Friday, 9 October 2015

ਉੱਭਾ ਅਤੇ ਭੀਖੀ ਜਿਲਾ ਮਾਨਸਾ ਸਬੰਧਤ ਨੇਕੀ ਕਰ ਅਤੇ ਖੂਹ ਵਿੱਚ ਸੁੱਟ ਦੇ ਭਲਿਆ

                                           
                                      ਜਿੰਦਗੀ ਪਤਾ ਹੀ ਨਹੀਂ ਕਿਹੋ ਜਿਹੀ ਵਚਿੱਤਰ ਖੇਡ ਹੈ ਜਿਸ ਨੂੰ ਨਾਂ ਕੋਈ ਅੱਜ ਤੱਕ ਸਮਝ ਸਕਿਆਂ ਹੈ ਨਾਂ ਸਮਝ ਸਕੇਗਾ। ਦੁਨੀਆਂ ਦਾ ਵੱਡਾ ਹਿੱਸਾ ਭਾਵੇਂ ਇਸ ਨੂੰ ਖੇਡਦਿਆਂ ਮਾਹਰ ਹੋਣ ਦੇ ਅਨੇਕਾਂ ਵਾਰ ਦਾਅਵੇ ਕਰਦਾ ਰਹਿੰਦਾਂ ਹੈ ਕਿਸ ਗੱਲ ਦਾ ਨਤੀਜਾ ਕੀ ਨਿੱਕਲੇ ਇਹ ਵਕਤ ਦੱਸਦਾ ਹੈ। ਮਨੁੱਖ ਕਿੰਨਾਂ ਸਵਾਰਥੀ ਹੋ ਜਾਵੇ ਕੋਈ ਹੱਦ ਨਹੀਂ ਪਰ ਇਸਦੇ ਨਿਰਸਵਾਰਥ ਹੋ ਜਾਣ ਦੀ ਵੀ ਕੋਈ ਸੀਮਾ ਨਹੀਂ। ਗੁਰੂ ਗੋਬਿੰਦ ਸਿੰਘ ਲਈ ਪੰਜ ਸਿਰ ਦੇਣ ਵਾਲੇ ਅਤੇ ਦੋ ਉਹ ਪਿਉ ਪੁੱਤ ਜੋ ਗੁਰੂ ਦੀ ਰਾਈਫ਼ ਦਾ ਨਿਸਾਨਾ ਆਪਣੇ ਉੱਤੇ ਪਰਖਣ ਲਈ ਇੱਕ ਦੂਜੇ ਤੋਂ ਮੂਹਰੇ ਹੋ ਰਹੇ ਸਨ ਕੁਦਰਤ ਦੇ ਕਰਿਸਮੇ ਹੀ ਤਾਂ ਹਨ। ਜਿੰਦਗੀ ਦੇ ਸਫਰ ਦੌਰਾਨ ਨੌਜਵਾਨੀ ਵਿੱਚ ਮੈਂ ਇੱਕ ਵਾਰ ਦੁਕਾਨਦਾਰੀ ਛੱਡ ਕੇ ਘਰ ਤੋਂ ਦੂਰ ਰਹਿਣ ਨੂੰ ਛੱਡਕੇ ਆਪਣੇ ਬਾਪ ਦੇ ਘਰ ਖੇਤੀ ਕਰਨ ਦਾ ਮਨ ਬਣਾ ਲਿਆ । ਮੈਂ ਜੀ ਜਾਨ ਲਾਕੇ ਦੂਸਰੇ ਘਰਾਂ ਦੇ ਮੁਕਾਬਲੇ ਤੇ ਵਧੀਆਂ ਖੇਤੀ ਕਰਵਾਉਣ ਨੂੰ ਪਹਿਲ ਦਿੰਦਿਆਂ ਤਨਦੇਹੀ ਨਾਲ ਕਰਨ ਲੱਗਿਆ ਪਰ ਮੇਰੇ ਤੋਂ ਦਸ ਸਾਲ ਵੱਡੇ ਗਰੈਜੂਏਟ ਭਰਾ ਦੇ ਮਨ ਵਿੱਚ ਪਤਾ ਨਹੀਂ ਕੀ ਕੁੱਝ ਚਲਣ ਲੱਗਿਆਂ। ਮੈਂ ਉਹਨਾਂ ਵਕਤਾਂ ਵਿੱਚ ਦੋ ਕਮਾਈ ਦੇ ਤਕਨੀਕੀ ਸਾਧਨ ਧੱਕੇ ਨਾਲ ਕਣਕ ਕੱਢਣ ਵਾਲੀ ਮਸੀਨ ਹੜੰਬਾਂ ਖਰੀਦ ਕੇ ਕਿਰਾਏ ਤੇ ਚਲਾਇਆ ਅਤੇ ਵਧੀਆਂ ਆਮਦਨ ਘਰ ਦਿੱਤੀ ਅਗਲੇ ਸੀਜਨ ਜੀਰੀ ਦੇ ਕਰਚੇ ਕੱਟਣ ਵਾਲਾ ਰੀਪਰ ਲੈਕੇ ਕਮਾਈ ਕੀਤੀ ਅਤੇ ਨਿੱਜੀ ਸੰਦ ਵੀ ਬਣਨ ਲੱਗੇ । ਸੋ ਇੱਕ ਦਿਨ ਮਜਦੂਰ ਸਾਥੀਆਂ ਨਾਲ ਰੂੜੀ ਦੀ  ਖਾਦ ਸਿਰ ਤੇ ਟੋਕਰੇ ਚੁਕਦਿਆਂ ਟਰਾਲੀ ਭਰਦਿਆਂ ਦੇ ਖਿਲਾਫ ਮੇਰੇ ਬਾਪ ਨੂੰ ਭੜਕਾਉਣ ਲੱਗਿਆਂ ਕਿ ਮੈਨੂੰ ਟਰੈਕਟਰ ਲੈਕੇ ਜਾਣ ਨਹੀਂ ਦੇ ਰਿਹਾ ਜਦ ਕਿ ਮੈਂ ਕਿਹਾ ਸੀ ਕਿ ਟਰਾਲੀ ਭਰ ਹੀ ਚੁੱਕੀ ਹੈ ਬੱਸ ਖੇਤ ਛੱਡ ਆਉਣ ਤੇ ਟਰੈਕਟਰ ਦੇ ਦਿੰਦਾਂ ਹਾਂ । ਮੇਰੇ ਬਾਪ ਬਿਨਾਂ ਸਮਝੇ ਕਿਸੇ ਗੱਲ ਨੂੰ ਮੰਨ ਲੈਣ ਦਾ ਰੰਗਲਾਂ ਸੁਭਾਉ  ਮੇਰੇ ਸਦਾ ਹੀ ਖਿਲਾਫ ਚੱਲਣ ਦਾ ਕੁਦਰਤੀ ਤੌਰ ਤੇ ਰਿਹਾ ਹੈ ਜਿਸਦੀ ਮੈਂ ਜਿੰਦਗੀ ਵਿੱਚ ਭਾਰੀ ਕੀਮਤ ਅੱਜ ਤੱਕ ਉਤਾਰ ਰਿਹਾਂ ਹਾਂ। ਮੇਰੇ ਬਾਪ ਨੇ ਆਪਣੇ ਸੁਭਾਉ ਅਨੁਸਾਰ ਬਿਨਾਂ ਕੁੱਝ ਪੁੱਛੇ ਦੱਸੇ ਦੂਰੋਂ ਹੀ ਹੱਦ ਦਰਜੇ ਦੀਆਂ ਗੰਦੀਆਂ ਗਾਲਾਂ ਦੀ ਬੁਛਾੜ ਕਰ ਦਿੱਤੀ। ਜਦ ਮੇਰਾ ਬਾਪ ਬਜਾਇ ਮੇਰਾ ਪੱਖ ਸੁਣਨ ਦੀ ਬਜਾਇ ਗਾਲਾਂ ਕੱਢਣੋਂ ਨਾਂ ਹੀ ਹਟਿਆਂ ਤਦ ਮੈਂ ਵੀ ਕਹੀ ਸੁੱਟਕੇ ਕੱਪੜੇ ਬਦਲ ਘਰ ਛੱਡ ਕੇ ਇੱਕ ਗਰੀਬ ਦੋਸਤ ਹੁਣ ਸਵਰਗਵਾਸੀ ਬੂਟਾ ਸਿੰਘ ਉੱਭਾ ਕੋਲ ਚਲਿਆ ਗਿਆ ਅਤੇ ਸਾਰੀ ਗੱਲ ਦੱਸੀ ਕਿ ਯਾਰ ਇੱਥੇ ਕੰਮ ਕਰਦਿਆਂ ਨੂੰ ਵੀ ਬੇਇੱਜਤ ਕੀਤਾ ਜਾਂਦਾ ਹੈ। ਖਾਲੀ ਜੇਬ ਖਾਲੀ ਹੱਥ ਗਏ ਅਮੀਰ ਘਰ ਦੇ ਗੁਰਚਰਨ ਨੂੰ ਉਸਦੇ ਦੋਸਤ ਨੇ ਪੰਜ ਹਜਾਰ ਰੁਪਏ ਦਿੱਤੇ ਅਤੇ ਜੇ ਹੋਰ ਲੋੜ ਹੋਈ ਤਦ ਆਪਣੇ ਤਾਜਾ ਹੋਏ ਵਿਆਹ ਦੇ ਵਿੱਚ ਮਿਲੇ ਸਗਨਾਂ ਦਾ ਸੋਨੇ ਦਾ ਕੜਾ ਵੇਚਣ ਦੀ ਵੀ ਆਫਰ ਕਰ ਦਿੱਤੀ । ਇੰਹਨਾਂ ਪੈਸਿਆਂ ਨਾਲ ਮੈਂ ਭੀਖੀ ਵਿੱਖੇ ਛੋਟੀ ਜਿਹੀ ਸਾਊਂਡ ਰਿਪੇਅਰ ਦੀ ਦੁਕਾਨ ਕਰ ਲਈ । ਕਈ ਸਾਲ ਭੀਖੀ ਜਿਲਾ ਮਾਨਸਾ ਵਿੱਚ ਸਾਊਂਡ ਸਰਵਿਸ ਦੀ ਦੁਕਾਨ ਦੁਬਾਰਾ ਗੁਜਾਰਾ ਕਰਦਾ ਰਿਹਾ।
            ਮੈਂ ਬਚਪਨ ਤੋਂ ਹੀ ਕਦੇ ਵੀ ਕਿਸੇ ਦੇ ਅੱਗੇ ਹੱਥ ਅੱਡਣ ਦਾ ਆਦੀ ਨਹੀਂ ਰਿਹਾ ਇੱਥੋ ਤੱਕ ਕਿ ਆਪਣੇ ਮਾਪਿਆਂ ਤੋਂ ਵੀ ਘੱਟ ਹੀ ਮੰਗਦਾ ਹਾਂ । ਇਸ ਅਣਖੀ ਸੁਭਾਉ ਕਾਰਨ ਮੈਂ ਕਦੇ ਕਿਸੇ ਅੱਗੇ ਝੁਕਦਾ ਵੀ ਨਹੀਂ ਮੇਰੀਆਂ ਭੈਣਾਂ ਮੇਰੇ ਭਰਾ ਮੇਰੇ ਮਾਪੇ ਅਤੇ ਗੁਆਢੀ ਵੀ ਮੇਰੀ ਇਸ ਨੀਤੀ ਤੋਂ ਖੁਸ ਘੱਟ ਦੁਖੀ ਜਿਆਦਾ ਰਹਿੰਦੇ ਹਨ। ਸਾਇਦ ਆਮ ਤੌਰ ਤੇ ਬਹੁਤੇ ਬੰਦੇ ਦੂਸਰੇ ਲੋਕਾਂ ਨੂੰ ਮੰਗਤੇ ਦੇਖਕੇ ਆਪਣਾਂ ਆਪ ਵੱਡਾ ਲੱਗਦਾ ਹੈ ਅਤੇ ਖੁਸ਼ ਹੁੰਦੇ ਹਨ। ਇਸ ਆਦਤ ਕਾਰਨ ਹੀ ਮੈਂ ਆਪਣੀ ਮੰਗਣੀ ਦੀ ਰਸਮ ਵਾਲੇ ਦਿਨ ਪੁਰਾਣਾਂ ਪਰ ਨਵਿਆਂ ਵਰਗਾ ਪੈਂਟ ਸੂਟ ਅਤੇ ਪਾਲਿਸ ਕੀਤੀ ਪੁਰਾਣੀ ਰਕਾਬੀ ਪਾਕੇ ਬੈਠ ਗਿਆਂ ਸੀ ਅਤੇ ਅਗਲੇ ਦਿਨ ਜੰਨ ਚੜਨ ਵੇਲੇ ਪਹਿਨਣ ਵਾਲਾ ਸੂਟ ਮੇਰੀ ਪਾਲਣਹਾਰ ਨਾਨੀ ਤੋਂ ਵਿਆਹ ਦੀ ਤਾਰੀਖ ਤੋਂ ਪਹਿਲਾਂ ਹੀ ਲੈਕੇ ਸਿਲਾਈ ਕਰਵਾ ਲਿਆ ਸੀ ਅਤੇ ਉਹੀ ਪਾਕੇ ਲਾੜਾ ਬਣਿਆ।  ਮੇਰਾ ਪਰੀਵਾਰ ਮੇਰੀ ਇਸ ਗੱਲ ਤੇ ਦੁਖੀ ਹੋਇਆ ਕਿ ਹਾਲੇ ਵੀ ਇਹ ਝੁਕਿਆ ਨਹੀਂ। ਵਿਆਹ ਤੋਂ ਅਗਲੇ ਦਿਨ ਮੇਰੀ ਭੈਣ ਮਖੌਲ ਦੇ ਤੌਰ ਤੇ ਮੈਨੂੰ ਕਹਿਣ ਲੱਗੀ ਕਿ ਹੁਣ ਦੇਖਾਗੇ ਕਿ ਹੁਣ ਮੰਗੇ ਬਿਨਾਂ ਕਿਵੇਂ ਸਾਰੇਂਗਾ ਪਰ ਮੈਂ ਚੁੱਪ ਰਿਹਾ। ਮੈਂ ਵਿਆਹ ਤੋਂ ਤੀਸਰੇ ਦਿਨ ਹੀ ਦਾਜ ਵਿੱਚ ਮਿਲਿਆ ਸਕੂਟਰ ਵੇਚ ਦਿੱਤਾ 14000 ਦਾ ਅਤੇ ਦਸ ਹਜਾਰ ਰੁਪਏ ਦਾ ਪਰਬੰਧ ਮੈਂ ਹੋਰ ਕਰ ਲਿਆ। ਸਕੂਟਰ ਦੀ ਥਾਂ ਕਮਾਈ ਦੇਣ ਵਾਲੀ ਕਾਰ ਖਰੀਦਣ ਦਾ ਫੈਸਲਾ ਕਰ ਲਿਆ  ਪਰ ਫੀਏਟ ਕਾਰ ਲੈਣ ਲਈ ਹਾਲੇ ਵੀ 15000 ਹਜਾਰ ਘੱਟ ਸਨ ਜਿਸ ਲਈ ਮੈਂ ਮੇਰੇ ਬਾਪ ਨੂੰ ਇਸਦੇ ਵਿੱਚ ਘਰ ਵੱਲੋਂ ਖਰੀਦਣ ਜਾਂ ਅੱਧਾ ਹਿੱਸਾ ਪਾਉਣ ਦੀ ਪੇਸਕਸ ਕੀਤੀ ਪਰ ਉਹ ਕਹਿਣ ਲੱਗੇ ਕਿ ਅਸੀ ਨਹੀਂ ਕੁੱਝ ਦਿੰਦੇ ਜੋ ਮਰਜੀ ਕਰਦਾ ਰਹਿ। ਪਰ ਕੀਤਾ ਫੈਸਲਾ ਮੈਂ ਘੱਟ ਹੀ ਬਦਲਦਾ ਹਾਂ ਅਤੇ ਇਸ ਕੰਮ ਲਈ ਮੈਂ ਫਿਰ ਮੇਰੇ ਦੋਸਤ ਬੂਟਾ ਸਿੰਘ ਉੱਭਾ ਕੋਲ ਗਿਆ ਅਤੇ ਸਾਰੀ ਰਾਮ ਕਹਾਣੀ ਕਹਿ ਸੁਣਾਈ ਪਰ ਉਹ ਚੁੱਪ ਰਿਹਾ ਅਤੇ ਦੂਸਰੇ ਦਿਨ ਆਉਣ ਲਈ ਕਿਹਾ। ਉਸਨੇ ਉਸ ਵਕਤ ਹੀ ਆਪਣੇ ਘਰ ਪਏ ਨਰਮੇਂ ਨੂੰ ਬੋਤੇ ਵਾਲੀ ਰੇਹੜੀ ਵਿੱਚ ਲੱਦਿਆ ਅਤੇ ਸਾਰੀ ਵੱਟੀ ਰਕਮ ਅਗਲੇ ਦਿਨ ਦਸ ਹਜਾਰ ਰੁਪਏ ਮੇਰੇ ਹੱਥ ਧਰ ਦਿੱਤੀ। ਹਰ ਤਰਾਂ ਦੀ ਖੁੱਲ ਵੀ ਦੇ ਦਿੱਤੀ ਕਿ ਚਾਹੇ ਹਿੱਸਾ ਸਮਝ ਲਵਾਂ ਜਾਂ ਉਧਾਰ ਜਦ ਮਰਜੀ ਵਾਪਸ ਕਰ ਦੇਵੀਂ। ਦੋਸਤੀ ਅਤੇ ਸਵਾਰਥੀ ਰਿਸਤਿਆਂ ਦੀ ਸਮਝ ਮੈਨੂੰ ਮਾਪਿਆਂ ਅਤੇ ਇਸ ਮਹਾਨ ਸਵਰਗਵਾਸੀ ਦੋਸਤ ਤੋਂ ਮਿਲੀ ਅਤੇ ਗੁਰੂ ਤੇਗ ਬਹਾਦਰ ਦਾ ਸਲੋਕ ਵੀ ਸਮਝ ਆਇਆ ਕਿ ਮਾਤ ਪਿਤਾ ਸੁਤ ਬੰਧਪ ਭਾਈ ਸਭ ਸੁਆਰਥ ਕੇ ਅਧਿਕਾਈ ।
                                ਕਿਸੇ ਦਾ ਕਰਜਾ ਕਿਸ ਤਰਾਂ ਮੁੜਦਾ ਹੈ ਇਹ ਵੀ ਇੱਕ ਦਿਲਚਸਪ ਕਹਾਣੀ ਹੈ। ਮੇਰੇ ਇਸ ਦੋਸਤ ਦੀ ਹਾਦਸੇ ਵਿੱਚ ਹੋਈ ਮੌਤ ਤੇ ਭੋਗ ਸਮੇਂ ਉਸਦੇ ਜੀਜੇ ਨੂੰ ਮੈਨੂੰ ਬੋਲਣ ਲਈ ਕਿਹਾ ਕਿ ਤੂੰ ਉਸਨੂੰ ਸਭ ਤੋਂ ਵੱਧ ਜਾਣਦਾ ਹੈ। ਮੇਰੇ ਕੋਲ ਬੋਲਣ ਦਾ ਰੱਬੀ ਗੁਣ ਜਾਂ ਔਗੁਣ ਹੈ ਅਤੇ ਮੈਂ ਉਸ ਕਾਮਰੇਡ ਪਰ ਨਾਸਤਿਕ ਨਹੀਂ, ਲੋਕ ਸੇਵਾ ਦੇ ਖਿਆਲਾਂ ਵਾਲੇ ਵਿਅਕਤੀ ਨੂੰ ਗਰੀਬਾਂ ਦਾ ਹਮਦਰਦ ਲੋੜਵੰਦਾਂ ਦੀ ਮਦਦ ਕਰਨ ਵਾਲਾ ਅਤੇ ਮੇਰੀ ਮੱਦਦ ਵਾਲੀ ਸਾਰੀ ਕਹਾਣੀ ਸੁਣਾਈ । ਉਸ ਨੇ ਆਪਣੀ ਇੱਕ ਬੇ ਔਲਾਦ ਭੂਆ ਦੀ ਦਿਲੋਂ ਜਾਨ ਸੇਵਾ ਕੀਤੀ ਸੀ ਜਿਸ ਕਾਰਨ ਉਸਦੇ ਭਾਈਆਂ ਅਤੇ ਮਾਪਿਆਂ ਨੇ ਉਸ ਨਾਲ ਅਣਗਿਣਤ ਬੇਇਨਸਾਫੀਆਂ ਕੀਤੀਆਂ ਸਨ। ਮੈਂ ਉਸ ਸਮੇਂ ਇੱਕ ਇਸਾਈ ਕਥਾ ਸੁਣਾਕਿ ਪਿੰਡ ,ਸੂਬੇ ਜਾਂ ਦੇਸ ਦੀ ਭਲਾਈ ਦੇ ਨਾਂ ਤੇ ਵੱਡੇ ਬਣਦੇ ਰਾਜਨੀਤਕ ਲੋਕਾਂ ਨਾਲੋਂ ਸਮੁੱਚੀ ਲੋਕਾਈ ਦੀ ਭਲਾਈ ਮੰਗਣ ਵਾਲੇ ਫਕੀਰਾਂ ਦਾ ਉੱਚਾ ਦਰਜਾ ਦਿੱਤਾ। ਥੋੜੇ ਸਮੇਂ ਬਾਅਦ ਉਸਦੀ ਬੇਟੀ ਨੇ ਵਿਦੇਸ ਜਾਣ ਲਈ ਕਿਸੇ ਪੜਾਈ ਦੇ ਅਧਾਰ ਤੇ ਵਿਦੇਸ ਜਾਣ ਵਾਲੀ ਕੁੜੀ ਨਾਲ ਢਾਈ ਲੱਖ ਦੇਣ ਦਾ ਵਾਅਦਾ ਕਰ ਲਿਆ ਅਸਲ ਵਿੱਚ ਉਹ ਕੁੜੀ ਠੱਗ ਏਜੰਟ ਸੀ ਜਿਸਨੇ ਵਾਅਦਾ ਕੀਤਾ ਕਿ ਮੈਂ ਤੈਨੂੰ ਉੱਥੇ ਜਾਕੇ ਤੈਨੂੰ ਨੌਕਰ ਦੇ ਤੌਰ ਤੇ ਸੱਦ ਲਊਗੀ। ਇਸ ਢਾਈ ਲੱਖ ਲਈ ਦੋਸਤ ਦਾ ਪਰੀਵਾਰ ਪਿੰਡ ਦੇ ਕਿਸ ਵਿਅਕਤੀ ਕੋਲ ਕਰਜਾ ਚੁੱਕਣ ਚਲਿਆਂ ਗਿਆਂ ਪਰ ਉਸ ਵਿਅਕਤੀ ਨੇ ਇੱਕ ਸਰਤ ਲਗਾ ਦਿੱਤੀ ਕਿ ਬੂਟਾ ਸਿੰਘ ਦੇ ਭੋਗ ਤੇ ਕੋਈ ਮੁੰਡਾਂ ਬੋਲਿਆਂ ਸੀ ਪੱਖੋ ਵਾਲਾ ਉਸ ਦੇ ਕੋਲੋਂ ਕਹਾਉ ਫਿਰ ਕਰਜਾ ਦੇਵਾਂਗਾਂ। ਜਦੋਂ ਕਿ ਉਸ ਵਿਅਕਤੀ ਨੂੰ ਨਾਂ ਮੈਂ ਜਾਣਦਾ ਸੀ ਨਾਂ ਉਹ ਕਦੇ ਮੈਨੂੰ ਮਿਲਿਆ ਸੀ। ਉਹ ਕੁੜੀ ਮੇਰੇ ਕੋਲ ਆਈ ਅਤੇ ਸਿਫਾਰਸ ਕਰਨ ਲਈ ਕਹਿਣ ਲੱਗੀ ਜੋ ਕਿ ਮੈਂ ਫੋਨ ਕਰਕੇ ਕਹਾਂ ਇਹ ਸਿਫਾਰਸ਼ ਫੋਨ  ਕਰਕੇ ਮੈਂ ਕਰ ਵੀ ਦਿੱਤੀ ਪਰ ਉਸ ਵਿਅਕਤੀ ਨੇ ਸੰਕਾਂ ਜਾਹਰ ਕੀਤੀ ਮੇਰੇ ਨਾਲ ਕਿ ਕਿੱਧਰੇ ਇਹਨਾਂ ਨਾਲ ਠੱਗੀ ਨਾਂ ਵੱਜ ਜਾਵੇ ਕਰਜਾ ਦੇਣ ਦੀ ਕੋਈ ਗੱਲ ਨਹੀ ਤੁਸੀ ਮੈਨੂੰ ਸਮਝਦਾਰ ਬੰਦੇ ਲੱਗੇ ਸੀ ਤਾਂ ਤੁਹਾਨੂੰ ਦੱਸ ਰਿਹਾਂ। ਮੈਂ ਉਸ ਕੁੜੀ ਤੋ ਜਾਣ ਦਾ ਸਾਰਾ ਤਰੀਕਾ ਜਾਣਿਆਂ ਜੋ ਕਿ ਮੈਨੂੰ ਵੀ ਸੱਕੀ ਲੱਗਿਆਂ। ਅਗਲੇ ਦਿਨ ਮੈਂ ਮੇਰੀ ਬੇਟੀ ਨੂੰ ਬੀ ਟੈਕ ਵਿੱਚ ਦਾਖਲਾ ਦਿਵਾਉਣ ਲਈ ਚੰਡੀਗੜ ਅਤੇ ਪਟਿਆਲੇ ਦੀ ਥਾਪਰ ਕਾਲਜ ਪਤਾ ਕਰਨ ਜਾਣਾਂ ਸੀ ਅਤੇ ਉਸ ਕੁੜੀ ਨੂੰ ਵੀ ਮੈਂ ਨਾਲ ਚੰਡੀਗੜ ਲੈ ਗਿਆ ਜਿੱਥੇ ਜਾਕੇ ਵਿਦੇਸ਼ ਭੇਜਣ ਵਾਲੇ ਦਫਤਰ ਨਾਲ ਇਸ ਨੂੰ ਵਿਚਾਰਿਆਂ ਜਿਸ ਨੂੰ ਉਸਨੇ ਵੀ ਠੱਗੀ ਦਾ ਜਾਲ ਦੱਸਿਆਂ ਅਤੇ ਉਸ ਕੁੜੀ ਨੂੰ ਪੂਰੀ ਤਸੱਲੀ ਕਰਵਾ ਕਿ ਉਸਦੇ ਸਿਰ ਤੇ ਵਿਦੇਸ ਜਾਣ ਦਾ ਭੂਤ ਉਤਾਰਿਆ। ਭਾਵੇਂ ਕੁੜੀ ਥੋੜਾ ਉਦਾਸ ਹੋ ਗਈ ਕਿਉਂਕਿ ਜਿਸਨੂੰ ਉਹ ਦੋਸਤ ਸਮਝਦੀ ਸੀ ਹੁਣ ਉਹ ਠੱਗ ਜਾਪਣ ਲੱਗੀ। ਇਹੋ ਗੱਲ ਮੈਂ ਉਸਦੀ ਮਾਂ ਅਤੇ ਕਰਜਾ ਦੇਣ ਵਾਲੇ ਨੂੰ ਦੱਸ ਦਿੱਤੀ ਅਤੇ ਉਸ ਪਰੀਵਾਰ ਦਾ ਨੁਕਸਾਨ ਹੋਣੋਂ ਬਚ ਗਿਆਂ। ਮੈਂ ਕੁਦਰਤ ਦਾ ਧੰਨਵਾਦ ਕੀਤਾ ਕਿ ਮੈਂ ਦੋ ਸਮੇਂ ਮਦਦ ਕਰਨ ਵਾਲੇ ਉਸ ਸਵਰਗਵਾਸੀ ਮਿੱਤਰ ਦਾ ਸਾਇਦ ਕਰਜਾ ਉਤਾਰਨ ਵਿੱਚ ਸਫਲ ਹੋ ਗਿਆਂ ਹਾਂ। ਉਸਦੀ ਰੂਹ ਜਰੂਰ ਹੀ ਮੈਨੂੰ ਦੇਖ ਰਹੀ ਹੋਵੇਗੀ।   
                                 ਮੇਰੇ ਸਵਰਗਵਾਸੀ ਦੋਸਤ ਨੇ ਮੇਰੇ ਕੋਲੋਂ ਸਿਰਫ ਕਿਤਾਬਾਂ ਪੜਨ ਲਈ ਲੈਣ ਤੋਂ ਬਿਨਾਂ ਕਦੀ ਕੋਈ ਅਹਿਸਾਨ ਨਹੀਂ ਲਿਆ ਭਾਵੇਂ ਕਿ ਮੈ ਸਮੇਂ ਨਾਲ ਟਰੱਕਾਂ ਟਰਾਲਿਆਂ ਦਾ ਮਾਲਕ ਵੀ ਬਣਿਆ ,ਟਰੱਕ ਯੂਨੀਅਨ ਤਪਾ ਦਾ ਪਰਧਾਨ ਵੀ ਅਤੇ ਇੱਕ ਵੱਡੇ ਸਕੂਲ ਦਾ ਪਰਬੰਧਕੀ ਮੈਂਬਰ ਵੀ ਅਤੇ ਘਰੇਲੂ ਅਮੀਰੀ ਦਾ ਦੌਰ ਵੀ ਦੇਖਿਆ। ਲੰਬਾਂ  ਸਮੇਂ ਲਈ ਮੇਰੇ ਇਸ ਦੋਸਤ ਤਰਸ ਯੋਗ ਹਾਲਤਾਂ ਵਿੱਚ ਮਦਦ ਕਰਨ ਦੀ ਪੇਸਕਸ ਕਰਦਾ ਰਿਹਾ ਪਰ ਉਸਦਾ ਜਵਾਬ ਹੁੰਦਾਂ ਸੀ ਕਿ ਮੈਨੂੰ ਤੇਰੇ ਕੋਲੋਂ ਜੋ ਮਿਲਿਆ ਅਤੇ ਸਿੱਖਿਆ ਹੈ ਉਹ ਤਾਂ ਕਿਤੋਂ ਵੀ ਨਹੀਂ ਮਿਲਿਆ। ਕੀ ਮੇਰਾ ਸੱਚਾ ਪਿਆਰ ਤੇ ਸਤਿਕਾਰ ਹੀ ਉਸ ਲਈ ਸਭ ਤੋਂ ਵੱਡਾ ਖਜਾਨਾ ਸੀ ਸਾਇਦ । ਮੇਰੇ ਦੋਸਤ ਦੀਆਂ ਕੀਤੀਆਂ ਨੇਕੀਆਂ ਜੋ ਉਹ  ਕਰਨ ਤੋਂ ਬਾਅਦ ਖੂਹ ਵਿੱਚ ਸਿੱਟ ਦਿੰਦਾਂ ਸੀ ਪਰ ਕੁਦਰਤ ਵਿਸਾਲ ਹੁੰਦੀ ਹੈ ਪਤਾ ਹੀ ਨਹੀ ਉਸਨੇ ਕਿਹੜਾ ਬੀਜ ਕਦੋਂ ਹਰਾ ਕਰ ਦੇਣਾਂ ਹੈ। ਮਨੁੱਖ ਬਹੁਤ ਛੋਟਾ ਹੈ ਦਾਅਵੇ ਵੱਡੇ ਕਰਦਾ ਹੈ ਪਰ ਕੁਦਰਤ ਦੇ ਭੇਤ ਕਦੇ ਵੀ ਨਹੀ ਜਾਣ ਸਕਦਾ। ਸੋ ਸਿਆਣਿਆਂ ਦਾ ਕਿਹਾ ਝੂਠਾ ਕਿਵੇਂ ਹੋ ਸਕਦਾ ਹੈ ਕਿ ਨੇਕੀ ਕਰ ਕੇ ਖੂਹ ਵਿੱਚ ਸੁੱਟ ਦੇ ਭਲਿਆ ।
ਗੁਰਚਰਨ ਸਿੰਘ ਪੱਖੋਕਲਾਂ ਜਿਲਾ ਬਰਨਾਲਾ ਫੋਨ 9417727245

ਬੂਟਾ ਸਿੰਘ ਨਾਲ
ਗੁਰਰਨ ਚਾਹਲ ਭੀਖੀ ਦੀ ਯਾਦ ਵਿੱਚ  ਭੀਖੀ ਵਿੱਖੇ ਲਕਸਮੀ ਨਰਾਇਣ  ਸੱਤਪਾਲ ਭੀਖੀ

ਸੱਤਪਾਲ ਭੀਖੀ ਰਪਿੰਦਰ ਰੋਹੀ ਭੀਖੀ
    ਨੇਕੀ ਕਰ ਅਤੇ ਖੂਹ ਵਿੱਚ ਸੁੱਟ ਦੇ ਭਲਿਆ

Wednesday, 7 October 2015

ਮੇਰਾ ਰਹਿਮ ਦਿਲੀ ਤੋਂ ਬੇਰਹਿਮ ਹੋਣ ਤੱਕ ਦਾ ਫੈਸਲਾ

                                           
           ਪਿੱਛਲੇ ਸਾਲ ਸਰਦੀਆਂ ਦੌਰਾਨ ਪਿੰਡ ਤੋਂ ਦੋ ਕਿਲੋਮੀਟਰ ਦੂਰ ਸਾਡੇ ਇੱਕੋ ਖਾਨਦਾਨ ਦੇ ਪੰਦਰਾਂ ਘਰਾਂ ਦੇ ਸਮੂਹਕ ਪਰੀਵਾਰਾਂ ਦੇ ਘਰਾਂ ਦੇ ਪੰਦਰਾਂ ਕੁ ਜਣੇ ਸਾਮ ਨੂੰ ਅਸੀਂ ਵਾਲੀਬਾਲ ਖੇਡ ਰਹੇ ਸੀ। ਸਾਡੇ ਗਰਾਊਂਡ ਦੇ ਕੋਲ ਹੀ ਸੜਕ ਉੱਪਰ ਇੱਕ ਲੰਘਦੀ ਜੀਪ ਨੇ ਇੱਕ ਕਤੂਰੇ ਨੂੰ ਫੇਟ ਮਾਰ ਦਿੱਤੀ ਜੋ ਇੱਕ ਦੋ ਵਾਰ ਚੀਕਣ ਤੋਂ ਬਾਅਦ ਸਿਰ ਸੁੱਟ ਗਿਆਂ । ਉਸਦੇ ਮੂੰਹ ਵਿੱਚ ਬਹੁਤ ਸਾਰਾ ਖੂਨ ਸੜਕ ਨੂੰ ਲਾਲੋ ਲਾਲ ਕਰ ਗਿਆਂ। ਅਸੀਂ ਸਭ ਨੇ ਸਮਝਿਆ ਕਿ ਇਹ ਤਾਂ ਮਰ ਗਿਆਂ ਹੈ। ਖੇਡਣ ਤੋਂ ਬਾਅਦ ਸਾਰੇ ਆਪੋ ਆਪਣੇ ਘਰਾਂ ਨੂੰ ਜਾਣ ਲੱਗੇ ਪਰ ਮੈਂ ਸੋਚਿਆਂ ਕਿ ਮਰੇ ਪਏ ਕੁੱਤੇ ਨੂੰ ਸੜਕ ਤੇ ਲਤੜਨ ਹੋਣ ਲਈ ਛੱਡਣ ਦੀ ਥਾਂ ਨੇੜੇ ਟੋਏ ਵਿੱਚ ਦੱਬ ਦਿਆਂ ਜਿਸ ਨਾਲ ਕੁੱਝ ਦਿਨਾਂ ਬਾਅਦ ਉਸਦੀ ਬਦਬੂ ਵੀ ਨਹੀਂ ਮਾਰੇਗੀ ਅਤੇ ਉਸਦੀ ਲਾਸ਼ ਵੀ ਸਮੇਟੀ ਜਾਵੇਗੀ। ਆਮ ਤੌਰ ਤੇ ਲੋਕ ਇਸ ਤਰਾਂ ਦੇ ਕੰਮ ਤੋਂ ਨਫਰਤ ਮੰਨਦੇ ਹਨ ਪਰ ਮੈਂ ਕਦੇ ਵੀ ਇਸ ਤਰਾਂ ਨਹੀਂ ਕਰ ਸਕਦਾ। ਮੈਂ ਕਹੀ ਦੇ ਨਾਲ ਉਸ ਕਤੂਰੇ ਨੂੰ ਮੁਸਕਿਲ ਨਾਲ ਉਸ ਉੱਪਰ ਰੱਖਿਆ ਨੇੜੇ ਹੀ ਇੱਕ ਟੋਏ ਵਿੱਚ ਦੱਬਣਾਂ ਸੁਰੂ ਕੀਤਾ  ਜਿਸ ਦੌਰਾਨ ਮੈਨੂੰ ਉਸ ਵਿੱਚ ਸਾਹ ਚਲਦੇ ਪਰਤੀਤ ਹੋਏ । ਉਸਦੇ ਜਿਉਂਦੇ ਹੋਣ ਦੇ ਸੱਕ ਵਿੱਚ ਮੈਂ ਉਸਦਾ ਮੂੰਹ ਨੰਗਾਂ ਛੱਡ ਦਿੱਤਾ ਤੇ  ਬਾਕੀ ਸਰੀਰ ਮਿੱਟੀ ਨਾਲ ਢਕ ਦਿੱਤਾ ਤਾਂ ਕਿ ਉਹ ਰਾਤ ਨੂੰ ਜੇ ਜਿਉਂਦਾਂ ਹੋਇਆ ਸਰਦੀ ਤੋਂ ਬਚਿਆਂ ਰਹੇ। ਅਗਲੇ ਦਿਨ ਜਦ ਸੁਭਾ ਉਤਸੁਕਤਾ ਵੱਸ ਜਾਕੇ ਦੇਖਿਆ ਉਹ ਮਿੱਟੀ ਦੇ ਵਿੱਚ ਨਹੀਂ ਦੂਰ ਪਿਆ ਸੀ। ਉਹ ਸੱਚਮੁੱਚ ਹੀ ਜਿਉਂਦਾਂ ਸੀ ਅਤੇ ਮੈਂ ਤਿੰਨ ਦਿਨ ਲਗਾਤਾਰ ਉਸਨੂੰ ਬੋਰੀਆਂ ਅਤੇ ਪਰਾਲੀ ਨਾਲ ਢਕ ਦਿੰਦਾਂ ਸੀ ਸਾਰਾ ਮੂੰਹ ਜਖਮੀ ਹੋਣ ਕਰਕੇ ਉਸਨੂੰ ਦੁੱਧ ਪੀਣਾਂ ਵੀ ਔਖਾ ਹੋ ਰਿਹਾ ਸੀ ਪਰ ਪੰਜ ਕੁ ਦਿਨਾਂ ਬਾਅਦ ਉਹ ਥੋੜਾ ਥੋੜਾ ਤੁਰਨ ਲੱਗਿਆ ਅਤੇ ਕੁੱਝ ਦਿਨਾਂ ਬਾਅਦ ਇੱਕ ਅੱਖ ਫੁੱਟ ਜਾਣ ਅਤੇ ਲੱਤਾਂ ਜਖਮੀ ਹੋਣ ਦੇ ਬਾਵਜੂਦ ਭੱਜਣ ਲੱਗ ਪਿਆ । ਇਸ ਗੱਲ ਤੇ ਸਾਰੇ ਦੇਖਣ ਵਾਲੇ ਸਾਡੇ ਘਰਾਂ ਦੇ ਬੱਚਿਆਂ ਤੋਂ ਲੈਕੇ ਵੱਡਿਆਂ ਤੱਕ ਸਾਰੇ ਮੇਰੇ ਰਹਿਮ ਦਿਲ ਹੋਣ ਦੀਆਂ ਗੱਲਾਂ ਕਰਨ ਲੱਗੇ ਕਿ ਮੈਂ ਚਾਰ ਪੰਜ ਦਿਨ ਉਸ ਬੇਜੁਬਾਨ ਜਾਨਵਰ ਦੀ ਸੇਵਾ ਕਰਕੇ ਉਸਨੂੰ ਤੰਦਰੁਸਤ ਕਰ ਲਿਆ ਹੈ। ਸਾਡੇ ਘਰਾਂ ਦੇ ਬੱਚੇ ਜਦ ਉਸ ਕਤੂਰੇ ਨੂੰ ਭੱਜਿਆ ਫਿਰਦਾ ਦੇਖਦੇ ਤਦ ਕਹਿੰਦੇ ਆਹ ਤਾਂ ਚਰਨੇ ਚਾਚੇ ਵਾਲਾ ਕੁੱਤਾ ਹੈ ਉਏ।
               ਇਸ ਤਰਾਂ ਹੀ ਇੱਕ ਵਾਰ ਕਿਸੇ ਗੁੰਡੇ ਅੱਸੀਵਿਆਂ ਦੇ ਖਾੜਕੂ ਦੌਰ ਦੌਰਾਨ ਦੁਆਰਾ ਇੱਕ ਗਰੀਬ ਹਿੰਦੂ ਪਰੀਵਾਰ ਸ਼ਾਮ ਦੇ ਟਾਈਮ ਘਰੋਂ ਉੱਜੜਨ ਦੇ ਲਈ ਮਜਬੂਰ ਕਰ ਦਿੱਤਾ ਗਿਆ ਪਰ ਮੇਰੇ ਵੱਲੋਂ ਉਸਨੂੰ ਰਾਤ ਦੀ ਸੁਰੱਖਿਆ ਉਸਦੇ ਘਰ ਅੱਗੇ ਪੈਕੇ ਪਹਿਰਾ ਦੇਣ ਦੀ ਗਰੰਟੀ ਤੋਂ ਬਾਅਦ ਹੀ ਉਹ ਪਰੀਵਾਰ ਰੁਕਿਆ । ਇਸ ਤਰਾਂ ਦੀ ਹੀ ਇੱਕ ਘਟਨਾਂ ਉਹਨਾਂ ਦਿਨਾਂ ਦੀ ਇੱਕ ਸਰਕਾਰੀ ਬੱਸ ਦੇ ਡਰਾਈਵਰ ਦੇ ਬੀੜੀ ਪੀ ਲੈਣ ਕਾਰਨ ਮੇਰੇ ਪਿੰਡ ਦੇ ਅੱਡੇ ਤੇ ਉਤਾਰ ਕੇ ਖਾੜਕੂ ਹਮਾਇਤੀ ਮੇਰੇ ਪਿੰਡ ਦੇ ਲੋਕਾਂ ਦੁਆਰਾ ਕੁੱਟਿਆ ਜਾਣ ਲੱਗਿਆਂ ਜਿਸ ਨੂੰ ਕੋਈ ਵੀ ਨਹੀ ਛੁਡਾ ਰਿਹਾ ਸੀ ਪਰ ਕੁਦਰਤ ਦੀ ਦਿੱਤੀ ਹਿੰਮਤ ਕਾਰਨ ਮੈਂ ਉਸਨੂੰ ਬੁੱਕਲ ਵਿੱਚ ਲੈਕੇ ਬਚਾਇਆਂ ਅਤੇ ਧੱਕੇ ਨਾਲ ਬੱਸ ਚੜਾਕੇ ਜਾਣ ਲਈ ਕਿਹਾ ਗਿਆ। ਇਸ ਤੋਂ ਬਾਅਦ ਉਹ ਲੋਕ ਮੈਨੂੰ ਡਰਾਉਣ ਲੱਗੇ ਪਰ ਮੈਂ ਕਿਹਾ ਜਦ ਉਸਨੇ ਮਾਫੀ ਹੀ ਮੰਗ ਲਈ ਹੋਰ ਤੁਸੀ ਮਾਰਨਾਂ ਸੀ ਹੁਣ। ਉਹ ਕਹਿਣ ਸਾਡੇ ਨਾਲ ਖਾੜਕੂਆਂ ਦਾ ਪਰਧਾਨ ਵੀ ਹੈ ਪਰ ਮੈਂ ਕਿਹਾ ਪਰਧਾਨ ਜਿੰਨਾਂ ਕੁ ਥੋਡਾ ਉਨਾਂ ਕੁ ਮੇਰਾ ਵੀ ਹੈ ਪਰ ਉਹ ਖਾੜਕੂ ਪਰਧਾਨ ਖੜਾ ਦੇਖਦਾ ਰਿਹਾ ਅਤੇ ਕੁੱਝ ਵੀ ਨਹੀਂ ਬੋਲਿਆਂ ਅਸਲ ਵਿੱਚ ਉਹ ਮੇਰੀ ਵੀ ਇੱਜਤ ਕਰਦਾ ਸੀ। ਇਹੋ ਜਿਹੀਆਂ ਅਨੇਕਾਂ ਘਟਨਾਵਾਂ ਕੁਦਰਤ ਦੀ ਕਿਰਪਾ ਕਾਰਨ ਹੋਰ ਵੀ ਹਨ ਜੋ ਕਦੇ ਫੇਰ ਸਹੀ।
                                                 ਇਹ ਵੀ ਜਰੂਰੀ ਨਹੀਂ ਹੁੰਦਾਂ ਕਿ ਰਹਿਮ ਦਿਲ ਵਿਅਕਤੀ ਸਦਾ ਹੀ ਰਹਿਮ ਦਿਲ ਰਹੇ ਕਿਉਂਕਿ ਕਿਸੇ ਸਭ ਤੋਂ ਵੱਧ ਬੇਰਹਿਮ ਵੀ ਰਹਿਮ ਦਿਲ ਵਿਅਕਤੀ ਹੀ ਹੋ ਸਕਦਾ ਜਿਸਦੀ ਇੱਕ ਮਿਸਾਲ ਮੇਰੇ ਨਾਲ ਵੀ ਜੁੜਦੀ ਹੈ। ਕਈ ਸਾਲ ਪਹਿਲਾਂ 1996 ਵਿੱਚ ਮੇਰੇ ਭਰਾ ਦੇ ਘਰ ਇੱਕ ਗਾਂ ਦੇ ਸੂਣ ਸਮੇਂ  ਕਿਸੇ ਅਣਜਾਣੇ ਕਾਰਨ ਦੇ ਉਸਨੂੰ ਡਲਿਵਰੀ ਨਾਂ ਹੋ ਸਕੀ ਇੱਕ ਦਿਨ ਦਰਦਾਂ ਉੱਠਣ ਦੇ ਬਾਵਜੂਦ ਵੀ ਜਦ ਉਸ ਅਮਰੀਕਣ ਗਾਂ ਨੂੰ ਬੱਚਾ ਪੈਦਾ ਨਾਂ ਹੋਇਆ ਤਦ ਇਸ ਕੰਮ ਦੇ ਇੱਕ ਦੇਸੀ ਮਾਹਿਰ ਨੂੰ ਬੁਲਾਇਆ ਗਿਆ ਜਿਸ ਨੇ ਕਈ ਤਰੀਕੇ ਵਰਤੇ ਜਿਸ ਨਾਲ ਗਾਂ ਦੀ ਡਲਿਵਰੀ ਨਾਂ ਹੋ ਸਕੀ ਪਰ ਕੁਦਰਤੀ ਜਾਂ ਕਿਸੇ ਗਲਤੀ ਕਾਰਨ ਬੱਛੜੇ ਦੇ ਖੁਰ ਬੱਚੇਦਾਨੀ ਨੂੰ ਪਾੜ ਕੇ ਬਾਹਰ ਆ ਗਏ ਪਰ ਬੱਛੜੇ ਦਾ ਸਿਰ ਸਹੀ ਬੱਚੇਦਾਨੀ ਦੇ ਮੂੰਹ ਰਾਂਹੀ ਬਾਹਰ ਆ ਚੁੱਕਿਆ ਸੀ ਅਤੇ ਇਸ ਗੱਲ ਦਾ ਉਸ ਮਾਹਿਰ ਨੂੰ ਪਤਾ ਨਾਂ ਲੱਗਿਆ ਅਤੇ ਜਬਰਦਸਤੀ ਬੱਚਾ ਬਾਹਰ ਕੱਢਣ ਦੀ ਕੋਸਿਸ ਕੀਤੀ ਗਈ । ਬੱਛੜਾ ਪੇਟ ਵਿੱਚ ਹੀ ਮਰ ਚੁੱਕਿਆਂ ਸੀ। ਬੱਛੜੇ ਨੂੰ ਖੁਰਾਂ ਤੋਂ ਖਿੱਚਣ ਨਾਲ ਉਸ ਗਾਂ ਦੀ ਬੱਚੇਦਾਨੀ ਵੀ ਸਰੀਰ ਤੋਂ ਅੱਧਿਉਂ ਵੱਧ ਬਾਹਰ ਆ ਗਈ ਜੋ ਰੱਸੇ ਦੀ ਤਰਾਂ ਮੂੰਹ ਅਤੇ ਲੱਤਾਂ ਵਿਚਕਾਰ ਫੱਸੀ ਹੋਣ ਕਾਰਨ ਬੱਛੜੇ ਨੂੰ ਬਾਹਰ ਨਹੀਂ ਆਉਣ ਦੇ ਰਹੀ ਸੀ ਅਤੇ ਨਾਂ ਹੀ ਬੱਛੜਾ ਪੇਟ ਅੰਦਰ ਜਾ ਰਿਹਾ ਸੀ ਹੋਰ ਡਾਕਟਰ ਬੁਲਾਏ ਗਏ ਜਿੰਹਨਾਂ ਗਾਂ ਬਚਾਉਣ ਲਈ ਮਰ ਚੁੱਕੇ ਬੱਛੜੇ ਦਾ ਸਿਰ ਜਾਂ ਲੱਤਾਂ ਵਿੱਚੋਂ ਇੱਕ ਨੂੰ ਤੁਰੰਤ ਕੱਟਣ ਦਾ ਹੁਕਮ ਸੁਣਾ ਦਿੱਤਾ । ਹੋਰ ਜਿਆਦਾ ਦੇਰੀ ਨਾਲ ਗਾਂ ਦੀ ਮੌਤ ਯਕੀਨੀ ਹੋ ਚੁੱਕੀ ਸੀ । ਇਸ ਹਾਲਤ ਵਿੱਚ ਗਾਂ ਕਿਸੇ ਹਸਪਤਾਲ ਵਿੱਚ ਨਹੀਂ ਲਿਜਾਈ ਜਾ ਸਕਦੀ ਸੀ। ਡਾਕਟਰਾਂ ਨੇ ਖੁਦ ਇਹ ਕਰਨ ਦੀ ਥਾਂ ਘਰ ਵਾਲਿਆਂ ਨੂੰ ਹੁਕਮ ਸੁਣਾ ਦਿੱਤਾ ਪਰ ਸਾਡੇ ਸਾਕਾਹਾਰੀ ਪਰੀਵਾਰ ਵਿੱਚੋਂ ਇਸ ਕੰਮ ਨੂੰ ਕਰਨ ਲਈ ਕੋਈ ਵੀ ਤਿਆਰ ਨਾਂ ਹੋਵੇ।
                                                ਪੂਜੀ ਜਾਣ ਵਾਲੀ ਗਾਂ ਦੀ ਮਨੌਤ ਅਨੁਸਾਰ ਸਾਰੇ ਇਸ ਨੂੰ ਕਰਨ ਤੋਂ ਡਰ ਰਹੇ ਸਨ। ਸਾਡੇ ਘਰਾਂ ਵਿੱਚ ਕਹੀ ਜਾਂ ਹੋਰ ਖੇਤੀ ਦੇ ਸੰਦਾਂ ਤੋਂ ਬਿਨਾਂ ਕੋਈ ਕਿਰਪਾਨ ਤੱਕ ਵੀ ਕਿਸੇ ਘਰ ਵਿੱਚ ਕਦੇ ਰੱਖੀ ਨਹੀਂ ਗਈ ਸੀ। ਮੈਂ ਖੁਦ ਬਚਪਨ ਵਿੱਚ ਮੇਰੇ ਸਕੂਲ ਕੋਲ ਹਰ ਰੋਜ ਕਤਲ ਕੀਤੇ ਜਾਣ ਵਾਲੇ ਬੱਕਰਿਆਂ ਦੇ ਕਤਲ ਨੂੰ ਵੀ ਕਦੇ ਦੇਖਦਾ ਨਹੀਂ ਸੀ ਹੁੰਦਾਂ ਜਦੋਂ ਕਿ ਮੇਰੇ ਸਕੂਲ ਦੇ ਸੈਕੜੇਂ ਵਿਦਿਆਰਥੀ ਪਰੇਅਰ ਤੋਂ ਪਹਿਲਾਂ ਮੀਟ ਵੇਚਣ ਵਾਲੇ ਦੁਆਰਾ ਸਕੂਲੋਂ ਬਾਹਰ ਸੜਕ ਉੱਪਰ ਦਰੱਖਤ ਨਾਲ ਬੰਨਕੇ ਕਤਲ ਹੁੰਦੇ ਬੱਕਰੇ ਨੂੰ ਦੇਖਦੇ ਹੁੰਦੇ ਸੀ । ਜਦ ਕਿਰਪਾਨ ਦੇ ਜੋਰਦਾਰ ਖੜਾਕ ਨਾਲ ਬੱਕਰੇ ਦਾ ਸਿਰ ਕੱਟਿਆ ਜਾਦਾ ਤਦ ਸਾਰੇ ਵਿਦਿਆਰਥੀ ਰੌਲਾ ਪਾਉਂਦੇ ਹੁੰਦੇ ਸਨ ਜਿਸ ਤੋਂ ਪਤਾ ਲੱਗਦਾ ਸੀ ਕਿ ਬੱਕਰਾ ਕਤਲ ਹੋ ਗਿਆ ਹੈ। ਮੇਰਾ ਕੁਦਰਤ ਵੱਲੋਂ ਹੀ ਕੌਮਲ ਮਨ ਹੋਣ ਕਰਕੇ ਮੈਂ ਉਸ ਕੰਧ ਤੋਂ ਦੂਰ ਭੱਜ ਜਾਂਦਾ ਹੁੰਦਾਂ ਸੀ ਕਿ ਮੈਨੂੰ ਕਿਰਪਾਨ ਚੱਲਣ ਦਾ ਖੜਾਕ ਵੀ ਨਾਂ ਸੁਣੇ। ਇਸ ਸਮੇਂ ਸਕੂਲ ਦੇ ਦੂਰ ਬਣੇ ਕਮਰਿਆਂ ਦੇ ਅੰਦਰ ਲੁੱਕ ਜਾਂਦਾ ਸੀ ਪਰ ਇਸ ਦਿਨ ਜਦ ਮਰ ਰਹੀ ਗਾਂ ਨੂੰ ਬਚਾਉਣ ਲਈ ਇੱਕੱਠੇ ਹੋਏ ਪੰਦਰਾਂ ਬੀਹ ਜਾਣਿਆਂ ਵਿੱਚੋਂ ਕਿਸੇ ਨੇ ਵੀ ਗਾਂ ਬਚਾਉਣ ਲਈ ਬੱਛੜੇ ਦਾ ਅੰਗ ਕੱਟਣ ਦੀ ਜੁਰਅਤ ਨਾਂ ਕੀਤੀ ਤਦ ਪਤਾ ਨਹੀਂ ਕਿਵੇਂ ਇਹ ਫੈਸਲਾ ਮੈਂ ਕੀਤਾ ਕਿ ਮੈਨੂੰ ਕਹੀ ਲਿਆਉ ਜਿਸ ਨਾਲ ਮੈਨੂੰ ਬੇਰਹਿਮ ਹੋ ਕੇ ਇਹ ਕੰਮ ਮੇਰੇ ਹੱਥੋਂ ਹੋਇਆਂ ਜੋ ਅਤਿ ਮੁਸਕਲ ਨਾਲ ਅਣਜਾਣ ਹੋਣ ਕਾਰਨ ਮੈਂ ਕੀਤਾ । ਭਾਵੇਂ ਬਾਅਦ ਵਿੱਚ ਉਹ ਗਾਂ ਵੀ ਬਚ ਨਾਂ ਸਕੀ । ਅੱਜ ਵੀ ਮੈਂ ਜਦ ਖੇਤ ਜਾਂਦਾ ਹਾਂ ਜੇ ਰਸਤੇ ਵਿੱਚ ਕੀੜਿਆਂ ਦਾ ਭੌਣ ਆ ਜਾਵੇ ਮੈਂ ਆਪਣੀ ਸਾਈਕਲ ਉਹਨਾਂ ਉੱਪਰ ਦੀ ਨਹੀਂ ਸਗੋਂ ਖੜਕੇ ਉਸ ਭੌਣ ਕੋਲ ਉੱਪਰ ਚੁੱਕਕੇ ਲੰਘਾਉਣ ਦੀ ਕੋਸਿਸ ਕਰਦਾ ਹਾਂ ਕਿ ਕੋਈ ਕੀੜਾ ਨਾਂ ਮਰੇ ਪਰ ਉਸ ਦਿਨ ਬਾਰੇ ਉਸ ਮਰੇ ਪਏ ਬੱਛੜੇ ਦਾ ਅੰਗ ਕੱਟਣ ਦੇ ਬੇਰਹਿਮ ਫੈਸਲੇ ਮੈਂ ਕਿਵੇਂ ਕਿਉਂ ਕਰ ਲਿਆਂ ਮੈਂ ਕਦੇ ਜਾਣ ਨਹੀਂ ਸਕਿਆ। ਭਾਵੇਂ ਸਾਰੇ ਹਾਜਰ ਲੋਕ ਉਸ ਵਕਤ ਅਤੇ ਬਾਅਦ ਵਿੱਚ ਵੀ ਅੱਜ ਤੱਕ ਮੇਰੇ ਉਸ ਫੈਸਲੇ ਦੀ ਪਰਸੰਸਾ ਕਰਦੇ ਹਨ ਕਿ ਇਹ ਕਿਸੇ ਨੂੰ ਬਚਾਉਣ ਲਈ ਆਖਰੀ ਹੱਦ ਤੱਕ ਜਾ ਸਕਦਾ ਹੈ ਪਰ ਮੈਂ ਖੁਦ ਵੀ ਹੈਰਾਨ ਹੁੰਦਾਂ ਹਾਂ ਕਿ ਮੈਂ ਜਦੋਂ ਕਿਸੇ ਜਾਨਵਰ ਦਾ ਕਤਲ ਹੁੰਦਾਂ ਨਹੀਂ ਦੇਖ ਸਕਦਾ ਅੱਜ ਤੱਕ ਵੀ ਉਸ ਦਿਨ ਇਹ ਕਰਨ ਦੀ ਹਿੰਮਤ ਕਿੱਥੋਂ ਆ ਗਈ। ਇਸ ਨੂੰ ਕਰਨ ਦਾ ਮੇਰੀ ਜਮੀਰ ਤੇ ਕਦੇ ਵੀ ਬੋਝ ਨਹੀਂ ਪਿਆ ਜਦੋਂ ਕਿ ਆਮ ਤੌਰ ਤੇ ਮੇਂ ਮੇਰੇ ਹੱਥੋਂ ਕਿਸੇ ਵੀ ਜਾਨਵਰ ਦਾ ਵੀ ਨੁਕਸਾਨ ਜਾਂ ਮਾਰਨ ਕੁੱਟਣ ਸਮੇਂ ਤੋਂ ਬਾਅਦ ਵੀ ਪਛਤਾਵਾ ਆ ਜਾਂਦਾ ਹੈ। ਸਾਇਦ ਕਿਸੇ ਦੀ ਭਲਾਈ ਲਈ ਬੇਰਹਿਮ ਹੋਣਾਂ ਵੀ ਚੰਗਾਂ ਹੁੰਦਾਂ ਹੈ ਕੁਦਰਤ ਜਾਣੇ।
ਗੁਰਚਰਨ ਸਿੰਘ ਪੱਖੋਕਲਾਂ ਜਿਲਾ ਬਰਨਾਲਾ ਫੋਨ 9417727245

ਮਨੁੱਖ ਦੀਆਂ ਤਿੰਨ ਖਾਹਿਸਾਂ ਕੁਰਸੀ ਤਖਤਾ ਤੇ ਤਖਤ

                              
             ਸੂਝਵਾਨ ਮਿੱਤਰੋ ਪਾਠਕੋ ਹਰ ਪੈਦਾ ਹੋ ਜਾਣ ਵਾਲੇ ਜੀਵ ਦੇ ਅੰਦਰ ਲਾਲਸਾਵਾਂ ਦਾ ਹੜ ਹੁੰਦਾਂ ਹੈ । ਸਜੀਵ ਵਸਤਾਂ ਬਾਰੇ ਤਾਂ ਇਹ ਆਮ ਹੀ ਦੇਖ ਸਕਦੇ ਹਾਂ ਪਰ ਨਿਰਜੀਵ ਮੰਨੀਆਂ ਜਾਂਦੀਆਂ ਵਸਤਾਂ ਵੀ ਮਿੱਟੀ ਤੋਂ ਸੋਨਿਆਂ ਹੀਰਿਆਂ ਤੱਕ ਆਪਣੇ ਆਪ ਦੇ ਅਨੇਕ ਰੂਪ ਵਟਾਉਂਦੀਆਂ ਹਨ। ਨਿਰਜੀਵ ਵਸਤਾਂ ਵਿੱਚ ਲਾਲਸਾ ਹੁੰਦੀ ਹੈ ਜਾਂ ਕੁਦਰਤੀ ਇਹ ਅਨੰਤ ਕੁਦਰਤ ਹੀ ਜਾਣਦੀ ਹੈ। ਦੁਨੀਆਂ ਦੀ ਹਰ ਵੱਡੀ ਤੋਂ ਵੱਡੀ ਸਕਤੀ ਨੂੰ ਜਿੱਤ ਲੈਣ ਵਾਲਾ ਅਤੇ ਵੱਸ ਵਿੱਚ ਕਰਨ ਦੇ ਦਾਅਵੇ ਕਰਨ ਵਾਲੇ ਮਨੁੱਖ ਵਿੱਚ ਵੀ ਅਣਗਿਣਤ ਲਾਲਸਾਵਾਂ ਦਾ ਹੜ ਚੜਿਆ ਰਹਿੰਦਾਂ ਹੈ ਪਰ ਇੰਹਨਾਂ ਲਾਲਸਾਵਾਂ ਨੂੰ ਮੈਂ ਤਿੰਨ ਅਵਸਥਾਵਾਂ ਵਿੱਚ ਵੰਡਦਾ ਹਾਂ। ਹਰ ਮਨੁੱਖ ਹੀ ਜਿੰਦਗੀ ਦੀ ਪੌੜੀ ਦੇ ਅੰਤਿਮ ਡੰਡੇ ਜੋ ਮੌਤ ਹੀ ਹੁੰਦਾਂ ਹੈ ਦੇ ਚੜਨ ਤੱਕ ਕਦੀ ਵੀ ਲਾਲਸਾਵਾਂ ਦਾ ਹੜ ਰੋਕ ਨਹੀਂ ਸਕਦਾ । ਹਾਂ ਉਹ ਲੋਕ ਜੋ ਮੌਤ ਨੂੰ ਹੀ ਪਹਿਲਾ ਅਤੇ ਆਖਰੀ ਡੰਡਾਂ ਮੰਨ ਲੈਦੇ ਹਨ ਉਹ ਜਰੂਰ ਕੁੱਝ ਵੱਖਰੇ ਅਤੇ ਮੇਰੀ ਸਮੱਰਥਾ ਤੋਂ ਬਾਹਰ ਹਨ ਪਰ ਦੂਸਰੀਆਂ ਲਾਲਸਾਵਾਂ ਦੇ ਗਾਹਕ ਮਨੁੱਖ ਬਾਰੇ ਜਰੂਰ ਆਪਣੀ ਬੇਸਮਝੀ ਵਿੱਚੋਂ ਤੁਹਾਡੇ ਨਾਲ ਖਿਆਲ ਸਾਂਝੇ ਕਰ ਰਿਹਾ ਹੈ।
                          ਹਰ ਮਨੁੱਖ ਦੀ ਜਿੰਦਗੀ ਕੁਰਸੀ ਤਖਤਾ ਅਤੇ ਤਖਤ ਦੇ ਮਾਲਕ ਬਣਨ ਦੇ ਇਰਧ ਗਿਰਧ ਹੀ ਘੁੰਮਦੀ ਹੈ। ਪਹਿਲੀ ਕਿਸਮ ਦੇ ਲੋਕਾਂ ਵਿੱਚ ਦੁਨੀਆਂ 99 ਪਰਤੀਸ਼ਤ ਹਿੱਸਾ ਆ ਜਾਂਦਾਂ ਹੈ ਜਿਹੜਾ ਆਪਣੀਆਂ ਲੋੜਾਂ ਲਈ ਜੂਝਦਿਆਂ ਦੂਸਰਿਆਂ ਤੋਂ ਵੱਡਾ ਹੋਣ ਦੀ ਕੋਸਿਸ ਵਿੱਚ ਹੀ ਹਰ ਕੰਮ ਕਰਦਾ ਹੈ। ਹਰ ਮਨੁੱਖ ਨੂੰ ਜਿੰਦਗੀ ਦੇ ਸੌ ਸਾਲ ਜਿਉਣ ਲਈ ਭਾਵੇਂ ਸੌ ਕਵਿੰਟਲ ਤੋਂ ਜਿਆਂਦਾ ਅਨਾਜ ਦੀ ਜਰੂਰਤ ਨਹੀਂ ਹੁੰਦੀ ਪਰ ਹਰ ਮਨੁੱਖ ਗਿਆਨ ਦੀ ਅਣਹੋਂਦ ਵਿੱਚ ਅਗਿਆਨ ਦੇ ਘੋੜੇ ਤੇ ਚੜਕੇ ਇਹੋ ਜਿਹੀ ਦੌੜ ਲਾਉਂਦਾਂ ਹੈ ਕਿ ਉਸਦੀ ਦੁਨੀਆਂ ਹਰ ਬੇਲੋੜੀ ਵਸਤ ਪਰਾਪਤ ਕਰਨ ਦੀ ਲਾਲਸਾ ਕਦੇ ਵੀ ਨਹੀਂ ਮਰਦੀ ਜਿਸ ਨੂੰ ਉਹ ਸੰਘਰਸ਼ ਦਾ ਰੂਪ ਦੇ ਲੈਂਦਾਂ ਹੈ। ਹਰ ਮਨੁੱਖ ਦੁਨੀਆਂ ਦਰੁਸਤ ਕਰਨ ਦਾ ਠੇਕਾ ਲੈਕੇ ਤੁਰਦਾ ਹੈ। ਹਰ ਮਨੁੱਖ ਆਪਣੇ ਆਪ ਨੂੰ ਦੁਨੀਆਂ ਦਾ ਸਭ ਤੋਂ ਸਿਆਣਾਂ ਗਰਦਾਨਦਾ ਹੈ। ਹਰ ਮਨੁੱਖ ਦੂਸਰਿਆਂ ਦੇ ਅੱਗੇ ਨਿਵਣ ਦੀ ਥਾਂ ਉਹਨਾਂ ਨੂੰ ਆਪਣੇ ਪੈਰਾਂ ਵਿੱਚ ਬਿਠਾਉਣਾਂ ਲੋੜਦਾ ਹੈ। ਅਨੰਤ ਗੱਲਾਂ ਗਿਣੀਆਂ ਜਾ ਸਕਦੀਆਂ ਹਨ ਦੁਨੀਆਂ ਦੇ ਇਸ ਵੱਡੇ ਹਿੱਸੇ ਦੀਆਂ ਪਰ ਅੰਤ ਕਦੇ ਵੀ ਨਹੀਂ ਆਵੇਗਾ। ਇਸ ਵਰਗ ਵਿੱਚੋਂ ਬਥੇਰੇ ਲੋਕ ਆਗੂ ਰੂਪ, ਵੱਡੀਆਂ ਪਦਵੀਆਂ ਦੇ ਮਾਲਕ, ਕਾਰਪੋਰੇਟ ਘਰਾਣਿਆਂ ਦੇ ਚੌਧਰੀ, ਸੰਤਤਾਈ ਦੇ ਅਲੰਬਰਦਾਰ, ਗਰੀਬਾਂ ਦੇ ਮਸੀਹਾ, ਆਮ ਲੋਕਾਂ ਦੇ ਰਾਖੇ ਹੋਣ ਦੇ ਦਾਅਵਿਆਂ ਵਾਲੇ, ਰਾਜਸੱਤਾ ਦੇ ਚਾਰ ਥੰਮਾਂ ਦੇ ਅਨੇਕਾਂ ਦਾਅਵੇਦਾਰ ਅਣਗਿਣਤ ਲੋਕ ਹੁੰਦੇ ਹਨ ਪਰ ਅਸਲ ਵਿੱਚ ਇਹ ਸਾਰੇ ਸਿਕੰਦਰ ਦੀ ਔਲਾਦ ਹੀ ਹੁੰਦੇ ਹਨ ਜੋ ਕਿਸੇ ਨਾਂ ਕਸੇ ਰੂਪ ਵਿੱਚ ਦੁਨੀਆ ਜਿੱਤਣਾਂ ਲੋੜਦੇ ਹਨ ਪਰ ਦੁਨੀਆਂ ਅੱਜ ਤੱਕ ਕੋਈ ਵਿਰਲੇ ਹੀ ਜਿੱਤ ਸਕੇ ਹਨ ਜੋ ਕਰੋੜਾਂ ਵਿੱਚੋਂ ਇੱਕ ਹੁੰਦੇ ਹਨ।
               ਦੁਨੀਆਂ ਦੇ ਨੜਿੰਨਵੇਂ ਪਰਤੀਸ਼ਤ ਲੋਕਾਂ ਤੋਂ ਬਾਅਦ ਔਸਤ ਰੂਪ ਵਿੱਚ ਇੱਕ ਪਰਸੈਂਟ ਲੋਕ ਹੁੰਦੇ ਹਨ ਜੋ ਤਿਆਗੀ ਹੋਕੇ ਸਮਾਜ ਭਲਾਈ ਦੇ ਕੰਮਾਂ ਵੱਲ ਬਿਨਾਂ ਕਿਸੇ ਲਾਲਸਾ ਦੇ ਤੁਰਦੇ ਹਨ । ਇਹ ਲੋਕ ਦੀਨ ਦੁਨੀਆਂ ਦੇ ਹਮਦਰਦ ਹੁੰਦੇ ਹਨ ਜਿੰਹਨਾਂ ਦੇ ਕੌਮਲ ਮਨ ਦੂਸਰਿਆਂ ਦੇ ਦੁੱਖ ਬੇਇਨਸਾਫੀਆਂ ਦੇਖਕੇ ਤੁਰਦੇ ਹਨ। ਤਰਸ ਦਇਆ ਦੀ ਭਾਵਨਾਂ ਕੁਦਰਤ ਵੱਲੋਂ ਹੀ ਇੰਹਨਾਂ ਨੂੰ ਬਖਸੀ ਹੋਈ ਹੁੰਦੀ ਹੈ। ਇਹੋ ਜਿਹੇ ਲੋਕ ਜੁਬਾਨ ਦੇ ਬੇਬਾਕ ,ਕੁਰਸੀਆਂ ਦੇ ਭੁੱਖੇ ਬਹੁਗਿਣਤੀ ਲੋਕਾਂ ਦੇ ਮੂਹਰੇ ਜਾਨਾਂ ਦੀ ਕੀਮਤ ਤੇ ਵੀ ਸੱਚ ਬੋਲਣ ਦੀ ਜੁਰਅਤ ਰੱਖਦੇ ਹਨ। ਜਾਲਮ ਰਾਜਸੱਤਾਵਾਂ ਨਾਲ ਟੱਕਰ ਲੈਣੀ ਲੋਕ ਲਹਿਰਾਂ ਪੈਦਾ ਕਰ ਦੇਣੀਆਂ ਇਹਨਾਂ ਦੇ ਹੀ ਵੱਸ ਹੁੰਦਾਂ ਹੈ। ਇੰਹਨਾਂ ਦੇ ਵਿੱਚੋਂ ਹੀ ਈਸਾਂ ਮਸੀਹ, ਮੁਹੰਮਦ ਸਾਹਿਬ, ਭਗਤ ਕਬੀਰ, ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ, ਲੈਨਿਨ,ਬੰਦੇ ਬਹਾਦਰ, ਭਗਤ ਸਿੰਘ, ਊਧਮ ਸਿੰਘ ਪੈਦਾ ਹੁੰਦੇ ਹਨ। ਇਹੋ ਜਿਹੇ ਸੂਰਬੀਰ ਯੋਧਿਆਂ ਦੇ ਲਈ ਰਾਜਸੱਤਾ ਅਤੇ ਆਮ ਲੋਕਾਂ ਦੇ ਵੱਲੋਂ ਵੀ ਮੌਤ ਦੇ ਤਖਤੇ ਸਦਾ ਤਿਆਰ ਰਹਿੰਦੇ ਹਨ । ਇੰਹਨਾਂ ਵਿੱਚੋਂ ਬਹੁਤੇ ਲੋਕ ਸਹੀਦੀਆਂ ਦੀ ਦਾਸਤਾਨ ਲਿਖਦੇ ਹਨ । ਇਹੋ ਜਿਹੇ ਮਹਾਨ ਯੁੱਗ ਪੁਰਸ ਆਮ ਤੌਰ ਤੇ ਕੁਦਰਤੀ ਮੌਤ ਦੀ ਥਾਂ ਜਾਲਮਾਂ ਦੇ ਹੁਕਮਾਂ ਨੂੰ ਮੌਤ ਨਾਲ ਵੰਗਾਰ ਕੇ ਜਾਂਦੇ ਹਨ। ਇਹੋ ਜਿਹੇ ਮਹਾਨ ਲੋਕਾਂ ਤੋਂ ਕੁਰਸੀਆਂ ਦੇ ਭੁੱਖੇ ਬਹੁਗਿਣਤੀ ਦੁਨੀਆਂ ਦੇ ਸਿਕੰਦਰ ਭੈਅ ਖਾਦੇਂ ਹਨ ਅਤੇ ਉਹਨਾਂ ਦੇ ਜਗਾਏ ਦੀਵਿਆਂ ਦੀ ਜੋਤ ਵਿੱਚ ਤੁਰਨ ਦੀ ਕੋਸਿਸ ਕਰਦੇ ਹਨ। ਕੁਦਰਤ ਦਾ ਦਸਤੂਰ ਦੁਨਿਆਵੀ ਲੋਕਾਂ ਨੂੰ ਵੀ ਜਿੰਹਨਾਂ ਦਾ ਮਕਸਦ ਕੁਰਸੀ ਹੀ ਜਾਂ ਵੱਡਾ ਹੋਣਾਂ ਹੀ ਹੁੰਦਾਂ ਹੈ ਇਹਨਾਂ ਮਹਾਨ ਲੋਕਾਂ ਦੇ ਗਿਆਨ ਦੇ ਚਾਨਣ ਵਿੱਚ ਤੁਰਨਾਂ ਪੈਂਦਾਂ ਹੈ। ਪਰ ਕੁਰਸੀ ਯੁੱਧ ਦੇ ਨਾਇਕ  ਗਿਆਨ ਦੇ ਚਾਨਣ ਵਿੱਚ ਲੰਬਾਂ ਸਮਾਂ ਨਹੀ ਤੁਰ ਸਕਦੇ ਕਿਉਂਕਿ ਉਹਨਾਂ ਦਾ ਮਕਸਦ ਤਾਂ ਕੁਰਸੀ ਅਤੇ ਸਿਕੰਦਰ ਹੋਣਾਂ ਹੁੰਦਾਂ ਹੈ ਜਿਸ ਕਾਰਨ ਛੇਤੀ ਹੀ ਉਹ ਗਿਆਨ ਦੇ ਚਾਨਣ ਮੁਨਾਰਿਆਂ ਵਿੱਚੋਂ ਛੇਤੀ ਹੀ ਅਗਿਆਨ ਦੇ ਹਨੇਰੇ ਵਿੱਚ ਜਿੰਦਗੀ ਦਾ ਯੁੱਧ ਲੜਨਾਂ ਸੁਰੂ ਕਰ ਦਿੰਦੇ ਹਨ। ਜਿਸ ਦੇ ਵਿੱਚੋਂ ਆਪੋ ਆਪਣੀ ਸਮੱਰਥਾ ਅਨੁਸਾਰ ਉਹ ਪਾਪ ਕਰਮਾਂ ਤੇ ਚਲਦਿਆਂ ਜਿੰਦਗੀ ਦੀ ਬਾਜੀ ਹਾਰ ਕੇ ਮੌਤ ਦੇ ਮੂੰਹ ਜਾ ਪੈਂਦੇ ਹਨ। ਦੂਸਰੇ ਪਾਸੇ ਗਿਆਨ ਦੇ ਚਾਨਣਾਂ ਸੱਚ ਦੇ ਗਾਹਕ ਮੌਤ ਨੂੰ ਵੰਗਾਰਦਿਆਂ ਸਵਿਕਾਰਦਿਆਂ ਮੌਤ ਦੀ ਘੌੜੀ ਚੜਦਿਆਂ ਆਮ ਲੋਕਾਂ ਦੇ ਦਿਲਾਂ ਵਿੱਚ ਸਦਾ ਲਈ ਜਿਉਂਦੇ ਹੋ ਜਾਂਦੇ ਹਨ।
                ਤੀਸਰੀ ਕਿਸਮ ਦੇ ਉਹ ਲੋਕ ਹੁੰਦੇ ਹਨ ਜੋ ਖੁਦਾਈ ਤਾਕਤ ਦੇ ਮਾਲਕ ਹੁੰਦੇ ਹਨ  ਜਿੰਹਨਾਂ ਲਈ ਕੁਦਰਤੀ ਜਿੰਦਗੀ ਹੀ ਕੁਦਰਤ ਦੇ ਸਹਾਰੇ ਜਿਉਣ ਦਾ ਅਤੇ ਉਸਦੇ ਪੰਜ ਸਬਦਾਂ ਨਾਲ ਅਭੇਦ ਹੋਣ ਦਾ ਗਿਆਨ ਹੁੰਦਾਂ ਹੈ । ਇਹੋ ਜਿਹੇ ਅਵਤਾਰੀ ਪੁਰਸਾਂ ਲਈ ਧਰਤੀ ਹੀ ਰੱਬ ਦਾ ਤਖਤ ਹੁੰਦੀ ਹੈ। ਇਹੋ ਜਿਹੇ ਮਹਾਨ ਪੁਰਸ਼ਾਂ ਵਿੱਚੋਂ ਰੱਬੀ ਪੰਜ ਸਬਦ ਹਵਾ ਪਾਣੀ ਮਿੱਟੀ ਅਕਾਸ ਅਤੇ ਤਪਸ਼ ਵਿੱਚੋਂ ਹੀ ਜਨਮਣਾਂ ਅਤੇ ਬਿਨਸਣ ਦੇ ਭੇਦ ਹੁੰਦੇ ਹਨ। ਦੁਨਿਆਵੀ ਕੁਰਸੀਆਂ ਅਤੇ ਕੁਰਬਾਨੀਆਂ ਸਹੀਦੀਆਂ ਵੀ ਇਹਨਾਂ ਲਈ ਛੋਟੀਆਂ ਹੁੰਦੀਆਂ ਹਨ। ਇਹੋ ਜਿਹੇ ਯੁੱਗ ਪੁਰਸ਼ ਪਿਤਾ ਦਾ ਦਰਜਾ ਨਹੀਂ ਸਗੋਂ ਬਾਪ ਦੇ ਬਾਪ ਦਾ ਭਾਵ ਬਾਬਾ ਹੋਣ ਦਾ ਦਰਜਾ ਪਾ ਜਾਂਦੇ ਹਨ। ਜਦ ਅਸੀਂ ਗੁਰੂ ਦਸਮੇਸ਼ ਨੂੰ ਦਸਮੇਸ਼ ਪਿਤਾ ਕਹਿੰਦੇ ਹਾਂ ਪਰ ਗੁਰੂ ਨਾਨਕ ਨੂੰ ਬਾਬਾ ਨਾਨਕ ਕਹਿਕੇ ਸਤਿਕਾਰ ਦਿੰਦੇ ਹਾਂ ਇਹ ਵਰਤਾਰਾ ਅਸੀਂ ਨਹੀ ਵਰਤਾਇਆਂ ਇਹ ਅਨੰਤ ਕੁਦਰਤ ਹੈ ਜਿਸਨੇ ਆਮ ਲੋਕਾਂ ਨੂੰ ਅਨੇਕਾਂ ਸਦੀਆਂ ਤੋਂ ਆਪਣੇ ਆਪ ਹੀ ਉਹਨਾਂ ਦੇ ਮਨਾਂ ਵਿੱਚ ਇਹ ਬੋਲਣ ਦੀ ਭਾਵਨਾਂ ਭਰ ਦਿੱਤੀ ਹੈ। ਇਹੋ ਜਿਹੇ ਖਿਤਾਬ ਕੋਈ ਰਾਜਸੱਤਾ ਨਹੀਂ ਦੇ ਸਕਦੀ ਬਲਕਿ ਇਹੋ ਜਿਹੇ ਖਿਤਾਬ ਕੁਦਰਤੀ ਤੌਰ ਤੇ ਜੁੜ ਜਾਂਦੇ ਹਨ। ਬਾਬਾ ਫਰੀਦ ਇਸਦੀ ਇੱਕ ਹੋਰ ਮਿਸਾਲ ਹੈ ਜਿਸ ਦੀ ਜਿੰਦਗੀ ਪੜਦਿਆਂ ਸਮਝਦਿਆਂ ਮਨੁੱਖ ਸਾਂਤ ਅਤੇ ਚੁੱਪ ਹੋ ਜਾਂਦਾ ਹੈ ਉਸਦੇ ਸਬਦ ਖਤਮ ਹੋ ਜਾਂਦੇ ਹਨ ਅਤੇ ਉਸਦੀ ਆਤਮਾ ਹੀ ਆਪਣੇ ਆਪ ਨਾਲ ਬੋਲਦੀ ਹੈ। ਦੂਸਰੀ ਅਵਸਥਾ ਵਿੱਚ ਉਦਾਹਰਣ ਮਾਤਰ ਲਿਖੇ ਹੋਏ ਸਹੀਦਾਂ ਅਵਤਾਰਾਂ ਮਹਾਨ ਪੁਰਸ਼ਾਂ ਦੇ ਵਿੱਚ ਵੀ ਤਖਤ ਦੇ ਦਾਅਵੇਦਾਰ ਤੀਸਰੀ ਅਵਸਥਾ ਵਾਲੇ ਗੁਣ ਹੋ ਸਕਦੇ ਹਨ। ਉਹ ਵੀ ਤੀਸਰੀ ਅਵਸਥਾ ਵਿੱਚ ਆਪੋ ਆਪਣੀ ਸਰਧਾ ਅਤੇ ਪਿਆਰ ਵਿੱਚੋਂ ਮੰਨੇ ਜਾ ਸਕਦੇ ਹਨ। ਇਸ ਤਰਾਂ ਹੀ ਪਹਿਲੀ ਅਵਸਥਾ ਜੋ ਦੁਨਿਆਵੀ ਤਾਕਤ ਜਾਂ ਕੁਰਸੀ ਯੁੱਧ ਲੜਨ ਵਾਲੇ ਲੋਕਾਂ ਲਈ ਵੀ ਦੂਸਰੀ ਤੀਸਰੀ ਅਵਸਥਾ ਵਿੱਚ ਜਾਣਾਂ ਕੋਈ ਬੰਦ ਨਹੀਂ ਹੁੰਦਾਂ ਕਿਉਂਕਿ ਕੁਦਰਤ ਦਾ ਅਨੰਤ ਭੇਤ ਕਿਸ ਦੇ ਹਾਲਾਤ ਕਦ ਕਿਹੋ ਜਿਹੇ ਬਣਾ ਦੇਵੇ ਕੋਈ ਨਹੀ ਜਾਣਦਾ ਕਿਉਂਕਿ ਮੌਤ ਤੱਕ ਸਭ ਲਈ ਸਭ ਰਸਤੇ ਖੁੱਲੇ ਰਹਿੰਦੇ ਹਨ ਪਰ ਧੰਨ ਹੁੰਦੇ ਹਨ ਉਹ ਲੋਕ ਜਿੰਹਨਾਂ ਦਾ ਆਚਰਣ ਸਾਰੀ ਉਮਰ ਇੱਕੋ ਜਿਹਾ ਤੀਸਰੀ ਅਵਸਥਾ ਦਾ ਮਾਲਕ ਹੁੰਦਾਂ ਹੈ। ਇਹੋ ਜਿਹੇ ਲੋਕ ਖੁਦਾ ਤੋਂ ਭੀ ਉੱਪਰ ਮੰਨੈ ਜਾਦੇਂ ਹਨ। ਗੁਰਬਾਣੀ ਦਾ ਫੁਰਮਾਨ ਕਿ ਸੱਚ ਤੋਂ ਥੱਲੇ ਜਾਂ ਨੇੜੇ ਸਭ ਕੁੱਝ ਹੈ ਪਰ ਆਚਰਣ ਤਾਂ ਸੱਚ ਤੋਂ ਭੀ ਉਪਰ ਹੁੰਦਾਂ ਹੈ। ਅੱਜ ਵੀ ਇਸ ਸੰਸਾਰ ਤੋਂ ਜਾ ਚੁੱਕੇ  ਅਵਤਾਰੀ ਪੁਰਸ਼ਾਂ ਦਾ ਆਚਰਣ ਹੀ ਬੋਲਦਾ ਹੈ ਜਦੋਂਕਿ ਉਹਨਾਂ ਦੇ ਸਬਦਾਂ ਦੇ ਅਰਥ ਤਾਂ ਹਰ ਕੋਈ ਮਨਮਰਜੀ ਦੇ ਬੋਲੀ ਜਾ ਰਿਹਾ ਹੈ। ਧੰਨ ਹਨ ਉਹ ਯੁੱਗਪੁਰਸ਼ ਲੋਕ ਜਿੰਹਨਾਂ ਦੇ ਆਚਰਣ ਤੋਂ ਅੱਜ ਵੀ ਦੁਨੀਆਂ ਸੇਧ ਲੈਂਦੀ ਹੈ। ਇਹੋ ਜਿਹੇ ਮਹਾਨ ਲੋਕ ਹੀ ਰੱਬੀ ਤਖਤ ਦੇ ਉੱਪਰ ਬਿਰਾਜਮਾਨ ਦੁਨੀਆਂ ਨੂੰ ਸਾਂਤੀ ਬਖਸ ਰਹੇ ਹਨ ਆਮੀਨ।
ਗੁਰਚਰਨ ਸਿੰਘ ਪੱਖੋਕਲਾਂ ਜਿਲਾ ਬਰਨਾਲਾ ਫੋਨ 9417727245
                    

Tuesday, 6 October 2015

ਸਲਾਮ ਹੈ ਖੁਦਕਸੀਆਂ ਕਰ ਗਿਆਂ ਨੂੰ ਸਾਡੇ ਮੂੰਹ ਤੇ ਥੁੱਕਣ ਲਈ



https://scontent.xx.fbcdn.net/hphotos-xtp1/v/t34.0-12/12092467_1004415739622907_2077359696_n.jpg?efg=eyJpIjoiYiJ9&oh=c748846cd098701a528558ecef46d222&oe=56154D66

                     ਮਨੁੱਖੀ ਸਰੀਰ ਵਿੱਚ ਆਕੇ ਦੁਨੀਆਂ ਦੀਆਂ ਚਾਲਬਾਜੀਆਂ ਲੁਟੇਰਿਆਂ ਦੀਆਂ ਲੁੱਟਾਂ ਧੋਖੇਬਾਜਾਂ ਦੀਆਂ ਕਾਰਸਤਾਨੀਆਂ ਦਾ ਸਿਕਾਰ ਹੋਏ ਮਸੂਮ ਇਨਸਾਨੋ ਜਦ ਤੁਸੀਂ ਖੁਦ ਨੂੰ ਖੁਦਕਸੀ ਕਰਕੇ ਇਸ ਸੰਸਾਰ ਤੋਂ ਆਪਣੀ ਰੂਹ ਨਾਲ ਵਿਦਾ ਹੋ ਚੁੱਕੇ ਹੋ ਮੈਂ ਤੁਹਾਨੂੰ ਤੁਹਾਡੀ ਬਹਾਦਰੀ ਲਈ ਸਲਾਮ ਪੇਸ਼ ਕਰਦਾ ਹਾਂ ਕਿਉਂਕਿ ਤੁਸੀ ਸਾਡੇ ਬੁੱਧੀਜੀਵੀ, ਸਿਆਣੇ ਅਖਵਾਉਂਦੇ ਲੋਕਾਂ, ਰਾਜਨੀਤਕਾਂ , ਧਾਰਮਿਕ ਆਗੂਆਂ, ਬੇਰਹਿਮ ਸਮਾਜ ਦੇ ਮੂੰਹ ਉੱਪਰ ਚੁੱਪ ਦੀ ਚਪੇੜ ਮਾਰ ਗਏੇ ਹੋ। ਅੱਜ ਜਦ ਕਦੇ ਵੀ ਕਿਸੇ ਮਨੁੱਖ ਨੂੰ ਤੁਹਾਨੂੰ ਬੁਜਦਿਲ ,ਗਦਾਰ, ਕਮਜੋਰ, ਸੰਘਰਸ਼ ਤੋਂ ਭੱਜੇ ਹੋਏ ਗਰਦਾਨਦਿਆਂ ਸੁਣਦਾ ਹਾਂ ਤਦ ਮੈਨੂੰ ਉਹਨਾਂ ਦੀ ਚਲਾਕੀ ਅਤੇ ਬੇਈਮਾਨੀ ਤੇ ਤਰਸ਼ ਅਤੇ ਗੁੱਸਾ ਆਉਂਦਾਂ ਹੈ। ਪਰਦਿਆਂ ਵਿੱਚ ਲਿਪਟੇ ਹੋਏ ਲੋਕ ਜਦ ਤੁਹਾਡੀਆਂ ਖੁਦਕਸੀਆਂ ਕਾਰਨ ਨਾਲ ਨੰਗੇ ਹੋ ਜਾਂਦੇ ਹਨ ਤਦ ਹੀ ਉਹ ਆਪਣੇ ਆਪ ਦੀਆਂ ਕਮਜੋਰੀਆਂ ਦਾ ਨੰਗ ਢਕਣ ਲਈ ਆਪਣੇ ਆਪ ਨੂੰ ਬਹਾਦਰ ਸਿੱਧ ਕਰਨ ਲਈ ਤੁਹਾਡੇ ਉੱਪਰ ਹੀ ਦੋਸ਼ ਮੜ ਦਿੰਦੇ ਹਨ। ਕੀ ਉਹ ਨਹੀਂ ਜਾਣਦੇ ਕਿ ਜਦ ਤੁਸੀ ਲੁੱਟੇ ਜਾ ਰਹੇ ਸੀ ਉਹ ਚੁੱਪ ਰਹੇ। ਜਦ ਤੁਸੀ ਬੇਈਮਾਨਾਂ ਦਾ ਸਿਕਾਰ ਹੋ ਰਹੇ ਸੀ ਅਸੀ ਤੁਹਾਨੂੰ ਆਪਣੇ ਭਰਾ ਸਮਝ ਕੇ ਤੁਹਾਡੇ ਨਾਲ ਖੜਨ ਦੀ ਬਜਾਇ ਬੇਈਮਾਨਾਂ ਦਾ ਚੁੱਪ ਰਹਿ ਕੇ ਸਾਥ ਦਿੱਤਾ। ਜਦ ਸਰਕਾਰਾਂ ਤੁਹਾਨੂੰ ਗੁਪਤ ਏਜੰਡਿਆਂ ਰਾਂਹੀਂ ਕਰਜਾਈ ਕਰ ਰਹੀਆਂ ਸਨ ਅਸੀ ਨਾਂ ਤੁਹਾਨੂੰ ਸੁਚੇਤ ਕੀਤਾ ਨਾਂ ਸਰਕਾਰਾਂ ਖਿਲਾਫ ਬੋਲੇ? ਮੈਂ ਜਾਣਦਾ ਹਾਂ ਕਿ ਕਿਸ ਤਰਾਂ ਮੈਂ ਧਾਰਮਿਕ ਚੋਗੇ ਪਹਿਨ ਕੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਦਾ ਉਹ ਹੁਕਮ ਨਾਮਾ ਕਦੇ ਨਹੀਂ ਦੱਸਿਆ ਜਿਸ ਵਿੱਚ ਉਹਨਾਂ ਕਿਹਾ ਸੀ ਕਿ ਮੈਨੂੰ ਚਾਹੁਣ ਵਾਲਾ ਕਦੇ ਕਰਜਾ ਨਹੀਂ ਚੁੱਕੇਗਾ ਕਿਉਂਕਿ ਕਰਜਾਈ ਮਨੁੱਖ ਦੀ ਇੱਜਤ ਅਤੇ ਅਣਖ ਮਰ ਜਾਂਦੀ ਹੈ ਜੋ ਕਿ ਕਲਗੀਧਰ ਚਮਤਕਾਰ ਵਿੱਚ ਸਾਖੀ ਰੂਪ ਵਿੱਚ ਲਿਖਿਆ ਹੋਇਆ ਹੈ ? ਮੈਂ ਇਹ ਵੀ ਜਾਣਦਾ ਹਾਂ ਕਿ ਕਰਜੇ ਨੂੰ ਮਦਦ ਗਰਦਾਨ ਕੇ ਮੁਹੰਮਦ ਸਾਹਿਬ ਦਾ ਉਹ ਹੁਕਮਨਾਮਾ ਵੀ ਲੁਕੋ ਲਿਆ ਸੀ ਜਿਸ ਵਿੱਚ ਉਹਨਾਂ ਕਿਹਾ ਸੀ ਕਿ ਕਿਸੇ ਦੀ ਮਦਦ ਉਹ ਹੁੰਦੀ ਹੈ ਜਿਸ ਵਿੱਚ ਵਿਆਜ ਜਾਂ ਮੁਨਾਫੇ ਨਹੀਂ ਹੁੰਦੇ ?
                            ਮੈਂ ਜਾਣਦਾ ਹਾਂ ਕਿ ਮੈਂ  ਬਾਬੇ ਨਾਨਕ ਦਾ ਉਹ ਗੁਰ ਵੀ ਮੈਂ ਤੁਹਾਨੂੰ ਨਹੀਂ ਦੱਸਿਆਂ ਜਿਸ ਵਿੱਚ ਗਰੀਬੀ ਗਦਾ ਹਮਾਰੀ ਦੀ ਥਾਂ ਤੁਹਾਨੂੰ ਕਰਜੇ ਚੁੱਕ ਕੇ ਅਮੀਰ ਹੋਣ ਦੇ ਰਾਹ ਤੋਂ ਨਹੀਂ ਰੋਕਿਆ ਅਤੇ ਨਾਂ ਹੀ ਦੱਸਿਆ। ਆਮ ਲੋਕ ਗਰੀਬੀ ਨਾਲ ਪਾਪ ਕਰਮਾਂ ਤੋਂ ਦੂਰ ਰਹਿੰਦੇ ਹਨ ਪਰ ਅਮੀਰ ਹੁੰਦਿਆਂ ਤਾਂ ਪਾਪੀ ਹੰਕਾਰੀ, ਝੂਠੇ, ਬੇਈਮਾਨ ਬੇਰਹਿਮੀ ਦੇ ਰਾਹ ਪੈ ਜਾਂਦੇ ਹਨ। ਸਬਰ ਸੰਤੋਖ ਵਾਲਾ ਵਿਅਕਤੀ ਸਦਾ ਹੀ ਅਮੀਰ ਹੁੰਦਾ ਹੈ ਉਸਨੂੰ ਹਰ ਵਸਤ ਸਬਰ ਕਾਰਨ ਬਹੁਤੀ ਲੱਗਦੀ ਹੈ। ਅਮੀਰੀ ਦੇ ਰਾਹ ਤੁਰੇ ਬੰਦੇ ਦਾ ਕੋਈ ਹੱਦ ਬੰਨਾਂ ਹੀ ਨਹੀਂ ਹੁੰਦਾਂ ਉਸਨੂੰ ਤਾਂ ਭੁੱਖ ਅਤੇ ਹਵਸ਼ ਦਾ ਰੋਗ ਚਿੰਬੜ ਜਾਂਦਾ ਹੈ ਜਿਸ ਕਾਰਨ ਉਹ ਸਦਾ ਬੇਸਬਰਾ ਹੋਕੇ ਹਰ ਚੀਜ ਨੂੰ ਥੋੜੀ ਮੰਨਦਿਆਂ ਹੋਇਆਂ ਹੋਰ ਜੋੜਨ ਜਮਾਂ ਕਰਨ ਦੀ ਕੋਸਿਸ ਕਰਦਾ ਹੈ। ਮੈਂ ਜਾਣਦਾਂ ਹਾਂ ਮੇਰੇ ਵਿਦਵਾਨ ਭਰਾ,ਪੱਤਰਕਾਰ, ਰਾਜਨੀਤਕ, ਸਮਾਜਿਕ, ਆਗੂ ,ਧਾਰਮਿਕ ਆਗੂ ਅਸੀਂ ਸਭ ਰਲਕੇ ਤੁਹਾਨੂੰ ਸਹੇ ਵਰਗਾ ਜਾਨਵਰ ਸਮਝਕੇ ਕੁੱਤਿਆਂ ਵਰਗੇ ਖੂੰਖਾਰ ਵਿਆਜ ਖਾਣੇ ਅਤੇ ਕਮਾਈਆਂ ਕਰਨ ਵਾਲੇ ਪਾਪਾਂ ਰਾਂਹੀ ਪੈਸੇ ਜੋੜਨ ਵਾਲੇ ਅਦਾਰਿਆਂ ਅਤੇ ਬੰਦਿਆਂ ਦੇ ਘੇਰੇ ਵਿੱਚ ਵਾੜ ਦਿੱਤਾ ਹੈ। ਜਦ ਤੁਸੀਂ ਹੁਣ ਖੁਦਕਸੀ ਵਰਗਾ ਕਦਮ ਚੁੱਕੀ ਜਾ ਚੁੱਕੇ ਹੋ ਤਦ ਸਾਡੀ ਜਮੀਰ ਸਾਨੂੰ ਲਾਹਨਤਾਂ ਪਾਉਂਦੀ ਹੈ ਕਿ ਸਾਡੇ ਸਿਆਣੇ ਅਖਵਾਉਂਦੇ ਲੋਕਾਂ ਦੇ ਸਾਹਮਣੇ ਇਹ ਕੁੱਝ ਤੁਸੀਂ ਕਰ ਗਏ ਹੋ ਜਿਸ ਵਿੱਚ ਸਾਡੀ ਵੀ ਹਿੱਸੇਦਾਰੀ ਹੈ। ਪਰ ਤੁਸੀਂ ਨਹੀਂ ਜਾਣਦੇ ਕਿ ਅਸੀਂ ਕਿੱਡੇ ਬੇਸਰਮੀ ਦੇ ਭਰੇ ਹੋਏ ਹਾਂ ਕਿ ਤੁਹਾਨੂੰ ਮਰ ਚੁੱਕਿਆਂ ਨੂੰ ਕਾਇਰ,ਬੁਜਦਿਲ, ਭਗੌੜੇ ,ਕਮਜੋਰ ਦਾ ਖਿਤਾਬ ਦੇ ਰਹੇ ਹਾਂ।
              ਅਸੀਂ ਭਾਵੇਂ ਜਾਣਦੇ ਹਾਂ ਕਿ ਜੇ ਤੁਸੀ ਹੋਰ ਵੀ ਜਿਉਂਦੇ ਰਹਿੰਦੇ ਤੁਸੀਂ ਸੂਦਖੋਰ ਬੰਦਿਆਂ ਅਤੇ ਅਦਾਰਿਆਂ ਦਾ ਕੁੱਝ ਨਹੀਂ ਵਿਗਾੜ ਸਕਦੇ ਸੀ। ਚਲੋ ਜੇ ਕੋਈ ਤੁਹਾਡੇ ਵਿੱਚੋਂ ਕੋਈ ਸਿਆਣਫ ਦੀ ਥਾਂ ਕਮਲਾ ਹੋਕੇ ਕਿਸੇ ਸੂਦਖੋਰ ਦੇ ਖਿਲਾਫ ਲੜਾਈਆਂ ਵੀ ਕਰ ਲੈਂਦਾਂ ਜਾਂ ਕਤਲ ਵੀ ਕਰ ਦਿੰਦਾਂ ਤਦ ਤੁਸੀਂ ਤਾਂ ਜੇਲਾਂ ਦਾ ਨਰਕ ਭੋਗਣਾਂ ਹੀ ਸੀ ਉਲਟਾ ਤੁਹਾਡੇ ਪਰੀਵਾਰ ਬਹੂ ਬੇਟੀਆਂ ਦੀਆਂ ਇੱਜਤਾਂ ਵੀ ਠਾਣਿਆਂ ਗੁੰਡਿਆਂ ਦੀਆਂ ਸਿਕਾਰ ਹੋ ਜਾਂਦੀਆਂ ਪਰ ਤੁਸੀਂ ਬਹੁਤ ਹੀ ਬਹਾਦਰ ਅਤੇ ਸਿਆਣੇ ਸੀ ਜੋ ਸਾਡੇ ਪਿੱਛੇ ਨਹੀਂ ਲੱਗੇ ਕਿਉਂਕਿ ਦੁਸਮਣਾਂ ਸੂਦਖੋਰਾਂ ਨੂੰ ਮਾਰਨ ਦੀ ਬਜਾਇ ਖੁਦ ਨੂੰ ਹੀ ਮਾਰ ਦੇਣ ਦਾ ਮਹਾਨ ਫੈਸਲਾ ਲਿਆ ਜਿਸ ਨਾਲ ਸਮਾਜ ਦੇ ਵਿੱਚ ਜਿੱਥੇ ਅਰਾਜਕਤਾ ਨਹੀਂ ਫੈਲੀ ਅਤੇ ਤੁਹਾਡੇ ਪਰੀਵਾਰ ਕੁੱਝ ਦਿਨ ਰੋਣ ਧੋਣ ਤੋਂ ਬਾਅਦ ਕਿਰਤ ਕਰਨ ਦੇ ਰਾਹ ਪੈਕੇ ਜਰੂਰ ਹੀ ਅਮਨ ਚੈਨ ਨਾਲ ਰਹਿਣ ਲੱਗ ਜਾਂਦੇ ਹਨ। ਤੁਹਾਡੇ ਪਰੀਵਾਰਾਂ ਨਾਲ ਸਮਾਜ ਦੇ ਚੰਗੇ ਲੋਕਾਂ ਵਿੱਚ ਹਮਦਰਦੀ ਆ ਜਾਂਦੀ ਹੈ ਜੋ ਉਹਨਾਂ ਦੀ ਮਦਦ ਵੀ ਕਰਦੇ ਹਨ ਅਤੇ ਸਰਕਾਰ ਤੁਹਾਡੇ ਪਰੀਵਾਰਾਂ ਨੂੰ ਕੁੱਝ ਮਦਦ ਦੇਣ ਲਈ ਮਜਬੂਰ ਹੋ ਜਾਂਦੀਆਂ ਹਨ ਪਰ ਅਸੀ ਤਾਂ ਚਲਾਕ ਲੋਕਾਂ ਦਾ ਟੋਲਾ ਹਾਂ ਜੋ ਤੁਹਾਡੇ ਪਰੀਵਾਰਾਂ ਦੀ ਮਦਦ ਦੀ ਥਾਂ ਤੁਹਾਡੇ ਤੇ ਹੀ ਇਲਜਾਮ ਲਾਉਣ ਦੇ ਮਾਹਰ ਹਾਂ। ਪਿੱਛਲੇ ਦਿਨੀ ਸਾਡੇ ਟੋਲੇ ਦੇ ਕੁੱਝ ਕਲਾਕਾਰ ਗੁਰਵਿੰਦਰ ਬਰਾੜ ਵਰਗੇ ਗਾਇਕ ਅਤੇ ਕੋਈ ਹੋਰ ਤੁਹਾਡੀਆਂ ਖੁਦਕਸੀਆਂ ਦਾ ਵਪਾਰ ਕਰਕੇ ਤੁਹਾਨੂੰ ਨਿੰਦ ਵੀ ਰਹੇ ਹਨ ਅਤੇ ਪੈਸੇ ਵੀ ਕਮਾ ਰਹੇ ਹਨ ਅਤੇ ਸਾਡੇ ਚਲਾਕ ਟੋਲੇ ਤੋਂ ਸਾਬਾਸ ਵੀ ਲੈ ਰਹੇ ਹਨ ਕਿਉਂਕਿ ਜਿੱਥੇ ਉਹ ਸਾਡੇ ਟੋਲੇ ਕੁਕਰਮਾਂ ਨੂੰ ਢਕ ਰਹੇ ਹਨ ਫਿਰ ਅਸੀਂ ਤਾਂ ਉਹਨਾਂ ਨੂੰ ਸਾਬਾਸ ਦੇਣੀ ਹੀ ਹੋਈ। ਖੁਦਕਸੀਆਂ ਕਰਨ ਵਾਲੇ ਮਨੁੱਖਾਂ ਦੀਉ ਰੂਹੋ ਸੱਚੀ ਗੱਲ ਤਾਂ ਇਹ ਹੈ ਕਿ ਭਾਵੇਂ ਮੈਂ ਵੀ ਚਲਾਕ ਟੋਲੇ ਦਾ ਮੈਂਬਰ ਹਾਂ ਪਰ ਮੇਰੀ ਜਮੀਰ ਫਿਰ ਵੀ ਤੁਹਾਡੀ ਖੁਦਕਸੀਆਂ ਵਾਲੀ ਕੁਰਬਾਨੀ ਨੂੰ ਸਲਾਮ ਪੇਸ਼ ਕਰਦੀ ਹੈ ਆਸ਼ ਹੈ ਤੁਹਾਡੀ ਰੂਹ ਜਿਸ ਤਰਾਂ ਬੇਰਹਿਮ ਸਮਾਜ ਨੂੰ ਮਾਫ ਕਰਕੇ ਗਈ ਹੈ ਮੈਨੂੰ ਵੀ ਜਰੂਰ ਮਾਫ ਕਰੇਗੀ ਅਨੰਤ ਕੁਦਰਤ ਤੁਹਾਨੂੰ ਆਪਣੀ ਗੋਦ ਵਿੱਚ ਸਮਾ ਲਵੇ ਅਤੇ ਮੁੜ ਇਸ ਦੁੱਖਾਂ ਭਰੇ ਚਲਾਕ ਬੇਈਮਾਨ ਦੁਨੀਆਂ ਵਿੱਚ ਨਾਂ ਭੇਜੇ ਅਟੱਲ ਕੁਦਰਤ ਤੋਂ ਤੁਹਾਡੇ ਲਈ ਮੈਂ ਇਹੋ ਹੀ ਮੰਗਦਾ ਹਾਂ ਮਾਫ ਕਰਿਉ ਮੈਨੂੰ । ਮਾਫ ਕਰਿਉ ਮੈਨੂੰ । ਮਾਫ ਕਰਿਉ ਮੈਨੂੰ । ਮਾਫ ਕਰਿਉ ਮੈਨੂੰ ।
ਗੁਰਚਰਨ ਸਿੰਘ ਪੱਖੋਕਲਾਂ ਜਿਲਾ ਬਰਨਾਲਾ ਫੋਨ 9417727245

Sunday, 4 October 2015

ਭਗਵੰਤ ਮਾਨ ਨਾਲ ਜੁੜੀਆਂ ਕੁੱਝ ਕੌੜੀਆਂ ਮਿੱਠੀਆਂ ਯਾਦਾਂ

ਮੇਰੇ ਪਿੰਡ ਦੀ ਸਟੇਜ ਤੇ ਮੇਰੇ ਨਾਲ ਚੋਣਾਂ ਸਮੇਂ
                                                
ਮਾਨ ਦੀ ਭੈਣ ਪੋਲਿੰਗ ਬੂਥ ਤੇ ਸਾਡੇ ਨਾਲ
       ਪਿੱਛਲੀਆਂ ਲੋਕ ਸਭਾ ਚੋਣਾਂ ਦੌਰਾਨ ਮੇਰੇ ਬੱਚਿਆਂ ਦੇ ਅਤੇ ਮੇਰੇ ਪਿੰਡ ਦੇ ਨੌਜਵਾਨਾਂ ਦੇ ਕਹਿਣ ਤੇ ਅਤੇ ਮੇਰੇ ਪਿੰਡ ਦੇ ਕੁੱਝ ਨੇਤਾਵਾਂ ਦੇ ਹੰਕਾਰ ਨੂੰ ਨੀਵਾਂ ਕਰਨ ਅਤੇ ਕੁੱਝ ਚੰਗਾਂ ਸਿਖਾਉਣ ਲਈ ਮੈਂ ਵੀ ਭਗਵੰਤ ਮਾਨ ਦੀ ਹਮਾਇਤ ਕਰਨ ਦਾ ਫੈਸਲਾ ਲਿਆ ਸੀ। ਮੇਰੇ ਪਿੰਡ ਦੇ ਲੋਕ ਮੈਨੂੰ ਇੱਕ ਬੁਲਾਰੇ ਦੇ ਤੌਰ ਤੇ ਸਤਿਕਾਰ ਵੀ ਦਿੰਦੇ ਹਨ ਜਿਸ ਕਾਰਨ ਉਹਨਾਂ ਨੇ ਮੈਨੂੰ ਆਪਣੀ ਸਟੇਜ ਚਲਾਉਣ ਅਤੇ ਬੋਲਣ ਦਾ ਹੁਕਮ ਜਾਂ ਸੇਵਾ ਵੀ ਲਾਈ ਜੋ ਮੈਂ ਪਰਵਾਨ ਕਰ ਲਈ। ਮਾਨ ਕੋਈ ਦੋ ਘੰਟੇ ਲੇਟ ਆਇਆਂ ਪਰ ਏਨਾਂ ਚਿਰ ਲੋਕ ਬਿਠਾਉਣ ਲਈ ਮੈਨੂੰ ਹੀ ਕਦੀ ਕਦੀ ਬੋਲਣ ਕਰਕੇ ਬਹੁਤ ਹੀ ਮੁਸਕਲ ਨਾਲ ਲੰਬਾਂ ਸਮਾਂ ਬੋਲਣਾਂ ਪਿਆ ਜਿਸ ਵਿੱਚ ਮੈਂ ਆਪਣੀ ਹੀ ਸੈਲੀ ਵਿੱਚ ਬਿਨਾਂ ਕਿਸੇ ਝੂਠ ਬੋਲਣ ਦੇ ਲੋਕਾਂ ਨੂੰ ਤਿਆਰ ਕੀਤਾ ਕਿ ਉਹ ਨਵੇਂ ਰੁੱਖ ਲਾਉਣ ਤੋਂ ਗੁਰੇਜ ਨਾ ਕਰਨ ਪੁਰਾਣਿਆਂ ਦੀ ਮੌਤ ਹੋਣੀ ਹੀ ਹੰਦੀ ਹੈ। ਮੇਰੇ ਪਿੰਡ ਦੇ ਆਗੂ ਸਰਪੰਚੀ ਦੀ ਨਵੀਂ ਨਵੀ ਚੋਣ 3700 ਵੋਟ ਲੈਕੇ ਵਿਰੋਧੀ ਤੋਂ 2000 ਵੋਟ ਜਿਆਦਾ ਲੈਕੇ ਜਿੱਤੇ ਸਨ ਜਿੰਹਨਾਂ ਢੀਡਸਾ ਸਾਹਿਬ ਨੂੰ ਭਰੋਸਾ ਦਿੱਤਾ ਕਿ ਪਿੰਡ ਦੀ ਤਿੰਨ ਹਿੱਸੇ ਵੋਟ ਤੁਹਾਨੂੰ ਪਵਾਵਾਂਗੇ। ਅੱਧ ਦੇ ਮਾਲਕ ਕਾਂਗਰਸੀ ਇਹ ਸਮਝਦੇ ਸਨ ਕਿ ਅਸੀ ਹਰ ਵਾਰ ਦੀ ਤਰਾਂ ਅੱਧੀ ਵੋਟ ਜਰੂਰ ਲੈਕੇ ਜਾਵਾਂਗੇ।ਪਰ ਨਤੀਜੇ ਸਮੇਂ ਮਾਨ ਨੂੰ 3100 ਅਕਾਲੀਆਂ ਨੂੰ 1400 ਕਾਂਗਰਸ ਨੂੰ 600 ਵੋਟ ਪਈ ਸੀ। ਭਾਵੇਂ ਇਹ ਵੋਟ ਮੇਰੇ ਪਿੱਛੇ ਜਾਂ ਭਗਵੰਤ ਪਿੱਛੇ ਨਹੀਂ ਪਈ ਇਹ ਲੋਕ ਲਹਿਰ ਦੀ ਹਨੇਰੀ ਸੀ ਕਾਂਗਰਸੀਆਂ ਅਤੇ ਅਕਾਲੀਆਂ ਨੂੰ ਹਰਾਉਣ ਦੀ।  ਦੂਸਰੀ ਵਾਰ ਮਾਨ ਦੇ ਘਰ ਵਾਲੀ ਦੇ ਆਉਣ ਸਮੇਂ ਮੈਂ ਨਾਂ ਬੋਲਣ ਦਾ ਫੈਸਲਾ ਕੀਤਾ ਪਿੱਛੇ ਖੜਕੇ ਦੇਖਦਾ ਰਿਹਾ ਹੋਰ ਨਵੇਂ ਬੁਲਾਰੇ ਪਿੰਡ ਦੇ ਬੋਲਦੇ ਹੋਏ ਲੋਕਾਂ ਨੂੰ ਬਿਠਾ ਨਾ ਸਕਣ ਤਦ ਫੇਰ ਕੁੱਝ ਨੌਜਵਾਨ ਆਏ ਮੈਨੂੰ ਕਹਿਣ ਕਿ ਤੁਸੀਂ ਜਰੂਰ ਬੋਲੋ ਜੀ ਪਰ ਮੈਂ ਬਿਨਾਂ ਕਹੇ ਆਪਣੇ ਆਪ ਕਿਸੇ ਦੀ ਵੀ ਸਟੇਜ ਤੇ ਵੀ ਨਹੀਂ ਬੋਲਦਾ ਅਤੇ ਉਹਨਾਂ ਨੂੰ ਕਿਹਾ ਕਿ ਸਟੇਜ ਤੇ ਨਾਂ ਲੈਕੇ ਸੱਦੋ ਤਦ ਬੋਲਾਗਾਂ ਅਤੇ ਇਸ ਤਰਾਂ ਹੋਣ ਤੋਂ ਬਾਅਦ ਇੱਕ ਘੰਟਾਂ ਬੈਠ ਕੇ ਬੋਲਦਿਆਂ ਲੋਕਾਂ ਨਾਲ ਗੱਲਾਂ ਸਾਂਝੀਆਂ ਕੀਤੀਆਂ । ਮਾਨ ਦੇ ਘਰ ਵਾਲੀ ਦੇ ਆਉਣ ਤੇ ਉਸ ਨੇ ਬੋਲਿਆਂ ਅਤੇ ਵਅਦਾ ਕੀਤਾ ਕਿ ਮੇਰੇ ਤੇ ਦੋਸ ਲਾਉਂਦੇ ਨੇ ਵਿਰੋਧੀ ਕਿ ਮੈਂ ਮਾਨ ਨੂੰ ਅਮਰੀਕਾ ਲੈ ਜਾਵਾਂਗੀ ਪਰ ਮੈਂ ਵਾਅਦਾ ਕਰਦੀ ਹਾਂ ਕਿ ਅਸੀ ਪੰਜਾਬ ਵਿੱਚ ਰਹਾਂਗੇ ਜੇ ਤੁਸੀ ਜਿਤਾਇਆ ਅਤੇ ਤੁਹਾਡੀ ਸੇਵਾ ਵਿੱਚ ਹਾਜਰ ਰਹਾਂਗੇ। ਸਾਰੇ ਪਿੰਡ ਵਿੱਚ ਉਸਨੇ ਮੇਰੀ ਅਗਵਾਈ ਵਿੱਚ ਲੰਬਾਂ ਗੇੜਾ ਕੱਢਿਆਂ ਅਤੇ ਮੈ ਉਸਨੂੰ ਬੋਲ ਕੇ ਕਿ ਪਿੰਡ ਦੀ ਤਿੰਨ ਹਿੱਸੇ ਵੋਟ ਪਵਾਉਣ ਦੀ ਕੋਸਿਸ ਕਰਾਂਗੇ ਜਿਤਾਵਾਂਗੇ। ਤੁਰਨ ਲੱਗੀ ਦੇ ਸਿਰ ਤੇ ਹੱਥ ਧਰਕੇ ਕਿਹਾ ਤੂੰ ਜਿੱਤੇਗੀ ਪਰ ਜਿੱਤਣ ਤੋਂ ਬਾਅਦ ਪੂਰੇ ਪਰੀਵਾਰ ਸਮੇਤ ਸਾਡੇ ਪਿੰਡ ਜਰੂਰ ਆਇਉ । ਉਸ ਕਿਹਾ ਵੀ ਜੀ ਜਰੂਰ ਆਵਾਂਗੇ ਪਰ ਸਮੇਂ ਦਾ ਫੇਰ ਦੇਖੋ ਕਿ ਉਸਦਾ ਤਾਂ ਘਰ ਹੀ ਉਜੜ ਗਿਆਂ ਹੈ। ਜਿਸ ਵੱਲੋਂ ਉਹ ਵਾਅਦੇ ਕਰ ਰਹੀ ਸੀ ਮੇਰੇ ਪਤੀ ਨੂੰ ਪਤਨੀ ਅਤੇ ਬੱਚਿਆਂ ਨਾਲੋਂ ਕੁਰਸੀ ਜੋ ਪਿਆਰੀ ਹੋ ਗਈ ਹੈ।
                                             ਦੂਸਰੀ ਗੱਲ ਜਿਸ ਦਿਨ ਭਗਵੰਤ ਮਾਨ ਆਇਆਂ ਪਰ ਜਦ ਉਹ ਬਿਨਾਂ ਕਿਸੇ ਪਰੋਗਰਾਮ ਪਰਬੰਧਕ ਨੂੰ ਮਿਲਿਆਂ ਸਿਰਫ ਆਪਣਾਂ ਲੈਕਚਰ ਝਾੜਕੇ ਲੋਕਾਂ ਨੂੰ ਹਸਾ ਹਸਾ ਕਮਲਾ ਕਰਕੇ  ਵੱਡੀ ਆਪਣੀ ਗੱਡੀ ਵਿੱਚ ਚੜਨ ਜਾਣ ਲੱਗਿਆਂ ਤਦ ਹੀ ਭਾਰੀ ਇਕੱਠ ਵਿੱਚੋਂ ਇਕ ਗਰੀਬ ਔਰਤ ਨੇ ਉਸ ਮੂਹਰੇ ਹੱਥ ਅੱਡ ਲਿਆ ਕਿ ਪੁੱਤ ਮੈਨੂੰ ਕੁੱਝ ਦਾਨ ਦੇਕੇ ਜਾ ਮੈਂ ਅਤਿ ਗਰੀਬ ਹਾਂ ਸੋਟੀ ਸਹਾਰੇ ਬਹੁਤ ਹੀ ਬੁਰੀ ਹਾਲਤ ਵਾਲੀ ਉਸ ਬਿਰਧ ਔਰਤ ਨੂੰ ਮਾਨ ਨੇ ਕੁੱਝ ਵੀ ਨਾਂ ਦਿੱਤਾ ਔਰਤ ਉਸਨੂੰ ਤੁਰਨ ਨਾਂ ਦੇਵੇ ਆਸੇ ਪਾਸ਼ੇ ਸੈਕੜੇ ਲੋਕ ਖੜੇ ਸਨ । ਜਦ ਮਾਨ ਨੇ ਸਿਰਫ ਲਾਰੇ ਦਿੱਤੇ ਕਿ ਮੈਂ ਤੁਹਾਡੇ ਵਾਸਤੇ ਹੀ ਚੋਣ ਲੜ ਰਿਹਾਂ ਫਿਰ ਮੈਂ ਉਸ ਬਜੁਰਗ ਔਰਤ ਨੂੰ ਕਿਹਾ ਕਿ ਮਾਂ ਜੀ ਤੁਸੀ ਠਹਿਰੋ ਮੈਂ ਦੇਵਾਂਗਾ ਤੁਹਾਨੂੰ ਇੰਹਨਾਂ ਨੂੰ ਜਾਣ ਦਿਉ। ਭਗਵੰਤ ਨੂੰ ਗੱਡੀ ਚੜਾਉਣ ਤੋਂ ਬਾਅਦ ਮੈਂ ਉਹ ਔਰਤ ਲੱਭਦਾ ਰਿਹਾ ਕਿ ਉਸਨੂੰ ਕੁੱਝ ਦੇ ਸਕਾਂ ਪਰ ਅੱਜ ਤੱਕ ਵੀ ਉਹ ਮੈਨੂੰ ਨਹੀਂ ਲੱਭੀ ਪਤਾ ਨਹੀਂ ਕੌਣ ਸੀ ਉਹ ਪਰ ਭਗਵੰਤ ਮਾਨ ਦੀ ਸੋਚ ਲਾਰਿਆਂ ਅਤੇ ਗਰੀਬਾਂ ਨੂੰ ਦਾਨ ਨਾਂ ਦੇਣ ਦੀ ਅੱਜ ਤੱਕ ਵੀ ਮੈਨੂੰ ਦੁੱਖੀ ਕਰਦੀ ਹੈ। ਉਸ ਔਰਤ ਨੇ ਇੱਕ ਗੱਲ ਵੀ ਕਹੀ ਸੀ ਕਿ ਜੇ ਤੂੰ ਮੈਂਨੂੰ ਅੱਜ ਨਹੀਂ ਕੁੱਝ ਦੇ ਸਕਦਾ ਜਿੱਤਕੇ ਵੀ ਕੁੱਝ ਨਹੀਂ ਦੇਵੇਗਾਂ।
                      ਮੇਰੇ ਕੋਲ 12 ਸਾਲ ਪਹਿਲਾਂ ਇੱਕ ਨਿਰਦੋਸ ਨੂੰ ਸਜਾਇ ਮੌਤ ਦੇਣ ਦਾ ਪੁਰਾਣਾਂ ਕੇਸ ਆਇਆ ਜੋ ਅੱਜ ਵੀ ਹਿੰਦੋਸਤਾਨ ਹੀ ਨਹੀ ਦੁਨੀਆਂ ਦੇ ਇਨਸਾਫ ਪਰਬੰਧ ਦੀਆਂ ਧੱਜੀਆਂ ਉਡਾ ਸਕਦਾ ਹੈ ਜਿਸ ਕੇਸ ਵਿੱਚ ਸੈਕੜੇ ਗਵਾਹ ਹਨ ਅਤੇ ਅਸਲੀ ਕਾਤਲ ਆਪਣਾਂ ਗੁਨਾਹ ਕਬੂਲ ਕਰਦੇ ਹਨ ਅੱਜ ਵੀ , ਜਿਸ ਨੂੰ ਮੈ ਇਲੈਕਟਰੋਨਿਕ ਮੀਡੀਆਂ ਤੇ ਲਿਜਾਣਾਂ ਚਾਹੁੰਦਾਂ ਸੀ ਜਿਸ ਵਾਸਤੇ ਮੈਂ ਭਗਵੰਤ ਮਾਨ ਨਾਲ ਉਸਦੇ ਇੱਕ ਸਾਥੀ ਕਲਾਕਾਰ ਰਾਂਹੀ ਫੋਨ ਤੇ ਗੱਲ ਕੀਤੀ ਕਿਉਂਕਿ ਉਸ ਵਕਤ ਜੀ ਟੀਵੀ ਦਾ ਮਾਨ ਪਰਮੁੱਖ ਵਿਕਦਾ ਕਲਾਕਾਰ ਸੀ। ਭਗਵੰਤ ਮਾਨ ਨੇ ਬਜਾਇ ਉਸਨੂੰ ਸਮਝਣ ਜਾਂ ਸੁਣਨ ਦੇ ਫੋਕੀਆਂ ਸਲਾਹਾਂ ਦੇਕੇ ਸਾਰ ਦਿੱਤਾ। ਫਿਰ ਮੈਂ ਇੱਥੋਂ ਤੱਕ ਵੀ ਕਿਹਾ ਕਿ ਮਾਨ ਸਾਹਿਬ ਉਹ ਵਿਅਕਤੀ ਵੀ ਮਾਨ ਗੋਤ ਦਾ ਹੀ ਤੁਹਾਡੇ ਭਾਈਚਾਰੇ ਦਾ ਹੈ ਪਰ ਪੈਸੇ ਅਤੇ ਹਾਉਮੈਂ ਭਰੇ ਲੋਕਾਂ ਕੋਲ ਮਖੌਲ ਤਾਂ ਹੋ ਸਕਦੇ ਹਨ ਹਮਦਰਦੀ ਨਹੀਂ ਸੋ ਮੈਂ ਬੇਸ਼ਰਮੀ ਦਾ ਘੁੱਟ ਭਰ ਲਿਆਂ ਜੋ ਅੱਜ ਤੱਕ ਵੀ ਮੈਨੂੰ ਭੁਲਾਇਆ ਨਹੀ ਭੁਲਦਾ ਕਿ ਕੀ ਇਸ ਵਿਅਕਤੀ ਵਿੱਚ ਦੂਸਰਿਆਂ ਦੇ ਦੁੱਖ ਸੁਣਨ ਦੀ ਸੋਚ ਵੀ ਹੈ ਜਾਂ ਨਾਂ।
                    ਇੱਕ ਗੱਲ ਹੋਰ ਜਿਸ ਦਿਨ ਨਤੀਜਾ ਨਿਕਲਿਆ ਉਸ ਦਿਨ ਮਾਨ ਸਮੱਰਥਕ ਇੱਕ ਮੇਰੇ ਮਿੱਤਰ ਨੇ ਜੋ ਨਸਾ ਰਹਿਤ ਇੱਕ ਡੇਰੇ ਦਾ ਸਰਧਾਲੂ ਹੈ ਨੇ ਕਿਹਾ ਯਾਰ ਆਪਾਂ ਗਲਤ ਬੰਦਾਂ ਜਿਤਾ ਲਿਆਂ ਮੈਂ ਪੁੱਛਿਆ ਕਿਉਂ ਕਹਿੰਦਾਂ ਯਾਰ ਇਹ ਤਾਂ ਉਸ ਦਿਨ ਵੀ ਸਰਾਬ ਪੀਈ ਫਿਰਦਾ ਸੀ ਜਦ ਅਸੀਂ ਇਸ ਬਾਰੇ ਪੁੱਛਿਆ ਤਦ ਇਹ ਕਹਿੰਦਾਂ ਕਿ ਮੇਰਾ ਮਨ ਜਾਂ ਨਹੀਂ ਖੜ ਰਿਹਾ ਸੀ ਤਾਂ ਘੁੱਟ ਲਾ ਲਈ। ਜਿੱਤ ਤੋਂ ਬਾਅਦ ਕੁੱਝ ਜਿਆਦਾ ਬੋਲਣ ਤੇ ਇੱਕ ਸੀਨੀਅਰ ਅਫਸਰ ਨੇ ਇਸ ਨੂੰ ਉੱਥੇ ਧਮਕੀ ਵੀ ਦਿੱਤੀ ਸੁਣੀ ਜਾਂਦੀ ਹੈ। ਫੇਰ ਥੋੜੇ ਸਮੇਂ ਬਾਅਦ ਤਲਵੰਡੀ ਤਖਤ ਸਾਹਿਬ ਤੇ ਸਰਾਬ ਪੀਣ ਦੀ ਚਰਚਾ ਰਹੀ ਜੋ ਮੀਡੀਆ ਵਿੱਚ ਵੀ ਖੂਬ ਚੱਲੀ। ਫਿਰ ਇਸਦੇ ਮੁਹਾਲੀ ਸਥਿਤ ਘਰ ਵਿੱਚ ਵੀ ਇਸ ਤਰਾਂ ਦੀਆਂ ਮਹਿਫਲਾਂ ਚੱਲਣ ਦੀ ਗੱਲ ਉੱਡਦੀ ਰਹਿੰਦੀ ਹੈ। ਕੀ ਅਸਲੀ ਭਗਤ ਸਿੰਘ ਅਤੇ ਪੀਲੇ ਭਗਤ ਸਿੰਘ ਵਿੱਚ ਇਹੋ ਫਰਕ ਹੁੰਦਾਂ ਹੈ ਸਾਇਦ। ਹੋ ਸਕਦਾ ਸਰਾਬ ਪੀਣ ਕਹਿਣ ਦੀਆਂ ਗੱਲਾਂ ਝੂਠੀਆਂ ਹੋਣ ਪਰ ਜਦ ਇਹ ਚਰਚਾ ਦਾ ਵਿਸਾ ਬਣ ਜਾਣ ਤਦ ਕਿਸੇ ਵਿਅਕਤੀ ਜਾਂ ਨੇਤਾ ਉੱਪਰ ਦਾਗ ਤਾਂ ਲਾ ਹੀ ਜਾਂਦੀਆਂ ਹਨ।
                                              ਇਸ ਤਰਾਂ ਹੀ ਮੋਹਾਲੀ ਵਿੱਚ ਮੇਰੇ ਰਿਸਤੇਦਾਰ ਨੇ ਜਿੱਥੇ ਕਦੀ ਕਦੀ ਜਾਈਦਾ ਹੈ ਇੱਕ ਵਾਰ ਉਹਨਾਂ ਮੈਨੂੰ ਰਸਤੇ ਜਾਂਦਿਆ ਦੱਸਿਆਂ ਕਿ ਆਹ ਕੋਠੀ ਹੈ ਭਗਵੰਤ ਮਾਨ ਦੀ ਪਰ ਇਹ ਆਪਣੇ ਬਠਿੰਡੇ ਵਾਲਿਆਂ ਨੂੰ ਬੁਲਾਕਿ ਬਹੁਤਾ ਖੁਸ ਨਹੀਂ ਹੁੰਦਾਂ। ਪਾਰਕ ਵਗੈਰਾ ਵਿੱਚ ਜੇ ਘੁੰਮਦਾ ਮਿਲ ਜਾਵੇ ਤਦ ਇਸਦੇ ਮਿਲਣ ਵਿੱਚ ਕੋਈ ਨਿੱਘ ਨਹੀਂ ਹੁੰਦਾਂ। ਇਸ ਤਰਾਂ ਹੀ ਮੈ ਇੱਕ ਵਾਰ ਸਾਥੀਆਂ ਸਮੇਤ ਮਨਪਰੀਤ ਬਾਦਲ ਦੀ ਪੀਪੀਪੀ ਪਾਰਟੀ ਦੇ ਵੇਲੇ ਮਿਲਣ ਗਏ ਜਿੱਥੇ ਮਨਪਰੀਤ ਤਾਂ ਪਿਆਰ ਨਾਲ ਮਿਲਿਆ ਪਰ ਜਦ ਅਸੀ ਭਗਵੰਤ ਨੂੰ ਲੰਘਦਿਆਂ ਵੇਖਿਆਂ ਅਸੀ ਭੱਜਕੇ ਮਿਲਣ ਗਏ ਅਤੇ ਦੱਸਿਆ ਕਿ ਅਸੀ ਵੀ ਤੁਹਾਡੇ ਏਰੀਏ ਦਾ ਹਾਂ ਪਰ ਹੱਥ ਮਿਲਾਉਣ ਸਮੇਂ ਇਸਦਾ ਹੱਥ ਨਿੱਘਾ ਨਹੀ ਠੰਡਾਂ ਸੀ ਬੋਲਣ ਵਿੱਚ ਕੋਈ ਅਪਣੱਤ ਨਾਂ ਦਿਖਾਉਦਿਆਂ ਤੁਰਦਾ ਬਣਿਆਂ ਸਾਇਦ ਇਸ ਨੂੰ ਅਸੀਂ ਰੋਹੀਆਂ ਦੇ ਜਾਨਵਰ ਲੱਗੇ ਕਿਉਂਕਿ ਇਸਦੇ ਸੈਂਟਾਂ ਲੱਗੇ ਚਿੱਟੇ ਕੱਪੜੇ ਸਾਡੇ ਨਾਲ ਲਿੱਬੜ ਜਾਣੇ ਸਨ। ਪਰ ਅਸੀਂ ਮਲਵਈ ਅਤੇ ਬਰਨਾਲੇ ਇਲਾਕੇ ਦੇ ਲੋਕ ਜਾਂਗਲੀ ਜਰੂਰ ਕਹੇ ਜਾਂਦੇ ਹਾਂ ਪਿਆਰ ਅਤੇ ਨਫਰਤ ਦਾ ਫਰਕ ਖੂਬ ਸਮਝਦੇ ਹਾਂ ਜੋ ਸਾਡੇ ਦਿਲ ਤੇ ਲਿਖਿਆ ਜਾਂਦਾ ਹੈ ਅਸੀਂ ਵੱਡੇ ਵੱਡੇ ਔਰੰਗਜੇਬਾਂ ਨੂੰ ਮਾਫ ਕਰ ਦੇਣ ਦੀ ਤਾਕਤ ਵੀ ਸਾਨੂੰ ਖੁਦਾ ਨੇ ਬਖਸੀ ਹੋਈ ਹੈ। ਜਿਸ ਕਾਰਨ ਚੋਣਾਂ ਵਿੱਚ ਇਸਦੀ ਮਦਦ ਕੀਤੀ ਸੀ। ਅੱਜ ਵੀ ਸੁਭ ਕਾਮਨਾਵਾਂ ਨੇ ਸਾਨੂੰ ਰੋਹੀਆਂ ਦੇ ਜਾਨਵਰ ਸਮਝਣ ਵਾਲਿਆਂ ਪਰਤੀ।
                    ਪਿੱਛਲੇ ਦਿਨੀ ਕੁੱਝ ਮਿੱਤਰਾਂ ਨੇ ਕਿਹਾ ਕਿ ਤੁਸੀ ਆਮ ਪਾਰਟੀ ਦੇ ਵਿੱਚ ਸਾਮਲ ਹੋਵੋ ਅਗਲੇ ਦਿਨਾਂ ਵਿੱਚ ਮਾਨ ਦੇ ਪਰੋਗਰਾਮ ਦੇਖਣ ਦੀ ਬੇਨਤੀ ਵੀ ਕੀਤੀ ਅਤੇ ਮੈਂ ਵੀ ਦੇਖਣਾਂ ਚਾਹਿਆ ਕਿ ਕੀ ਮਾਨ ਬਦਲ ਵੀ ਗਿਆ ਹੈ ਜਾਂ ਉਸੇ ਤਰਾਂ ਦਾ ਵਤੀਰਾ ਹੈ। ਦੋ ਪਿੰਡਾਂ ਦੇ ਵਿੱਚ ਪਰੋਗਰਾਮਾਂ ਦੌਰਾਨ ਦੇਖਿਆ ਕਿ ਇਹ ਉੱਥੇ ਦੇ ਪਰਬੰਧਕਾਂ ਨਾਲ ਕੋਈ ਵੀ ਗੱਲ ਨਹੀਂ ਕਰਦਾ ਆਉਣ ਸਾਰ ਸਟੇਜ ਤੇ ਚੜਦਾ ਮਾਈਕ ਫੜਦਾ ਆਪਣੀ ਗੱਲ ਬੋਲਦਾ ਲੋਕਾਂ ਨੂੰ ਖੂਬ ਹਸਾਉਂਦਾ ਹੈ ਟੋਟਕੇ ਸੁਣਾ ਸੁਣਾ ਵਿਰੋਧੀਆਂ ਤੇ ਖੂਬ ਤਵੇ ਲਾਉਂਦਾਂ ਹੈ। ਹਰ ਗੱਲ ਦਾ ਮਤਲਬ ਆਪਣੇ ਹਿੱਤ ਵਿੱਚ ਕੱਢਣਾਂ ਖੂਬ ਜਾਣਦਾ ਹੈ। ਪਰਬੰਧਕਾਂ ਨਾਲ ਉੱਥੋਂ ਦੇ ਲੋਕਾਂ ਨਾਲ ਸਿਰਫ ਡਰਾਮੇਬਾਜੀ ਕਰਦਾ ਹੋਇਆਂ ਗੱਲ ਸਿਰਫ ਆਪਦੇ ਨਾਲ ਰੱਖੇ ਹੋਏ ਚਮਚਿਆਂ ਦੀ ਹੀ ਸੁਣਦਾ ਹੈ। ਉਸ ਇਕੱਠ ਵਿੱਚ ਜੇ ਕੋਈ ਲੋਕ ਹਿੱਤ ਦੀ ਗੱਲ ਚੰਗੀ ਸਲਾਹ ਦੇਣ ਵਾਲਾ ਹੋਵੇ ਨੂੰ ਅਣਡਿੱਠ ਕਰਨ ਦਾ ਪੂਰਾ ਮਾਹਰ ਹੈ ਕਿਉਂਕਿ ਆਪਣੇ ਚਮਚਿਆ ਤੋਂ ਬਿਨਾਂ ਸਾਇਦ ਹਾਲੇ ਵੀ ਇਹ ਤੁਰਨ ਹੀ ਨਹੀਂ ਸਿੱਖ ਸਕਿਆ। ਜਿਸ ਦਿਨ ਮੇਰੇ ਪਿੰਡ ਵਿੱਚ ਇਸ ਪਾਰਟੀ ਦੇ ਇਲਾਕੇ ਦਾ ਆਗੂ ਚੁਣਿਆ ਜਾਣਾਂ ਸੀ ਮੈਨੂੰ ਸੱਦਿਆ ਗਿਆ ਕੁਦਰਤੀ ਉਸ ਵਕਤ ਮੈਂ ਮੀਟਿੰਗ ਸਥਾਨ ਦੇ ਕੋਲ ਹਾਜਰ ਸੀ ਸੀਨੀਅਰ ਆਗੂਆਂ ਮੈਨੂੰ ਚੁਨਣ ਦਾ ਫੈਸਲਾ ਕਰਿਆ ਹੋਇਆ ਸੀ ਪਰ ਮੈਂ ਮੀਟਿੰਗ ਵਿੱਚ ਜਾਣ ਦੀ ਬਜਾਇ ਇੱਕ ਨੌਜਵਾਨ ਦੀ ਭੋਗ ਰਸਮ ਤੇ ਜਾਣਾਂ ਹੀ ਬਿਹਤਰ ਸਮਝਿਆਂ। ਕਿਸੇ ਦਾ ਚਮਚਾ ਬਣਨ ਦੀ ਦਾਤ ਖੁਦਾ ਨੇ ਮੈਨੂੰ ਦਿੱਤੀ ਹੀ ਨਹੀਂ। ਉਪਰੋਤ ਕਾਰਨ ਹਨ ਜਿੰਹਨਾਂ ਕਾਰਨ ਇਹ ਆਪਣੀ ਪਾਰਟੀ ਦੇ ਸੀਨੀਅਰ ਸਿਆਣੇ ਲੋਕਾਂ ਦੀ ਕਦਰ ਨਹੀਂ ਕਰ ਸਕਦਾ। ਮਨਪਰੀਤ ਬਾਦਲ ਦੇ ਗੁਣ ਗਾਉਣ ਵਾਲਾ ਉਸਨੂੰ ਨਿੰਦਣ ਸਮੇਂ ਸਭ ਹੱਦਾਂ ਪਾਰ ਕਰ ਗਿਆ। ਸੁਖਬੀਰ ਦੇ ਕਬੱਡੀ ਕੱਪ ਸਮੇਂ ਪੰਜਾਬ ਦਾ ਸੇਰ ਬਹਾਦਰ ਅਤੇ ਹੋਰ ਅਨੇਕਾਂ ਖਿਤਾਬ ਦੇਣ ਵਾਲਾ ਹੁਣ ਕਿਸ ਤਰਾਂ ਘਟੀਆਂ ਬੋਲ ਰਿਹਾ ਹੈ ਬਾਰੇ ਸੋਚਕੇ ਇਸਦੀ ਸਿਆਣਫ ਤੇ ਸੱਕ ਹੁੰਦਾਂ ਹੈ। ਪੰਜਾਬ ਦਾ ਭਵਿੱਖ ਸਿਆਣੇ ਨੇਤਾ ਦੇ ਹੱਥਾਂ ਵਿੱਚ ਜਾਕੇ ਹੀ ਬਚ ਸਕਦਾ ਹੈ ਕਿਸੇ ਡਰਾਮੇਬਾਜ ਦੇ ਹੱਥ ਨਹੀਂ। ਹਸਾਉਣ ਲਈ ਮੀਡੀਆਂ ਕਲਾਕਾਰ ਹੁੰਦੇ ਹਨ ਨੇਤਾ ਲੋਕ ਤਾਂ ਸਿਆਣੇ ਅਤੇ ਜੁੰਮੇਵਾਰ ਹੋਣੇ ਚਾਹੀਦੇ ਹਨ ਕੀ ਭਗਵੰਤ ਮਾਨ ਸਿਆਣਾਂ ਅਤੇ ਜੁੰਮੇਵਾਰ ਬਣੇਗਾ? ਕੀ ਪੰਜਾਬ ਦਿਵਾਲੀਆਂ ਆਰਥਿਕਤਾ ਦੀ ਸਮਝ ਹੈ ਇਸਨੂੰ ਜਾਂ ਪਟਿਆਲੇ ਮੋਹਾਲੀਆਂ ਦਿੱਲੀਆਂ ਅਤੇ ਅਮਰੀਕਾ ਤੱਕ ਰਿਹਾਇਸਾਂ ਕਰਨ ਵਾਲਾ ਇਹ ਅਮੀਰ ਵਿਅਕਤੀ ਪੁਰਾਣੇ ਨੇਤਾਵਾਂ ਵਰਗਾ ਹੀ ਇੱਕ ਹੋਰ ਨੇਤਾ ਹੋਵੇਗਾ ਜਿਸਨੂੰ ਆਪਣੇ ਬੱਚਿਆਂ , ਬੀਵੀਆਂ, ਗਰੀਬਾਂ, ਪਿੰਡਾਂ,ਮਾਪਿਆਂ  ਵਿੱਚੋਂ ਮੁਸ਼ਕ ਹੀ ਮਾਰਦਾ ਰਹੇਗਾ ਜਿਸ ਤੋਂ ਬਚਣ ਲਈ ਸੈਟਾਂ ਲੱਦੇ ਕੱਪੜੇ ਪਹਿਨਕੇ ਨਿੱਤ ਨਵੀਆਂ ਕੋਠੀਆਂ ਵਿੱਚ ਰਹਿਣ ਵਾਲਾ , ਨਿੱਤ ਨਵੇਂ ਸਹਿਰਾਂ ਵਿੱਚ ਵੱਡੇ ਵੱਡੇ ਹੋਟਲਾਂ ਵਿੱਚ ਰਹਿਣ ਦਾ ਚਾਹਵਾਨ ਖਾਸ ਬੰਦਾਂ ਪੰਜਾਬ ਦੀ ਕਿਸਮਤ ਦਾ ਮਾਲਕ ਬਣ ਜਾਵੇਗਾ। ਪੰਜਾਬ ਦੀ ਕਿਸਮਤ ਹੁਣ ਸੱਚਮੁੱਚ ਹੀ ਖੁਦਾ ਦੇ ਹੱਥ ਹੈ ਕਾਸ਼ ਉਹ ਪੰਜਾਬੀਆਂ ਨੂੰ ਸੁਮੱਤ ਬਖਸ ਦੇਵੇ ਕਿ ਉਹ ਸਿਆਣਾਂ ਸਮਝਦਾਰ ਦੁੱਖ ਹਰ ਲੈਣ ਵਾਲਾ ਆਗੂ ਚੁਣਨ ਦੇ ਯੋਗ ਹੋ ਜਾਣ ਅਤੇ ਸਾਡੇ ਨੇਤਾਵਾਂ ਨੂੰ ਵੀ ਸਮਝਦਾਰ ਅਤੇ ਸਿਆਣੇ ਹੋਣ ਦਾ ਬਲ ਬਖਸ ਦੇਵੇ। ਡਰ ਲੱਗਦਾ ਹੈ ਕਿੱਧਰੇ ਹਰਿਆਣੇ ਤੋਂ ਆਪਣਾਂ ਪਾਣੀ ਬਚਾਉਣ ਵਾਲੇ ਪੰਜਾਬੀ ਇਹੋ ਜਿਹਾ ਨੇਤਾ ਹੀ ਨਾਂ ਚੁਣ ਲੈਣ ਜਿਹੜਾ ਹਰਿਆਣੇ ਦੇ ਬਨੀਏ ਦਾ ਗੁਲਾਮ ਹੋਵੇ( ਜੋ ਆਪਣੇ ਗੁਰੂ ਦੀ ਤੌਹੀਨ ਕਰ ਸਕਦਾ ਹੋਵੇ ਉਸਦੇ ਮੋਢਿਆਂ ਤੇ ਚੜਕੇ ਕੁਰਸੀ ਤੱਕ ਛਾਲ ਮਾਰ ਸਕਦਾ ਹੋਵੇ,ਸੱਚ ਦੀ ਥਾਂ ਝੂਠ ਦੇ ਗੋਲੇ ਦਾਗਣਾਂ ਜਾਣਦਾ ਹੋਵੇ ਦੇ ਹੁਕਮ ਮੰਨਕੇ) ਜਿਹੜਾ ਪੰਜਾਬ ਦੇ ਪਾਣੀਆਂ ਦੇ ਨੱਕੇ ਪੰਜਾਬ ਦੀ ਥਾਂ ਹਰਿਆਣੇ ਲਈ ਖੋਲ ਦੇਵੇ ਆਮੀਨ ਪੰਜਾਬੀਉ।ਗੁਰਚਰਨ ਸਿੰਘ ਪੱਖੋਕਲਾਂ ਜਿਲਾ ਬਰਨਾਲਾ ਫੋਨ 9417727245

