Monday, 5 December 2011

ਤੁਸੀਂ ਹੀ ਤਾਂ ਸਿੱਖੀ ਦੇ ਪਰਚਾਰਕ ਹੋ।


ਸਿੱਖੀ ਦਾ ਦਰਦ ਰੱਖਣ ਵਾਲੇ ਕੁੱਝ ਵੀਰਾਂ ਨੇ ਫੋਨ ਤੇ ਸਿੱਖ ਧਰਮ ਬਾਰੇ ਫਿਕਰ ਕਰਦਿਆਂ ਪੁੱਛਿਆ ਕਿ ਕੀ ਹੁਣ ਸਿੱਖੀ ਦਾ ਵਿਕਾਸ ਅਤੇ ਵਿਸਥਾਰ ਕੌਣ ਕਰ ਸਕਦਾ ਹੈ । ਇਹ ਕਿਵੇਂ ਹੋ ਸਕਦਾ ਹੈ। ਇਸ ਪਰਸਨ  ਦਾ ਜਵਾਬ ਦੇਣ ਤੋਂ ਬਾਅਦ ਵੀ ਇਹ ਸਵਾਲ ਮਨ ਵਿੱਚ ਘੁੰਮਦਾ ਰਿਹਾ ਤੇ ਇਸ ਦਾ ਜਵਾਬ ਕੀ ਹੈ ਤੇ ਵਿਚਾਰ ਕਰਦਿਆ ਕੁੱਝ ਉੱਤਰ ਮਨ ਵਿੱਚ ਆਏ।ਸਿੱਖੀ ਦਾ ਪਰਚਾਰ ਕਰਨ ਲਈ ਕੀ ਸਰਕਾਰਾਂ ਜਾਂ ਸੰਗਠਨ ਹੀ ਕੰਮ ਕਰਨਗੇ। ਕੀ ਸ਼ਾਧ ਸੰਤ ਹੀ ਇਸ ਫਲਸਫੇ ਨੂੰ ਦੁਨੀਆਂ ਉੱਪਰ ਲਾਗੂ ਕਰਨਗੇ? ਕੀ ਕੋਈ ਮੀਡੀਆਂ ਹੀ ਸਿੱਖ ਫਲਸਫੇ ਨੂੰ ਦੁਨੀਆਂ ਉੱਪਰ ਫੈਲਾ ਸਕਦਾ ਹੈ? ਪਰ ਨਹੀ ਦੋਸਤੋ ਕਿਸੇ ਫਲਸਫੇ ਅਤੇ ਪਛਾਣ ਨੂੰ ਕੋਈ ਹੋਰ ਨਹੀਂ ਤੁਸੀਂ ਖੁਦ ਹੀ ਪਰਚਾਰਦੇ ਹੋ ਅਤੇ ਪਰਚਾਰ ਸਕਦੇ ਹੋ।ਅੱਜ ਦੇ ਸਮੇਂ ਵਿੱਚ ਪਰਧਾਨ ਮੰਤਰੀ ਹੀ ਸਭ ਤੋਂ ਵੱਡੇ ਸਿੱਖੀ ਦੇ ਅਤੇ ਦਸਤਾਰ ਦੇ ਪਰਚਾਰਕ ਬਣੇ ਹੋਏ ਹਨ।ਇਸ ਤਰਾਂ ਹੀ ਹਰ ਸਿੱਖ ਆਪਣੇ ਆਚਰਣ ਨਾਲ ਦੁਨੀਆਂ ਵਿੱਚ ਸਿੱਖੀ ਦਾ ਪਰਚਾਰਕ ਹੈ। ਹਰ ਮਨੁੱਖ ਜਿਹੋ ਜਿਹੇ ਕੰਮ ਕਰਦਾ ਹੈ ਉਸ ਤਰਾਂ ਦਾ ਸੰਸਾਰ ਉਸ ਦੇ ਆਸੇ ਪਾਸੇ ਸਿਰਜਿਆ ਜਾਂਦਾ ਹੈ ਅਤੇ ਉਸ ਮਨੁੱਖ ਦੇ ਵਿਵਹਾਰ ਅਤੇ ਆਚਰਣ ਦੇ ਅਧਾਰ ਤੇ ਹੀ ਉਸ ਦੇ ਨੇੜੇ ਦਾ ਸਮਾਜ ਉਸ ਬਾਰੇ ਅਤੇ ਉਸ ਮਨੁੱਖ ਦੇ ਧਰਮ ਬਾਰੇ ਸੋਚਦਾ ਹੈ। ਪਰਧਾਨ ਮੰਤਰੀ ਮਨਮੋਹਨ ਸਿੰਘ ਕੋਈ ਸਿੱਖੀ ਦਾ ਪਰਚਾਰਕ ਨਹੀਂ ਪਰ ਇਸ ਵਿਅਕਤੀ ਦੀ ਇਮਾਨਦਾਰੀ ਅਤੇ ਲਿਆਕਤ ਨੇ ਦੁਨੀਆਂ ਨੂੰ ਪੁੱਛਣ ਲਈ ਮਜਬੂਰ ਕਰ ਦਿੱਤਾ ਹੈ ਕਿ ਇਹ ਪਗੜੀਧਾਰੀ ਆਰਥਿਕ ਮਾਹਰ ਵਿਅਕਤੀ ਦਾ ਧਰਮ ਕੀ ਹੈ? ਨਫਰਤ ਨਾਲ ਦੇਖੇ ਜਾਣ ਵਾਲੇ ਪਗੜੀਧਾਰੀ  ਉਸਾਮਾ ਬਿਨ ਲਾਦੇਨ ਨੂੰ ਦੁਨੀਆਂ ਅਤੇ ਅਮਰੀਕੀ ਲੋਕ ਨਫਰਤ ਦੀ ਅੱਖ ਨਾਲ ਦੇਖਦੇ ਹਨ ਉਸਦੇ ਗਲਤ ਕੰਮਾਂ ਕਾਰਨ ਉਸਦੀ ਕੌਮ ਅਤੇ ਧਰਮ ਵੀ ਬਰਾਬਰ ਬਦਨਾਮ ਹੋਏ ਹਨ ਪਰ ਇਸ ਦੇ ਉਲਟ   ਅਮਰੀਕਾ ਦਾ ਰਾਸਟਰ ਪਤੀ ਪਗੜੀਧਾਰੀ ਮਨਮੋਹਨ ਸਿੰਘ ਦੀ ਇੱਜਤ ਕਰਨ ਲਈ ਮਜਬੂਰ ਹੈ। ਇਸ ਮਨੁੱਖ ਕਾਰਨ ਅਤੇ ਬਹੁਤ ਸਾਰੇ ਹੋਰ ਆਮ ਸਿੱਖ ਜੋ ਮਿਹਨਤੀ ਅਤੇ ਹਿੰਮਤੀ  ਹੋਣ ਕਾਰਨ ਦੁਨੀਆਂ ਵਿੱਚ ਮਸਹੂਰ ਹੋਏ ਹਨ ਨੇ ਸਿੱਖ ਕੌਮ ਦਾ ਸਭ ਤੋਂ ਵੱਧ ਪਰਚਾਰ ਕੀਤਾ ਹੈ। ਕੈਨੇਡਾ ,ਅਮਰੀਕਾ ,ਇੰਗਲੈਂਡ ,ਅਰਬ ਮੁਲਕਾਂ ਅਤੇ ਦੁਨੀਆਂ ਦੇ ਹੋਰ ਬਹੁਤ ਸਾਰੇ ਮੁਲਕਾਂ ਵਿੱਚ ਸਿੱਖਾਂ ਨੇ ਆਪਣੀ ਮਿਹਨਤ ਨਾਲ ਅਤੇ ਇਮਾਨਦਾਰੀ ਨਾਲ ਸਿੱਖੀ ਦਾ ਅਤੇ ਗੁਰੂ ਨਾਨਕ ਜੀ ਦਾ ਝੰਡਾਂ ਉੱਚਾ ਕੀਤਾ ਹੈ। ਇਹ ਸਭ ਸਾਰੇ ਆਮ ਕਿਰਤੀ ਲੋਕ ਹਨ ਅਤੇ ਇਹ  ਸਿੱਖ   ਫਲਸਫੇ ਦੇ ਕਿਰਤ ਕਰਨ ਦੇ ਅਸੂਲ ਕਾਰਨ ਹੈ । ਦੂਸਰੇ ਪਾਸੇ ਬੇਈਮਾਨ ਰਾਜਸੱਤਾ ਦੇ ਏਜੰਟ ਲੋਕ ਜੋ ਸਿਰਫ ਭੇਖਧਾਰੀ ਸਿੱਖ ਹੋਕੇ ਮਾੜੇ ਕੰਮ ਕਰਦੇ ਹਨ ਨੇ ਸਿੱਖੀ ਨੂੰ ਬਦਨਾਮ ਕੀਤਾ ਹੈ।