Saturday, 14 May 2011

ਧਰਮ ਪਰਚਾਰਕ ਅਤੇ ਅਸਲੀਲ ਗਾਇਕ


ਅਜ ਸਮਾਜ ਵਿੱਚ ਜਿਸ ਤਰਾਂ ਅਸਲੀਲਤਾ ਦਾ ਬੋਲਬਾਲਾ ਹੋ ਰਿਹਾ ਹੈ ਦੇ ਲਈ ਸਭ ਤੋ ਵੱਧ ਜਿੰਮੇਵਾਰ ਗਾਇਕ ਠਹਿਰਾਏ ਜਾ ਰਹੇ ਹਨ ਕਿਉਂ? ਗਾਇਕ ਜਾਂ ਅਸਲੀਲ ਮੀਡੀਆ ਕਿਉਂ ਜਿੱਤ ਰਿਹਾ ਹੈ ਅਤੇ ਧਾਰਮਿਕ ਪਰਚਾਰਕ ਜਾਂ ਸਮਾਜ ਦਾ ਸਿਆਣਾਂ ਅਖਵਾਉਣ ਵਾਲਾ ਬੁੱਧਜੀਵੀ ਵਰਗ ਵੀ ਜੋ ਅਸਲੀਲਤਾ ਦੇ ਖਿਲਾਫ ਬੜਾ ਰੌਲਾ ਪਉਂਦਾ ਹੈ ਕਿਉਂ ਹਾਰ ਰਹੇ ਹਨ । ਸਮਾਜ ਦਾ ਵੱਡਾ ਹਿੱਸਾ ਬੁਰੇ ਪਰਚਾਰੇ ਜਾ ਰਹੇ ਵਰਗ ਦੀ ਤਾਂ ਗੱਲ ਲਾਗੂ ਕਰ ਰਿਹਾ ਹੈ ਜਦ ਕਿ ਧਾਰਮਿਕ ਸੋਚ ਅਤੇ ਸਮਾਜ ਸੁਧਾਰਨ ਦਾ ਦਾਅਵਾ ਕਰਨ ਵਾਲਿਆਂ ਦੀ ਗੱਲ ਜਿੰਦਗੀ ਵਿੱਚ ਕਿਉਂ ਨਹੀਂ ਲਾਗੂ ਕਰ ਰਿਹਾ ? ਕੀ ਆਮ ਲੋਕ ਬੇਸਮਝ ਹਨ ਜਾਂ ਸਮਾਜ ਸੁਧਾਰਕ ਅਤੇ ਧਾਰਮਿਕ ਪਰਚਾਰਕਾਂ ਵਿੱਚ ਹੀ ਕੋਈ ਨੁਕਸ ਹੈ। ਆਉ ਦੋਸਤੋ ਵਿਚਾਰ ਕਰੀਏ ਕਿ ਸਮਾਜ ਧਰਮ    ਪਰਚਾਰਕਾਂ ਨੂੰ ਨਕਾਰ ਕੇ ਅਸਲੀਲਤਾ ਪਰਚਾਰਨ ਵਾਲਿਆਂ ਨੂੰ ਕਿਉਂ ਮੰਨ ਅਤੇ ਸੁਣ ਰਿਹਾ ਹੈ?
        ਸਾਡੇ ਧਾਰਮਿਕ ਰਹਿਬਰਾਂ ਨੇ ਕਦੇ ਵੀ ਪਰਚਾਰ ਨੂੰ ਅਹਿਮੀਅਤ ਨਹੀਂ ਦਿੱਤੀ ਬਜਾਇ ਪਰਚਾਰ ਦੇ ਆਚਰਣ ਨੂੰ ਹੀ ਸਭ ਤੋਂ ਉਪਰ ਦਰਜਾ ਦਿੱਤਾ ਹੈ। ਈਸਾ ਮਸੀਹ ,ਰਾਮ ,ਕ੍ਰਿਸਨ, ਗੁਰੂ ਨਾਨਕ,  ਮੁਹੰਮਦ ਸਾਹਿਬ, ਕਬੀਰ , ਫਰੀਦ ਆਦਿ ਲੋਕਾਂ ਵੱਲੋ ਪਰਵਾਨੇ ਗਏ ਸਭ ਸੰਤ ਪੁਰਸਾਂ ਨੇ ਪਰਚਾਰ ਦੀ ਥਾਂ ਆਚਰਣ ਨੂੰ ਪਹਿਲ ਦਿੱਤੀ ਹੈ। ਆਚਰਣ ਹੀ ਸਭ ਤੋਂ ਵੱਡਾ ਪਰਚਾਰ ਹੈ। ਬੋਲਣਾਂ ਗਾਉਣਾਂ ਆਦਿ ਕਲਾਵਾਂ ਹੁੰਦੀਆਂ ਹਨ ਪਰ ਇਹ ਜਰੂਰੀ ਨਹੀਂ ਸੱਚੀਆਂ ਵੀ ਹੋਣ। ਗੱਲੀਂ ਅਸੀਂ  ਚੰਗੀਆਂ ਆਚਾਰੀ ਬੁਰੀਅਹੁ ਜਾਂ ਗੁਫਤਾਰ ਕਾ ਗਾਜੀ ਬਨ ਤੋ ਗਿਆ ਕਿਰਦਾਰ ਕਾ ਗਾਜੀ ਬਨ ਨਾ ਸਕਾ ਅਨੁਸਾਰ ਆਚਰਣ ਅਤੇ ਕਿਰਦਾਰ ਹੀ ਵੱਡੇ ਹਨ ਬੋਲਣਾਂ ਜਾਂ ਗਉਣਾਂ ਬਹੁਤ ਛੋਟੀਆਂ ਚੀਜਾਂ ਹਨ। ਗਾਇਕ ਅਤੇ ਅਸਲੀਲ ਮੀਡੀਆ ਦੇ ਭਾਰੂ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਉਹਨਾਂ ਦਾ ਕਿਰਦਾਰ ਇੱਕ ਹੈ ਦੋਹਰਾ ਨਹੀਂ ਇਸ ਲਈ ਹੀ ਉਹ ਸਮਾਜ ਵਿੱਚ ਪਰਵਾਨੇ ਜਾ ਰਹੇ ਹਨ। ਅਸਲੀਲ ਬੋਲਣਾਂ ਅਤੇ ਅਸਲੀਲ ਜਿਉਣਾਂ ਹੀ ਉਹਨਾਂ ਦਾ ਕਿਰਦਾਰ ਅਤੇ ਆਚਰਣ ਹੈ ਜਿਸ ਦਾ ਭਾਵ ਇਕਹਿਰਾ ਕਿਰਦਾਰ ਜੋ ਸੱਚੇ ਧਾਰਮਿਕ ਆਗੂਆਂ ਅਤੇ ਸਮਾਜ ਨੂੰ ਸਦਾ ਹੀ ਚੰਗਾਂ ਲੱਗਦਾ ਹੈ ਇਸ ਲਈ ਹੀ ਸਮਾਜ ਇਹਨਾਂ ਨੂੰ ਪਰਵਾਨ ਕਰੀ ਜਾ ਰਿਹਾ ਹੈ ਦੂਸਰੇ ਪਾਸੇ ਹਰ ਧਾਰਮਿਕ ਸੋਚ ਅਤੇ ਸਮਾਜ ਸੁਧਾਰਕ ਜਥੇਬੰਦੀਆਂ ਦੇ ਆਗੂਆਂ ਦੇ ਜਾਂ ਧਾਰਮਿਕ ਪਰਚਾਰਕਾਂ ਦੇ ਦੋਹਰੇ ਕਿਰਦਾਰ ਮਿਲਦੇ ਹਨ। ਲੋਕਾਂ ਵਿੱਚ ਕੁੱਝ ਪਰਚਾਰਨਾਂ ਨਿੱਜੀ ਜਿੰਦਗੀ ਵਿੱਚ ਕੁੱਝ ਹੋਰ ਰੱਖਣਦੇ ਕਾਰਨ ਇਹ ਵਰਗ ਦੁਹਰੇ ਕਿਰਦਾਰ ਵਾਲੇ ਦੋਗਲੇ ਲੋਕ ਬਣ ਜਾਂਦੇ ਹਨ। ਲੋਕਾਂ ਨੂੰ ਮਾਇਆ ਨਾਗਣੀ ਕਹਿਣ ਵਾਲੇ ਆਪ ਪੈਸੇ ਤੋਂ ਬਿਨਾਂ ਦੋ ਕਦਮ ਨਹੀਂ ਤੁਰਦੇ। ਲੈ ਭਾੜਾ ਕਰੇ ਵਿਆਹੁ ਕੱਢ ਕਾਗਲ ਦੱਸੇ ਰਾਹੁ ਵਾਂਗ  ਪੈਸੇ ਲੈਕੇ ਕੁੱਝ ਕਰਨ ਵਾਲੇ ਦੂਜਿਆਂ ਨੂੰ ਕਿਵੇਂ ਮੱਤ ਦੇ ਸਕਦੇ ਹਨ। ਲੋਕਾਂ ਨੂੰ ਸਾਦਗੀ ਦੀ ਮੱਤ ਦੇਣ ਵੇਲੇ ਇਹ ਲੋਕ ਭੁੱਲ ਜਾਂਦੇ ਹਨ ਕਿ ਸਾਡਾ ਪਹਿਰਾਵਾ ਰੰਗ ਬਿਰੰਗਾ ਹੈ ਅਤੇ ਅਮੀਰੀ ਦਾ ਵਿਖਾਵਾ ਕਰ ਰਿਹਾ ਹੈ। ਹਰ ਧਰਮ ਦੇ ਪਰਚਾਰਕਾਂ ਦੇ ਪਹਿਰਾਵੇ ਲੋਕਾਂ ਨੂੰ ਮੂਰਖ ਬਣਾਉਣ ਲਈ ਵਿਸੇਸ ਤਰਾਂ ਦੇ ਹੀ ਹੁੰਦੇ ਹਨ।ਭੇਖ ਦਿਖਾਵੈ ਜਗਤ ਕੋ ਲੋਗਨ ਕੋ ਬੱਸ ਕੀਨ ਦੇ ਧਾਰਨੀ ਇਹ ਪਰਚਾਰਕ  ਸਿੱਧੀ ਸਾਦੀ ਪੱਗ, ਟੋਪੀਆਂ ਕੱਪੜੇ ਨਹੀਂ ਪਹਿਨਦੇ ਵਿਸੇਸ ਕਿਸਮ ਦੀਆਂ ਹੀ ਪਹਿਨਦੇ ਹਨ ਕਿਉਕਿ ਇਹ ਦੋਗਲੇ ਜੋ ਹੁੰਦੇ ਹਨ ਇਸ ਲਈ ਹੀ ਸਮਾਜ ਇਹਨਾਂ ਦੀਆਂ ਗੱਲਾਂ ਸੁਣਦਾ ਤਾਂ ਹੈ ਮਜਬੂਰੀ ਵੱਸ ਪਰ ਜਿੰਦਗੀ ਵਿੱਚ ਲਾਗੂ ਨਹੀਂ ਕਰ ਪਾਉਦਾਂ। ਸਾਡੇ ਅਵਤਾਰੀ ਪੁਰਸਾਂ ਦੇ ਦਰ ਤੇ ਇਕਹਿਰੇ ਕਿਰਦਾਰ ਦੇ ਸੱਜਣ ਠੱਗ ਅਤੇ ਕੌਡੇ ਰਾਖਸ ਤਾਂ ਪਰਚਾਰ ਦੀਆਂ ਮੰਜੀਆਂ ਹਾਸਲ ਕਰ ਗਏ ਪਰ ਭੇਖਧਾਰੀ  ਦੋਹਰੇ ਕਿਰਦਾਰ ਦੇ ਮਾਲਕ ਮਸੰਦਾਂ ਨੂੰ ਤਾਂ ਅੱਗ ਦੇ ਹਵਾਲੇ ਹੀ ਕਰਨਾਂ ਪਿਆਂ ਸੀ।
         ਪਰ ਜਦ ਵੀ ਇਕਹਿਰੇ ਕਿਰਦਾਰ ਵਾਲੇ ਧਾਰਮਿਕ ਆਗੂਆਂ ਨੇ ਦੁਨੀਆਂ ਉਪਰ ਲਲਕਾਰ ਮਾਰੀ ਹੈ ਤਦ ਲੱਖਾਂ ਲੋਕਾਂ ਨੇ ਆਪਣੇ ਸਿਰ ਵਾਰ ਦਿੱਤੇ ਉਹਨਾਂ ਦੀ ਸੋਚ ਪਿੱਛੇ ਜਿਵੇਂ ਕ੍ਰਿਸਨ ਮਹਾਰਾਜ ,ਰਾਮ ਜੀ , ਮੁਹੰਮਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਆਦਿ ਦੇ ਸਮੇਂ ਹੋਇਆ। ਅੱਜ ਦੇ ਧਾਰਮਿਕ ਪਰਚਾਰਕਾਂ ਦੇ ਪਿੱਛੇ ਕੋਈ ਕਿਉਂ ਨਹੀਂ ਤੁਰਦਾ ਅਤੇ ਕੁਰਬਾਨ ਹੁੰਦਾ ਕਿਉਕਿ ਇਹ ਦੋਗਲੇ ਹਨ ਲੋਕਾਂ ਨੂੰ ਕਹਿੰਦੇ ਹਨ ਕਿ ਫਲਾਣੇ ਧਿਮਕੇ ਨੂੰ ਮਾਰ ਦਿਉ ਅਸੀਂਂ ਤੁਹਾਨੂੰ ਸੋਨੇ ਦੇ ਮੈਡਲ ਦਿਆਗੇ ਪਰ ਸਿਆਣੇ ਲੋਕ ਕਦੇ ਸੋਨੇ ਦੇ ਮੈਡਲਾਂ ਪਿੱਛੇ ਕਤਲ ਨਹੀਂ ਕਰਦੇ। ਸੋਨੇ ਦੇ ਲਾਲਚ ਦੇਕੇ ਕਤਲ ਕਰਵਾਉਣ ਵਾਲੇ ਧਾਰਮਿਕ ਆਗੂ ਨਹੀਂ ਰਾਜਸੱਤਾ ਦੇ ਏਜੰਟ ਜਰੂਰ ਹੁੰਦੇ ਹਨ।ਲੋਕਾਂ ਵਿੱਚ ਮਸ਼ਹੂਰੀ ਪਰਾਪਤ ਧਾਰਮਿਕ ਪਰਚਾਰਕ ਜਦ ਰਾਜਸੱਤਾ ਦੇ ਮਾਲਕ ਆਗੂਆਂ ਦੀ ਹਾਜਰੀ ਵਿੱਚ ਕਥਾ ਕੀਰਤਨ ਕਰਦੇ ਹਨ ਤਦ ਰਾਜੇ ਸੀਂਹ ਮੁਕੱਦਮ ਕੁੱਤੇ ਦੀ ਵਿਆਖਿਆ ਕਦੇ ਨਹੀਂ ਕਰਦੇ। ਆਮ ਲੋਕਾਂ ਵਿੱਚ ਬੋਲਣ ਸਮੇ ਬਥੇਰੀ ਅੱਗ ਲਾਉਣ ਦੀ ਕੋਸਿਸ ਕਰ ਲੈਦੇ ਹਨ ਸਿਰਫ ਮਸਹੂਰੀ ਅਤੇ ਪੈਸੇ ਲਈ। ਦੋਗਲਾ ਕਿਰਦਾਰ ਗਧੇ ਉਪਰ ਸੇਰ ਦੀ ਖੱਲ ਪਾਉਣ ਦੀ ਕਹਾਣੀ ਹੀ ਹੁੰਦੀ ਹੈ।ਸੇਰ ਦੀ ਖੱਲ ਪਹਿਨ ਕੇ ਕਦੇ ਗਧੇ ਸੇਰ ਨਹੀਂ ਬਣਦੇ ਇਸ ਤਰਾਂ ਹੀ ਆਚਰਣ ਤੋਂ ਬਿਨਾਂ ਕੋਈ ਧਰਮ ਜਾਂ ਕੁੱਝ ਵੀ ਨਹੀਂ ਸਿਖਾ ਸਕਦਾ। ਗਾਇਕ ਲੋਕ ਤਾਂ ਆਪਣੇ ਬੁਰੇ ਆਚਰਣ ਕਰਕੇ ਵੀ ਸਮਾਜ ਨੂੰ ਬੁਰਾ ਬਣਾਈ ਜਾ ਰਹੇ ਹਨ ਕਿਉਕਿ ਉਹਨਾਂ ਦਾ ਕਿਰਦਾਰ ਇਕਹਿਰਾ ਹੈ ਪਰ ਦੋਹਰੇ ਕਿਰਦਾਰ ਦੇ ਧਾਰਮਿਕ ਪਰਚਾਰਕਾਂ ਨੇ ਤਾਂ ਅਵਤਾਰੀ ਪੁਰਸਾਂ ਨੂੰ ਵੀ ਬਦਨਾਮ ਕਰਨ ਦੀ ਕਸਰ ਨਹੀਂ ਛੱਡੀ ਖੁਦਾ ਭਲਾ ਕਰੇ ਅਤੇ ਆਪਣੀ ਦੁਨੀਆਂ ਨੂੰ ਇਹਨਾਂ ਦੋਗਲੇ ਕਿਰਦਾਰ ਦੇ ਪਰਚਾਰਕਾਂ ਤੋਂ ਬਚਾਈ ਰੱਖੈ। ਆਮੀਨ।

No comments: