Saturday, 2 April 2011

ਧਰਮ ਕੀ ਹੁੰਦਾ ਹੈ?

ਜਦ ਕੋਈ ਮਨੁੱਖ ਕਹਿੰਦਾ ਹੈ ਕਿ ਮੈਂ ਹਿੰਦੂ ਹਾਂ ਤਾਂ ਗੁਰਬਾਣੀ ਕਹਿੰਦੀ ਹੈ ਕਿ ਉਹ ਅੰਨਾਂ ਹੋ ਗਿਆ ਜਦ ਮਨੁੱਖ ਕਹਿੰਦਾ ਹੈ ਕਿ ਮੈ ਤੁਰਕ ਹਾਂ ਤਦ ਗੁਰਬਾਣੀ ਕਹਿੰਦੀ ਹੈ ਕਿ ਉਹ ਕਾਣਾਂ ਹੋ ਗਿਆ ਭਾਵ ਇਹਨਾਂ ਦੋਨਾਂ ਸੋਚਾ ਵਾਲਿਆਂ ਦਾ ਨਜਰੀਆ ਸਮਾਜ ਅਤੇ ਕੁਦਰਤੀ ਕਿਰਤਾਂ ਨੂੰ ਦੇਖਣ ਪਰਖਣ ਅਤੇ ਦੱਸਣ ਸਮੇਂ ਇਹ ਲੋਕ ਅੰਨੇ ਅਤੇ ਕਾਣੇ ਮਨੁੱਖ ਵਾਂਗ ਵਿਵਹਾਰ ਕਰਨਗੇ।ਹਿੰਦੂ ਅੰਨਾਂ ਤੁਰਕੂ ਕਾਣਾਂ ਦੋਹਾਂ ਤੈ ਗਿਆਨੀ ਸਿਆਣਾਂ  ਗੁਰਬਾਣੀ ਵਿੱਚ ਲਿਖਣ ਦਾ ਭਾਵ ਕਿਸੇ ਕੌਮ ਜਾਂ ਭਾਈਚਾਰੇ ਨੂੰ ਨਿੰਦਣਾਂ ਨਹੀ ਸਗੋਂ ਮਨੁੱਖ ਦੀ ਸੋਚ ਨੂੰ ਪਾਕ ਪਵਿੱਤਰ ਕਰਕੇ ਗਿਆਨਵਾਨ ਬਣਾਉਣਾਂ ਹੇ। ਸੋ ਇਸ ਦਾ ਭਾਵ ਇਹ ਵੀ ਹੈ ਕਿ ਜੇ ਕੋਈ ਵੀ ਮਨੁੱਖ ਸਿੱਖ,ਬੋਧੀ,ਕਾਮਰੇਡ ,ਤਰਕਸੀਲ ਜਾਂ ਕਿਸੇ ਹੋਰ ਵਿਚਾਰਾਂ ਵਾਲੀ ਸੋਚ ਦਾ ਗੁਲਾਮ ਹੋ ਕੇ ਕੁਝ ਬੋਲਦਾ ਹੈ ਉਸਦਾ ਉਪਦੇਸ ਅਤੇ ਵਿਵਹਾਰ ਅੰਨੇ ਅਤੇ ਕਾਣੇ ਵਾਲਾ ਹੀ ਹੁੰਦਾ ਹੈ। ਗੁਰੂਆਂ ,ਫਕੀਰਾਂ ਦੇ,ਜਾਂ ਇਸ ਦਾ ਭਾਵ ਸੱਚੇ ਮਨੁੱਖਾਂ ਦੇ ਫੈਸਲੇ ਅਨੁਸਾਰ ਤਾਂ ਗਿਆਨਵਾਨ ਮਨੁੱਖ ਹੀ ਸੰਪੂਰਣ ਮਨੁੱਖ ਹੁੰਦਾ ਹੈ। ਗਿਆਨਵਾਨ ਮਨੁੱਖ ਕਦੇ ਆਪਣੇ ਆਪ ਨੂੰ ਸਿਆਣਾਂ, ਦੂਜਿਆਂ ਤੋਂ ਉਚਾ ਨਹੀ ਸਮਝਦਾ ਅਤੇ ਨਾਂ ਹੀ ਆਪਣੇ ਆਪ ਨੂੰ ਸਭ ਕੁੱਝ ਜਾਣ ਲੈਣ ਦਾ ਦਾਅਵਾ ਕਰਦਾ ਹੈ, ਜੋ ਇਸ ਤਰਾਂ ਕਰਦੇ ਹਨ ਉਹ ਮੂਰਖ ,ਅਗਿਆਨੀ ਹੀ ਹੋ ਸਕਦੇ ਹਨ। ਅੱਜ ਕਲ ਧੜਿਆਂ ਦੇ ਮੈਬਰ ਲੋਕ ਖੁਦਾ ਦੇ ਧੜੇ ਵਿੱਚ ਨਾਂ ਖੜਕੇ ਦੁਨਿਆਵੀ ਧੜਿਆਂ ਵਿੱਚ ਖੜਕੇ ਬੋਲਦੇ ਹਨ ਅਤੇ ਇਹ ਵੀ ਕਹਿੰਦੇ ਹਨ ਕਿ ਉਹਨਾਂ ਦਾ ਧੜਾ ਹੀ ਵਧੀਆ ਅਤੇ ਪੂਰਣ ਹੈ ।ਇਸ ਦੁਨੀਆਂ ਦੇ ਮਾਨਤਾ ਪ੍ਰਾਪਤ ਧੜੇ ਹਨ  ਮੁਸਲਮਾਨ ,ਹਿੰਦੁ,ਸਿੱਖ ,ਇਸਾਈ, ਕਮਿਊਨਿਸਟ। ਛੋਟੇ ਧੜਿਆਂ ਦਾ ਤਾਂ ਕੋਈ ਅੰਤ ਹੀ ਨਹੀਂ ।ਭ੍ਰਿਸਟ ਰਾਜਸੱਤਾ ਦਾ ਕੰਮ ਹੀ ਲੋਕਾਂ ਨੂੰ ਧੜਿਆ ਵਿੱਚ ਵੰਡਕੇ ਰਾਜ ਕਰਨਾਂ ਹੁੰਦਾ ਹੈ ਅਤੇ ਰਾਜਸੱਤਾ ਸਾਰੇ ਛੋਟੇ ਵੱਡੇ ਧੜਿਆਂ ਦੀ ਪੁਸਤ ਪਨਾਹੀ ਕਰਦੀ ਹੈ।ਸੱਚ ਨੂੰ ਅਪਨਾਉਣ ਵਾਲਾ ਮਨੁੱਖ ਧੜਿਆਂ ਵਿੱਚ ਖੜਨ ਤੋਂ ਇਨਕਾਰ ਕਰ ਦਿੰਦਾ ਹੈ ਅਤੇ ਰਾਜਸੱਤਾ ਵੱਲੋਂ ਬਾਗੀ ਕਰਾਰ ਦੇ ਦਿੱਤਾ ਜਾਂਦਾ ਹੈ ਜਿਵੇ ਸੁਕਰਾਤ, ਗੁਰੂ ਨਾਨਕ, ਈਸਾ ਮਸੀਹ ,ਮੁਹੰਮਦ ਸਾਹਿਬ, ਕ੍ਰਿਸਨ ਜੀ, ਗੁਰੂ ਤੇਗ ਬਹਾਦਰ, ਲੈਨਿਨ ਆਦਿ ।