ਇਹ ਇਸ ਲਈ ਭੇਖਧਾਰੀ ਹਨ ਪਰ ਸਿੱਖ ਨਹੀਂ ਹਨ ਕਿਉਂਕਿ ਇਹਨਾਂ ਬੇਈਮਾਨ ਲੋਕਾਂ ਨੇ ਗੁਰੂ ਦਾ ਪਹਿਲਾ ਅਸੂਲ ਕਿਰਤ ਕਰਨਾਂ ਹੀ ਨਹੀ ਅਪਣਾਇਆ ਸਗੋਂ ਪਰਧਾਨਗੀਆਂ ,ਬੇਈਮਾਨੀਆਂ , ਹੰਕਾਰੀ ਤਾਕਤ ਅਤੇ ਵਿਹਲੜਪੁਣੇ ਨੁੰ ਹੀ ਅੱਗੇ ਰੱਖਿਆ ਹੈ। ਇਹਨਾਂ ਵਿੱਚ ਹੰਕਾਰੀ ਜਥੇਦਾਰ, ਹੰਕਾਰੀ ਰਾਜਸੱਤਾ ਦੇ ਮਾਲਕ ਲੋਕ ਸਾਮਲ ਹਨ ਪਰ ਇਸ ਦੇ ਉਲਟ ਨਿਮਰਤਾ ਦਾ ਗਹਿਣਾਂ ਪਹਿਨਣ ਵਾਲੇ ਧਰਮ ਨੂੰ ਰਾਜਨੀਤੀ ਤੋਂ ਉੱਪਰ ਰੱਖਣ ਵਾਲੇ ਰਾਜਨੀਤਕ ਅਤੇ ਲੋਕਸੇਵਕ ਜਥੇਦਾਰ, ਪਰਧਾਨ ਆਦਿ ਉਹ ਲੋਕ ਵੀ ਹਨ ਜੋ ਆਪਣੇ ਆਪ ਨੂੰ ਕਦੀ ਮਾਲਕ ਨਹੀਂ ਸਿਰਫ ਸੇਵਾਦਾਰ ਹੀ ਸਮਝਦੇ ਹਨ ਅਤੇ ਇਸ ਤਰਾਂ ਦੇ ਲੋਕ ਹੀ ਹਨ ਜੋ ਸਿੱਖੀ ਦੇ ਅਸਲ ਦਾਅਵੇਦਾਰ ਹਨ।
               ਸੋ ਦੇਸ ਵਿਦੇਸ ਵਿੱਚ ਕਿਰਤ ਅਤੇ ਕਮਾਈ ਲਈ ਜੂਝਦੇ ਵੀਰੋ ਤੁਸੀਂ ਹੀ ਸਿੱਖੀ ਦੇ ਅਤੇ ਗੁਰੂਆਂ ਦੇ ਬਰੈਂਡ ਅੰਬੈਸਡਰ ਹੋ । ਤੁਸੀ ਕਦੇ ਇਹ ਨਾਂ ਸੋਚੋ ਕਿ ਕੋਈ ਸਿੱਖੀ ਨੂੰ ਪਰਚਾਰਨ ਵਾਲਾ ਪੈਦਾ ਹੋਵੇਗਾ ਅਸਲ ਵਿੱਚ ਤੁਸੀਂ ਹੀ ਹੋ ਜੋ ਪੈਦਾ ਹੋ ਚੁੱਕੇ ਹੋ ਤੁਹਾਡੇ ਆਚਰਣ ਰੂਪੀ ਵਿਵਹਾਰ ਨੇ ਤੁਹਾਡਾ ਅਤੇ ਆਪਣੇ ਗੁਰੂਆਂ ਦਾ ਅਤੇ ਉਹਨਾਂ ਦੁਆਰਾ ਦਿੱਤੇ ਗਏ ਫਲਸਫੇ ਦਾ ਪਰਚਾਰ ਕਰਨਾਂ ਹੈ। ਜਿੰਨਾਂ ਤੁਹਾਡਾ ਆਚਰਣ ਉੱਚਾ ਅਤੇ ਸੁੱਚਾ ਹੋਏਗਾ ਉਹਨਾਂ ਹੀ ਤੁਹਾਡੀ ਕੌਮ ਦਾ ਅਤੇ ਤੁਹਾਡੇ ਕਿਰਦਾਰ ਦਾ ਕੱਦ ਉੱਚਾ ਹੁੰਦਾਂ ਜਾਏਗਾ। ਜਰੂਰੀ ਨਹੀੰ ਕਿ ਤੁਹਾਡਾ ਪਰਚਾਰ ਕਿਸੇ ਵਿਸੇਸ ਪਹਿਰਾਵੇ ਨਾਲ ਹੋਵੇ ਜਾਂ ਸਰੀਰ ਉੱਪਰ ਵਿਸੇਸ ਨਿਸਾਨੀਆਂ ਹੋਣ ਪਰ ਤੁਹਾਡਾ ਵਿਵਹਾਰ ਅਤੇ ਮਿਹਨਤ ਹੀ ਤੁਹਾਡੇ ਵਿਵਹਾਰ ਵਿੱਚੋਂ ਬੋਲੇਗੀ। ਜਦ ਤੁਹਾਡਾ ਕਿਰਦਾਰ ਉੱਚਾ ਹੋਵੇਗਾ ਤਦ ਤੁਹਾਨੂੰ ਆਪਣੇ ਬਾਰੇ ,ਆਪਣੀ ਕੌਮ ਬਾਰੇ, ਆਪਣੇ ਧਰਮ ਬਾਰੇ ,ਫਲਸਫੇ ਬਾਰੇ ਕਿਸੇ ਨੂੰ ਦੱਸਣ ਜਾਂ ਪਰਚਾਰਨ ਦੀ ਲੋੜ ਨਹੀਂ ਪਵੇਗੀ ਸਗੋਂ ਤੁਹਾਡੇ ਆਲੇ ਦੁਆਲੇ ਦੇ ਅਤੇ ਸਮਾਜ ਦੇ ਲੋਕ ਤੁਹਾਡੇ ਬਾਰੇ ਖੁਦ ਜਾਨਣ ਦੀ ਕੋਸਿਸ ਕਰਨਗੇ। ਪੱਕੇ ਹੋਏ ਫਲਾਂ ਦੀ ਮਹਿਕ ਦੂਰ ਦੂਰ ਤੱਕ ਆਪਣੇ ਆਪ ਹੀ ਚਲੀ ਜਾਂਦੀ ਹੈ। ਸੋ ਪਰਚਾਰਕਾਂ ਤੋਂ ਜਾਂ ਸਰਕਾਰਾਂ ਤੋਂ ਇਹ ਆਸ ਰੱਖਣੀ ਕਿ ਉਹ ਸਾਡੇ ਧਰਮ ਦਾ ਅਤੇ ਫਲਸਫੇ ਦਾ ਪਰਚਾਰ ਕਰਨਗੇ ਗਲਤ ਹੈ ਕਿਉਂਕਿ ਪਰਚਾਰਕ ਅਤੇ ਸਰਕਾਰਾਂ ਤਾਂ ਸਵਾਰਥ ਦੀ ਉੱਪਜ ਹੁੰਦੇ ਹਨ। ਆਮ ਲੋਕ ਸਦਾ ਨਿਸਕਾਮ ਹੁੰਦੇ ਹਨ ।ਸਵਾਰਥੀ ਲੋਕਾਂ ਨਾਲੋਂ ਨਿਸਕਾਮ ਲੋਕ ਹਮੇਸਾਂ ਚੰਗੇ ਅਤੇ ਵਧੀਆ ਪਰਚਾਰਕ ਹੁੰਦੇ ਹਨ। ਕਿਸੇ ਸਾਇਰ ਦੇ ਕਥਨ ਅਨੁਸਾਰ 
                       ਖੁਦ ਕੋ ਕਰ ਬੁਲੰਦ ਇਤਨਾ ਕਿ ਖੁਦਾ ਬੰਦੇ ਕੋ ਖੁਦ ਪੂਛੇ ਕਿ ਬਤਾ ਤੇਰੀ ਰਜਾ ਕਿਆ ਹੈ।

No comments: