Thursday, 21 April 2016

ਪੰਜਾਬੀਉ ਆਉ ਯੁੱਗਪੁਰਸ਼ਾਂ ਨੂੰ ਦੱਸੀਏ ਕਿ ਹੁਣ ਅਸੀ ਉਹ ਨਹੀ ਰਹੇ

Add caption

                                             
                                    ਵਕਤ ਇਨਸਾਨ ਨੂੰ ਕਿੰਨਾਂ ਕੁ ਬਦਲ ਦਿੰਦਾਂ ਹੈ ਇਹ ਉਸਦੇ ਕੰਮਾਂ ਤੋਂ ਪਤਾ ਚਲਦਾ ਹੈ ਬੋਲਣ ਦੱਸਣ ਨਾਲ ਕੋਈ ਵਧੀਆਂ ਘਟੀਆ ਨਹੀਂ ਬਣ ਜਾਂਦਾ। ਇੱਥੇ ਅਮਲਾਂ ਤੇ ਹੁੰਦੇ ਨੇ ਨਬੇੜੇ ਬਾਤ ਜਾਂ ਜਾਤ ਕਿਸੇ ਪੁੱਛਣੀ ਨਹੀਂ। ਯੁੱਗ ਪੁਰਸ਼ਾ ਦੀਆਂ ਰੱਖੀਆਂ ਮਜਬੂਤ ਨੀਹਾਂ ਵਾਲੀਆਂ ਕੰਧਾਂ ਦੀਆਂ ਜੜਾਂ ਰਾਜਸੱਤਾ ਕਿਵੇਂ  ਖੋਖਲਾ ਕਰ ਦਿੰਦੀ ਹੈ ਪਤਾ ਹੀ ਨਹੀਂ ਚਲਦਾ। ਪਿੱਛਲੇ ਦਿਨੀਂ 1947 ਦੇ ਫਸਾਦਾਂ ਤੇ ਇੱਕ ਵੱਡ ਅਕਾਰੀ ਪੁਸਤਕ ਪੜਦਿਆਂ ਅਤੇ ਆਮ ਜਿੰਦਗੀ ਵਿੱਚ ਬਜੁਰਗਾਂ ਤੋਂ ਦਰਦ ਭਰੀਆਂ ਕਹਾਣੀਆਂ ਸੁਣਦਿਆ ਗੁਰੂਆਂ ਪੀਰਾਂ ਫਕੀਰਾਂ ਦੀ ਵਰੋਸਾਈ ਸਿੱਖ ਕੌਮ ਦਾ ਅਸਲੀ ਨਹੀਂ ਪਰ ਇੱਕ ਰਾਜਨੀਤਕਾਂ ਦੁਆਰਾ ਤਿਆਰ ਨਕਲੀ ਧੜੇ ਦੀ ਪੈਦਾਇਸ ਕਿਸ ਤਰਾਂ ਆਪਣੇ ਮੂਲ ਖਾਸੇ ਨਾਲੋਂ ਟੁੱਟਕੇ ਲੁਟੇਰੀ, ਧਾੜਵੀ, ਇੱਜਤਾਂ ਲੁੱਟਣ ਵਾਲੀ ਅਤੇ ਜਰਾਇਮ ਪੇਸ਼ਾ ਬਣਦੀ ਦਿਖਾਈ ਦਿੰਦੀ ਹੈ ਅਤਿ ਹੈਰਾਨੀ ਜਨਕ ਹੈ। ਅਸਲ ਵਿੱਚ ਇਹ ਗੁਰੂਆਂ ਦੇ ਰਸਤੇ ਉੱਪਰ ਤੁਰਨ ਵਾਲਿਆਂ ਦੀ ਹਾਰ ਅਤੇ ਜਾਲਮ ਰਾਜਸੱਤਾ ਦੁਆਰਾ ਖੜੀ ਕੀਤੀ ਗਈ ਨਕਲੀ ਫੌਜ ਦੇ ਕਾਰਨ ਹੁੰਦਾਂ ਹੈ। ਲੋਕ ਹਿੱਤਾਂ ਦੇ ਅਲੰਬਰਦਾਰ ਅਸਲੀ ਲੋਕ ਤਾਂ ਕਦੇ ਵੀ ਆਪਣੇ ਰਹਿਬਰਾਂ ਦੇ ਉਪਦੇਸਾਂ ਤੋਂ ਮੁਨਕਰ ਨਹੀਂ ਹੁੰਦੇ ਪਰ ਰਾਜਸੱਤਾ ਦੁਆਰਾ ਤਿਆਰ ਕੀਤੇ ਨਕਲੀ ਭੇਖੀ ਦੁਸਟ ਲੋਕ ਗੁਰੂਆਂ ਦੇ ਦਿੱਤੇ ਬਾਣੇ ਪਹਿਨਕੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸਿਸ ਕਰਦੇ ਹਨ।