ਉਪਰੋਕਤ ਮਹਾਨ ਇਨਸਾਨਾਂ ਨੇ ਆਪਣੀ ਜਿੰਦਗੀ ਦੌਰਾਨ ਕੋਈ ਧੜਾ ਨਹੀਂ ਬਣਾਇਆਂ ਪਰ ਸਵਾਰਥੀ ਰਾਜਸੱਤਾ ਨੇ ਇਹਨਾਂ ਦੇ ਨਾਂ ਉਹਨਾਂ ਦੀ ਸਮਾਜ ਭਲਾਈ ਵਾਲੀ ਸੋਚ ਵਾਲੇ ਸਮਾਜ ਨਾਂ ਬਣਾਕਿ , ਅਖੌਤੀ ਧੜੇ ਖੜੇ ਕੀਤੇ ਅਤੇ ਉਹਨਾਂ ਨੂੰ ਹੀ ਧਰਮ ਦਾ ਰੂਪ ਦਿੱਤਾ। ਉਪਰੋਕਤ ਮਹਾਨ ਆਤਮਾਵਾਂ ਨੇ ਇਨਕਲਾਬ ਆਪਣਾਂ ਸਭ ਕੁੱਝ ਵਾਰਕੇ ਕੀਤਾ। ਧਰਤੀ ਦੇ ਵੱਖੋ ਵੱਖਰੇ ਇਲਾਂਕਿਆਂ ਅਤੇ ਉਹਨਾਂ ਸਮਿਆ ਦੀ ਲੋੜ ਅਨੁਸਾਰ ਵਧੀਆ ਜੀਵਨ ਪਵਿੱਤਰ ਜੀਵਨ ਜਿਉਣ ਦੀਆਂ ਜਾਚਾਂ ਦਿੱਤੀਆਂ ਜੋ ਉਹਨਾਂ ਦੇ ਆਚਰਣ ਦੀ ਉਪਜ ਸਨ। ਪਰ ਸਵਾਰਥੀ ਰਾਜਸੱਤਾ ਨੂੰ ਗੁਲਾਮ ਲੋਕ ਚਾਹੀਦੇ ਹਨ ਸੋ ਉਹਨਾਂ ਨੇ ਆਪਣੀ ਲੋੜ ਅਨੁਸਾਰ ਇਹਨਾਂ ਮਹਾਨ ਜੀਵਨ ਜਾਚਾਂ ਵਿੱਚ ਵਿਗਾੜ ਪੈਦਾ ਕੀਤੇ।ਮਨੁੱਖੀ ਲੋੜਾਂ ਅਨੁਸਾਰ ਹਰ ਜੀਵਨ ਜਾਚ ਨੇ ਆਪੋ ਆਪਣੀ ਜੰਮਣ ਭੋਇ ਵਿੱਚ ਉਥੋਂ ਦੀ ਮੰਗ ਅਨੁਸਾਰ ਰਿਸਤੇ ,ਕੰਮ ਕਰਨ ਦੇ ਢੰਗ ,ਖਾਣ ਪੀਣ ਦੀਆਂ ਮਰਿਆਦਵਾਂ  ਆਦਿ ਨਿਸਚਿਤ ਕੀਤੀਆਂ। ਪਰ ਲੁਟੇਰੀ ਅਤੇ ਸਵਾਰਥੀ ਰਾਜਸੱਤਾ ਨੇ ਇਹਨਾਂ ਜੀਵਨਜਾਚਾਂ ਨੂੰ ਹੰਕਾਰ ਵਿੱਚ ਅਤੇ ਲਾਲਚ ਵਿੱਚ ਆਪੋ ਆਪਣੇ ਗੁਲਾਮਾਂ ਨੂੰ ਅਖੌਤੀ ਧਰਮ ਦੇ ਨਾਂ ਥੱਲੇ ਵਰਤਕੇ  ਜਦ ਆਪਣੇ ਰਾਜਸੱਤੇ ਦੇ ਵਿਸਥਾਰ ਕੀਤੇ। ਕਮ ਅਕਲੀ ਨਾਲ ਉਨਾਂ ਜੀਵਨ ਜਾਚਾਂ ਨੂੰ ਦੁਜੇ ਕਬਜੇ ਵਾਲੇ ਇਲਾਕਿਆਂ ਵਿੱਚ ਲਾਗੂ ਕਰਨ ਦੀਆਂ ਆਪਹੁਦਰੀਆਂ ਤਾਨਾਸਾਹੀ ਨੀਤੀਆਂ ਲਾਗੂ ਕੀਤੀਆਂ। ਇਸ ਵਰਤਾਰੇ ਨੇ ਧਰਤੀ ਉਪਰ ਲੜਾਈਆਂ ਦੀ ਨੀਂਹ ਰੱਖੀ। ਅੱਜ ਵੀ ਇਹਨਾਂ ਜੀਵਨ ਜਾਚਾਂ ਨੂੰ ਧਰਮ ਬਣਾਈ ਰੱਖਕੇ ਰਾਜਸੱਤਾ ਵੱਲੋਂ ਦੁਰ ਉਪਯੋਗ ਜਾਰੀ ਹੈ।ਗਿਆਨ ਵਾਨ ਮਨੁੱਖ ਹੀ ਇਸ ਵਰਤਾਰੇ ਨੂੰ ਸਮਝਦਾ ਹੈ ਧੜਿਆਂ ਵਿੱਚ ਖੜਾ ਮਨੁਂਖ ਤਾਂ ਭਰਿਸਟ ਰਾਜਸੱਤਾ ਦਾ ਹਥਿਆਰ ਬਣਕੇ ਹੀ ਰਹਿ ਜਾਂਦਾ ਹੈ।ਅੱਜ ਕਲ ਤਾਂ ਮਾਰਕਸ ਵਰਗੇ ਮਨੁੱਖ ਦੇ ਫਲਸਫੇ ਵਿੱਚੋਂ ਵਰਤਮਾਨ ਸਮਾਜ ਦੀ ਮੰਗ ਅਨੁਸਾਰ ਆਰਥਿਕ ਪ੍ਰਬੰਧ ਨੂੰ ਲਾਗੂ ਕਰਨ ਵਾਲੇ ਲੈਨਿਨ ਦੇ ਵਾਰਿਸ ਵੀ ਕਮਿਊਨਿਜਮ ਨੂੰ ਧਰਮ ਬਣਾਕਿ ਬੈਠ ਗਏ ਹਨ।ਭਰਿਸਟ ਅਤੇ ਸਵਾਰਥੀ ਰਾਜਸੱਤਾ ਨੇ ਜਦ ਵੀ ਕਿਸੇ ਫਲਸਫੇ ਨੂੰ ਖਤਮ ਕਰਨਾਂ ਹੁੰਦਾ ਹੈ ਤਦ ਉਸ ਫਲਸਫੇ ਨੂੰ ਧਰਮ ਦਾ ਰੂਪ ਦੇ ਦਿੰਦੀ ਹੈ।
            ਅਸਲ ਧਰਮ ਤਾਂ ਮਨੁੱਖ ਦਾ ਨਿੱਜੀ ਆਚਰਣ ਹੁੰਦਾ ਹੈ । ਉਹ ਚੰਗਾ ਅਤੇ ਮਾੜਾ ਕੁੱਝ ਵੀ ਹੋ ਸਕਦਾ ਹੈ।ਜਿਹੜਾ ਮਨੁੱਖ ਸਮਾਜ ਦੀਆਂ ਚੰਗੀਆਂ ਰਵਇਤਾਂ ਦਾ ਪਾਲਣ ਕਰਦਾ ਹੈ ਉਹ ਹੀ ਸਮਾਜ ਵਿੱਚ ਪ੍ਰਵਾਨ ਹੁੰਦਾ ਹੈ ,ਜਿਹੜਾ ਸਮਾਜ ਦੀਆਂ ਮਾੜੀਆਂ ਰਵਾਇਤਾਂ ਵਿੱਚ ਗਰਕ ਜਾਵੇ ਉਹ ਸਮਾਜ ਵੱਲੋਂ ਗੈਰ ਧਰਮੀ ਕਰਾਰ ਦੇ ਦਿੱਤਾ ਜਾਂਦਾ ਹੈ।