Friday, 11 July 2014

ਇੱਕ ਉਹ ਵੀ ਖਾਲਸਾ ਸੀ

ਇੱਕ ਉਹ ਵੀ ਖਾਲਸਾ ਸੀ ਜੋ ਕਰਦਾ ਸੀ ਵਾਅਦਾ ਗੁਰੂ ਨਾਲ ਸਿਰ ਦੇਵਣ ਦਾ
ਫੇਰ ਦਿੰਦਾਂ ਸੀ ਗੁਰੂ ਖੰਡੇ ਬਾਟੇ ਦੀ ਪਾਹੁਲ ਉਸ ਸੇਰ ਵਰਗੇ ਇਨਸਾਨ ਨੂੰ
ਗੁਰੂ ਪਾਉਂਦਾ ਸੀ ਪੰਜ ਕਕਾਰੀ ਵਰਦੀ ਉਸ ਨੂੰ ਅਕਾਲ ਪੁਰਖ ਦਾ ਫੌਜੀ ਸਮਝਕੇ
ਇਹ ਖੜ ਜਾਂਦਾ ਸੀ ਰਾਹਾਂ ਤੇ ਇਕੱਲਾ ਹੀ ਗਰਜਾ ਸਿੰਘ ਬੋਤਾ ਸਿੰਘ ਬਣ
ਸਰਕਾਰਾਂ ਨੂੰ ਦੱਸਣ ਲਈ ਕਿ ਖਾਲਸਾ ਹਾਲੇ ਮਰਿਆ ਨਹੀ ਡਰਿਆਂ ਨਹੀਂ
ਉਡੀਕਦਾ ਸੀ ਜਾਲਮ ਸਰਕਾਰਾਂ ਦੇ ਸਿਪਾਹੀਆਂ ਨੂੰ ਲੜਦਾ ਸੀ ਮੌਤ ਹੋਣ ਤੱਕ
ਇੱਕ ਉਹ ਵੀ  ਖਾਲਸਾ ਹੈ ਅੱਜ ਦਾ ਜਿਸ ਤੋਂ ਕਦੇ ਨਹੀਂ ਪੁਛਿਆ ਜਾਂਦਾ ਸਿਰ ਦੇਵਣ ਲਈ
ਪਵਾ ਦਿੰਦੇ ਨੇ ਭੇਖ ਗੁਰੂ ਗੋਬਿੰਦ ਦੇ ਸਿਪਾਹੀ ਦਾ ਤੇ ਵਾਅਦੇ ਲਏ ਜਾਂਦੇ ਹਨ ਕਿਸੇ ਭਗੌੜੇ ਦੇ ਪਿੱਛੇ ਤੁਰਨ ਦੇ
ਅੱਗੇ ਜਿੰਹਨਾਂ ਕੀਤੇ ਹੁੰਦੇ ਹਨ ਵਾਅਦੇ ਰਾਜਸੱਤਾ ਨਾਲ ਵੋਟਾਂ ਦੇਵਣ ਦੇ ਲੋਕਾਂ ਨੂੰ ਲੁੱਟਣ ਲਈ
 ਕੋਈ ਰੱਖਦਾ ਹੈ ਨਾਂ ਇਸਦਾ ਨਿਰਵੈਰ ਖਾਲਸਾ ਕੋਈ ਦੂਸਰਾ ਰੱਖਦਾ ਹੈ ਨਾਂ ਇਸਦਾ ਪੂਰਨ ਖਾਲਸਾ
ਕੋਈ ਰੱਖਦਾ ਹੈ ਨਾਂ ਇਸਦਾ ਬ੍ਰਹਮ ਖਾਲਸਾ ਅਤੇ ਇਸ ਤਰਾਂ ਦੇ  ਹੋਰ ਵੀ ਅਨੇਕਾਂ ਨਾਂ ਹਨ ਅੱਜ ਦੇ ਖਾਲਸੇ ਦੇ
ਭੇਖ ਤਾਂ ਇਸਦਾ ਵੀ ਮੇਰੇ ਗੁਰੂ ਦੇ ਖਾਲਸੇ ਵਰਗਾ ਹੈ
ਪਰ ਇਹ ਲੜਦਾ ਨਹੀਂ ਮਜਲੂਮਾਂ ਲਈ ਇਹ ਲੜਦਾ ਹੈ ਸਰਕਾਰਾਂ ਲਈ
ਇਹ ਲੜਦਾ ਹੈ ਔਰੰਗਜੇਬ ਲਈ ਇਹ ਲੜਦਾ ਹੈ ਫਰੇਬ ਲਈ ਇਹ ਲੜਦਾ ਹੈ ਜੇਬ ਲਈ
ਇਹ ਨਹੀਂ ਲੜਦਾ ਧਰਮ ਲਈ ਨਹੀਂ ਲੜਦਾ ਕਦੇ ਕਰਮ ਲਈ ਨਹੀਂ ਲੜਦਾ ਕਦੇ ਸਰਮ ਲਈ
ਇਹ ਬੋਲਣ ਨਹੀਂ ਦਿੰਦਾਂ ਇਹ ਸੱਚ ਤੋਲਣ ਨਹੀਂ ਦਿੰਦਾਂ ਕੁੰਡਾਂ ਸੱਚ ਦਾ ਖੋਹਲਣ ਨਹੀਂ ਦਿੰਦਾਂ
ਇਸਨੂੰ ਸਰਕਾਰਾਂ ਦੀ ਪੁਸਤਪਨਾਹੀ ਹੈ ਇਸਦੇ ਠਾਠ ਵੀ ਪੂਰੇ ਸਾਹੀ ਹੈ
ਇਹ ਲੋਚਦਾ ਅਮਰ ਹੋਣਾਂ ਅੰਮਿਰਤ ਨੂੰ ਪੀਕੇ ਉਹ ਲੈਂਦਾ ਸੀ ਪਾਹੁਲ ਖੰਡੇ ਬਾਟੇ ਦੀ ਮੌਤ ਵਿਆਹੁਣ ਲਈ

ਇਹ ਮਹਿਲ ਉਸਾਰਦਾ ਹੈ ਉਹ ਢਾਹੁੰਦਾਂ ਸੀ ਕਿੰਗਰੇ ਜਾਲਮ ਦੇ ਮਹਿਲਾਂ ਦੇ
ਏਹੋ ਫਰਕ ਗੁਰੂ ਜੀ ਹੈ  ਇਹੋ ਫਰਕ ਸਿੰਘ ਜੀ ਹੈ ਅਸਲੀ ਤੇ ਨਕਲੀ ਦਾ ਕਿਉਂ ਦਾਅਵੇ ਕਰਦੇ ਹੋ
ਕਸਵੱਟੀ ਮੇਰੇ ਗੁਰੂਆਂ ਦੀ ਤੇ ਪਰਖੇ ਹੀ ਜਾਵੋਗੇ ਸਿਰ ਤੁਲਣਾਂ ਹੈ ਤੱਕੜੀ ਜੋ ਰੱਖਦੀ ਹੈ ਰਾਜਸੱਤਾ
 ਰਾਜਸੱਤਾ ਪੱਗਾਂ ਨਹੀਂ ਬੰਨਦੀ ਲਾਹੁੰਦੀ ਹੈ ਸਿਰ ਨੂੰ ਜਾਂ ਮਾਰ ਜਮੀਰ ਦੇਵੇ
ਤੁਸੀ ਨਵੇਂ ਸਮੇਂ ਦੇ ਸਿੰਘ ਜੀ ਗੁਸੇ ਕਿਉਂ ਹੁੰਦੇ ਹੋ ਸੱਚ ਤੋਂ ਕਿਉਂ ਭੱਜਦੇ ਹੋ ਗੁੱਸੇ ਵਿੱਚ ਗੱਜਦੇ ਹੋ
ਸੱਚ ਕੌੜਾ ਹੁੰਦਾਂ ਹੈ ਜੋ ਸੁਣਨਾਂ ਔਖਾ ਤੁਸੀਂ ਸਤਿ ਸ੍ਰੀ ਅਕਾਲ ਕਹੋ ਬੋਲੇ ਸੋ ਨਿਹਾਲ ਕਹੋ

ਜਿੰਮੀਦਾਰ ਅਤੇ ਕਿਸਾਨ ਦਾ ਫਰਕ ਸਮਝਣਾਂ ਕਿਉਂ ਜਰੂਰੀ ?


                                    ਜਦ ਵੀ ਦੇਸ ਅਤੇ ਸੂਬਾ ਸਰਕਾਰਾਂ ਕਿਸਾਨੀ ਦੇ ਨਾਂ ਤੇ ਕੋਈ ਫੈਸਲੇ ਲੈਂਦੀਆਂ ਹਨ ਤਦ ਉਹ ਕਿਸਾਨ ਅਤੇ ਜਿੰਮੀਦਾਰ ਦਾ ਫਰਕ ਨਹੀਂ ਕਰਦੀਆਂ ਜਿਸ ਨਾਲ ਵਪਾਰਕ ਤੌਰ ਤੇ   ਕੰਮ ਕਰਨ ਵਾਲੇ ਜਗੀਰਦਾਰ ਅਮੀਰ ਲੋਕ ਤਾਂ ਵੱਡੇ ਫਾਇਦੇ ਲੈ ਜਾਂਦੇ ਹਨ ਜਦੋਂ ਕਿ ਅਸਲੀ ਕਿਸਾਨ ਜੋ ਕਾਸਤਕਾਰ ਹੁੰਦਾਂ ਹੈ ਦੇ ਪੱਲੇ ਕੁੱਝ ਵੀ ਨਹੀਂ ਪੈਂਦਾਂ। ਪਿਛਲੇ ਸਮੇਂ ਵਿੱਚ ਮਨਪਰੀਤ ਬਾਦਲ ਦੇ ਬਾਰੇ ਸਮੇਂ ਦੀ ਸਰਕਾਰ ਨੇ ਇੱਕ ਸੱਚ ਜਾਰੀ ਕੀਤਾ ਸੀ ਕਿ ਉਸਨੇ 19 ਲੱਖ ਰੁਪਏ ਦੀ ਸਬਸਿਡੀ ਲਈ ਹੈ। ਇਸ ਤਰਾਂ ਦੇ ਅਨੇਕਾਂ ਸੱਚ ਹੋਰ ਵੱਡੇ ਜਿੰਮੀਦਾਰ ਜੋ ਰਾਜਨੀਤਕ ਅਤੇ ਵਪਾਰੀ ਵੀ ਹਨ ਦੇ ਬਾਰੇ ਸਰਕਾਰਾਂ ਨੇ ਲੁਕੋਇਆ ਹੋਇਆ ਹੈ। ਇਸ ਤਰਾਂ ਹੀ ਪੰਜਾਬ ਦੇ ਤਿੰਨ ਵੱਡੀਆਂ ਅਤੇ ਮੁੱਖ ਪਾਰਟੀਆਂ ਦੇ ਤਿੰਨੇ ਵੱਡੇ ਆਗੂ ਹਜਾਰਾਂ ਏਕੜ ਜਮੀਨਾਂ ਦੇ ਮਾਲਕ ਹਨ ਪਰ ਜਦੋਂ ਕਿ ਉਹਨਾਂ ਤਿੰਨਾਂ ਵਿੱਚੋਂ ਆਪ ਕੋਈ ਵੀ ਆਪਣੇਂ ਹੱਥੀਂ ਕਾਸਤ ਕਾਰੀ ਨਹੀਂ ਕਰਦਾ । ਤਿੰਨਾਂ ਹੀ ਵੱਡੇ ਆਗੂਆਂ ਦੇ ਮੈਨੇਜਰ ਰੱਖੇ ਹੋਏ ਹਨ ਜੋ ਕਿ ਖੇਤੀ ਦਾ ਕਾਰੋਬਾਰ ਦੇਖਦੇ ਹਨ ਅਤੇ ਜਮੀਨਾਂ ਦਾ ਵੱਡਾ ਹਿੱਸਾ ਇਹ ਪ੍ਰੀਵਾਰ ਅੱਗੇ ਠੇਕਾ ਸਿਸਟਮ ਅਧੀਨ ਅੱਗੇ ਕਾਸਤਕਾਰਾਂ ਨੂੰ ਜਾਂ ਕਿਸੇ ਹੋਰ ਵਪਾਰਕ ਤਰੀਕਿਆਂ ਰਾਂਹੀਂ  ਆਪਣੀਆਂ ਜਮੀਨਾਂ ਦੀ ਵਰਤੋਂ ਕਰਦੇ ਹਨ। ਸਰਕਾਰਾਂ ਦੇ ਪਰਬੰਧਕ ਹੋਣ ਕਾਰਨ ਹਰ ਉਹ ਫੈਸਲਾ ਲੈਂਦੇ ਹਨ ਜਿਸ ਵਿੱਚ ਸਹੂਲਤ ਉਹਨਾਂ ਨੂੰ ਵੀ ਮਿਲੇ । ਇਸ ਤਰਾਂ ਉਹਨਾਂ ਦੀ ਆੜ ਵਿੱਚ ਹੀ ਹੋਰ ਵੱਡੇ ਕਿਸਾਨ ਵੀ ਵੱਡੇ ਮੁਨਾਫੇ ਅਤੇ ਵੱਡੀਆਂ ਸਬਸਿਡੀਆਂ ਦੇ ਵੱਡੇ ਹਿੱਸੇ ਆਪਣੇ ਬੋਝੇ ਪਾ ਲੈਂਦੇ ਹਨ। ਇਹਨਾਂ ਵੱਡੇ ਜਿੰਮੀਦਾਰਾਂ ਦੇ ਮੁਕਾਬਲੇ ਛੋਟਾ ਅਸਲੀ ਕਾਸਤਕਾਰ ਕਿਸਾਨ ਸਬਸਿਡੀਆਂ ਦਾ ਬਹੁਤ ਹੀ ਘੱਟ ਫਾਇਦਾ ਉਠਾ ਸਕਦਾ ਹੈ। ਅਸਲ ਵਿੱਚ ਸਬਸਿਡੀਆਂ ਦੀ ਲੋੜ ਤਾਂ ਖੁਦਕਸੀਆਂ ਦੀ ਨੌਬਤ ਤੇ ਪਹੁੰਚੇ  ਛੋਟੇ ਕਾਸਤਕਾਰ ਕਿਸਾਨਾਂ ਨੂੰ ਹੈ ਵਪਾਰਕ ਤੌਰ ਤੇ ਖੇਤੀ ਕਰਵਾਉਣ ਵਾਲੇ ਵੱਡੇ ਕਿਸਾਨਾਂ ਨੂੰ ਨਹੀਂ । ਖੁਦਕਸੀਆਂ ਤਾਂ ਛੋਟਾ ਕਿਸਾਨ ਕਰ ਰਿਹਾ ਹੈ ਪਰ ਇਹਨਾਂ ਕਿਸਾਨਾਂ ਦੇ ਨਾਂ ਤੇ ਫਾਇਦੇ ਵੱਡੇ ਜਿੰਮੀਦਾਰ ਲਈ ਜਾ ਰਹੇ ਹਨ।
                     ਕਿਸਾਨ ਉਹ ਹੁੰਦਾਂ ਹੈ ਜੋ ਆਪਣੇ ਖੇਤੀ ਦਾ ਬਹੁਤਾ ਕੰਮ ਆਪ ਕਰਦਾ ਹੈ ਜਾਂ ਆਪ ਦੂਸਰੇ ਕਾਮਿਆਂ ਦੇ ਨਾਲ ਰਲਕੇ ਕਰਵਾਉਂਦਾਂ ਹੈ । ਇਸ ਤਰਾਂ ਦੇ ਕਿਸਾਨਾਂ ਦੇ ਰੋਜਗਾਰ ਦਾ ਮੁੱਖ ਸਾਧਨ ਖੇਤੀ ਹੀ ਹੁੰਦੀ ਹੈ ਸਹਾਇਕ ਧੰਦੇ ਵੀ ਇਸ ਤਰਾਂ ਦੇ ਕਿਸਾਨਾਂ ਦੇ ਖੇਤੀਬਾੜੀ ਨਾਲ ਸਬੰਧਤ ਹੁੰਦੇ ਹਨ। ਜਦੋਂ ਕਿ ਖੇਤੀ ਨੂੰ ਅਤੇ ਜਮੀਨ ਨੂੰ ਵਪਾਰ ਦੇ ਵਾਂਗ ਵਰਤਣ ਵਾਲੇ ਜਗੀਰਦਾਰ ਲੋਕ ਸਿਰਫ ਉਹ ਤਰੀਕਾ ਹੀ ਵਰਤਦੇ ਹਨ ਜਿਸ ਨਾਲ ਉਹਨਾਂ ਨੂੰ ਵੱਧ ਮੁਨਾਫਾ ਹੁੰਦਾਂ ਹੋਵੇ । ਇਸ ਤਰਾਂ ਦਾ ਹੀ ਇੱਕ ਵਰਗ ਹੋਰ ਹੈ ਜੋ ਕੰਮ ਤਾਂ ਦੁਕਾਨਦਾਰੀ ਦਾ ਕਰਦਾ ਹੈ ਪਰ ਆਪਣੇ ਵਪਾਰਕ ਪੈਸੇ ਨੂੰ ਵਾਈਟ ਮਨੀ ਵਿੱਚ ਬਦਲਣ ਲਈ ਜਮੀਨਾਂ ਦਾ ਮਾਲਕ ਬਣਦਾ ਹੈ ਅਤੇ ਜਮੀਨਾਂ ਦੀ ਖੇਤੀ ਉਪਜ ਦਿਖਾਕੇ ਟੈਕਸ ਚੋਰੀ ਵੀ ਕਰਦਾ ਹੈ। ਤੀਸਰਾ ਮੁਲਾਜਮ ਵਰਗ ਵੀ ਜਿਸਦਾ ਇੱਕ ਵੱਡਾ ਹਿਸਾ ਰਿਸਵਤਾਂ ਦੀ ਅਤੇ ਲੋੜੋਂ ਵੱਧ ਮਿਲਣ ਵਾਲੀਆਂ ਤਨਖਾਹਾਂ ਦੇ ਜੋਰ ਨਾਲ ਜਮੀਨਾਂ ਹਥਿਆਈ ਜਾ ਰਿਹਾ ਹੈ ਅਤੇ ਇਹ ਵਰਗ ਅਫਸਰਸਾਹੀ ਨਾਲ ਮੇਲ ਜੋਲ ਵਾਲਾ ਹੋਣ ਕਾਰਨ ਸਰਕਾਰੀ ਸਕੀਮਾਂ ਦਾ ਵੱਡਾ ਹਿੱਸਾ ਹੜੱਪ ਜਾਂਦਾਂ ਹੈ । ਅੰਗਰੇਜ ਸਰਕਾਰ ਵਾਲਾ ਕਾਨੂੰਨ ਇੱਕ ਵਾਰ ਫਿਰ ਸਹੀ ਲੱਗ ਰਿਹਾ ਹੈ ਜਿਸ ਅਨੁਸਾਰ ਗੈਰ ਕਾਸਤਕਾਰ ਲੋਕਾਂ ਨੂੰ ਖੇਤੀਬਾੜੀ ਵਾਲੀ ਯੋਗ ਜਮੀਨ ਨੂੰ ਖਰੀਦਣ ਦਾ ਕੋਈ ਹੱਕ ਨਹੀਂ ਸੀ । ਅੱਜ ਦੇ ਸਮੇਂ ਵਿੱਚ ਵੀ ਪੰਜਾਬ ਸਮੇਤ ਸਾਰੇ ਮੁਲਕ ਵਿੱਚ ਇਸ ਕਾਨੂੰਨ ਦੀ ਲੋੜ ਉਪਜਦੀ ਦਿਖਾਈ ਦੇ ਰਹੀ ਹੈ। ਜੇ ਖੇਤੀਬਾੜੀ ਨਾਲ ਸਬੰਧਤ ਜਮੀਨਾਂ ਨੂੰ ਅਮੀਰ ਲੋਕਾਂ ਦੇ ਹੱਥ ਜਾਣ ਤੋਂ ਰੋਕਣ ਦਾ ਪਰਬੰਧ ਨਾਂ ਕੀਤਾ ਗਿਆ ਤਦ ਛੇਤੀ ਹੀ ਥੋੜੇ ਸਮੇਂ ਵਿੱਚ ਛੋਟੀ ਕਿਸਾਨੀ ਦਾ ਸਫਾਇਆ ਹੋ ਜਾਵੇਗਾ। ਵਪਾਰਕ ਤੌਰ ਤੇ ਅਮੀਰ ਜੀਵਨ ਸੈਲੀਜਿਉਣ ਵਾਲੇ ਇਹ ਲੋਕ ਖੇਤੀਬਾੜੀ ਵਾਲੀ ਵਧੀਆਂ ਜਮੀਨਾਂ ਉਪਰ ਅੱਯਾਸੀ ਦੇ ਅੱਡੇ ਵਰਗੀਆਂ ਸਹੂਲਤਾਂ ਲਈ ਇਹਨਾਂ ਜਮੀਨਾਂ ਦੀ ਗਲਤ ਵਰਤੋਂ ਵੀ ਕਰਦੇ ਹਨ। ਅਸਲੀ ਕਿਸਾਨ ਦੀ ਤਾਂ ਜੂਨ ਪੰਜਾਬੀ ਲੋਕ ਗੀਤ ਵਾਂਗ- -  ਹਲ ਛੱਡਕੇ ਚਰੀ ਨੂੰ ਜਾਣਾਂ ਔਖੀ ਹੈ ਕਮਾਈ ਜੱਟ ਦੀ --ਵਾਲੀ ਹੁੰਦੀ ਹੈ । ਗਰਮੀ ਵਿੱਚ ਮੁੜਕੋ ਮੁੜਕੀ ਹੋ ਕੇ ਅਤੇ ਸਰਦੀ ਵਿੱਚ ਕਹਿਰਾਂ ਦੀ ਠੰਡ ਵਿੱਚ  ਵੀ ਬਰਫ ਵਾਂਗ ਜੰਮ ਜਾਣ ਤੱਕ ਕੰਮ ਕਰਦਾ ਹੈ । ਇਸ ਤਰਾਂ ਦੀ ਮਿਹਨਤ ਵਾਲਾ ਹੀ ਅਸਲ ਕਿਸਾਨ ਹੈ ਜੋ ਆਪਣੀ ਜਿੰਦਗੀ ਦੇ ਸੁੱਖ ਅਰਾਮ ਨੂੰ ਦਾਅ ਤੇ ਲਾਕੇ ਦੇਸ ਦੀਆਂ ਸਰਕਾਰਾਂ ਨੂੰ ਵਿਦੇਸਾਂ ਮੂਹਰੇ ਹੱਥ ਅੱਡਣ ਤੋਂ ਬਚਾਉਦਾਂ ਹੈ। ਸਰਕਾਰੀ ਸਬਸਿਡੀਆਂ ਦੀ ਤੇ ਸਰਕਾਰੀ ਸਹੂਲਤਾਂ ਦਾ ਮੂੰਹ ਇਹਨਾਂ ਕਾਸਤਕਾਰ ਕਿਸਾਨਾਂ ਵੱਲ ਹੀ ਹੋਣਾਂ ਚਾਹੀਦਾ ਹੈ। ਠੇਕਾ ਸਿਸਟਮ ਰਾਂਹੀਂ ਹੋਣ ਵਾਲੀ ਖੇਤੀ ਯੋਗ ਜਮੀਨ ਤੇ ਵੀ ਸਹੂਲਤ ਅਤੇ ਸਬਸਿਡੀ ਜਮੀਨ ਦੇ ਮਾਲਕ ਨੂੰ ਨਹੀਂ ਬਲਕਿ ਇਸ ਨੂੰ ਠੇਕੇ ਵਗੈਰਾ ਤੇ ਲੈਕੇ ਖੇਤੀ ਕਰਨ ਵਾਲੇ ਕਾਸਤਕਾਰ ਕਿਸਾਨ ਨੂੰ ਮਿਲਣੀ ਚਾਹੀਦੀ ਹੈ ।
                             ਜਦ ਤੱਕ ਕਾਸਤਕਾਰ ਕਿਸਾਨ ਅਤੇ ਗੈਰ ਕਾਸਤਕਾਰ ਅਮੀਰ ਜਗੀਰਦਾਰ ਵਪਾਰੀ ਕਿਸਾਨ ਵਰਗ ਦੀ ਪਛਾਣ ਨੂੰ ਅੱਡ ਨਹੀਂ ਕੀਤਾ ਜਾਵੇਗਾ ਤਦ ਤੱਕ ਛੋਟੇ ਕਿਸਾਨ ਦੀ ਲੁੱਟ ਹੁੰਦੀ ਹੀ ਰਹੇਗੀ। ਦੇਸ ਦੇ ਖੇਤੀ ਮਾਹਰਾਂ ਅਤੇ ਖੇਤੀਬਾੜੀ ਯੂਨੀਵਰਸਿਟੀਆਂ ਨੂੰ ਵੀ ਇਸ ਫਰਕ ਨੂੰ ਸਮਝਣਾਂ ਚਾਹੀਦਾ ਹੈ । ਸਰਕਾਰ ਦੇ ਵਿੱਚ ਬੈਠੇ ਵੱਡੇ ਫਾਰਮਾਂ ਦੀ ਵਕਾਲਤ ਕਰਨ ਵਾਲੇ ਕਾਰਪੋਰੇਟ ਘਰਾਣਿਆਂ ਦੇ ਏਜੰਟ ਅਫਸਰ ਸਾਹੀ ਦੇ ਸਰਕਾਰਾਂ ਨੂੰ ਗੁੰਮਰਾਹ ਕਰਨ ਤੋਂ ਵੀ ਗਰੀਬ ਕਿਸਾਨਾਂ ਦੇ ਹਮਾਇਤ ਕਰਨ ਵਾਲੇ ਵਿਦਵਾਨ ਲੋਕਾਂ ਨੂੰ ਰੋਕਣ ਦੀ ਹਿੰਮਤ ਕਰਨੀ ਚਾਹੀਦੀ ਹੈ । 80% ਪੇਡੂ ਅਬਾਦੀ ਨੂੰ ਰੋਜਗਾਰ ਦੇਣ ਵਾਲੀ ਖੇਤੀਬਾੜੀ ਵਾਲੀ ਜਮੀਨ ਜੇ ਇਸ ਤਰਾਂ ਹੀ ਕਾਰਪੋਰੇਟ ਘਰਾਣਿਆਂ ਦੇ ਵੱਲ ਜਾਂਦੀ ਰਹੀ ਤਾਂ ਵੱਡੀ ਗਿਣਤੀ ਲੋਕਾਂ ਦੀ ਰੋਜਗਾਰ ਤੋਂ ਵੀ ਵਾਂਝੀ ਹੋ ਜਾਵੇਗੀ । ਸੋ ਇਸ ਤਰਾਂ ਹੀ ਜਦ ਅਸਲੀ ਅਤੇ ਨਕਲੀ ਕਿਸਾਨ ਦੀ ਪਛਾਣ ਸਥਾਪਤ ਹੋ ਜਾਵੇਗੀ ਤਦ ਸਹੂਲਤਾਂ ਦਾ ਲਾਭ ਵੀ ਅਸਲ ਲੋੜਵੰਦ ਤੱਕ ਪਹੁੰਚਣ ਲੱਗੇਗਾ। ਕਰਜੇ ਦੇ ਜਾਲ ਵੱਲ ਵੱਧ ਰਹੀ ਛੋਟੀ ਕਿਸਾਨੀ ਨੂੰ ਬਚਾਉਣਾਂ ਹੀ ਦੇਸ ਨੂੰ ਅਰਾਜਕਤਾ ਤੋਂ ਬਚਾਉਣਾਂ ਹੈ । ਜੇ ਦੇਸ ਦੀਆਂ ਸਰਕਾਰਾਂ ਨੇ ਛੋਟੀ ਕਿਸਾਨੀ ਨੂੰ ਨਾਂ ਬਚਾਇਆ ਤਦ ਦੇਸ ਜਰੂਰ ਹੀ ਅਰਾਜਕਤਾ ਦੇ ਵੱਲ ਦਾ ਸਫਰ ਸੁਰੂ ਕਰ ਲਵੇਗਾ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ (ਬਰਨਾਲਾ)  EMAIL- GSPKHO@GMAIL.COM

              

