੇਜ ਕੌਮ ਸਿੱਖ ਆਗੂਆਂ ਦੀ ਸੋਚ ਉਪਰ ਭਾਰੂ ਪਈ । ਦੇਹਧਾਰੀ ਨੂੰ ਨਾਂ ਮੰਨਣ ਦੀ ਪਰੰਪਰਾਂ ਵੀ ਰਾਜਸੱਤਾ ਨੇ ਹੀ ਸੁਰੂ ਕਰਵਾਈ ਹੈ ਪਰ ਗੁਰੂ ਗਰੰਥ ਦੇ ਲੱਗ ਭੱਗ ਹਰ ਪੰਨੇ ਤੇ ਦੇਹਧਾਰੀਆਂ ਦਾ ਸਤਿਕਾਰ ਮਿਲਦਾ ਹੈ। ਗੁਰੂ ਗਰੰਥ ਸਾਹਿਬ ਵਿੱਚ ਸਮੁੱਚੀ ਬਾਣੀ ਦੇਹਧਾਰੀਆਂ ਦੀ ਲਿਖੀ ਹੋਈ ਹੈ ਫਿਰ ਗੁਰੂਆਂ ਦੇ ਵਾਰਸਾਂ ਨੂੰ ਆਗੂ ਵਿਹੂਣੇ ਕਰਨ ਲਈ ਇਹ ਰਵਾਇਤ ਚਾਲੂ ਕੀਤੀ ਗਈ । ਅੰਗਰੇਜਾਂ ਤੋਂ ਬਅਦ ਨਵੀ ਰਾਜਸੱਤਾ ਨੇ ਵੀ ਖਾਲਸਾਈ ਰਵਾਇਤਾਂ ਨੂੰ ਮਲੀਆਂ ਮੇਟ ਕਰਨ ਦੀਆਂ ਨੀਤੀਆਂ ਜਾਰੀ ਰੱਖੀਆਂ ਜਿਸ ਵਿੱਚ ਪੰਥਕ ਸਰਕਾਰਾਂ ਅਤੇ ਅਖੌਤੀ ਪੰਥਕ ਆਗੂਆਂ ਨੇ ਭਰਵਾਂ ਸਹਿਯੋਗ ਦਿੱਤਾ ।ਅੱਜ ਦੇ ਸਮੇਂ ਵਿੱਚ ਸਿੱਖ ਗੁਰੂਆਂ ਦੁਆਰਾ ਪਰਚਾਰੇ ਫਲਸਫੇ ਨੂੰ ਮੰਨਣ ਵਾਲੇ ਹਿੰਦੂ ਮੁਸਲਮਾਨਾਂ ਅਤੇ ਸਿੱਖਾਂ ਨੂੰ ਵਰਤਮਾਨ ਅੰਮਿ੍ਰਤਧਾਰੀ ਨਫਰਤ ਦੀ ਨਿਗਾਹ ਨਾਲ ਦੇਖਦੇ ਹਨ । ਭਾਵੇਂ ਗੁਰੂ ਗੋਬਿੰਦ ਸਿੰਘ ਤੱਕ ਹਰ ਸਿੱਖਣ ਵਾਲਾ ਹਿੰਦੂ ਮੁਸਲਮਾਨ ਗੁਰੂਆਂ ਦਾ ਸਤਿਕਾਰ ਦਾ ਪਾਤਰ ਸੀ ਭਾਵੇਂ  ਭਾਈ ਨੰਦਲਾਲ ਵਰਗੇ ਕੇਸ ਕਤਲ ਕਰਾਉਣ ਵਾਲਾ ਵੀ ਗੁਰੂਆਂ ਦੇ ਸਤਿਕਾਰ ਦਾ ਪਾਤਰ ਸੀ ਪਰ ਵਰਤਮਾਨ ਵਿੱਚ ਇਸ ਤਰਾਂ ਗੁਰੂ ਫਲਸਫੇ ਨੂੰ ਪਿਆਰ ਕਰਨ ਵਾਲੇ ਨਫਰਤ ਦੇ ਪਾਤਰ ਬਣ ਗਏ ਹਨ । ਅਸਲ ਵਿੱਚ ਗੁਰੂਆਂ ਦੇ ਫਲਸਫੇ ਨੂੰ ਪਰਚਾਰਨ ਵਾਲੇ ਲੋਕ ਰਾਜਸੱਤਾ ਦੇ ਗੁਲਾਮ ਬਣ ਗਏ ਹਨ। ਗੁਰੂ ਗੋਬਿੰਦ ਸਿੰਘ ਦੀ ਭਵਿੱਖਬਾਣੀ ਵੀ ਸੱਚ ਸਾਬਤ ਹੋਈ ਹੈ ਜਿਸ ਅਨੁਸਾਰ ਗੁਰੂ ਦੀ ਸੋਚ ਪਰਚਾਰਨ ਵਾਲੇ ਲੋਕਾਂ ਦੇ ਆਗੂ ਰਾਜਸੱਤਾ ਦੇ ਅੰਗ ਬਣ ਚੁੱਕੇ ਹਨ। ਗੁਰੂਆਂ ਦੀ ਸੋਚ ਪਰਚਾਰਨ ਵਾਲੇ ਅਤੇ ਅਮਲੀ ਰੂਪ ਵਿੱਚ ਲਾਗੂ ਕਰਨ ਵਾਲੇ ਕਿਸੇ ਮਹਾਨ ਯੋਧੇ ਦੀ ਉਡੀਕ ਹਾਲੇ ਹੋਰ ਕਰਨੀਂ ਪਵੇਗੀ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ  

Saturday, 12 October 2013

ਪੰਜਾਬੀ ਸਭਿਆਚਾਰ ਦੀ ਇੱਕ ਵੱਖਰੀ ਪਛਾਣ

                               
                                                       ਸਮੁੱਚੇ ਵਿਸਵ ਵਿੱਚ ਅਤੇ ਖਾਸਕਾਰ ਭਾਰਤੀ ਮਹਾਂਦੀਪ ਵਿੱਚ ਪੰਜਾਬੀ ਸਭਿਆਚਾਰ ਦੀ ਇੱਕ ਵੱਖਰੀ ਪਛਾਣ ਰਹੀ ਹੈ । ਪੰਜਾਬ ਦੇ ਲੋਕ ਬਹਾਦਰ ,ਦਲੇਰ ਅਤੇ ਸੂਰਮੇ ਲੋਕਾਂ ਦੀ ਧਰਤੀ ਰਿਹਾ ਹੈ। ਇਸ ਧਰਤੀ ਤੇ ਬਹੁਤ ਸਾਰੇ ਅਵਤਾਰੀ ਪੁਰਸਾਂ ਨੇ ਜਨਮ ਲਿਆ ਜਿਹਨਾਂ ਨੇ ਦੁਨੀਆਂ ਨੂੰ ਜਿੰਦਗੀ ਜਿਉਣ ਦੀਆਂ ਨਵੀਆਂ ਜੀਵਨ ਜਾਚਾਂ ਬਖਸੀਆਂ ਹਨ। ਇੱਥੋ ਦੇ ਬਹੁਤ ਸਾਰੇ ਰਾਜਿਆਂ ਨੇ ਬਹਾਦਰੀ ਅਤੇ ਰਾਜਸੱਤਾ ਦੇ ਧਰਮ ਦੀਆਂ ਉੱਚਤਮ ਮਿਸਾਲਾਂ ਪੇਸ ਕੀਤੀਆਂ ਹਨ ਜਿਸ ਤਰਾਂ ਪੋਰਸ ਨੇ ਸਿਕੰਦਰ ਤੋਂ ਹਾਰਨ ਤੇ ਰਹਿਮ ਦੀ ਭੀਖ ਨਹੀਂ ਮੰਗੀ ਸੀ ਸਗੋਂ ਜਿਸ ਤਰਾਂ ਹਾਰੇ ਹੋਏ ਰਾਜੇ ਨਾਲ ਸਲੂਕ ਕੀਤਾ ਜਾਂਦਾ ਹੈ ਦੀ ਮੰਗ ਕੀਤੀ ਸੀ। ਗੁਰੂ ਅਰਜਨ ਦੇਵਜੀ ਅਤੇ ,ਗੁਰੂ ਤੇਗ ਬਹਾਦਰ ਜੀ ਨੇ ਆਮ ਲੋਕਾਂ ਦੇ ਹੱਕਾਂ ਲਈ ਸਹੀਦੀ ਦੇਕੇ ਉੱਚਤਮ ਕਿਰਦਾਰ ਦੀ  ਮਿਸਾਲ ਪੇਸ ਕੀਤੀ ਹੈ ਜੋ ਪੰਜਾਬੀ ਸਭਿਆਚਾਰ ਦੀ ਇੱਕ ਮਹਾਨ ਮਿਸਾਲ ਹੈ। ਸਮੇਂ ਸਮੇਂ ਤੇ ਪੰਜਾਬੀ ਲੋਕਾਂ ਨੇ ਦੁਨੀਆਂ ਸਾਹਮਣੇ ਆਪਣੇ ਮਹਾਨ ਕਿਰਦਾਰ ਰਾਂਹੀ ਸਾਡੇ ਸਭਿਅਚਾਰ ਦੀਆਂ ਝਲਕੀਆਂ ਪੇਸ ਕੀਤੀਆਂ ਹਨ। ਪੰਜਾਬੀ ਸਭਿਆਚਾਰ ਇਸਤਰੀ ਦੀ ਇੱਜਤ ਦਾ ਸਦਾ ਹੀ ਰਾਖਾ ਰਿਹਾ ਹੈ। ਸਿੱਖ ਇਤਿਹਾਸ ਵਿੱਚ ਅਨੇਕਾਂ ਘਟਨਾਵਾਂ  ਜਿਹਨਾਂ ਵਿੱਚ ਜਾਲਮ ਰਾਜਸੱਤਾ ਵੱਲੋਂ ਜਦ ਭਾਰਤੀ ਇਸਤਰੀਆਂ ਨੂੰ ਅਗਵਾ ਕਰਕੇ ਵਿਦੇਸਾਂ ਵਿੱਚ ਲਿਜਾਇਆ ਜਾਂਦਾ ਸੀ ਤਦ ਪੰਜਾਬੀ ਸੂਰਮੇ ਲੋਕਾਂ ਨੇ ਬਹੂ ਬੇਟੀਆਂ ਦੀ ਰਾਖੀ ਲਈ ਜਾਨ ਦੀ ਪਰਵਾਹ ਕੀਤੇ ਬਿਨਾਂ ਉਹਨਾਂ ਦੀ ਰਾਖੀ ਲਈ ਲੜਾਈਆਂ ਤੋਂ ਕਦ ਪਾਸਾ ਨਹੀਂ ਵੱਟਿਆ ਸੀ।
loading...

                      ਪੰਜਾਬੀ ਲੋਕਾਂ ਦੇ ਸੁਭਾਅ ਵਿੱਚ ਜਨਮ ਤੋਂ ਲੈਕੇ ਮਰਨ ਤੱਕ ਦੀਆਂ ਰਵਾਇਤਾਂ ਵਿੱਚ ਸੰਗੀਤ ਅਤੇ ਗੀਤ ਸਭਿਆਚਾਰ ਭਾਰੂ ਰਿਹਾ ਹੈ। ਪੰਜਾਬੀ ਪਰੀਵਾਰਾਂ ਵਿੱਚ ਜਨਮ ਸਮੇਂ ਵੀ ਗੀਤ ਗਾਕੇ ਖੁਸੀਆਂ ਦਾ ਪਰਗਟਾਵਾ ਕੀਤਾ ਜਾਂਦਾ ਹੈ ਵਿਆਹ ਦੀਆਂ ਰਸਮਾਂ ਵੀ ਗੀਤਾਂ ਭਰੀਆਂ ਮਹਿਫਲਾਂ ਨਾਲ ਖੁਸੀਆਂ ਜਾਹਰ ਕੀਤੀਆਂ ਜਾਂਦੀਆਂ ਰਹੀਆਂ ਹਨ । ਪੰਜਾਬੀਆਂ ਦੇ ਮਰਨ ਤੇ ਵੀ ਵੈਣ ਰੂਪੀ ਗੀਤ ਹੀ ਗਾਏ ਜਾਂਦੇ ਹਨ ਜੋ ਖੁਸੀਆਂ ਦੀ ਥਾਂ ਮਨੁੱਖੀ ਮਨ ਦੇ ਵੈਰਾਗ ਦੀ ਉਪਜ ਹਨ । ਹਰ ਖੁਸੀ ਦੇ ਮੌਕੇ ਤੇ ਗੀਤ ਸੰਗੀਤ ਦੇ ਨਾਲ ਗਿੱਧੇ , ਭੰਗੜੇ  ਅਤੇ ਢੋਲ ਦੇ ਡੱਗੇ ਦਾ ਵੱਜਣਾਂ ਵੀ ਆਮ ਵਰਤਾਰਾ ਰਿਹਾ ਹੈ । ਪੰਜਾਬੀ ਲੋਕ ਕਦੇ ਵੀ ਮੰਗਤੇ ਬਣਨ ਦੀ ਥਾਂ ਕਿਰਤ ਤੇ ਹੀ ਟੇਕ ਰੱਖਦੇ ਰਹੇ ਹਨ। ਪੰਜਾਬੀ ਸਭਿਆਚਾਰ ਵਿੱਚ ਗੁਲਾਮੀ ਵਿੱਚ ਜੀਣ ਦੀ ਥਾਂ ਅਜਾਦ ਰਹਿਣ ਨੂੰ ਹੀ ਇੱਜਤ ਨਾਲ ਦੇਖਿਆ ਜਾਂਦਾ ਰਿਹਾ ਹੈ। ਪੰਜਾਬੀ ਲੋਕ ਸਦਾ ਹੀ ਪਿਆਰ ਦੇ ਪੁਜਾਰੀ ਰਹੇ ਹਨ । ਜਿਹਨਾਂ ਵੀ ਲੋਕਾਂ ਜਾਂ ਰਾਜ ਸੱਤਾਵਾਂ ਨੇ ਇਹਨਾਂ ਵੱਲ ਪਿਆਰ ਨਾਲ ਹੱਥ ਵਧਾਇਆਂ ਉਹਨਾਂ ਦੇ ਲਈ ਇਹਨਾਂ ਕਦੇ ਵੀ ਜਾਨ ਦੀ ਬਾਜੀ ਤੱਕ ਲਾਉਣ ਦੀ ਪਰਵਾਹ ਨਹੀਂ ਕੀਤੀ । ਗੁਰੂ ਗੋਬਿੰਦ ਸਿੰਘ ਵੱਲ ਜਦ ਔਰੰਗਜੇਬ ਦੇ ਪੁੱਤਰ ਵੱਲੋਂ ਦੋਸਤੀ ਦਾ ਹੱਥ ਵਧਾਇਆ ਗਿਆ ਤਦ ਗੁਰੂ ਜੀ ਨੇ ਆਪਣੇ ਨਾਲ ਹੋਏ ਸਾਰੇ ਜੁਲਮ ਭੁਲਾਕੇ ਵੀ ਬਹਾਦਰ ਸਾਹ ਨੂੰ ਰਾਜਗੱਦੀ ਦਿਵਾਉਣ ਲਈ ਜੰਗ ਲੜੀ। ਪੰਜਾਬੀ ਲੋਕ ਆਪਣੇ ਹੱਕ ਲੈਣ ਤੋਂ ਵੀ ਕਦੇ ਪਿੱਛੇ ਨਹੀ  ਹਟਦੇ  । ਜਦ ਬਹਾਦਰ ਸਾਹ ਗੁ੍ਰੂ ਜੀ ਨਾਲ ਵਾਅਦਾ ਖਿਲਾਫੀ ਕੀਤੀ ਤਦ ਬੰਦੇ ਬਹਾਦਰ ਨੇ ਗੁਰੂਆਂ ਦੇ ਅਦੇਸ ਤੇ ਮੁਗਲ ਸਾਮਰਾਜ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸੀ । ਪੰਜਾਬੀ ਲੋਕ ਦਿਲ ਵਿੱਚ ਨਫਰਤ ਨੂੰ ਸਦਾ ਲਈ ਨਹੀਂ ਰੱਖਦੇ ਜਹਾਂਗੀਰ ਵੱਲੋਂ ਗੁਰੂਆਂ ਨਾਲ ਲੱਖ ਜੁਲਮ ਕਰਨ ਤੇ ਵੀ ਗੁਰੂ ਹਰਗੋਬਿੰਦ ਜੀ ਨੇ ਬਿਮਾਰੀ ਦੀ ਹਾਲਤ ਵਿੱਚ ਜਹਾਂਗੀਰ ਦੀ ਮੱਦਦ ਕੀਤੀ। ਇਸ ਤਰਾਂ ਦਾ ਹੀ ਹੈ ਪੰਜਾਬੀ ਸਭਿਆ ਚਾਰ । ਪੰਜਾਬੀਆਂ ਦਾ ਪਹਿਰਾਵਾ ਵੀ ਇਹਨਾਂ ਦੇ ਖੁੱਲੇ ਡੁੱਲੇ ਸੁਭਾਅ ਵਾਂਗ ਖੁੱਲਾ ਰਿਹਾ ਹੈ। ਕੁੜਤੇ ਚਾਦਰੇ ਅਤੇ ਘੱਘਰੇ ਕਦੇ ਪੰਜਾਬੀ ਸਭੀਆਚਾਰ ਦੀ ਪਛਾਣ ਹੋਇਆ ਕਦੇ ਸਨ । ਖੁੱਲੇ ਵਿਹੜੇ ,ਖੁੱਲੇ ਦਿਲ , ਪਾਕ ਪਵਿੱਤਰ ਬੋਲੀ ਦੇ ਮਾਲਕ ਪੰਜਾਬੀ ਦੁਨੀਆਂ ਦੇ ਉੱਪਰ ਵੱਖਰੇ ਹੀ ਨਜਰ ਆਉਂਦੇ ਸਨ।
                          ਸਮੇਂ ਦੇ ਨਾਲ ਤਰੱਕੀ ਅਤੇ ਮਸੀਨੀ ਕਰਨ ਜਾਂ ਤਕਨੀਕ ਦੇ ਯੁੱਗ ਨੇ ਪੰਜਾਬੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਪੰਜਾਬ ਦੀ ਧਰਤੀ ਜਰਖੇਜ ਧਰਤੀ ਹੈ ਇਸ ਵਿੱਚ ਜਹਿਰ ਵੀ ਬੀਜ ਦਿੱਤੀ ਜਾਵੇ ਤਾਂ ਉਸਦੀ ਫਸਲ ਵੀ ਲਹਿ ਲਹਾ ਉਠਦੀ ਹੈ। ਤਕਨੀਕ  ਦੇ ਬੀਜ ਨੇ ਵੀ ਪੰਜਾਬੀ ਧਰਤੀ ਉਪਰ ਆਪਣਾਂ ਹੱਕ ਜਮਾ ਲਿਆ ਹੈ ।
ਤਕਨੀਕ ਵਿੱਚੋਂ ਉਪਜੇ ਨਵੇਂ ਸਭਿਆਚਾਰ ਨੇ ਪੰਜਾਬੀਆਂ ਨੂੰ ਆਪਣੀ ਵਿੱਚ ਲਪੇਟ ਵਿੱਚ ਲੈ ਲਿਆਂ ਹੈ ਜਿਸ ਕਾਰਨ ਪੰਜਾਬੀ ਹੁਣ ਆਪਣੇ ਵਿਰਸੇ ਦੇ ਮਹਾਨ ਪਹਿਰਾਵੇ ਕੁੜਤੇ ਚਾਦਰੇ ਅਤੇ ਲਹਿੰਗਿਆਂ ਦੀ ਥਾਂ ਅੰਗਰੇਜੀ ਪਹਿਰਾਵਿਆਂ ਵੱਲ ਕੂਚ ਕਰ ਗਏ ਹਨ। ਕੁੜਤੇ ਪਜਾਮਿਆਂ ਦੀ ਥਾਂ ਜੀਨਾਂ ਸਰਟਾਂ ਨੇ ਮੱਲ ਲਈ ਹੈ ਕਛਿਹਰਿਆਂ ਦੀ ਥਾਂ ਅੰਡਰਵੀਅਰ ਆ ਗਏ ਹਨ। ਘੱਘਰੇ ਲਹੰਗੇ ਦੀ ਥਾਂ ਲੈਗ ਵੀਅਰ ਵਰਗੇ ਤੰਗ ਕੱਪੜੇ ਪਾਏ ਜਾਣ ਲੱਗੇ ਹਨ।  ਭਾਵੇਂ ਸਮੇਂ ਨਾਲ ਬਦਲਾ ਹੋਣੇ ਲਾਜਮੀ ਹਨ ਪਰ ਪੰਜਾਬੀ ਪਹਿਰਾਵੇ ਪੰਜਾਬੀਆਂ ਦੇ ਔਖੇ ਅਤੇ ਗਰੀਬੀ ਦੇ ਸਮੇਂ ਵਿੱਚ ਇੱਕ ਹੋਣ ਦੇ ਬਾਵਜੂਦ ਅਨੇਕ ਕੰਮ ਕਰਦੇ ਸਨ । ਚਾਦਰਾ ਮਨੁੱਖ ਦਾ ਪਰਦਾ ਹੁੰਦਾਂ ਸੀ ਜੋ ਰਾਤ ਨੂੰ ਜਾਂ ਲੋੜ ਪੈਣ ਤੇ ਸੌਣ ਸਮੇਂ ਉੱਪਰ ਲਿਆ ਜਾਂਦਾ ਸੀ ਨਹਾਉਣ ਵਕਤ ਪਿੰਡਾਂ ਸਾਫ ਕਰਨ ਲਈ ਵਰਤਿਆ ਜਾਂਦਾ ਸੀ ਦਿਨ ਸਮੇਂ ਅਰਾਮ ਕਰਨ ਸਮੇਂ ਥੱਲੇ ਵਿਛਾਉਣ ਦਾ ਕੰਮ ਦਿੰਦਾਂ ਸੀ । ਸਮੇਂ ਦੀ ਮੰਗ ਅਨੁਸਾਰ ਪੰਜਾਬੀ ਸਭਿਆਚਾਰ ਦੀ ਪਛਾਣ ਮੰਜਾ ਰਾਤ ਨੂੰ ਸੌਣ ਦਾ ਦਿਨੇ ਬੈਠਣ ਦਾ ਰੋਟੀ ਪਕਾਉਣ ਸਮੇਂ  ਛਾਂ ਦਾ , ਨਹਾਉਣ ਸਮੇਂ ਪਰਦੇ ਦਾ ਕੰਮ ਦਿਆ ਕਰਦਾ ਸੀ ਜੋ ਅੱਜਕਲ ਦੇ ਪੇਟੀ ਬੈੱਡ ਨਹੀਂ ਕਰ ਸਕਦੇ । ਪੁਰਾਤਨ ਪੰਜਾਬੀ ਸਭਿਆਚਾਰ ਦੀ ਬਦੌਲਤ ਹੀ ਪੰਜਾਬੀ ਲੋਕ ਅੱਜ ਦੇ ਵਿਕਾਸ ਦੀ ਗੱਡੀ ਚੜ ਸਕੇ ਹਨ ਪੰਜਾਬੀ ਸਭਿਆਚਾਰ ਦੀਆਂ ਪੁਰਾਤਨ ਨਿਸਾਨੀਆਂ ਸਾਡੀ ਮਹਾਨ ਵਿਰਾਸਤ ਬਣ ਚੁੱਕੀਆਂ ਹਨ। ਪੰਜਾਬੀ ਵਿਰਾਸਤ ਬਹੁਤ ਹੀ ਮਹਾਨ ਹੈ ਜਿਸਨੇ ਪੰਜਾਬੀਆਂ ਨੂੰ ਗੱਡਿਆਂ ਤੋਂ ਗੱਡੀਆਂ ਜਾਂ ਜਹਾਜਾਂ ਰਾਕਟਾਂ ਤੱਕ ਦਾ ਸਫਰ ਤਹਿ ਕਰਵਾਇਆਂ ਹੈ। ਜਦ ਵੀ ਦੁਨੀਆਂ ਦੇ ਲੋਕ ਆਪਣੇ ਪੁਰਾਤਨ ਵਿਰਾਸਤ ਦੀ ਗੱਲ ਕਰਨਗੇ ਤਦ ਹੀ ਪੰਜਾਬੀ ਲੋਕ ਵੀ ਆਪਣੇ ਪੁਰਾਤਨ ਸਭਿਆਚਾਰ ਦੀ ਮਹਾਨ ਵਿਰਾਸਤ ਨੂੰ ਹਮੇਸਾਂ ਮਾਣ ਨਾਲ ਕਹਿੰਦੇ ਰਹਿਣਗੇ ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ

ਦੁਨੀਆਂ ਦਾ ਭਾਰ ਚੁਕਣ ਵਾਲਾ ਧੌਲ ਗੁਰਬਾਣੀ ਅਨੁਸਾਰ

                      
 ਦੁਨੀਆਂ ਦੇ ਪੁਰਾਤਨ ਵਿਸਵਾਸਾਂ ਅਨੁਸਾਰ ਧਰਤੀ  ਧੌਲ ਦੇ ਸਹਾਰੇ ਖੜੀ ਹੈ । ਕਈ ਲੋਕ ਆਮ ਬੋਲਚਾਲ ਵਿੱਚ ਇਸਨੂੰ ਬਲਦ ਦੇ ਇੱਕ ਸਿੰਗ ਤੇ ਟਿਕੀ ਹੋਈ ਮੰਨਦੇ ਹਨ ਅਤੇ ਕਹਿੰਦੇ ਹਨ ਕਿ ਜਦ ਇਹ ਬਲਦ ਸਿੰਗ ਹਿਲਾਉਂਦਾ ਹੈ ਤਦ ਧਰਤੀ ਉਪਰ ਤਰਥੱਲੀ ਮੱਚ ਜਾਂਦੀ ਹੈ। ਕੁੱਝ ਤਰਕਸੀਲ ਲੋਕ ਇਸ ਤਰਾਂ ਦੀਆਂ ਕਹਾਣੀਆਂ ਨੂੰ ਗਪੌੜ ਸੰਖ ਮੰਨਦੇ ਹਨ ਪਰ ਗੁਰੂ ਨਾਨਕ ਦੇਵ ਜੀ ਜਪੁਜੀ ਸਾਹਿਬ ਵਿੱਚ ਇਸਦੀ ਵਿਆਖਿਆ ਕਰਦੇ ਹਨ। ਮਿਥਿਹਾਸ ਅਨੁਸਾਰ ਸੁਣਾਈ ਜਾਣ ਵਾਲੀ ਕਹਾਣੀ ਕਿਸੇ ਸਮੇਂ ਦਾ ਢੰਗ ਸੀ  ਜਿਸ ਕਾਰਨ ਕਿਸੇ ਕਹਾਣੀ ਨੂੰ ਲੰਬਾਂ ਸਮਾਂ ਜਿਉਂਦਾਂ ਰੱਖਣ ਲਈ ਰੌਚਕ ਬਣਾਇਆਂ ਜਾਂਦਾਂ ਸੀ ਜੋ ਇੱਕ ਵਾਰ ਸੁਣ ਲੈਣ ਤੇ ਸਾਰੀ ਉਮਰ ਮਨੁੱਖ ਯਾਦ ਰੱਖ ਸਕਦਾ ਸੀ। ਪੁਰਾਤਨ ਕਹਾਣੀਆਂ ਰੌਚਕਤਾ ਨਾਲ ਬੋਲੀਆਂ ਜਾਂਦੀਆਂ ਸਨ ਪਰ ਸਮੇਂ ਦੇ ਨਾਲ ਲਿਖਤੀ ਭਾਸਾ ਪੈਦਾ ਹੋਣ ਤੇ ਰੋਚਕਿਤਾ ਦੀ ਥਾਂ ਹਕੀਕੀ  ਲਿਖਤਾਂ ਲਿਖੀਆਂ ਜਾਣ ਲੱਗ ਪਈਆਂ। ਅਸੀਂ ਮਿਥਿਹਾਸ ਨੂੰ ਤਰਕ ਬੁੱਧੀ ਅਨੁਸਾਰ ਰੱਦ ਤਾਂ ਕਰ ਸਕਦੇ ਹਾਂ ਪਰ ਉਹਨਾਂ ਦੀ ਸਚਾਈ ਅਤੇ ਸਿਖਾਉਣ ਦੀ ਕਲਾ ਤੋਂ ਮੁਨਕਰ ਨਹੀਂ ਹੋ ਸਕਦੇ। ਇਸ ਤਰਾਂ ਹੀ ਗੁਰੂ ਨਾਨਕ ਜੀ ਨੇ ਪੁਰਾਤਨ ਮਿਥਿਹਾਸ ਨੂੰ ਰੱਦ ਕਰਨ ਦੀ ਥਾਂ ਧੌਲ ਦੀ ਵਿਆਖਿਆ ਕੀਤੀ ਹੈ। ਸਿੱਖ ਫਲਸਫੇ ਦੇ ਬਹੁਤੇ ਪਰਚਾਰਕ ਪੁਰਾਤਨ ਮਿਥਿਹਾਸ ਨੂੰ ਰੱਦ ਕਰਕੇ ਗੁਰੂਆਂ ਨੂੰ ਵੱਖਰਾ ਦਰਸਾਉਣ ਦੀ ਕੋਸਿਸ ਕਰਦੇ ਹਨ ਅਤੇ ਆਪਣੇ ਆਪ ਨੂੰ ਉੱਚੇ ਵੀ । ਗੁਰਬਾਣੀ ਵਿੱਚ ਪੁਰਾਤਨ ਮਿਥਿਹਾਸ ਦੇ ਇੱਕ ਹਿੱਸੇ ਨੂੰ ਸੱਚ ਮੰਨਿਆ ਗਿਆਂ ਹੈ। ਸੋ ਇਸ ਤਰਾਂ ਹੀ ਧੌਲ ਦੀ ਵਿਆਖੀਆਂ ਕੀਤੀ ਜਾ ਸਕਦੀ ਹੈ ।
    ਗੁਰਬਾਣੀ ਵਿੱਚ ਲਿਖਿਆਂ ਹੈ ........... ............... ਧੌਲ ,ਧਰਮ ਦਇਆ ਕਾ ਪੂਤ
                                                       ਸੰਤੋਖ ਥਾਪ ਰੱਖਿਆ ਜਿਨ ਸੂਤ।
ਧੌਲ , ਧਰਮ ਅਤੇ ਦਇਆਂ ਦਾ ਪੁੱਤਰ ਹੈ ਅਤੇ ਇਸ ਨੂੰ ਸਮਝਣ ਲਈ ਦਇਆ ਅਤੇ ਧਰਮ ਨੂੰ ਸਮਝਣਾਂ ਵੀ ਜਰੂਰੀ ਹੈ। ਆਮ ਲੋਕ ਅਤੇ ਵਪਾਰੀ ਲੋਕ ਲੋਕਾਂ ਦੇ ਸਮੂਹ ਨੂੰ ਧਰਮ ਦਾ ਦਰਜਾ ਦਿੰਦੇ ਹਨ ਪਰ ਗੁਰਬਾਣੀ ਵਿੱਚ ਭਗਤ ਨਾਮਦੇਵ ਜੀ ਲੋਕਾਂ ਦੇ ਸਮੂਹ ਵਾਲੇ ਧਰਮੀਆਂ ਨੂੰ ਅੰਨੇ ਅਤੇ ਕਾਣੇ ਦਾ ਖਿਤਾਬ ਦਿੰਦੇ ਹਨ । ਭਗਤ ਕਬੀਰ ਜੀ ਧਰਮ ਦੀ ਵਿਆਖਿਆ ਕਰਦੇ ਗੁਰਬਾਣੀ ਵਿੱਚ ਕਹਿੰਦੇ ਹਨ ਕਿ
ਜਹਾਂ ਗਿਆਨ ਤਹਾਂ ਧਰਮ ਹੈ ਜਹਾਂ ਝੂਠ ਤਹਾਂ ਪਾਪ ਜਹਾਂ ਲੋਭ ਤਹਾਂ ਮੌਤ ਹੈ ਜਹਾਂ ਖਿਮਾਂ ਤਹਾਂ ਆਪ (ਰੱਬ ) ਭਗਤ ਨਾਮਦੇਵ ਜੀ ਸਮੂਹਾਂ ਵਿੱਚ ਖੜੇ ਨੂੰ ਧਰਮੀ ਨਹੀਂ ਬਲਕਿ ਗਿਆਨ ਵਾਨ ਬੰਦੇ ਨੂੰ ਧਰਮੀ ਸਮਝਦੇ ਹਨ। ਗਿਆਨ ਵਾਨ ਮਨੁੱਖ ਹੀ ਧਰਮੀ ਹੁੰਦਾਂ ਹੈ ਅਤੇ ਜਿੰਦਗੀ ਦਾ ਹਰ ਫਰਜ ਪੂਰਾ ਕਰਦਾ ਹੈ। ਇਸ ਤਰਾਂ ਧੌਲ ਦਾ ਬਾਪ ਧਰਮ ਸਿੱਧ ਹੁੰਦਾਂ ਹੈ ਕਿਉਂਕਿ ਧਰਮ ਸਬਦ ਨਰਵਾਚੀ ਹੈ ਅਗਲਾ ਸਬਦ ਦਇਆ ਮਾਦਾ ਵਾਚੀ ਹੈ ਸੋ ਦਇਆ ਧੌਲ ਦੀ ਮਾਂ ਹੁੰਦੀ ਹੈ ਜਿਸ ਮਨੁੱਖ ਵਿੱਚ ਦਇਆਂ ਨਹੀਂ ਹੁੰਦੀ ਉਹ ਕਿਸੇ ਦੂਸਰੇ ਦੀ ਮੱਦਦ ਕਰ ਹੀ ਨਹੀਂ ਸਕਦਾ ਹੁੰਦਾਂ। ਇਸ ਤਰਾਂ ਧੌਲ ਵੀ ਦੁਨੀਆਂ ਦਾ ਭਾਰ ਦਇਆ ਕਾਰਨ ਹੀ ਉਠਾਉਂਦਾਂ ਹੈ। ਧੌਲ ਹਮੇਸਾਂ ਸਬਰ ਵਾਲਾ ਹੀ ਹੁੰਦਾਂ ਹੈ ਅਤੇ ਸਬਰ ਸੰਤੋਖ ਉਸਦੀ ਨਿਸਾਨੀ ਹੁੰਦਾਂ ਹੈ।
                            ਧੌਲ ਇਕੱਲੀ ਧਰਤੀ ਦਾ ਭਾਰ ਉਠਾਉਣ ਵਾਲਾ ਹੀ ਨਹੀਂ ਹੁੰਦਾਂ ਪਰ ਅਸਲ ਵਿੱਚ ਧੌਲ ਤਾਂ ਦੁਨੀਆਂ ਦੇ ਹਰ ਪਰੀਵਾਰ ਹਰ ਪਿੰਡ ,ਹਰ ਸਹਿਰ , ਹਰ ਦੇਸ ਅਤੇ ਸਾਰੀ ਦੁਨੀਆਂ  ਵਿੱਚ ਮੌਜੂਦ ਹੁੰਦਾਂ ਹੈ । ਕਿਵੇਂ ਸਾਰੀ ਦੁਨੀਆਂ ਧੌਲ ਦੇ ਆਸਰੇ ਹੀ ਚੱਲ ਰਹੀ ਹੈ ਆਉ ਵਿਆਖਿਆਂ ਕਰੀਏ ਅਤੇ ਸਮਝੀਏ । ਸਮਾਜ ਦੀ ਪਹਿਲੀ ਇਕਾਈ ਪਰੀਵਾਰ ਕਿਸ ਤਰਾਂ ਧੌਲ ਦੇ ਆਸਰੇ ਚੱਲਦੀ ਹੈ ਜਿਸ ਦੇ ਲਈ ਆਮ ਤੌਰ ਤੇ ਪਰੀਵਾਰ ਦਾ ਮੁਖੀ ਆਪਣੇ ਆਪ ਨੂੰ ਬਹੁਤਾ ਸਿਆਣਾਂ ਅਤੇ ਸੰਭਾਲਣ ਵਾਲਾ ਹੋਣ ਦਾ ਦਾਅਵਾ ਕਰਦਾ ਹੈ ਪਰ ਪਰੀਵਾਰ ਦਾ ਮੁਖੀ ਉਸ ਪਰੀਵਾਰ ਦਾ ਧੌ਼ਲ ਨਹੀਂ ਹੁੰਦਾਂ। ਕਿਸੇ ਪਰੀਵਾਰ ਦੇ ਅਸਲੀ ਧੌਲ ਉਸ ਪਰੀਵਾਰ ਵਿੱਚ ਕਿਰਤ (ਧਰਮ) ਕਰਨ ਵਾਲੇ ਮੈਂਬਰ ਹੀ ਅਸਲੀ ਧੌਲ ਹੁੰਦੇ ਹਨ ਨਾਂ ਕਿ ਪਰੀਵਾਰ ਦਾ ਵਿਹਲੜ ਅਤੇ ਚੌਧਰਾਂ ਘੋਟਣ ਵਾਲਾ ਮੁੱਖੀ। ਘਰ ਦੀ ਸਾਰੀ ਚੌਧਰ ਅਤੇ ਪੈਸੇ ਦਾ ਮਾਲਕ ਮੁਖੀ ਨੂੰ ਦਇਆ ਕਾਰਨ ਕਿਰਤ ਕਰਨ ਵਾਲੇ ਧੌਲ ਕਦੇ ਕੁੱਝ ਨਹੀਂ ਕਹਿੰਦੇ । ਇਸ ਤਰਾਂ ਹੀ ਬਹੁਤੇ ਪਰੀਵਾਰਾਂ ਦੇ ਮੁੱਖੀ ਵਿਹਲੜ ਆਕੜ ਖੋਰੇ ,ਹੁਕਮ ਚਲਾਉਣ ਵਾਲੇ ਹੁੰਦੇ ਹਨ ਜਦੋਂ ਕਿ ਕਿਰਤ ਕਰਨ ਵਾਲੇ ਗੁਲਾਮਾਂ ਵਾਂਗ ਮੁੱਖੀ ਦੇ ਹੱਥੋਂ ਬੇਇਜਤੀ ਅਤੇ ਖਾਲੀ ਜੇਬਾਂ ਰੱਖਦੇ ਹਨ। ਜਦ ਕੋਈ ਦੂਸਰਾ ਉਹਨਾਂ ਧੌਲ ਰੂਪੀ ਮੈਂਬਰਾਂ ਦੀ ਹਾਲਤ ਬਾਰ ਉਹਨਾਂ ਨੂੰ ਦੱਸਕੇ ਮੁੱਖੀ ਦੇ ਖਿਲਾਫ ਬੋਲਣ ਨੂੰ ਕਹੇ ਪਰ ਧੌਲ ਰੂਪੀ ਲੋਕ ਚੁੱਪ ਰਹਿੰਦੇ ਹਨ ਕਿਉਂਕਿ ਉਹਨਾਂ ਵਿੱਚ ਸਬਰ ਵੀ ਹੁੰਦਾਂ ਹੈ। ਸੰਤੋਖ ਥਾਪ ਰੱਖਿਆ ਜਿਨ ਸੂਤ ਦਾ ਭਾਵ ਹੈ ਕਿ ਧੌਲ ਰੂਪੀ ਲੋਕਾਂ ਨੂੰ ਮਾਪਿਆ ਜਾਂ ਪਛਾਣਿਆਂ ਉਹਨਾਂ ਦੇ ਸੰਤੋਖ (ਸਬਰ) ਤੋਂ ਜਾਂਦਾਂ ਹੈ। ਸਬਰ ਧੌਲ ਬਲਦ ਦਾ ਸਿੰਗ ਹੁੰਦਾਂ ਹੈ। ਜਦ ਕਿਸੇ ਪਰੀਵਾਰ ਦੇ ਧੌਲ ਰੂਪੀ ਮੈਂਬਰਾਂ ਦਾ ਸਬਰ ਹਿੱਲਣ ਲੱਗ ਜਾਵੇ ਤਾਂ ਉਸ ਪਰੀਵਾਰ ਵਿੱਚ ਭੂਚਾਲ ਵਾਂਗ ਝਟਕੇ ਲੱਗਣੇ ਸੁਰੂ ਹੋ ਜਾਂਦੇ ਹਨ।  ਜਦ ਕਿਰਤ ਕਰਨ ਵਾਲੇ ਪਰੀਵਾਰ ਦੇ ਮੈਂਬਰ ਬਾਗੀ ਹੋ ਜਾਣ ਅਤੇ ਆਪਣਾਂ ਸਬਰ ਖੋ ਬੈਠਣ ਤਦ ਉਹ ਪਰੀਵਾਰ ਪਾਟੋਧਾੜ ਹੋ  ਜਾਂਦਾ ਹੈ ਅਤੇ ਪਰੀਵਾਰ ਦਾ ਮੁੱਖੀ ਵੀ ਮੁੱਖੀ ਨਹੀਂ ਰਹਿ ਸਕਦਾ ਹੁੰਦਾਂ। ਸੋ ਇਸ ਤਰਾਂ ਹੀ ਕਿਸੇ ਪਿੰਡ ਦਾ ਮੁੱਖੀ ਸਰਪੰਚ ਪਿੰਡ ਦਾ ਧੌਲ ਨਹੀਂ ਹੁੰਦਾਂ ਅਸਲੀ ਧੌਲ ਪਿੰਡ ਦੇ ਲੋਕ ਹੁੰਦੇ ਹਨ ਜੋ ਧਰਮ ਅਤੇ ਦਇਆਂ ਕਾਰਨ ਕਿਸੇ ਆਮ ਵਿਅਕਤੀ ਨੂੰ ਆਪਣਾਂ ਮੁੱਖੀ ਚੁਣਦੇ ਹਨ। ਆਮ ਤੌਰ ਤੇ ਹੀ ਪਿੰਡਾਂ ਨੂੰ ਚਲਾਉਣ ਵਾਲੇ ਮੁੱਖੀ ਵੀ ਭਿ੍ਰਸਟ ਅਤੇ ਹੰਕਾਰੀ ਹੋ ਜਾਂਦੇ ਹਨ । ਕਾਫੀ ਲੰਬੇ ਸਮੇਂ ਤੱਕ ਪਿੰਡ ਦੇ ਲੋਕ ਸਬਰ ਕਾਰਨ ਉਸਨੂੰ ਬਰਦਾਸਤ ਕਰਦੇ ਹਨ ਪਰ ਜਿਸ ਦਿਨ ਲੋਕ ਆਪਣਾਂ ਸਿਰ ਹਿਲਾਉਣ ਲੱਗ ਜਾਂਦੇ ਹਨ ਤਦ ਸਰਪੰਚ ਦੀ ਕੁਰਸੀ ਡੋਲਣ ਲੱਗ ਜਾਂਦੀ ਹੈ। ਸਬਰ ਖਤਮ ਹੋ ਜਾਣ ਤੇ ਭਾਵੇਂ ਧੌਲ ਦੀ ਵੀ ਮੌਤ ਹੋ ਜਾਂਦੀ ਹੈ ਪਰ ਉਸ ਧੌਲ ਤੇ ਖੜੀ ਹੋਈ ਟਿਕੀ ਹੋਈ ਕੋਈ ਵੀ ਚੀਜ ਜਾਂ ਸੰਸ਼ਥਾਂ  ਵੀ ਡਗਮਗਾ ਜਾਂਦੀ ਹੈ।ਇਸ ਤ੍ਰਾਂ ਹੀ ਦੇਸ ਅਤੇ ਸੰਸਾਂਰ  ਆਮ ਲੋਕਾਂ ਦੇ ਸਬਰ ਉੱਪਰ ਟਿਕਿਆ ਹੋਇਆ ਹੈ। ਜਦ ਤੱਕ ਆਮ ਲੋਕ  ਧਰਮ ਅਤੇ ਦਇਆ ਕਾਰਨ ਸਬਰ ਵੀ ਬਣਾਈ ਰੱਖਦੇ ਹਨ ਤਦ ਤੱਕ ਸੰਸਾਰ ਚਲਦਾ ਰਹੇਗਾ । ਸੋ ਆਮ ਲੋਕ ਹੀ ਸੰਸਾਰ ਦੇ ਧੌਲ ਹਨ ।
                       ਸਮੁੱਚਾ ਬ੍ਰਹਿਮੰਡ ਵੀ ਇਸ ਤਰਾਂ ਕੁਦਰਤ ਦੀ ਦਇਆ ਤੇ ਚੱਲ ਰਿਹਾ ਹੈ । ਜਦ ਤੱਕ ਕੁਦਰਤ ਮਨੁੱਖ ਅਤੇ ਸਰਿਸਟੀ ਦੀਆਂ ਹੋਰ ਤਾਕਤਾਂ ਦੀਆਂ ਹਰਕਤਾਂ ਦੇ ਬਾਵਜੂਦ ਆਪਣਾਂ ਧਰਮ ਨਿਭਾਉਣ ਦੇ ਯੋਗ ਬਣੀ ਰਹੇਗੀ ਤਦ ਤੱਕ ਇਹ ਸੰਸਾਰ ਵੱਸਦਾ ਰਹੇਗਾ । ਭਾਵੇਂ ਮਨੁੱਖ ਧਰਤੀ ਅਤੇ ਨੂੰ ਵਿਗਾੜਨ ਦਾ ਹਰ ਸੰਭਵ ਯਤਨ ਕਰ ਰਿਹਾ ਹੈ ਪਰ ਜਦ ਤੱਕ ਕੁਦਰਤ ਦਾ ਸਬਰ ਬਣਿਆ ਰਹੇਗਾ ਤਦ ਤੱਕ ਸਾਡਾ ਸੰਸਾਰ ਵੀ ਵਸਦਾ ਰਹੇਗਾ। ਜਦ ਕੁਦਰਤ ਦਾ ਧੌਲ ਸਬਰ ਛੱਡ ਦੇਵੇਗਾ ਤਦ ਬਹੁਤ ਕੁੱਝ ਤਬਾਹ ਹੋ ਜਾਵੇਗਾ। ਸੂਰਜੀ ਪਰੀਵਾਰ ਦਾ ਕੋਈ ਇੱਕ ਵੀ ਗਰਿਹ ਜਦ ਕਦੀ ਆਪਣੇ ਪੰਧ ਤੋਂ ਬਾਗੀ ਹੋ ਜਾਵੇਗਾ ਤਦ ਸੂਰਜੀ ਪਰੀਵਾਰ ਵਿੱਚ ਕੁੱਝ ਵੀ ਸੰਭਵ ਹੈ।  ਸੋ ਅਸਲ ਵਿੱਚ ਇਸ ਬ੍ਰਹਿਮੰਡ ਸਮੇਤ ਦੁਨੀਆਂ ਦੀ ਹਰ ਵਸਤੂ ਧੌਲ ਦੇ ਸਹਾਰੇ ਹੀ ਜੀਵਨ ਬਤੀਤ ਕਰਦੀ ਹੈ ਪਰ ਧੌਲ ਹੁੰਦਾਂ ਕੌਣ ਜਾਂ ਕੀ ਹੈ ਸਮਝਣਾਂ ਜਰੂਰੀ ਹੁੰਦਾਂ ਹੈ । ਜਿਸ ਤਰਾਂ ਕੁਦਰਤ ਧਰਮ ਅਤੇ ਦਇਆ ਵਿੱਚ ਰਹਿੰਦਿਆਂ ਸਬਰ ਬਣਾਈ ਰੱਖਦੀ ਹੈ ਇਸ ਤਰਾਂ ਹੀ ਮਨੁੱਖ ਨੂੰ ਵੀ ਧਰਮ ਅਤੇ ਦਇਆ ਦੇ ਨਾਲ ਸਬਰ ਵਿੱਚ ਰਹਿੰਦਿਆ ਦੁਨੀਆਂ ਜਾਂ ਪਰੀਵਾਰ ਦਾ ਧੌਲ ਰੂਪ ਬਣਨਾਂ ਚੰਗਾਂ ਹੀ ਹੁੰਦਾਂ ਹੈ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ  

Tuesday, 8 October 2013

ਤੂੰ ਫਿਕਰ ਨਾਂ ਕਰੀਂ ਚਾਰ ਕੁ ਜਣਿਆਂ ਦੇ ਮੋਢਾ ਦੇਣ ਦਾ

ਤੂੰ ਫਿਕਰ ਨਾਂ ਕਰੀਂ ਚਾਰ ਕੁ ਜਣਿਆਂ ਦੇ ਮੋਢਾ ਦੇਣ ਦਾ
ਤੂੰ ਸੱਚ ਤਾਂ ਬੋਲ..................
ਤੇਰੀ ਲਾਸ ਬਥੇਰਾ ਦਫਨਾ ਦਿਆਗੇ
 ਤੇਰੀ ਲਾਸ ਨੂੰ ਅੱਗ ਲਾ ਦਿਆਗੇ
ਤੈਨੂੰ ਕਤਿਆਂ ਮੂਹਰੇ ਪਾ ਦਿਆਗੇ
 ਤੂੰ ਸੱਚ ਬੋਲ ਨਿਤਾਣਿਆਂ ਲਈ
ਤੂੰ ਸੱਚ ਬੋਲ ਨਿਮਾਣਿਆਂ ਲਈ
 ਤੂੰ ਨਿਉਟਿਆਂ ਦੀ ਉਟ ਬਣਜਾ
ਤੂੰ ਸੱਚ ਦਾ ਨਿੱਕਾ ਜਿਹਾ ਬੋਟ ਬਣਜਾ
ਤੂੰ ਲੁਟੇਰਿਆਂ ਅੱਗੇ ਰੋਕ ਬਣਜਾਂ
ਤੂੰ ਫਿਕਰ ਨਾਂ ਕਰ ਚਾਰ ਕੁ ਜਣਿਆਂ ਦੇ ਮੋਢਾ ਦੇਣ ਦਾ
ਤੂੰ ਫਿਕਰ ਨਾਂ ਕਰ ਚਾਰ ਕੁ ਜਣਿਆਂ ਦੇ ਮੋਢਾ ਦੇਣ ਦਾ
ਜਦ ਤੂੰ ਸੱਚ ਬੋਲਣਾਂ ਜਾਰੀ ਰੱਖੇਗਾਂ
ਬਥੇਰੇ ਆਉਣਗੇ ਤੈਨੂੰ ਮਿਟਾਉਣ ਲਈ।
ਬਥੇਰੇ ਆਉਣਗੇ ਚੁਪ ਕਰਾਉਣ ਲਈ
ਬਥੇਰੇ ਆਉਣਗੇ ਚੋਗਾ ਪਾਉਣ ਦੇ ਲਈ
 ਤੂੰ ਸੀਨਾ ਤਾਣਕੇ ਮੌਤ ਦੇ ਬੂਹੇ ਤੇ ਜਾ ਖੜਜਾ
 ਤੂੰ ਨਿਉਟਿਆਂ ਦੀ ਉਟ ਬਣਜਾ
ਤੂੰ ਸੱਚ ਦਾ ਨਿੱਕਾ ਜਿਹਾ ਬੋਟ ਬਣਜਾ
ਸੱਚ ਬੋਲਣ ਵਾਲਿਆਂ ਨੂੰ ਫਿਕਰ ਨਾ ਹੁੰਦਾਂ ਮੋਢਾ ਦੇਣ ਦਾ ਹੈ ਲਾਸਾਂ ਉਹਨਾਂ ਦੀਆਂ ਸਦਾ ਹੀ ਰੁਲਦੀਆਂ ਨੇ।
ਲਾਸਾਂ ਦਾ ਭਾਵੇ ਸਸਕਾਰ ਨਾਂ ਹੋਵੇ ਪਰ ਸੱਚ ਦੀਆਂ ਯਾਦਾ ਕਦੇ ਨਾਂ ਭੁਲਦੀਆਂ ਨੇ।
ਲਾਸਾਂ ਸੱਚ ਦੀਆਂ ਰਾਜਸੱਤਾ ਦੇ ਬੂਹੇ ਤੇ ਸਦਾ ਇਨਾਮਾਂ ਦੇ ਨਾਲ ਤੁਲਦੀਆਂ ਨੇ
 ਤੂੰ ਫਿਕਰ ਨਾਂ ਕਰ ਚਾਰ ਕੁ ਜਣਿਆਂ ਦੇ ਮੋਢਾ ਦੇਣ ਦਾ .................
ਲਾਸ ਸੱਚ ਦੀ ਰਾਜਸੱਤਾ ਦੇ ਵੱਲੋਂ ਦਫਨਾਈ ਜਾਵੇਗੀ
ਤੇਰੀ ਲਾਸ ਨੂੰ ਮਲੀਆਂ ਮੇਟ ਕਰਕੇ ਫਿਰ ਤੇਰਾ ਸੱਚ ਵੀ ਭਾਲਣ ਜਾਵੇਗੀ। ।
ਤੇਰੇ ਸੱਚ ਨੂੰ ਵਿੱਚ ਕਿਤਾਬਾਂ ਦੇ ਆਪਣੇ ਹੱਥੀਂ  ਜਾ ਲੁਕਾਵੇਗੀ ।
 ਉਹ ਆਪਣੇ ਹੀ ਤਨਖਾਹੀਆਂ ਤੋਂ ਤੇਰੇ ਸੱਚ ਵਿੱਚ ਝੂਠ ਮਿਲਾਵੇਗੀ।
ਤੇਰੇ ਨਾਂ ਤੇ ਧਰਮ ਚਲਾਵੇਗੀ ਫਿਰ ਉਸਨੂੰ ਵੇਚਕੇ ਖਾਵੇਗੀ
ਤੂੰ ਫਿਕਰ ਨਾਂ ਕਰ ਚਾਰ ਕੁ ਜਣਿਆਂ ਦੇ ਮੋਢਾ ਦੇਣ ਦਾ
ਸੱਚ ਬੋਲਣ ਵਾਲਿਆਂ ਦੀ ਇਹ ਕਹਾਣੀ ਹੈ
ਸੂਲੀ ਉਹਨਾਂ ਦੀ ਸੇਜ ਦੀ ਰਾਣੀ ਹੈ
ਤੱਤੀ ਤਵੀ ਵੀ ਉਹਨਾਂ ਦੇ ਸੱਚ ਅੱਗੇ ਠਰ ਜਾਣੀ ਹੈ ।
ਚਾਂਦਨੀ ਚੌਕ  ਨੇ ਸੱਚ ਦੀ ਮੌਤ  ਪਛਾਣੀ ਹੈ ।
 ਕਈਆਂ ਫਾਂਸੀਆਂ ਨੇ  ਬੰਨੀ ਸੱਚ ਦੇ ਗਾਨੀ  ਹੈ।
ਬੱਸ ਸੱਚ ਬੋਲਣ ਦਾ ਕਰਲੈ ਜੇਰਾ ਤੂੰ
 ਤੂੰ ਫਿਕਰ ਨਾ ਕਰ ਚਾਰ ਜਣਿਆਂ ਦਾ
ਸਭ ਛੱਡਦੇ ਲੋਕਾਂ ਦੇ ਉੱਤੇ ।
ਤੂੰ ਜਾਵੇਂ ਭਾਵੇਂ ਮੋਢਿਆਂ ਤੇ ਭਾਵੇਂ ਤੈਨੂੰ  ਜਾਵਣ ਖਾ ਕੁਤੇ।
ਸੱਚ ਬੋਲਣ ਵਾਲੇ ਫਿਕਰ ਨਾਂ ਕਰਦੇ ਨੇ
ਮੌਤ ਸਹੀਦਾਂ ਵਾਲੀ ਮਰਦੇ ਨੇ।
ਤੂੰ ਫਿਕਰ ਨਾਂ ਕਰੀਂ ਚਾਰ ਕੁ ਜਣਿਆਂ ਦੇ ਮੋਢਾ ਦੇਣ ਦਾ ......................
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ  

Tuesday, 24 September 2013

ਸਿੱਖਿਆ , ਬੇਰੁਜਗਾਰੀ ਅਤੇ ਵਪਾਰੀਕਰਨ

                             
 ਵਿਦਿਆ ਵਿਚਾਰੀ ਤਾਂ ਪਰਉਪਕਾਰੀ ਦਾ ਨਾਅਰਾ ਅੱਜ ਜਿਸ ਤਰਾਂ ਤੋੜਿਆਂ ਮਰੋੜਿਆ ਜਾ ਰਿਹਾ ਹੈ ਅਤਿ ਨਿੰਦਣਯੋਗ ਹੈ। ਸਰਕਾਰਾਂ ਵੱਲੋਂ ਵਿਦਿਆਰਥੀਆਂ ਨੂੰ ਰੋਜਗਾਰ ਦੇਣ ਦਤੋਂ ਬਚਾਅ   ਲਈ ਨਵੇਂ ਨਵੇਂ ਤਰੀਕੇ ਅਪਣਾਏ ਜਾ ਰਹੇ ਹਨ ਜਿੰਹਨਾਂ ਵਿੱਚੋਂ ਹੈ ਇੱਕ ਇਹ ਪਰੋਫੈਸਨਲ ਕੋਰਸ। ਇਸ ਤਰਾਂ ਦੇ ਕੋਰਸ ਕਰਨ ਵਾਲੇ ਵਿਦਿਆਰਥੀ ਨਿੱਜੀ ਕੰਪਨੀਆਂ ਦੇ ਰਸਤਿਉਂ ਰੁਜਗਾਰ ਦੇ ਰਾਹੀ ਹੋ ਜਾਂਦੇ ਹਨ। ਇਹਨਾਂ ਪਰੋਫੈਸਨਲ ਕੋਰਸ ਕਰਵਾਉਣ ਵਾਲੇ ਕਾਲਜ ਅਤੇ ਯੂਨੀਵਰਸਿਟੀਆਂ ਨੂੰ ਮਨਮਰਜੀ ਦੀਆਂ ਫੀਸਾਂ ਵਸੂਲਣ ਦੇ ਅਧਿਕਾਰ ਦੇਕੇ ਲੋਕਾਂ ਨੂੰ ਦਿਨ ਦਿਹਾੜੇ ਲੁਟਾਇਆ ਜਾ ਰਿਹਾ ਹੈ। ਇੰਹਨਾਂ ਮਹਿੰਗੇ ਕੋਰਸਾਂ ਨੂੰ ਕਰਨ ਤੋਂ ਬਾਦ ਵੀ ਕੋਈ ਗਰੰਟੀ ਨਹੀਂ ਕਿ ਤੁਹਾਨੂੰ ਰੋਜਗਾਰ ਦੀ ਗਰੰਟੀ ਹੋ ਗਈ ਹੈ। ਪਰੋਫੈਸਨਲ ਕੋਰਸ ਕਰਨ ਵਾਲੇ ਵਿਦਆਰਥੀਆਂ ਦਾ ਅਕੈਡਮਿਕ ਪੜਾਈ ਨਾਲ ਰਾਬਤਾ ਘੱਟ ਜਾਣ ਕਾਰਨ ਉਹਨਾਂ ਲਈ ਸਰਕਾਰੀ ਰੋਜਗਾਰ ਹਾਸਲ ਕਰਨ ਲਈ ਟੈਸਟ ਪਾਸ ਕਰਨੇਂ ਵੀ ਮੁਸਕਲ ਹੋ ਜਾਂਦੇ ਹਨ। ਏਨੀ ਮਹਿਗੀ ਪੜਾਈ ਹਾਸਲ ਕਰਨ ਤੋਂ ਬਾਅਦ ਵੀ ਸਿਰਫ ਪੰਜ ਪ੍ਰਤੀਸਤ ਵਿਦਿਆਰਥੀ ਹੀ ਪਰਾਈਵੇਟ ਜਾਂ ਸਰਕਾਰੀ ਰੁਜਗਾਰ ਹਾਸਲ ਕਰ ਪਾਉਂਦੇ ਹਨ । ਬਾਕੀ 95% ਵਿਦਿਆਰਥੀ ਸਿਰਫ ਲੇਬਰ ਕਰਨ ਵਰਗੀ ਨੌਕਰੀ ਬਹੁਤ ਹੀ ਘੱਟ ਤਨਖਾਹ ਤੇ ਕਰਨ ਲਈ ਮਜਬੂਰ ਹੁੰਦੇ ਹਨ । ਇਸ ਤਰਾਂ ਦੇ ਵਿਦਿਆਰਥੀ ਅਤੇ ਮਾਪੇ ਆਪਣੇ ਆਪ ਨੂੰ ਠੱਗਿਆਂ ਮਹਿਸੂਸ ਕਰਨ ਲੱਗ ਜਾਂਦੇ ਹਨ। ਇਹਨਾਂ ਕੋਰਸਾਂ ਵਿੱਚ ਦਾਖਲਾ ਫੀਸ 30000 ਪ੍ਰਤੀ ਸਮੈਸਟਰ ਤੋਂ ਸੁਰੂ ਹੋਕੇ ਇੱਕ ਲੱਖ ਤੱਕ ਹੁੰਦੀ ਹੈ। ਇਸਦਾ ਭਾਵ 60000 ਸਾਲਾਨਾ ਘੱਟੋ ਘੱਟ ਫੀਸ ਦੇਣ ਵਾਲਾ ਵਿਦਿਆਰਥੀ ਵੀ 5000 ਰੁਪਏ ਪ੍ਰਤੀ ਮਹੀਨਾ ਦਿੰਦਾਂ ਹੈ ਹੋਸਟਲਾਂ ਅਤੇ ਹੋਰ ਵਾਧੂ ਖਰਚਿਆਂ ਦੇ ਨਾਂ ਤੇ ਵੱਖਰੀ ਲੁੱਟ ਕੀਤੀ ਜਾਂਦੀ ਹੈ। 60 ਵਿਦਿਆਰਥੀਆ ਤੋਂ 5000 ਦੀ ਫੀਸ ਦੇ ਹਿਸਾਬ ਨਾਲ ਤਿੰਨ ਲੱਖ ਪ੍ਰਤੀ ਮਹੀਨਾਂ ਵਸੂਲਣ ਵਾਲੇ ਅਦਾਰੇ ਲੈਕਚਰਾਰਾਂ ਨੂੰ 20  ਤੋਂ 40 ਹਜਾਰ ਤੱਕ ਵੀ ਮੁਸਕਲ ਨਾਲ ਦਿੰਦੇ ਹਨ। ਯੂਨੀਵਰਸਿਟੀਆਂ ਦੀ ਫੀਸ ਤਾਂ ਕਾਲਜਾਂ ਤੋਂ ਕਿਤੇ ਜਿਆਦਾ ਹੈ। ਹੋਸਟਲ ਦਾ ਖਰਚਾ 50000 ਤੋਂ ਇੱਕ ਲੱਖ ਤੱਕ ਵੱਖਰਾ ਲਿਆ ਜਾਂਦਾ ਹੈ। ਡਿਗਰੀ ਲੈਣ ਤੱਕ ਪੰਜ ਲੱਖ ਤੋਂ ਪੰਦਰਾਂ ਲੱਖ ਤੱਕ ਆਮ ਹੀ ਖਰਚਾ ਆ ਜਾਂਦਾਂ ਹੈ। ਸਾਡੀਆਂ ਸਰਕਾਰਾਂ ਪੇਸੇਵਰ ਵਿਦਿਆਰਥੀ ਪੈਦਾ ਕਰਨਾਂ ਤਾਂ ਲੋਚਦੀਆਂ ਹਨ ਪਰ ਇਹ ਕਿਉਂ ਨਹੀਂ ਸੋਚਦੀਆਂ ਕਿ ਇਸ ਤਰਾਂ ਦੇ ਪੇਸੇਵਰ ਵਿਦਿਆਰਥੀਆਂ ਲਈ ਰੋਜਗਾਰ ਦੇ ਮੌਕੇ ਵੀ ਹੋਣੇ ਚਾਹੀਦੇ ਹਨ । ਵਰਤਮਾਨ ਵਿੱਚ ਇਸ ਤਰਾਂ ਦੇ ਪੰਜ ਪ੍ਰਤੀਸਤ ਵਿਦਿਆਰਥੀਆਂ ਲਈ  ਵੀ ਨੌਕਰੀਆਂ ਨਹੀਂ ਪੈਦਾ ਹੋ ਰਹੀਆਂ । ਜਦ ਸਾਰੇ ਵਿਦਿਆਰਥੀਆਂ ਲਈ ਨੌਕਰੀਆਂ ਹੀ ਨਹੀਂ ਹਨ ਫਿਰ ਇਸ ਤਰਾਂ ਦੇ ਵਿਦਿਆਰਥੀਆਂ ਦੀ ਏਨੀ ਮਹਿੰਗੀ ਪੜਾਈ ਕਰਨੀਂ ਆਪਣੇ ਆਪ ਨੂੰ ਲੁਟਾਉਣਾਂ ਹੀ ਹੈ। ਸਾਡੀਆਂ ਸਰਕਾਰਾਂ ਨੂੰ ਪਰੋਫੈਸਨਲ ਵਿਦਿਆਂਰਥੀ  ਤਿਆਰ ਕਰਨ ਸਮੇਂ ਜਰੂਰ ਖਿਆਲ ਰੱਖਣਾਂ ਚਾਹੀਦਾ ਹੈ ਬਜਾਰ ਦੀ ਮੰਗ ਕਿੰਨੇ ਕੁ ਲੋਕਾਂ ਦੀ ਹੈ ।
                          ਵਰਤਮਾਨ ਵਿੱਚ ਵਪਾਰੀ ਕਿਸਮ ਦੇ ਅਮੀਰ ਲੋਕ ਬਾਜ ਅੱਖ ਰੱਖਦੇ ਹਨ ਕਿ ਲੋਕ ਕਿਸ ਪਾਸੇ ਨੂੰ ਤੁਰ ਰਹੇ ਹਨ ਤਾਂ ਉਹ ਰਾਜਨੀਤਕਾਂ ਨਾਲ ਮਿਲਕੇ ਉਸ ਦੀ ਹੀ ਲੁੱਟ ਸੁਰੂ ਕਰ ਦਿੰਦੇ ਹਨ । ਪਿੱਛਲੇ ਕੁੱਝ ਵਕਤ ਤੋਂ ਲੋਕਾਂ ਦਾ ਰੁਝਾਨ ਆਪਣੇ ਬੱਚਿਆਂ ਨੂੰ ਆਧੁਨਿਕ ਵਿਦਿਆ ਦਿਵਾਉਣ ਵੱਲ ਗਿਆ ਹੈ ਅਤੇ ਇਸ ਨੂੰ ਦੇਖਦਿਆਂ ਹੀ ਵਪਾਰੀ ਲੋਕਾਂ ਨੇ ਸਰਕਾਰਾਂ ਦੇ ਨਾਲ ਮਿਲਕੇ ਪਰੋਫੈਸਨਲ ਜਾਂ ਅਕਾਡਮਿਕ ਵਿਦਿਆਂ ਦੇਣ ਦੇ ਅਦਾਰਿਆਂ ਦਾ ਹੜ ਲਿਆ ਦਿੱਤਾ ਹੈ। ਆਮ ਲੋਕ  ਨੌਕਰੀ ਹਾਸਲ ਕਰਨ ਦੇ ਚੱਕਰਾਂ ਵਿੱਚ ਇਹਨਾਂ ਵਿਦਿਅਕ ਅਦਾਰਿਆਂ ਵੱਲ ਵਹੀਰਾਂ ਘੱਤ ਤੁਰੇ ਹਨ । ਇਹਨਾਂ ਵਿਦਿਆਰਥੀਆਂ ਦੀ ਵਪਾਰਕ ਅਦਾਰਿਆਂ ਵਿੱਚ ਅਨੇਕਾਂ ਢੰਗਾਂ ਨਾਲ ਲੁੱਟ ਕੀਤੀ ਜਾਂਦੀ ਹੈ। ਸਰਕਾਰ ਵੀ ਲੋਕਾਂ ਦੀ ਲੁੱਟ ਕਰਵਾਉਣਾਂ ਚਾਹੁੰਦੀ ਹੈ ਇਸ ਲਈ ਹਰ ਧੰਦੇ ਨੂੰ ਡਿਗਰੀ ਧਾਰਕਾਂ  ਦੇ ਕਬਜੇ ਵਿੱਚ ਦੇ ਰਹੀ ਹੈ। ਅੱਜ ਕਲ ਤਾਂ ਦੁਕਾਨਾਂ ਤੇ ਖੜੇ ਆਮ ਨੌਕਰ ਵੀ ਡਿਗਰੀਆਂ ਨਾਲ ਲੈਸ ਹਨ। ਅੱਜ ਪੰਜਾਬ ਦੇ ਤਾਂ ਹਰ ਸਹਿਰ ਪਿੰਡ ਵਿੱਚ ਸਕੂਲਾਂ ਕਾਲਜਾਂ ਦੀਆਂ ਵੱਡੀਆਂ 2 ਇਮਾਰਤਾਂ ਉਸਰ ਰਹੀਆਂ ਹਨ ਪਰ ਉਦਯੋਗਿਕ  ਯੁਨਿਟ ਕਿਧਰੇ ਦਿਖਾਈ ਨਹੀਂ ਦਿੰਦੇ । ਸਰਕਾਰਾਂ ਨੂੰ ਲੋਕਾਂ ਨੂੰ ਰੋਜਗਾਰ ਦੇਣ ਵਾਲੇ ਉਦਯੋਗ ਬਣਾਉਣ ਦੀ ਨੀਤੀ ਤੇ ਚੱਲਣਾਂ ਚਾਹੀਦਾ ਹੈ ਜਿਸ ਵਿੱਚੋਂ ਲੋਕ ਰੋਜੀ ਰੋਟੀ ਕਮਾ ਸਕਣ ।ਪੰਜਾਬ ਵਿੱਚ ਪਹਿਲਾਂ ਹੀ 45 ਲੱਖ ਬੇਰੁਜਗਾਰਾਂ ਦੀ ਫੌਜ ਮਾਰਚ ਪਾਸਟ ਕਰੀ ਜਾ ਰਹੀ ਹੈ। ਲੋਕਾਂ ਦਾ ਸੋਸਣ ਕਰਵਾਉਣ ਲਈ ਹੀ ਵਿਦਿਅਕ ਅਦਾਰੇ ਖੋਲਣਾਂ ਸਰਾਸਰ ਧੋਖਾ ਹੈ। ਸੱਤ ਲੱਖ ਟਰੇਂਡ ਯੋਗਤਾ ਪਰਾਪਤ ਅਧਿਆਪਕਾਂ ਨੂੰ ਨਵੇਂ ਟੈਸਟਾਂ ਵਿੱਚ ਫੇਲ ਐਲਾਨ ਕੇ ਸਦਾ ਲਈ ਬੇਰੁਜਗਾਰ ਕਰ ਦਿੱਤਾ ਗਿਆ ਹੈ ਫਿਰ ਬੀ ਐਡ ਅਤੇ ਈ ਟੀ ਟੀ ਵਗੈਰਾ ਕੋਰਸ ਕਰਵਾਉਣ ਦੀ ਕੀ ਲੋੜ ਹੈ ਜੇ ਉਹਨਾਂ ਦੀ ਕੋਈ ਕੀਮਤ ਹੀ ਨਹੀਂ। ਜਾਂ ਫਿਰ ਇਸ ਤਰਾਂ ਦੀ ਟੀਚਰ ਬਣਾਉਣ ਵਾਲੇ ਲੁੱਟ ਦੇ ਅੱਡੇ ਖੋਲਣ ਦੀ ਕੀ ਲੋੜ ਹੈ ਜਿਹਨਾਂ ਅਧਿਆਪਕ ਤਾਂ ਤਿਆਰ ਕੀਤੇ ਸੱਤ ਲੱਖ ਪਰ ਉਹਨਾਂ ਵਿੱਚੋਂ ਪਾਸ ਹੋਏ ਸਿਰਫ 7000 । ਕੀ ਇਹੋ ਜਿਹੀਆਂ ਸੰਸਥਾਵਾਂ ਦੁਆਰਾ ਵਿਦਿਆਰਥੀਆਂ ਦੀ ਕੀਤੀ ਲੁੱਟ ਵਾਪਸ ਨਹੀਂ ਕਰਵਾਈ ਜਾਣੀ ਚਾਹੀਦੀ ਜਿਹੜੇ ਅਧਿਆਪਕ ਲੱਗਣ ਦੇ ਯੋਗ ਹੀ ਨਹੀ ਬਣਾ ਸਕੇ। ਇਸ ਤਰਾਂ ਹੀ ਦੂਜੇ ਡਿਗਰੀ ਦੇਣ ਵਾਲੇ ਅਦਾਰਿਆਂ ਦਾ ਹਾਲ ਹੈ। । ਆਮ ਲੋਕਾਂ ਦੀ ਵਿਦਿਆ ਦੇ ਨਾਂ ਤੇ ਲੁੱਟ ਹੋਣੀ ਮਾੜੀ ਗੱਲ ਹੈ । ਇੱਕ ਨਾਂ ਇੱਕ ਦਿਨ ਲੋਕ ਰੋਹ ਜਰੂਰ ਸੋਚੇਗਾ ਅਤੇ ਸਰਕਾਰਾਂ ਤੋਂ ਜਵਾਬ ਮੰਗੇਗਾ ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ

Sunday, 15 September 2013

ਤਰਕਸੀਲਤਾ ਤੋਂ ਦੂਰ ਸੱਚ ਦੇ ਰੁਬਰੂ ਹੁੰਦਿਆਂ ?


                              ਗਿਆਨ ਜਾਂ ਸੱਚ ਜਾਨਣ ਲਈ ਤਰਕ ਕਰਨੇਂ ਗਲਤ ਨਹੀਂ ਹੁੰਦੇ ਪਰ ਆਪਣੀ ਹੀ ਸੋਚ ਨੂੰ ਤਰਕਾਂ ਆਸਰੇ ਸਹੀ ਸਿੱਧ ਕਰਨਾਂ ਜਰੂਰੀ ਨਹੀਂ ਸੱਚ ਵੀ ਹੋਵੇ। ਆਪਣੀ ਹੀ ਸੋਚ ਨੂੰ ਅੰਤਿਮ ਮੰਨਦਿਆਂ ਤਰਕਸੀਲ ਹੋਣਾਂ ਸੱਚ ਤੋਂ ਦੂਰ ਜਾਣ ਦਾ ਰਸਤਾ ਹੈ ।  ਸਵਾਰਥ ਅਧਾਰਤ ਤਰਕ ਮਨੁੱਖ ਦੀ ਸੋਚ ਨੂੰ ਖੜੋਤ ਵਿੱਚ ਲੈ ਜਾਂਦਾ ਹੈ । ਮਨੁੱਖ ਨੂੰ ਸਦਾ ਸਿੱਖਣ ਵਾਲੀ ਬਿਰਤੀ ਵਿੱਚ ਹੀ ਰਹਿਣਾਂ ਚਾਹੀਦਾ ਹੈ ਜਿਸ ਵਿੱਚ ਬਿਬੇਕ ਬੁੱਧੀ ਦੀ ਵਰਤੋ ਕਰਨਾਂ ਹੀ ਮੁੱਖ ਹੁੰਦਾਂ ਹੈ। ਬਿਬੇਕ ਬੁੱਧੀ ਹਮੇਸਾਂ ਤਰਕ ਅਤੇ ਸਰਧਾ ਤੋਂ ਉਪਰ ਉੱਠਕੇ ਸੱਚ ਦੀ ਬੁੱਕਲ ਵਿੱਚ ਸਫਰ ਕਰਦੀ ਹੈ। ਬਿਬੇਕ ਬੁੱਧੀ ਹਮੇਸਾਂ ਉਸ ਤਰਕ ਅਤੇ ਸਰਧਾ ਨੂੰ ਹੀ ਮੰਨਦੀ ਜੇ ਉਹ ਸੱਚ ਵਿਚੋਂ ਉਪਜਦੀ ਹੈ। ਤਰਕ ਹਮੇਸਾਂ ਆਪਣੀ ਹੀ ਸੋਚ ਦੁਜਿਆਂ ਦੇ ਉੱਪਰ ਥੋਪਣ ਵਾਂਗ ਹੀ ਹੁੰਦਾਂ ਹੈ। ਤਰਕ ਹਰ ਮਨੁੱਖ ਦੇ ਹਮੇਸਾਂ ਆਪਣੇ ਹੁੰਦੇ ਹਨ। ਚੋਰ ,ਠੱਗ ,ਕਾਤਲ ,ਅਤੇ ਭਰਿਸਟ ਲੋਕ ਵੀ ਆਪਣੇ ਕੰਮਾਂ ਵਾਸਤੇ ਅਨੇਕਾਂ ਤਰਕ ਵਰਤਦੇ ਹਨ ਪਰ ਇਸ ਨਾਲ ਉਹ ਕੋਈ ਸੱਚੇ ਨਹੀਂ ਬਣ ਜਾਂਦੇ । ਦੁਨੀਆਂ ਉੱਪਰ ਵਕੀਲ ਨਾਂ ਦਾ ਪੇਸਾ ਚਲਦਾ ਹੀ ਤਰਕਾਂ ਦੇ ਆਸਰੇ ਹੈ ਜਿਸ ਵਿੱਚ 90% ਤੋਂ ਵੀ ਜਿਆਦਾ ਝੂਠ ਹੀ ਚਲਦਾ ਹੈ।
                                  ਪੂਰਨ ਸੱਚ ਜਾਨਣ ਵਾਲਾ ਮਨੁੱਖ ਉਹ ਹੋ ਸਕਦਾ ਹੈ ਜਿਸ ਨੂੰ  ਬ੍ਰਹਿਮੰਡ ਦਾ ਸਾਰਾ ਗਿਆਨ ਹੋ ਜਾਵੇ ਜੋ ਕਿ ਅੱਜ ਤੱਕ ਕਿਸੇ ਨੂੰ ਹਾਸਲ ਨਹੀਂ ਹੋਇਆ। ਦੁਨੀਆਂ ਦੇ ਵੱਡ ਵੱਡੇ ਵਿਗਿਆਨੀ,ਗਿਆਨੀ , ਫਕੀਰ , ਬਾਦਸਾਹ ਸਭ ਉਸ ਅਨੰਤ ਕੁਦਰਤ ਨੂੰ ਹੀ ਵੱਡਾ ਮੰਨਦੇ ਹਨ ਜਿਸ ਨੂੰ ਕੋਈ ਵੀ ਪੂਰਾ ਜਾਣ ਨਹੀਂ ਸਕਿਆ। ਕਿਸੇ ਵਕਤ ਤਰਕਸੀਲ ਮਨੁੱਖਾਂ ਦੇ ਤਰਕ ਨੇ ਵਸਤੂਆਂ ਜਾਂ ਮਾਦੇ ਨੂੰ ਜੀਵ ਅਤੇ ਨਿਰਜੀਵ ਵਿੱਚ ਵੰਡਿਆ ਸੀ । ਨਿਰਜੀਵ ਵਸਤੂਆਂ ਨੂੰ ਗਤੀ ਰਹਿਤ ਹੋਣ ਦੇ ਦਾਅਵੇ ਕੀਤੇ ਗਏ ਸਨ  ਪਰ ਸਮੇਂ ਨਾਲ ਵਿਗਿਆਨ ਦੇ ਸਹਾਰੇ ਨਿਰਜੀਵ ਵਸਤੂਆਂ ਵਿੱਚ ਵੀ ਜੀਵਨ ਵਰਗੀ ਗਤੀ ਦਿਸ ਰਹੀ ਹੈ। ਨਿਰਜੀਵ ਜਾਂ ਜੜ੍ਹ ਵਸਤੂਆਂ ਜਿਉਦੀਆਂ ਨਸਲਾਂ ਤੋ ਜਿਆਦਾ ਗਤੀ ਅਤੇ ਤਾਕਤ ਦਾ ਰੂਪ ਦਿਸ ਰਹੀਆਂ ਹਨ। ਕਰੰਟ ਅਤੇ ਤਾਪਮਾਨ ਧਾਤਾਂ ਦੇ ਅਸੰਖ ਸਪੀਡ ਵਿੱਚ ਤੁਰ ਸਕਦਾ ਹੈ। ਮਨੱਖੀ ਮਨ ਦੇ ਵਿੱਚ ਭਰਿਆ ਸਭ ਕੁੱਝ ਬੋਲਿਆ ਜਾਂਦਾਂ ਹੈ ਦਿਖਾਇਆ ਨਹੀਂ ਜਾ ਸਕਦਾ ਪਰ ਨਿਰਜੀਵ ਵਸਤੂਆਂ ਵਿੱਚ ਭਰੀ ਹੋਈ ਅਵਾਜ ਜਾਂ ਦਰਿਸ਼ ਦਿਖਾਏ ਵੀ ਜਾ ਸਕਦੇ ਹਨ ਅਤੇ ਅੱਗੇ ਪਿੱਛੇ ਤੋਰੇ ਵੀ ਜਾ ਸਕਦੇ ਹਨ। ਜਿਵੈਂ ਪੈਨ ਡਰਾੀਵ  ਸੀਡੀਆਂ ,ਹਾਰਡ ਡਿਸਕਾਂ ਵਿੱਚ ਫੀਡ ਕੀਤੀ ਸਮੱਗਰੀ ਅੱਗੇ ਪਿੱਛੇ ਕੀਤੀ ਜਾ ਸਕਦੀ ਹੈ ਇਹ ਕਰਾਮਾਤ ਸਿਰਫ ਜੜ ਵਸਤੂਆਂ ਵਿੱਚ ਹੋ ਸਕਦੀ ਹੈ ਜੋ ਜਿਉਂਦੀਆਂ ਵਸਤੂਆਂ ਦੇ ਬਰਾਬਰ ਹੀ ਨਹੀਂ ਸਗੋਂ ਉਸ ਤੋਂ ਵੀ ਅੱਗੇ ਦੀ ਗੱਲ ਹੈ। ਭਾਵੇਂ ਕਿਸੇ ਸਮੇਂ ਤਰਕਸੀਲ ਲੋਕ ਇਸ ਤਰਾਂ ਹੋਣ ਨੂੰ ਮੂਰਖਤਾ ਕਹਿਣ ਤੱਕ ਜਾਂਦੇ ਸਨ ਪਰ ਕੁਦਰਤ ਦੇ ਅਨੰਤ ਭੇਤ ਅਣਗਿਣਤ ਹਨ ਜਿਸ ਵਿੱਚ ਪਤਾ ਹੀ ਨਹੀਂ ਕੀ ਕੀ ਛੁਪਿਆ ਪਿਆ ਹੈ।
                             ਵਿਗਿਆਨੀ ,ਡਾਕਟਰ , ਗਿਆਨਵਾਨ ਲੋਕ ਕਦੇ ਵੀ ਆਪਣੇ ਗਿਆਨ ਨੂੰ ਹੀ ਅੰਤਿਮ ਨਹੀਂ ਮੰਨਦੇ ਪਰ ਅਰਧ ਗਿਆਨ ਵਾਲੇ ਤਰਕਸੀਲ ਲੋਕ ਇਹ ਗਲਤੀ ਜਰੂਰ ਕਰਦੇ ਹਨ ਅਤੇ ਆਪਣੇ ਗਿਆਨ ਨੂੰ ਹੀ ਅੰਤਿਮ ਗਿਆਨ ਮੰਨਦੇ ਹਨ। ਤਰਕਸੀਲ ਲੋਕ ਕਦੇ ਸੂਰਜ ਨੂੰ ਘੁੰਮਾਇਆ ਕਰਦੇ ਸਨ ਪਰ ਵਕਤ ਦੇ ਨਾਲ ਸੂਰਜ ਨੂੰ ਤਰਕਾਂ ਦੇ ਸਹਾਰੇ ਘੁੰਮਾਉਣ ਵਾਲੇ ਹਾਰ ਗਏ ਅਤੇ ਧਰਤੀ ਘੁੰਮਦੀ ਹੋਣ ਦਾ ਸੱਚ ਪਰਗਟ ਹੋ ਗਿਆ।  ਜਿਹੜੇ ਲੋਕ ਤਰਕਾਂ ਦੇ ਸਹਾਰੇ ਕਹਿੰਦੇ ਸਨ ਕਿ ਅਵਾਜ ਬਿਨਾਂ ਤਾਰ ਤੋਂ ਦੂਰ ਨਹੀਂ ਪਹੁੰਚਾਈ ਜਾ ਸਕਦੀ ਅੱਜ ਹਜਾਰਾਂ ਲੱਖਾਂ ਕਿਲੋਮੀਟਰਾਂ ਦੂਰ ਅਵਾਜ ਤਾਂ ਕੀ ਤਸਵੀਰਾਂ ਵੀ ਭੇਜੀਆਂ ਜਾ ਰਹੀਆਂ ਹਨ। ਕੁਦਰਤ ਨੇ ਪਤਾ ਹੀ ਨਹੀ ਕਿੰਨੇ ਕੁ ਭੇਤ ਲੁਕੋਏ ਹੋਏ ਹਨ। ਜਦ ਬਨਾਉਟੀ ਤਰਕਸੀਲ ਲੋਕ ਇਹ ਦਾਅਵਾ ਕਰਦੇ ਹਨ ਕਿ ਇੱਕ ਦਿਨ ਮਨੁੱਖ ਸਾਰ ਭੇਤ ਜਾਣ ਲਏਗਾ ਤਦ ਉਹ ਇਹ ਭੁੱਲ ਜਾਂਦੇ ਹਨ ਕਿ ਇਨਸਾਨ ਨਾਂ ਦੇ ਜਾਨਵਰਾਂ ਦਾ ਡਾਇਨਾਂਸੋਰ ਦੇ ਯੁੱਗ ਵਾਂਗ ਸਾਇਦ ਮਨੁੱਖ ਦੇ ਮੂਰਖ ਕੰਮਾਂ ਕਰਕੇ ਹੀ ਇੱਕ ਦਿਨ ਖਾਤਮਾ ਜਰੂਰ ਹੀ ਹੋਵੇਗਾ ਪਰ ਕੁਦਰਤ ਦੀ ਗਤੀ ਫਿਰ ਵੀ ਚਾਲੂ ਰਹੇਗੀ। ਵਕਤ ਦੇ ਨਾਲ ਕੁਦਰਤ ਨੇ ਪਰੀਵਰਤਨ ਕਰਦੇ ਹੀ ਰਹਿਣਾਂ ਹੈ ਜਿਸ ਦੀ ਕੁੱਖ ਵਿੱਚੋਂ ਪਤਾ ਹੀ ਨਹੀਂ ਕੀ ਪੈਦਾ ਹੋ ਜਾਵੇਗਾ। ਸਿਆਣਾਂ ਮਨੱਖ ਜਿੰਦਗੀ ਦੇ ਵਰਤਮਾਨ ਵਿੱਚ ਖੁਸੀਆਂ ਨਾਲ ਜਿਉਂਦਾਂ ਹੈ ਪਰ ਤਰਕਸੀਲ ਮਨੁੱਖ ਭਵਿੱਖ ਦੀ ਚਿੰਤਾਂ ਵਿੱਚ ਵਰਤਮਾਨ ਨੂੰ ਨਸਟ ਕਰਦਾ ਰਹਿੰਦਾਂ ਹੈ ਜਿਸ ਨਾਲ ਤਰਕਸੀਲ ਮਨੁੱਖ ਦੀ ਸਾਰੀ ਜਿੰਦਗੀ ਨਰਕ ਦਾ ਸਾਗਰ ਬਣੀ ਰਹਿੰਦੀ ਹੈ। ਕਰਮ ਕਰਦੇ ਰਹਿਣਾਂ ਤਾਂ ਸਿ੍ਰਸਟੀ ਦੀ ਹਰ ਵਸਤੂ ਦਾ ਧਰਮ ਹੈ ਪਰ ਕੁਦਰਤ ਤੇ ਜਿੱਤ ਹਾਸਲ ਕਰਨ ਲਈ ਕਰਮ ਕਰਨਾਂ ਮਨੁੱਖ ਦਾ ਤਬਾਹੀ ਅਤੇ ਵਿਨਾਸ ਨੂੰ ਘਰ ਬੁਲਾਉਣਾਂ ਹੀ ਸਿੱਧ ਹੁੰਦਾਂ ਹੈ। ਮਨੁੱਖ ਨੂੰ ਆਪਣੀ ਜਿੰਦਗੀ ਜਿਉਣ ਵਾਲੀਆਂ ਲੋੜਾਂ ਅਨੁਸਾਰ ਕੰਮ ਕਰਨਾਂ ਭਾਵੇਂ ਗੁਨਾਹ ਨਹੀਂ ਪਰ ਅੱਯਾਸੀ ਦੇ ਸਾਧਨ ਪੈਦਾ ਕਰਨ ਲਈ ਤਕਨੀਕ ਨਾਂ ਦੇ ਪੰਛੀ ਦੀ ਸਵਾਰੀ ਕਰਦਿਆਂ ਉਦਯੋਗਿਕ ਕੂੜਾ ਕਚਰਾ ਪੈਦਾ ਕਰ ਲਈ ਧਰਤੀ ਨੂੰ ਵਾਤਾਵਰਣ ਨੂੰ ਤਬਾਹ ਕਰਦਿਆਂ ਮਨੁੱਖੀ ਜਿੰਦਗੀ ਦੇ ਖਾਤਮੇ ਦੀ ਨੀਂਹ ਰੱਖੀ ਜਾਣਾਂ ਤਰਕਸੀਲ ਲੋਕਾਂ ਲਈ ਤਾਂ ਸਿਆਣਫ ਹੋ ਸਕਦੀ ਹੈ ਪਰ ਬਿਬੇਕਸੀਲ ਜਾਂ ਗਿਆਨ ਵਾਨ ਲੋਕ ਤਾਂ ਇਸਨੂੰ ਮਨੁੱਖ ਦੀ ਆਪਣੇ ਪੈਰ ਆਪ ਕੁਹਾੜਾ ਮਾਰਨ ਦੇ ਬਰਾਬਰ ਹੀ ਸਮਝਣਗੇ। ਕੀ ਮਨੁੱਖ ਵਿਕਾਸ ਜਰੂਰੀ ਹੈ ਦੇ ਹੱਕ ਵਿੱਚ ਤਰਕ ਦੇਕੇ ਧਰਤੀ ਦੇ ਖਾਤਮੇ ਵਾਲੇ ਕਦਮ ਪੁਟਦਿਆਂ  ਰਹੇਗਾ। ਕੀ ਇਨਸਾਨੀ ਜਿੰਦਗੀ ਅਤੇ ਧਰਤੀ ਦੀ ਵਰਤਮਾਨ ਹੋਂਦ ਸਦਾ ਰਹੇ ਦੇ ਹੱਕ ਵਿੱਚ ਤਰਕ ਦੇਣਾਂ ਨਹੀਂ ਚਾਹੀਦਾ।