ਬਾਪ ਨੂੰ ਸਹੁਰਾ ਬਣਾ ਲੈਣ ਤੇ ਧਰਮ ਡੋਲ ਜਾਂਦਾ ਹੈ ਜੇ ਬਾਪ ਹੀ ਰੱਖੀਏ ਤਾਂ ਧਰਮ ਹੈ। ਭੈਣ ਨੂੰ ਭਰਜਾਈ ਬਣਾ ਲੈਣ ਤੇ ਗੁਨਾਹ ਪਰ ਭੈਣ ਨੂੰ ਭੈਣ ਅਤੇ ਉਸਦੀ ਇੱਜਤ ਦੇ ਰਾਖੇ ਬਣੋ ਤਾਂ ਧਰਮੀ।ਭਾਵੇਂ ਇਹ ਰਵਾਇਤਾਂ ਹੀ ਹਨ ਜੋ ਸਮਾਜ ਦੀ ਉਪਜ ਹਨ ਅਤੇ ਇਹਨਾਂ ਦਾ ਪਾਲਣ ਕਰਨਾਂ ਵੀ ਧਰਮ ਅਤੇ ਧਰਮੀ ਲਈ ਜਰੂਰੀ ਹੈ। ਰਵਾਇਤਾਂ ਸਦਾ ਬਦਲਦੀਆਂ ਰਹਿੰਦੀਆਂ ਹਨ। ਵੱਖੋ ਵੱਖਰੀਆਂ ਜੀਵਨ ਜਾਚਾ ਦੀਆਂ ਰਵਾਇਤਾਂ ਵੀ ਵੱਖੋ ਵੱਖਰੀਆਂ ਹਨ ਜਿਵੇ ਇਸਲਾਮ ਨੂੰ ਮੰਨਣ ਵਾਲੇ ਪਿਉ ਜਾਈ ਧੀ ਨੂੰ ਛੱਡਕੇ ਬਾਕੀ ਸ਼ਭ ਨਾਲ ਵਿਆਹ ਕਰ ਸਕਦੇ ਹਨ ਪਰ ਹਿੰਦੂ ਸਮਾਜ ਵਿੱਚ ਮਾਂ ਅਤੇ ਪਿਉ ਦੇ ਗੋਤ ਵਾਲਿਆਂ ਵਿੱਚ ਵੀ ਵਿਵਾਹ ਕਰਨੇ ਵਰਜਿਤ ਹਨ। ਹਿੰਦੂ ਜੀਵਨ ਜਾਚ ਵਿੱਚ ਸਾਲੇਹਾਰ ਨਾਲ ਖੁੱਲਾ ਵਿਵਹਾਰ ਪ੍ਰਵਾਨ ਹੈ ਪਰ ਸਿੱਖੀ ਜੀਵਨ ਜਾਚ ਵਿੱਚ ਸਾਲੇਹਾਰ ਭੈਣ ਦੇ ਬਰਾਬਰ ਮੰਨੀ ਜਾਂਦੀ ਹੈ। ਸਮੇਂ ਨਾਲ ਭਾਵੇਂ ਸਭ ਕੁੱਝ ਬਦਲਦਾ ਰਹਿੰਦਾ ਹੈ ਪਰ ਇਹ ਬਦਲਾਉ ਬਹੁਤ ਹੌਲੀ ਅਤੇ ਕੁਦਰਤੀ ਤਰੀਕੇ ਨਾਲ ਹੁੰਦੇ ਹਨ ਜਦ ਇਹਨਾਂ ਨੂੰ ਧੱਕੇ ਨਾਲ ਇੱਕ ਦਮ ਤੋੜਿਆ ਜਾਂਦਾ ਹੈ ਤਦ ਬਗਾਵਤ ਅਤੇ ਅਰਾਜਕਤਾ ਪੈਦਾ ਹੋ ਜਾਂਦੀ ਹੈ।