ਮੀਡੀਆਂ ਅਤੇ ਪਰਚਾਰ ਸਾਧਨਾਂ ਉੱਪਰ ਬਹੁਤ ਸਾਰੇ ਵਪਾਰੀ ਲੋਕ ਪੰਜਾਬੀ ਬੋਲੀ ਦਾ ਵਪਾਰ ਕਰਦੇ ਹਨ । ਕੀ ਪੰਜਾਬੀ ਬੋਲੀ ਨੂੰ ਕੋਈ ਖਤਰਾ ਹੈ ਬਿਲਕੁੱਲ ਨਹੀਂ। ਫਿਰ ਪੰਜਾਬੀ ਬੋਲੀ ਦੇ ਨਾਂ ਤੇ ਇਹ ਰੌਲਾ ਕਿਉਂ ।ਅਸਲ ਵਿੱਚ ਅੱਜ ਦਾ ਜਮਾਨਾ ਵਪਾਰਕ ਜਮਾਨਾ ਹੈ ਇੱਥੇ ਸਭ ਕੁੱਝ ਵੇਚਿਆ ਜਾ ਸਕਦਾ ਹੈ। ਇੱਥੇ ਮਾਨਸਿਕ ਭਾਵਨਾਵਾਂ ਵੀ ਵੇਚੀਆਂ ਜਾ ਸਕਦੀਆਂ ਹਨ। ਪੰਜਾਬੀ ਬੋਲੀ ਦੇ ਨਾਂ ਤੇ ਪਾਇਆ ਜਾ ਰਿਹਾ ਰੌਲਾ ਵੀ ਇਸ ਤਰਾਂ ਦਾ ਮਾਨਸਿਕ ਸੋਸਣ ਹੈ। ਕੀ ਪੰਜਾਬੀ ਬੋਲੀ ਨੂੰ ਕੋਈ ਖਤਰਾ ਹੈ ? ਨਹੀ। ਇਹ ਬੋਲੀ ਤਾਂ ਉਸ ਸਮੇਂ ਦੀ ਜਨਮੀ ਹੈ ਜਦ ਪੰਜਾਬੀ ਭਾਸਾਂ ਦਾ ਜਨਮ ਵੀ ਨਹੀਂ ਹੋਇਆ ਸੀ ।ਬਾਬੇ ਫਰੀਦ ਦੀ ਪੰਜਾਬੀ ਬੋਲੀ ਵਾਲੀਆਂ ਲਿਖਤਾਂ ਵੇਲੇ ਪੰਜਾਬੀ ਭਾਸਾਂ ਹੈ ਹੀ ਨਹੀਂ ਸੀ ।ਗੁਰਮੁਖੀ ਭਾਸਾ ਜੋ ਕਿ ਭਾਰਤੀ ਪੰਜਾਬ ਦੀ ਭਾਸਾ ਹੈ ਜਾਂ ਗੁਰਮੁਖੀ ਲਿਪੀ ਸਿੱਖ ਗੁਰੂਆਂ ਵੱਲੋਂ ਹੀ ਜਿਆਦਾਤਰ ਵਰਤਣੀ ਸੁਰੂ ਹੋਈ । ਗੁਰਮੁਖੀ ਦੇ ਪਰਚਾਰ ਕਰਨ ਨੂੰ ਪੰਜਾਬੀ ਬੋਲੀ ਨਾਲ ਰਲਗੱਡ ਕੀਤਾ ਜਾ ਰਿਹਾ ਹੈ। ਇੱਥੇ ਰੌਲਾ ਇਹ ਨਹੀਂ ਕਿ ਪੰਜਾਬੀ ਬੋਲੀ ਨੂੰ ਕੋਈ ਖਤਰਾ ਹੈ ਅਸਲ ਖਤਰਾ ਤਾਂ ਗੁਰਮੁਖੀ ਲਿਪੀ ਦਾ ਹੈ। ਗੁਰਮੁਖੀ ਲਿਪੀ ਨੂੰ ਖਤਰਾ ਜਰੂਰ ਹੈ ਕਿਉਂਕਿ ਇਸ ਭਾਸਾਂ ਨੂੰ ਕੋਈ ਸਰਕਾਰ ਸਰਪਰਸਤੀ ਨਹੀਂ ਦੇ ਰਹੀ। ਪੰਜਾਬ ਵਿੱਚ ਬਣਨ ਵਾਲੀਆਂ ਪੰਥਕ ਸਰਕਾਰਾਂ ਵੀ ਗੁਰਮੁਖੀ ਲਿਪੀ ਤੋਂ ਪਾਸਾ ਹੀ ਵੱਟ ਜਾਂਦੀਆਂ ਹਨ। ਜਦ ਤੱਕ ਕੋਈ ਸਰਕਾਰ ਗੁਰਮੁਖੀ ਲਿਪੀ ਨੂੰ ਸਰਪਰਸਤੀ ਨਹੀਂ ਦੇਵੇਗੀ ਇਸਦਾ ਵਿਕਾਸ ਸੀਮਤ ਹੀ ਰਹੇਗਾ।
ਆਉ ਦੇਖੀਏ ਪੰਜਾਬੀ ਬੋਲੀ ਕਿੱਥੇ ਤੋਂ ਕਿੱਥੇ ਤੱਕ ਪਹੁੰਚ ਚੁੱਕੀ ਹੈ। ਗੁਰੂਕਾਲ ਤੋਂ ਪਹਿਲਾਂ ਪੰਜਾਬੀ ਬੋਲੀ ਸਿਰਫ ਭਾਰਤ ਦੇਸ ਦੇ ਉੱਤਰੀ ਖਿੱਤੇ ਵਿੱਚ ਪੰਜ ਦਰਿਆਵਾਂ ਦੇ ਇਲਾਕੇ ਵਿੱਚ ਹੀ ਸੀ ਅਤੇ ਇੱਥੇ ਜਨਮੀ ਹੈ। ਸਮੇਂ ਨਾਲ ਪੰਜਾਬੀ ਬੋਲਣ ਵਾਲੇ ਲੋਕ ਸਮੁੱਚੇ ਸੰਸਾਰ ਵਿੱਚ ਰੋਜੀ ਰੋਟੀ ਲਈ ਜਾਣ ਲੱਗੇ। ਪੰਜਾਬੀ ਬੋਲੀ ਵੀ ਇਹਨਾਂ ਲੋਕਾਂ ਨਾਲ ਦੇਸ ਦੀਆਂ ਹੱਦਾ ਤੋਂ ਪਾਰ ਪਹੁੰਚ ਗਈ। ਬੋਲੀ ਬੋਲਣ ਨੂੰ ਕੋਈ ਰਾਜਸੱਤਾ ਨਹੀਂ ਰੋਕ ਸਕਦੀ ਸੋ ਜਿੱਥੇ ਵੀ ਪੰਜਾਬੀ ਪਹੁੰਚਿਆ ਪੰਜਾਬੀ ਬੋਲੀ ਉੱਥੇ ਹੀ ਪਹੁੰਚ ਗਈ। ਪਰ ਇਸ ਬੋਲੀ ਦੇ ਨਾਲ ਭਾਸਾ ਨਹੀਂ ਪਹੁੰਚ ਸਕੀ ਕਿਉਂਕਿ ਭਾਸਾ ਤਾਂ ਸਰਕਾਰਾਂ ਦੀ ਸਰਪਰਸਤੀ ਜਾਂ ਕਿਸੇ ਤਾਕਤ ਦੇ ਜੋਰ ਨਾਲ ਹੀ ਕਿਧਰੇ ਪਹੁੰਚਾਈ ਜਾ ਸਕਦੀ ਹੈ। ਸੋ ਜਿੱਥੇ ਜਿਸ ਦਾ ਜੋਰ ਚੜਿਆ ਉੱਥੇ ਉਸ ਦੀ ਹੀ ਭਾਸਾ ਪਰਵਾਨ ਹੁੰਦੀ ਗਈ ਪਰ ਪੰਜਾਬੀਆਂ ਦਾ ਜੋਰ ਪੰਜਾਬ ਤੋਂ ਬਾਹਰ ਕਿਧਰੇ ਵੀ ਨਹੀਂ ਚੜਿਆ ਇਸ ਲਈ ਗੁਰਮੁਖੀ ਵੀ ਕਿਧਰੇ ਹੋਰ ਪੈਰ ਨਹੀਂ ਲਾ ਸਕੀ।।ਸੋ ਜਦ ਪੰਜਾਬੀ ਬੋਲੀ ਵਾਲੇ ਇਲਾਕੇ ਵਿੱਚ ਮੁਗਲ ਸਾਸਕਾਂ ਦਾ ਰਾਜ ਆਇਆ ਤਦ ਪੰਜਾਬੀ ਬੋਲੀ ਨੂੰ ਫਾਰਸੀ ਅਰਬੀ ਅਤੇ ਉਰਦੂ ਵਿੱਚ ਲਿਖਿਆ ਜਾਣ ਲੱਗਿਆ। ਜਦ ਮਹਾਰਾਜਾ ਰਣਜੀਤ ਸਿੰਘ ਅਤੇ ਹੋਰ ਸਿੱਖ ਸਾਸਕਾਂ ਦਾ ਰਾਜ ਆਇਆ ਤਦ ਗੁਰੂਆਂ ਦੁਆਰਾ ਵਿਕਸਿਤ ਕੀਤੀ ਗਈ ਲਿਪੀ ਗੁਰਮੁਖੀ ਵਿੱਚ ਲਿਖਿਆ ਜਾਣ ਲੱਗਿਆ। ਜਦ ਅੰਗਰੇਜ ਪੰਜਾਬ ਉੱਪਰ ਕਾਬਜ ਹੋਏ ਤਦ ਉਹਨਾਂ ਨੇ ਪੰਜਾਬੀ ਬੋਲੀ ਨੂੰ ਅੰਗਰੇਜੀ ਲਿਪੀ ਵਿੱਚ ਲਿਖਵਾਉਣਾਂ ਸੁਰੂ ਕੀਤਾ।ਅੰਗਰੇਜੀ ਰਾਜ ਪੰਜਾਬ ਉੱਪਰ ਸੀਮਤ ਸਮੇਂ ਲਈ ਹੀ ਆਇਆ ਇਸ ਲਈ ਇਸ ਦੀਆਂ ਨਿਸਾਨੀਆਂ ਕਿਧਰੇ ਕਿਧਰੇ ਹੀ ਮਿਲੀਆਂ ਹਨ।ਭਾਰਤ ਦੀ ਵੰਡ ਹੋਣ ਪਿੱਛੋਂ ਪਾਕਿਸਤਾਨੀ ਪੰਜਾਬ ਨੇ ਪੰਜਾਬੀ ਬੋਲੀ ਲਿਖਣ ਵਾਲੇ ਇਲਾਕੇ ਵਿੱਚ ਉਰਦੂ ਲਾਗੂ ਕਰ ਦਿੱਤੀ ਅਤੇ ਭਾਰਤੀ ਪੰਜਾਬ ਵਿੱਚ ਗੁਰਮੁਖੀ ਲਾਗੂ ਕਰ ਦਿੱਤੀ ਗਈ।ਇਸ ਵੱਖੋ ਵੱਖਰੀ ਲਿਪੀ ਕਾਰਨ ਕੋਈ ਪੰਜਾਬੀ ਬੋਲੀ ਖਤਮ ਨਹੀਂ ਹੋਈ। ਅੱਜ ਵੀ ਦੋਨਾਂ ਪੰਜਾਬਾ ਵਿੱਚ ਪੰਜਾਬੀ ਬੋਲੀ ਦਾ ਮੂਲ ਸਰੂਪ ਉਸੇ ਤਰਾਂ ਦਾ ਹੀ ਹੈ ਜਿਹੋ ਜਿਹਾ ਸੈਕੜੇ ਸਾਲ ਪਹਿਲਾਂ ਸੀ ਕਿਉਂਕਿ ਬੋਲੀ ਦਾ ਸਬੰਧ ਇਲਾਕੇ ਅਤੇ ਮੂੰਹਾਂ ਨਾਲ ਹੁੰਦਾਂ ਹੈ। ਸੋ ਪੰਜਾਬੀ ਬੋਲੀ ਕਦੀ ਨਹੀ ਮਰੇਗੀ। ਲਿਪੀ ਜਾਂ ਭਾਸਾ ਕਿਹੜੀ ਬਚੇਗੀ ਇਹ ਸਿਰਫ ਰਾਜਸੱਤਾ ਦੀ ਹੋਂਦ ਹੀ ਤੈਅ ਕਰੇਗੀ ਕਿ ਕਿਹੜੀ ਭਾਸਾ ਵਿਕਾਸ ਕਰੇਗੀ ਜਾਂ ਨਹੀਂ।ਇੱਕ ਮਿਸਾਲ ਭਾਰਤੀ ਪੰਜਾਬ ਜਦ ਤੱਕ ਮਹਾਂ ਪੰਜਾਬ ਸੀ ਤਦ ਤੱਕ ਗੁਰਮੁਖੀ ਵੀ ਲਾਗੂ ਰਹੀ ਜਦੋਂ ਮੂਰਖ ਰਾਜਨੀਤਕਾਂ ਕਾਰਨ ਪੰਜਾਬ ਵੱਢਿਆ ਗਿਆ ਅਤੇ ਹਰਿਆਣਾਂ ,ਹਿਮਾਚਲ ,ਚੰਡੀਗੜ ਬਣਵਾਏ ਗਏ ਤਦ ਇਹਨਾਂ ਨਵੀਆਂ ਬਣਾਈਆਂ ਸਟੇਟਾਂ ਨੇ ਗੁਰਮੁਖੀ ਦਾ ਵੀ ਭੋਗ ਪਾ ਦਿੱਤਾ ਅਤੇ ਅੰਗਰੇਜੀ ,ਹਿੰਦੀ ਨੂੰ ਅਪਣਾ ਲਿਆ।॥ ਜੇ ਕਿਧਰੇ ਕਿਸੇ ਵਕਤ ਪਾਕਿਸਤਾਨ ਦੀ ਸਰਕਾਰ ਭਾਰਤੀ ਪੰਜਾਬੀ ਬੋਲੀ ਵਾਲੇ ਇਲਾਕੇ ਉੱਪਰ ਕਾਬਜ ਹੋ ਜਾਵੇ ਤਦ ਇੱਥੇ ਜਰੂਰੀ ਨਹੀਂ ਗੁਰਮੁਖੀ ਹੀ ਚੱਲੇ ਤਦ ਇੱਥੇ ਉਰਦੂ ਭਾਸਾ ਵੀ ਲਾਗੂ ਹੋ ਸਕਦੀ ਹੈ। ਪਰ ਜੇ ਕੋਈ ਸਿੱਖ ਸਾਸਕ ਪਾਕਿਸਤਾਨੀ ਪੰਜਾਬ ਤੇ ਕਾਬਜ ਹੋ ਜਾਵੇ ਤਦ ਹੋ ਸਕਦਾ ਹੈ ਕਿ ਉੱਥੇ ਵੀ ਗੁਰਮੁਖੀ ਲਾਗੂ ਹੋ ਜਾਵੇ। ਆਮ ਲੋਕ ਸਭ ਤੋਂ ਵੱਡੇ ਸਾਸਕ ਹੁੰਦੇ ਹਨ ਸੋ ਜਿਸ ਇਲਾਕੇ ਵਿੱਚ ਵਿਸੇਸ ਬੋਲੀ ਵਾਲੇ ਲੋਕ ਰਹਿਣ ਲੱਗ ਜਾਣ ਤਦ ਉੱਥੋਂ ਦੀ ਬੋਲੀ ਬਦਲਣੀ ਲਾਜਮੀ ਹੈ। ਜਿਸ ਤਰਾਂ ਇੰਗਲੈਂਡ ਦੇ ਸਾਊਥਹਾਲ ਵਿੱਚ ਪੰਜਾਬੀ ਬੋਲੀ ਇੱਕ ਮੁੱਖ ਬੋਲੀ ਹੈ ਅਤੇ ਇਸ ਤਰਾਂ ਹੀ ਲੁਧਿਆਣੇ ਦੇ ਖਾਸ ਇਲਾਕਿਆਂ ਵਿੱਚ ਬਿਹਾਰੀ ਬੋਲੀ ਵੀ ਮੁੱਖ ਬੋਲੀ ਬਣ ਚੁੱਕੀ ਹੈ। ਸੋ ਬੋਲੀ ਅਤੇ ਭਾਸਾ ਦੇ ਫਰਕ ਨੂੰ ਸਮਝ ਕੇ ਹੀ ਫੈਸਲਾ ਹੁੰਦਾਂ ਹੈ ਨਾਂ ਕਿ ਰਾਜਨੀਤੀ ਅਧੀਂਨ ਸੋਸੇਬਾਜੀ ਕਰਕੇ।
ਪੰਜਾਬੀ ਬੋਲੀ ਦੇ ਅਲੰਬਰਦਾਰ ਬਣਨ ਵਾਲੇ ਲੋਕ ਦੋਹਰੇ ਕਿਰਦਾਰ ਦੇ ਲੋਕ ਹਨ ਜਦੋਕਿ ਆਮ ਸਧਾਰਣ ਲੋਕ ਹੀ ਪੰਜਾਬੀ ਬੋਲੀ ਦੇ ਸਿਪਾਹਸਲਾਰ ਹਨ ਕਿਉਕਿ ਪੰਜਾਬੀ ਬੋਲੀ ਦੀ ਹੋਂਦ ਉਹਨਾਂ ਆਮ ਲੋਕਾਂ ਕਾਰਣ ਹੀ ਬਚੀ ਹੋਈ ਹੈ ਭਾਵੇਂ ਉਹ ਪਾਕਿਸਤਾਨੀ ਪੰਜਾਬ ਦੇ ਹੋਣ ਜਾਂ ਭਾਰਤੀ ਪੰਜਾਬ ਦੇ ਪਰ ਅਖੌਤੀ ਬੁੱਧੀਜੀਵੀ ਅਤੇ ਅਮੀਰ ਵਰਗ ਤਾਂ ਸਿਰਫ ਪੰਜਾਬੀ ਬੋਲੀ ਨੂੰ ਖਤਮ ਕਰਨ ਵਾਲੇ ਹੀ ਹਨ ਕਿਉਂਕਿ ਉਹਨਾਂ ਦੀਆਂ ਨਸਲਾਂ ਤਾਂ ਸਿਰਫ ਅੰਗਰੇਜੀ ਬੋਲੀ ਵਾਲੇ ਸਕੂਲਾਂ ਵਿੱਚ ਹੀ ਸਿੱਖਿਆ ਲੈਦੀਆਂ ਹਨ ਅਤੇ ਹੋਰ ਬੋਲੀਆਂ ਬੋਲਣ ਵਾਲੇ ਲੋਕਾਂ ਵਿੱਚ ਰਹਿੰਦੀਆਂ ਹਨ।ਆਮ ਲੋਕਾਂ ਦੇ ਬੱਚੇ ਹੀ ਸਿਰਫ ਆਪਣੇ ਮੂਲ਼ ਪੰਜਾਬੀ ਬੋਲਣ ਵਾਲੇ ਸਕੂਲਾ ਅਤੇ ਇਲਾਕਿਆਂ ਵਿੱਚ ਸਿੱਖਿਆ ਲੈਂਦੇ ਹਨ ।ਜਿਹੜੇ ਲੋਕ ਆਪਣੀ ਬੋਲੀ ਅਤੇ ਲਿਖਤਾਂ ਅਤੇ ਨਾਵਾਂ ਵਿੱਚ ਅੰਗਰੇਜੀ ਸਬਦਾਂ ਦਾ ਮੁੱਖ ਤੌਰ ਤੇ ਵਰਤੋਂ ਕਰਦੇ ਹਨ ਉਹ ਵੀ ਪੰਜਾਬੀ ਬੋਲੀ ਦੇ ਦੁਸਮਣ ਹਨ ਅਤੇ ਇਸ ਬੋਲੀ ਦੇ ਮੂਲ ਸਰੂਪ ਨੂੰ ਵਿਗਾੜਨ ਵਾਲੇ ਹਨ। ਕਿਉਂਕਿ ਆਮ ਵਰਤੇ ਜਾਣ ਵਾਲੇ ਸਬਦ ਹੀ ਸਮੇਂ ਨਾਲ ਕਿਸੇ ਬੋਲੀ ਦਾ ਅੰਗ ਬਣ ਜਾਦੇ ਹਨ। ਸੋ ਅੰਗਰੇਜੀ ਜਾਂ ਕਿਸੇ ਹੋਰ ਬੋਲੀ ਅਤੇ ਭਾਸਾ ਦੇ ਸਬਦ ਵਰਤਣ ਵਾਲੇ ਜਿਵੇਂ ਟਰੀਬਿਊਨ , ਸਪੋਕਸਮੈਨ, ਡੇਲੀ ,ਇੰਟਰਨੈਸਨਲ, ਟਾਈਮ,ਕਮਾਂਡੋ ਫੋਰਸ, ਟਾਈਗਰਜ ਫੋਰਸ, ਬੱਬਰ ਖਾਲਸਾ ਇੰਟਰਨੈਸਨਲ, ਪੰਜਾਬੀ ਰਾਈਟਰ ਫੋਰਮ,ਆਦਿ ਇਹ ਸਬਦ ਵਰਤਣ ਵਾਲੇ ਅਸਲ ਵਿੱਚ ਪੰਜਾਬੀ ਬੋਲੀ ਅਤੇ ਗੁਰਮੁਖੀ ਲਿਪੀ ਦੇ ਦੋਸੀ ਹਨ । ਦੋਸੀ ਲੋਕ ਹੀ ਪੰਜਾਬੀ ਭਾਸਾ ਦੇ ਅਲੰਬੜਦਾਰ ਬਣ ਰਹੇ ਹਨ ਸੋ ਜਦ ਤੱਕ ਅਸੀਂ ਆਪਣੇ ਆਪ ਨੂੰ ਨਹੀ ਸੁਧਾਰਦੇ ਤਦ ਤੱਕ ਪੰਜਾਬੀ ਲਿਪੀ ਦਾ ਵਿਕਾਸ ਨਹੀ ਕਰਵਾ ਸਕਦੇ।ਰਾਜ ਸਕਤੀ ਬਿਨਾਂ ਕੋਈ ਲਿਪੀ ਬਹੁਤਾ ਚਿਰ ਬਚਾਈ ਨਹੀਂ ਜਾ ਸਕਦੀ ਸੋ ਜਦ ਤੱਕ ਗੁਰਮੁਖੀ ਲਿਪੀ ਦਾ ਪੈਰੋਕਾਰ ਕਿਸੇ ਇਲਾਕੇ ਦੀ ਰਾਜਸੱਤਾ ਦਾ ਮਾਲਕ ਰਹੇਗਾ ਤਦ ਤੱਕ ਹੀ ਗੁਰਮੁਖੀ ਲਿਪੀ ਜਿਉਂਦੀ ਰਹੇਗੀ ਜਾਂ ਜਦ ਤੱਕ ਪੰਜ ਦਰਿਆਵਾਂ ਦੀ ਧਰਤੀ ਦੇ ਮੂਲ ਲੋਕ ਜਿਉਂਦੇ ਰਹਿਣਗੇ ਪੰਜਾਬੀ ਬੋਲੀ ਵੀ ਜਿਉਂਦੀ ਰਹੇਗੀ ਕਿਉਂਕਿ ਬੋਲੀ ਨੂੰ ਲਿਪੀ ਦੀ ਨਹੀਂ ਬੋਲਣ ਵਾਲੇ ਲੋਕਾਂ ਦੀ ਜਰੂਰਤ ਹੁੰਦੀ ਹੈ।
1 comment:
ਵੀਰ ਜੀ ਬਹੁਤ ਹੀ ਉਮਦਾ ਲੇਖ ਹੈ। ਜੀਓ
Post a Comment