ਅੱਜ ਜਦ ਮੇਰੇ ਤੇ ਇਲਜਾਮ ਲਾਏ ਜਾਂਦੇ ਨੈ ਮੈਨੂੰ ਦੋਸੀ ਬਣਾਇਆ ਜਾਂਦਾ ਹੈ ਪਰ ਕੀ ਕੋਈ ਮੇਰਾ ਪੱਖ ਸੁਣੇਗਾ। ਜੋ ਦੋਸ ਮੇਰੇ ਤੇ ਲਾਏ ਜਾਂਦੇ ਹਨ ਪਰ ਮੈ ਤਾਂ ਕਦੇ ਇਹ ਚਾਹਿਆ ਨਹੀ ਮੈਂ ਕਦੇ ਇਹ ਕੁੱਝ ਮੰਗਿਆਂ ਨਹੀਂ। ਇਹ ਸਭ ਕੁੱਝ ਤਾਂ ਮੇਰੇ ਤੇ ਥੋਪਿਆ ਗਿਆ ਹੈ ਮੇਰੇ ਮੂੰਹ ਵਿੱਚ ਧੱਕੇ ਨਾਲ ਪਾਇਆ ਗਿਆ ਹੈ। ਤੁਸੀਂ ਪੁੱਛੋਗੇ ਮੈਂ ਕੌਣ ਹਾਂ ਲਉ ਸੁਣੋ ਮੈਂ ਹਿੰਦੋਸਤਾਨ ਬੋਲਦੈਂ । ਇੱਥੇ ਵਸਣ ਵਾਲਿਆਂ ਦੀ ਆਤਮਾ ਹਾਂ ਮੈਂ ਸੁਣੋ ਪਰ ਜੇਰਾ ਕਰਕੇ ਸੁਣਿਉ ਸੱਚ ਸੁਣਨਾਂ ਕਿਸੇ ਲਈ ਸੌਖਾ ਨਹੀਂ ਹੁੰਦਾ ਕਿਉਂਕਿ ਇਹ ਕੌੜਾ ਜੋ ਹੁੰਦਾ ਹੈ। ਰਾਜਸੱਤਾ ਤਾਂ ਉਂਜ ਹੀ ਹੰਕਾਰੀ ਹੁੰਦੀ ਹੈ ਇਸ ਨੂੰ ਤਾਂ ਚਮਚਾਗਿਰੀ ਹੀ ਚੰਗੀ ਲੱਗਦੀ ਹੈ। ਮੈਂ ਆਪਣੀ ਵਿੱਥਿਆ ਸੁਣਾਉਣ ਤੋਂ ਪਹਿਲ਼ਾਂ ਦੱਸ ਦਿਆਂ ਕਿ ਮੇਰਾ ਪ੍ਰੀਵਾਰ ਕਾਫੀ ਵੱਡਾ ਹੈ ਮੇਰੀ ਝੋਲੀ ਵਿੱਚ ਕੁਦਰਤ ਨੇ ਸਭ ਤੋਂ ਵਧੀਆ ਆਖੇ ਜਾਣ ਵਾਲੇ ਮਿਹਨਤੀ ਕਿਸਾਨ, ਕਿਰਤੀ ਮਜਦੂਰ, ਹੱਕ ਸੱਚ ਤੇ ਧਰਮ ਦੀ ਕਮਾਈ ਚੋਂ ਰੋਟੀ ਖਾਣ ਵਾਲੇ ਨਖਿੱਧ ਗੁਲਾਮੀ ਦੀ ਕਿਰਤ ਕਰਨ ਵਾਲੇ ਨੌਕਰੀ ਪੇਸਾ ਮੁਲਾਜਮ, ਮੱਧਮ ਦਰਜੇ ਵਾਲਾ ਹੱਕ ਸੱਚ ਤੇ ਖੜਕੇ ਵਪਾਰ ਕਰਨ ਵਾਲਾ ਵਪਾਰੀ ਮੇਰੀਆਂ ਤਿੰਨ ਔਲ਼ਾਦਾਂ ਹਨ। ਇਹ ਸਪੂਤ ਹਨ ਜਿੰਨਾਂ ਮੇਰਾ ਨਾਂ ਅੱਜ ਤਕ ਸੰਸਾਰ ਉੱਪਰ ਉੱਚਾ ਰੱਖਿਆ ਹੈ। ਦੇਸ ਅਤੇ ਵਿਦੇਸਾਂ ਵਿੱਚ ਕਿਰਤ ਅਤੇ ਹੱਕ ਸੱਚ ਦੀ ਕਮਾਈ ਕਰਨ ਵਾਲੇ ਇੰਨਾਂ ਪੁੱਤਰਾਂ ਨੇ ਮੇਰਾ ਨਾਂ ਸਾਰੇ ਸੰਸਾਰ ਉੱਪਰ ਉੱਚਾ ਕੀਤਾ ਹੈ।
ਅਫਸੋਸ ਹੈ ਮੈਨੂੰ ਜਦ ਤੋਂ ਮੇਰੇ ਉੱਪਰ ਗਦਾਰ ਰਾਜਸੱਤਾ ਨੇ ਮੇਰੀ ਰਾਜਗੱਦੀ ਧੋਖਿਆਂ ਨਾਲ ਕਬਜੇ ਹੇਠ ਕੀਤੀ ਹੈ ਤਦ ਤੋਂ ਮੇਰੀ ਔਲਾਦ ਨੁੰ ਗੁੰਮਰਾਹ ਕੀਤਾ ਜਾ ਰਿਹਾ ਹੈ। ਮੇਰੇ ਹੀ ਕੁੱਝ ਵਾਰਿਸ ਭ੍ਰਿਸਟ ਰਾਜਸੱਤਾ ਦੀ ਕੁਹਾੜੀ ਦਾ ਦਸਤਾ ਬਣ ਬੈਠੇ ਹਨ ਜਿੰਨਾਂ ਮੇਰੀਆਂ ਔਲਾਦਾਂ ਨੂੰ ਭਿਸਟ ਕਰਨਾਂ ਸੁਰੂ ਕੀਤਾ ਹੋਇਆ ਹੈ। ਭਲਾ ਦੱਸੋ ਮੇਰਾ ਕਿਸਾਨ ਪੁੱਤਰ ਜਿਸ ਨੇ ਸਦਾ ਹੀ ਧਰਮ ਵਾਲੀ ਕਿਰਤ ਕਰਦਿਆਂ ਹੱਕ ਦੀ ਰੋਟੀ ਖਾਣੀ ਚਾਹੀ ਹੈ ਨੂੰ ਸਰਕਾਰਾਂ ਨੇ ਸਬਸਿਡੀਆਂ ਦੇ ਨਾਂ ਥੱਲੇ ਟੁਕੜਬੋਚ ਬਣਾਉਣ ਦੀ ਕੋਸਿਸ ਕਿਉਂ ਕੀਤੀ ਹੈ। ਇੰਨਾ ਭ੍ਰਿਸਟਾਂ ਨੂੰ ਪੁੱਛੋ ਕਿ ਜੇ ਕਿਸਾਨ ਦਾ ਜਿਆਦਾ ਹੀ ਹੇਜ ਹੈ ਤਾਂ ਤੁਸੀਂ ਵਿਦੇਸਾਂ ਦੀ ਕਣਕ 1600 ਰੁਪਏ ਕਵਿੰਟਲ ਖਰੀਦ ਦੇ ਹੋ ਪਰ ਮੇਰੀ ਕਿਸਾਨੀ ਤੌਂ 1100 ਰੁਪਏ । ਇੱਕ ਏਕੜ ਦੀ ਬੀਹ ਕਵਿੰਟਲ ਚੋਂ ਪੂਰੇ 10000 ਦਾ ਘਾਟਾ ਕਿਉਂ? ਇੰਨਾਂ ਹੀ ਫਰਕ ਜੀਰੀ ਦੀ ਫਸਲ ਵਿੱਚੋਂ ਇੱਕ ਏਕੜ ਦਾ ਸਲਾਨਾਂ ਬੀਹ ਹਜਾਰ ਦਾ ਘਾਟਾ ਪੰਜ ਏਕੜ ਵਾਲੇ ਕਿਸਾਨ ਨੂੰ ਸਾਲ ਦਾ ਇੱਕ ਲੱਖ ਦਾ ਘਾਟਾ ।