ਪਿਛਲੇ ਦਿਨੀਂ ਯੂਪੀ ਦੇ ਨੇਤਾ ਮੁਲਾਇਮ ਯਾਦਵ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਜਿਹਨਾਂ ਇਸਤਰੀਆਂ ਨਾਲ ਰੇਪ ਹੋਏ ਹਨ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ । ਇਹ ਬਿਆਨ ਦੇਕੇ ਕੀ ਇਹ ਨੇਤਾ ਇਸਤਰੀਆਂ ਨੂੰ ਰੇਪ ਕਰਵਾਉ ਨੌਕਰੀ ਪਾਉ ਦਾ ਸੱਦਾ ਨਹੀਂ ਦੇ ਰਿਹਾ? ਇਸ ਤਰਾਂ ਦਾ ਬਿਅਨ ਇੱਕ ਵਾਰ ਬਾਦਲ ਸਾਹਿਬ ਨੇ ਦਿੱਤਾ ਸੀ ਕਿ ਆਤਮ ਹੱਤਿਆ ਕਰਨ ਵਾਲੇ ਕਿਸਾਨ ਨੂੰ ਢਾਈ ਲੱਖ ਰੁਪਏ ਦਿੱਤੇ ਜਾਣਗੇ। ਇਹ ਬਿਆਨ ਵੀ ਲੋਕਾਂ ਨੂੰ ਆਤਮਹੱਤਿਆ ਲਈ ਪਰੇਰਨ ਵਾਲਾ ਸੀ। ਇਸ ਤਰਾਂ ਹੀ ਸੈਂਟਰ ਸਰਕਾਰ ਦਾ ਨਾਹਰਾ ਗਰੀਬ ਬਣੋਂ ਸਹੂਲਤਾਂ ਲਵੋ ਰਾਜਨੀਤਕਾਂ ਅਤੇ ਅਫਸਰ ਸਾਹੀ ਦੀ ਨਲਾਇਕੀ ਸਿੱਧ ਕਰਦਾ ਹੈ। ਇਹੋ ਜਿਹੇ ਤੁਗਲਕੀ ਨੀਤੀਆਂ ਵਾਲੇ ਸਿਆਸਤਦਾਨ ਸਾਡੇ ਕਿਰਤੀ ਸੁਭਾਉ ਨੂੰ ਗੈਰ ਕੁਦਰਤੀ ਵਰਤਾਰੇ ਵੱਲ ਤੋਰਨ ਵਾਲੇ ਬਣਾਕੇ ਕੀ ਕਰਨਾਂ ਲੋਚਦੇ ਹਨ ਸੋਚਣ ਲਈ ਮਜਬੂਰ ਕਰਦਾ ਹੈ। ਇਸ ਤਰਾਂ ਦੇ ਬਹੁਤ ਸਾਰੇ ਬਿਆਨ ਬੇਅਕਲੇ ਸਿਆਸਤਦਾਨ ਨਿੱਤ ਦਿਨ ਦਿੰਦੇ ਰਹਿੰਦੇ ਹਨ। ਉਪਰੋਕਤ ਬਿਆਨ ਦੇਕੇ ਰਾਜਨੀਤਕ ਚਾਹੁੰਦੇ ਹਨ ਕਿ ਕੀ ਸਮਾਜ ਏਨਾ ਨੀਵਾਂ ਗਰਕ ਜਾਵੇ? ਅਸਲ ਵਿੱਚ ਸਾਡੇ ਰਾਜਨੀਤਕ ਬਿਨਾਂ ਸੋਚੇ ਸਮਝੇ ਬਿਆਨ ਦਾਗਣ ਦੇ ਆਦਿ ਹਨ ਜਦ ਕਿਸੇ ਬਿਆਨ ਦਾ ਉਲਟ ਅਸਰ ਪੈਂਦਾਂ ਲਗਦਾ ਹੈ ਤਦ ਝੱਟ ਪਲਟ ਜਾਂਦੇ ਹਨ ਅਤੇ ਬਿਆਨ ਤੋਂ ਮੁਕਰ ਹੀ ਜਾਂਦੇ ਹਨ। ਸਾਡੇ ਇੱਥੇ ਕੋਈ ਵੀ ਬਿਆਨ ਦਿਉ ਅਤੇ ਮੁੱਕਰ ਜਾਉ ਕੋਈ ਰੋਕ ਨਹੀਂ ਕੋਈ ਕਨੂੰਨੀ ਕਾਰਵਾਈ ਨਹੀਂ। ਕੀ ਸਾਡੇ ਨੇਤਾ ਏਨੇ ਅਕਲੋਂ ਖਾਲੀ ਹੋ ਚੁੱਕੇ ਹਨ ਕਿ ਉਹਨਾਂ ਨੂੰ ਇਹ ਵੀ ਤਾ ਨਹੀਂ ਲੱਗਦਾ ਕਿ ਉਹਨਾਂ ਦੇ ਬਿਆਨ ਦਾ ਸਮਾਜ ਤੇ ਕੀ ਅਸਰ ਪਵੇਗਾ। ਜੇ ਮੁਲਾਇਮ ਸਿੰਘ ਦੇ ਬਿਆਨ ਮੰਨ ਲਿਆ ਜਾਵੇ ਤਾਂ ਫਿਰ ਨੌਕਰੀ ਲੈਣ ਦਾ ਅਧਾਰ ਰੇਪ ਕਰਵਾਉਣਾਂ ਵੀ ਇੱਕ ਯੋਗਤਾ ਬਣ ਜਾਂਦੀ ਹੈ। ਜੇ ਬਾਦਲ ਸਾਹਿਬ ਦੇ ਬਿਆਨ ਨੂੰ ਮੰਨ ਲਿਆ ਜਾਵੇ ਤਦ ਪਰੀਵਾਰ ਦੇ ਕਿਸੇ ਵਿਅਕਤੀ ਨੂੰ ਉਕਸਾਉ ਅਤੇ ਅੱਤਮ ਹੱਤਿਆ ਦੇ ਨਾਂ ਥੱਲੇ ਸਰਕਾਰੀ ਪੈਸਾ ਪਰਾਪਤ ਕਰੋ। ਕੀ ਸਾਡੇ ਇਹ ਨੇਤਾ ਇਸ ਦੀ ਥਾਂ ਅਜਿਹੇ ਹਾਲਾਤ ਨਹੀਂ ਸਿਰਜ ਸਕਦੇ ਜਿਸ ਵਿੱਚ ਕਿਸੇ ਕਿਸਾਨ ਨੂੰ ਆਤਮਹੱਤਿਆ ਨਾਂ ਕਰਨੀ ਪਵੇ ਅਤੇ ਨਾਂ ਹੀ ਸਰਕਾਰ ਨੂੰ ਪੈਸਾ ਦੇਣਾਂ ਪਵੇ। ਅੱਜ ਦੇਸ ਵਿੱਚ ਜਿਸ ਤਰਾਂ ਦੇ ਹਲਾਤ ਬਣ ਰਹੇ ਹਨ ਨੂੰ ਬਦਲਣ ਲਈ ਇੱਕ ਨਵੀਂ ਸੁਰੂਆਤ ਕਰਨ ਦੀ ਲੋੜ ਹੈ ।ਰਾਜਨੀਤਕ ਲੋਕ ਆਪਣੇ ਹਿੱਤਾਂ ਲਈ ਬਿਆਨ ਦਾਗਣ ਤੋਂ ਗੁਰੇਜ ਨਹੀਂ ਕਰਦੇ। ਆਉਂਦੀਆਂ ਚੋਣਾਂ ਨੂੰ ਦੇਖਕੇ ਇਹ ਲੋਕ ਵੋਟਰਾਂ ਨੂੰ ਮੂਰਖ ਬਣਾਉਣ ਲਈ ਕੁੱਝ ਵੀ ਬੋਲ ਸਕਦੇ ਹਨ ਅਤੇ ਚੋਣਾਂ ਸਮੇਂ ਇਸ ਤਰਾਂ ਦੇ ਲੋਕ ਲੁਭਾਊ ਬਿਆਨਾਂ ਤੇ ਪਬੰਦੀ ਲਾਉਣੀ ਚਾਹੀਦੀ ਹੈ। ਜਦ ਤੱਕ ਰਾਜਨੀਤਕ ਲੋਕਾਂ ਉੱਪਰ ਕੋਈ ਕਾਨੂੰਨੀ ਪਾਬੰਦੀ ਨਹੀਂ ਹੋਵੇਗੀ ਇਹ ਲੋਕ ਰੁਕਣ ਵਾਲੇ ਨਹੀਂ ਹਨ। ਚੋਣਾਂ ਸਮੇਂ ਲੋਕਾਂ ਨੂੰ ਭਰਮਾਉਣ ਵਾਲੇ ਅਤੇ ਲਾਲਚ ਦੇਣ ਵਾਲੇ ਬਿਆਨ ਜਾਰੀ ਕਰਨੇ ਵੀ ਇੱਕ ਗਲਤ ਰਵਾਇਤ ਹੈ ਜੋ ਬੰਦ ਕੀਤੀ ਜਾਣੀ ਚਾਹੀਦੀ ਹੈ। ਜਦ ਚੋਣ ਜਾਬਤੇ ਦੌਰਾਨ ਸਰਕਾਰਾਂ ਤੇ ਕੋਈ ਵੀ ਇਹੋ ਜਿਹਾ ਫੈਸਲਾ ਕਰਨ ਤੇ ਪਬੰਦੀ ਲੱਗ ਜਾਂਦੀ ਹੈ ਜਿਸ ਨਾਲ ਵੋਟਰ ਪਰਭਾਵਤ ਹੁੰਦੇ ਹਨ ਫਿਰ ਇਹੋ ਜਿਹੇ ਬਿਆਨ ਜੋ ਲੋਕਾਂ ਨੂੰ ਲਾਲਚ ਦਿੰਦੇ ਹਨ ਅਤੇ ਪਰਭਾਵਤ ਕਰਦੇ ਹਨ ਵੀ ਬੰਦ ਕੀਤੇ ਜਾਣੇ ਜਰੂਰੀ ਹੋਣੇ ਚਾਹੀਦੇ ਹਨ ਅਤੇ ਇਹਨਾਂ ਨੂੰ ਚੋਣ ਜਾਬਤੇ ਦੀ ਅਵੱਗਿਆ ਮੰਨਿਆ ਜਾਣਾ ਚਾਹੀਦਾ ਹੈ।
ਰਾਜਨੀਤਕ ਲੋਕਾਂ ਨੂੰ ਆਪਣੇ ਕੀਤੇ ਕੰਮਾਂ ਦੇ ਅਧਾਰ ਤੇ ਹੀ ਵੋਟ ਮੰਗਣ ਦਾ ਹੱਕ ਹੋਣਾਂ ਚਾਹੀਦਾ ਹੈ ਨਾਂ ਕਿ ਭਵਿੱਖ ਦੇ ਝੂਠੇ ਲਾਲੀ ਪੌਪ ਦਿਖਾਕੇ ਲੋਕਾਂ ਨੂੰ ਮੂਰਖ ਬਣਾਕੇ। ਜਿਹੜੇ ਰਾਜਨੀਤਕ ਪਿੱਛਲੇ ਸਮੇਂ ਵਿੱਚ ਰਾਜਸੱਤਾ ਦੀ ਕੁਰਸੀ ਉੱਪਰ ਬਿਰਾਜਮਾਨ ਰਹਿ ਚੁੱਕੇ ਹਨ ਨੂੰ ਤਾਂ ਕੋਈ ਨੈਤਿੱਕ ਹੱਕ ਵੀ ਨਹੀਂ ਰਹਿ ਜਾਂਦਾਂ ਕਿਉਂਕਿ ਉਹਨਾਂ ਕੋਲ ਤਾਂ ਉਹ ਵਕਤ ਰਿਹਾ ਹੁੰਦਾਂ ਹੈ ਜਿਸ ਦੌਰਾਨ ਉਹ ਇਹ ਕੰਮ ਕਰ ਸਕਦੇ ਸਨ । ਅੱਜ ਦੇਸ ਦੀ ਜਨਤਾ ਨੂੰ ਕੰਮ ਕਰਕੇ ਦਿਖਾਉਣ ਵਾਲੇ ਨੇਤਾਵਾਂ ਦੀ ਜਰੂਰਤ ਹੈ ਨਾਂ ਕਿ ਵਾਅਦੇ ਕਰਨ ਵਾਲੇ ਨੇਤਾਵਾਂ ਦੀ। ਗੁਰਚਰਨ ਪੱਖੋਕਲਾਂ 9417727245
No comments:
Post a Comment