ਸੋ ਇਹਨਾਂ ਵਰਤਾਰਿਆਂ ਨੂੰ ਗਿਆਨ ਵਾਨ ਮਨੁੱਖ ਹੀ ਸਮਝਦੇ ਹਨ ਅਤੇ ਉਹ ਹੀ ਸਮਾਜ ਨੂੰ ਬਦਲਣ ਦੇ ਸਮਰੱਥ ਹੋਏ ਹਨ ।ਅਗਿਆਨੀ ਲੋਕਾਂ ਨੇ ਕਾਹਲੀ ਅਤੇ ਸਵਾਰਥ ਕਾਰਨ ਹਮੇਸਾਂ ਸਮਾਜ ਨੂੰ ਅਰਾਜਕਤਾ ਹੀ ਦਿੱਤੀ ਹੈ। ਸੋ ਧਰਮ ਕੋਈ ਜਮਾਤ ਜਾਂ ਧੜੇਬਾਜ ਲੋਕਾਂ ਦੇ ਇਕੱਠ ਨੂੰ ਨਾਂ ਕਹੀਏ ਇਹ ਤਾਂ ਵਿਅਕਤੀ ਦਾ ਨਿੱਜੀ ਵਰਤਾਰਾ ਹੁੰਦਾ ਹੈ।ਧਰਮ ਨੂੰ ਸਦਾ ਵਿਅਕਤੀ ਦਾ ਨਿੱਜੀ ਵਿਵਹਾਰ ਹੀ ਮੰਨਣਾਂ ਚਾਹੀਦਾ ਹੈ। ਇਕੱਠ ਰੂਪੀ ਲੋਕਾਂ ਦਾ ਸਮੂਹ ਹਮੇਸਾਂ ਰਾਜਨੀਤੀ ਦਾ ਹਿੱਸਾ ਹੀ ਹੁੰਦਾ ਹੈ।ਰਾਜਸੱਤਾ ਨੂੰ ਹਮੇਸਾ ਲੋਕਾ ਦੇ ਇਕੱਠ ਦੀ ਲੋੜ ਹੁੰਦੀ ਹੈ ਪਰ ਧਰਮ ਨੂੰ ਨਹੀਂ। ਸੋ ਗੁਰੂਆਂ ,ਫਕੀਰਾਂ ਨੇ ਹਮੇਸਾਂ ਚੰਗੇ ਆਚਰਣ ਵਾਲੇ ਵਿਅਕਤੀਆਂ ਨੂੰ ਹੀ ਧਰਮੀ ਦਾ ਖਿਤਾਬ ਦਿੱਤਾ ਹੈ ਅਤੇ ਇਕੱਠ ਰੂਪੀ ਧੜਿਆਂ ਵਾਲਿਆਂ ਨੂੰ ਅੰਨੇ ਕਾਣੇ ਹੋਣ ਦਾ ਖਿਤਾਬ। ਅਸੀਂ ਧਰਮ ਚੁਣਨਾਂ ਹੈ ਜਾਂ ਧੜਾ ਇਸ ਤੋਂ ਹੀ ਸਾਡੀ ਪਰਖ ਹੁੰਦੀ ਹੈ ਕਿ ਅਸੀਂ ਧਰਮੀ ਹਾਂ ਕਿ ਧੜੇਬਾਜ

2 comments:

Unknown said...

Good Article hai ji,

par hor Mehnat ate research di jaroorat lagdi hai ji,

Unknown said...

for everyone + thinking { Sarbat da bhala }