ਦੱਸੋ ਸਬਸਿਡੀ ਵਿਦੇਸੀ ਕਿਸਾਨਾਂ ਨੂੰ ਹੈ ਜਾਂ ਪੰਜਾਬ ਦੇ ਕਿਸਾਨਾਂ ਨੂੰ? ਵਿਦੇਸੀ ਕਿਸਾਨ ਦੀ ਫਸਲ ਖਰੀਦੋ 1600 ਰੁਪਏ ਦੇਸੀ ਪੰਜਾਬੀ ਕਿਸਾਨ ਤੋਂ 1100 ਰੁਪਏ ਅਤੇ ਆਖਣ ਗੇ ਅਸੀਂ ਕਿਸਾਨ ਹਮਾਇਤੀ ਹਾਂ? ਕਿਸਾਨਾਂ ਦੀ ਹਮਦਰਦ ਸਰਕਾਰ ਅਖਵਾਉਣ ਵਾਲੀ ਪੰਜਾਬੀ ਸਰਕਾਰ ਵੀ ਚੁੱਪ ਵਿੱਚ ਹੀ ਭਲਾਈ ਸਮਝਦੀ ਹੈ। ਕਿਉਂ?
ਦੂਸਰੇ ਦੀ ਗੁਲਾਮੀ ਵਿੱਚ ਕੰਮ ਕਰਨ ਵਾਲੇ ਮੇਰੇ ਦੇਸੀ ਅਤੇ ਵਿਦੇਸੀ ਅਖਵਾਉਂਦੀ ਔਲਾਦ ਮਿਹਨਤ ਨਾਲ ਰੋਟੀ ਖਾਣਾਂ ਚਾਹੁੰਦੀ ਹੈ। ਇਸ ਲਈ ਚੋਰੀ ,ਡਾਕੇ, ਠੱਗੀਆਂ ,ਬੇਈਮਾਨੀਆਂ ਦੀ ਕਮਾਈ ਕਰਨ ਦੀ ਥਾਂ ਗੁਲਾਮੀ ਕਬੂਲ ਕਰਕੇ ਵੀ ਕਿਰਤ ਉੱਪਰ ਹੀ ਟੇਕ ਰੱਖਦੀ ਹੈ। ਪਰ ਰਾਜਸੱਤਾ ਇਹਨਾਂ ਨੂੰ ਭ੍ਰਿਸਟ ਕਰਨ ਉੱਪਰ ਹੀ ਤੁਲੀ ਰਹਿੰਦੀ ਹੈ ਕਿਉਂ ਜੋ ਉਹ ਆਪਣੀਆਂ ਝੋਲੀਆਂ ਭਰਨ ਲਈ ਇਹਨਾਂ ਨੂੰ ਹੀ ਮਜਬੂਰ ਕਰਦੀ ਹੈ ਕਿ ਸਾਡੇ ਲਈ ਕਿਸੇ ਵੀ ਤਰੀਕੇ ਕਮਾਈ ਕਰਕੇ ਦਿਉ। ਇੱਕ ਵਾਰ ਚਿੱਕੜ ਵਿੱਚ ਡਿੱਗਿਆ ਮੁੜ ਸਾਫ ਹੋਣ ਜੋਗਾ ਹੀ ਛੱਡਿਆ ਨਹੀਂ ਜਾਂਦਾ। ਜੇ ਕੋਈ ਇਹਨਾਂ ਦੀ ਭ੍ਰਿਸਟਤਾ ਨੂੰ ਸਮਝ ਜਾਂਦਾ ਹੈ ਉਹ ਇਹਨਾਂ ਦੀ ਗੁਲਾਮੀ ਛੱਡਕੇ ਵਿਦੇਸਾਂ ਦੀ ਗੁਲਾਮੀ ਕਬੂਲ ਕਰਨ ਨੂੰ ਮਜਬੂਰੀ ਵੱਸ ਅਪਣਾ ਲੈਂਦਾ ਹੈ । ਦੇਸੀ ਕਾਲੇ ਅੰਗਰੇਜਾਂ ਨਾਲੋਂ ਵਿਦੇਸੀ ਗੋਰੇ ਅੰਗਰੇਜ ਹੀ ਚੰਗੇ ਹਨ ਜੋ ਕਿਰਤ ਦੀ ਕਦਰ ਕਰਦੇ ਹਨ। ਉੱਚੀਆਂ ਡਿਗਰੀਆਂ ਲੈ ਕੇ ਪਾਸ ਹੋਏ ਪਹਿਲੇ ਅਤੇ ਦੂਜੇ ਦਰਜੇ ਦੇ ਆਈ ਏ ਐੱਸ ,ਪੀ ਸੀ ਐੱਸ ਜਿੰਨਾਂ ਦੇ ਮਨਾਂ ਵਿੱਚ ਕਦੇ ਹੁੰਦਾਂ ਹੈ ਕਿ ਪੰਜਾਬੀਆਂ ਜਾਂ ਭਾਰਤੀਆਂ ਦੀ ਰੱਜ ਕੇ ਸੇਵਾ ਕਰਾਂਗੇ ਪਰ ਜਦ ਭ੍ਰਿਸਟ ਰਾਜਸੱਤਾ ਦੇ ਥੱਲੇ ਲੁਟੇਰੇ ਰਾਜਨੀਤਕਾਂ ਦੇ ਹੁਕਮਾਂ ਥੱਲੇ ਕੰਮ ਕਰਨਾਂ ਪੈਂਦਾ ਹੈ ਤਦ ਉਹ ਮਜਬੂਰ ਕਰ ਦਿੱਤੇ ਜਾਂਦੇ ਹਨ ਕਿ ਤੁਸੀਂ ਉਹਨਾਂ ਲੋਕਾਂ ਨੂੰ ਲੁੱਟੋ ਜਿੰਨਾਂ ਦੀ ਸੇਵਾ ਕਰਨ ਦੇ ਦਮ ਭਰਦੇ ਸੀ। ਬਚਪਨ ਅਤੇ ਜਵਾਨੀ ਦੇ ਰੰਗਲੇ ਸਮੇਂ ਨੂੰ ਪੜਾਈ ਦੇ ਲੇਖੇ ਲਾਉਣ ਵਾਲੇ ਇਹ ਲੋਕ ਨਾਂ ਨੌਕਰੀਆਂ ਛੱਡ ਸਕਦੇ ਹਨ ਨਾਂ ਬਗਾਵਤ ਕਰਨ ਦੀ ਸਥਿਤੀ ਵਿੱਚ ਹੁੰਦੇ ਹਨ।ਇਹ ਉਹ ਸਭ ਕਰਨ ਲਈ ਮਜਬੂਰ ਕਰ ਦਿੱਤੇ ਜਾਂਦੇ ਹਨ ਜੋ ਨਹੀਂ ਕਰਨਾਂ ਚਾਹੁੰਦੇ।ਬਹੁਤ ਵੱਡੇ ਦਿਲ ਜਿਗਰੇ ਵਾਲੇ ਅੱਧ ਵਿਚਕਾਰ ਛੱਡ ਜਾਂਦੇ ਹਨ ਇਹ ਗੁਲਾਮੀ ਅਤੇ ਬਹੁਤ ਸਾਰੇ ਵਿਦੇਸਾਂ ਦਾ ਰਾਹ ਫੜ ਲੈਂਦੇ ਹਨ।
ਮੇਰਾ ਤੀਸਰਾ ਹਿੰਮਤੀ ਵਪਾਰੀ ਵਰਗ ਜੋਖਿਮ ਕਬੂਲ ਕਰਦਾ ਹੋਇਆ ਵਪਾਰ ਦਾ ਰਾਹ ਚੁਣ ਲੈਂਦਾ ਹੈ। ਸਾਡੇ ਬਜੁਰਗਾਂ ਦੇ ਅਨੁਸਾਰ ਮੱਧਮ ਦਰਜੇ ਦਾ ਇਹ ਕਿੱਤਾ ਚੁਣਨਾਂ ਬਹੁਤ ਵੱਡੇ ਜੇਰੇ ਵਾਲਿਆਂ ਦਾ ਕੰਮ ਹੈ। ਪਰ ਸਾਡੀਆਂ ਸਰਕਾਰਾਂ ਨੇ ਤਾਂ ਹਰ ਇੱਕ ਨੂੰ ਤਬਾਹ ਕਰਨ ਦੀ ਨੀਤੀ ਤੇ ਹੀ ਅਮਲ ਕਰਨਾਂ ਹੀ ਆਪਣਾਂ ਅਧਿਕਾਰ ਬਣਾਂ ਲਿਆ ਹੈ।ਸਬਜੀ ਦੀ ਰੇਹੜੀ ਲਾਉਣ ਵਾਲੇ ਤੋਂ ਲੈਕੇ ਸੋਨੇ ਹੀਰਿਆਂ ਦੇ ਵਪਾਰ ਤੱਕ ਕਰਨ ਵਾਲੇ ਨੂੰ ਜਲੀਲ ਕਰਨ ਦਾ ਕੰਮ ਹੈ ਸਾਡੀਆਂ ਸਰਕਾਰਾਂ ਦਾ। ਹਰ ਦੁਕਾਨ ਉੱਪਰ ਇੰਨਸਪੈਕਟਰੀ ਰਾਜ ਦਾ ਕੁੰਡਾਂ ਪਾਕੇ ਜਲੀਲ ਕਰਨ ਦਾ ਪੂਰਾ ਜੋਰ ਲਾਇਆ ਜਾਂਦਾ ਹੈ। ਜੋ ਤਾਂ ਇੰਹਨਾਂ ਨੂੰ ਮਹੀਨਾਂ ਦੇਣਾਂ ਸੁਰੂ ਕਰ ਦੇਵੇ ਉਸ ਦਾ ਮਿਲਾਵਟੀ ਸੌਦਾ ਵੀ ਖਰਾ ਹੋ ਜਾਂਦਾ ਹੈ ਪਰ ਜੋ ਖਰਾ ਸੌਦਾ ਕਰਨ ਦੇ ਭਰਮ ਵਿੱਚ ਮਹੀਨਾਂ ਨਾਂ ਦੇਵੇ ਉਸਦਾ ਖਰਾ ਸੌਦਾ ਵੀ ਮਿਲਾਵਟੀ ਬਣਵਾ ਦੇਣਾਂ ਭ੍ਰਿਸਟ ਰਾਜਸੱਤਾ ਦਾ ਪਹਿਲਾ ਹੁਕਮ ਹੈ ।ਕੀ ਕੀ ਦੁੱਖ ਦੱਸਾਂ ਇਹਨਾਂ ਦੇ ਸਬਰ ਅਤੇ ਕੁਦਰਤ ਦੇ ਸਹਾਰੇ ਜਿਉਂਦੇ ਹਨ ਇਹ ਸਭ ਕਦ ਇਹਨਾਂ ਦਾ ਭ੍ਰਿਸਟ ਰਾਜਨੀਤਕਾਂ ਤੋਂ ਖਹਿੜਾ ਸੁੱਟੇਗਾ ਖੁਦਾ ਹੀ ਜਾਣਦਾ ਹੈ । ਕਾਸ ਖੁਦਾ ਹੁਣ ਭਾਰਤੀਆਂ ਪੰਜਾਬੀਆਂ ਗੁਜਰਾਤੀਆਂ ਸਭ ਦੀ ਅਰਦਾਸ ਸੁਣੇ ਭ੍ਰਿਸਟਾਂ ਦੀ ਥਾਂ ਇਮਾਨਦਾਰ ਰਾਜਨੀਤਕਾਂ ਦਾ ਹੱਥ ਉੱਪਰ ਕਰ ਦੇਵੇ ਤਾਂ ਜੋ ਇੱਕ ਦੂਸਰੇ ਦੀ ਸਹਾਇਤਾ ਕਰਨ ਵਾਲੇ ਸਮਾਜ ਦੀ ਸਥਾਪਨਾ ਹੋ ਜਾਵੇ।
1 comment:
BAHUT ACHHA KEHA SIR TUC.
Post a Comment