ਭਗਵੰਤ ਦੀ ਜੀਵਨ ਸਾਥਣ ਮੇਰੇ ਨਾਲ ਮੇਰੇ ਪਿੰਡ ਦੀਆਂ ਗਲੀਆਂ ਵਿੱਚ

Thursday, 17 September 2015

ਕਰਜਿਆਂ ਦੇ ਜਾਲ ਨਾਲ ਦਿੱਤਾ ਜਾਂਦਾ ਕਿਸਾਨਾਂ ਨੂੰ ਮਿੱਠਾ ਜਹਿਰ

               
          ਸਰਕਾਰਾਂ ਚਲਾਉਂਦੇ ਰਾਜਨੀਤਕ ਲੋਕ ਜਦੋਂ ਦੇਸ ਦੇ ਕਿਸਾਨ ਵਰਗ ਨੂੰ ਕਰਜਿਆਂ ਦੇ ਵਿੱਚ ਫਸਾਉਣ ਵਾਲੀਆਂ ਸਕੀਮਾਂ ਐਲਾਨ ਕੇ ਆਪਣੀ ਬੱਲੇ ਬੱਲੇ ਕਰਵਾਉਂਦੇ ਹਨ ਪਰ ਉਹ ਦੇਸ ਦੇ ਅਣਭੋਲ ਵਰਗ ਨਾਲ ਕਿੱਡਾ ਫਰੇਬ ਧੋਖਾ ਕਰ ਰਹੇ ਹੁੰਦੇ ਹਨ ਦਾ ਪਤਾ ਕਿਸਾਨਾਂ ਦੀ ਖੁਦਕਸੀਆਂ ਤੋਂ ਬਾਅਦ ਹੀ ਪਤਾ ਲੱਗਦਾ ਹੈ। ਵਰਤਮਾਨ ਸਮੇਂ ਕਿਸਾਨਾਂ ਦੀਆਂ ਖੁਦਕਸੀਆਂ ਦਾ ਕਾਰਨ ਕਰਜਾ ਹੀ ਹੁੰਦਾਂ ਹੈ। ਅਸਲ ਨੀਤੀ ਤਾਂ ਕਿਸਾਨਾਂ ਲਈ ਇਹੋ ਜਿਹੀ ਚਾਹੀਦੀ ਹੈ ਜਿਸ ਵਿੱਚ ਉਹਨਾਂ ਨੂੰ ਕਰਜਾ ਚੁਕਣਾਂ ਹੀ ਨਾਂ ਪਵੇ ਕਿਉਂਕਿ ਖੇਤੀਬਾੜੀ ਦੇ ਲਾਹੇਵੰਦ ਹੋਣ ਦੀ ਤਾਂ ਕੋਈ ਗਰੰਟੀ ਹੀ ਨਹੀਂ ਹੈ ਕਿੳਂਕਿ ਖੇਤੀ ਦਿਮਾਗਾਂ ਦੀ ਖੇਡ ਨਹੀ ਕੁਦਰਤ ਦੇ ਰਹਿਮੋ ਕਰਮ ਤੇ ਹੋਣ ਵਾਲੀ ਖੇਤੀ ਕਰਮਾਂ ਛੇਤੀ ਹੈ। ਦੇਸ ਦੀਆਂ ਸਰਕਾਰਾਂ ਤਾਂ ਹਾਲੇ ਤੱਕ ਫਸਲਾਂ ਸਬੰਧੀ ਖੇਤੀ ਬੀਮਾ ਸਕੀਮ ਵੀ ਸੁਰੂ ਨਹੀਂ ਕਰਵਾ ਸਕੀਆਂ। ਤਿੰਨ ਚਾਰ ਰਾਜਾਂ ਵਿੱਚ ਝੋਨੇ ਅਤੇ ਕਣਕ ਦੇ ਘੱਟੋ ਘੱਟ ਸਮਰਥਨ ਮੁੱਲ ਦੇਣ ਤੋਂ ਬਿਨਾਂ ਸਿਰਫ ਫੋਕੇ ਐਲਾਨ ਹੀ ਸੈਂਟਰ ਸਰਕਾਰ ਕਰਦੀ ਹੈ। ਬਾਕੀ ਸਾਰੀਆਂ ਫਸਲਾਂ ਬਜਾਰ ਦੇ ਰਹਿਮੋ ਕਰਮ ਤੇ ਹਨ ਜਿਸ ਵਿੱਚ ਸਾਰਾ ਮੁਨਾਫਾ ਵਪਾਰੀ ਅਤੇ ਜਮਾਂਖੋਰ ਹੀ ਹੜੱਪ ਜਾਂਦੇ ਹਨ। ਕਿਸਾਨ ਵਰਗ ਦਾ ਵੱਡਾ ਹਿੱਸਾ ਤਾਂ ਆਪਣੀਆਂ ਫਸਲਾਂ ਨੂੰ ਬਜਾਰ ਵਿੱਚ ਵੇਚਣ ਨਹੀਂ ਜਾਂਦਾ ਸਗੋਂ ਸਿੱਟਣ ਜਾਂਦਾ ਹੈ। ਸਰਕਾਰਾਂ ਕਿਸੇ ਵੀ ਫਸਲ ਤੇ ਕਿਸਾਨ ਨੂੰ ਘੱਟੋ ਘੱਟ ਆਮਦਨ ਦੀ ਕਦੇ ਵੀ ਗਰੰਟੀ ਨਹੀ ਦਿੰਦੀਆਂ ਫੋਕੇ ਬਿਆਨਾਂ ਨਾਲ ਹੀ  ਕਿਸਾਨਾਂ ਦੇ ਦਿਲ ਬਹਿਲਾਉਂਦੀਆਂ ਹਨ। ਇੱਕ ਪਾਸੇ ਕਿਸਾਨ ਨੂੰ ਮੁਨਾਫਾ ਅਧਾਰਤ ਕੀਮਤ ਨਹੀਂ ਦਿੱਤੀ ਜਾਂਦੀ ਦੂਸਰੇ ਪਾਸੇ ਅੰਤਰਰਾਜੀ ਅਤੇ ਅੰਤਰ ਰਾਸਟਰੀ ਵਪਾਰ ਕਰਨ ਤੇ ਹੀ ਪਾਬੰਦੀ ਲਾ ਦਿੱਤੀ ਜਾਂਦੀ ਹੈ। ਪੰਜਾਬ ਦੇ ਕਿਸਾਨ ਤੋਂ 1400 ਰੁਪਏ ਕੁਇੰਟਲ ਖਰੀਦੀ ਜਾਣ ਵਾਲੀ ਕਣਕ ਬਾਘੇ ਬਾਰਡਰ ਦੇ ਪਰਲੇ ਪਾਸੇ ਦਸ ਕਿਲੋਮੀਟਰ ਤੇ ਲਾਹੌਰ ਵਿੱਚ 2500 ਰੁਪਏ ਵਿਕਦੀ ਹੈ। ਇਹੋ ਕਣਕ ਦਿੱਲੀ ਵਿੱਚ ਆਟਾ ਬਣਾਕਿ ਪਰਚੂਨ ਮੰਡੀ ਵਿੱਚ 30 ਤੋਂ 40 ਰੁਪਏ ਕਿੱਲੋ ਦੀ ਕੀਮਤ ਤੇ ਵਿਕ ਰਿਹਾ ਹੈ। ਕੁੱਝ ਸਰਕਾਰਾਂ ਦੇ ਟੈਕਸ ਅਤੇ ਵਪਾਰੀਆਂ ਦੇ ਮੁਨਾਫੇ ਨਾਲ ਇਸਦੀ ਕੀਮਤ ਦੇਸ ਵਿੱਚ ਹੀ ਦੁਗਣੀ ਹੋ ਜਾਂਦੀ ਹੈ। ਜਦ ਕਿਸਾਨ ਵਰਗ ਘਰੇਲੂ ਲੋੜਾਂ ਯੋਗਾ ਵੀ ਮੁਨਾਫਾ ਨਹੀਂ ਕਰ ਪਾਉਂਦਾ ਪਰ ਸਰਕਾਰਾਂ ਟੈਕਸਾਂ ਨਾਲ ਖਜਾਨੇ ਭਰਨ ਦੀ ਫਿਰਾਕ ਵਿੱਚ ਲੁੱਟਣ ਤੱਕ ਪਹੁੰਚ ਜਾਂਦੀਆਂ ਹਨ।
                       ਕਿਸਾਨ ਦੀਆਂ ਸਮੱਸਿਆਵਾਂ ਦਾ ਹਲ ਇੱਕੋ ਹੀ ਹੈ ਕਿ ਖੇਤੀ ਲਾਹੇਵੰਦ ਧੰਦਾ ਬਣਾਇਆ ਜਾਵੇ ਪਰ ਸਰਕਾਰਾਂ ਇਸਦਾ ਹੱਲ ਕਿਸਾਨਾਂ ਨੂੰ ਕਰਜੇ ਦਿਵਾਕੇ ਉਸਦੇ ਗਲ ਵਿੱਚ ਕਰਜੇ ਦਾ ਗਲਘੋਟੂ ਰੱਸਾ ਪਾਉਣ ਨੂੰ ਪਹਿਲ ਦੇ ਰਹੀਆਂ ਹਨ। ਇਸ ਕਿੱਤੇ ਵਿੱਚ ਫਸਿਆ ਕਿਸਾਨ ਆਪਣੇ ਕਿੱਤੇ ਨੂੰ ਚਲਦਾ ਰੱਖਣ ਲਈ ਹੀ ਮਜਬੂਰੀ ਵੱਸ ਸੂਦਖੋਰ ਵਪਾਰੀਆਂ ਅਤੇ ਬੈਂਕਾਂ ਦੇ ਜਾਲ ਵਿੱਚ ਫਸਣ ਲਈ ਮਜਬੂਰ ਹੋ ਜਾਂਦਾ ਹੈ। ਕਿਸਾਨ ਤਾਂ ਇਹੋ ਜਿਹੀ ਸੀਲ ਫੰਡਰ ਮੱਝ ਵਾਂਗ ਬਣਾ ਦਿੱਤਾ ਗਿਆ ਹੈ ਜਿਸਨੂੰ ਚੋਣ ਲਈ ਨਾਂ ਟੀਕਾ ਲਾਉਣ ਦੀ ਲੋੜ ਹੈ ਨਾਂ ਕੱਟਾ ਛੱਡਣ ਦੀ ਜਿਹੜਾ ਮਰਜੀ ਸੂਦਖੋਰ ਧਨਾਡ ਥਾਪੀ ਦੇਕੇ ਚੋਅ ਲਵੇ। ਕਰਜੇ ਦਾ ਮੱਕੜ ਜਾਲ ਵਿੱਚ ਫਸਿਆ ਹੋਇਆ ਕਿਸਾਨ ਤਾਂ ਨਿਆਣਾਂ ਮਾਰੀ ਹੋਈ ਗਾਂ ਵਰਗਾ ਬਣਨ ਨੂੰ ਮਜਬੂਰ ਹੈ ਜੋ ਚਾਹੁੰਦਾਂ ਹੋਇਆਂ ਵੀ ਹਿੱਲ ਜਾਂ ਬੋਲ ਨਹੀਂ ਸਕਦਾ। ਜਦ ਇਸ ਕਰਜੇ ਦਾ ਮੱਕੜ ਜਾਲ ਕਿਸੇ ਕਿਸਾਨ ਨੂੰ ਸਮਾਜ ਵਿੱਚ ਬੇਇੱਜਤਾ ਬਣਾਉਣ ਲੱਗ ਜਾਂਦਾਂ ਹੈ ਤਦ ਉਸ ਕੋਲ ਬੇਸਰਮੀ ਤੋਂ ਖਹਿੜਾ ਛੁਵਾਉਣ ਲਈ ਖੁਦਕਸੀ ਦਾ ਰਾਹ ਹੀ ਬਚਦਾ ਹੈ। ਗੈਰ ਕਾਸਤਕਾਰਾਂ ਨੂੰ ਜਮੀਨ ਦੀ ਖਰੀਦ ਕਰਨ ਦੀ ਖੁੱਲ ਦੇਕੇ ਸਰਕਾਰਾਂ ਨੇ ਕਰਜਾ ਦੇਣ ਵਾਲਿਆ ਨੂੰ ਹੱਲਾਸੇਰੀ ਦੇ ਰੱਖੀ ਹੈ। ਕਿਸਾਨਾਂ ਨੂੰ ਕਰਜਾ ਦੇਣ ਸਬੰਧੀ ਕੋਈ ਸਰਕਾਰੀ ਨੀਤੀ ਨਹੀਂ । ਕਰਜੇ ਕਾਰਨ ਕਿਸਾਨ ਦੀ ਜਮੀਨ ਕੁਰਕ ਕਰਨ ਦੀ ਖੁੱਲ ਦੇਣਾਂ ਰਾਜਨੀਤਕ ਅਤੇ ਧਨਾਢ ਵਰਗ ਦੀ ਸਾਂਝੀ ਚਾਲ ਹੈ ਜਿਸ ਵਿੱਚ ਕਿਸਾਨ ਵਰਗ ਹਲਾਲ ਕੀਤਾ ਜਾਂਦਾ ਹੈ। ਅੱਜ ਪੰਜਾਬ ਦੇ ਇੱਕ ਕਰੋੜ  ਕਿਸਾਨਾਂ ਸਿਰ 63000 ਕਰੋੜ ਦਾ ਗਰੰਟੀ ਅਧਾਰਤ ਬੈਕਿੰਗ ਕਰਜਾ ਹੈ। 40000 ਕਰੋੜ ਦਾ ਛਿਮਾਹੀ ਜਾਂ ਸਲਾਨਾਂ ਲਿਮਟਾਂ ਅਧਾਰਤ ਕਰਜਾ ਹੈ। ਧਨਾਢਾ ਅਤੇ ਸੂਦਖੌਰ ਆੜਤੀਆਂ ਦੇ ਕਰਜਾ ਜੋ ਰਜਿਸਟਰਡ ਕਰਜਿਆਂ ਤੋਂ ਕਈ ਗੁਣਾਂ ਜਿਆਦਾ ਹੈ ਜਿਸ ਬਾਰੇ ਕਦੇ ਕੋਈ ਅੰਕੜੇ ਸਾਹਮਣੇ ਨਹੀਂ ਆਉਂਦੇ ਅਤੇ ਜੋ ਕਿ ਅਸਲ ਵਿੱਚ ਕਾਲੇ ਧਨ ਦਾ ਵਿਸਾਲ ਰੂਪ ਹੈ ਕਿਸਾਨਾਂ ਨੂੰ ਤਬਾਹ ਅਤੇ ਗੁਲਾਮ ਬਣਾਈ ਬੈਠਾ ਹੈ। ਸਰਕਾਰਾਂ ਨੂੰ ਇਸ ਕਾਲੇ ਧਨ ਵਾਲੇ ਨਿੱਜੀ ਸੂਦਖੋਰਾਂ ਦੇ ਕਰਜੇ ਤੋਂ ਕਿਸਾਨਾਂ ਦਾ ਖਹਿੜਾ ਛੁਡਾਉਣ ਲਈ ਅਦਾਲਤੀ ਕਾਰਵਾਈ ਰੋਕ ਦੇਣੀ ਚਾਹੀਦੀ ਹੈ ਸਗੋਂ ਇਸ ਤਰਾਂ ਦਾ ਕਰਜਾ ਦੇਣ ਵਾਲਿਆਂ ਦੀ ਸੰਪਤੀ ਜਬਤ ਕਰਨ ਦੀ ਕਾਰਵਾਈ ਕਰਨੀਂ ਚਾਹੀਦੀ ਹੈ। ਬਿਨਾਂ ਕਿਸੇ ਰਜਿਸਟਰਡ ਅਦਾਰੇ ਦੇ ਦਿੱਤਾ ਗਿਆ ਕਰਜਾ ਕਿਸੇ ਵੀ ਸੂਦਖੋਰ ਦਾ ਮੁਨਾਫਾ ਲਊ ਕਾਰੋਬਾਰ ਨਹੀਂ ਹੋਣਾਂ ਚਾਹੀਦਾ।
                   ਛੋਟੇ ਕਿਸਾਨਾਂ ਨੂੰ ਕਰਜਾ ਉਹਨਾਂ ਦੀ ਹੋਣ ਵਾਲੀ ਆਮਦਨ ਦੇ ਹਿਸਾਬ ਨਾਲ ਹੀ ਦਿੱਤਾ ਜਾਣਾਂ ਚਾਹੀਦਾ ਹੈ। ਕਿਸਾਨ ਦੇ ਕਰਜੇ ਦੀ ਕਿਸਤ ਉਸਦੀ ਹੋਣ ਵਾਲੀ ਸੁੱਧ ਆਮਦਨ ਦੇ ਦਸਵੇਂ ਹਿੱਸੇ ਤੋਂ ਜਿਆਦਾ ਨਹੀਂ ਹੋਣਾਂ ਚਾਹੀਦਾ। ਕਰਜਾ ਮੁਕਤ ਕਿਸਾਨ ਹੀ ਖੇਤੀਬਾੜੀ ਦੇ ਵਿਕਾਸ ਰਫਤਾਰ ਨੂੰ ਗਤੀ ਦੇ ਸਕਦਾ ਹੈ। ਕਰਜਾਈ ਕਿਸਾਨ ਕਦੇ ਵੀ ਵਧੀਆ ਖੇਤੀ ਉਤਪਾਦਨ ਨਹੀਂ ਕਰ ਸਕਦਾ। ਇਸ ਨਾਲ ਜਿੱਥੇ ਖੇਤੀ ਉਤਪਾਦਨ ਘੱਟ ਹੁੰਦਾਂ ਹੈ ੳਤੇ ਮਹਿੰਗਾਈ ਵੱਧਦੀ ਹੈ। ਸਰਕਾਰਾਂ ਨੂੰ ਖੇਤੀ ਲਈ ਮੁਨਾਫਾ ਅਧਾਰਤ ਬਨਾਉਣ ਵੱਲ ਪਹਿਲ ਕਰਨੀਂ ਚਾਹੀਦੀ ਹੈ ਜਿਸ ਨਾਲ ਕਿਸਾਨਾਂ ਨੂੰ ਸਬਸਿਡੀਆਂ ਦੇਣ ਦੀ ਲੋੜ ਹੀ ਨਾਂ ਰਹੇ। ਸਬਸਿਡੀ ਸਿਰਫ ਗਰੀਬ ਲੋਕਾਂ ਨੂੰ ਅਨਾਜ ਸਸਤਾ ਦੇਣ ਲਈ ਹੀ ਕਰਨੀਂ ਚਾਹੀਦੀ ਹੈ। ਬਿਨਾਂ ਕਿਸੇ ਹਿਸਾਬ ਕਿਤਾਬ ਦੇ ਕਿਸਾਨਾਂ ਨੂੰ ਅੰਨਾਂ ਕਰਜਾ ਦੇਣਾਂ ਇੱਕ ਮਿੱਠਾ ਜਹਿਰ ਹੀ ਸਿੱਧ ਹੁੰਦਾਂ ਹੈ ਜੋ ਕਿਸਾਨ ਅਤੇ ਖੇਤੀ ਨੂੰ ਤਬਾਹ ਕਰਨ ਵੱਲ ਹੀ ਲੈ ਜਾਂਦਾ ਹੈ। ਕਰਜਾ ਮੁਕਤ ਕਿਸਾਨ ਹੀ ਦੇਸ ਨੂੰ ਅੰਤਰਾਸਟਰੀ ਪੱਧਰ ਤੇ ਮਾਣ ਨਾਲ ਖੜਾ ਕਰ ਸਕਦਾ ਹੈ। ਕਿਸਾਨ ਦੀ ਖੇਤੀ ਯੋਗ ਜਮੀਨ ਤੇ ਕਰਜਾ ਦੇਣ ਦੀ ਹੱਦ ਉਸਤੋਂ ਹੋਣ ਵਾਲੀ ਆਮਦਨ ਦੇ ਹਿਸਾਬ ਨਾਲ ਮਿੱਥਿਆ ਜਾਣਾਂ ਸਮੇਂ ਦੀ ਲੋੜ ਹੈ। ਕਰਜਾ ਘੱਟ ਮਿਲਣ ਨਾਲ ਕਿਸਾਨ ਆਪਣੇ ਬੇਲੋੜੇ ਖਰਚਿਆਂ ਤੋਂ ਪਾਸਾ ਵੱਟਣ ਨੂੰ ਮਜਬੂਰ ਹੋ ਜਾਣਗੇ। ਬੇਲੋੜੇ ਖਰਚੇ ਵੀ ਕਿਸਾਨ ਉਸ ਵਕਤ ਹੀ ਚੁਕਦਾ ਹੈ ਜਦ ਉਸਨੂੰ ਬੇਲੋੜੇ ਅਤੇ ਬਿਨਾਂ ਕਿਸੇ ਹੱਦ ਦੇ ਕਰਜੇ ਦਿੱਤੇ ਜਾਦੇ ਹਨ। ਕਿਸਾਨ ਕੋਈ ਕਾਰਖਾਨੇਦਾਰਾਂ ਜਾਂ ਵਪਾਰੀਆਂ ਵਰਗਾ ਤਾਂ ਹੁੰਦਾਂ ਨਹੀਂ ਜਿੰਹਨਾਂ ਨੂੰ ਦਿਵਾਲੀਆਂ ਹੋਣ ਤੇ ਖਾਲੀ ਥਾਵਾਂ ਹੀ ਸਰਕਾਰ ਹਵਾਲੇ ਕਰਨੀਆਂ ਹੁੰਦੀਆਂ ਹਨ ਕਿਉਂਕਿ ਸਾਰਾ ਪੈਸਾ ਤਾਂ ਉਹ ਕਿੱਧਰੇ ਹੋਰ ਗੋਲਮਾਲ ਕਰ ਜਾਂਦੇ ਹਨ ਪਰ ਕਿਸਾਨਾਂ ਕੋਲ ਤਾਂ ਉਹਨਾਂ ਦੀ ਮਾਂ ਵਰਗੀ ਜਮੀਨ ਹੀ ਕਰਜਾ ਦੇਣ ਵਾਲੇ ਅਦਾਰਿਆਂ ਕੋਲ ਗਿਰਵੀ ਰੱਖੀ ਹੁੰਦੀ ਹੈ ਜੋ ਕੌਡੀਆਂ ਦੇ ਭਾਅ ਸਾਹੂਕਾਰਾਂ ਤੇ ਧਨਾਢਾ ਕੋਲ ਵਿੱਕ ਜਾਂਦੀ ਹੈ। ਆਧੁਨਿਕ ਸਿਆਣੇ ਅਖਵਾਉਂਦੇ ਯੁੱਗ ਵਿੱਚ ਕਿਸਾਨ ਨੂੰ ਰੱਬ ਆਸਰੇ ਦੀ ਥਾਂ ਸਰਕਾਰਾਂ ਦਾ ਆਸਰਾ ਵੀ ਲੋੜੀਦਾ ਹੈ ਜੋ ਕਿ ਸਹੀ ਸਰਕਾਰੀ ਨੀਤੀਆਂ ਦੀ ਬਦੌਲਤ ਹੀ ਸੰਭਵ ਹੈ। ਵਿਦੇਸਾਂ ਅੱਗੇ ਮੰਗਤੇ ਤੋਂ ਸਰਦਾਰ ਬਣਾ ਦੇਣ ਵਾਲੇ ਸਾਡੇ ਕਿਸਾਨ ਨੂੰ ਬਚਾਉਣਾਂ ਚਾਹੀਦਾ ਹੈ, ਰਾਜਨੀਤਕ ਆਗੂ ਕਿੱਧਰੇ ਦੁਬਾਰਾ ਵਿਦੇਸੀ ਸਰਕਾਰਾਂ ਅੱਗੇ ਮੰਗਤੇ ਨਾਂ ਬਨ ਜਾਣ ਵਾਰੇ ਸਾਡੀ ਰਾਜਨੀਤਕਾਂ ਦੀ ਸਲਾਹਕਾਰ ਬਾਬੂਸਾਹੀ ਨੂੰ ਵੀ ਜਰੂਰ ਜਾਗਣਾਂ ਚਾਹੀਦਾ ਹੈ ਅਤੇ ਕਿਸਾਨ ਪੱਖੀ ਨੀਤੀਆਂ ਬਨਾਉਣੀਆਂ ਚਾਹੀਦੀਆਂ ਹਨ।
ਗੁਰਚਰਨ ਸਿੰਘ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ                     

         

1947 ਨੂੰ ਅਜਾਦੀ ਮਿਲਣ ਸਮੇਂ ਮੇਰੇ ਪਿੰਡ ਦੇ ਚੰਗੇ ਮੰਦੇ ਲੋਕਾਂ ਦੇ ਕਾਰਨਾਮੇ

                                    
         ਹੱਲਿਆ ਵਾਲਾ ਸਾਲ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਦੇਸ ਦੀ ਅਜਾਦੀ ਦਾ ਸਾਲ ਪੰਜਾਬ ਅਤੇ ਭਾਰਤ ਦੇ ਕਾਲੇ ਇਤਿਹਾਸ ਦਾ ਗਵਾਹ ਹੈ। ਉਸ ਵਕਤ ਦੇ ਆਮ ਲੋਕ ਜੋ ਬਜੁਰਗ ਹੋ ਚੁੱਕੇ ਹਨ ਉਸ ਸਮੇਂ ਦੀਆਂ ਗੱਲਾਂ ਸੁਣਾਉਣ ਸਮੇਂ ਅੱਜ ਵੀ ਭਾਵੁਕ ਹੋ ਜਾਂਦੇ ਹਨ। ਉਸ ਕਾਲੇ ਸਮੇਂ ਵਿੱਚ ਜਿੰਹਨਾਂ ਘਰਾਂ ਦੇ ਬਜੁਰਗਾਂ ਨੇ ਕਹਿਰ ਢਾਏ ਸਨ ਉਹਨਾਂ ਦੇ ਵਾਰਸ ਅੱਜ ਵੀ ਆਪਣਾਂ ਮੂੰਹ ਲੁਕਾਉਣ ਦੀ ਕੋਸਿਸ ਕਰਦੇ ਹੋਏ ਬੇਸਰਮੀ ਦੀਆਂ ਘੁੱਟਾਂ ਭਰਦੇ ਦੇਖੇ ਜਾਂਦੇ ਹਨ। ਜਿੰਹਨਾਂ ਪਰੀਵਾਰਾਂ ਦੇ ਬਜੁਰਗਾਂ ਨੇ ਉਸ ਕਾਲੇ ਸਮੇਂ ਵਿੱਚ ਇਨਸਾਨੀਅਤ ਦਾ ਝੰਡਾ ਚੁੱਕੀ ਰੱਖਿਆ ਉਹਨਾਂ ਪਰੀਵਾਰਾਂ ਦੇ ਲੋਕ ਅੱਜ ਵੀ ਛਾਤੀ ਚੌੜੀ ਕਰਕੇ ਮਾਣ ਨਾਲ ਆਪਣੇ ਬਜੁਰਗਾਂ ਦੀਆਂ ਪਿਆਰ ਭਰੀਆਂ ਕਹਾਣੀਆਂ ਸੁਣਾਕਿ ਮਾਣ ਮਹਿਸੂਸ ਕਰਦੇ ਹਨ। ਮੇਰੇ ਪਿੰਡ ਦੇ ਜਿੰਹਨਾਂ ਪਰੀਵਾਰਾਂ ਨੇ ਉਸ ਵਕਤ ਨਿਤਾਣੇ ਲੋਕਾਂ ਦੀ ਰਾਖੀ ਕਰਨ ਦੀ ਕੋਸਿਸ ਕੀਤੀ ਸੀ ਅੱਜ ਕਲ ਉਹ ਬਹੁਤ ਵਧੀਆ ਹਾਲਤਾਂ ਵਿੱਚ ਇੱਜਤਦਾਰ ਬਣੇ ਹੋਏ ਹਨ ਪਰ ਉਸ ਸਮੇਂ ਦੇ ਮੇਰੇ ਪਿੰਡ ਦੇ ਕਈ ਤਕੜੇ ਅਮੀਰ ਪਰੀਵਾਰ ਜਿੰਹਨਾਂ ਮਾਸੂਮ ਲੋਕਾਂ ਦੇ ਕਤਲ ਅਤੇ ਲੁੱਟਾਂ ਖੋਹਾਂ ਕੀਤੀਆਂ ਸਨ ਅੱਜ ਕਲ ਤਰਸ ਯੋਗ ਦੁੱਖਾਂ ਵਿੱਚ ਘਿਰੇ ਹੋਏ ਦੇਖਦਾ ਹਾਂ। ਇਸ ਤਰਾਂ ਦੀਆਂ ਕੁੱਝ ਕਹਾਣੀਆਂ ਸੁਣਾਉਣ ਨੂੰ ਦਿਲ ਭਰ ਆਉਂਦਾਂ ਹੈ।
           ਮੇਰੇ ਪਿੰਡ ਦੇ ਉਸ ਵਕਤ ਦੇ ਇੱਕ ਗਰੀਬ ਮਜਹਬੀ ਪਰੀਵਾਰ ਬੰਤਾ ਸਿੰਘ ਦੇ ਬਜੁਰਗਾਂ ਨੇ ਕੋਈ ਪੱਚੀ ਤੀਹ ਮੁਸਲਮਾਨ ਵਿਅਕਤੀਆਂ ਨੂੰ ਆਪਣੇ ਘਰ ਪਨਾਹ ਦਿੱਤੀ ਸੀ। ਪਨਾਹਗੀਰਾਂ ਵਿੱਚੋਂ ਇੱਕ ਬਜੁਰਗ ਨੇ ਉਸ ਘਰ ਦੇ ਮੱਦਦਗਾਰਾਂ ਨੂੰ ਆਪਣੇ ਛੱਡ ਚੁੱਕੇ ਘਰ ਵਿੱਚ ਆਪਣੇ ਦੱਬੇ ਹੋਏ ਧਨ ਦੀ ਦੱਸ ਪਾਈ ਜੋ ਉਸ ਵੇਲੇ ਲਿਆਉਣਾਂ ਸੰਭਵ ਨਾਂ ਹੋ ਸਕੇ। ਕੁੱਝ ਦਿਨ ਛਿਪਣ ਗਾਹ ਛੱਡਣ ਸਮੇਂ ਮੱਦਦਗਾਰਾਂ ਦੇ ਪਰੀਵਾਰ ਨੂੰ ਛੱਡਣ ਸਮੇਂ ਉਹਨਾਂ ਉਹ ਧਨ ਉਸ ਗਰੀਬ ਪਰੀਵਾਰ ਨੂੰ ਕੱਢ ਲੈਣ ਦੀ ਬੇਨਤੀ ਕੀਤੀ ਜਿਸ ਨੂੰ ਗਰੀਬ ਪਰੀਵਾਰ ਨੇ ਮੁਫਤ ਵਿੱਚ ਮਿਲਣ ਵਾਲੇ ਪੈਸੇ ਨੂੰ ਕੱਢਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਪਨਾਹਗੀਰ ਪਰੀਵਾਰ ਨੇ ਉਹ ਪੈਸਾ ਕੱਢਕੇ ਉਹਨਾਂ ਦੇ ਘਰ ਕੋਲ ਬਣੇ ਹੋਏ ਗੁਰਦੁਆਰਾ ਸਾਹਿਬ ਨੂੰ ਦੇਣ ਦੀ ਬੇਨਤੀ ਕੀਤੀ ਜੋ ਉਸ ਪਰੀਵਾਰ ਨੇ ਮੰਜੂਰ ਕਰ ਲਈ। ਜਦ ਹਾਲਾਤ ਠੀਕ ਹੋਏ ਅਤੇ ਉੱਜੜੇ ਹੋਏ ਪਰੀਵਾਰ ਵਾਪਸ ਵੀ ਨਾਂ ਆਏ ਤਦ ਉਹਨਾਂ ਦੇ ਘਰੋਂ ਮਿਲਿਆ ਉਹ ਧਨ ਇਸ ਗਰੀਬ ਪਰੀਵਾਰ ਨੇ ਗੁਰਦੁਆਰਾ ਸਾਹਿਬ ਨੂੰ ਦੇਕੇ ਉਸਦਾ ਇੱਕ ਪੱਕਾ ਕਮਰਾ ਬਣਵਾਉਣ ਦੀ ਬੇਨਤੀ ਕੀਤੀ। ਕੱਚੀ ਇਮਾਰਤ ਵਾਲੇ ਗੁਰਦੁਆਰਾ ਸਾਹਿਬ ਦਾ ਪਹਿਲਾ ਪੱਕਾ ਹਾਲ ਕਮਰਾਂ ਉੱਜੜੇ ਹੋਏ ਮੁਸਲਮਾਨ ਪਰੀਵਾਰ ਦੇ ਪੈਸੇ ਨਾਲ ਬਣਾਇਆ ਗਿਆ ਅਤੇ ਇਹ ਛੋਟਾ ਗੁਰਦੁਵਾਰਾ ਸਾਹਿਬ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਰਿਹਾ ਸੀ ਜਿਸ ਨੂੰ ਅੱਜ ਕਲ ਨਵਾਂ ਗੁਰਦੁਆਰਾ ਸਾਹਿਬ ਦਾ ਨਾਂ ਦੇ ਦਿੱਤਾ ਗਿਆ। ਮੱਦਦਗਾਰ ਗਰੀਬ ਪਰੀਵਾਰ ਕਿਰਤ ਅਤੇ ਮਿਹਨਤੀ ਹੋਣ ਕਾਰਨ ਅੱਜ ਕਲ ਤੂੜੀ ਦਾ ਕਾਰੋਬਾਰ ਕਰਦਿਆਂ ਪੱਕੀਆਂ ਕੋਠੀਆਂ ਵਰਗੇ ਘਰ ਅਤੇ ਟਰੈਕਟਰਾਂ ਟਰਾਲੀਆਂ ਦਾ ਮਾਲਿਕ ਬਣਿਆ ਹੋਇਆ ਹੈ।
                         ਇਸ ਤਰਾਂ ਦਾ ਹੀ ਕਾਰਨਾਮਾ ਮੇਰੀ ਕੌੜੀ ਬੁੜੀ ਦੇ ਨਾਂ ਨਾਲ ਮਸਹੂਰ ਪਤੀ ਵਿਹੂਣੀ ਦਾਦੀ ਨੇ ਕੀਤਾ ਸੀ ਜਿਸਨੇ ਵੀ ਕਈ ਮੁਸਲਮਾਨ ਪਰੀਵਾਰਾਂ ਦੇ   ਇਸਤਰੀਆਂ ਮਰਦਾਂ ਨੂੰ ਪਨਾਹ ਦਿੱਤੀ। ਮੇਰੀ ਦਾਦੀ ਦੇ ਪੰਜ ਛੋਟੀ ਉਮਰ ਦੇ ਪੁੱਤਰ ਅਤੇ ਤਿੰਨ ਧੀਆਂ ਸਨ ਗਰੀਬੀ ਵਾਲੀ ਹਾਲਤ ਵਿੱਚ ਬਿਨਾਂ ਪਤੀ ਦੇ ਉਸ ਸਮੇਂ ਦੀਆਂ ਔਖੀਆਂ ਹਾਲਤਾਂ ਵਿੱਚ ਹੋਣ ਦੇ ਬਾਵਜੂਦ ਨਿਤਾਣੇ ਲੋਕਾਂ ਦਾ ਤਾਣ ਬਣਨ ਦੀ ਜੁਰਅਤ ਦਿਖਾਉਣ ਦੀ ਦਲੇਰੀ ਕਰਨ ਵਾਲੀ ਉਹ ਜਰੂਰ ਹੀ ਕੋਈ ਰੱਬੀ ਰੂਹ ਸੀ। ਦਿਉਰ ਜੇਠ ਲੱਗਦੇ ਡਰਪੋਕ ਮਰਦਾਂ ਵੱਲੋਂ ਉਸਨੂੰ ਡਰਾਇਆ ਵੀ ਗਿਆ ਕਿ ਤੂੰ ਤੀਵੀ ਜਾਤ ਆਪਦਾ ਘਰ ਨਾਂ ਬਰਬਾਦ ਕਰਵਾ ਲਵੀਂ ਪਰ ਉਸਨੇ ਦਲੇਰੀ ਨਾਲ ਸਭ ਨੂੰ ਜਵਾਬ ਦੇਕੇ ਚੁੱਪ ਕਰਵਾ ਦਿੱਤਾ। ਜਦ ਕੁੱਝ ਦਿਨਾਂ ਬਾਅਦ ਇੱਕ ਰਾਤ ਨੂੰ ਮੁਸਲਮਾਨ ਪਨਾਹਗੀਰਾਂ ਨੇ ਪਾਕਿਸਤਾਨ ਜਾਣ ਨੂੰ ਚਾਲੇ ਪਾਏ ਤਾਂ ਉਸ ਵਕਤ ਉਹਨਾਂ ਵਿੱਚੋਂ ਇੱਕ ਇਸਤਰੀ ਨੇ ਆਪਣੀ ਧੀ ਮੇਰੀ ਦਾਦੀ ਨੂੰ ਆਪਣੇ ਪੁੱਤਰ ਦੇ ਨਾਲ ਵਿਆਹੁਣ ਦੀ ਪੇਸਕਸ ਕੀਤੀ । ਉਹਨਾਂ ਵਕਤਾਂ ਵਿੱਚ ਬਹੁਤ ਸਾਰੇ ਵਿਆਹ ਇਸ ਤਰਾਂ ਹੀ ਕਰ ਲਏ ਜਾਂਦੇ ਸਨ ਕਿਉਕਿ ਗਰੀਬੀ ਦੀਆਂ ਹਾਲਤਾਂ ਵਿੱਚ ਰਹਿੰਦੇ ਲੋਕ ਆਪਣੀ ਨਿਉਂ ਜੜ ਰੱਖਣ ਲਈ ਇਸ ਤਰਾਂ ਦੇ ਵਿਆਹ ਕਰਵਾ ਲੈਂਦੇ ਸਨ ਪਰ ਮੇਰੀ ਦਾਦੀ ਨੇ ਕਿਸੇ ਦੀ ਮਜਬੂਰੀ ਦਾ ਫਾਇਦਾ ਉਠਾਕੇ ਆਪਣੇ ਪੁੱਤ ਵਿਆਹੁਣ ਦੇ ਲਈ ਇਸ ਨੂੰ ਪਾਪ ਕਰਨਾਂ ਮੰਨਿਆਂ ਅਤੇ ਕਿਹਾ ਕਿ ਮੈਂ ਇਸ ਤਰਾਂ ਦਾ ਪਾਪ ਨਹੀਂ ਕਰਾਂਗੀ। ਮੇਰੇ ਪਰੀਵਾਰ ਦੇ ਵਿੱਚ ਅੱਜਕਲ ਉਹਾਂ ਸਮਿਆ ਤੋਂ ਬਾਅਦ ਗਰੀਬੀ ਤੋਂ ਅਮੀਰੀ ਵਰਗੀ ਪਿੰਡਾਂ ਵਾਲੀ ਹੈਸੀਅਤ ਵਿੱਚ ਆਉਣ ਦਾ ਸਫਰ ਤੈਅ ਕੀਤਾ ਹੈ। ਸਾੲਦ ਜਦ ਮਨੁੱਖ ਦਾ ਆਚਰਣ ਦੀਨ ਅਤੇ ਦਇਆ ਰੂਪੀ ਧਰਮ ਤੇ ਪਹਿਰਾ ਦਿੰਦਾਂ ਹੈ ਇੱਕ ਨਾਂ ਇੱਕ ਦਿਨ ਜਰੂਰ ਹੀ ਖੁਸੀਆਂ ਉਸਦੇ ਦਰ ਤੇ ਖੜੀਆਂ ਹੋ ਜਾਂਦੀਆਂ ਹਨ।
                          ਦੂਸਰੇ ਪਾਸੇ ਉਹ ਲੋਕ ਵੀ ਸਨ ਜਿੰਹਨਾਂ ਅਮੀਰੀ ਹੰਢਾਉਦਿਆਂ ਅਤੇ ਤਾਕਤ ਵਰ ਹੋਣ ਦੇ ਬਾਵਜੂਦ ਲੁੱਟਾਂ ਖੋਹਾਂ, ਉਧਾਲੇ, ਕਤਲਾਂ ਵਿੱਚ ਹਿੱਸਾ ਲੈਕੇ ਪਾਪ ਕਰਮ ਕੀਤੇ ਸਨ ਉਹਨਾਂ ਵਿੱਚੋਂ ਬਹੁਤਿਆਂ ਦੇ ਸਮੇਂ ਨਾਲ ਮੰਦੇ ਹਾਲ ਦੇਖਕੇ ਉਹਨਾਂ ਦੇ ਪਾਪ ਕਰਮ ਦਾ ਫਲ ਮਿਲਣ ਵਰਗੀ ਗੱਲ ਤੇ ਯਕੀਨ ਕਰਨ ਨੂੰ ਮਜਬੂਰ ਹੋ ਜਾਈਦਾ ਹੈ। ਵਰਤਮਾਨ ਸਮੇਂ ਬਰਬਾਦ ਹੋ ਚੁੱਕੇ ਇੱਕ ਪਰੀਵਾਰ ਦੇ ਬਜੁਰਗਾਂ ਬਾਰੇ ਦੱਸਦਿਆਂ ਮੇਰੇ ਪਿੰਡ ਦੇ ਬਾਵਾ ਸਿੰਘ ਦੱਸਦੇ ਹਨ ਕਿ ਇੱਕ ਬਾਹਰਲੇ ਕਿਸੇ ਪਿੰਡ ਦੇ ਜਥੇਦਾਰ ਦੀ ਅਗਵਾਈ ਵਿੱਚ ਇਹ ਪਰੀਵਾਰ ਅਤੇ ਕਾਤਲ ਟੋਲਾਂ ਸਾਡੇ ਘਰ ਲੁਕੋਏ ਹੋਏ ਪਨਾਹਗੀਰਾਂ ਨੂੰ ਮਾਰਨ ਆਇਆਂ ਤਦ ਮੇਰੀ ਮਾਂ ਨੇ ਉਹਨਾਂ ਦੇ ਆਗੂ ਨੂੰ ਅੰਦਰ ਬੁਲਾਇਆਂ ਜੋ ਘੋੜੇ ਤੇ ਅਸਵਾਰ ਹੋਕੇ ਅਗਵਾਈ ਕਰ ਰਿਹਾ ਸੀ। ਮੇਰੀ ਮਾਂ ਨੇ ਆਪਣੇ ਘਰ ਵਿੱਚ ਜਮੀਨ ਥੱਲੇ ਦਬਾਕੇ ਰੱਖੇ ਹੋਏ ਪੱਚੀ ਚਾਂਦੀ ਦੇ ਰੁਪਈਏ ਉਸ ਜਥੇਦਾਰ ਨੂੰ ਰਿਸਵਤ ਦਿੱਤੀ  ਮੁਸਲਮਾਨਾਂ ਨੂੰ ਨਾਂ ਮਾਰਨ ਦੀ ਸਰਤ ਤੇ। ਉਹ ਜਥੇਦਾਰ ਉਹ ਚਾਂਦੀ ਦੇ ਰੁਪਈਏ ਬੋਝੇ ਪਾਕੇ ਆਪਣੇ ਜਥੇ ਨੂੰ ਇਹ ਕਹਿਕੇ ਲੈਗਿਆਂ ਕਿ ਇਸ ਘਰ ਵਿੱਚ ਤਾਂ ਕੋਈ ਮੁਸਲਮਾਨ ਨਹੀਂ ਹੈ। ਬਾਅਦ ਵਿੱਚ ਭਾਵੇਂ ਇਹੀ ਜਥੇਦਾਰ ਸਰੋਮਣੀ ਕਮੇਟੀ ਦਾ ਮੈਂਬਰ ਵੀ ਬਣ ਗਿਆਂ ਸੀ ਅਤੇ ਇਸਦੇ ਕੋਈ ਔਲਾਦ ਨਹੀਂ ਹੋਈ ਸੀ। ਇਨਸਾਨੀਅਤ ਦਾ ਸਬੂਤ ਦੇਣ ਵਾਲੇ ਉਸ ਪਰੀਵਾਰ ਦੇ ਵਰਤਮਾਨ ਬਜੁਰਗ ਮੇਰੇ ਪਿੰਡ ਦੇ ਲੋਕਾਂ ਲਈ ਅੱਜ ਵੀ ਸਤਿਕਾਰ ਦੇ ਪਾਤਰ ਬਣੇ ਹੋਏ ਹਨ। ਇਸ ਤਰਾਂ ਹੀ ਇੱਕ ਪਰੀਵਾਰ ਦੇ ਸਮਾਜ ਸੇਵੀ ਬੰਦੇ ਦੇ ਅੰਤਲੇ ਸਮੇਂ ਦੇ ਦੁੱਖ ਭਰੇ ਤਰਸਯੋਗ ਹਾਲਤਾਂ ਦੀ ਗੱਲ ਇੱਕ ਬਜੁਰਗ ਕੋਲ ਕੀਤੀ ਕਿ ਇਸ ਚੰਗੇ ਵਿਅਕਤੀ ਦੇ ਨਾਲ ਇਹ ਕਿਉਂ ਹੋ ਰਿਹਾ ਹੈ ਤਦ ਉਸਨੇ ਦੱਸਿਆਂ ਕਿ ਹੱਲੇਆਂ ਵਾਲੇ ਸਾਲ ਇਸਦੇ ਬਾਪ ਨੇ ਖੇਤਾਂ ਵਿੱਚੋਂ ਨਿੱਕਲ ਕੇ ਭੱਜ ਰਹੇ ਬੱਚੇ ਨੂੰ ਸਾਡੇ ਪਰੀਵਾਰ ਦੀਆਂ ਬਜੁਰਗ ਔਰਤਾਂ ਦੇ ਦੇਖਦਿਆਂ ਅਤੇ ਇਹ ਕਹਿੰਦਿਆਂ ਵੇ ਨਾਂ ਮਾਰ,  ਵੇ  ਨਾਂ ਮਾਰ , ਉਸ ਬੱਚੇ ਦੇ ਸਿਰ ਵਿੱਚ ਕੁਹਾੜੀ ਮਾਰਕੇ ਸਿਰ ਦੋਫਾੜ ਕਰ ਦਿੱਤਾ ਸੀ ਅਤੇ ਸਾਇਦ ਇਹ ਉਸਦੇ ਬਾਪ ਦਾ ਪਾਪ ਹੈ ਜੋ ਉਸਦੇ ਪੁੱਤਰ ਦੀ ਵੀ ਅਤਿ ਤਰਸਯੋਗ ਹਾਲਤ ਵਿੱਚ ਮੌਤ ਹੋ ਰਹੀ ਹੈ। ਇਹੋ ਜਿਹੀਆਂ ਦੁੱਖ ਭਰੀਆਂ ਕਹਾਣੀਆਂ ਦੀ ਦਾਸਤਾਨ ਲਿਖਦਿਆਂ ਮੇਰੇ ਦੇਸ ਦੀ ਅਜਾਦੀ ਦਾ ਜਸਨ ਬਹੁਤ ਸਾਰੇ ਲੋਕਾਂ ਲਈ ਕੌੜੀਆਂ ਯਾਦਾਂ ਨੂੰ ਚੇਤੇ ਕਰਨ ਦਾ ਸਬੱਬ ਵੀ ਹੋ ਨਿਬੜਦਾ ਹੈ। ਮਾਨਵਤਾ ਦਾ ਝੰਡਾਂ ਅੱਜ ਵੀ ਇਨਸਾਨ ਦੀ ਇਨਸਾਨੀਅਤ ਨੂੰ ਪੁਕਾਰਦਾ ਹੈ ਕਿ ਉਹ ਕਦੇ ਵੀ ਦਇਆ ਰੂਪੀ ਧਰਮ ਦਾ ਖਹਿੜਾ ਨਾਂ ਛੱਡੇ।
ਗੁਰਚਰਨ ਸਿੰਘ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ                     

