Friday, 26 February 2016

ਗੁਰੂ ਤੇਗ ਬਹਾਦਰ ਦੀ ਚਰਨ ਛੋਹ ਪਰਾਪਤ ਮਾਲਵੇ ਦਾ ਮਸਹੂਰ ਪਿੰਡ ਪੱਖੋ ਕਲਾਂ

ਪੰਜਾਬੀ ਟਿ੍ਰਬਿਊਨ
                                       
                                   ਪੁਰਾਤਨ ਇਤਿਹਾਸ ਦੱਸਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਆਸੀਰਵਾਦ ਨਾਲ ਸਿੱਧੂ ਗੋਤ ਵਾਲਿਆਂ ਦਾ ਮਹਿਰਾਜ ਪਿੰਡ ਵਸਿਆ ਸੀ ਜਿਸ ਬਾਰੇ ਕਿਹਾ ਜਾਦਾਂ  ਹੈ ਕਿ ਇਸ  ਵਿੱਚੋਂ ਲੱਗਭੱਗ 22 ਪਿੰਡ ਅੱਗੇ ਆਬਾਦ ਹੋਏ ਜਿਸਨੂੰ ਬਾਹੀਆ ਕਹਿਕੇ ਵੀ ਯਾਦ ਕੀਤਾ ਜਾਂਦਾ ਹੈ ਇਸ ਬਾਹੀਏ ਦੀ ਲੜੀ ਵਿੱਚੋਂ ਹੀ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਕਾਲੇ ਦੀ ਬੰਸ ਵਿੱਚੋਂ ਬਾਸੋ ਨਾਂ ਦੇ ਵਿਅਕਤੀ ਨੇ ਪੱਖੋ ਪਿੰਡ ਦੀ ਮੋੜੀ ਗੱਡੀ ਸੀ ਅਤੇ ਉਸਦਾ ਭਰਾ ਸਾਗਰ ਵੀ ਉਸਦੇ ਨਾਲ ਇੱਥੇ ਆਕੇ ਰਹਿਣ ਲੱਗਿਆਂ ਸੀ ਜਿੰਹਨਾਂ ਦੇ ਨਾਂ ਤੇ ਅੱਜ ਵੀ ਦੋ ਅਗਵਾੜਾਂ ਦੇ ਨਾਂ ਮੌਜੂਦ ਹਨ। ਵਰਤਮਾਨ ਸਮੇਂ ਬਰਨਾਲਾ ਮਾਨਸਾ ਸੜਕ ਤੇ ਸਥਿਤ ਇਹ ਪਿੰਡ ਬਰਨਾਲਾ ਤੋਂ 22 ਮਾਨਸਾ ਤੋਂ 28 ਕਿਲੋਮੀਟਰ ਦੂਰ ਹੈ।  ਪਿੰਡ ਪੱਖੋ ਕਲਾਂ ਵਿੱਚੋਂ ਸਹਿਣੇ ਭਦੌੜ ਦੇ ਨਜਦੀਕ ਛੋਟੀ ਪੱਖੋ ਜਾਂ ਪੱਖੋ ਕੇ ਪਿੰਡ ਵੀ ਵਸਿਆ ਹੈ ।  ਗੁਰੂ ਤੇਗ ਬਹਾਦਰ ਦੀ ਚਰਨ ਛੋਹ ਪ੍ਰਾਪਤ ਇਹ ਪਿੰਡ ਮਾਲਵੇ ਦਾ ਮਸਹੂਰ ਅਤੇ ਵੱਡਾ ਪਿੰਡ ਹੈ। ਮਾਲਵੇ ਦੇ ਦੌਰੇ ਦੌਰਾਨ ਗੁਰੂ ਤੇਗ ਬਹਾਦਰ ਜੀ ਢਿਲਵਾਂ ਪਿੰਡ ਤੋਂ ਜੋਗਾ ਪਿੰਡ ਨੂੰ ਜਾਂਦਿਆਂ ਪੱਖੋ ਕਲਾਂ ਦੇ ਖੇਤਾਂ ਵਿੱਚ ਇੱਕ ਦਰੱਖਤ ਥੱਲੇ ਠਹਿਰੇ ਸਨ ਜਿੱਥੇ ਅੱਜ ਕਲ ਇੱਕ ਸੁੰਦਰ ਗੁਰਦੁਆਰਾ ਸਾਹਿਬ ਬਣ ਚੁਕਿਆ ਹੈ। ਕੌਰਵ ਪਾਡਵਾਂ ਦੀ ਲੁਕਣ ਸਥੱਲੀ ਪੁਲਾੜੇ ਨਾਂ ਦਾ ਇਤਿਹਾਸਕ ਧਾਰਮਿਕ ਅਸਥਾਨ ਜੋਗਾ ਅਤੇ ਪੱਖੋਕਲਾਂ ਪਿੰਡ ਦੀ ਲੱਗਭੱਗ ਸਾਂਝੀ ਹੱਦ ਤੇ ਹੈ । ਪੱਖਕਲਾਂ ਤੋਂ ਜੋਗਾ ਨੂੰ ਜਾਣ ਸਮੇਂ ਗੁਰੂ ਤੇਗ ਬਹਾਦਰ ਇਸ ਰਸਤੇ ਅਤੇ ਇਸ ਤੀਰਥ ਸਥਾਨ ਰਾਂਹੀ ਲੰਘੇ ਮੰਨੇ ਜਾਂਦੇ ਹਨ।
                        ਅੱਜ ਬਰਨਾਲਾ ਜਿਲੇ ਦਾ ਹਿੱਸਾ ਬਣਿਆ ਇਹ ਪਿੰਡ ਲੱਗ ਭੱਗ 10000 ਦੀ ਆਬਾਦੀ ਨੂੰ ਸੰਭਾਲੀ ਬੈਠਾ ਹੈ ਆਪਣੀ ਬੁੱਕਲ ਵਿੱਚ । ਇਸਦਾ ਰਕਬਾ 7500 ਏਕੜ ਹੈ ਜੋ ਸਾਰੇ ਦਾ ਸਾਰਾ ਟਿੱਬਿਆਂ ਤੋਂ ਇੱਥੋਂ ਦੇ ਮਿਹਨਤੀ ਲੋਕਾਂ ਨੇ ਬਹੁਤ ਹੀ ਉਪਜਾਊ ਭੂਮੀ ਵਿੱਚ ਬਦਲ ਦਿੱਤਾ ਹੈ। ਦੋ ਲੱਖ ਕੁਇੰਟਲ ਜੀਰੀ ਪੈਦਾ ਕਰਨ ਵਾਲਾ ਇਹ ਪਿੰਡ ਡੇਢ ਲੱਖ ਕੁਇੰਟਲ ਕਣਕ ਪੈਦਾ ਕਰਕੇ ਪੰਜਾਬ ਦਾ ਨਾਂ ਉੱਚਾ ਕਰਦਾ ਹੈ । ਇਸ ਤੋਂ ਇਲਾਵਾ ਨਰਮੇ ਅਤੇ ਆਲੂ ਉਤਪਾਦਨ ਵਿੱਚ ਵੀ ਮੋਹਰੀ ਰੋਲ ਅਦਾ ਕਰਦਾ ਹੈ। 40 ਤੋਂ 50 ਕਰੋੜ ਦੇ ਦਰਮਿਆਨ ਸਲਾਨਾ ਖੇਤੀ ਪੈਦਾਵਾਰ ਪੈਦਾ ਕਰਕੇ ਮੰਡੀਕਰਨ ਬੋਰਡ ਦੀ ਆਮਦਨ ਵਿੱਚ ਸਾਢੇ ਤਿੰਨ ਕਰੋੜ ਦੇ ਲੱਗਭੱਗ ਟੈਕਸ ਦਾ ਯੋਗਦਾਨ ਪਾਉਂਦਾ ਹੈ। ਇਸ ਪਿੰਡ ਵਿੱਚ ਸਰਾਬ ਦੇ ਠੇਕੇ ਤੋਂ ਸਰਕਾਰ ਨੂੰ 50 ਲੱਖ ਅੇਕਸਾਈਜ ਟੈਕਸ ਪਰਾਪਤ ਹੁੰਦਾਂ ਹੈ ਜਿਸ ਦੇ ਲਈ ਇੱਕ ਕਰੋੜ ਦੀ ਸਰਾਬ ਵਿਕਦੀ ਹੈ। ਇਸ ਪਿੰਡ ਵਿੱਚ ਦੋ ਬੈਕਾਂ ਇੱਕ ਕੋਆਪਰੇਟਿਵ ਸੋਸਾਇਟੀ ਜਿਸਦੇ 900 ਦੇ ਲੱਗਭੱਗ ਮੈਂਬਰ ਹਨ। ਇਹਨਾਂ ਬੈਕਿੰਗ ਅਦਾਰਿਆਂ ਦਾ ਲੱਗਭੱਗ 100 ਕਰੋੜ ਦਾ ਕਰਜਾ ਪੰਡ ਵਾਸੀਆਂ ਨੂੰ ਦਿੱਤਾ ਹੋਇਆ ਹੈ ਜਿਸ ਉਪਰ ਦਸ ਕਰੋੜ ਦੇ ਕਰੀਬ ਵਿਆਜ ਆਮ ਲੋਕ ਭਰ ਰਹੇ ਹਨ। ਪਿੰਡ ਵਿੱਚ ਪੰਜ ਗੁਰਦੁਵਾਰਾ ਸਾਹਿਬ ਦੋ ਮੰਦਿਰ ਚਾਰ ਡੇਰੇ ਦੋ ਗਊ ਸਾਲਾਵਾਂ ਸੱਤ ਧਰਮ ਸਲਾਵਾਂ ਹਨ। ਸਰਕਾਰ ਵੱਲੋਂ ਇਸ ਪਿੰਡ ਵਿੱਚ ਤਿੰਨ ਪਟਵਾਰੀ ਨਿਯੁੱਕਤ ਕੀਤੇ ਹੋਏ ਹਨ ਜੋ ਇਸਦੇ ਵਿਸਾਲ ਹੋਣ ਦੀ ਗਵਾਹੀ ਹੈ। ਆਧੁਨਿਕਤਾ ਵਾਲੇ ਮਸੀਨੀ ਯੁੱਗ ਨਾਲ ਪੈਰ ਮੇਲਕੇ ਤੁਰਨ ਵਾਲਾ ਇਹ ਪਿੰਡ  500 ਟਰੈਕਟਰ 700 ਬਿਜਲੀ ਆਧਾਰਤ ਟਿਊਬਵੈਲ 70 ਦੇ ਕਰੀਬ ਕੰਬਾਈਨਾਂ ਨਾਲ ਲੈਸ ਜੈ ਕਿਸਾਨ ਦਾ ਨਾਹਰਾ ਸੱਚ ਕਰ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਤਕਨੀਕੀ ਯੁੱਗ ਲਈ ਆਪਣੇ ਬੱਚਿਆਂ ਨੂੰ ਤਿਆਰ ਬਰ ਤਿਆਰ ਕਰਨ ਲਈ ਇੱਥੇ ਦੋ ਵੱਡੀ ਗਿਣਤੀ ਰੱਖਣ ਵਾਲੇ ਸੀਨੀਅਰ ਸੈਕੰਡਰੀ ਸਕੂਲ ਹਨ ਜਿੰਨਾਂ ਵਿੱਚ 3000 ਬੱਚੇ ਸਿੱਖਿਆ ਲੈ ਰਹੇ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ ਵਿੱਚ ਬਹੁਤ ਵਧੀਆ ਤਰੀਕੇ ਨਾਲ ਸਫਲਤਾ ਪੂਰਬਕ ਸਾਇੰਸ ਗਰੁੱਪ ਦੀ ਪੜਾਈ ਵੀ ਕਰਵਾਈ ਜਾਂਦੀ ਹੈ ਜਿਸ ਕਾਰਨ ਅਨੇਕਾਂ ਬੱਚੇ ਦੇਸ਼ ਦੇ ਉੱਚ ਅਦਾਰਿਆਂ ਅਤੇ ਕੰਪਨੀਆਂ ਦੇ ਮੈਡੀਕਲ ਅਤੇ ਇੰਜਨੀਅਰ ਖੇਤਰ ਵਿੱਚ ਪਹੁੰਚ ਚੁਕੇ ਹਨ। ਇਹਨਾਂ ਤੋਂ ਬਿਨਾਂ ਚਾਰ ਹੋਰ ਸਕੂਲ ਵੀ ਸਫਲਤਾ ਨਾਲ ਚੱਲ ਰਹੇ ਹਨ। ਇਸ ਪਿੰਡ ਦੇ 250 ਸਾਲ ਪਹਿਲਾਂ ਹੋਏ ਪੂਜਣਯੋਗ  ਇਤਿਹਾਸਕ ਸੰਤ ਪੁਰਸ ਬਾਬਾ ਲੌਗਪੁਰੀ ਜਿੰਹਨਾਂ ਆਪਣੇ ਸੇਵਕ ਦੀ ਆਖੀ ਹੋਈ ਗੱਲ ਦੇ ਕਾਰਨ ਹੀ ਜਿਉਂਦਿਆਂ ਕਬਰ ਲੈ ਲਈ ਸੀ ਦੇ ਡੇਰੇ ਦੀ ਸਰਪ੍ਰਸਤੀ ਵਿੱਚ ਚਲਾਏ ਜਾ ਰਹੇ ਸੀਨੀਅਰ ਸੈਕੰਡਰੀ ਸਕੂਲ ਦਾ ਆਧੁਨਿਕ ਵਿੱਦਿਆ ਦੇਣ ਵਿੱਚ ਬਹੁਤ ਵੱਡਾ ਯੋਗਦਾਨ ਹੈ ਜੋ ਕਿ ਇਸ ਸਮੇਂ ਵੱਡੀਆਂ ਪੁਲਾਂਘਾਂ ਪੁੱਟ ਰਿਹਾ ਹੈ। ਇਲਾਕੇ ਦੇ ਤਕਰੀਬਨ 1800 ਬੱਚੇ ਇਸ ਇਕੱਲੇ ਸਕੂਲ ਵਿੱਚ ਵਿੱਦਿਆ ਪ੍ਰਾਪਤ ਕਰ ਰਹੇ ਹਨ। ਪਿੰਡ ਦੇ ਲੋਕਾਂ ਦੁਆਰਾ ਚੁਣੀ ਹੋਈ ਪਰਬੰਧਕ ਕਮੇਟੀ ਸੰਤ ਲੌਗਪੁਰੀ ਸਕੂਲ ਟਰੱਸਟ ਦੇ ਨਾਂ ਨਾਲ ਇਸਨੂੰ ਚਲਾ ਰਹੀ ਹੈ।
                ਪਿੰਡ ਦੇ ਲੋਕ ਵਿਕਾਸ ਵਾਦੀ ਸੋਚ ਰੱਖਦੇ ਹਨ ਜਿਸ ਕਾਰਨ ਬਹੁਤ ਸਾਰੇ ਪ੍ਰੀਵਾਰ ਟਰਾਂਸਪੋਰਟ ਦੇ ਧੰਦੇ ਵਿੱਚ ਹੱਥ ਅਜਮਾ ਰਹੇ ਹਨ। ਦੇਸ ਦੀ ਰਾਜਧਾਨੀ ਵਿੱਚ ਕਾਮਯਾਬੀ ਨਾਲ ਇਹ ਧੰਦਾ ਕਰਨ ਵਾਲਾ ਇੱਕ ਪ੍ਰੀਵਾਰ ਦਿੱਲੀ ਵਾਲਿਆਂ ਦੇ ਨਾਂ ਨਾਲ ਮਸਹੂਰ ਹੈ। ਕੁਝ ਪ੍ਰੀਵਾਰ ਟਰੱਕਾਂ ਅਤੇ ਬੱਸਾਂ ਦਾ ਕਾਰੋਬਾਰ ਵੀ ਸਫਲਤਾ ਨਾਲ ਕਰ ਰਹੇ ਹਨ। ਪਿੰਡ ਦੇ ਪਿਛੜੇ ਵਰਗ ਵਿੱਚੋਂ ਕਾਫੀ ਲੋਕ ਮਿਹਨਤੀ ਅਤੇ ਹਿੰਮਤੀ ਸੁਭਾਅ ਕਾਰਨ ਵਪਾਰ ਵਿੱਚ ਹੱਥ ਅਜਮਾ ਕੇ ਸਫਲਤਾ ਦੇ ਨਵੇਂ ਮੁਕਾਮ ਹਾਸਲ ਕਰ ਰਹੇ ਹਨ। ਰਾਜਨੀਤਕ ਸੂਝ ਬੂਝ ਦੇ ਪੱਖੋਂ ਵੀ ਪਿੰਡ ਦੇ ਲੋਕਾਂ ਵਿੱਚ ਜਾਗਰੂਕਤਾ ਦਾ ਪੱਧਰ ਬਹੁਤ ਹੀ ਉੱਚਾ ਹੈ ਕਿਉਕਿ ਪਿੰਡ ਦੇ ਲੋਕ ਉਹਨਾਂ ਪਾਰਟੀਆਂ ਨੂੰ ਵਧੇਰੇ ਸਹਿਯੋਗ ਦਿੰਦੇ ਹਨ ਜੋ ਦੇਸ ਅਤੇ ਪੰਜਾਬੀ ਕੌਮ ਲਈ ਕੁੱਝ ਚੰਗਾ ਕਰਨ ਦੀ ਗੱਲ ਕਰਦੇ ਹਨ । ਭਾਵਕਤਾ ਵੱਸ ਲਾਲਚੀ ਅਤੇ ਗੁੰਮਰਾਹ ਕੁਨ ਰਾਜਨੀਤਕਾਂ ਤੋਂ ਦੂਰੀ ਹੀ ਬਣਾਈ ਰੱਖਦੇ ਹਨ। ਪਿਡ ਦੇ ਵਿੱਚ ਰਾਜਨੀਤਕ ਖਿੱਚੋਤਾਣ ਅਤੇ ਧੜੇਬਾਜੀ ਵੀ ਬਹੁਤ ਘੱਟ ਹੈ। ਦੇਸ ਦੀ ਗੰਧਲੀ ਸਿਆਸਤ ਭਾਵੇ ਕੋਸਿਸਾਂ ਕਰਦੀ ਹੈ ਪਰ ਇੱਥੋਂ ਦੇ ਲੋਕਾਂ ਦੀ ਮਿਲਵਰਤਨ ਦੀ ਸੋਚ ਰਾਜਨੀਤਕਾਂ ਨੂੰ ਮਜਬੂਰ ਕਰਦੀ ਹੈ ਕਿ ਉਹ ਭਾਈਚਾਰੇ ਦੀ ਸੋਚ ਤੇ ਪਹਿਰਾ ਦੇਣ। ਪਿੰਡ ਵਿੱਚ ਮੌਜੂਦ ਦੋ ਕਲੱਬ ਯੁਵਕ ਸੇਵਾਵਾਂ ਅਤੇ ਸਹੀਦ ਭਗਤ ਸਿੰਘ ਲੋਕਾਂ ਦੇ ਸਹਿਯੋਗ ਸਦਕਾ ਲੋਕ ਸੇਵਾ ਵਿੱਚ ਚੰਗਾ ਕੰਮ ਕਰ ਰਹੇ ਹਨ। ਪਿੰਡ ਵਿੱਚ ਸਾਰੇ ਧਰਮਾਂ ਅਤੇ ਜਾਤੀਆਂ ਦੇ ਲੋਕ ਮਿਲਵਰਤਣ ਨਾਲ ਰਹਿੰਦੇ ਹਨ। ਸਾਰੇ ਹੀ ਆਪੋ ਆਪਣੀ ਸਮੱਰਥਾ ਅਨੁਸਾਰ ਆਪੋ ਆਪਣੇ ਕਾਰੋਬਾਰਾਂ ਵਿੱਚ ਤਰੱਕੀ ਵੱਲ ਕਦਮ ਪੁੱਟਦੇ ਹਨ। ਜਿੱਥੇ ਪਿੰਡ ਦੇ ਕਿਸਾਨਾਂ ਨੇ ਖੇਤੀ ਵਿੱਚ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ ਉੱਥੇ ਰਾਮਗੜੀਏ ਭਾਈਚਾਰੇ ਦੇ ਲੋਕਾਂ ਨੇ ਲੱਗਭੱਗ ਹਰ ਕਿਸਮ ਨਿਰਮਾਣ ਅਤੇ ਮਸੀਨਰੀ ਨਾਲ ਸਬੰਧਤ ਕੰਮਾਂ ਵਿੱਚ ਪੂਰੀ ਮੁਹਾਰਤ ਵਾਲੇ ਕਾਰੀਗਰ ਪੈਦਾ ਕੀਤੇ ਹਨ ਇਲਾਕੇ ਦੇ ਲੋਕ ਇਸ ਪਿੰਡ ਦੇ ਭਵਨ ਨਿਰਮਾਣ ਅਤੇ ਮਸੀਨਰੀ ਦੇ ਮਕੈਨਿਕਾਂ ਨੂੰ ਪਹਿਲ ਦਿੰਦੇ ਹਨ। ਕਿਸੇ ਸਮੇਂ ਰਵਿਦਾਸੀਆ ਭਾਈਚਾਰਾ ਚਮੜੇ ਦੀਆਂ ਵਧੀਆਂ ਜੁੱਤੀਆਂ ਆਂਦਿ ਬਣਾਉਣ ਦੀ ਮੁਹਾਰਤ ਰੱਖਦਾ ਸੀ ਜੋ ਕਿ ਹੁਣ ਮਸੀਨੀ ਯੁੱਗ ਆਉਣ ਕਰਕੇ  ਕਾਰੀਗਰੀ ਅਤੇ ਟੇਲਰਿੰਗ ਆਦਿ ਕਾਰੋਬਾਰਾਂ ਵੱਲ ਪੈ ਗਏ ਹਨ। ਸਖਤ ਮਿਹਨਤ ਅਤੇ ਮਜਦੂਰ ਬਣਕੇ ਚਲਾਇਆ ਜਾਣ ਵਾਲਾ ਤੂੜੀ ਦਾ ਵਪਾਰ ਵੀ ਸਾਰੇ ਵਰਗਾਂ ਦੇ ਲੋਕ ਕਰਨ ਲੱਗੇ ਹਨ ਜਿਸ ਵਿੱਚ ਉੱਚ ਦਰਜੇ ਦੀ ਕਾਮਯਾਬੀ ਹਾਸਲ ਕਰਕੇ ਪਿੰਡ ਦੀ ਆਰਥਿਕਤਾ ਮਜਬੂਤ ਕਰ ਰਹੇ ਹਨ।
                                    ਪਿੰਡ ਦੇ ਦੋ ਸਰਪੰਚਾ ਦਾ ਕੰਮ ਵੀ ਵਿਸੇਸ ਥਾਂ ਰੱਖਦਾ ਹੈ ਜਿੰਨਾਂ ਵਿੱਚ ਖਾੜਕੂਵਾਦ ਦੌਰਾਨ ਸਰਪੰਚ ਕੁਲਵੰਤ ਸਿੰਘ ਵੱਲੋਂ ਦਸ ਸਾਲ ਦੀ ਸੇਵਾ ਦੌਰਾਨ ਵਿਸੇਸ ਤਰੱਕੀ ਕੀਤੀ ਅਤੇ ਉਹਨਾਂ ਦੀ ਅਗਵਾਈ ਸਦਕਾ ਪਿੰਡ ਦੇ ਨੌਜਵਾਨ ਕਾਲੀ ਹਨੇਰੀ ਦੇ ਦੌਰ ਵਿੱਚੋਂ ਸੁਰਖਰੂ ਹੋ ਕੇ ਨਿਕਲੇ ਅਤੇ ਦੂਸਰੇ ਸਰਪੰਚ ਦਰਸਨਪਾਲ ਸਿੰਘ ਦੇ ਦਸ ਸਾਲ ਦੇ ਸਰਪੰਚੀ ਸਮੇਂ ਦੌਰਾਨ ਵੀ ਵਿਸੇਸ ਤਰੱਕੀ ਕੀਤੀ ਜਿਸ ਸਮੇਂ ਦਾਣਾਮੰਡੀ ਅਤੇ ਬਿਜਲੀ ਗਰਿੱਡ ਦਾ ਬਣਨਾਂ ਅਤੇ ਹੋਰ ਅਨੇਕਾਂ ਕੰਮ ਸਲਾਹੁਣ ਯੋਗ ਹਨ। ਇਸ ਪਿੰਡ ਦੇ ਲੋਕਾਂ ਦਾ ਚੇਤਨਾ ਪੱਧਰ ਇਸ ਗੱਲ ਨਾਲ ਉੱਚਾ ਸਿੱਧ ਹੁੰਦਾਂ ਹੈ ਕਿ ਉਹਨਾਂ ਅੱਜ ਤੱਕ ਕਦੇ ਵੀ ਨਸਿਆ ਅਤੇ ਪੈਸੇ ਦੀ ਵਰਤੋਂ ਕਰਕੇ ਚੋਣਾਂ ਜਿੱਤਣ ਦੇ ਚਾਹਵਾਨ ਕਦੇ ਵੀ ਜਿੱਤਣ ਨਹੀਂ ਦਿੱਤੇ ਸਗੋਂ ਅਸਲੀ ਗਰੀਬ ਲੋਕਾਂ ਦੇ ਹਮਦਰਦ ਗਰੀਬ ਬੰਦਿਆਂ ਨੂੰ ਹੀ ਬਿਨਾਂ ਕਿਸੇ ਖਰਚਾ ਕਰਵਾਇਆਂ ਆਪਣਾਂ ਪੰਚਾਇਤੀ ਆਗੂ ਚੁਣਿਆ ਹੈ।
                                    ਪਿੰਡ ਵਿੱਚ ਜਨਮੇ ਪਰ ਬਾਦ ਵਿੱਚ ਬਰਨਾਲਾ ਵਿਖੇ ਵਸ ਚੁੱਕੇ ਰਾਜਨੀਤਕ ਆਗੂ ਸਵਰਗਵਾਸੀ ਬਚਨ ਸਿੰਘ ਪੱਖੋ ਜੋ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਹੇ ਹਨ  ਇਸ ਪਿੰਡ ਨੂੰ ਅਗਵਾਈ ਦਿੰਦੇ ਰਹੇ ਸਨ। ਬਚਨ ਸਿੰਘ ਬਾਰੇ ਖਾਸ ਗੱਲ ਇਹ ਹੈ ਕਿ ਉਹਨਾਂ ਇਹ ਮੰਜਿਲ ਗਰੀਬ ਅਤੇ ਪਛੜੇ ਵਰਗ ਵਿੱਚ ਪੈਦਾ ਹੋਣ ਦੇ ਬਾਵਜੂਦ ਹਾਸਿਲ ਕੀਤੀ। ਇਸ ਪਿੰਡ ਦੇ ਸੰਤ ਇੰਦਰ ਸਿੰਘ ਜਿੰਹਨਾਂ ਨੂੰ ਰਾਜਨੀਤੀ ਦੀ ਘਟੀਆਂ ਖੇਡ ਨੇ ਨਿਰਦੋਸ਼ ਹੋਣ ਦੇ ਬਾਵਜੂਦ ਸਜਾਇ ਮੌਤ ਕਰਵਾ ਦਿੱਤੀ ਸੀ ਕਿਉਂਕਿ ਅਸਲੀ ਕਾਤਲ ਅੱਜ ਵੀ ਉਹ ਕਤਲ ਇਕਬਾਲ ਕਰਦੇ ਹਨ ਅਤੇ ਉਹਨਾਂ ਨੇ ਨਵਾਂ ਇਤਿਹਾਸ ਸਿਰਜਦਿਆਂ ਅਦਾਲਤਾਂ ਅਤੇ ਰਾਸਟਰਪਤੀ ਤੱਕ ਨੂੰ ਰਹਿਮ ਦੀ ਅਪੀਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਪੰਜਾਬ ਦੇ ਰਾਜਪਾਲ ਨੇ ਬਿਨਾਂ ਕਿਸੇ ਰਹਿਮ ਦੀ ਅਰਜੀ ਦੇ ਪੁਲੀਸ ਵਿਭਾਗ ਦੀ ਰਿਪੋਰਟ ਤੇ ਕਿ ਇਹ ਵਿਅਕਤੀ ਰੱਬੀ ਦਿਆਲੂ ਸੁਭਾਅ ਅਤੇ ਉੱਚੇ ਆਚਰਣ ਦਾ ਮਾਲਕ ਹੈ ਜੋ ਦੁਨਿਆਵੀ ਅਦਾਲਤਾਂ ਦੀ ਥਾਂ ਰੱਬੀ ਅਦਾਲਤ ਤੇ ਭਰੋਸਾ ਰੱਖਦਾ ਹੈ ਨੂੰ ਅਧਾਰ ਬਣਾਕਿ ਮੌਤ ਦੀ ਸਜਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਸੀ। ਰਾਜਪਾਲ ਦੁਆਰਾ ਮੌਤ ਦੀ ਸਜਾ ਬਦਲਣ ਦਾ ਅਜਾਦ ਭਾਰਤ ਦਾ ਇਹ ਇੱਕੋ ਇੱਕ ਕੇਸ ਸੀ । ਇਹ ਉੱਚੇ ਆਚਰਣ ਵਾਲਾ ਵਿਅਕਤੀ  90 ਸਾਲ ਦੀ ਉਮਰ ਵਿੱਚ ਵੀ ਚੜਦੀਆਂ ਕਲਾਂ ਦਾ ਪਰਤੀਕ ਇਹ ਮਹਾਨ ਮਨੁੱਖ ਇਲਾਕੇ ਅਤੇ ਮੇਰੇ ਪਿੰਡ ਦੇ ਲੋਕਾਂ ਲਈ ਅੱਜ ਵੀ ਪੂਜਣਯੋਗ ਬਣਿਆ ਹੋਇਆ ਹੈ ਜੋ ਕਿ ਜੇਲ ਵਿੱਚੋਂ ਰਿਹਾਅਹੋਣ ਬਾਅਦ ਕਦੇ ਘਰ ਨਹੀਂ ਗਿਆ ਜਮੀਨ ਤੇ ਸੌਣਾਂ ਇੱਕ ਵਕਤ ਰੋਟੀ ਛਕਣਾਂ ਬਿਨਾਂ ਕਿਸੇ ਨੂੰ ਮਿਲਿਆਂ ਇਕੱਲੇ ਰਹਿਣਾਂ ਦੀ ਜੀਵਨ ਜਾਚ ਅਪਣਾਕਿ ਬੇਮਿਸਾਲ ਕਿਰਦਾਰ ਦੀ ਮੂਰਤੀ ਬਣੇ ਹੋਏ ਹਨ।
                              ਪਿੰਡ ਨੂੰ 1800 ਵਿਦਿਆਰਥੀ ਪੜਾਉਣ ਦੀ ਸਮੱਰਥਾ ਦਾ ਪਰਾਈਵੇਟ ਸਕੂਲ ਦੇਣ ਵਾਲਾ ਕਰਮਯੋਗੀ ਅਤੇ ਰਾਜਨੀਤਕ ਆਗੂ ਮਰਹੂਮ ਜਥੇਦਾਰ ਅਜੀਤ ਸਿੰਘ ਪੰਜਾਬੀ ਸਾਹਿੱਤ ਦੇ ਖੇਤਰ ਵਿੱਚ ਕਹਾਣੀ ਸੰਗਰਹਿ  ਦੇ ਚੁੱਕਿਆ ਹੈ ਅਤੇ ਕਵਿਤਾ ਦੇ ਖੇਤਰ ਵਿੱਚ  ਜਗਤਾਰ ਸਿੰਘ ਕਵਿਤਾ ਦੀ ਕਿਤਾਬ ਛਪਵਾ ਚੁੱਕੇ ਹਨ। ਪੱਤਰਕਾਰ ਅਤੇ  ਲੇਖਕ ਦੇ ਤੌਰ ਮੁਖਤਿਆਰ ਸਿੰਘ ਚੰਗਾ ਨਾਂ ਕਮਾ ਰਹੇ ਹਨ। ਇਸ ਲੇਖ ਦੇ ਲੇਖਕ ਸਮੇਤ ਹੋਰ ਕਈ ਨੌਜਵਾਨ ਵੀ ਲੇਖਣੀ ਦੇ ਖੇਤਰ ਵਿੱਚ ਸਰਗਰਮ ਯੋਗਦਾਨ ਪਾ ਰਹੇ ਹਨ। ਵਰਤਮਾਨ ਸਮੇਂ ਦੇ ਨਾਲ ਪੈਰ ਮੇਲਕੇ ਤੁਰਨ ਵਾਲਾ ਇਹ ਪਿੰਡ ਨਿੱਤ ਨਵੇਂ ਦਿਨ ਤਰੱਕੀ ਦੀਆਂ ਮੰਜਿਲਾਂ ਨੂੰ ਛੂਹ ਰਿਹਾ ਹੈ।
  ਗੁਰਚਰਨ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ     

Thursday, 21 January 2016

ਆਮ ਲੋਕ ਹਮਦਰਦੀ ਭਾਲਦੇ ਹਨ ਡਰਾਮੇ ਨਹੀਂ

              ਦੇਸ ਦੇ ਆਗੂ ਜਦੋਂ ਜਨਤਾ ਨੂੰ ਝੂਠ ਦੇ ਲੌਲੀਪੌਪ ਦਿਖਾਉਂਦੇ ਹਨ ਅਤੇ ਆਪਣੀ ਰਾਜਨੀਤੀ ਦਾ ਕਬਾੜ ਰੂਪੀ ਗੱਡਾ ਤੋਰਨਾਂ ਸੁਰੂ ਕਰ ਲੈਂਦੇ ਹਨ। ਕਈ ਨੇਤਾਵਾਂ ਦਾ ਇਹ ਗੱਡਾ ਕਈ ਵਾਰ ਜਾਂ ਇੱਕ ਅੱਧੀ ਵਾਰ ਇੱਕ ਦੋ ਕਦਮ ਅੱਗੇ ਤੁਰ ਵੀ ਪੈਂਦਾ ਹੈ। ਇਸ ਨੀਤੀ ਤੇ ਤੁਰਦਿਆਂ ਹੀ ਉਹ ਅਗਲੀ ਵਾਰ ਹੋਰ ਵੱਡੇ ਝੂਠ ਪਰੋਸਣ ਲੱਗ ਜਾਂਦੇ ਹਨ ਪਰ ਇਸ ਤਰਾਂ ਦੇ ਮੂਰਖ ਰਾਜਨੀਤਕ ਮੂਧੇ ਮੂੰਹ ਵੀ ਡਿੱਗਦੇ ਹਨ। ਇਸ ਤਰਾਂ ਕਿਉਂ ਵਾਪਰਦਾ ਹੈ ਆਉ ਵਿਚਾਰੀਏ। ਕੀ ਦੇਸ ਦੇ ਲੋਕ ਮੂਰਖ ਹਨ ਜਾਂ ਰਾਜਨੀਤਕ ਲੋਕ ਮੂਰਖ ਹਨ? ਕੀ ਦੇਸ ਦੇ ਲੋਕ ਰਿਆਇਤਾਂ ਭਾਲਦੇ ਹਨ ਜਾਂ ਕਿਰਤ ? ਕੀ ਰਾਜਨੀਤਕ ਲੋਕ ਗੁਰੂਆਂ ਪੀਰਾਂ ਵਾਂਗ ਲੋਕਾਂ ਨੂੰ ਕਿਰਤੀ ਬਨਾਉਣਾਂ ਚਾਹੁੰਦੇ ਹਨ ਜਾਂ ਮੰਗਤੇ? ਕੀ ਆਮ ਲੋਕ ਰਿਆਇਤਾਂ ਨਾਲ ਦੁਬਾਰਾ ਸਰਕਾਰ ਬਣਾਉਂਦੇ ਹਨ ਜਾਂ ਹਮਦਰਦੀ ਦਿਖਾਉਣ ਵਾਲਿਆਂ ਨੂੰ ਚੁਣਦੇ ਹਨ ? ਅਨੇਕਾਂ ਸਵਾਲ ਬਣ ਸਕਦੇ ਹਨ ਅਨੇਕਾਂ ਉੱਤਰ ਦਿੱਤੇ ਜਾ ਸਕਦੇ ਹਨ ਪਰ ਕਸਵੱਟੀ ਦਾ ਉੱਤਰ ਸਿਰਫ ਸੱਚ ਹੀ ਹੁੰਦਾਂ ਹੈ ਦਲੀਲਾਂ ਨਹੀਂ। ਪੰਜਾਬ ਦੇ ਲੋਕਾਂ ਨੇ ਵੀ ਦੇਸ ਦੇ ਲੋਕਾਂ ਵਾਂਗ ਹਰ ਚੋਣ ਵਿੱਚ ਨਵੀਆਂ ਪੈੜਾਂ ਪਾਈਆਂ ਹਨ, ਨਵੇਂ ਇਤਿਹਾਸ ਸਿਰਜੇ ਹਨ, ਨਵੀਆਂ ਸਰਕਾਰਾਂ ਨਵੇਂ ਨੇਤਾ ਦਿੱਤੇ ਹਨ। ਹੰਕਾਰੀ ਹਰਾਏ ਜਾਂਦੇ ਹਨ ਨਿਮਰਤਾ ਵਾਲੇ ਜਾਂ ਨਿਮਰਤਾ ਦਾ ਪਖੰਡ ਕਰਨ ਵਾਲੇ ਵੀ ਜਿੱਤਦੇ ਰਹੇ ਹਨ। ਵਰਤਮਾਨ ਅਕਾਲੀ ਸਰਕਾਰ ਜੋ ਦੁਬਾਰਾ ਜਿੱਤਣ ਦਾ ਦਾਅਵਾ ਕਰਦੀ ਹੈ ਦੇ ਜਿੱਤਣ ਦਾ ਕਾਰਨ ਵੀ ਨਿਮਰਤਾ ਜਿਆਦਾ ਕੰਮ ਘੱਟ ਸੀ। ਜਦ 2007 ਅਤੇ 2012 ਵਿੱਚ ਕਾਂਗਰਸ ਅਤੇ ਅਮਰਿੰਦਰ ਸਿੰਘ ਆਪਣੇ ਆਪ ਨੂੰ ਜਿੱਤਿਆ ਸਮਝਕੇ ਆਪਣਿਆਂ ਦੀ ਹੀ ਲੱਤਾਂ ਛਾਂਗ ਰਿਹਾ ਸੀ ਤਦ ਬਾਦਲ ਪਿਉ ਪੁੱਤ ਦੀ ਜੋੜੀ ਨੇ ਨਿਮਰਤਾ ਦਾ ਵਿਖਾਵਾ ਅਤੇ ਤਿਕੜਮਾਂ ਦਾ ਜਾਲ ਵਿਛਾ ਦਿੱਤਾ ਸੀ। ਇਹ ਆਗੂ ਇਸ ਜਿੱਤ ਲਈ ਸੰਤ ਭੇਸ਼ ਵਿੱਚੋਂ ਦੋ ਠੱਗ ਵਪਾਰੀ ਬਨਾਰਸ ਦੇ ਠੱਗਾਂ ਮੂਹਰੇ ਵੀ ਨਿਮਰਤਾ ਅਤੇ ਸਮਝੌਤੇ ਦੀ ਖੇਡ ਖੇਡਕੇ ਅਤੇ ਜਾਲ ਵਿਛਾਕੇ ਨੇਤਾ ਜੀ ਜਿੱਤ ਵੱਲ ਤੁਰ ਪਏ ਸਨ ਅਤੇ ਬਾਕੀ ਕਸਰ ਨੋਟਾਂ ਦੀ ਬਰਸਾਤ ਕਰਕੇ ਡੱਡੂ ਰੂਪੀ ਵੋਟਾਂ ਨੂੰ ਵੀ ਆਪਣੇ ਜਾਲ ਵਿੱਚ ਫਾਹ ਲਿਆ ਸੀ।

                  ਸਹਿਨਸ਼ਾਹੀ ਦੇ ਆਲਮ ਵਿੱਚ ਵਿਚਰਦੇ ਅਮਰਿੰਦਰ ਸਿੰਘ ਕੋਲ ਆਮ ਲੋਕਾਂ ਦੇ ਨਾਲ ਹਮਦਰਦੀ ਕਰਨ ਦਾ ਝੂਠਾ ਡਰਾਮਾ ਵੀ ਨਾਂ ਹੋ ਸਕਿਆ ਜਿਸ ਨਾਲ ਉਹਨਾਂ ਦੇ ਜਿੱਤ ਦੇ ਸੁਪਨੇ ਨੂੰ ਭਾਰੀ ਸੱਟ ਵੱਜੀ। ਆਮ ਲੋਕਾਂ ਦੇ ਆਮ ਪ੍ਰਤੀਨਿਧਾਂ ਦੀ ਬਜਾਇ ਅਮੀਰ ਰਾਜਨੀਤਕ ਚਮਚਿਆਂ ਦੇ ਵਿੱਚ ਰਹਿਣ ਵਾਲਾ ਅਮਰਿੰਦਰ ਸਿੰਘ ਉਹਨਾਂ ਦੀ ਅਮੀਰ ਸਲਾਹਾਂ ਨੇ ਭੁੰਝੇ ਲਾ੍ਹ ਕੇ ਰੱਖ ਦਿੱਤਾ ਹੈ। ਬਾਦਲ ਨੇ ਹਾਰ ਕਬੂਲ ਕੇ ਚੋਣਾਂ ਤੋਂ ਬਾਅਦ ਅਫਰੀਕੀ ਮੁਲਕਾਂ ਦਾ ਮੂੰਹ ਕਰ ਲਿਆ ਸੀ ਅਤੇ ਨਤੀਜੇ ਆਉਣ ਤੋਂ ਪਹਿਲਾਂ ਹਾਰ ਕਬੂਲੀ ਬੈਠਿਆ ਨੇ ਆਪਣੇ ਘਰ ਗੁਰਬਾਣੀ ਦਾ ਉਟ ਆਸਰਾ ਲੈਦਿਆ ਅਖੰਡ ਪਾਠ ਰਖਵਾ ਲਿਆ ਅਤੇ ਆਪਣੀ ਕਿਸਮਤ ਅਨੰਤ ਕੁਦਰਤ ਦੇ ਹਵਾਲੇ ਕਰ ਦਿੱਤੀ ਸੀ। ਜਿਸ ਵਕਤ ਅਖੰਡਪਾਠ ਦੇ ਸੰਪੂਰਨ ਹੋਣ ਤੇ ਅਰਦਾਸ ਹੋ ਰਹੀ ਸੀ ਉਸ ਵਕਤ ਤੱਕ ਹਾਰ ਦੀ ਹਨੇਰੀ ਅਲੋਪ ਅਤੇ ਜਿੱਤ ਦੇ ਬੱਦਲ ਵਰ ਪਏ ਸਨ। ਸਰਕਾਰ ਬਨਾਉਣ ਦੇ ਸੁਪਨੇ ਵਾਲਾ ਅਮਰਿੰਦਰ ਮੂਧੇ ਮੂੰਹ ਪਿਆ ਸੀ ਉਸਦੇ ਸਿਪਾਹ ਸਲਾਰ ਕਾਂਗੜ , ਬਠਿੰਡੇ, ਦਿੱਲੀ, ਪਟਿਆਲੇ ਵਿੱਚ ਜੋ ਸੜਕਾਂ ਦੇ ਠੇਕੇ ਦੇਣ ਦੇ ਵਾਅਦੇ ਕਰ ਰਹੇ ਸਨ ਖੁਦ ਵੀ ਹਾਰ ਗਏ। ਅਸਲ ਵਿੱਚ ਬਾਦਲ ਸਰਕਾਰ ਦੀ ਨਕਾਮੀਆਂ ਦੇ ਜੋਰ ਤੇ ਆਪਣੇ ਆਪ ਜਿੱਤ ਆਉਣ ਦੀ ਉਡੀਕ ਵਾਲੇ ਕਾਂਗਰਸੀ ਇਹ ਸਮਝ ਨਹੀਂ ਸਕੇ ਕਿ ਲੋਕ ਨਿਮਰਤਾ ਅਤੇ ਨੀਵੇਂ ਪਾਸੇ ਵੱਲ ਤੁਰਦੇ ਹਨ । ਉੱਚੇ ਵੱਲ ਪਾਣੀ ਵਰਗੇ ਲੋਕ ਕਦੇ ਵੀ ਨਹੀਂ ਜਾਂਦੇ ਅਤੇ ਹੰਕਾਰੀ ਉੱਪਰ ਤਾਂ ਰੱਬ ਦੇ ਕਹਿਰ ਵਾਂਗ ਵਰਦੇ ਹਨ। ਵੱਡਾ ਬਾਦਲ ਆਪਣੀ ਗਰੀਬੀ ਅਤੇ ਜਿੰਦਗੀ ਦੇ ਅੰਤਲੇ ਆਖਰੀ ਸਾਲਾਂ ਦਾ ਵਾਸਤਾ ਪਾ ਰਿਹਾ ਸੀ ਅਮਰਿੰਦਰ ਖੂੰਡਾਂ ਚੁੱਕ ਕੇ ਬਜੁਰਗ ਬਾਦਲ ਨੂੰ ਕੁੱਟਣ ਦੇ ਦਮਗਜੇ ਮਾਰ ਰਿਹਾ ਸੀ। ਆਮ ਲੋਕ ਤਾਂ ਦੁਸਮਣ ਦੇ ਘਰ ਵੀ ਸੱਥਰ ਜਾਂ ਗਰੀਬੀ ਆ ਜਾਵੇ ਤਾਂ ਹਮਦਰਦੀ ਕਰਨ ਤੁਰ ਪੈਂਦੇ ਹਨ ਹੰਕਾਰੀ ਅਮੀਰ ਬੇ ਇੱਜਤੀ ਕਰਕੇ ਕੁੱਝ ਵੀ ਦੇਵੇ ਤਦ ਵੀ ਇਨਕਾਰ ਕਰ ਦਿੰਦੇ ਹਨ।
                      ਅਸਲ ਵਿੱਚ ਆਮ ਲੋਕ ਗੁਰੂ ਨਾਨਕ ਦੇ ਵਾਰਿਸ਼ ਹੁੰਦੇ ਹਨ ਇਹ ਹਮੇਸਾਂ ਭਾਈ ਲਾਲੋ ਦੀ ਰੋਟੀ ਖਾਂਦੇ ਹਨ  ਕਿਸੇ ਅਮੀਰ ਦੀ ਖੂਨ ਰੰਗੀ ਸਰਾਬ ਵੀ ਨਹੀਂ ਲੈਂਦੇ ਵਿਕਾਊ ਟੋਲਾ ਜੋ ਮਰਜੀ ਕਰਦਾ ਫਿਰੇ ਪਰ ਵਿਕਾਊ ਟੋਲਾ ਆਮ ਬੰਦਾਂ ਨਹੀਂ ਹੁੰਦਾਂ। ਸੋ ਅਸਲ ਵਿੱਚ ਲੋਕ ਵੋਟ ਪਾਉਣ ਦੇ ਦੋ ਵੱਡੇ ਕਾਰਨ ਅਤੇ ਮਕਸਦ ਹੁੰਦੇ ਹਨ ਪਹਿਲਾ ਤਾਂ ਇਹ ਉਸਨੂੰ ਵੋਟ ਜੋ ਇਹਨਾਂ ਨੂੰ ਅਸਲੀ ਹਮਦਰਦ ਦਿਖਾਈ ਦੇਣ ਲੱਗ ਪਵੇ ਅਤੇ ਦੂਸਰਾ ਪਹਿਲੀ ਵਾਰ ਆਇਆਂ ਸਭ ਤੋਂ ਵੱਡਾ ਗੱਪੀ ਲੀਡਰ ਹੋਵੇ। ਝੂਠੇ ਲੀਡਰ ਨੂੰ ਜਾਣੇ ਅਣਜਾਣੇ ਉਸਦੀ ਅਸਲੀਅਤ ਨੰਗੀ ਕਰ ਦਿੰਦੇ ਹਨ ਉਸਨੂੰ ਪੰਜ ਸਾਲ ਲਈ ਕੁਰਸੀ ਤੇ ਬਿਠਾਕਿ ਕਿਉਂਕਿ ਗਧੇ ਲੀਡਰ ਨੇ ਤਾਂ ਗਧਿਆਂ ਵਾਂਗ ਹੀ ਹੀਂਗਣਾਂ ਹੁੰਦਾਂ ਸੇਰਾਂ ਵਾਲੀ ਦਹਾੜ ਉਸਦੇ ਮੂੰਹੋਂ ਕਿਵੇਂ ਨਿਕਲਣੀ ਹੈ। ਗਧੇ ਲੀਡਰ ਦੇ ਕੰਮ ਵੀ ਮੂਰਖਤਾ ਪੂਰਨ ਹੀ ਹੁੰਦੇ ਹਨ ਜੋ ਅਗਲੀ ਵਾਰ ਉਸਨੂੰ ਕੁਰਸੀ ਤੋਂ ਧੱਕਾ ਦੇਕੇ ਸਿੱਟਣ ਲਈ ਆਮ ਲੋਕਾਂ ਕੋਲ ਬਹਾਨਾ ਬਣ ਜਾਂਦੀ ਹੈ। ਜੇ ਕਦੀ ਕੋਈ ਸੱਚਾ ਹਮਦਰਦ ਲੀਡਰ ਜਿੰਨਾਂ ਚਿਰ ਲੋਕਾਂ ਦੇ ਦੁੱਖਾਂ ਵਿੱਚ ਦੁੱਖੀ ਹੁੰਦਾਂ ਦਿਖਾਈ ਦਿੰਦਾ ਰਹਿੰਦਾ ਹੈ ਉਸਨੂੰ ਜਿਤਾਉਂਦੇ ਰਹਿੰਦੇ ਹਨ ਇਸਦੀ ਉਦਾਹਰਣ ਮਮਤਾ ਬੈਨਰਜੀ ਬਿਹਾਰੀ ਬਾਬੂ ਨਤੀਸ਼ ਕੁਮਾਰ ਮਨੋਹਰ ਪਾਰੀਕਰ ਅਤੇ ਜੋਤੀ ਬਾਸੂ ਵਰਗੇ ਕਈ ਹਨ ਪਰ ਜਦ ਕੋਈ ਇੰਹਨਾਂ ਵੱਲ ਹਮਦਰਦੀ ਦੀ ਥਾਂ ਹੰਕਾਰੀ ਹੋ ਜਾਂਦਾ ਹੈ ਤਦ ਇਹ ਉਸਨੂੰ ਵੀ ਪਟਕਾ ਮਾਰਦੇ ਹਨ। ਸੋ ਪੰਜਾਬ ਦੇ ਲੀਡਰੋ ਆਮ ਲੋਕਾਂ ਕੋਲ ਝੂਠ ਬੋਲਣ ਦੀ ਥਾਂ ਉਹਨਾਂ ਦੇ ਦੁੱਖਾਂ ਵਿੱਚ ਹਮਦਰਦੀ ਕਰਨ ਦੀ ਕੋਸਿਸ ਕਰੋ। ਦੁੱਖੀ ਵਿਅਕਤੀ ਨਾਲ ਸੱਚੀ ਹਮਦਰਦੀ ਕਰਨ ਦੀ ਕੁਦਰਤੀ ਕਲਾ ਵਾਲਾ ਵਿਅਕਤੀ ਕਦੇ ਮਾੜਾ ਹੋ ਹੀ ਨਹੀਂ ਸਕਦਾ ਪਰ ਜੇ ਇਹ ਹਮਦਰਦੀ ਝੂਠੀ ਵੀ ਹੋਵੇ ਉਹ ਵੀ ਵਕਤੀ ਤੌਰ ਤੇ ਕਿਸੇ ਦੁੱਖੀ ਦਾ ਸਹਾਰ ਬਣਦੀ ਹੈ ਅਤੇ ਵਕਤੀ ਫਾਇਦਾ ਕਰਨ ਵਾਲੇ ਨੂੰ ਵੀ ਦੇ ਹੀ ਜਾਂਦੀ ਹੈ। ਆਮ ਲੋਕ ਭਰਿਸ਼ਟ ਨਹੀਂ ਹਨ ਉਹ ਕਿਰਤ ਭਾਲਦੇ ਹਨ। ਮੰਗਕੇ ਖਾਣਾਂ ਗੁਰੂਆਂ ਦੇ ਨਾਂ ਤੇ ਵਸਦੇ ਪੰਜਾਬੀਆਂ ਨੂੰ ਸਰਮ ਅਤੇ ਮਿਹਣੇ ਵਾਲੀ ਗਲ ਹੈ। ਪੰਜਾਬ ਦੇ ਵਿੱਚ ਕਾਂਗਰਸੀਉ ਅਕਾਲੀਉ ਅਤੇ ਆਮ ਆਦਮੀ ਦਾ ਮਖੌਟਾ ਪਹਿਨੀ ਆਗੂਉ ਸੱਚੇ ਅਤੇ ਅਸਲ ਰਹਿਮ ਦਿਲ ਹਮਦਰਦ ਆਗੂ ਬਣੋ ਨਹੀਂ ਤਾਂ ਅਗਲੀ ਵਾਰ ਤੁਹਾਨੂੰ ਮਖਮਲੀ ਕੱਪੜਿਆਂ ਵਿੱਚ ਫਿਰਦਿਆਂ ਨੂੰ ਵੀ ਨੰਗਾਂ ਕਰਨ ਦੀ ਜਾਚ ਆਮ ਲੋਕਾਂ ਕੋਲ ਹੈ ਜਿਸਦੇ ਕਾਰਨ ਤੁਹਾਡੀ ਅਸਲੀਅਤ ਦਾ ਨੰਗਾਂਪਣ ਸਰੇਆਮ ਗਲੀਆਂ ਬਜਾਰਾਂ ਵਿੱਚ ਰੁਲਦਾ ਦਿਖਾਈ ਦੇਵੇਗਾ। ਆਮ ਲੋਕ ਝੂਠੇ ਨੇਤਵਾਂ ਦੀਆਂ ਰਿਆਇਤਾਂ ਦੇ ਸਹਾਰੇ ਨਹੀ ਕੁਦਰਤ ਅਤੇ ਅਨੰਤ ਖੁਦਾਈ ਤਾਕਤ ਦੇ ਸਹਾਰੇ ਜਿਉਂਦੇ ਹਨ ਅਤੇ ਸਦਾ ਇਸ ਤਰਾਂ ਹੀ ਤੁਹਾਡੇ ਵੱਡੇ ਪੇਟ ਵੀ ਭਰਦੇ ਰਹਿਣਗੇ। ਬਾਦਸਾਹੀ ਦੇਣੀ ਅਤੇ ਖੋਹਣੀ ਆਮ ਲੋਕਾਂ ਦੀ ਖੇਡ ਹੈ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ

Thursday, 7 January 2016

ਅਸਲੀ ਕਿਸਾਨ ਦੀ ਹਾਲਤ ਇਉਂ ਬਣਦੀ ਹੈ ਖੁਦਕਸੀਆਂ ਵਾਲੀ

                                            ਗੁਰਚਰਨ ਪੱਖੋਕਲਾਂ 9417727245
  ਜਦ ਦੇਸ ਦੇ ਰਾਜਨੇਤਾ ਅਤੇ ਬੁੱਧੀਜੀਵੀ ,ਵਿਦਵਾਨ ਅਖਵਾਉਦੇ ਸੁੱਤੇ ਪਏ ਉਠ ਕੇ ਬੋਲਣ ਲੱਗਦੇ ਹਨ ਅਤੇ ਪਤਾ ਹੀ ਨਹੀਂ ਕੀ ਬੋਲ ਦੇਣ? ਇਹਨਾਂ ਰਾਜਨੀਤਕਾਂ ਜਾਂ ਸਰਕਾਰ ਭਗਤ ਲੋਕਾਂ ਨੂੰ ਕਿਸੇ ਦਾ ਡਰ ਹੈ ਨਹੀਂ ਭਾਵੇਂ ਕਿੰਨਾਂ ਵੀ ਝੂਠ ਬੋਲੀ ਜਾਣ। ਦੇਸ ਦੀ ਪਾਰਲੀਮੈਂਟ ਵਿੱਚ ਇੱਕ ਸਿੱਧੇ ਸਿਫਾਰਸੀ ਦਾਖਲੇ ਨਾਲ ਪਹੁੰਚੇ ਰਾਜਨੇਤਾ ਨੇ ਕਿਸਾਨਾਂ ੳਪਰ ਟੈਕਸ ਥੋਪਣ ਦੀ ਮੰਗ ਕਰਕੇ ਇਹ ਜਤਾਇਆ ਹੈ ਜਿਵੇਂ ਕਿ ਕਿਸਾਨਾਂ ਉਪਰ ਕੋਈ ਟੈਕਸ ਹੀ ਨਹੀ। ਪੰਜਾਬ ਦੇ ਬਾਕੀ ਰਾਜਨੀਤਕ ਇਸ ਉਪਰ ਰਾਜਨੀਤੀ ਖੇਡ ਰਹੇ ਹਨ। ਕੋਈ ਕਹਿੰਦਾ ਹੈ ਕਿ ਕਿਸਾਨਾਂ ਉਪਰ ਟੈਕਸ ਲਾਉਣ ਦੇ ਅਸੀਂ ਹੱਕ ਵਿੱਚ ਨਹੀ ਕੋਈ ਕਹਿੰਦਾ ਹੈ ਕਿਸਾਨ ਵਿਰੋਧੀ ਆਗੂ ਅਸਤੀਫਾ ਦੇਵੇ ਆਦਿ। ਪਰ ਇਹ ਕੋਈ ਨਹੀਂ ਦੱਸ ਰਿਹਾ ਕਿ ਸ਼ਭ ਤੋਂ ਵੱਧ ਟੈਕਸ ਸਿੱਧਾ ਅਤੇ ਅਸਿੱਧਾ ਕਿਸਾਨ ਦੇ ਰਿਹਾ ਹੈ। ਪਤਾ ਨਹੀਂ ਕਿਉਂ ਅਤੇ ਕਿਵੇ ਇਹ ਗੱਲ ਦੇਸ ਦੇ ਲੋਕਾਂ ਦੇ ਮਨਾਂ ਵਿੱਚ ਝੂਠੀ ਬਿਠਾ ਦਿੱਤੀ ਗਈ ਹੈ ਕਿ ਕਿਸਾਨ ਉਪਰ ਟੈਕਸ ਨਹੀਂ। ਗੋਬਲਜ ਦਾ ਸਿਧਾਂਤ ਸੱਚ ਕਰ ਦਿੱਤਾ ਹੈ ਭਾਰਤੀ ਨੇਤਾਵਾਂ ਨੇ ਖਾਸ ਕਰਕੇ ਪੰਜਾਬੀ ਨੇਤਾਵਾਂ ਨੇ ਤਾਂ ਪੰਜਾਬ ,ਪੰਜਾਬੀਆਂ ਅਤੇ ਪੰਜਾਬੀ ਕਿਸਾਨਾਂ ਬਾਰੇ ਸੋਚਣਾਂ ਹੀ ਛੱਡ ਦਿੱਤਾ ਹੈ। ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਦੀ ਕਹਾਵਤ ਵੀ ਇਹਨਾਂ ਤੇ ਪੂਰੀ ਢੁੱਕਦੀ ਹੈ। ਗੋਬਲਜ ਦਾ ਸਿਧਾਤ ਕਹਿੰਦਾ ਹੈ ਕਿ ਇੱਕ ਝੂਠ ਨੂੰ ਸੌ ਵਾਰ ਬੋਲ ਦਿਉ ਸੱਚ ਵਰਗਾ ਹੋ ਜਾਂਦਾ ਹੈ ਦੁਨੀਆਂ ਲਈ। ਇਹ ਸਿਧਾਂਤ ਹੀ ਕਿਸਾਨਾਂ ਬਾਰੇ ਝੂਠ ਬੋਲਕੇ ਲਾਗੂ ਕੀਤਾ ਜਾ ਰਿਹਾ ਹੈ ਕਿ ਇਹਨਾਂ ਤੋਂ ਕੋਈ ਟੈਕਸ ਨਹੀਂ ਲਿਆ ਜਾ ਰਿਹਾ? ਪਾਠਕੋ ਆਉ ਪਹਿਲਾਂ ਸਮਝਿਓੇ ਟੈਕਸ ਹੁੰਦਾ ਕੀ ਹੈ । ਕਿਸੇ ਵੀ ਰਾਜਸੱਤਾ ਦੁਆਰਾ ਰਾਜ ਚਲਾਉਣ ਲਈ ਆਪਣੀ ਫੌਜਾਂ ਜੋ ਸੈਨਿਕਾਂ, ਕਰਮਚਾਰੀਆਂ,ਗੁਲਾਮਾਂ ਦੇ ਰੂਪ ਵਿੱਚ ਹੁੰਦੇ ਹਨ ਭਰਤੀ ਕੀਤੇ ਜਾਂਦੇ ਹਨ ਜਿੰਨਾਂ ਦਾ ਕੰਮ ਲੋਕਾਂ ਨੂੰ ਕਿਸੇ ਵੀ ਤਰੀਕੇ ਨਾਲ ਕੰਟਰੋਲ ਵਿੱਚ ਰੱਖਣਾ ਹੁੰਦਾ ਹੈ। ਦੂਸਰਾ ਫਰੰਟ ਲੋਕਾਂ ਨੂੰ ਬੁੱਧੂ ਬਣਾਉਣ ਲਈ ਵਿਕਾਸ ਕਰਵਾਉਣ ਦਾ ਝੂਠਾ ਮਾਡਲ ਪੇਸ ਕੀਤਾ ਜਾਂਦਾ ਹੈ। ਇਹਨਾਂ ਦੋਨਾਂ ਫਰੰਟਾਂ ਤੋਂ ਬਿਨਾਂ ਤੀਸਰਾ ਫਰੰਟ ਜੋ ਅਸਲੀਅਤ ਦੇ ਨੇੜੇ ਹੈ ਆਪਣੇ ਅਤੇ ਆਪਣੇ ਕੋੜਮਿਆਂ ਦੇ ਘਰ ਹਰ ਕਿਸਮ ਦੀ ਮਾਇਆ ਨਾਲ ਭਰਨਾਂ ਹੁੰਦਾ ਹੈ। ਤਿੰਨਾਂ ਫਰੰਟਾਂ ਦੇ ਖਰਚੇ ਲਈ ਰੁਪਏ ਲੋਕਾਂ ਦੀ ਹੀ ਜੇਬ ਵਿੱਚੋਂ ਕੱਢਣੇ ਹੁੰਦੇ ਹਨ। ਆਉ ਇਸਨੂੰ ਦੇਸ ਦੀ ਬਜਾਇ ਪੰਜਾਬ ਨੂੰ ਅਧਾਰ ਬਣਾਕਿ ਵਿਸਲੇਸਣ ਕਰੀਏ । ਪੰਜਾਬ ਦਾ ਬਜਟ 33000 ਕਰੋੜ ਦਾ ਹੈ। ਵੱਖੋ ਵੱਖਰੇ ਵਿਭਾਗਾਂ ਦੀ ਆਮਦਨ ਦਾ ਜੋੜ ਘਟਾਉ ਹੁੰਦਾ ਹੈ ਇਸ ਵਿੱਚ। ਪੰਜਾਬ ਦਾ ਮੰਡੀਕਰਨ ਬੋਰਡ 4500 ਕਰੋੜ ਦੀ ਆਮਦਨ ਦੱਸੋ ਕਿਥੋਂ ਲੈਦਾ ਹੈ? ਮੰਡੀਕਰਨ ਬੋਰਡ ਆਪਣੀ ਇਸ ਆਮਦਨ ਵਿੱਚੋਂ 50% ਪੰਜਾਬ ਦੇ ਪੇਡੂੰ ਵਿਕਾਸ ਉਪਰ ਖਰਚਣ ਲਈ ਵਚਨਵਧ ਹੁੰਦਾ ਹੈ। ਪੰਜਾਬ ਦੇ ਵਿੱਚ ਸਰਾਬ ਦੀ ਅਕਸਾਈਜ ਡਿਉਟੀ ਦਾ 80%  ਪਿੰਡਾਂ ਵਿੱਚੋ ਹੀ ਆਉਂਦਾ ਹੈ ਜੋ 2400 ਕਰੋੜ ਦੇ ਲੱਗਭੱਗ ਬਣਦਾ ਹੈ। ਇਹ ਡਿਉਟੀ ਦਾ ਵੱਡਾ ਹਿੱਸਾ ਕਿਸਾਨ ਹੀ ਦਿੰਦਾ ਹੈ ਜੋ ਦੁਖੀਆ ਹੋਣ ਕਾਰਨ ਇਸੇ ਦੇ ਸਹਾਰੇ ਦੋ ਘੁੱਟ ਲਾਕੇ ਫਿਕਰਾਂ ਨੂੰ ਭੁਲਾਕੇ ਸੌਂ ਪਾਉਂਦਾ ਹੈ। Farmer's suicide in Delhi
                                               ਪੰਜਾਬ ਦਾ ਕਿਸਾਨ ਇੱਕ ਕਰੋੜ ਏਕੜ ਜਮੀਨ ਦੇ ਲਈ 3000 ਕਰੋੜ ਦਾ ਡੀਜਲ ਖਰੀਦਦਾ ਹੈ ਜਿਸ  ਉਪਰ ਹੀ 1000 ਕਰੋੜ ਦਾ ਟੈਕਸ ਦੇ ਦਿੰਦਾ ਹੈ। ਇੱਕ ਏਕੜ ਉਪਰ 3000 ਦਾ ਡੀਜਲ ਲੱਗਦਾ ਹੈ । ਇਸ ਉਪਰ 50% ਟੈਕਸ ਹੀ ਹੁੰਦਾ ਹੈ, ਜਿਸ ਵਿੱਚੋਂ 30% ਪੰਜਾਬ ਗੋਰਮਿੰਟ ਹੀ ਲੈਦੀ ਹੈ । ਪੰਜਾਬ ਸਰਕਾਰ ਦੇ ਖਾਤੇ ਵਿੱਚ 1000 ਕਰੋੜ ਪਹੁੰਚ ਜਾਂਦਾ ਹੈ। ਮਾਲ ਮਹਿਕਮਾਂ 2000 ਕਰੋੜ ਤੋਂ ਵੀ ਵੱਧ ਮਾਲੀਆ ਇਹਨਾਂ ਕਿਸਾਨਾਂ ਦੀ ਜਮੀਨ ਦੀ ਖਰੀਦ ਵੇਚ ਦੇ ਕਾਰਨ ਹੀ ਤਾਂ ਕਰ ਪਾਉਦਾ ਹੈ ਹਾਲੇ ਕਹੀ ਜਾਂਦੇ ਹਨ ਕਿ ਕਿਸਾਨ ਟੈਕਸ ਨਹੀਂ ਦਿੰਦਾ। ਪੰਜਾਬ ਸਰਕਾਰ ਦੇ ਬਜਟ ਦਾ 60% ਹਿੱਸਾ ਖੇਤੀ ਨਾਲ ਸਬੰਧਤ ਕਾਰੋਬਾਰਾਂ ਤੋਂ ਹੀ ਆਉਂਦਾ ਹੈ। 75000 ਕਰੋੜ ਦੀ ਫਸਲ ਪੈਦਾ ਕਰਨ ਵਾਲਾ ਕਿਸਾਨ ਆਮਦਨੀ ਇੱਕ ਤਿਹਾਈ ਦੇ ਕਰੀਬ ਸਿੱਧੇ ਟੈਕਸਾਂ ਦੇ ਰੂਪ ਵਿੱਚ ਪੰਜਾਬ ਅਤੇ ਹਿੰਦੋਸਤਾਨ ਦੀ ਸਰਕਾਰ ਨੂੰ ਦੇ ਦਿੰਦਾ ਹੈ। ਜੇ ਅਸਲੀ ਕਿਸਾਨ ਜੋ ਖੇਤਾਂ ਵਿੱਚ ਕੰਮ ਕਰਦਾ ਹੈ ਦੀ ਅਸਲੀ ਆਮਦਨ ਜੋ ਭਾਰਤ ਸਰਕਾਰ ਦੇ ਅੰਕੜੇ ਅਨੁਸਾਰ 15000 ਪ੍ਰਤੀ ਏਕੜ ਹੈ । ਇੱਕ ਏਕੜ ਦੀ ਵੱਟਤ ਵਿੱਚੋਂ ਮੰਡੀਕਰਨ ਬੋਰਡ 3500 ਆੜਤੀਆ 2050 ਸੈਂਟਰ ਸਰਕਾਰ ਅਤੇ ਮਜਦੂਰ 2500 ਰੁਪਏ ਲੈ ਜਾਦੇ ਹਨ। ਜਦ ਕਿ ਅਸਲੀ ਕਿਸਾਨ ਨੂੰ ਤਾਂ ਆਪਣੀ ਲੇਬਰ ਦਾ ਵੀ ਮੁੱਲ ਨਹੀਂ ਮਿਲਦਾ ,ਉਸਦੀ ਅਸਲੀ ਆਮਦਨ ਤਾਂ ਜੀਰੋ ਹੈ। ਕਿਸਾਨ ਆਗੂਆਂ ਨੂੰ ਜੋ ਅਸਲ ਵਿੱਚ ਰਾਜਨੀਤਕਾਂ ਦੇ ਹੀ ਯਾਰ ਹਨ ਇਹਨਾਂ ਗੱਲਾਂ ਬਾਰੇ ਸੋਚਣ ਦੀ ਲੋੜ ਨਹੀਂ। ਬੁੱਧੀਜੀਵੀ ਵਰਗ ਆਪ ਸਰਕਾਰ ਵਾਲੇ ਛੈਣੈ ਖੜਕਾਉਦਾ ਹੈ ਕਿਉਕਿ ਸਰਕਾਰ ਨੇ ਜੋ ਕਿਤਾਬੀ ਅਗਿਆਨ ਉਹਨਾਂ ਦੇ ਦਿਮਾਗਾਂ ਵਿੱਚ ਭਰ ਦਿੱਤਾ ਹੈ ਉਸਤੋਂ ਉਪਰ ਕਿਵੇਂ ਸੋਚੇਗਾ?
                ਲਉ ਕਿਸਾਨ ਦੀ ਆਮਦਨ ਵੀ ਜਾਣ ਲਉ ਇੱਕ ਏਕੜ ਵਿੱਚੋ 43000 ਦੀ ਜੀਰੀ 27000 ਦੀ ਕਣਕ ਨਿੱਕਲਦੀ ਹੈ। 20 ਲੱਖ ਦੀ ਕੀਮਤ ਵਾਲੀ ਇੱਕ ਏਕੜ ਜੰਮੀਨ ਦੀ ਮਾਲਕੀ ਵਾਲਾ ਵਿਅਕਤੀ 40000 ਤੋਂ 55000 ਹਜਾਰ ਤੱਕ ਠੇਕਾ ਲੈ ਜਾਂਦਾ ਹੈ ਪਿੱਛੇ ਬਚਿਆ 15 ਜਾਂ 25000 ਜਿਸ ਵਿੱਚੋਂ ਦੋ ਫਸਲਾਂ ਦਾ ਖਰਚਾ ਸਾਰੇ ਸਾਲ ਪੂਰਾ ਪੰਜ ਜੀਆਂ ਦਾ ਪਰਿਵਾਰ ਪੰਜ ਏਕੜ ਖੇਤੀ ਦੇ ਸਿਰਹਾਣੇ ਖੜਾ ਰਹਿੰਦਾ ਹੈ ਜਿੰਨਾਂ ਵਿੱਚੋਂ ਜੇ ਦੋ ਬਾਲਗਾਂ ਨੂੰ ਹੀ ਜੋ ਖੇਤੀ ਕਰਦੇ ਹਨ ਨੂੰ 40000 ਸਲਾਨਾਂ 3300 ਰੁਪਏ ਮਹੀਨਾਂ ਜਾਂ 100 ਰੁਪਏ ਰੋਜਾਨਾਂ ਦੇ ਹਿਸਾਬ ਦੋ ਜਣਿਆਂ  ਦੀ ਲੇਬਰ 80000 ਬਣਦੀ ਹੈ । ਪੰਜ ਏਕੜ ਦਾ ਖਰਚਾ 75000 ਹੈ । ਪੰਜ ਏਕੜ ਦਾ ਲੇਬਰ ਪਲੱਸ ਖਰਚਾ 155000 ਹੈ ਅਤੇ ਆਮਦਨ ਪੰਜ ਏਕੜ ਇੱਕ ਲੱਖ ਬਣਦੀ ਹੈ, ਦੱਸੋ ਆਮਦਨ ਕਿੱਥੇ ਹੋਈ ਜਾਂ ਲੇਬਰ ਕਿੰਨੀ ਕੁ ਮਿਲੀ ਕਿਸਾਨ ਨੂੰ। ਹਜਾਰਾਂ ਏਕੜਾਂ ਦੇ ਮਾਲਕ ਕਾਂਗਰਸ ,ਅਕਾਲੀ ,ਪੰਥਕ , ਮੁੱਖੀ  ਕੀ ਕਿਸਾਨ ਹਨ ਉਹ ਤਾਂ ਬਿਜਨੈਸਮੈਨ ਹਨ ਜੇ ਠੇਕਾ ਵੱਧ ਮਿਲੇ ਤਾਂ ਠੇਕਾ ਲੈ ਲੈ ਕੇ ਚੰਡੀਗੜ ਦੀਆਂ ਏਸੀ ਕੋਠੀਆਂ ਵਿੱਚ ਸੌਂਦੇ ਹਨ ਜੇ ਕਿਸਾਨ ਨੌਕਰਾਂ ਤੌਂ ਖੇਤੀ ਕਰਾਕੇ ਦੋ ਨੰਬਰ ਦੀ ਕਮਾਈ ਇੱਕ ਨੰਬਰ ਵਿੱਚ ਬਦਲਣ ਅਤੇ ਮੁਨਾਫਾ ਵੀ ਵੱਧ ਮਿਲ ਜਾਵੇ ਦੋਨੋਂ ਹੱਥੀਂ ਲੱਡੂ। ਅਸਲੀ ਕਿਸਾਨ ਧੁੱਪ ਅਤੇ ਕੜਾਕੇ ਦੀ ਠੰਡ ਵਿੱਚ ਕੰਮ ਕਰਨ ਵਾਲਾ ਹੁੰਦਾ ਹੈ। ਸਬਸਿਡੀਆਂ ਵਪਾਰੀ ਕਿਸਾਨਾਂ ਨੂੰ ਮਿਲਦੀਆਂ ਹਨ ਜੋ ਵੱਡੀਆਂ ਮਸੀਂਨਾਂ ਖਰੀਦ ਕਰਕੇ ਫਿਰ ਗਰੀਬ ਕਿਰਤੀ ਨੂੰ ਲੁੱਟਦੇ ਹਨ। ਕਿਸਾਨ ਅਤੇ ਮਾਲਕ ਦੇ ਫਰਕ ਨੂੰ ਹੀ ਸਮਝ ਨਹੀਂ ਪਾ ਰਿਹਾ ਬੁੱਧੀਜੀਵੀ ਵਰਗ ਉਹ ਕੀ ਸਰਕਾਰਾਂ ਨੂੰ ਦੱਸ ਪਾਵੇਗਾ ਖੁਦਾ ਹੀ ਜਾਣਦਾ ਹੈ ਬਾਕੀ ਜੇ ਲੋੜ ਹੋਈ ਕਦੀ ਫਿਰ ਪੁੱਛ ਲੈਣਾਂ ਪਾਠਕ ਮਿੱਤਰੋ। ਹੋਰ ਵੱਧ ਬੋਲੇ ਤਾਂ ਸਰਕਾਰਾਂ ਜੋ ਵੱਡੇ ਝੂਠੇ ਕਿਸਾਨਾਂ ਦੀਆਂ ਹੀ ਹਨ ਪਤਾ ਨਹੀਂ ਕੀ ਕਰ ਦੇਣ ਕਿਸਾਨ ਆਗੂ ਤਾਂ ਸਰਕਾਰਾਂ ਨਾਲ ਲੱਗਦੇ ਹਨ ਕਿਸਾਨਾਂ ਦੀ ਗੱਲ ਕਰਨ ਵਾਲਿਆ ਨਾਲ ਨਹੀਂ। ਜਿਸ ਕਿਸਾਨੀ ਦੇ ਸਾਰੇ ਨਹੀਂ ਪਰ ਬਹੁਤੇ ਆਗੂ ਆਪਣੀ ਹਾਉਮੈਂ ਅਤੇ ਲੁਕਵੇਂ ਵਪਾਰ ਲਈ ਹੀ ਆਗੂ ਬਣੇ ਹੋਣ ਦਾ ਪੱਖ ਸਰਕਾਰਾਂ ਤੱਕ ਕਦੀ ਵੀ ਨਹੀਂ ਜਾਵੇਗਾ ਰੱਬ ਖੈਰ ਕਰੇ?    