Monday, 30 June 2014

ਸਰਕਾਰਾਂ ਨੂੰ ਵੱਡੀ ਸਬਸਿਡੀ ਦੇ ਰਿਹਾ ਹੈ ਕਿਸਾਨ

                   
                  ਮੇਰੇ ਦੇਸ ਦੀਆਂ ਸਰਕਾਰਾਂ ਦੇ ਮਾਲਕ ਲੋਕ ਜਦ ਕਿਸਾਨ ਨੂੰ ਸਬਸਿਡੀਆਂ ਦੇਣ ਦੇ ਦਮਗਜੇ ਮਾਰਦੇ ਹਨ ਤਦ ਉਹ ਝੂਠ ਬੋਲਣ ਦੀਆਂ ਸਾਰੀਆਂ ਹੱਦਾਂ ਪਾਰ ਕਰ ਰਹੇ ਹੁੰਦੇ ਹਨ ਜਦੋਂ ਕਿ ਦੇਸ ਦਾ ਕਿਸਾਨ ਸਰਕਾਰਾਂ ਨੂੰ ਲੱਖਾਂ ਕਰੋੜ ਦੇ ਘਾਟੇ ਤੋਂ ਬਚਾਉਣ ਦੇ ਸਾਧਨ ਪੈਦਾ ਕਰ ਰਿਹਾ ਹੁੰਦਾਂ ਹੈ। ਪਿਛਲੇ ਸਮਿਆਂ ਵਿੱਚ ਸਾਡੀਆਂ ਸਰਕਾਰਾਂ ਘਰੇਲੂ ਜਰੂਰਤਾਂ ਪੂਰੀਆਂ ਕਰਨ ਲਈ ਅਨਾਜ ਬਾਹਰੋਂ ਮਹਿੰਗੇ ਮੁੱਲ ਖਰੀਦਣਾਂ ਪੈਂਦਾਂ ਸੀ ਪਰ ਵਰਤਮਾਨ ਸਮੇਂ ਵਿੱਚ ਭਾਰਤ ਦੇਸ ਦਾ ਕਿਸਾਨ 20 ਕਰੋੜ ਟਨ ਅਨਾਜ ਦੀ ਰਿਕਾਰਡ ਪੈਦਾਵਾਰ ਕਰ ਰਿਹਾ ਹੈ । ਭਾਰਤੀ ਕਿਸਾਨ ਦੀ ਪੈਦਾਵਾਰ ਨੂੰ ਵਿਦੇਸਾਂ ਵਿੱਚ ਭੇਜਣ ਤੇ ਪਾਬੰਦੀਆਂ ਲਾਈਆਂ ਜਾਂਦੀਆਂ ਹਨ ਅਤੇ  ਉਸਦੀਆਂ ਫਸਲਾਂ ਭਾਰਤੀ ਬਜਾਰ ਵਿੱਚ ਹੀ ਖਪਾਉਣ ਦਾ ਹਰ ਹੀਲਾ ਵਰਤਿਆ ਜਾਂਦਾ ਹੈ। ਵਿਦੇਸਾਂ ਦੇ ਵਿੱਚ ਸਾਡੀਆਂ ਸਬਜੀਆਂ ,ਫਲ ਅਤੇ ਅਨਾਜ ਦੀ ਭਾਰੀ ਮੰਗ ਹੈ। ਅਰਬ ਮੁਲਕਾਂ ਵਿੱਚ ਸਬਜੀਆਂ ਸੋਨੇ ਦੇ ਭਾਅ ਵਿਕਦੀਆਂ ਹਨ । ਭਾਰਤ ਦੇ ਗੁਆਂਢੀ  ਦੇਸ ਪਾਕਿਸਤਾਨ ਵਿੱਚ ਹੀ ਸਬਜੀਆਂ ਦੀ ਵੱਡੀ ਮੰਗ ਹੈ ਉਹ ਵੀ ਕਾਫੀ ਜਿਆਦਾ ਕੀਮਤ ਤੇ । ਪਿੱਛਲੇ ਸਾਲਾਂ ਵਿੱਚ ਆਸਟਰੇਲੀਆਂ ਤੋਂ ਕਣਕ 1600 ਰੁਪਏ ਕਵਿੰਟਲ ਖਰੀਦੀ ਗਈ ਸੀ ਉਸ ਵਕਤ  ਜੋ ਕਿ ਭਾਰਤੀ ਕਿਸਾਨ ਤੋਂ ਸਿਰਫ ਹਜਾਰ ਰੁਪਏ ਦੀ ਕੀਮਤ ਤੇ ਖਰੀਦੀ ਗਈ ਅਤ ਇਸ ਤਰਾਂ ਤਿੰਨ ਕਰੋੜ ਕਵਿੰਟਲ ਕਣਕ ਭਾਰਤੀ ਕਿਸਾਨ ਨੇ ਭਾਰਤ ਸਰਕਾਰ ਨੂੰ 18000 ਕਰੋੜ ਦੀ ਸਬਸਿਡੀ ਦਿੱਤੀ ਮੰਨੀ ਜਾਣੀ ਚਾਹੀਦੀ ਹੈ ।  2014 ਦੇ ਸਾਲ ਵਿੱਚ ਸਾਡੇ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਕਣਕ ਦੀ ਕੀਮਤ ਤਿੰਨ ਹਜਾਰ ਰੁਪਏ ਹੈ ਜੋ ਭਾਰਤੀ ਕਰੰਸੀ ਅਨੁਸਾਰ 2250 ਰੁਪਏ ਦੇ ਕਰੀਬ ਬਣਦੀ ਹੈ । ਭਾਰਤੀ ਬਜਾਰ ਵਿੱਚ ਪੰਜਾਬੀ ਕਿਸਾਨ ਨੇ ਡੇਢ ਕਰੋੜ ਟਨ ਕਣਕ 1400 ਰੁਪਏ ਕਵਿੰਟਲ ਨੂੰ ਵੇਚੀ  ਹੈ ਜਿਸ ਕਾਰਨ ਦਸ ਹਜਾਰ ਕਰੋੜ ਦਾ ਘਾਟਾ ਪੰਜਾਬੀ ਕਿਸਾਨ ਨੂੰ ਪਿਆ ਹੈ ।  ਸੋ ਪੰਜਾਬੀ ਕਿਸਾਨ ਦਾ ਇਹ ਘਾਟਾ ਭਾਰਤ ਸਰਕਾਰ ਨੂੰ ਏਨੀ ਹੀ ਸਬਸਿਡੀ ਦਿੱਤੀ ਕਹੀ ਜਾ ਸਕਦੀ ਹੈ । ਕਿਸਾਨ ਵੱਲੋਂ ਸਰਕਾਰ ਨੂੰ ਇਸ ਤਰਾਂ ਹੀ ਜੀਰੀ ਵਿਦੇਸੀ ਮੰਡੀਆਂ ਨਾਲੋਂ ਸਸਤੀ ਕੀਮਤ ਤੇ ਵੇਚਣ ਲਈ ਮਜਬੂਰ ਕੀਤਾ ਜਾਂਦਾ ਹੈ । ਭਾਰਤ ਦੇਸ ਵਿੱਚ ਖਾਣ ਪੀਣ ਦੀਆਂ ਵਸਤਾਂ ਦੀਆਂ ਘੱਟ ਕੀਮਤਾਂ ਰੱਖਣ ਪਿੱਛੇ ਹਿੰਦੋਸਤਾਨ ਦੇ ਸਮੁੱਚੇ ਕਿਸਾਨ ਵਰਗ ਦੇ ਸਬਰ ਦੇ ਕਾਰਨ ਹੀ ਸੰਭਵ ਹੈ । ਵਿਦੇਸਾਂ ਵਿੱਚੋਂ ਅਨਾਜ ਖਰੀਦਣ ਸਮੇਂ ਭਾਰਤ ਸਰਕਾਰ ਭਾਰਤੀ ਕਿਸਾਨਾਂ ਨਾਲੋਂ ਕਿਤੇ ਜਿਆਦਾ ਕੀਮਤ ਅਦਾ  ਕਰਦੀ ਹੈ ।
                         ਵਰਤਮਾਨ ਸਾਲ ਵਿੱਚ ਪਾਕਿਸਤਾਨ ਸਰਕਾਰ ਵੱਲੋਂ ਕਣਕ ਦਾ ਘੱਟੋ ਘੱਟ ਮੁੱਲ ਪਾਕਿਸਤਾਨੀ ਕਰੰਸੀ ਅਨੁਸਾਰ 3000  ਹੈ ਜੋ ਭਾਰਤੀ ਰੁਪਏ ਅਨੁਸਾਰ 2250 ਰੁਪਏ ਪ੍ਰਤੀ ਕਵਿੰਟਲ ਹੈ ਅਤੇ ਇਸ ਤਰਾਂ ਪੰਜਾਬੀ  ਕਿਸਾਨ ਜੇ ਇਹੀ ਕਣਕ ਅੰਮਿਰਤਸਰ ਦੀ  ਥਾਂ ਲਹੌਰ ਵੇਚੇ ਤਦ 800 ਰੁਪਏ ਜਿਆਦਾ ਕਮਾਵੇਗਾ। ਸਰਹੱਦੀ ਲਾਂਘੇ ਨਾਂ ਖੋਲਣ ਪਿੱਛੇ ਅਸਲ ਕਾਰਨ ਕਿਸਾਨਾਂ ਨੂੰ ਲੁਟਣਾਂ ਹੀ  ਬਣ ਜਾਦਾਂ ਹੈ। 130 ਲੱਖ ਟਨ ਕਣਕ ਵੇਚਣ ਵਾਲਾ ਪੰਜਾਬੀ ਕਿਸਾਨ ਜੇ ਆਪਣੀ ਕਣਕ ਸਿੱਧਾ ਬਾਹਰਲੀਆਂ ਮੰਡੀਆਂ ਵਿੱਚ ਵੇਚ ਸਕਦਾ ਹੋਵੇ ਤਦ 10000 ਕਰੋੜ ਰੁਪਏ ਜਿਆਦਾ ਕਮਾ ਸਕਦਾ ਹੈ । ਕਿਸਾਨ ਦੀ  ਇਹ ਕੁਰਬਾਨੀ ਹੀ  ਹੈ ਜੋ ਉਹ ਆਪਣੀ ਫਸਲ 10000 ਕਰੋੜ ਦੇ ਘਾਟੇ ਨਾਲ ਭਾਰਤ ਅਤੇ ਪੰਜਾਬ ਸਰਕਾਰ ਨੂੰ ਵੇਚਦਾ ਹੈ। ਪੰਜਾਬ ਦੀ ਕਣਕ ਦੇਸ ਦੇ ਦੂਸਰੇ ਸੂਬਿਆਂ ਨੂੰ ਭੇਜਣ ਨਾਲੋਂ ਪਾਕਿਸਤਾਨ ਭੇਜਣ ਤੇ ਬਹੁਤ ਹੀ ਘੱਟ ਖਰਚਾ ਆਉਂਦਾਂ ਹੈ । ਇਸ ਤਰਾਂ ਹੀ ਦੂਸਰੇ ਅਰਬ ਮੁਲਕਾਂ ਅਤੇ ਯੂਰਪੀਅਨ ਮੁਲਕਾਂ ਵਿੱਚ ਕਣਕ ਡਾਲਰਾਂ ਅਤੇ  ਪੌਡਾਂ ਵਿੱਚ ਵਿਕਣ ਨਾਲ ਹੋਰ ਜਿਆਦਾ ਮਹਿੰਗੀ ਹੋ ਜਾਂਦੀ ਹੈ । ਇਸ ਤਰਾਂ ਹੀ  ਚੌਲ ਜੋ ਪੰਜਾਬ ਦੀ ਦੂਜੀ ਵੱਡੀ ਅਨਾਜ ਪੈਦਾਵਾਰੀ ਫਸਲ ਹੈ ਵਿੱਚ ਵੀ ਵਿਦੇਸੀ ਮੰਡੀਆਂ ਦੀ ਥਾਂ ਭਾਰਤੀ ਮੰਡੀ ਵਿੱਚ ਵੇਚਕੇ ਭਾਰਤ ਸਰਕਾਰ  ਨੂੰ ਭਾਰੀ ਸਬਸਿਡੀ ਅਤੇ ਫਾਇਦਾ ਪਹੁੰਚਾ ਰਿਹਾ ਹੈ। ਸੋ ਜਦੋਂ ਸਰਕਾਰੀ ਐਲਾਨਾਂ ਵਿੱਚ ਰਾਜਨੇਤਾ ਕਿਸਾਨ ਨੂੰ ਸਬਸਿਡੀਆਂ ਦੇਣ ਦੇ ਐਲਾਨ ਕਰਦੇ ਹਨ ਤਦ ਉਹ ਸਰਕਾਰੀ ਨੀਤੀਆਂ ਦੇ ਰਾਂਹੀ ਕਿਸਾਨਾਂ ਦੇ ਲੁੱਟ ਕਰਨ ਦੇ ਸਾਰੇ ਫੈਸਲੇ ਲੁਕੋ ਜਾਂਦੇ ਹਨ । ਦੇਸ ਦੇ ਅਮੀਰ ਵਰਗ ਅਤੇ ਗਰੀਬ ਵਰਗ ਨੂੰ ਜੇ ਸਭ ਤੋਂ ਵੱਧ ਫਾਇਦਾ ਪਹੁੰਚਾਉਣ ਵਾਲਾ ਹੈ ਤਾਂ ਉਹ ਭਾਰਤੀ ਕਿਸਾਨ ਹੀ ਹੈ । 
                                            ਭਾਰਤ ਸਰਕਾਰ ਨੀਤੀਆਂ ਲਾਗੂ ਕਰਨ ਸਮੇਂ ਦੋਹਰੇ ਮਾਪਦੰਡ ਅਪਣਾਉਂਦੀ ਹੈ । ਭਾਰਤ ਦੇ ਅਮੀਰ ਕਾਰਪੋਰੇਟ ਘਰਾਣਿਆਂ ਅੱਗੇ ਲੇਲੜੀਆਂ ਕੱਢਦੀ ਹੈ ਬਹੁਗਿਣਤੀ ਆਮ ਲੋਕਾਂ ਨੂੰ ਆਪਣੇ ਹੱਕ ਮੰਗਣ ਤੇ ਡਰਾਉਣਾਂ ਅਤੇ ਧਮਕਾਉਣਾਂ ਆਪਣਾਂ ਫਰਜ ਸਮਝਦੀ ਹੈ । ਰਿਲਾਇੰਸ ਦੀ ਬਲੈਕਮੇਲ ਕਰਨ ਦੀ ਨੀਤੀਆਂ ਕਾਰਣ ਗੈਸ ਦੀਆਂ ਕੀਮਤਾਂ ਅੱਠ ਗੁਣਾਂ ਕਰਨ ਤੇ ਸਹਿਮਤੀ ਜਤਾਕੇ ਸਰਕਾਰ ਨੇ ਦੱਸ ਦਿੱਤਾ ਹੈ ਕਿ ਅਮੀਰਾਂ ਦੇ ਹਿੱਤ ਪੂਰਨ ਹੀ ਉਸ ਦਾ ਮੁੱਖ ਕੰਮ ਹੈ। ਰਿਲਾਇੰਸ ਨੇ ਗੈਸ ਦੀਆਂ ਕੀਮਤਾਂ ਵਧਾਉਣ ਲਈ ਅੰਤਰ ਰਾਸਟਰੀ ਕੀਮਤਾਂ ਦਾ ਹਵਾਲਾ ਦਿੱਤਾ ਹੈ  ਜਦੋਂ ਕਿ ਇਹੀ ਦਲੀਲ ਕਰੋੜਾਂ ਗਰੀਬ ਬੇਬੱਸ ਕਿਸਾਨਾਂ ਵੇਲੇ ਅਣਸੁਣੀ ਕਿਉਂ ਕਰ ਦਿੱਤੀ  ਜਾਂਦੀ ਹੈ । ਇੱਕੋ ਇੱਕ ਭਾਰਤੀ ਗੈਸ ਉਤਪਾਦਕ ਅੰਬਾਨੀਆਂ ਵੱਲੋਂ ਜਾਣ ਬੁੱਝ ਕੇ ਗੈਸ ਦੇ ਉਤਪਾਦਨ ਘੱਟ ਕਰ ਦਿੱਤੇ ਜਾਦੇ  ਹਨ ਤੇ ਸਰਕਾਰ ਉਹਨਾਂ ਦੀ ਇਸ ਨੀਤੀ ਕਾਰਨ ਵਿਦੇਸੀ ਮੰਡੀਂ ਵਿੱਚੋਂ ਮਹਿੰਗੇ ਮੁੱਲ ਗੈਸ ਖਰੀਦਦੀ ਹੈ ਅਤੇ ਇਸ ਵਿਦੇਸੀ ਕੀਮਤ ਨੂੰ ਹੀ ਅਧਾਰ ਬਣਾਕਿ ਰਿਲਾੲੰਸ ਨੂੰ ਵੀ ਵੱਧ ਕੀਮਤ ਅਦਾ ਕਰਨ ਦੀਆਂ ਤਿਆਰੀਆਂ ਵਿੱਚ ਹੈ ਪਰ ਭਾਰਤੀ ਕਿਸਾਨ ਸੰਗਠਿਤ ਨਾਂ ਹੋਣ ਕਾਰਨ ਸਰਕਾਰਾਂ ਨੂੰ ਬਲੈਕਮੇਲ ਕਰਨ ਦੀ ਸਥਿਤੀ ਵਿੱਚ ਨਹੀਂ । ਕਿਸਾਨਾਂ ਦੇ ਆਗੂ ਵੀ ਸਰਕਾਰਾਂ ਦੇ ਮੋਹਰੇ ਮਾਤਰ ਹੋਣ ਕਾਰਨ ਆਪਣੇ ਸੰਘਰਸ ਦਾ ਮੂੰਹ ਅਸਲ ਮੁਦਿਆਂ ਵੱਲ ਕਰਨ ਤੋਂ ਅਸਮਰਥ ਹਨ । ਭਾਰਤੀ ਕਿਸਾਨ ਸਮੁੱਚੇ ਭਾਰਤ ਦੇਸ ਦਾ ਭਾਰ  ਆਪਣੇ ਮੋਢਿਆਂ ਤੇ ਕਿੰਨਾਂ ਕੁ ਵਕਤ ਚੁੱਕ ਸਕੇਗਾ ਕਿਉਂਕਿ ਸਰਕਾਰਾਂ ਉਸਨੂੰ ਦਿਨੋ ਦਿਨ ਕਮਜੋਰ ਕਰ ਰਹੀਆਂ  ਹਨ । ਚੰਗਾਂ ਹੋਵੇਗਾ ਸਰਕਾਰਾਂ ਵਿੱਚ ਬੈਠੇ ਰਾਜਨੀਤਕ ਅਸਲੀਅਤ ਸਮਝਣ ਅਤੇ ਕਿਸਾਨੀ ਨੂੰ ਉਸਦੇ ਜਾਇਜ ਹੱਕ ਦੇਣ ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ (ਬਰਨਾਲਾ)  EMAIL    gspkho@gmail.com