Wednesday, 2 September 2015

ਮੁੱਦਾ ਰਹਿਤ ਰਾਜਨੀਤੀ ਪੰਜਾਬ ਦੀ ਤਬਾਹੀ ਦੇ ਸੰਕੇਤ

                                            
         ਇਸ ਸਮੇਂ ਜਦ ਪੰਜਾਬ ਕਰਜੇ ਅਤੇ ਸਬਸਿਡੀਆਂ ਦੇ ਮੱਕੜਜਾਲ ਵਿੱਚ ਉਲਝਿਆ ਹੋਇਆ ਹੈ ਪਰ ਪੰਜਾਬ ਦੇ ਸਾਰੇ ਰਾਜਨੀਤਕ ਆਗੂ ਡਰਾਮੇਬਾਜੀ ਵਾਲੀ ਸਿਆਸਤ ਕਰ ਰਹੇ ਹਨ। ਕਿਸੇ ਵੀ ਪਾਰਟੀ ਦਾ ਆਗੂ ਪੰਜਾਬ ਦੇ ਰੋਗਾਂ ਦੀ ਜੜ ਵੱਲ ਕੋਈ ਵੀ ਗੱਲ ਨਹੀਂ ਕਰ ਰਿਹਾ।  ਰਾਜ ਕਰਦੀ ਪਾਰਟੀ ਅਕਾਲੀ ਦਲ ਦੇ ਆਗੂ ਤਾਂ ਕਾਰਪੋਰੇਟ ਘਰਾਣਿਆਂ ਦੀਆਂ ਅੰਨੀ ਲੁੱਟ ਦੀਆਂ ਦੁਕਾਨਾਂ ਦੁਆਰਾ ਖੜੇ ਕੀਤੇ ਲੁੱਟ ਦੇ ਅੱਡਿਆਂ ਨੂੰ ਹੀ ਵਿਕਾਸ ਵਿਕਾਸ ਕਰਕੇ ਗੁੰਮਰਾਹ ਕਰਨ ਤੇ ਜੋਰ ਲਗਾਈ ਜਾ ਰਹੇ ਹਨ । ਪੰਜਾਬ ਦੀ ਪਬਲਿਕ ਟਰਾਂਸਪੋਰਟ ਦੀ ਥਾਂ ਪਰਾਈਵੇਟ ਅਤੇ ਨਿੱਜੀ ਘਰਾਣਿਆਂ ਦੀ ਸਰਵਿਸ ਦੀਆਂ ਬੱਸਾ ਦੀਆਂ ਮਸਹੂਰੀਆਂ ਕਰਕੇ ਸਾਰੀ ਜਾ ਰਹੇ ਹਨ।। ਬਿਜਲੀ ਪੈਦਾ ਕਰਨ ਵਾਲੇ ਪਰਾਈਵੇਟ ਘਰਾਣਿਆਂ ਦੇ ਥਰਮਲ ਵਿੱਚੋਂ ਪੈਦਾ ਹੋਣ ਵਾਲੀ ਬਿਜਲੀ ਨੇ ਇੱਕ ਦਿਨ ਸਰਕਾਰਾਂ ਦੀ ਸਹਿ ਤੇ ਆਮ ਲੋਕਾਂ ਦੇ ਗਲ ਗੂਠਾ ਦੇਣਾਂ ਹੀ ਦੇਣਾਂ ਹੈ। ਕੰਪਨੀਆਂ ਦੇ ਬਣਾਏ ਹਸਪਤਾਲ ਅਤੇ ਮਾਲ ਦੇ ਉਦਘਾਟਨ ਕਰਕੇ ਲੋਕ ਭਲਾਈ ਦੇ ਦਾਅਵੇ ਠੋਕੀ ਜਾ ਰਹੇ ਹਨ ਜਦੋਂਕਿ ਆਮ ਲੋਕ ਤਾਂ ਸਹਿਰ ਦੇ ਡਾਕਟਰਾਂ ਤੱਕ ਪਹੁੰਚਣ ਸਮੇਂ ਵੀ ਕਬੂਤਰ ਦੇ ਬਿੱਲੀ ਅੱਗੇ ਡਰਨ ਵਾਂਗ ਡਰ ਜਾਂਦੇ ਹਨ। ਆਮ ਲੋਕਾਂ ਦਾ ਇੱਕ ਹੱਥ ਆਪਣੀ ਜੇਬ ਨੂੰ ਫਰੋਲ ਫਰੋਲ ਦੇਖਦਾ ਹੈ ਦੂਸਰੇ ਪਾਸੇ ਕੰਨ ਡਾਕਟਰ ਦੇ ਬਿੱਲ ਨੂੰ ਸੁਣਨ ਤੋਂ ਝਿਜਕਣ ਲੱਗਦੇ ਹਨ। ਵੱਡੇ ਵੱਡੇ ਹਸਪਤਾਲਾਂ ਵਿੱਚ ਜਾਣ ਸਮੇਂ ਤਾਂ ਮਿੱਡਲ ਕਲਾਸ ਦੀ ਵੀ ਬੇਬਸੀ ਦਿਸਣ ਲੱਗ ਜਾਂਦੀ ਹੈ। ਹਾਂ ਅਮੀਰ ਲੋਕਾਂ ਦਾ ਜਰੂਰ ਉੱਥੇ ਇਲਾਜ ਹੋ ਜਾਂਦਾ ਹੈ ਅਤੇ ਸਟੇਟਸ ਬਣ ਜਾਂਦਾ ਹੈ।
                     ਪੰਜਾਬ ਦੀ ਮੁੱਖ ਆਪੋਜੀਸਨ ਪਾਰਟੀ ਕਾਂਗਰਸ ਦੇ ਆਗੂ ਆਪੋ ਆਪਣੇ ਵਿੱਚ ਝਗੜ ਕੇ ਹੀ ਇਨਕਲਾਬ ਦੇ ਦਮਗਜੇ ਮਾਰੀ ਜਾ ਰਹੇ ਹਨ। ਸਰਕਾਰ ਬਨਾਉਣ ਦੇ ਸਮੇਂ ਤੋਂ ਪਹਿਲਾਂ ਹੀ ਇਸਦੇ ਆਗੂ ਆਪਣਿਆਂ ਨੂੰ ਹੀ ਹਰਾਉਣ ਦੀਆਂ ਸਕੀਮਾਂ ਬਣਾ ਰਹੇ ਹਨ। ਜਿੰਹਨਾਂ ਆਗੂਆਂ ਦੀ ਸਹਾਇਤਾ ਨਾਲ ਸਰਕਾਰ ਬਣਨੀ ਹੈ ਉਹਨਾਂ ਨੂੰ ਹੀ ਹਰਾ ਕੇ ਸਰਕਾਰਾਂ ਬਨਾਉਣ ਦੇ ਦਮਗਜੇ ਮਾਰਨ ਵਾਲੇ ਆਮ ਲੋਕਾਂ ਦੇ ਕਿੰਨੇ ਕੁ ਹਤਾਇਸੀ ਹੋ ਸਕਦੇ ਹਨ ਸਮਝਿਆ ਜਾ ਸਕਦਾ ਹੈ। ਆਮ ਲੋਕਾਂ ਦੇ ਵਿੱਚ ਜਾਣ ਤੋਂ ਕੰਨੀਂ ਕਤਰਾਉਂਦੇ ਨੇਤਾ ਲੋਕ ਆਮ ਲੋਕਾਂ ਦੀ ਲੋੜਾਂ ਦੀ ਖੁਰਕ ਆਪਣੇ ਪਿੰਡੇ ਦੇ ਨੇੜੇ ਵੀ ਨਹੀਂ ਜਾਣ ਦੇਣਾਂ ਚਾਹੁੰਦੇ। ਇਸ ਪਾਰਟੀ ਦੇ ਆਗੂ ਸਤਹੀ ਦਮਗਜੇ ਮਾਰਕੇ ਉਹੀ ਪੁਰਾਣੀ ਨੀਤੀ ਵਰਤ ਰਹੇ ਹਨ ਜਿਸ ਤਰਾਂ ਪਹਿਲਾਂ ਵੀ ਦੋ ਵਾਰ ਵਰਤਕੇ ਚੋਣਾਂ ਹਾਰ ਚੁੱਕੇ ਹਨ। ਪੰਜਾਬ ਦੀ ਆਰਥਿਕ ਹਾਲਾਤ ਨੂੰ ਬਦਲਣ ਦੀ ਇੱਛਾ ਰਹਿਤ ਰਾਜਨੀਤੀ ਪੰਜਾਬ ਦੀ ਤਬਾਹੀ ਦੇ ਸੰਕੇਤ ਹੀ ਹਨ।
                                ਪੰਜਾਬ ਦੀ ਨਵੀ ਉਭਰੀ ਧਿਰ ਦੇ ਆਗੂ ਰਾਜਨੀਤੀ ਦਾ ਗੰਦ ਸਾਫ ਕਰਨ ਦੇ ਦਾਅਵਿਆਂ ਨਾਲ ਆਏ ਜਰੂਰ ਹਨ ਪਰ ਸਭ ਤੋਂ ਪਹਿਲਾਂ ਆਪ ਦੀ ਹੀ ਪਾਰਟੀ ਦੇ ਇਮਾਨਦਾਰ ਆਗੂਆਂ ਨੂੰ ਇਮਾਨਦਾਰੀ ਨਾਲ ਸਾਫ ਕਰਨ ਲੱਗੇ ਹੋਏ ਹਨ। ਬਿਨਾਂ ਕਿਸੇ ਸਿਆਣੇ ਆਗੂ ਦੇ ਤਮਾਸਬੀਨ ਚਮਚਾ ਕਿਸਮ ਦੇ ਆਗੂਆਂ ਦੀ ਫੌਜ ਖੜੀ ਕਰਕੇ ਲਹਿਰ ਦੇ ਸਹਾਰੇ ਜਿੱਤਣ ਦੀਆਂ ਆਸਾਂ ਦੇ ਨਾਲ ਦਿੱਲੀ ਦੇ ਚਲਾਕ ਸ਼ਾਤਰ ਲੋਕ ਪੰਜਾਬ ਨੂੰ ਨਿਗਲਣ ਦੀਆਂ ਕੋਸਿਸਾਂ ਪੂਰੇ ਜੋਰ ਸੋਰ ਨਾਲ ਕਰ ਰਹੇ ਹਨ। ਇਸ ਪਾਰਟੀ ਦੇ ਆਗੂ ਵਿਰੋਧੀਆਂ ਬਾਰੇ ਚੁਟਕਲੇ ਸੁਣਾਕਿ ਬਿਨਾਂ ਕਿਸੇ ਵਾਅਦਿਆਂ ਦੇ ਕੀ ਗੁਲ ਖਿਲਾਉਣਗੇ ਵਕਤ ਦੇ ਨਾਲ ਨੰਗਾਂ ਹੋ ਹੀ ਜਾਊਗਾ। ਧਰਮ ਗਰੰਥਾਂ ਦੇ ਮੂਹਰੇ ਖਾਧੀਆਂ ਕਸਮਾਂ ਤੋੜਨ ਵਾਲਿਆਂ ਤੋਂ ਆਸ ਰੱਖਣ ਵਾਲੇ ਕਿੱਡੀ ਵੱਡੀ ਗਲਤੀ ਕਰ ਰਹੇ ਹਨ ਸਮਝਕੇ ਵੀ ਕੰਬਣੀ ਛਿੜਦੀ ਹੈ।
                             ਸੱਤਰ ਹਜਾਰ ਕਰੋੜ ਦੀ ਆਮਦਨ ਨਾਲ ਗੁਜਾਰਾ ਕਰਨ ਵਾਲੇ ਦੋ ਕਰੋੜ ਆਮ ਪੰਜਾਬੀ 35000 ਕਰੋੜ ਰੁਪਏ ਸਰਕਾਰ ਦੇ ਖਜਾਨੇ ਵਿੱਚ ਟੈਕਸ ਦੇਕੇ ਆਪਣੀ ਵੱਟਤ ਵਿੱਚੋਂ ਜੂਨ ਗੁਜਾਰੇ ਜੋਗੇ ਪੈਸੇ ਵੀ ਪੱਲੇ ਨਹੀਂ ਰੱਖ ਸਕਦੇ। ਸਰਕਾਰਾਂ ਅਤੇ ਆਮ ਲੋਕ ਕਰਜਿਆਂ ਦੇ ਹੜ ਵਿੱਚ ਰੁੜੀ ਜਾ ਰਹੇ ਹਨ। ਬੇਕਿਰਕ ਰਾਜਨੀਤਕਾਂ ਦੀਆਂ ਸਰਕਾਰਾਂ ਆਮ ਪੰਜਾਬੀਆਂ ਦੀ ਆਮਦਨ ਦੀ ਬਜਾਇ ਕੁੱਲ    ਵੱਟਤ ਜਾਂ ਉਤਪਾਦਨ ਵਿੱਚੋਂ ਹੀ ਅੱਧਾ ਰੁਪਇਆ ਸਰਕਾਰੀ ਖਜਾਨੇ ਵਿੱਚ ਲੈ ਜਾਂਦੇ ਹਨ। ਦੋ ਕਰੋੜ ਲੋਕਾਂ ਕੋਲ 20000 ਕਰੋੜ ਰੁਪਏ ਵੀ ਮੁਸਕਲ ਨਾਲ ਹੱਥ ਆਉਂਦੇ ਹਨ ਜਿਸਦਾ ਭਾਵ ਹੈ ਕਿ ਇੱਕ ਪੰਜਾਬੀ ਸਾਲ ਵਿੱਚ ਦਸ ਹਜਾਰ ਰੁਪਏ ਵੀ ਮੁਸਕਲ ਨਾਲ ਖਰਚਦਾ ਹੈ। ਇਸ ਤਰਾਂ ਅਮੀਰ ਸਟੇਟ ਦਾ ਦਰਜਾ ਪਰਾਪਤ ਸਟੇਟ ਪੰਜਾਬ ਦੇ ਸੱਤਰ ਪ੍ਰਤੀਸ਼ਤ ਲੋਕ 30 ਰੁਪਏ ਵੀ ਰੋਜਾਨਾਂ ਨਹੀਂ ਖਰਚਦੇ। ਪੌਣੇ ਤਿੰਨ ਕਰੋੜ ਪੰਜਾਬੀਆਂ ਵਿੱਚੋਂ ਸਿਰਫ 75 ਲੱਖ ਲੋਕ ਜਰੂਰ ਐਸ ਪਰਸਤੀ ਦੀ ਜਿੰਦਗੀ ਗੁਜਾਰਦੇ ਹਨ ਜਿੰਹਨਾਂ ਵਿੱਚ ਵਪਾਰੀ, ਮੁਲਾਜਮ, ਕਾਰਖਾਨੇਦਾਰ,ਮੁਲਾਜਮ ਵਰਗ, ਲੁਟੇਰੇ ਧਾਰਮਿਕ ਪਖੰਡੀ ਆਗੂ ਸਾਮਲ ਹਨ ਜਿੰਹਨਾਂ ਨੂੰ ਸਰਕਾਰੀ ਸਰਪਰਸਤੀ ਹਾਸਲ ਹੈ। ਆਮ ਲੋਕਾਂ ਦੇ ਦੁੱਖ ਦਰਦ ਸਮਝਣ ਵਾਲਾ ਕੋਈ ਵੀ ਆਗੂ ਹਾਲੇ ਤੱਕ ਦਿਖਾਈ ਨਹੀਂ ਦਿੰਦਾਂ ਜਿਸ ਤੋਂ ਆਮ ਲੋਕਾਂ ਦੇ ਭਲੇ ਦੀ ਆਸ ਕੀਤੀ ਜਾ ਸਕਦੀ ਹੈ। ਪੰਜਾਬ ਦੇ ਆਮ ਲੋਕਾਂ ਨੂੰ ਹਾਲੇ ਹੋਰ ਉਡੀਕ ਕਰਨੀਂ ਪਵੇਗੀ ਤਦ ਤੱਕ ਡਰਾਮੇਬਾਜ, ਧੌਖੇਬਾਜ , ਭਰਿੱਸਟ ਅਤੇ ਭੰਢ ਕਿਸਮ ਦੇ ਰਾਜਨੀਤਕਾਂ ਨੂੰ ਹੀ ਸਿਰ ਝੁਕਾਉਣਾਂ ਸਿੱਖ ਲੈਣਾਂ ਚਾਹੀਦਾ ਹੈ।
ਗੁਰਚਰਨ ਸਿੰਘ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