Friday, 13 September 2013

ਮਨੁੱਖੀ ਜਿੰਦਗੀ ਦੇ ਚਾਰ ਪੜਾਅ ਸੱਚ ਤੋਂ ਝੂਠ ਤੱਕ

                                  
                                               ਆਧੁਨਿਕ ਸਮਾਂ ਵਿਗਿਆਨ ਦਾ ਸਮਾਂ ਹੈ ਜਿਸ ਵਿੱਚ ਹਰ ਪਰਕਿਰਿਆ ਨੂੰ ਤਰਕਾਂ ਅਤੇ ਸਬੂਤਾਂ ਦੇ ਅਧਾਰ ਤੇ ਹੀ ਸਿੱਧ ਕਰਨਾਂ ਪੈਂਦਾਂ ਹੈ ਪਰ ਕੁਦਰਤ ਦੇ ਬਹੁਤ ਸਾਰੇ ਇਹੋ ਜਿਹੇ ਭੇਦ ਹਨ ਜੋ ਵਾਪਰਦੇ ਰਹਿੰਦੇ ਹਨ ਜਿਹਨਾਂ ਨੂੰ ਸਿੱਧ ਕਰਨਾਂ ਮੁਸਕਲ ਹੁੰਦਾਂ ਹੈ। ਅਲੋਕਿਕ ਵਰਤਾਰੇ ਸਿਰਫ ਮਹਿਸੂਸ ਕੀਤੇ ਜਾਂਦੇ ਹਨ ਜਾਂ ਵਾਪਰਦੇ ਦੇਖਣੇ ਹੀ ਪੈਦੇ ਹਨ ਪਰ ਉਹਨਾਂ ਉੱਪਰ ਸਵਾਲ ਉਠਾਉਣਾਂ ਕੋਈ ਕੀਮਤ ਨਹੀਂ ਰੱਖਦਾ ਇਸ ਤਰਾਂ ਦੇ ਅਨੇਕ ਵਰਤਾਰੇ ਹਰ ਮਨੁੱਖ ਦੇ ਜੀਵਨ ਵਿੱਚ ਆਉਂਦੇ ਹਨ ਜਿਹਨਾਂ ਨੂੰ ਦੇਖਕੇ ਉਸਦ ਸੋਚ ਅਤੇ ਸਮਝ ਵਿੱਚ ਬਦਲਾਅ ਆਉਣੇਂ ਲਾਜਮੀ ਹੁੰਦੇ ਹਨ। ਨੌਜਵਾਨ ਉਮਰ ਵਿੱਚ ਨਾਸਤਿਕ ਹੋਣ ਤੇ ਮਾਣ ਮਹਿਸੂਸ ਕਰਨ ਵਾਲੇ ਅਕਸਰ ਹੀ ਬਜੁਰਗ ਹੋਣ ਤੱਕ ਆਸਤਿਕ ਹੋ ਜਾਂਦੇ ਹਨ ਬਹੁਤੀ ਵਾਰ ਤਾਂ ਧਰਮ ਜਾਂ ਰੱਬ ਦੇ ਪਰਚਾਰਕ ਹੋਣ ਤੱਕ ਪਹੁੰਚ ਜਾਂਦੇ ਹਨ। ਮਨੁੱਖੀ ਜਿੰਦਗੀ ਵਿੱਚ ਪਤਾ ਨਹੀਂ ਕਿਹੜੇ ਸਮੇਂ ਮਨੁੱਖ ਸਾਹਮਣੇ ਕਿਹੋ ਜਿਹੀਆਂ ਸਥਿਤੀਆਂ ਆ ਖੜੀਆਂ ਹੋਣ । ਜੀਵਨ ਸਥਿਤੀਆਂ ਮਨੁੱਖੀ ਮਨ ਵਿੱਚ ਭਾਵਨਾਵਾਂ ਦਾ ਹੜ ਲਿਆ ਦਿੰਦੀਆਂ ਹਨ ਆਮ ਤੌਰ ਤੇ ਮਨੁੱਖ ਭਾਵਨਾਵਾਂ ਦੇ ਅਧੀਨ ਹੀ ਕੰਮ ਕਰਦਾ ਹੈ। ।ਕਿਸੇ ਵਕਤ ਕੰਡੇ ਦੀ ਪੀੜ ਤੋਂ ਚੀਕ ਮਾਰਨ ਵਾਲਾ ਬੰਦਾਂ ਸਰਿੰਜਾਂ ਦੀਆਂ ਲੰਬੀਆਂ ਸੂਈਆਂ ਸਹਿ ਲੈਂਦਾਂ ਹੈ ਅਤੇ ਸਰੀਰ ਚੀਰ ਦੇਣ ਵਾਲੀਆਂ ਲੜਾਈਆਂ ਦਾ ਸਾਹਮਣਾਂ ਕਰ ਲੈਂਦਾਂ ਹੈ ਅਤੇ ਭੋਰਾ ਵੀ ਤਕਲੀਫ ਨਹੀਂ ਮੰਨਦਾ। ਵੱਖ ਵੱਖ ਸਮੇਂ ਤੇ ਮਨੁੱਖੀ ਮਨੋਸਥਿਤੀ ਵੱਖੋ ਵੱਖਰੀ ਹੰਦੀ ਹੈ । ਮਨੁੱਖੀ ਸਰੀਰ ਇੱਕੋ ਤਕਲੀਫ ਜਾਂ ਸੁੱਖ ਸਹੂਲਤ ਨੂੰ ਵੱਖੋ ਵੱਖ ਸਮਿਆਂ ਤੇ ਵੱਖੋ ਵੱਖਰੇ ਤੌਰ ਤੇ ਮਹਿਸੂਸ ਕਰਦਾ ਹੈ। ਕਦੀ ਮਨੁੱਖ ਆਪਣਿਆਂ ਦੀ ਮੌਤ ਤੇ ਰੋਂਦਾਂ ਹੈ ਪਰ ਕਈ ਵਾਰ ਉਹੀ ਮਨੁੱਖ ਆਪਣਿਆਂ ਨੂੰ ਕਤਲ ਕਰਨ ਤੱਕ ਚਲਾ ਜਾਂਦਾਂ ਹੈ ਤਦ ਮੌਤ ਤੇ ਰੋਣ ਦੀ ਬਜਾਇ ਸਕੂਨ ਮਹਿਸੂਸ ਕਰਦਾ ਹੈ । ਅਸਲ ਵਿੱਚ ਮਨੁੱਖ ਭਾਵਨਾਵਾਂ ਦਾ ਸਮੇਲ ਹੀ ਹੁੰਦਾਂ ਹੈ ਕੌਮਲ ਭਾਵੀ ਮਨੁੱਖ ਕਈ ਵਾਰ ਪੱਥਰਾਂ ਨਾਲੋਂ ਵੀ ਸਖਤ ਵਿਵਹਾਰ ਕਰਦਾ ਹੈ। ਕਈ ਵਾਰ ਜਲਾਦ ਵੀ ਕੋਮਲ ਭਾਵੀ ਹੋ ਜਾਂਦੇ ਹਨ ਪਿੱਛੇ ਜਿਹੇ ਇੱਕ ਦਹਿਸਤਗਰਦ ਗਰਦਾਨੇ ਗਏ ਵਿਅਕਤੀ ਨੂੰ ਫਾਂਸੀ ਦੇਣ ਵਾਲੇ ਜਲਾਦ ਨੇ ਉਸ ਵਅਕਤੀ ਨੂੰ ਫਾਂਸੀਂ ਦੇਣ ਤੋਂ ਪਹਿਲਾਂ ਉਸਦੇ ਪੈਰਾਂ ਨੂੰ ਛੁਹਿਆ ਅਤੇ ਫਿਰ ਮਾਫੀ ਮੰਗੀ । ਜਿੰਦਗੀ ਦੇ ਵਿੱਚ ਵੱਖੋ ਵੱਖਰੇ ਪੜਾਅ ਆਉਂਦੇ ਹਨ ਜੋ ਮਨੁੱਖੀ ਮਨ ਦੀਆਂ ਭਾਵਨਾਵਾਂ ਨੂੰ ਬਦਲਦੇ ਰਹਿੰਦੇ ਹਨ। ਜਿੰਦਗੀ ਦਾ ਪਹਿਲਾ ਪਹਿਰ ਬਚਪਨ ਹੁੰਦਾਂ ਹੈ ਜਿਸ ਨੂੰ ਪਹਿਲਾ ਯੁੱਗ ਭਾਵ ਸਤਿਯੁਗ ਵੀ ਆਖਿਆ ਜਾ ਸਕਦਾ ਹੈ। ਇਸ ਵਿੱਚ ਹਰ ਜਿੰਦਗੀ ਕੁਦਰਤ ਦੀ ਮਰਜੀ ਤੇ ਜਾਂ ਭਾਵ ਦੂਸਰਿਆਂ ਤੇ ਨਿਰਭਰ ਹੋਕੇ ਬਿਨਾਂ ਕਿਸੇ ਵਲ ਅਤੇ ਛਲ ਦੇ ਜਿੰਦਗੀ ਬਤੀਤ ਕਰਦਾ ਹੈ। ਇਸ ਉਮਰ ਵਿੱਚ ਖੁਸੀਆਂ ਮਾਨਣ ਤੋਂ ਬਿਨਾਂ ਕੋਈ ਲਾਲਸਾ ਨਹੀਂ ਹੁੰਦੀ ਅਤੇ ਨਾਂ ਹੀ ਇਸ ਉਮਰ ਵਿੱਚ ਝੂਠ ਬੋਲਦਾ ਹੈ। ਅਸਲ ਵਿੱਚ ਬਚਪਨ ਵਿੱਚ ਝੂਠ ਬੋਲਣਾਂ ਆਉਂਦਾਂ ਹੀ ਨਹੀਂ ਹੁੰਦਾਂ ਵੱਡੀ ਉਮਰ ਵਾਲੇ ਹੀ ਬੱਚਿਆਂ ਨੂੰ ਝੂਠ ਬੋਲਣਾਂ ਸਿਖਾਉਂਦੇ ਹਨ।
                                               ਬਚਪਨ ਦੀ ਕੁਦਰਤੀ ਜਿੰਦਗੀ ਤੋਂ ਬਾਅਦ ਜਿੰਦਗੀ ਦੇ ਦੂਸਰੇ ਪਹਿਰ ਤਾਕਤ ਦਾ ਰੂਪ ਜਵਾਨੀ ਵਾਲੀ ਉਮਰ ਵਿੱਚ ਮਨੁੱਖ ਜਿੰਦਗੀ ਦੇ ਬਹੁਤੇ ਕੰਮ ਆਪਣੀ ਤਾਕਤ ਦੇ ਜੋਰ ਤੇ ਕਰਦਾ ਹੈ ਜਿਸ ਨਾਲ ਉਸ ਵਿੱਚ ਖੁਦ ਨੂੰ ਖੁਦਾ ਵਰਗਾ ਮਹਿਸੂਸ ਹੁੰਦਾਂ ਹੈ। ਇਸ ਉਮਰ ਵਿੱਚ ਮਨੁੱਖੀ ਮਨ ਸਾਰੇ ਫੈਸਲੇ ਤਰਕਾਂ ਨਾਲ ਕਰਦਾ ਹੈ। ਇਸ ਉਮਰ ਵਿੱਚ ਇਨਸਾਨੀ ਜਿੰਦਗੀ ਹਰ ਕੰਮ ਨੂੰ ਕਰਨ ਦੇ ਸਮੱਰਥ ਹੁੰਦੀ ਹੈ ਅਤੇ ਉਨੂੰ ਇਸ ਤਰਾਂ ਕਰਨ ਦਾ ਨਸੇ ਵਰਗਾ ਸੁਆਦ ਵੀ ਮਹਿਸੂਸ ਹੁੰਦਾਂ ਹੈ। ਤਾਕਤ ਦੇ ਸਮੇਂ ਨੌਜਵਾਨੀ ਨੂੰ ਕੁਦਰਤੀ ਸਕਤੀ ਵੱਲ ਦੇਖਣ ਦੀ ਲੋੜ ਵੀ ਮਹਿਸੂਸ ਨਹੀਂ ਹੁੰਦੀ । ਪੈਰਾਂ ਨਾਲ ਧਰਤੀ ਦਮਕਾਉਣ ਦੀ ਇਸ ਉਮਰ ਦੀ ਤਾਕਤ ਵੀ ਵਕਤ ਆਉਣ ਨਾਲ ਘੱਟ ਜਾਂਦੀ ਹੈ ਅਤੇ ਇਹ ਆਉਣ ਵਾਲੀ ਦੂਸਰੀ ਪੀੜੀ ਕੋਲ  ਜਾਣ ਲੱਗਦੀ ਹੈ ਤਦ ਹੀ ਮਨੁੱਖੀ ਮਨ ਵੀ ਇਸ ਸੋਚ ਤੋਂ ਬਾਹਰ ਨਿਕਲਣ ਲੱਗਦਾ ਹੈ।
                                                                ਜਿੰਦਗੀ ਦਾ ਤੀਸਰਾ ਪਹਿਰ ਤਾਕਤ  ਦੀ ਥਾਂ ਤਪੱਸਿਆ ਰੂਪੀ ਤਜਰਬਾ ਭਾਰੂ ਹੋ ਜਾਂਦਾਂ ਹੈ ਜਿਸ ਵਿੱਚ ਤਾਕਤ ਦਾ ਜੋਰ ਨਹੀਂ ਰਹਿੰਦਾ ਪਰ ਤਜਰਬਾ ਜੋ ਜਵਾਨੀ ਦੇ ਸਮੇਂ ਹਾਸਲ ਕੀਤਾ ਹੁੰਦਾਂ ਹੈ ਬਹੁਤ ਵਾਰ ਜਿੰਦਗੀ ਵਿੱਚ ਮਨੁੱਖ ਨੂੰ ਸਫਲ ਹੋਣ ਦੇ ਮੌਕੇ ਦਿੰਦਾਂ ਰਹਿੰਦਾਂ ਹੈ। ਤਜਰਬੇ ਵਾਲੀ ਜਿੰਦਗੀ ਵਿੱਚ ਮਨੁੱਖੀ ਮਨ ਤਾਕਤ ਵਾਲਿਆਂ ਦਾ ਵੀ ਕਿਸੇ ਹੱਦ ਤੱਕ ਮੁਕਾਬਲਾ ਕਰ ਲੈਂਦਾਂ ਹੈ ਪਰ ਤਜਰਬੇ ਵਾਲੀ ਜਿੰਦਗੀ ਦਾ ਵੀ ਇੱਕ ਦਿਨ ਅੰਤ ਹੋ ਜਾਂਦਾਂ ਹੈ ਜਾਂ ਮਨੁੱਖ ਦੀਆਂ ਆਉਣ ਵਾਲੀਆਂ ਨਵੀਆਂ ਪੀੜੀਆਂ ਜੋ ਤਾਕਤ ਤੋਂ ਤਜਰਬੇ ਵਾਲੀ ਮੰਜਿਲ ਤੇ ਪਹੁੰਚ ਜਾਂਦੀਆਂ ਹਨ ਨੂੰ ਦੂਸਰੀਆਂ ਦੇ ਤਜਰਬੇ ਦੀ ਲੋੜ ਘਟ ਜਾਂਦੀ ਹੈ ਉਸ ਵਕਤ ਮਨੁੱਖ ਹਾਰਨਾਂ ਸੁਰੂ ਹੋ ਜਾਂਦਾਂ ਹੈ ਇਸ ਨੂੰ ਜਿੰਦਗੀ ਦਾ ਚੌਥਾ ਪਹਿਰ ਜਾਂ ਚੌਥਾਂ ਯੁੱਗ ਕਿਹਾ ਜਾਂਦਾਂ ਹੈ।
                                           ਜਿੰਦਗੀ ਦੇ ਚੌਥਾ ਪਹਿਰ  ਵਿੱਚ ਮਨੁੱਖ ਦੋ ਤਰੀਕਿਆਂ ਨਾਲ ਜਿੰਦਗੀ ਬਤੀਤ ਕਰਦਾ ਹੈ ਪਹਿਲੀ ਕਿਸਮ ਦੇ ਲੋਕ ਸੱਚ ਦੇ ਰੁਬਰੂ ਹੁੰਦਿਆ ਆਪਣੇ ਆਪ ਨੂੰ ਹਾਰਿਆ ਮਹਿਸੂਸ ਕਰਕੇ ਆਪਣੇ ਆਪ ਨੂੰ ਆਪਣੇ ਬੱਚਿਆਂ ਅਤੇ ਧਰਮ ਕਰਮ ਦੇ ਹਵਾਲੇ ਕਰ ਦਿੰਦੇ ਹਨ ਅਤੇ ਆਪਣੀ ਹਾਊਮੈਂ ਦਾ ਤਿਆਗ ਕਰ ਦਿੰਦੇ ਹਨ। ਇਹ ਲੋਕ ਸੱਚ ਨੂੰ ਸਵੀਕਾਰ ਕਰਕੇ ਸਮਾਜ ਅਤੇ ਆਪਣੇ ਵਾਰਿਸਾਂ ਨਾਲ ਸਾਂਝ ਬਚਾਉਣ ਵਿੱਚ ਸਫਲ ਹੋ ਜਾਂਦੇ ਹਨ ਜਿਸ ਨਾਲ ਜਿੰਦਗੀ ਸਵੱਰਗ ਵਰਗੀ ਬਣ ਜਾਂਦੀ ਹੈ। ਦੂਸਰੀ ਕਿਸਮ ਦੇ ਲੋਕ ਸੱਚ ਤੋਂ ਕਿਨਾਰਾ ਕਰਕੇ ਆਪਣੀ ਹਾਊਮੈਂ ਦੇ ਘੋੜੇ ਤੇ ਬੈਠ ਜਾਂਦੇ ਹਨ ਅਤੇ ਆਪਣੇ ਆਪ ਨੂੰ ਸਿਆਣਾਂ ਤੇ ਸੁਪਰ ਪਾਵਰ ਐਲਾਨ ਦਿੰਦੇ ਹਨ  ਜਿਸ ਨਾਲ ਜਿੰਦਗੀ ਲੜਾਈ ਦੇ ਦੌਰ ਵਿੱਚ ਸਾਮਲ ਹੋ ਜਾਂਦੀ ਹੈ। ਨਵੀਆਂ ਪੀੜੀਆਂ ਇਸ ਤਰਾਂ ਦੇ ਲੋਕਾਂ ਤੋਂ ਬਾਗੀ ਹੋ ਜਾਂਦੀਆਂ ਹਨ ਜਿਸ ਨਾਲ ਜਿੰਦਗੀ ਯੁੱਧ ਦਾ ਰੂਪ ਧਾਰਕੇ ਨਰਕ ਵਿੱਚ ਦਖਲ ਹੋ ਜਾਂਦੀ ਹੈ। ਇਸ ਤਰਾਂ ਦੇ ਸੱਚ ਤੋਂ ਮੁਨਕਰ ਲੋਕ ਵਲ ਅਤੇ ਛਲ ਅਤੇ ਲੜਾਈ ਦੇ ਰਸਤਿਆਂ ਦੇ ਪਾਂਧੀਂ ਹੋ ਜਾਦੇਂ ਹਨ । ਇਹੀ ਕਾਰਨ ਹੈ ਜਿਸ ਕਾਰਨ ਜਿੰਦਗੀ ਦੇ ਚੌਥੇ ਪਹਿਰ ਨੂੰ ਕਲਯੁੱਗ ਦਾ ਪਹਿਰ ਮੰਨਿਆਂ ਜਾਂਦਾ ਹੈ ਇਸ ਦੀ ਬੁਨਿਆਦ ਝੂਠ ਤੇ ਹੁੰਦੀ ਹੈ। ਝੂਠ ਕਲਯੁੱਗ ਦਾ ਰਥਵਾਹ ਹੁੰਦਾਂ ਹੈ। ਇਹਨਾਂ ਰਾਂਹਾਂ ਦੇ ਕੰਢੇ ਮਨੁੱਖੀ ਜਿੰਦਗੀ ਦੇ ਅੰਤਿਮ ਪਹਿਰ ਨੂੰ ਲਹੂਲੁਹਾਣ ਕਰ ਦਿੰਦੇ ਹਨ। ਇਸ ਤੋਂ ਬਾਅਦ ਇਸ ਤਰਾਂ ਦੇ ਲੋਕ ਜਿੰਦਗੀ ਦਾ ਇਹ ਚੌਥਾ ਕਲਯੁੱਗ ਵਾਲਾ ਪਹਿਰ ਵੱਲ ਅਤੇ ਛੱਲ ਦੀ ਭੇਂਟ ਚੜਾਕੇ ਨਰਕ ਦੀ ਜਿੰਦਗੀ ਜਿਉਦਿਆਂ ਮੌਤ ਦੇ ਦਰਵਾਜੇ ਤੱਕ ਪਹੁੰਚਦੇ ਹਨ। ਜੋ ਲੋਕ ਬਚਪਨ ਵਰਗਾ ਸੱਚਾ ਮਨ ਬਚਾਈ ਰੱਖਣ ਵਿੱਚ ਸਫਲ ਹੋ ਜਾਂਦੇ ਹਨ ਉਹ ਲੋਕ ਜਿੰਦਗੀ ਵਿੱਚ ਸਵਰਗ ਦੀਆਂ ਖੁਸੀਆਂ ਨੂੰ ਮਾਨਣ ਦੇ ਹੱਕਦਾਰ ਅੰਤ ਤੱਕ ਬਣੇ ਰਹਿੰਦੇ ਹਨ । ਇਹ ਲੋਕ ਸੱਚ ਤੋਂ ਮੁਨਕਰ ਨਹੀਂ ਹੋਏ ਹੁੰਦੇ ਅਤੇ ਆਪਣੀ ਜਿੰਦਗੀ ਨੂੰ ਬਚਪਨ ਵਾਲੇ ਸਤਿਯੁੱਗ ਦੇ ਸਵੱਰਗ ਵਿੱਚ ਬਣਾਈ ਰੱਖਦੇ ਹਨ । ਮਨੁੱਖ ਨੂੰ ਸਦਾ ਹੀ ਵਲ ਅਤ ਛਲ ਤੋਂ ਦੂਰ ਰਹਿੰਦਿਆਂ ਤਾਕਤ ਦੇ ਹੰਕਾਰ ਨੂੰ ਦੂਰ ਰੱਖਦਿਆਂ ਨਿਮਰਤਾ ਵਾਲੀ ਸਧਾਰਨ ਜਿੰਦਗੀ ਜਿਉਣ ਨੂੰ ਪਹਿਲ ਦੇਣੀ ਚਾਹੀਦੀ ਹੈ ਜਿਸ ਵਿੱਚੋਂ ਖੁਸੀਆਂ ਖੇੜਿਆਂ ਵਾਲਾ ਸਵੱਰਗ ਉਪਜਦਾ ਹੈ ।

                                