              ਪਿੱਛਲੇ ਦਿਨੀ ਇੱਕ 90 ਸਾਲਾਂ ਬਜੁਰਗ ਸਿੱਖ ਔਰਤ ਦੇ ਭੋਗ ਤੇ ਜਾਣ ਦਾ ਮੌਕਾ ਮਿਲਿਆ ਜੋ 1947 ਵਿੱਚ ਕਿਸੇ ਮੁਸਲਮਾਨ ਪਰੀਵਾਰ ਦੀ ਧੀ ਸੀ ਅਤੇ ਗੁਰੂਆਂ ਦੀ ਸੋਚ ਤੋਂ ਵਿਹੂਣੇ ਲੋਕਾਂ ਜਬਰੀ ਆਪਣੇ ਘਰ ਪਤਨੀ ਬਣਾਕਿ ਰੱਖ ਲਈ ਸੀ। ਉਸਦੀ ਅੰਤਿਮ ਅਰਦਾਸ ਤੇ ਮੇਰੇ ਮਨ ਵਿੱਚ ਉਸਦੀ ਇਤਿਹਾਸ ਵਿੱਚ ਲਹੂ ਭਿੱਜੀ ਕੁਰਬਾਨੀ ਅਤੇ ਤਿਆਗ ਦੀ ਵਿਸਾਲ ਸੂਰਤ ਦਿਖਾਈ ਦੇ ਰਹੀ ਸੀ ਅਤੇ ਉਸ ਵਰਗੀਆਂ ਹਜਾਰਾਂ ਧੀਆਂ ਭੈਣਾਂ ਮਾਵਾਂ ਦੀਆਂ ਰੂਹਾਂ ਦਿਖਾਈ ਦੇ ਰਹੀਆਂ ਸਨ ਜਿੰਹਨਾਂ ਉਸ ਮਾੜੇ ਵਕਤ ਇਹ ਹੋਣੀ ਝੱਲੀ ਸੀ। ਇਸਦੇ ਪੇਟ ਵਿੱਚੋਂ ਪੈਦਾ ਹੋਇਆ ਪੰਜ ਪੁੱਤਰਾਂ ਅਤੇ ਪੰਦਰਾਂ ਕੁ ਪੋਤੀ ਪੋਤਰਿਆਂ ਦਾ ਵਿਸਾਲ ਸਿੱਖ ਕੁਨਬਾ ਉਸਦੀ ਦਰਦ ਭਰੀ ਜਿੰਦਗੀ ਵਿੱਚੋਂ ਪੈਦਾ ਹੋਣਾਂ ਕੁਦਰਤ ਦੇ ਵਚਿੱਤਰ ਵਰਤਾਰੇ ਦੀ ਕਹਾਣੀ ਕਹਿ ਰਿਹਾ ਸੀ। 1947 ਦੀ ਅਜ਼ਾਦੀ ਕੋਈ 102 ਫਾਂਸੀਆਂ ਜਾਂ ਹਜਾਰਾਂ ਕਤਲਾਂ ਦੀ ਬਦੌਲਤ ਹੀ ਨਹੀਂ ਮਿਲੀ ਸੀ ਬਲਕਿ ਇਸ ਅਜਾਦੀ ਦਾ ਪਹਿਲਾ ਦਿਨ ਦੇਖਣ ਤੋਂ ਪਹਿਲਾਂ ਹੀ ਦੰਗੇ ਫਸਾਦ ਸੁਰੂ ਹੋ ਗਏ ਸਨ ਜੋ ਮਹੀਨਾਂ ਭਰ ਬਾਅਦ ਤੱਕ ਚਲਦੇ ਰਹੇ ਅਤੇ ਜਿਸ ਵਿੱਚ ਖਾਸ ਕਰ ਪੰਜਾਬੀਆਂ ਨੇ ਅੱਠ ਲੱਖ ਦੇ ਕਰੀਬ ਜਾਨਾਂ ਦੀ ਬਲੀ ਦਿੱਤੀ ਸੀ। ਇਸ ਬਲੀ ਦੇ ਵਿੱਚ ਚਾਰ ਲੱਖ ਮੁਸਲਮਾਨ ਅਤੇ ਚਾਰ ਲੱਖ ਹਿੰਦੂ ਸਿੱਖ ਸਾਮਲ ਸਨ। ਇਸ ਅਜ਼ਾਦੀ ਦਾ ਫਾਇਦਾ ਤਾਂ ਰਾਜਨੀਤਕਾਂ ਅਤੇ ਲੁਟੇਰਿਆਂ ਡਾਕੂਆਂ ਗੁੰਡਿਆਂ ਨੇ ਉਠਾਇਆ ਪਰ ਸਰੀਫ ਆਮ ਲੋਕ ਉਸਦਾ ਸੰਤਾਪ ਅੱਜ ਤੱਕ ਹੰਢਾ ਰਹੇ ਹਨ।
                                     ਦੁਨੀਆਂ ਦੀ ਸਭ ਤੋਂ ਨਵੀਂ ਕੌਮ ਸਿੱਖ ਕੌਮ ਜੋ ਨਿਤਾਣੇ ਦਾ ਤਾਣ ਨਿਉਟੇ ਦੀ ਉਟ ਨਿਮਾਣੇ ਦਾ ਮਾਣ ਬਣਦੀ ਹੈ ਨੇ ਆਪਣੇ ਇਸ ਗੁਰ ਉਪਦੇਸ ਨੂੰ ਪਿੱਠ ਦਿਖਾਕਿ ਰਾਜਨੀਤਕਾਂ ਦੀ ਜਹਿਰ ਭਰੀ ਚਾਲ ਵਿੱਚ ਸਾਮਲ ਹੋਕੇ ਜੋ ਗੁੱਲ ਖਿਡਾਏ ਸਨ ਉਹ ਅੱਜ ਵੀ ਸਾਨੂੰ ਸਰਮਸਾਰ ਕਰਦੇ ਹਨ। ਇਹੋ ਜਿਹੇ ਕਹਿਰ ਦੇ ਸਮਿਆਂ ਵਿੱਚ ਗੁਰੂ ਕਾਲ ਅਤੇ ਉਸਤੋਂ ਬਾਅਦ ਲੰਬਾ ਸਮਾਂ ਸਿੱਖ ਕੌਮ ਅਤੇ ਖਾਲਸਾ ਫੌਜ ਨੇ ਨਿਮਾਣਿਆਂ ਨਿਤਾਣਿਆਂ ਨਿਉਟਿਆਂ ਅਤੇ ਗਊ ਗਰੀਬ ਦੀ ਰੱਖਿਆ ਕਰਨ ਲਈ ਲਾਮਿਸਾਲ ਕੁਰਬਾਨੀਆਂ ਕਰਕੇ ਇਤਿਹਾਸ ਰਚਿਆ ਸੀ ਪਰ ਜਿਉਂ ਹੀ ਇਸ ਕੌਮ ਦੇ ਆਗੂ ਰਾਜਨੀਤਕ ਲੋਕ ਜੋ ਗੋਰੇ ਅਤੇ ਕਾਲੇ ਅੰਗਰੇਜਾਂ ਦੇ ਏਜੰਟ ਬਣੇ ਅਤੇ ਉਹਨਾਂ ਇਸ ਕੌਮ ਵਿੱਚੋਂ ਹੀ ਇਸਦੇ ਬਰਾਬਰ ਇੱਕ ਗੁਰੂਆਂ ਦੀ ਸੋਚ ਤੋਂ ਵਿਹੂਣੀ ਨਕਲੀ ਕੌਮ ਤਿਆਰ ਕਰ ਲਈ ਸੀ ਜਿਸਨੇ 1947 ਵਿੱਚ ਧੀਆਂ ਭੈਣਾਂ ਦੀ ਰੱਖਿਆ ਕਰਨ ਦੀ ਥਾਂ ਇੱਜਤਾਂ ਲੁਟੀਆਂ ਸਨ ਅਤੇ ਗੁਰੂਆਂ ਦਾ ਨਾਂ ਬਦਨਾਮ ਕੀਤਾ ਸੀ ਅਤੇ ਅੱਜ ਤੱਕ ਵੀ ਉਹਨਾਂ ਬੇਇਖਲਾਕੇ ਲੋਕਾਂ ਦੇ ਵਾਰਿਸ ਆਗੂ ਬਣੇ ਬੈਠੇ ਹਨ ਸਰਕਾਰਾਂ ਅਤੇ ਰਾਜਨੀਤਕਾਂ ਦੀ ਸਹਿ ਤੇ। ਇਹੋ ਜਿਹੇ ਲੋਕ ਅੱਜ ਵੀ ਜਹਿਰਾਂ ਭਰੀ ਨਫਰਤ ਦੀ ਖੇਤੀ ਲਗਾਤਰ ਕਰਦੇ ਹੋਏ ਨਵੇਂ ਬੀਆਂ ਨੂੰ ਬੀਜਦੇ ਰਹਿੰਦੇ ਹਨ ਪਰ ਧੰਨ ਹਨ ਉਹ ਕੁੱਝ ਲੋਕ ਜੋ ਗੁਰੂਆਂ ਦੀ ਸੋਚ ਤੇ ਪਹਿਰਾ ਦੇਣ ਦਾ ਯਤਨ ਕਰਦੇ ਰਹਿੰਦੇ ਹਨ। ਇਹੋ ਜਿਹੇ ਉੱਚ ਕਿਰਦਾਰ ਦੇ ਲੋਕਾਂ ਨੇ 1947 ਦੇ ਕਹਿਰ ਭਰੇ ਸਮੇਂ ਵੀ ਇਨਸਾਨੀਅਤ ਲਈ ਗੁਰੂਆਂ ਦੀ ਸੋਚ ਦਾ ਦੀਵਾ ਜਗਦਾ ਰੱਖਿਆ ਸੀ। ਬੇਇਖਲਾਕੇ ਲੋਕਾਂ ਦੇ ਵਾਰਿਸਾਂ ਨੇ ਅੱਸੀਵਿਆਂ ਦੇ ਦੌਰ ਤੱਕ ਪਹੁੰਚਦਿਆਂ ਪੰਜਾਬ ਅਤੇ ਪੰਜਾਬੀਆਂ ਲਈਆਂ ਜੂਝਣ ਵਾਲੇ ਸਿੱਖ ਯੋਧਿਆਂ ਨੂੰ ਬਦਨਾਮ ਕਰਨ ਲਈ ਸਿੱਖ ਘਰਾਂ ਵਿੱਚ ਜੰਮੀਆਂ ਧੀਆਂ ਭੈਣਾਂ ਦੀਆਂ ਇੱਜਤਾਂ ਰੋਲਣ ਵਿੱਚ ਵੀ ਕੋਈ ਕਸਰ ਨਹੀਂ ਛੱਡੀ ਸੀ । ਅਜੀਤ ਸਿੰਘ ਪੂਹਲਾ ਅਤੇ ਅਨੇਕਾਂ ਪੁਲਸੀਆਂ ਕੈਟ ਕਿਸਮ ਦੇ ਲੋਕਾਂ ਨੇ ਹਿੰਦੂ ਸਿੱਖ ਅਤੇ ਇੱਥੋਂ ਤੱਕ ਕਿ ਪੁਲੀਸ ਵਾਲੇ ਸਿੱਖ ਪਰੀਵਾਰਾਂ ਦੀਆਂ ਇੱਜਤਾਂ ਰੋਲਣ ਦਾ ਕੰਮ ਵੀ ਖੂਬ ਧੜੱਲੇ ਨਾਲ ਕੀਤਾ ਸੀ। ਇਸ ਤਰਾਂ ਦੇ ਕਾਰੇ ਕਰਨ ਵਾਲੇ ਏਜੰਸੀਆਂ ਦੇ ਬੰਦੇ ਵੀ ਸਿੱਖ ਘਰਾਂ ਦੇ ਜੰਮੇ ਜਾਏ ਸਨ। ਇਹੋ ਜਿਹੇ ਲੋਕਾਂ ਵਿੱਚ ਅਨੇਕਾਂ ਮਾੜੇ ਲੋਕ ਅੱਜ ਵੀ ਰਾਜਗੱਦੀਆਂ ਤੇ ਬੈਠੇ ਦਿਖਾਈ ਦਿੰਦੇ ਹਨ ਅਤੇ ਸਿੱਖ ਕੌਮ ਦੇ ਰਹਿਬਰ ਵੀ ਬਣੇ ਹੋਏ ਹਨ।
                         ਵਰਤਮਾਨ ਸਮੇਂ ਸਿੱਖ ਕੌਮ ਜੋ ਹਿੰਦੋਸਤਾਨ ਦੀ ਸ਼ਾਨ ਹੋਣੀ ਚਾਹੀਦੀ ਸੀ ਕਿਸ ਤਰਾਂ ਹੱਥ ਅੱਡਣ ਲਈ ਮਜਬੂਰ ਕਰਨ ਦੀ ਕੋਸਿਸ ਕੀਤੀ ਜਾ ਰਹੀ ਹੈ। ਕਿਰਤੀ ਲੋਕਾਂ ਦਾ ਗੁਰੂਆਂ ਦਾ ਵਰੋਸਾਇਆ ਪੰਜਾਬ ਘਸਿਆਰਾ ਬਣਾਇਆ ਜਾ ਰਿਹਾ ਹੈ। ਆਪਣੇ ਵਿੱਚੋਂ ਇਮਾਨਦਾਰ ਅਗਵਾਈ ਪੈਦਾ ਕਰਨ ਤੋਂ ਨਿਪੁੰਸਕ ਕੀਤਾ ਜਾ ਰਿਹਾ ਹੈ, ਦੂਸਰਿਆਂ ਸੂਬਿਆਂ ਦੇ ਆਗੂ ਇਸਦੀ ਅਗਵਾਈ ਹੱਥਾ ਵਿੱਚ ਲੈਣ ਜਾ ਰਹੇ ਹਨ, ਪੰਜਾਬੀਆਂ ਲਈ ਡੁੱਬ ਮਰਨ ਵਾਲੀ ਗੱਲ ਹੈ। ਰਾਜ ਕਰੇਗਾ ਖਾਲਸਾ ਆਕੀ ਰਹੇ ਨਾਂ ਕੋਈ ਵਾਲੇ ਨਾਹਰੇ ਵਾਲੀ ਕੌਮ ਨੂੰ ਦਿੱਲੀ ਯੂਪੀ ਅਤੇ ਬਿਹਾਰੀ ਲੋਕ ਕਾਬਜ ਹੋਣ ਦੇ ਦਮ ਭਰ ਰਹੇ ਹਨ ਕੀ ਅਸੀਂ ਸੱਚਮੁੱਚ ਹੀ ਗੁਰੂਆਂ ਦੀ ਸੋਚ ਨੂੰ ਬੇਦਾਵਾ ਲਿਖ ਦਿੱਤਾ ਹੈ? ਕੀ ਪੰਜਾਬੀ ਪੰਜਾਬ ਵਿੱਚੋਂ ਹੀ ਨਵੀਂ ਅਗਵਾਈ ਪੈਦਾ ਕਰਨ ਦੇ ਯੋਗ ਨਹੀਂ ਰਹੇ? ਕੀ ਅਸੀ ਸਾਡੇ ਰਾਹੋਂ ਭਟਕੇ ਅਤੇ ਵਿਗੜੇ ਆਗੂਆਂ ਨੂੰ ਸਬਕ ਸਿਖਾਉਣ ਤੋਂ ਵੀ ਅਸਮਰਥ ਕਰ ਦਿੱਤੇ ਗਏ ਹਾਂ? ਜੇ ਇਸ ਤਰਾਂ ਸੱਚ ਮੁੱਚ ਹੀ ਹੋਣ ਜਾ ਰਿਹਾ ਹੈ ਤਦ ਸਾਨੂੰ ਆਪਣੇ ਗੁਰੂਆਂ ਫਕੀਰਾਂ ਨੂੰ ਕਹਿ ਹੀ ਦੇਣਾਂ ਚਾਹੀਦਾ ਹੈ ਕਿ ਹੁਣ ਅਸੀਂ ਉਹ ਨਹੀਂ ਰਹੇ ਅਸੀਂ ਸੱਚਮੁੱਚ ਹੀ ਬਦਲ ਗਏ ਹਾਂ ? ਗੁਰਚਰਨ ਸਿੰਘ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ                     

Monday, 4 April 2016

ਜੁਝਾਰੂ ਪੰਜਾਬੀਉ ਪੰਜਾਬ ਪੰਜਾਬੀਆਂ ਦੀ ਇਮਾਨਦਾਰ ਤੀਜੀ ਧਿਰ ਭਾਲਦਾ ਹੈ

                        
   ਪੰਜਾਬ ਦੇ ਵਰਤਮਾਨ ਰਾਜਨੀਤਕ ਹਲਾਤ ਆਉਣ ਵਾਲੇ ਪੰਜ ਸਾਲਾਂ ਲਈ ਘੁੰਮਣ ਘੇਰੀਆਂ ਸਿਰਜਣ ਵਾਲੇ ਦਿਖਾਈ ਦੇ ਰਹੇ ਨੇਂ। ਅਕਾਲੀ ਦਲ ਤੋਂ ਨਰਾਜ ਜਨਤਾ ਕਾਂਗਰਸ਼ ਵੱਲੋਂ ਵੀ ਸੰਭਾਲੀ ਜਾਂਦੀ ਦਿਖਾਈ ਨਹੀਂ ਦੇ ਰਹੀ। 2014 ਵਿੱਚ ਇਹਨਾਂ ਦੋਨਾਂ ਪਾਰਟੀਆਂ ਨੂੰ ਬਰਾਬਰ ਦੀ ਟੱਕਰ ਦੇਣ ਵਾਲੀ ਤੀਜੀ ਧਿਰ ਬਹੁਤ ਸਾਰੀਆਂ ਆਸਾਂ ਉਮੀਦਾਂ ਜਗਾ ਗਈ ਸੀ ਪੰਜਾਬ ਦੇ ਤੀਜੀ ਧਿਰ ਸਥਾਪਤ ਕਰਨ ਵਾਲੇ ਲੋਕਾਂ ਲਈ। ਇਹ ਬਰਾਬਰ ਦੀ ਟੱਕਰ ਆਮ ਆਦਮੀ ਪਾਰਟੀ ਦੇ ਖਾਤੇ ਗਈ ਜਰੂਰ ਸੀ ਪਰ ਇਹ ਨਾਂ ਤਾਂ ਕੋਈ ਕੇਜਰੀਵਾਲ ਦਾ ਕਿ੍ਸ਼ਮਾ ਸੀ ਅਤੇ ਨਾਂ ਹੀ ਆਪ ਪਾਰਟੀ ਦਾ ਬਲਕਿ ਇਹ ਤਾਂ ਪੰਜਾਬੀ ਲੋਕਾਂ ਦਾ ਸਥਾਪਤ ਧਿਰਾਂ ਅਕਾਲੀ ਅਤੇ ਕਾਂਗਰਸ਼ ਖਿਲਾਫ ਉੱਠ ਰਹੇ ਰੋਹ ਦਾ ਪਰਤੀਕ ਸੀ। ਜੇ ਕੇਜਰੀਵਾਲ ਦੀ ਲਹਿਰ ਹੁੰਦੀ ਤਦ ਉਹ ਦਿੱਲੀ ਵਿੱਚ ਕਦੇ ਨਾਂ ਹਾਰਦਾ ਅਤੇ ਵਾਰਾਣਸੀ ਵਿੱਚ ਖੂਬ ਟੱਕਰ ਦਿੰਦਾਂ ਪਰ ਉਹ ਤਾਂ ਹਰ ਥਾਂ ਹਾਰਿਆ ਸੀ। ਪੰਜਾਬ ਵਿੱਚ ਜਿੱਤ ਉਸਦੀ ਨਹੀਂ  ਬਲਕਿ ਪੰਜਾਬੀਆਂ ਦੀ ਸੀ ਜੋ ਅੱਜ ਵੀ ਪੰਜਾਬ ਵਿੱਚ ਨਵੀਂ ਕਰਾਂਤੀਕਾਰੀ ਅਤੇ ਇਮਾਨਦਾਰ ਲੋਕਾਂ ਦੀ ਕਿਸੇ ਨਵੀਂ ਧਿਰ ਨੂੰ ਜੀ ਆਇਆਂ ਨੂੰ ਕਹਿਣ ਨੂੰ ਤਿਆਰ ਬੈਠੀ ਹੈ।  ਆਮ ਆਦਮੀ ਪਾਰਟੀ ਦਿਨੋਂ ਦਿਨ ਇਸਦੇ ਲਾਲਚੀ ਅਤੇ ਕੱਚ ਘਰੜ ਲੀਡਰਾਂ ਕਾਰਨ ਗਿਰਾਵਟ ਵੱਲ ਜਾ ਰਹੀ ਹੈ। ਇਸਦੇ ਵਿੱਚ ਪੰਜਾਬੀ ਲੋਕਾਂ ਨੂੰ ਦਰ ਕਿਨਾਰ ਕਰਕੇ ਤਨਖਾਹ ਦਾਰ ਪਰਦੇਸੀ ਲੋਕ ਪੰਜਾਬੀਆਂ ਤੇ ਹਕੂਮਤ ਕਰ ਰਹੇ ਹਨ। ਪੰਜਾਬ ਵਿਰੋਧੀ ਧਿਰਾਂ ਨਾਲ ਕੇਜਰੀਵਾਲ ਦੀ ਯਾਰੀ ਨੰਗੀ ਹੋਈ ਜਾ ਰਹੀ ਹੈ। ਅਣਖੀ ਲੋਕ ਪਾਰਟੀ ਤੋਂ ਕਿਨਾਰਾ ਕਰ ਰਹੇ ਹਨ ਚਮਚਾ ਅਤੇ ਦਲਾਲ ਕਿਸਮ ਦੇ ਲੋਕਾਂ ਨੇ ਆਪ ਤੇ ਕਬਜਾ ਕਰ ਲਿਆ ਹੈ। ਨਿੱਤ ਦੂਸਰੀਆਂ ਪਾਰਟੀਆਂ ਦੇ ਭਗੌੜੇ ਅਤੇ ਏਜੰਟ ਇਸ ਵਿੱਚ ਸਾਮਲ ਹੋ ਰਹੇ ਹਨ। ਨਵੀਆਂ ਪਿਰਤਾਂ ਪਾਉਣ ਵਾਲੇ ਪੰਜਾਬੀ ਭਰੇ ਪੀਤੇ ਬੈਠੇ ਹਨ ਇਹੋ ਜਿਹੇ ਹਲਾਤਾਂ ਨੂੰ ਦੇਖਕੇ।
                             ਇਹੋ ਜਿਹੇ ਸਮੇਂ ਤੇ ਨਿਰਾਸ਼ ਅਤੇ ਨਰਾਜ ਹੋ ਕੇ ਘਰ ਬੈਠੇ ਉਹਨਾਂ ਜੁਝਾਰੂ ਲੋਕਾਂ ਨੂੰ ਜਿੰਹਨਾਂ ਆਪ ਨੂੰ 2014 ਵਿੱਚ ਮਦਦ ਕੀਤੀ ਸੀ ਅਤੇ ਤੀਜੀ ਧਿਰ ਦੇ ਜੁਝਾਰੂ ਲੋਕਾਂ ਨੂੰ  ਇਕੱਠੇ ਹੋਕੇ ਪੰਜਾਬ ਪੰਜਾਬੀ ਪੰਜਾਬੀਅਤ ਦੇ ਆਸੇ ਥੱਲੇ ਇਕੱਠੇ ਹੋਕੇ ਨਵਾਂ ਬਦਲ ਦੇਣ ਦੀ ਕੋਸਿਸ ਕਰਨੀਂ ਚਾਹੀਦੀ ਹੈ। ਇਸ ਵਕਤ ਜੇ ਨਿਰਾਸ਼ ਹੋਕੇ ਬੈਠ ਗਏ ਤਦ ਪੰਜਾਬ ਦੀ ਭਵਿੱਖ ਦੀ ਤਬਾਹੀ ਅਤੇ ਬਿਗਾਨੇ ਹੱਥਾਂ ਵਿੱਚ ਜਾ ਰਹੇ ਪੰਜਾਬ ਦੀ ਕਿਸਮਤ ਨੂੰ ਹਨੇਰੇ ਵਿੱਚ ਧੱਕਣ ਦੇ ਜੁੰਮੇਵਾਰ ਵੀ ਇਹ ਸੂਰਮੇ ਲੋਕ ਹੀ ਗਰਦਾਨੇ ਜਾਣੇ ਹਨ । ਇਤਿਹਾਸ ਕਦੇ ਕਿਸੇ ਨੂੰ ਮਾਫ ਨਹੀਂ ਕਰਦਾ ਅਤੇ ਨਾਂ ਹੀ ਕਿਸੇ ਨਾਲ ਲਿਹਾਜਾਂ ਪੂਰਦਾ ਹੈ। ਵਿਦੇਸਾਂ ਵਿੱਚ ਬੈਠੇ ਸਿਆਣੇ ਸੂਝਵਾਨ ਲੋਕ ਜੋ ਝਾੜੂ ਦੇ ਨਾਂ ਥੱਲੇ ਆਪਣੀ ਕਮਾਈ ਦਾ ਵੱਡਾ ਹਿੱਸਾ ਵਾਰ ਚੁੱਕੇ ਹਨ ਵੀ ਸਪੱਸਟ ਸਮਝ ਚੁੱਕੇ ਹਨ ਕਿ ਇਹ ਪਾਰਟੀ ਉਹ ਨਹੀਂ ਰਹੀ ਜੋ ਉਹ ਸੋਚਦੇ ਅਤੇ ਚਾਹੁੰਦੇ ਸਨ। ਇਹਨਾਂ ਵੀਰਾਂ ਨੂੰ ਵੀ ਦੁਬਾਰਾ ਹੰਭਲਾ ਮਾਰਕੇ ਪੰਜਾਬ ਦੇ ਪ੍ਰਤੀ ਸੁਹਿਰਦ ਧਿਰਾਂ ਨੂੰ ਸਹਿਯੋਗ ਅਤੇ ਸਲਾਹ ਦੇਕੇ ਖੜਾ ਕਰਨ ਵਿੱਚ ਯੋਗਦਾਨ ਦੇਣਾਂ ਚਾਹੀਦਾ ਹੈ। ਵਰਤਮਾਨ ਸਮੇਂ ਦੇ ਸੋਸ਼ਲ ਮੀਡੀਆ ਰਾਂਹੀ ਭਵਿੱਖ ਦੇ ਆਗੂਆਂ ਦਾ ਇੱਕ ਵਿਸ਼ਾਲ ਵਰਗ ਲੱਭਿਆ ਜਾ ਸਕਦਾ ਹੈ ਜਿਹੜੇ ਅੱਗੇ ਆਮ ਲੋਕਾਂ ਵਿੱਚੋਂ ਜੁਝਾਰੂ ਲੋਕਾਂ ਨੂੰ ਤਿਆਰ ਕਰ ਸਕਦਾ ਹੈ ਅਤੇ ਤੋਰਨ ਦੀ ਵੀ ਸਮਰਥਾ ਰੱਖਦਾ ਹੈ।
                                 ਪੰਜਾਬ ਦੀ ਤੀਜੀ ਧਿਰ ਦੇ ਵਾਰਿਸੋ ਮੈਂ ਇੱਕ ਆਮ ਸਧਾਰਨ ਪੰਜਾਬੀ ਹੋਣ ਦੇ ਨਾਤੇ ਤੁਹਾਨੂੰ ਜੁਝਾਰੂ ਸਿਆਣੇ ਅਤੇ ਸਮਝਦਾਰ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਹੁਣ ਵਕਤ ਉਡੀਕਣ ਦਾ ਨਹੀਂ ਉੱਠਣ ਅਤੇ ਤੁਰਨ ਦਾ ਹੈ। ਧਰਮਵੀਰ ਗਾਂਧੀ ਜੀ ਹੁਣ ਮਰੀਜ ਦੇਖਣ ਦਾ ਕੰਮ ਛੱਡੋ ਬਿਮਾਰ ਪੰਜਾਬ ਨੂੰ ਠੀਕ ਕਰਨ ਲਈ ਇੱਕ ਪਲੇਟਫਾਰਮ ਬਨਾਉਣ ਦੀ ਸੋਚੋ। ਤੁਹਾਨੂੰ ਰਹਿੰਦੀ ਉਮਰ ਤੱਕ ਪੈਨਸ਼ਨਾਂ ਅਤੇ ਸਹੂਲਤਾਂ ਦਾ ਪਰਬੰਧ ਹੋ ਚੁੱਕਿਆ ਹੈ । ਤੁਹਾਡੇ ਕੋਲੋਂ ਦਵਾਈਆਂ ਲੈਣ ਆਉਣ ਵਾਲੇ ਗਿਣਤੀ ਦੇ ਲੋਕਾਂ ਦੀ ਥਾਂ ਸਮੁੱਚੇ ਪੰਜਾਬੀਆਂ ਦੇ ਦੁੱਖ ਸੁਣਨ ਵਾਲੇ ਪਲੇਟ ਫਾਰਮ ਤਿਆਰ ਕਰਨ ਦੀ ਜੁੰਮੇਵਾਰੀ ਆ ਪਈ ਹੈ। ਫੈਸਲਾ ਤੁਹਾਡੇ ਹੱਥ ਹੈ ਕਿ ਪਟਿਆਲੇ ਦੇ ਕੁੱਝ ਮਰੀਜ ਦੇਖਣੇ ਹਨ ਜਾਂ ਸਮੁੱਚੇ ਪੰਜਾਬੀਆਂ ਦਾ ਸਾਝਾਂ ਦੁੱਖ ਦੂਰ ਕਰਨਾਂ ਹੈ।