Monday, 28 December 2015

ਸਮਾਜਿਕ ਰਿਸਤਿਆਂ ਦਾ ਕੱਚ ਵਰਗਾ ਸੱਚ




ਬੱਚਿਆਂ ਵਰਗੇ ਲੋਕਾਂ ਨੂੰ ਜਦ ਦੁਨੀਆਂ ਦੇ ਸਮਾਜਿਕ ਰਿਸਤਿਆਂ ਨੂੰ ਅਤੇ ਖੂਨੀ ਰਿਸਤਿਆਂ ਦੀ ਬੇਲੋੜੀ ਸਰਾਹਨਾਂ ਕਰਦਿਆਂ ਦੇਖੀ ਦਾ ਹੈ ਤਦ ਹੀ ਉਹਨਾਂ ਦੀ ਪੇਤਲੀ ਸਮਝ ਤੇ ਤਰਸ ਆ ਹੀ ਜਾਂਦਾ ਹੈ ਪਰ ਮੇਰਾ ਮਹਾਨ ਯੁੱਗ ਪੁਰਸ਼ ਗੁਰੂ ਤੇਗ ਬਹਾਦਰ ਜਦ ਸੱਚ ਲਿਖ ਗਏ ਹਨ ਕਿ .......... ਮਾਤ ਪਿਤਾ ਸੁੱਤ ਬੰਧਪ ਭਾਈ ਸਭੈ ਸੁਆਰਥ ਕੈ ਅਧਿਕਾਈ।.......... ਆਮ ਬੰਦਾ ਤਾਂ ਕਦੇ ਮਾਂ ਵਿੱਚੋਂ ਹੀ ਰੱਬ ਦਾ ਰੂਪ ਦੇਖੀ ਜਾਂਦਾ ਹੈ ਪਰ ਉਹਨਾਂ ਹਜਾਰਾਂ ਮਾਵਾਂ ਦਾ ਕੀ ਕਹੋਗੇ ਜਿਹੜੀਆਂ ਅਣਗਿਣਤ ਬੱਚੇ ਜੰਮਕੇ ਵੀ ਆਸਕਾਂ ਨਾਲ ਫਰਾਰ ਹੋ ਜਾਂਦੀਆਂ ਹਨ। ਸੀਨਾ ਬੋਹਰਾ ਹੱਤਿਆਂ ਕਾਂਡ ਵਿੱਚ ਕਰੋੜਾਂ ਪਤੀ ਇੰਦਰਾਨੀ ਮੁਖਰਜੀ ਦਾ ਕੀ ਕਹੋਗੇ ਜਿਸਨੇ ਆਪਣੀ ਬੇਟੀ ਸੀਨਾਂ ਦੀ ਹੱਤਿਆਂ ਕਰ ਦਿੱਤੀ ਅਤੇ ਹੁਣ ਜੇਲ ਵਿੱਚ ਹੈ।  ਜਦ ਬਾਪ ਨੂੰ ਅਣਗਿਣਤ ਅਲੰਕਾਰ ਬਖਸੇ ਜਾਂਦੇ ਹਨ ਤਦ ਅਸੀਂ ਉਹ ਬਾਦਸਾਹ ਕਿਉਂ ਭੁੱਲ ਜਾਂਦੇ ਹਾਂ ਜਿੰਹਨਾਂ ਨੇ ਆਪਣੇ ਪੁੱਤਰਾਂ ਦੀ ਹੀ ਹੱਤਿਆਂ ਕਰਵਾਈ ਅਤੇ ਜਾਂ ਕੋਸਿਸ ਕੀਤੀ। ਭਗਤ ਪਰਹਿਲਾਦ ਦੀ ਕਹਤਣੀ ਤਾਂ ਸਭ ਧਰਮ ਗਰੰਥਾਂ ਵਿੱਚ ਲਿਖੀ ਹੈ। ਪੁੱਤਰ ਦੇ ਰਿਸਤੇ ਬਾਰੇ ਵੀ ਅਣਗਿਣਤ ਖੂਬੀਆਂ ਗਿਣਾ ਦਿੱਤੀਆਂ ਜਾਂਦੀਆਂ ਹਨ ਪਰ ਉਹਨਾਂ ਪੁੱਤਰਾਂ ਬਾਰੇ ਕੀ ਕਹੋਗੇ ਜਿੰਹਨਾਂ ਆਪਣੇ ਮਾਂ ਬਾਪ ਹੀ ਮਾਰ ਘੱਤੇ ਹਨ। ਅਨੇਕਾਂ ਰਾਜਿਆਂ ਨੇ ਆਪਣੇ ਬਾਪ ਰਾਜਗੱਦੀਆਂ ਜਾਂ ਹੋਰ ਦੁਨਿਆਵੀ ਲੋੜਾਂ ਲਈ ਮਾਰ ਘੱਤੇ ਹਨ ਜਾਂ ਜੇਲੀਂ ਭੇਜ ਦਿੱਤੇ ਸਨ। ਔਰੰਗਜੇਬ ਨੇ ਤਾਂ ਆਪਣੀ ਧੀ ਆਂਪਣੇ ਬਾਪ ਆਪਣੇ ਭਾਈਆਂ ਨਾਲ ਕੀ ਕੀ ਸਲੂਕ ਕੀਤਾ ਸੀ।

                                     ਅੱਜ ਵੀ ਅਨੇਕਾਂ ਪੁੱਤਰ ਆਪਣੇ ਬਾਪ ਮਾਪਿਆਂ ਦਾ ਕਤਲ ਕਰਦੇ ਹਨ। ਪਿਆਰ ਸਤਿਕਾਰ ਦੀਆਂ ਪਾਤਰ ਬਣਾਈਆਂ  ਅਨੇਕਾਂ ਧੀਆਂ ਆਪਣੇ ਮਾਂ ਬਾਪ ਭੈਣ ਭਰਾਵਾਂ ਨੂੰ ਨੀਂਦ ਦੀਆਂ ਜਾਂ ਜਹਿਰ ਦੀਆਂ ਗੋਲੀਆਂ ਦਿੰਦੀਆਂ ਹਨ ਦੀਆਂ ਅਨੇਕ ਕਹਾਣੀਆਂ ਖਬਰਾਂ ਦਾ ਸਿੰਗਾਰ ਬਣਦੀਆਂ ਹਨ । ਹਾਸਾ ਆ ਹੀ ਜਾਂਦਾ ਹੈ ਜਦ ਅਰਧ ਗਿਆਨ ਵਾਲੇ ਆਪਣੀ ਜਿੰਦਗੀ ਦੇ ਵਿੱਚੋਂ ਨਿਕਲੇ ਹਾਲਤਾਂ ਵਾਲੇ ਰਿਸਤੇ ਦੇ ਤਜਰਬਿਆਂ ਨੂੰ ਦੂਜੇ ਉਪਰ ਥੋਪਦੇ ਹਨ ਅਤੇ ਸੱਚ ਤੋਂ ਮੁਨਕਰ ਹੁੰਦੇ ਹਨ। ਕਿਸੇ ਵੀ ਵਿਅਕਤੀ ਦੇ ਇਹ ਰਿਸਤੇ ਪਿਆਰ ਭਰੇ ਅਤੇ ਨਿੱਘੇ ਹੋ ਸਕਦੇ ਹਨ ਪਰ ਇਹ ਜਰੂਰੀ ਨਹੀਂ ਹੁੰਦਾਂ ਕਿ ਹਰ ਇੱਕ ਦੇ ਹੀ ਇਹੋ ਜਿਹੇ ਹੋਣ। ਮਾਂ ਹੁੰਦੀ ਹੈ ਮਾਂ ਉਏ ਦੁਨੀਆਂ ਵਾਲਿਉ ਮਾਂ ਹੈ ਠੰਡੜੀ ਛਾ ਕਹਿਣ ਵਾਲਾ ਗਾਇਕ ਦਾ ਪੁੱਤਰ ਕਿਹੜੇ ਹਾਲਾਂ ਵਿੱਚ ਆਪਣੇ ਬਾਪ ਦੀ ਹੀ ਕਬਰ ਪੁੱਟਣ ਤੁਰ ਪਿਆ ਸੀ ਅਤੇ ਉਸਦੀ ਮਾਂ ਨੇ ਕਿਉਂ ਉਸਨੂੰ ਆਪਣੇ ਬਾਪ ਦੀ ਕਬਰ ਪੁੱਟ ਦੇਣ ਲਈ ਕਹਿ ਦਿੱਤਾ ਸੀ । ਅਸਲ ਵਿੱਚ ਰਿਸਤੇ ਹਾਲਾਤਾਂ ਦੇ ਮੁਥਾਜ ਹੁੰਦੇ ਹਨ , ਇਖਲਾਕ ਅਤੇ ਉੱਚੇ ਪਾਕਿ ਪਵਿਤਰ ਆਚਰਣ ਨਾਲ ਹੀ ਚਿਰ ਸਥਾਈ ਹੁੰਦੇ ਹਨ। ਦੁਨਿਆਵੀ ਲੋਭ ਲਾਲਚਾਂ ਵਿੱਚ ਹਰ ਰਿਸਤੇ ਦੀ ਬਲੀ ਚੜ ਹੀ ਜਾਂਦੀ ਹੈ। ਉੱਚੇ ਆਚਰਣ ਵਾਲੇ ਲੋਕ ਔਖੇ ਹਾਲਤਾਂ ਦਾ ਟਾਕਰਾ ਕਰਦੇ ਹਨ ਰਿਸਤਿਆਂ ਦੀ ਪਵਿਤਰਤਾ ਬਣਾਈ ਰੱਖਦੇ ਹਨ। ਦੁਨਿਆਵੀ ਤਾਕਤਾਂ ਦੇ ਮੁਥਾਜ ਗਿਰੇ ਹੋਏ ਆਚਰਣ ਵਾਲੇ ਲੋਕ ਆਪਣੇ ਸਵਾਰਥਾਂ ਲਈ ਹਰ ਰਿਸਤਾ ਵੀ ਖਾ ਜਾਂਦੇ ਹਨ।  ਸੋ ਸਿਆਣਾਂ ਮਨੁੱਖ ਕਦੀ ਵੀ ਗੁਰੂ ਤੇਗ ਬਹਾਦਰ ਵਾਂਗ ਹੀ ਦੁਨੀਆਵੀ ਰਿਸਤਿਆਂ ਬਾਰੇ ਸੋਚਦਾ ਹੈ ਪਰ ਦੁਨਿਆਵੀ ਸੁਹਰਤਾਂ ਦੇ ਭੁੱਖੇ ਲੋਕ ਤਾਂ ਆਪਣੇ ਧੀਆਂ ਪੁੱਤਰਾਂ ਅਤੇ ਦੁਨਿਆਵੀ ਰਿਸਤਿਆਂ ਬਾਰੇ ਊਲ ਜਲੂਲ ਬੋਲਦੇ ਅਤੇ ਗਲਤ ਕੰਮ ਵੀ ਕਰਦੇ ਰਹਿੰਦੇ ਹਨ। ਰਾਜਗੱਦੀਆਂ ਤੇ ਬੈਠੇ ਲੋਕ ਵੀ ਆਪਣੇ ਧੀਆਂ ਪੁੱਤਰਾਂ ਲਈ ਦੀਨ ਅਤੇ ਦੁਨੀਆਂ ਦੇ ਹਿੱਤ ਵੀ ਖਾ ਜਾਂਦੇ ਹਨ ਆਪਣਿਆਂ ਲਈ ਜਦ ਕਿ ਇੱਕ ਦਿਨ ਉਹਨਾਂ ਦੇ ਵਾਰਿਸਾਂ ਨੇ ਉਹਨਾਂ ਦੀ ਇੱਜਤ ਮਿੱਟੀ ਘੱਟੇ ਰੋਲ ਦੇਣੀ ਹੁੰਦੀ ਹੈ।
                    ਮਹਾਰਾਜਾ ਰਣਜੀਤ ਸਿੰਘ ਨੇ ਸਿੱਖੀ ਅਸੂਲ ਪੰਜ ਪਰਧਾਨੀ ਤੋਂ ਪਾਸੇ ਹਟਦਿਆਂ ਸਿੱਖ ਰਾਜ ਆਪਣੇ ਪੁੱਤਰਾਂ ਨੂੰ ਹੀ ਦੇ ਦਿੱਤਾ ਸੀ ਜਿੰਹਨਾਂ ਦਸ ਸਾਲਾਂ ਵਿੱਚ ਹੀ ਉਹ ਬਰਬਾਦ ਕਰ ਦਿੱਤਾ ਪਰ ਹਰੀ ਸਿੰਘ ਨਲੂਏ ਦਾ ਸੱਚ ਅੱਜ ਵੀ ਗੂੰਜਦਾ ਹੈ ਕਿ ਰਣਜੀਤ ਸਿੰਘ ਤੂੰ ਗਲਤ ਹੈ ਇਹ ਖਾਲਸਾਈ ਰਾਜ ਹੈ ਇਸਦਾ ਵਾਰਸ ਵੀ ਖਾਲਸੇ ਵਿੱਚੋਂ ਕਿਸੇ ਯੋਗ ਖਾਲਸੇ ਦੇ ਹੱਥ ਹੋਣਾਂ ਚਾਹੀਦਾ ਹੈ । ਗੁਰੂ ਗੋਬਿੰਦ ਸਿੰਘ ਦਾ ਹੁਕਮਨਾਮਾ ਵੀ ਸੱਚ ਹੋਇਆ ਜਬ ਇਹ ਗਇਉਂ ਬਿਪਰਨ ਕੀ ਰੀਤ ਮੈ ਨਾਂ ਕਰੂੰ ਇਨ ਕੀ ਪਰਤੀਤ। ਆਪਣੇ ਚਾਰ ਪੁੱਤਰਾਂ ਦੀ ਕੁਰਬਾਨੀ ਦੇਕੇ ਦੂਸਰਿਆਂ ਦੇ ਹਜਾਰਾਂ ਪੁੱਤਰਾਂ ਨੂੰ ਆਪਣਾਂ ਪੁੱਤਰ ਕਹਿਣਾਂ ਹੀ ਰਿਸਤਿਆਂ ਦਾ ਅਸਲ ਸੱਚ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਨੇ  ਕਰ ਕੇ ਦਿਖਾਇਆ ਸੀ। ਦੁਨੀਆਂ ਦਾ ਹਰ ਅਸਲੀ ਫਕੀਰ ਦੁਨੀਆਂ ਦੇ ਪੁੱਤਰਾਂ ਨੂੰ ਹੀ ਆਪਣੇ ਪੁੱਤਰ ਧੀਆਂ ਮੰਨਦਾ ਹੈ ਅਤੇ ਸਭ ਦਾ ਭਲਾ ਲੋਚਦਾ ਹੈ। ਸਭ ਦੇ ਮਾਂ ਬਾਪ ਵੀ ਉਸਦੇ ਹੀ ਮਾਂ ਬਾਪ ਹੁੰਦੇ ਹਨ ਪਰ ਭੁੱਖੇ ਲੋਕਾਂ ਅਤੇ ਬੇਈਮਾਨ ਰਾਜਨੀਤਕਾਂ ਦੇ  ਧੀ ਪੁੱਤ ਸਿਰਫ ਆਪਣੇ ਜੰਮੇ ਹੋਏ ਜਾਂ ਕੋਈ ਇਸ ਤਰਾਂ ਦੇ ਗਲਤ ਆਚਰਣ ਵਿੱਚੋਂ ਪੈਦਾ ਹੋਏ ਹੀ ਆਪਣੇ ਹੁੰਦੇ ਹਨ ਜਿੰਹਨਾਂ ਲਈ ਉਹ ਦੂਸਰਿਆਂ ਦੇ ਹਿੱਤ ਖਾਕੇ ਉਹਨਾਂ ਆਪਣੇ ਨਕਲੀ ਅਸਲੀ ਧੀਆਂ ਪੁੱਤਰਾਂ ਨੂੰ ਪਾਪ ਖਵਾਉਂਦਾਂ ਰਹਿੰਦਾਂ ਹੈ ਜੋ ਇੱਕ ਦਿਨ ਉਸਦੀ ਮਾੜੀ ਮੋਟੀ ਜੇ ਕੋਈ ਇੱਜਤ ਹੁੰਦੀ ਹੈ ਉਹ ਵੀ ਖਾ ਜਾਂਦੇ ਹਨ। ਜਿਹੜਾ ਮਨੁੱਖ ਸਮਾਜਿਕ ਅਤੇ ਦੁਨਿਆਵੀ ਰਿਸਤਿਆਂ ਦੀ ਥਾਂ ਪਿਆਰ ਅਤੇ ਦੋਸਤੀ ਦਾ ਰਿਸਤਾ ਹੀ ਹਰ ਰਿਸਤੇ ਵਿੱਚ ਸਾਮਲ ਕਰ ਲੈਂਦਾਂ ਹੈ ਉਸਦਾ ਹਰ ਦੁਨਿਆਵੀ ਰਿਸਤਾ ਚਿਰ ਸਥਾਈ ਹੋ ਜਾਂਦਾ ਹੈ ਪਰ ਦੋਸਤੀ ਪਿਆਰ ਤੋਂ ਕੋਰਾ ਸੁਆਰਥਾਂ ਵਿੱਚ ਵਿਚਰਦਾ ਹਰ ਰਿਸਤਾ ਰੇਤ ਦੀ ਕੰਧ ਵਰਗਾ ਹੁੰਦਾਂ ਹੈ ਜੋ ਕਦੀ ਵੀ ਤਬਾਹ ਹੋ ਸਕਦਾ ਹੈ। ਦੁਨਿਆਵੀ ਅਤੇ ਸਮਾਜਿਕ ਰਿਸਤਿਆਂ ਦੀ ਪਿਆਰ ਤੋਂ ਬਿਨਾਂ ਕੋਈ ਉਮਰ ਅਤੇ ਹੋਂਦ ਨਹੀਂ ਹੁੰਦੀ। ਹਾਂ ਇਹ ਰਿਸਤੇ ਸਦਾ ਹੀ ਜਿਉਂਦੇ ਹਨ ਜਿੰਹਨਾਂ ਵਿੱਚ ਦੋਸਤੀ ਦਾ ਰਿਸਤਾ ਦੁਸਮਣੀ ਦਾ ਰਿਸਤਾ, ਸਰਧਾ ਦਾ ਰਿਸਤਾ , ਨਫਰਤ ਦਾ ਰਿਸਤਾ । ਹਰ ਦੁਨਿਆਵੀ ਅਤੇ ਸਮਾਜਿਕ ਰਿਸਤੇ ਦੀ ਉਮਰ ਦੋਸਤੀ, ਦੁਸਮਣੀ, ਪਿਆਰ, ਨਫਰਤ, ਸਰਧਾ ਦੀ ਮਾਤਰਾ ਵਧਣ ਘਟਣ ਨਾਲ ਹੀ ਨਿਸਚਿਤ ਹੁੰਦੀ ਹੈ।
      ਗੁਰਚਰਨ ਸਿੰਘ ਪੱਖੋਕਲਾਂ ਜਿਲਾ ਬਰਨਾਲਾ ਫੋਨ 9417727245
                                 

Saturday, 12 December 2015

ਮੁਸਲਮਾਨ ਕੁੜੀ ਅਤੇ ਖਡੂਰ ਸਾਹਿਬ ਦੇ ਉਮੀਦਵਾਰ ਸੁਮੇਲ ਸਿੰਘ ਦਾ ਸਰਪ੍ਰਸਤ ਮਾਸਟਰ ਖੇਤਾ ਸਿੰਘ

                                                          ਗੁਰਚਰਨ ਸਿੰਘ ਪੱਖੋਕਲਾਂ
          ਅੱਸੀ ਸਾਲ ਦੀ ਉਮਰ ਦੇ ਨੇੜੇ ਪਹੁੰਚੇ ਨੌਜਵਾਨਾਂ ਨਾਲੋਂ ਵੀ ਵੱਧ ਹਿੰਮਤ ਦਿ੍ੜਤਾ ਦਲੇਰੀ ਅਤੇ ਸਾਊ ਸਿਆਣੇ ਸੁਭਾਅ ਦੇ ਮਾਲਕ ਮਾਸਟਰ ਖੇਤਾ ਸਿੰਘ ਵਰਤਮਾਨ ਸਮੇਂ ਵੀ ਸਮਾਜ ਦਾ ਗੰਦ ਸਾਫ ਕਰਨ ਲਈ ਜੂਝਦੇ ਹੋਏ ਦੇਖਕੇ ਹੈਰਾਨ ਹੋ ਜਾਈਦਾ ਹੈ । ਇਸ ਮਹਾਨ ਮਨੁੱਖ ਦਾ ਜੀਵਨ ਚਰਿਤਰ ਤੇ ਝਾਤ ਮਾਰਦਿਆਂ ਹੀ ਸੋਨੇ ਅਤੇ ਹੀਰੇ ਮੋਤੀਆਂ ਵਰਗੇ ਜਿੰਦਗੀ ਦੇ ਗੁਣ ਤਜਰਬੇ ਲੱਭਦੇ ਹਨ। ਪਿੱਛਲੇ ਕੁੱਝ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਕਨਵੀਨਰ ਪੰਜਾਬ ਸੁਮੇਲ ਸਿੰਘ ਦੇ ਸਰਪ੍ਰਸਤ ਵਜੋਂ ਉਹਨਾਂ ਨਾਲ ਵਿਚਰਦਿਆਂ ਜਿੱਥੇ ਉਹਨਾਂ ਦਾ ਆਚਰਣ ਹੀ ਬਿਨਾਂ ਬੋਲਿਆਂ ਬਹੁਤ ਕੁੱਝ ਸਿਖਾ ਦਿੰਦਾ ਹੈ ਉੱਥੇ ਉਹਨਾਂ ਦੇ ਜਿੰਦਗੀ ਦੇ ਕੁੱਝ ਪੰਨੇ ਪਲਟਣ ਦਾ ਸੁਭਾਗ ਪਰਾਪਤ ਹੋਇਆ ਹੈ। ਇਸ ਤਰਾਂ ਦਾ ਸਮਾਜ ਪੱਖੀ ਵਿਅਕਤੀ ਆਪਣੇ ਬਜੁਰਗਾਂ ਕੋਲੋਂ ਬਚਪਨ ਦੇ ਸਾਲਾਂ ਵਿੱਚ ਹੀ ਇਨਸਾਨੀਅਤ ਦੀ ਗੁੜਤੀ ਲੈਕੇ ਵੱਡਾ ਹੋਇਆ ਹੈ।https://scontent-frt3-1.xx.fbcdn.net/hphotos-xpf1/v/t1.0-9/1508117_1386653684980263_1298141921612138938_n.jpg?efg=eyJpIjoiYiJ9&oh=30bf91eee6a20d8f76ec224d1d819d71&oe=56E13F1F 1947 ਦੇ ਹੱਲਿਆਂ ਵਾਲੇ ਸਾਲ ਵਿੱਚ ਨੌਂ ਸਾਲ ਦੀ ਉਮਰ ਵਿੱਚ ਹੀ ਕੁਦਰਤ ਨੇ ਮਹਾਨ ਕੰਮ ਕਰਵਾਉਣਾਂ ਸੁਰੂ ਕਰ ਲਿਆ ਸੀ ਖੇਤਾ ਸਿੰਘ ਕੋਲੋਂ। ਭਾਦੋਂ ਦੇ ਗਰਮ ਹੁੰਮਸ ਭਰੇ ਕਾਲੀ ਹਨੇਰੀ ਵਾਲੇ ਅਜਾਦੀ ਦੇ ਦਿਨਾਂ ਵਿੱਚ ਜਦ ਖੇਤਾ ਸਿੰਘ ਆਪਣੇ ਘਰਾਂ ਦੇ ਬਾਹਰ ਕਿਸੇ ਦਰੱਖਤ ਦੇ ਥੱਲੇ ਪੜ ਰਿਹਾ ਸੀ ਤਦ ਉਸ ਸਮੇਂ ਸਾਰੀ ਰਾਤ ਦੀਆਂ ਕਿਸੇ ਪਾਥੀਆਂ ਵਾਲੇ ਗੁਹਾਰੇ  ਵਿੱਚ ਦੰਗਾਈ ਫਿਰਕੂ ਇਨਸਾਨਾਂ ਤੋਂ ਡਰਕੇ ਲੁਕੀਆਂ ਹੋਈਆਂ ਮੁਸਲਮਾਨ ਮਾਂ ਧੀ ਬੇਹੋਸ ਹੋਕੇ ਧੜੱਮ ਕਰਕੇ ਬਾਹਰ ਡਿੱਗ ਪਈਆਂ ਜਿਸਦਾ ਖੜਕਾ ਜਦ ਇਸ 9 ਸਾਲਾ ਖੇਤਾ ਸਿੰਘ ਨੂੰ ਸੁਣਿਆਂ ਤਦ ਇਸਨੇ ਆਪਣੇ ਬਜੁਰਗਾਂ ਨੂੰ ਜਾਕੇ ਦੱਸਿਆ ਕਿ  ਮੁਸਲਮਾਨਾਂ ਦੀਆਂ ਇਸਤਰੀਆਂ ਗੁਹਾਰੇ ਕੋਲ ਡਿੱਗੀਆਂ ਪਈਆਂ ਹਨ। ਇਸਦੇ ਮਹਾਨ ਬਜੁਰਗਾਂ ਨੇ ਉਹਨਾਂ ਨੂੰ ਚੁੱਕ ਕੇ ਘਰ ਲਿਆਦਾਂ ਪਾਣੀ ਵਗੈਰਾ ਦੇਕੇ ਹੋਸ ਵਿੱਚ ਲਿਆਦਾਂ ਅਤੇ ਖਾਣਾ ਦਿੱਤਾ। ਦੰਗਾਈਆਂ ਤੋਂ ਬਚਾਉਣ ਲਈ ਮਾਂ ਅਤੇ ਨੌਜਵਾਨ ਧੀ ਨੂੰ ਘਰ ਵਿੱਚ ਬਣੀ ਪੜਛੱਤੀ ਤੇ ਲੁਕਾ ਦਿੱਤਾ ਅਤੇ ਉਹਨਾਂ ਉੱਪਰ ਮੋਟੀਆਂ ਪਟੀਆਂ ਦਾ ਪਰਦਾ ਕਰ ਦਿੱਤਾ । ਭਿਆਨਕ ਗਰਮੀ ਵਿੱਚ ਉਹ ਵਿਚਾਰੀਆਂ ਜਿੰਦਗੀ ਲਈ ਇਸ ਨੂੰ ਸਹਿੰਦੀਆਂ ਰਹੀਆਂ। ਪਰ ਚੁਗਲਖੋਰਾਂ ਨੇ ਦੰਗਾਈ ਇੰਹਨਾਂ ਦੇ ਘਰ ਤੇ ਚੜਾ ਲਿਆਂਦੇ। ਖੇਤਾ ਸਿੰਘ ਦਾ ਇੱਕ ਬਜੁਰਗ ਦਲੇਰ ਅਤੇ ਖਾੜਕੂ ਸੁਭਾਅ ਦਾ ਸੀ ਜਿਸ ਕੋਲ ਤੋੜੇਦਾਰ ਬੰਦੂਕ ਵੀ ਸੀ। ਉਸਨੇ ਆਪਣੇ ਭਰਾ ਨੂੰ ਦੰਗਾਈਆਂ ਨੂੰ ਗੱਲੀ ਲਾਉਣ ਨੂੰ ਕਿਹਾ ਅਤੇ ਆਪ ਰਾਈਫਲ ਵਿੱਚ ਬਰੂਦ ਭਰ ਲਿਆਇਆਂ। ਦੰਗਾਈ ਜਦ ਨਾਂ ਹੀ ਮੁੜੇ ਅਤੇ ਘਰ ਦੇ ਅੰਦਰ ਤੱਕ ਆ ਵੜੇ ਤਦ ਇਹਨਾਂ ਦੇ ਰਾਈਫਲ ਵਾਲੇ ਬਜੁਰਗ ਨੇ ਲਲਕਾਰਾ ਮਾਰਿਆਂ ਕਿ ਹੁਣ ਅੱਗੇ ਪੈਰ ਉਹ ਪੁੱਟੇ ਜਿਸਨੇ ਮੌਤ ਵਿਆਹੁਣੀ ਹੈ। ਇੱਕ ਦੰਗਾਈ ਨੇ ਜਦ ਅੱਗੇ ਵਧਣ ਦੇ ਲਈ ਪੈਰ ਪੁੱਟਿਆ ਤਦ ਇਸਦੇ ਚਾਚੇ ਨੇ ਗੋਲੀ ਚਲਾ ਦਿੱਤੀ ਅਤੇ ਸਾਰੇ ਦੰਗਾਈ ਭੱਜਣ ਵਿੱਚ ਹੀ ਭਲਾਈ ਸਮਝਣ ਲੱਗੇ।
                      ਇਹਨਾਂ ਦੇ ਬਜੁਰਗਾਂ ਨੇ ਉਹਨਾਂ ਦੇ ਭੱਜਣ ਤੋਂ ਬਾਅਦ ਵੀ ਸੋਚਿਆ ਕਿ ਇਹ ਵੱਡੀ ਧਾੜ ਲੈਕੇ ਦੁਬਾਰਾ ਵੀ ਆ ਸਕਦੇ ਨੇਂ ਸੋ ਕਿਉਂ ਨਾਂ ਪਹਿਲਾਂ ਬਜੁਰਗ ਔਰਤ ਦੀ ਥਾਂ ਇਸ ਨੌਜਵਾਨ ਕੁੜੀ ਨੂੰ ਬਚਾਇਆ ਜਾਵੇ ਅਤੇ ਉਸਨੂੰ ਕਿਸੇ ਤਰਾਂ ਨੇੜੇ ਦੇ ਪਿੰਡ ਰਿਸਤੇਦਾਰ ਦੇ ਘਰ ਛੱਡ ਆਈਏ। ਇਹਨਾਂ ਦੇ ਬਜੁਰਗ ਨੇ ਸਾਈਕਲ ਤੇ ਉਸ ਕੁੜੀ ਨੂੰ ਬਿਠਾ ਲਿਆਂ ਅਤੇ ਸਾਈਕਲ ਦੇ ਮੂਹਰੇ ਡੰਡੇ ਤੇ ਨੌ ਸਾਲ ਦੇ ਖੇਤਾ ਸਿੰਘ ਨੂੰ  ਬਿਠਾ ਲਿਆ ਅਤੇ ਸਮਝਾਇਆ ਕਿ ਜੇ ਤੈਨੂੰ ਕੋਈ ਪੁੱਛੇ ਕਿ ਇਹ ਕੁੜੀ ਕੌਣ ਹੈ ਤਦ ਇਹ ਕਹਿਣਾਂ ਕਿ ਮੇਰੀ ਵੱਡੀ ਭੈਣ ਕੋਲੇ ਬੱਚਾ ਹੋਇਆ ਉੱਥੇ ਮੇਰੀ ਛੋਟੀ ਭੈਣ ਨੂੰ ਛੱਡਣ ਚੱਲੇ ਹਾਂ। ਇਹ ਹੀ ਪਹਿਲੀ ਇਨਸਾਨੀਅਤ ਦੀ ਗੁੜਤੀ ਬਚਪਨ ਵਿੱਚ ਇਸਦੇ ਬਜੁਰਗਾਂ ਨੇ ਦਿੱਤੀ ਸੀ। ਕੁੱਝ ਦਿਨਾਂ ਬਾਅਦ ਇਸਤਰੀਆਂ ਦੇ ਵਾਰਸ਼ ਵੀ ਭਾਲਦੇ ਹੋਏ ਲੁਕਦੇ ਛਿਪਦੇ  ਆ ਪਹੁੰਚੇ । ਇੰਹਨਾਂ ਵਕਤਾਂ ਮਾਰਿਆਂ ਬੰਦਿਆਂ ਅਤੇ ਇਸ ਮਾਂ ਧੀ ਨੂੰ ਪਾਕਿਸਤਾਨੀ ਜਾਣ ਵਾਲੇ ਜਥਿਆਂ ਨਾਲ ਰਲਾਕੇ ਆਇਆ ਅਤੇ ਇਹ ਪਰੀਵਾਰ ਮਾਨਵਤਾ ਦਾ ਝੰਡਾ ਬਰਦਾਰ ਬਣਿਆਂ। ਕੁੱਝ ਸਾਲਾਂ ਬਾਅਦ ਇਸ ਮੁਸਲਮਾਨ ਮਾਂ ਧੀ ਦੇ ਬਜੁਰਗ ਅਮਨ ਹੋ ਜਾਣ ਤੋਂ ਬਾਅਦ ਇਸਦੇ ਪਰੀਵਾਰ ਅਤੇ ਬਜੁਰਗਾਂ ਦਾ ਧੰਨਵਾਦ ਕਰਨ ਆਏ ਸਨ।  ਅੱਸੀ ਸਾਲ ਦੀ ਉਮਰ ਵਿੱਚ ਜਿਲਾ ਮਾਨਸਾ ਬਠਿੰਡਾਂ ਦੇ ਮੌੜ ਮੰਡੀ ਕੋਲ ਵਸਦੇ ਪਿੰਡ ਘੁੰਮਣ ਦਾ ਵਸਨੀਕ ਮਾਸਟਰ ਖੇਤਾ ਸਿੰਘ ਅਧਿਆਪਕ ਹੁੰਦਾਂ ਹੋਇਆਂ ਵੀ ਨਕਸਲਬਾੜੀ ਲਹਿਰ ਵਿੱਚ ਹਮਦਰਦ ਬਣਕੇ ਲੋਕ ਹਿੱਤਾਂ ਲਈ ਜੂਝਦਾ ਰਿਹਾ ਹੈ। ਇਸ ਲਹਿਰ ਦੇ ਫੇਲ ਹੋਣ ਤੇ ਇੰਟਰਨੈਸਨਲ ਡੈਮੋਕਰੇਟਿਕ ਪਾਰਟੀ ਬਣਾਕਿ ਆਮ ਲੋਕਾਂ ਦੀ ਕਿਸਮਤ ਬਦਲਣ ਲਈ ਲੜਦਾ ਰਿਹਾ। ਪਿੱਛਲੇ ਸਮੇਂ ਵਿੱਚ ਆਮ ਲੋਕਾਂ ਦੀ ਭਲਾਈ ਦੇ ਨਾਂ ਤੇ ਉੱਠੀ ਆਮ ਆਦਮੀ ਪਾਰਟੀ ਦੀ ਪੰਜਾਬ ਸਟੇਟ ਚੋਣ ਕੰਪੇਨ ਕਮੇਟੀ ਦਾ ਮੁੱਖ ਆਗੂ ਰਿਹਾ ਪਰ ਚੋਣ ਜਿੱਤਣ ਬਾਅਦ ਪਾਰਟੀ ਆਗੂ ਇਸ ਨਿਧੜਕ ਲੋਕ ਹਿੱਤੂ ਇਨਸਾਨ ਤੋਂ ਕਿਨਾਰਾ ਕਰ ਗਈ। ਵਰਤਮਾਨ ਸਮੇਂ ਪੰਜਾਬ ਸਾਂਝੀਵਾਲਤਾ ਜਥੇ ਦਾ ਸਰਪ੍ਰਸਤ ਬਣਕੇ ਪੰਜਾਬ ਦੇ ਲੋਕਾਂ ਦੀ ਏਕਤਾ ਅਤੇ ਸ਼ਾਂਝੀਵਾਲਤਾ ਬਣਾਉਦਿਆਂ ਲੋਕ ਪੱਖੀ ਸਿਆਸਤ ਅਤੇ ਸਰਕਾਰ ਬਨਾਉਣ ਲਈ ਯਤਨ ਕਰ ਰਿਹਾ ਹੈ। ਇਹੋ ਜਿਹੇ ਇਨਸਾਨੀਅਤ ਦੀ ਗੁੜਤੀ ਲੈਕੇ ਜਿੰਦਗੀ ਗੁਜਾਰਨ ਵਾਲਾ ਵਿਅਕਤੀ ਨੌਜਵਾਨ ਵਰਗ ਦਾ ਰਾਹ ਦਸੇਰਾ ਬਣਿਆ ਹੋਇਆਂ ਹੈ ਪਰਮਾਤਮਾ ਇਸਨੂੰ ਲੰਬੀ ਤੰਦਰੁਸਤੀ ਭਰੀ ਉਮਰ ਬਖਸੇ ਦੀ ਦੁਆ ਮੱਲੋ ਮੱਲੀ ਕਰਨ ਨੂੰ ਜੀ ਕਰ ਹੀ ਆਉਂਦਾ ਹੈ। ਇਹੋ ਜਿਹੇ ਮਹਾਨ ਜੁਝਾਰੂ ਮਨੁੱਖ ਦੀ ਅਗਵਾਈ ਵਿੱਚ ਚਲ ਰਹੇ ਸੁਮੇਲ ਸਿੰਘ ਤੋਂ ਵੀ ਭਵਿੱਖ ਵਿੱਚ ਪੰਜਾਬ ਦੇ ਭਲੇ ਦੀ ਭਰਭੂਰ ਆਸ ਕੀਤੀ ਜਾ ਸਕਦੀ ਹੈ ਜੋ ਕਿ ਖਡੂਰ ਸਾਹਿਬ ਦੀ ਆਉਣ ਵਾਲੀ ਚੋਣ ਤੋਂ ਪੰਜਾਬ ਦਾ ਭਵਿੱਖ ਲੋਕਪੱਖੀ ਸਿਆਸਤ ਵੱਲ ਤੋਰਨ ਦੀ ਕੋਸਿਸ ਸੁਰੂ ਕਰ ਰਹੇ ਹਨ। ਆਮੀਨ। ਖੇਤਾ ਸਿੰਘ ਦੇ ਫੋਨ ਨੰਬਰ ਤੇ 9463627256 ਤੇ ਕਾਲ ਕਰਕੇ ਉਹਨਾਂ ਨੂੰ ਸਿਜਦਾ ਕੀਤਾ ਜਾ ਸਕਦਾ ਹੈ  ਮਾਨਵਤਾ ਵਾਦੀ ਲੋਕ ਪਿਆਰ ਦੇ ਆਸਵੰਦ ਹੁੰਦੇ ਹਨ
ਗੁਰਚਰਨ ਸਿੰਘ ਪੱਖੋਕਲਾਂ  ਪਿੰਡ ਪੱਖੋਕਲਾਂ ਜਿਲਾ ਬਰਨਾਲਾ ਫੋਨ 9417727245