Wednesday, 4 September 2013

ਰੈਡੀਮੇਡ ਸੰਤ ਅਤੇ ਰਾਜਨੀਤਕ ਗੱਠਜੋੜ ਦੀ ਅਸਲੀਅਤ

                               
                                 ਪਿਛਲੇ ਦਿਨੀ ਸੰਤ ਆਸਾ ਰਾਮ ਦੀਆਂ ਕਰਤੂਤਾਂ ਨੇ ਸੰਤ ਪਰੰਪਰਾਂ ਨੂੰ ਬਹੁਤ ਹੀ ਢਾਅ ਲਾਈ ਹੈ ਅਤੇ ਇਸ ਤਰਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਦਾ ਜਿਕਰ ਕੀਤਾ ਜਾ ਸਕਦਾ ਹੈ ਜਿਹਨਾਂ ਵਿੱਚ ਹਰਿਆਣੇ ਦਾ ਇੱਕ ਡੇਰੇਦਾਰ ਅਤੇ ਦੱਖਣ ਭਾਰਤ ਦਾ ਇੱਕ ਨੌਜਵਾਨ ਸੰਤ ਦੇ ਕਾਰਨਾਮੇ ਵੀ ਜਿਕਰ ਯੋਗ ਹਨ। ਇਹਨਾਂ ਤੋਂ ਬਿਨਾਂ ਕਰੋੜਾਂ ਅਰਬਾਂ ਰੁਪਏ ਇਕੱਠੇ ਕਰਕੇ ਸੰਤ ਦਾ ਸਰਟੀ ਫਿਕੇਟ ਭਰੀ ਫਿਰਦੇ ਅਨੇਕਾਂ ਸੰਤ ਹਨ ਜਿਹਨਾਂ ਦੀ ਗਿਣਤੀ ਹੀ ਮੁਸਕਲ ਹੈ। ਵਰਤਮਾਨ ਵਿੱਚ ਸੰਤ ਪੈਦਾ ਨਹੀਂ ਹੋ ਰਹੇ ਬਲਕਿ ਪੈਦਾ ਕੀਤੇ ਜਾ ਰਹੇ ਹਨ ਜਿਹਨਾਂ ਵਿੱਚੋਂ ਬਹੁਤਿਆਂ ਦੇ ਪਿੋੱਛੇ ਰਾਜਨੀਤਕ ਲੋਕਾਂ ਅਤੇ ਪਾਰਟੀਆ ਦਾ ਹੱਥ ਹੈ। ਵੋਟ ਬੈਂਕ ਦੇ ਜਖੀਰੇ ਰੂਪੀ ਸੰਤ ਰਾਜਨੀਤਕਾਂ ਦੇ ਮੋਹਰੇ ਬਣਕੇ ਸਮਾਜ ਨੂੰ ਗੰਮਰਾਹ ਕਰ ਰਹੇ ਹਨ ਅਤੇ ਸੰਤ ਤਾਈ ਦੀ ਪਰੰਪਰਾਂ ਨੂੰ ਬਦਨਾਮ ਵੀ ਕਰ ਰਹੇ ਹਨ । ਅਸਲੀ ਸੰਤ ਤਾਂ ਸਮਾਜ ਨੂੰ ਅਤੇ ਹਰ ਦੁਨਿਆਵੀ ਮੋਹ ਨੂੰ ਤਿਆਗ ਕੇ ਇਸ ਰਾਹ ਤੇ ਤੁਰਦਾ ਹੈ। ਅੱਜ ਕੱਲ ਦੇ ਬਹੁਤੇ ਸੰਤ ਮਾਇਆਂ ਅਤੇ ਮਸਹੂਰੀ ਦੀ ਭੁੱਖ ਵਿਚ ਗਰਕ ਕੇ ਸੰਤ ਬਣਦੇ ਹਨ। ਸੰਤ ਤਾਈ ਦਾ ਫੱਟਾ ਲਾਕੇ ਇਸ ਤਰਾਂ ਦੇ ਲੋਕ ਰਾਜਨੀਤਕਾਂ ਦੇ ਗੁਲਾਮ ਬਣ ਜਾਂਦੇ ਹਨ । ਅਸਲੀ ਸੰਤ ਜਦਕਿ ਕਿਸੇ ਦੀ ਵੀ ਗੁਲਾਮੀ ਸਵੀਕਾਰ ਨਹੀਂ ਕਰਦਾ ਹੁੰਦਾਂ । ਸੰਤ ਦਾ ਕਦੇ ਵੀ ਕੋਈ ਵਿਸੇਸ ਦੁਨਿਆਵੀ ਧਰਮ ਵੀ ਨਹੀਂ ਹੁੰਦਾਂ ਕਿਉਂਕਿ ਸੰਤ ਦੀ ਸੋਚ ਤਾਂ ਬ੍ਰਹਿੁਮੰਡੀ ਸੋਚ ਹੁੰਦੀ ਹੈ ਜਿਸ ਵਿੱਚ ਦੁਨੀਆਂ ਦੇ ਸਾਰੇ ਧਰਮ ਸਮਾ ਜਾਂਦੇ ਹਨ । ਇਨਸਾਨੀਅਤ ਅਤੇ ਸਮੁੱਚੇ ਸੰਸਾਰ ਦੀ ਸੇਵਾ ਹੀ ਉਸਦਾ ਧਰਮ ਹੁੰਦਾਂ ਹੈ ਜਿਸਨੂੰ ਇਨਸਾਨੀਅਤ ਵੀ ਆਖਿਆ ਜਾ ਸਕਦਾ ਹੈ।
                                   ਵੋਟਾਂ ਦੇ ਲਾਲਚ ਕਾਰਨ ਰਾਜਨੀਤਕਾਂ ਨੂੰ ਵੋਟ ਬੈਂਕ ਤਿਆਰ ਕਰਨ ਦੀ ਲੋੜ ਪੈ ਰਹੀ ਹੈ। ਸੰਤ ਵੋਟਾਂ ਦਾ ਬੈਂਕ ਤਿਆਰ ਕਰਨ ਦੇ ਸਭ ਤੋਂ ਵੱਡੇ ਸਾਧਨ ਹਨ।  ਭਾਰਤੀ ਲੋਕਾਂ ਨੂੰ ਅਖੌਤੀ ਧਾਰਮਿਕ ਜਮਾਤਾਂ ਵਿੱਚ ਵੰਡਕੇ ਪਾਟੋਧਾੜ ਕੀਤਾ ਹੋਇਆ ਹੈ। ਹਜਾਰਾਂ ਸਾਲਾਂ ਤੋਂ ਭਾਰਤੀ ਮਾਨਸਿਕਤਾ ਤੇ ਧਾਰਮਿਕਤਾ ਦੀ ਪਾਣ ਚੜੀ ਹੋਈ ਹੈ ਜਿਸ ਵਿੱਚੋਂ ਲੋਕਾਂ ਦਾ ਨਿਕਲਣਾਂ ਬਹੁਤ ਹੀ ਮੁਸਕਲ ਹੈ। ਰਾਜਨੀਤਕਾਂ ਨੇ ਇਸ ਨੂੰ ਵਰਤਣ ਦੀ ਕਲਾ ਜਾਣ ਲਈ ਹੈ। ਦੇਸ ਦੀਆਂ ਵੱਡੀਆਂ ਰਾਜਨੀਤਕ ਪਾਰਟੀਆਂ ਧਰਮਾਂ ਅਤੇ ਸੰਤਾਂ ਦੀ ਪੁਸਤਪਨਾਹੀ ਕਰਦੀਆਂ ਹਨ। ਇਸ ਕਾਰਨ ਧਾਰਮਿਕ ਅਦਾਰੇ ਕਾਰਪੋਰੇਟ ਘਰਾਣਿਆਂ ਨਾਲੋਂ ਵੀ ਵੱਧ ਆਮਦਨ ਕਰ ਰਹੇ ਹਨ। ਦੂਜੇ ਨੰਬਰ ਤੇ ਪਰਚਾਰ ਮੀਡੀਆਂ ਦੇ ਜੋਰ ਤੇ ਬਹੁਤ ਸਾਰੇ ਗੁਲਾਮ ਬੰਦੇ ਸੰਤ ਦੇ ਤੌਰ ਤੇ ਸਥਾਪਤ ਕੀਤੇ ਜਾ ਰਹੇ ਹਨ ਜੋ ਵੋਟ ਬੈਂਕ ਤਿਆਰ ਕਰਕੇ ਆਪਣੇ ਆਗੂਆਂ ਦੀਆਂ ਝੋਲੀਆਂ ਵੋਟਾਂ ਨਾਲ ਭਰਦੇ ਹਨ ਬਦਲੇ ਵਿੱਚ ਹਰ ਸਰਕਾਰੀ ਪੁਸਤ ਪਨਾਹੀ ਹਾਸਲ ਕਰਕੇ ਨਜਾਇਜ ਧੰਦੇ ਅਤੇ ਹੋਰ ਬਹੁਤ ਕੁੱਝ ਕਰਦੇ ਹਨ। ਜਦ ਇਸ ਤਰ ਦੇ ਸੰਤਾਂ ਦੇ ਰਾਜਨੀਤਕ ਗੁਰੂ ਚੋਣਾਂ ਜਿੱਤ ਕੇ ਸਰਕਾਰਾਂ ਦੇ ਭਾਈਵਾਲ ਬਣ ਜਾਂਦੇ ਹਨ ਤਾਂ ਇਸ ਤਰਾਂ ਦੇ ਦਲਾਲ ਸੰਤਾਂ ਦੀਆਂ ਪੰਜੇ ਉਗਲਾਂ ਘਿਉ ਵਿੱਚ ਹੁੰਦੀਆਂ ਹਨ। ਰਾਜਨੀਤਕ ਲੋਕਾਂ ਦਾ ਧਰਮ ਹਮੇਸਾਂ ਕੁਰਸੀ ਹੀ ਹੁੰਦਾਂ ਹੈ । ਕੁਰਸੀ ਲਈ  ਸਭ ਕੁੱਝ ਕਰਨ ਵਾਲੇ ਰਾਜਨੀਤਕ ਲੋਕ ਸੰਤਾਂ ਨੂੰ ਗਲਤ ਕੰਮਾਂ ਵਿੱਚ ਸਹਿਯੋਗ ਦੇਕੇ ਉਹਨਾਂ ਨੂੰ ਸੈਤਾਨ ਬਣਾਉਣ ਵਿੱਚ ਵੀ ਪੂਰਾ ਹੱਥ ਵਟਾਉਂਦੇ ਹਨ। ਸੈਤਾਨ ਬਣੇ ਅਖੌਤੀ ਸੰਤ ਆਪਣੇ ਆਪ ਨੂੰ ਕਾਨੂੰਨ ਤੋਂ ਵੀ ਉਪਰ ਸਮਝਣ ਲੱਗ ਜਾਂਦੇ ਹਨ ਜਿਸ ਨਾਲ ਮਾਇਆ ਇਕੱਠੀ ਕਰਨ ਤੋਂ ਬਾਅਦ ਅੱਯਾਸੀ ਕਰਨ ਦਾ ਰਾਹ ਫੜ ਲੈਂਦੇ ਹਨ। ਇਸ ਅੱਯਾਸੀ ਦੇ ਰਸਤੇ ਤੇ ਤੁਰੇ ਬੰਦੇ ਨੂੰ ਸੰਤ  ਦਾ ਦਰਜਾ ਮਿਲਣਾਂ ਫਿਰ ਸਮਾਜ ਲਈ ਲਾਹਨਤ ਬਣ ਜਾਂਦਾ ਹੈ । ਭਿ੍ਰਸਟ ਅਤੇ ਅੱਯਾਸ ਬਣੇ ਸੰਤ ਰੂਪੀ ਬੰਦੇ ਰਾਜਨੀਤਕਾਂ ਦੀ ਜਾੜ ਥੱਲੇ ਹੀ ਹੁੰਦੇ ਹਨ ਜਿਹਨਾਂ ਨੂੰ ਜਦੋਂ ਮਰਜੀ ਚੱਬਿਆ ਜਾ ਸਕਦਾ ਹੈ। ਆਸਾ ਰਾਮ ਵੀ ਇੱਕ ਇਸ ਤਰਾਂ ਦਾ ਸੰਤ ਹੀ ਹੈ ਜੋ ਗਰੀਬੀ ਤੋਂ ਇੱਕ ਦਮ ਪੈਸੇ ਦੀ ਚਕਾਚੌਂਧ ਵਿੱਚ ਅੰਨਾਂ ਹੋ ਗਿਆ ਹੈ । ਆਪਣੇ ਆਪ ਨੂੰ ਰਾਜਨੀਤਕਾਂ ਤੋਂ ਵੱਡਾ ਸਮਝਣ ਲੱਗ ਪਿਆਂ ਸੀ। ਗੁਜਰਾਤ ਦੇ ਤਿੰਨ ਵਾਰ ਬਣੇ ਮੁੱਖ ਮੰਤਰੀ ਨੂੰ ਵੀ ਅੱਖਾਂ ਦਿਖਾਉਣ ਲੱਗਿਆਂ ਹੋਇਆ ਸੀ । ਇਸ ਤਰਾਂ ਇਹ ਕਿੰਨਾਂ ਕੁ ਵਕਤ ਬਚ ਸਕਦਾ ਹੈ। ਜਦੋਂ ਵੀ ਸਰਕਾਰਾਂ ਨੂੰ ਵਕਤ ਮਿਲਿਆ ਤਦ ਰਾਜਨੀਤਕਾਂ ਨੇ ਆਪਣਾਂ ਰੰਗ ਦਿਖਾ ਦਿੱਤਾ ਹੈ। ਹੁਣ ਤੱਕ ਉਸਦੇ ਅਨੇਕਾਂ ਗੁਨਾਹ ਛੁਪਾਉਣ ਵਾਲੇ ਰਾਜਨੀਤਕ ਇੱਕਦਮ ਉਸਦੇ ਖਿਲਾਫ ਬੋਲਣ ਲੱਗੇ ਹਨ । ਇਸ ਤੋਂ ਪਹਿਲਾਂ ਵੀ ਅਨੇਕਾਂ ਗੁਨਾਹਾਂ ਵਿੱਚ ਸਾਮਲ ਹੋਣ ਦੇ ਦੋਸ ਇਸ ਉਪਰ ਲੱਗਦੇ ਰਹੇ ਹਨ ਪਰ ਉਹ ਸਾਰੇ ਰਾਜਨੀਤੀ ਦੇ ਜੋਰ ਤੇ ਦਬਾਏ ਗਏ ਸਨ । ਆਸਾ ਰਾਮ ਨੂੰ ਭੁਲੇਖਾ ਲੱਗ ਗਿਆ ਸੀ ਕਿ ਸਾਇਦ ਉਹ ਰਾਜਨੀਤਕਾਂ ਤੋਂ ਵੱਡਾ ਹੋ ਗਿਆ ਹੈ ਜੋ ਕਿ ਉਹ ਹੈ ਨਹੀਂ ਸੀ। ਬੀਜੇਪੀ ਦੇ ਕੁੱਝ ਆਗੂ ਹਾਲੇ ਵੀ ਉਸਦਾ ਬਚਾਅ ਕਰਨਾਂ ਲੋਚਦੇ ਸਨ ਉਸਦੇ ਵੋਟ ਬੈਂਕ ਕਾਰਨ ,ਪਰ ਨਰਿੰਦਰ ਮੋਦੀ ਵੱਲੋਂ ਆਸਾ ਰਾਮ ਨੂੰ ਰਾਖਸ ਦਾ ਖਿਤਾਬ ਦੇਣ ਤੇ ਹੁਣ ਬੀਜੇਪੀ ਆਗੂ ਵੀ ਚੁੱਪ ਕਰ ਗਏ ਹਨ ਕਿਉਂਕਿ ਭਵਿੱਖ ਦਾ ਬੀਜੇਪੀ ਆਗੂ ਮੋਦੀ ਹੀ ਜਦ ਉਸਦੇ ਖਿਲਾਫ ਹੈ ਫਿਰ ਛੋਟੇ ਆਗੂਆਂ ਨੇ ਵੀ ਪਾਸਾ ਵੱਟਣ ਵਿੱਚ ਹੀ ਭਲਾਈ ਸਮਝੀ ਹੈ । ਰਾਜਸਥਾਨ ਦੇ ਮੁੱਖ ਮੰਤਰੀ ਵੱਲੌਂ ਕੁੱਝ ਮੱਦਦ ਕਰਨ ਦੀ ਕੋਸਿਸ ਉਸ ਵਕਤ ਅਸਫਲ ਹੋ ਗਈ ਜਦੋਂ ਆਸਾ ਰਾਮ ਨੇ ਆਪਣੇ ਆਪ ਨੂੰ ਵੱਡਾ ਸਮਝਦਿਆਂ  ਸੋਨੀਆਂ ਅਤੇ ਰਾਹੁਲ ਗਾਂਧੀਂ ਤੇ ਹੀ ਦੋਸ ਲਾਉਣਾਂ ਸੁਰੂ ਕਰ ਦਿੱਤਾ ਕਿ ਉਸਨੂੰ ਫਸਾਉਣ ਲਈ ਸੋਨੀਆਂ ਅਤੇ ਰਾਹੁਲ ਜਿੰਮੇਦਾਰ ਹਨ ਅਤੇ ਇਸ ਬਿਆਨ ਦੇ ਕਾਰਨ ਗਹਿਲੋਤ ਜੀ ਨੂੰ ਮਜਬੂਰਨ ਕਾਰਵਾਈ ਕਰਨੀਂ ਪਈ ਜਿਸ ਸਦਕਾ ਆਸਾ ਰਾਮ ਜੇਲ ਦੇ ਬੈਕੁੰਠ ਦੀ ਅਸਲੀਅਤ ਵੀ ਹੁਣ ਚੰਗੀ ਤਰਾਂ ਦੇਖ ਲਵੇਗਾ। ਜੇ ਸਰਕਾਰਾਂ ਨੇ ਇਮਾਨਦਾਰੀ ਨਾਲ ਜਾਂਚ ਕਰਵਾਈ ਤਾਂ ਸਾਇਦ ਆਸਾ ਰਾਮ ਨੂੰ ਸਾਰੀ ਉਮਰ ਹੀ ਜੇਲ ਦੀ ਬੈਕੁੰਠ ਵਿੱਚ ਰਹਿਣ ਦਾ ਮੌਕਾ ਮਿਲ ਜਾਵੇ।
                       ਭਵਿੱਖ ਵਿੱਚ ਭਾਵੇਂ ਇਸ ਤਰਾਂ ਦੇ ਹੋਰ ਕਾਰਨਾਮਿਆਂ ਦੇ ਖਾਤਮੇ ਦੀ ਆਸ ਨਹੀਂ ਰੱਖੀ ਜਾ ਸਕਦੀ ਕਿਉਂਕਿ ਰਾਜਨੀਤਕ ਲੋਕਾਂ ਨੂੰ ਹਾਲੇ ਵੀ ਇਹੋ ਜਿਹੇ ਬਨਾਰਸੀ ਠੱਗਾਂ ਦੀ ਲੋੜ ਹੈ ਪਰ ਆਸਾਰਾਮ ਦੀ ਗਿਰਫਤਾਰੀ ਨਾਲ ਬਹੁਤ ਸਾਰੇ ਹੋਰ ਅੱਯਾਸ ਅਖੌਤੀ ਸੰਤਾਂ ਨੂੰ ਵੀ ਜਰੂਰ ਜੇਲ ਦੇ ਸੁਪਨੇ ਦਿਖਾਈ ਲੱਗ ਗਏ ਹੋਣਗੇ । ਇਸ ਤਰਾਂ ਦੀ ਕਾਰਵਾਈ ਉਹਨਾਂ ਸੰਤਾ ਤੇ ਵੀ ਹੋਣੀ ਚਾਹੀਦੀ ਹੈ ਜਿਹਨਾਂ ਨੇ ਆਪਣੇ ਕੇਸ ਪੈਸੇ ਦੇ ਜੋਰ ਤੇ ਅਦਾਲਤਾਂ ਵਿੱਚ ਲਟਕਾਏ ਹੋਏ ਹਨ । ਮਾਇਆਧਾਰੀ ਅਖੌਤੀ ਸੰਤ ਜੋ ਕਰੋੜਾਂ ਅਰਬਾਂ ਦੀ ਜਾਇਦਾਦ ਦੇ ਮਾਲਕ ਬਣੇ ਹੋਏ ਹਨ ਦੀਵੀ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਤਰਾਂ ਦੇ ਵਪਾਰੀ ਕਿਸਮ ਦੇ ਸੰਤਾਂ ਦੀ ਜਾਇਦਾਦ ਸਰਕਾਰੀ ਐਲਾਨ ਦਿੱਤੀ ਜਾਣੀ ਚਾਹੀਦੀ ਹੈ ਪਰ ਇਹ ਹੋਵੇਗਾ ਨਹੀਂ ਕਿਉਂਕਿ ਇਸ ਤਰਾਂ ਦੇ ਲੋਕਾਂ ਦੇ ਜਨਮਦਾਤੇ ਅਸਲ ਵਿੱਚ ਰਾਜਨੀਤਕ ਆਗੂ ਅਤੇ ਰਾਜਨੀਤਕ ਪਾਰਟੀਆਂ ਹੀ ਹਨ । ਜਿਹਨਾਂ ਚਿਰ ਰਾਜਨੀਤਕ ਲੋਕ ਅਤੇ ਸੰਤ ਗੱਠਜੋੜ ਨਹੀਂ ਟੁਟੇਗਾ ਉਨਾਂ ਚਿਰ ਇਹੋ ਜਿਹੇ ਕਾਂਢ ਵੀ ਹੁੰਦੇ ਰਹਿਣਗੇ ਪਰ ਆਮ ਲੋਕਾਂ ਦੀਆਂ ਅੱਖਾਂ ਤੋਂ ਪਰਦਾ ਜਰੂਰ ਲਹਿ ਜਾਣਾਂ ਚਾਹੀਦਾ ਹੈ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