Saturday, 9 April 2011

ਅੰਨਾਂ ਹਜਾਰੇ ਦੀ ਜਿੱਤ ਦਾ ਪੰਜਾਬੀਆਂ ਨੂੰ ਸੰਦੇਸ ।

ਅੰਨਾਂ ਹਜਾਰੇ ਦੀ ਜਿੱਤ  ਦਾ ਪੰਜਾਬੀਆਂ ਨੂੰ ਸੰਦੇਸ ।       ਗੁਰਚਰਨ ਪੱਖੋਕਲਾਂ
ਭਾਰਤੀ ਲੋਕਤੰਤਰ ਦਾ ਚੇਹਰੇ ਉਪਰ ਭ੍ਰਿਸਟ ਨੇਤਾਵਾਂ ਨੇ ਇੰਨੇ ਦਾਗ ਪਾ ਦਿੱਤੇ ਹਨ ਕਿ ਇਸਦਾ ਚਿਹਰਾ ਹੀ ਬੇਪਛਾਣ ਕਰ ਦਿੱਤਾ ਹੈ। ਲੋਕਾਂ ਦੁਆਰਾ ਲੋਕਾਂ ਲਈ ਬਣਿਆ ਲੋਕਤੰਤਰ ਲੋਕਾਂ ਨੂੰ ਲੁੱਟਣ ਦਾ ਹਥਿਆਰ ਬਣ ਗਿਆ ਹੈ। ਆਮ ਲੋਕਾਂ ਦੀ ਅਵਾਜ ਅੰਨਾਂ ਹਜਾਰੇ ਦੇ ਰੂਪ ਵਿੱਚ ਭ੍ਰਿਸਟ ਨੇਤਾਵਾਂ ਦੇ ਲਈ ਇੱਕ ਚੇਤਾਵਨੀ ਹੈ ਕਿ ਜੇ ਉਹਨਾਂ ਵਿੱਚ ਮਾੜੀ ਮੋਟੀ ਵੀ ਅਕਲ ਬਚੀ ਹੈ ਤਾਂ ਉਹ ਆਪਣੇ ਆਪ ਨੂੰ ਬਦਲ ਲੈਣ ਨਹੀਂ ਤਾਂ ਪਿਆਰਾ ਭਾਰਤ ਬਗਾਵਤ ਦੇ ਮੂੰਹ ਉਪਰ ਖੜਾ ਹੈ। ਭ੍ਰਿਸਟਤਾ ਨੂੰ ਜਿਸ ਤਰਾਂ ਸਰਕਾਰੀ ਪੁਸਤ ਪਨਾਹੀ ਹਾਸਲ ਹੋ ਚੁੱਕੀ ਹੈ ਦੇ ਕਾਰਣ ਆਮ ਕਿਰਤੀ ਮਨੁੱਖ ਦਾ ਜਿਉਣਾਂ ਮੁਹਾਲ ਹੋ ਗਿਆ ਹੈ।ਕੁੱਝ ਕਰੋੜਾਂ ਬਦਲੇ ਜਿਸ ਤਰਾਂ ਦੇਸ ਦੀਆਂ ਜਾਇਦਾਦਾਂ  ਨੂੰ ਲੁਟੇਰਿਆਂ ਦੇ ਹੱਥ ਦਿੱਤਾ ਜਾ ਰਿਹਾ ਹੈ ਅਤਿ ਸਰਮਨਾਕ ਹੈ। ਦੇਸ ਦੀਆਂ ਸੜਕਾਂ ,ਪੁਲਾਂ ,ਫੈਕਟਰੀਆਂ ਨੂੰ ਰਾਜਨੇਤਾ ਅੱਪਣੇ ਚਹੇਤਿਆਂ ਨੂੰ ਮਾਲਕ ਬਣਾਈ ਜਾ ਰਹੇ ਹਨ। ਅਸੰਖ ਕੀਮਤ ਦੀ ਜਾਇਦਾਦ ਨੂੰ ਬਿਨਾਂ ਕਿਸੇ ਘਾਟੇ ਵਾਧੇ ਦੇ ਸਾਲਾਂ ਦੇ ਹਿਸਾਬ ਲੁੱਟਣ ਦੇ ਪ੍ਰਵਾਨੇ ਜਾਰੀ ਕੀਤੇ ਜਾ ਰਹੇ ਹਨ। ਪਿਛਲੇ 64 ਸਾਲਾਂ ਤੋਂ ਰਾਜਨੇਤਾਵਾਂ  ਤੋਂ ਕੋਈ ਹਿਸਾਬ ਨਹੀਂ ਮੰਗਿਆ ਗਿਆ। ਅਰਬਾਂ ਖਰਬਾਂ ਦੀ ਲੁੱਟ ਕਰਨ ਵਾਲੇ ਲੋਕਾਂ ਉਪਰ ਵੀ 420 ਦੇ ਕੇਸ ਅਧੀਨ ਸਿਰਫ ਛੇ ਮਹੀਨੇ ਦੀ ਸਜਾ ਵਾਲਾ ਕਾਨੂੰਨ ਲਾਗੂ ਕੀਤਾ ਜਾਂਦਾ ਹੈ ਜੋ ਕਦੀ ਕਿਸੇ ਨੇਤਾ ਨੂੰ ਕੀਤੀ ਨਹੀਂ ਜਾਂਦੀ ਜੇ ਹੋ ਵੀ ਜਾਵੇ ਤਾਂ ਨੇਕਚਲਣੀ ਦੇ ਸਰਟੀਫਿਕੇਟ ਨਾਲ ਬਿਨਾਂ ਜੇਲ ਭੇਜਿਆਂ ਸਾਰ ਲਿਆ ਜਾਂਦਾ ਹੈ। ਅੰਨਾਂ ਹਜਾਰੇ ਜਿਹੇ ਇੱਕ ਆਮ ਵਿਅਕਤੀ ਨੂੰ ਮਜਬੂਰ ਕਰ ਦਿੱਤਾ ਗਿਆ ਹੈ ਕਿ ਭ੍ਰਿਸਟ ਤੰਤਰ ਵੱਲੋਂ ਬੇਜੁਬਾਨੇ ਬਣਾ ਦਿੱਤੇ ਗਏ ਗਰੀਬ ਲੋਕਾਂ ਦੀ ਆਵਾਜ ਮੌਤ ਦੀ ਬਾਜੀ ਖੇਡ ਕੇ ਬੋਲੇ ਹੋ ਚੁੱਕੇ ਕੰਨਾਂ ਵਾਲੇ ਲੁਟੇਰੇ ਰਾਜਨੀਤਕਾਂ ਤੱਕ ਪਹੁੰਚਾਵੇ। ਹਿੰਦੋਸਤਾਨ ਦੀ ਰਾਜਸੱਤਾ ਨੇ ਲੋਕਪਾਲ ਬਣਾਉਣ ਦੂ ਮੰਗ ਮੰਨ ਕੇ ਇੱਕ ਵਾਰ ਆਪਣੀ ਧੌਣ ਬਚਾ ਲਈ ਹੈ ਛੇਤੀ ਹੀ ਫਿਰ ਦੁਬਾਰਾ ਲੋਕ ਰੋਹ ਦਾ ਸਾਹਮਣਾਂ ਕਰਨਾਂ ਪਵੇਗਾ ਜੇ ਰਾਜਨੀਤਕਾਂ ਨੇ ਆਪਣੇ ਤੌਰ ਤਰੀ ਕੇ ਨਾਂ ਬਦਲੇ। ਜਿੰਨਾਂ ਛੇਤੀ ਰਾਜਨੀਤਕ ਇਸਨੂੰ ਸਮਝ ਲੈਣ ਤਾਂ ਇਹ ਉਹਨਾਂ ਵਾਸਤੇ ਹੀ ਚੰਗਾਂ ਹੋਵੇਗਾ। ਜੇ ਰਾਜਨੀਤਕ ਨਾਂ ਸਮਝੇ ਤਾਂ ਆਪਣੇ ਲੁਟੇਰੇ ਯਾਰ ਘਰਾਣਿਆਂ ਸਮੇਤ ਬੋਰੀਆ ਬਿਸਤਰ ਬੰਨ ਲੈਣਾਂ ਚਾਹੀਦਾ ਹੈ ਕਿਉਕਿ ਲੋਕ ਰੋਹ ਜਦ ਵੀ ਉਠਦਾ ਹੈ ਤਦ ਸੁਨਾਮੀ ਲਹਿਰ ਵਾਂਗ ਕਿਸੇ ਨੂੰ ਸੰਭਲਣ ਦਾ ਵਕਤ ਨਹੀਂ ਦਿੰਦਾਂ।
                        ਦੇਸ ਦੇ ਭ੍ਰਿਸਟਤੰਤਰ ਦੇ ਏਜੰਟ ਹੁਣ ਜਿਸ ਤਰਾਂ ਅੰਨਾਂ ਹਜਾਰੇ ਦੇ ਗੁਣ ਗਾ ਰਹੇ ਹਨ ਸਿਰਫ ਸੰਘਰਸ ਨੂੰ ਗੁੰਮਰਾਹ ਕਰਨ ਵਾਸਤੇ ਹੀ ਕਰ ਰਹੇ ਹਨ। ਆਮ ਭਾਰਤੀ ਜਦ ਇਹ ਸਮਝਣ ਲੱਗਪਿਆ ਸੀ ਕਿ ਭ੍ਰਿਸਟ ਤੰਤਰ ਦੇ ਰਾਜਨੀਤਕਾਂ ਖਿਲਾਫ ਕੋਈ ਲੜ ਹੀ ਨਹੀਂ ਸਕਦਾ ਤਦ ਅੰਨਾਂ ਹਜਾਰੇ ਵਰਗੇ ਸਾਫ ਆਚਰਣ ਵਾਲੇ ਵਿਅਕਤੀ ਦੀ ਅਵਾਜ ਨੇ ਦੱਸ ਦਿੱਤਾ ਹੈ ਕਿ ਕੁੱਝ ਵੀ ਅਸੰਭਵ ਨਹੀਂ ਹੁੰਦਾ। ਲੋਕਪਾਲ ਬਿਲ ਦੀ ਮੰਗ ਮੰਨਕੇ ਸਰਕਾਰਾਂ ਦੀ ਕਮਜੋਰੀ ਜੱਗ ਜਾਹਿਰ ਹੋ ਗਈ ਹੈ ਕਿ ਇਹ ਲੋਕ ਰੋਹ ਅੱਗੇ ਕੱਖਾਂ ਵਾਂਗੂੰ ਉੱਡ ਜਾਂਦੀਆਂ ਹਨ। ਆਮ ਲੋਕਾਂ ਨੂੰ ਇਨਸਾਫ ਉਸ ਵਕਤ ਹੀ ਮਿਲਦਾ ਹੈ ਜਦ ਉਹਨਾਂ ਦੀ ਅਗਵਾਈ ਨਿਸਕਾਮ ਅਤੇ ਸਾਫ ਆਚਰਣ ਵਾਲੇ ਵਿਅਕਤੀਆਂ ਹੱਥ ਹੁੰਦੀ ਹੈ। ਰਾਜਨੀਤਕਾਂ ਦੀ ਅਗਵਾਈ ਹੱਥ ਲੜੇ ਗਏ ਸੰਘਰਸ ਵਿੱਚ ਸਿਰਫ ਉਹਨਾਂ ਦੀਆਂ ਰਾਜਗੱਦੀਆਂ ਹੀ ਨਿਕਲਦੀਆਂ ਹਨ ਇਨਸਾਫ ਨਹੀਂ। ਰਾਜਨੀਤਕਾਂ ਹੱਥ ਲੜਿਆ ਗਿਆ ਪੰਜਾਬ ਦਾ ਸੰਘਰਸ ਇਸਦਾ ਗਵਾਹ ਹੈ ਜਿਸਦੀ ਪ੍ਰਾਪਤੀ ਜੀਰੋ ਨੁਕਸਾਨ ਵਰਣਨ ਹੀ ਨਹੀਂ ਕੀਤਾ ਜਾ ਸਕਦਾ। ਪੰਜਾਬ ਦੇ ਲੋਕਾਂ ਨੂੰ ਵੀ ਆਪਣੇ ਪਿਆਰੇ ਪੰਜਾਬ ਨੂੰ ਬਚਾਉਣ ਲਈ ਕਿਸੇ ਅੰਨਾਂ ਹਜਾਰੇ ਦੀ ਭਾਲ ਅਰੰਭ ਕਰ ਲੈਣੀ ਚਾਹੀਦੀ ਹੈ। ਜਿਸ ਤਰਾਂ ਪੰਜਾਬ ਨੂੰ 80000 ਕਰੋੜ ਦੇ ਸਰਕਾਰੀ ਕਰਜੇ ਅਤੇ 40000 ਕਰੋੜ ਦੇ ਕਿਸਾਨੀ ਕਰਜੇ  ਵਿੱਚ ਫਸਾ ਦਿੱਤਾ ਗਿਆ ਹੈ ਵਿੱਚੋਂ ਨਿਕਲਣਾਂ ਆਸਾਨ ਨਹੀਂ ਹੋਵੇਗਾ। 15000 ਕਰੋੜ ਦੇ ਕਰਜੇ ਵਿੱਚ ਬਿਜਲੀ ਵਾਲਾ ਮਹਿਕਮਾਂ ਕੀ ਚੰਦ ਚੜਾਵੇਗਾ ਵੀ ਭੁੱਲਣਾਂ ਨਹੀਂ ਚਾਹੀਦਾ। ਉਪਰੋਕਤ ਸਰਕਾਰੀ ਰਿਕਾਰਡ ਵਾਲੇ ਕਰਜੇ ਤੋਂ ਇਲਾਵਾ ਅਣਗਿਣਤ ਇਸ ਤੋਂ ਵੀ ਵੱਧ ਕਰਜਾ ਹੈ ਪੰਜਾਬੀਆਂ ਸਿਰ ਜੋ ਸਾਇਦ ਸਾਰੇ ਪੰਜਾਬ ਨੂੰ ਵੇਚ ਕੇ ਵੀ ਨਾਂ ਉੱਤਰੇ। ਪੰਜਾਬੀਉ ਆਉ ਗੁਰੂਆਂ ਦੇ ਪੰਜਾਬ ਨੂੰ ਅਣਖ ਨਾਲ ਜਿਉਂਦਾ ਰੱਖਣ ਵਾਸਤੇ ਪੰਜਾਬ ਦੇ ਰਾਜਨੀਤਕਾਂ ਤੋਂ ਮੰਗ ਕਰੀਏ ਕਿ ਪੰਜਾਬ ਨੂੰ ਕਰਜਈ ਕਰਨਾਂ ਬੰਦ ਕਰਨ। ਇਹੋ ਜਿਹੇ ਵਿਕਾਸ ਜੋ ਸਾਡੇ ਪੰਜਾਬ ਨੂੰ ਲਾਚਾਰ ਬਣਾ ਦੇਵੇਗਾ ਤੋਂ ਤੋਬਾ ਕਰਨੀਂ ਹੀ ਚੰਗੀ ਹੈ।           ਫੋਨ 9417727245

1 comment:

Unknown said...

RAJ..........sewa hi ha { selfless doing }