Saturday, 28 June 2014

ਕਿਸਾਨ ਤੋਂ ਆਮਦਨ ਦੀ ਬਜਾਇ ਉਤਪਾਦਨ ਤੇ ਹੀ ਭਾਰੀ ਟੈਕਸ ਕਿਉਂ

Photo: ਅੱਜ ਜੀਰੀ ਵਿੱਚ ਯੂਰੀਆਂ ਵੀ ਪਾ ਹੀ ਦਿੱਤੈ
Add caption

                    
   ਦੇਸ ਦੇ ਵਿੱਚ ਸਰਕਾਰਾਂ ਦੁਆਰਾ ਟੈਕਸ ਲੈਣ ਦੇ ਗੈਰ ਤਰਕਸੀਲ ਤਰੀਕੇ ਅਪਣਾਏ ਜਾਂਦੇ ਹਨ ਜਿਸ ਨਾਲ ਅਮੀਰ ਤਬਕਾ ਚੋਰ ਮੋਰੀਆਂ ਵਰਤਕੇ ਟੈਕਸ ਚੋਰੀ ਕਰਦਾ ਰਹਿੰਦਾਂ ਹੈ ਪਰ ਦੇਸ ਦੇ ਕਿਸਾਨ ਵਰਗ ਨੂੰ ਲੁੱਟਿਆ ਜਾ ਰਿਹਾ ਹੈ। ਵਪਾਰਕ ਕੰਪਨੀਆਂ ਆਪਣੇ ਉਤਪਾਦਨ ਉਪਰ ਲੱਗੇ ਟੈਕਸਾਂ ਨੂੰ ਕੀਮਤ ਵਿੱਚ ਜੋੜ ਕੇ ਮਨਮਰਜੀ ਦੀ ਕੀਮਤ ਵਸੂਲਦੀਆਂ ਹਨ ਜਦੋਂ ਕਿ ਦੂਸਰੇ ਪਾਸੇ ਕਿਸਾਨ ਵਰਗ ਕੋਲ ਆਪਣੀ ਫਸਲ ਦੀ ਕੀਮਤ ਮਿੱਥਣ ਦਾ ਕੋਈ ਅਧਿਕਾਰ ਹੀ ਨਹੀਂ ਹੈ। ਸਰਕਾਰਾਂ ਕਿਸਾਨਾਂ ਦੀ ਫਸਲ ਤੇ ਮਨਮਰਜੀ ਦੇ ਟੈਕਸ ਵਸੂਲਦੀਆਂ ਹਨ ਕਿਸਾਨ ਨੂੰ ਮੁਨਾਫਾ ਹੋਵੇ ਜਾਂ ਨਾਂ ਇਸ ਨਾਲ ਉਹਨਾਂ ਨੂੰ ਕੋਈ ਸਰੋਕਾਰ ਨਹੀਂ। ਪੰਜਾਬ ਦੇ ਕਿਸਾਨ ਦੀਆਂ ਦੋ ਮੁੱਖ ਫਸਲਾਂ ਕਣਕ ਅਤੇ ਝੋਨੇ ਦੀ ਕੀਮਤ  ਸੈਂਟਰ ਸਰਕਾਰ ਤਹਿ ਕਰਦੀ ਹੈ ਅਤੇ ਮਨਮਰਜੀ ਦਾ ਟੈਕਸ ਪੰਜਾਬ ਸਰਕਾਰ ਵਸੂਲਦੀ ਹੈ। ਪੰਜਾਬ ਦੇ ਕਿਸਾਨ ਦੀ ਫਸਲ ਉਪਰ ਲੱਗਭੱਗ ਸਾਢੇ ਚੌਦਾਂ ਪ੍ਰਤੀਸਤ ਟੈਕਸ ਵਸੂਲਿਆ ਜਾਂਦਾ ਹੈ ਜਿਸ ਵਿੱਚ ਮੰਡੀਕਰਨ ਫੀਸ ਅਤੇ ਆੜਤ ਦਾ ਵੱਡਾ ਹਿੱਸਾ ਹੁੰਦਾਂ ਹੈ। ਪੰਜਾਬ ਦਾ ਗੁਆਂਢੀ ਸੂਬਾ  ਹਰਿਆਣਾ ਦਸ ਪ੍ਰਤੀਸਤ ਲੈਂਦਾਂ ਹੈ। ਪੰਜਾਬ ਦਾ ਕਿਸਾਨ 45000 ਕਰੋੜ  ਦਾ ਕਣਕ, ਝੋਨਾਂ ਵੇਚਦਾ ਹੈ ਜਿਸ ਉੱਪਰ 7000 ਕਰੋੜ ਦੇ ਲੱਗਭੱਗ ਟੈਕਸ ਬਣ ਜਾਂਦਾਂ ਹੈ । ਇਸ ਤੋਂ ਬਿਨਾਂ ਵੀ ਸਰਕਾਰਾਂ ਨੂੰ ਸਿੱਧੇ ਅਤੇ ਅਸਿੱਧੇ ਤੌਰ ਤੇ ਕਿਸਾਨ ਭਾਰੀ ਟੈਕਸ ਅਦਾ ਕਰਦਾ ਹੈ । ਕਿਸਾਨਾਂ ਨੂੰ ਖੇਤੀਬਾੜੀ ਨਾਲ ਸ਼ਬੰਧਤ ਵਸਤਾਂ ਜਿਸਦੇ ਬਾਰੇ ਦਾਅਵੇ ਤਾਂ ਵਪਾਰਕ ਅਦਾਰੇ ਕਰਦੇ ਹਨ ਟੈਕਸ ਦੇਣ ਦਾ ਜਦੋਂਕਿ ਇਹ ਟੈਕਸ ਵਸੂਲੇ ਕਿਸਾਨਾਂ ਤੋਂ ਹੀ ਜਾਂਦੇ ਹਨ । ਪੰਜਾਬ ਦਾ ਕਿਸਾਨ 15000 ਕਰੋੜ ਦਾ ਤੇਲ , ਰੇਅ, ਅਤੇ  ਜਹਿਰਾਂ ਦੀ ਖਰੀਦ ਕਰਦਾ ਹੈ ਜਿਸ ਉੱਪਰ ਲੱਗੇ ਹੋਏ ਟੈਕਸ  ਵੀ ਕਿਸਾਨ ਹੀ ਅਦਾ ਕਰਦਾ ਹੈ । ਜਮੀਨਾਂ ਦੀ ਖਰੀਦ ਵੇਚ ਦੇ ਸਮੇਂ ਮਾਲ ਮਹਿਕਮਾ ਮੋਟੀ ਕਮਾਈ ਕਰਦਾ ਹੈ ਜੋ ਕਿ ਦੋ ਤੋਂ ਤਿੰਨ ਹਜਾਰ ਕਰੋੜ ਦੇ ਦਰਮਿਆਨ ਸਲਾਨਾ ਹੁੰਦੀ ਹੈ।
                           ਅਸਲ ਵਿੱਚ ਟੈਕਸ ਉਸ ਤੋਂ ਲਿਆ ਜਾਣਾਂ ਚਾਹੀਦਾ ਹੈ ਜੋ ਮੁਨਾਫਾ ਕਮਾਉਂਦਾ ਹੋਵੇ ਜਿਸ ਤਰਾਂ ਵਪਾਰਕ ਅਦਾਰੇ ਥੋੜੇ ਸਮਿਆ ਵਿੱਚ ਹੀ ਵੱਡੇ ਮੁਨਾਫਾ ਕਮਾਊ ਅਦਾਰਿਆਂ ਦਾ ਰੂਪ ਲੈ ਲੈਂਦੇ ਹਨ । ਕਿਸਾਨ ਵਰਗ ਨੂੰ ਮੁਨਾਫਾ ਹੈ ਹੀ ਨਹੀਂ ਪਰ ਸਰਕਾਰਾਂ ਉਸ ਤੋਂ ਉਤਪਾਦਨ ਕਰਨ ਤੇ ਹੀ ਟੈਕਸ ਉਗਰਾਹੀ ਕਰ ਰਹੀਆਂ ਹਨ । ਜਿਸ ਕਿਸਾਨ ਕੋਲ ਕਰਜਾਈ ਹੋਕੇ ਜਿਉਣ ਤੋਂ ਬਿਨਾਂ ਸਰਕਾਰਾਂ ਨੇ ਕੋਈ ਰਾਹ ਹੀ ਨਹੀਂ ਰਹਿਣ ਦਿੱਤਾ ਨੂੰ ਹਰ ਪਰਕਾਰ ਦੇ ਟੈਕਸਾ ਤੋਂ ਛੋਟ ਦਿੱਤੀ ਜਾਣੀ ਚਾਹੀਦੀ ਸੀ ਪਰ ਹੋ ਇਸਦਾ ਉਲਟਾ ਰਿਹਾ ਹੈ । ਲਉ ਕਿਸਾਨ ਦੀ ਆਮਦਨ ਵੀ ਜਾਣ ਲਉ ਇੱਕ ਏਕੜ ਵਿੱਚੋ 33000 ਦੀ ਜੀਰੀ 27000 ਦੀ ਕਣਕ ਨਿੱਕਲਦੀ ਹੈ ਕੁੱਲ 70000 ਰੁਪਏ ਬਣਦੇ ਨੇਂ। 20 ਲੱਖ ਦੀ ਕੀਮਤ ਵਾਲੀ ਇੱਕ ਏਕੜ ਜਮੀਨ ਦੀ ਮਾਲਕੀ ਵਾਲਾ ਵਿਅਕਤੀ 40000 ਹਜਾਰ ਤੱਕ ਠੇਕਾ ਲੈ ਜਾਂਦਾ ਹੈ ਪਿੱਛੇ ਬਚਿਆ 30000 ਵਿੱਚੋਂ ਦੋ ਫਸਲਾਂ ਦਾ ਖਰਚਾ 20000 ਹੁੰਦਾਂ ਹੈ ਬਾਕੀ ਬਚੀ ਆਮਦਨ 10000 ਜਿਸ ਲਈ ਸਾਰੇ ਸਾਲ ਪੂਰਾ ਪੰਜ ਜੀਆਂ ਦਾ ਪਰਿਵਾਰ ਪੰਜ ਏਕੜ ਖੇਤੀ ਦੇ ਸਿਰਹਾਣੇ ਖੜਾ ਰਹਿੰਦਾ ਹੈ ਜਿੰਨਾਂ ਵਿੱਚੋਂ ਜੇ ਦੋ ਬਾਲਗਾਂ ਨੂੰ ਹੀ ਜੋ ਖੇਤੀ ਕਰਦੇ ਹਨ ਦੀ ਲੇਬਰ 160000 ਬਣਦੀ ਹੈ ।  ਪੰਜ ਏਕੜ ਦਾ ਲੇਬਰ ਪਲੱਸ ਖਰਚਾ 225000 ਹੈ । ਦੱਸੋ ਆਮਦਨ ਹੋਈ ਜਾਂ ਲੇਬਰ ਮਿਲੀ ਕਿਰਤ ਕਰਨ ਵਾਲੇ ਕਿਸਾਨ ਨੂੰ। ਹਜਾਰਾਂ ਏਕੜਾਂ ਦੇ ਮਾਲਕ ਕਾਂਗਰਸ ,ਅਕਾਲੀ ,ਪੰਥਕ , ਮੁੱਖੀ  ਕੀ ਕਿਸਾਨ ਹਨ ਉਹ ਤਾਂ ਬਿਜਨੈਸਮੈਨ ਹਨ ਜੇ ਠੇਕਾ ਵੱਧ ਮਿਲੇ ਤਾਂ ਠੇਕਾ ਲੈ ਲੈ ਕੇ ਚੰਡੀਗੜ ਦੀਆਂ ਏਸੀ ਕੋਠੀਆਂ ਵਿੱਚ ਸੌਂਦੇ ਹਨ ਜੋ ਕਿਸਾਨ  ਜਾਂ ਨੌਕਰਾਂ ਤੋਂ ਖੇਤੀ ਕਰਵਾਕੇ ਦੋ ਨੰਬਰ ਦੀ ਕਮਾਈ ਇੱਕ ਨੰਬਰ ਵਿੱਚ ਬਦਲਣ  ਦਾ ਧੰਦਾਂ ਕਰਦੇ ਹਨ। ਅਸਲੀ ਕਿਸਾਨ ਧੁੱਪ ਅਤੇ ਕੜਾਕੇ ਦੀ ਠੰਡ ਵਿੱਚ ਕੰਮ ਕਰਨ ਵਾਲਾ ਹੁੰਦਾ ਹੈ ਜਿਸ  ਦੀ ਮਿਹਨਤ ਦਾ ਵੀ ਪੂਰਾ ਮੁੱਲ ਨਹੀਂ ਮੁੜਦਾ । ਘਾਟੇ ਵਿੱਚ ਜਾਣ ਕਰਕੇ ਹੀ ਕਿਸਾਨ ਖੁਦਕਸੀਆਂ ਲਈ ਜਾਂ ਗਲਤ ਰਸਤਿਆਂ ਦਾ ਰਾਹੀ ਬਣਦਾ ਹੈ ।ਇਹੋ ਜਿਹੇ ਹਾਲਤਾਂ ਵਿੱਚ ਘਾਟੇ ਖਾਕੇ ਖੇਤੀ ਕਰਨ ਵਾਲੇ ਕਿਸਾਨ ਤੋਂ ਟੈਕਸ ਉਗਰਾਹੁਣੇ ਬਹੁਤ ਹੀ ਘਟੀਆ ਸੋਚ ਹੈ । ਜੇ ਕੋਈ ਟੈਕਸ ਲਾਉਣੇ ਵੀ ਹਨ ਤਦ ਉਹ ਜਮੀਨਾਂ ਦੇ ਮਾਲਕ ਜਿੰਮੀਦਾਰ ਤੇ ਲਾਏ ਜਾਣੇ ਚਾਹੀਦੇ ਹਨ ਜੋ ਵਿਹਲਾਸ ਰਹਿਕੇ ਸਿਰਫ ਮਾਲਕੀ ਕਾਰਨ ਹੀ ਆਮਦਨ ਕਰਦਾ ਹੈ ਪਰ ਸਰਕਾਰਾਂ ਕਰ ਉਲਟਾ ਰਹੀਆਂ ਹਨ। ਸਰਕਾਰੀ ਸਹਾਇਤਾ ਦਾ ਵੱਡਾ ਹਿੱਸਾ ਵੀ ਮਾਲਕ ਲੋਕ ਹੜੱਪ ਜਾਂਦੇ ਹਨ ਜਦੋਂ ਕਿ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੋਕੇ ਮਿਹਨਤ ਕਰਨ ਵਾਲਾ ਕੁੱਝ ਵੀ ਹਾਸਲ ਨਹੀਂ ਕਰ ਪਾਉਂਦਾਂ । ਸਰਕਾਰਾਂ ਦੇ ਸਲਾਹਕਾਰ ਅਮੀਰ ਸਰੇਣੀ ਦੇ ਲੋਕ ਹਨ ਜੋ ਖੁਦ ਵੀ ਜਮੀਨਾਂ ਦੇ ਮਾਲਕ ਹਨ ਅਤੇ ਖੇਤੀਬਾੜੀ ਦੇ ਨਾਂ ਤੇ ਆਪਣਾ ਕਾਲਾ ਧਨ ਚਿੱਟਾ ਕਰਦੇ ਹਨ। ਸੋ ਜਦ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ ਤਦ  ਬਚਾਅ ਹੋ ਹੀ ਨਹੀਂ ਸਕਦਾ । ਸੋ ਸਰਕਾਰਾਂ ਨੂੰ ਖੇਤੀਬਾੜੀ ਦੀ ਪੈਦਾਵਾਰ ਤੇ ਟੈਕਸ ਇਕੱਠੇ ਕਰਨ ਸਮੇਂ ਉਦਯੋਗਾਂ ਦੀ ਤਰਾਂ ਟੈਕਸ ਲੈਣਾਂ ਕਿਵੇਂ ਵੀ ਸਹੀ ਨਹੀਂ । ਘਾਟੇ ਵਾਲੇ ਕਿਸਾਨੀ ਧੰਦੇ ਤੇ ਨੀਤੀਆਂ ਬਣਾਉਣ ਸਮੇਂ ਜਰੂਰ ਵਿਚਾਰਿਆ ਜਾਣਾਂ ਚਾਹੀਦਾ ਹੈ ਕਿ ਅਸਲੀ ਕਿਸਾਨ ਟੈਕਸ ਦੇਣ ਦੀ ਹੈਸੀਅਤ ਵਿੱਚ ਹੈ ਵੀ ਕਿ ਨਹੀਂ। ਘਾਟਾ ਖਾਕੇ ਵੀ ਖੇਤੀ ਦਾ ਧੰਦਾ ਕਰਨ ਵਾਲਿਆਂ ਨੂੰ ਸਬਸਿਡੀਆਂ ਦੇਣੀਆਂ ਚਾਹੀਦੀਆਂ ਹਨ ਅਤੇ ਗੈਰ ਕਾਸਤਕਾਰ ਜਮੀਨਾਂ ਦੇ ਮਾਲਕਾਂ ਉੱਪਰ ਸਜਾ ਸਮੇਤ ਟੈਕਸ ਵਸੂਲੇ ਜਾਣੇ ਚਾਹੀਦੇ ਹਨ ਜੋ ਖੇਤੀਬਾੜੀ ਦੀ ਆੜ ਵਿੱਚ ਟੈਕਸ ਚੋਰੀ ਕਰਦੇ ਹਨ ਅਤੇ ਕਿਰਤੀ ਲੋਕਾਂ ਦੇ ਹੱਕ ਖਾਂਦੇ ਹਨ।
                                                ਗੁਰਚਰਨ ਪੱਖੋਕਲਾਂ ਫੋਨ 9417727245

Monday, 2 June 2014

ਰੋਕ ਕੋਈ ਨਾਂ ਸਕਦਾ ਬਈ ਕੁਦਰਤ ਦੇ ਭਾਣੇ ਨੂੰ

ਸੱਚ ਸਮਝ ਨਹੀ ਆਉਂਦਾ ਬੰਦੇ ਵੱਡੇ ਸਿਆਣੇ ਨੂੰ
ਰੋਕ ਕੋਈ ਨਾਂ ਸਕਦਾ ਬਈ ਕੁਦਰਤ ਦੇ ਭਾਣੇ ਨੂੰ
ਬਦਲੇ ਵਿੱਚ ਜਮਾਨੇ ਦੇ ਹੁਣ ਨਾ ਰਹਿ ਗਏ ਮਾਪੇ ।
ਧੀਆਂ ਪੁੱਤਰ ਵਿਦੇਸੀਂ ਤੋਰੇ  ਕਰ ਕਰ ਕਈ ਸਿਆਪੇ
ਯਾਦ ਕਰਕੇ ਰੋਂਦੇ ਰਹਿੰਦੇ ਦੂਰ ਜੋ ਵਸਦੇ ਬੀਬੇ ਰਾਣੇ ਨੂੰ
ਰੋਕ ਕੋਈ ਨਾਂ ਸਕਦਾ ਬਈ ਕੁਦਰਤ ਦੇ ਭਾਣੇ ਨੂੰ
ਦੁਨੀਆਂ ਜਿੱਤਣ ਤੁਰਿਆਂ ਲੋਕੋ ਇੱਕ ਸਿਕੰਦਰ ਸੀ
ਅੱਧ ਵਿਚਕਾਰ ਦੇ ਆਕੇ ਮੁੜ ਗਿਆਂ ਪਤੰਦਰ ਸੀ
ਜਦ ਸਾਧ ਮੱਚਦਾ ਦੇਖਿਆ  ਪਹਿਨ ਕੇ ਅੱਗ ਦੇ ਬਾਣੇ ਨੂੰ
 ਰੋਕ ਕੋਈ ਨਾਂ ਸਕਦਾ ਬਈ ਕੁਦਰਤ ਦੇ ਭਾਣੇ ਨੂੰ
ਮਿੱਟੀ ਛੱਡਕੇ  ਬੰਦਾਂ ਏਥੇ ਵਿੱਚ ਹਵਾ ਦੇ ਤੁਰਦਾ
ਪੈਸੇ ਦੇ ਜੋ ਘੋੜੇ ਚੜਿਆ ਫੇਰ ਘਰੇ ਨਹੀਂ ਮੁੜਦਾ
ਪਿੰਡੋਂ ਤੋਂ ਸਹਿਰ ਫਿਰ ਸਹਿਰੋਂ ਫੌਰਨ ਸੋਚੇ ਜਾਣੇ ਨੂੰ
ਰੋਕ ਕੋਈ ਨਾਂ ਸਕਦਾ ਬਈ ਕੁਦਰਤ ਦੇ ਭਾਣੇ ਨੂੰ
ਬੰਦਾ ਹੁਣ ਨਾਂ ਬੰਦਾਂ ਰਹਿ ਗਿਆਂ ਬਣਿਆਂ ਪਿਆ ਮਸੀਨ
ਅਕਲੋਂ ਖਾਲੀ ਬਣਿਆ ਰਹਿੰਦਾਂ  ਵੱਡਾ ਬਹੁਤ ਯਹੀਨ
ਮਾਇਆ ਵਿੱਚ ਉਲਝਿਆਂ ਬੰਦਾਂ ਭੁੱਲ ਗਿਆ ਮਸਾਣੇ ਨੂੰ
ਰੋਕ ਕੋਈ ਨਾਂ ਸਕਦਾ ਬਈ ਕੁਦਰਤ ਦੇ ਭਾਣੇ ਨੂੰ

Tuesday, 13 May 2014

ਤੀਜੀ ਧਿਰ ਭਾਲਦੇ ਪੰਜਾਬੀ ਵੋਟਰ

                                            
                           ਇਸ ਵਾਰ ਹੋ ਰਹੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਨੇ ਜਿਸ ਤਰਾਂ ਅਕਾਲੀ ਦਲ ਅਤੇ ਕਾਂਗਰਸ ਪ੍ਰਤੀ ਵਿਦਰੋਹ ਦੀ ਭਾਵਨਾ ਨਾਲ ਵੋਟਾਂ ਪਾਈਆਂ ਹਨ ਇਹ ਸੋਚਣ ਲਈ ਮਜਬੂਰ ਕਰਦਾ ਹੈ ਕਿ ਪੰਜਾਬੀ ਵੋਟਰ ਸਥਾਪਤ ਧਿਰਾਂ ਤੋਂ ਨਿਰਾਸ ਪੰਜਾਬ ਦੀਆਂ ਵਰਤਮਾਨ ਸਥਿਤੀਆਂ ਨਵੇਂ ਆਗੂਆਂ ਦੀ ਮੰਗ ਕਰਦੀਆਂ ਹਨ ਜਿੰਹਨਾਂ ਵਿੱਚ ਸਮੇਂ ਦੇ ਨਾਲ ਪੈਰ ਮੇਲਕੇ ਚੱਲ ਸਕਣ ਦੀ ਯੋਗਤਾ ਹੋਵੇ । ਅਣਜਾਣੀ ਅਤੇ ਬਿਲਕੁਲ ਰਾਜਨੀਤੀ ਤੋਂ ਕੋਰੀ ਧਿਰ ਆਮ ਆਦਮੀ ਪਾਰਟੀ ਦੇ ਸਿਆਸਤ ਤੋਂ ਕੋਰੇ ਅਤੇ ਅਣਜਾਣ ਉਮੀਦਵਾਰਾਂ ਪ੍ਰਤੀ ਭਾਰੀ ਲਹਿਰ ਦੇ ਰੂਪ ਵਿੱਚ ਸਮਰਥਨ ਦੇਕੇ ਸਭ ਸਪੱਸਟ ਹੋ ਗਿਆ ਹੈ । ਆਮ ਆਦਮੀ ਪਾਰਟੀ ਦੇ ਲੋਕ ਭਾਵੇਂ ਲੱਖ ਦਾਅਵੇ ਕਰਨ ਕਿ ਉਹਨਾਂ ਨੂੰ ਲੋਕਾਂ ਦਾ ਵਿਸਾਲ ਸਮੱਰਥਨ ਹਾਸਲ ਹੈ ਪਰ ਇਹ ਤਾਂ ਲੋਕ ਰੋਹ ਸੀ ਜੋ ਕਾਂਗਰਸ ਅਤੇ ਅਕਾਲੀ ਦਲ ਦੇ ਖਿਲਾਫ ਪਰਗਟਾਵਾ ਸੀ । ਕਾਂਗਰਸ  ਦੇ ਆਪਸ ਵਿੱਚ ਲੜਨ ਭਿੜਨ ਵਾਲੇ ਆਗੂਆਂ ਨੂੰ ਵੀ ਲੋਕ ਬਹੁਤ ਹੀ ਦੁਖੀ ਮਨ ਨਾਲ ਦੇਖ ਰਹੇ ਹਨ ਅਤੇ ਅਕਾਲੀ ਦਲ ਦੇ ਕੱਚ ਘਰੜ ਆਗੂਆਂ ਦੀਆਂ ਲੋਕ ਲਿਤਾੜੂ ਨੀਤੀਆਂ ਨੂੰ ਵੀ ਲੋਕ ਚੰਗੀ ਤਰਾਂ ਸਮਝ ਰਹੇ ਹਨ।  ਵਰਤਮਾਨ ਲੋਕ ਵਰਤਾਰਾ ਸਥਾਪਤ ਧਿਰਾਂ ਕਾਂਗਰਸ ਅਤੇ ਅਕਾਲੀ ਦਲ ਦੀ ਹੋਂਦ ਤੇ ਪ੍ਰਸਨ ਚਿੰਨ ਖੜੇ ਕਰਦਾ ਸੀ। ਪੰਜਾਬ ਦੇ ਲੋਕਾਂ ਦੇ ਹਾਲਾਤ ਦੇਸ ਦੇ ਦੂਸਰੇ ਪਰਦੇਸਾਂ ਦੇ ਲੋਕਾਂ ਵਰਗੇ ਨਹੀਂ ਹਨ। ਪੰਜਾਬ ਦੇ ਵਿੱਚ ਹਰੀ ਕਰਾਂਤੀ ਹੋਣ ਤੋਂ ਬਾਅਦ ਪੰਜਾਬ ਦੇ ਲੋਕਾਂ ਕੋਲ ਪੈਸੇ ਦਾ ਹੜ ਆ ਗਿਆ ਹੈ ਜਿਸ ਨਾਲ ਪੰਜਾਬ ਦੇ ਲੋਕ ਖਪਤਕਾਰਾਂ ਦੀ ਵੱਡੀ ਲਾਈਨ ਵਿੱਚ ਸਾਮਲ ਹੋ ਗਏ ਹਨ। ਪੰਜਾਬੀਆਂ ਦੀ ਖਰੀਦ ਸਕਤੀ ਵਧਣ ਕਾਰਨ ਪੰਜਾਬ ਵਿੱਚ ਬਜਾਰੂ ਸਕਤੀਆਂ ਲੋਕਾਂ ਨੂੰ ਖਪਤਕਾਰੀ ਸਭਿਆਚਾਰ ਦੇ ਦਰਿਆ ਵਿਚ ਡੁੱਬਣ ਲਈ ਮਜਬੂਰ ਕਰ ਰਹੀਆਂ ਹਨ । ਪੰਜਾਬ ਦੇ ਲੋਕਾਂ ਦੀ ਚਾਦਰ ਤੋਂ ਬਾਹਰ ਪੈਰ ਪਸਾਰਨ ਦੀ ਰੁਚੀ ਕਾਰਨ ਪੰਜਾਬੀ ਲੋਕ ਆਮਦਨ ਤੋਂ ਜਿਆਦਾ ਖਰਚਣ ਵੱਲ ਤੁਰੇ ਹੋਏ ਹਨ ਜਿਸਦਾ ਨਤੀਜਾ ਕਰਜੇ ਦਾ ਜਾਲ ਵੀ ਪੈਰ ਪਸਾਰ ਰਿਹਾ ਹੈ। ਪੰਜਾਬੀ ਲੋਕ ਵਿਦਿਆ ਦੇ ਦਰਿਆ ਵਿੱਚ ਵੀ ਖੂਬ ਤਾਰੀਆਂ ਲਾ ਰਹੇ ਹਨ ਜਿਸ ਨਾਲ ਨਵੀਆਂ ਜਾਣਕਾਰੀਆਂ ਹਾਸਲ ਹੋਣ ਤੇ ਨਵੀਆਂ ਬਜਾਰੂ ਵਸਤਾਂ ਵੱਲ ਖਿੱਚੇ ਤੁਰੇ ਜਾ ਰਹੇ ਹਨ।
                                      ਖਪਤਕਾਰੀ ਦੇ ਨਵੇਂ ਯੁੱਗ ਵਿੱਚ ਪੜੇ ਲਿਖੇ ਲੋਕਾਂ ਦੇ ਆਗੂ ਵੀ ਅਣਪੜ ਅਗਿਆਨੀ ਅਤੇ ਧੱਕੜ ਲੋਕ ਕਦਾ ਚਿੱਤ ਨਹੀਂ ਹੋ ਸਕਦੇ ਸਗੋਂ ਪੰਜਾਬ ਦੇ ਆਗੂ ਗਿਆਨਵਾਨ ਸਿਆਣੇ ਤਰੱਕੀਪਸੰਦ ਅਤੇ ਲੋਕ ਭਲਾਈ ਦੀ ਸੋਚ ਵਾਲੇ ਹੋਣੇ ਚਾਹੀਦੇ ਹਨ ਜੋ ਆਪਣੇ ਪਰੀਵਾਰਾਂ ਦੀ ਤਰੱਕੀ ਦੀ ਥਾਂ ਸਮੁੱਚੇ ਪੰਜਾਬ ਅਤੇ ਪੰਜਾਬੀਆਂ ਦਾ ਵਿਕਾਸ ਕਰ ਸਕਣ ਦੇ ਯੋਗ ਹੋਣ। ਪੰਜਾਬ ਦੇ ਆਗੂ ਭੰਡਾਂ ਅਤੇ ਨਕਲੀਆਂ ਵਰਗੇ ਨਕਲੀ ਲੋਕ ਨਹੀਂ ਹੋਣੇ ਚਾਹੀਦੇ ਸਗੋਂ ਹਕੀਕਤਾਂ ਨੂੰ ਸਮਝਕੇ ਸਮੇਂ ਨਾਲ ਪੈਰ ਮੇਲਣ ਦੀ ਸਮਰਥਾਂ ਵਾਲੇ ਹੋਣੇ ਚਾਹੀਦੇ ਹਨ । ਵਰਤਮਾਨ ਚੋਣਾਂ ਦੇ ਅਗਾਊਂ  ਸੰਕੇਤ ਹਨ ਕਿ ਪੰਜਾਬ ਦੇ ਲੋਕਾਂ ਨੇ ਰਾਜਨੀਤੀ ਤੋਂ ਕੋਰੀ ਅਤੇ ਸਮਾਜੀ ਹਾਲਤਾਂ ਤੋਂ ਅਣਜਾਣ ਧਿਰ ਨੂੰ ਭਾਰੀ ਸਮਰਥਨ ਦੇ ਦਿੱਤਾ ਹੈ ਜੋ ਕਿ ਸਮਾਜ ਦੇ ਸਿਆਣੇ ਲੋਕਾਂ ਨੂੰ ਸੰਦੇਸ ਹੈ ਕਿ ਆਉ ਕੋਈ ਪੰਜਾਬ ਅਤੇ ਪੰਜਾਬੀਆਂ ਨੂੰ ਸਾਥ ਰੱਖਣ ਵਾਲਾ ਆਗੂ ਅੱਗੇ ਆਵੇ ਜਿਸ ਲਈ ਪੰਜਾਬੀ ਪੂਰੀ ਤਰਾਂ ਤਿਆਰ ਖੜੇ ਹਨ । ਪੰਜਾਬ ਦੀ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਇੱਕ ਵੀ ਆਗੂ ਇਹੋ ਜਿਹਾ ਦਿਖਾਈ ਨਹੀਂ ਦੇ ਰਿਹਾ ਜੋ ਲੰਬੀ ਦੌੜ ਦਾ ਘੋੜਾ ਸਿੱਧ ਹੋ ਸਕੇ ਭਾਵੇਂ ਇਸ ਪਾਰਟੀ ਦੇ ਬਹੁਤੇ ਉਮੀਦਵਾਰ ਸਾਫ ਸੋਚ ਵਾਲੇ ਬੇਦਾਗ ਵਿਅਕਤੀ ਹਨ ਪਰ ਰਾਜਨੀਤਕ ਹਾਲਤਾਂ ਅਤੇ ਲੋਕਾਂ ਦੀਆਂ ਲੋੜਾ ਨੂੰ ਸਮਝਣ ਵਾਲਾ ਪੱਲੇ ਦਾ ਪੂਰਾ ਹਾਲੇ ਤੱਕ ਦਿਖਾਈ ਨਹੀਂ ਦਿੰਦਾਂ। ਇਸ ਪਾਰਟੀ ਦਾ  ਉੱਭਰ ਰਿਹਾ ਆਗੂ ਦੇ ਪਿਛੋਕੜ ਤੇ ਵੀ ਝਾਤ ਮਾਰਨੀਂ ਜਰੂਰੀ ਹੈ।
                                           ਇੱਕ ਰਾਤ ਵਿੱਚ ਹੀ ਪੀਪਲਜ ਪਾਰਟੀ ਨੂੰ ਛੱਡਕੇ ਰਾਤੋ ਰਾਤ ਮੈਂਬਰ ਬਣਕੇ ਸੁਭਾ ਨੂੰ ਟਿਕਟ ਹਾਸਲ ਕਰ ਲੈਣ ਵਾਲਾ ਭਗਵੰਤ ਮਾਨ ਫਸਲੀ ਬਟੇਰਾ ਹੀ ਸਾਬਤ ਹੋਵੇਗਾ । ਕਿਸੇ ਵਕਤ ਬਾਦਲ ਸਰਕਾਰ ਦੇ ਕਬੱਡੀ ਕੱਪ ਦੀ ਕਮੈਂਟਰੀ ਕਰਕੇ ਗੁਣ ਗਾਉਣ ਵਾਲਾ ਇਹ ਆਗੂ  ਇਸ ਕਬੱਡੀ ਕੱਪ ਨੂੰ ਹੀ ਮੁਦਾ ਬਣਾਕਿ ਅਕਾਲੀ ਦਲ ਦਾ ਇਸ  ਰਾਂਹੀ ਵੱਡਾ ਨਿੰਦਕ ਬਣਿਆ ਹੋਇਆ ਹੈ। ਦੂਸਰੀ ਗੱਲ ਕਿ  ਇੱਕ ਦਿਨ ਪਹਿਲਾਂ ਮਨਪਰੀਤ ਬਾਦਲ ਦੀ ਪਾਰਟੀ ਦਾ ਆਗੂ ਹੁੰਦਿਆ ਉਸਦੇ  ਦੇ ਸੋਹਲੇ ਗਾਉਣ  ਵਾਲਾ ਰਾਤੋ ਰਾਤ ਉਸਦੀ ਅਲੋਚਨਾ ਕਰਕੇ ਆਪਣੀ ਕੱਚਘਰੜ ਸੋਚ ਦਾ ਵਿਖਾਵਾ ਕਰਦਾ ਰਿਹਾ। ਪੈਸੇ ਦੇ ਕਾਰਨ ਹੀ ਆਪਣੇ ਸਾਥੀ ਜੂਨੀਅਰ ਕਲਾਕਾਰਾਂ ਨਾਲ ਨਿੱਤ ਨਵੇਂ ਬਦਲ ਕੇ,  ਕਲਾ ਨੂੰ ਪੈਸੇ ਪਿੱਛੇ ਨਿੱਤ ਨਵੇਂ ਚੈਨਾਲਾਂ ਅਤੇ ਕੰਪਨੀਆਂ ਨੂੰ ਵੇਚਣ ਦੇ ਪਿੱਛੇ ਭਜਦਾ ਰਿਹਾ । ਪੈਸੇ ਦੀ ਹਵਸ ਕਰਨ ਵਿਦੇਸਾਂ ਤੱਕ ਹੀ ਜੀਵਨ ਸਾਥੀ ਭਾਲਦਾ ਤੁਰਨ ਵਾਲਾ ਵਿਅਕਤੀ ਪਰਪੱਕ ਸੋਚ ਦਾ ਕਦੀ ਨਹੀਂ ਹੋ ਸਕਦਾ । ਸਫਲ ਕਮੇਡੀਅਨ ਹੋਣਾਂ ਚੰਗੀ ਗੱਲ ਹੈ ਪਰ ਇਹ ਇਨਕਲਾਬੀ ਤਬਦੀਲੀਆਂ ਕਰਨ ਵਾਲੀ ਕੁਰਸੀ ਦੇ ਯੋਗ ਹੋਣ ਦੀ ਗਰੰਟੀ ਨਹੀਂ ਹੈ। ਇਸ ਤਰਾਂ ਹੀ ਆਗੂ ਬਣਨ ਦੀ ਲਾਈਨ ਵਿੱਚ ਲੱਗਣ ਵਾਲੇ ਦੂਸਰੇ ਆਗੂ ਵੀ ਕਰੋੜਾਂ ਪਤੀ ਬਣਨ ਦੇ ਹੀ ਰਾਹ ਦੇ ਸਾਹ ਸਵਾਰ ਹਨ ।ਪੰਜਾਬ ਦੀ ਡੁੱਬ ਚੁਕੀ ਆਰਥਿਕਤਾ ਨੂੰ ਲੀਹਾਂ ਤੇ ਲਿਆਉਣ ਦੇ ਇਨਕਲਾਬੀ ਸੋਚ ਦੀ ਦਿਰੜਤਾ ਅਤੇ ਵਿਚਾਰਧਾਰਾ ਤੋਂ ਰਹਿਤ ਕੋਈ ਵੀ ਆਗੂ ਪੰਜਾਬ ਅਤੇ ਪੰਜਾਬੀਆਂ ਲਈ ਘਾਤਕ ਹੀ ਸਾਬਤ ਹੋਵੇਗਾ। ਪੰਜਾਬ ਦੀ ਧਰਤੀ ਭਾਵੇਂ ਕਦੇ ਬਾਂਝ ਨਹੀਂ ਹੁੰਦੀ ਸਮੇਂ ਦੇ ਨਾਲ ਕੋਈ ਜੁਝਾਰੂ ਅਤੇ ਪਰਪੱਕ ਸੋਚ ਵਾਲਾ ਆਗੂ ਜਰੂਰ ਜੰਮੇਗੀ ਜੋ ਪੰਜਾਬੀਆਂ ਨੂੰ ਨਵੀਂ ਰਾਹ ਅਤੇ ਨਵੀਂ ਸੋਚ ਨਾਲ ਦੁਨੀਆਂ ਦੇ ਨਾਲ ਪੈਰ ਮੇਲਕੇ ਤੁਰਨ ਵਿੱਚ ਅਗਵਾਈ ਦੇਵੇਗਾ। ਲੋਕਰੋਹ ਦਾ ਨਜਾਇਜ ਫਾਇਦਾ ਕੱਚ ਘਰੜ ਆਗੂਆਂ ਨੂੰ ਆਗੂ ਬਣਾਕਿ ਕਦਾ ਚਿੱਤ ਵੀ ਨਹੀਂ ਦਿੱਤਾ ਜਾਣਾਂ ਚਾਹੀਦਾ । ਪੰਜਾਬ ਦੇ ਬੁਧੀਜੀਵੀ ਵਰਗ ਅਤੇ ਸਿਆਣੇ ਲੋਕਾਂ ਨੂੰ ਵਕਤ ਦੀ ਲਹਿਰ ਵਿੱਚ ਰੁੜਨ ਦੀ ਬਜਾਇ ਲੋਕਾਂ ਦੀ ਸੋਚ ਨੂੰ ਸਹੀ ਰੁੱਖ ਦੇਣ ਵਿੱਚ ਯੋਗਦਾਨ ਪਾਉਣ ਵੱਲ ਕੋਸਿਸ ਕਰਨੀ ਚਾਹੀਦੀ ਹੈ। ਪੰਜਾਬ ਦੇ ਵਰਤਮਾਨ ਆਰਥਿਕ ਹਾਲਾਤ ਦਿਵਾਲੀਆ ਹੋਣ ਵੱਲ ਜਾ ਰਹੇ ਹਨ ਕਿਉਂਕਿ ਪੰਜਾਬ ਦੇ ਬਜਟ ਵਿੱਚ ਵਿਕਾਸ ਲਈ ਸਬਸਿਡੀਆਂ ,ਤਨਖਾਹਾਂ ਅਤੇ ਕਰਜੇ ਦੇ ਵਿਆਜ ਦੇਣ ਤੋਂ ਬਿਨਾਂ ਕੁੱਝ ਵੀ ਨਹੀਂ ਬਚਦਾ ਬਲਕਿ ਇਹਨਾਂ ਖਰਚਿਆਂ ਨੂੰ ਹੀ ਪੂਰਾ ਕਰਨ ਲਈ ਪਰਾਪਰਟੀ ਟੈਕਸ ਤੱਕ ਲਾਕੇ ਘਰਾਂ ਨੂੰ ਵੀ ਕਰਾਏ ਦੇ ਬਣਾ ਦਿੱਤਾ ਗਿਆ ਹੈ। ਹਰ ਆਮ ਘਰੇਲੂ ਲੋੜ ਤੱਕ ਦੀ ਵਸਤੂ ਤੇ ਭਾਰੀ ਟੈਕਸ ਲੱਗ ਚੁੱਕੇ ਹਨ । ਹਰ ਉਹ ਰਾਹ ਭਾਲਿਆ ਜਾ ਰਿਹਾ ਹੈ ਜਿਸ ਨਾਲ ਨਵੇਂ ਟੈਕਸ ਲਾਏ ਜਾ ਸਕਣ ਸਾਇਦ ਹੁਣ ਤਾਂ ਮੁਰਦਿਆਂ ਤੇ ਪੈਣ ਵਾਲੀ ਲੱਕੜ ਵੀ ਟੈਕਸ ਤੋਂ ਬਿਨਾਂ ਨਹੀਂ ਮਿਲ ਰਹੀ । ਪੰਜਾਬ ਦੀ ਹਰ ਉਹ ਸਰਕਾਰੀ ਜਾਇਦਾਦ ਵੇਚੀ ਜਾ ਰਹੀ ਹੈ ਜੋ ਆਗੂਆਂ ਦੇ ਨਜਰੀਂ ਪੈ ਜਾਂਦੀ ਹੈ । ਜਾਇਦਾਦਾਂ ਵੇਚਕੇ ਖਜਾਨੇ ਫਿਰ ਵੀ ਭਰੇ ਨਹੀਂ ਜਾ ਰਹੇ ਬਲਕਿ ਡੰਗ ਟਪਾਇਆ ਜਾ ਰਿਹਾ ਹੈ। ਇਹੋ ਜਿਹੇ ਹਾਲਤਾਂ ਦੇ ਵਿੱਚ ਜੇ ਫੇਰ ਕੱਚ ਘਰੜ ਲੋਕ ਆਗੂ ਬਣ ਗਏ ਤਦ ਪੰਜਾਬ ਸਦੀਆਂ ਤੱਕ ਪਿੱਛੇ ਪੈ ਜਾਵੇਗਾ । ਪੰਜਾਬ ਦੇ ਆਗੂ ਬਣਨ ਵਾਲੇ ਬੰਦੇ ਦੇ ਕੋਲ ਕੁਰਸੀ ਮੱਲਣ ਦੀ ਲਾਲਸਾ ਨਹੀਂ ਹੋਣੀ ਚਾਹੀਦੀ ਸਗੋਂ ਪੰਜਾਬ ਦੇ ਬਿਮਾਰ ਹਾਲਤਾਂ ਦੇ ਇਲਾਜ ਦੀ ਦਵਾਈ ਦਾ ਦਾਅਵਾ ਤੇ ਸਪੱਸਟ ਖਾਕਾ ਵੀ ਹੋਣਾਂ ਚਾਹੀਦਾ ਹੈ। ਲੋਕ ਰੋਹ ਦੀ ਲਹਿਰ ਤੇ ਕਿਸੇ ਕੱਚ ਘਰੜ ਪਾਰਟੀ ਦੇ ਨਾਂ ਤੇ ਕੱਚਘਰੜ ਆਗੂ ਦਾ ਪੰਜਾਬ ਦੀ ਵਾਗਡੋਰ ਸੰਭਾਲ ਲੈਣਾਂ ਅਤਿ ਖਤਰਨਾਕ ਹੋਵੇਗਾ । ਪੰਜਾਬ ਦੇ ਲੋਕਾਂ ਦੇ ਸੰਕੇਤ ਸਾਫ ਅਤੇ ਸਪੱਸਟ ਹਨ ਕਿ ਉਹ ਸਥਾਪਤ ਧਿਰਾਂ ਤੋਂ ਅੱਕ ਚੁੱਕੇ ਹਨ ਅਤੇ ਨਵੇਂ  ਆਗੂ ਦੀ ਮੰਗ ਕਰਦੇ ਹਨ ਜੋ ਪੰਜਾਬ ਅਤੇ ਪੰਜਾਬੀਆਂ ਦੀ ਮੰਝਧਾਰ ਵਿੱਚ ਫਸੀ ਬੇੜੀ ਨੂੰ ਕਿਨਾਰੇ ਲਾ ਸਕੇ ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ                    

Friday, 11 April 2014

ਕੌਣ ਜਾਣੈ ਗੁਣ ਤੇਰੇ

                                             
                                   ਰੱਬ ਤਾਂ ਪਤਾ ਨਹੀਂ ਅੱਜ ਤੱਕ ਕਿਸੇ ਨਾਂ ਦੇਖਿਆ ਹੈ ਜਾਂ ਨਹੀਂ ਕੋਈ ਨਹੀਂ ਕਹਿ ਸਕਦਾ ਪਰ ਰੱਬ ਦਾ ਦੂਸਰਾ ਰੂਪ ਕੁਦਰਤ ਹਰ ਕੋਈ ਦੇਖਦਾ ਹੈ ਜਿਸ ਦੇ ਪੰਜ ਰੂਪ ਮੰਨੇਂ ਜਾਂਦੇ ਹਨ ਮਿੱਟੀ ਪਾਣੀ ਹਵਾ , ਅਕਾਸ ਅਤੇ ਅੱਗ । ਸਾਰਾ ਬ੍ਰਹਿਮੰਡ ਇੰਹਨਾਂ ਪੰਜ ਤੱਤਾਂ ਦਾ ਹੀ ਵਿਸਥਾਰ ਹੈ। ਦੁਨੀਆਂ ਦੀ ਹਰ ਜਿਉਂਦੀ ਅਤੇ ਨਿਰਜੀਵ ਜੜ ਵਸਤੂਆਂ ਕੁਦਰਤ ਦੇ ਇੰਹਨਾਂ ਪੰਜ ਰੂਪਾਂ ਤੋਂ ਹੀ ਬਣੀਆਂ ਹਨ। ਦੁਨੀਆਂ ਉੱਪਰ ਸਾਡੀ ਭਾਈਚਾਰਕ ਜਾਤੀ ਮਨੁੱਖ ਆਪਣੇ ਆਪ ਵਿੱਚ ਸਭ ਤੋਂ ਤਾਕਤਵਰ ਅਤੇ ਸਿਆਣੀ ਅਤੇ ਸਭ ਤੋਂ ਉੱਤਮ ਹੋਣ ਦਾ ਸਰਟੀਫਿਕੇਟ ਆਪਣੇ ਆਪ ਨੂੰ ਭਰ ਲੈਂਦੀ ਹੈ। ਕੁਦਰਤ ਦੇ ਪੰਜ ਰੂਪਾਂ ਦਾ ਸੁਮੇਲ ਜਿਸ ਮਨੁੱਖ ਵਿੱਚ ਬਿਹਤਰ ਹੁੰਦਾਂ ਹੈ ਉਹ ਮਨੁੱਖ ਤੰਦੁਰੁਸਤ ਰਹਿੰਦਾਂ ਹੈ ਅਤੇ ਲੰਬੀਂ ਉਮਰ ਭੋਗਣ ਦੇ ਯੋਗ ਵੀ ਬਣ ਜਾਂਦਾਂ ਹੈ । ਤੰਦਰੁਸਤ ਮਨੁੱਖ ਹੀ ਉਤਸਾਹ ਅਤੇ ਅੱਗੇ ਸਮਾਜ ਨੂੰ ਜਿੱਤਣ ਦੇ ਸੁਪਨੇ ਲੈਂਦਾਂ ਹੈ। ਭਾਵੇਂ ਦੁਨੀਆਂ ਦਾ ਹਰ ਮਨੁਖ ਸਿਕੰਦਰ ਬਣਨ ਦੇ ਸੁਪਨੇ ਲੈਂਦਾਂ ਹੈ ਪਰ ਅੱਜ ਤੱਕ ਸਮੁੱਚਾ ਸੰਸਾਰ ਕਿਸੇ ਤੋਂ ਵੀ ਨਹੀਂ ਜਿਤਿਆ ਗਿਆ ਭਾਵੇਂ ਕੋਈ ਰਾਜਸੱਤਾ ਦਾ ਮਾਲਕ ਬਣਿਆਂ ਹੋਵੇ ਜਾਂ ਧਾਰਮ ਸੱਤਾ ਦਾ ਪੈਗੰਬਰ ਸ਼ਭ ਅੰਤ ਨੂੰ ਕੁਦਰਤ ਦੇ ਅੱਗੇ ਹਾਰ ਕੇ ਮੌਤ ਦੇ ਸਾਹ ਸਵਾਰ ਹੁੰਦਿਆਂ ਕੁਦਰਤ ਦੇ ਵਿੱਚ ਹੀ ਸਮਾ ਜਾਂਦੇ ਹਨ ਅਤੇ ਅਣਜਾਣੀ ਚੇਤਨਾ ਕਿਧਰ ਚਲੀ ਜਾਂਦੀ ਹੈ ਬਾਰੇ ਸਪੱਸਟ ਕੋਈ ਵੀ ਕੁੱਝ ਨਹੀਂ ਦੱਸ ਸਕਦਾ ।
                                   ਦੁਨੀਆਂ ਦਾ ਹਰ ਬੰਦਾਂ ਆਪਣੇ ਦਿਮਾਗੀ ਲੈਵਲ ਨੂੰ ਹੀ ਅੰਤਿਮ ਮੰਨਦਾਂ ਹੈ ਪਰ ਕਿਸੇ ਵੀ ਵਿਅਕਤੀ ਦੀ ਸਮਰਥਾ ਇੱਕ ਦੂਜੇ ਨਾਲ ਮੇਲ ਨਹੀਂ ਖਾਦੀਂ । ਹਰ ਵਿਅਕਤੀ ਸਕਲ ਤੋਂ ਸਮਾਨ ਹੋ ਸਕਦਾ ਹੈ ਪਰ ਚੇਤਨਾਂ ਅਤੇ ਸਰੀਰਕ ਗੁਣਾਂ ਵਿੱਚ ਕਦੇ ਵੀ ਬਰਾਬਰ ਨਹੀਂ ਹੋ ਸਕਦਾ । ਦੁਖਾਂਤ ਉਸ ਵਕਤ ਹੀ ਪੈਦਾ ਹੰਦਾਂ ਹੈ ਜਦ ਕੋਈ ਵਿਅਕਤੀ ਆਪਣੇ ਦਿਮਾਗੀ ਪੱਧਰ ਨੂੰ ਹੀ ਅੰਤਿਮ ਮੰਨਕੇ ਦੂਸਰਿਆਂ ਦੀ ਸਮਰਥਾਂ ਨੂੰ ਸਵੀਕਾਰ ਕਰਨ ਤੋਂ ਮੁਨਕਰ ਹੋ ਜਾਂਦਾਂ ਹੈ। ਦੁਨੀਆਂ ਦੇ ਵਿੱਚ ਅਣਗਿਣਤ ਚਮਤਕਾਰ ਵਾਪਰਦੇ ਹਨ ਹਰ ਮਨੁੱਖ ਆਪਣੀ ਜਿੰਦਗੀ ਵਿੱਚ ਇਸ ਤਰਾਂ ਦੀਆਂ ਅਨੇਕਾਂ ਵਰਤਾਰਿਆਂ ਨੂੰ ਦੇਖਦਾ ਮਹਿਸੂਸ ਕਰਦਾ ਹੈ । ਇਸ ਤਰਾਂ ਦੀ ਹੀ ਇੱਕ ਘਟਨਾਂ ਮੇਰੇ ਬਾਰੇ ਹੈ,  ਬਚਪਨ ਦੀ ਬਾਰਾਂ ਕੁ ਸਾਲ ਦੀ ਉਮਰ ਵਿੱਚ ਮੇਰੇ ਬਾਪ ਨੇ ਮੇਰੀ ਸਿਕਾਇਤ ਇੱਕ ਬਹੁਤ ਹੀ ਉੱਚ ਕੋਟੀ ਦੇ ਜੋਤਿਸੀ ਅਤੇ ਦੇਸੀ ਦਵਾਈਆਂ ਵਰਤਣ ਵਾਲੇ ਵੈਦ ਕੋਲ ਕੀਤੀ ਕਿ ਮੈਂ ਅੜਬ ਸੁਭਾਉ ਅਤੇ ਕਿਤਾਬਾਂ ਜਿਆਦਾ ਪੜਨ ਦਾ ਆਦੀ ਕਿਉਂ ਹਾਂ। ਅੱਗੋਂ ਉਸ ਜੋਤਿਸੀ ਨੇ ਕਿਹਾ ਸੁਰਜੀਤ ਸਿੰਆਂ ਤੇਰੇ ਪੁੱਤ ਦਾ ਸੁਭਾ ਨਹੀਂ ਬਦਲੇਗਾ ਤੇਰਾ ਨੁਕਸਾਨ ਨਹੀਂ ਕਰੇਗਾ ਸੋਲਾਂ ਸਾਲ ਦੀ ਉਮਰ ਵਿੱਚ ਥੋੜਾ ਬਦਲੇਗਾ ਡਰਨ ਦੀ ਕੋਈ ਲੋੜ ਨਹੀਂ ਜਾਕੇ ਦੇਖ ਲਵੀਂ ਉਸਦੂ ਛਾਤੀ ਤੇ ਖੱਬੇ ਪਾਸੇ ਤਿਣ ਦਾ ਨਿਸਾਨ ਹੋਵੇਗਾ ਜਿਸ ਬਾਰੇ ਮੈਨੂੰ ਵੀ ਪਤਾ ਨਹੀਂ ਸੀ । ਮੇਰੇ ਬਾਪ ਦੇ ਦੱਸਣ ਤੇ ਸਾਰੇ ਪਰੀਵਾਰ ਵਿੱਚ ਕਮੀਜ ਦੇ ਬਟਨ ਖੋਲ ਕੇ ਦੇਖਿਆਂ ਸੱਚਮੁੱਚ ਹੀ ਮੇਰੇ ਖੱਬੇ ਪਾਸੇ ਕਾਲਾ ਤਿਣ ਮੌਜੂਦ ਸੀ । ਨਾਸਤਿਕ ਵਿਚਾਰਧਾਰਾ ਦਾ ਹਾਮੀ ਮੈਂ ਸਦਾ ਹੀ ਉਸ ਫਕੀਰ ਦੀ ਸਚਾਈ ਅਤੇ ਲੋਕ ਸੇਵਾ ਦਾ ਪਰਸੰਸਕ ਰਿਹਾ ਹਾਂ ਕਿਉਂਕਿ ਮਹਾਨ ਮਨੁੱਖ ਸੀ ਉਹ ਗਰੀਬਾਂ ਨੂੰ ਮੁਫਤ ਇਲਾਜ ਦੇਣ ਵਾਲਾ ਸਵਰਗਵਾਸੀ ਸੰਤ ਗੁਰਦੇਵ ਸਿੰਘ ਆਦਮਪੁਰ ਨੇੜੇ ਸਲਾਬਤ ਪੁਰਾ ਜਿਲਾ ਬਠਿੰਡਾਂ ਦਾ ।
                    ਇਸ ਤਰਾਂ ਦੀ ਇਕ ਹੋਰ ਘਟਨਾਂ ਹੈ ਕਿ ਇੱਕ ਫਾਂਸੀਂ  ਦੀ ਸਜਾ ਪਰਾਪਤ ਕੈਦੀ ਪੁਲੀਸ ਅਧਿਕਾਰੀਆਂ ਦੇ ਆਪਣੇ ਵੱਲੋਂ ਸਜਾ ਮਾਫ ਕਰਵਾਉਣ ਵਾਲੀ ਅਰਜੀ ਉੱਪਰ ਅਣਪੜਹੋਣ ਕਾਰਨ ਅੰਗੂਠਾ ਲਾਉਣ ਤੋਂ ਹੀ ਇਨਕਾਰ ਕਰ ਦਿੰਦਾਂ ਹੈ ਕਿ ਮੈਂਨੂੰ ਨਹੀਂ ਡਰ ਮੌਤ ਦਾ ਜਦ ਮੈਂ ਕਤਲ ਕੀਤਾ ਨਹੀਂ ਨਾਂ ਹੁੰਦਾਂ ਦੇਖਿਆਂ ਫਿਰ ਕਿਉਂ ਲੜਾਂ ਕੋਰਟ ਕੇਸ ਕਿਉਂ ਮੰਗਾਂ ਰਹਿਮ ਦੀ ਭੀਖ ਇਹੋ ਜਿਹੇ ਜੱਜਾਂ ਰਾਸਟਰਪਤੀਆਂ ਤੋਂ ਜਿੰਹਨਾਂ ਨੰ ਇਨਸਾਫ ਨਹੀਂ ਕਰਨਾਂ ਆਉਂਦਾਂ ਸਿਰਫ ਫੈਸਲੇ ਕਰਨੇ ਜਾਣਦੇ ਹਨ। ਮੇਰੀ ਅਪੀਲ ਖੁਦਾ ਅੱਗੇ ਹੈ ਉਹ ਜਿਉਂਦਾਂ ਰੱਖੇ ਜਾਂ ਨਾਂ  ਮੈਂ ਉਸ ਅੱਗੇ ਸਰਮਿੰਦਾਂ ਨਹੀਂ ਹੋਣਾਂ ਚਾਹੁੰਦਾਂ ਕਿ ਤੇਰੇ ਦਰ ਨੂੰ ਛੱਡਕੇ ਦੁਨਿਆਵੀ ਲੋਕਾਂ ਵਾਲੀਆਂ ਅਦਾਲਤਾਂ ਦੇ ਦਰ ਤੇ ਭੀਖ ਮੰਗੀਂ ਸੀ । ਸਮੇਂ ਦੇ ਨਾਲ ਬਿਨਾਂ ਰਹਿਮ ਦੀ ਅਰਜੀ ਦੇ ਇਸ ਵਿਅਕਤੀ ਦੀ ਸਜਾਇ ਮੌਤ ਮਾਫ ਹੋਈ ਇਸ ਮਹਾਨ ਵਿਅਕਤੀ ਦਾ ਨਾਂ ਹੈ ਇੰਦਰ ਸਿੰਘ ਪਿੰਡ ਪੱਖੋਕਲਾਂ ਜੋ 90 ਸਾਲ ਦੀ ਉਮਰ ਵਿੱਚ ਅੱਜ ਵੀ ਚੜਦੀਆਂ ਕਲਾਂ ਵਿੱਚ ਹੈ ਪਰ ਉਸਨੂੰ ਝੂਠਾ ਗਿ੍ਰਫਤਾਰ ਕਰਨ ਵਾਲੇ ਦੋ ਹੰਕਾਰੀ ਠਾਣੇਦਾਰ ਛੇ ਮਹੀਨਿਆਂ ਅੰਦਰ ਕੁਦਰਤੀ ਹਾਦਸਿਆਂ ਵਿੱਚ ਮੌਤ ਦੇ ਸਾਹ ਸਵਾਰ ਹੋ ਗਏ । ਮੌਤ ਦੀ ਸਿਫਾਰਸ ਕਰਨ ਵਾਲਾ ਪੰਜਾਬ ਦਾ ਮੁੱਖ ਰਾਜਨੀਤਕ ਆਗੂ ਜਿਉਂਦਾਂ ਸੜ ਕੇ ਮਰਿਆਂ ਮੁੱਖ ਝੂਠਾ ਗਵਾਹ ਜੋ ਵਿਧਾਨਕਾਰ ਸੀ ਅੰਤ ਪਛਤਾਉਦਾ ਹੋਇਆ ਜਹਾਨੋਂ ਅੱਤ ਮਾੜੀ ਹਾਲਤ ਵਿੱਚ ਕੂਚ ਕਰ ਗਿਆਂ। ਮਰਵਾਉਣ ਦੀ ਇੱਛਾ ਰੱਖਣ ਵਾਲੇ ਸਾਰੇ ਮਰ ਗਏ ਪਰ ਇਹ ਸੱਚਾ ਦਿਆਲੂ ਮਨੁਖ ਅੱਜ ਵੀ ਚੜਦੀਆਂ ਕਲਾਂ ਵਿੱਚ ਹੈ ਅਤੇ ਅਸਲੀ ਕਾਤਲਾਂ ਜੋ ਦੋ ਸਨ ਵਿੱਚੋਂ ਵੀ ਇੱਕ ਅੱਜ ਵੀ ਜਿਉਂਦਾਂ ਹੈ ਜੋ ਕਤਲ ਕਰਨਾਂ ਅੱਜ ਵੀ ਇਕਬਾਲ ਕਰਦਾ ਹੈ । ਇਹ ਕਾਤਲ ਅੱਜ ਵੀ ਅਦਾਲਤੀ ਪਰਬੰਧ ਅੱਗੇ ਹਿੰਦੋਸਤਾਨ ਦੇ ਅੰਨੇ ਬੋਲੇ ਕਾਨੂੰਨ ਅੱਗੇ ਸੱਚ ਬੋਲਣ ਨੂੰ ਤਿਆਰ ਹੈ ਪਰ ਅਦਾਲਤੀ ਢਾਚੇ ਅਤੇ ਵਕੀਲਾਂ ਦੀ ਫੌਜ ਮਾਇਆਂ ਨਾਗਣੀ ਦੀ ਡੰਗੀ ਹੋਈ ਪੈਸੇ ਦੀ ਭੇਂਟ ਚੜਾਏ ਬਿਨਾਂ ਲੋਕ ਹਿੱਤ ਦੇ ਨਾਂ ਤੇ ਕਦੇ ਵੀ ਇਹੋ ਜਿਹੇ ਕੇਸ ਨਹੀਂ ਲੜ ਸਕਦੀ ।
                   ਇੱਕ ਹੋਰ ਘਟਨਾਂ ਸੁਣੋਂ ਐਮਰਜੰਸੀ ਦੌਰਾਨ ਚੰਦਰ ਸੇਖਰ ਜੋ ਬਾਦ ਵਿੱਚ ਪਰਧਾਨ ਮੰਤਰੀ ਬਣਿਆ ਪਟਿਆਲਾ ਜੇਲ ਵਿੱਚ ਬੰਦ ਸੀ ਨੂੰ ਰਾਤ ਨੂੰ ਇੱਕ ਚਿੱਟੇ ਕੱਪੜਿਆਂ ਵਿੱਚ ਵਿਅਕਤੀ ਦਿਖਾਈ ਦਿੰਦਾਂ ਰਹਿੰਦਾਂ ਸੀ ਜਿਸ ਬਾਰੇ ਉਸ ਦੁਆਰਾ ਕੈਦੀਆਂ ਤੋਂ ਪੁੱਛਿਆਂ ਜਾਂਦਾਂ ਸੀ ਜਿਸ ਬਾਰੇ ਕੈਦੀਆਂ ਨੇ ਦੱਸਿਆਂ ਕਿ ਇਹ ਸੇਵਾ ਸਿੰਘ ਠੀਕਰੀ ਵਾਲੇ ਦੀ ਰੂਹ ਹੈ ਜਿਸ ਬੈਰਕ ਵਿੱਚ ਚੰਦਰ ਸੇਖਰ ਬੰਦ ਸੀ ਇਹ ਬੈਰਕ ਵਿੱਚ ਹੀ ਕਦੇ ਸੇਵਾ ਸਿੰਘ ਰੱਖਿਆਂ ਗਿਆ ਸੀ । ਇਹ ਪਤਾ ਲੱਗਣ ਤੋਂ ਬਾਅਦ ਅਨੇਕਾਂ ਬਾਰ ਚੰਦਰ ਸੇਖਰ ਨਾਅਰੇ ਲਾਉਣ ਲੱਗ ਜਾਂਦਾਂ ਸੀ  ਸੀਖ ਮਰੇ ਭੀ ਜੀਤੇਂ ਹੈ ਸੀਖ ਮਰੇ ਭੀ ਜੀਤੇਂ ਹੈ । ਜਦ ਚੰਦਰ ਸੇਖਰ ਦੀ ਰਿਹਾਈ ਹੋਈ ਅਤੇ ਬਾਦ ਵਿੱਚ ਮੰਤਰੀ ਬਣਿਆਂ ਤਾਂ ਪਟਿਆਲੇ ਵਿੱਚ ਸੇਵਾ ਸਿੰਘ ਠੀਕਰੀਵਾਲੇ ਦੇ ਬੁੱਤ ਨੂੰ ਪਟਿਆਲੇ ਲਾਉਣ ਵਾਸਤੇ ਚੰਦਰ ਸੇਖਰ ਨੇ ਹੀ ਹੁਕਮ ਕੀਤਾ ਸੀ ਸਾਇਦ ਉਦਘਾਟਨ ਵੀ । ਪਟਿਆਲੇ ਜੇਲ ਵਿੱਚ ਸੇਵਾ ਸਿੰਘ ਠੀਕਰੀਵਾਲੇ ਦੀ ਰਿਹਾਇਸ ਵਾਲੀ ਸਜਾਇ ਮੌਤ ਦੇ ਕੈਦੀਆਂ ਨੂੰ ਰੱਖਣ ਵਾਲੀ ਬੈਰਕ ਅੱਗੇ 1985 ਤੱਕ ਕੋਈ ਪੁਲੀਸ ਵਾਲਾ ਨਹੀਂ ਕੈਦੀ ਪਹਿਰੇਦਾਰ ਹੀ ਖੜਦੇ ਸਨ ਅੱਜ ਕਲ ਪਤਾ ਨਹੀਂ , ਕਿਉਂਕਿ  ਕਹਿੰਦੇ ਨੇ ਪੁਲੀਸ ਮੁਲਾਜਮ ਡਰਦੇ ਸਨ ਜਿਸ ਬਾਰ ਅਨੇਕ ਕਹਾਣੀਆਂ ਹਨ ।
                   ਇਸ ਤਰਾਂ ਦਾ ਹੀ ਇੱਕ ਹੋਰ ਅਚੰਭਾਂ ਦੇਖਿਆਂ ਹੈ ਜਦ ਮੇਰਾ ਇੱਕ ਨਜਦੀਕੀ ਰਿਸਤੇਦਾਰ ਬੋਰ ਵਾਲੇ ਪੰਜਾਹ ਫੁੱਟ ਡੂੰਘੇ ਟੋਏ ਵਿੱਚ ਜਾ ਡਿੱਗਿਆ ਜਿਸ ਦੀ ਰੀੜ ਦੀ ਹੱਡੀ ਤੀਸਰੇ ਮਣਕੇ ਤੋਂ ਟੁੱਟ ਗਈ । ਡੀ ਅੰਮ ਸੀ ਦੇ ਮਸਹੂਰ ਨਿਉਰੋ ਸਰਜਨ ਨੇ ਅਪਰੇਸਨ ਤੋਂ ਬਾਅਦ ਨੈਗੇਟਿਵ ਰਿਜਲਟ ਦੱਸਿਆਂ ਅਤੇ ਕਿਹਾ ਕਿ ਇਸਨੂੰ ਹੁਣ ਲੱਤਾ ਕੱਟ ਦੇਣ ਤੇ ਵੀ ਤਕਲੀਫ ਨਹੀਂ ਹੋਵੇਗੀ । ਐਮ ਆਰ ਆਈ ਦਾ ਰਿਜਲਟ ਵੀ ਨੈਗੇਟਿਵ ਆਇਆਂ । ਅਪਰੇਸਨ ਦੇ ਦੋ ਸਾਲ ਬਾਅਦ ਜਦ ਉਸ ਡਾਕਟਰ ਕੋਲ ਦੁਬਾਰਾ ਚੈਕ ਕਰਵਾਇਆ ਗਿਆਂ ਉਹਨਾਂ ਦੇ ਕਹਿਣ ਅਨੁਸਾਰ ਪਰ ਤਦ ਤੱਕ ਸਾਡਾ ਮਰੀਜ ਲੱਤਾਂ ਸਹਾਰੇ ਤੁਰਨ ਵੀ ਲੱਗ ਗਿਆ ਸੀ । ਜਦ ਡਾਕਟਰ ਨੂੰ ਪੁੱਛਿਆ ਗਿਆਂ ਕਿ ਤੁਸੀ ਤਾਂ ਇੱਥੋਂ ਤੱਕ ਕਿਹਾ ਸੀ ਇਸਦੀਆਂ ਲੱਤਾਂ ਕਦੇ ਦਰਦ ਮਹਿਸੂਸ ਵੀ ਨਹੀਂ ਕਰਨਗੀਆਂ ਤਦ ਡਾਕਟਰ ਦਾ ਜਵਾਬ ਸੀ ਸਾਡੇ ਨਾਲੋਂ ਵੱਡਾ ਡਾਕਟਰ ਰੱਬ ਹੈ ਅਤੇ ਮੈਂ ਤਾਂ ਇਹ ਸੋਚਦਾ ਹਾਂ ਕਿ ਇਹ ਹਾਲੇ ਜਿਉਂਦਾਂ ਵੀ ਬੈਠਾ ਹੈ । ਉਹ ਨੌਜਵਾਨ ਪੰਦਰਾਂ ਸਾਲਾਂ ਬਾਦ ਅੱਜ ਵੀ ਚੜਦੀਆਂ ਕਲਾਂ ਵਿੱਚ ਤੰਦਰੁਸਤ ਹੈ ਅਤੇ ਥੋੜੇ ਸਹਾਰੇ ਦੀ ਮੱਦ ਨਾਲ ਚੱਲ ਫਿਰ ਸਕਦਾ ਹੈ ।
                         ਤਰਕਸੀਲ ਬਣਕੇ ਭਾਵੇਂ ਅਸੀਂ ਕਿੰਨੇਂ ਵੀ ਆਧੁਨਿਕ ਹੋਣ ਦਾ ਦਾਅਵਾ ਕਰੀ ਜਾਈਏ ਜਾਂ ਅਖੌਤੀ ਵਿਗਿਆਂਨ ਦੇ ਨਾਂ ਤੇ ਸੱਚ ਤੋਂ ਮੁਨਕਰ ਹੋਈ ਜਾਈਏ ਪਰ ਜਿੰਦਗੀ ਜਿਉਂਦਿਆਂ ਅਨੇਕਾਂ ਵਰਤਾਰੇ ਦੇਖ ਸਕਦੇ ਹਾਂ ਜੋ ਮਨੁਖੀ ਦਿਮਾਗ ਦੀ ਪਕੜ ਤੋਂ ਬਾਹਰ ਵਾਪਰਦੇ ਹਨ । ਨੀਵੇਂ ਪਾਸੇ ਜਾਣ ਵਾਲਾ ਅਰਬਾਂ ਟਨ ਪਾਣੀ ਅਸਮਾਨ ਵਿੱਚੋਂ ਡਿਗਦਾ ਦੇਖਦੇ ਹਾਂ । ਗੜਿਆਂ ਦੇ ਰੂਪ ਵਿੱਚ ਬਰਫ ਦੇ ਢੇਰ ਧਰਤੀ ਤੇ ਆ ਡਿੱਗਦੇ ਹਨ। ਬੇਸੁਆਦੀ ਮਿੱਟੀ ਅਰਬਾਂ ਟਨ ਖੰਡ ਪੈਦਾ ਕਰੀ ਜਾ ਰਹੀ ਹੈ । ਦੁਨੀਆਂ ਦਾ ਹਰ ਸੁਆਦ ਗਰਮੀ ਅਤੇ ਮਿੱਟੀ ਦੇ ਮੇਲ ਵਿੱਚੋਂ ਪੈਦਾ ਹੋ ਰਿਹਾ ਹੈ । ਮਨੁਖ ਕੁਦਰਤ ਦੇ ਥੋੜੇ ਜਿਹੇ ਭੇਦ ਸਮਝ ਕੇ ਲੱਖ ਖੁਦਾ ਹੋਣ ਦੇ ਦਾਅਵੇ ਕਰੀ ਜਾਵੇ ਪਰ ਕੁਦਰਤ ਦੇ ਅਣਗਿਣਤ ਭੇਦ ਫਿਰ ਵੀ ਸਦਾ ਹੀ ਛੁਪੇ ਰਹਿਣਗੇ । ਜਦ ਵੀ ਸਮਝਦਾਰ ਕੁਦਰਤ ਦਾ ਕੋਈ ਨਵਾਂ ਕਿ੍ਰਸਮਾ ਵਾਪਰਦਾ ਦੇਖਦਾ ਹੈ ਤਦ ਉਹ ਕਹੇ ਬਿਨਾਂ ਨਹੀਂ ਰਹਿ ਸਕਦਾ ਕਿ ਕੌਣ ਜਾਣੈ ਗੁਣ ਤੇਰੇ ।
  ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ                    

Monday, 7 April 2014

ਕੌਣ ਜਿੱਤੇ ਕੌਣ ਹਾਰੇ ਫੈਸਲਾ ਕਿਵੇਂ ਕਰੀਏ ?

                             2014 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਦਾ ਯੁੱਧ ਸੁਰੂ ਹੋ ਚੁਕਿਆਂ ਹੈ। ਇੱਕ ਪਾਸੇ ਰਾਜਨੀਤਕ ਆਗੂਆਂ ਦੀ ਤੇਜ ਤਰਾਰ ਫੌਜ , ਵਪਾਰੀ ਲੁਟੇਰੀਆਂ ਜਮਾਤਾਂ ਦੇ ਹੱਥਠੋਕੇ ਲੋਕ ਖੜੇ ਹਨ ਦੂਸਰੇ ਪਾਸੇ ਪੰਜ ਕੁ ਪ੍ਰਤੀ ਸਤ ਲੋਕਾਂ ਨੂੰ ਛੱਡਕੇ 95 % ਆਮ ਲੋਕਾਂ ਦੀ ਫੌਜ ਖੜੀ ਹੈ ਜਿਸ ਵਿੱਚ 70% ਲੋਕ ਤਾਂ ਰੋਟੀ ਨੂੰ ਖਾਣ ਲੱਗਿਆਂ ਵੀ ਅਰਦਾਸ ਕਰਦੇ ਹਨ ਕਿ ਹੇ ਅੰਨ ਦੇਵਤਾ ਕੱਲ ਨੂੰ ਵੀ ਸਾਡੇ ਘਰ ਜਰੂਰ ਆਵੀਂ ਨਹੀਂ ਤਾਂ ਸਾਡਾ ਪੇਟ ਰੋਂਦਾਂ ਰਹੇਗਾ ਤੇਰੀ ਉਡੀਕ ਵਿੱਚ । ਨੇਤਾ ਲੋਕ ਨਿੱਤ ਦਿਨ ਝੂਠ ਬੋਲਣ ਦੇ ਰਿਕਾਰਡ ਬਣਾਈ ਜਾ ਰਹੇ ਹਨ । ਅਮੀਰਾਂ ਦੇ ਦਲਾਲ ਇਹ ਲੋਕ ਆਮ ਜਨਤਾ  ਨੂੰ ਉਲਾਭੇਂ ਦੇ ਰਹੇ ਹਨ ਕਿ ਅਸੀਂ ਤੁਹਾਡੇ ਲਈ ਇਹ ਕਰ ਦਿੱਤਾ ਹੈ ਅਤੇ ਉਹ ਕਰ ਦਿਆਂਗੇ ਭਾਵੇਂ ਅਸਲ ਵਿੱਚ ਜੋ ਕੀਤਾ ਹੈ ਸਭ ਕੁੱਝ ਆਪਣੇ ਅਤੇ ਆਪਣੀ ਮੁਲਾਜਮ ਵਰਗ ਫੌਜ ਅਤੇ ਲੁਟੇਰੀ ਅਮੀਰ ਸਰੇਣੀ ਦੇ ਲੋਕਾਂ ਲਈ ਹੀ ਕੀਤਾ ਹੈ। ਆਮ ਲੋਕਾਂ ਨੂੰ ਤਾਂ ਇਸ ਅਮੀਰ ਵਰਗ ਨੇਂ ਇਸ ਲਈ ਹੀ ਰੱਖਿਆ ਹੋਇਆ ਹੈ ਕਿ ਜੇ ਇਹ ਨਾਂ ਰਹੇ ਤਾਂ ਉਹ ਆਪਣੀ ਅਮੀਰੀ ਕਿਸ ਨੂੰ ਦਿਖਾਉਣਗੇ ਵਰਨਾਂ ਤਾਂ ਇਹ ਕਦੋਂ ਦੇ ਉਹਨਾਂ ਨੂੰ ਮਰਵਾ ਦਿੰਦੇਂ । ਕੁਦਰਤ ਦੀ ਅਜਬ ਖੇਡ ਹੈ ਕਿ ਅਮੀਰ ਦੀ ਅਮੀਰੀ ਗਰੀਬ ਲੋਕਾਂ ਦੀ ਅਣਹੋਂਦ ਵਿੱਚ ਬੇਕਾਰ ਹੋ ਜਾਂਦੀ ਹੈ। ਵਰਤਮਾਨ ਸਮੇਂ ਵਿੱਚ ਸਰਕਾਰਾਂ ਬਣਾਉਣ ਲਈ ਦੁਨੀਆਂ ਦੇ ਵੱਡੇ ਲੁਟੇਰਿਆਂ ਭਾਵ ਕਾਰਪੋਰੇਟ ਘਰਾਣਿਆਂ ਨੂੰ ਲੋਕਤੰਤਰ ਦਾ ਅਖੌਤੀ ਮੁਖੌਟਾਂ ਸਭ ਤੋਂ ਵਧੀਆਂ ਫਿੱਟ ਆਇਆ ਹੋਇਆਂ ਹੈ ਜਿਸ ਵਿੱਚ ਕਿਸੇ ਵੀ ਮੁਲਕ ਦੇ ਪਰਬੰਧਕ ਆਪਣੀ ਮਰਜੀ ਦੇ ਬਿਠਾਏ ਜਾਂਦੇ ਹਨ । ਅਮਰੀਕਾ ਦਾ ਮੁਖੀ ਇੰਹਨਾਂ ਘਰਾਣਿਆਂ ਦਾ ਸਭ ਤੋਂ ਵੱਡਾ ਏਜੰਟ ਹੈ ਜੋ ਦੁਨੀਆਂ ਦੇ ਦੂਸਰਿਆਂ ਦੇਸਾਂ ਨੂੰ ਅਖੌਤੀ ਲੋਕਤੰਤਰ ਲਾਗੂ ਕਰਨ ਦੇ ਹੁਕਮ ਦਿੰਦਾਂ ਰਹਿੰਦਾਂ ਹੈ। ਅਫਗਾਨਸਤਾਨ , ਇਰਾਕ ਅਤੇ ਹੋਰ ਅਰਬ ਮੁਲਕਾਂ ਵਿੱਚ ਅਮਰੀਕਾ ਦੁਆਰਾ ਥੋਪਿਆਂ ਲੋਕਤੰਤਰ ਨਿੱਤ ਦਿਨ ਅਰਾਜਕਤਾ ਨੂੰ ਜਨਮ ਦੇ ਰਿਹਾ ਸਭ ਦੇ ਸਾਹਮਣੇ ਹੈ। ਗਾਹੇ ਬਗਾਹੇ ਲੋਕਤੰਤਰ ਦੇ ਛੋਟੇ ਖੈਰ ਖਵਾਹ ਅਮਰੀਕੀ ਚਮਚੇ ਇੰਗਲੈਂਡ ਅਤੇ ਹੋਰ ਵਿਕਸਿਤ ਮੁਲਕਾਂ ਦੇ ਆਗੂ ਵੀ ਬਿਆਨ ਦਾਗਦੇ ਰਹਿੰਦੇ ਹਨ ।ਅਸਲ ਵਿੱਚ ਗਰੀਬ ਮੁਲਕਾਂ ਨੂੰ ਲੁੱਟਣ ਲਈ ਵੱਡੇ ਲੁਟੇਰੇ ਇਕੱਠੇ ਹੋ ਜਾਂਦੇ ਹਨ। ਆਪਣਾਂ ਉਦਯੋਗਿਕ ਕੂੜਾਂ ਕਚਰਾ ਵੇਚਣ ਲਈ ਇੰਹਨਾਂ ਨੂੰ ਦੁਨੀਆਂ ਦੇ ਦੂਸਰੇ ਮੁਲਕਾਂ ਵਿੱਚ ਆਪਣੇ ਗੁਲਾਮ ਬਿਠਾਉਣੇ ਜਰੂਰੀ ਹਨ ਜਿਸ ਲਈ ਲੋਕਤੰਤਰ ਦੀ ਦੁਰਵਰਤੋਂ ਹੋ ਰਹੀ ਹੈ।
                                ਭਾਰਤ ਦੇਸ ਦੀਆਂ ਸਾਰੀਆਂ ਵੱਡੀਆਂ ਰਾਜਨੀਤਕ ਪਾਰਟੀਆਂ ਅਮਰੀਕਾ ਤੋੰ ਮੱਦਦ ਭਾਲ ਰਹੀਆਂ ਹਨ । ਕਾਂਗਰਸ ਅਤੇ ਮਨਮੋਹਨ ਸਿੰਘ ਨੇ ਪਿੱਛਲੇ ਦਸ ਸਾਲ ਅਮਰੀਕੀ ਹਿੱਤ ਪੂਰਦੀਆਂ ਨੀਤੀਆਂ ਤੇ ਅਮਲ ਕੀਤਾ ਹੈ ਜਿਸਦਾ ਇਨਾਮ ਬੀਜੇਪੀ ਬਦਨਾਮ  ਕਰਨ ਲਈ  ਅਤੇ ਮੋਦੀ ਨੂੰ ਵੀਜੇ ਤੋਂ ਇਨਕਾਰ ਕਰਨਾਂ ਆਦਿ ਰਸਤੇ ਅਪਨਾਏ ਗਏ ਹਨ । ਬੀਜੇਪੀ ਦੀ ਧੌਣ ਮਰੋੜਨ ਲਈ ਅਮਰੀਕੀ ਇਨਾਮਾਂ ਨਾਲ ਸੁਸੋਭਿਤ ਅਤੇ ਸਥਾਪਤ ਅਰਵਿੰਦ ਕੇਜਰੀਵਾਲ ਨਾਂ ਦੀ ਤੋਪ ਵੀ ਚਲਾਈ ਜਾ ਰਹੀ ਹੈ। ਮੋਦੀ ਵੱਲੋਂ  ਭਰਵੀਂ ਬੇਇਜਤੀ ਕਰਵਾਉਣ ਦੇ ਬਾਵਜੂਦ ਪਿੱਛਲੇ ਸਮੇਂ ਅਮਰੀਕੀ ਰਾਜਦੂਤ ਨੂੰ ਅਤੇ ਹੋਰ ਅਮਰੀਕੀ ਅਧਿਕਾਰੀਆਂ ਨਾਲ ਮਿਲਕੇ ਸੰਕੇਤ ਭੇਜੇ ਜਾ ਰਹੇ ਹਨ ਕਿ ਮੈਂ ਵੀ ਤੁਹਾਡੇ ਹੱਕ ਵਿੱਚ ਹੀ ਹਾਂ ਚੋਣਾਂ ਦੇ ਫਾਈਨਲ ਤੱਕ ਤਾਂ ਸਾਇਦ ਪੂਰਾ ਸਮਝੌਤਾ ਵੀ ਹੋ ਚੁਕਿਆਂ ਹੋਵੇਗਾ । ਪਰਚਾਰ ਮੀਡੀਆਂ ਨਿੱਤ ਦਿਨ ਆਪਣੀਆਂ ਸੁਰਖੀਆਂ ਬਦਲਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਕਾਂਗਰਸ ਨੂੰ ਕਮਜੋਰ ਕਰਨ ਵਾਲਾ ਮੀਡੀਆਂ ਤੰਤਰ ਅੰਨਾਂ ਹਜਾਰੇ ਦੀ ਥਾਂ ਕਿਵੇਂ ਕੇਜਰੀਵਾਲ ਦਾ ਗੁਣਗਾਨ ਕਰ ਗਿਆਂ ਕਿਸੇ ਨੂੰ ਪਤਾ ਹੀ ਨਹੀਂ ਲੱਗਿਆਂ । ਸਮਾਂ ਅਤੇ ਇਸਾਰੇ  ਬਦਲਣ ਦੇ ਨਾਲ ਹੀ ਇਕਦਮ ਕੇਜਰੀਵਾਲ ਚੋਰ ਅਤੇ ਭਗੌੜਾ ਬਣਾ ਦਿੱਤਾ ਗਿਆਂ ਅਤੇ ਮੋਦੀ ਨੂੰ ਹੀਰੋ ਸਿੱਧ ਕੀਤਾ ਜਾ ਰਿਹਾ ਹੈ। ਹੋ ਸਕਦਾ ਲੋੜੌਂ ਵੱਧ ਤਾਕਤ ਹਾਸਲ ਕਰਨ ਤੋਂ ਰੋਕਣ ਲਈ ਵੀ ਚੋਣਾਂ ਦੀਆਂ ਤਰੀਖਾਂ ਸੁਰੂ ਹੋਣ ਤੇ ਕਾਂਗਰਸ ਅਤੇ ਤੀਜੇ ਮੋਰਚੇ ਵਿੱਚ ਕੁੱਝ ਸਾਹ ਪਾਏ ਰੱਖਣ ਨੂੰ ਪਹਿਲ ਦਿੱਤੀ ਜਾਵੇਗੀ । ਅੰਤਰ ਰਾਸਟਰੀ ਠੱਗ ਭਾਰਤ ਵਿੱਚ ਕਮਜੋਰ ਸਰਕਾਰ ਹੀ ਬਣਨ ਦੇਣਗੇ ਭਾਵੇਂ ਕਿ ਇਸ ਤੇ ਮੋਹਰ ਭਾਰਤੀ ਜਨਤਾ ਤੋਂ ਹੀ ਲਗਵਾਈ ਜਾਵੇਗੀ।  ਕਮਜੋਰ ਸਰਕਾਰਾਂ ਦੀ ਬਾਂਹ ਹਮੇਸਾਂ ਹੀ ਕਾਰਪੋਰੇਟ ਘਰਾਣਿਆਂ ਦੇ ਹੱਥ ਸੌਖੀ ਹੀ ਫੜੀ ਜਾਂਦੀ ਹੈ। ਦੁਨੀਆਂ ਦੀਆਂ ਮਲਟੀਨੈਸਨਲ ਕੰਪਨੀਆਂ ਦੇ ਸਾਂਝੀਦਾਰ ਭਾਰਤੀ ਵੱਡੇ ਕਾਰਪੋਰੇਟ ਘਰਾਣੇਂ ਅਤੇ ਇਕ ਦਮ ਕੁੱਝ ਸਾਲਾਂ ਵਿੱਚ ਹੀ ਨਵਂ ਦਲਾਲ ਕਿਸਮ ਦੇ ਅਮੀਰ, ਉਦਯੋਗਪਤੀ ਅਤੇ  ਵਪਾਰੀ ਸਭ ਤਿਆਰ ਬੈਠੇ ਹਨ ਭਾਰਤ ਦੇਸ ਦੀ ਸੋਨੇ ਦੀ ਚਿੜੀ ਦੇ ਖੰਭ ਪੁੱਟਣ ਲਈ। ਭਾਰਤ ਦੇਸ ਦੇ ਆਮ ਲੋਕਾਂ ਨੂੰ ਆਉਣ ਵਾਲੇ ਪੰਜ ਸਾਲ ਕੋਈ ਰਾਹਤ ਮਿਲਦੀ ਦਿਖਾਈ ਨਹੀਂ ਦਿੰਦੀ । ਵਰਤਮਾਨ ਚੋਣਾਂ ਲੋਕਾਂ ਨੂੰ ਤੀਸਰੇ ਬਦਲ ਦੇਣ ਦੇ ਨਾਂ ਥੱਲੇ ਆਮ ਆਦਮੀ ਪਾਰਟੀ ਦਾ ਭੁਲੇਖਾ ਜਰੂਰ ਖੜਾ ਕਰ ਜਾਵੇਗੀ ਕਿਉਂਕਿ ਅਗਲੇ ਪੰਜ ਸਾਲ ਰਾਜਸੱਤਾ ਦਾ ਏਜੰਟ ਕੇਜਰੀਵਾਲ ਅਗਲੇ ਪੰਜ ਸਾਲ ਲੋਕਾਂ ਨੂੰ ਗੁੰਮਰਾਹ ਕਰਦਾ ਰਹੇਗਾ ਕਿ ਅਗਲੀ ਵਾਰ ਆਪਣੀ ਮੁਕਤੀ ਲਈ ਮੈਨੂੰ ਵੋਟ ਦਿਉ । ਇਸ ਵਾਰ ਇਸ ਨਵੇਂ ਉਭਾਰ ਦੇ ਕਾਮਯਾਬ ਹੋਣ ਦੀਆਂ ਕੋਈ ਸੰਭਾਵਨਾਵਾਂ ਨਹੀਂ ਹਨ ਪਰ ਲੋਕਾਂ ਦੇ ਦਿਲ ਬਹਿਲਾਨੇ ਕੇ ਲੀਏ ਯੇਹ ਖਿਆਲ ਅੱਛਾ ਹੀ ਰਹੇਗਾ ।
                           ਭਾਰਤੀ ਵੋਟਰ ਦਾ ਸਿਆਣਾਂ ਵਰਗ ਜੋ ਦਸ ਕੁ ਪਰਸੈਂਟ ਹੈ ਹੀ ਹਰ ਵਾਰ ਉਲਟ ਫੇਰ ਕਰਦਾ ਹੈ । 90 % ਲੋਕ ਤਾਂ ਹਮੇਸਾਂ ਖੂਹ ਦੁਆਲੇ ਹੀ ਰੱਸਿਆਂ ਨਾਲ ਬੰਨੇ ਗੇੜੇ ਕੱਢਦੇ ਰਹਿੰਦੇ ਹਨ । ਦੋਨਾਂ ਵੱਡੀਆਂ ਧਿਰਾਂ ਕੋਲ 60 ਤੋਂ 70 ਕੁ ਪ੍ਰਤੀਸਤ ਵੋਟ ਹਨ ਬੀਹ ਕੁ ਪ੍ਰਤੀਸਤ ਲੋਕ ਕਿਸੇ ਨਵੇਂ ਨੂੰ ਵੋਟ ਪਾਉਂਦੇ ਹਨ ਦਸ ਕੁ ਪ੍ਰਤੀਸਤ ਬਾਕੀ ਬਚਦੇ ਲੋਕ ਜਿਧਰ ਝੁਕ ਜਾਣ ਉਸਨੂੰ ਜੇਤੂ ਬਣਾ ਦਿੰਦੇ ਹਨ ਜੇ ਇਸ ਵਾਰ ਇਹ ਅਹਿਮ ਵਰਗ ਸਥਾਪਤ ਧਿਰਾਂ ਵਿੱਚੋਂ ਚੁਣਨ ਦੀ ਬਜਾਇ ਕਿਸੇ ਨਵੀਂ ਧਿਰ ਨੂੰ ਪਹਿਲ ਦੇਵੇ ਤਦ ਨਵੇਂ ਰਸਤੇ ਸੁਰੂ ਹੋ ਸਕਦੇ ਹਨ ।ਇਸ ਵਾਰ ਵੀ ਇਸ ਸਿਆਣੇ ਵਰਗ ਨੂੰ ਹੀ ਫੈਸਲਾ ਲੈਣਾਂ ਪੈਣਾਂ ਹੈ । ਪਹਲੇ ਪਰਮੁੱਖ ਦੋਨੋਂ ਧੜਿਆਂ ਨੂੰ ਹਰ ਲੋਕਸਭਾ ਸੀਟ ਤੇ ਹਾਰ ਦੇਕੇ ਤੀਸਰੇ ਧੜੇ ਨੂੰ ਪਹਿਲ ਦੇਕੇ ਜੋ ਕੋਈ ਵੀ ਹੋਵੇ  ਪਹਿਲੇ ਦੋਨਾਂ ਧੜਿਆਂ ਨੂੰ ਸੰਕੇਤ ਦੇ ਦੇਣੇਂ ਚਾਹੀਦੇ ਹਨ ਕਿ ਕੋਈ ਨਵਾਂ ਵੀ ਜਨਮ ਲੈ ਸਕਦਾ ਹੈ। ਤੀਸਰੀ ਧਿਰ ਹਰ ਲੋਕ ਸਭਾ ਸੀਟ ਤੇ ਵੱਖੋ ਵੱਖਰੀ ਹੋ ਸਕਦੀ ਹੈ । ਜਦ ਤੱਕ ਭਾਰਤੀ ਵੋਟਰ ਸਥਾਪਤ ਧਿਰਾਂ ਨੂੰ ਚੈਲੰਜ ਨਹੀਂ ਕਰੇਗਾ ਅਤੇ ਕੋਈ ਨਵੀਂ ਧਿਰ ਖੜੀ ਨਹੀਂ ਕਰੇਗਾ ਤਦ ਤੱਕ ਕਿਸੇ ਨਵੇਂ ਨੇ ਪੁਰਾਣਿਆਂ ਨੂੰ ਵੰਗਾਰਨ ਦੀ ਹਿੰਮਤ ਨਹੀਂ ਕਰਨੀ । ਲੋਕ ਪੱਖੀ ਕਿਸੇ ਨੇਤਾ ਨੂੰ ਉੱਠਣ ਲਈ ਤਿਆਰ ਵੀ ਭਾਰਤੀ ਸਿਆਣੇ ਵੋਟਰ ਹੀ ਕਰਨਗੇ । ਜੇ ਇਸ ਵਾਰ ਦੀਆਂ ਚੋਣਾਂ ਵਿੱਚ ਸਥਾਪਤ ਧਿਰਾਂ ਨੂੰ ਸਬਕ ਸਿਖਾ ਦਿੱਤਾ ਜਾਂਦਾ ਹੈ ਤਦ ਅਗਲੀਆਂ ਲੋਕਸਭਾ ਚੋਣ ਵਿੱਚ ਜਰੂਰ ਹੀ ਲੋਕ ਪੱਖੀ ਆਗੂ ਸਾਹਮਣੇ ਆ ਜਾਣਗੇ। ਵਰਤਮਾਨ ਲੁਟੇਰੀ ਸਰੇਣੀ ਦੇ ਗੁਲਾਮ ਬਣ ਚੁਕੇ ਰਾਜਨੀਤਕਾਂ ਅਤੇ ਪਾਰਟੀਆਂ ਨੂੰ ਸਬਕ ਸਿਖਾਉਣ ਦਾ ਮੌਕਾ ਹੱਥੋਂ ਨਹੀਂ ਖੁੰਝਣ ਦੇਣਾਂ ਚਾਹੀਦਾ । ਭਾਰਤੀ ਵੋਟਰ ਪਹਿਲਾਂ ਵੀ ਕਈ ਵਾਰ ਵੋਟ ਦੇ ਜਰੀਏ ਤਖਤਾ ਪਲਟ ਕਰ ਚੁੱਕਾ ਹੈ ਸੋ ਇਸ ਵਾਰ ਵੀ ਸੰਕੇਤ ਦੇਣ ਵਿੱਚ ਜਰੂਰ ਹੀ ਸਫਲ ਹੋਵੇਗਾ ਦੀ ਕਾਮਨਾਂ ਕਰਨੀ ਚਾਹੀਦੀ ਹੈ। 
          ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