                ਤੀਜੀ ਧਿਰ ਦੇ ਬਾਕੀ ਸਾਰੀਆਂ ਧਿਰਾਂ ਦੀ ਨੁਮਾਇੰਦਗੀ ਕਰਦੇ ਰਿਟਾਇਰ ਹੋ ਚੁੱਕੇ ਜਥੇਬੰਦਕ ਮੁਲਾਜਮ ਆਗੂਉ ਤੁਸੀਂ ਵੀ ਇਹ ਸੇਵਾ ਲੈਕੇ ਆਪਣਾਂ ਜੀਵਨ ਸਫਲਾ ਕਰ ਸਕਦੇ ਹੋ ਜੇ ਪੰਜਾਬ ਪੰਜਾਬੀਅਤ ਦਾ ਮਾੜਾ ਮੋਟਾ ਦਰਦ ਤੁਹਾਡੇ ਅੰਦਰ ਹੈ। ਪੰਜਾਬ ਮਜਬੂਤ ਤੀਜੀ ਧਿਰ ਵਾਸਤੇ ਇਸ ਵਕਤ ਤਿਆਰ ਖੜਾ ਹੈ। ਪੰਜਾਬ ਪਰੀਵਾਰ ਪਰਸਤਾਂ ਅਤੇ ਦਿੱਲੀ ਦੇ ਗੁਲਾਮ ਆਗੂਆਂ ਵਾਲੀਆਂ ਧਿਰਾਂ ਤੋਂ ਮੁਕਤੀ ਭਾਲਦਾ ਹੈ। ਪੰਜਾਬ ਪੰਜਾਬੀ ਪੰਜਾਬੀਅਤ ਦੀ ਸੋਚ ਵਾਲਿਆਂ ਨੂੰ ਇਕੱਠੇ ਹੋਕੇ ਜੂਝਣ ਦੀ ਸੱਦ ਪਾ ਰਿਹਾ ਹੈ। ਵਰਤਮਾਨ ਸਮਾਂ ਕਿਸੇ ਨੋਟਾ ਵਰਗੇ ਜੁਮਲੇ ਦੇ ਨਾਂ ਥੱਲੇ ਲੋਕਤੰਤਰ ਦੀ ਹੱਤਿਆ ਨਹੀਂ ਭਾਲਦਾ ਇਹ ਸਮਾਂ ਵੋਟ ਨੂੰ ਹਥਿਆਰ ਬਨਾਉਣ ਦਾ ਹੈ । ਵਰਤਮਾਨ ਰਾਜਸੱਤਾ ਵੋਟ ਨਾਲ ਹਾਸਲ ਹੁੰਦੀ ਕਿਸੇ ਹਥਿਆਰ ਨਾਲ ਨਹੀਂ ਨਾਂ ਹੀ ਕਿਸੇ ਨੋਟਾ ਦੀ ਵਰਤੋ ਨਾਲ ਸਰਕਾਰ ਬਨਣੋਂ ਰੁਕਦੀ ਹੈ। ਮੇਰੇ ਵਰਗਾ ਸਧਾਰਨ ਪੰਜਾਬੀ ਤਾਂ ਇਹ ਸੋਚਦਾ ਹੈ। ਤੀਜੀ ਧਿਰ ਅਤੇ ਛੋਟੀਆਂ ਛੋਟੀਆਂ ਜਥੇਬੰਦੀਆਂ ਬਣਾਕਿ ਜੂਝਣ ਵਾਲਿਉ ਤੁਸੀਂ ਕੀ ਸੋਚਦੇ ਹੋ? ਕੀ ਤੁਸੀਂ ਆਪੋ ਆਪਣੀਆਂ ਡਫਲੀਆਂ ਵਜਾਕਿ ਤਮਾਸਿਆ ਦੀ ਖੇਡ ਨਾਲ ਹੀ ਖੁਸ਼ ਹੋ ਅਤੇ ਆਪਣੇ ਪਿੱਛੇ ਤੁਰਨ ਵਾਲਿਆਂ ਨੂੰ ਰਾਹ ਤੋਂ ਭਟਕਾਉਦੇ ਰਹੋਗੇ ਜਾਂ ਆਪ ਅਤੇ ਆਪਣਿਆਂ ਨੂੰ ਇੱਕ ਵੱਡੇ ਕਾਫਲੇ ਦੇ ਜਰਨੈਲ ਅਤੇ ਸਿਪਾਹੀ ਬਣਾਕਿ ਪੰਜਾਬ ਦੀ ਰਾਜਸੱਤਾ ਤੇ ਕਬਜਾ ਕਰਨ ਦਾ ਯਤਨ ਕਰੋਗੇ। ਪੰਜਾਬ ਦੀ ਕਰਜਾਈ , ਨਸਿਆਂ ਨਾਲ ਬੇਅਣਖੀ ਹੁੰਦੀ ਜਾ ਰਹੀ ਲੋਕਾਈ ਨੂੰ ਆਉ ਅਗਵਾਈ ਦਿਉ ਪੰਜਾਬ ਦੀ ਮਿੱਟੀ ਦੀ ਮਹਿਕ ਤੁਹਾਡੇ ਲਲਕਾਰੇ ਦੀ ਅੱਜ ਵੀ ਉਡੀਕ ਕਰ ਰਹੀ ਹੈ। ਆਉ ਉੱਠੋ ਤੁਰੋ ਜਿੱਤ ਤੁਹਾਡੀ ਪੈੜ ਚਾਲ ਦੀ ਧਮਕ ਸੁਣਨਾਂ ਲੋਚਦੀ ਹੈ ਕੀ ਤੁਸੀ ਹਾਲੇ ਵੀ ਨਹੀਂ ਤੁਰੋਗੇ? ਸਮਾਂ ਤੁਹਾਡੇ ਹੁੰਗਾਰਿਆਂ ਦੀ ਉਡੀਕ ਕਰ ਰਿਹਾ ਹੈ। 
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